Bandar Di Poochh (Punjabi Story) : Kuldeep Sirsa

ਬਾਂਦਰ ਦੀ ਪੂਛ (ਕਹਾਣੀ) : ਕੁਲਦੀਪ ਸਿਰਸਾ

ਇਕ ਜੰਗਲ ਵਿੱਚ ਕਈ ਬਾਂਦਰ ਸਦੀਆਂ ਤੋਂ ਸੁੱਖ, ਅਰਾਮ ਅਤੇ ਭਾਈਚਾਰੇ ਦੀ ਜਿੰਦਗੀ ਜੀ ਰਹੇ ਸਨ।ਸਾਰੇ ਬਾਂਦਰ ਬਰਾਬਰ ਸਨ, ਨਾ ਕੋਈ ਉੱਚਾ ਨਾ ਕੋਈ ਨੀਵਾਂ।ਲੋੜ ਪੈਣ ਉੱਤੇ ਇਕ-ਦੂਜੇ ਦੀ ਮਦਦ ਕਰਨਾ ਹਰ ਬਾਂਦਰ ਆਪਣਾ ਇਖਲਾਕੀ ਫਰਜ ਸਮਝਦਾ ਸੀ।ਇੱਕ-ਦੂਜੇ ਦੀ ਮਦਦ ਕਰਕੇ ਉਹਨਾਂ ਨੂੰ ਰੂਹਾਨੀ ਖੁਸ਼ੀ ਵੀ ਮਿਲਦੀ ਸੀ।ਜੇਕਰ ਉਹਨਾਂ ਵਿੱਚ ਕੋਈ ਝਗੜਾ ਹੋ ਵੀ ਜਾਂਦਾ ਸੀ ਤਾਂ ਉਹ ਤਤਕਾਲੀ-ਘਟਨਾ ਹੀ ਹੁੰਦੀ ਸੀ ਅਤੇ ਉਹ ਉਸਨੂੰ ਜਲਦੀ ਹੀ ਭੁੱਲ ਜਾਂਦੇ ਸਨ।ਉਹਨਾਂ ਦਾ ਝਗੜਾ ਸਿਰਫ ਦੋ ਬਾਂਦਰਾਂ ਦਾ ਝਗੜਾ ਹੁੰਦਾ ਸੀ, ਨਾ ਕਿ ਕਿਸੇ ਸਮੂਹ, ਜਾਤ ਜਾਂ ਧਰਮ ਦਾ ਝਗੜਾ।ਇਸ ਲਈ ਬਾਂਦਰਾਂ ਦੇ ਝਗੜੇ ਵਿਅਕਤੀਗਤ ਝਗੜੇ ਹੀ ਰਹਿੰਦੇ ਅਤੇ ਵਿਅਕਤੀਗਤ ਝਗੜੇ ਜਲਦੀ ਭੁਲਾ ਦਿੱਤੇ ਜਾਂਦੇ।ਬਾਕੀ ਵਿਅਕਤੀਗਤ ਝਗੜੇ ਦੂਜੇ ਬਾਂਦਰਾਂ ਲਈ ਕੋਈ ਸਮੱਸਿਆ ਵੀ ਪੈਦਾ ਨਹੀਂ ਸਨ ਕਰਦੇ।ਇਸਤੋਂ ਇਲਾਵਾ ਬਾਂਦਰੀਆਂ ਨੂੰ ਕਿਸੇ ਵੀ ਬਾਂਦਰ ਨਾਲ ਹੱਸਣ-ਖੇਡਣ ਦੀ ਖੁੱਲ੍ਹ ਸੀ।ਬਾਂਦਰੀਆਂ ਵੀ ਖੁਸ਼ ਸਨ ਅਤੇ ਉਹਨਾਂ ਦੇ ਬੱਚੇ ਵੀ।

