Punjabi Stories/Kahanian
ਮੁਨਸ਼ੀ ਪ੍ਰੇਮਚੰਦ
Munshi Premchand
Punjabi Kavita
  

Bachcha (Balak) Munshi Premchand

ਬੱਚਾ (ਬਾਲਕ) ਮੁਨਸ਼ੀ ਪ੍ਰੇਮਚੰਦ

ਗੰਗੂ ਨੂੰ ਲੋਕ ਬ੍ਰਾਹਮਣ ਕਹਿੰਦੇ ਹਨ ਤੇ ਉਹ ਆਪਣੇ ਆਪ ਨੂੰ ਬ੍ਰਾਹਮਣ ਸਮਝਦਾ ਵੀ ਹੈ। ਮੇਰੇ ਨੌਕਰ ਅਤੇ ਸੇਵਾਦਾਰ ਮੈਨੂੰ ਦੂਰ ਤੋਂ ਸਲਾਮ ਕਰਦੇ ਨੇ। ਗੰਗੂ ਮੈਨੂੰ ਸਲਾਮ ਨਹੀਂ ਕਰਦਾ। ਉਹ ਸ਼ਾਇਦ ਮੈਥੋਂ ਸਲਾਮ ਦੀ ਉਮੀਦ ਰੱਖਦਾ ਹੈ। ਮੇਰੇ ਜੂਠੇ ਗਿਲਾਸ ਨੂੰ ਹੱਥ ਨਹੀਂ ਲਾਉਂਦਾ, ਨਾ ਕਦੇ ਮੇਰੀ ਹਿੰਮਤ ਪਈ ਕਿ ਉਸ ਨੂੰ ਪੱਖਾ ਝੱਲਣ ਨੂੰ ਕਹਾਂ। ਜਦੋਂ ਮੈਂ ਪਸੀਨੇ ਨਾਲ ਤਰ ਹੋ ਜਾਂਦਾ ਹਾਂ ਅਤੇ ਕੋਲ ਕੋਈ ਹੋਰ ਬੰਦਾ ਨਹੀਂ ਹੁੰਦਾ ਤਾਂ ਗੰਗੂ ਆਪਣੇ ਆਪ ਪੱਖਾ ਚੁੱਕ ਲੈਂਦਾ ਹੈ ਪਰ ਉਹਦੇ ਚਿਹਰੇ ਦੇ ਹਾਵ-ਭਾਵ ਤੋਂ ਸਾਫ ਹੋ ਜਾਂਦਾ ਹੈ ਜਿਵੇਂ ਮੇਰੇ 'ਤੇ ਕੋਈ ਅਹਿਸਾਨ ਕਰ ਰਿਹਾ ਹੈ ਅਤੇ ਮੈਂ ਵੀ ਪਤਾ ਨਹੀਂ ਕਿਉਂ, ਤੁਰੰਤ ਉਸ ਦੇ ਹੱਥਾਂ 'ਚੋਂ ਪੱਖਾ ਖੋਹ ਲੈਂਦਾ। ਗਰਮ ਸੁਭਾਅ ਦਾ ਬੰਦਾ ਹੈ। ਕਿਸੇ ਦੀ ਇੱਕ ਨਹੀਂ ਸਹਿੰਦਾ। ਅਜਿਹੇ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨਾਲ ਉਹਦੀ ਦੋਸਤੀ ਹੈ। ਨੌਕਰ ਅਤੇ ਸੇਵਾਦਾਰ ਨਾਲ ਬੈਠਣਾ ਸ਼ਾਇਦ ਆਪਣੀ ਬੇਇੱਜ਼ਤੀ ਸਮਝਦਾ ਹੈ। ਮੈਂ ਉਹਨੂੰ ਕਿਸੇ ਨਾਲ ਮਿਲਦੇ-ਗਿਲਦੇ ਨਹੀਂ ਦੇਖਿਆ। ਹੈਰਾਨੀ ਦੀ ਗੱਲ ਹੈ ਕਿ ਉਹਨੂੰ ਨਸ਼ੇ-ਪੱਤੇ ਨਾਲ ਕੋਈ ਲਗਾਓ ਨਹੀਂ ਜੋ ਇਸ ਸ਼੍ਰੇਣੀ ਦੇ ਲੋਕਾਂ ਲਈ ਆਮ ਗੱਲ ਹੈ। ਮੈਂ ਉਹਨੂੰ ਕਦੇ ਪੂਜਾ-ਪਾਠ ਕਰਦਿਆਂ ਜਾਂ ਕਦੇ ਇਸ਼ਨਾਨ ਕਰਦਿਆਂ ਵੀ ਨਹੀਂ ਦੇਖਿਆ। ਬਿਲਕੁਲ ਅੰਗੂਠਾ ਛਾਪ ਹੈ, ਫਿਰ ਵੀ ਉਹ ਬ੍ਰਾਹਮਣ ਹੈ ਅਤੇ ਚਾਹੁੰਦਾ ਹੈ ਕਿ ਦੁਨੀਆਂ ਉਸ ਦਾ ਆਦਰ ਸਤਿਕਾਰ ਕਰੇ। ਉਹ ਚਾਹੇ ਵੀ ਕਿਉਂ ਨਾ! ਜਦੋਂ ਪੁਰਖਿਆਂ ਦੀ ਪੈਦਾ ਕੀਤੀ ਹੋਈ ਜਾਇਦਾਦ ਉਤੇ ਅੱਜ ਵੀ ਲੋਕ ਆਪਣਾ ਹੱਕ ਜਮਾਈ ਬੈਠੇ ਹਨ ਜਿਵੇਂ ਉਨ੍ਹਾਂ ਖ਼ੁਦ ਪੈਦਾ ਕੀਤੀ ਹੋਵੇ; ਤਾਂ ਫਿਰ ਉਹ ਕਿਉਂ ਇਸ ਆਦਰ ਤੇ ਸਨਮਾਨ ਨੂੰ ਤਿਆਗੇ ਜੋ ਉਸ ਦੇ ਪੁਰਖਿਆਂ ਨੇ ਉਸ ਨੂੰ ਦਿੱਤਾ। ਇਹ ਉਸ ਦੀ ਪਿੱਤਰੀ ਜਾਇਦਾਦ ਹੈ।
ਮੇਰਾ ਸੁਭਾਅ ਕੁਝ ਇਸ ਤਰ੍ਹਾਂ ਦਾ ਹੈ ਕਿ ਆਪਣੇ ਨੌਕਰਾਂ ਨਾਲ ਬਹੁਤ ਘੱਟ ਬੋਲਦਾ ਹਾਂ। ਮੈਂ ਚਾਹੁੰਦਾ ਹਾਂ, ਜਦ ਤਕ ਮੈਂ ਖ਼ੁਦ ਨਾ ਬੁਲਾਵਾਂ, ਕੋਈ ਮੇਰੇ ਕੋਲ ਨਾ ਆਵੇ। ਮੈਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਮਾੜਾ-ਮੋਟਾ ਕੰਮ ਹੋਵੇ ਤੇ ਨੌਕਰਾਂ ਨੂੰ ਬੁਲਾਉਂਦਾ ਫਿਰਾਂ। ਮੈਨੂੰ ਆਪਣੇ ਹੱਥੀਂ ਸੁਰਾਹੀ 'ਚੋਂ ਪਾਣੀ ਲੈਣਾ, ਆਪਣੀ ਲਾਲਟੈਣ ਬਾਲਣੀ, ਆਪਣੇ ਬੂਟ ਪਾਣੇ ਜਾਂ ਅਲਮਾਰੀ 'ਚੋਂ ਕਿਤਾਬ ਲੱਭਣੀ, ਇਸ ਨਾਲੋਂ ਕਿਤੇ ਸੌਖਾ ਮਹਿਸੂਸ ਹੁੰਦਾ ਹੈ ਕਿ ਕਿਸੇ ਨੌਕਰ ਨੂੰ ਬੁਲਾਵਾਂ। ਇਸ ਨਾਲ ਮੈਨੂੰ ਆਪਣੇ ਤੰਦਰੁਸਤ ਤੇ ਆਤਮ-ਨਿਰਭਰ ਹੋਣ ਦਾ ਅਹਿਸਾਸ ਹੁੰਦਾ ਹੈ। ਨੌਕਰ ਵੀ ਮੇਰੇ ਸੁਭਾਅ ਤੋਂ ਜਾਣੂੰ ਹੋ ਗਏ ਨੇ ਅਤੇ ਬਿਨਾਂ ਲੋੜ ਮੇਰੇ ਕੋਲ ਬਹੁਤ ਘੱਟ ਆਉਂਦੇ ਹਨ। ਇਸ ਕਰ ਕੇ ਇੱਕ ਦਿਨ ਜਦ ਸਵੇਰੇ ਜਿਹੇ ਗੰਗੂ ਮੇਰੇ ਸਾਹਮਣੇ ਆ ਕੇ ਖੜ੍ਹ ਗਿਆ ਤਾਂ ਮੈਨੂੰ ਬਹੁਤ ਬੁਰਾ ਲੱਗਿਆ। ਇਹ ਲੋਕ ਜਦੋਂ ਆਉਂਦੇ ਹਨ ਤਾਂ ਪੇਸ਼ਗੀ ਹਿਸਾਬ-ਕਿਤਾਬ 'ਚੋਂ ਕੁਝ ਮੰਗਣ ਵਾਸਤੇ ਜਾਂ ਕਿਸੇ ਦੂਜੇ ਨੌਕਰ ਦੀ ਸ਼ਿਕਾਇਤ ਕਰਨ ਵਾਸਤੇ। ਮੈਨੂੰ ਇਨ੍ਹਾਂ ਦੋਵਾਂ ਗੱਲਾਂ ਨਾਲ ਨਫ਼ਰਤ ਹੈ। ਮੈਂ ਪਹਿਲੀ ਤਾਰੀਖ਼ ਨੂੰ ਹਰ ਇੱਕ ਦਾ ਹਿਸਾਬ ਕਰ ਦਿੰਦਾ ਹਾਂ ਤੇ ਵਿਚ-ਵਿਚਾਲੇ ਕੋਈ ਕੁਝ ਮੰਗੇ ਤਾਂ ਗੁੱਸਾ ਆ ਜਾਂਦਾ ਹੈ। ਕਿਹੜਾ ਦੋ-ਦੋ, ਚਾਰ-ਚਾਰ ਰੁਪਇਆਂ ਦਾ ਹਿਸਾਬ ਰੱਖਦਾ ਫਿਰੇ? ਫਿਰ ਜਦੋਂ ਕਿਸੇ ਨੂੰ ਮਹੀਨੇ ਭਰ ਦੀ ਮਜ਼ਦੂਰੀ ਮਿਲ ਜਾਵੇ ਤਾਂ ਉਸ ਨੂੰ ਕੀ ਹੱਕ ਹੈ ਕਿ ਉਨ੍ਹਾਂ ਨੂੰ ਪੰਦਰਾਂ ਦਿਨਾਂ ਵਿਚ ਖ਼ਰਚ ਕਰ ਦੇਵੇ ਅਤੇ ਕਰਜ਼ ਜਾਂ ਪੇਸ਼ਗੀ ਦੀ ਗੁਹਾਰ ਲਾਵੇ? ਤੇ ਸ਼ਿਕਾਇਤਾਂ ਨਾਲ ਮੈਨੂੰ ਨਫ਼ਰਤ ਹੈ। ਮੈਂ ਸ਼ਿਕਾਇਤ ਨੂੰ ਕਮਜ਼ੋਰ ਮਨ ਦਾ ਨਤੀਜਾ ਸਮਝਦਾ ਹਾਂ। ਮੈਂ ਮੱਥੇ 'ਤੇ ਵੱਟ ਪਾਉਂਦਿਆਂ ਕਿਹਾ, "ਕੀ ਗੱਲ ਹੈ, ਮੈਂ ਤਾਂ ਤੈਨੂੰ ਬੁਲਾਇਆ ਨਹੀਂ?"
ਗੰਗੂ ਦੇ ਤੇਜ਼ ਤਰਾਰੀ ਹੰਕਾਰੀ ਮੂੰਹ 'ਤੇ ਅੱਜ ਕੁਝ ਅਜਿਹੀ ਨਿਰਮਾਣਤਾ, ਕੁਝ ਅਜਿਹਾ ਸੰਕੋਚ ਸੀ ਕਿ ਮੈਂ ਹੈਰਾਨ ਹੋ ਗਿਆ। ਇੰਜ ਲੱਗ ਰਿਹਾ ਸੀ ਜਿਵੇਂ ਉਹ ਕੋਈ ਜਵਾਬ ਦੇਣਾ ਚਾਹੁੰਦਾ ਹੈ, ਪਰ ਸ਼ਬਦ ਨਹੀਂ ਲੱਭ ਰਹੇ।
ਮੈਂ ਜ਼ਰਾ ਨਿਮਰ ਹੋ ਕੇ ਕਿਹਾ, "ਗੱਲ ਕੀ ਹੈ? ਬੋਲਦਾ ਕਿਉਂ ਨਹੀਂ? ਤੂੰ ਜਾਣਦਾ ਹੈਂ, ਇਹ ਮੇਰਾ ਸੈਰ ਕਰਨ ਦਾ ਵਕਤ ਹੈ। ਮੈਨੂੰ ਦੇਰੀ ਹੋ ਰਹੀ ਹੈ।"
ਗੰਗੂ ਨੇ ਨਿਰਾਸ਼ਾ ਭਰੀ ਆਵਾਜ਼ ਵਿਚ ਕਿਹਾ, "ਤਾਂ ਤੁਸੀਂ ਸੈਰ ਕਰਨ ਜਾਓ, ਮੈਂ ਫਿਰ ਆਊਂਗਾ।"
ਇਹ ਸਥਿਤੀ ਹੋਰ ਵੀ ਚਿੰਤਾਜਨਕ ਸੀ। ਇਸ ਕਾਹਲੀ ਵਿਚ ਤਾਂ ਉਹ ਇੱਕ ਛਿਣ ਵਿਚ ਆਪਣਾ ਪੂਰਾ ਬਿਰਤਾਂਤ ਸੁਣਾਏਗਾ। ਉਹ ਜਾਣਦਾ ਸੀ ਕਿ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ, ਦੂਜੇ ਮੌਕੇ ਉਤੇ ਤਾਂ ਦੁਸ਼ਟ ਘੰਟਿਆਂ ਬੱਧੀ ਰੋਂਦਾ। ਮੇਰੇ ਕੁਝ ਪੜ੍ਹਨ-ਲਿਖਣ ਨੂੰ ਤਾਂ ਇਹ ਸ਼ਾਇਦ ਕੁਝ ਕੰਮ ਸਮਝਦਾ ਹੋਵੇ ਪਰ ਵਿਚਾਰ ਨੂੰ ਜੋ ਮੇਰੇ ਲਈ ਬੜੀ ਔਖੀ ਸਾਧਨਾ ਹੈ, ਇਹ ਵਿਹਲੇਪਣ ਦਾ ਸਮਾਂ ਸਮਝਦਾ ਹੈ। ਇਹ ਉਸੇ ਵਕਤ ਆ ਕੇ ਮੇਰੇ ਸਿਰ 'ਤੇ ਸਵਾਰ ਹੋ ਜਾਂਦਾ।
ਮੈਂ ਕੁਝ ਰੁੱਖਾ ਜਿਹਾ ਹੋ ਕੇ ਕਿਹਾ, "ਪੇਸ਼ਗੀ ਲੈਣ ਆਇਐਂ? ਮੈਂ ਪੇਸ਼ਗੀ ਨਹੀਂ ਦਿੰਦਾ।"
"ਜੀ ਨਹੀਂ ਸਰਕਾਰ, ਮੈਂ ਤਾਂ ਕਦੇ ਵੀ ਕੁਝ ਪੇਸ਼ਗੀ ਨਹੀਂ ਮੰਗਿਆ।"
"ਫਿਰ ਕਿਸੇ ਦੀ ਸ਼ਿਕਾਇਤ ਕਰਨੀ ਚਾਹੁੰਨੈਂ? ਮੈਨੂੰ ਸ਼ਿਕਾਇਤ ਨਾਲ ਨਫ਼ਰਤ ਹੈ।"
"ਜੀ ਨਹੀਂ ਸਰਕਾਰ, ਮੈਂ ਤਾਂ ਕਦੇ ਕਿਸੇ ਦੀ ਸ਼ਿਕਾਇਤ ਹੀ ਨਹੀਂ ਕੀਤੀ।"
ਗੰਗੂ ਨੇ ਆਪਣਾ ਦਿਲ ਮਜ਼ਬੂਤ ਕੀਤਾ। ਉਸ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ ਜਿਵੇਂ ਉਹ ਕੋਈ ਛਾਲ ਮਾਰਨ ਲਈ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਇਕੱਠਾ ਕਰ ਰਿਹਾ ਹੋਵੇ। ਉਹ ਲੜਖੜਾਉਂਦੀ ਆਵਾਜ਼ ਵਿਚ ਬੋਲਿਆ, "ਮੈਨੂੰ ਤੁਸੀਂ ਛੁੱਟੀ ਦੇ ਦਿਓ, ਮੈਂ ਹੁਣ ਨੌਕਰੀ ਨਹੀਂ ਕਰ ਸਕਦਾ।"
ਇਹ ਇਸ ਕਿਸਮ ਦੀ ਪਹਿਲੀ ਪੇਸ਼ਕਸ਼ ਸੀ ਜੋ ਮੇਰੇ ਕੰਨਾਂ ਵਿਚ ਪਈ। ਮੇਰੇ ਅਹਿਮ ਨੂੰ ਸੱਟ ਲੱਗੀ। ਮੈਂ ਜੋ ਆਪਣੇ-ਆਪ ਨੂੰ ਮਨੁੱਖਤਾ ਦਾ ਪੁਤਲਾ ਸਮਝਦਾ ਹਾਂ, ਆਪਣੇ ਨੌਕਰਾਂ ਨੂੰ ਵੀ ਸਖ਼ਤ ਸ਼ਬਦ ਨਹੀਂ ਕਹਿੰਦਾ। ਆਪਣੇ ਮਾਲਕੀ ਭਾਵ ਨੂੰ ਸਾਧ ਕੇ ਮਿਆਨ 'ਚ ਰੱਖਣ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਮੈਂ ਇਸ ਪੇਸ਼ਕਸ਼ 'ਤੇ ਕਿਉਂ ਨਾ ਹੈਰਾਨ ਹੋਵਾਂ! ਸਖ਼ਤ ਆਵਾਜ਼ ਵਿਚ ਪੁੱਛਿਆ, "ਕਿਉਂ ਕੀ ਸ਼ਿਕਾਇਤ ਹੈ?"
