Bauna Gulab (Story in Punjabi) : Hans Christian Andersen

ਬੌਣਾ ਗੁਲਾਬ (ਕਹਾਣੀ) : ਹੈਂਸ ਕ੍ਰਿਸਚੀਅਨ ਐਂਡਰਸਨ

ਬਾਗ਼ ਦੇ ਵਿਚਕਾਰ ਜਿਹੇ ਗੁਲਾਬ ਦੇ ਫੁੱਲਾਂ ਦੀ ਇੱਕ ਝਾੜੀ ਉੱਗੀ ਹੋਈ ਸੀ, ਜੋ ਫੁੱਲਾਂ ਨਾਲ ਪੂਰੀ ਢਕੀ ਹੋਈ ਸੀ। ਇੱਥੇ ਹੀ ਇਨ੍ਹਾਂ ਫੁੱਲਾਂ ’ਚ ਇੱਕ ਬੌਣਾ ਗੁਲਾਬ ਵੀ ਸੀ। ਉਸ ਦਾ ਕੱਦ ਏਨਾ ਛੋਟਾ ਸੀ ਕਿ ਉਹ ਕਿਸੇ ਨੂੰ ਵੀ ਨਜ਼ਰ ਨਹੀਂ ਸੀ ਆਉਂਦਾ। ਗੁਲਾਬ ਦੀ ਹਰ ਪੱਤੀ ਦੇ ਪਿੱਛੇ ਉਸ ਦਾ ਸੌਣ ਵਾਲਾ ਕਮਰਾ ਸੀ। ਉਹ ਇੱਕ ਛੋਟੇ ਜਿਹੇ ਪਿਆਰੇ ਬੱਚੇ ਵਰਗਾ ਸੀ। ਉਸ ਦੇ ਸਰੀਰ ’ਤੇ ਖੰਭ ਵੀ ਸਨ ਜੋ ਉਸ ਦੇ ਮੋਢਿਆਂ ਤੋਂ ਪੈਰਾਂ ਤਕ ਲੰਮੇ ਸਨ। ਕਿੰਨੀ ਸੁਹਣੀ ਖ਼ੁਸ਼ਬੂ ਸੀ ਕਮਰਿਆਂ ਵਿੱਚ! ਕਿੰਨੀਆਂ ਸਾਫ਼ ਤੇ ਚਮਕਦੀਆਂ ਕੰਧਾਂ ਸਨ। ਇਹ ਸਭ ਕੁਝ ਗੁਲਾਬ ਦੀਆਂ ਗੁਲਾਬੀ ਪੱਤੀਆਂ ਨਾਲ ਬਣਿਆ ਹੋਇਆ ਸੀ।
ਇੱਕ ਦਿਨ ਉਹ ਨਿੱਘੀ ਧੁੱਪ ਵਿੱਚ ਇੱਕ ਤੋਂ ਦੂਜੇ ਫੁੱਲ ਤਕ ਅਤੇ ਉੱਡਦੀ ਤਿੱਤਲੀ ਦੇ ਖੰਭਾਂ ’ਤੇ ਉੱਡ ਰਿਹਾ ਸੀ ਤੇ ਨਾਲ ਹੀ ਉਹ ਓਨੇ ਕਦਮਾਂ ਦੀ ਗਿਣਤੀ ਵੀ ਕਰ ਰਿਹਾ ਸੀ, ਜਿੰਨੇ ਕਦਮ ਉਹ ਸੜਕਾਂ ਤੇ ਚੌਰਾਹਿਆਂ ਨੂੰ ਪਾਰ ਕਰਨ ਲੱਗਿਆਂ ਲਾ ਰਿਹਾ ਸੀ। ਪੱਤੀਆਂ ਉੱਪਰ ਜਿਹੜੀਆਂ ਧਾਰੀਆਂ ਸਨ, ਇਹ ਉਸ ਗੁਲਾਬ ਲਈ ਲੰਮੀਆਂ ਸੜਕਾਂ ਤੇ ਚੌਰਾਹੇ ਸਨ। ਸੂਰਜ ਛਿਪ ਚੁੱਕਾ ਸੀ, ਪਰ ਉਸ ਦਾ ਸਫ਼ਰ ਹਾਲੇ ਨਹੀਂ ਸੀ ਮੁੱਕਿਆ ਕਿਉਂਕਿ ਉਸ ਨੇ ਇਹ ਦੇਰ ਨਾਲ ਸ਼ੁਰੂ ਕੀਤਾ ਸੀ।
ਠੰਢ ਬਹੁਤ ਹੋ ਗਈ ਸੀ। ਤ੍ਰੇਲ ਪੈਣੀ ਸ਼ੁਰੂ ਹੋ ਗਈ ਸੀ ਤੇ ਹਵਾ ਵੀ ਚੱਲਣ ਲੱਗ ਪਈ ਸੀ। ਹੁਣ ਸਭ ਤੋਂ ਚੰਗੀ ਗੱਲ ਇਹ ਸੀ ਕਿ ਬੌਣਾ ਗੁਲਾਬ ਕਿਸੇ ਤਰ੍ਹਾਂ ਘਰ ਪਹੁੰਚ ਜਾਏ। ਉਸ ਨੇ ਘਰ ਪਹੁੰਚਣ ਲਈ ਕਾਹਲੀ ਤਾਂ ਬਹੁਤ ਕੀਤੀ ਪਰ ਸਾਰੇ ਫੁੱਲ ਹੁਣ ਤਕ ਸੌਂ ਗਏ ਸਨ। ਹੁਣ ਕਿਸੇ ਇੱਕ ਫੁੱਲ ਦੀਆਂ ਵੀ ਪੱਤੀਆਂ ਖੁੱੱਲ੍ਹੀਆਂ ਨਹੀਂ ਸਨ, ਜੋ ਉਸ ਨੂੰ ਅੰਦਰ ਲਿਆ ਕੇ ਸੁਆ ਦਿੰਦੀਆਂ। ਵਿਚਾਰਾ ਬੌਣਾ ਗੁਲਾਬ ਬਹੁਤ ਹੀ ਡਰ ਗਿਆ। ਉਹ ਇਸ ਤੋਂ ਪਹਿਲਾਂ ਕਦੇ ਵੀ ਰਾਤ ਨੂੰ ਇਕੱਲਾ ਬਾਹਰ ਨਹੀਂ ਸੀ ਰਿਹਾ। ਉਹ ਹਮੇਸ਼ਾਂ ਹੀ ਗੁਲਾਬ ਦੀਆਂ ਨਿੱਘੀਆਂ ਪੱਤੀਆਂ ਦੇ ਪਿੱਛੇ ਆਰਾਮਦਾਇਕ ਤੇ ਮਿੱਠੀ ਨੀਂਦ ’ਚ ਸੌਂਦਾ ਸੀ। ਉਫ਼! ਹੁਣ ਅੱਜ ਤਾਂ ਜ਼ਰੂਰ ਉਸ ਦੀ ਮੌਤ ਹੋ ਜਾਏਗੀ। ਉਸ ਨੂੰ ਇਹ ਪਤਾ ਸੀ ਕਿ ਬਾਗ਼ ਦੇ ਦੂਜੇ ਪਾਸੇ ਇੱਕ ਵੇਲ ਸੀ ਜਿਹੜੀ ਦਰੱਖਤਾਂ ਨਾਲ ਘਿਰੀ ਹੋਈ ਸੀ। ਫੁੱਲ ਇਵੇਂ ਜਾਪ ਰਹੇ ਸਨ ਜਿਵੇਂ ਵੱਡੇ-ਵੱਡੇ ਸਿੰਗ ਹੋਣ ਜਿਨ੍ਹਾਂ ’ਤੇ ਰੰਗ ਕੀਤਾ ਹੋਇਆ ਹੋਵੇ। ਉਹ ਇਨ੍ਹਾਂ ਫੁੱਲਾਂ ’ਚ ਵੜ ਕੇ ਅਗਲੇ ਦਿਨ ਤਕ ਸੌਣਾ ਚਾਹੁੰਦਾ ਸੀ। ਉਹ ਉਸੇ ਪਾਸੇ ਨੂੰ ਈ ਉੱਡ ਕੇ ਚਲਾ ਗਿਆ। ਸ਼…ਸ਼…ਸ਼…ਉੱਥੇ ਦੋ ਜਣੇ ਸਨ- ਇੱਕ ਖ਼ੂਬਸੂਰਤ ਗੱਭਰੂ ਤੇ ਇੱਕ ਸੁੰਦਰ ਮੁਟਿਆਰ। ਉਹ ਨੇੜੇ-ਨੇੜੇ ਬੈਠੇ ਸਨ ਤੇ ਚਾਹੁੰਦੇ ਸਨ ਕਿ ਉਹ ਕਦੀ ਨਾ ਵਿਛੜਨ। ਉਹ ਇੱਕ-ਦੂਜੇ ਨੂੰ ਏਨਾ ਪਿਆਰ ਕਰਦੇ ਸਨ ਕਿ ਏਨਾ ਕੋਈ ਬੱਚਾ, ਆਪਣੇ ਮਾਂ-ਬਾਪ ਨੂੰ ਵੀ ਨਹੀਂ ਕਰਦਾ।
ਗੱਭਰੂ ਬੋਲਿਆ, ‘‘ਤਾਂ ਵੀ ਵਿਛੜਨਾ ਤਾਂ ਪਏਗਾ ਹੀ ਸਾਨੂੰ! ਤੇਰੇ ਭਰਾ ਨੂੰ ਮੈਂ ਜ਼ਰਾ ਵੀ ਚੰਗਾ ਨਹੀਂ ਲੱਗਦਾ, ਇਸੇ ਲਈ ਉਹ ਮੈਨੂੰ ਛੋਟੇ- ਮੋਟੇ ਕੰਮਾਂ ਲਈ ਕਦੀ ਪਹਾੜੀਆਂ ਤੇ ਕਦੀ ਸਮੁੰਦਰਾਂ ਵੱਲ ਭੇਜ ਦਿੰਦਾ ਹੈ। ਸੋ ਮੇਰੀ ਪਿਆਰੀ ਪਤਨੀ ਅਲਵਿਦਾ! ਕਿਉਂਕਿ ਪਤਨੀ ਤਾਂ ਤੂੰ ਮੇਰੀ ਹੀ ਬਣੇਂਗੀ।’’
ਉਨ੍ਹਾਂ ਨੇ ਇੱਕ-ਦੂਜੇ ਨੂੰ ਚੁੰਮਿਆ। ਮੁਟਿਆਰ ਰੋਣ ਲੱਗ ਪਈ ਤੇ ਉਹ ਗੱਭਰੂ ਨੂੰ ਗੁਲਾਬ ਦੇ ਫੁੱਲ ਦੇਣ ਲੱਗੀ। ਪਰ ਫੁੱਲ ਦੇਣ ਤੋਂ ਪਹਿਲਾਂ, ਉਸ ਨੇ ਫੁੱਲ ਨੂੰ ਏਨੀ ਜ਼ੋਰ ਦੀ ਤੇ ਨੇੜਿਓਂ ਚੁੰਮਿਆ ਕਿ ਫੁੱਲ ਸਾਰੇ ਦਾ ਸਾਰਾ ਖੁੱਲ੍ਹ ਗਿਆ। ਗੱਭਰੂ ਨੇ ਇਸ ਫੁੱਲ ਨੂੰ ਆਪਣੇ ਪਹਿਰਾਵੇ ’ਤੇ ਛਾਤੀ ਉੱਪਰ ਲਾ ਲਿਆ। ਫੇਰ ਬੌਣਾ ਇਸ ਫੁੱਲ ਦੇ ਅੰਦਰ ਵੜ ਗਿਆ ਤੇ ਇਸ ਦੀਆਂ ਕੋਮਲ ਤੇ ਖੁਸ਼ਬੋਈ ਵਾਲੀਆਂ ਕੰਧਾਂ ਉੱਪਰ ਆਪਣਾ ਸਿਰ ਟਿਕਾ ਦਿੱਤਾ। ਇੱਥੇ ਇਹ ਉਨ੍ਹਾਂ ਨੂੰ ‘‘ਅਲਵਿਦਾ! ਅਲਵਿਦਾ!!’’ ਕਹਿੰਦਿਆਂ ਸਾਫ਼ ਸੁਣ ਸਕਦਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਗੁਲਾਬ ਦਾ ਫੁੱਲ ਗੱਭਰੂ ਦੇ ਦਿਲ ਉੱਪਰ ਹੀ ਟਿਕਿਆ ਹੋਇਆ ਹੈ। ਉਫ਼, ਇਹ ਦਿਲ ਦੀ ਧੜਕਣ! ਦਿਲ ਦੀ ਧੜਕਣ ਦੀ ਆਵਾਜ਼ ਏਨੀ ਜ਼ੋਰ ਦੀ ਆਉਂਦੀ ਸੀ ਕਿ ਬੌਣੇ ਨੂੰ ਨੀਂਦ ਹੀ ਨਾ ਆਈ।
