Banne Channe De Bhara (Punjabi Story) : Afzal Ahsan Randhawa

ਬੰਨੇ ਚੰਨੇ ਦੇ ਭਰਾ (ਕਹਾਣੀ) : ਅਫ਼ਜ਼ਲ ਅਹਿਸਨ ਰੰਧਾਵਾ

"ਸਬਜ਼ਾ ਗੁਲਜ਼ਾਰ ਰੰਗ ਦੀ ਉਹ ਘੋੜੀ ਬੜੀ ਵੱਡੀ ਸਾਰੀ ਘੋੜੀ ਸੀ। ਲੱਖਾਂ 'ਚੋਂ ਇਕ-ਅੱਧਾ ਜਾਨਵਰ ਹੀ ਏਡਾ ਪੂਰਾ, ਏਡਾ ਸੋਹਣਾ, ਏਡਾ ਸਾਊ ਤੇ ਏਡੀਆਂ ਸਿਫ਼ਤਾਂ ਵਾਲਾ ਹੁੰਦਾ ਹੈ। ਉਹ ਘੋੜੀ ਦੇਸੀ ਸੀ, ਮਾਂ-ਪਿਓ ਵਲੋਂ ਖਾਲਸ ਪੰਜਾਬੀ, ਪਰ ਚੰਗੀਆਂ ਸੋਹਣੀਆਂ ਸੁਥਰੀਆਂ ਸਿੰਧੀ, ਬਲੋਚੀ, ਅਰਬੀ, ਇਰਾਕੀ ਤੇ ਥਾਰੋ ਨਸਲ ਦੀਆਂ ਘੋੜੀਆਂ ਰੰਗ-ਰੂਪਾਂ, ਕੰਮ ਤੇ ਦਮ ਵਿਚ ਕਿਧਰੇ ਉਹਦੇ ਨੇੜੇ-ਤੇੜੇ ਵੀ ਨਹੀਂ ਸਨ ਢੁਕਦੀਆਂ। ਉਹ ਘੋੜੀ ਵੇਖਣ ਨੂੰ ਤਸਵੀਰ ਤੇ ਉਡਣ ਨੂੰ ਪਰੀ ਸੀ-ਵੇਖਿਆਂ ਉਹਨੂੰ ਭੁੱਖਾਂ ਲਹਿੰਦੀਆਂ ਤੇ ਉਤੇ ਚੜ੍ਹੇ ਸਵਾਰ ਨੂੰ ਲੈ ਕੇ ਹਵਾ ਹੋ ਜਾਂਦੀ। ਮੂੰਹ ਦੀ ਨਰਮ, ਤਬੀਅਤ ਦੀ ਗਰਮ ਤੇ ਸਾਹ ਦੀ ਪੱਕੀ। ਲੰਮੀ, ਦੌੜ, ਜ਼ੋਰ ਤੇ ਸਾਹ ਦਮ ਵਿਚ ਥਾਰੋ-ਨਸਲਾਂ ਵੀ ਉਹਦੇ ਅੱਗੇ ਸਿਰ ਸੁੱਟ ਜਾਂਦੀਆਂ। ਦਸ ਕੋਹ ਉਹਨੂੰ ਸਰਪਟ ਦੌੜਾਓ, ਫੇਰ ਵੀ ਨਵੀਂ ਨਕੋਰ, ਤਿਆਰ ਤੇ ਤਾਜ਼ਾ ਦਮ-ਜ਼ਰਾ ਲਗਾਮ ਨੂੰ ਇਸ਼ਾਰਾ ਦਿਓ ਤੇ ਫੇਰ ਸਵਾਰ ਨੂੰ ਲੈ ਕੇ ਉਡ ਜਾਏ। ਉਹਦੇ ਲਹੂ ਵਿਚ ਜਾਂ ਅੱਗ ਸੀ ਜਾਂ ਬਿਜਲੀਆਂ। ਨਰਾਂ ਤੋਂ ਚੌੜੀ ਉਹਦੀ ਛਾਤੀ ਵਿਚ ਨਰਾਂ ਤੋਂ ਕਿੱਧਰੇ ਵੱਧ ਹੌਸਲਾ ਤੇ ਦਲੇਰੀ ਸੀ!
ਜਵਾਨ ਕੁੜੀਆਂ ਵਰਗੀਆਂ ਸ਼ੋਖੀਆਂ, ਤੇਜ਼ੀਆਂ ਤੇ ਚੁੱਘੀਆਂ ਭਰਨ ਦੇ ਸ਼ੌਕ ਦੇ ਨਾਲ ਨਾਲ ਦਾਨੀਆਂ-ਪ੍ਰਧਾਨੀਆਂ ਸਵਾਣੀਆਂ ਵਰਗਾ ਸੁਹੱਪਣ, ਠਹਿਰਾਓ, ਨਿੱਘ ਤੇ ਸਾਊਪੁਣਾ ਵੀ ਉਹਦੇ ਵਿਚ ਵਾਫਰ ਸੀ-ਕੀ ਕਦੇ ਉਸ ਵੱਢਣ ਨੂੰ ਮੂੰਹ ਖੋਲ੍ਹਿਆ ਤੇ ਮਾਰਨ ਨੂੰ ਪੌੜ ਚੁੱਕਿਆ ਹੋਣਾ ਏਂ? ਕਿੱਲੇ ਬੱਧੀ ਦੀ ਪੂਛਲ ਨਾਲ ਭਾਵੇਂ ਅੰਞਾਣੇ ਲਮਕ ਕੇ ਖੇਡਦੇ ਰਹਿਣ, ਪਰ ਇਕ ਵਾਰੀ ਲਗਾਮ ਦੇ ਕੇ ਕਾਠੀ ਉਹਦੇ ਉਤੇ ਪਾ ਕੇ ਰਕਾਬ ਵਿਚ ਪੈਰ ਧਰਨ ਦੀ ਦੇਰ ਹੁੰਦੀ ਤੇ ਘੋੜੀ ਆਪਣੇ ਚਾਰੇ ਪੌੜ ਜ਼ਮੀਨ 'ਤੇ ਧਰਨੇ ਹੀ ਨਹੀਂ ਇਕੱਠੇ-ਤੇ ਇਹ ਵੀ ਆਖਿਆ ਜਾਂਦਾ ਕਿ ਸ਼ਾਹ ਸਵਾਰ ਉਹ, ਜਿਹੜਾ ਉਹਦੇ ਉਤੇ ਚੜ੍ਹ ਕੇ ਉਹਦੇ ਚਾਰੇ ਪੌੜ 'ਕੱਠੇ ਜ਼ਮੀਨ ਉਤੇ ਲਵਾ ਦੇਵੇ। ਸਵਾਰ ਉਹ ਨਹੀਂ ਹੈ, ਜਿਹੜਾ ਘੋੜੀ 'ਤੇ ਚੜ੍ਹ ਕੇ ਉਹਨੂੰ ਆਪਣੀ ਮਨਮਰਜ਼ੀ ਦੀ ਚਾਲ ਚਲਾਏ। ਘੋੜੀ ਸਰਪਟ ਦੌੜਨਾ ਚਾਹਵੇ ਤਾਂ ਸਵਾਰ ਉਹਨੂੰ ਪੋਈਏ 'ਚੋਂ ਨਾ ਨਿਕਲਣ ਦੇਵੇ। ਘੋੜੀ ਪੋਈਏ ਪੈਣਾ ਚਾਹਵੇ ਤਾਂ ਸਵਾਰ ਉਹਨੂੰ ਲਗਾਮ 'ਚੋਂ ਨਾ ਨਿਕਲਣ ਦੇਵੇ। ਘੋੜੀ ਟਾਪ ਪੈਣਾ ਚਾਹਵੇ ਤਾਂ ਸਵਾਰ ਉਹਨੂੰ ਰਵਾਲ ਟੋਰੇ। ਘੋੜੀ ਚੁੱਘੀਆਂ ਭਰਦੀ ਛੁੱਟਣ ਲਈ ਲਗਾਮ ਦੀ ਢਿੱਲ ਮੰਗੇ ਤਾਂ ਸਵਾਰ ਉਹਨੂੰ ਪੋਈਏ 'ਚੋਂ ਕੱਢ ਕੇ ਟਾਪ ਵਿਚ ਲੈ ਜਾਏ-ਤੇ ਫੇਰ ਜਦੋਂ ਚਾਹਵੇ ਟਾਪ ਤੋਂ ਪੋਈਏ ਪਾ ਲਏ ਤੇ ਜਦੋਂ ਚਾਹਵੇ ਪੋਈਏ ਤੋਂ ਸਰਪਟ ਸੁੱਟ ਦੇਵੇ, ਤੇ ਫੇਰ ਜਦੋਂ ਚਾਹਵੇ ਸਰਪਟ ਨੂੰ ਥੰਮ੍ਹ ਕੇ ਫੇਰ ਲਗਾਮ ਟੋਰ ਲਏ। ਅਜਿਹੇ ਸਵਾਰ ਹੀ ਸ਼ਾਹ ਸਵਾਰ ਅਖਵਾਉਣ ਦੇ ਲਾਇਕ ਹੁੰਦੇ ਨੇ!! ਸ਼ਾਹ ਸਵਾਰ ਦੀਆਂ ਲਗਾਮਾਂ ਫੜਨ ਵਾਲੀਆਂ ਉਂਗਲਾਂ ਵਿਚ ਹੁਨਰ, ਰਕਾਬ ਵਿਚ ਧਰਨ ਵਾਲੇ ਪੱਬ ਵਿਚ ਸੱਤ, ਘੋੜੀ ਦਵਾਲੇ ਜਮੂਰ ਵਾਂਗ ਕੱਸੇ ਹੋਏ ਪੱਟਾਂ ਵਿਚ ਤਾਕਤ ਤੇ ਘੋੜੀ ਦੀ ਹਰਕਤ, ਹਰ ਅਦਾ 'ਤੇ ਨਜ਼ਰ ਰੱਖਣ ਵਾਲੀ ਅੱਖ ਵਿਚ ਸਮਝ-ਸਿਆਣ ਦਾ ਨੂਰ ਹੋਵੇ ਤੇ ਘੋੜੀ ਆਪਣਾ ਜੁੱਸਾ ਸਵਾਰ ਦੇ ਜੁੱਸੇ ਨਾਲ ਰਲਾ ਲੈਂਦੀ ਏ।
ਸਬਜ਼ਾ ਗੁਲਜ਼ਾਰ ਰੰਗ ਦੀ ਓਸ ਅਨਮੋਲ ਘੋੜੀ ਨੂੰ, ਉਹਦੀ ਸਾਰੀ ਹਯਾਤੀ ਵਿਚ ਇਕ ਹੀ ਅਜਿਹਾ ਸ਼ਾਹ ਸਵਾਰ ਲੱਭਾ ਸੀ-ਉਹ ਮੇਰੇ ਭਾਈ ਸਾਹਿਬ ਸਨ।
ਉਹ ਘੋੜੀ ਜ਼ਿਲ੍ਹਾ ਸਰਗੋਧਾ ਦੇ ਚੱਕ ਚਾਲੀ ਦੀ ਜੰਮਪਲ ਸੀ। ਉਸ ਈ ਚੱਕ ਦੇ ਇਕ ਤਗੜੇ ਸੌਖੇ ਮੁਸਲਮਾਨ ਜੱਟ ਦੀ ਘੋੜੀ ਦੀ ਵਛੇਰੀ ਸੀ, ਜਿਹਨੂੰ ਜੱਟ ਨੇ ਬੜੀ ਰੀਝ ਤੇ ਬੜੀ ਜਾਨ ਮਾਰ ਕੇ ਪਾਲਿਆ ਸੀ। ਜਦੋਂ ਘੋੜੀ ਜਵਾਨ ਹੋਣ ਲੱਗੀ, ਤਾਂ ਉਹਦੀ ਧੁੰਮ ਦੂਰ-ਦੂਰ ਤੱਕ ਖਿੱਲਰ ਗਈ। ਸਰਗੋਧੇ, ਲਾਇਲਪੁਰ ਦੀਆਂ ਮੰਡੀਆਂ ਵਿਚ, ਨਾ ਉਸ ਘੋੜੀ ਦੀ ਕਦੇ ਮੂੰਹ ਵਿਖਾਈ ਹੋਈ ਤੇ ਨਾ ਹੀ ਉਹ ਦੌੜੀ, ਤਾਂ ਵੀ ਉਹਦੀ ਦੱਸ ਭੈਣੀ ਸਾਹਿਬ ਸਾਡੇ ਗੁਰੂ ਸਾਹਿਬ ਨੂੰ ਪੈ ਗਈ। ਗੁਰੂ ਸਾਹਿਬ ਮਹਾਰਾਜ ਭੈਣੀ ਸਾਹਿਬ ਤੋਂ ਚੜ੍ਹੇ ਤੇ ਸਰਗੋਧਾ, ਚਾਲੀ ਚੱਕ ਵਿਚ ਜਾ ਉਤਰੇ-ਉਹ ਘੋੜੀ ਦੇਖੀ, ਜਾਂਚੀ ਤੇ ਉਹਦਾ ਮੁੱਲ ਕਰਕੇ ਇਕ ਤੀਲਾ ਮਾਲਕ ਦੀ ਤਲੀ ਉਤੇ ਰੱਖਿਆ ਸਾਈ ਦਾ ਤੇ ਆ ਗਏ। ਆਉਂਦਿਆਂ ਫਰਮਾਇਓ ਨੇ, 'ਸਾਡਾ ਬੰਦਾ ਆਏਗਾ। ਪੈਸੇ ਦੇ ਜਾਏਗਾ ਤੇ ਘੋੜੀ ਲੈ ਜਾਏਗਾ। ਉਦੋਂ ਤੀਕ ਸਾਡੀ ਏਸ ਘੋੜੀ ਦੀ ਅੱਗੇ ਵਾਂਗ ਹੀ ਸੇਵਾ ਕਰੀਂ।' ਸਾਈਂ 'ਆਮੀਨ' ਆਖਿਆ ਤੇ ਸਬਜ਼ਾ ਗੁਲਜ਼ਾਰ ਰੰਗ ਦੀ ਓਸ ਘੋੜੀ ਨੂੰ ਗੁਰੂਆਂ ਦੀ ਘੋੜੀ ਜਾਣ ਕੇ ਅੱਗੇ ਨਾਲੋਂ ਵੀ ਵੱਧ ਸੇਵਾ ਕਰਨ ਲੱਗ ਪਿਆ।
ਏਸ ਗੱਲ ਦਾ ਹੁਣ ਮੈਨੂੰ ਥਹੁ ਨਹੀਂ ਭਈ ਗੁਰੂ ਮਹਾਰਾਜ ਉਦੋਂ ਹੀ ਉਹਦਾ ਮੁੱਲ ਤਾਰ ਕੇ ਘੋੜੀ ਲੈ ਕਿਉਂ ਨਾ ਗਏ? ਖੌਰੇ ਏਸ ਗੱਲ ਵਿਚ ਵੀ ਕੋਈ ਹਿਕਮਤ ਸੀ? ਫੇਰ ਇਹ ਗੱਲ ਪਤਾ ਨਹੀਂ ਕਿਦਾਂ ਕਈ ਮਹੀਨੇ ਗੁਰੂ ਸਾਹਿਬ ਮਹਾਰਾਜ ਹੁਰਾਂ ਦੇ ਮਨੋਂ ਵਿਸਰ ਗਈ?
