Band Raste (Sindhi Story in Punjabi) : Mohan Kalpana

ਬੰਦ ਰਸਤੇ (ਸਿੰਧੀ ਕਹਾਣੀ) : ਮੋਹਨ ਕਲਪਨਾ

ਨਹੀਂ, ਮੈਂ ਆਪਣੇ ਭਾਗਾਂ ਦਾ ਫ਼ੈਸਲਾ ਤੁਹਾਡੇ 'ਤੇ ਨਹੀਂ ਛੱਡਦਾ।ਤੁਸੀਂ ਮੈਨੂੰ ਦੇਖੋਗੇ ਤਾਂ ਚਾਹੋਗੇ ਕਿ ਮੈਂ ਇਹ ਰਾਸਤਾ ਛੱਡ ਦੇਵਾਂ। ਤੁਸੀਂ ਨਹੀਂ ਚਾਹੋਗੇ ਕਿ ਮੇਰੇ ਵਾਲ਼ ਵਾਹੇ ਸੰਵਾਰੇ ਅਤੇ ਕੱਪੜੇ ਸਾਫ਼-ਸੁਥਰੇ ਹੋਣ।ਤੁਸੀਂ ਤਾਂ ਮੈਨੂੰ ਹਰੀਜਨ ਕਹਿ ਕੇ ਆਪਣੇ ਸੱਭਿਅਕ ਹੋਣ ਦੀਆ ਉਦਾਹਰਨਾਂ ਦਿੰਦੇ ਹੋ।ਜਿਹੜਾ ਤੁਹਾਡੇ ਮਨ ਨੂੰ ਨਹੀਂ ਭਾਉਂਦਾ ਉਹਨੂੰ ਭੰਗੀ ਕਹਿ ਕੇ ਗਾਲ਼ ਫੇਰ ਵੀ ਸਾਨੂੰ ਹੀ ਦਿੰਦੇ ਹੋ।

ਠੀਕ ਹੈ, ਅਖ਼ਬਾਰ ਵਿੱਚ ਅੱਜ ਮੇਰੀ ਖ਼ਬਰ ਛਪੀ ਹੈ। ਮੈਨੂੰ ਬੇਹੋਸ਼ੀ ਦੀ ਹਾਲਤ ਵਿੱਚ ਇੱਥੇ ਲਿਆਦਾਂ ਗਿਆ- ਕਿਉਂਕਿ ਮੈਨੂੰ ਕੁੱਟਿਆ ਗਿਆ ਸੀ। ਮੈਨੂੰ ਇਸ ਗੱਲ 'ਤੇ ਇਤਰਾਜ਼ ਨਹੀਂ ਕਿ ਮੈਂ ਅਛੂਤ ਹਾਂ ਪਰ ਇਸ ਕਾਰਨ ਮੈਨੂੰ ਕੁੱਟਿਆ ਜਾਵੇ, ਇਹ ਅਧਿਕਾਰ ਕਿਸੇ ਨੂੰ ਕਿਵੇਂ ਮਿਲਿਆ?

ਸਵੇਰ ਹੁੰਦੇ ਸਾਰ ਮੈਂ ਸੜਕਾਂ ਸੁੰਭਰਾਂ, ਕੂੜਾ-ਕਰਕਟ ਸਾਫ਼ ਕਰਾਂ। ਅੱਖਾਂ ਨੱਕ-ਮੂੰਹ ਮਿੱਟੀ ਨਾਲ ਭਰ ਜਾਣ। ਤੁਹਾਡੇ ਨੇੜਿਓਂ ਜੇ ਕੋਈ ਬੱਸ ਮਿੱਟੀ ਉਡਾਉਂਦੀ ਲੰਘੇ ਤਾਂ ਤੁਸੀਂ ਡਰਾਇਵਰ ਨੂੰ ਕੁੱਤਾ-ਕਮੀਨਾ ਹੋਰ ਪਤਾ ਨਹੀਂ ਕੀ-ਕੀ ਗਾਲ਼ਾਂ ਕੱਢੋਗੇ।ਮੈਂ ਕਿਸਨੂੰ ਗਾਲ਼ ਕੱਢਾਂ, ਜੀਹਦੀ ਹਰ ਸਵੇਰ ਮਿੱਟੀ ਦੇ ਬੱਦਲਾਂ 'ਚ ਬੀਤਦੀ ਹੈ। ਇਹ ਕਿਹੜਾ ਕਿਸੇ ਪਹਾੜੀ ਦੀ ਧੁੰਦ ਹੁੰਦੀ ਹੈ।

