Bhain Ji-Badi Didi (Bangla Novel in Punjabi) : Sharat Chandra Chattopadhyay

ਭੈਣ ਜੀ-ਬੜੀ ਦੀਦੀ (ਬੰਗਾਲੀ ਨਾਵਲ) : ਸ਼ਰਤ ਚੰਦਰ ਚੱਟੋਪਾਧਿਆਏ

ਪਹਿਲਾ ਕਾਂਡ

ਸੁਰਿੰਦਰ ਕੁਮਾਰ ਅਜੀਬ ਹੀ ਤਬੀਅਤ ਦਾ ਲੜਕਾ ਸੀ। ਉਸ ਵਿਚ ਤਾਕਤ ਤੇ ਲਿਆਕਤ ਦੋਵਾਂ ਦਾ ਕੋਈ ਘਾਟਾ ਨਹੀਂ ਸੀ। ਇਸ ਤੋਂ ਇਲਾਵਾ ਉਚ ਖਿਆਲੀ ਤੇ ਬੁਲੰਦ ਨਿਗਾਹੀ ਵਿੱਚ ਵੀ ਉਹ ਖੂਬ ਨਿਪੁੰਨ ਸੀ ਪਰ ਇਕ ਵੱਡਾ ਨੁਕਸ ਉਸ ਵਿਚ ਜ਼ਰੂਰ ਸੀ ਕਿ ਕਿਸੇ ਕੰਮ ਨੂੰ ਕਰਨ ਲਗਿਆਂ ਉਹ ਦੂਜੇ ਦਾ ਆਸਰਾ ਅਵੱਸ਼ ਭਾਲਿਆ ਕਰਦਾ ਸੀ। ਪਹਿਲੇ ਪਹਿਲੇ ਤਾਂ ਉਹ ਬੜੇ ਚਾਅ ਨਾਲ ਹਰ ਕੰਮ ਨੂੰ ਸ਼ੁਰੂ ਕਰਦਾ ਫੇਰ ਜਲਦੀ ਹੀ ਅੱਕ ਕੇ ਉਸ ਕੰਮ ਨੂੰ ਅਧੂਰਾ ਹੀ ਛੱਡ ਕਮਜ਼ੋਰਾਂ ਵਾਂਗ ਹਿੰਮਤ ਹਾਰ ਬਹਿੰਦਾ ਸੀ। ਉਸ ਵੇਲੇ ਉਸ ਨੂੰ ਕਿਸੇ ਐਸੇ ਆਦਮੀ ਦੀ ਜਰੂਰਤ ਮਹਿਸੂਸ ਹੁੰਦੀ ਸੀ ਜੋ ਉਸਨੂੰ ਉਕਸਾ ਕੇ ਮੁੜ ਕੰਮ ਵਲ ਤਵੱਜਾ ਦਵਾਏ।
ਸੁਰਿੰਦਰ ਦੇ ਪਿਤਾ ਬੰਗਾਲ ਤੋਂ ਬਹੁਤ ਦੂਰ ਯੂ. ਪੀ. ਦੇ ਕਿਸੇ ਸ਼ਹਿਰ ਵਿਚ ਵਕਾਲਤ ਕਰਿਆ ਕਰਦੇ ਸਨ ਪਰ ਹੁਣ ਉਹਨਾਂ ਦਾ ਬੰਗਾਲ ਨਾਲ ਕੋਈ ਤੁਅੱਲਕ ਨਹੀਂ ਰਿਹਾ ਸੀ। ਇਸ ਸ਼ੈਹਰ ਵਿਚ ਰਹਿਕੇ ਸੁਰਿੰਦਰ ਨੇ ਪੰਝੀ ਵਰਿਆਂ ਦੀ ਉਮਰ ਵਿਚ ਐਮ. ਏ. ਪਾਸ ਕਰ ਲੀਤਾ ਸੀ। ਏਸ ਕਾਮਯਾਬੀ ਦਾ ਸੇਹਰਾ ਕੁਝ ਤਾਂ ਉਸ ਦੀ ਆਪਣੀ ਕਾਬਲੀਅਤ ਦੇ ਸਿਰ ਸੀ, ਤੇ ਬਹੁਤ ਕਰਕੇ ਏਸ ਦੀ ਤਰੱਕੀ ਤੇ ਕਾਬਲੀਅਤ ਨੂੰ ਵਧਾਣ ਵਾਲੀ ਇਸ ਦੀ ਮਤਰੇਈ ਮਾਂ ਸੀ।
ਉਹ ਹਰ ਵੇਲੇ ਉਸ ਦੇ ਸਿਰ ਤੇ ਸਵਾਰ ਰਹਿੰਦੀ ਸੀ, ਏਥੋਂ ਤੱਕ ਕਿ ਕਈ ਵਾਰੀ ਵਿਚਾਰੇ ਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਮੈਂ ਵੀ ਕੁਝ ਹਾਂ? ਮੇਰੀ ਵੀ ਕੁਝ ਹਸਤੀ ਹੈ? ਸੁਰਿੰਦਰ........ਏਸ ਨਾਮ ਦਾ ਇਨਸਾਨ ਦਾ ਵਜੂਦ ਸ਼ਾਇਦ ਉਹ ਸਮਝਦਾ ਹੀ ਨਹੀਂ ਸੀ। ਸਿਰਫ ਇਸ ਨੇਕ ਦਿਲ ਔਰਤ ਦੀ ਖਾਹਸ਼ ਨੇ ਹੀ ਰੂਪ ਵਟਾ ਸੁਰਿੰਦਰ ਦੀ ਸ਼ਕਲ ਅਖਤਿਆਰ ਕਰ ਰਖੀ ਸੀ। ਜੋ ਇਸ ਦੇ ਇਸ਼ਾਰੇ ਨਾਲ ਕੰਮ ਕਰਦੀ ਸੌਂਦੀ, ਜਾਗਦੀ ਪੜ੍ਹਦੀ, ਲਿਖਦੀ ਇਮਤਿਹਾਨ ਵਿਚ ਬੈਂਹਦੀ, ਤੇ ਪਾਸ ਹੁੰਦੀ ਸੀ। ਸੁਰਿੰਦਰ ਦੇ ਵਾਧੇ ਦਾ ਏਸ ਨੇਕ ਔਰਤ ਨੂੰ ਐਨਾਂ ਖਿਆਲ ਸੀ ਕਿ ਉਹ ਆਪਣੀ ਕੁੱਖ ਦੇ ਬੱਚੇ ਵਲ ਵੀ ਐਨਾ ਖਿਆਲ ਨਾ ਦੇਂਦੀ ਹੋਈ ਉਹ ਸੁਰਿੰਦਰ ਵਲ ਕਦੇ ਕੁਤਾਹੀ ਨਹੀਂ ਸੀ ਕਰਿਆ ਕਰਦੀ। ਉਸ ਦੀ ਨਿਗਰਾਨੀ ਦੀ ਕੋਈ ਹੱਦ ਨਹੀਂ ਸੀ।
ਸੁਰਿੰਦਰ ਦਾ ਝੁਕਣਾ ਨਿੱਛ ਮਾਰਨਾ ਵੀ ਉਸਦੀ ਨਿਗਾਹ ਤੋਂ ਦੂਰ ਨਹੀਂ ਸੀ ਰਹਿੰਦਾ ਹੁੰਦਾ। ਆਪਣੀ ਮਤਰਈ ਮਾਂ ਦੇ ਏਸ ਸਖਤ ਪਹਿਰੇ ਵਿਚ ਰਹਿੰਦਿਆਂ ਹੋਇਆਂ ਸੁਰਿੰਦਰ ਨੇ ਤਾਲੀਮ ਤਾਂ ਚੰਗੀ ਹਾਸਲ ਕਰ ਲਈ ਪਰ ਉਸਦੇ ਹਿੰਮਤੀ ਇਰਾਦੇ ਨੇ ਦਮ ਤੋੜ ਛਡਿਆ ਸੀ। ਉਹ ਆਪਣੀ ਅਜ਼ਾਦੀ ਦਾ ਸਬਕ ਬਿਲਕੁਲ ਨਾ ਹਾਸਲ ਕਰ ਸਕਿਆ। ਆਪਣੀ ਮੇਹਨਤ ਤੇ ਕਾਬਲੀਅਤ ਦੇ ਭਰੋਸੇ ਨਾਲ ਕੀ ਉਹ ਕੋਈ ਕੰਮ ਕਰ ਸਕਦਾ ਹੈ? ਇਹ ਗੱਲ ਤਸੱਵਰ ਵਿਚ ਲਿਆਉਣੀ ਉਸ ਲਈ ਮੁਮਕਿਨ ਹੀ ਨਹੀਂ ਬਹੁਤ ਮੁਸ਼ਕਲ ਸੀ। ਕਿਸ ਵੇਲੇ ਉਸਨੂੰ ਕਿਸੇ ਚੀਜ਼ ਦੀ ਜਰੂਰਤ ਹੈ, ਜਾਂ ਓਸਨੇ ਕੀ ਕਰਨਾ ਹੈ। ਇਹਨਾਂ ਗੱਲਾਂ ਨੂੰ ਪੂਰੇ ਕਰਨ ਜੁੰਮੇਵਾਰੀ ਉਹ ਬੜੇ ਹੌਸਲੇ ਨਾਲ ਦੂਜਿਆਂ ਦੇ ਮੋਢਿਆਂ ਤੇ ਪਾ ਦੇਂਦਾ ਸੀ। ਕਈ ਵਾਰੀ ਉਸਨੂੰ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਸਨੂੰ ਹੁਣ ਭੁਖ ਲੱਗ ਰਹੀ ਏ, ਕਿ ਨੀਂਦਰ ਆ ਰਹੀ ਹੈ। ਆਪਣੀ ਜ਼ਿੰਦਗੀ ਦੇ ਏਹ ਸੁਨਹਿਰੀ ਦਿਨ ਉਸਨੇ ਆਪਣੀ ਮਤਰੇਈ ਮਾਂ ਦੇ ਮੋਢਿਆਂ ਦਾ ਭਾਰ ਬਣਕੇ ਗੁਜ਼ਾਰੇ ਸਨ। ਉਹ ਵਿਚਾਰੀ ਵੀ ਇਹਦੇ ਲਈ ਹਰ ਤਕਲੀਫ ਸਹਿ ਜਾਂਦੀ ਸੀ ਦਿਹਾੜੀ ਦੇ ਬਾਰਾਂ ਘੰਟਿਆਂ ਵਿੱਚ ਛੀ ਤਾਂ ਉਹ ਸੁਰਿੰਦਰ ਨੂੰ ਝਿੜਕਦਿਆਂ ਮਨਾਂਦਿਆਂ ਵਿਚ ਹੀ ਗੁਜ਼ਾਰ ਛੱਡਦੀ ਸੀ। ਜਿਸ ਵਰੇ ਸੁਰਿੰਦਰ ਨੇ ਇਮਤਿਹਾਨ ਦੇਣਾ ਹੁੰਦਾ ਉਸ ਨਾਲ ਕਈ ਕਈ ਰਾਤਾਂ ਸੁਰਿੰਦਰ ਨੂੰ ਜਗਰਾਤਿਆਂ ਰੱਖਣ ਲਈ ਉਸ ਨੂੰ ਖੁਦ ਵੀ ਸਾਰੀ ਰਾਤ ਉਨੀਂਦਰਾ ਕੱਟਣਾ ਪੈਂਦਾ ਸੀ। ਆਂਢ ਗੁਆਂਢ ਦੇ ਲੋਕ ਵੀ ਰਾਇ ਬਾਬੂ ਦੀ ਪਤਨੀ ਦੀ ਤਾਰੀਫ ਕਰਦਿਆਂ ਨਹੀਂ ਸਨ ਥੱਕਦੇ।
ਸੁਰਿੰਦਰ ਦੇ ਵਾਧੇ ਲਈ ਉਸਦੀ ਮਤਰੇਈ ਮਾਂ ਹਰ ਸਮੇਂ ਕੁਝ ਨਾ ਕੁਝ ਸੋਚਦੀ ਰਹਿੰਦੀ ਸੀ। ਕਈ ਵਾਰੀ ਜਦ ਉਹ ਗੁਸੇ ਵਿਚ ਆ ਕੇ ਆਪਣੇ ਪੁੱਤਰ ਸੁਰਿੰਦਰ ਨੂੰ ਡਾਂਟਦੀ ਤੇ ਇਸ ਕਾਰਨ ਜੇ ਕਦੇ ਉਸ ਗਰੀਬ ਦਾ ਚੇਹਰਾ ਜ਼ਰਾ ਕ ਕਰੋਧਵਾਨ ਹੁੰਦਾ ਤਾਂ ਸੁਰਿੰਦਰ ਦੀ ਸ਼ਾਮਤ ਆ ਜਾਂਦੀ। ਜੇ ਕਦੇ ਸੁਰਿੰਦਰ ਨੂੰ ਉਹ ਨਵੀਂ ਤਰਜ਼ ਦੀ ਕਢਾਈ ਦਾ ਕੱਪੜ੍ਹਾ ਪਾਇਆ ਹੋਇਆ ਦੇਖਦੀ ਤੇ ਉਸਦੀ ਤੇਜ ਨਿਗਾਹ ਜਲਦੀ ਪਛਾਣ ਜਾਂਦੀ ਕਿ ਮੁੰਡੇ ਦੇ ਦਿਲ ਵਿਚ ਬਾਬੂ ਬਨਣ ਦੀ ਕਿੰਨੀ ਹਿਰਸ ਹੈ। ਉਹ ਉਸ ਵੇਲੇ ਆਪਣੇ ਸੁਨਹਿਰੀ ਆਸੂਲ ਤੇ ਫੌਰਨ ਅਮਲ ਕਰਦੀ ਤੇ ਸੁਰਿੰਦਰ ਦੇ ਪੈਹਨਣ ਵਾਲੇ ਕਪੜ੍ਹੇ ਜੋ ਹਰ ਹਫਤੇ ਧੋਬੀ ਨੂੰ ਦਿੱਤੇ ਜਾਂਦੇ ਸਨ ਤਿੰਨਾਂ ਹਫਤਿਆਂ ਲਈ ਬੰਦ ਕਰ ਦਿੱਤੇ ਜਾਂਦੇ ਸਨ।
ਏਸੇ ਤਰਾਂ ਸੁਰਿੰਦਰ ਦੀ ਇਹ ਬੀਤ ਰਹੀ ਜਿੰਦਗੀ ਜਿਸਨੂੰ ਕਿ ਸੁਨੈਹਰੀ ਜ਼ਮਾਨਾ ਕਿਹਾ ਜਾਂਦਾ ਹੈ ਬੀਤ ਰਹੀ ਸੀ ਸਖਤ ਪਾਬੰਦੀਆਂ ਤੇ ਮਾਤਾ ਦੇ ਅਜੀਬ ਵਰਤਾਉ ਨਾਲ ਉਹ ਆਪਣੇ ਇਹ ਦਿਨ ਬਿਤਾਂਦਿਆਂ ਹੋਇਆ ਕਦੇ ਕਦਾਈਂ ਸੋਚਨ ਲਗ ਪੈਂਦਾ ਕਿ ਉਸ ਦੀ ਜਿੰਦਗੀ ਕਿੰਨੀ ਬੇ ਮਜ਼ਾ ਹੈ ਪਰ ਫੇਰ ਸੋਚਨ ਲਗ ਪੈਂਦਾ ਕਿ ਸ਼ਾਇਦ ਇਸੇ ਤਰਾਂ ਹੀ ਸਭ ਦੇ ਦਿਨ ਬੀਤਦੇ ਹਨ ਪਰ ਕਦੇ ਕਦਾਈਂ ਉਸ ਦੇ ਨਿਕਟ ਵਰਤੀ ਮਿਤਰ ਉਸਦੇ ਦਿਮਾਗ ਵਿਚ ