Band Darwaza (Story in Punjabi) : Munshi Premchand
ਬੰਦ ਦਰਵਾਜਾ (ਕਹਾਣੀ) : ਮੁਨਸ਼ੀ ਪ੍ਰੇਮਚੰਦ
ਸੂਰਜ ਦੁਮੇਲ ਦੀ ਗੋਦ ਵਿੱਚੋਂ ਨਿਕਲਿਆ, ਬੱਚਾ ਪਾਲਣੇ ਵਿੱਚੋਂ– ਉਹੀ ਚਮਕ, ਉਹੀ ਲਾਲੀ, ਉਹੀ ਖੁਮਾਰ, ਉਹੀ ਰੋਸ਼ਨੀ।
ਮੈਂ ਬਰਾਂਡੇ ਵਿਚ ਬੈਠਾ ਸੀ। ਦਰਵਾਜੇ ਵਿੱਚੋਂ ਝਾਕਿਆ। ਮੈਂ ਮੁਸਕਰਾ ਕੇ ਬੁਲਾਇਆ। ਉਹ ਮੇਰੀ ਗੋਦੀ ਵਿਚ ਆ ਕੇ ਬੈਠ ਗਿਆ।
ਉਹਦੀਆਂ ਸ਼ਰਾਰਤਾਂ ਸ਼ੁਰੂ ਹੋ ਗਈਆਂ। ਕਦੇ ਕਲਮ ਵੱਲ ਹੱਥ ਵਧਾਇਆ, ਕਦੇ ਕਾਗਜ਼ ਵੱਲ। ਮੈਂ ਗੋਦੀ ਵਿੱਚੋਂ ਉਤਾਰ ਦਿੱਤਾ। ਉਹ ਮੇਜ਼ ਦਾ ਪਾਵਾ ਫੜ ਕੇ ਖੜਾ ਰਿਹਾ। ਘਰ ਅੰਦਰ ਨਹੀਂ ਗਿਆ। ਦਰਵਾਜਾ ਖੁੱਲ੍ਹਾ ਹੋਇਆ ਸੀ।
ਇਕ ਚਿੜੀ ਟੱਪਦੀ ਹੋਈ ਆਈ ਤੇ ਸਾਹਮਣੇ ਵਿਹੜੇ ਵਿੱਚ ਬੈਠ ਗਈ। ਬੱਚੇ ਲਈ ਮਨੋਰੰਜਨ ਦਾ ਇਹ ਨਵਾਂ ਸਮਾਨ ਸੀ। ਉਹ ਉਸ ਵੱਲ ਵਧਿਆ। ਚਿੜੀ ਬਿਲਕੁਲ ਨਹੀਂ ਡਰੀ। ਬੱਚੇ ਨੇ ਸਮਝਿਆ ਕਿ ਹੁਣ ਉਹ ਖੰਭਾ ਵਾਲਾ ਖਿਡੌਣਾ ਹੱਥ ਆ ਗਿਆ। ਉਹ ਬੈਠਕੇ ਚਿੜੀ ਨੂੰ ਦੋਹਾਂ ਹੱਥਾਂ ਨਾਲ ਆਪਣੇ ਕੋਲ ਬੁਲਾਉਂ ਲੱਗਾ। ਚਿੜੀ ਉੱਡ ਗਈ। ਨਿਰਾਸ਼ਾ ਵਿਚ ਬੱਚਾ ਰੋਣ ਲੱਗਾ, ਪਰ ਅੰਦਰ ਦੇ ਦਰਵਾਜੇ ਵੱਲ ਝਾਕਿਆ ਵੀ ਨਹੀਂ। ਦਰਵਾਜਾ ਖੁਲ੍ਹਾ ਹੋਇਆ ਸੀ।
ਗਰਮ ਕੜਾਹ ਦੀ ਮਿੱਠੀ ਪੁਕਾਰ ਆਈ। ਬੱਚੇ ਦਾ ਚਿਹਰਾ ਚਾਅ ਨਾਲ ਖਿੜ ਗਿਆ। ਛਾਬੇ ਵਾਲਾ ਸਾਹਮਣਿਉਂ ਲੰਘਿਆ। ਬੱਚੇ ਨੇ ਮੇਰੇ ਵੱਲ ਬੇਨਤੀ ਭਰੀ ਨਿਗਾਹ ਨਾਲ ਵੇਖਿਆ। ਜਿਉਂ-ਜਿਉਂ ਛਾਬੇ ਵਾਲਾ ਦੂਰ ਗਿਆ, ਬੇਨਤੀ ਵਾਲੀਆਂ ਅੱਖਾਂ ਰੋਸ ਵਿਚ ਬਦਲਦੀਆਂ ਗਈਆਂ। ਇੱਥੋਂ ਤਕ ਕਿ ਜਦੋਂ ਮੋੜ ਆ ਗਿਆ ਤੇ ਛਾਬੇ ਵਾਲਾ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਰੋਸ ਨੇ ਪੁਰਜ਼ੋਰ ਫਰਿਆਦ ਦੀ ਸੂਰਤ ਅਖਤਿਆਰ ਕਰ ਲਈ। ਪਰ ਮੈਂ ਬਜ਼ਾਰ ਦੀਆਂ ਚੀਜਾਂ ਬੱਚਿਆਂ ਨੂੰ ਖਾਣ ਨਹੀਂ ਦਿੰਦਾ। ਬੱਚੇ ਦੀ ਫਰਿਆਦ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਇਆ। ਮੈਂ ਅਗਾਂਹ ਦੀ ਗੱਲ ਸੋਚ ਕੇ ਹੋਰ ਵੀ ਤਣ ਗਿਆ। ਕਹਿ ਨਹੀਂ ਸਕਦਾ ਕਿ ਬੱਚੇ ਨੇ ਆਪਣੀ ਮਾਂ ਦੀ ਅਦਾਲਤ ਵਿਚ ਅਪੀਲ ਕਰਨ ਦੀ ਜ਼ਰੂਰਤ ਸਮਝੀ ਜਾਂ ਨਹੀਂ। ਆਮ ਤੌਰ ਤੇ ਬੱਚੇ ਅਜਿਹੇ ਹਾਲਾਤ ਵਿਚ ਮਾਂ ਕੋਲ ਅਪੀਲ ਕਰਦੇ ਹਨ। ਸ਼ਾਇਦ ਉਹਨੇ ਕੁਝ ਦੇਰ ਲਈ ਅਪੀਲ ਮੁਲਤਵੀ ਕਰ ਦਿੱਤੀ ਹੋਵੇ। ਉਹਨੇ ਦਰਵਾਜੇ ਵੱਲ ਰੁੱਖ ਨਹੀਂ ਕੀਤਾ। ਦਰਵਾਜਾ ਖੁੱਲ੍ਹਾ ਹੋਇਆ ਸੀ।
ਮੈਂ ਹੰਝੂ ਪੂੰਝਣ ਦੇ ਖਿਆਲ ਨਾਲ ਆਪਣਾ ਫਾਊਂਟੇਨਪੈਨ ਉਹਦੇ ਹੱਥ ਵਿਚ ਦੇ ਦਿੱਤਾ। ਬੱਚੇ ਨੂੰ ਜਿਵੇਂ ਸਾਰੇ ਜ਼ਮਾਨੇ ਦੀ ਦੌਲਤ ਮਿਲ ਗਈ। ਉਹਦੀਆਂ ਸਾਰੀਆਂ ਇੰਦਰੀਆਂ ਇਸ ਨਵੀਂ ਸਮੱਸਿਆ ਨੂੰ ਹੱਲ ਕਰਨ ਵਿਚ ਲੱਗ ਗਈਆਂ। ਅਚਾਨਕ ਦਰਵਾਜਾ ਹਵਾ ਨਾਲ ਆਪਣੇ ਆਪ ਬੰਦ ਹੋ ਗਿਆ। ਪਟ ਦੀ ਆਵਾਜ਼ ਬੱਚੇ ਦੇ ਕੰਨਾਂ ਵਿਚ ਪਈ। ਉਹਨੇ ਦਰਵਾਜੇ ਵੱਲ ਵੇਖਿਆ। ਉਹਦਾ ਉਹ ਰੁਝੇਵਾਂ ਤੁਰੰਤ ਖਤਮ ਹੋ ਗਿਆ। ਉਹਨੇ ਫਾਊਂਟੇਨਪੈਨ ਸਿੱਟ ਦਿੱਤਾ ਤੇ ਰੋਂਦਾ ਹੋਇਆ ਦਰਵਾਜੇ ਵੱਲ ਤੁਰ ਪਿਆ, ਕਿਉਂਕਿ ਦਰਵਾਜਾ ਬੰਦ ਹੋ ਗਿਆ ਸੀ।
(ਅਨੁਵਾਦ: ਸ਼ਿਆਮ ਸੁੰਦਰ ਅਗਰਵਾਲ)