ਸਾਡਾ ਵਜੂਦ ਸਿਰਫ਼ ਇੰਨਾ ਕੁ ਹੈ ਕਿ ਪੰਜ ਸਾਲਾਂ ਵਿੱਚ ਇੱਕ ਵਾਰ ਸਰਪੰਚ ਵੋਟਾਂ ਲੈਣ ਆ ਜਾਂਦੇ।ਬਾਕੀ ਸਾਰੇ ਪਿੰਡ 'ਤੇ ਪੰਡਿਤ ਜੀ ਮਹਾਰਾਜ ਦੀ ਸੱਚੀ ਸੁੱਚੀ ਧਾਕ। ਉਹ ਵੇਦਾਂ ਤੇ ਜੋਤਿਸ਼ ਵਿਗਿਆਨ ਦਾ ਗਿਆਤਾ ਹੈ।ਉਹਦੀ ਮਾਨਤਾ ਹੈ, ਲੋਕ ਗੋਡਿਆਂ ਤੱਕ ਝੁਕਣ ਤੇ ਹੱਥਾਂ ਨੂੰ ਉਸ ਤੋ ਵੀ ਵੱਧ ਝੁਕਾ ਕੇ ਉਹਨੂੰ ਨਮਸਕਾਰ ਕਰਨ।

ਉਹ ਮਹਾਰਾਜ, ਸਵੇਰੇ ਮੰਦਿਰ 'ਚੋਂ ਨਿਕਲਦਿਆਂ ਹੀ ਮੈਨੂੰ ਦੇਖ ਕੇ ਇਸ ਤਰ੍ਹਾਂ ਮੂੰਹ ਫੇਰ ਲੈਂਦੇ ਨੇ ਜਿਵੇਂ ਮੈਂ ਕਿਸੇ ਹੋਰ ਪਿੰਡ ਦਾ ਦੂਜਾ ਬਾਹਮਣ ਹੋਵਾਂ। ਸ਼ਾਇਦ ਉਸਨੂੰ ਇਹ ਪਸੰਦ ਨਹੀਂ ਕਿ ਮੈਂ ਉਸ ਵੇਲੇ ਰਾਸਤੇ 'ਚ ਝਾੜੂ ਲਗਾਉਂਦਾ ਹਾਂ ਜਦੋਂ ਉਹ ਹਰੀਓਮ ਕਹਿੰਦਾ ਹੋਇਆ ਮੰਦਿਰ 'ਚੋਂ ਬਾਹਰ ਨਿਕਲਦਾ ਹੈ।

ਪਹਿਲਾਂ ਤਾਂ ਇਸ ਤਰ੍ਹਾਂ ਦੇਖੂ ਜਿਵੇਂ ਮੈਂ ਉਸਦੇ ਨੱਕ 'ਤੇ ਬੈਠੀ ਮੱਖੀ ਹੋਵਾਂ।ਉਹਦਾ ਵੱਸ ਚੱਲੇ ਤਾਂ ਨੱਕ ਕਟਵਾ ਦੇਵੇ।ਹੋਰ ਵੀ ਵੱਸ ਚੱਲੇ ਤਾਂ ਆਪਣੀਆਂ ਅੱਖਾਂ ਵੀ ਕਢਵਾ ਦੇਵੇ ਤੇ ਜੇ ਕਿਤੇ ਸਾਡੇ ਭੰਗੀਆਂ ਬਿਨਾਂ ਸਫ਼ਾਈ ਕਰਨਾ ਸੰਭਵ ਹੋਵੇ ਤਾਂ ਸਾਡੀ ਹੋਂਦ ਹੀ ਮਿਟਾ ਦੇਵੇ।

ਸਾਡਾ ਮੰਦਿਰ 'ਚ ਆਉਣਾ ਮਨ੍ਹਾ।ਤਲਾਬ 'ਚੋਂ ਪਾਣੀ ਭਰਨਾ ਮਨ੍ਹਾ ਪਰ ਸਰਪੰਚ ਦੇ ਮੁੰਡੇ ਨੇ ਕਰਿਸ਼ਨੇ ਦੀ ਕੁੜੀ ਨਾਲ ਬਲਾਤਕਾਰ ਕਿਉਂ ਕੀਤਾ? ਗੰਗਾ ਨੇ ਸਭ ਦੇ ਸਾਹਮਣੇ ਕਿਹਾ ਸੀ ; ਰਾਮ ਨੂੰ ਮੈਂ ਕਿਹਾ ਕਿ ਮੈਂ ਅਛੂਤ ਹਾਂ, ਮੈਨੂੰ ਕਿਸੇ ਨੇ ਵੀ ਨਹੀਂ ਛੂਹਿਆ! ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਮੂੰਹ ਬੰਨ ਕੇ ਮੈਨੂੰ ਪਵਿੱਤਰ ਬਣਾ ਦਿੱਤਾ ਗਿਆ।ਰਾਮ ਨੂੰ ਸਿਰਫ਼ ਇੰਨੀ ਕੁ ਸਜ਼ਾ ਮਿਲੀ ਕਿ ਉਹਨੂੰ ਕਿਹਾ ਗਿਆ ਕਿ ਦੋ ਮਹੀਨਿਆਂ ਲਈ ਪਿੰਡ ਛੱਡ ਕੇ ਆਪਣੇ ਨਾਨਕੇ ਚਲਾ ਜਾਵੇ। ਗੰਗਾ ਨੇ ਖੂਹ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਇੱਕ ਸ਼ਾਮ ਅਸੀ ਹਰੀਜਨ ਭਰਾ,ਇੱਕ ਪੜ੍ਹੇ ਲਿਖੇ ਹਰੀਜਨ ਨੌਜਵਾਨ ਤੋਂ ਤੁਲਸੀ ਦੀਆਂ ਚੌਪਈਆਂ ਸੁਣ ਰਹੇ ਸੀ ਕਿ ਸਾਡਾ ਉਹ ਪਾਠ ਲਾਊਡਸਪੀਕਰ ਵਰਗੀ ਸੁਣਾਈ ਦੇ ਰਹੀ ਤਿੱਖੀ ਆਵਾਜ਼ ਕਰਕੇ ਬੰਦ ਹੋ ਗਿਆ।

ਮਹਾਰਾਜ ਲਾਊਡਸਪੀਕਰ ਵਰਗੀ ਆਵਾਜ਼ 'ਚ ਗਊ ਮਾਤਾ ਬਾਰੇ ਦੱਸ ਰਹੇ ਸੀ-

- ਗਊ ਸਾਡੀ ਮਾਤਾ ਹੈ, ਕਿਉਂਕਿ ਗਊ ਦਾ ਦੁੱਧ ਮਾਂ ਦੇ ਦੁੱਧ ਦੇ ਬਰਾਬਰ ਹੈ।

- ਗਊ-ਮੂਤ੍ਰ ਪੀਣ ਨਾਲ ਉਮਰ ਸਵਾ ਸੌ ਸਾਲ ਹੋ ਜਾਂਦੀ ਹੈ।

-ਸਿਰ 'ਤੇ ਤਾਜ਼ਾ ਗੋਬਰ ਰੱਖਣ ਨਾਲ ਸਰੀਰ ਭਿਆਨਕ ਰੋਗਾਂ ਤੋਂ ਬਚਿਆ ਰਹਿੰਦਾ ਹੈ।

-ਭਾਰਤ ਖੇਤਾਂ ਦਾ ਦੇਸ਼ ਹੈ, ਇੱਥੇ ਬਲ਼ਦ ਹਲ ਖਿੱਚਦਾ ਹੈ।ਬਲਦਾਂ ਨੂੰ ਗਊ ਜਨਮ ਦਿੰਦੀ ਹੈ।ਟਰੈਕਟਰਾਂ ਲਈ ਡੀਜ਼ਲ ਚਾਹੀਦਾ ਹੈ,ਉਹਦੇ ਲਈ ਸਾਨੂੰ ਬਹੁਤ ਸਾਰਾ ਪੈਸਾ ਵਿਦੇਸ਼ਾਂ ਨੂੰ ਦੇਣਾ ਪੈਂਦਾ ਹੈ। ਬਲ਼ਦ ਸਾਡੀ ਫਾਰਨ ਐਕਸਚੇਂਜ ਬਚਾਉਂਦੇ ਹਨ। ਗਊ ਨਾ ਹੋਵੇ ਤਾਂ ਭਾਰਤ ਇੱਕ ਸਾਲ ਵੀ ਜਿਉਂਦਾ ਨਹੀਂ ਰਹਿ ਸਕਦਾ।

ਸਾਹਮਣੇ ਹੀ ਇੱਕ ਗਾਂ ਖੜੀ ਸੀ।ਮੈਨੂੰ ਲੱਗਿਆ ਕਿ ਸੱਚਮੁੱਚ ਹੀ ਮਾਂ ਵਰਗੀ ਹੈ।ਹਮੇਸ਼ਾ ਸ਼ਾਂਤ ਰਹਿਣ ਵਾਲੀ। ਨਿਮਰਤਾ ਵਾਲੀ।ਉਹਦੀਆਂ ਅੱਖਾਂ 'ਚ ਵੀ ਮਮਤਾ ਸੀ।

ਮਹਾਰਾਜ ਦਾ ਭਾਸ਼ਣ ਮੁੱਕ ਚੁੱਕਿਆ ਸੀ।ਮੈਂ ਉਸ ਗਾਂ ਦੇ ਪਿੱਛੇ-ਪਿੱਛੇ ਤੁਰਦਾ ਗਿਆ ਤੇ ਜਿਉਂ ਹੀ ਮੈਂ ਪਿਆਰ ਨਾਲ ਉਹਦੇ ਗਲ਼ ਵਿੱਚ ਬਾਹਵਾਂ ਪਾਈਆਂ ਤਾਂ ਦੇਖਿਆ ਕਿ ਐਨ ਸਾਹਮਣਿਓਂ ਮਹਾਰਾਜ ਆ ਰਹੇ ਸਨ ਅਤੇ ਉਹਨਾਂ ਦੇ ਨਾਲ ਕੁੱਝ ਗਊ-ਭਗਤ ਵੀ ਸਨ।

