Baghi Di Dhee (Punjabi Story) : Giani Gurmukh Singh Musafir

ਬਾਗ਼ੀ ਦੀ ਧੀ (ਕਹਾਣੀ) : ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ


ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਤੇ ਦਿੱਤਾ, "ਲੌ, ਖਾਲਸਾ ਤਿਆਰ-ਬਰ-ਤਿਆਰ ਹੈ।" ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਨ ਲੁਕਾ ਸਕਿਆ।

"ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਵੇਗੀ। ਜੇਹਲ ਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ ਤੁਸੀਂ ਜਾਣੂ ਹੀ ਹੋ" ਪੁਲਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ-"ਮੇਰੇ ਲਈ ਇਕੋ ਗੱਲ ਹੈ, ਥਾਣਿਆਂ ਦੀਆਂ ਹਵਾਲਾਤਾਂ ਵਿਚ ਵੀ ਬਥੇਰੀਆਂ ਪਸਲੀਆਂ ਘਸਾਈਆਂ ਹਨ।"

"ਨਹੀਂ ਨਹੀਂ ਮੇਰਾ ਮਤਲਬ....." ਕਿਸ਼ਨ ਸਿੰਘ ਨੇ ਵਿਚੋਂ ਹੀ ਕਿਹਾ, "ਤੁਹਾਡਾ ਮਤਲਬ ਛੇਤੀ ਤੋਂ ਹੈ ਨਾ ? ਚੱਲੋ, ਮੇਰੇ ਵਲੋਂ ਕੋਈ ਢਿੱਲ ਨਹੀਂ।" ਜ਼ਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸਦਾ ਮਨ ਕਿਸੇ ਹੋਰ ਪਾਸੇ ਹੈ। ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਉਸ ਦੀ ਕੋਈ ਚੀਜ਼ ਗੁਆਚ ਗਈ ਹੈ। ਜੇਹਲ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਉਹ ਵਧੀਕ ਤਸੱਲੀ ਨਾਲ ਇਸ ਸਫ਼ਰ ਵਿਚ ਪੈ ਸਕਦਾ ਹੈ।

"ਸਰਨ" ਕਿਸ਼ਨ ਸਿੰਘ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂਵਾਲੀ ਨੇ ਅੰਦਰੋਂ ਕਿਹਾ:- "ਭਰਾ ਜੀ, ਭਰਜਾਈ ਤਾਂ ਮੀਟਿੰਗ ਵਿਚ ਗਈ ਹੋਈ ਹੈ।"

ਇੰਸਪੈਕਟਰ ਦੇ ਕੰਨ ਖੜ੍ਹੇ ਹੋ ਗਏ। ਕਿਸ਼ਨ ਸਿੰਘ ਨੇ ਕਿਹਾ, "ਵੀਰਾਂ, ਲਾਜ ਦੇ ਬਖ਼ਾਰ ਵਾਲਾ ਕਾਗਜ਼ ਚੁੱਕ ਲਿਆ।" ਵੀਰਾਂਵਾਲੀ ਨੇ ਕਾਗਜ਼ (ਚਾਰਟ) ਕਿਸ਼ਨ ਸਿੰਘ ਦੇ ਹੱਥ ਵਿਚ ਫੜਾਂਦਿਆਂ ਕਿਹਾ- "ਭਰਜਾਈ ਜਾਣ ਲੱਗੀ ਆਖਦੀ ਸੀ ਕਿ ਇਸ ਵੇਲੇ ੧੦੨ ਹੈ, ਜੇ ਵਧ ਜਾਏ ਤਾਂ ਬਰਫ਼ ਦੀ ਪੱਟੀ ਰੱਖਣੀ।" ਕਿਸ਼ਨ ਸਿੰਘ ਪਹਿਲੀ ਵੇਰ ਜੇਹਲ ਨਹੀਂ ਜਾਣ ਲੱਗਾ, ਇੰਸਪੈਕਟਰ ਇਸ ਦੀ ਦ੍ਰਿੜ੍ਹਤਾ ਤੋਂ ਵੀ ਅਨਜਾਣ ਨਹੀਂ। ਇੰਸਪੈਕਟਰ ਨੂੰ ਕਿਸ਼ਨ ਸਿੰਘ ਦੀ ਥੋਹੜੀ ਜਹੀ ਪਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਹੈ। ਮੀਟਿੰਗ ਦਾ ਲਫਜ਼ ਇੰਸਪੈਕਟਰ ਦੇ ਕੰਨਾਂ ਵਿਚ ਕੱਚ ਕੇ ਟੁਕੜੇ ਵਾਂਗ ਰੜਕਿਆ। ਸਾਈਕਲ ਤੇ ਲੱਤ ਧਰਦਿਆਂ ਹੀ ਉਸ ਨੇ ਨਾਲ ਦੇ ਸਿਪਾਹੀਆਂ ਨੂੰ ਅੱਖ ਨਾਲ ਕੁਝ ਸਮਝਾਇਆ ਅਤੇ ਨਾਲ ਕਿਹਾ:- "ਸਰਦਾਰ ਜੀ, ਬੇਸ਼ਕ ਆਰਾਮ ਨਾਲ ਤਿਆਰੀ ਕਰ ਲਵੋ, ਮੈਂ ਆਉਂਦਾ ਹਾਂ।"

ਇੰਸਪੈਕਟਰ ਸੜਕੋਂ ਪਾਰ ਸਾਹਮਣੇ ਕਾਰਖ਼ਾਨੇ ਦੇ ਵੱਡੇ ਦਰਵਾਜ਼ਿਉਂ ਅੰਦਰ ਵੜ ਗਿਆ। ਬੈਠੇ ਸਿਪਾਹੀਆਂ ਵਿਚੋਂ ਇਕ ਨੇ ਕਿਹਾ:- "ਇੰਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਹਨ।"

ਵੀਰਾਂ ਵਾਲੀ ਦੀਆਂ ਅੱਖਾਂ ਦੇ ਸੋਮੇਂ ਫੁਟਣ ਹੀ ਵਾਲੇ ਸਨ। ਕਿਸ਼ਨ ਸਿੰਘ ਦੀ ਕੁਝ ਘੂਰੀ-ਭਰੀ ਸੈਣਤ ਨੂੰ ਪਛਾਣ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਚੌਂਕੀ ਤੇ ਬੈਠ ਗਈ। ਕਿਸ਼ਨ ਸਿਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸੁਆਰਦਿਆਂ ਕਿਹਾ:- "ਪੁੱਤ੍ਰ ! ਹੁਣ ਤੂੰ ਤੇ ਤੂੰ ਠੀਕ ਹੈਂ, ਅੱਜ ਤੇ ਬੁਖ਼ਾਰ ਘੱਟ ਹੈ, ਕਲ ਖਬਰੇ ਟੁੱਟ ਹੀ ਜਾਵੇ। ਜੇ ਤੈਨੂੰ ਬੁਖਾਰ ਨ ਹੁੰਦਾ ਤਾਂ ਮੈਂ ਹੁਣ ਤੱਕ ਜੇਹਲ ਚਲੇ ਜਾਣਾ ਸੀ । ਸਾਥੀ ਤੇ ਸਾਰੇ ਚਲੇ ਹੀ ਗਏ ਹਨ।"

ਲਾਡਲੀ ਲਾਜ ਨੇ ਮੱਧਮ ਜੇਹੀ ਆਵਾਜ਼ ਵਿਚ ਕਿਹਾ:- "ਮੈਂ ਤਾਂ ਫਿਰ ਮਾੜੀ ਕੁੜੀ ਹੋਈ, ਜਿਸ ਨੇ ਤੁਹਾਡੇ ਚੰਗੇ ਕੰਮ ਵਿਚ ਰੋਕ ਪਾਈ ਹੈ।"