ਪਰ ਪਿਛਲੇ ਕੁੱਝ ਸਮੇਂ ਤੋਂ ਇਕ ਨਵੀਂ ਹੀ ਸਮੱਸਿਆ ਖੜੀ ਹੋ ਗਈ ਸੀ।ਹਰ ਬਾਂਦਰ ਆਪਣੀ ਪੂਛ ਨੂੰ ਕੁਝ ਜਿਆਦਾ ਹੀ ਮਹੱਤਵ ਦੇ ਰਿਹਾ ਸੀ।ਹਰ ਬਾਂਦਰ ਨੂੰ ਲਗਦਾ ਸੀ ਕਿ ਉਸਦੀ ਪੂਛ ਅਲੱਗ, ਉੱਚੀ, ਮਹਾਨ, ਪਵਿੱਤਰ, ਰੂਹਾਨੀ ਅਤੇ ਧੁਰ ਦਰਗਾਹੋਂ ਲੱਗੀ ਹੋਈ ਹੈ।ਕੁਝ ਵੀ ਹੁੰਦਾ ਉਸਨੂੰ ਲਗਦਾ ਉਸਦੀ ਪੂਛ ਦਾ ਅਪਮਾਨ ਹੋ ਗਿਆ।ਉਸਨੇ ਪੂਛ ਲਈ ਕੁੱਝ ਨਿਯਮ ਵੀ ਬਣਾ ਲਏ ਜਿਵੇਂ ਤੁਰਨ ਵੇਲੇ ਪੂਛ ਕਿਵੇਂ ਰੱਖਣੀ ਹੈ, ਬੈਠਣ ਵੇਲੇ ਕਿਵੇਂ ਰੱਖਣੀ ਹੈ, ਦੌੜਨ ਵੇਲੇ ਕਿਵੇਂ ਰੱਖਣੀ ਹੈ, ਨਹਾਉਣ ਵੇਲੇ ਕਿਵੇਂ ਰੱਖਣੀ ਹੈ ਆਦਿ।ਕੁਝ ਨਿਯਮ ਦਿਨਾਂ ਦੇ ਹਿਸਾਬ ਨਾਲ ਸਨ, ਕੁਝ ਮਹੀਨੇ ਦੇ ਹਿਸਾਬ ਨਾਲ, ਕੁਝ ਸਵੇਰ-ਦੁਪਹਿਰ-ਰਾਤ ਦੇ ਹਿਸਾਬ ਨਾਲ।ਇਹਨਾਂ ਨਿਯਮਾਂ ਵਿੱਚ ਕੋਈ ਢਿੱਲ ਨਹੀਂ ਸੀ।ਪੂਛ ਲਈ ਬਣਾਏ ਨਿਯਮ ਬੇਸ਼ੱਕ ਬੜੇ ਬੋਝਲ ਅਤੇ ਭਾਰੀ ਸਨ ਪਰ ਫਿਰ ਵੀ ਬਾਂਦਰ ਉਹਨਾਂ ਦਾ ਸਖਤੀ ਨਾਲ ਪਾਲਣ ਕਰਦੇ ਸਨ।ਬਾਂਦਰਾਂ ਵਿਚ ਇਹ ਵਿਚਾਰ ਵੀ ਪ੍ਰਚਲਿਤ ਸੀ ਕਿ ਪੂਛ ਨੂੰ ਨਿਯਮਾਂ ਵਿਚ ਰੱਖਣ ਨਾਲ ਮੌਤ ਤੋਂ ਮਗਰੋਂ ਸ਼ਾਨਦਾਰ ਜਿੰਦਗੀ ਮਿਲਦੀ ਹੈ।ਇਸ ਸ਼ਾਨਦਾਰ ਜਿੰਦਗੀ ਦੇ ਲਾਲਚ ਨੇ ਉਸਦੀ ਮੌਜੂਦਾ ਜ਼ਿੰਦਗੀ ਨੂੰ ਬੇਸ਼ਕ ਨਰਕ ਬਣਾ ਦਿੱਤਾ ਸੀ।

