Barf (Dogri Story in Punjabi) : Ved Rahi

ਬਰਫ਼ (ਡੋਗਰੀ ਕਹਾਣੀ) : ਵੇਦ ਰਾਹੀ

ਨਾਖਾਂ ਦੇ ਪ੍ਰਛਾਵੇਂ ਤੋਂ ਹੀ ਉਸ ਨੂੰ ਤ੍ਰੈ, ਵੱਜਣ ਦਾ ਪਤਾ ਲਗ ਗਿਆ । ਗਊ ਨੂੰ ਘਾਹ ਪਾਂਦੇ ਉਹ ਰੁੱਕ ਗਈ । ਸਾਹਮਣੇ ਚੀੜ੍ਹਾਂ ਉੱਤੇ ਨਜ਼ਰ ਪਈ ਤਾਂ ਦੇਖਿਆ ਧੁੱਪ ਪੀਲੀ ਪੈ ਗਈ ਸੀ। ਚੀੜ੍ਹਾਂ ਤੋਂ ਨਜ਼ਰ ਤਿਲਕ ਕੇ ਹੇਠਾਂ ਜਾ ਪਈ, ਜਿਥੇ ਸਰਕਾਰੀ ਬੰਗਲਾ ਸੀ। ਬੰਗਲੇ ਦਾ ਲਾਲ ਰੰਗ, ਚੌਹਾਂ ਪਾਸੇ ਖਿਲਰੇ ਸਾਵੇ ਰੰਗ ਵਿਚ ਇੰਝ ਲਗਦਾ ਸੀ ਜਿਵੇਂ ਸਾਵੀ ਕਮੀਜ਼ ਉਤੇ ਲਾਲ - ਸੁਰਖ਼ ਬਟਣ।

ਉਸ ਹੱਥ 'ਚ ਫੜਿਆ ਘਾਹ, ਗਊ ਅੱਗੇ ਸੁਟਿਆ ਤੇ ਫੇਰ ਬੰਗਲੇ ਵਲ ਤਕਣ ਲਗ ਪਈ । ਬੰਗਲੇ ਦੇ ਚੌਕੀਦਾਰ ਚੱਤਰੂ ਦੀ ਅਵਾਜ਼ "ਸਾਹਬ ਤੈਨੂੰ ਬੁਲਾ ਰਿਹਾ ਏ ... ... ਕਲ੍ਹ ਚਾਰ ਪੰਜ ਵਜੇ ਆ ਜਾਈਂ" ਉਹ ਸੁਣ ਰਹੀ ਸੀ।

ਕਲ ਦੁਪਹਿਰੀਂ ਜਦੋਂ ਉਹ ਗਊ ਦੇ ਪਿੱਛੇ ਪਿੱਛੇ ਟੁਰਦੀ ਜੰਗਲ ਤੋਂ ਆਉਂਦੀ ਪਈ ਸੀ ਤਾਂ ਚੱਤਰੂ ਬਾਉਸੀ ਬਾਵਲੀ ਉੱਤੇ ਬੈਠਾ ਹੋਇਆ ਜਿਵੇਂ ਉਸੇ ਨੂੰ ਉਡੀਕ ਰਿਹਾ ਹੋਏ । ਚੱਤਰੂ ਦੀ ਗੱਲ ਸੁਣ ਕੇ ਉਸ ਦੇ ਲੂੰ ਕੰਡੇ ਖਲੋ ਗਏ, ਦਿਲ ਧਰੱਕ- ਧਰੱਕ ਕਰਨ ਲਗਾ ਸੀ ... ... ਸਮਝ ਨਹੀਂ ਸੀ ਆ ਰਹੀ ਕੀ ਕਰੇ ਤੇ ਕੀ ਨਾ ਕਰੇ ? ਹੱਥ ਕੁਹਾੜੀ ਹੁੰਦੀ ਤਾਂ ਇਕੋ ਵਾਰੀ ਚੰਦਰੇ ਦੀ ਮੁੰਡੀ ਵੱਢ ਛੱਡਦੀ। ਪਰ ਗੁੱਸੇ 'ਚ ਬਲਦੀਆਂ ਨਜ਼ਰਾਂ ਉਸ ਨੀਵੀਆਂ ਕਰ ਲਿਤੀਆਂ।

ਗਊ ਅੱਗੇ ਟੁਰ ਗਈ ਸੀ । ਸੁਭਾਵਕ ਹੀ ਉਸ ਨੂੰ ਖਿਆਲ ਆਇਆ, ਉਸ ਦੇ ਕੁੜਤੇ ਦਾ ਉਤਲਾ ਬਟਣ ਟੁੱਟਾ ਹੋਇਐ । ਉਹ ਝੱਟ ਪੱਟ ਅੱਗੇ ਵੱਧ ਗਈ । ਚੱਤਰੂ ਦੀ ਆਵਾਜ਼ ਪਿਛੋਂ ਆਉਂਦੀ ਰਹੀ “ਭੁਲੀਂ ਨਾ ... ... ਕੱਲ ਸ਼ਾਮੀਂ ਚਾਰ-ਪੰਜ ਵਜੇ... ਨਹੀਂ ਆਏਂਗੀ ਤਾਂ ਸਾਹਬ ਗੁੱਸੇ ਹੋਣਗੇ ... ...ਉਹ ਇਥੋਂ ਦੇ ਮਾਲਕ ਨੇ।"।

“ਮਾਲਕ ਹੋਣਗੇ ਤਾਂ ਆਪਣੇ ਘਰ, ਮਰ ਜਾਣਾ, ਉਸ ਦਾ ਮੂੰਹ ਸੜੇ..... ...ਮੈਨੂੰ ਉਸ ਕੀ ਸਮਝ ਲਿਤਾ ਏ ... ... ? ਮੈਂ ਕੋਈ....'' ਘਰ ਤੀਕ ਉਹ ਆਪਣੇ ਆਪ ਬੋਲਦੀ ਆਈ ਤੇ ਘਰ ਆ ਕੇ ਰੋਣ ਲਗ ਪਈ । ਰੋ ਰੋ ਕੇ ਮਨ ਹਲਕਾ ਹੋਇਆ ਤਾਂ ਸੱਸ ਕੋਲ ਜਾ ਕੇ ਆਪਣੇ ਪੁੱਤਰ ਗਿਲੂ ਨੂੰ ਚੁਕ ਦੁੱਧ ਪਿਲਾਉਣ ਲੱਗ ਪਈ ।

ਦੁੱਧ ਪਿਆਂਦੇ ਪਿਆਂਦੇ ਉਹ ਗਿਲੂ ਨੂੰ ਇਕ ਟੱਕ ਦੇਖਣ ਲਗੀ ਤਾਂ ਉਸ ਦਾ ਰੋਣਾ ਫਿਰ ਛਿੜ ਗਿਆ । ਮੋਟੇ ਮੋਟੇ ਅੱਥਰੂ ਗਿਲੂ ਦੇ ਮੱਥੇ ਉੱਤੇ ਡਿੱਗੇ ਤਾਂ ਉਸ ਅੱਖਾਂ ਪੂੰਝ ਲਈਆਂ । ਗੁਬਾਰ ਨਾ ਕੱਢ ਸਕੀ ਤਾਂ ਮੂੰਹ ਅੱਗੇ ਕਪੜਾ ਧਰ ਕਿੰਨੀ ਦੇਰ ਡੁਸਕਦੀ ਰਹੀ।