"ਤੁਸੀਂ ਤਾਂ ਜਨਾਬ ਅਜਿਹਾ ਅੱਛਾ ਸੁਭਾਅ ਪਾਇਆ ਹੈ, ਉਸ ਤਰ੍ਹਾਂ ਦਾ ਕੌਣ ਪਾ ਲਊ ਪਰ ਗੱਲ ਹੀ ਇਸ ਕਿਸਮ ਦੀ ਹੋ ਗਈ ਕਿ ਹੁਣ ਮੈਂ ਤੁਹਾਡੇ ਕੋਲ ਨਹੀਂ ਰਹਿ ਸਕਦਾ। ਅਜਿਹਾ ਨਾ ਹੋਵੇ ਕਿ ਪਿੱਛੋਂ ਕੋਈ ਗੱਲਬਾਤ ਹੋ ਜਾਵੇ ਤੇ ਤੁਹਾਡੀ ਬਦਨਾਮੀ ਹੋ ਜਾਵੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰ ਕੇ ਤੁਹਾਡੀ ਇੱਜ਼ਤ ਨੂੰ ਦਾਗ ਲੱਗੇ।"
ਮੇਰੇ ਅੰਦਰ ਉਲਝਣ ਪੈਦਾ ਹੋ ਗਈ। ਉਤਸੁਕਤਾ ਦੀ ਅੱਗ ਤੇਜ਼ ਹੋਣ ਲੱਗੀ। ਆਤਮ-ਸਮਰਪਣ ਦੇ ਭਾਵ ਨਾਲ ਬਰਾਮਦੇ 'ਚ ਪਈ ਕੁਰਸੀ 'ਤੇ ਬੈਠਦਿਆਂ ਕਿਹਾ, "ਤੂੰ ਤਾਂ ਬੁਝਾਰਤਾਂ ਪਾ ਰਿਹੈਂ। ਸਾਫ਼-ਸਾਫ਼ ਕਿਉਂ ਨਹੀਂ ਦੱਸਦਾ, ਮਾਮਲਾ ਕੀ ਹੈ?"
ਗੰਗੂ ਨੇ ਬੜੀ ਨਿਮਰਤਾ ਨਾਲ ਕਿਹਾ, "ਗੱਲ ਇਹ ਹੈ ਕਿ ਉਹ ਤੀਵੀਂ ਜੋ ਹੁਣੇ-ਹੁਣੇ ਵਿਧਵਾ ਆਸ਼ਰਮ 'ਚੋਂ ਕੱਢ ਦਿੱਤੀ ਹੈ, ਗੋਮਤੀ ਦੇਵੀ।"
ਉਹ ਚੁੱਪ ਹੋ ਗਿਆ। ਮੈਂ ਕਾਹਲਾ ਪੈਂਦਿਆਂ ਕਿਹਾ, "ਹਾਂ, ਕੱਢ ਦਿੱਤੀ ਹੈ ਫਿਰ? ਤੇਰੀ ਨੌਕਰੀ ਨਾਲ ਉਹਦਾ ਕੀ ਸਬੰਧ?"
"ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਬਾਬੂ ਜੀ।"
ਮੈਂ ਹੈਰਾਨੀ ਨਾਲ ਉਹਦਾ ਮੂੰਹ ਤੱਕਣ ਲੱਗਾ। ਇਹ ਪੁਰਾਣੇ ਵਿਚਾਰਾਂ ਦਾ ਮੂਰਖ ਬ੍ਰਾਹਮਣ ਜਿਸ ਨੂੰ ਨਵੇਂ ਜ਼ਮਾਨੇ ਦੀ ਹਵਾ ਤਕ ਨ੍ਹੀਂ ਲੱਗੀ, ਓਸ ਬਦਚਲਣ ਨਾਲ ਵਿਆਹ ਕਰਨ ਜਾ ਰਿਹਾ ਹੈ ਜਿਸ ਨੂੰ ਕੋਈ ਭਲਾ ਪੁਰਸ਼ ਆਪਣੇ ਘਰ ਵਿਚ ਕਦਮ ਨਹੀਂ ਰੱਖਣ ਦਿੰਦਾ। ਗੋਮਤੀ ਨੇ ਮੁਹੱਲੇ ਦੇ ਸ਼ਾਂਤ ਵਾਤਾਵਰਨ ਵਿਚ ਹਿਲਜੁਲ ਪੈਦਾ ਕਰ ਦਿੱਤੀ ਸੀ। ਕਈ ਸਾਲ ਪਹਿਲਾਂ ਉਹ ਵਿਧਵਾ ਆਸ਼ਰਮ ਵਿਚ ਆਈ ਸੀ। ਤਿੰਨ ਵਾਰ ਆਸ਼ਰਮ ਦੇ ਕਰਮਚਾਰੀਆਂ ਨੇ ਉਹਦਾ ਵਿਆਹ ਕੀਤਾ ਪਰ ਹਰ ਵਾਰ ਉਹ ਮਹੀਨੇ-ਪੰਦਰਾਂ ਦਿਨਾਂ 'ਚ ਵਾਪਸ ਆ ਜਾਂਦੀ ਸੀ। ਇੱਥੋਂ ਤਕ ਕਿ ਆਸ਼ਰਮ ਦੇ ਮੁਖੀ ਨੇ ਐਤਕੀਂ ਉਹਨੂੰ ਆਸ਼ਰਮ ਵਿਚੋਂ ਹੀ ਕੱਢ ਦਿੱਤਾ। ਉਦੋਂ ਤੋਂ ਉਹ ਇਸੇ ਮੁਹੱਲੇ 'ਚ ਕੋਠੜੀ ਲੈ ਕੇ ਰਹਿਣ ਲੱਗ ਪਈ ਸੀ ਅਤੇ ਸਾਰੇ ਮੁਹੱਲੇ ਲਈ ਮਨੋਰੰਜਨ ਦਾ ਕੇਂਦਰ ਬਣੀ ਹੋਈ ਸੀ।
ਮੈਨੂੰ ਗੰਗੂ 'ਤੇ ਗੁੱਸਾ ਵੀ ਆਇਆ ਤੇ ਤਰਸ ਵੀ। ਇਸ ਨੂੰ ਸਾਰੀ ਦੁਨੀਆਂ 'ਚ ਕੋਈ ਔਰਤ ਹੀ ਨਹੀਂ ਮਿਲੀ, ਜਿਹੜਾ ਇਹਦੇ ਨਾਲ ਵਿਆਹ ਕਰਨ ਜਾ ਰਿਹਾ ਹੈ। ਜਦੋਂ ਉਹ ਤਿੰਨ ਵਾਰ ਆਪਣੇ ਪਤੀਆਂ ਕੋਲੋਂ ਭੱਜ ਆਈ ਤਾਂ ਇਹਦੇ ਕੋਲ ਕਿੰਨੇ ਕੁ ਦਿਨ ਰਹੇਗੀ? ਕੋਈ ਗੰਢ ਦਾ ਪੂਰਾ ਆਦਮੀ ਹੁੰਦਾ ਤਾਂ ਗੱਲ ਹੋਰ ਸੀ। ਸ਼ਾਇਦ ਸਾਲ ਛੇ ਮਹੀਨੇ ਟਿਕ ਜਾਂਦੀ। ਇਹ ਤਾਂ ਨਿਰਾ ਅੱਖਾਂ ਦਾ ਅੰਨ੍ਹਾ ਹੈ। ਇੱਕ ਹਫਤੇ ਤਕ ਨ੍ਹੀਂ ਚੱਲਣਾ ਇਹ ਡੋਲਾ।
ਮੈਂ ਚਿਤਾਵਨੀ ਦੇ ਭਾਵ ਨਾਲ ਪੁੱਛਿਆ, "ਤੈਨੂੰ ਇਸ ਔਰਤ ਦੀ ਜੀਵਨ ਕਹਾਣੀ ਦਾ ਪਤਾ ਹੈ?"
