Bahuroopia (Story in Punjabi) : Ram Lal

ਬਹੁਰੂਪੀਆ (ਕਹਾਣੀ) : ਰਾਮ ਲਾਲ

ਜੇ ਵਾਲਟਰ ਨੇ ਆਪਣੇ ਠਿਕਾਣੇ 'ਤੇ ਪੁਜ ਕੇ ਕੁਝ ਤਾਂ ਕੋਲੇ ਦੀ ਤਪਸ਼ ਨਾਲ ਤੇ ਕੁਝ ਭਾਫ਼ ਦੀ ਨਮੀ ਨਾਲ ਭਿੱਜੀ ਹੋਈ ਇੰਜਨ ਡਰਾਈਵਰਾਂ ਵਾਲੀ ਆਪਣੀ ਖਾਸ ਟੋਪੀ ਵਿਚ ਉਂਗਲ ਪਾ ਕੇ ਘੁੰਮਾਉਂਦੇ ਹੋਏ ਕਿਹਾ—
“ਕੱਲ੍ਹ ਸਾਢੇ ਬਾਰਾਂ ਵਜੇ।”
ਫ਼ਾਇਰਮੈਨ ਨੇ ਸਤਿਕਾਰ ਨਾਲ ਪੁੱਛਿਆ, “ਕਲ੍ਹ ਸਾਹਿਬ?” ਤੇ ਵਾਲਟਰ ਨੇ ਕਲ਼-ਪਰਜਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਇਕ ਦਮ ਸਫ਼ਾਈ।”
“ਬਿਲਕੁਲ ਠੀਕ ਸਾਹਿਬ।” ਫ਼ਾਇਰਮੈਨ ਨੇ ਮੁਬਕਰਾਉਂਦੇ ਹੋਏ ਕਿਹਾ, “ਇੰਜਨ ਸ਼ੈੱਡ ਵਿਚ ਜਵੇਗਾ ਤੇ ਸਾਹਿਬ...?”
“ਯੂ ਡਰਟੀ ਡਾਗ।” ਵਾਲਟਰ ਨੇ ਹੱਸਦੇ ਹੋਏ ਕਿਹਾ, “ਤੁਮ ਸਬ ਜਾਨਤਾ।” ਤੇ ਫੇਰ ਅੰਗਰੇਜ਼ੀ ਧੁਨ ਵਿਚ ਸੀਟੀ ਵਜਾਉਣ ਲੱਗਾ। ਦੂਜੇ ਫ਼ਾਇਰਮੈਨ ਨੇ ਉਸ ਨੂੰ ਬੋਤਲ ਫੜਾਉਂਦੇ ਹੋਏ ਕਿਹਾ, “ਆਪਕਾ ਕੋਇਲਾ ਪਾਨੀ ਸਾਹਿਬ...”
“ਥੈਂਕ ਯੁ ਮਾਈ ਬੁਆਏ।” ਵਾਲਟਰ ਨੇ ਟਿਕਟਿਕੀ ਲਾ ਕੇ ਬੋਤਲ ਨੂੰ ਦੇਖਿਆ, “ਜਬ ਯੇ ਠੀਕ ਮਾਫ਼ਕ ਹੋ ਤੋ ਆਦਮੀ ਐਕਸਪ੍ਰੈਸ ਛੋੜ ਮੇਲ ਇੰਜਨ ਕੀ ਸਪੀਡ ਪਕੜਤਾ ਹੈ।”
“ਔਰ ਜੰਕਸ਼ਨ ਪਰ ਹੀ ਠਹਿਰਤਾ ਹੈ।” ਫ਼ਾਇਰਮੈਨ ਨੇ ਛੇੜਦੇ ਹੋਏ ਕਿਹਾ, “ਛੋਟਾ ਸਟੇਸ਼ਨ ਤੋ ਨਜ਼ਰ ਹੀ ਨਹੀਂ ਆਤਾ।”
“ਐਕਸੀਡੈਂਟ ਕਾ ਖ਼ਤਰਾ ਤੋ ਨਹੀਂ ਸਾਹਿਬ?” ਦੂਜੇ ਫ਼ਾਇਰਮੈਨ ਨੇ ਵਾਲਟਰ ਸਾਹਿਬ ਦੇ ਬੇਡੌਲ ਜਿਹੇ ਸਰੀਰ 'ਤੇ ਨਜ਼ਰ ਮਾਰਦੇ ਹੋਏ ਕਿਹਾ।
“ਓ-ਨੋ।” ਵਾਲਟਰ ਦੇ ਲਹਿਜੇ ਵਿਚ ਸਵੈ-ਵਿਸ਼ਵਾਸ ਦੀ ਘਾਟ ਸੀ, ਪਰ ਉਸ ਨੂੰ ਯਕੀਨ ਸੀ ਕਿ ਇਹਨਾਂ ਇਲਾਕਿਆਂ ਵਿਚ ਉਸ ਦੀ ਬਰਾਦਰੀ ਦੀ ਇਤਨੀ ਕਮੀ ਹੈ ਕਿ ਉਸ ਨੂੰ ਆਪਣੀ ਮੰਜ਼ਲ ਜ਼ਰੂਰ ਮਿਲ ਜਾਵੇਗੀ। ਪਰ ਪਤਾ ਨਹੀਂ ਕਿਉਂ ਉਹ ਵੀ ਕਦੀ ਕਦੀ ਬੇਚੈਨ ਹੋ ਜਾਂਦਾ ਸੀ ਜਿਵੇਂ ਉਹ ਆਪ ਵੀ ਉਸ ਦੇ ਯੋਗ ਨਾਲ ਹੋਵੇ।
ਉਹ ਪਤਲੀ ਪਤੰਗ ਸੀ ਤੇ ਉਹ ਆਪ ਭਾਰੀ ਤੇ ਬੋਝਲ ਸਰੀਰ ਵਾਲਾ ਸੀ। ਛੇ ਫੁੱਟ ਉੱਚੇ ਤੇ ਦੋ ਸੌ ਪੌਂਡ ਦੇ ਸਰੀਰ ਵਿਚ ਇਕ ਅਜਿਹਾ ਫੜਕਦਾ ਦਿਲ ਸੀ ਜਿਸ ਨੂੰ ਪਿਛਲੇ ਪੰਜਤਾਲੀ ਸਾਲਾਂ ਵਿਚ ਕੋਈ ਅਪਣਾ ਨਹੀਂ ਸੀ ਸਕਿਆ। ਪੰਦਰਾਂ ਸਾਲ ਉਹ ਇੰਜਨ ਦੇ ਵੱਖ-ਵੱਖ ਪੜਾਅ ਤੈਅ ਕਰਦਾ ਰਿਹਾ ਤੇ ਇਸ ਸਮੇਂ ਦੇ ਦੌਰਾਨ ਉਸ ਨੇ ਪਿਆਰ ਕੀਤਾ ਤਾਂ ਸਿਰਫ ਕਲ਼ ਪੁਰਜਿਆਂ ਨਾਲ।
ਉਸ ਦਾ ਆਪਣੇ ਭੂਤ ਨਾਲ ਕੋਈ ਵਾਸਤਾ ਨਹੀਂ ਸੀ। ਉਸ ਨੂੰ ਆਪਣੇ ਭਵਿੱਖ ਦਾ ਵੀ ਕੋਈ ਫ਼ਿਕਰ ਨਹੀਂ ਸੀ। ਵਰਤਮਾਨ ਵਿਚ ਹੀ ਉਸਦੀ ਤਰੱਕੀ ਹੋਈ ਸੀ ਤੇ ਇਸ ਉੱਨਤੀ ਦੇ ਪਿੱਛੋਂ ਹੀ ਰੇਲਵੇ ਕੱਲਬ ਦੇ ਸਾਲਾਨਾ ਜਲਸੇ ਵਿਚ ਸੋਜ਼ੀ ਨਾਲ ਉਸਦੀ ਮੁਲਾਕਾਤ ਹੋਈ ਸੀ। ਜੋ ਰੇਲਵੇ ਹਸਪਤਾਲ ਵਿਚ ਨਰਸ ਸੀ। ਚੌਵੀ-ਪੰਝੀ ਸਾਲਾਂ ਦੀ ਮੁਟਿਆਰ ਜਿਹੜੀ ਦਿਮਾਗ਼ੀ ਤੌਰ 'ਤੇ ਜਵਾਨ ਸੀ, ਪਰ ਸਰੀਰਕ ਤੌਰ 'ਤੇ ਅੱਧਖੜ।
ਪਿਛਲੇ ਪੰਜ-ਛੇ ਸਾਲ ਤੋਂ ਉਹ ਆਪ੍ਰੇਸ਼ਨ ਥੇਟਰ ਤੇ ਹਸਪਤਾਲ ਦੇ ਚਿਕਨੇ ਫਰਸ਼ ਤੇ ਪਲੀ ਤੇ ਜਵਾਨ ਹੋਈ ਸੀ। ਉਸਨੇ ਏਨੀਆਂ ਆਹਾਂ ਤੇ ਚੀਕਾਂ ਸੁਣੀਆ ਸਨ ਕਿ ਧੜਕਦੇ ਦਿਲ ਦੀ ਠੰਡੀ ਆਹ ਤੇ ਲੰਮੇ ਹਉਕੇ ਉਸ ਲਈ ਬੇਅਰਥ ਹੋ ਚੁੱਕੇ ਸਨ।
'ਸਿਸਟਰ' ਸ਼ਬਦ ਉਸਦੇ ਮਨ ਵਿਚ ਏਨਾ ਘਰ ਕਰ ਚੁੱਕਿਆ ਸੀ ਕਿ ਹੁਣ ਸ਼ਬਦ 'ਡਾਰਲਿੰਗ' ਦੀ ਲੋੜ ਨਹੀਂ ਸੀ ਰਹੀ। ਨਾਪੇ-ਤੋਲੇ ਤੇ ਨਿਸ਼ਚਿਤ ਕੰਮ ਕਾਜ ਉਸਦਾ ਨਿੱਤਪ੍ਰਤੀ ਦਾ ਜੀਵਨ ਸੀ। ਹਲਕੀ ਜਿਹੀ ਮੁਸਕਰਾਹਟ ਜਿਸ ਵਿਚ ਹਮਦਰਦੀ ਜ਼ਰੂਰੀ ਸੀ। ਪਰ ਇਸ ਦਾ ਅਰਥ ਗ਼ਲਤ ਨਹੀਂ ਸੀ ਲਿਆ ਜਾ ਸਕਦਾ। ਉਸਨੇ ਦਿਮਾਗ਼ੀ ਤੌਰ 'ਤੇ ਆਪਣੇ ਲਈ ਦੋ ਮੂਰਤੀਆਂ ਚੁਣ ਲਈਆਂ ਸਨ : 'ਕੰਵਾਰੀ ਮਰੀਅਮ' ਤੇ 'ਲਾਰੰਸ ਨਾਈਟਿੰਗੇਲ'। ਪਰ ਪਿਛਲੇ ਛੇ ਮਹੀਨਿਆਂ ਤੋਂ ਉਸਦੀ ਕਾਇਆ ਹੀ ਪਲਟ ਗਈ ਸੀ।
ਸਟੇਸ਼ਨ ਦੇ ਨੇੜੇ ਖਲੋ ਕੇ ਭੂਸ਼ੀ ਨੇ ਸੋਚਿਆ 'ਸਾਹਿਬ ਅਜੇ ਤਕ ਨਹੀਂ ਆਇਆ।'
ਤੇ ਫੇਰ...
ਉਸਦੇ ਮਨ 'ਚ ਮਨ ਸ਼ੰਕਾ ਉਠੀ—'ਹੇ ਪ੍ਰਮਾਤਮਾ, ਕਿਤੇ ਗੱਡੀ ਦਾ ਐਕਸੀਡੈਂਟ ਨਾ ਹੋ ਗਿਆ ਹੋਵੇ!'