ਖੰਬੇ ਦੇ ਚਾਨਣ ਵਿੱਚ ਉਹਨਾਂ ਦਾ ਢਿੱਡ ਅਤੇ ਗਲ਼ਾ ਹਮੇਸ਼ਾ ਵਾਂਗ ਬਾਹਰ।ਸਿਰ 'ਤੇ ਸਾਫ਼ਾ ਅਤੇ ਮੱਥੇ 'ਤੇ ਤਿਲਕ।ਅੱਖਾਂ ਜਿਵੇਂ ਸਮਸ਼ਾਨ ਘਾਟ ਦੇ ਅੰਗਾਰੇ।ਜੋਸ਼ ਵਿੱਚ ਆਵਾਜ਼ ਲਾਊਡਸਪੀਕਰ ਵਰਗੀ-

''ਭੰਗੀ, ਗਊ ਮਾਤਾ ਨੂੰ ਹੱਥ ਲਾ ਰਿਹੈ।''

''ਪ੍ਰਭੂ, ਮਾਂ ਨੂੰ ਛੂਹਣਾ ਤਾਂ ਪਾਪ ਨਹੀਂ।''

''ਜਵਾਬ ਦਿੰਨੈ ਬੇਸ਼ਰਮਾਂ?''

ਮੈਂ ਨਜ਼ਰਾਂ ਝੁਕਾ ਲਈਆਂ ਕਿਉਂਕਿ ਮੈਂ ਦੇਖ ਲਿਆ ਸੀ ਕਿ ਗਊ-ਭਗਤਾਂ ਨੇ ਜੁੱਤੀਆਂ ਚੁੱਕ ਲਈਆਂ ਸਨ। ਸ਼ਾਇਦ ਮੇਰੀ ਮਾਂ ਨਹੀਂ ਸੀ, ਏਸੇ ਲਈ ਗਊ-ਮਾਤਾ ਪ੍ਰਤੀ ਵੱਧ ਪਿਆਰ ਜਾਗ ਪਿਆ ਸੀ।ਜਦੋਂ ਲੋਕਾਂ ਨੇ ਜੁੱਤੀਆਂ ਚੱਕ ਲਈਆਂ ਤਾਂ ਮੈਨੂੰ ਆਪਣੀ ਅਸਲੀ ਮਾਂ ਦੀ ਯਾਦ ਆਈ। ਉਹ ਹੁੰਦੀ ਤਾਂ ਖ਼ੁਦ ਵੀ ਜੁੱਤੀ ਲਾਹ ਕੇ ਇਨ੍ਹਾਂ ਦੇ ਮੂਹਰੇ ਆ ਖੜ੍ਹਦੀ ਤੇ ਸ਼ਾਇਦ ਕਹਿੰਦੀ ਕਿ ਪ੍ਰੇਮਚੰਦ ਨੇ ਜਵਾਬ ਨਹੀਂ ਦਿੱਤਾ-ਸਿਰਫ਼ ਪ੍ਰਸ਼ਨ ਕੀਤਾ ਹੈ।ਪ੍ਰਸ਼ਨ ਦੇ ਸਾਹਮਣੇ ਬਾਹਮਣਵਾਦ ਗੂੰਗਾ ਹੈ।

''ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਨਹੀਂ ਜਿਉਂਦੇ ਨੂੰ ਏਥੇ ਹੀ ਗਡਵਾ ਦਿਊਂ।''

ਮੈਂ ਸਿਰ ਝੁਕਾ ਕੇ ਤੁਰ ਪਿਆ। ਮੈਨੂੰ ਲੱਗਾ ਜਿਵੇਂ ਮੇਰੇ ਅੱਗੇ ਮੇਰਾ ਪਿਉ ਤੁਰ ਰਿਹਾ ਹੋਵੇ ਤੇ ਸਿਰ ਝੁਕਿਆ ਹੋਇਆ ਹੋਵੇ। ਉਸਦੇ ਅੱਗੇ ਮੇਰਾ ਦਾਦਾ, ਪੜਦਾਦਾ, ਲਕੜਦਾਦਾ।ਸੈਂਕੜੇ ਅੱਗੇ ਅਤੇ ਸੈਂਕੜੇ ਪਿੱਛੇ ਚੱਲ ਰਹੇ ਸੀ। ਹਜ਼ਾਰਾਂ ਸਾਲਾਂ ਤੋਂ ਉਹੀ ਸਿਰ ਝੁਕਾ ਕੇ ਤੁਰਨਾ ਚਾਲੂ ਸੀ।ਅਸੀਂ ਕਦੇ ਵੀ ਸਿਰ ਉੱਚਾ ਨਹੀਂ ਚੁੱਕਿਆ ਕਿ ਉਸ ਤੋਂ ਅਲੱਗ ਤੇ ਵਧੀਆ ਕੋਈ ਹੋਰ ਜੀਵਨ ਵੀ ਜੀਵਿਆ ਜਾ ਸਕਦਾ ਹੈ, ਅਤੇ ਜਨਮ-ਜਨਮਾਂਤਰਾਂ ਦੀ ਸਿਰ ਝੁਕਾ ਕੇ ਤੁਰਨ ਦੀ ਲੜੀ ਤੋੜੀ ਜਾ ਸਕਦੀ ਹੈ।