ਕੋਈ ਚਾਰ-ਪੰਜ ਮਹੀਨੇ ਮਗਰੋਂ ਜਦੋਂ ਗੁਰਾਂ ਦਾ ਬੰਦਾ ਪੈਸੇ ਲੈ ਕੇ ਘੋੜੀ ਲੈਣ ਗਿਆ ਤਾਂ ਘੋੜੀ ਮਾਲਕ ਨੇ ਕਿਧਰੇ ਹੋਰ ਵੇਚ ਛੱਡੀ ਹੋਈ ਸੀ। ਜਦੋਂ ਗੁਰੂ ਸਾਹਿਬ ਦੇ ਬੰਦੇ ਨੇ ਮਾਲਕ ਨੂੰ ਸੌਦੇ ਤੋਂ ਫਿਰ ਜਾਣ 'ਤੇ ਹੋਏ ਤੋਏ ਕੀਤੀ ਤਾਂ ਖਚਰੇ ਜੱਟ ਨੇ ਹੱਥ ਜੋੜ ਕੇ ਕਿਹਾ, "ਮਹਾਰਾਜ! ਬਾਦਸ਼ਾਹਾਂ ਦੇ ਘਰ ਲਾਲਾਂ ਦਾ ਕੀ ਕਾਲ? ਗੁਰੂ ਹੋਰਾਂ ਕੋਲ ਤੇ ਦੁਨੀਆਂ ਜਹਾਨ ਦੀਆਂ ਚੰਗੀਆਂ ਚੰਗੀਆਂ ਤੇ ਇਕ ਤੋਂ ਇਕ ਵੱਧ ਘੋੜੀਆਂ ਨੇ। ਤੁਸੀਂ ਭੌਂ ਕੇ ਬਹੁੜੇ ਹੀ ਨਾ, ਤੇ ਮੈਂ ਸਮਝਿਆ ਘੋੜੀ ਤੁਹਾਨੂੰ ਪਸੰਦ ਹੀ ਨਹੀਂ ਆਈ। ਉਤੋਂ ਉਸ ਘੋੜੀ ਨੇ ਤਾਂ ਮੇਰੀਆਂ ਨੀਂਦਰਾਂ ਹੀ ਹਰਾਮ ਕਰ ਛੱਡੀਆਂ ਸਨ। ਬੰਦੂਕਾਂ ਵਾਲੇ ਦੋ ਬੰਦੇ ਰਾਤ ਉਹਦਾ ਪਹਿਰਾ ਦੇਂਦੇ। ਤਾਂ ਵੀ ਚਾਰ ਵਾਰ ਚੋਰ ਉਹਦੇ 'ਤੇ ਝਪਟੇ। ਜਿਉਂ ਹੀ ਘੋੜੀ ਘਰੋਂ ਗਈ, ਮਗਰੋਂ ਲੱਥੀ। ਹੁਣ ਅਮਨ ਦੀ ਨੀਂਦ ਸੌਂਦਾ ਆਂ। ਗੁਰੂਆਂ ਦਾ ਮੈਂ ਦੇਣਦਾਰ ਆਂ। ਹੁਣ ਜਦੋਂ ਉਹਦੀ ਮਾਂ ਸੂਈ, ਤੋੜ ਆ ਕੇ ਵਛੇਰਾ-ਵਛੇਰੀ ਗੁਰਾਂ ਦੇ ਅਸਤਬਲ ਵਿਚ ਬੰਨ੍ਹ ਆਵਾਂਗਾ। ਗੋਲੀ ਕੀਹਦੀ ਤੇ ਗਹਿਣੇ ਕੀਹਦੇ।"
ਜਦੋਂ ਘੋੜੀ ਲੈਣ ਗਏ ਬੰਦੇ ਨੇ ਭੈਣੀ ਸਾਹਿਬ ਪਰਤ ਕੇ ਖਾਲੀ ਹੱਥ ਬੰਨ੍ਹ ਕੇ ਗੁਰੂ ਨੂੰ ਸਾਰੀ ਗੱਲ ਸੁਣਾਈ ਤਾਂ ਗੁਰੂ ਦੇ ਸਿੱਖਾਂ ਦਾ ਲਹੂ ਖੌਲ ਗਿਆ। ਪਰ ਗੁਰੂ ਮਹਾਰਾਜ ਘੜੀ ਕੁ ਚੁੱਪ ਰਹੇ, ਫੇਰ ਫੁਰਮਾਉਣ ਲੱਗੇ, "ਅਸੀਂ ਵੀ ਤੇ ਭੁੱਲ ਹੀ ਗਏ ਸਾਂ। ਚਲੋ ਘੋੜੀ ਕੋਈ ਸ਼ੌਕੀਨ ਬੰਦਾ ਲੈ ਗਿਆ। ਮੌਜਾਂ ਲੁੱਟੇ! ਉਹਦੇ ਨਸੀਬ।"
ਇਹ ਗੱਲ ਸਾਰੇ ਪੰਜਾਬ ਵਿਚ ਪੰਜਾਂ ਦਰਿਆਵਾਂ ਦੇ ਹੜ੍ਹ ਵਾਂਗ ਖਿੱਲਰ ਗਈ ਕਿ ਕੋਈ ਬੰਦਾ ਗੁਰੂਆਂ ਦੇ ਸੌਦੇ ਉਤੇ ਸੌਦਾ ਕਰਕੇ ਉਨ੍ਹਾਂ ਦੀ ਘੋੜੀ ਲੈ ਗਿਆ, ਪਰ ਕਿਹੜਾ ਮਾਈ ਦਾ ਲਾਲ? ਬੜੇ ਚਿਰ ਤੱਕ ਮੈਨੂੰ ਇਹ ਪਤਾ ਨਾ ਲੱਗ ਸਕਿਆ।
ਏਸ ਗੱਲ ਦੇ ਕੋਈ ਛੇ ਮਹੀਨੇ ਮਗਰੋਂ ਮੈਂ ਭੈਣੀ ਸਾਹਿਬ ਗੁਰਾਂ ਦੇ ਦਰਸ਼ਨਾਂ ਨੂੰ ਗਿਆ। ਗੁਰੂ ਮਹਾਰਾਜ ਲਾਹੌਰ ਚੜ੍ਹਾਈਆਂ ਕਰ ਰਹੇ ਸਨ। ਮੈਨੂੰ ਵੀ ਸਾਥ ਚੱਲਣ ਦਾ ਹੁਕਮ ਦਿੱਤੋ ਨੇ। ਮੇਰੇ ਧੰਨ ਭਾਗ! ਲਾਹੌਰ ਅੱਪੜ ਕੇ ਆਪਣੇ ਰਸਾਲੇ ਤੇ ਪੈਦਲਾਂ ਨੂੰ ਗੁਰਦੁਆਰੇ ਅੱਪੜਨ ਦਾ ਹੁਕਮ ਦਿੱਤਾ। ਤੇ ਮੈਨੂੰ ਤੇ ਪੰਜ ਹੋਰ ਸੇਵਕਾਂ ਨੂੰ ਆਪਣੇ ਨਾਲ ਚੱਲਣ ਲਈ ਆਖਿਆ। ਧੰਨ ਭਾਗ। "ਕਿੱਧਰ?" ਮੇਰੇ ਮਨ ਵਿਚ ਸਵਾਲ ਪੁੰਗਰਿਆ।
ਗੁਰੂ ਮਹਾਰਾਜ ਤੇ ਦਿਲਾਂ ਦੇ ਭੇਦ ਜਾਨਣ ਵਾਲੇ ਸਨ, ਹੱਸ ਕੇ ਕਹਿਣ ਲੱਗੇ, "ਭਾਈ ਟਹਿਲ ਸਿਹਾਂ! ਤੇਰੇ ਭਰਾ ਚੌਧਰੀ ਵੱਲ ਚੱਲੇ ਆਂ। ਉਹਦੇ ਘਰ ਦਾ ਰਾਹ ਆਉਂਦਾ ਈ?'
"ਅਹ ਮਹਾਰਾਜ।" ਮੈਂ ਹੱਥ ਬੰਨ੍ਹ ਕੇ ਅਰਜ਼ ਗੁਜ਼ਾਰੀ, "ਧੰਨ ਭਾਗ ਉਹਦੇ!"
'ਸ਼ਾਹੋ ਦੀ ਗੜ੍ਹੀ ਭਾਈ ਸਾਹਿਬ ਦੇ ਘਰ ਅੱਪੜੇ ਤਾਂ ਉਹ ਆਪ ਘਰ ਕੋਈ ਨਹੀਂ ਸਨ। ਗੁਰੂ ਮਹਾਰਾਜ ਏਸ ਗੱਲ ਦੀ ਪ੍ਰਵਾਹ ਕੀਤਿਓਂ ਬਗੈਰ ਘੋੜੀਆਂ ਦੇ ਖੁਰਲ ਵੱਲ ਗਏ। ਇਕ ਘੋੜੀ ਦੇ ਕੋਲ ਅੱਪੜ ਕੇ ਉਹਨੂੰ ਥਾਪੀ ਦਿਤੀਓ ਨੇ। ਫੇਰ ਉਹਦੀ ਧੌਣ ਨੂੰ ਕਲਾਵਾ ਭਰ ਕੇ ਉਹਦਾ ਮੂੰਹ ਆਪਣੇ ਸੀਨੇ ਨਾਲ ਲਾ ਲਿਓ ਨੇ, ਜਿਵੇਂ ਕੋਈ ਮਾਂ ਆਪਣੇ ਵਿੱਛੜ ਕੇ ਮਿਲੇ ਲਾਲ ਨੂੰ ਆਪਣੇ ਨਾਲ ਚਮੋੜ ਲੈਂਦੀ ਏ। ਗੁਰੂ ਹੋਰੀਂ ਬੜੀ ਦੇਰ ਘੋੜੀ ਦਾ ਮੂੰਹ ਸਿਰ ਛਾਤੀ ਨਾਲ ਲਾਈ, ਉਹਨੂੰ ਪਿਆਰ ਕਰਦੇ ਤੇ ਉਹਦੇ ਮੱਥੇ ਉਤੇ ਹੱਥ ਫੇਰਦੇ ਰਹੇ। ਨੌਕਰਾਂ ਪ੍ਰਾਹੁਣੇ ਦੇਖ ਕੇ ਅੰਦਰੋਂ ਨਵੀਆਂ-ਨਵਾਰੀ ਮੰਜੀਆਂ ਕੱਢੀਆਂ, ਨਵੇਂ ਸਿਰਹਾਣੇ-ਖੇਸ ਲਿਆ ਕੇ ਸਿਰਹਾਂਦੀ ਪਵਾਂਦੀ ਰੱਖੇ। ਪਰ ਗੁਰੂ ਮਹਾਰਾਜ ਬੈਠੇ ਨਾ। ਘੋੜੀ ਨੂੰ ਪਿਆਰ ਕਰਕੇ ਪਿਛਾਂਹ ਪਰਤੇ ਤੇ ਬਾਹਰੋਂ ਭਾਈ ਹੋਰੀਂ ਆ ਗਏ। ਇਕ ਵਾਰ ਤਾਂ ਉਹ ਗੁਰੂ ਮਹਾਰਾਜ ਨੂੰ ਦੇਖ ਕੇ ਹੈਰਾਨ ਹੋਏ। ਫੇਰ ਸਤਿ ਸ੍ਰੀ ਅਕਾਲ ਬੁਲਾ ਕੇ ਮੇਰੇ ਕੋਲ ਆ ਕੇ ਖਲੋ ਗਏ।
'ਬਿਸਮਿਲ੍ਹਾ ਮਹਾਰਾਜ!' ਭਾਈ ਆਖਿਆ, 'ਅੱਜ ਤੇ ਸੱਚੀ-ਮੁੱਚੀ ਕੀੜੀ ਦੇ ਘਰ ਨਰਾਇਣ ਆ ਗਿਆ ਏ। ਤਸ਼ਰੀਫ ਰੱਖੋ। ਅੰਨ ਪਾਣੀ ਦੀ ਸੁਣਾਓ?'
'ਅੰਨ-ਪਾਣੀ ਵੱਲੋਂ ਪੁਰਬਾਸ਼।' ਗੁਰੂ ਹੋਰੀਂ ਖਲੋਤਿਆਂ ਈ ਕਹਿਣ ਲੱਗੇ, "ਚੌਧਰੀ ਤੂੰ ਘੋੜੀ ਕਿਉਂ ਮਾੜੀ ਕਰ ਛੱਡੀ ਏ।"
ਭਾਈ ਹੋਰੀਂ ਉਚੀ ਸਾਰੀ ਹੱਸ ਪਏ, ਕਹਿਣ ਲੱਗੇ, "ਮਹਾਰਾਜ! ਇਹ ਗੁਰਾਂ ਦੀ ਘੋੜੀ ਤੇ ਨਹੀਂ ਨਾ? ਜਿਨ੍ਹੇ ਕਿੱਲੇ ਬੱਧੀ ਨੇ ਦਾਣੇ ਚਰਦਿਆਂ-ਚਰਦਿਆਂ ਮੱਝ ਬਣ ਜਾਣਾ ਏਂ। ਇਹ ਤੇ ਗਰੀਬ ਜੱਟ ਦੀ ਘੋੜੀ ਏ, ਜੀਹਦੇ ਉਤੇ ਮੈਂ ਦੋ ਵੇਲੇ ਸਵਾਰੀ ਕਰਨਾ ਆਂ। ਸਵਾਰੀ ਵਾਲੀ ਘੋੜੀ ਮਾੜੀ ਤੇ ਭਾਵੇਂ ਨਾ ਹੋਵੇ, ਪਰ ਉਹਦੇ ਉਤੇ ਵਾਧੂ ਮਾਸ ਵੀ ਤੇ ਨਹੀਂ ਚੜ੍ਹਦਾ ਮਾਹਰਾਜ!"
ਗੁਰੂ ਮਹਾਰਾਜ ਖਿੜਖਿੜਾ ਕੇ ਹੱਸ ਪਏ। ਕਹਿਣ ਲੱਗੇ, "ਗੱਲ ਠੀਕ ਆਖੀ ਆ ਚੌਧਰੀ!"