"ਨਹੀਂ ਮੇਰੀ ਲਾਜ ਬੇਟੀ, ਤੇਰਾ ਇਸ ਵਿਚ ਕੀ ਕਸੂਰ ਹੈ, ਬੁਖ਼ਾਰ ਕੋਈ ਤੇਰੇ ਵੱਸ ਦੀ ਗੱਲ ਤਾਂ ਨਹੀਂ ਨਾ, ਤੈਨੂੰ ਇਸ ਤਰ੍ਹਾਂ ਛੱਡਕੇ ਜਾਣ ਦਾ ਤੇ ਮੇਰਾ ਪਹਿਲਾਂ ਹਠ ਹੀ ਨਹੀਂ ਪਿਆ। ਜਿਸ ਦਿਨ ਬੰਬਈ ਸਾਡੇ ਆਗੂ ਫੜੇ ਗਏ ਸਨ, ਉਸ ਦਿਨ ਮੈਂ ਉਨ੍ਹਾਂ ਨੂੰ ਵਧਾਈ ਦੇਣ ਵਾਲੇ ਮਤੇ ਤੇ ਪੰਜ ਮਿੰਟ ਬੋਲਿਆ ਸਾਂ, ਫਿਰ ਮੈਂ ਤੇਰੇ ਦਵਾਈ ਦਾਰੂ ਵਿਚ ਹੀ ਲਗਾ ਰਿਹਾ। ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ। ਉਂਜ ਵੀ ਪਹਿਲਾਂ ਲੀਡਰਾਂ ਨੂੰ ਹੀ ਫੜਨਗੇ, ਅਸਾਂ ਸੇਵਾਦਾਰਾਂ ਦੀ ਵਾਰੀ ਪਿਛੋਂ ਹੀ ਆਉਣੀ ਹੈ, ਪਰ ਸਾਨੂੰ ਉਜ਼ਰ ਵੀ ਕੀ ਹੈ ? ਭਾਵੇਂ ਹੁਣੇ ਫੜ ਲੈਣ।" ਕਿਸ਼ਨ ਸਿੰਘ ਦੇ ਮੂੰਹੋਂ ਇਹ ਅਖੀਰਲਾ ਫ਼ਿਕਰਾ ਅਜੇ ਨਿਕਲਿਆ ਹੀ ਸੀ ਕਿ ਲਾਜ ਨੇ ਨਾਲ ਹੀ ਆਖ ਦਿੱਤਾ:- "ਬੇਸ਼ਕ ਫੜ ਲੈਣ।"

ਕਿਸ਼ਨ ਸਿੰਘ ਆਪਣੀ ਇਕਲੌਤੀ ਲਾਡਲੀ ਨਾਲ ਜਿਉਂ-ਜਿਉਂ ਗੱਲਾਂ ਕਰਦਾ ਗਿਆ, ਉਸਦਾ ਮਨ ਹੌਲਾ ਹੁੰਦਾ ਗਿਆ । ਹੁਣ ਉਹ ਬੇਸਬਰੀ ਨਾਲ ਆਪਣੀ ਘਰਵਾਲੀ ਸਰਨ ਕੌਰ ਨੂੰ ਉਡੀਕ ਰਿਹਾ ਹੈ । ਬਰਾਂਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇੰਸਪੈਕਟਰ ਵੀ ਅਜੇ ਨਹੀਂ ਪਰਤਿਆ ।

ਪਾਸ ਬੈਠੀ ਵੀਰਾਂ ਵਾਲੀ ਪਹਿਲਾਂ ਤਾਂ ਗਲੇਡੂ ਭਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ ਪਰ ਹੁਣ ਉਸ ਨੂੰ ਵੀ ਕੁਝ ਹੌਸਲਾ ਜਿਹਾ ਹੋ ਗਿਆ। ਉਸ ਨੇ ਕਿਹਾ:- "ਲਾਜ, ਜੇ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ ? ਤੂੰ ਉਦਾਸ ਨਾ ਹੋ ਜਾਵੇਂਗੀ ?"

"ਭੂਆ ਜੀ, ਦਵਾਈ ਦਾਰੂ ਲਈ ਤੁਸੀਂ ਜੁ ਮੇਰੇ ਪਾਸ ਹੋ, ਮਾਤਾ ਜੀ ਜੁ ਹਨ, ਬਾਕੀ ਰਹੀ ਉਦਾਸੀ ਦੀ ਗੱਲ, ਮੈਂ ਤਾਂ ਰਾਜ਼ੀ ਹੋ ਕੇ ਆਪ ਵੀ ਇਸ ਵੇਰਾਂ ਪਿਤਾ ਜੀ ਪਾਸ ਜੇਹਲ ਵਿਚ ਚਲੀ ਜਾਵਾਂਗੀ।" ਲਾਜ ਦੀ ਗਲ ਸੁਣ ਕੇ ਵੀਰਾਂ ਵਾਲੀ ਦਾ ਬੇ-ਇਖਤਿਆਰ ਹਾਸਾ ਨਿਕਲ ਗਿਆ।

ਲਾਜ ਨੇ ਕਿਹਾ:- "ਨਹੀਂ ਭੂਆ ਜੀ ਹਾਸੇ ਦੀ ਗੱਲ ਨਹੀਂ। ਆਪਣੇ ਮੁਲਕ ਵਾਸਤੇ ਜੇਹਲ ਵਿਚ ਜਾਣਾ ਕੋਈ ਮਾੜੀ ਗੱਲ ਤੇ ਨਹੀਂ। ਮੈਂ ਇਸ ਵੇਰਾਂ ਜ਼ਰੂਰ ਜਾਣਾ ਹੈ।"

"ਲਾਜ! ਤੂੰ ਤੇ ਅਜੇ ਬਾਰਾਂ ਸਾਲਾਂ ਦੀ ਵੀ ਨਹੀਂ ਹੋਈ।" ਭੂਆ ਦੀ ਗੱਲ ਸੁਣ ਕੇ ਲਾਜ ਨੇ ਕਿਹਾ:- "ਪਿਤਾ ਜੀ, ਸੁਣੋ ਭੂਆ ਜੀ ਦੀ ਗੱਲ, ਮਲੂਮ ਹੁੰਦਾ ਹੈ, ਕਿ ਭੂਆ ਜੀ ਕਦੇ ਗੁਰਦਵਾਰੇ ਨਹੀਂ ਗਏ, ਇਨ੍ਹਾਂ ਨੇ ਕਦੇ ਕਥਾ ਨਹੀਂ ਸੁਣੀ । ਪਿਤਾ ਜੀ, ਭੂਆ ਜੀ ਨੂੰ ਦੱਸਣਾ, ਸਾਹਿਬ-ਜ਼ਾਦਿਆਂ ਦੀ ਉਮਰ ਕਿਤਨੀ ਸੀ, ਉਹ ਤੇ ਇਸ ਉਮਰ ਵਿਚ ਸ਼ਹੀਦ ਵੀ ਹੋ ਗਏ ਸਨ, ਮੈਂ ਜੇਹਲ ਨਹੀਂ ਜਾ ਸਕਦੀ ?" ਵੀਰਾਂ ਵਾਲੀ ਦੀ ਤਾਂ ਗੱਲ ਹੀ ਕੀ, ਹੁਣ ਤਾਂ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇ-ਕਾਬੂ ਹੋ ਗਈਆਂ, ਇਹ ਤਸੱਲੀ ਭਰੀ ਖ਼ੁਸ਼ੀ ਦੇ ਅੱਥਰੂ ਸਨ।