ਉਹ ਰਿਕਸ਼ਾ ਡਰਾਈਵਰ ਹੋਣ ਕਰਕੇ ਦੁਰਘਟਨਾ ਤੋਂ ਬੜਾ ਡਰਦਾ ਸੀ, ਤੇ ਜਾਣਦਾ ਸੀ ਕਿ ਦੁਰਘਟਨਾ ਹੁੰਦੇ ਦੇਰ ਨਹੀਂ ਲੱਗਦੀ। ਕਈ ਵਾਰ ਰਾਹ ਚਲਦੇ ਲਪੇਟ ਵਿਚ ਆ ਜਾਂਦੇ ਨੇ। ਟੱਕਰ ਖਾਣ ਵਾਲਾ ਤੇ ਮਾਰਨ ਵਾਲਾ ਦੋਵੇਂ ਹੀ ਨਹੀਂ ਜਾਣਦੇ ਹੁੰਦੇ ਕਿ ਕਸੂਰਵਾਰ ਕੌਣ ਹੈ। ਵਾਲਟਰ ਤੇ ਉਸਦਾ ਪਿਛਲੇ ਛੇ ਮਹੀਨੇ ਦਾ ਰਿਸ਼ਤਾ ਸੀ।
ਜਦੋਂ ਸਾਹਿਬ ਪਹਿਲੀ ਵੇਰ ਆਇਆ ਸੀ ਤਾਂ ਉਸ ਦੇ ਰਿਕਸ਼ੇ 'ਤੇ ਬੈਠਿਆ ਸੀ, ਉਦੋਂ ਤੋਂ ਹੀ ਹਰ ਸ਼ਨਿਚਰਵਾਰ ਦੀ ਸ਼ਾਮ ਨੂੰ ਉਸ ਦਾ ਫ਼ਰਜ਼ ਸੀ ਕਿ ਉਹ ਸਾਹਿਬ ਦੀ ਉਡੀਕ ਕਰੇ, ਮੇਮ ਸਾਹਿਬ ਪਾਸ ਪਹੁੰਚਾਏ ਤੇ ਅੱਧੀ ਰਾਤ ਪਿੱਛੋਂ ਉਸ ਨੂੰ ਚੁੱਕੇ ਰਿਕਸ਼ੇ 'ਤੇ ਪਾਏ ਤੇ ਰੈਸਟ ਰੂਮ ਵਿਚ ਲਿਜਾ ਕੇ ਮੰਜੀ ਉੱਤੇ ਲਿਟਾ ਦਵੇ। ਇਸ ਤਿਕੜੀ ਦਾ ਆਪੋ ਵਿਚ ਏਨਾ ਡੂੰਘਾ ਸੰਬੰਧ ਸੀ ਕਿ ਕਿਸੇ ਨੂੰ ਇਕ ਦੂਜੇ ਦੇ ਕਹਿਣ ਸੁਣਨ ਦੀ ਲੋੜ ਹੀ ਨਹੀਂ ਸੀ।
“ਸਾਹਿਬ” ਭੂਸ਼ੀ ਮੁਸਕਰਾਇਆ। ਉਹ ਵਾਲਟਰ ਨਾਲੋਂ ਕੱਦ ਤੇ ਵਚਨ ਦੋਵਾਂ ਵਿਚ ਹੀ ਘੱਟ ਸੀ। ਪਰ ਕਈ ਸਾਲਾਂ ਦੀ ਮਿਹਨਤ ਤੇ ਉਠਦੀ ਜਵਾਨੀ ਨੇ ਸਰੀਰ ਦੇ ਪੱਠਿਆਂ ਨੂੰ ਫ਼ੌਲਾਦ ਬਣਾ ਦਿੱਤਾ ਸੀ ਤੇ ਹੁਣ ਤਾਂ ਉਹ ਢਾਈ ਮਨ ਦੇ ਸਾਹਿਬ ਨੂੰ ਚੁੱਕਣ ਦਾ ਇੰਜ ਆਦੀ ਹੋ ਗਿਆ ਸੀ ਜਿਵੇਂ ਦਾਣਾ ਮੰਡੀ ਦਾ ਮਾੜਚੂ ਜਿਹਾ ਮਜਦੂਰ ਵਜਨੀ ਬੋਰੀ ਨੂੰ ਮੋਢਿਆਂ ਤੇ ਇਸ ਤਰ੍ਹਾਂ ਚੁੱਕਦਾ ਹੈ ਜਿਵੇਂ ਉਸ ਵਿਚ ਰੂੰ ਭਰੀ ਹੋਵੇ। ਰੂੰ ਦੇ ਖ਼ਿਆਲ ਉੱਤੇ ਭੂਸਣ ਮੁਸਕਰਾ ਪਿਆ।
“ਥੁਲ-ਥੁਲ, ਪਿਲ-ਪਿਲ।”
ਉਹ ਆਪਣੇ ਭੂਤ ਨੂੰ ਭੁੱਲ ਚੁੱਕਿਆ ਸੀ। ਉਹ ਕਿਸੇ ਨੂੰ ਇਹ ਕਿਵੇਂ ਵਿਸ਼ਵਾਸ ਦਿਵਾਉਂਦਾ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਸਰਗੋਧਾ ਜ਼ਿਲੇ ਦੇ ਉਪਜਾਊ ਇਲਾਕੇ ਵਿਚ ਉਹਨਾਂ ਦੇ ਰਹਿਟ ਚਲਦੇ ਸਨ, ਜਿਹੜੇ ਕਪਾਹ ਦੇ ਢੇਰਾਂ ਉੱਤੇ ਉਹ ਖੇਡਦਾ ਹੁੰਦਾ ਸੀ ਤੇ ਥਲ ਦੀ ਨਰਮ ਰੇਤ ਉੱਤੇ ਉਸਦੀ ਊਠਣੀ ਦੇ ਪੈਰਾਂ ਦੇ ਨਿਸ਼ਾਨ ਕਿੰਨੇ ਡੂੰਘੇ ਤੇ ਸਪਸ਼ਟ ਹੁੰਦੇ ਸਨ। ਲੰਮੇ ਕੁੜਤੇ ਖੜ-ਖੜ ਕਰਦੇ ਚਾਦਰੇ ਤੇ ਸਲੀਮਸ਼ਾਹੀ ਜੁੱਤੀ ਪਾ ਕੇ ਲੋਕ ਕਿੰਨੇ ਸਜੀਲੇ ਤੇ ਸੁਣੱਖੇ ਲੱਗਦੇ ਸਨ।
ਤੇ ਫੇਰ—
ਭੂਸ਼ੀ ਨੂੰ ਆਪਣੀ ਮੈਲੀ ਖਾਕੀ ਪਤਲੂਨ ਤੇ ਤੀਵੀਆਂ ਤੇ ਆਦਮੀਆਂ ਦੀਆਂ ਅਨੋਖੀਆਂ ਤਸਵੀਰਾਂ ਵਾਲੀ ਪ੍ਰਿੰਟ ਬੁਸ਼ਰਟ 'ਤੇ ਗੁੱਸਾ ਆ ਗਿਆ। ਇਹ ਬੁਸ਼ਟਰ ਉਸ ਨੂੰ ਵਾਲਟਰ ਸਾਹਿਬ ਨੇ ਦਿੱਤੀ ਸੀ।
ਉਹ ਇਕੱਲਾ ਹੀ ਇਧਰ ਆਇਆ ਸੀ। ਪਿਛਲੇ ਬਾਰਾਂ ਤੇਰਾਂ ਸਾਲਾਂ ਵਿਚ ਉਹ ਉਹਨਾਂ ਤੋਂ ਪਿਛਲੇ ਬਾਰਾਂ ਤੇਰਾਂ ਸਾਲਾਂ ਨੂੰ ਉਕਾ ਹੀ ਭੁੱਲ ਗਿਆ ਸੀ। ਉਹ ਕੌਣ ਸੀ? ਇਹ ਉਸਨੂੰ ਚੇਤੇ ਰੱਖਣ ਦੀ ਲੋੜ ਨਹੀਂ ਸੀ—ਕੌਣ ਪੁੱਛਦਾ ਹੈ? ਪਰ ਕਦੀ ਕਦੀ ਯਾਦਾਂ ਦੇ ਟਿਮਟਿਮਾਉਂਦੇ ਦੀਵੇ ਬਲ ਉਠਦੇ ਸਨ। ਉਸ ਦੇ ਪਿਤਾ ਦੀ ਕਿੰਨੀ ਪ੍ਰਬਲ ਇੱਛਾ ਸੀ ਕਿ ਉਹ ਸ਼ਾਹਪੁਰ ਕਾਲਜ ਵਿਚ ਪੜ੍ਹੇ ਜਿੱਥੇ ਟਿਵਾਨ, ਇਵਾਨ, ਬਦਯਾਲ ਪੜ੍ਹਦੇ ਸਨ, ਹੁਣ ਵੀ ਕਦੀ ਕਦੀ ਮੌਕਾ ਮਿਲਦਾ ਤਾਂ ਉਹ ਏਧਰੋਂ ਉਧਰੋਂ ਕਿਤਾਬਾਂ ਲੈ ਲੈਂਦਾ। ਅਮਲੀ ਤੌਰ 'ਤੇ ਨਾ ਸਹੀ, ਦਿਮਾਗ਼ੀ ਤੌਰ 'ਤੇ ਉਹ ਆਪਦੇ ਪਿਤਾ ਦੀ ਖ਼ਾਹਸ਼ ਨੂੰ ਆਪਣੇ ਤੋਂ ਕਦੀ ਦੂਰ ਨਹੀਂ ਕਰ ਸਕਿਆ।
ਹੁਣ ਵੀ ਉਸਦੇ ਚਿਹਰੇ 'ਤੇ ਜ਼ਿਮੀਂਦਾਰੀ ਸ਼ਾਨ ਦੇ ਚਿੰਨ੍ਹ ਮੌਜੂਦ ਸਨ। ਗਰੀਬੀ ਤਨ ਢੱਕਣ ਦਾ ਕੱਪੜਾ ਤਾਂ ਖੋਹ ਸਕਦੀ ਹੈ, ਪਰ ਤਨ ਨਹੀਂ ਖੋਹ ਸਕਦੀ। ਖ਼ੂਬਸੂਰਤੀ ਅਮੀਰੀ ਦਾ ਵਿਰਸਾ ਨਹੀਂ ਤੇ ਵਕਤ ਥੁੜਾਂ ਤਾਂ ਪੈਦਾ ਕਰ ਸਕਦਾ ਹੈ ਦਰਿਆ ਦਿਲੀ ਨੂੰ ਖ਼ਤਮ ਨਹੀਂ ਕਰ ਸਕਦਾ। ਭੂਸ਼ਣ ਵਿਚ ਇਹ ਦੋਵੇਂ ਗੁਣ ਪੂਰੀ ਤਰ੍ਹਾਂ ਮੌਜੂਦ ਸਨ।
“ਭੂ...ਸ਼ੀ ਡਾਰਲਿੰਗ।” ਵਾਲਟਰ ਸਾਹਿਬ ਇੱਥੋਂ ਹੀ ਡਾਰਲਿੰਗ ਦੀ ਗਰਦਾਨ ਸ਼ੁਰੂ ਕਰ ਦੇਂਦਾ। ਜਿੰਨਾ ਵੱਡਾ ਸਾਹਿਬ ਦਾ ਸਰੀਰ ਸੀ ਓਨਾਂ ਵੱਡਾ ਦਿਲ ਵੀ ਸੀ। ਉਸਨੂੰ ਹਰ ਚੀਜ਼ ਨਾਲ ਪਿਆਰ ਸੀ। ਇੰਜਨ ਤੋਂ ਲੈ ਕੇ ਸੋਜ਼ੀ ਤਕ ਤੇ ਭੂਸ਼ੀ ਵੀ ਉਸਦੇ ਇਸ ਰੁਮਾਂਸ ਦਾ ਇਕ ਹਿੱਸਾ ਸੀ ਤੇ ਇਕ ਬਹੁਤ ਹੀ ਅਹਿਮ ਪੁਲ, ਜੋ ਦੋ ਕੰਢਿਆਂ ਨੂੰ ਮਿਲਾਉਂਦਾ ਸੀ। ਦੋ ਕਿਨਾਰੇ ਜਿਹੜੇ ਇਕ ਦੂਜੇ ਦੇ ਨੇੜੇ ਰਹਿ ਕੇ ਵੀ ਨਾਲੋ ਨਾਲ ਚੱਲ ਕੇ ਵੀ ਹਮੇਸ਼ਾ ਇਕ ਦੂਜੇ ਦਾ ਮੂੰਹ ਤੱਕਦੇ ਰਹਿੰਦੇ ਸਨ, ਪਰ ਉਹਨਾਂ ਨੂੰ ਮਿਲਾਪ ਨਸੀਬ ਨਹੀਂ ਸੀ ਹੁੰਦਾ।
“ਸਾਹਿਬ” ਭੂਸ਼ਣ ਦੇ ਚਿਹਰੇ 'ਤੇ ਮੁਸਕੁਰਾਹਟ ਹੋਰ ਗੂੜ੍ਹੀ ਹੋ ਗਈ, “ਅੱਜ ਲੇਟ ਹੋ ਗਏ ਸਾਹਿਬ!”