ਪਰ ਗੁਲਾਬ ਦਾ ਫੁੱਲ ਗੱਭਰੂ ਦੀ ਛਾਤੀ ’ਤੇ ਬਹੁਤ ਦੇਰ ਤਕ ਚੈਨ ਨਾਲ ਨਾ ਰਹਿ ਸਕਿਆ। ਗੱਭਰੂ ਨੇ ਇਸੇ ਨੂੰ ਹੱਥ ਵਿੱਚ ਫੜ ਲਿਆ ਅਤੇ ਜਦੋਂ ਉਹ ਇਕੱਲਾ ਜੰਗਲ ਵੱਲ ਜਾ ਰਿਹਾ ਸੀ, ਉਸ ਨੇ ਫੁੱਲ ਨੂੰ ਕਈ ਵਾਰੀ ਤੇ ਏਨੀ ਜ਼ੋਰ ਨਾਲ ਚੁੰਮਿਆ ਕਿ ਬੌਣਾ ਗੁਲਾਬ ਲਗਪਗ ਕੁਚਲਿਆ ਹੀ ਗਿਆ।
ਉਹ ਗੁਲਾਬ ਦੀ ਪੱਤੀ ਰਾਹੀਂ ਹੀ ਗੱਭਰੂ ਦੇ ਬੁੱਲ੍ਹਾਂ ਦਾ ਸੇਕ ਮਹਿਸੂਸ ਕਰ ਰਿਹਾ ਸੀ ਅਤੇ ਫਿਰ ਫੁੱਲ ਆਪਣੇ ਆਪ ਹੀ ਖੁੱਲ੍ਹ ਗਿਆ ਜਿਵੇਂ ਗਰਮ ਦੁਪਹਿਰ ਵੇਲੇ ਖੁੱਲ੍ਹਦਾ ਹੈ।
ਫੇਰ ਉੱਥੇ ਇੱਕ ਗੁਸੈਲ ਤੇ ਧੋਖੇਬਾਜ਼ ਆ ਪਹੁੰਚਿਆ। ਉਹ ਸੁਹਣੀ ਮੁਟਿਆਰ ਦਾ ਭਰਾ ਸੀ ਪਰ ਬਹੁਤ ਬਦਮਾਸ਼ ਸੀ। ਉਸ ਨੇ ਇੱਕ ਤਿੱਖਾ ਚਾਕੂ ਕੱਢਿਆ ਤੇ ਜਦੋਂ ਸੁਹਣਾ ਗੱਭਰੂ ਫੁੱਲ ਨੂੰ ਚੁੰਮ ਰਿਹਾ ਸੀ, ਉਸ ਵੇਲੇ ਉਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦਾ ਸਿਰ ਕੱਟ ਦਿੱਤਾ। ਫੇਰ ਉਸ ਬਦਮਾਸ਼ ਨੇ ਉਸ ਦਾ ਸਿਰ ਤੇ ਸਰੀਰ ਦੋਵੇਂ ਹੀ ਨਿੰਬੂ ਦੇ ਦਰੱਖਤ ਦੇ ਹੇਠ ਜ਼ਮੀਨ ਵਿੱਚ ਦੱਬ ਦਿੱਤੇ।
ਧੋਖੇਬਾਜ਼ ਭਰਾ ਨੇ ਸੋਚਿਆ, ‘‘ਬੱਸ ਹੁਣ ਉਸ ਦਾ ਕੰਮ ਤਮਾਮ ਹੋ ਗਿਆ! ਹੁਣ ਉਹ ਦੁਬਾਰਾ ਕਦੀ ਨਹੀਂ ਆਏਗਾ। ਉਹ ਸੁਹਣਾ ਗੱਭਰੂ ਪਹਾੜੀ ਸਥਾਨਾਂ ਅਤੇ ਲੰਮੇ ਸਮੁੰਦਰੀ ਸਫ਼ਰ ਦਾ ਸ਼ੌਕੀਨ ਸੀ। ਲੋਕ ਸਮਝਣਗੇ ਕਿ ਏਦਾਂ ਹੀ ਕਿਤੇ ਸਫ਼ਰ ਕਰਦਿਆਂ ਉਸ ਨੇ ਆਪਣੀ ਜਾਨ ਗੁਆ ਲਈ ਹੋਵੇਗੀ। ਉਹ ਹੁਣ ਕਦੀ ਵਾਪਸ ਨਹੀਂ ਆਏਗਾ ਤੇ ਮੇਰੀ ਭੈਣ ਮੈਨੂੰ ਉਸ ਬਾਰੇ ਕੁਝ ਵੀ ਪੁੱਛਣ ਦੀ ਹਿੰਮਤ ਨਹੀਂ ਕਰ ਸਕਦੀ।’’
ਫੇਰ ਉਸ ਨੇ ਆਪਣੇ ਪੈਰਾਂ ਨਾਲ ਜ਼ਮੀਨ ’ਤੇ ਪਏ ਸੁੱਕੇ ਪੱਤਿਆਂ ਨੂੰ ਇੱਧਰ ਉੱਧਰ ਕੀਤਾ ਅਤੇ ਵਾਹਵਾ ਹਨ੍ਹੇਰੇ ਪਏ ਜਿਵੇਂ ਉਸ ਨੇ ਸੋਚਿਆ ਸੀ ਓਦਾਂ ਨਹੀਂ ਹੋਇਆ। ਉਹ ਇਕੱਲਾ ਘਰ ਨਹੀਂ ਪਹੁੰਚਿਆ। ਉਹ ਛੋਟਾ ਬੌਣਾ ਵੀ ਨਾਲ ਹੀ ਆ ਗਿਆ, ਜੋ ਕਿ ਨਿੰਬੂ ਦੇ ਸੁੱਕੇ ਤੇ ਮੁੜੇ ਹੋਏ ਪੱਤੇ ਵਿੱਚ ਬੈਠ ਗਿਆ ਸੀ ਤੇ ਧੋਖੇਬਾਜ਼ ਆਦਮੀ ਦੇ ਵਾਲਾਂ ’ਚ ਇਹ ਪੱਤਾ ਡਿੱਗ ਪਿਆ ਸੀ ਜਦੋਂ ਉਹ ਜ਼ਮੀਨ ਖੋਦ ਰਿਹਾ ਸੀ। ਜਦੋਂ ਉਸ ਨੇ ਆਪਣਾ ਟੋਪ ਆਪਣੇ ਸਿਰ ’ਤੇ ਰੱਖਿਆ ਤਾਂ ਛੋਟੇ ਬੌਣੇ ਨੇ ਆਪਣੇ-ਆਪ ਨੂੰ ਬਹੁਤ ਹੀ ਹਨੇਰੇ ਵਿੱਚ ਮਹਿਸੂਸ ਕੀਤਾ। ਏਸ ਗੱਲ ’ਤੇ ਉਹ ਡਰ ਤੇ ਗੁੱਸੇ ਨਾਲ ਕੰਬਣ ਲੱਗਾ।