ਕਿਸ਼ਨ ਸਿੰਘ ਨੇ ਲਾਜ ਦੇ ਸਰਹਾਣਿਉਂ ਚਾਬੀਆਂ ਚੁੱਕੀਆ, ਸਾਮਾਨ ਵਾਲੇ ਕਮਰੇ ਵਿਚ ਹੀ ਉਸ ਨੇ ਕੱਪੜੇ ਬਦਲੇ, ਤੇ ਮੁੜ ਲਾਜ ਪਾਸ ਆ ਗਿਆ। ਲਾਜ ਦੇ ਇਸ ਸਵਾਲ ਨੇ ਕਿ "ਪਿਤਾ ਜੀ, ਇਸ ਵੇਲੇ ਕਿਉਂ ਕੱਪੜੇ ਬਦਲੇ ਨੇ ? ਕਿਧਰੇ ਚਲੋ ਹੋ ?" ਕਿਸ਼ਨ ਸਿੰਘ ਦਾ ਬਹੁਤ ਸਾਰਾ ਕੰਮ ਸੌਖਾ ਕਰ ਦਿੱਤਾ । ਕਿਸ਼ਨ ਸਿੰਘ ਨੂੰ ਹੁਣ ਇਹੋ ਸੋਚ ਸੀ ਕਿ ਆਪਣੇ ਹੁਣੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਬੀਮਾਰ ਲਾਜ ਨੂੰ ਕੇਹੜਿਆਂ ਲਫਜ਼ਾਂ ਵਿਚ ਦੱਸੇ। ਵੀਰਾਂ ਵਾਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿਤਾ। ਕਿਸ਼ਨ ਸਿੰਘ ਨੇ 'ਸ਼ਬਦਾਰਥ' ਦੀਆਂ ਪੋਥੀਆਂ ਤੇ ਨਿਤ ਨੇਮ ਦਾ ਗੁਟਕਾ ਲਾਜ ਦੇ ਕਮਰੇ ਵਿਚ ਹੀ ਅਲਮਾਰੀ 'ਚੋਂ ਕੱਢ ਕੇ ਆਪਣੇ ਨਿਕੇ ਜਿਹੇ ਬਕਸੇ ਵਿਚ ਪਾਇਆ । ਬਰਾਂਡੇ ਵਿਚ ਬੂਟਾਂ ਦਾ ਖੜਕਾਰ ਹੋਇਆ। ਕਿਸ਼ਨ ਸਿੰਘ ਨੇ ਤਾਪ ਨਾਲ ਭਖ ਰਹੇ ਲਾਜ ਦੇ ਮੱਥੇ ਨੂੰ ਚੁੰਮਿਆ, "ਮੇਰੀ ਲਾਜ" ਦਾ ਭਾਵਪੂਰਤ ਸ਼ਬਦ ਉਸ ਦੇ ਮੂੰਹ 'ਚੋਂ ਨਿਕਲਿਆ। ਉਸ ਦੀਆਂ ਅੱਖਾਂ ਵਿਚ ਜੰਮੇ ਹੋਏ ਮੋਤੀ ਇਕ ਵੇਰ ਫਿਰ ਪਿਘਲ ਪਏ। ਅੰਜਾਣੀ ਲਾਜ ਨੇ ਬੜੀ ਸਿਆਣਪ-ਭਰੀ ਆਵਾਜ਼ ਵਿਚ ਕਿਹਾ, "ਪਿਤਾ ਜੀ ਮੇਰਾ ਫਿਕਰ ਨਾ ਕਰੋ।" ਘਰ ਦੇ ਗਲੀ ਵਾਲੇ ਦਰਵਾਜ਼ਿਉਂ ਇਕ ਨੌਜਵਾਨ ਅੰਦਰ ਵੜਿਆ, ਤੇ ਪੁਲਿਸ ਦੀ ਅੱਖ ਬਚਾ ਕੇ ਉਸਨੇ ਕਿਸ਼ਨ ਸਿੰਘ ਦੇ ਕੰਨ ਵਿਚ ਕੋਈ ਗੱਲ ਕੀਤੀ। ਨੌਜਵਾਨ ਵਾਪਸ ਚਲਾ ਗਿਆ। ਕਿਸ਼ਨ ਸਿੰਘ ਦੇ ਚੇਹਰੇ ਤੇ ਫਿਰ ਡੂੰਘੀ ਗੰਭੀਰਤਾ ਆ ਗਈ। ਇਸੇ ਹਾਲਤ ਵਿਚ ਲਾਜ ਸਬੰਧੀ ਵੀਰਾਂ ਵਾਲੀ ਨੂੰ ਕੁਝ ਗੱਲਾਂ ਸਮਝਾ ਕੇ ਉਹ ਪੁਲਿਸ ਨਾਲ ਟਾਂਗੇ ਵਿਚ ਬੈਠ ਗਿਆ।