“ਓਅ-ਲੇਟ...” ਵਾਟਰ ਸਾਹਿਬ ਨੇ ਜ਼ੋਰਦਾਰ ਠਹਾਕਾ ਹਵਾ ਵਿਚ ਖਿਲਾਰਦਿਆਂ ਹੋਇਆਂ ਕਿਹਾ, “ਓਵਰ ਟਾਈਮ ਮਿਲੇਗਾ, ਡਾਰਲਿੰਗ।” ਉਸਨੇ ਜੇਬ ਵਿਚ ਹੱਥ ਪਾ ਕੇ ਸਿੱਕਿਆਂ ਦੀ ਮੁੱਠੀ ਭਰੀ, “ਯੇ ਲੋ, ਭੂਸ਼ੀ ਡਾਰਲਿੰਗ।”
ਭੂਸੀ ਇਕਦਮ ਪਿੱਛੇ ਹਟ ਗਿਆ, “ਐਸਾ ਨਹੀਂ ਸਾਹਿਬ। ਐਸੇ ਕੋ ਲੇਟ ਨਹੀਂ ਬੋਲਤਾ ਹਮ ਤੋ ਭਗਵਾਨ ਸੇ ਪ੍ਰਾਰਥਨਾ ਕਰਤਾ ਥਾ ਕਿ ਗਾੜੀ...”
“ਓਅ।” ਵਾਲਟਰ ਨੇ ਭੂਸ਼ੀ ਦੀ ਪਿੱਠ ਥਾਪੜਦੇ ਹੋਏ ਕਿਹਾ, “ਅਰੇ ਗਾੜੀ ਤੋ ਹਮਾਰੇ ਬੱਚੋਂ ਕੇ ਮਾਫਕ ਹੈ, ਪੂਛ ਕੇ ਚਲਤਾ ਹੈ—ਇੰਜਨ, ਭੂਸ਼ੀ ਔਰ ਸੋਜ਼ੀ ਤੀਨੋ ਜਾਨਤਾ ਹੈ ਕਿ ਵਾਲਟਰ ਕਿਆ ਮਾਂਗਤਾ ਹੈ?” ਤੇ ਭੂਸ਼ਣ ਦਾ ਸੋਹਣਾ ਸਿਰ ਦੋਵੇਂ ਹੱਥਾਂ ਵਿਚ ਫੜ ਕੇ ਕਿਹਾ, ਠੀਕ?” “ਠੀਕ।” ਭੂਸ਼ਣ ਨੇ ਦੱਬਵੀਂ ਜਿਹੀ ਜ਼ਬਾਨ ਨਾਲ ਉਤਰ ਦਿੱਤਾ। ਵਾਲਟਰ ਸਾਹਿਬ ਦੇ ਹੱਥਾਂ ਵਿਚ ਪਿਆਰ ਸੀ। ਉਸਨੂੰ ਆਪਣਿਆਂ ਦਾ ਪਿਆਰ ਮਿਲਿਆਂ ਮੁੱਦਤ ਹੋ ਗਈ ਸੀ। ਉਹ ਚਾਹੁੰਦਾ ਸੀ ਕਿ ਸਾਹਿਬ ਆਪਣੇ ਹੱਥ ਨਾ ਹਟਾਵੇ। ਇਹਨਾਂ ਹੱਥਾਂ ਵਿਚ ਕਿੰਨੀ ਅਪਣੱਤ ਸੀ ਤੇ ਵਾਲਟਰ ਸਾਹਿਬ ਉਸਦੇ ਸਿਰ ਨੂੰ ਫੜ੍ਹ ਕੇ ਉਸਨੂੰ ਗਹੂ ਨਾਲ ਵੇਖ ਰਿਹਾ ਸੀ।
ਸਾਹਿਬ ਨੇ ਇਕ ਦਮ ਕਿਹਾ :
“ਭੂਸ਼ੀ ਯੂ ਆਰ ਬਿਊਟੀਫੁਲ—ਕਿਤਨਾ ਖ਼ੂਬਸੂਰਤ ਹੋ ਤੁਮ।” ਭੂਸ਼ੀ ਨੂੰ ਆਪਣਾ ਪਿਤਾ ਯਾਦ ਆ ਗਿਆ। ਜਿਹੜਾ ਜਦੋਂ ਵੀ ਉਸਨੂੰ ਆਪਣੇ ਨਾਲ ਲਿਜਾਂਦਾ ਸੀ ਤਾਂ ਉਸਦੇ ਮੱਥੇ ਉੱਤੇ ਕਾਲਾ ਟਿੱਕਾ ਜ਼ਰੂਰ ਲਾਉਂਦਾ ਹੁੰਦਾ ਸੀ। ਉਸਨੂੰ ਵੀ ਆਪਣੇ ਪੁੱਤਰ ਦੇ ਸੁਹੱਪਣ ਉੱਤੇ ਮਾਣ ਸੀ ਤੇ ਫੇਰ ਉਹ ਡਾਚੀ ਕੋਹਾਨ ਬਿਲਬਿਲਾਹਟ ਰੇਗਤਸਤਾਨ—ਜਿਵੇਂ ਹੀ ਵਾਲਟਰ ਸਾਹਿਬ ਨੇ ਹੱਥ ਹਟਾਏ ਉਸਨੂੰ ਪਹੀਏ ਨਜ਼ਰ ਆਏ। ਸਾਫ ਕਾਲੀ ਚਿਕਨੀ ਸੜਕ ਦਿਖਾਈ ਦਿੱਤੀ ਤੇ ਬਿਲਬਿਲਾਹਟ ਘੰਟੀ ਦੀ ਟਨ ਟਨ ਵਿਚ ਅਲੋਪ ਹੋ ਗਈ। ਉਹ ਭੁੜਕ ਕੇ ਗੱਦੀ ਉੱਤੇ ਜਾ ਬੈਠਾ।
“ਬਚ ਕੇ ਬਈ।”
ਉਸਦੇ ਮੂੰਹੋਂ ਆਪ-ਮੁਹਾਰੇ ਨਿਕਲਿਆ।
“ਕਿਆ ਬਚੇਗਾ? ਸਾਲੀ ਬਹੁਤ ਜ਼ਾਲਮ ਹੈ।” ਵਾਲਟਰ ਸਾਹਿਬ ਨੇ ਪੂਰੀ ਗੱਦੀ ਉੱਤੇ ਬੈਲੈਂਸ ਬਣਾਉਂਦਿਆਂ ਹੋਇਆਂ ਕਿਹਾ।
ਉਹ ਭੂਸ਼ੀ ਨਾਲ ਸੋਜ਼ੀ ਬਾਰੇ ਅਜਿਹੀਆਂ ਗੱਲਾਂ ਜ਼ਰੂਰ ਕਰਦਾ ਤੇ ਭੂਸ਼ੀ ਦੀਆਂ ਅੱਖਾਂ ਸਾਹਵੇਂ ਸੋਜ਼ੀ ਦਾ ਸਾਫ਼ ਮੁਲਾਇਮ, ਚਿੱਟਾ ਸਰੀਰ ਉਭਰ ਆਉਂਦਾ। ਉਸਦੀਆਂ ਨੀਲੀਆਂ ਅੱਖਾਂ ਵਿਚ ਕਿੰਨੀ ਗਹਿਰਾਈ ਸੀ ਤੇ ਸੁਨਹਿਰੀ ਲਹਿਰਾਉਂਦੇ ਵਾਲ ਇੰਜ ਜਾਪਦੇ ਸਨ ਜਿਵੇਂ ਕਣਕ ਦੇ ਖੇਤਾਂ ਵਿਚ ਪੱਕੀ ਹੋਈ ਫਸਲ ਹਵਾ ਵਿਚ ਲਹਿਰਾ ਰਹੀ ਹੋਵੇ।
ਭੂਸ਼ਣ ਦੇ ਸਰੀਰ ਵਿਚ ਕੰਬਣੀ ਜਿਹੀ ਛਿੜ ਗਈ। ਚਿਹਰੇ ਉੱਤੇ ਹਲਕੀ ਮੁਸਕੁਰਾਹਟ ਤੇ ਡੂੰਘੀ ਸੰਜੀਦਗੀ—ਤਿੱਖੇ ਨੈਣ-ਨਕਸ਼ ਰੱਬ ਨੇ ਸ਼ਾਇਦ ਉਸ ਨੂੰ ਵਿਹਲੇ ਸਮੇਂ ਬੈਠ ਕੇ ਬਣਾਇਆ ਸੀ।
“ਔਰ ਆਪ ਭੀ ਆਜ ਸੂਟ ਮੇਂ ਜ਼ਾਲਮ ਲੱਗ ਰਹੇਂ ਹੈਂ, ਸਾਹਿਬ।” ਭੂਸ਼ਣ ਨੇ ਹੱਸਦੇ ਹੋਏ ਕਿਹਾ।
“ਹੋ-ਹੋ-ਹੋ, ਯੂ-ਨਾਟੀ।” ਵਾਲਟਰ ਨੇ ਟਾਈ ਦੀ ਨਾਟ ਠੀਕ ਕਰਦੇ ਹੋਏ ਕਿਹਾ, “ਭੂਸ਼ੀ ਤੁਮ ਕੋ ਹਮ ਆਪਣੀ ਸ਼ਾਦੀ ਪਰ ਬੈੱਸਟ ਮੈਨ ਬਣਾਏਗਾ। ਬੈੱਸਟ ਮੈਨ (Best man) ਸਮਝਾ ਬਰਾਈਡ (Bride) ਕਾ ਪਹਿਲਾ ਕਿਸ (Kiss) ਤੁਮ ਲੇਗਾ। ਔਰ ਹਮ ਤੁਮਾਰੀ ਸਿਹਤ ਕਾ ਜਾਮ ਚੂੰਮੇਗਾ, ਮਾਈ ਬੁਆਏ।” ਉਸ ਨੇ ਜੇਬ ਵਿਚੋਂ ਬੋਤਲ ਕੱਢ ਕੇ ਖਿੜ-ਖਿੜ ਹੱਸਦਿਆਂ ਕਿਹਾ।
“ਪਹਿਲਾ ਕਿੱਸ! ਮੈਂ ਉਸ ਪੱਥਰ ਦੀ ਮੂਰਤ ਨੂੰ ਚੁੰਮ ਸਕਾਂਕਾ, ਸਾਹਿਬ?” ਇਹਨਾਂ ਸਾਲਾਂ ਵਿਚ ਭੂਸ਼ਣ ਨੇ ਬਹੁਤ ਸਾਰੇ ਰੂਮਾਨੀ ਨਾਵਲ ਪੜ੍ਹੇ ਸਨ। ਬਹੁਤ ਸਾਰੀਆਂ ਪਿਕਚਰਾਂ ਵੇਖੀਆਂ ਸਨ। ਸਿਨੇਮਾ ਹਾਲ ਦੇ ਖ਼ਿਆਲ ਵਿਚ ਡੁੱਬਾ ਰਿਹਾ ਸੀ ਤੇ ਜਦੋਂ ਦੀ ਵਾਲਟਰ ਤੇ ਮੇਮ ਸਾਹਿਬ ਨਾਲ ਮੁਲਕਾਤ ਹੋਈ ਸੀ, ਪਤਾ ਨਹੀਂ ਉਸ ਨੂੰ ਕਿਉਂ ਹੋਰ ਸਭ ਘਟੀਆ ਘਟੀਆ ਜਾਪਦਾ ਸੀ। ਮੇਮ ਸਾਹਿਬ ਉਸ ਨੂੰ ਹਿਮਾਲਾ ਦੀ ਉਹ ਬਰਫ਼ਾਨੀ ਚੋਟੀ ਪ੍ਰਤੀਤ ਹੁੰਦੀ ਸੀ, ਜਿੱਥੇ ਧੁੱਪ ਪੈਣ ਨਾਲ ਅੱਖਾਂ ਚੁੰਧਿਆ ਜਾਂਦੀਆਂ ਨੇ। ਕੀ ਉਹ ਇਸ ਚੋਟੀ 'ਤੇ ਚੜ੍ਹ ਸਕੇਗਾ?
ਇਕ ਪਲ ਲਈ ਹੀ ਸਹੀ। ਉਸਨੂੰ ਆਪਣੇ ਕੰਨਾਂ ਉੱਤੇ ਯਕੀਨ ਨਹੀਂ ਸੀ ਆ ਰਿਹਾ। ਉਸਨੇ ਸੁਆਦ ਮਾਨਣ ਲਈ ਗੱਲ ਦੁਹਰਾਈ।
ਲੇਕਿਨ ਸਾਹਿਬ ਮੂਡ ਵਿਚ ਸੀ, “ਕਿਆ ਤੁਮ ਹਮਾਰਾ ਛੋਟਾ ਭਾਈ ਨਹੀਂ, ਹਮ ਇੰਜਨ ਚਲਾਤਾ ਹੈ, ਤੁਮ ਰਿਕਸ਼ਾ ਚਲਾਤਾ ਹੈ, ਦੋਨੋਂ ਡਰਾਈਵਰ ਏਕ ਮਾਫ਼ਿਕ, ਹਮ ਤੁਮ ਕੋ ਸੂਟ ਦੇਗਾ, ਏਕ ਦਮ ਬੜ੍ਹੀਆ।” ਉਹ ਹੱਸ ਪਿਆ, “ਔਰ ਸੋਜ਼ੀ ਸੋਚੇਗਾ, ਉਸਨੇ ਠੀਕ ਆਦਮੀ ਨਹੀਂ ਚੁਨਾ।”
“ਓਹੋ, ਸਾਹਿਬ ਐਸੀ ਬਾਤ ਮਤ ਬੋਲੋ। ਆਪ ਕਾ ਔਰ ਮੇਮ ਸਾਹਿਬ ਕਾ ਜੋੜ ਬਹੁਤ ਅੱਛਾ,” ਭੂਸ਼ਣ ਨੇ ਪੀੜ ਨਾਲ ਕਰਾਹੁੰਦਿਆਂ ਕਿਹਾ। ਉਸਨੂੰ ਪਤਾ ਸੀ ਉਹ ਚੰਦ ਤਕ ਨਹੀਂ ਪੁਜ ਸਕਦਾ।
“ਝੂਠ ਮਤ ਬੋਲੋ,” ਵਾਲਟਰ ਨੇ ਸੀਟ ਉੱਤੇ ਬੈਠੇ ਬੈਠੇ ਹੀ ਭੂਸ਼ਣ ਦੀ ਪਿੱਠ ਉੱਸ਼ੇ ਧੱਫਾ ਮਾਰਿਆ। “ਹਮ ਸਬ ਏਕ ਦੂਸਰੇ ਕੋ ਧੋਖਾ ਦੇਤੇ ਹੈਂ—ਹਮ ਅਪਨੇ ਆਪ ਕੋ ਤੁਮ ਅਪਨੇ ਆਪ ਕੋ, ਔਰ ਸੋਜ਼ੀ ਅਪਨੇ ਕੋ...ਔਰ ਫਿਰ ਏਕ ਦੂਸਰੇ ਕੋ। ਹਮ ਸਬ ਜਾਨਤਾ ਹੈ ਮਾਈ ਬੁਆਏ।”
ਵਾਲਟਰ ਖਿੜਖਿੜਾ ਕੇ ਹੱਸ ਪਿਆ ਤੇ ਰਿਕਸ਼ਾ ਇਕ ਝਟਕੇ ਨਾਲ ਖੜ੍ਹਾ ਹੋ ਗਿਆ। ਮੇਮ ਸਾਹਬ ਦਾ ਕੁਆਟਰ ਆ ਗਿਆ ਸੀ। ਰਿਕਸ਼ੇ ਦੀ ਘੰਟੀ ਇਕ ਜਾਣਿਆ-ਪਛਾਣਿਆ ਸਿਗਨਲ ਸੀ। ਸੋਜ਼ੀ ਦਰਵਾਜ਼ੇ ਦੀ ਡਾਟ ਹੇਠਾਂ ਖੜੀ ਇੰਜ ਜਾਪਦੀ ਸੀ ਜਿਵੇਂ ਦੀਵੇ ਦੀ ਬੱਤੀ। ਭੂਸ਼ਣ ਨੂੰ ਇੰਜ ਲੱਗਿਆ ਜਿਵੇਂ ਚਾਰੇ ਪਾਸੇ ਚਾਨਣ ਹੋ ਗਿਆ ਹੋਵੇ। ਸੋਜ਼ੀ ਨੇ ਆਪਣੇ ਹੋਠਾਂ 'ਤੇ ਮੁਸਕਾਨ ਲਿਆਉਂਦੇ ਹੋਏ ਆਪਣਾ ਹੱਥ ਵਾਲਟਰ ਵਲ ਵਧਾਉਂਦਿਆਂ ਕਿਹਾ, “ਈਵਨਿੰਗ ਡਾਰਲਿੰਗ।” ਵਾਲਟਰ ਨੂੰ ਜਿਵੇਂ ਇਸ ਸਹਾਰੇ ਦੀ ਜ਼ਰੂਰਤ ਸੀ। ਰਿਕਸ਼ਾ ਇਕ ਦਮ ਉਸ ਦੇ ਭਾਰ ਤੋਂ ਮੁਕਤ ਹੋ ਗਿਆ।
“ਹੈਲੋ ਸਵੀਟ,” ਉਸ ਦੇ ਮੂੰਹੋਂ ਨਿਕਲਿਆ ਤੇ ਖੱਬੇ ਹੱਥ ਨਾਲ ਸੋਜ਼ੀ ਦੀ ਠੋਡੀ ਉੱਚੀ ਕਰਦਿਆਂ ਕਿਹਾ, “ਸੋਜ਼ੀ ਤੁਮ ਸੇ ਖ਼ੂਬਸੂਰਤ ਲੜਕੀ ਸ਼ਾਇਦ ਹੀ ਕੋਈ ਹੋ।”
ਸੋਜ਼ੀ ਸ਼ਰਮਾ ਗਈ, ਉਸ ਨੇ ਗੱਲ ਬਦਲਣ ਲਈ ਕਿਹਾ, “ਹੈਲੋ ਭੂਸ਼ੀ।”
ਭੂਸ਼ਣ ਦੋਵਾਂ ਦਾ ਭੇਤੀ ਸੀ। ਭੂਸ਼ੀ ਜੋ ਹੁਣ ਤਕ ਦੋਵਾਂ ਨੂੰ ਟਿਕਟਿਕੀ ਲਾ ਕੇ ਦੇਖ ਰਿਹਾ ਸੀ, ਇਸ ਸੰਬੋਧਨ ਤੋਂ ਘਬਰਾ ਜਿਹਾ ਗਿਆ। ਵਾਲਟਰ ਸਮਝ ਗਿਆ ਤੇ ਉਸ ਨੇ ਭੂਸ਼ਣ ਦੀ ਸ਼ਰਮਿੰਦਗੀ ਦੂਰ ਕਰਨ ਲਈ ਕਿਹਾ—
“ਸੋਜ਼ੀ ਡਾਰਲਿੰਗ! ਭੂਸ਼ੀ ਕਿਸੀ ਯੂਨਾਨੀ ਦੇਵਤਾ ਕਾ ਔਲਾਦ ਹੈ।” ਵਾਲਟਰ ਮੂਡ ਵਿਚ ਸੀ। ਉਹ ਆਪਣੀ ਲੋਰ ਵਿਚ ਹੀ ਕਹਿ ਰਿਹਾ ਸੀ, “ਇਸੇ ਨਹੀਂ ਮਾਲੂਮ ਯੇ ਕਿਤਨਾ ਖ਼ੂਬਸੂਰਤ ਹੈ,” ਤੇ ਸੋਜ਼ੀ ਚੰਚਲ ਨਜ਼ਰਾਂ ਨਾਲ ਦੋਵਾਂ ਦਾ ਮੁਕਾਬਲਾ ਕਰਨ ਲੱਗੀ। ਇਸ ਵਾਕ ਕਰਕੇ ਸੋਜ਼ੀ ਨੇ ਦਿਮਾਗ਼ੀ ਤੌਰ 'ਤੇ ਭੂਸ਼ਣ ਦਾ ਜਾਇਜ਼ਾ ਲਿਆ।
“ਵਾਕਈ...” ਸਹਿਜੇ ਹੀ ਉਸਦੇ ਮੂੰਹੋਂ ਨਿਕਲਿਆ ਤੇ ਭੂਸ਼ਣ ਉਸ ਨੂੰ ਇੰਜ ਜਾਪਿਆ ਜਿਵੇਂ ਏਥਨਜ਼ ਦੇ ਪੁਰਾਣੇ ਮੰਦਰਾਂ ਦੇ ਖੰਡਰਾਂ ਵਿਚ ਕੋਈ ਬੁੱਤ ਖੜ੍ਹਾ ਹੋਵੇ ਜਿਸ ਉੱਤੇ ਸਾਲਾਂ ਬੱਧੀ ਧਿਆਨ ਨਾ ਦੇਣ ਕਾਰਨ ਧੂੜ-ਮਿੱਟੀ ਜੰਮ ਗਈ ਹੋਵੇ। ਉਹ ਮਹੀਨਿਆਂ ਤੋਂ ਭੂਸ਼ਣ ਨੂੰ ਦੇਖ ਰਹੀ ਸੀ। ਮਨ ਵਿਚ ਦੋਵਾਂ ਦਾ ਮੁਕਾਬਲਾ ਵੀ ਕੀਤਾ ਸੀ ਤੇ ਅਸਲ ਵਿਚ ਭੂਸ਼ਣ ਉਸਦੇ ਦਿਲ ਦੇ ਕਿਸੇ ਕੋਨੇ ਵਿਚ ਸੁਰੱਖਿਅਤ ਹੋ ਗਿਆ ਸੀ। ਪਰ ਹਾਲਾਤ ਦੀ ਮੰਗ ਸੀ ਕਿ ਉਹ ਆਪਣਾ ਫੈਸਲਾ ਰਾਖਵਾਂ ਰੱਖੇ। ਉਸ ਨੇ ਭੂਸ਼ਣ ਦੇ ਚਿਹਰੇ ਤੋਂ ਨਜ਼ਰਾਂ ਹਟਾਏ ਬਿਨਾਂ ਹੀ ਕਿਹਾ, “ਕਮ ਇੰਨ ਡਾਰਲਿੰਗ।”
ਭੂਸ਼ਣ ਦੀ ਜ਼ਿੰਦਗੀ ਵਿਚ ਇਹ ਨਵਾਂ ਤਜ਼ਰਬਾ ਸੀ। ਉਹ ਦਿਮਾਗ਼ੀ ਤੌਰ 'ਤੇ ਇਸ ਸਿਫਤ ਲਈ ਤਿਆਰ ਨਹੀਂ ਸੀ। ਵਾਲਟਰ ਦੀ ਗੱਲ ਹੋਰ ਸੀ, ਪਰ ਸੋਜ਼ੀ—ਉਸ ਨੇ ਉਸ ਦੀਆਂ ਨੀਲੀਆਂ ਅੱਖਾਂ ਦੀ ਗਹਿਰਾਈ ਵਿਚ ਝਾਕ ਕੇ ਵੇਖਿਆ ਸੀ।
'ਵਾਕਈ', ਉਹ ਇਸ ਸ਼ਬਦ ਦਾ ਸੁਆਦ ਲੈ ਰਿਹਾ ਸੀ—“ਸੋਜ਼ੀ ਸੋਜ਼ ਵੀ ਹੈ ਤੇ ਸਾਜ਼ ਵੀ।”
ਇਹ ਵਾਕ ਉਸ ਨੇ ਸਹਿਸੁਭਾ ਜ਼ਰਾ ਉੱਚੀ ਆਵਾਜ਼ ਵਿਚ ਕਿਹਾ, ਜਿਹੜਾ ਉਸਨੇ ਕਿਸੇ ਰੂਮਾਨੀ ਨਾਵਲ ਵਿਚੋਂ ਪੜ੍ਹਿਆ ਸੀ। ਪਰ ਇਹ ਸੋਜ਼ੀ 'ਤੇ ਇੰਜ ਢੁੱਕ ਜਾਵੇਗਾ, ਇਸ ਦਾ ਅਨੁਭਵ ਉਸ ਨੂੰ ਅੱਜ ਹੀ ਹੋਇਆ ਸੀ।
ਵਾਲਟਰ ਨੇ ਕਿਹਾ, “ਕਿਆ ਬੋਲਾ ਭੂਸ਼ਣ?”
ਭੂਸ਼ਣ ਚੁੱਪ ਰਿਹਾ, ਅੱਜ ਪਹਿਲਾ ਵਾਰ ਸੋਜ਼ੀ ਨੇ ਉਸ ਨਾਲ ਸਿੱਧੀ ਗੱਲਬਾਤ ਕੀਤੀ ਸੀ।
“ਯੇ ਤੁਮਾਰਾ ਪੋਇਟਰੀ ਹੈ, ਹਮ ਜਾਨਤਾ ਹੈ।” ਸੋਜ਼ੀ ਦੀ ਹਾਸੀ ਡੂੰਘੀ ਸੀ, ਨਰਸ ਦੀ ਹਰ ਰੋਜ਼ ਦੀ ਹਾਸੀ ਤੋਂ ਵੱਖਰੀ। “ਏਕ ਬਾਰ ਏਕ ਡਾਕਟਰ ਭੀ ਐਸੇ ਹੀ ਬੋਲਾ ਥਾ।” ਤੇ ਫੇਰ ਵਾਲਟਰ ਨੂੰ ਸੰਬੋਧਨ ਕਰਕੇ ਕਹਿਣ ਲੱਗੀ, “ਵਾਲਟਰ ਡਾਰਲਿੰਗ ਮੁਝੇ ਇਨਕੀ ਪੋਇਟਰੀ ਬਹੁਤ ਅੱਛੀ ਲਗਤੀ ਹੈ।”
“ਗੁੱਡ ਮਾਈ ਬੁਆਏ,” ਵਾਲਟਰ ਨੇ ਭੂਸ਼ਣ ਦੇ ਮੋਢਿਆਂ ਤੋਂ ਝੰਜੋੜਦੇ ਹੋਏ ਕਿਹਾ, “ਹਮ ਨੇ ਬੋਲਾ ਹਮ ਸਭ ਏਕ ਦੂਸਰੇ ਕੋ ਧੋਖਾ ਦੇਤੇ ਹੈਂ। ਦੇਖੋ ਤੁਮ ਨੇ ਬੋਲਾ ਹੀ ਨਹੀਂ ਕਿ ਤੁਮ ਪੋਇਟ (ਕਵੀ) ਹੋ?”
