Badla (Story in Punjabi) : Ram Lal
ਬਦਲਾ (ਕਹਾਣੀ) : ਰਾਮ ਲਾਲ
ਜੋਗਿੰਦਰ ਨੇ ਮੱਕੀ ਦੀ ਰੋਟੀ ਨਾਲੋਂ ਬੁਰਕੀ ਤੋੜ ਕੇ ਸਰ੍ਹੋਂ ਦੇ ਸਾਗ ਵਿਚ ਇੰਜ ਫੇਰੀ ਜਿਵੇਂ ਕੁਝ ਲੱਭ ਰਿਹਾ ਹੋਵੇ, ਤੇ ਫੇਰ ਭਾਬੀ ਵੱਲ ਵੇਖ ਕੇ ਕਿਹਾ, “ਮਹਿੰ ਸੁੱਕ ਗਈ ਕਿ?”
ਉਸੇ ਵੇਲੇ ਕਿਸੇ ਨੇ ਖੰਘੂਰਾ ਮਾਰਿਆ। ਆਵਾਜ਼ ਜਾਣੀ-ਪਛਾਣੀ ਸੀ। ਭਾਬੀ ਕਰਤਾਰ ਕੌਰ ਦੀ ਤਿਊੜੀ ਚੜ੍ਹ ਗਈ। ਜੋਗਿੰਦਰ ਦੇ ਚਿਹਰੇ 'ਤੇ ਵੀ ਕਈ ਰੰਗ ਆਏ, ਕਈ ਗਏ। ਤੇ ਫੇਰ ਭਾਬੀ ਨੇ ਤਿੱਖੀ ਆਵਾਜ਼ ਵਿਚ ਕਿਹਾ, “ਮਹਿੰ ਸੁੱਕੇ ਜਾਂ ਲਵੇਰੀ ਰਹੇ ਪਰ ਬੰਦੇ ਦਾ ਲਹੂ ਚਿੱਟਾ ਨਾ ਪਏ।”
ਤੇ ਫੇਰ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ। ਜੋਗਿੰਦਰ ਨੇ ਰੋਟੀਓਂ ਹੱਥ ਖਿੱਚ ਲਿਆ ਤੇ ਉਠ ਕੇ ਵਾਹੋਦਾਹੀ ਬੂਹੇ ਕੋਲ ਚਲਾ ਗਿਆ। ਪਰ ਖੰਘੂਰਾ ਮਾਰਨ ਵਾਲਾ ਏਨੇ ਚਿਰ 'ਚ ਗਲੀ ਪਾਰ ਚੁੱਕਿਆ ਸੀ।
“ਤੇਰੀ ਮਾਂ...” ਜੋਗਿੰਦਰ ਗੁੱਸੇ ਵਿਚ ਬੁੜਬੁੜਾਇਆ ਤਾਂ ਉਸੇ ਵੇਲੇ ਭਾਬੀ ਨੇ ਮੋਢੇ ਉੱਤੇ ਰੱਖ ਕੇ ਕਿਹਾ, “ਰੋਟੀ ਖਾ ਲੈ। ਜੇ ਐਨੇ, ਦਿਲ-ਗੁਰਦੇ ਵਾਲਾ ਹੁੰਦਾ ਤਾਂ ਭਰਾ ਦੀ ਮੌਤ ਦਾ ਬਦਲਾ ਹੁਣ ਤਕ ਕਦੋਂ ਦਾ ਲੈ ਲਿਆ ਹੁੰਦਾ।”
ਜੋਗਿੰਦਰ ਕੌੜ ਮੰਨ ਗਿਆ ਤੇ ਖੂੰਜੇ ਵਿਚੋਂ ਤਲਵਾਰ ਚੁੱਕ ਕੇ ਬਾਹਰ ਵੱਲ ਅਹੁਲਿਆ ਤਾਂ ਭਾਬੀ ਨੇ ਅੱਗੋਂ ਰੋਕ ਕੇ ਕਿਹਾ, “ਕੁਝ ਸੋਚ ਕਰੀਏ, ਉਹ ਤਿੰਨ ਐਂ ਤੇ ਤੂੰ 'ਕੱਲੈਂ।”