ਕਹਾਣੀ ਇਥੇ ਹੀ ਖਤਮ ਨਹੀਂ ਹੋਈ ਸਗੋਂ ਬਾਂਦਰਾਂ ਵਿਚ ਆਪਣੀ-ਆਪਣੀ ਪੂਛ ਦੇ ਮਾਨ-ਸਨਮਾਨ ਨੂੰ ਲੈ ਕੇ ਲੜਾਈਆਂ ਹੋਣ ਲੱਗੀਆਂ।ਕਤਲ ਹੋਣ ਲੱਗੇ।ਬਾਂਦਰ ਕਈ ਸਮੂਹਾਂ ਵਿਚ ਵੰਡੇ ਗਏ।ਹਰ ਕੋਈ ਆਪਣੀ ਪੂਛ ਨੂੰ ਅਲੱਗ, ਉੱਚੀ, ਮਹਾਨ, ਪਵਿੱਤਰ ਰੂਹਾਨੀ ਅਤੇ ਧੁਰ ਦਰਗਾਹੋਂ ਆਈ ਸਮਝਦਾ ਪਰ ਦੂਜਿਆਂ ਦੀ ਪੂਛ ਦਾ ਮਜ਼ਾਕ ਉਡਾਉਂਦਾ।ਬਾਂਦਰਾਂ ਵਿਚ ਇੱਕ ਹੋਰ ਵਿਚਾਰ ਫੈਲ ਗਿਆ ਕਿ ਪੂਛ ਵੱਲ ਪਿੱਠ ਕਰਨ ਨਾਲ ਪੂਛ ਦਾ ਅਪਮਾਨ ਹੁੰਦਾ ਹੈ।ਪੂਛ ਵੱਲ ਪਿੱਠ ਨਾ ਹੋ ਜਾਵੇ ਇਸ ਲਈ ਬਾਂਦਰ ਟੇਢੇ-ਮੇਢੇ ਹੋਕੇ ਤੁਰਨ ਲੱਗੇ, ਟੇਢੇ-ਮੇਢੇ ਹੋਕੇ ਬੈਠਣ ਲੱਗੇ, ਟੇਢੇ-ਮੇਢੇ ਹੋਕੇ ਸੌਣ ਲੱਗੇ।ਉਹਨਾਂ ਦੀ ਪੂਰੀ ਜ਼ਿੰਦਗੀ ਟੇਢੀ-ਮੇਢੀ ਹੋ ਗਈ।ਉਹਨਾਂ ਦਾ ਡੀ.ਐਨ.ਏ. ਹੀ ਟੇਢਾ-ਮੇਢਾ ਹੋ ਗਿਆ।ਉਹਨਾਂ ਦੀਆਂ ਨਸਲਾਂ ਹੀ ਟੇਢੀਆਂ-ਮੇਢੀਆਂ ਹੋਣ ਲੱਗੀਆਂ।ਫਿਰ ਵੀ ਕੁਝ ਬਾਂਦਰ ਅਜਿਹੇ ਸਨ ਜਿਹੜੇ ਪੂਛ ਨੂੰ ਸਰੀਰ ਦਾ ਸਿਰਫ ਇਕ ਅੰਗ ਸਮਝਦੇ ਸਨ।ਉਹ ਕਿਸੇ ਵੀ ਪੂਛ ਨੂੰ ਅਲੱਗ, ਉੱਚੀ, ਮਹਾਨ, ਪਵਿੱਤਰ, ਰੂਹਾਨੀ ਅਤੇ ਧੁਰ-ਦਰਗਾਹੋਂ ਆਈ ਮਨਣੋਂ ਇਨਕਾਰੀ ਸਨ।ਸਾਰੇ ਸਮੂਹਾਂ ਨੂੰ ਇਹ ਬਾਂਦਰ ਆਪਣੇ ਦੁਸ਼ਮਣ ਲਗਦੇ।ਅਜਿਹੇ ਬਾਂਦਰਾਂ ਨੂੰ ਅਕਸਰ ਹੀ ਨੋਚ-ਨੋਚ ਕੇ ਮਾਰ ਦਿੱਤਾ ਜਾਂਦਾ।ਅਜਿਹੇ ਬਾਂਦਰਾਂ ਦੇ ਮਰਨ 'ਤੇ ਸਾਰੇ ਸਮੂਹ ਹੀ ਖੁਸ਼ ਹੁੰਦੇ।

ਬਾਂਦਰੀਆਂ ਅਤੇ ਉਹਨਾਂ ਦੇ ਬੱਚਿਆਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ।ਬਾਂਦਰੀਆਂ ਵੀ ਬਾਂਦਰਾਂ ਨਾਲ ਬੱਝ ਗਈਆਂ ਸਨ। ਬਾਂਦਰੀ ਦੀ ਆਪਣੀ ਪੂਛ ਕੋਈ ਮਹੱਤਵ ਨਹੀਂ ਰੱਖਦੀ ਸੀ।ਹੁਣ ਉਸ ਲਈ ਵੀ ਬਾਂਦਰ ਦੀ ਪੂਛ ਹੀ ਮਹੱਤਵਪੂਰਨ ਸੀ।ਬਾਂਦਰੀਆਂ ਨੂੰ ਪੂਰੀ ਜ਼ਿੰਦਗੀ ਬਾਂਦਰਾਂ ਦੀ ਪੂਛ ਦਾ ਹੀ ਖ਼ਿਆਲ ਰੱਖਣਾ ਪੈਂਦਾ ਸੀ।ਪੂਛ ਨੂੰ ਲੈਕੇ ਜਦੋਂ ਵੀ ਝਗੜਾ ਵਧ ਜਾਂਦਾ ਤਾਂ ਸਭ ਤੋਂ ਵੱਡਾ ਨੁਕਸਾਨ ਬਾਂਦਰੀਆਂ ਅਤੇ ਉਹਨਾਂ ਦੇ ਬੱਚਿਆਂ ਦਾ ਹੁੰਦਾ।

