Bhagwan Da Ghar (Punjabi Story) : Kuldeep Sirsa
ਭਗਵਾਨ ਦਾ ਘਰ (ਕਹਾਣੀ) : ਕੁਲਦੀਪ ਸਿਰਸਾ
ਭਗਤ ਬੇਸਬਰੀ ਨਾਲ ਭਗਵਾਨ ਦਾ ਇੰਤਜ਼ਾਰ ਕਰ ਰਹੇ ਸਨ। ਆਖਿਰ ਇੱਕ ਦਿਨ ਭਗਵਾਨ ਜੀ ਆ ਹੀ ਗਏ ਤੇ ਉਹਨਾਂ ਨੇ ਆਉਂਦਿਆਂ ਹੀ ਭਗਤਾਂ ਨੂੰ ਸਵਾਲ ਕੀਤਾ, "ਇਹ ਕੀ ਹੋ ਰਿਹਾ ਹੈ?" ਤਾਂ ਭਗਤਾਂ ਨੇ ਖੁਸ਼ੀ ਨਾਲ ਹੱਥ ਜੋੜ ਕੇ ਕਿਹਾ,"ਭਗਵਾਨ ਜੀ! ਤੁਹਾਡੇ ਲਈ ਬੜਾ ਖੂਬਸੂਰਤ, ਆਲੀਸ਼ਾਨ ਤੇ ਦੁਨੀਆਂ ਦਾ ਸਭ ਤੋਂ ਵੱਡਾ ਘਰ ਬਣਾ ਰਹੇ ਹਾਂ।" ਭਗਵਾਨ ਨੇ ਕਿਹਾ, "ਭਗਤੋ! ਜਦੋਂ ਔਰਤਾਂ ਨੂੰ ਨੰਗੀਆਂ ਕਰਕੇ ਘੁਮਾਇਆ ਜਾ ਰਿਹਾ ਸੀ, ਬੱਚੀਆਂ ਦੇ ਮੂੰਹਾਂ ਤੇ ਪੁਲਸ ਵਾਲੇ ਬੂਟ ਰੱਖ ਰਹੇ ਸੀ, ਬਲਾਤਕਾਰੀਆਂ ਦੇ ਗਲਾਂ ਵਿੱਚ ਹਾਰ ਪਾਏ ਜਾ ਰਹੇ ਸੀ, ਦੰਗਿਆਂ ਵਿੱਚ ਬੇਕਸੂਰਾਂ ਨੂੰ ਮਾਰਿਆ ਜਾ ਰਿਹਾ ਸੀ, ਧਰਮ ਦੇ ਨਾਂ ਤੇ ਲੋਕਾਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਹੋ ਰਿਹਾ ਸੀ,ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਸੀ, ਉਦੋਂ ਤੁਸੀਂ ਕਿੱਥੇ ਸੀ?" ਭਗਤ ਥੋੜਾ ਹੜਬੜਾਏ ਅਤੇ ਕਹਿਣ ਲੱਗੇ, "ਭਗਵਾਨ ਜੀ! ਅਸੀਂ ਤੁਹਾਡੇ ਲਈ ਬੜਾ ਖੂਬਸੂਰਤ, ਆਲੀਸ਼ਾਨ ਤੇ ਦੁਨੀਆਂ ਦਾ ਸਭ ਤੋਂ ਵੱਡਾ ਘਰ ਬਣਾ ਰਹੇ ਸੀ।" ਭਗਵਾਨ ਨੇ ਗੁੱਸੇ ਨਾਲ ਕਿਹਾ, "ਤੁਸੀਂ ਭਗਤ ਨਹੀਂ, ਮੂਰਖ ਹੋ, ਮੂਰਖਾਂ ਦਾ ਭਗਵਾਨ ਨਹੀਂ ਹੁੰਦਾ, ਮੂਰਖਾਂ ਦਾ ਸਿਰਫ ਸ਼ੈਤਾਨ ਹੁੰਦਾ ਹੈ। ਜਦ ਤੱਕ ਤੁਸੀਂ ਸ਼ੈਤਾਨਾਂ ਲਈ ਘਰ ਬਣਾਉਂਦੇ ਰਹੋਗੇ, ਮੈਂ ਕਦੇ ਨਹੀਂ ਆਵਾਂਗਾ।" ਇਹ ਕਹਿ ਕੇ ਭਗਵਾਨ ਅਲੋਪ ਹੋ ਗਏ ਅਤੇ ਫਿਰ ਕਦੇ ਦਿਖਾਈ ਨਹੀਂ ਦਿੱਤੇ।