ਸ਼ਿੰਗਾਰਾ ਸਿੰਘ ਤੇ ਹਰੀ ਸਿੰਘ ਦੇ ਟੱਬਰਾਂ ਵਿਚ ਜੱਦੀ ਦੁਸ਼ਮਣੀ ਸੀ। ਸ਼ਾਇਦ ਦਾਦੇ-ਪੜਦਾਦੇ ਇਕ ਸਨ ਦੋਵਾਂ ਦੇ। ਪਿਛਲੇ ਤਿੰਨਾਂ ਸਾਲਾਂ ਤੋਂ ਦੋਵਾਂ ਘਰਾਂ ਦੇ ਸਿੰਗ ਭਿੜੇ ਹੋਏ ਨੇ। ਪਹਿਲਾਂ ਮੁਕੱਦਮੇਂ ਬਾਜੀ ਚੱਲੀ, ਫੇਰ ਲੜਾਈ-ਝਗੜੇ ਹੋਏ ਤੇ ਫੇਰ ਗਵਾਹੀਆਂ ਭੁਗਤੇ। ਫੇਰ ਜੋਗਿੰਦਰ ਦੇ ਭਰਾ ਦਰਸ਼ਨ ਨੇ ਗੁਰਦੀਪ ਦੇ ਪਿਓ ਦਾ ਕਤਲ ਕਰ ਦਿੱਤਾ, ਪਰ ਗਵਾਹੀਆਂ ਕਰਕੇ ਬਰੀ ਹੋ ਗਿਆ। ਮਗਰੋਂ ਗੁਰਦੀਪ ਦੇ ਭਰਾ ਸੰਤੋਖ ਸਿੰਘ ਨੇ ਲਲਕਾਰ ਕੇ ਸ਼ਰੇ-ਆਮ ਦਰਸ਼ਨ ਨੂੰ ਕਤਲ ਕੀਤਾ ਤੇ ਆਪ ਫਾਹੇ ਲੱਗ ਗਿਆ। ਹੁਣ ਗੁਰਦੀਪ ਨੇ ਭਰਾ ਦੀ ਵਿੜ੍ਹੀ ਜੋਗਿੰਦਰ ਤੇ ਲਾਹੁਣੀ ਸੀ। ਤੇ ਇਹ ਖੰਘੂਰਾ ਇਸੇ ਸਿਲਸਿਲੇ ਦੀ ਕੜੀ ਸੀ। ਭਾਬੀ ਕਰਤਾਰ ਕੌਰ ਦਾ ਕਲੇਜਾ ਅਜੇ ਤਕ ਠਰਿਆ ਨਹੀਂ ਸੀ ਕਿਉਂਕਿ ਉਹਦੇ ਮਾਲਕ ਨੂੰ ਮਾਰਨ ਵਿਚ ਗੁਰਦੀਪ ਦਾ ਵੀ ਹੱਥ ਸੀ, ਤੇ ਗੁਰਦੀਪ ਜੇਲ੍ਹੋਂ ਬਾਹਰ ਸੀ।
ਪਰ ਜੋਗਿੰਦਰ ਤੇ ਗੁਰਦੀਪ ਵਿਚ ਫ਼ਰਕ ਸੀ। ਜੋਗਿੰਦਰ ਮਸਾਂ ਇੱਕੀ ਵਰ੍ਹਿਆਂ ਦਾ ਸੀ ਤੇ ਗੁਰਦੀਪ ਪੰਝੀਆਂ ਦਾ। ਕੱਦ-ਕਾਠ ਵਜੋਂ ਵੀ ਗੁਰਦੀਪ ਜੋਗਿੰਦਰ ਨਾਲੋਂ ਡੇਢਾ ਸੀ ਤੇ ਇਸ ਤੇ ਵਾਧਾ ਇਹ ਕਿ ਗੁਰਦੀਪ ਦੇ ਹਮਾਇਤੀ ਉਸ ਦੇ ਦੋ ਸਾਲੇ, ਹਰਨੇਕ ਤੇ ਪ੍ਰੀਤਮ ਸਨ, ਜਿਹਨਾਂ ਨੂੰ ਗੁਰਦੀਪ ਸਿਰਫ ਏਸੇ ਮੌਕੇ ਲਈ ਪਾਲ ਰਿਹਾ ਸੀ।
ਜੋਗਿੰਦਰ ਨੇ ਭਾਬੀ ਦੇ ਆਖੇ ਤਲਵਾਰ ਤਾਂ ਰੱਖ ਦਿੱਤੀ ਪਰ ਸਿਰ ਦੋਵਾਂ ਹੱਥਾਂ 'ਚ ਫੜ੍ਹ ਕੇ ਸੋਚੀਂ ਪੈ ਗਿਆ।