ਗੰਗੂ ਨੇ ਅੱਖੀਂ ਦੇਖੀ ਘਟਨਾ ਵਾਂਗ ਕਿਹਾ, "ਸਭ ਝੂਠ ਹੈ ਸਰਕਾਰ, ਲੋਕਾਂ ਨੇ ਉਸ ਨੂੰ ਐਵੇਂ ਬਦਨਾਮ ਕਰ ਦਿੱਤਾ।"
"ਕੀ ਕਹਿੰਦਾ ਏਂ, ਉਹ ਤਿੰਨ ਵਾਰ ਆਪਣੇ ਪਤੀਆਂ ਕੋਲੋਂ ਨਹੀਂ ਭੱਜੀ?"
"ਉਨ੍ਹਾਂ ਲੋਕਾਂ ਨੇ ਉਹਨੂੰ ਘਰੋਂ ਕੱਢਿਆ, ਤਾਂ ਕੀ ਕਰਦੀ?"
"ਕਿੰਨਾ ਬੁੱਧੂ ਏਂ ਤੂੰ! ਕੋਈ ਇੰਨੀ ਦੂਰੋਂ ਆ ਕੇ ਵਿਆਹ ਕੇ ਲੈ ਜਾਂਦਾ ਹੈ, ਹਜ਼ਾਰਾਂ ਰੁਪਏ ਖ਼ਰਚ ਕਰਦਾ ਹੈ, ਇਸ ਕਰ ਕੇ ਕਿ ਔਰਤ ਨੂੰ ਘਰੋਂ ਕੱਢ ਦੇਵੇ।"
ਗੰਗੂ ਭਾਵੁਕ ਹੋ ਗਿਆ, "ਜਿੱਥੇ ਪਿਆਰ ਨਹੀਂ ਹਜ਼ੂਰ, ਉਥੇ ਕੋਈ ਤੀਵੀਂ ਨਹੀਂ ਰਹਿ ਸਕਦੀ। ਇਸਤਰੀ ਸਿਰਫ਼ ਰੋਟੀ ਕੱਪੜਾ ਹੀ ਨਹੀਂ ਚਾਹੁੰਦੀ, ਪਿਆਰ ਵੀ ਚਾਹੁੰਦੀ ਹੈ। ਉਹ ਲੋਕ ਸਮਝਦੇ ਹੋਣਗੇ ਕਿ ਅਸੀਂ ਵਿਧਵਾ ਔਰਤ ਨਾਲ ਵਿਆਹ ਕਰ ਕੇ ਉਸ 'ਤੇ ਕੋਈ ਅਹਿਸਾਨ ਕੀਤਾ ਹੈ। ਚਾਹੁੰਦੇ ਹੋਣਗੇ ਕਿ ਤਨ-ਮਨ ਤੋਂ ਉਹ ਉਨ੍ਹਾਂ ਦੀ ਹੋ ਜਾਵੇ ਪਰ ਦੂਜਿਆਂ ਨੂੰ ਆਪਣਾ ਬਣਾਉਣ ਤੋਂ ਪਹਿਲਾਂ ਆਪ ਉਨ੍ਹਾਂ ਦਾ ਬਣਨਾ ਪੈਂਦਾ ਹੈ ਹਜ਼ੂਰ। ਫਿਰ ਉਹਨੂੰ ਇੱਕ ਬਿਮਾਰੀ ਵੀ ਹੈ। ਉਹਨੂੰ ਕੋਈ ਛੂਤ ਚਿੰਬੜਿਆ ਹੋਇਆ ਹੈ। ਉਹ ਕਦੇ-ਕਦੇ ਗਲ ਘੁੱਟਣ ਲੱਗ ਜਾਂਦੀ ਹੈ ਤੇ ਬੇਹੋਸ਼ ਹੋ ਜਾਂਦੀ ਹੈ।"
"ਤੇ ਤੂੰ ਇਹੋ ਜਿਹੀ ਔਰਤ ਨਾਲ ਵਿਆਹ ਕਰੇਂਗਾ?" ਮੈਂ ਸ਼ੱਕੀ ਭਾਵ ਨਾਲ ਕਿਹਾ, "ਸੋਚ ਲੈ, ਜੀਵਨ ਕੌੜਾ ਹੋ ਜਾਣੈਂ!"
ਗੰਗੂ ਨੇ ਸ਼ਹੀਦਾਂ ਵਰਗੇ ਵੇਗ ਵਿਚ ਕਿਹਾ, "ਮੈਂ ਤਾਂ ਸਮਝਦਾ ਹਾਂ ਮੇਰੀ ਜ਼ਿੰਦਗੀ ਬਣ ਜਾਣੀ ਹੈ ਸਰਕਾਰ। ਅੱਗੇ ਪਰਮਾਤਮਾ ਦੀ ਮਰਜ਼ੀ।"
ਮੈਂ ਜ਼ੋਰ ਦੇ ਕੇ ਕਿਹਾ, "ਤਾਂ ਫਿਰ ਤੂੰ ਤੈਅ ਕਰ ਲਿਆ?"