ਸੱਸ ਨੇ ਉਹਨੂੰ ਤਕਿਆ । ਕੋਈ ਨਵੀਂ ਗੱਲ ਤਾਂ ਹੈ ਨਹੀਂ ਸੀ, ਜਿਸ ਦੇ ਘਰ ਵਾਲੇ ਨੂੰ ਗੁਜ਼ਰੇ ਹਾਲੀਂ ਵਰ੍ਹਾ ਵੀ ਨਾ ਹੋਇਆ ਹੋਏ, ਉਹ ਕਿਸੇ ਵੇਲੇ ਵੀ ਰੋ ਸਕਦੀ ਏ। ਸੱਸ ਨੇ ਠੰਡਾ ਹੌਕਾ ਭਰਿਆ ਤੇ ਉਸ ਦੀਆਂ ਅੱਖਾਂ ਵੀ ਸੇਜਲ ਹੋ ਗਈਆਂ।

ਸਾਰੀ ਰਾਤ ਉਸ ਨੂੰ ਨੀਂਦਰ ਨਾ ਆਈ। ਹਨੇਰੇ ਵਿਚ ਲੇਟੇ ਲੇਟੇ ਉਸ ਨੂੰ ਸਮਝ ਹੌਲੀ ਹੌਲੀ ਆਉਂਦੀ ਗਈ ਕਿ ਚੱਤਰੂ ਨੇ ਸਾਹਬ ਦਾ ਸੁਨੇਹਾ ਪਹੁੰਚਾਉਣ ਦੀ ਹਿੰਮਤ ਕਿੰਝ ਕੀਤੀ ?

ਅਣਗਿਣਤ ਰਾਤਾਂ ਗੁਜ਼ਰ ਗਈਆਂ, ਉਹ ਸੁੱਖ ਆਰਾਮ ਦੀ ਨੀਂਦਰ ਨਾ ਸੌਂ ਸਕੀ। ਗਿਲੂ ਦੁੱਧ ਪੀਂਦਾ ਪੀਂਦਾ ਸੌਂ ਜਾਂਦਾ । ਪਰ ਉਸ ਨੂੰ ਗਿਲੂ ਦੇ ਮੂੰਹ ਚੋਂ ਛਾਤੀ ਬਾਹਰ ਕੱਢਣ ਦਾ ਧਿਆਨ ਹੀ ਨਹੀਂ ਰਹਿੰਦਾ । ਸੱਸ ਦੇ ਤੇਜ਼ ਘੁਰਾਟੇ ਵੀ ਉਸ ਦੀ ਸੋਚਾਂ ਦੀ ਤੰਦ ਨਾ ਤੋੜ ਸਕਦੇ। ਖੱਬੀ ਨੁੱਕਰ ਵਿਚ ਸੁੱਤਾ ਉਸ ਦਾ ਦਿਓਰ ਕਦੀ ਕਦੀ ਦੁਆਈ ਪੀਣ ਲਈ ਉੱਠਦਾ ਤਾਂ ਉਸ ਦੀ ਸੋਚਾਂ ਦੀ ਲੜੀ ਟੁੱਟ ਜਾਂਦੀ ਉਹ ਹਿਲਦੀ ਤਾਂ ਗਿਲੂ ਫੇਰ ਮੂੰਹ ਮਾਰਦਾ ਦੁੱਧ ਪੀਣ ਲੱਗ ਜਾਂਦਾ ।

ਉਸ ਦੀਆਂ ਸੋਚਾਂ ਉਸ ਨੂੰ ਜਿਥੇ ਲੈ ਜਾਂਦੀਆਂ ਉੱਥੇ ਸਿਵਾਏ ਅੱਗ ਦੇ ਹੋਰ ਕੁਝ ਵੀ ਤਾਂ ਨਹੀਂ। ਉਸ ਦੇ ਘਰ ਵਾਲਾ ਬੜਾ ਉੱਚਾ, ਲੰਮਾ, ਸੀ-ਜਵਾਨ, ਗਭਰੂ ਕਿਸੀ ਠੇਕੇਦਾਰ ਕੋਲ ਮੇਹਟ ਸੀ। ਦੂਜੇ ਚੌਥੇ ਦਿਨ ਘਰ ਜ਼ਰੂਰ ਫੇਰਾ ਮਾਰਦਾ। ਉਸ ਦੇ ਆਉਂਦੇ ਹੀ ਤੱਤੀਆਂ ਝੂਮਦੀਆਂ ਰਾਤਾਂ ਉੱਤੇ ਤ੍ਰੇਲ ਪੈ ਜਾਂਦੀ ਤੇ ਜਦੋਂ ਉਹ ਨਾ ਆਉਂਦਾ ਉਹ ਭੱਖਦੇ ਕੋਲਿਆਂ ਉੱਤੇ ਜਿਵੇਂ ਵਿਲਕਣ ਲੱਗ ਪੈਂਦੀ। ਅੱਜ ਉਸ ਦੀ ਜਿੰਦ ਚਾਰੇ ਪਹਿਰ ਭਖਣ ਵਾਲੀ ਭੱਠੀ ਬਣ ਗਈ । ਵਿਯੋਗ ਦੇ ਕੀੜੇ ਦਿਨੇ ਰਾਤੀਂ ਉਸ ਦੀਆਂ ਆਂਦਰਾਂ ਵਿਚ ਸੁਲਸੁਲ - ਕਰਦੇ ਉਹਦਾ ਲਹੂ ਪੀਂਦੇ, ਪਰ ਉਹ ਕੁਝ ਵੀ ਤਾਂ ਨਾ ਕਰ ਸਕਦੀ ।

"ਇਹ ਗੱਲ ਚੱਤਰੂ ਨੂੰ ਕਿੰਝ ਪਤਾ ਲਗੀ" ?

“ਜੇ ਚੱਤਰੂ ਨੂੰ ਇਸ ਗੱਲ ਦਾ ਪਤਾ ਨਾ ਹੁੰਦਾ ਤਾਂ ਉਸ ਦੀ ਕੀ ਮਜਾਲ ਜੇ ਮੈਨੂੰ ਆਖਦਾ "ਤੈਨੂੰ ਸਾਹਬ ਨੇ ਬੁਲਾਇਐ"

ਰੋ ਰੋ, ਸੋਚ ਸੋਚ ਉਸ ਅੱਧੀ ਰਾਤ ਤੀਕ ਮਨ ਦਾ ਉਬਾਲ ਕੱਢ ਲਿਆ। ਹੁਣ ਉਸ ਨੂੰ ਚੱਤਰੂ ਉਤੇ ਗੁੱਸਾ ਨਹੀਂ ਸੀ ਆ ਰਿਹਾ। ਇਕੋ ਫੈਸਲਾ ਉਹ ਮਨ ਨਾਲ ਨਹੀਂ ਸੀ ਕਰ ਸਕੀ ਕਿ ਕੱਲ ਉਹ ਬੰਗਲੇ ਜਾਏ ਯਾ ਨਹੀਂ ?