ਤੇ ਫੇਰ ਇਕ ਦਿਨ ਇਹ ਲਾਵਾ ਫੁੱਟ ਹੀ ਪਿਆ। ਪਿੰਡ ਦੀਆਂ ਦੋ ਧਿਰਾਂ 'ਚ ਕਬੱਡੀ ਦਾ ਮੈਚ ਹੋਇਆ। ਜੋਗਿੰਦਰ ਭਾਵੇਂ ਮੱਲਿਆ ਹੋਇਆ ਨਹੀਂ ਸੀ ਪਰ ਫੁਰਤੀਲਾ ਹੱਦੋਂ ਵਧ ਸੀ। ਉਸ ਦੇ ਮੁਕਾਬਲੇ, ਗੁਰਦੀਪ ਕਿਸੇ ਤਕੜੇ ਭਲਵਾਨ ਵਾਂਗ ਮੱਲਿਆ ਹੋਇਆ ਸੀ। ਦੋਵਾਂ ਵਿਰੋਧੀ ਟੀਮਾਂ ਵਿਚ ਇਹ ਦੋਵੇਂ ਆਹਮੋ-ਸਾਹਮਣੇ ਸਨ।
ਮੈਚ ਸ਼ੁਰੂ ਹੁੰਦਿਆਂ ਈ 'ਬੱਲੇ-ਬੱਲੇ' ਦੀਆਂ ਆਵਾਜ਼ਾਂ ਨਾਲ ਮੈਦਾਨ ਗੂੰਜਣ ਲੱਗ ਪਿਆ। ਗੱਠਵੇਂ ਤੇ ਭਾਰੇ ਸਰੀਰ ਵਾਲਾ ਗੁਰਦੀਪ ਜਦੋਂ ਕਬੱਡੀ ਪਾਉਂਦਾ ਪਾਲਿਓਂ ਪਾਰ ਆਇਆ ਤਾਂ ਜੋਗਿੰਦਰ ਦੇ ਹਾਣੀ ਪਿੱਛੇ ਹਟਦੇ ਗਏ ਤੇ ਗੁਰਦੀਪ ਨੇ ਉਹਨਾਂ ਦੇ ਉਪਰੋਂ ਦੀ ਗੇੜਾ ਦੇ ਕੇ ਪਾਲ ਕੋਲ ਅਪੜਦਿਆਂ ਈ ਬੁੱਲ੍ਹਾਂ ਉੱਤੇ ਹੱਥ ਧਰ ਕੇ 'ਬੂ-ਬੂ-ਬੂ' ਬਘਦੂ ਬੁਲਾਇਆ। ਜੋਗਿੰਦਰ ਦਾ ਖ਼ੂਨ ਉਬਾਲਾ ਖਾ ਗਿਆ। ਉਸਨੇ ਮਿੱਟੀ ਚੁੱਕ ਕੇ ਮੱਥੇ ਨੂੰ ਲਾਈ ਤੇ ਕਬੱਡੀ ਕਬੱਡੀ ਕਰਦਾ ਵਿਰੋਧੀ ਪਾਲੇ ਦੇ ਧੁਰ ਅੰਦਰ ਤਕ ਜਾਂਦਾ ਰਿਹਾ। ਓਧਰ ਗੁਰਦੀਪ ਨੂੰ ਹਾਣੀਆਂ ਸ਼ਹਿ ਦਿੱਤੀ, “ਫੜ੍ਹ ਲੈ ਉਇ!”
ਤੇ ਗੁਰਦੀਪ ਨੇ ਜੋਗਿੰਦਰ ਦਾ ਰਾਹ ਰੋਕ ਲਿਆ। ਗੁਰਦੀਪ ਉਹਦੇ ਲੱਕ ਨੂੰ ਪੈ ਗਿਆ ਪਰ ਫੁਰਤੀਲਾ ਜੋਗਿੰਦਰ ਉਸ ਦੇ ਹੱਥਾਂ ਵਿਚੋਂ ਤਿਲ੍ਹਕ ਕੇ ਮੱਛੀ ਵਾਂਗ ਭੁੜਕ ਗਿਆ ਤੇ ਆਪਣੇ ਪਾਲੇ ਕੋਲ ਪਹੁੰਚਦਿਆਂ ਹੀ ਪੱਟ 'ਤੇ ਥਾਪੀ ਮਾਰ ਕੇ ਗੜ੍ਹਕਿਆ, “ਔਹ ਮਾਰਿਆ!”