"ਹਾਂ, ਹਜ਼ੂਰ।"
"ਤਾਂ ਫਿਰ ਮੈਂ ਤੇਰਾ ਅਸਤੀਫ਼ਾ ਪ੍ਰਵਾਨ ਕਰਦਾ ਹਾਂ।"
ਮੈਂ ਫਜ਼ੂਲ ਪ੍ਰੰਪਰਾਵਾਂ ਅਤੇ ਵਿਅਰਥ ਬੰਧਨਾਂ ਦਾ ਦਾਸ ਨਹੀਂ ਹਾਂ ਪਰ ਜਿਹੜਾ ਬੰਦਾ ਨੀਚ ਔਰਤ ਨਾਲ ਵਿਆਹ ਕਰਵਾਵੇ, ਉਹਨੂੰ ਆਪਣੇ ਕੋਲ ਰੱਖਣਾ ਸੱਚਮੁੱਚ ਬਹੁਤ ਔਖਾ ਹੈ। ਆਏ ਦਿਨ ਸੌ ਪੰਗੇ ਖੜ੍ਹੇ ਰਹਿਣਗੇ। ਨਵੀਆਂ-ਨਵੀਆਂ ਉਲਝਣਾਂ ਪੈਦਾ ਹੋਣਗੀਆਂ। ਕਦੇ ਪੁਲਿਸ ਆਵੇਗੀ, ਕਦੇ ਮੁਕੱਦਮੇ ਖੜ੍ਹੇ ਹੋਣਗੇ। ਸੰਭਵ ਹੈ ਕਿ ਚੋਰੀ ਦੀਆਂ ਵਾਰਦਾਤਾਂ ਵੀ ਹੋ ਜਾਣ। ਇਸ ਦਲਦਲ ਤੋਂ ਦੂਰ ਹੀ ਚੰਗੇ। ਗੰਗੂ ਭੁੱਖ ਪੀੜਤ ਬੰਦੇ ਵਾਂਗ ਰੋਟੀ ਦਾ ਟੁਕੜਾ ਦੇਖ ਕੇ ਉਸ ਵੱਲ ਆਹੁਲ ਰਿਹਾ ਹੈ। ਰੋਟੀ ਜੂਠੀ ਹੈ, ਸੁੱਕੀ ਹੋਈ ਹੈ, ਖਾਣਯੋਗ ਨਹੀਂ, ਇਸ ਦੀ ਉਸ ਨੂੰ ਪ੍ਰਵਾਹ ਨਹੀਂ, ਉਹਨੂੰ ਸੋਚ-ਸਮਝ ਤੋਂ ਕੰਮ ਲੈਣਾ ਔਖਾ ਸੀ। ਮੈਂ ਉਸ ਨੂੰ ਆਪਣੇ ਨਾਲੋਂ ਵੱਖ ਕਰਨ ਵਿਚ ਹੀ ਭਲਾਈ ਸਮਝੀ।
ਪੰਜ ਮਹੀਨੇ ਲੰਘ ਗਏ। ਗੰਗੂ ਤੇ ਗੋਮਤੀ ਨੇ ਵਿਆਹ ਕਰ ਲਿਆ ਸੀ ਅਤੇ ਉਸ ਮੁਹੱਲੇ ਵਿਚ ਖਪਰੈਲ ਦਾ ਘਰ ਲੈ ਕੇ ਰਹਿੰਦੇ ਸੀ। ਉਹ ਚਾਟ ਦੀ ਰੇਹੜੀ ਲਾ ਕੇ ਗੁਜ਼ਾਰਾ ਕਰਦਾ ਸੀ। ਮੈਨੂੰ ਕਦੇ ਬਾਜ਼ਾਰ ਵਿਚ ਮਿਲ ਜਾਂਦਾ ਤਾਂ ਮੈਂ ਉਸ ਦਾ ਹਾਲ-ਚਾਲ ਪੁੱਛਦਾ। ਮੈਨੂੰ ਉਸ ਦੇ ਜੀਵਨ ਵਿਚ ਖ਼ਾਸ ਦਿਲਚਸਪੀ ਹੋ ਗਈ ਸੀ। ਇਹ ਇੱਕ ਸਮਾਜਕ ਸਵਾਲ ਦੀ ਪ੍ਰੀਖਿਆ ਸੀ। ਸਮਾਜਕ ਹੀ ਨਹੀਂ, ਮਨੋਵਿਗਿਆਨਕ ਵੀ। ਮੈਂ ਦੇਖਣਾ ਚਾਹੁੰਦਾ ਸਾਂ, ਇਸ ਦਾ ਨਤੀਜਾ ਕੀ ਨਿਕਲਦਾ ਹੈ। ਮੈਂ ਗੰਗੂ ਨੂੰ ਹਮੇਸ਼ਾਂ ਖ਼ੁਸ਼ ਵੇਖਦਾ। ਅਮੀਰੀ ਅਤੇ ਨਿਸ਼ਚਿੰਤਤਾ ਕਾਰਨ ਮੁੱਖ 'ਤੇ ਜਲੌਅ ਅਤੇ ਸੁਭਾਅ ਵਿਚ ਜੋ ਆਤਮ-ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਉਹ ਉਸ ਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਰੁਪਏ ਸਵਾ ਰੁਪਏ ਦੀ ਰੋਜ਼ ਵਿਕਰੀ ਹੋ ਜਾਂਦੀ ਸੀ। ਇਸ 'ਚੋਂ ਲਾਗਤ ਕੱਢ ਕੇ ਅੱਠ-ਦਸ ਆਨੇ ਬਚ ਜਾਂਦੇ ਸਨ। ਇਹੀ ਉਸ ਦਾ ਨਿਰਬਾਹ ਸੀ ਪਰ ਇਸ ਵਿਚ ਕਿਸੇ ਦੇਵਤੇ ਦਾ ਵਰਦਾਨ ਸੀ। ਉਸ ਦੇ ਚਿਹਰੇ 'ਤੇ ਆਤਮ-ਵਿਸ਼ਵਾਸ ਅਤੇ ਆਨੰਦ ਦੀ ਝਲਕ ਸੀ ਜੋ ਚਿੱਤ ਦੀ ਸ਼ਾਂਤੀ ਨਾਲ ਹੀ ਆ ਸਕਦੀ ਸੀ।
ਇੱਕ ਦਿਨ ਮੈਂ ਸੁਣਿਆ ਕਿ ਗੋਮਤੀ ਗੰਗੂ ਦੇ ਘਰੋਂ ਭੱਜ ਗਈ ਹੈ। ਕਹਿ ਨਹੀਂ ਸਕਦਾ ਕਿਉਂ? ਮੈਨੂੰ ਇਸ ਖ਼ਬਰ ਨਾਲ ਵੱਖਰਾ ਜਿਹਾ ਆਨੰਦ ਮਿਲਿਆ। ਮੈਨੂੰ ਗੰਗੂ ਦੇ ਸੁਖੀ ਤੇ ਸੰਤੁਸ਼ਟ ਜੀਵਨ 'ਤੇ ਇੱਕ ਤਰ੍ਹਾਂ ਨਾਲ ਈਰਖਾ ਹੁੰਦੀ ਸੀ।
ਮੈਂ ਉਸ ਬਾਰੇ ਕਿਸੇ ਘਾਟੇ, ਕਿਸੇ ਘਾਤਕ ਅਣਹੋਣੀ, ਕਿਸੇ ਇੱਜ਼ਤ-ਮਾਣ ਨਾਲ ਜੁੜੀ ਘਟਨਾ ਦੀ ਉਡੀਕ ਕਰ ਰਿਹਾ ਸੀ। ਇਸ ਖ਼ਬਰ ਨਾਲ ਇਸ ਈਰਖਾ ਨੂੰ ਰਾਹਤ ਮਿਲੀ। ਆਖ਼ਰ ਉਹੀ ਹੋਇਆ ਜਿਸ ਦਾ ਮੈਨੂੰ ਵਿਸ਼ਵਾਸ ਸੀ। ਮੈਂ ਸੋਚਿਆ, ਬੱਚੂ ਨੂੰ ਆਪਣੀ ਕੀਤੀ ਦਾ ਦੰਡ ਭੋਗਣਾ ਪੈ ਗਿਆ, ਹੁਣ ਦੇਖਦੇ ਹਾਂ ਕਿਹੜਾ ਮੂੰਹ ਲੈ ਕੇ ਸਾਹਮਣੇ ਆਉਂਦਾ ਹੈ। ਹੁਣ ਅੱਖਾਂ ਖੁੱਲ੍ਹਣਗੀਆਂ ਤਾਂ ਪਤਾ ਲੱਗੇਗਾ ਕਿ ਜਿਹੜੇ ਲੋਕ ਇਸ ਨੂੰ ਵਿਆਹ ਤੋਂ ਰੋਕ ਰਹੇ ਸਨ, ਕਿੰਨੇ ਸ਼ੁਭਚਿੰਤਕ ਸਨ। ਉਸ ਵਕਤ ਇੰਜ ਲੱਗਦਾ ਸੀ ਜਿਵੇਂ ਆਪ ਨੂੰ ਕੋਈ ਦੂਰ ਦੁਰਲੱਭ ਚੀਜ਼ ਪ੍ਰਾਪਤ ਹੋ ਰਹੀ ਹੋਵੇ। ਜਿਵੇਂ ਕੋਈ ਮੁਕਤੀ ਦਾ ਦੁਆਰ ਖੁੱਲ੍ਹ ਗਿਆ ਹੋਵੇ। ਲੋਕਾਂ ਨੇ ਕਿੰਨਾ ਸਮਝਾਇਆ, ਬਈ ਇਹ ਔਰਤ ਵਿਸ਼ਵਾਸਯੋਗ ਨਹੀਂ। ਕਿੰਨਿਆਂ ਨੂੰ ਦਗ਼ਾ ਦੇ ਚੁੱਕੀ ਹੈ, ਤੈਨੂੰ ਵੀ ਦਗ਼ਾ ਦੇਵੇਗੀ ਪਰ ਇਸ ਦੇ ਕੰਨ 'ਤੇ ਜੂੰ ਨਾ ਸਰਕੀ। ਹੁਣ ਮਿਲੇ, ਤਾਂ ਮਿਜ਼ਾਜ ਪੁੱਛਾਂ। ਕਹਾਂ-ਕਿਉਂ ਮਹਾਰਾਜ! ਦੇਵੀ ਜੀ ਦਾ ਇਹ ਵਰਦਾਨ ਪ੍ਰਾਪਤ ਕਰ ਕੇ ਖ਼ੁਸ਼ ਹੋਇਆ ਕਿ ਨਹੀਂ। ਤੂੰ ਤਾਂ ਕਹਿੰਦਾ ਸੀ ਉਹ ਇਹੀ ਹੈ, ਉਹ ਤੇਰੀ ਹੈ। ਲੋਕ ਉਸ 'ਤੇ ਮੰਦੀ ਭਾਵਨਾ ਕਰ ਕੇ ਦੋਸ਼ ਲਾਉਂਦੇ ਹਨ। ਹੁਣ ਦੱਸ ਕਿਸ ਦੀ ਭੁੱਲ ਸੀ?