ਚੀੜ, ਦਿਆਰ ਨਾਲ ਘਿਰੇ ਬੰਗਲੇ ਦਾ ਲਾਲ ਛੱਤ ਉਸ ਨੂੰ ਦਿੱਸ ਰਿਹਾ ਸੀ— ਪਹਾੜ ਦੇ ਮੈਲੇ ਕੁੜਤੇ ਦਾ ਲਾਲ ਸੂਆ ਬਟਣ, ਉਸ ਨੂੰ ਨਹੀਂ ਸੀ ਪਤਾ ਕਿ ਇਹ ਬਟਣ ਖੁਲ੍ਹੇਗਾ ਵੀ ਜਾਂ ਨਹੀਂ । ਉਸ ਆਪਣੀ ਕਮੀਜ਼ ਦੇ ਬਟਣ ਦੇਖੇ, ਉਹ ਬੰਦ ਸੀ। ਉਸ ਦੀ ਨਜ਼ਰ ਖੱਬੇ ਪਾਸੇ ਪਹਾੜ ਵਲ ਗਈ ਜਿਥੇ ਦੋ ਚੀੜਾਂ ਬੜੀਆਂ ਉੱਚੀਆਂ ਖਲੋਤੀਆਂ ਸਨ। ਉਸ ਨੂੰ ਹਮੇਸ਼ਾ ਹੀ ਲਗਦਾ ਜਿਵੇਂ ਕੋਈ ਡੌਰ ਭੌਰ ਮਨੁੱਖ ਬਾਹਵਾਂ ਉੱਚੀਆਂ ਚੁਕ ਪਰਮੇਸ਼ਰ ਅੱਗੇ ਫ਼ਰਿਆਦ ਕਰ ਰਿਹਾ ਹੋਏ।

ਉਸ ਫੇਰ ਰਸੋਈ ਵੱਲ ਦੇਖਿਆ, ਧੁੱਪ ਹੁਣ ਚੁੱਲ ਤੋਂ ਥੱਲੇ ਉੱਤਰ ਆਈ ਸੀ । ਕੋਲ ਹੀ ਚੱਕੀ ਦੇਖ ਖਿਆਲ ਆਇਆ ਕਿ ਦੁਬਧਾ ਦੀ ਜਿਸ ਚੱਕੀ ਵਿਚ ਉਹ ਫਸੀ ਹੋਈ ਏ, ਉਹ ਨਾ ਤਾਂ ਉਸ ਨੂੰ ਪੀਂਹਦੀ ਏ ਤੇ ਨਾ ਪੁੜਾਂ 'ਚੋਂ ਬਾਹਰ ਕੱਢਦੀ ਏ।

ਉਸੀ ਵੇਲੇ ਸੱਸ ਨੇ ਪਸਾਰ 'ਚੋਂ ਆ ਕੇ ਅਵਾਜ਼ ਦਿਤੀ—"ਲਾੜੀ ਠੰਡੀ ਹਵਾ ਚਲਣ ਲਗੀ ਏ—ਗਿਲੂ ਨੂੰ ਲੈ ਆ।” ਉਹ ਭੁੱਲ ਗਈ ਸੀ ਕਿ ਗਿਲੂ ਨੂੰ ਦੋਲੂ ਲੈ ਗਿਆ ਏ-ਧੁੱਪ ਰਸੋਈ ਚੋਂ ਬਾਹਰ ਆ ਗਈ ਤੇ ਉਸ ਸੋਚਿਆ ਬੰਗਲੇ ਭਾਵੇਂ ਜਾਏ ਜਾਂ ਨਹੀਂ ਪਰ ਗਿਲੂ ਨੂੰ ਲੈ ਆਏ ।

‘ਚੰਗਾ’ ਆਖ ਉਹ ਸੜਕ ਵਲ ਚਲੀ ਗਈ। ਉਥੇ ਹੀ ਦੋਲੂ ਦੀ ਚਾਹ ਦੀ ਹੱਟੀ ਏ, ਸਿਰਫ ਨਾਂ ਮਾਤਰ । ਨਾ ਹੀ ਬੱਸ ਤਾਂ ਉਥੇ ਕੋਈ ਖਲੋਂਦੀ ਨਹੀਂ ਕਦੇ ਕਦੇ ਕੋਈ ਇਕ ਅੱਧਾ ਟਰੱਕ ਰੁੱਕ ਜਾਂਦੈ ਜਾਂ ਕੋਈ ਕਾਰ ਘੜੀ ਕੁ ਅਰਾਮ ਕਰਨ ਲਈ ਰੁੱਕ ਜਾਂਦੀ ਏ। ਮਸਾਂ ਦਿਹਾੜੀ ਵਿਚ ਦੋ ਚਾਰ ਗਾਹਕ ਹੀ ਆਉਂਦੇ ਨੇ । ਦੋਲੂ ਵਿਹਲਾ ਬੈਠ ਬੈਠ ਅੱਕ ਜਾਂਦੈ ਤਾਂ ਗਿਲੂ ਨੂੰ ਆਪਣੇ ਨਾਲ ਲੈ ਜਾਂਦੈ ।

ਸੜਕ ਸਾਹਮਣੇ ਹੀ ਦਿਸਨ ਲੱਗ ਪਈ ਤੇ ਦੋਲੂ ਦੀ ਹੱਟੀ ਵੀ । ਹੁਣ ਥੋੜੀ ਢੱਕੀ ਹੀ ਉਤਰਨੀ ਬਾਕੀ ਸੀ । ਬਉਲੀ ਟੱਪਦੇ ਹੀ ਕਮਲੀ ਤੇ ਮੇਲੋ ਮਿਲੀਆਂ।

‘ਭਾਬੀ’ ਕਮਲੀ ਆਖਣ ਲਗੀ "ਦੋਲੂ ਨੇ ਸਾਨੂੰ ਸੰਤਰੇ ਦੀਆਂ ਗੋਲੀਆਂ ਦਿਤੀਆਂ ਨੇ"

‘ਭਾਬੀ' ਮੇਲੋ ਕਹਿਣ ਲਗੀ "ਦੋਲੂ" ਕਹਿ ਰਿਹਾ ਸੀ ਮੇਰੀ ਹੱਟੀ ਤੇ ਆਓ- ਮੈਂ ਤੁਹਾਨੂੰ ਮਿਠੀਆਂ ਗੋਲੀਆਂ ਦਿਆਂਗਾ–ਪਰ ਅਸੀਂ ਨਹੀਂ ਗਈਆਂ—ਦੂਰ ਦੂਰ ਹੀ ਖਲੋਤੀਆਂ ਰਹੀਆਂ ਵਾਂ—ਆਖਰ ਉਸ ਦੂਰ ਤੋਂ ਹੀ ਗੋਲੀਆਂ ਸੁਟੀਆਂ—ਤੇ ਅਸੀਂ ਚੁੱਕ ਕੇ ਨੱਸੀਆਂ "ਬੜੀਆਂ ਮਿੱਠੀਆਂ ਗੋਲੀਆਂ ਨੇ—ਭਾਬੀ"

ਦੋਵੇਂ ਕੁੜੀਆਂ ਕਿੰਨੀਆਂ ਸ਼ੈਤਾਨ ਨੇ । ਇੰਝ ਗੱਲਾਂ ਕਰਕੇ ਨੱਸ ਗਈਆਂ ਜਿਵੇਂ ਦੋਲੂ ਨਾਲ ਉਨ੍ਹਾਂ ਦਾ ਕੋਈ ਸਬੰਧ ਹੀ ਨਾ ਹੋਏ। ਚੁੱਪ ਚੁਪੀਤੇ ਉਹ ਫੇਰ ਅੱਗੇ ਟੁਰ ਪਈ । ਦੋਲੂ ਕੋਲੋਂ ਲੋਕ ਜਿੰਨਾਂ ਦੂਰ ਦੂਰ ਨੱਸਦੇ ਨੇ ਉਨ੍ਹਾਂ ਹੀ ਉਹ ਨੇੜੇ ਆਉਣਾ ਚਾਹੁੰਦੈ। ਲੋਕ ਵੀ ਕੀ ਕਰਨ ਉਸ ਦੀ ਸ਼ਕਲ ਹੀ ਐਸੀ ਏ। ਉਸ ਨੂੰ ਦੇਖ ਕਈ ਵਾਰੀ ਤਾਂ ਮੈਨੂੰ ਆਪੂੰ ਹੀ ਹਾਸਾ ਛਿੜ ਪੈਂਦਾ ਹੈ ਤੇ ਕਈ ਵਾਰੀ ਡਰ ਜਿਹਾ ਲਗਣ ਲੱਗ ਪੈਂਦਾ ਏ । ਸੱਕੀ ਭਾਬੀ ਹੋ ਕੇ ਵੀ ਮੈਂ ਦੋਲੂ ਨੂੰ ਆਪਣੇ ਕੋਲ ਜ਼ਿਆਦਾ ਨਹੀਂ ਆਉਣ ਦਿਤਾ । ਮੋਟਾ ਢਿਡ, ਤ੍ਰੈਨੁੱਕਰਾ ਮੂੰਹਾਂਦਰਾ, ਨਿੱਕੀਆਂ ਨਿੱਕੀਆਂ ਅੱਖੀਆਂ ਤੇ ਸ਼ਦੋਲੇ ਦੇ ਚੂਹੇ ਜਿਹਾ ਨਿੱਕਾ ਜਿਹਾ ਗਿਰ । ਲੋਕ ਉਸ ਨੂੰ ਦੌਲੇ ਸ਼ਾਹ ਦਾ ਚੂਹਾ ਆਖ ਛੇੜਦੇ ਨੇ ।

ਉਸ ਨੂੰ ਸਵੇਰ ਦੀ ਗੱਲ ਯਾਦ ਆਈ । ਉਹ ਗਿਲੂ ਨੂੰ ਦੁੱਧ ਪਿਲਾ ਰਹੀ ਸੀ, ਬੇ-ਧਿਆਨੇ ਕੁੜਤਾ ਜ਼ਰਾ ਜ਼ਿਆਦਾ ਉੱਚਾ ਚੁੱਕੀ ਗਿਆ, ਉਹ ਇਕੋ ਨਜ਼ਰ ਗਿਲੂ ਨੂੰ ਦੇਖ ਰਹੀ ਸੀ । ਸੁਭਾਵਕਨ ਹੀ ਉਸ ਦੀ ਨਜ਼ਰ ਉੱਚੀ ਹੋਈ ਤਾਂ ਦੇਖਿਆ ਦੋਲੂ ਦਰਵਾਜ਼ੇ 'ਚ ਖਲੋਤਾ ਉਸ ਨੂੰ ਘੂਰ ਰਿਹਾ ਸੀ । ਉਸ ਝਟ ਕੁੜਤਾ ਥੱਲੇ ਖਿਚ ਲਿਆ ਸੀ। ਦੋਲੂ ਦੇ ਮੂੰਹ ਤੋਂ ਸਾਫ ਲੱਭਦਾ ਸੀ ਕਿ ਉਹ ਚੋਰੀ ਕਰਦਾ ਰੰਗੇ ਹੱਥ ਪਕੜਾ ਗਿਆ ਸੀ। ਉਸ ਕਿਲੀ ਟੰਗਿਆ ਪਰਨਾ ਮੋਢੇ ਉੱਤੇ ਸੁੱਟਿਆ ਤੇ ਬਾਹਰ ਨਿਕਲ ਗਿਆ।

ਦੋਲੂ ਦੀਆਂ ਗੱਲਾਂ ਯਾਦ ਕਰਦੀ ਉਹ ਢੱਕੀ ਉੱਤਰ - ਸੜਕ ਤੇ ਪੁੱਜ ਗਈ । ਸਾਹਮਣੇ ਦੇਖਿਆ ਬੰਗਲੇ ਨੂੰ ਜਾਂਦੀ ਪਗਡੰਡੀ ਉੱਤੇ ਚੱਤਰੂ ਖਲੋਤਾ ਸੀ। ਉਸ ਨੂੰ ਦੇਖ ਝਟ ਅਗੇ ਹੋਇਆ "ਸਾਹਬ ਤੈਨੂੰ ਉਡੀਕ ਰਹੇ ਨੇ ।"

ਉਹ ਬਿਨਾਂ ਜੁਆਬ ਦਿਤੇ ਹੌਲੀ ਹੌਲੀ ਦੋਲੂ ਦੀ ਹੱਟੀ ਵੱਲ ਟੁਰ ਪਈ। ਉਸ ਦੇ ਪੈਰ ਕੰਬਣ ਲਗੇ, ਮੋੜ ਉੱਤੇ ਪਹੁੰਚ ਉਸ ਪਿੱਛੇ ਝਾਤੀ ਮਾਰੀ, ਚੱਤਰੂ ਉਥੇ ਹੀ ਖਲੋਤਾ ਸੀ। ਘੜੀ ਭਰ ਦੇਖਦੀ ਰਹੀ ਤੇ ਫੇਰ ਤੇਜ਼ ਤੇਜ਼ ਕਦਮ ਪੁੱਟਦੀ ਦੋਲੂ ਦੀ ਹੱਟੀ ਤੇ ਆ ਪੁੱਜੀ ।

“ਕੀ ਗੱਲ ਏ ਭਾਬੀ ?' ਦੋਲੂ ਨੇ ਉਸ ਨੂੰ ਦੇਖਦੇ ਹੀ ਕਿਹਾ "ਬੜੀ ਥੱਕੀ ਥੱਕੀ ਲਗਨੀ ਏਂ ?”

"ਐਵੇਂ ਹੀ—ਗਿਲੂ ਕਿੱਥੇ ਵੇ ?''

"ਐਹ ਸੁੱਤਾ ਹੋਇਆ"

"ਦੇ ਮੈਨੂੰ ਫੜਾ"

"ਇਨ੍ਹੀਂ ਜਲਦੀ ਵੀ ਕੀ ਏ ਭਾਬੀ ? ਬੈਠ ਜਾ—ਜ਼ਰਾ ਆਰਾਮ ਕਰ ਲੈ—ਚਾਹ ਪੀ ਲੈ ?"

"ਨਹੀਂ ਭਾਊ—ਅੱਜ ਕੁਝ ਦਿਲ ਨਹੀਂ ਕਰ ਰਿਹਾ"

“ਤੈਨੂੰ ਮੇਰੀ ਕਸਮ ਏ ਭਾਬੀ, ਐਸੀ ਚਾਹ ਪਿਲਾਵਾਂਗਾ ਕਿ ਤੇਰਾ ਦਿਲ ਹੋਰ ਹੋ ਜਾਏਗਾ"

ਉਸ ਦੋਲੂ ਨੂੰ ਨੀਝ ਲਗਾ ਕੇ ਦੇਖਿਆ । ਉਸ ਦੇ ਪੱਧਰੇ ਤਿਕੋਨੇ ਮੂੰਹ ਉੱਤੇ ਕੋਈ ਖੁਸ਼ੀ ਦੀ ਝਲਕ ਸੀ। ਨਿੱਕੀਆਂ ਨਿੱਕੀਆਂ ਅੱਖਾਂ 'ਚ ਇਕ ਲੋਅ ਜਿਹੀ ਚਮਕ ਰਹੀ ਸੀ ।

"ਕੀ ਗੱਲ ਏ ਭਾਊ ?" ਉਸ ਹੱਟੀ ਦੇ ਥੜੇ ਉੱਤੇ ਬੈਠਦੇ ਆਖਿਆ "ਅਜ ਤੂੰ ਬੜਾ ਖ਼ੁਸ਼ ਲਗਦਾ ਪਿਐਂ ?"

"ਸੱਚ ਹੀ ਭਾਬੀ..ਅਜ ਮਜ਼ਾ ਆ ਗਿਆ"

“ਕੀ ਗੱਲ ਹੋਈ...? ਸਾਨੂੰ ਵੀ ਤਾਂ ਦੱਸ"

"ਦਸਨਾਂ"

ਉਹ ਦੋਲੂ ਨੂੰ ਦੇਖ ਰਹੀ ਸੀ। ਉਸ ਨੂੰ ਇਤਨਾ ਖ਼ੁਸ਼ ਕਦੇ ਨਹੀਂ ਸੀ ਦੇਖਿਆ। ਮੂੰਹ ਤੇ ਖਿਲਰੇ ਹਾਸੇ ਨਾਲ ਉਹ ਘੱਟ ਕੋਝਾ ਲਗ ਰਿਹਾ ਸੀ। ਗਰਮ ਗਰਮ ਚਾਹ ਦਾ ਕੱਪ ਉਸ ਉਹਦੇ ਹੱਥ 'ਚ ਟਿਕਾਇਆ ਤੇ ਥੜੇ ਉੱਤੇ ਉਸ ਦੇ ਕੋਲ ਹੀ ਬੈਠ ਗਿਆ। ਭਾਬੀ ਬੰਗਲੇ 'ਚ ਜਿਹੜਾ ਸਾਹਬ ਆਇਐ ਨਾ......"

ਉਹ ਚਾਹ ਪੀਂਦੇ ਪੀਂਦੇ ਰੁੱਕ ਗਈ।

ਦੌਲੂ ਆਖਦਾ ਗਿਆ “ਬੜਾ ਭਲਾਮਾਣਸ ਏ—ਉਹ ਚਾਹੇ ਤਾਂ ਮੇਰੀ ਹੱਟੀ ਇਕ ਮਿੰਟ ਵਿਚ ਚੁੱਕ ਕੇ ਢਾਹ ਦੇਏ—ਇਹ ਸਾਰਾ ਜੰਗਲ ਤੇ ਇਹ ਸੜਕ ਸਭ ਉਸੀ ਦੇ ਮਤੈਹਤ ਨੇ......ਅੱਜ ਇਥੇ ਮੇਰੀ ਹੱਟੀ ਆਇਆ ਸੀ ਤੇ ਮੇਰੇ ਹੱਥ ਦੀ ਚਾਹ ਵੀ ਪੀ ਗਿਆ ਤੇ ਆਖਦਾ ਸੀ ਕਿ ਉਹ ਜਲਦੀ ਹੀ ਮੈਨੂੰ ਮੇਹਟ ਬਣਾ ਦੇਏਗਾ ।"

ਚਾਹ ਪੀਤੇ ਬਗ਼ੈਰ ਹੀ ਉਸ ਨੇ ਕੱਪ ਇਕ ਪਾਸੇ ਟਿਕਾ ਦਿਤਾ । ਗਿਲੂ ਨੂੰ ਚੁੱਕ ਉਹ ਹੱਟੀ ਦੇ ਬਾਹਰ ਨਿਕਲ ਆਈ । ਦੋਲੂ ਹੈਰਾਨ ਉਸ ਨੂੰ ਦੇਖਦਾ ਰਿਹਾ "ਕੀ ਗੱਲ ਏ ਭਾਬੀ......ਚਾਹ ਤੇ ਪੀ ਲੈ"

“ਨਹੀਂ ਭਾਊ ਅਜ ਮਨ ਕੁਝ ਠੀਕ ਨਹੀਂ...ਇਹ ਚਾਹ ਤੂੰ ਪੀ ਲੈ......ਮੈਂ ਫੇਰ ਕਦੇ ਪੀ ਲਵਾਂਗੀ" ਆਖਦੀ ਉਹ ਟੁਰ ਗਈ। ਦੋਲੂ ਦੀ ਸਮਝ ਵਿਚ ਕੁਝ ਵੀ ਨਾ ਆਇਆ ।

ਉਹ ਤੇਜ਼ ਤੇਜ਼ ਕਦਮ ਪੁੱਟ ਰਹੀ ਸੀ । ਮੋੜ ਉੱਤੇ ਚੱਤਰੂ ਨਹੀਂ ਸੀ। ਸੜਕ ਟੱਪ ਉਹ ਢੱਕੀ ਚੜ੍ਹਨ ਲਗੀ ਤਾਂ ਉਸਨੂੰ ਕੁਝ ਤੌਖਲਾ ਜਿਹਾ ਲਗਾ ਜਿਵੇਂ ਕੋਈ ਪਿੱਛਾ ਕਰ ਰਿਹਾ ਹੋਏ । ਕਈ ਵਾਰੀ ਉਸ ਤ੍ਰੱਬਕ ਕੇ ਪਿੱਛੇ ਵੀ ਤਕਿਆ ਪਰ ਕੋਈ ਵੀ ਤਾਂ ਨਾ ਲੱਭਾ । ਉਹ ਬਉਲੀ ਕੋਲ ਪੁੱਜੀ ਤਾਂ ਦਹਿਲ ਗਈ । ਇਸ ਥਾਂ ਝਾੜੀਆਂ ਵੀ ਐਸੀਆਂ ਨੇ ਕਿ ਆਦਮੀ ਆਪਣੇ ਆਪ ਹੀ ਡਰ ਜਾਏ ।