(੨)
ਸ਼ਹਿਰ ਦੀ ਕੁਤਵਾਲੀ ਵਿਚ ਟੈਲੀਫੋਨ ਦੀ ਘੰਟੀ ਖੜਕਨ ਦੇ ਨਾਲ ਹੀ ਗਾਰਦ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰ ਤੁਰਨ ਦਾ ਆਰਡਰ ਇਕ ਘੰਟੇ ਦੀ ਉਡੀਕ ਪਿਛੋਂ ਮਿਲਿਆ। ਛੋਟੇ ਬਜ਼ਾਰ ਦੇ ਨਾਲ ਲਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਦੇ ਘੇਰਾ ਪਾਣ ਦੀ ਢਿੱਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੇ ਗਲੀ ਵੱਲ ਖੁਲ੍ਹਣ ਵਾਲੇ ਦਰਵਾਜ਼ੇ ਵਿਚੋਂ ਇਕ ਖੱਦਰ-ਪੋਸ਼ ਬੀਬੀ ਦੌੜ ਕੇ ਬਾਹਰ ਨਿਕਲੀ। ਇਸ ਦੇ ਹੱਥ ਵਿਚ ਇਕ ਕੌਮੀ ਝੰਡਾ ਅਤੇ ਗਾਤਰੇ ਕ੍ਰਿਪਾਨ ਹੈ। ਤੁਰਤ ਹੀ ਇਸ ਦੇ ਪਿਛੇ ਪਿਛੇ ਕੌਮੀ ਨਾਅਰੇ ਲਾਂਦੀਆਂ ਖੱਦਰ ਦੀਆਂ ਸਾੜ੍ਹੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ । ਗਲੀ ਵਾਲੇ ਦਰਵਾਜ਼ੇ ਅੱਗੇ ਖੜ੍ਹਾ ਸਿਪਾਹੀ ਵੇਖਦਾ ਹੀ ਰਹਿ ਗਿਆ ਤੇ ਇਹ ਬੀਬੀਆਂ ਬਜ਼ਾਰ ਵਿਚ ਪੁਜ ਗਈਆਂ। "ਭਾਰਤ ਮਾਤਾ ਦੀ ਜੈ" ਦੇ ਨਾਹਰਿਆਂ ਨਾਲ ਅਸਮਾਨ ਗੂੰਜਣ ਲਗਾ। ਥੋੜ੍ਹੇ ਚਿਰ ਵਿਚ ਹੀ ਇਤਨੀ ਭੀੜ ਹੋ ਗਈ ਕਿ ਛੋਟੇ ਬਜ਼ਾਰ ਦਾ ਰਸਤਾ ਹੀ ਬੰਦ ਹੋ ਗਿਆ। ਕੌਮੀ ਝੰਡੇ ਵਾਲੀ ਬੀਬੀ ਨੇ ਝੰਡਾ ਉੱਚਾ ਕਰਕੇ ਕਿਹਾ, "ਕੌਮੀ ਝੰਡਾ" ਜੁਆਬ ਵਿਚ ਲੋਕਾਂ ਨੇ ਕਿਹਾ "ਸਦਾ ਉੱਚਾ ਰਹੇ"। ਇਕ ਪੁਲਸੀਏ ਨੇ ਅੱਗੇ ਵੱਧ ਕੇ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ। ਝੰਡੇ ਵਾਲੀ ਬੀਬੀ ਅੱਗੇ ਵਧਦੀ ਜਾ ਰਹੀ ਸੀ। ਪੁਲਿਸ ਵਾਲੇ ਦਾ ਹੱਥ ਗਾਤਰੇ ਦੀ ਕ੍ਰਿਪਾਨ ਤੇ ਜਾ ਪਿਆ, ਤੇ ਖਿੱਚਾ ਖਿੱਚੀ ਵਿਚ ਮਿਆਨ ਉਤਰ ਗਈ ਤੇ ਪੁਲਸੀਏ ਦੇ ਹੱਥ ਨੂੰ ਝਰੀਟ ਆ ਗਈ । ਥੋੜ੍ਹਾ ਜਿਹਾ ਖੂਨ ਵੀ ਨਿਕਲ ਆਇਆ। ਪੁਲਿਸ ਨੇ ਘਬਰਾ ਕੇ ਲਾਠੀਚਾਰਜ ਸ਼ੁਰੂ ਕਰ ਦਿਤਾ। ਬਹੁਤ ਸਾਰੀ ਭੀੜ ਖਿੰਡ ਪੁੰਡ ਗਈ, ਤੇ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਹਾਂ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਤੇ ਇਕ ਦੁਕਾਨ ਦੇ ਸਾਮ੍ਹਣੇ ਫੱਟੇ ਤੇ ਧਰਨਾ ਮਾਰ ਕੇ ਬਹਿ ਗਈ। ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ। ਬਹੁਤ ਸਾਰੀ ਭੀੜ ਦੇ ਖਿੰਡ ਪੁੰਡ ਜਾਣ ਪੁਰ ਪੁਲਿਸ ਗਾਰਦ ਦੇ ਇਨਚਾਰਜ ਨੇ ਪਹਿਲਾਂ ਬੜੇ ਰੋਹਬ ਨਾਲ, ਫਿਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਬੀਬੀ ਦੇ ਡੂੰਘੇ ਵਿਸ਼ਵਾਸ ਸਾਹਮਣੇ ਕੋਈ ਪੇਸ਼ ਨਾ ਗਈ । ਬੀਬੀ ਨੇ ਕਿਹਾ:-"ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ।" ਅਖੀਰ ਤੇ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫ਼ਤਾਰ ਕਰ ਕੇ ਟਾਂਗਿਆਂ ਵਿਚ ਬਿਠਾ ਲਿਆ ਗਿਆ। ਜੇਹਲ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛਿੜ ਗਿਆ। ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਹਲ ਦੀ ਬੈਰਕ ਤੇ ਕੌਮੀ ਝੰਡਾ ਲਾਣ ਲਈ ਅੰਦਰ ਲੈ ਜਾਵਾਂਗੀਆਂ । ਇਹ ਝਗੜਾ ਹੋ ਹੀ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਹਲ ਦੇ ਦਰਵਾਜ਼ੇ ਅੱਗੇ ਪੁਜ ਗਈ। ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿਚ ਫੜੀ ਬੈਠੀ ਆਪਣੀ ਸੁਪਤਨੀ ਸਰਨ ਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਇਉਂ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਚੁਕਾ ਹੈ । ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ, "ਤੁਸੀਂ ਝੰਡੇ ਸਬੰਧੀ ਆਪਣਾ ਕਾਫ਼ੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ, ਖੁੱਲ੍ਹ ਦੀ ਹਾਲਤ ਵਿਚ ਤੁਸਾਂ ਇਸ ਦੀ ਬੇ-ਅਦਬੀ ਨਹੀਂ ਹੋਣ ਦਿੱਤੀ, ਹੁਣ ਤੁਸੀਂ ਕੈਦ ਹੋ, ਜੇ ਇਕ ਵੇਰ ਤੁਸੀਂ ਬੈਰਕ ਤੇ ਝੰਡਾ ਲਾ ਵੀ ਲਿਆ ਤਾਂ ਜੇਹਲ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰਕੇ ਝੰਡਾ ਫਾੜ ਦੇਣਗੇ, ਇਸ ਲਈ ਇਸ ਦਾ ਲਾਭ ਨਹੀਂ।" ਅਖ਼ੀਰ ਫ਼ੈਸਲਾ ਹੋਇਆ ਕਿ ਝੰਡਾ ਅਦਬ ਨਾਲ ਕਾਂਗਰਸ ਦੇ ਦਫ਼ਤਰ ਵਿਚ ਪਹੁੰਚਾ ਦਿੱਤਾ ਜਾਵੇ। ਜੇਹਲ ਦੇ ਅੰਦਰ ਦਾਖ਼ਲ ਹੋ ਕੇ ਸਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁਛਿਆ, ਪਰ ਕੋਈ ਜੁਆਬ ਸੁਣਨ ਤੋਂ ਪਹਿਲਾਂ ਹੀ ਜ਼ਨਾਨਾ ਵਾਰਡ ਦਾ ਬੂਹਾ ਖੁਲ੍ਹ ਕੇ ਬੰਦ ਹੋ ਗਿਆ ।