ਉਸ ਦਿਨ ਕੁਦਰਤੀ ਗੰਗੂ ਨਾਲ ਬਾਜ਼ਾਰ ਵਿਚ ਮੁਲਾਕਾਤ ਹੋ ਗਈ। ਘਬਰਾਇਆ ਹੋਇਆ ਸੀ, ਬੇਸੁੱਧ ਸੀ। ਬਿਲਕੁਲ ਗੁੰਮਸੁੰਮ। ਮੈਨੂੰ ਦੇਖਦਿਆਂ ਹੀ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ।
ਉਹ ਪੀੜਤ ਭਾਵ ਨਾਲ ਮੇਰੇ ਕੋਲ ਆ ਕੇ ਬੋਲਿਆ, "ਬਾਬੂ ਜੀ! ਗੋਮਤੀ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਹੈ।" ਮੈਂ ਮਿਲੇ ਹੋਏ ਆਨੰਦ ਨਾਲ, ਪਰ ਬਣਾਉਟੀ ਹਮਦਰਦੀ ਦਿਖਾਉਂਦਿਆਂ ਕਿਹਾ, "ਤੈਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਪਰ ਤੂੰ ਮੰਨਿਆ ਨਹੀਂ। ਹੁਣ ਸਬਰ ਕਰ। ਇਸ ਤੋਂ ਬਿਨਾਂ ਕੋਈ ਹੱਲ ਨਹੀਂ। ਪੈਸਾ-ਟਕਾ ਲੈ ਗਈ ਜਾਂ ਕੁਝ ਛੱਡ ਗਈ?"
ਗੰਗੂ ਨੇ ਛਾਤੀ 'ਤੇ ਹੱਥ ਰੱਖਿਆ। ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਇਸ ਸਵਾਲ ਨੇ ਉਸ ਦਾ ਦਿਲ ਵਿਚਕਾਰੋਂ ਚੀਰ ਦਿੱਤਾ ਹੋਵੇ।
"ਓ ਬਾਬੂ ਜੀ ਇੰਜ ਨਾ ਕਹੋ, ਉਸ ਨੇ ਧੇਲੇ ਦੀ ਚੀਜ਼ ਵੀ ਨ੍ਹੀਂ ਛੇੜੀ। ਆਪਣਾ ਜੋ ਕੁਝ ਸੀ, ਉਹ ਵੀ ਛੱਡ ਗਈ। ਪਤਾ ਨਹੀਂ, ਮੇਰੇ 'ਚ ਕੀ ਘਾਟ ਦੇਖੀ? ਮੈਂ ਉਹਦੇ ਯੋਗ ਨਹੀਂ ਸੀ। ਹੋਰ ਕੀ ਕਹਾਂ? ਉਹ ਪੜ੍ਹੀ-ਲਿਖੀ ਸੀ, ਮੇਰੇ ਲਈ ਕਾਲਾ ਅੱਖਰ ਮੱਝ ਬਰਾਬਰ। ਮੇਰੇ ਕੋਲ ਇੰਨੇ ਦਿਨ ਰਹੀ। ਇਹੀ ਬਹੁਤ ਸੀ। ਕੁਝ ਦਿਨ ਹੋਰ ਉਹਦੇ ਨਾਲ ਰਹਿ ਜਾਂਦਾ, ਤਾਂ ਬੰਦਾ ਬਣ ਜਾਂਦਾ। ਉਹਦੇ ਬਾਰੇ ਤੁਹਾਨੂੰ ਕੀ-ਕੀ ਦੱਸਾਂ ਹਜ਼ੂਰ? ਹੋਰਾਂ ਵਾਸਤੇ ਭਾਵੇਂ ਕੁਝ ਵੀ ਹੋਵੇ, ਪਰ ਮੇਰੇ ਵਾਸਤੇ ਤਾਂ ਪਰਮਾਤਮਾ ਦਾ ਆਸ਼ੀਰਵਾਦ ਸੀ, ਪਰ ਪਤਾ ਨਹੀਂ ਕਿੱਥੇ ਖ਼ਤਾ ਹੋ ਗਈ; ਪਰ ਸਹੁੰ ਲੈ ਲਓ, ਜੇ ਉਹਦੇ ਚਿਹਰੇ 'ਤੇ ਭੈੜ ਆਇਆ ਹੋਵੇ। ਮੇਰੀ ਔਕਾਤ ਕੀ ਹੈ, ਬਾਬੂ ਜੀ! ਦਸ-ਬਾਰਾਂ ਆਨਿਆਂ ਦਾ ਮਜ਼ਦੂਰ ਹਾਂ! ਪਰ ਇਸੇ ਵਿਚ ਉਹਦੇ ਹੱਥਾਂ ਵਿਚ ਇੰਨੀ ਬਰਕਤ ਸੀ ਕਿ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ।"
ਮੈਨੂੰ ਇਨ੍ਹਾਂ ਸ਼ਬਦਾਂ ਨਾਲ ਬਹੁਤ ਨਿਰਾਸ਼ਾ ਹੋਈ। ਮੈਂ ਸਮਝਦਾ ਸੀ, ਉਹ ਗੋਮਤੀ ਦੀ ਬੇਵਫ਼ਾਈ ਦੀ ਕਹਾਣੀ ਸੁਣਾਏਗਾ ਤੇ ਮੈਂ ਉਸ ਦੀ ਅੰਨ੍ਹੀ ਭਗਤੀ 'ਤੇ ਕੁਝ ਹਮਦਰਦੀ ਪ੍ਰਗਟ ਕਰਾਂਗਾ, ਪਰ ਉਸ ਮੂਰਖ ਦੀਆਂ ਅੱਖਾਂ ਤਾਂ ਹਾਲੇ ਵੀ ਨਹੀਂ ਖੁੱਲ੍ਹੀਆਂ। ਅਜੇ ਵੀ ਉਸ ਦਾ ਮੰਤਰ ਪੜ੍ਹ ਰਿਹਾ ਹੈ। ਲੱਗਦਾ, ਅਜੇ ਵੀ ਇਹਦਾ ਚਿੱਤ ਟਿਕਾਣੇ ਨਹੀਂ।
ਮੈਂ ਕਪਟੀ ਯਤਨ ਆਰੰਭ ਕੀਤਾ, "ਤਾਂ ਤੇਰੇ ਘਰ 'ਚੋਂ ਕੁਝ ਨਹੀਂ ਲੈ ਕੇ ਗਈ?"
"ਕੁਝ ਵੀ ਨਹੀਂ ਬਾਬੂ ਜੀ, ਧੇਲੇ ਦੀ ਚੀਜ਼ ਵੀ ਨਹੀਂ।"
"ਤੇ ਤੈਨੂੰ ਪਿਆਰ ਵੀ ਬਹੁਤ ਕਰਦੀ ਸੀ?"
"ਹੁਣ ਕੀ ਦੱਸਾਂ ਬਾਬੂ ਜੀ, ਉਹ ਪਿਆਰ ਤਾਂ ਆਖ਼ਰੀ ਸਾਹ ਤਕ ਯਾਦ ਰਹੇਗਾ।"
"ਫਿਰ ਵੀ ਤੈਨੂੰ ਛੱਡ ਕੇ ਚਲੀ ਗਈ?"
"ਇਹੀ ਤਾਂ ਹੈਰਾਨੀ ਦੀ ਗੱਲ ਹੈ, ਬਾਬੂ ਜੀ।"
"ਤ੍ਰੀਆ-ਚਰਿੱਤਰ ਦਾ ਨਾਂ ਸੁਣਿਆ ਕਦੇ?"