"ਅਗਾੜੀਆਂ-ਪਿਛਾੜੀਆਂ ਪਾ ਕੇ ਬੱਧੀ, ਨਹਾਤੇ-ਧੋਤੇ ਜੁੱਸੇ ਉਤੇ ਚਮਕਦੇ ਫੁੱਲਾਂ ਵਾਲੀ ਸਬਜ਼ਾ ਗੁਲਜ਼ਾਰ ਰੰਗ ਦੀ ਘੋੜੀ ਅੱਗੇ ਨਾਲੋਂ ਮਾੜੀ ਤੇ ਨਹੀਂ, ਸਗੋਂ ਚੁਸਤ, ਬਾਂਕੀ ਤੇ ਬਹੁਤ ਸੋਹਣੀ ਪਈ ਲੱਗਦੀ ਸੀ। ਆਪਣੇ ਮਾਲਕ ਨੂੰ ਨੇੜੇ ਵੇਖ ਕੇ ਘੋੜੀ ਨੇ ਹਿਣਕ ਕੇ ਸਿਰ ਹਿਲਾਇਆ ਤੇ ਉਹਦੇ ਗਲੇ ਦੀਆਂ ਝਾਲਰਾਂ ਹਿੱਲੀਆਂ। ਭਾਈ ਹੋਰਾਂ ਅਗਾਂਹ ਹੋ ਕੇ ਘੋੜੀ ਨੂੰ ਥਾਪੀ ਦਿੱਤੀ ਤੇ ਗੁਰੂ ਹੋਰਾਂ ਦੂਜੇ ਬੰਨਿਓਂ ਉਹਨੂੰ ਪਿਆਰ ਦਿੱਤਾ ਤੇ ਅਸੀਂ ਪਰਤ ਆਏ। ਘੋੜੀ ਵਾਲੀ ਸਾਰੀ ਗੱਲ ਮੇਰੀ ਸਮਝ ਵਿਚ ਆ ਗਈ ਸੀ ਤੇ ਮੈਂ ਨਮੋਸ਼ੀ ਵਿਚ ਡੁੱਬਦਾ ਜਾਂਦਾ ਸਾਂ, ਪਰ ਗੁਰੂ ਮਹਾਰਾਜ ਦੇ ਚਿਹਰੇ 'ਤੇ ਉਹੋ ਨੂਰ ਸੀ। ਉਹ ਘੋੜੀ ਨੂੰ ਦੇਖ ਕੇ ਬਹੁਤ ਖੁਸ਼ ਸਨ। ਮੇਰੀ ਨਮੋਸ਼ੀ ਤਾੜ ਕੇ ਕਹਿਣ ਲੱਗੇ, "ਤੇਰਾ ਭਰਾ ਸ਼ੌਕੀਨ ਏ ਘੋੜੀਆਂ ਦਾ ਤੇ ਏਸ ਘੋੜੀ ਦੀ ਸਾਂਭ ਵੀ ਉਹੋ ਈ ਕਰ ਸਕਦਾ ਸੀ। ਵੇਖ ਕਹੀ ਸੋਹਣੀ ਸਾਂਭ ਕੇ ਰੱਖੀ ਸੂ ਘੋੜੀ? ਜੀਊਂਦਾ ਵੱਸਦਾ ਰਵ੍ਹੇ।" ਮੈਂ ਆਪਣੇ ਮਨ ਵਿਚ ਸ਼ਰਮਸਾਰ ਸਾਂ, ਕੀ ਆਖਦਾ?
ਅਗਲੇ ਵਰ੍ਹੇ ਗੁਰੂ ਮਹਾਰਾਜ ਸਾਡੇ ਪਿੰਡਾਂ ਵੱਲ ਆਏ। ਮੈਂ ਉਨ੍ਹਾਂ ਦੇ ਆਵਣ ਦੀ ਖਬਰ ਲਾਹੌਰ ਭਾਈ ਹੁਰਾਂ ਨੂੰ ਘੱਲੀ। ਹੜ੍ਹ ਵਾਲੇ ਮੈਦਾਨ ਵਿਚ ਗੁਰਾਂ ਦੇ ਡੇਰੇ ਸਨ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਗੁਰੂ ਹੁਰਾਂ ਦੇ ਦਰਸ਼ਨਾਂ ਨੂੰ ਆਏ ਹੋਏ, ਤਿੰਨ-ਚਾਰ ਹਜ਼ਾਰ ਸਿੱਖਾਂ ਵਿਚ ਗੁਰੂ ਮਹਾਰਾਜ ਬੈਠੇ ਹੋਏ। ਇੰਞ ਲੱਗਦਾ ਜਿਵੇਂ ਤਾਰਿਆਂ ਵਿਚ ਚੌਧਵੀਂ ਰਾਤ ਦਾ ਚੰਨ। ਹਵਾ ਦੀਆਂ ਲਹਿਰਾਂ ਵਿਚ ਬਹੁਤ ਸਾਰੀਆਂ ਆਵਾਜ਼ਾਂ ਤੇ ਰਾਗ ਰਲੇ ਹੋਏ ਚੁਫੇਰੇ ਖਿੱਲਰੇ ਹੋਏ ਸੁਣੇ ਜਾਂਦੇ:
ਸਾਡੇ ਭਾਗ ਭਲੇ
ਗੁਰਾਂ ਦੇ ਦਰਸ਼ਨ ਪਾਏ
ਸਾਡੇ ਭਾਗ ਭਲੇ।
ਭਾਈ ਹੋਰੀਂ ਆਏ। ਉਨ੍ਹਾਂ ਦੇ ਹੱਥ ਵਿਚ ਸਬਜ਼ਾ ਗੁਲਜ਼ਾਰ ਰੰਗ ਦੀ ਓਸ ਘੋੜੀ ਦਾ ਰੱਸਾ ਫੜਿਆ ਹੋਇਆ ਸੀ, ਜਿਹਨੂੰ ਕੱਲ੍ਹ ਉਹ ਲਾਹੌਰੋਂ ਗੱਡੀ ਵਿਚ ਪਾ ਕੇ ਪਿੰਡ ਲੈ ਕੇ ਆਏ ਸਨ। ਗੁਰੂ ਸਾਹਿਬ ਉਠੇ ਤੇ ਅਗਾਂਹ ਵਧ ਕੇ ਉਨ੍ਹਾਂ ਭਾਈ ਨੂੰ ਦੁਆਵਾਂ ਦਿੱਤੀਆਂ ਤੇ ਘੋੜੀ ਦਾ ਮੂੰਹ-ਸਿਰ ਛਾਤੀ ਨਾਲ ਲਾ ਕੇ ਉਹਨੂੰ ਪਿਆਰ ਕੀਤੋ ਨੇ। ਸੰਗਤਾਂ ਦੀਆਂ ਨਜ਼ਰਾਂ ਗੁਰਾਂ ਉਤੇ ਗੱਡੀਆਂ ਹੋਈਆਂ ਸਨ।
ਭਾਈ ਹੁਰਾਂ ਘੋੜੀ ਦਾ ਰੱਸਾ ਗੁਰੂ ਸਾਹਿਬ ਨੂੰ ਪੇਸ਼ ਕਰਦਿਆਂ ਕਿਹਾ, "ਮਹਾਰਾਜ! ਇਹ ਤੁਹਾਡਾ ਮਾਲ ਏ, ਕਬੂਲ ਕਰੋ।"
ਗੁਰੂ ਸਾਹਿਬ ਨੇ ਰੱਸਾ ਫੜ ਲਿਆ ਤੇ ਘੋੜੀ ਦੇ ਪਿੰਡੇ ਉਤੇ ਪਿਆਰ ਨਾਲ ਹੱਥ ਫੇਰ ਕੇ ਰੱਸਾ ਭਾਈ ਨੂੰ ਫੜਾਉਂਦਿਆਂ ਫੁਰਮਾਣ ਲੱਗੇ, "ਚੌਧਰੀ ਵੱਸਦਾ ਰਹੁ। ਤੇਰੀ ਘੋੜੀ ਸਾਨੂੰ ਅੱਪੜ ਗਈ।"
"ਇਹ ਘੋੜੀ ਤੇ ਮਹਾਰਾਜ ਤੁਹਾਨੂੰ ਲੈਣੀ ਪਏਗੀ!" ਭਾਈ ਹੁਰਾਂ ਅਦਬ ਤੇ ਪਿਆਰ ਨਾਲ ਆਖਿਆ, "ਏਸ ਘੋੜੀ ਤੋਂ ਤੁਸੀਂ ਮੇਰੇ ਭਰਾ ਨਾਲ ਗੁੱਸੇ ਓ।"
ਗੁਰੂ ਹੁਰਾਂ ਫੁਰਮਾਇਆ, "ਚੌਧਰੀ ਤੇਰਾ ਭਰਾ ਭਾਈ ਟਹਿਲ ਸਿੰਘ ਭਲਾ ਲੋਕ ਆਦਮੀ ਏ।
ਉਹਦੇ ਨਾਲ ਤੇ ਅਸੀਂ ਭੋਰਾ ਵੀ ਨਰਾਜ਼ ਨਹੀਂ। ਉਹਨੂੰ ਤੇ ਅਸਾਂ ਇਹ ਗੱਲ ਕਦੇ ਜਤਾਈ ਵੀ ਨਹੀਂ। ਘੋੜੀ ਸਾਡੀ ਹੋ ਗਈ, ਪਰ ਇਹ ਰਵ੍ਹੇਗੀ ਤੇਰੇ ਕੋਲ ਭਾਈਆ! ਸਾਥੋਂ ਇਹਦੀ ਸਾਂਭ ਤੇਰੇ ਵਰਗੀ ਤੇ ਨਹੀਂ ਨਾ ਹੋ ਸਕਦੀ।
ਤੇ ਗੁਰੂ ਹੁਰਾਂ ਖੁਸ਼ ਹੋ ਕੇ ਦੁਆਵਾਂ ਦਿੱਤੀਆਂ, ਸਵਾਰ ਨੂੰ ਵੀ ਤੇ ਘੋੜੀ ਨੂੰ ਵੀ।

੧੯੪੦-੪੧ ਦੀ ਇਹ ਕਹਾਣੀ ਚਾਚਾ ਟਹਿਲ ਸਿੰਘ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਪਣੇ ਖਤ ਵਿਚ ਮੈਨੂੰ ੧੯੮੧ ਵਿਚ ਲਿਖਦਾ ਏ ਤੇ ਨਾਲ ਮੈਨੂੰ ਇਸ ਕਹਾਣੀ ਨੂੰ ਲਿਖਣ ਲਈ ਆਖਦਾ ਏ। ਏਸ ਕਹਾਣੀ ਵਿਚ ਭੈਣੀ ਸਾਹਿਬ ਵਾਲੇ ਗੁਰੂ, ਗੁਰੂ ਪ੍ਰਤਾਪ ਸਿੰਘ ਜੀ ਹੁਰੀਂ ਨੇ। ਚਾਚਾ ਟਹਿਲ ਸਿੰਘ ਨਵੇਂ ਪਿੰਡ ਵਾਲਾ ਭਾਈ ਟਹਿਲ ਸਿੰਘ ਰੰਧਾਵਾ ਨਾਮਧਾਰੀ ਏ, ਜਿਹੜਾ ਮੇਰੇ ਵਾਲਦ ਦਾ ਪੱਗ ਵੱਟ ਭਰਾ, ਦੋਸਤ, ਜਮਾਤੀ ਤੇ ਸਾਥੀ ਸੀ। ਹੁਣ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੈਠਾ ਏ। ਕਹਾਣੀ ਵਿਚ ਉਹਦਾ ਭਾਈ ਸਾਹਿਬ ਤੇ ਸਬਜ਼ਾ ਗੁਲਜ਼ਾਰ ਰੰਗ ਦੀ ਘੋੜੀ ਗੁਰਾਂ ਤੋਂ ਉਤੋਂ ਦੀ ਮੁੱਲ ਦੇ ਕੇ ਲੈ ਆਵਣ ਵਾਲਾ ਬੰਦਾ ਮੇਰਾ ਵਾਲਦ ਏ। ਇਹ ਮੇਰੇ ਹੋਸ਼ ਸੰਭਾਲਣ ਤੋਂ ਪਹਿਲੋਂ ਦੀਆਂ ਬਾਤਾਂ ਨੇ। ਮੈਂ ਉਸ ਘੋੜੀ ਨੂੰ ਦੇਖਿਆ ਵੀ ਨਹੀਂ। ਪਰ ਚਾਚੇ ਟਹਿਲ ਸਿੰਘ ਦਾ ਇਹ ਖਤ ਪੜ੍ਹ ਕੇ ਮੈਨੂੰ ਉਸ ਘੋੜੀ ਬਾਰੇ ਹੋਰ ਜਾਨਣ ਦਾ ਸ਼ੌਕ ਕੁੱਦਿਆ।
ਇਕ ਦਿਨ ਪਿੰਡ ਬੈਠਿਆਂ ਘੋੜੀਆਂ ਦੀਆਂ ਗੱਲਾਂ ਹੋ ਰਹੀਆਂ ਸਨ ਤੇ ਮੈਂ ਵਿਚ ਸਬਜ਼ਾ ਗੁਲਜ਼ਾਰ ਰੰਗ ਦੀ ਉਸ ਘੋੜੀ ਦੀ ਗੱਲ ਵਾਹ ਦਿੱਤੀ। ਪਰ੍ਹਾਂ ਚੁੱਪ ਕਰਕੇ ਬੈਠੇ ਅੱਬਾ ਜੀ ਦੀਆਂ ਤਸ਼ਬੀਹ ਫੇਰਦੀਆਂ ਉਂਗਲਾਂ ਖਲੋ ਗਈਆਂ। ਉਨ੍ਹਾਂ ਦੀਆਂ ਭੂਰੀਆਂ ਬਦਾਮੀ ਖੂਬਸੂਰਤ ਚਮਕਦੀਆਂ ਅੱਖੀਆਂ ਦੇ ਵਿਚ ਵੀ ਮਸ਼ਾਲਾਂ ਜਿਹੀਆਂ ਬਲੀਆਂ।
"ਭਾਈ, ਉਹ ਬੜੀ ਘੋੜੀ ਸੀ!" ਉਹ ਆਖ ਕੇ ਚੁੱਪ ਕਰ ਗਏ। ਤੇ ਤਸਬੀਹ ਦੇ ਦਾਣੇ ਫੇਰ ਉਨ੍ਹਾਂ ਦੀਆਂ ਉਂਗਲਾਂ ਵਿਚ ਫਿਰਨ ਲੱਗ ਪਏ। ਚਾਚਾ ਟਹਿਲ ਸਿੰਘ ਉਨ੍ਹਾਂ ਨੂੰ ਬੜਾ ਪਿਆਰਾ ਸੀ ਤੇ ਉਹਦੇ ਜ਼ਿਕਰ 'ਤੇ ਅੱਬਾ ਜੀ ਸਦਾ ਹੀ ਉਦਾਸ ਹੋ ਜਾਂਦੇ। ਮੈਂ ਦੁੱਖਾਂ-ਦਰਦਾਂ ਦੇ ਫੋਲਣੇ ਤੇ ਨਹੀਂ ਫੋਲਣਾ ਚਾਹੁੰਦਾ ਸਾਂ, ਪਰ ਦੋ-ਤਿੰਨ ਗੱਲਾਂ ਪੁੱਛਿਓਂ ਬਿਨਾਂ ਮੈਥੋਂ ਰਹਿ ਵੀ ਨਾ ਹੋਇਆ, "ਜਦੋਂ ਤੁਹਾਨੂੰ ਚਾਚਾ ਟਹਿਲ ਸਿੰਘ ਏਡਾ ਈ ਪਿਆਰਾ ਸੀ ਤਾਂ ਫੇਰ ਤੁਸਾਂ ਉਹਦੇ ਗੁਰੂ ਸਾਹਿਬ ਦੇ ਸੌਦੇ ਉਤੇ ਸੌਦਾ ਕਿਉਂ ਕੀਤਾ?"