ਹਾਲੇ ਅੱਗੇ ਵੱਲ ਤੁਰਿਆ ਹੀ ਸੀ ਕਿ ਪਿੱਛਿਓਂ ਆਵਾਜ਼ ਆਈ, ''ਜਾਕੇ ਸੜਾਂਦ ਧੋ ਤੇ ਨਾਲੀਆਂ ਸਾਫ਼ ਕਰ।''

ਸੋਚਿਆ ਕਹਿ ਦਿਆਂ-''ਅਸੀਂ ਜੋ ਸੜਾਂਦਾਂ ਸਾਫ਼ ਕਰਦੇ ਹਾਂ, ਉਹ ਤੁਸੀਂ ਲੋਕ ਢਿੱਡ 'ਚ ਲੈ ਕੇ ਘੁੰਮਦੇ ਹੋ।'' ਸਾਡਾ ਵਜੂਦ ਸਿਰਫ਼ ਤਿਰਸਕਾਰ ਸਹਿਣ ਕਰਨ ਦੇ ਘੇਰੇ ਵਿੱਚ ਹੀ ਸੀਮਿਤ ਹੈ। ਜੇਕਰ ਅਸੀਂ ਆਪਣੇ ਜੀਵਨ ਨੂੰ ਨਵਾਂ ਮੋੜ ਦੇਣ ਲਈ ਧਰਮ ਪਰਿਵਰਤਨ ਕਰੀਏ ਤਾਂ ਸਾਰੇ ਮਹਾਰਾਜ ਮਿਲਕੇ ਕਹਿਣਗੇ-ਧਰਮ ਸੰਕਟ ਵਿੱਚ ਪੈ ਰਿਹਾ ਹੈ।

ਧਰਮ ਬਚਾਉਣ ਲਈ ਉਹ ਅਸਾਨੂੰ ਹਮੇਸ਼ਾ ਲਈ ਤਿਰਸਕਾਰ ਦਾ ਜੀਵਨ ਦਾਨ ਕਰਨ, ਉਹਨਾਂ ਨੂੰ ਘਮੰਡ ਹੈ ਕਿ ਉਹਨਾਂ ਨੇ ਧਰਮ ਦੀ ਰੱਖਿਆ ਕੀਤੀ ਅਤੇ ਅਸੀਂ ਓਹੋ ਜੇ ਦੇ ੳਹੋ ਜੇ।

ਉਹ ਰੱਬ ਦੇ ਮੂੰਹ 'ਚੋਂ ਪੈਦਾ ਹੋਏ ਹਨ ਅਤੇ ਅਸੀਂ ਪੈਰਾਂ 'ਚੋਂ। ਜੇਕਰ ਅਸੀਂ ਨਾ ਹੋਈਏ ਤਾਂ ਉਹਨਾਂ ਦਾ ਰੱਬ ਧੜੱਮ ਕਰਕੇ ਧਰਤੀ ਤੇ ਆ ਡਿੱਗੇ। ਜੇਕਰ ਰੱਬ ਦੇ ਪੈਰ ਅਛੂਤ ਹਨ ਤਾਂ ਉਹ ਪੂਜਾ ਕਰਨ ਵੇਲੇ ਉਹਦੇ ਪੈਰ ਕਿਉਂ ਸਾਫ਼ ਕਰਦੇ ਹਨ? ਉਹ ਮੂਰਖ ਗਿਆਨੀ ਹਨ।ਆਪਣੇ ਨਾਲ ਵੱਡੇ-ਵੱਡੇ ਫ਼ੈਸਲੇ ਲਈ ਫ਼ਿਰਦੇ ਹਨ। ਉਹ ਉੱਚੇ ਹਨ ਇਸੇ ਲਈ ਗਿਰੇ ਹੋਏ ਹਨ।ਗਿਰੇ ਹੋਏ ਲੋਕ ਹੀ ਦੂਜਿਆਂ ਨੂੰ ਗਿਰਿਆ ਹੋਇਆ ਸਮਝਦੇ ਹਨ, ਜਾਂ ਕੋਈ ਕਮੀ ਹੈ ਸਮਾਜ ਦੀ ਰੂਪ-ਰਚਨਾ ਵਿੱਚ।

