Bahaar (Punjabi Lekh) : Lal Singh Kamla Akali
ਬਹਾਰ (ਲੇਖ) : ਲਾਲ ਸਿੰਘ ਕਮਲਾ ਅਕਾਲੀ
ਕੁਦਰਤ ਨਿਯਮਾਂ ਅਤੇ ਚਾਲ ਦੀ ਪੱਕੀ ਭੀ ਬੜੀ ਹੈ, ਪਰ ਵਿਚ ਵਿਚ ਅਜਿਹੀਆਂ ਘਚਾਨੀਆਂ ਮਾਰ ਜਾਂਦੀ ਹੈ ਕਿ ਸਭ ਹਿਸਾਬ ਖੇਰੂੰ ਖੇਰੂੰ ਹੋ ਜਾਂਦੇ ਹਨ। ਪੋਹ ਮਾਘ ਦੀਆਂ ਲੰਮੀਆਂ ਰਾਤ ਤੇ ਸੀਤ ਜਦ ਲੰਘਦੇ ਜਾਪਦੇ ਸਨ, ਫੱਗਣ ਚੜ੍ਹ ਪਿਆ, ਦਿਨ ਜ਼ਰਾ ਕੁ ਖੁਲ੍ਹਣ ਲਗੇ। ਪਾਲੇ ਦੇ ਭੰਨਿਆਂ ਕੁੌਗੜਿਆਂ ਸਰੀਰ ਨੂੰ ਜਦ ਖੁਲ੍ਹੀ ਰੁਤ ਤੇ ਚਮਕਦੇ ਸੂਰਜ ਦੀਆਂ ਉਮੇਦਾਂ ਹੌਸਲਾ ਦੇਣ ਲਗੀਆਂ ਇਕ ਦਿਨ ਮਾੜੀ ਜੇਹੀ ਖ਼ਬਰ ਆਈ ਕਿ ਅਮ੍ਰੀਕਾ ਦਾ ਇਕ ਪਾਸਾ ਮਾਰੂ ਪਾਲੇ ਦੀ ਕਾਂਗ ਦੇ ਹਡ ਠਾਰੂ ਜਫੇ ਵਿਚ ਆ ਗਿਆ ਹੈ ਤੇ ਬਰਫ਼ਾਂ ਨੇ ਸੜਕਾਂ ਮਲ ਲਈਆਂ ਹਨ, ਸਭ ਆਵਾਜਾਈ ਰੁਕੀ ਪਈ ਹੈ। ਪਾਤਾਲ ਲੋਕ ਵਲ ਧਰਤੀ ਦੇ ਦੂਜੇ ਪਾਸੇ ਦੀ ਇਹ ਖ਼ਬਰ ਲੋਕਾਂ ਪੜ੍ਹ ਲਈ ਤੇ ਭੁਲਾ ਦਿੱਤੀ। ਲੋਕਾਂ ਨੂੰ ਭੁਲ ਗਿਆ ਕਿ ਧਰਤੀ ਕੋਈ ਥਾਂ ਖਲੋਤੀ ਸ਼ੈ ਨਹੀਂ, ਹਜ਼ਾਰਾਂ ਮੀਲਾਂ ਦੀ ਰਫਤਾਰ ਨਾਲ ਭੋਂ ਰਹੀ ਹੈ ਤੇ ਇਸ ਕਰ "ਪਾੜੋਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਣ।" ੳਕਤ ਖ਼ਬਰ ਏਹੀ ਹੋਣ ਹੀ ਲਗੀ ਸੀ ਕਿ ਫੱਗਣ ਨੇ ਮਾਘ ਦਾ ਰੰਗ ਬਦਲ ਲਿਆ ਤੇ ਦੋ ਦਿਨ ਪਿਛੋਂ ਲੋਕੀ ਰਜਾਈਆਂ ਨੂੰ ਫੇਰ ਕਸ ਕਸ ਕੇ ਦੁਆਲੇ ਦੱਬਣ ਲੱਗ, ਪੈਰਾਂ ਨੂੰ ਦੋਹਰੀਆਂ ਤੇਹਰੀਆਂ ਜਰਾਬਾਂ ਵਿਚ ਨਿਗੰਦਣ ਲੱਗੇ ਤੇ ਘਰੋਂ ਨਿਕਲਣ ਲਗੇ ਸੁਅੇਟਰ ਦੀਆਂ ਤੈਹਾਂ ਗਿਨਣ ਲਗ ਪਏ। ਮਾਘ ਮਾਤ ਹੋ ਗਿਆ ਚਾਰੇ ਪਾਸੇ ਪਾਲੇ ਦੇ ਹਥੋਂ ਹਾਹਾਕਾਰ ਮੱਚ ਗਈ। ਬੁਢੇ ਸਰੰੜ ਜੁਲਿਆਂ ਵਿਚੋਂ ਨਿਕਲਣੋ ਮੁੱਕਰ ਗਏ, ਅੰਵਾਣੇ ਖੇਡਦੇ ਸਨ ਪਰ ਬੁਲ੍ਹ ਨੀਲੇ ਤੇ ਹਥ ਸੁੰਗੜ ਰਹੇ ਸਨ ਤੇ ਨੰਗੇ ਪੈਰਾਂ ਦਾ ਪਤਾ ਨਹੀਂ ਸੀ ਕਿ ਨਾਲ ਹਨ ਯਾ ਨਹੀਂ। ਪਾਲੇ ਨਾਲ ਚੁਹਲ ਕਰਨ ਵਾਲੀਆਂ ਸੋਹਲਾਂ ਨੇ ਭੀ ਮੁੜ ਸਾਲਾਰੀਆਂ ਤੇ ਬੁੱਕਲਾਂ ਸੌੜੀਆਂ ਕਰ ਲਈਆਂ। ਘਰੀਂ ਅੱਗਾਂ ਤੇ ਧੂੰਏ ਦਾ ਮੁੜ ਜ਼ੋਰ ਹੋ ਗਿਆ। ਅਨਿਆਈ ਸੱਟ ਬੜੀ ਕਾਰੀ ਹੁੰਦੀ ਹੈ। ਸਾਹਮਣੇ ਹੋਲੀ ਤੇ ਰਾਤਾਂ ਦਾ ਚੱਕਰ ਦੁਪਹਿਰ ਤੀਕ ਢਲਣ ਵਿਚ ਨਾ ਆਵੇ। ਸੂਰਜ ਦੇਵਤਾ ਜੀ ਦੀ ਕਿਸੇ ਮਾੜੀ ਜੇਹੀ ਅਗਨ ਲਹਿਰ ਵਿੱਚ ਪਰਛਾਵਾਂ ਹੋ ਗਿਆ ਤੇ ਸਾਡਾ ਇਹ ਹਾਲ ਹੋ ਗਿਆ ਕਿ ਹਥ ਪੈਰਾਂ ਦਾ ਲਹੂ ਹਾਰੇ ਟੱਟੂ ਵਾਂਗ ਝੜਕਿਆਂ ਤੋਂ ਭੀ ਚਾਲ ਨ ਪਵੇ। ਲੋਕਾਂ ਨੂੰ ਪਾਲਾ ਐਉਂ ਪਿਆ ਜਿਵੇਂ ਕੋਲ ਦੀ ਲੰਘ ਚੁਕਿਆ ਸਾਨ੍ਹ ਮੁੜ ਕੇ ਹੱਲਾ ਕਰ ਕੇ ਸਿੰਗਾਂ ਉਤੇ ਚੁਕ ਲਵੇ ਦਿਲੀਵਾਲ ਤੇ ਲਖਨਊ ਦੇ ਭਈਏ ਲੱਗੇ ਤੋਬਾ ਕਰਨ ਤੇ ਮਸ ਲਾਂ ਦੀ ਗਾਹਕੀ ਯਕਾ-ਯਕ ਵਧ ਗਈ। ਅੰਞ ਜਾਪਦਾ ਸੀ ਕਿ ਮੁੜ ਹੁਣ ਹੁਣ ਬਸੰਤ ਦਾ ਮੂੰਹ ਨਹੀਂ ਵੇਖਾਂਗੇ। ਕਿਉਂਕਿ ਠੰਢ ਦਿਲਾਂ ਖ਼ਿਆਲਾਂ ਨੂੰ ਭੀ ਠਾਰ ਦੇਂਦੀ ਹੈ।
ਕਾਂਗ ਦੀ ਖ਼ਬਰ ਤਾਂ ਬੜੀ ਛੇਤੀ ਆਈ ਸੀ ਪਰ ਆਪ ਕਾਂਗ; ਅਕਸਰ ਲੰਘਦੀ ਲੰਘਦੀ ਹੀ ਲੰਘਣਾ ਸੀ, ਆਖਰ ਤਿੰਨ ਸਾਤੇ ਤੜਪਾ ਕੇ ਲੰਘ ਗਈ ਤੇ ਮੁੜ ਦੁਨੀਆਂ ਤੁਰਨ ਫਿਰਨ ਲੱਗੇ। ਫੇਰ ਭੀ ਪਾਲਾ ਆਖਰ ਪਾਲਾ ਹੀ ਹੈ। ਦਰਖਤਾਂ ਦੀਆਂ ਨੰਗੀਆਂ ਟਹਿਣੀਆਂ ਸੁਕ ਗਈਆਂ ਜਾਪਦੀਆਂ ਸਨ। ਟਾਵੇਂ ਟਾਵੇਂ ਦਰਖ਼ਤਾਂ ਦੇ ਪਤੇ ਹੌਸਲਾ ਬਨ੍ਹਾਂਦੇ ਸਨ ਕਿ ਸ਼ਾਇਦ ਮੁੜ ਕਾਲੀਆਂ ਸੋਕੜੂ ਟਾਹਣੀਆਂ ਲੁਕ ਜਾਣ, ਪੱਤੇ ਲੱਗਣ ਤੇ ਛਾਵਾਂ ਹੋਣ। ਨਸੀਹਤਾਂ ਵਾਲੇ ਭਾਵੇਂ ਕੁਛ ਕਹਿਣ ਪਰ ਆਦਮੀ ਓੜਕ ਉਮੀਦਾਂ ਨਾਲ ਹੀ ਜੀਂਦਾ ਹੈ। ਗਰਮੀ ਹੁੰਦੀ ਹੈ ਤਾਂ ਠੰਢਾਂ ਨੂੰ ਯਾਦ ਕਰੀਦਾ ਹੈ, ਜਦ ਠੰਢ ਆਉਂਦੀ ਹੈ ਤਾਂ ਗਰਮੀਆਂ ਵਲ ਨੂੰ ਤਾਂਘਦੇ ਹਾਂ। ਠੰਢ ਦਿਲਾਂ ਨੂੰ ਭੀ ਜਕੜ ਦੇਂਦੀ ਹੈ। ਸੁਕੇ ਮੈਦਾਨਾਂ ਵਿਚ ਘਾਹ ਦਾ ਨਿਸ਼ਾਨ ਨਹੀਂ ਜਾਪਦਾ ਸੀ। ਕਣਕਾਂ ਦੇ ਖੇਤ ਵਧਣਾ ਭੁਲ ਗਏ ਜਾਪਦੇ ਸਨ। ਸਰੀਰ ਦੇ ਰੰਗ ਬਦਰੰਗ ਤੇ ਜੁਸੇ ਖ਼ੁਸ਼ਕ ਹੋ ਗਏ ਸਨ, ਦਿਨ ਦੀ ਧੁਪ ਬਸ ਦੁਪਹਿਰ ਦਾ ਘੰਟਾ ਕੁ ਲਗਦੀ ਜਾਪਦੀ ਸੀ। ਕੁਦਰਤ ਸੌਂ ਗਈ ਜਾਪਦੀ ਸੀ, ਜੀਵਨ ਦੇ ਨਿਸ਼ਾਨ ਕੇਵਲ ਬੰਦਿਆਂ ਤੇ ਪਸ਼ੂਆਂ ਵਿਚ ਜਾਪਦੇ ਹਨ। ਪਰ ਕੇਡੀ ਭੁਲ ਸੀ।