“ਨਹੀਂ ਸਾਹਿਬ,” ਭੂਸ਼ਣ ਨੇ ਸ਼ਰਮਾ ਕੇ ਕਿਹਾ, “ਐਸੇ ਹੀ ਬੋਲਾ।”
“ਠੀਕ ਹੈ, ਠੀਕ ਹੈ,” ਵਾਲਟਰ ਅੰਦਰ ਜਾਂਦਾ ਹੋਇਆ ਕਹਿਣ ਲੱਗਾ, “ਬਾਰਾਂ ਵਜੇ ਠੀਕ।”
“ਠੀਕ ਸਾਹਿਬ,” ਭੂਸ਼ਣ ਨੇ ਫੇਰ ਗੱਦੀ ਸੰਭਾਲੀ, “ਸਲਾਮ ਮੇਮ ਸਾਹਿਬ।”
“ਸਲਾਮ,” ਸੋਜ਼ੀ ਮੁਸਕਰਾਈ, “ਬਾਰਾਂ ਵਜੇ ਠੀਕ।” ਤੇ ਪਹਿਲੀ ਵੇਰ ਸੋਜ਼ੀ ਨੇ ਕਿਹਾ ਸੀ। ਨਹੀਂ ਤਾਂ ਭੂਸ਼ਣ ਵਕਤ ਜਾਣਦਾ ਸੀ, ਵਾਲਟਰ ਸਾਹਿਬ ਦਾ ਕਹਿਣਾ ਹੀ ਕਾਫੀ ਸੀ। ਪਰ ਅੱਜ ਪਤਾ ਨਹੀਂ ਸੋਜ਼ੀ ਦੇ ਮੂੰਹ ਵਿਚੋਂ ਕਿਵੇਂ ਵਕਤ ਨਿਕਲ ਗਿਆ ਸੀ? ਸੋਜ਼ੀ ਇਹ ਸੋਚ ਕੇ ਮਨ ਹੀ ਮਨ ਵਿਚ ਖਿੜੀ ਜਿਵੇਂ ਵਾਲਟਰ ਸਾਹਿਬ ਨੂੰ ਨਹੀਂ ਉਹ ਭੂਸ਼ਣ ਨੂੰ ਵੇਖਣਾ ਚਾਹੁੰਦੀ ਹੋਵੇ। ਭੂਸ਼ਣ ਵੀ ਸੁਜ਼ੀ ਦੀ ਇਸ ਦਿਆਲਤਾ ਨੂੰ ਨਹੀਂ ਸਮਝ ਸਕਿਆ ਤੇ ਜਦੋਂ ਸਮਝਿਆ ਤਾਂ ਉਤਰ ਦੇਣ ਦੀ ਬਜਾਏ, ਉਸ ਨੇ ਸੋਜ਼ੀ ਦੇ ਚਿਹਰੇ 'ਤੇ ਨਜ਼ਰਾਂ ਗੱਡ ਦਿੱਤੀਆਂ।
ਬਾਰਾਂ ਵਜੇ ਰਾਤ ਨੂੰ ਭੂਸ਼ਣ ਨੇ ਘੰਟੀ ਵਜਾਈ ਤਾਂ ਚੁੱਪਚਾਪ ਅੰਦਰ ਵੜ ਕੇ ਵਾਲਟਰ ਸਾਹਿਬ ਨੂੰ ਮੋਢੇ 'ਤੇ ਲੱਦ ਕੇ ਲਿਜਾਣ ਦੀ ਬਜਾਏ ਭੂਸ਼ਣ ਨੇ ਦਰਵਾਜ਼ੇ ਉੱਤੇ ਦੋਵਾਂ ਨੂੰ ਮੌਜ਼ੂਦ ਵੇਖਿਆ।
ਹੋਰ ਵੀ ਗੱਲ ਸੀ ਕਿ ਅੱਜ ਵਾਲਟਰ ਸਾਹਿਬ ਮਦਹੋਸ਼ ਨਹੀਂ ਸਨ। ਇਸ ਦੇ ਉਲਟ ਅੱਜ ਸੋਜ਼ੀ ਨੇ ਸ਼ਾਇਦ ਪਹਿਲੀ ਵਾਰ ਪੀਤੀ ਸੀ, ਨਹੀਂ ਤਾਂ ਉਸ ਨੂੰ ਇਸ ਤੋਂ ਨਫ਼ਰਤ ਸੀ। ਵਾਲਟਰ ਦਾ ਇਸਰਾਰ ਵੀ ਉਸ ਨੂੰ ਮਜਬੂਰ ਨਹੀਂ ਸੀ ਕਰ ਸਕਿਆ, ਤੇ ਅੱਜ ਲਾਲ ਗੱਲ੍ਹਾਂ ਤੇ ਅੱਖਾਂ ਦੇ ਸੁਰਖ ਡੋਰੇ ਇਹ ਦਸ ਰਹੇ ਸਨ ਕਿ ਉਸ ਨੇ ਸ਼ਰਾਬ ਪੀਤੀ ਹੈ। ਸ਼ਾਇਦ ਸੋਜ਼ੀ ਆਪਣੇ ਦਿਲੋ-ਦਿਮਾਗ਼ ਵਿਚ ਲੱਗੀ ਹੋਈ ਅੱਗ ਨੂੰ ਬੁਝਾਉਣਾ ਚਾਹੁੰਦੀ ਸੀ। ਵਾਲਟਰ ਸਾਹਿਬ ਅੱਜ ਅਸਾਧਾਰਣ ਤੌਰ 'ਤੇ ਸੰਜੀਦਾ ਸਨ।
ਭੂਸ਼ਣ ਨੂੰ ਵੇਖ ਕੇ ਉਸ ਨੇ ਕਿਹਾ, “ਭੂਸ਼ਣ ਫੈਸਲਾ ਕਰੇਗਾ।”
ਵਾਲਟਰ ਨੇ ਭਾਰੀ ਗੰਭੀਰਤਾ ਨਾਲ ਕਿਹਾ, “ਹਮ ਏਕ ਦੂਸਰੇ ਕੋ ਕੈਸੇ ਧੋਖਾ ਦੇ ਸਕਦਾ।”
“ਡਾਰਲਿੰਗ,” ਸੋਜ਼ੀ ਦਾ ਲਹਿਜਾ ਜਜ਼ਬਾਤੀ ਸੀ, “ਭੂਸ਼ਣ ਹਮ ਏਕ ਫੈਂਸੀ ਡਰੈਸ ਮੇਂ ਹਿੱਸਾ ਲੇਗਾ, ਐਸਾ ਜੈਸੇ ਹਮਾਰੇ ਮਾਫਿਕ ਨਹੀਂ, ਕੋਈ ਨਹੀਂ ਪਹਿਚਾਨੇ ਐਸਾ ਡਰੈਸ ਬੋਲੋ। ਹਮ ਦੋਨੋਂ ਫੈਸਲਾ ਨਹੀਂ ਕਰ ਸਕਤਾ।”
“ਡਰੈਸ?” ਭੂਸ਼ਣ ਮੂੰਹ ਵਿਚ ਕੁਝ ਬੜਬੜਾਇਆ। ਉਸ ਦੀ ਜਾਣਕਾਰੀ ਬਹੁਤ ਹੀ ਸੀਮਿਤ ਸੀ। ਸਿਨੇਮੇ ਦੀਆਂ ਹੀਰੋਇਨਾ ਤੋਂ ਲੈ ਕੇ ਸੜਕਾਂ 'ਤੇ ਘੁੰਮਣ ਵਾਲੀਆਂ ਲੜਕੀਆਂ ਤਕ, ਪਰ ਪਤਾ ਨਹੀਂ ਕਿਉਂ ਉਸ ਦੇ ਮਨ ਵਿਚ ਇਕ ਅਜੀਬ ਜਿਹਾ ਵਲਵਲਾ ਪੈਦਾ ਹੋ ਰਿਹਾ ਸੀ। ਉਹ ਸੋਜ਼ੀ ਦੀ ਸਕਰਟ ਤੇ ਬਲਾਊਜ਼ ਤੇ ਉੱਚੀ ਅੱਡੀ ਦੇ ਸੈਂਡਲਾਂ ਦੀ “ਹੀਰ ਸਲੇਟੀ” ਦੇ ਤਹਿਮਤ ਲੰਮੇ ਉੱਚੇ ਸੁੱਚੇ ਲਹਿਰਾਉਂਦੇ ਦੁਪੱਟੇ ਤੇ ਤਿੱਲੇਦਾਰ ਜੁੱਤੀ ਨਾਲ ਟਾਕਰਾ ਕਰ ਰਿਹਾ ਸੀ। ਉਸ ਨੇ ਇਕ ਸਰਸਰੀ ਜਿਹੀ ਨਜ਼ਰ ਵਾਲਟਰ ਤੇ ਪਾਈ, ਤਾਂ ਉਹ ਰੇਲ ਗੱਡੀ ਦਾ ਡਰਾਈਵਰ ਨਹੀਂ, ਡੋਲੀ ਵਿਚ ਲਿਜਾਣ ਵਾਲਾ ਰੰਗਪੁਰ ਦਾ ਚਾਕ ਨਜ਼ਰੀਂ ਆ ਗਿਆ।
ਉਸਨੇ ਫੇਰ ਸੋਜ਼ੀ ਵੱਲ ਵੇਖਿਆ ਤੇ ਸਹਿਸੁਭਾ ਹੀ ਉਸ ਦੇ ਮੂੰਹ ਵਿਚੋਂ ਨਿਕਲਿਆ “ਹੀਰ” ਦੋਵੇਂ ਉਸ ਦੇ ਮੂੰਹ ਵੱਲ ਵੇਖ ਰਹੇ ਸਨ ਤੇ ਇਸ ਉਡੀਕ ਵਿਚ ਸਨ ਕਿ ਜਦੋਂ ਉਹ ਬੋਲੇ, ਜਿਵੇਂ ਹੀ ਭੂਸ਼ਣ ਬੋਲਿਆ ਵਾਲਟਰ ਨੇ ਹੈਰਾਨ ਹੋ ਕੇ ਕਿਹਾ, “ਵਾਟ?”
