Lal Singh Kamla Akali
ਲਾਲ ਸਿੰਘ ਕਮਲਾ ਅਕਾਲੀ

ਲਾਲ ਸਿੰਘ ਕਮਲਾ ਅਕਾਲੀ (1889 - 1977) ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਇਹਨਾਂ ਨੂੰ “ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ। ਇਹਨਾਂ ਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ। 1920-21 ਵਿੱਚ ਅਕਾਲੀ ਲਹਿਰ ਲਈ ਆਪ ਨੇ ਇੱਕ ਪੈਂਫਲਿਟ ਲਿਖਿਆ ਸੀ ਜਿਸ ਦਾ ਨਾਂ “ਕਮਲਾ ਅਕਾਲੀ” ਸੀ। ਉਸ ਪੈਂਫਲਿਟ ਕਾਰਨ ਹੀ ਆਪ ਦੇ ਨਾਂ ਨਾਲ “ਕਮਲਾ ਅਕਾਲੀ” ਪ੍ਰਸਿੱਧ ਹੋ ਗਿਆ। ਇਹਨਾਂ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਪਿੰਡ ਭਨੋਹੜ ਵਿੱਚ ਭਗਵਾਨ ਸਿੰਘ ਦੇ ਘਰ ਹੋਇਆ। ਲਾਲ ਸਿੰਘ ਨੇ ਅਧਿਆਪਕ ਵਜੋਂ, ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਦੇ ਕਰਮਚਾਰੀ ਵਜੋਂ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਨੂੰਨੀ ਸਲਾਹਕਾਰ ਵਜੋਂ ਨੌਕਰੀਆਂ ਕੀਤੀਆਂ। ਪੰਜਾਬ ਵਿੱਚ ਇੱਕ ਵਾਰ ਐਮ.ਐਲ.ਏ. ਅਤੇ ਰੋਜ਼ਾਨਾ ਉਰਦੂ ਅਜੀਤ ਦੇ ਮੁੱਖ ਸੰਪਾਦਕ ਵੀ ਰਹੇ। ਇਸ ਤੋਂ ਬਾਅਦ ਇਹਨਾਂ ਨੇ ਖੇਤੀ ਦੇ ਨਾਲ ਨਾਲ ਲੁਧਿਆਣਾ ਵਿੱਚ ਵਕਾਲਤ ਵੀ ਕੀਤੀ।
ਇਹਨਾਂ ਦੀਆਂ ਰਚਨਾਵਾਂ ਹਨ : ਮੇਰਾ ਵਿਲਾਇਤੀ ਸਫ਼ਰਨਾਮਾ, ਮੌਤ ਰਾਣੀ ਦਾ ਘੁੰਡ, ਜੀਵਨ ਨੀਤੀ, ਸੈਲਾਨੀ ਦੇਸ਼-ਭਗਤ, ਮਨ ਦੀ ਮੌਜ, ਮੇਰਾ ਆਖ਼ਰੀ ਸਫ਼ਰਨਾਮਾ - 1980, "ਕਥਨੀ ਊਰੀ ਤੇ ਕਰਨੀ ਪੂਰੀ", "ਭਾਰਤ ਦੇ ਭਰਪੂਰ ਭੰਡਾਰੇ", "ਸਰਬ ਲੋਹ ਦੀ ਵਹੁਟੀ"।