ਸਵੇਰੇ ਸਾਰ, ਉਹ ਭੈੜਾ ਆਦਮੀ ਘਰ ਪਹੁੰਚਿਆ। ਉਸ ਨੇ ਆਪਣਾ ਟੋਪ ਉਤਾਰਿਆ ਅਤੇ ਆਪਣੀ ਭੈਣ ਦੇ ਸੌਣ ਵਾਲੇ ਕਮਰੇ ’ਚ ਗਿਆ। ਉੱਥੇ ਸੁਹਣੀ ਤੇ ਖੁਸ਼ੀ ਨਾਲ ਚਮਕਦੇ ਚਿਹਰੇ ਵਾਲੀ ਕੁੜੀ ਸੌਂ ਰਹੀ ਸੀ। ਇੰਜ ਜਾਪ ਰਿਹਾ ਸੀ ਜਿਵੇਂ ਉਸ ਨੂੰ ਆਪਣੇ ਮਹਿਬੂਬ ਦਾ ਸੁਪਨਾ ਆ ਰਿਹਾ ਸੀ, ਜਿਸ ਨੂੰ ਉਹ ਦਿਲੋਂ ਚਾਹੁੰਦੀ ਸੀ ਅਤੇ ਜਿਸ ਬਾਰੇ ਉਸ ਦਾ ਖ਼ਿਆਲ ਸੀ ਕਿ ਉਹ ਜੰਗਲਾਂ ਵਿੱਚੋਂ ਦੀ ਪਹਾੜੀਆਂ ਪਾਰ ਕਰ ਕੇ ਸਫ਼ਰ ’ਤੇ ਜਾ ਰਿਹਾ ਸੀ। ਧੋਖੇਬਾਜ਼ ਭਰਾ ਉਸ ਉੱਪਰ ਝੁਕਿਆ ਤੇ ਏਨਾ ਭਿਆਨਕ ਹਾਸਾ ਹੱਸਿਆ, ਜੋ ਕਿ ਦੁਸ਼ਟ ਆਦਮੀ ਹੀ ਹੱਸ ਸਕਦਾ ਹੈ।
ਫੇਰ ਉਹ ਸੁੱਕਾ ਹੋਇਆ ਪੱਤਾ ਉਸ ਧੋਖੇਬਾਜ਼ ਦੇ ਵਾਲਾਂ ’ਚੋਂ ਡਿੱਗ ਕੇ ਉਸ ਦੀ ਭੈਣ ਦੇ ਬਿਸਤਰੇ ’ਤੇ ਡਿੱਗ ਪਿਆ ਪਰ ਉਸ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਤੇ ਕੁਝ ਚਿਰ ਲਈ ਸੌਂ ਗਿਆ। ਬੌਣਾ ਮੁਰਝਾਏ ਹੋਏ ਪੱਤੇ ’ਚੋਂ ਖਿਸਕ ਕੇ ਬਾਹਰ ਆਇਆ ਤੇ ਸੌਂ ਰਹੀ ਕੁੜੀ ਦੇ ਕੰਨ ’ਚ ਵੜ ਕੇ ਉਸ ਨੂੰ ਉਸ ਦੇ ਮਹਿਬੂਬ ਦੇ ਕਤਲ ਹੋਣ ਦੀ ਕਹਾਣੀ ਇੰਜ ਸੁਣਾਈ ਜਿਵੇਂ ਕੋਈ ਸੁਪਨੇ ’ਚ ਗੱਲ ਸੁਣਾਉਂਦਾ ਹੈ। ਉਸ ਨੇ ਕੁੜੀ ਨੂੰ ਉਸ ਥਾਂ ਬਾਰੇ ਵੀ ਦੱਸਿਆ ਜਿੱਥੇ ਉਸ ਦੇ ਭਰਾ ਨੇ ਉਸ ਦੇ ਮਹਿਬੂਬ ਨੂੰ ਕਤਲ ਕਰਕੇ ਉਸ ਦੇ ਮੁਰਦਾ ਸਰੀਰ ਨੂੰ ਜ਼ਮੀਨ ’ਚ ਦਫ਼ਨਾਇਆ ਸੀ। ਇਹ ਵੀ ਦੱਸਿਆ ਕਿ ਉੱਥੇ ਨੇੜੇ ਹੀ ਇੱਕ ਨਿੰਬੂ ਦਾ ਦਰੱਖਤ ਹੈ ਤੇ ਨਾਲ ਹੀ ਇੱਹ ਵੀ ਗੱਲ ਕਹੀ, ‘‘ਜਿਹੜੀ ਗੱਲ ਮੈਂ ਤੈਨੂੰ ਦੱਸੀ ਹੈ, ਉਹਨੂੰ ਕਿਤੇ ਤੂੰ ਸੁਪਨਾ ਹੀ ਨਾ ਸਮਝੀਂ। ਤੈਨੂੰ ਆਪਣੇ ਬਿਸਤਰੇ ’ਤੇ ਇੱਕ ਮੁਰਝਾਇਆ ਹੋਇਆ ਪੱਤਾ ਵੀ ਮਿਲੇਗਾ।’’
ਜਦੋਂ ਕੁੜੀ ਦੀ ਨੀਂਦ ਖੁੱਲ੍ਹੀ, ਉਸ ਨੇ ਬਿਸਤਰੇ ’ਤੇ ਸਚਮੁੱਚ ਇੱਕ ਮੁਰਝਾਇਆ ਪੱਤਾ ਦੇਖਿਆ। ਕਿੰਨਾ ਜ਼ਿਆਦਾ ਰੋਈ ਸੀ ਉਹ! ਸਾਰਾ ਦਿਨ ਬਾਰੀਆਂ ਖੁੱਲ੍ਹੀਆਂ ਰਹੀਆਂ, ਛੋਟਾ ਬੌਣਾ ਆਰਾਮ ਨਾਲ ਗੁਲਾਬਾਂ ਵੱਲ ਤੇ ਹੋਰ ਫੁੱਲਾਂ ਵੱਲ ਜਾਂਦਾ ਰਿਹਾ ਪਰ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਇਸ ਦੁੱਖ ਤੋਂ ਕੁੜੀ ਨੂੰ ਬਚਾਉਣ ਲਈ ਕੀ ਕਰੇ? ਬਾਗ਼ ’ਚ ਇੱਕ ਗੁਲਾਬ ਦੇ ਫੁੱਲਾਂ ਦੀ ਝਾੜੀ ਜਿਹੀ ਉੱਗੀ ਹੋਈ ਸੀ, ਉਹ ਉੱਥੇ ਇੱਕ ਫੁੱਲ ਉੱਪਰ ਬੈਠ ਗਿਆ ਤੇ ਵਿਚਾਰੀ ਦੁਖੀ ਕੁੜੀ ਵੱਲ ਵੇਖਣ ਲੱਗਾ। ਉਹ ਭਰਾ ਉਸ ਦੇ ਕਮਰੇ ’ਚ ਆਇਆ ਸੀ ਤੇ ਏਨਾ ਮਾੜਾ ਕੰਮ ਕਰਨ ਦੇ ਬਾਵਜੂਦ ਵੀ ਉਹ ਖ਼ੁਸ਼ ਸੀ ਪਰ ਉਸ ਕੁੜੀ ’ਚ ਏਨੀ ਹਿੰਮਤ ਨਹੀਂ ਸੀ ਕਿ ਉਹ ਆਪਣੇ ਦਿਲ ਦੇ ਦੁੱਖ ਬਾਰੇ ਇੱਕ ਸ਼ਬਦ ਵੀ ਬੋਲ ਸਕਦੀ।
ਜਿਉਂ ਹੀ ਰਾਤ ਪਈ, ਉਹ ਕੁੜੀ ਘਰੋਂ ਹੌਲੀ ਜਿਹੀ ਨਿਕਲ ਕੇ ਜੰਗਲ ਵੱਲ ਨੂੰ ਚੱਲ ਪਈ, ਜਿੱਥੇ ਨਿੰਬੂ ਦਾ ਦਰੱਖਤ ਉੱਗਿਆ ਹੋਇਆ ਸੀ। ਉੱਥੇ ਆ ਕੇ ਉਹਨੇ ਜ਼ਮੀਨ ਤੋਂ ਪੱਤੇ ਇੱਕ ਪਾਸੇ ਕੀਤੇ, ਜ਼ਮੀਨ ਖੋਦੀ ਤੇ ਛੇਤੀ ਹੀ ਉਸ ਨੂੰ ਆਪਣੇ ਮਹਿਬੂਬ ਦਾ ਮੁਰਦਾ ਸਰੀਰ ਦਿਸ ਪਿਆ। ਕਿੰਨਾ ਰੋਈ ਸੀ ਉਹ ਤੇ ਕਿੰਨੀ ਵਾਰ ਉਸ ਨੇ ਰੱਬ ਅੱਗੇ ਪ੍ਰਾਰਥਨਾ ਕੀਤੀ ਸੀ ਕਿ ਉਸ ਨੂੰ ਵੀ ਚੁੱਕ ਲਵੇ!
ਉਹਦਾ ਦਿਲ ਤਾਂ ਕਰਦਾ ਸੀ ਕਿ ਉਹ ਲਾਸ਼ ਨੂੰ ਘਰ ਲੈ ਆਏ ਪਰ ਉਹ ਏਦਾਂ ਨਹੀਂ ਕਰ ਸਕੀ। ਉਸ ਨੇ ਉਸ ਦਾ ਸਿਰ ਵਾਲਾ ਹਿੱਸਾ ਲਿਆ, ਉਸ ਦੇ ਮੂੰਹ ਨੂੰ ਚੁੰਮਿਆ ਤੇ ਉਸ ਦੇ ਸੁਹਣੇ ਵਾਲਾਂ ਵਿੱਚੋਂ ਮਿੱਟੀ ਝਾੜੀ। ਉਸ ਨੇ ਕਿਹਾ, ‘‘ਇਹ ਮੈਂ ਆਪਣੇ ਕੋਲ ਰੱਖਾਂਗੀ।’’ ਜਦੋਂ ਉਸ ਨੇ ਲਾਸ਼ ਉੱਪਰ ਮਿੱਟੀ ਪਾ ਲਈ ਤਾਂ ਉਸ ਨੇ ਆਪਣੇ ਮਹਿਬੂਬ ਦੇ ਸਿਰ ਨੂੰ ਆਪਣੇ ਨਾਲ ਲਿਆ ਤੇ ਨਾਲ ਹੀ ਇੱਕ ਛੋਟੀ ਜਿਹੀ ਚਮੇਲੀ ਦੇ ਫੁੱਲਾਂ ਦੀ ਟਹਿਣੀ ਵੀ ਲੈ ਲਈ, ਜਿਹੜੀ ਉੱਥੇ ਨੇੜੇ ਹੀ ਉੱਗੀ ਹੋਈ ਸੀ, ਜਿੱਥੇ ਉਸ ਦੇ ਮਹਿਬੂਬ ਨੂੰ ਦਫ਼ਨਾਇਆ ਗਿਆ ਸੀ। ਉਹ ਇਹ ਸਭ ਲੈ ਕੇ ਘਰ ਆ ਗਈ।
ਜਿਉਂ ਹੀ ਉਹ ਆਪਣੇ ਕਮਰੇ ’ਚ ਪਹੁੰਚੀ, ਉਸ ਨੂੰ ਜਿੰਨਾ ਵੱਡਾ ਗਮਲਾ ਮਿਲ ਸਕਦਾ ਸੀ, ਉਹ ਲਿਆ। ਇਹਦੇ ’ਚ ਉਸ ਨੇ ਆਪਣੇ ਮਰੇ ਹੋਏ ਮਹਿਬੂਬ ਦਾ ਸਿਰ ਰੱਖਿਆ, ਇਸ ਨੂੰ ਮਿੱਟੀ ਨਾਲ ਕੱਜ ਦਿੱਤਾ ਤੇ ਫੇਰ ਇਸ ਗਮਲੇ ’ਚ ਚਮੇਲੀ ਦੀ ਟਹਿਣੀ ਉਗਾ ਦਿੱਤੀ।
ਛੋਟੇ ਬੌਣੇ ਨੇ ਹੌਲੀ ਜਿਹੀ ਕਿਹਾ, ‘‘ਅਲਵਿਦਾ! ਅਲਵਿਦਾ!!’’ ਉਸ ਵਿੱਚ ਉਸ ਕੁੜੀ ਨੂੰ ਹੋਰ ਜ਼ਿਆਦਾ ਦੇਰ ਦੁਖੀ ਦੇਖਣ ਦਾ ਹੌਸਲਾ ਨਹੀਂ ਸੀ ਰਿਹਾ। ਇਸ ਕਰਕੇ ਉਹ ਬਾਗ਼ ਵਿਚਲੇ ਆਪਣੇ ਗੁਲਾਬ ਦੇ ਫੁੱਲ ਕੋਲ ਗਿਆ ਪਰ ਉਹ ਗੁਲਾਬ ਤਾਂ ਫਿੱਕਾ ਪੈ ਚੁੱਕਾ ਸੀ, ਸਿਰਫ਼ ਕੁਝ ਪੀਲੇ ਪੱਤੇ ਹੀ ਜੰਗਲੀ ਝਾੜੀ ਨਾਲ ਲਮਕ ਰਹੇ ਸਨ।