"ਉਫ਼ ਬਾਬੂ ਜੀ ਇੰਜ ਨਾ ਕਹੋ। ਕੋਈ ਮੇਰੇ ਗਲੇ 'ਤੇ ਛੁਰੀ ਰੱਖ ਦੇਵੇ, ਤਾਂ ਵੀ ਮੈਂ ਉਹਦਾ ਗੁਣ ਗਾਊਂਗਾ।"
"ਫਿਰ ਲੱਭ ਲਿਆ।"
"ਹਾਂ ਮਾਲਿਕ, ਜਦੋਂ ਤਕ ਉਹਨੂੰ ਲੱਭ ਨ੍ਹੀਂ ਲੈਂਦਾ, ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ। ਮੈਨੂੰ ਇੰਨਾ ਕੁ ਪਤਾ ਲੱਗ ਜਾਵੇ ਕਿ ਉਹ ਹੈ ਕਿੱਥੇ, ਫਿਰ ਤਾਂ ਮੈਂ ਲਾਜ਼ਮੀ ਲੈ ਆਵਾਂਗਾ। ਮੇਰਾ ਦਿਲ ਕਹਿੰਦਾ ਹੈ ਬਾਬੂ ਜੀ, ਉਹ ਆਵੇਗੀ ਜ਼ਰੂਰ। ਦੇਖ ਲਿਓ। ਉਹ ਮੈਥੋਂ ਰੁੱਸ ਕੇ ਨ੍ਹੀਂ ਗਈ, ਪਰ ਦਿਲ ਨ੍ਹੀਂ ਮੰਨਦਾ। ਜਾਂਦਾ ਹਾਂ, ਮਹੀਨਾ-ਦੋ ਮਹੀਨੇ ਜੰਗਲਾਂ ਪਹਾੜਾਂ ਦੀ ਧੂੜ ਛਾਣਾਂਗਾ। ਜਿਉਂਦਾ ਰਿਹਾ ਤਾਂ ਫਿਰ ਤੁਹਾਡੇ ਦਰਸ਼ਨ ਕਰਾਂਗਾ।" ਇਹ ਕਹਿ ਕੇ ਉਹ ਕਮਲਿਆਂ ਵਾਂਗ ਇੱਕ ਪਾਸੇ ਤੁਰ ਪਿਆ। ਇਸ ਤੋਂ ਬਾਅਦ ਮੈਨੂੰ ਕਿਸੇ ਜ਼ਰੂਰੀ ਕੰਮ ਨੈਨੀਤਾਲ ਜਾਣਾ ਪਿਆ, ਸੈਰ ਕਰਨ ਲਈ ਨਹੀਂ। ਇੱਕ ਮਹੀਨੇ ਬਾਅਦ ਮੁੜਿਆ। ਅਜੇ ਤਨ ਦੇ ਕੱਪੜੇ ਵੀ ਨਹੀਂ ਉਤਾਰੇ ਸਨ ਕਿ ਗੰਗੂ ਨਵਜੰਮੇ ਬੱਚੇ ਨੂੰ ਗੋਦੀ ਚੁੱਕੀ ਖੜ੍ਹਾ ਹੈ। ਸ਼ਾਇਦ ਕ੍ਰਿਸ਼ਨ ਨੂੰ ਪ੍ਰਾਪਤ ਕਰ ਕੇ ਨੰਦ ਵੀ ਇੰਨੇ ਨਿਹਾਲ ਨਾ ਹੋਏ ਹੋਣ। ਜਾਪਦਾ ਸੀ, ਉਹਦਾ ਰੋਮ-ਰੋਮ ਆਨੰਦ ਨਾਲ ਭਰਿਆ ਹੋਇਆ ਸੀ। ਚਿਹਰੇ ਅਤੇ ਅੱਖਾਂ 'ਚੋਂ ਮੋਹ ਤੇ ਸ਼ਰਧਾ ਦੀਆਂ ਤਰੰਗਾਂ ਨਿਕਲ ਰਹੀਆਂ ਸਨ। ਕੁਝ ਅਜਿਹਾ ਭਾਵ ਸੀ ਜਿਵੇਂ ਕਿਸੇ ਭੁੱਖ ਤੋਂ ਪੀੜਤ ਮੰਗਤੇ ਦੇ ਚਿਹਰੇ 'ਤੇ ਢਿੱਡ ਭਰ ਕੇ ਖਾਣਾ ਖਾਣ ਤੋਂ ਬਾਅਦ ਆਉਂਦਾ ਹੈ।
ਮੈਂ ਪੁੱਛਿਆ, "ਕਹੋ ਮਹਾਰਾਜ, ਗੋਮਤੀ ਦਾ ਕੁਝ ਪਤਾ ਲੱਗਿਆ? ਤੂੰ ਤਾਂ ਬਾਹਰ ਗਿਆ ਹੋਇਆ ਸੀ।"
ਗੰਗੂ ਨੇ ਜਵਾਬ ਦਿੱਤਾ, "ਹਾਂ ਬਾਬੂ ਜੀ, ਤੁਹਾਡੇ ਆਸ਼ੀਰਵਾਦ ਨਾਲ ਲੱਭ ਲਿਆਇਆ ਹਾਂ। ਲਖਨਊ ਦੇ ਜ਼ਨਾਨਾ ਹਸਪਤਾਲ 'ਚੋਂ ਮਿਲੀ ਹੈ। ਇੱਥੇ ਇੱਕ ਸਹੇਲੀ ਨੂੰ ਕਹਿ ਗਈ ਸੀ ਕਿ ਜੇ ਉਹ ਬਹੁਤ ਘਬਰਾ ਜਾਏ ਤਾਂ ਉਹਨੂੰ ਦੱਸ ਦੇਈਂ। ਮੈਂ ਸੁਣਦਿਆਂ ਹੀ ਲਖਨਊ ਭੱਜਿਆ। ਉਹਨੂੰ ਖਿੱਚ ਲਿਆਇਆ, ਨਾਲ ਇਹ ਬੱਚਾ ਵੀ ਮਿਲ ਗਿਆ।"
ਉਸ ਨੇ ਬੱਚੇ ਨੂੰ ਚੁੱਕ ਕੇ ਮੇਰੇ ਵੱਲ ਵਧਾਇਆ ਜਿਵੇਂ ਕੋਈ ਖਿਡਾਰੀ ਤਗਮਾ ਦਿਖਾ ਰਿਹਾ ਹੋਵੇ।
ਮੈਂ ਵਿਅੰਗ ਨਾਲ ਪੁੱਛਿਆ, "ਅੱਛਾ ਇਹ ਮੁੰਡਾ ਵੀ ਮਿਲ ਗਿਆ? ਸ਼ਾਇਦ ਇਸੇ ਕਰ ਕੇ ਉਹ ਇੱਥੋਂ ਭੱਜ ਗਈ ਸੀ। ਹੈ ਤਾਂ ਤੇਰਾ ਹੀ ਮੁੰਡਾ?"
"ਮੇਰਾ ਕਾਹਨੂੰ ਹੈ ਬਾਬੂ ਜੀ, ਤੁਹਾਡਾ ਹੈ, ਪਰਮਾਤਮਾ ਦਾ ਹੈ।"
"ਲਖਨਊ 'ਚ ਪੈਦਾ ਹੋਇਆ?"
"ਹਾਂ ਬਾਬੂ ਜੀ, ਅਜੇ ਤਾਂ ਕੁਝ ਮਹੀਨਿਆਂ ਦਾ ਹੈ।"
"ਤੇਰਾ ਵਿਆਹ ਹੋਏ ਨੂੰ ਕਿੰਨਾ ਸਮਾਂ ਹੋ ਗਿਆ?"
"ਇਹ ਸੱਤਵਾਂ ਮਹੀਨਾ ਲੰਘ ਰਿਹਾ ਹੈ।"
"ਫਿਰ ਵਿਆਹ ਤੋਂ ਛੇ ਮਹੀਨੇ ਬਾਅਦ ਪੈਦਾ ਹੋ ਗਿਆ।"
"ਹੋਰ ਕੀ ਬਾਬੂ ਜੀ!" "ਫਿਰ ਵੀ ਤੇਰਾ ਮੁੰਡਾ ਹੈ?"
"ਹਾਂ ਜੀ।"
"ਇਹ ਕਿਹੜੀਆਂ ਬੇਸਿਰ-ਪੈਰ ਦੀਆਂ ਗੱਲਾਂ ਕਰ ਰਿਹਾ ਹੈਂ ਤੂੰ?"
ਪਤਾ ਨਹੀਂ ਉਹ ਮੇਰੇ ਭਾਵਾਂ ਨੂੰ ਸਮਝ ਰਿਹਾ ਸੀ, ਜਾਂ ਬਣ ਰਿਹਾ ਸੀ। ਉਸੇ ਨਿਰਛਲ ਭਾਵ ਨਾਲ ਬੋਲਿਆ, "ਮਰਦੀ-ਮਰਦੀ ਬਚੀ ਹੈ ਬਾਬੂ ਜੀ, ਨਵਾਂ ਜਨਮ ਹੋਇਆ। ਤਿੰਨ ਦਿਨ ਤਿੰਨ ਰਾਤਾਂ ਸਹਿਕਦੀ ਰਹੀ। ਬਸ ਪੁੱਛੋ ਹੀ ਨਾ ਕੁਝ।"
ਮੈਂ ਜ਼ਰਾ ਤਨਜ਼ੀਆ ਲਹਿਜ਼ੇ 'ਚ ਕਿਹਾ, "ਪਰ ਛੇ ਮਹੀਨਿਆਂ 'ਚ ਬੱਚਾ ਪੈਦਾ ਹੋਣ ਬਾਰੇ ਅੱਜ ਹੀ ਸੁਣਿਆ ਹੈ!"