ਮੈਂ ਤੁਰਦਾ ਰਿਹਾ।ਚਾਹਿਆ ਕਿ ਤੁਰਦਾ ਹੀ ਰਹਾਂ, ਕੁੱਝ ਇਸ ਤਰ੍ਹਾਂ ਕਿ ਧਰਤੀ ਮੁੱਕ ਜਾਵੇ।ਬਾਹਮਣ ਮੁੱਕ ਜਾਵੇ। ਮੈਂ ਤੁਰਦਾ ਜਾਵਾਂ।ਜਿੱਥੇ ਨਾ ਮਨੁੱਖ ਹੋਵੇ ਨਾ ਧਰਮ ਹੋਵੇ।ਜਿੱਥੇ ਨਾ ਹਨੇਰਾ ਹੋਵੇ, ਨਾ ਚਾਨਣ ਹੋਵੇ, ਨਾ ਸ਼ਬਦ, ਨਾ ਅਰਥ, ਨਾ ਅਰਥਹੀਣਤਾ ਹੋਵੇ। ਜਿੱਥੇ ਨਾ ਚੇਤਨਾ, ਨਾ ਚਿੰਤਨ, ਨਾ ਚਿੰਤਾ ਹੋਵੇ। ਜਿੱਥੇ ਕੇਵਲ ਸੁੰਨ ਹੋਵੇ ਅਤੇ ਉਸਦਾ ਕੋਈ ਅੰਤ ਨਾ ਹੋਵੇ, ਬੱਸ ਇਸ ਅੰਤਹੀਣ ਸੁੰਨ ਵਿੱਚ ਤੁਰਦਾ ਰਹੇ ਫੇਰ ਆਰਾਮ ਨਾਲ ਡਿੱਗ ਪਵਾਂ ਤੇ ਮਰ ਜਾਵਾਂ।ਉਹ ਮਰਨਾ ਇਸ ਤਿਰਸਕਾਰ ਤੋਂ ਉੱਤਮ ਹੈ, ਉਸ ਤੋਂ ਕਿ ਇਨਸਾਨਾਂ ਵਿੱਚ ਸਿਰ ਝੁਕਾ ਕੇ ਤੁਰਿਆ ਜਾਵੇ।

ਕੁੱਝ ਦਿਨਾਂ ਬਾਅਦ ਪੂਰੇ ਪਿੰਡ ਵਿੱਚ ਸੰਨਾਟਾ ਛਾ ਗਿਆ ਅਤੇ ਕਿਤੋਂ-ਕਿਤੋਂ ਰੋਣ ਦੀਆਂ ਆਵਾਜ਼ਾਂ ਵੀ ਆਉਣ ਲੱਗੀਆਂ,ਕਿਉਂਕਿ ਮਹਾਰਾਜ ਦੀ ਮਾਂ ਦਵਾਰਕਾ ਮਾਈ ਮਰ ਗਈ।

ਉਹ ਬੁੱਢੀ ਔਰਤ,ਸਵੇਰੇ-ਸਵੇਰੇ ਦੂਹਰੇ ਹੋਏ ਲੱਕ ਉੱਤੇ ਹੱਥ ਰੱਖ ਕੇ ਵਿਹੜੇ ਵਿੱਚ ਲੱਗੀ ਤੁਲਸੀ ਨੂੰ ਜਲ ਚੜ੍ਹਾਉਂਦੀ ਹੁੰਦੀ ਸੀ।ਉੱਥੇ ਅਗਰਬੱਤੀ ਜਲਾ ਕੇ ਹੱਥ ਜੋੜ ਕੇ ਪੂਜਾ ਕਰਦੀ ਹੁੰਦੀ ਸੀ।ਮੈਨੂੰ ਦੇਖ ਕੇ ਥੋੜੀ ਜਿਹੀ ਸੂਰਜ ਵਰਗੀ ਰੌਸ਼ਨੀ ਚਿਹਰੇ ਤੇ ਲਿਆ ਕੇ, ਮੈਨੂੰ ਦੂਰੋਂ ਹੀ ਆਸ਼ੀਰਵਾਦ ਦੇ ਦਿੰਦੀ ਸੀ।

ਉਸਦੀ ਮੌਤ ਦੀ ਖ਼ਬਰ ਸੁਣ ਮੈਂ ਅਤੀਤ ਨੂੰ ਵਿਚਕਾਰ ਹੀ ਛੱਡ ਕੇ ਉੱਠਿਆ ਤੇ ਝੌਂਪੜੀ ਤੋਂ ਬਾਹਰ ਆਇਆ ਤਾਂ ਕਰਿਸ਼ਨੇ ਨੇ ਪੁੱਛਿਆ ''ਕਿੱਧਰ ਚੱਲਿਐਂ ਪ੍ਰੇਮਚੰਦ?''

''ਦਵਾਰਕਾ ਮਾਈ ਪੂਰੀ ਹੋ ਗਈ।ਉਸਨੂੰ ਮੋਢਾ ਦੇਣ ਜਾ ਰਿਹਾਂ।''

''ਨਾ ਹੀ ਜਾਵੇਂ ਤਾਂ ਚੰਗੈ।''

''ਕਿਉਂ?''

''ਤੂੰ ਅਛੂਤ ਐਂ।''

''ਮੈਂ ਅਛੂਤ ਹਾਂ-ਮਾਈ ਤਾਂ ਅਛੂਤ ਨਹੀਂ....।''

''ਤੂੰ ਕੁੱਟ ਖਾਏਂਗਾ। ਤੇਰੀ ਮਰਜ਼ੀ। ਚਲਾ ਜਾ ਪਰ ਘੱਟੋ-ਘੱਟ ਨਹਾ ਕੇ ਤਾਂ ਜਾਹ।''

''ਨਹਾ ਤਾਂ ਮੈਂ ਲਿਆ।''

''ਬੇਜ਼ਤੀ ਕਰਾਏਂਗਾ।''

''ਪਹਿਲਾਂ ਕਿਹੜੀ ਇੱਜ਼ਤ ਐ ਜਿਹੜੀ ਚਲੀ ਜਾਊ।''

ਮੈਂ ਤੇਜ਼ ਤੁਰਕੇ ਉੱਥੇ ਪਹੁੰਚਿਆ।ਮਹਾਰਾਜ ਨੇ ਮੈਨੂੰ ਦੇਖਿਆ ਤਾਂ ਉਸਦੀਆਂ ਅੱਖਾਂ ਚੋਂ ਹੰਝੂ ਗਵਾਚ ਗਏ।ਇੱਕ ਭਗਤ ਨੂੰ ਉਹਨੇ ਕਿਹਾ- ''ਇਹਨੂੰ ਭਜਾਓ ਏਥੋਂ। ਜੇ ਇਹ ਨਾਲ ਗਿਆ ਤਾਂ ਮੇਰੀ ਮਾਂ ਨਰਕਾਂ ਨੂੰ ਜਾਊ।''

ਦਵਾਰਕਾ ਮਾਈ ਨਰਕਾਂ ਨੂੰ ਜਾਏਗੀ ਜਾਂ ਨਹੀਂ, ਇਹ ਵਾਦ-ਵਿਵਾਦ ਤਾਂ ਪੰਡਿਤ ਹੀ ਕਰਨਗੇ ਪਰ ਮੈਂ ਉਹਨਾਂ ਨੂੰ ਇਹ ਦੁੱਖ ਕਿਉਂ ਪਹੁੰਚਾਵਾਂ ਕਿ ਉਹ ਮੇਰੇ ਕਾਰਨ ਨਰਕਾਂ ਨੂੰ ਜਾਵੇਗੀ। ਮੈਂ ਸਾਰੇ ਪਿੰਡ ਦੀ ਸਾਂਝੀ ਮਾਈ ਦੇ ਸੰਸਕਾਰ ਤੇ ਨਹੀਂ ਜਾਵਾਂਗਾ।

ਵਾਪਸੀ ਤੇ ਕ੍ਰਿਸ਼ਨੇ ਨੇ ਪੁੱਛਿਆ-''ਜਲਦੀ ਆ ਗਿਆ- ਕੀ ਹੋਇਆ?''

ਮੈਂ ਗਰਦਨ ਨਹੀਂ ਘੁਮਾਈ, ਪਰ ਇੱਕ ਪਲ ਲਈ ਉਹਦੇ ਵੱਲ ਦੇਖਿਆ।ਮੈਂ ਸਮਝ ਗਿਆ ਕਿ ਉਸਨੇ ਮੇਰੀ ਤਿਰਛੀ ਨਜ਼ਰ ਵਿੱਚੋਂ ਮੇਰੀ ਆਤਮਾ ਦਾ ਦਰਦ ਦੇਖ ਲਿਆ ਤੇ ਮੈਂ ਘਰ ਜਾ ਕੇ ਧਰਤੀ 'ਤੇ ਮੂਧਾ ਪੈ ਗਿਆ।

ਇੱਕ ਸੰਸਾਰ ਹੈ, ਜਿਸਦੇ ਬਾਹਰ ਅਸੀਂ ਅਛੂਤ ਵੱਸਦੇ ਹਾਂ।ਵਿਚਕਾਰ ਦਿਖਾਈ ਨਾ ਦੇਣ ਵਾਲੀਆਂ ਉੱਚੀਆਂ ਅਤੇ ਮਜਬੂਤ ਕੰਧਾਂ ਹਨ, ਜਿਹੜੀਆਂ ਸਾਨੂੰ ਉਸ ਸੰਸਾਰ ਵਿੱਚ ਜਾਣ ਨਹੀਂ ਦਿੰਦੀਆਂ।ਅਸੀਂ ਸਿਰਫ਼ ਖੇਡ ਦੇਖਣ ਵਾਲੇ ਬਣਕੇ ਥੋੜਾ ਜਿਹਾ ਉਹ ਸੰਸਾਰ ਦੇਖ ਲੈਂਦੇ ਹਾਂ, ਜਿੱਥੇ ਸਾਡੇ ਲਈ ਸਿਰਫ਼ ਰਸਤੇ ਹਨ ਅਤੇ ਸੜਾਂਦ ਹੈ।ਉੱਥੇ ਜਾਣ ਅਤੇ ਵਾਪਿਸ ਆਉਣ ਲਈ ਕੁੱਝ ਢੱਕੀਆਂ ਹੋਈਆਂ ਅਤੇ ਨਿਸ਼ਚਿਤ ਕੀਤੀਆਂ ਹੋਈਆਂ ਪਗਡੰਡੀਆਂ ਹਨ।

ਹਾਲੇ ਦਵਾਰਕਾ ਮਾਈ ਦਾ ਦੁੱਖ ਵੀ ਨਹੀਂ ਸੀ ਭੁੱਲਿਆ ਕਿ ਸੁਣਿਆਂ ਮੰਦਿਰ ਵਾਲੀ ਗਾਂ ਮਰ ਗਈ। ਮਹਾਰਾਜ ਨੇ ਸੁਨੇਹਾ ਭੇਜਿਆ ਕਿ ਪ੍ਰੇਮਚੰਦ ਤੁਰੰਤ ਮੰਦਿਰ ਦੇ ਬਾਹਰ ਪਹੁੰਚੇ ਅਤੇ ਦੂਜੇ ਹਰੀਜਨਾ ਨੂੰ ਵੀ ਨਾਲ ਲੈਕੇ ਆਵੇ।

ਮੈਂ ਅਛੂਤਾਂ ਦੀ ਟੋਲੀ ਲੈ ਕੇ ਮੰਦਿਰ ਦੇ ਬਾਹਰ ਪਹੁੰਚਿਆ, ਜਿੱਥੇ ਬਹੁਤ ਸਾਰੇ ਲੋਕ ਇੱਕਠੇ ਹੋਏ ਸਨ।ਮਹਾਰਾਜ ਆਪਣੀ ਨੱਕ ਨੂੰ ਦੁਮਾਲੇ ਨਾਲ ਢੱਕ ਕੇ ਧਰਤੀ 'ਤੇ ਮਰੀ ਪਈ ਗਾਂ ਨੂੰ ਦੇਖ ਰਿਹਾ ਸੀ।ਦੂਰੋਂ ਹੀ ਮੈਨੂੰ ਕਿਹਾ ''ਪ੍ਰੇਮਿਆ, ਜਲਦੀ ਕਰੋ, ਇਹਨੂੰ ਚੁੱਕੋ ਇੱਥੋਂ।ਬਦਬੂ ਨਾਲ ਮੇਰਾ ਸਿਰ ਚਕਰਾ ਰਿਹੈ।'

ਮੈਂ ਹੌਲੀ ਜਿਹੀ ਆਵਾਜ਼ 'ਚ ਕਿਹਾ, ''ਗਊ ਸਾਡੀ ਮਾਤਾ ਹੈ।''

''ਹਾਂ।'' ਮਹਾਰਾਜ ਨੇ ਕਿਹਾ, ''ਗਊ ਸਾਡੀ ਮਾਂ ਹੈ।''

''ਤੁਸੀਂ ਮੈਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਮੈਂ ਆਪਣੀ ਮਾਤਾ ਨੂੰ ਮੋਢਾ ਦੇਵਾਂ।''

''ਮਤਲਬ?''

''ਤੁਸੀਂ ਹੀ ਸਾਰੇ ਗਊ ਮਾਤਾ ਨੂੰ ਮੋਢਾ ਦਿਓ।''

ਮਹਾਰਾਜ ਉੱਤਰ ਦੀ ਤਲਾਸ਼ ਵਿੱਚ ਉਸ ਪਲ ਗੂੰਗਾ ਹੋ ਗਿਆ।

''ਤੁਸੀਂ ਆਪ ਹੀ ਮਨ੍ਹਾ ਕੀਤਾ ਸੀ ਕਿ ਗਊ ਨੂੰ ਹੱਥ ਨਾ ਲਗਾ।'' ਅਤੇ ਮੈਂ ਸਿਰ ਉੱਚਾ ਚੁੱਕ ਕੇ ਤੁਰ ਪਿਆ।

ਅਚਾਨਕ ਕਿਸੇ ਨੇ ਮੈਨੂੰ ਧੱਕਾ ਦਿੱਤਾ, ਮੂੰਹ 'ਤੇ ਜੁੱਤੀਆਂ ਹੀ ਜੁੱਤੀਆਂ ਪੈਣ ਲੱਗੀਆਂ ਅਤੇ ਮੈਨੂੰ ਅੱਖਾਂ ਵਿੱਚ ਆਕਾਸ਼ ਗੰਗਾ ਦੇ ਨਾਲ ਧਰੁਵ ਤਾਰਾ ਅਤੇ ਸਪਤ ਰਿਸ਼ੀ ਵੀ ਦਿਖਾਈ ਦੇਣ ਲੱਗੇ। ਬਾਅਦ ਵਿੱਚ ਮੈਨੂੰ ਸਿਰਫ਼ ਇਹੀ ਦੱਸਿਆ ਗਿਆ ਕਿ ਅਖ਼ਬਾਰ ਵਿੱਚ ਮੇਰਾ ਨਾਮ ਛਪਿਆ ਹੈ ਕਿ ਲੋਕਤੰਤਰ ਕਾਰਨ ਹਰੀਜਨ ਅਸੱਭਿਅਕ ਹੋ ਗਏ ਹਨ।

(ਅਨੁਵਾਦ : ਅਮਨ ਫ਼ਾਰਿਦ)

  • ਮੁੱਖ ਪੰਨਾ : ਮੋਹਨ ਕਲਪਨਾ ਦੀਆਂ ਸਿੰਧੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