ਪਰ ਇਸ ਦੇ ਉਲਟ ਸੋਜ਼ੀ ਨੇ ਤਾੜੀਆਂ ਮਾਰਦੇ ਹੋਏ ਕਿਹਾ, “ਵਾਟ ਐਨ ਆਈਡੀਆ, ਵੰਡਰਫੁੱਲ” ਉਸ ਨੇ ਵਾਲਟਰ ਦੇ ਮੋਢੇ ਥਪਕਦੇ ਹੋਏ ਕਿਹਾ, “ਵਾਲਟਰ ਡਾਰਲਿੰਗ। ਯੇ ਹੀਰ ਵਾਲਾ ਖ਼ਿਆਲ ਵੰਡਰਫੁੱਲ ਹੈ। ਏਕ ਦਮ ਨਯਾ। ਸਬ ਏਕ ਦਮ ਦੇਖੇਗਾ। ਫੈਨਸੀ ਡਰੈਸ ਮੇਂ ਐਸੇ ਵਾਲਾ ਡਰੈਸ ਕਿਸੀ ਕਾ ਨਹੀਂ ਹੋ ਸਕਤਾ।”
ਵਾਲਟਰ ਮੂੰਹ ਅੱਡੀ ਸੁਣ ਰਿਹਾ ਸੀ। ਤੇ ਭੂਸ਼ਣ ਅੱਖਾਂ ਝਪਕ ਰਿਹਾ ਸੀ ਤੇ ਸੋਚ ਰਿਹਾ ਸੀ ਇਸ ਗੱਲ ਦੇ ਪਿੱਛੇ ਉਸਦੀ ਹਾਰ ਹੈ ਜਾਂ ਜਿੱਤ? ਤੇ ਸੋਜ਼ੀ ਨੇ ਪਹਿਲੀ ਵੇਰ ਭੂਸ਼ਣ ਦਾ ਮੋਢਾ ਥਾਪੜਦੇ ਹੋਏ ਕਿਹਾ, “ਗੁੱਡ ਮਾਈ ਬੁਆਏ।” ਤੇ ਫੇਰ ਸੋਜ਼ੀ ਵਾਲਟਰ ਨੂੰ ਝੰਜੋੜਦੇ ਹੋਏ ਬੋਲੀ, “ਡਾਰਲਿੰਗ। ਯੇ ਪੰਜਾਬ ਕਾ ਬਹੁਤ ਵੰਡਰਫੁੱਲ ਸਟੋਰੀ ਹੈ, ਹਮ ਨੇ ਇਕ ਸਿਸਟਰ ਕੇ ਪਾਸ ਕਿਤਾਬ ਦੇਖਾ, ਸਟੋਰੀ ਸੁਣੀ, ਟਰੈਜਿਡੀ, ਏਕ ਦਮ ਟਰੈਜਿਡੀ ਔਰ ਤਸਵੀਰ ਦੇਖਾ। ਵੋਹ ਹੀਰ, ਕਿਲੋਪੇਤਰਾ ਹੈਲਨ...।” ਤੇ ਫੇਰ ਅਚਾਨਕ ਹੀ ਸੋਜ਼ੀ ਚੁੱਪ ਹੋ ਗਈ ਤੇ ਕੁਝ ਸੋਚ ਕੇ ਬੋਲੀ, “ਭੂਸ਼ੀ, ਵੋਹ ਹੀਰ ਕਾ ਹੀਰੋ ਕੌਣ ਹੈ? ਅਪਨਾ ਨਾਮ ਨਹੀਂ ਲੇ ਸਕਤਾ”
“ਰਾਂਝਾ।” ਭੂਸ਼ਣ ਜਿਹੜਾ ਹੁਣ ਤਕ ਸੰਭਲ ਚੁੱਕਿਆ ਸੀ ਹੱਸ ਕੇ ਬੋਲਿਆ।
“ਯੈਸ-ਯੇਸ ਠੀਕ ਹੈ।” ਅੱਜ ਸੋਜ਼ੀ ਬੜੀ ਚਹਿਕ ਰਹੀ ਸੀ, “ਰੇਲਵੇ ਕਲੱਬ ਮੇਂ ਲੋਗ ਦੇਖੇਗਾ। ਏਕ ਦਮ ਨਯਾ ਆਈਡੀਆ ਔਰ ਹਾਂ ਭੂਸ਼ੀ ਕਿਆ ਬੋਲਾ?”
“ਰਾਂਝਾ।” ਭੂਸ਼ਣ ਨੇ ਦੁਰਾਇਆ।
“ਯੇਸ, ਠੀਕ ਹੈ, ਪਰ ਰਾਂਝਾ ਕੌਣ? ਤੁਮ, ਵਾਲਟਰ?” ਉਸਨੇ ਵਾਲਟਰ ਦੇ ਮੋਢਾ ਥਪਕਦੇ ਹੋਏ ਕਿਹਾ।
“ਨੋ-ਨੋ ਡਾਰਲਿੰਗ।” ਵਾਲਟਰ ਨੇ ਆਪਣਾ ਬੇਡੌਲ ਸਰੀਰ ਸੁਕੇੜਦੇ ਹੋਏ ਕਿਹਾ, “ਹਮ ਨਹੀਂ ਜਾਨਤਾ।”
“ਤੋ ਐਸਾ, ਬਣੇਗਾ ਤੁਮ...ਤੁਮ ਭੂਸ਼ਣ ਰਾਂਝਾ ਕੇ ਮਾਫਿਕ। ਏਕ ਦਮ ਅਪੋਲੋ ਐਡੋਨਿਸ, ਗ੍ਰੀਕ ਗਾਡ, ਵੰਡਰਫੁੱਲ।” ਸੋਜ਼ੀ ਉਸ ਛੋਟੇ ਬੱਚੇ ਵਾਂਗ ਖੁਸ਼ ਸੀ ਜਿਸ ਨੂੰ ਨਵਾਂ ਖਿਡੌਣਾ ਮਿਲਿਆ ਹੋਵੇ। “ਯੈਸ, ਤੁਮ ਕਾ ਡਰੈਸ ਹਮ ਨਹੀਂ ਜਾਣਤਾ। ਜੋ ਬੋਲਾ ਵੋ ਜਾਨਤਾ।” ਵਾਲਟਰ ਨੇ ਫਿੱਕੀ ਜਿਹੀ ਹਾਸੀ ਹੱਸ ਕੇ ਕਿਹਾ, “ਭੂਸ਼ਣ ਬੋਲੋ।”
ਭੂਸ਼ਣ ਨੇ ਠੇਠ ਪੰਜਾਬੀ ਵਿਚ ਗਹਿਣੇ ਗਿਣਵਾਏ, ਪਰ ਸਮਝੇ ਕੌਣ? ਵਾਲਟਰ ਨੇ ਤੰਗ ਆ ਕੇ ਕਿਹਾ, “ਭੂਸ਼ਣ! ਤੁਮ ਯੇ ਸਭ ਲਾਏਗਾ, ਹਮ ਪੈਸਾ ਦੇਗਾ। ਖਰਚ ਕਰਤੇ ਮਤ ਡਰਨਾ! ਤੁਮ ਹਮਾਰਾ ਭਾਈ ਹਮ ਬੋਲਾ ਠੀਕ ਹੈ।”
“ਔਰ ਹਮ ਕੋ ਉਸ ਕਾ ਰਿਹਰਸਲ, ਹਮ ਪੰਜਾਬੀ ਲੜਕੀ ਮਾਫ਼ਿਕ ਕੈਸੇ ਚਲਨੇ ਸਕਤਾ?” ਸੋਜ਼ੀ ਨੇ ਹਿੰਦੁਸਤਾਨੀ ਮੁਟਿਆਰ ਦੀ ਸ਼ਰਮ ਹਯਾ ਦੀ ਅਦਾਕਾਰੀ ਕਰਦੇ ਹੋਏ ਕਿਹਾ।
ਭੂਸ਼ਣ ਮਰ ਮਿਟਿਆ। ਇਹ ਕਿੰਨਾਂ ਗ਼ਜ਼ਬ ਦਾ ਭੋਲਾਪਨ ਹੈ। ਔਰਤ ਹਰ ਹਾਲਤ ਵਿਚ ਔਰਤ ਹੈ—ਗੋਰੀ-ਕਾਲੀ, ਜਾਦੂ ਦਾ ਢੰਗ ਹਰੇਕ ਕੋਲ ਹੈ।
ਪੂਰੇ ਪੰਦਰਾਂ ਦਿਨ ਭੂਸ਼ਣ ਇਸ ਡਰਾਮੇ ਦੀ ਰਿਹਰਸਨ ਵਿਚ ਲੱਗਾ ਰਿਹਾ। ਉਸਨੇ ਬਾਜ਼ਾਰ ਵਿਚੋਂ ਅਸਲੀ ਹੀਰ ਵਾਰਸ ਸ਼ਾਹ ਦੀ ਕਿਤਾਬ ਖਰੀਦੀ ਤੇ ਚਿੱਤਰਕਾਰ ਦੀ ਬਣਾਈ ਹੋਈ ਹਰੇਕ ਤਸਵੀਰ ਦੀ ਤਫਸੀਲ 'ਤੇ ਵਿਚਾਰ ਕੀਤਾ। ਵਾਰਸ ਸ਼ਾਹ ਦੇ ਗਹਿਣਿਆਂ ਦੇ ਬਿਆਨ ਨੂੰ ਬਾਰ ਬਾਰ ਪੜ੍ਹਿਆ। ਕੱਪੜਿਆਂ ਦੀ ਸਜ-ਧਜ ਤੇ, ਡੇਲੀ ਦੀ ਹੀਰ ਵਾਲੀ ਤਸਵੀਰ 'ਤੇ ਸਿਰ ਹਿਲਾਇਆ। ਰਾਂਝੇ ਦੇ ਪਾਟੇ ਹੋਏ ਕੰਨਾਂ ਤੇ ਮੁੰਨੇ ਹੋਏ ਸਿਰ ਬਾਰੇ ਸੋਜ਼ੀ ਨੂੰ ਸਮਝਾਇਆ। ਸੋਜ਼ੀ ਦੇ ਸਿਰ 'ਤੇ ਮਿੱਟੀ ਦਾ ਘੜਾ ਰੱਖ ਕੇ ਬੈਲੈਂਸ ਰਖਣ ਦਾ ਢੰਗ ਸਮਝਾਇਆ।
ਤੇ ਜਦੋਂ ਉਸ ਨੇ ਲੰਮਾ ਕੁੜਤਾ, ਤਹਿਮਤ, ਸਲੀਮ ਸ਼ਾਹੀ ਜੁੱਤੀ, ਮਾਮੂਲੀ ਜਿਹਾ ਟਿੱਕਾ ਲਾ ਕੇ ਹੱਥ ਵਿਚ ਵੰਝਲੀ ਫੜੀ ਤਾਂ ਸੋਜ਼ੀ ਉਸ ਨੂੰ ਵੇਖਦੀ ਹੀ ਰਹਿ ਗਈ। ਤੇ ਜਦੋਂ ਵੇਖ ਵੇਖ ਕੇ ਦਿਲ ਨਾ ਭਰਿਆ ਤਾਂ ਉਸ ਨੇ ਠੰਡਾ ਸਾਹ ਲੈ ਕੇ ਕਿਹਾ, “ਭੂਸ਼ੀ...”
ਭੂਸ਼ੀ ਇਸ ਇਕ ਸ਼ਬਦ ਦੀ ਮਿਠਾਸ ਵਿਚ ਗਵਾਚ ਗਿਆ। ਉਹ ਕੁਝ ਕਹਿਣ ਹੀ ਲੱਗਾ ਸੀ ਕਿ ਵਾਲਟਰ ਦੀ ਆਵਾਜ਼ ਸੁਣਾਈ ਦਿੱਤੀ—
“ਸੋਜ਼ੀ ਡਾਰਲਿੰਗ।”
ਤੇ ਸੋਜ਼ੀ ਨੇ ਯਕਦਮ ਤ੍ਰਬਕ ਕੇ ਕਿਹਾ, “ਕਮ ਇਨ ਪਲੀਜ਼।”
ਤੇ ਵਾਲਟਰ ਨੇ ਸਵਾਗਤੀ ਪੜਾਅ ਤੋਂ ਬਿਨਾਂ ਹੀ ਕਾਹਲ ਨਾਲ ਕਮਰੇ ਵਿਚ ਆ ਕੇ ਦੋਵਾਂ ਨੂੰ ਧਿਆਨ ਨਾਲ ਵੇਖਿਆ ਤੇ ਫੇਰ ਮਜ਼ਾਕ ਵਜੋਂ ਅੱਖਾਂ ਮਲਦੇ ਹੋਏ ਕਿਹਾ, “ਤੁਮ ਵਾਕਈ ਸੋਜ਼ੀ ਹੈ?” ਤੇ ਫੇਰ ਭੂਸ਼ਣ ਵਲ ਵੇਖ ਕੇ ਕਿਹਾ, “ਓਅ, ਵੰਡਰਫੁੱਲ ਹੈਂਡਸਮ।”
ਵਾਲਟਰ ਨੇ ਮੋਢੇ ਟੰਗਿਆ ਕੈਮਰਾ ਹੱਥ ਵਿਚ ਫੜ ਲਿਆ ਤੇ ਮੁਸਕਰਾ ਕੇ ਬੋਲਿਆ :
“ਪੋਜ਼ ਪਲੀਜ਼।”
“ਯੂ ਨਾਟੀ ਬੁਆਏ।”
ਤੇ ਵਾਲਟਰ ਨੇ ਹੱਸ ਕਿਹਾ, “ਮੈਂ...ਨੋ...ਵੋਹ।” ਉਸਨੇ ਭੂਸ਼ਣ ਵਲ ਇਸ਼ਾਰਾ ਕੀਤਾ, “ਮੈਂ ਫ਼ੋਟੋਗ੍ਰਾਫ਼ਰ!” ਤੇ ਫੇਰ ਦੋਵਾਂ ਨੂੰ ਢੁੱਕਵੇਂ ਪੋਜ਼ ਵਿਚ ਖੜਾ ਕਰਕੇ ਉਸ ਨੇ ਕਿਹਾ, “ਮੁਸਕਰਾਈਏ ਪਲੀਜ਼।” ਭੂਸ਼ਣ ਤੇ ਸੋਜ਼ੀ ਦੋਵੇਂ ਝਿਜਕੇ, ਪਰ ਵਾਲਟਰ ਨੇ ਮੌਕਾ ਖੁੰਝਾਏ ਬਿਨਾਂ ਹੀ ਉਸ ਅਦਾ ਨੂੰ ਕੈਮਰੇ ਵਿਚ ਡੱਕ ਲਿਆ।
ਅਸਲੋਂ ਹੀ ਸੋਜ਼ੀ ਹੁਸਨ ਦਾ ਮੁਜੱਸਮਾਂ ਸੀ। ਸ਼ੋ ਕਾਮਯਾਬ ਰਿਹਾ। ਤਾੜੀਆਂ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੀਆਂ। ਮੁਬਾਰਕਬਾਦਾਂ ਦੀ ਝੜੀ ਲੱਗ ਗਈ ਸੀ। ਸੋਜ਼ੀ ਨੇ ਪੰਜਾਬੀ ਹੁਸਨ ਦੀ ਅਦਾਕਾਰੀ ਇਸ ਸੁਚੱਜੇ ਢੰਗ ਨਾਲ ਪੇਸ਼ ਕੀਤੀ ਸੀ ਕਿ ਕਲੱਬ ਵਿਚ ਆਏ ਹੋਏ ਪੰਜਾਬੀ “ਬੱਲੇ ਬੱਲੇ” ਕੂਕ ਪਏ ਸਨ। ਪਰ ਉਸ ਦੇ ਨਾਲ ਕੌਣ ਸੀ? ਕਈ ਆਪਣਿਆਂ ਦੀਆਂ ਨਜ਼ਰਾਂ ਉਸ ਉੱਤੇ ਟਿਕਦੀਆਂ ਤੇ ਸਿਸਕੀ ਬਣ ਕੇ ਰਹਿ ਜਾਂਦੀਆਂ। ਹਲਕੀ ਸੁਰੀਲੀ ਤੇ ਨੁਕਰਈ ਮੁਬਾਰਕਬਾਦ ਦੇ ਨਗਮੇਂ ਫੁੱਟਦੇ ਤੇ ਭੂਸ਼ਣ ਮੁਸਕਰਾ ਦਿੰਦਾ। ਸਰਗੋਸ਼ੀਆਂ ਹੁੰਦੀਆਂ “ਵਟ ਏ ਸਮਾਈਲ!”
ਲੋਕ ਸੋਜ਼ੀ ਨੂੰ ਤਾਂ ਜਾਣਦੇ ਸਨ, ਪਰ ਭੂਸ਼ਣ ਉਹਨਾਂ ਲਈ ਰਾਜ਼ ਸੀ ਤੇ ਰਾਜ਼ ਵਿਚ ਕੁਰੇਦ ਹੁੰਦੀ ਹੈ। ਭੂਸ਼ਣ ਉਹ ਤੀਰੇ ਨੀਮ ਕਸ਼ ਸੀ ਜਿਸਦੀ ਚੋਭ ਹਰ ਦਿਲ ਵਿਚ ਸੀ। ਸਜੇ ਧਜੇ ਨੌਜਵਾਨ ਜਿਹੜੇ ਢਿੱਲੇ ਪੈ ਗਏ ਸਨ ਵਾਲਟਰ ਨੂੰ ਵਾਰ ਵਾਰ ਪੁੱਛਦੇ—
“ਯੇ ਤੁਮ੍ਹਾਰਾ ਰਕੀਬ ਕਹਾਂ ਥਾ ਵਾਲਟਰ?” ਤੇ ਵਾਲਟਰ ਸਮਝ ਕੇ ਵੀ ਨਾ ਸਮਝ ਬਣਿਆ ਹੋਇਆ ਸੀ।
“ਕਲੋਜ਼...ਸੀਕਰੇਟ...ਫੈਨਸੀ ਮੈਨ...ਫੈਨਸੀ ਸ਼ੋ, ਫੈਨਸੀ ਡਰੈਸ।” ਵਾਲਟਰ ਨੇ ਹੱਸ ਕੇ ਕਿਹਾ ਤੇ ਸੋਜ਼ੀ ਦੇ ਕੰਨਾਂ ਵਿਚ ਸਰਗੋਸ਼ੀਆਂ ਹੋਣ ਲੱਗੀਆਂ।
“ਯੇ ਕਹਾਂ ਛੁਪਾ ਰਖਾ ਥਾ। ਵੱਟ ਏ ਮੈਨ!” ਸੋਜ਼ੀ ਨੂੰ ਆਪਣੇ 'ਤੇ ਮਾਣ ਨਹੀਂ ਸੀ ਜਿੰਨਾ ਕਿ ਆਪਣੀਆਂ ਸਾਥਣਾ ਦੇ ਸਾੜੇ 'ਤੇ। ਉਸਨੇ ਇਕ ਨਜ਼ਰ ਭੂਸ਼ਣ ਵੱਲ ਤੱਕਿਆ। ਉਸ ਦੇ ਤਿੱਖੇ ਨਕਸ਼ ਉਸਦੀਆ ਅੱਖਾਂ ਵਿਚ ਖੁਭ ਗਏ। ਭੂਸ਼ਣ ਹੌਲੀ ਜਿਹੀ ਮੁਸਕੁਰਾਇਆ। ਸੋਜ਼ੀ ਦਾ ਮਨ ਕੀਤਾ ਮਹਿਫਲ ਦੇ ਤੌਰ ਤਰੀਕਿਆਂ ਨੂੰ ਇਕ ਪਾਸੇ ਸੁੱਟ ਕੇ ਭੂਸ਼ਣ ਦੀ ਛਾਤੀ ਨਾਲ ਲੱਗ ਜਾਏ ਤੇ ਕਹੇ, 'ਮੇਰੇ ਰਾਂਝਾ ਮੈਂ ਤੇਰੀ ਹੀਰ ਹੂੰ।'
ਪਰ...ਪਰ ਸੋਜ਼ੀ ਨੇ ਇਕ ਟੀਸ ਜਿਹੀ ਮਹਿਸੂਸ ਕੀਤੀ—'ਇਹ ਰੁਤਬਾ...ਇਹ ਦਰਜ਼ਾ...ਇਹ ਜ਼ਬਾਨ...ਇਹ ਮਜ਼੍ਹਬ...ਇਹ ਮਿਠਾਸ...ਕਾਸ਼...' ਤੇ ਉਸਨੇ ਇਕ ਹਉਕਾ ਜਿਹਾ ਲਿਆ।
“ਚਲੋ ਡਾਰਲਿੰਗ। ਸ਼ੋ ਖਤਮ ਪੈਸਾ ਹਜ਼ਮ।” ਵਾਲਟਰ ਨੇ ਸੋਜ਼ੀ ਦੀ ਬਾਂਹ ਵਿਚ ਬਾਂਹ ਪਾਉਂਦੇ ਕਿਹਾ, “ਆਓ ਭੂਸ਼ਣ” ਉਸਨੇ ਉਪਰਲੇ ਮਨੋਂ ਕਿਹਾ। ਵਾਲਟਰ ਦੇ ਲਹਿਜੇ ਵਿਚ ਬੇਗਾਨਗੀ ਸੀ, ਪਰ ਉਸ ਦਾ ਦਿਲ ਵੱਡਾ ਸੀ। ਉਸਨੂੰ ਇਹ ਅਹਿਸਾਸ ਸੀ ਕਿ ਉਹ ਭੂਸ਼ਣ ਦੇ ਮਕਾਬਲੇ ਵਿਚ ਊਣਾ ਹੈ। ਤੇ ਉਧਰ ਭੂਸ਼ਣ ਗੁਣਗੁਣਾਇਆ—
“ਵਾਰਸ ਰੰਨ, ਫਕੀਰ, ਤਲਵਾਰ ਘੋੜਾ...”
ਤੇ ਫੇਰ ਸੋਜ਼ੀ ਦੇ ਕਵਾਟਰ ਵਿਚ ਸਫਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਪਹਿਲੀ ਵੇਰ ਭੂਸ਼ਣ ਇਹਨਾਂ ਦੋਵਾਂ ਦੇ ਨਾਲ ਮੇਜ਼ 'ਤੇ ਬੈਠਾ ਸੀ। ਜਦੋਂ ਕਾਮਯਾਬੀ ਦੀ ਖੁਸ਼ੀ ਵਿਚ ਸੋਜ਼ੀ ਨੇ ਆਪਣੇ ਹੱਥੀਂ ਉਸ ਦੀ ਸਿਹਤ ਦਾ ਜਾਮ ਪੇਸ਼ ਕੀਤਾ ਤਾਂ ਉਹ ਇਨਕਾਰ ਨਾ ਕਰ ਸਕਾ। ਭੂਸ਼ਣ ਨੂੰ ਸ਼ਰਾਬ ਤੋਂ ਨਫ਼ਰਤ ਸੀ। ਪਰ ਅੱਜ ਨਫ਼ਰਤ ਸ਼ਰਾਬ ਨੇ ਧੋ ਸੁੱਟੀ ਸੀ। ਇਕ...ਦੋ...ਤਿੰਨ ਤੇ ਫੇਰ ਭੂਸ਼ਣ ਬਹਿਕ ਗਿਆ। ਉਸਨੇ ਸੱਜਾ ਹੱਥ ਚੁੱਕ ਕੇ ਕੰਨ ਉਪਰ ਰੱਖਿਆ ਤੇ ਖੱਬਾ ਹੱਥ ਸੋਜ਼ੀ ਦੀ ਕਮਰ ਵਿਚ ਪਾ ਕੇ ਆਪਣੀ ਸੁਰੀਲੀ ਆਵਾਜ਼ ਵਿਚ ਵਾਰਸ ਦਾ ਗੀਤ ਵਾਤਾਵਰਣ ਵਿਚ ਗੁੰਜਾ ਦਿੱਤਾ...:
“ਹੀਰ ਆਖਦੀ ਜੋਗੀਆ ਝੂਠ ਆਖੇਂ,
ਕੌਣ ਰੁਠੜੇ ਯਾਰ ਮਨਾਂਵਦਾ ਈ।
ਮੈਨੂੰ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ,
ਜਿਹੜਾ ਗਿਆਂ ਨੂੰ ਮੋੜ ਲਿਆਵਦਾ ਈ।”
ਸੋਜ਼ੀ ਭੂਸ਼ਣ ਦੀ ਚੌੜੀ ਹਿੱਕ ਉੱਤੇ ਸਿਰ ਰੱਖੀ ਉਸ ਨੂੰ ਬਿੱਟ ਬਿੱਟ ਤੱਕ ਰਹੀ ਸੀ। ਵਾਲਟਰ ਨੇ ਅੱਧ ਮਿਚੀਆਂ ਅੱਖਾਂ ਨਾਲ ਦੋਵਾਂ ਨੂੰ ਦੇਖਿਆ ਤੇ ਤਾੜੀ ਮਾਰਦਾ ਹੋਇਆ ਬੋਲਿਆ, “ਆਈ ਸੇ ਲਵਲੀ, ਭੂਸ਼ਣ ਹਮ ਕੋ ਇਸ ਕਾ ਮਤਲਬ ਬੋਲੋ।” ਭੂਸ਼ਣ ਨੇ ਮਸਤੀ ਦੇ ਆਲਮ ਵਿਚ ਤੇ ਸੋਜ਼ੀ ਦੇ ਸੁਨਹਿਰੀ ਵਾਲਾਂ ਨਾਲ ਖੇਡਦੇ ਹੋਏ ਹੌਲੀ ਹੌਲੀ ਇਸ ਦੇ ਅਰਥ ਸਮਝਾਏ। ਪੰਜਾਬ ਦਾ ਸੁਨਹਿਰੀ ਗੀਤ, ਪੰਜਾਬ ਦੇ ਪਾਣੀਆਂ ਦਾ ਸੰਗੀਤ। ਸੋਜ਼ੀ ਤੇ ਵਾਲਟਰ ਸੁਣ ਕੇ ਹੈਰਾਨ ਰਹਿ ਗਏ। “ਬਿਊਟੀਫੁੱਲ” ਸੋਜ਼ੀ ਨੇ ਸਿਸਕਾਰੀ ਲੈਂਦਿਆਂ ਕਿਹਾ। ਤੇ ਫੇਰ ਭੂਸ਼ਣ ਦੇ ਦੋਵੇਂ ਹੱਥ ਫੜ ਕੇ ਬੋਲੀ, “ਭੂਸ਼ੀ” ਤੇ ਵਾਲਟਰ ਨੇ ਇਹ ਸੁਣ ਕੇ ਆਪਣੀ ਮੋਟੀ ਤੇ ਕੁਰਖ਼ਤ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, “ਭੂਸ਼ੀ ਆਈ ਲਵ ਯੂ” ਤੇ ਥਾੜ ਥਾੜ ਮੇਜ਼ ਥਾਪੜਨ ਲੱਗ ਪਿਆ। ਜਿਵੇਂ ਆਪਣੀ ਹਾਰ ਨੂੰ ਸ਼ੋਰ-ਸ਼ਰਾਬੇ ਵਿਚ ਦੱਬ ਦੇਣਾ ਚਾਹੁੰਦਾ ਹੋਵੇ। ਸੋਜ਼ੀ ਤੇ ਭੂਸ਼ਣ ਨੇ ਸਾਥ ਦਿੱਤਾ। ਇਹ ਰੰਗ ਅਜੇ ਕੁਝ ਦੇਰ ਹੋਰ ਵੱਝਦਾ ਜੇ ਇਕ ਕੁਰਖ਼ਤ ਆਵਾਜ਼ ਦਖ਼ਲ ਨਾ ਦਿੰਦੀ।
“ਮੇਮ ਸਾਹਿਬ, ਤੀਨ ਬਜ ਗਿਆ। ਲੋਗ ਡਿਸਟਰਬ ਹੋਤਾ।” ਇਹ ਚੌਕੀਦਾਰ ਸੀ ਜਿਹੜਾ ਸਾਹਿਬ ਲੋਕਾਂ ਵਿਚ ਰਹਿ ਕੇ ਦੋ-ਚਾਰ ਸ਼ਬਦ ਅੰਗਰੇਜ਼ੀ ਦੇ ਸਿਖ ਗਿਆ ਸੀ।