ਇਹ ਸੱਟ ਨਿਸ਼ਾਨੇ 'ਤੇ ਜਾ ਲੱਗੀ।
ਉਹ ਮੁਸਕਰਾਉਂਦਾ ਬੋਲਿਆ, "ਅੱਛਾ! ਇਹ ਗੱਲ ਐ! ਮੈਨੂੰ ਤਾਂ ਇਹਦਾ ਧਿਆਨ ਹੀ ਨਹੀਂ ਆਇਆ। ਇਸੇ ਡਰ 'ਚੋਂ ਤਾਂ ਗੋਮਤੀ ਭੱਜੀ ਸੀ। ਮੈਂ ਕਿਹਾ, ਗੋਮਤੀ ਜੇ ਤੇਰਾ ਮਨ ਮੇਰੇ ਨਾਲ ਨਹੀਂ ਮਿਲਦਾ ਤਾਂ ਮੈਨੂੰ ਛੱਡ ਦੇ। ਮੈਂ ਹੁਣੇ ਚਲਾ ਜਾਵਾਂਗਾ ਅਤੇ ਫਿਰ ਕਦੇ ਵੀ ਤੇਰੇ ਕੋਲ ਨਹੀਂ ਆਵਾਂਗਾ। ਤੈਨੂੰ ਜੇ ਕਦੇ ਕੰਮ ਪਵੇ ਤਾਂ ਮੈਨੂੰ ਲਿਖੀਂ! ਮੈਂ ਤੇਰੀ ਹਰ ਸੰਭਵ ਮੱਦਦ ਕਰਾਂਗਾ। ਮੈਨੂੰ ਤੇਰੇ 'ਤੇ ਕੋਈ ਗਿਲਾ ਨਹੀਂ। ਮੇਰੀਆਂ ਅੱਖਾਂ 'ਚ ਅੱਜ ਵੀ ਤੂੰ ਓਨੀ ਹੀ ਭਲੀ ਏਂ। ਅੱਜ ਵੀ ਮੈਂ ਤੈਨੂੰ ਓਨਾ ਹੀ ਚਾਹੁੰਦਾ ਹਾਂ। ਨਹੀਂ, ਹੁਣ ਮੈਂ ਤੈਨੂੰ ਹੋਰ ਵੀ ਜ਼ਿਆਦਾ ਚਾਹੁੰਦਾ ਹਾਂ; ਜੇ ਤੇਰਾ ਮਨ ਮੈਥੋਂ ਫਿਰਿਆ ਨਹੀਂ ਤਾਂ ਮੇਰੇ ਨਾਲ ਚੱਲ। ਗੰਗੂ ਜਿਉਂਦੇ ਜੀਅ ਤੇਰੇ ਨਾਲ ਬੇਵਫ਼ਾਈ ਨਹੀਂ ਕਰਦਾ। ਮੈਂ ਤੇਰੇ ਨਾਲ ਇਸ ਕਰ ਕੇ ਵਿਆਹ ਨਹੀਂ ਕੀਤਾ ਕਿ ਤੂੰ ਦੇਵੀ ਏਂ, ਸਗੋਂ ਇਸ ਕਰ ਕੇ ਕਿ ਮੈਂ ਤੈਨੂੰ ਚਾਹੁੰਦਾ ਹਾਂ ਅਤੇ ਸੋਚਦਾ ਹਾਂ ਕਿ ਤੂੰ ਵੀ ਮੈਨੂੰ ਚਾਹੁੰਦੀ ਏਂ। ਇਹ ਬੱਚਾ, ਮੇਰਾ ਬੱਚਾ ਹੈ। ਮੇਰਾ ਆਪਣਾ ਬੱਚਾ। ਮੈਂ ਬੀਜਿਆ ਹੋਇਆ ਖੇਤ ਲਿਆ ਹੈ ਤਾਂ ਕੀ ਉਸ ਦੀ ਫ਼ਸਲ ਇਸ ਕਰ ਕੇ ਛੱਡ ਦਿਆਂ ਕਿ ਉਸ ਨੂੰ ਕਿਸੇ ਹੋਰ ਨੇ ਬੀਜਿਆ ਸੀ?"
ਮੈਂ ਕੱਪੜੇ ਉਤਾਰਨਾ ਭੁੱਲ ਗਿਆ। ਕਹਿ ਨਹੀਂ ਸਕਦਾ, ਕਿਉਂ ਮੇਰੀਆਂ ਅੱਖਾਂ ਨਮ ਹੋ ਗਈਆਂ। ਪਤਾ ਨਹੀਂ ਉਹ ਕਿਹੜੀ ਸ਼ਕਤੀ ਸੀ ਜਿਸ ਨੇ ਮੇਰੇ ਮਨ ਦੀ ਨਫ਼ਰਤ ਨੂੰ ਦੱਬ ਕੇ ਮੇਰੇ ਹੱਥਾਂ ਨੂੰ ਅੱਗੇ ਵਧਾ ਦਿੱਤਾ। ਮੈਂ ਉਸ ਨਿਰਕਲੰਕ ਬੱਚੇ ਨੂੰ ਗੋਦ ਵਿਚ ਲੈ ਲਿਆ ਅਤੇ ਇੰਨੇ ਪਿਆਰ ਨਾਲ ਚੁੰਮਿਆ ਕਿ ਸ਼ਾਇਦ ਆਪਣੇ ਬੱਚੇ ਨੂੰ ਵੀ ਨਾ ਚੁੰਮਿਆ ਹੋਵੇ।
ਗੰਗੂ ਬੋਲਿਆ, "ਬਾਬੂ ਜੀ ਬੜੇ ਭਲੇ ਹੋ। ਮੈਂ ਗੋਮਤੀ ਕੋਲ ਵਾਰ-ਵਾਰ ਤੁਹਾਡੀਆਂ ਗੱਲਾਂ ਕਰਦਾ ਹੁੰਦਾ ਸੀ, ਕਹਿੰਦਾ ਸੀ ਚੱਲ, ਇੱਕ ਵਾਰ ਉਨ੍ਹਾਂ ਦੇ ਦਰਸ਼ਨ ਕਰ ਕੇ ਆਈਏ, ਪਰ ਉਹ ਸ਼ਰਮ ਦੀ ਮਾਰੀ ਆਉਂਦੀ ਹੀ ਨਹੀਂ ਸੀ।"
ਮੈਂ ਅਤੇ ਭਲਾ! ਆਪਣੀ ਭਲਾਈ ਦਾ ਪਰਦਾ ਅੱਜ ਅੱਖਾਂ ਤੋਂ ਪਰ੍ਹਾਂ ਹਟਿਆ। ਮੈਂ ਭਗਤੀ ਭਾਵ 'ਚ ਡੁੱਬੀ ਆਵਾਜ਼ ਵਿਚ ਕਿਹਾ, "ਨਹੀਂ ਜੀ, ਮੇਰੇ ਵਰਗੇ ਦੁਸ਼ਟ ਬੰਦੇ ਕੋਲ ਉਹ ਕਿਉਂ ਆਵੇਗੀ? ਚੱਲੋ! ਮੈਂ ਉਸ ਦੇ ਦਰਸ਼ਨ ਕਰਨ ਚਲਦਾ ਹਾਂ। ਤੂੰ ਮੈਨੂੰ ਭਲਾ ਬੰਦਾ ਸਮਝਦਾ ਏਂ? ਮੈਂ ਉਪਰੋਂ ਭਲਾ ਲੱਗਦਾ ਹਾਂ, ਪਰ ਦਿਲ ਦਾ ਕਮੀਨਾ ਹਾਂ। ਅਸਲੀ ਭਲਾਈ ਤਾਂ ਤੇਰੇ 'ਚ ਹੈ ਅਤੇ ਇਹ ਬੱਚਾ ਉਹ ਫੁੱਲ ਹੈ ਜਿਸ 'ਚੋਂ ਤੇਰੀ ਭਲਾਈ ਦੀ ਮਹਿਕ ਆ ਰਹੀ ਹੈ।"
ਮੈਂ ਬੱਚੇ ਨੂੰ ਹਿੱਕ ਨਾਲ ਲਾ ਕੇ ਗੰਗੂ ਦੇ ਨਾਲ ਤੁਰ ਪਿਆ।

(ਅਨੁਵਾਦ: ਸਤਪਾਲ ਭੀਖੀ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)