ਆਖਿਰ ਇਕ ਦਿਨ ਬਾਂਦਰਾਂ ਦਾ ਆਪਣੀ-ਆਪਣੀ ਪੂਛ ਨੂੰ ਲੈਕੇ ਭਿਆਨਕ ਯੁੱਧ ਛਿੜ ਗਿਆ।ਕਤਲੋਗਾਰਤ ਸ਼ੁਰੂ ਹੋ ਗਈ।ਪੂਰੇ ਜੰਗਲ ਵਿੱਚ ਅੱਗ ਲੱਗ ਗਈ।ਬਾਂਦਰੀਆਂ ਅਤੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਸ਼ਿਕਾਰ ਬਣਾਇਆ ਗਿਆ।ਬਾਂਦਰੀਆਂ ਆਪਣੇ ਮਰੇ ਬੱਚਿਆਂ ਨੂੰ ਸੀਨੇ ਨਾਲ ਲਗਾਈ ਇਧਰ-ਉਧਰ ਦੌੜ ਰਹੀਆਂ ਸਨ।ਹਰ ਪਾਸੇ ਖੂਨ ਅਤੇ ਲਾਸ਼ਾਂ ਹੀ ਨਜਰ ਆ ਰਹੀਆਂ ਸਨ।ਦਿਨ-ਰਾਤ ਚੀਕਾਂ ਹੀ ਚੀਕਾਂ ਸੁਣਾਈ ਦਿੰਦੀਆਂ।ਕਈ ਦਿਨਾਂ ਦੇ ਖੂਨ-ਖਰਾਬੇ ਅਤੇ ਕਤਲੋਗਾਰਤ ਤੋਂ ਬਾਅਦ ਕੁਝ ਦਿਨ ਸ਼ਾਂਤੀ ਰਹੀ।ਸਮਾਂ ਪਾ ਕੇ ਹੌਲੀ-ਹੌਲੀ ਫਿਰ ਬਾਂਦਰ- ਬਾਂਦਰੀਆਂ ਆਮ ਜੀਵਨ ਜਿਉਣ ਲੱਗੇ।ਪੁਰਾਣੇ ਜਖਮ ਭੁਲਾਉਣ ਲੱਗੇ।ਆਪਣੇ ਬੱਚਿਆਂ ਨੂੰ ਪੂਛ ਪਿੱਛੇ ਕਦੇ ਨ ਲੜਨ-ਝਗੜਨ ਦੀ ਸਿੱਖਿਆ ਦਿੰਦੇ।

ਫਿਰ ਇੱਕ ਦਿਨ ਇੱਕ ਬਾਂਦਰ ਉੱਚੀ ਜਗ੍ਹਾ 'ਤੇ ਖੜਾ ਹੋਕੇ ਆਪਣੀ ਪੂਛ ਨੂੰ ਅੱਲਗ, ਉੱਚੀ, ਮਹਾਨ, ਪਵਿੱਤਰ, ਰੂਹਾਨੀ ਅਤੇ ਧੁਰ-ਦਰਗਾਹੋਂ ਆਈ ਦੱਸ ਰਿਹਾ ਸੀ।ਉਹ ਕੁਝ ਦੇਰ ਬੋਲਦਾ ਰਿਹਾ।ਕਿਸੇ ਨੇ ਉਸਨੂੰ ਨਾ ਸੁਣਿਆ।ਫਿਰ ਉਹ ਵਾਪਸ ਚਲਾ ਗਿਆ।

  • ਮੁੱਖ ਪੰਨਾ : ਕਹਾਣੀਆਂ, ਕੁਲਦੀਪ ਸਿਰਸਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