“ਯੂ ਡੈਮ ਈਡੀਅਟੇ” ਵਾਲਟਰ ਦੇ ਅੰਦਰਲਾ ਗੁੱਸਾ, ਜਿਹੜਾ ਖਾਸੀ ਦੇਰ ਤੋਂ ਬਾਹਰ ਨਿਕਲਣ ਦੀ ਰਾਹ ਲੱਭ ਰਿਹਾ ਸੀ ਫੁਟ ਨਿਕਲਿਆ। “ਸਾਹਿਬ,” ਚੌਕੀਦਾਰ ਜਿਹੜਾ ਰਾਤ ਦੇ ਜਾਗਰੇ ਕਰਕੇ ਤੰਗ ਆਇਆ ਹੋਇਆ ਸੀ ਬੋਲਿਆ, “ਸਭ ਲੋਗ ਬੋਲਤਾ, ਬੰਦ ਕਰੋ, ਮਰੀਜ਼ ਲੋਗ ਤੰਗ ਹੋਤਾ।”
“ਡੈਮ ਸਭ ਲੋਗ।” ਵਾਲਟਰ ਸਾਹਿਬ ਲੜਖੜਾਉਂਦਾ ਹੋਇਆ ਉਠਿਆ, “ਯੇ ਹਮਾਰਾ ਘਰ, ਗਾਨਾ ਹਮ ਗਾਏਗਾ।” ਚੌਕੀਦਾਰ ਚਿੜ ਗਿਆ, “ਸਾਹਿਬ। ਬਾਰਾਂ ਬਜੇ ਬੱਤੀ ਬੰਦ, ਗਾਨਾ ਬੰਦ, ਆਰਡਰ।”
“ਆਰਡਰ।” ਵਾਲਟਰ ਸਾਹਿਬ ਗਰਜਿਆ। “ਹਮਾਰਾ ਆ...ਡਰ, ਤੁਮਾਹਰੇ ਬਾਪ ਕਾ ਆਰਡਰ...ਡਰਟੀ ਡਾਗ।”
“ਸਾਹਿਬ ਗਾਲੀ ਮਤ ਦੋ।” ਚੌਕੀਦਾਰ ਨੇ ਜੋਸ਼ ਵਿਚ ਕਿਹਾ, “ਬੜੇ ਡਾਕਟਰ ਕੋ—”
ਵਾਕ ਪੂਰਾ ਹੋਣ ਤੋਂ ਪਹਿਲਾਂ ਹੀ ਵਾਲਟਰ ਸਾਹਿਬ ਦੇ ਬੂਟ ਦੀ ਨੋਕ ਪੂਰੇ ਜ਼ੋਰ ਨਾਲ ਮਾੜਚੂ ਜਿਹੇ ਚੌਕੀਦਾਰ ਦੀ ਪਸਲੀ ਵਿਚ ਜਾ ਵੱਜੀ। ਉਸ ਦੇ ਮੂੰਹੋਂ ਇਕ ਚੀਕ ਨਿਕਲੀ ਤੇ ਧੈਂਹ ਕਰਕੇ ਧਰਤੀ 'ਤੇ ਡਿੱਗ ਪਿਆ।
“ਵਾਲਟਰ ਡਾਰਲਿੰਗ,” ਸੋਜ਼ੀ ਚੀਕੀ, “ਯੇ ਤੁਮ ਨੇ ਕਿਆ ਕੀਆ? ਚੌਕੀਦਾਰ ਮਰ ਗਿਆ।”
“ਮਰ ਗਿਆ!” ਵਾਲਟਰ ਦਾ ਨਸ਼ਾ ਉਡਨ ਛੂ ਹੋ ਗਿਆ, “ਮਰ ਗਿਆ?” ਉਸ ਨੇ ਹੌਲੀ ਜਿਹੀ ਦੁਹਰਾਇਆ।
ਭੂਸ਼ਣ ਜਿਹੜਾ ਹੁਣ ਤਕ ਇਸ ਸਾਰੇ ਡਰਾਮੇ ਵਿਚ ਇਕ ਚੁੱਪ ਦਰਸ਼ਕ ਬਣਿਆ ਹੋਇਆ ਸੀ, ਹੌਲੀ ਜਿਹੀ ਅੱਗੇ ਵਧਿਆ ਤੇ ਵਾਲਟਰ ਸਾਹਿਬ ਨੂੰ ਮੋਢਿਆਂ ਤੋਂ ਫੜ ਕੇ ਕੁਰਸੀ 'ਤੇ ਬਿਠਾਉਂਦਾ ਹੋਇਆ ਬੋਲਿਆ, “ਬੈਠੋ ਸਾਹਿਬ।” ਤੇ ਵਾਲਟਰ ਸਾਹਿਬ ਗੁੰਮਸੁੰਮ ਜਿਹੇ ਸਿਧਾਏ ਹੋਏ ਜਾਨਵਰ ਵਾਂਗ ਹੁਕਮ ਦੀ ਪਾਲਨਾਂ ਲਈ ਮਜ਼ਬੂਰ ਹੋ ਗਏ। ਲੋਕ ਇਕੱਠੇ ਹੋ ਚੁੱਕੇ ਸਨ।
“ਖ਼ੂਨ—” ਉਹਨਾਂ ਵਿਚੌਂ ਇਕ ਚੀਕਿਆ।
“ਮਰਡਰ—ਪੁਲਿਸ।” ਦੂਜੇ ਨੇ ਚੀਕ ਕੇ ਕਿਹਾ।
ਤੇ...
ਥੋੜ੍ਹੀ ਦੇਰ ਪਿੱਛੋਂ ਭੂਸ਼ਣ ਨੇ ਸਬ ਇਨਸਪੈਕਟਰ ਨੂੰ ਕਿਹਾ—
“ਹਮਾਰੇ ਸਾਹਿਬ ਕੋ ਗਾਲੀ ਦੇਤਾ ਥਾ, ਹਮ ਨੇ ਮਾਰਾ।” ਵਾਲਟਰ ਕੁਝ ਕਹਿਣ ਹੀ ਵਾਲਾ ਸੀ ਕਿ ਭੂਸ਼ਣ ਦੇ ਤੇਵਰ ਵੇਖ ਕੇ ਚੁੱਪ ਹੋ ਗਿਆ ਤੇ ਸੋਜ਼ੀ—ਉਸਨੇ ਆਪਣੇ ਹੱਥਾਂ ਨਾਲ ਮੂੰਹ ਢਕ ਲਿਆ।
“ਭੂਸ਼ੀ।”
ਤੇ ਵਾਲਟਰ ਸਾਹਿਬ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਬੋਲਿਆ, “ਡਾਰਲਿੰਗ...ਭੂਸ਼ੀ ਬੈਸਟ ਮੈਨ।”
ਪੁਲਿਸ ਦੇ ਘੇਰੇ ਤੇ ਭੀੜ ਦੇ ਝੁੰਡ ਵਿਚ ਭੂਸ਼ੀ ਇਕ ਪਲ ਲਈ ਠਿਠਕ ਕੇ ਰੁਕ ਗਿਆ। ਉਸ ਨੂੰ ਇਸ ਸ਼ਬਦ ਦੇ ਅਰਥ ਪਤਾ ਸਨ। ਉਸ ਨੇ ਪਰਤ ਕੇ ਵੇਖਿਆ ਸੋਜ਼ੀ ਦੇ ਉਹ ਹੋਂਠ ਜਿਹਨਾਂ ਤੇ ਵਾਲਟਰ ਸਾਹਿਬ ਦੇ ਕਥਨ ਅਨੁਸਾਰ ਬੈਸਟ ਮੈਨ ਦੇ ਤੌਰ 'ਤੇ ਉਸ ਦਾ ਪਹਿਲਾ ਹੱਕ ਸੀ, ਥਰਥਰਾ ਰਹੇ ਸਨ ਜਿਵੇਂ ਹੀਰ ਨੂੰ ਜ਼ਬਰੀ ਡੋਲੀ ਵਿਚ ਪਾਇਆ ਜਾ ਰਿਹਾ ਹੋਵੇ ਤੇ ਇਸ ਦੇ ਨਾਲ ਹੀ ਉਸ ਨੇ ਇੰਜ ਮਹਿਸੂਸ ਕੀਤਾ ਕਿ ਸਰੀਰ ਤਾਂ ਆਰਜ਼ੀ ਸ਼ੈ ਹੈ। ਸੋਜ਼ੀ ਨੇ ਉੱਚੀ ਨਸਲ, ਰੰਗ ਕੌਮ, ਮੁਲਕ ਤੇ ਸਮਾਜ ਦਾ ਬੁਰਕਾ ਤਾਰ ਤਾਰ ਕਰ ਸੁੱਟਿਆ ਹੈ ਤੇ ਉਸ ਵਿਚੋਂ ਪਵਿੱਤਰ ਆਤਮਾਂ ਝਾਕ ਰਹੀ ਹੈ। ਸੋਜ਼ੀ ਦੀਆਂ ਨੀਲੀਆਂ ਅੱਖਾਂ ਵਿਚ ਜੀਵਨ-ਜਲ ਦਾ ਅਥਾਹ ਸੋਜ਼ ਸੀ। ਉਹ ਆਪਣੇ ਹਾਲਾਤ ਤੋਂ ਬੇਪ੍ਰਵਾਹ ਕਿਸੇ ਅਜਿਹੀ ਦੁਨੀਆਂ ਵਿਚ ਪੁਜ ਗਿਆ ਜਿੱਥੇ ਵਿਤਕਰਾ ਨਹੀਂ ਸੀ। ਉਹ ਮੁਸਕੁਰਾਇਆ ਸੋਜ਼ੀ ਇਕ ਬੇਜਾਨ ਮੂਰਤ ਵਾਂਗ ਇਕ ਟੱਕ ਉਸ ਵੱਲ ਵੇਖ ਰਹੀ ਸੀ। ਤੇ ਵਾਲਟਰ ਮੇਜ਼ ਦਾ ਸਹਾਰਾ ਲਈ ਨੀਵੀਂ ਪਾਈ ਖੜ੍ਹਾ ਸੀ। ਪਰ ਭਾਰੀ ਦੇਹ ਵਿਚ ਦਿਲ ਵੱਡਾ ਹੀ ਸੀ। ਜਿਸ ਵਿਚ ਭੂਸ਼ੀ ਲਈ ਹਮਦਰਦੀ ਸੀ, ਪਿਆਰ ਸੀ। ਬੈਸਟ ਮੈਨ ਕਹਿਣ ਤੇ ਬਣਾਉਣ ਦੀ ਹਿੰਮਤ ਸੀ। ਘਾਟ ਸੀ ਤਾਂ ਸਿਰਫ ਇਹ ਕਿ ਵਾਲਟਰ ਸਾਹਿਬ ਕਿਸੇ ਕੀਮਤ 'ਤੇ ਆਪਣੇ ਹੋਠਾਂ ਵਿਚੋਂ ਬਾਹਰ ਨਹੀਂ ਸੀ ਨਿਕਲ ਸਕਿਆ। ਪਰ ਭੂਸ਼ੀ ਨੂੰ ਤਸੱਲੀ ਸੀ। ਪਿਆਰ ਦਾ ਪਾੜ ਜੋ ਸਾਲਾਂ ਤੋਂ ਉਸ ਦੀ ਕਿਸਮਤ ਵਿਚ ਸੀ। ਉਹ ਇਹਨਾਂ ਦੋਵਾਂ ਨੇ ਭਰ ਦਿੱਤਾ ਸੀ। ਉਹ ਤਣ ਕੇ ਖੜਾ ਹੋ ਗਿਆ ਤੇ ਸ਼ਾਂਤ ਲਹਿਜੇ ਵਿਚ ਬੋਲਿਆ—
“ਚੱਲੋ ਥਾਣੇਦਾਰ ਸਾਹਿਬ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