(੩)
ਵੱਡਾ ਤਾਪ ਤੇ ਮਾਤਾ ਪਿਤਾ ਦਾ ਫੜਿਆ ਜਾਣਾ-ਸਾਰੇ ਦੁਖਾਂ ਤੇ ਦੇਸ਼-ਸੇਵਾ ਲਈ ਜੇਹਲ ਜਾਣ ਦੀ ਜ਼ਬਰਦਸਤ ਇੱਛਾ ਪ੍ਰਬਲ ਹੋ ਆਈ । ਲਾਜ ਦਿਨਾਂ ਵਿਚ ਹੀ ਤੁਰਨ ਫਿਰਨ ਲਗ ਪਈ। ਭੂਆ ਨੇ ਲਾਜ ਦੀ ਸੇਵਾ ਵਿਚ ਕਸਰ ਨਾ ਰੱਖੀ, ਲਾਜ ਨੂੰ ਚੁਕਵਾ ਕੇ ਉਹ ਘਰ ਹੀ ਲੈ ਗਈ ਸੀ। ਵੀਰਾਂ ਵਾਲੀ ਦੇ ਘਰ ਵਾਲੇ ਜਮਾਂਦਾਰ ਹੁਸ਼ਨਾਕ ਸਿੰਘ ਨੂੰ ਆਪਣੇ ਸਾਲੇ ਅਤੇ ਸਾਲੇਹਾਰ ਦੇ ਫੜੇ ਜਾਣ ਦੀ ਖ਼ਬਰ ਗੱਡੀ ਵਿਚ ਹੀ ਕਿਸੇ ਵਾਕਫ਼ ਤੋਂ ਮਿਲੀ, ਜਦ ਕਿ ਉਹ ਘਰ ਛੁੱਟੀ ਆ ਰਿਹਾ ਸੀ। ਛਾਉਣੀ ਵਿਚ ਕੋਈ ਅਖ਼ਬਾਰ ਨਹੀਂ ਸੀ ਜਾਂਦਾ । ਹੁਸ਼ਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿਚ ਖੜ੍ਹੀ ਸੀ। ਉਸ ਨੇ ਪਹਿਲਾਂ ਫੁੱਫੜ ਦੇ ਆਉਣ ਦੀ ਖ਼ਬਰ ਦੌੜ ਕੇ ਭੂਆ ਨੂੰ ਦੱਸੀ, ਫਿਰ ਪਰਤ ਕੇ ਟਾਂਗੇ ਵਿਚੋਂ ਉਤਰ ਰਹੇ ਫੁੱਫੜ ਦੇ ਗਲ ਆਣ ਲੱਗੀ। ਵੀਰਾਂ ਵਾਲੀ ਨੇ ਪਹਿਲਾਂ ਦਰਵਾਜ਼ੇ ਅਗੇ ਆਣ ਕੇ ਆਪਣੇ ਪਤੀ ਨੂੰ ਸਤਿ ਸ੍ਰੀ ਅਕਾਲ ਆਖੀ, ਫਿਰ ਝਟ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸੁਆਰੇ, ਦੁਪੱਟਾ ਬਦਲਿਆ ਅਤੇ ਮੁੜ ਚਾਈਂ-ਚਾਈਂ ਬਾਹਰ ਆਣ ਕੇ ਸਾਮਾਨ ਸੰਭਾਲਣ ਦੇ ਆਹਰ ਵਿਚ ਲਗ ਗਈ। ਲਾਜ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸੰਭਾਲਣ ਵਿਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ । ਗੁਆਂਢ ਤੋਂ ਸੱਜਣ ਮਿੱਤਰ ਹੁਸ਼ਨਾਕ ਸਿੰਘ ਨੂੰ ਪੁੱਛਣ ਭਾਲਣ ਆ ਗਏ। ਵੀਰਾਂ ਵਾਲੀ ਨੇ ਚੁੱਲ੍ਹੇ ਤੇ ਚਾਹ ਰਖ ਦਿੱਤੀ। ਗੁਆਂਢੀਆਂ ਦੇ ਚਲੇ ਜਾਣ ਪੁਰ ਚਾਹ ਪਿਲਾਣ ਲਗਿਆਂ ਹੀ ਵੀਰਾਂ ਵਾਲੀ ਨੂੰ ਵੀ ਆਪਣੇ ਪਤੀ ਪਾਸੋਂ ਸੁੱਖ-ਸਾਂਦ ਪੁੱਛਣ ਦਾ ਮੌਕਾ ਮਿਲਿਆ । ਉਸ ਨੇ ਚਾਹ ਵਿਚ ਮਿਠਾ ਰਲਾਂਦਿਆਂ ਪੁਛਿਆ: "ਜੀ ਵਲ ਰਾਜ਼ੀ ਬਾਜ਼ੀ ਰਹੇ ਹੋ ?"

"ਅੱਗੇ ਤਾਂ ਵੱਲ ਹੀ ਰਹੇ ਹਾਂ ਪਰ ਮਾਲੂਮ ਹੁੰਦਾ ਹੈ ਤੂੰ ਵੱਲ ਰਹਿਣ ਨਹੀਂ ਦੇਣਾ।" ਵੀਰਾਂ ਵਾਲੀ ਦੇ ਕੰਨਾਂ ਨੂੰ ਐਸੇ ਹੀ ਉਤਰ ਦੀ ਆਸ ਸੀ। ਉਹ ਆਪਣੇ ਪਤੀ ਦੇ ਚੇਹਰੇ ਤੋਂ ਉਸ ਦੇ ਮਨ ਦੀ ਅਵਸਥਾ ਨੂੰ ਤਾਂ ਪੜ੍ਹ ਚੁਕੀ ਸੀ, ਪਰ ਨਰਾਜ਼ਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ । ਵੀਰਾਂ ਵਾਲੀ ਨੇ ਗੱਲ ਨੂੰ ਇਥੇ ਹੀ ਠੱਪ ਦਿੱਤਾ। ਹੁਸ਼ਨਾਕ ਸਿੰਘ ਨੇ ਨਾਂਹ-ਨੁਕਰ ਕਰਦਿਆਂ ਚਾਹ ਦੀ ਪਿਆਲੀ ਪੀ ਲਈ । ਰਾਤ ਦੀ ਰੋਟੀ ਤੱਕ ਵੀਰਾਂਵਾਲੀ ਨੇ ਕੋਈ ਗੱਲ ਛਿੜਨ ਦਾ ਮੌਕਾ ਨਾ ਦਿਤਾ । ਹੁਸ਼ਨਾਕ ਸਿੰਘ ਨੇ ਭਰਿਆਂ ਪੀਤਿਆਂ ਹੀ ਦੋ ਰੋਟੀਆਂ ਸੰਘੋਂ ਹੇਠਾਂ ਉਤਾਰੀਆਂ। ਵੀਰਾਂ ਵਾਲੀ ਨੇ ਤਾਂ ਖਾਣਾ ਹੀ ਕੀ ਸੀ । ਸੌਣ ਦੇ ਕੱਪੜੇ ਬਦਲ ਕੇ ਹੁਸ਼ਨਾਕ ਸਿੰਘ ਲੰਮਾ ਪੈ ਗਿਆ। ਵੀਰਾਂ ਵਾਲੀ ਲਾਜ ਨੂੰ ਰੋਟੀ ਖੁਆ ਕੇ ਭਾਂਡਾ ਟਿੰਡਰ ਸਾਂਭਣ ਪਿਛੋਂ ਲੱਤਾਂ ਦਬਾਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਤੇ ਆਣ ਬੈਠੀ । ਦਸ ਪੰਦਰਾਂ ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ । ਹੁਸ਼ਨਾਕ ਸਿੰਘ ਨੇ ਪਾਸਾ ਪਰਤਦਿਆਂ ਇਉਂ ਉਬਾਸੀ ਲਈ ਜਿਵੇਂ ਉਹ ਪਹਿਲਾਂ ਸੌਂ ਗਿਆ ਸੀ ਤੇ ਹੁਣ ਹੀ ਉਸ ਨੂੰ ਵੀਰਾਂਵਾਲੀ ਦੇ ਪਾਸੇ ਬੈਠੇ ਹੋਣ ਦਾ ਪਤਾ ਲੱਗਾ ਹੈ । ਵੀਰਾਂ ਵਾਲੀ ਨੇ ਕਿਹਾ: "ਜੀ ਇਧਰ ਮੂੰਹ ਤੇ ਕਰੋ, ਤੁਹਾਨੂੰ ਤੇ ਜੱਗ ਰੱਖਣਾ ਵੀ ਨਹੀਂ ਆਉਂਦਾ, ਉਡੀਕ ਉਡੀਕ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਹਨ ਤੇ ਇਹ ਸਿਧੇ ਮੂੰਹ ਗੱਲ ਵੀ ਨਹੀਂ ਕਰਦੇ, ਛੁੱਟੀ ਕਿਤਨੀ ਮਿਲੀ ਜੇ ?" ਹੁਸ਼ਨਾਕ ਸਿੰਘ ਨੇ ਫਿਰ ਪਾਸਾ ਪਰਤਿਆ ਤੇ ਅੱਖਾਂ ਪੁਰ ਹੱਥ ਰਖ ਕੇ ਆਖਣ ਲੱਗਾ, "ਤੂੰ ਹੁਣ ਲੰਮੀ ਹੀ ਛੁੱਟੀ ਸਮਝ, ਸੁਖ ਤੈਨੂੰ ਪਚਦਾ ਨਹੀਂ, ਹੁਣ ਹੀ ਤਰੱਕੀ ਦੇ ਦਿਨ ਸਨ, ਪਰ ਤੂੰ ਮੈਨੂੰ ਕੁਝ ਬਣਨ ਨਹੀਂ ਦੇਣਾ।"

"ਜੀ ਗੱਲ ਤੇ ਦਸੋ ?"