"ਇਹਨੂੰ ਹੂੜਮੱਤ ਤੇ ਮੂਰਖਪੁਣਾ ਹੀ ਕਿਹਾ ਜਾ ਸਕਦਾ ਏ।" ਅੱਬਾ ਜੀ ਨੇ ਨਿੱਕਾ ਜਿਹਾ ਜੁਆਬ ਦੇ ਕੇ ਗੱਲ ਮੁਕਾਈ। "ਘੋੜੀ ਵੇਖ ਕੇ ਮੈਂ ਰਹਿ ਨਾ ਸਕਿਆ ਤੇ ਘੋੜੀ ਮੈਂ ਲਈ ਵੀ ਗੁਰੂ ਸਾਹਿਬ ਦੇ ਮੁੱਲ ਤੋਂ ਬਹੁਤਾ ਮੁੱਲ ਤਾਰ ਕੇ ਤੇ ਬੜਿਆਂ ਜ਼ੋਰਾਂ ਨਾਲ-ਤਾਂ ਵੀ ਮੈਂ ਸਮਝਿਆ ਮੈਂ ਘੋੜੀ ਕੱਖਾਂ ਦੇ ਮੁੱਲ ਲੈ ਆਂਦੀ ਏ। ਗੁਰੂ ਸਾਹਿਬ ਦੇ ਘਰ ਰੁਪਏ ਪੈਸੇ ਦੀ ਕਾਹਦੀ ਥੋੜ੍ਹ? ਉਹ ਤੇ ਆਪਣਿਆਂ ਸਿੱਖਾਂ ਨੂੰ ਇਸ਼ਾਰਾ ਕਰਦੇ ਤੇ ਅਗਲੇ ਘੋੜੀ ਸੋਨੇ ਨਾਲ ਤੋਲ ਕੇ ਵੀ ਲੈ ਆਉਂਦੇ।"
ਮੇਰਾ ਦੂਸਰਾ ਸਵਾਲ, ਮੈਂ ਕਿਹਾ "ਅਸੂਲ ਨਾਲ ਤੇ ਸਾਈ ਦੇਣ ਮਗਰੋਂ ਘੋੜੀ ਉਨ੍ਹਾਂ ਦੀ ਹੋ ਗਈ, ਫੇਰ ਉਹ ਉਸ ਘੋੜੀ ਦੇ ਬੜੇ ਆਸ਼ਕ ਸਨ, ਤਾਂ ਵੀ ਉਨ੍ਹਾਂ ਤੁਹਾਡੀ ਏਸ ਹਰਕਤ ਦਾ ਬੁਰਾ ਨਾ ਮਨਾਇਆ? ਤੁਹਾਡੀ ਏਸ ਹਰਕਤ ਤੋਂ ਉਹ ਚਾਚੇ ਟਹਿਲ ਸਿੰਘ ਨਾਲ ਰੰਜ ਕਿਉਂ ਨਾ ਹੋਏ?"
"ਇਹਦੇ ਵਿਚ ਕਿਉਂ ਨਾ ਹੋਏ? ਦਾ ਕੀ ਸਵਾਲ ਏ ਬੱਲਿਆ? ਇਹ ਗੁਰੂ ਹੁਰਾਂ ਦੀ ਵਡਿਆਈ ਸੀ। ਐਵੇਂ ਤੇ ਨਹੀਂ ਲੱਖਾਂ ਬੰਦੇ ਉਨ੍ਹਾਂ ਦੀਆਂ ਮਿੰਨਤਾਂ ਕਰਦੇ ਰਹੇ? ਉਹ ਬੜੇ ਹੌਸਲੇ ਤੇ ਬੜੀਆਂ ਸਿਫਤਾਂ ਵਾਲੇ ਇਨਸਾਨ ਸਨ। ਜਦੋਂ ਉਹ ਘੋੜੀ ਨੂੰ ਮਿਲਣ ਮੇਰੇ ਘਰ ਆਏ, ਜੇ ਮੈਂ ਉਦੋਂ ਘੋੜੀ ਉਨ੍ਹਾਂ ਦੀ ਨਜ਼ਰ ਕਰਦਾ ਤੇ ਗੱਲ ਹੌਲੀ ਰਹਿ ਜਾਂਦੀ। ਏਸ ਕਰਕੇ ਹੀ ਮੈਂ ਤੋੜ ਪਿੰਡ ਆ ਕੇ ਘੋੜੀ ਉਨ੍ਹਾਂ ਦੀ ਨਜ਼ਰ ਕੀਤੀ ਜਿਹੜੀ ਉਨ੍ਹਾਂ ਕਬੂਲ ਤਾਂ ਕਰ ਲਈ, ਪਰ ਘੋੜੀ ਨਾ ਲਈ। ਮੈਂ ਭਾਈ ਟਹਿਲ ਸਿੰਘ ਦੀ ਵਜ੍ਹਾ ਤੋਂ ਹੀ ਘੋੜੀ ਉਨ੍ਹਾਂ ਦੀ ਨਜ਼ਰ ਕਰਨਾ ਚਾਹੁੰਦਾ ਸਾਂ ਤਾਂ ਜੁ ਉਹ ਮੇਰੇ ਮੂਰਖਪੁਣੇ ਤੋਂ ਭਾਈ ਨਾਲ ਨਾਰਾਜ਼ ਨਾ ਹੋਣ ਤੇ ਆਪਣੇ ਸਿੱਖ, ਆਪਣੇ ਇਕ ਮੰਨਣ ਵਾਲੇ ਆਪਣੇ ਇਕ ਚੇਲੇ ਦਾ ਮੈਨੂੰ ਭਰਾ ਸਮਝ ਕੇ ਹੀ ਉਨ੍ਹਾਂ ਮੈਥੋਂ ਘੋੜੀ ਨਾ ਲਈ-ਇਹੋ ਜਿਹੀਆਂ ਵਡਿਆਈਆਂ ਬੰਦਿਆਂ ਵਿਚ ਨਹੀਂ, ਫਰਿਸ਼ਿਤਿਆਂ ਵਿਚ ਹੁੰਦੀਆਂ ਨੇ ਤੇ ਉਹ ਸੱਚੀਂ-ਮੁੱਚੀ ਫਰਿਸ਼ਤਿਆਂ ਵਰਗੇ ਹੀ ਮਨੁੱਖ ਸਨ।"
ਮੈਂ ਆਖਰੀ ਸਵਾਲ ਰੇੜ੍ਹਿਆ, "ਫੇਰ ਉਸ ਘੋੜੀ ਦਾ ਕੀ ਬਣਿਆ?"
"ਬਣਨਾ ਕੀ ਸੀ?" ਅੱਬਾ ਜੀ ਨਿੰਮ੍ਹਾ ਜਿਹਾ ਹੱਸ ਕੇ ਬੋਲੇ, "ਜਿਸ ਘੋੜੀ ਦੇ ਏਸਰਾਂ ਦੇ ਐਨੇ ਸਾਰੇ ਕਿੱਸੇ ਬਣ ਜਾਣ, ਟੁਰ ਤੇ ਆਖਰ ਓਸ ਜਾਣਾ ਹੀ ਸੀ। ਬੜੇ ਬੜੇ ਸੇਠ ਸ਼ਾਹੂਕਾਰ, ਰਾਜੇ, ਮਹਾਰਾਜੇ ਤੇ ਅਮੀਰ-ਗਰੀਬ ਲੋਕ ਉਹਦੇ ਗਾਹਕ ਬਣੇ, ਪਰ ਮੈਂ ਕਦ ਵੇਚਦਾ ਸਾਂ ਉਹਨੂੰ? ਪਰ ਪੰਜ ਹੱਥਿਆਂ ਅੱਗੇ ਮੇਰੀ ਕੋਈ ਪੇਸ ਨਾ ਗਈ।"
"ਕਿਵੇਂ?" ਮੇਰੇ ਮੂੰਹੋਂ ਨਿਕਲਿਆ।
"ਪੰਜ ਹੱਥੇ, ਪੰਜੇ ਭਰਾ ਤਿੰਨ ਵੱਡੇ ਨੋਟਾਂ ਦੀਆਂ ਬੋਰੀਆਂ ਤੇ ਦਸ ਸੇਰ ਪੱਕੇ ਸੋਨੇ ਦੀਆਂ ਟੂੰਬਾਂ ਦੀ ਪੰਡ ਲੈ ਕੇ ਮੇਰੇ ਬੂਹੇ 'ਤੇ ਆ ਕੇ ਬਹਿ ਗਏ। ਪੰਜ ਹੱਥੇ ਤੇ ਉਨ੍ਹਾਂ ਦੀ ਅੱਲ ਪੈ ਗਈ ਹੋਈ ਸੀ। ਉਹ ਪੰਜੇ ਭਰਾ ਬੜੇ ਭਾਰੇ ਜਵਾਨ ਤੇ ਵੱਡੇ ਡਾਕੂ ਸਨ, ਪਰ ਸਨ ਆਪਣੀ ਬਰਾਦਰੀ ਦੇ ਭਰਾ, ਨਾਲ ਦੇ ਪਿੰਡ ਦੇ। ਆਪਣਿਆਂ ਪਿੰਡਾਂ ਵਿਚ ਤੇ ਉਹ ਕਦੇ ਕਿਸੇ ਨੂੰ ਕੰਨੀਂ ਪਾਇਆਂ ਵੀ ਨਾ ਦੁਖਦੇ। ਦੂਰ-ਦੂਰ ਦੇ ਸ਼ਹਿਰਾਂ ਵਿਚ ਜਾ ਕੇ ਡਾਕੇ ਮਾਰਦੇ। ਇਕ ਇਕ ਬੰਦਾ ਪੰਜਾਂ-ਪੰਜਾਂ ਹੱਥਾਂ ਵਾਲਾ ਲੱਗਦਾ ਤੇ ਏਸ ਪਾਰੋਂ ਹੀ ਲੋਕ ਉਨ੍ਹਾਂ ਨੂੰ ਪੰਜ ਹੱਥੇ ਆਖਣ ਲੱਗ ਪਏ।
ਜਦੋਂ ਉਹ ਆਏ, ਰਾਤ ਅੰਨ ਪਾਣੀ ਖੁਆ ਕੇ ਹੱਸਦਿਆਂ-ਹੱਸਦਿਆਂ ਪੁੱਛਿਆ, ਲਾਹੌਰ ਲੁੱਟਣ ਆਏ ਓ ਪੰਜ ਹੱਥਿਓ?