ਛੋਟੇ ਬੌਣੇ ਨੇ ਹਉਕਾ ਭਰਿਆ, ‘‘ਹਾਏ! ਹਰ ਚੰਗੀ ਤੇ ਸੁਹਣੀ ਚੀਜ਼ ਕਿੰਨੀ ਛੇਤੀ ਖ਼ਤਮ ਹੋ ਜਾਂਦੀ ਹੈ।’’
ਅਖ਼ੀਰ ’ਚ ਉਹਨੇ ਇੱਕ ਹੋਰ ਗੁਲਾਬ ਦਾ ਫੁੱਲ ਲੱਭ ਲਿਆ ਤੇ ਉਸ ਨੂੰ ਆਪਣਾ ਘਰ ਬਣਾ ਲਿਆ। ਇਸ ਗੁਲਾਬ ਦੇ ਫੁੱਲ ਦੀਆਂ ਨਾਜ਼ੁਕ ਪੱਤੀਆਂ ਦੇ ਪਿੱਛੇ ਉਹ ਆਪਣੇ ਆਪ ਨੂੰ ਛੁਪਾ ਕੇ ਰਹਿ ਸਕਦਾ ਸੀ।
ਹਰ ਰੋਜ਼ ਉਹ ਉੱਡ ਕੇ ਉਸ ਵਿਚਾਰੀ ਕੁੜੀ ਦੀ ਬਾਰੀ ਤਕ ਜਾਂਦਾ ਤੇ ਰੋਜ਼ ਹੀ ਉਸ ਨੂੰ ਗਮਲੇ ਨੇੜੇ ਖਲ੍ਹੋ ਕੇ ਰੋਂਦੀ ਦੇਖਦਾ। ਉਸ ਕੁੜੀ ਦੇ ਅੱਥਰੂ ਉਸ ਚਮੇਲੀ ਦੀ ਟਹਿਣੀ ’ਤੇ ਪੈਂਦੇ ਰਹਿੰਦੇ। ਦਿਨ-ਬ-ਦਿਨ ਕੁੜੀ ਦਾ ਰੰਗ ਪੀਲਾ ਫੇਰ ਹੋਰ ਪੀਲਾ ਹੁੰਦਾ ਗਿਆ ਪਰ ਵੇਲ ਹੋਰ ਵੀ ਤਾਜ਼ਾ ਤੇ ਹੋਰ ਜ਼ਿਆਦਾ ਹਰੀ ਹੋਈ ਜਾਂਦੀ। ਇੱਕ ਤੋਂ ਬਾਅਦ ਇੱਕ ਟਹਿਣੀਆਂ ਫੁੱਟ ਪਈਆਂ, ਛੋਟੀਆਂ ਛੋਟੀਆਂ ਚਿੱਟੇ ਰੰਗ ਦੀਆਂ ਡੋਡੀਆਂ ਨਿਕਲ ਆਈਆਂ ਤੇ ਉਹ ਕੁੜੀ ਇਨ੍ਹਾਂ ਸਭ ਨੂੰ ਚੁੰਮਦੀ ਰਹਿੰਦੀ। ਪਰ ਉਸ ਦਾ ਭੈੜਾ ਭਰਾ ਉਸ ਨੂੰ ਝਿੜਕਦਾ ਤੇ ਕਹਿੰਦਾ ਕਿ ਉਹ ਪਾਗਲ ਹੋ ਗਈ ਹੈ। ਉਸ ਨੂੰ ਆਪਣੀ ਭੈਣ ਨੂੰ ਏਦਾਂ ਕਰਦਿਆਂ ਦੇਖ ਕੇ ਗੁੱਸਾ ਆਉਂਦਾ ਸੀ ਤੇ ਉਹ ਕਦੀ ਇਸ ਗੱਲ ਦੀ ਕਲਪਨਾ ਵੀ ਨਹੀਂ ਸੀ ਕਰਦਾ ਸੀ ਕਿ ਉਹ ਗਮਲੇ ਦੇ ਨੇੜੇ ਖਲੋ੍ਹ ਕੇ ਹਮੇਸ਼ਾ ਰੋਂਦੀ ਕਿਉਂ ਰਹਿੰਦੀ ਹੈ। ਉਹਨੂੰ ਬਿਲਕੁਲ ਨਹੀਂ ਸੀ ਪਤਾ ਕਿ ਗਮਲੇ ਦੀ ਮਿੱਟੀ ਦੇ ਹੇਠਾਂ ਕਿਸੇ ਦੀਆਂ ਬੰਦ ਅੱਖਾਂ ਤੇ ਲਾਲ ਬੁੱਲ੍ਹ ਜਿਨ੍ਹਾਂ ਦਾ ਰੰਗ ਫਿੱਕਾ ਪੈ ਚੁੱਕਾ ਸੀ, ਦੱਬੇ ਪਏ ਹਨ। ਉਹ ਕੁੜੀ ਗਮਲੇ ਦੇ ਉੱਪਰ ਝੁਕੀ ਰਹਿੰਦੀ ਤੇ ਹਉਕੇ ਭਰਦੀ ਰਹਿੰਦੀ। ਇਹ ਸਭ ਕੁਝ ਛੋਟਾ ਬੌਣਾ ਦੇਖਦਾ ਰਹਿੰਦਾ। ਫੇਰ ਇੱਕ ਦਿਨ ਉਸ ਨੇ ਉਸ ਕੁੜੀ ਦੇ ਕੰਨ ਦੇ ਅੰਦਰ ਜਾ ਕੇ ਗੁਲਾਬ ਦੇ ਫੁੱਲਾਂ ਦਾ ਖੁਸ਼ਬੋਈ ਬਾਰੇ ਤੇ ਛੋਟੀਆਂ ਪਰੀਆਂ ਤੇ ਬੌਣਿਆਂ ਬਾਰੇ ਦੱਸਿਆ। ਉਸ ਰਾਤ ਉਸ ਕੁੜੀ ਨੂੰ ਬਹੁਤ ਹੀ ਪਿਆਰਾ ਸੁਪਨਾ ਆਇਆ ਤੇ ਸੁਪਨਾ ਦੇਖਦਿਆਂ-ਦੇਖਦਿਆਂ ਹੀ ਉਹ ਇਸ ਦੁਨੀਆਂ ਤੋਂ ਚਲੀ ਗਈ। ਉਸ ਦੀ ਮੌਤ ਬੜੀ ਹੀ ਸ਼ਾਂਤਮਈ ਤੇ ਹੁਣ ਉਹ ਆਪਣੇ ਮਹਿਬੂਬ ਨਾਲ ਸਵਰਗਾਂ ’ਚ ਸੀ।