‘ਠਹਿਰ ਜਾ' ਚੱਤਰੂ ਇਕ ਦਰਖ਼ਤ ਪਿੱਛੋਂ ਨਿਕਲ ਰਿਹਾ ਸੀ । "ਸਾਹਬ ਤੇਰੀ ਰਾਹ ਦੇਖ ਰਿਹਾ ਏ ।” ਉਹ ਕੁਝ ਨਾ ਬੋਲੀ, ਸੁੱਤੇ ਹੋਏ ਗਿੱਲੂ ਨੂੰ ਉਸ ਹੋਰ ਜ਼ੋਰ ਦੀ ਘੁਟ ਲਿਆ।

“ਮੂਰਖ ਨਾ ਬਣ......ਸਾਹਬ ਬੜਾ ਵੱਡਾ ਅਫ਼ਸਰ ਏ......ਇਹ ਮੌਕਾ ਤੈਨੂੰ ਘੜੀ ਮੁੜੀ ਨਹੀਂ ਮਿਲਣਾ......ਆਪਣੇ ਆਪ ਨੂੰ ਦੇਖ...... ਜੁਆਨੀ ਨੂੰ ਮਿੱਟੀ ਵਿਚ ਨਾ ਰੋਲ......।"

ਉਸ ਦੀਆਂ ਨਜ਼ਰਾਂ ਨੀਵੀਆਂ ਸਨ । ਇਕ ਹੱਥ ਵਿਚ ਗਿਲੂ ਤੇ ਦੂਜਾ ਗਿਲੂ ਦੀ ਪਿੱਠ ਉੱਤੇ ਤੇ ਉਹ ਚੁੱਪ ਸੀ ਜਿਵੇਂ ਸਾਰੀ ਦੁਨੀਆਂ ਉਸ ਵੇਲੇ ਚੁੱਪ ਹੋ ਗਈ ਹੋਏ ।

"ਚੱਲ ਆ ਟੁਰ.....ਆ ਜਾ" ਚੱਤਰੂ ਦੀ ਅਵਾਜ਼ ਵਿਚ ਜਿਵੇਂ ਜਾਦੂ ਸੀ।

"ਇਸ ਨੂੰ ਛੋੜ ਕੇ ਆਉਂਦੀ ਹਾਂ" ਆਖਦੀ ਉਹ ਟੁਰ ਪਈ । ਉਸ ਚੱਤਰੂ ਵਲ ਦੇਖਿਆ, ਉਸ ਨੂੰ ਪਤਾ ਸੀ ਕਿ ਚੱਤਰੂ ਆਪਣੀ ਜਿਤ ਲਈ ਜ਼ਰੂਰ ਹੱਸ ਰਿਹਾ ਹੋਏਗਾ।

ਹੁਣ ਉਹ ਹੌਲੀ ਹੌਲੀ ਘਰ ਵੱਲ ਟੁਰਦੀ ਪਈ ਸੀ। ਜਾਣੇ ਦਾ ਫੈਸਲਾ ਕਰ ਕੇ ਜਿਵੇਂ ਉਹ ਦੁਚਿਤਿਆਂ ਦੀ ਪੀੜ ਤੋਂ ਮੁਕਤ ਹੋ ਗਈ ਹੋਏ ।

ਸੂਰਜ ਡੁੱਬ ਚੁੱਕਾ ਸੀ ਪਰ ਅਜੇ ਹਨੇਰਾ ਨਹੀਂ ਸੀ ਪਿਆ । ਹਵਾ ਖੂਬ ਜ਼ੋਰ ਦੀ ਚਲ ਰਹੀ ਸੀ ਤੇ ਹੁਣ ਉਸ ਦਾ ਦਮ ਨਹੀਂ ਘੁੱਟ ਰਿਹਾ ਸੀ ।

ਰਸੋਈ ਵਿਚ ਪੁੱਜ ਕੇ ਉਸ ਨੂੰ ਪਸਾਰ ਵਿਚ ਕੋਈ ਗੱਲਾਂ ਕਰਦਾ ਲਗਿਆ। ਉਹ ਰੁੱਕ ਗਈ ਤੇ ਕੰਨ ਸੋਅ ਲੈਣ ਲਗੀ।

"ਕੁਝ ਲਾੜੀ ਦਾ ਵੀ ਸੋਚਿਆ ਈ ?" ਇਹ ਸਰੋਦੀ ਅਵਾਜ਼ ਸੀ। ਉਸ ਦੀ ਸੱਸ ਨੇ ਇਕ ਠੰਡਾ ਸਾਹ ਭਰਿਆ “ਮੈਂ ਕੀ ਸੋਚਾਂ ਭੈਣਾਂ ?"

"ਮੈਂ ਉਸ ਨੂੰ ਚੱਤਰੂ ਨਾਲ ਗੱਲਾਂ ਕਰਦੇ ਦੇਖਿਆ ਸੀ......ਕੋਈ ਹੋਰ ਦੇਖਦਾ ਤਾਂ ਗਰਾਂ ਵਿਚ ਪੁਆੜਾ ਪੈ ਜਾਂਦਾ।"

“ਤੂੰ ਹੀ ਦੱਸ ਮੈਂ ਕੀ ਕਰਾਂ ?'' ਸੱਸ ਨੇ ਰੋਣਹਾਕੀ ਅਵਾਜ਼ ਵਿਚ ਕਿਹਾ "ਘਰ ਗਊ ਨੂੰ ਐਵੇਂ ਕਿੱਲੀ ਨਾਲ ਕਿੰਝ ਬੰਨ੍ਹ ਦਿਆਂ। ਮੈਂ ਉਸ ਨੂੰ ਆਖ ਵੀ ਕੀ ਸਕਦੀ ਹਾਂ। ਉਸ ਦੀ ਉਮਰ ਵਿਚ ਸੋਗ ਦੇ ਡੰਗ ਜਰਨੇ ਕੋਈ ਸੌਖੇ ਨਹੀਂ। ਦੋਲੂ ਆਪਣੇ ਭਰਾ ਦੀ ਥਾਂ ਕਿਥੇ ਪੂਰੀ ਕਰ ਸਕਦੈ । ਕਦੀ ਕਦੀ ਮੈਂ ਸੋਚਨੀ ਆਂ ਆਪਣੇ ਹੱਥੀਂ ਚੰਗੀ ਥਾਂ ਲੱਭ ਦਿਆਂ ਪਰ ਮੋਈ ਤਾਂ ਜੇ ਸਾਹ ਨਾ ਆਇਆ......ਮੈਂ ਤੇ ਦੋਲੂ ਦੋਨੋਂ ਹੀ ਉਸੇ ਦੀ ਗੋਚਰੀ ਹਾਂ......। ਵੰਸ ਦੀ ਵੇਲ ਵੀ ਉਸ ਦੀ ਗੋਦ 'ਚ ਹੀ ਪਲਦੀ ਪਈ ਏ...... ਉਹ ਰਾਜ਼ੀ ਖੁਸ਼ੀ ਰਹੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ......।”