"ਗਲ ਕੀ ਦਸਾਂ। ਤੈਨੂੰ ਪਤਾ ਨਹੀਂ ਅਜ ਕਲ ਲੜਾਈ ਦੇ ਦਿਨ ਹਨ, ਕਿਸੇ ਫ਼ੌਜੀ ਦੇ ਬਾਗ਼ੀਆਂ ਨਾਲ ਮੇਲ ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ । ਅੱਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲਗਣ ਦੇਣਾ ਚਾਹੀਦਾ ਕਿ ਕੋਈ ਬਾਗ਼ੀ ਸਾਡੇ ਸਬੰਧੀ ਹਨ। ਜੇ ਪਤਾ ਲੱਗ ਵੀ ਜਾਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਆਖੇ ਤੋਂ ਬਾਹਰ ਹਨ, ਪਰ ਤੂੰ ਇਹ ਬਲਾ ਕਿਉਂ ਜਾਣ ਬੁਝ ਕੇ ਆਪਣੇ ਗਲ ਪਾ ਲਈ । ਬਾਗ਼ੀ ਦੀ ਧੀ ਨੂੰ ਰੱਖਣਾ ਤੂੰ ਨਹੀਂ ਜਾਣਦੀ ਕਿਤਨਾ ਜੁਰਮ ਹੈ ?"

ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਂ ਵਾਲੀ ਨੂੰ ਕੰਬਣੀ ਜੇਹੀ ਆ ਗਈ। ਉਸ ਨੂੰ ਇਹ ਖ਼ਿਆਲ ਨਹੀਂ ਸੀ ਕਿ ਲਾਜ ਨੂੰ ਐਸੇ ਹਾਲਾਤ ਵਿਚ ਇਥੇ ਲਿਆਉਣਾ ਪਤੀ ਲਈ ਇਤਨਾ ਜ਼ਿਆਦਾ ਦੁਖਦਾਈ ਹੋ ਸਕਦਾ ਹੈ । ਉਸ ਦੀ ਜਾਨ ਪਸੀਨਾ ਪਸੀਨਾ ਹੋ ਗਈ ।ਹੁਸ਼ਨਾਕ ਸਿੰਘ ਨੇ ਫਿਰ ਦੰਦ ਕਰੀਚ ਕੇ ਕਿਹਾ, "ਤੂੰ ਇਸ ਕੁੜੀ ਨੂੰ ਕਿਉਂ ਮੇਰੇ ਘਰ ਲਿਆਂਦਾ ?"

ਵੀਰਾਂ ਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਦੇਵੀ ਪਾਸੋਂ ਕਿਸੇ ਮਨ-ਭਾਉਣੇ ਵਰ ਦਾ ਤਰਲਾ ਲੈ ਰਹੀ ਹੈ, ਪਰ ਤੁਰਤ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵ ਤਾਂ ਪੱਥਰ ਦੀ ਮੂਰਤ ਹਨ । ਉਸ ਦੇ ਮਨ ਵਿਚ ਪਤੀ ਜੀ ਦੇ ਛੁਟੀ ਆਉਣ ਦੀਆਂ ਕਿੰਨੀਆਂ ਉਮੰਗਾਂ ਸਨ, ਉਸ ਦੇ ਸਾਰੇ ਵਲਵਲੇ ਤੇ ਚਾਉ ਖਿੰਡ ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰਛਾਵੇਂ ਜਿਹੇ ਬਣ ਕੇ ਖਿਲਰ ਗਏ । ਪੁਆਂਦੀ ਪਿਆਂ ਹੀ ਉਸ ਨੇ ਰਾਤ ਕਟ ਲਈ। ਹੰਝੂਆਂ ਦੇ ਕੀਮਤੀ ਮੋਤੀਆਂ ਦੀ ਭੇਟਾ ਪਰ ਪੱਥਰ ਦੀ ਮੂਰਤੀ ਵਿਚ ਕੋਈ ਅਨੁਭਵਤਾ ਹੀ ਨਹੀਂ। ਪਤੀ ਦੇ ਹਠ ਨੇ ਵੀਰਾਂ ਵਾਲੀ ਨੂੰ ਵੀ ਆਪਣੇ ਅਪਰਾਧੀ ਹੋਣ ਦਾ ਸ਼ਕ ਜਿਹਾ ਪਾ ਦਿੱਤਾ ।

ਘਬਰਾਇਆ ਹੋਇਆ ਆਦਮੀ ਆਪਣੀ ਘਬਰਾਹਟ ਦੇ ਕਾਰਨ ਨੂੰ ਲੁਕਾਣ ਦੇ ਜੋ ਸਾਧਨ ਵਰਤਦਾ ਹੈ, ਉਹ ਉਸ ਦੀ ਘਬਰਾਹਟ ਨੂੰ ਵਧੀਕ ਪ੍ਰਗਟਾਂਦੇ ਹਨ। ਸੱਜਣਾਂ ਮਿੱਤਰਾਂ ਤਕ ਗਲ ਪੁਜ ਗਈ। ਸਿਆਣਿਆਂ ਦੀਆਂ ਦਲੀਲਾਂ ਤੇ ਮਸਾਲਾਂ ਹੁਸ਼ਨਾਕ ਸਿੰਘ ਨੂੰ ਕਾਇਲ ਨਾ ਕਰਵਾ ਸਕੀਆਂ ਕਿ ਤੇਰੇ ਸਾਲੇ ਅਤੇ ਸਾਲੇਹਾਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਤੇ ਨਹੀਂ ਆਉਂਦੀ । ਲਾਜ ਨੂੰ ਆਪਣੇ ਪਾਸ ਰਖਣਾ ਉਹ ਆਪਣੀਆਂ ਸਭ ਆਸਾਂ ਦੇ ਖ਼ਾਤਮੇ ਦਾ ਪ੍ਰਵਾਨਾ ਸਮਝਦਾ ਸੀ। ਵਧੀਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸ ਨੇ ਇਸ ਜੰਗ ਵਿਚ ਹੀ ਬਣਨਾ ਹੈ। ਲਾਜ ਦੇ ਕੰਨਾਂ ਵਿਚ ਵੀ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ । ਛੁਟੀ ਪੂਰੀ ਹੋ ਗਈ । ਹੁਸ਼ਨਾਕ ਸਿੰਘ ਨੇ ਟਾਂਗਾ ਬੂਹੇ ਅੱਗੇ ਖੜ੍ਹਾ ਕੀਤਾ। ਵੀਰਾਂਵਾਲੀ ਨੂੰ ਬਾਹੋਂ ਫੜ ਕੇ ਉਸ ਦੇ ਵਿਚ ਬਿਠਾਇਆ ਅਤੇ ਮਕਾਨ ਦੀਆਂ ਚਾਬੀਆਂ ਜੇਬ ਵਿਚ ਪਾ ਲਈਆਂ। ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿਚ ਬੈਠੀ ਬੇ-ਬਸ ਭੂਆ ਵਲ ਤੇ ਭੂਆ ਹੰਝੂਆਂ ਭਰੀਆਂ ਅੱਖਾਂ ਨਾਲ ਲਾਜ ਵਲ ਵੇਖ ਰਹੀ ਹੈ। ਟਾਂਗਾ ਓਹਲੇ ਹੋ ਗਿਆ ।