ਇਹ ਗੱਲ ਸ਼ਾਇਦ ਏਥੇ ਹੀ ਵਧ ਜਾਂਦੀ ਪਰ ਸਿਆਣੇ ਬੰਦਿਆਂ ਨੇ ਵਿਚ ਪੈ ਕੇ ਚੁੱਪ ਕਰਾ ਦਿੱਤੀ। ਪਰ ਰੜਕ ਦੋਵੇਂ ਪਾਸੀਂ ਵਧਦੀ ਗਈ। ਗੁਰਦੀਪ ਨੇ ਬਦਲਾ ਲੈਣ ਦੀ ਸਹੁੰ ਖਾਧੀ।
ਓਦੋਂ ਤੋਂ ਹੀ ਦੋਵਾਂ ਧਿਰਾਂ ਨੇ ਲਾਂਗੜ ਕਸਣੇ ਸ਼ੁਰੂ ਕਰ ਦਿੱਤੇ ਤੇ ਪਿੰਡ 'ਚ ਇਹ ਗੱਲ ਆਮ ਹੋ ਗਈ ਕਿ ਕਿਸੇ ਦਿਨ ਉਹਨਾਂ ਵਿਚੋਂ ਇਕ ਜ਼ਰੂਰ ਮਾਰਿਆ ਜਾਏਗਾ। ਉਹ ਦੋਵੇਂ ਹਰ ਸਮੇਂ ਬਚਾਅ ਤੇ ਵਾਰ ਲਈ ਚੁਕੰਨੇ ਰਹਿੰਦੇ ਸਨ। ਡੰਗ-ਦਿਹਾੜੇ ਲੰਘਦੇ ਰਹੇ ਤੇ ਦੋਵੇਂ ਮੌਕੇ ਦੀ ਤਾੜ ਵਿਚ ਰਹੇ।
ਪਿੰਡੋਂ ਦੂਰ ਇਕ ਕਸਬਾ ਸੀ, ਜਿੱਥੋਂ ਲੋਕ ਲੋੜ ਦੀਆਂ ਚੀਜ਼ਾਂ ਲਿਆਉਂਦੇ ਹੁੰਦੇ ਸਨ। ਸ਼ਰਾਬ ਦਾ ਠੇਕਾ ਵੀ ਉੱਥੇ ਸੀ ਤੇ ਮੇਲੇ ਵਗ਼ੈਰਾ ਵੀ ਉੱਥੇ ਈ ਲੱਗਦੇ ਹੁੰਦੇ ਸੀ। ਜੋਗਿੰਦਰ ਜਾਣਦਾ ਸੀ ਕਿ ਆਹਮੋ-ਸਾਹਮਣੀ ਟੱਕਰ ਵਿਚ ਉਸ ਦਾ ਧੜਾ ਹੌਲਾ ਰਹੇਗਾ, ਕਿਉਂਕਿ ਉਹ ਇਕੱਲਾ ਤੇ ਉਹ ਦੋ-ਤਿੰਨ ਹੋਣਗੇ। ਤੇ ਨਾਲ ਈ ਇਹ ਗੱਲ ਵੀ ਕਿ ਉਹ ਤਿੰਨੇ ਹੰਢੇ-ਵਰਤੇ ਸਨ ਤੇ ਉਸ ਦਾ ਇਹ ਪਹਿਲਾ ਮੌਕਾ ਹੋਣਾ ਸੀ।
ਤੇ ਨਾਲੇ ਉਸ ਨੇ ਸੋਚਿਆ ਕਿ ਸ਼ਾਇਦ ਪਿੰਡੋਂ ਕੁਝ ਹੋਰ ਬੰਦੇ ਵੀ ਉਹਨਾਂ ਦਾ ਪੱਖ ਕਰਵਾਉਣ, ਪਰ ਉਹ ਆਪ ਤਾਂ ਇਕੱਲਾ ਹੀ ਸੀ ਨਾ। ਤੇ ਆਖ਼ਰ ਉਸ ਨੇ 'ਕੁਝ' ਫੈਸਲਾ ਕਰ ਲਿਆ। ਉਸ ਦਿਨ ਕਸਬੇ 'ਚ ਕੋਈ ਮੇਲਾ ਲੱਗਣਾ ਸੀ ਤੇ ਜੋਗਿੰਦਰ ਗੁਰਦੀਪ ਦੇ ਰੰਗ-ਤਮਾਸ਼ਿਆਂ ਪ੍ਰਤੀ ਸ਼ੌਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਨਾਲ ਹੀ ਇਹੋ-ਜਿਹੇ ਮੌਕਿਆਂ ਉਪਰ ਉਹਦੀ ਅੰਨ੍ਹੀ-ਪੀਣ ਦੀ ਲਤ ਤੋਂ ਵੀ ਜਾਣੂ ਸੀ। ਫੇਰ ਇਸ ਤੋਂ ਚੰਗਾ ਮੌਕਾ ਹੋਰ ਕਦੋਂ ਮਿਲ ਸਕਦਾ ਸੀ ਭਲਾ! ਉਸ ਨੇ ਵੇਖਿਆ ਕਿ ਗੁਰਦੀਪ ਆਪਣੀ ਜਵਾਨ ਪਤਨੀ ਦੇ ਦੋਵਾਂ ਸਾਲਿਆਂ ਸਣੇ ਮੇਲੇ ਜਾਣ ਲਈ ਤਿਆਰ ਸੀ।
ਜੋਗਿੰਦਰ ਨੇ ਭਾਬੀ ਵੱਲ ਤੱਕ ਕੇ ਕਿਹਾ, “ਭਾਬੀ, ਅੱਜ ਤਾਂ ਦੁੱਧ ਤੇ ਮਖਣੀ ਖੁਆ। ਨਾ-ਜਾਣੀਏਂ ਕਲ੍ਹ ਨੂੰ ਨਸੀਬ ਹੋਵੇ ਕਿ ਨਾ।”
ਕਰਤਾਰ ਕੌਰ ਨੇ ਜੋਗਿੰਦਰ ਦੇ ਤੌਰ ਵੇਖੇ। ਉਧਰ ਕਾਫ਼ਲਾ ਨਿਕਲਦਾ ਤੱਕਿਆ ਤਾਂ ਅਸਮਾਨ ਵੱਲ ਹੱਥ ਚੁੱਕ ਕੇ ਧੀਮੀ ਆਵਾਜ਼ 'ਚ ਬੋਲੀ, “ਵਾਹਿਗੁਰੂ, ਖ਼ੈਰ ਕਰੀਂ!”
ਪਰ ਜੋਗਿੰਦਰ ਏਨੇ ਨੂੰ ਡਾਂਗ ਲੈ ਕੇ ਚਲਾ ਗਿਆ ਸੀ।
ਉਹ ਕੁਝ ਚਿਰ ਤਾਂ ਮੇਲੇ 'ਚ ਬਿਨਾਂ ਮਤਲਬ ਹੀ ਭੌਂਦਾ ਫਿਰਿਆ। ਤੇ ਫੇਰ ਉਸ ਨੇ ਦੇਖਿਆ ਕਿ ਗੁਰਦੀਪ ਤੇ ਉਹਦੇ ਦੋਵੇਂ ਸਾਲੇ ਤਾਂ ਠੇਕੇ ਅੰਦਰ ਚਲੇ ਗਏ ਤੇ ਗਰਦੀਪ ਦੀ ਪਤਨੀ ਇਕ ਪਾਸੇ ਉਹਨਾਂ ਦੇ ਇੰਤਜ਼ਾਰ ਵਿਚ ਖਲੋ ਗਈ ਸੀ।
ਪਰ ਮੇਲੇ ਵਿਚ ਉਹ ਇਕੱਲੇ ਹੀ ਸ਼ਰਾਬੀ ਥੋੜ੍ਹਾ ਸਨ। ਕਈ ਹੋਰ ਵੀ ਸਨ। ਤੇ ਚੋਹਾਂ-ਪੰਜਾਂ ਦੀ ਇਕ ਹੋਰ ਟੋਲੀ ਠੇਕਿਓਂ ਬਾਹਰ ਆਈ ਤੇ ਉਹਨਾਂ ਵਿਚੋਂ ਇਕ ਨੇ ਗੁਰਦੀਪ ਦੀ ਪਤਨੀ ਵੱਲ ਤੱਕ ਕੇ ਕਿਹਾ, “ਅਸ਼ਕੇ ਬਈ, ਅੱਜ ਤਾਂ ਮੱਸਿਆ ਨੂੰ ਚੰਦ ਚੜ੍ਹਿਆ ਲੱਗਦੈ!”