ਚਮੇਲੀ ਦੇ ਚਿੱਟੇ ਫੁੱਲ ਪੂਰੀ ਤਰ੍ਹਾਂ ਖਿੜ ਪਏ। ਉਨ੍ਹਾਂ ਦੀ ਬਹੁਤ ਅਜੀਬ ਮਿੱਠੀ ਜਿਹੀ ਖੁਸ਼ਬੋ ਸੀ, ਫੁੱਲ ਇਸ ਖੁਸ਼ਬੋ ਦੇ ਰੂਪ ਵਿੱਚ ਹੀ ਉਸ ਪਿਆਰੀ ਕੁੜੀ ਦੇ ਮਰਨ ’ਤੇ ਰੋ ਰਹੇ ਸਨ।
ਪਰ ਧੋਖੇਬਾਜ਼ ਭਰਾ ਨੇ ਸੁਹਣੇ ਤੇ ਖਿੜੇ ਹੋਏ ਬੂਟੇ ਵੱਲ ਦੇਖਿਆ ਤੇ ਆਪਣੇ ਆਪ ਨੂੰ ਉਸ ਬੂਟੇ ਦਾ ਮਾਲਕ ਸਮਝਦਿਆਂ ਹੋਇਆਂ ਆਪਣੇ ਸੌਣ ਵਾਲੇ ਕਮਰੇ ’ਚ ਲੈ ਆਇਆ ਤੇ ਆਪਣੇ ਬਿਸਤਰੇ ਨੇੜੇ ਰੱਖ ਲਿਆ ਕਿਉਂਕਿ ਉਸ ਦੀ ਦਿੱਖ ਬਹੁਤ ਹੀ ਸ਼ਾਨਦਾਰ ਸੀ ਤੇ ਖੁਸ਼ਬੋ ਬਹੁਤ ਹੀ ਮਿੱਠੀ ਸੀ ਤੇ ਪਿਆਰੀ ਸੀ। ਛੋਟੇ ਬੌਣੇ ਨੇ ਉਸ ਦਾ ਪਿੱਛਾ ਕੀਤਾ ਤੇ ਖਿੜੇ ਹੋਏ ਹਰ ਫੁੱਲ ਕੋਲ ਗਿਆ- ਹਰ ਫੁੱਲ ’ਚ ਛੋਟੀ ਜਿਹੀ ਆਤਮਾ ਰਹਿ ਰਹੀ ਸੀ- ਅਤੇ ਉਸ ਨੇ ਹਰ ਫੁੱਲ ਨੂੰ ਖ਼ੂਬਸੂਰਤ ਆਦਮੀ ਦੇ ਕਤਲ ਬਾਰੇ ਦੱਸਿਆ ਜਿਸ ਦਾ ਸਿਰ ਹੁਣ ਗਮਲੇ ਦੀ ਮਿੱਟੀ ਥੱਲੇ ਮਿੱਟੀ ਹੋ ਗਿਆ ਸੀ ਤੇ ਉਸ ਵਿਚਾਰੀ ਕੁੜੀ ਦੇ ਧੋਖੇਬਾਜ਼ ਭਰਾ ਦੀ ਵੀ ਸਾਰੀ ਕਹਾਣੀ ਦੱਸੀ।
ਹਰ ਫੁੱਲ ਵਿੱਚੋਂ ਆਵਾਜ਼ ਆਈ, ‘‘ਸਾਨੂੰ ਇਹ ਸਭ ਪਤਾ ਹੈ! ਕੀ ਅਸੀਂ ਉਸੇ ਕਤਲ ਹੋਏ ਖ਼ੂਬਸੂਰਤ ਜਵਾਨ ਦੀਆਂ ਅੱਖਾਂ ਤੇ ਬੁੱਲ੍ਹਾਂ ਤੋਂ ਨਹੀਂ ਪੁੰਗਰੇ? ਸਾਨੂੰ ਸਭ ਪਤਾ ਹੈ। ਸਭ ਪਤਾ ਹੈ ਸਾਨੂੰ।’’ ਅਤੇ ਫਿਰ ਉਨ੍ਹਾਂ ਨੇ ਅਜੀਬ ਤਰੀਕੇ ਨਾਲ ਆਪਣੇ ਸਿਰਾਂ ਨੂੰ ਹਿਲਾਇਆ।
ਬੌਣਾ ਗੁਲਾਬ ਸਮਝ ਨਾ ਸਕਿਆ ਕਿ ਉਹ ਸਾਰੇ ਇਕਦਮ ਸ਼ਾਂਤ ਕਿਉਂ ਹੋ ਗਏ ਸਨ। ਉਹ ਉੱਡ ਕੇ ਸ਼ਹਿਦ ਦੀਆਂ ਮੱਖੀਆਂ ਕੋਲ ਗਿਆ, ਜੋ ਸ਼ਹਿਦ ਇਕੱਠਾ ਕਰ ਰਹੀਆਂ ਸਨ ਤੇ ਉਸ ਨੇ ਧੋਖੇਬਾਜ਼ ਭਰਾ ਦੀ ਸਾਰੀ ਕਹਾਣੀ ਉਨ੍ਹਾਂ ਨੂੰ ਸੁਣਾਈ। ਮੱਖੀਆਂ ਨੇ ਸਾਰੀ ਗੱਲ ਆਪਣੀ ਰਾਣੀ ਮੱਖੀ ਨੂੰ ਦੱਸੀ ਤੇ ਰਾਣੀ ਮੱਖੀ ਨੇ ਹੁਕਮ ਦਿੱਤਾ ਕਿ ਉਹ ਅਗਲੀ ਸਵੇਰ ਨੂੰ ਸਭ ਇਕੱਠੀਆਂ ਹੋ ਕੇ ਕਾਤਲ ਨੂੰ ਮਾਰ ਮੁਕਾਉਣ। ਪਰ ਰਾਤ ਵੇਲੇ, ਜੋ ਉਸ ਕੁੜੀ ਦੇ ਮਰਨ ਤੋਂ ਬਾਅਦ ਹਾਲੇ ਪਹਿਲੀ ਰਾਤ ਹੀ ਸੀ, ਜਦੋਂ ਕਿ ਉਸ ਦਾ ਭਰਾ ਚਮੇਲੀ ਦੇ ਸੁਗੰਧਤ ਗਮਲੇ ਨੇੜੇ ਆਪਣੇ ਬਿਸਤਰ ’ਤੇ ਸੌਂ ਰਿਹਾ ਸੀ, ਸਾਰੇ ਫੁੱਲ ਖਿੜ ਪਏ ਅਤੇ ਅਦ੍ਰਿਸ਼ ਰਹੇ ਪਰ ਉਨ੍ਹਾਂ ਕੋਲ ਜ਼ਹਿਰੀਲੀਆਂ ਬਰਛੀਆਂ ਸਨ, ਉਨ੍ਹਾਂ ’ਚੋ ਆਤਮਾਵਾਂ ਬਾਹਰ ਆਈਆਂ ਤੇ ਧੋਖੇਬਾਜ਼ ਭਰਾ ਦੇ ਕੰਨ ’ਚ ਵੜ ਕੇ ਉਸ ਨੂੰ ਭੈੜੇ ਸੁਪਨਿਆਂ ਬਾਰੇ ਦੱਸਣ ਲੱਗੀਆਂ ਤੇ ਫੇਰ ਉਸ ਬੁੱਲ੍ਹਾਂ ਦੇ ਆਰ-ਪਾਰ ਉੱਡਣ ਲੱਗੀਆਂ। ਆਪਣੀਆਂ ਜ਼ਹਿਰੀਲੀਆਂ ਬਰਛੀਆਂ ਨਾਲ ਉਨ੍ਹਾਂ ਨੇ ਧੋਖੇਬਾਜ਼ ਭਰਾ ਦੀ ਜ਼ੁਬਾਨ ’ਤੇ ਡੰਗ ਮਾਰੇ।
‘‘ਹੁਣ ਅਸੀਂ ਕਤਲ ਦਾ ਬਦਲਾ ਲੈ ਲਿਆ।’’ ਉਨ੍ਹਾਂ ਨੇ ਕਿਹਾ ਤੇ ਚਮੇਲੀ ਦੇ ਚਿੱਟੇ ਫੁੱਲਾਂ ਦੇ ਅੰਦਰ ਵਾਪਸ ਚਲੇ ਗਈਆਂ।
ਜਦੋਂ ਸਵੇਰੇ ਹੋਈ ਤੇ ਸੌਣ ਵਾਲੇ ਕਮਰੇ ਦੀਆਂ ਖਿੜਕੀਆਂ ਖੋਲ੍ਹੀਆਂ ਗਈਆਂ ਤਾਂ ਬੌਣਾ ਗੁਲਾਬ ਤੇ ਰਾਣੀ ਮੱਖੀ ਤੇ ਸ਼ਹਿਦ ਦੀਆਂ ਮੱਖੀਆਂ ਦਾ ਸਾਰਾ ਝੁੰਡ ਉਸ ਨੂੰ ਮਾਰਨ ਅੰਦਰ ਆ ਗਿਆ।
ਪਰ ਉਹ ਤਾਂ ਪਹਿਲਾਂ ਹੀ ਮਰ ਚੁੱਕਾ ਸੀ, ਲੋਕੀਂ ਉਸ ਦੇ ਪਲੰਘ ਦੇ ਦੁਆਲੇ ਖੜ੍ਹੇ ਸਨ ਤੇ ਕਹਿ ਰਹੇ ਸਨ, ‘‘ਚਮੇਲੀ ਦੀ ਖੁਸ਼ਬੂ ਨਾਲ ਉਹ ਮਰ ਗਿਆ ਹੈ’’ ਫੇਰ ਬੌਣਾ ਗੁਲਾਬ ਫੁੱਲਾਂ ਦੇ ਬਦਲੇ ਵਾਲੀ ਗੱਲ ਸਮਝ ਗਿਆ ਤੇ ਰਾਣੀ ਮੱਖੀ ਨੂੰ ਤੇ ਬਾਕੀ ਸ਼ਹਿਦ ਦੀਆਂ ਮੱਖੀਆਂ ਨੂੰ ਇਸ ਬਾਰੇ ਦੱਸਿਆ। ਫੇਰ ਰਾਣੀ ਮੱਖੀ ਤੇ ਦੂਜੀਆਂ ਮੱਖੀਆਂ ਗਮਲੇ ਦੇ ਦੁਆਲੇ ਗੂੰਜਣ ਲੱਗੀਆਂ। ਮੱਖੀਆਂ ਹੁਣ ਉੱਥੋਂ ਪਰ੍ਹੇ ਨਹੀਂ ਹਟ ਰਹੀਆਂ ਸਨ। ਫੇਰ ਇੱਕ ਆਦਮੀ ਗਮਲੇ ਨੂੰ ਚੁੱਕ ਕੇ ਦੂਰ ਲਿਜਾਣ ਲੱਗਾ ਪਰ ਇੱਕ ਮੱਖੀ ਨੇ ਉਸ ਦੇ ਹੱਥ ’ਤੇ ਡੰਗ ਮਾਰਿਆ, ਗਮਲਾ ਥੱਲੇ ਡਿੱਗ ਪਿਆ ਤੇ ਚੂਰ ਚੂਰ ਹੋ ਗਿਆ।
ਫੇਰ ਸਭ ਨੇ ਚਿੱਟੀ ਸਫ਼ੈਦ ਰੰਗ ਦੀ ਖੋਪੜੀ ਦੇਖੀ ਤੇ ਸਭ ਨੂੰ ਸਮਝ ਆ ਗਈ ਕਿ ਜਿਹੜਾ ਆਦਮੀ ਬਿਸਤਰੇ ’ਤੇ ਪਿਆ ਹੈ, ਉਹੋ ਹੀ ਕਾਤਲ ਹੈ।
ਅਤੇ ਰਾਣੀ ਮੱਖੀ ਹਵਾ ’ਚ ਭਿਨ-ਭਿਨਾਉਣ ਲੱਗੀ ਤੇ ਮੱਖੀਆਂ ਤੇ ਬੌਣੇ ਗੁਲਾਬ ਵੱਲੋਂ ਲਏ ਗਏ ਬਦਲੇ ਦਾ ਗੀਤ ਗਾਉਣ ਲੱਗੀ ਤੇ ਕਹਿਣ ਲੱਗੀ ਕਿ ਸਭ ਤੋਂ ਛੋਟੀ ਪੱਤੀ ਦੇ ਪਿੱਛੇ ਕੋਈ ਅਜਿਹੀ ਅਦ੍ਰਿਸ਼ ਸ਼ਕਤੀ ਹੈ, ਜੋ ਬੁਰਾਈ ਨੂੰ ਬਾਹਰ ਕੱਢ ਕੇ ਉਸ ਦਾ ਖ਼ਾਤਮਾ ਕਰਦੀ ਹੈ।
(ਅਨੁਵਾਦ: ਬਲਰਾਜ ਧਾਰੀਵਾਲ)

  • ਮੁੱਖ ਪੰਨਾ : ਹੈਂਸ ਕ੍ਰਿਸਚੀਅਨ ਐਂਡਰਸਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