(੪)
"ਭਰਾ ਜੀ, ਲਾਜ ਦਾ ਕੀ ਬਣਿਆ ?"
"ਵੀਰਾਂ, ਅਸੀਂ ਤੇ ਤੇਰੇ ਪਾਸ ਅਮਾਨਤ ਛੱਡ ਆਏ ਸਾਂ।"
ਇਕ ਸਾਲ ਤੇ ਦੋ ਮਹੀਨੇ ਗੁਜ਼ਰ ਜਾਣ ਪਿਛੋਂ ਸੈਂਟਰਲ ਜੇਹਲ ਮੁਲਤਾਨ ਦੇ ਮੁਲਾਕਾਤ ਕਮਰੇ ਵਿਚ ਭੈਣ ਵੀਰਾਂ ਵਾਲੀ ਦਾ ਇਹ ਇਕ ਸੁਆਲ ਤੇ ਭਰਾ ਕਿਸ਼ਨ ਸਿੰਘ ਦਾ ਇਹ ਇਕੋ ਜੁਆਬ, ਬਸ ਕੁਲ ਦੋ ਹੀ ਗਲਾਂ ਸਨ ਜੋ ਉਨ੍ਹਾਂ ਇਕ ਘੰਟੇ ਦੀ ਮੁਲਾਕਾਤ ਵਿਚ ਜ਼ਬਾਨ ਨਾਲ ਕੀਤੀਆਂ। ਇਨ੍ਹਾਂ ਦੋਹਾਂ ਗੱਲਾਂ ਪਿਛੋਂ ਦੋਵਲੀਂ ਚੁਪ ਤੇ ਕਿਸੇ ਕਿਸੇ ਵੇਲੇ ਤਰ ਅੱਖਾਂ ਨਾਲ ਇਕ ਦੂਜੇ ਵਲ ਤੱਕਣਾ ਦਿਲ ਦੀਆਂ ਗੱਲਾਂ ਹਨ, ਜਿਨ੍ਹਾਂ ਨੂੰ ਬੇ-ਜ਼ਬਾਨੀ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ। ਮੁਲਾਕਾਤ ਕਰਵਾਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ, ਦੋਵੇਂ ਭੈਣ ਭਰਾ ਚੁਪ ਚੁਪਾਤੇ ਇਕ ਦੂਜੇ ਨੂੰ ਵੇਖਦੇ ਅੱਡੇ ਹੋ ਗਏ। ਮਾਂ ਪਿਉ ਜਾਈ ਨਾਲ ਇਹ ਆਖਰੀ ਮਿਲਣੀ ਹੈ, ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ !

ਜੇਹਲਾਂ ਵਿਚ ਕੈਦੀਆਂ ਦੀ ਆਵਾਜਾਈ ਲਗੀ ਰਹਿੰਦੀ ਹੈ । ਕਿਸ਼ਨ ਸਿੰਘ ਨੂੰ ਇਹ ਤਾਂ ਪਤਾ ਲਗ ਚੁਕਾ ਹੈ ਕਿ ਲਾਜ ਹੁਣ ਲਾਹੌਰ ਤਪਦਿਕ ਦੇ ਹਸਪਤਾਲ ਵਿਚ ਹੈ, ਪਰ ਵੀਰਾਂ ਵਾਲੀ ਉਸ ਨਾਲੋਂ ਵੀ ਸਖਤ ਕੈਦ ਵਿਚ ਹੈ, ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਸੀ ਦਸੀ । ਛਾਉਣੀ ਵਿਚ ਤਾਂ ਪੰਖੇਰੂ ਪਰ ਨਹੀਂ ਸੀ ਮਾਰ ਸਕਦਾ, ਬਾਗ਼ੀ ਭਰਾ ਭਰਜਾਈ ਤੇ ਬਾਗ਼ੀਆਂ ਦੀ ਧੀ ਬਾਬਤ ਵੀਰਾਂ ਵਾਲੀ ਨੂੰ ਕੌਣ ਖ਼ਬਰ ਦੱਸਦਾ। ਵੀਰਾਂ ਵਾਲੀ ਮੁਲਾਕਾਤ ਲਈ ਜੇਹਲ ਤੱਕ ਕਿਵੇਂ ਪੁੱਜ ਗਈ, ਇਸ ਭੇਦ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ । ਉਸ ਨੇ ਆਪਣੀ ਜਾਨ ਖਤਰੇ ਵਿਚ ਪਾਈ, ਆਪਣੇ ਪਤੀ ਹੁਸ਼ਨਾਕ ਸਿੰਘ ਤੋਂ ਇਹ ਭੇਦ ਲੁਕਾਣ ਵਿਚ ਉਸ ਨੂੰ ਸਫ਼ਲਤਾ ਹੋਈ, ਪਰ ਭਰਾ ਦੀ ਅਮਾਨਤ ਵਿਚ ਮਜਬੂਰੀ ਖਿਆਨਤ ਹੋ ਜਾਣ ਦਾ ਸਦਮਾਂ ਉਹ ਨਾ ਸਹਾਰ ਸਕੀ । ਹੁਸ਼ਨਾਕ ਸਿੰਘ ਨੇ ਅਸਲ ਮਰਜ਼ ਵੱਲ ਤਾਂ ਧਿਆਨ ਨ ਕੀਤਾ, ਹੋਰ ਦੁਆਈਆਂ ਨੇ ਕੀ ਸੁਆਰਨਾ ਸੀ । ਸਰਨ ਕੌਰ ਦੀ ਕੈਦ ਪੂਰੀ ਹੋ ਗਈ, ਵੀਰਾਂ ਵਾਲੀ ਨੇ ਅਮਾਨਤ ਵਿਚ ਖਿਆਨਤ ਕਰਨ ਦੀ ਦੋਸ਼ਣ ਹੋ ਕੇ ਭਰਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀਵੀ ਰਿਹਾਈ ਪਾ ਲਈ।

ਸਰਨ ਕੌਰ ਸਿੱਧੀ ਲਾਹੌਰ ਹਸਪਤਾਲ ਵਿਚ ਪੁਜੀ। ਵੱਡਾ ਦਰਵਾਜ਼ਾ ਬੰਦ ਸੀ । ਦਰਬਾਨ ਨੇ ਕਿਹਾ, "ਮਰੀਜ਼ਾਂ ਦੇ ਆਰਾਮ ਦਾ ਵਕਤ ਹੈ।" ਦਰਵਾਜ਼ੇ ਦੀ ਖੱਬੀ ਨੁੱਕਰ ਵਿਚ ਭੰਗੀਆਂ ਦਾ ਘਰ ਸੀ । ਓਪਰੀ ਖੱਦਰਪੋਸ਼ ਜ਼ਨਾਨੀ ਨੂੰ ਵੇਖ ਕੇ ਜਮਾਦਾਰਨੀ ਨੇੜੇ ਆ ਗਈ। ਉਸ ਨੇ ਪੁੱਛਿਆ: "ਤੁਸੀਂ ਕਿਸ ਨੂੰ ਮਿਲਣਾ ਹੈ ?" ਸਰਨ ਕੌਰ ਚਾਹੁੰਦੀ ਸੀ ਕਿ ਉਸ ਤੇ ਕੋਈ ਸੁਆਲ ਕਰੇ । ਸਰਨ ਕੌਰ ਨੇ ਕਿਹਾ, "ਮੇਰੀ ਲੜਕੀ ਇੱਥੇ ਬਿਮਾਰ ਹੈ 'ਲਾਜ'।" ਜਮਾਦਾਰਨੀ ਨੇ ਵਾਰਡ ਤੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ, "ਅਸਾਂ ਤੇ ਇਸ ਨਾਂ ਦੀ ਕੋਈ ਬੀਮਾਰ ਨਹੀਂ ਸੁਣੀ, ਮੈਂ ਰੋਜ਼ ਹਰ ਇਕ ਵਾਰਡ ਵਿਚ ਸਫ਼ਾਈ ਲਈ ਜਾਂਦੀ ਹਾਂ।" ਸਰਨ ਕੌਰ ਨੇ ਕਿਹਾ, "ਮੈਨੂੰ ਤੇ ਵਾਰਡ ਦਾ ਪਤਾ ਨਹੀਂ, ਨਾ ਹੀ ਕਮਰੇ ਦੇ ਨੰਬਰ ਦਾ ਪਤਾ ਹੈ, ਸੁਣਿਆ ਹੈ ਕਿ ਮੇਰੀ ਲਾਜ ਇਸ ਹਸਪਤਾਲ ਵਿਚ ਹੈ।"