ਦੂਜੇ ਨੂੰ ਏਨੀ ਸੁਰਤ ਕਿੱਥੇ ਸੀ ਕਿ ਠੀਕ ਜਾਂ ਗ਼ਲਤ ਦਾ ਫ਼ਰਕ ਸਮਝ ਸਕੇ। ਉਹ ਆਪਣੇ ਸਾਥੀ ਨਾਲੋਂ ਦੋ ਰੱਤੀਆਂ ਵਧ ਗਿਆ ਤੇ ਉਹਨੈ ਹੁਸਨ ਦੀ ਤਾਰੀਫ਼ ਬੇਹੱਦ ਭੈੜੇ ਤੇ ਅਸ਼ਲੀਲ ਸ਼ਬਦਾਂ ਵਿਚ ਕੀਤੀ। ਜੋਗਿੰਦਰ ਇਕ ਪਾਸੇ ਖੜ੍ਹਾ ਇਹ ਸਭ ਕੁਝ ਦੇਖ ਰਿਹਾ ਸੀ।
ਜੋਗਿੰਦਰ ਦੇ ਦਿਮਾਗ਼ ਵਿਚ ਉਸ ਸਮੇਂ ਬੜੇ ਓਪਰੇ-ਓਪਰੇ ਖ਼ਿਆਲ ਆ ਰਹੇ ਸਨ। ਉਸਨੂੰ ਪਤਾ ਸੀ ਕਿ ਝਗੜਾ ਹੋਣਾ ਹੀ ਸੀ ਤੇ ਇਸੇ ਮੌਕੇ ਦੀ ਉਸ ਨੂੰ ਚਿਰ ਤੋਂ ਉਡੀਕ ਸੀ। ਤੇ ਅੱਜ ਇਹ ਮੌਕਾ ਆ ਹੀ ਗਿਆ ਸੀ। ਇਹ ਪੰਜੇ, ਉਹ ਜਾਣਦਾ ਸੀ ਕਿ ਨਾਲਦੇ ਪਿੰਡ ਦੇ ਛਟੇ ਹੋਏ ਬਦਮਾਸ਼ ਸਨ। ਨਾਲੇ ਇਸ ਜੁੰਡਲੀ ਦਾ ਮੋਹਰੀ, ਬੇਅੰਤ ਸਿੰਘ ਜ਼ੈਲਦਾਰ ਦਾ ਮੁੰਡਾ ਬਲਦੇਵ, ਸਾਰੇ ਇਲਾਕੇ ਵਿਚ ਆਪਣੀ ਗੁੰਡਾਗਰਦੀ ਕਰਕੇ ਮਸ਼ਹੂਰ ਸੀ ਤੇ ਆਮ ਮੇਲਿਆਂ-ਮੰਡੀਆਂ 'ਚ ਲੋਕ ਇਸੇ ਲਈ ਦਬ ਜਾਂਦੇ ਸਨ ਕਿ ਇਕ ਤਾਂ ਉਹ ਜ਼ੈਲਦਾਰ ਦਾ ਮੁੰਡਾ ਸੀ, ਦੂਜਾ ਮੁਸ਼ਟੰਡਾ-ਬਦਮਾਸ਼ ਨਾਲੇ ਉਸਦਾ ਪਿੱਛਾ ਵੀ ਤਕੜਾ ਸੀ।
ਇਸ ਤੋਂ ਪਹਿਲਾਂ ਵੀ ਕਈ ਅਜਿਹੇ ਵਾਕੇ ਹੋਏ ਸਨ, ਪਰ ਕੋਈ ਵੀ ਉਹਨਾਂ ਦਾ ਵਾਲ-ਵਿੰਗਾ ਨਹੀਂ ਸੀ ਕਰ ਸਕਿਆ। ਜੋਗਿੰਦਰ ਨੂੰ ਪਤਾ ਸੀ ਕਿ ਠੇਕਿਓਂ ਗੁਰਦੀਪ ਤੇ ਉਸਦੇ ਸਾਲਿਆਂ ਦੇ ਬਾਹਰ ਆਉਂਦਿਆਂ ਹੀ ਸਿਆਪਾ ਪੈ ਜਾਏਗਾ ਤੇ ਉਸ ਦਾ ਪੁਰਾਣਾ ਦੁਸ਼ਮਣ ਜਾਂ ਤਾਂ ਮਾਰਿਆ ਜਾਏਗਾ ਜਾਂ ਕੈਦ ਹੋ ਜਾਏਗਾ।