ਹਨੇਰਾ......ਹਰ ਪਾਸੇ ਹਨੇਰਾ । ਪਹਾੜ, ਚੀਲਾਂ, ਦਿਆਰ ਸਭ ਕੁਝ ਹਨੇਰੇ ਵਿਚ ਡੁਬ ਗਿਆ । ਚੌਂਹਾਂ ਪਾਸੇ ਸੁੰਨਸਾਨ ਛਾਈ ਹੋਈ ਏ । ਅੰਬਰ ਤੋਂ ਸਾਰੇ ਤਾਰੇ ਬੱਦਲਾਂ ਦੀ ਚਾਦਰ ਉਹਲੇ ਛੁਪ ਗਏ । ਨਿੱਕੀਆਂ ਨਿੱਕੀਆਂ ਕਣੀਆਂ ਦੀ ਫੁਹਾਰ ਪੈ ਰਹੀ ਏ ਹੋ ਸਕਦੈ ਬਰਫ਼ ਵੀ ਪਏ ਤੇ ਕਲ ਸਵੇਰੇ ਪਹਾੜ ਬਰਫ਼ ਥੱਲੇ ਢੱਕੇ ਜਾਣ।

ਉਹ ਬਾਹਰ ਥੰਮੀ ਦੇ ਸਹਾਰੇ ਖਲੋਤੀ ਹੋਈ ਏ ਗਿਲੂ ਦਾਦੀ ਦੀ ਝੋਲੀ ਵਿਚ ਸੌਂ ਗਿਆ । ਉਹ ਦੋਲੂ ਨੂੰ ਉਡੀਕ ਰਹੀ ਏ ਉਹ ਆਏ ਤੇ ਰੋਟੀ ਦੇ ਕੇ ਵਿਹਲੀ ਹੋਏ।

ਵਿਹਲੀ ਤਾਂ ਉਹ ਸੱਸ ਦੀ ਗੱਲ ਸੁਣ ਕੇ ਹੀ ਹੋ ਗਈ ਸੀ। ਸਰਕਾਰੀ ਬੰਗਲੇ ਉਡੀਕਦੇ ਸਾਹਬ ਨੂੰ ਉਹ ਭੁੱਲ ਗਈ ਸੀ।

ਪਰ ਦੋਲੂ ਅਜੇ ਤੀਕ ਕਿਉਂ ਨਹੀਂ ਆਇਆ ? ਇਨਾ ਚਿਰ ਤਾਂ ਘਰ ਤੋਂ ਬਾਹਰ ਉਹ ਕਦੇ ਵੀ ਨਹੀਂ ਰਿਹਾ । ਉਸ ਨੂੰ ਕੁਝ ਖੜਾਕ ਦੀ ਅਵਾਜ਼ ਆਈ। ਹਨੇਰੇ ਵਿਚ ਕੁਝ ਵੀ ਤਾਂ ਨਹੀਂ ਸੀ ਲੱਭ ਰਿਹਾ। ਉਸ ਸੋਚਿਆ ਦੌਲੂ ਤੋਂ ਬਿਨਾਂ ਇਥੇ ਹੋਰ ਕੌਣ ਹੋ ਸਕਦਾ ਏ।

ਹਨੇਰੇ ਵਿਚ ਆਉਂਦਾ ਦੋਲੂ ਭੂਤ ਲਗ ਰਿਹਾ ਸੀ । ਅੱਖਾਂ ਤੇ ਜ਼ੋਰ ਪਾ ਉਹ ਦੇਖਣ ਦਾ ਜਤਨ ਕਰ ਰਹੀ ਸੀ । ਟੁਰਦਾ ਟੁਰਦਾ ਦੋਲੂ ਝੋਕੇ ਖਾ ਰਿਹਾ ਸੀ ਜਿਵੇਂ ਉਸ ਸ਼ਰਾਬ ਪੀਤੀ ਹੋਏ। "ਪਰ ਦੋਲੂ ਤਾਂ ਸ਼ਰਾਬ ਨੂੰ ਹੱਥ ਵੀ ਨਹੀਂ ਲਾਂਦਾ।" ਘਾਬਰ ਕੇ ਉਹ ਜ਼ਰਾ ਅੱਗੇ ਹੋਈ ।

"ਭਾਬੀ-ਭਾਬੀ" ਦੋਲੂ ਨੇ ਵੀ ਉਸ ਨੂੰ ਦੇਖ ਲਿਆ ਸੀ ਤੇ ਅੰਨ੍ਹੇ ਵਾਹ ਬਾਹਵਾਂ ਉਲਾਰਦਾ ਅੱਗੇ ਵੱਧ ਰਿਹਾ ਸੀ। ਕੋਲ ਪੁੱਜਦੇ ਹੀ ਇਕ ਜ਼ੋਰ ਦੀ ਢਾਂਹ ਜਿਹੀ "ਭਾਬੀ" ਮਾਰ ਉਸ ਦੇ ਉੱਤੇ ਹੀ ਡਿੱਗ ਪਿਆ । ਉਸ ਬੜੀ ਮੁਸ਼ਕਿਲ ਨਾਲ ਤੁਲਸੀ ਦੇ ਥੜੇ ਨੂੰ ਫੜ ਆਪਣੇ ਆਪ ਨੂੰ ਸਾਂਭਿਆ, ਪਰ ਦੋਲੂ ਇਕੋ ਭੁਆਂਟਣੀ ਨਾਲ ਆਟੇ ਦੇ ਪੇੜੇ ਵਾਂਗੂ ਜ਼ਮੀਨ ਤੇ ਡਿੱਗ ਪਿਆ।

“ਭਾਊ......ਭਾਊ......ਕੀ ਹੋਇਆ ਤੈਨੂੰ ?'' ਦੱਲੂ ਨੂੰ ਸਾਂਭਣ ਦਾ ਯਤਨ ਕਰਦੇ ਹੋਏ ਇਕ ਹੱਥ 'ਚ ਉਸ ਦਾ ਸਿਰ ਫੜ ਤੇ ਦੂਜੇ ਨਾਲ ਉਹਦੀ ਬਾਂਹ ਖਿੱਚਣ ਲਗੀ ।

"ਸਾਲੇ, ਲੁਚੇ, ਬਦਮਾਸ਼...... " ਦੋਲੂ ਬੁੜ ਬੁੜਾ ਰਿਹਾ ਸੀ ।

“ਭਾਊ.....ਤੈਨੂੰ ਹੋਇਆ ਕੀ ਏ ?"

“ਛਡ ਦੇ ਭਾਬੀ.....ਮੈਂ ਇਨ੍ਹਾਂ ਦਾ ਸਿਰ ਕੁਚਲ ਦਿਆਂਗਾ-ਫਿਲੰਡਰ, ਬਦਮਾਸ਼ ਕਿਸੇ ਪਾਸੇ ਦੇ ।"

ਗੰਦੀ ਮੁਸ਼ਕ ਉਸ ਦੇ ਨੱਕ ਨੂੰ ਚੜ੍ਹੀ “ਭਾਊ ਸ਼ਰਾਬ ਪੀ ਕੇ ਕਿਸ ਨੂੰ ਗਾਲ੍ਹਾਂ ਕੱਢ ਰਿਹਾ ਏਂ ?"

“ਭਾਬੀ......ਮੈਂ ਕਦੇ ਸ਼ਰਾਬ ਨਹੀਂ ਪੀਤੀ....ਅੱਜ ਉਸ ਬੰਗਲੇ ਵਾਲੇ ਸਾਹਬ ਨੇ ਮੈਨੂੰ ਸੱਦ ਭੇਜਿਆ.....ਉਸ ਜ਼ੋਰ ਜ਼ਬਰ ਨਾਲ ਮੈਨੂੰ ਸ਼ਰਾਬ ਪਿਲਾਈ ਤੇ ਆਖਣ ਲੱਗਾ... "

"ਕੇ ਆਖਣ ਲੱਗਾ ?" ਗੋਡੇ ਦੇ ਭਾਰ ਉਹ ਉਸ ਦੇ ਨਾਲ ਹੀ ਬੈਠ ਗਈ ।

“ਆਖਣ ਲੱਗਾ... ...ਆਪਣੀ ਭਾਬੀ ਨੂੰ ਸੱਦ ਲਿਆ... ਮੈਂ ਸ਼ਰਾਬ ਦੀ ਬੋਤਲ ਚੁੱਕ ਉਸ ਦੇ ਸਿਰ ਵਿਚ ਦੇ ਮਾਰੀ ... ਉਹ ਦੋ ਜਣੇ ਸਨ, ਦੋਨੋਂ ਮੇਰੇ ਉਪਰ ਪੈ ਗਏ... ਮੈਨੂੰ ਉਨ੍ਹਾਂ ਬੜਾ ਮਾਰਿਆ .....ਭਾਬੀ ਬੜਾ ਹੀ ਮਾਰਿਆ—ਮੇਰੀਆਂ ਹੱਡੀਆਂ ਪਸਲੀਆਂ ਤੋੜ ਦਿਤੀਆਂ।"

ਦੋਲੂ ਰੋ ਰਿਹਾ ਸੀ। ਉਸ ਹੌਲੀ ਜਿਹੀ ਆਪਣੀ ਦੇਹ ਦਾ ਸਹਾਰਾ ਦਿਤਾ ਉਹ ਬੁੜਬੁੜਾ ਰਿਹਾ ਸੀ “ਚੰਗਾ ਕੀਤਾ ਭਾਬੀ...ਤੂੰ ਉਥੇ ਗਈ ਨਹੀਂ .... ਉਹ ਬੇਸ਼ਰਮ ... ਬਦਮਾਸ਼ ... ਬੜੇ ਬੇਕਿਆਸੇ ਨੇ...ਉਨ੍ਹਾਂ ਦਾ ਕਦੀ ਵੀ ਵਿਸਾਹ ਨਾ ਕਰੀਂ ਭਾਬੀ ਉਨ੍ਹਾਂ ਕੋਲ ਕਦੀ ਨਾ ਜਾਈਂ......ਕਦੀ ਨਹੀਂ... ਕਦੀ ਨਹੀਂ"

ਉਸ ਦੋਲੂ ਨੂੰ ਆਪਣੀਆਂ ਬਾਹਵਾਂ ਵਿਚ ਜਕੜ ਪੂਰੀ ਤਰ੍ਹਾਂ ਉਠਾਣ ਦਾ ਯਤਨ ਕੀਤਾ । ਹੌਲੀ ਹੌਲੀ ਉਸ ਨੂੰ ਪਸਾਰ 'ਚ ਲੈ ਗਈ । ਦੋਲੂ ਨੇ ਖੱਬੀ ਬਾਂਹ ਉਸ ਦੇ ਗਲੇ ਵਿਚ ਪਾਈ ਤੇ ਸਿਰ ਉਸ ਦੀ ਛਾਤੀ ਉੱਤੇ ਟਿਕਾਇਆ ਹੋਇਆ ਸੀ।

ਉਸ ਨੇ ਦੋਲੂ ਨੂੰ ਮੰਜੀ ਉੱਤੇ ਲਿਟਾ ਉੱਤੇ ਰਜਾਈ ਦੇ ਦਿਤੀ। ਫਿਰ ਆਪਣੀ ਮੰਜੀ ਉੱਤੇ ਜਾਣ ਲਗੀ ਤਾਂ ਹੌਲੀ ਜਿਹੀ ਖਿੱਚ ਲਗੀ। ਉਹ ਸੁਨ ਹੋ ਗਈ । ਸਮਝ ਗਈ ਕਿ ਦੁਪੱਟੇ ਦੀ ਚੁਕ ਦੋਲੂ ਹੱਥ ਵਿਚ ਏ ।

ਉਸ ਸੱਸ ਦੀ ਮੰਜੀ ਵਲ ਝਾਕਿਆ । ਉਸ ਨੂੰ ਕੁਝ ਨਾ ਲੱਭਾ । ਚੌਹਾਂ ਪਾਸੇ ਹਨੇਰਾ ਹੀ ਹਨੇਰਾ ਸੀ। ਉਸ ਨੂੰ ਜਿਵੇਂ ਸੁਰਤ ਹੀ ਨਾ ਰਹੀ । ਹਨੇਰਾ ਇਕ ਭਿਆਨਕ ਬਲਾ ਬਣ ਉਸ ਨੂੰ ਆਪਣੇ ਵਲ ਖਿੱਚ ਰਿਹਾ ਸੀ ਤੇ ਉਸ ਦੇ ਪੰਜਿਆਂ 'ਚ ਫਸੀ ਹੋਈ ਉਹ ਖਿਚੀਂਦੀ ਜਾ ਰਹੀ ਸੀ।

ਉਹ ਦੋਲੂ ਦੇ ਸਿਰਹਾਣੇ ਵੱਲ ਬੈਠ ਗਈ। ਉਹਦਾ ਹੱਥ ਅਚਾਨਕ ਉਸ ਨੂੰ ਆਪਣੇ ਪੱਟਾਂ ਉੱਤੇ ਸਰਕਦਾ ਲਗਿਆ। ਤੇ ਉਹ ਦੋਲੂ ਦੀ ਬੁੱਕਲ ਵਿਚ ਤਿਕਲਦੀ ਜਾ ਰਹੀ ਸੀ ।

ਥੋੜੇ ਚਿਰ ਬਾਦ ਉਸ ਦੀ ਨੰਗੀ ਦੇਹ ਦੋਲੂ ਦੀ ਨੰਗੀ ਦੇਹ ਨਾਲ ਇੰਝ ਚਿਮਟੀ ਹੋਈ ਸੀ ਜਿਵੇਂ ਕੋਈ ਚਾਮਚੜਿਕ ।

ਬਾਹਰ ਵਰਖਾ ਦੀਆਂ ਕਣੀਆਂ ਜੰਮਣ ਲੱਗ ਪਈਆਂ......ਤੇ ਪਾਲਾ ਪੈ ਰਿਹਾ ਸੀ, ਬਰਫ਼ ਪੈ ਰਹੀ ਸੀ।

(ਅਨੁਵਾਦ : ਚੰਦਨ ਨੇਗੀ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵੇਦ ਰਾਹੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