ਈਸ਼ਰ ਸਿੰਘ ਦੀ ਚਿੱਟੀ ਦਾੜ੍ਹੀ ਸੀ ਤੇ ਸਾਰਿਆਂ ਭਰਾਵਾਂ ਵਿਚੋਂ ਵੱਡਾ। ਸਿਰ੍ਹੋਂ ਆਪਣੀ ਪੱਗ ਲਾਹ ਕੇ ਗਲ ਵਿਚ ਪਾ ਲਈਓ ਸੂ ਤੇ ਹੱਥ ਜੋੜ ਕੇ ਬੋਲਿਆ, 'ਭਰਾ ਜਿਹੜੀ ਘੋੜੀ ਦਾ ਮੁੱਲ ਗੁਰੂ ਤੇ ਰਾਜੇ-ਮਹਾਰਾਜੇ ਨਹੀਂ ਦੇ ਸਕੇ, ਅਸਾਂ ਕੀ ਦੇ ਲੈਣਾ ਏ? ਪਰ ਫੇਰ ਵੀ ਅਸੀਂ ਆਪਣੀ ਸਾਰੀ ਉਮਰ ਦੀ ਕਮਾਈ ਲੈ ਕੇ ਆਏ ਆਂ ਤੇ ਜਾਵਾਂਗੇ ਘੋੜੀ ਲੈ ਕੇ। ਨਹੀਂ ਤੇ ਸਹੁੰ ਭਾਈਏ ਦੀ! ਸਾਰੀ ਉਮਰ ਤੇਰੇ ਬੂਹੇ 'ਤੇ ਬਹਿ ਰਹਾਂਗੇ। ਤੇਰੇ ਮਾਲ ਡੰਗਰ ਨੂੰ ਪੱਠਾ-ਦੱਥਾ ਪਾ ਛੱਡਿਆ ਤੇ ਤੇਰੀਆਂ ਰੋਟੀਆਂ ਤੋੜ ਛੱਡਿਆਂ ਕਰਾਂਗੇ।' ਈਸ਼ਰ ਸਿੰਘ ਦੀ ਗੱਲ ਅਟੱਲ ਸੀ।"
"ਫੇਰ ਘੋੜੀ ਲੈ ਗਏ ਪੰਜ ਹੱਥੇ?" ਮੈਂ ਪੁੱਛਿਆ।
"ਲੈ ਗਏ"। ਅੱਬਾ ਜੀ ਹੱਸ ਕੇ ਬੋਲੇ, "ਸਵੇਰੇ ਉਨ੍ਹਾਂ ਨੂੰ ਸ਼ਾਹ ਵੇਲਾ ਖਵਾ ਕੇ ਮੈਂ ਘੋੜੀ ਖੋਲ੍ਹ ਕੇ ਉਨ੍ਹਾਂ ਦੇ ਹੱਥ ਫੜਾਈ ਤੇ ਉਹ ਛਾਲਾਂ ਮਾਰਦੇ ਉਡ ਗਏ।"
"ਕਿੰਨੇ ਦੀ?" ਮੈਂ ਕੀਮਤ ਪੁੱਛਣ ਲਈ ਬੇਚੈਨ ਸਾਂ।" "ਆਖਰ ਏਡੀ ਨਾਮੀ-ਗਰਾਮੀ ਤੇ ਵੱਡੀ ਘੋੜੀ ਦਾ ਕੀ ਮੁੱਲ ਲੱਗਿਆ?"
"ਮੁੱਲ?" ਹੱਸ ਕੇ ਅੱਬਾ ਜੀ ਨੇ ਕਿਹਾ, "ਇਕ ਰੁਪਿਆ ਚਾਂਦੀ ਦਾ।" "ਇਕ ਰੁਪਿਆ?" ਮਸਾਂ ਈ ਮੇਰੇ ਮੂੰਹੋਂ ਨਿਕਲਿਆ।
"ਆਹੋ ਕਾਕਾ! ਬੰਨੇ ਚੰਨੇ ਦੇ ਭਰਾ ਸਨ ਤੇ ਬੂਹੇ 'ਤੇ ਆ ਕੇ ਬੈਠੇ ਹੋਏ ਸਨ। ਮੈਂ ਉਨ੍ਹਾਂ ਤੋਂ ਘੋੜੀ ਦਾ ਮੁੱਲ ਲੈਂਦਾ ਚੰਗਾ ਲੱਗਦਾ ਸਾਂ।"
ਅੱਬਾ ਜੀ ਕਹਿਣ ਲੱਗੇ।
"ਤੇ ਰੁਪਿਆ ਕਿੰਞ ਹੋਇਆ ਫੇਰ?"
"ਮੁੱਲ ਦੇਣ ਲਈ ਉਨ੍ਹਾਂ ਦੇ ਜ਼ੋਰ ਲਾਉਣ 'ਤੇ ਮੈਂ ਚਾਂਦੀ ਦਾ ਇਕ ਰੁਪਿਆ ਉਨ੍ਹਾਂ ਤੋਂ ਲੈ ਲਿਆ।"
ਅੱਬਾ ਜੀ ਹਨੇਰੇ ਵਿਚ ਦੇਖਦਿਆਂ ਹੋਇਆਂ ਹੱਸ ਕੇ ਬੋਲੇ!
ਹੁਣ ਇਹ ਮੇਰੇ ਲਈ ਲਿਖਿਆ ਗਿਆ ਏ ਕਿ ਕਿਆਮਪੁਰ ਤੇ ਮੁਕੇਰੀਆਂ ਵਿਚ ਏਧਰ-ਓਧਰ ਖਿੱਲਰੀਆਂ ਹੋਈਆਂ ਕਹਾਣੀਆਂ ਨੂੰ 'ਕੱਠੀਆਂ ਕਰ ਕੇ ਲਿਖਦਾ ਰਵ੍ਹਾਂ।

  • ਮੁੱਖ ਪੰਨਾ : ਕਹਾਣੀਆਂ, ਅਫ਼ਜ਼ਲ ਅਹਿਸਨ ਰੰਧਾਵਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅਫ਼ਜ਼ਲ ਅਹਿਸਨ ਰੰਧਾਵਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