ਭਲਾ ਕੁਦਰਤ ਵੀ ਕਦੇ ਉੱਕ ਸਕਦੀ ਹੈ। ਸਿਆਲਾ ਬੀਤ ਰਿਹਾ ਹੈ, ਤਾਂ ਭਲਾ ਬਹਾਰ ਕਿਤੇ ਪਿਛੇ ਦੂਰ ਬਹਿ ਰਹੇਗੀ। ਗਹੁ ਨਾਲ ਵੇਖੋ ਕਿਵੇਂ ਮਿੱਟੀ ਦਾ ਜ਼ਰਾ ਜ਼ਰਾ ਹਿਲ ਰਿਹਾ ਹੈ। ਧਰਤੀ ਉਲਦਣੇ ਕੀੜੇ ਮਸ਼ੀਨਾਂ ਵਾਂਗ ਕੰਮ ਕਰ ਰਹੇ ਹਨ ਤੇ ਹੇਠਲੀ ਉਤੇ ਕਰਨ ਲਈ ਤੁਲੇ ਹੋਏ ਹਨ। ਸੁਕ ਚੁਕੀ ਠਰ ਚੁਕੀ ਗਰਦ ਭਰੀ ਭੁਇਂ ਦੇ ਮੂੰਹ ਉਤੇ ਕਾਲੇ ਜਮਦੇ ਘਾਹ ਦੀਆਂ ਈਆਂ ਵਾਹੋ ਦਾਹ ਸਿਰ ਚੁਕ ਰਹੀਆਂ ਹਨ। ਬਿਰਛਾਂ ਦੇ ਟਾਹਣ ਪਾਲੇ ਨਾਲ ਨਹੀਂ ਝੜੇ, ਪਾਲੇ ਕੀਰ ਦੀ ਕੀ ਮਜਾਲ। ਪੱਤੇ ਏਸ ਲਈ ਕਿਰ ਗਏ ਹਨ ਕਿਉਂਕਿ ਨਵਿਆਂ ਨੇ ਅੰਦਰੋਂ ਜ਼ੋਰ ਪਾਇਆ ਹੈ "ਪੁਰਾਣੇ ਝੜ ਗਏ ਨੇ ਰੁਤ ਨਵਿਆਂ ਦੀ ਆਈ। ਸ਼ਰਬਤੀ ਰੰਗ ਦੀਆਂ ਪੱਤੀਆਂ ਆਰੰਭ ਹੋ ਗਈਆਂ ਹਨ। ਕੂਲੀਆਂ, ਕੋਮਲ, ਤੇ ਕਰਾਮਾਤੀ। ਟਾਹਣਾਂ ਦੇ ਰੰਗ ਹੋਰ ਹੋ ਗਏ ਹਨ, ਬੂਟਿਆਂ ਉਤੇ ਭਾਗ ਆ ਰਿਹਾ ਹੈ। ਔਹ ਵੇਖੋ ਨਾਖ ਤੇ ਸੰਤਰਿਆਂ ਦੇ ਬੂਟਿਆਂ ਨਾਲ ਫੁਲਾਂ ਦੀਆਂ ਡੋਡੀਆਂ ਕਿਧਰੋ ਰਾਤੋ ਰਾਤ ਹੀ ਆ ਲਗੀਆਂ ਹਨ। ਪੱਤ ਹਾਲਾਂ ਗਿਣਤੀ ਦੇ ਭੀ ਨਹੀਂ ਤੇ ਫਲ ਵਧ ਵਧ ਪੈਂਦੇ ਹਨ ਏਹੀ ਬਹਾਰ ਹੈ, ਏਹੋ ਰੁਤਾਂ ਦੀ ਰਾਣੀ ਹੈ, ਏਹੀ ਜੁਆਨਾਂ ਦਾ ਨਸ਼ਾ ਹੈ, ਧਰਤੀ ਦਾ ਭਾਗ ਹੈ, ਜੀਵਨ ਦਾ ਰੂਪ ਹੈ ਤੇ ਧਰਤੀ ਨੂੰ ਫਲਾਂ ਫੁਲਾਂ ਨਾਲ ਲਦ ਦੇਣ ਦਾ ਜੋਸ਼ ਹੈ। ਹੁਣ ਤਾਂ ਕਣਕ ਵੀ ਵਡੀ ਹੋ ਗਈ, ਐਹੈ, ਬੱਲੀਆਂ ਲਗ ਗਈਆਂ, ਤਿੱਖੀਆਂ, ਤਾਉਲੀਆਂ, ਤੀਰਾਂ ਵਾਂਗ, ਸਰ੍ਹੋਂ ਤਾਂ ਚਿਰੋਕਨੀ ਬਸੰਤ ਲੁਟਾਣ ਲਗੀ ਹੋਈ ਸੀ। ਬਾਗ਼ ਵਿਚ ਗੇਂਦੇ ਖਿੜ ਪਏ ਹਨ, ਬੂਟਿਆਂ ਦਾ ਨੰਗੇਜ ਢਕਣ ਹੋਣ ਲਗ ਪਿਆ ਹੈ। ਦਰਖ਼ਤਾਂ ਉਤੇ ਨਵਾਂ ਬੂਰ ਤੇ ਨਵੀਂ ਜੇਹੀ ਉਤਪਤ ਹੈ। ਜਿਥੇ ਚੁਪ ਠਾਰੀ ਤੇ ਉਦਾਸੀ ਸੀ, ਮਲੂਮ ਹੁੰਦਾ ਹੈ ਕਿ ਜ਼ੱਰਾ ਜ਼ੱਰਾ ਕੰਮ ਕਰ ਰਿਹਾ ਹੈ, ਉਦਾਲੇ ਜੀਵਨ ਹੀ ਜੀਵਨ ਹੈ ਬਨਸਪਤੀ ਦਾ ਹਰ ਕਿਣਕਾ ਇਕ ਦੂਜੇ ਤੋਂ ਅਗੇ ਵਧਣ ਲਈ ਤੜਪ ਰਿਹਾ ਹੈ, ਘੋੜ ਦੌੜ ਏਸ ਦਾ ਕੀ ਮੁਕਾਬਲਾ ਕਰੇਗੀ ਬਸ ਹੁਣ ਦਿਨਾਂ ਵਿਚ ਕਣਕਾਂ ਦੀਆਂ ਬਲੀਆਂ ਦੇ ਦੁੱਧ ਦਾਣੇ ਬਣ ਜਾਣਗੇ, ਛੋਲਿਆਂ ਦੇ ਡੱਡੇ ਭਰ ਜਾਣਗੇ ਤੇ ਏਹ ਹੜ੍ਹ ਮੰਡੀ ਵਿਚ ਵਗ ਪਵੇਗਾ। ਬਹਾਰ ਦੀ ਰਾਣੀ ਚਾਰੇ ਪਾਸੇ ਨਾਲੇ ਰੰਗ ਲਾ ਰਹੀ ਹੈ ਨਾਲੇ ਅਨ ਧਨ ਦੇ ਛਟੇ ਦੇ ਰਹੀ ਫਲਾਂ ਦੀ ਸਾਥਣ ਖੁਲ੍ਹੇ ਦਿਲ ਦਿਤੀ ਜਾਂਦੀ ਹੈ, ਸਰੀਰਾਂ ਨੂੰ ਖਿੜਾ ਰਹੀ ਹੈ, ਕਦੇ ਲੁਕਦੇ ਸੁਕਦੇ ਜੁਸਿਆਂ ਵਿਚ ਲਾਲ ਸੂਹੇ ਰੱਤ ਦੇ ਸੋਮੇ ਵਗਾ ਰਹੀ ਹੈ,ਬਾਲਾਂ ਨੂੰ ਗਭਰੂ, ਗਭਰੂਆਂ ਨੂੰ ਤਕੜੇ, ਸੁਤਿਆਂ ਦਿਲਾਂ ਵਿਚ ਉਲਾਸ ਉਮੰਗਾਂ ਤੇ ਉਡਾਰੀਆਂ ਭਰੀ ਜਾ ਰਹੀ ਹੈ। ਕਿਧਰੇ ਵਣਾਂ ਵਿਚ ਕੇਸੂਆਂ ਦੀ ਅਗ ਲਗ ਟੁਰੀ ਹੈ, ਕਿਧਰੇ ਪੀਲੂ ਚਟਾਕ ਰਹੇ ਹਨ,ਡੇਕਾਂ ਵਿਚ ਊਦੇ ਲੋਂਗਾਂ ਦੀ ਪਹਿਲ ਤੋਂ ਪਤੀਆਂ ਸ਼ਰਮਾ ਗਈਆਂ ਹਨ ਤੇ ਤੂਤਾਂ ਦੀਆਂ ਕਾਲ੍ਹੀਆਂ ਤੂਤੀਆਂ ਪਹਿਲੋਂ ਹੀ ਥਾਂ ਮੱਲ ਬੈਠੀਆਂ ਹਨ। ਬਾਗ਼ ਦਾ ਖਿੜਿਆ ਗੁਲਾਬ ਮਾਲੀ ਦੇ ਹਥ ਕੈਂਚੀ ਵੇਖ ਕੇ ਸੋਚੀ ਪੈ ਰਿਹਾ ਹੈ ਤੇ ਕੋਲ ਲੁਕੀ ਹੋਈ ਕਲੀ ਨਾਲੇ ਆਪਣੀ ਖਿੜ-ਖਿੜਾਹਟ ਨੂੰ ਘੁਟ ਰਹੀ ਹੈ ਨਾਲੇ ਉਸ ਨੂੰ ਪੁਛ ਰਹੀ ਹੈ: ਨਿਕਲਾਂ ਕਿ ਜ਼ਰਾ ਠਹਿਰ ਕੇ। ਅੰਬਾਂ ਦੇ ਬੂਰ ਬਹਾਰ ਨੂੰ ਉਡੀਕ ਉਡੀਕ ਕੇ ਥਕੇ ਜਾਪਦੇ ਹਨ, ਚਾਂਹਦੇ ਹਨ ਅੰਬੀਆਂ ਦਾ ਹਥ ਉਸ ਨੂੰ ਫੜਾ ਜਾਈਦੇ। ਗਲ ਕੀ ਘਰ ਘਰ ਬਹਾਰ ਦੇ ਚਰਚੇ ਹਨ ਤੇ ਅੰਗਣਾਂ ਵਿਚ ਅੱਲ੍ਹੜਾਂ ਨੂੰ ਬਹਾਰ ਲਈ ਹਾਰ ਪਰੋਣੇ ਸਿਖਾਏ ਜਾ ਰਹੇ ਹਨ। ਪੀਆ ਦੀਆਂ ਭੁਲੀਆਂ ਤਸਵੀਰਾਂ ਫੇਰ ਕਣਸਾਂ ਤੇ ਸਜਾਈਆਂ ਜਾ ਰਹੀਆਂ ਹਨ, ਚਿਠੀਆਂ ਦਾ ਫੇਰ ਜ਼ੋਰ ਪੈਣ ਵਾਲਾ ਹੈ। "ਘਰ ਆ ਜਾ" ਦੀ ਗੂੰਜ ਫੇਰ ਉਠਣ ਵਾਲੀ ਹੈ। ਛਾਤੀਆਂ ਨੇ ਫੇਰ ਧੜਕਣਾ ਆਰੰਭ ਦਿਤਾ ਹੈ, ਉਡੀਕਾਂ ਫੇਰ ਸ਼ੁਰੂ ਹੋਣ ਵਾਲੀਆਂ ਹਨ, ਬਨੇਰੇ ਦੇ ਕਾਉਂ ਫੇਰ ਬੋਲਣ ਲਗ ਪਏ ਹਨ। ਭੈੜੇ ਰਾਵਲ ਦੀਆਂ ਫੇਰੀਆਂ ਫੇਰ ਪੈਣ ਵਾਲੀਆਂ ਹਨ। ਅਮੜੀ ਨੂੰ ਸਵਾਲ ਪੈ ਰਹੇ ਹਨ, ਕਦ ਆਵਣਗੇ, ਤਿੰਞਣ ਕਦ ਲਗਣਗੇ, ਪੀਘਾਂ ਕਦ ਪੈਣਗੀਆਂ, ਮਹਿੰਦੀਆਂ ਕਦ ਲਗਣਗੀਆਂ, ਬਲਦੇ ਤੰਦੂਰਾਂ ਦੇ ਉਦਾਲੇ ਮੁੜ੍ਹਕੇ ਮੋਤੀਆਂ ਨਾਲ ਸਜੇ ਮੁਖੜੇ ਕਦ ਝੁਰਮਟ ਲਾਣਗੇ, ਗਿਧੇ ਕਦ ਪੈਣਗੇ ਤੇ ਖੂਹਾਂ ਉਤੇ ਲਜਾਂ ਕਦ ਫਰਾਹੀਆਂ ਜਾਣਗੀਆਂ। ਬਹਾਰ ਕੀ ਹੈ ਇਕ ਜਾਦੂ ਹੈ ਜੋ ਸਭ ਨੂੰ ਤੁਰਦਿਆਂ ਕਰ ਰਿਹਾ ਹੈ, ਇਕ ਨਾਦ ਹੈ ਜੋ ਸਭ ਨੂੰ ਜਗਾ ਰਿਹਾ ਹੈ, ਇਕ ਨਸ਼ਾ ਹੈ ਜੋ ਜੀ ਜੀ ਨੂੰ ਚੜ੍ਹ ਰਿਹਾ ਹੈ, ਇਕ ਹਵਾ ਹੈ ਜੋ ਸਭ ਨੂੰ ਵਗ ਗਈ ਹੈ।
ਕੀ ਵਿਚਾਰੀ ਖਿਦੋ ਜਿਹੀ ਧਰਤੜੀ ਤੇ ਕੀ ਇਸ ਦੇ ਜੀ। ਖ਼ਬਰੇ ਕਦ ਤੋਂ ਸੂਰਜ ਦੇ ਦੁਆਲੇ ਭਵਾਟਣੀ ਲੈ ਰਹੀ ਹੈ। ਬਹਾਰ ਰੁਤ ਭੀ ਸੂਰਜ ਦੇਵਤਾ ਜੀ ਦੀ ਆਗਿਆ ਅਧੀਨ ਦਸੀਦੀ ਹੈ। ਇਸ ਦੇ ਸਾਗਰਾਂ ਨੂੰ ਉਚਾ ਨੀਵਾਂ ਕਰਨ ਦਾ ਤਾਂ ਚੰਦਰਮਾਂ ਨੂੰ ਭੀ ਅਧਿਕਾਰ ਹੈ ਪਰ ਰੁਤਾਂ ਦੀ ਫੇਰੀ ਸੂਰਜ ਬਿਨਾਂ ਨਹੀਂ ਹੋ ਸਕਦੀ ਹੈ। ਸਾਡੇ ਉਤਰੀ ਅਧ ਦਾ ਮੂੰਹ ਜਦ ਸੂਰਜ ਤੋਂ ਦੂਰ ਤੇ ਪਰੇ ਹੋ ਜਾਂਦਾ ਹੈ ਧਰਤੀ ਦੇ ਏਸ ਅੱਧ ਵਿਚ ਸਿਆਲਾ ਵਾਪਰ ਜਾਂਦਾ ਹੈ ਉਤਰੀ (pole)ਧ੍ਰੂ ਦੇ ਕਲਸ ਉਤੇ ਪਏ ਬਰਫ਼ਾਂ ਦੇ ਪਹਾੜ ਹੋਰ ਮਲ ਜਾਂਦੇ ਹਨ, ਉੱਤਰੀ ਸਾਗਰਾਂ ਵਿਚ ਬਰਫ਼ ਹੋਰ ਫੈਲ ਜਾਂਦੀ ਹੈ, ਵਸਨੀਕ ਖੁੰਦਰਾਂ ਵਿਚ ਤੇ ਬਰਫ ਨਾਲ ਢਕੇ ਘੁਰਨਿਆਂ ਵਿਚ ਜਾ ਵੜਦੇ ਹਨ। ਕਾਲੀ ਬੋਲੀ ਰਾਤ ਤਾਂ ਨਹੀਂ ਹੁੰਦੀ, ਪਰ ਹਨੇਰ ਜ਼ਰੂਰ ਰਹਿੰਦਾ ਹੈ, ਕਿਤੇ ਕਿਤੇ ਛੇ ਮਹੀਨੇ ਦਾ। ਸੋ ਜਦ ਏਨ੍ਹਾਂ ਥਾਵਾਂ ਵਿਚ ਬਹਾਰ ਆਉਂਦੀ ਹੈ, ਹੁੰਦੀ ਤਾਂ ਉਹ ਸਾਡੇ ਸਿਆਲੇ ਨਾਲੋਂ ਭੀ ਠੰਢੀ ਹੈ ਪਰ ਹੁੰਦੀ ਓਨ੍ਹਾਂ ਲਈ ਬਹਾਰ ਹੈ। ਮਨੁਖੀ ਖਾਸਾ ਹੈ ਜਿੰਨਾ ਮਨੁਖ ਉੱਤੇ ਦਬਾ ਪਵੇ ਓਨਾ ਹੀ ਓਹ ਦਬਾ ਚੁਕੇ ਤੋਂ ਉਠਦਾ ਹੈ। ਠੰਢੇ ਦੇਸਾਂ ਦੀ ਬਹਾਰ ਅੱਛੀ ਖਾਸੀ ਪਾਗਲ ਤੇ ਆਪੇ ਤੋਂ ਬਾਹਰ ਕਰਨ ਵਾਲੀ ਰੁਤ ਹੁੰਦੀ ਹੈ। ਖੂਨ ਜਿੰਨੇ ਪਾਲੇ ਨਾਲ ਯਖ ਬਣੇ ਹੁੰਦੇ ਹਨ ਓਨੇ ਹੀ ਬਹਾਰ ਦੇ ਆਏ ਤੋਂ ਪਘਰਦੇ ਤੇ ਚਲਦੇ ਹਨ। ਸਾਡੀ ਬਹਾਰ ਛੇਤੇ ਆਉਂਦੀ ਹੈ ਤੇ ਛੇਤੀ ਹੀ ਚਲੀ ਜਾਂਦੀ ਹੈ ਕਿਉਂਕਿ ਗਰਮੀ ਜ਼ੋਰ ਪਾ ਲੈਂਦੀ ਹੈ। ਠੰਢੇ ਦੇਸਾਂ ਦੀ ਬਹਾਰ ਬੜੇ ਯਤਨਾਂ ਨਾਲ ਆਉਂਦੀ ਹੈ ਤੇ ਆ ਕੇ ਬਹਾਰ ਚੋਖਾ ਚਿਰ ਰਹਿੰਦੀ ਹੈ ਤੇ ਰੰਗ ਵਿਖਾਉਂਦੀ ਹੈ। ਸੋ ਹੁਣ ਬਹਾਰ ਨਾਲ ਉਤਰੀ ਦੇਸਾਂ ਵਿਚ ਬਰਫ਼ ਦੇ ਪਹਾੜਾਂ ਦੇ ਖੁਢੇ ਭੁਰਨੇ ਸ਼ੁਰੂ ਹਨ, ਕਈ ਵਡੇ ਬਰਫ਼ ਦੇ ਪਹਾੜ ਸਮੰਦਰਾਂ ਵਿਚ ਨੂੰ ਭੀ ਠਿੱਲ੍ਹ ਪਏ ਹਨ ਤੇ ਉਤਰੀ ਦੇਸਾਂ ਦੇ ਕਲਸ ਦੀ ਬਰਫ਼ ਪਘਰਨ ਲਗ ਪਈ ਹੈ। ਹਰ ਦੇਸਾਂ ਦੀ ਬਹਾਰ ਵਖ ਵਖ ਸ਼ਕਲ ਦੀ ਹੈ, ਪਰ ਇਕ ਗੁਣ ਸਾਂਝਾ ਤੇ ਸਾਰੇ ਪਰਧਾਨ ਹੈ, ਪਸੂ ਪੰਖੀ ਖੇਤ ਵਣ ਤੇ ਮਨੁਖ ਸਭ ਨੂੰ ਇਕ ਵਾਰ ਹਰਿਆਂ ਕਰ ਦੇਂਦੀ ਹੈ। ਕੋਈ ਦੇਸ ਨਹੀਂ ਜਿਥੇ ਬਹਾਰ ਦੇ ਆਉਣ ਦੀ ਖ਼ੁਸ਼ੀ ਵਿਚ ਇਕ ਅੱਧ ਦਿਨ ਸਮਰਪਣ ਨਾ ਕੀਤਾ ਜਾਵੇ। ਧਰਤੀ ਦੇ ਦਖਣੀ ਅੱਧ ਵਿਚ ਰੁਤਾਂ ਦਾ ਵਰਤਾਰਾ ਉਲਟ ਹੈ, ਜਦ ਉਤਰ ਵਿਚ ਗਰਮੀ ਹੁੰਦੀ ਹੈ ਤਾਂ ਦਖਣ ਵਿਚ ਠੰਢ ਵਰਤਦੀ ਹੈ, ਜਦ ਸਾਡੇ ਦੇਸ ਵਿਚ ਹਾੜੀ ਹੁੰਦੀ ਹੈ ਤਾਂ ਆਸਟ੍ਰੇਲੀਆ ਵਿਚ ਸਾਉਣੀ ਲਗ ਰਹੀ ਹੁੰਦੀ ਹੈ। ਬਹਾਰ ਸਾਡੇ ਉਦੋਂ ਆਉਂਦੀ ਹੈ ਜਦ ਧਰਤੀ ਦੇ ਉਪਰਲੇ ਅਧ ਦਾ ਰੁਖ਼ ਮੁੜ ਸੂਰਜ ਵਲ ਨੂੰ ਆਰੰਭ ਹੁੰਦਾ ਹੈ। ਏਸ ਗਲ ਦਾ ਭੇਤ ਕਿ ਬਣਸਪਤੀ ਸੂਰਜ ਦੇ ਨਿਘ ਨਾਲ ਮੌਲਣ ਲਗਦੀ ਹੈ ਯਾ ਹੋਰ ਕਿਸੇ ਅਸਰ ਨਾਲ, ਕਿਸੇ ਨੂੰ ਨਹੀਂ। ਪਰ ਏਨੀ ਕੁ ਗੱਲ ਵਿਚ ਕੋਈ ਸ਼ੰਕਾ ਨਹੀਂ ਹੈ, ਕਿ ਸੂਰਜ ਦਾ ਅਸਰ, ਹੋ ਸਕਦਾ ਹੈ ਕਿ ਜਿਸ ਤਰਹ ਚੰਦਰਮਾ ਦੀ ਸਮੀਪਤਾ ਨਾਲ ਸਾਗਰਾਂ ਵਿਚ ਜੁਆਰ ਆਉਂਦੀ ਹੈ ਸੂਰਜ ਦੇ ਨੇੜੇ ਤੇ ਸਨਮੁਖ ਹੋ ਜਾਣ ਨਾਲ ਧਰਤੀ ਉਤੇ ਸੂਰਜ ਦੀ ਖਿਚ ਵਧਦੀ ਹੋਵੇ ਤੇ ਏਸ ਨਾਲ ਹਰ ਇਕ ਜਾਨਦਾਰ ਪਸੂਆਂ ਬਿਰਛਾਂ ਮਨੁਖਾਂ ਨੂੰ ਖਿੱਚ ਪੈਂਦੀ ਹੋਵੇ ਤੇ ਏਸ ਖਿਚ ਨਾਲ ਏਨ੍ਹਾਂ ਵਿਚ ਨਵੇਂ ਪਤੇ ਨਵੇਂ ਰੌ ਤੇ ਨਵੇਂ ਉਲਾਸ ਉਤਪਨ ਹੁੰਦੇ ਹੋਣ। ਬਹਾਰ ਮਾਨੋ ਜਾਨਦਾਰਾਂ ਵਿਚ ਰਸ ਤੇ ਜੀਵਨ ਦੀ ਜੁਆਰ ਹੈ ਜੋ ਸਾਲ ਵਿਚ ਇਕ ਵਾਰ ਆਉਂਦੀ ਹੈ। ਸਮੁੰਦਰਾਂ ਦੀ ਕਾਂਗ ਵਾਂਗ ਜੀਵਨ ਰਸ ਦੀ ਕਾਂਗ ਉਠਦੀ ਹੈ, ਕਿਸੇ ਵਿਚ ਬਹੁਤੀ ਕਿਸੇ ਵਿਚ ਥੋੜੀ। ਆਪਣੇ ਜੀਵਨਾਂ ਉਤੇ ਪੜਤਾਲੀ ਨਜ਼ਰ ਰਖਣ ਵਾਲੇ ਖੋਜੀ ਤੇ ਖ਼ਬਰਦਾਰ ਬੰਦੇ ਵੇਖ ਸਕਦੇ ਹਨ ਕਿ ਕਿਵੇਂ ਸਰੀਰ ਉਤੇ ਰੁਤਾਂ ਦੇ -- ਸਰਦੀ ਗਰਮੀ ਅੱਡਰੀ ਛੱਡ ਕੇ -- ਅਸਰ ਹੁੰਦੇ ਹਨ। ਬਹਾਰ ਦੀ ਰੁਤੇ ਆਮ ਤੌਰ ਤੇ ਕਿਉਂਕਿ ਹਰ ਜਾਨਦਾਰ ਵੇਗ ਵਿਚ ਆਉਂਦਾ ਹੈ। ਨਵੇਂ ਮਨਸੂਬੇ ਬੜੇ ਘੜੇ ਜਾਂਦੇ ਹਨ, ਨਵੇਂ ਕੰਮ ਅਰੰਭ ਹੁੰਦੇ ਹਨ, ਮੌਦੇ ਵਧੇਰੇ ਹੁੰਦੇ ਹਨ, ਵਿਆਹ ਸ਼ਾਦੀਆਂ, ਮੇਲ ਜੋਲਾਂ, ਯਾਰੀਆਂ ਦੋਸਤੀਆਂ ਦੇ ਉਪਾਇ ਵਧ ਹੁੰਦੇ ਹਨ।
ਮਨੁੱਖੀ ਉਲਾਸ ਨੂੰ ਡਕ ਕੇ ਰੱਖਣਾ ਭੀ ਚੰਗਾ ਨਹੀਂ। ਹਰ ਇਕ ਕੁਦਰਤੀ ਉਮੰਗ ਤੇ ਰੌ ਲਈ ਪ੍ਰਫੁਲਤ ਹੋ ਕੇ ਖਿੜਨ ਦਾ ਮੌਕਾ ਚਾਹੀਦਾ ਹੈ। ਜਿਸ ਤਰਹ ਮਨੁੱਖ ਦੀ ਸਰੀਰਕ ਸ਼ਕਤੀ ਦੀ ਵਰਤੋਂ ਲਈ ਥਾਂ ਤੇ ਸਮਾਂ ਚਾਹੀਦਾ ਹੈ ਏਸੇ ਤਰਹ ਬਹਾਰ ਦੇ ਅਸਰ ਨੂੰ ਜੋ ਆਦਮੀ ਇਸਤਰੀ ਉਤੇ ਅਵੱਸ਼ ਹੁੰਦਾ ਹੈ ਕੁਦਰਤੀ ਤੇ ਯੋਗ ਰਾਹ ਨਿੱਕਲਣ ਤੇ ਵਗਣ ਲਈ ਅਵਸਰ ਮਿਲਣਾ ਚਾਹੀਦਾ ਹੈ। ਬਹਾਰ ਰੁੱਤ ਦੇ ਜਿੰਨੇ ਦਿਨ ਤਿਉਹਾਰ ਹਨ ਸਭ ਦਾ ਏਹੋ ਆਸ਼ਾ ਹੈ। ਧਰਮ ਤੇ ਸ਼ਰਮ ਦੇ ਠੇਕੇਦਾਰ ਮੁਲਾਣੇ ਭਾਈ ਤੇ ਬ੍ਰਾਮਣ ਭਾਵੇਂ ਕੁਛ ਕਹਿਣ ਮਨੁੱਖੀ ਸਰੀਰ ਕੁਦਰਤ ਦੇ ਸਾਂਚੇ ਤੋਂ ਬਾਹਰ ਨਹੀਂ ਹੋ ਸਕਦਾ ਤੇ ਕੁਦਰਤ ਸਾਲ ਵਿਚ ਇਕ ਵਾਰ ਜ਼ਰੂਰ ਠਾਠਾਂ ਦੀ ਸ਼ਕਲ ਵਿਚ ਹਰ ਜੀਵ ਹਰ ਸਰੀਰ ਵਿਚ ਉਠਦੀ ਹੈ ਏਨ੍ਹਾਂ ਠਾਠਾਂ ਨੂੰ ਲੁਕਾ ਕੇ ਦੱਬੀ ਰੱਖੋ ਯਾ ਸਰੀਰ ਫੁੱਟੇਗਾ ਤੇ ਯਾ ਅੱਗੇ ਨੂੰ ਸਰੀਰ ਵਿਚ ਬਹਾਰ ਮੰਨਣ ਦੀ ਸ਼ਕਤੀ ਨਹੀਂ ਰਹੇਗੀ। ਹੋਲੀ ਇਕ ਬੜਾ ਸੁਆਦਲਾ ਰੰਗੀਨ ਮੌਕੇ ਵਾਲਾ ਤੇ ਬਹਾਰ ਮਨਾਉਣ ਦਾ ਦਿਨ ਹੈ, ਮਨੁੱਖ ਤੇ ਇਸਤ੍ਰੀ ਦੋਹਾਂ ਲਈ ਖੁਲ੍ਹਾ ਹੈ। ਇਸ ਵਿਚ ਇਕ ਤਰਹ ਸਮਾਜ ਨੇ ਆਗਿਆ ਦੇ ਦਿਤੀ ਹੈ ਕਿ ਨਿਸੰਗ ਬਾਉਰੇ ਤੇ ਆਪੇ ਤੋਂ ਬਾਹਰ ਹੋ ਜਾਓ। ਉਹ ਬੰਦਾ ਵੀ ਕੀ ਹੋਇਆ ਜੋ ਸਾਲ ਵਿਚ ਕਦੇ ਕਦਾਈਂ ਆਪਣੇ ਮੱਥੇ ਦਾ ਵਟ, ਦਿਲ ਦੀ ਘੁੰਡੀ, ਊਚ, ਨੀਚ, ਦੇ ਫਸਤਿਆਂ, ਪਵਿਤ੍ਰ ਅਪਵਿਤ੍ਰ ਦੇ ਜੰਜਾਲਾਂ ਨੂੰ ਤੋੜ ਭੰਨ ਕੇ ਆਪਣਾ ਆਪ ਭੁੱਲ ਨਾ ਸਕੇ, ਖਾਸ ਕਰ ਉਸ ਰੁੱਤ ਵਿਚ ਜਦ ਕੁਦਰਤ ਆਪ ਮਾਨੋਂ ਟੁੰਬ ਟੁੰਬ ਕੇ ਖਿੜਾ ਹਸਾ ਤੇ ਚੂੰਢੀਆਂ ਵਢ ਰਹੀ ਹੋਵੇ। ਜਿਸ ਸਰੀਰ ਨੂੰ ਬਹਾਰ ਦੀ ਰੁੱਤੇ ਬਸੰਤ ਰਾਗ ਦਾ ਅਸਰ ਨਾੜਾਂ ਵਿਚ ਨੱਚਦਾ ਨਹੀਂ ਭਾਸਿਆ, ਉਸ ਨੂੰ ਤੁਰਤ ਕਿਸੇ ਚੰਗੇ ਵੈਦ ਕੋਲ ਪਹੁੰਚ ਕੇ ਇਲਾਜ ਕਰਾਉਣਾ ਚਾਹੀਦਾ ਹੈ। ਜਿਸ ਨੱਢੀ ਦਾ ਬਹਾਰ ਵਿਚ ਕਿਸੇ ਇਕ ਦਿਨ ਵੀ ਘੁੰਡ ਚੁਕ ਕੇ ਚੁਰੱਸਤੇ ਵਿਚ ਨਚਣ ਨੂੰ ਜੀ ਨਹੀਂ ਕੀਤਾ, ਉਸ ਨੂੰ ਆਪਣਾ ਫ਼ਿਕਰ ਕਰਨਾ ਚਾਹੀਦਾ ਹੈ। ਧਰਮਾਂ ਦੇ ਨਵੇਂ ਮਨ ਮਾਰੂ ਰਵਾਜ ਹੁਣ ਚੱਲੇ ਹਨ। ਆਖ਼ਰ ਅਸੀਂ ਓਨ੍ਹਾਂ ਵਿਚੋਂ ਹੀ ਹਾਂ ਜੋ ਉਚੇ ਭੈ ਭੀਤ ਕਰਨ ਵਾਲੇ ਪਹਾੜਾਂ, ਵਗਦੀਆਂ ਨਦੀਆਂ, ਜੰਗਲਾਂ ਦੀਆਂ ਅੱਗਾਂ, ਜੁਆਲਾ ਮੁਖੀਆਂ ਤੇ ਬਿਰਛ-ਉਖੇੜੂ ਹਵਾਵਾਂ ਨੂੰ ਪੂਜਿਆ ਕਰਦੇ ਸਨ। ਕੇਡੇ ਚੰਗੇ ਧਰਮ ਸਨ ਜੋ ਸ਼ਕਤੀਆਂ ਅਗੇ ਨਿਉਣਾ ਸਿਖਾਂਦੇ ਸਨ। ਤੇ ਅੱਜ ਸਾਨੂੰ ਸਿਖਾਇਆ ਜਾਂਦਾ ਹੈ ਕਿ ਹੋਲੀ ਨਾ ਖੇਡੋ, ਰੰਗ ਨਾ ਉਡਾਓ, ਤਿਉਹਾਰ ਨਾ ਮਨਾਓ; ਖਾਸ ਕਰ ਜਦ ਕੁਦਰਤ ਦੋਹੀਂ ਹੱਥੀਂ ਸਾਡੇ ਘਰ ਦਰ ਅੱਖੀਆਂ ਤੇ ਮਨਾਂ ਨੂੰ ਰੰਗਾਂ ਦੌਲਤਾਂ ਤੇ ਖੁਸ਼ੀਆਂ ਨਾਲ ਪੂਰ ਰਹੀ ਹੈ।