ਪਰ ਜਦੋਂ ਬਲਦੇਵ ਨੇ ਸ਼ਰਾਬ ਦੀ ਲੋਰ ਵਿਚ ਗੁਰਦੀਪ ਦੀ ਪਤਨੀ ਦੀ ਠੋਡੀ ਵੱਲ ਹੱਥ ਵਧਾਇਆ ਤਾਂ ਉਹਨੇ ਅੱਗੋਂ ਕਾੜ ਕਰਦਾ ਥੱਪੜ ਜੜ ਦਿੱਤਾ ਤੇ ਭੌਂ ਕੇ ਭੀੜ ਵੱਲ ਤੱਕਿਆ ਜੋ ਗੁੰਡਿਆਂ ਦੇ ਡਰੌਂ ਚੁੱਪ ਖੜੋਤੀ ਸੀ। ਉਸ ਤੀਵੀਂ ਦੀਆਂ ਅੱਖਾਂ ਜੋਗਿੰਦਰ ਨਾਲ ਟਕਰਾਈਆਂ, ਜਿਵੇਂ ਕਹਿ ਰਹੀ ਹੋਵੇ, 'ਮੈਂ ਤੇਰੇ ਪਿੰਡ ਦੀ ਇੱਜ਼ਤ ਆਂ।'
ਤੇ ਜੋਗਿੰਦਰ ਨੂੰ ਤਾਅ ਆ ਗਿਆ।
ਤੇ ਓਧਰ ਥੱਪੜ ਖਾ ਕੇ ਬਲਦੇਵ ਕੌੜ ਗਿਆ ਤੇ ਉਹ ਤੇ ਉਹ ਦੇ ਮੁਸ਼ਟੰਡੇ ਯਾਰ ਜਵਾਨ ਤੀਵੀਂ ਨਾਲ ਜਬਰਦਸਤੀ ਕਰਨ 'ਤੇ ਤੁਲ ਪਏ। ਜਿਉਂ ਹੀ ਇਕ ਨੇ ਉਹਦੀ ਬਾਂਹ ਫੜਣ ਲਈ ਝਪਟਾ ਮਾਰਿਆ, ਜੋਗਿੰਦਰ ਨੇ ਲਲਕਾਰ ਕੇ ਕਿਹਾ, “ਖ਼ਬਰਦਾਰ ਓਇ!” ਤੇ ਉਸਦੀ ਡਾਂਗ ਦਾ ਭਰਪੂਰ ਵਾਰ ਉਸ ਵਧ ਰਹੇ ਹੱਥ 'ਤੇ ਪਿਆ ਤੇ ਉਹ ਹੱਥ ਉੱਥੇ ਹੀ ਲਟਕ ਗਿਆ।
ਬਲਦੇਵ ਨੇ ਵਾਰ ਕਰਨ ਵਾਲੇ ਵੱਲ ਮੁੜਦਿਆਂ ਇਕ ਮਾਂ-ਭੈਣ ਦੀ ਗਾਲ੍ਹ ਕੱਢੀ। ਤੇ ਜੋਗਿੰਦਰ ਉੱਤੇ ਨਜ਼ਰ ਪੈਂਦਿਆਂ ਹੀ ਉਹ ਹਿਰਖ ਨਾਲ ਚੀਕਿਆ, “ਮਾਂ ਦਿਆ...ਭਰਾ ਦਾ ਖ਼ੂਨ ਭੁੱਲ ਗਿਆ ਕਿ!”
ਇਕੱਲਾ ਉਹ ਹੀ ਨਹੀਂ ਸਾਰਾ ਇਲਾਕਾ ਜੋਗਿੰਦਰ ਤੇ ਗੁਰਦੀਪ ਦੀ ਜੱਦੀ ਦੁਸ਼ਮਣੀ ਤੋਂ ਜਾਣੂ ਸੀ। ਪਰ ਜੋਗਿੰਦਰ ਨੇ ਮੋੜਵੀਂ ਗਾਲ੍ਹ ਕੱਢਦਿਆਂ ਕਿਹਾ, “ਤੂੰ ਹੱਥ ਵਧਾਇਆ ਤਾਂ ਉਹ ਵੀ ਗੁੱਟ ਕੋਲੋਂ ਭੰਨਿਆਂ ਲਈਂ, ਹੋਸ਼ ਕਰੀਂ ਹੁਣ...!”
ਤੇ ਫੇਰ ਚੌਹੀਂ-ਪਾਸੀਂ ਡਾਂਗਾਂ ਵਰ੍ਹਣ ਲੱਗ ਪਈਆਂ। ਜੋਗਿੰਦਰ ਇਕੱਲਾ ਸੀ ਤੇ ਉਹ ਪੰਜ। ਪਰ ਫੇਰ ਵੀ ਉਹ ਹੌਸਲੇ ਨਾਲ ਭਿੜ ਰਿਹਾ ਸੀ, ਜਿਵੇਂ ਕੋਈ ਧਰਮ-ਯੁੱਧ ਲੜ ਰਿਹਾ ਹੋਵੇ। ਪਰ ਕਦੋਂ ਤਕ? ਆਖ਼ਰ ਇਕ ਨੇ ਪਿੱਛੋਂ ਦੀ ਇਕ ਭਰਪੂਰ ਡਾਂਗ ਉਸ ਦੇ ਸਿਰ ਵੱਲ ਚਲਾਈ, ਤੇ ਇਹ ਘਾਤਕ ਵੀ ਹੁੰਦੀ ਜੇ ਇਕ ਹੋਰ ਡਾਂਗ ਇਸ ਨੂੰ ਰਾਹ ਵਿਚ ਹੀ ਨਾ ਰੋਕ ਲੈਂਦੀ। ਇਹ ਗੁਰਦੀਪ ਸੀ ਜੋ ਰੌਲਾ ਸੁਣ ਕੇ ਠੇਕਿਓਂ ਬਾਹਰ ਨਿਕਲ ਆਇਆ ਸੀ ਤੇ ਤੁਰੰਤ ਹੀ ਸਾਰੀ ਗੱਲ ਜਾਂਚ ਗਿਆ ਸੀ।
ਹੁਣ ਉਹ ਵੀ ਚਾਰ ਹੋ ਗਏ ਸਨ, ਜਿਹੜੇ ਭਾੜੇ ਦੇ ਟੱਟੂ ਨਹੀਂ ਸਨ, ਇੱਜ਼ਤ ਖਾਤਰ ਜੂਝ ਰਹੇ ਸਨ। ਨਾਲੇ ਹੁਣ ਲੋਕ ਵੀ ਉਹਨਾਂ ਦੇ ਨਾਲ ਹੋ ਗਏ ਸਨ, ਜੋ ਬਲਦੇਵ ਤੇ ਉਹਦੇ ਸਾਥੀਆਂ ਤੋਂ ਆਪਣੀ ਪਹਿਲੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਤੁਲੇ ਹੋਏ ਸਨ। ਖਾਰ-ਖਾਈ ਬੈਠੇ ਲੋਕਾਂ ਤੇ ਰੱਬ ਦੀ ਹਮਦਰਦੀ ਕਾਰਨ ਬਲਦੇਵ ਤੇ ਉਹਦੇ ਸਾਥੀ ਮੈਦਾਨ ਛੱਡ ਕੇ ਭੱਜ ਤੁਰੇ। ਏਧਰ ਜੋਗਿੰਦਰ ਸੱਟਾਂ ਕਾਰਨ ਬੌਂਦਲਿਆ ਡਿੱਗ ਪਿਆ। ਭੀੜ ਉਸ ਲਈ ਪ੍ਰੇਸ਼ਾਨ ਸੀ ਪਰ ਸਭ ਤੋਂ ਜ਼ਿਆਦਾ ਗੁਰਦੀਪ ਉਸ ਦੀਆਂ ਸੱਟਾਂ ਦਾ ਦੁੱਖ ਮਹਿਸੂਸ ਕਰ ਰਿਹਾ ਸੀ।
“ਜੋਗਿੰਦਰਾ...” ਉਸਨੇ ਉਹਦਾ ਸਿਰ ਬੁੱਕਲ 'ਚ ਲੈਂਦਿਆਂ, ਆਪਣੀ ਪੱਗ ਨਾਲ ਉਹਦੇ ਮੱਥੇ ਦਾ ਲਹੂ ਪੂੰਝਦਿਆਂ ਕਿਹਾ, “ਮ...ਮੈਂ...” ਤੇ ਇਸ ਤੋਂ ਅੱਗੇ ਉਹ ਨਾ ਬੋਲ ਸਕਿਆ।
ਜੋਗਿੰਦਰ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਬੇਸੁਧ ਹੋ ਜਾਣ ਕਾਰਨ ਉਸਦੀ ਗੋਦੀ ਵਿਚ ਢਹਿ ਪਿਆ।
ਕੁਝ ਦਿਨਾਂ ਮਗਰੋਂ ਗੁਰਦੀਪ ਜਗਿੰਦਰ ਦੇ ਘਰ ਬੈਠਾ, ਭਾਬੀ ਕਰਤਾਰ ਕੌਰ ਨੂੰ ਕਹਿ ਰਿਹਾ ਸੀ ਕਿ ਜੇ ਉਸ ਦੀ ਸਾਲੀ ਦਾ ਵਿਆਹ ਜੋਗਿੰਦਰ ਨਾਲ ਹੋ ਜਾਏ ਤਾਂ...
ਤੇ ਭਾਬੀ ਨੇ ਸੋਚਿਆ ਕਿ ਚੰਗਾ ਹੀ ਹੈ ਜੇ ਇਸ ਰਿਸ਼ਤਾ ਹੋ ਜਾਏ ਤਾਂ। ਤੇ ਉਹਨੇ ਹਾਂ ਕਹਿ ਦਿੱਤੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)