"ਸੁਣਿਆ ਹੈ?" ਜਮਾਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ, "ਤੁਸਾਂ ਆਪ ਉਸ ਨੂੰ ਇਥੇ ਦਾਖ਼ਲ ਨਹੀਂ ਕਰਵਾਇਆ?"

"ਨਹੀਂ, ਅਸੀਂ ਜੇਹਲ ਵਿਚ ਸਾਂ, ਪਿਛੋਂ ਹੀ ਉਹ ਬਿਮਾਰ ਹੋ ਗਈ।"

"ਊ, ਬਾਗ਼ੀ ਦੀ ਧੀ ਹੋਵੇਗੀ", ਜੇਹਲ ਦਾ ਨਾਂ ਸੁਣ ਕੇ ਜਮਾਦਾਰਨੀ ਨੇ ਕਿਹਾ, "ਇਥੇ ਉਸ ਦੇ ਲਾਜ ਨਾਂ ਕਿਸੇ ਨੂੰ ਵੀ ਪਤਾ ਨਹੀਂ। ਪਤਲੀ, ਗੋਰੀ ਜਹੀ, ਬਾਰਾਂ ਤੇਰਾਂ ਸਾਲਾਂ ਦੀ ਕੁੜੀ ਹੈ। ਬੜੀਆਂ ਮਿਠੀਆਂ ਗੱਲਾਂ ਕਰਦੀ ਹੈ। ਉਸ ਦੀਆਂ ਗੱਲਾਂ ਸੁਣ ਕੇ ਕਦੇ ਹਾਸਾ ਆ ਜਾਂਦਾ ਹੈ, ਕਦੇ ਰੋਣਾ। ਉਹ ਆਪਣੀ ਭੂਆ ਪਾਸ ਸੀ ?" ਸਰਨ ਕੌਰ ਨੇ 'ਹਾਂ' ਵਿਚ ਸਿਰ ਹਿਲਾਇਆ।

"ਬਸ ਉਹੋ ਹੈ, ਜਦ ਉਹ ਪਹਿਲਾਂ ਇਥੇ ਆਈ ਤਾਂ ਉਸ ਨੇ ਕਿਸੇ ਕੁੜੀ ਤੋਂ ਪੁੱਛਿਆ: 'ਬਾਗ਼ੀ ਕਿਸ ਨੂੰ ਆਖਦੇ ਹਨ?' ਤੇ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਤੂੰ ਬਾਗ਼ੀਆਂ ਦੀ ਧੀ ਨੂੰ ਘਰ ਕਿਉਂ ਲਿਆਂਦਾ, ਉਸੇ ਦਿਨ ਤੋਂ ਉਸਦਾ ਨਾਂ ਬਾਗ਼ੀ ਦੀ ਧੀ ਪੈ ਗਿਆ, ਜਦ ਵੀ ਡਾਕਟਰ ਆਉਂਦਾ ਹੇ, ਉਹ ਆਖਦੀ ਹੈ, ਮੈਨੂੰ ਮੇਰੇ ਪਿਤਾ ਜੀ ਤੇ ਮਾਤਾ ਜੀ ਪਾਸ ਜੇਹਲ ਵਿਚ ਲੈ ਚੱਲੋ, ਡਾਕਟਰ ਹੱਸ ਛੱਡਦਾ ਹੈ।" ਜਮਾਦਾਰਨੀ ਦੀ ਗੱਲ ਨੂੰ ਸਰਨ ਕੌਰ ਬੁੱਤ ਬਣੀ ਸੁਣਦੀ ਗਈ।

ਜਮਾਦਾਰਨੀ ਨੇ ਕਿਹਾ, "ਸਰਦਾਰ ਜੀ ਨਹੀਂ ਆਏ ?" "ਉਨ੍ਹਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਗੁਜ਼ਰੀ, ਉਨ੍ਹਾਂ ਨੂੰ ਤਿੰਨ ਸਾਲ ਦੀ ਕੈਦ ਮਿਲੀ ਸੀ ।" ਸਰਨ ਕੌਰ ਦੀ ਗੱਲ ਸੁਣ ਕੇ ਜਮਾਦਾਰਨੀ ਨੇ ਠੰਢਾ ਹੌਕਾ ਭਰਿਆ ਤੇ ਕਿਹਾ, "ਕੁੜੀ ਬੜੀ ਸਿਆਣੀ ਹੈ, ਦਸਦੀ ਹੈ ਕਿ ਮੇਰਾ ਫੁਫੜ ਭੂਆ ਨੂੰ ਲੈ ਕੇ ਚਲਾ ਗਿਆ, ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਤੇ ਹੀ ਸੌਂ ਗਈ, ਸਰਦੀ ਨਾਲ ਮੈਨੂੰ ਤਾਪ ਚੜ੍ਹ ਗਿਆ, ਫਿਰ ਮੇਰੇ ਪਿਤਾ ਜੀ ਦਾ ਇਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ । ਜਦ ਮੈਂ ਬਹੁਤ ਬਿਮਾਰ ਹੋ ਗਈ ਤਾਂ ਉਹ ਇਥੇ ਛਡ ਗਏ । ਮੈਂ ਬਥੇਰਾ ਕਿਹਾ, ਮੈਨੂੰ ਜੇਹਲ ਲੈ ਚਲੋ ਪਰ ਉਹ ਨਹੀਂ ਲੈ ਗਏ।" ਇਤਨੀ ਗਲ ਦਸਣ ਪਿਛੋਂ ਜਮਾਦਾਰਨੀ ਨੇ ਕਿਹਾ, "ਹੁਣ ਤੇ ਜੀ ਉਹ ਤੁਹਾਨੂੰ ਹੀ ਉਡੀਕਦੀ ਹੈ।"

ਜਮਾਦਾਰਨੀ ਦੇ ਆਖਰੀ ਫ਼ਿਕਰੇ ਦਾ ਭਾਵ ਸਰਨ ਕੌਰ ਸਮਝ ਗਈ ਸੀ । ਲਾਜ ਦੇ ਕਮਰੇ ਵਿਚ ਪੁਜਣ ਤੱਕ ਉਸ ਦੇ ਸਾਰੇ ਅੱਥਰੂ ਵਗ ਚੁੱਕੇ ਹਨ। ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ। ਸਵੇਰ ਦੇ ਦੀਵੇ ਦੀ ਇਹ ਆਖ਼ਰੀ ਝਲਕ ਸੀ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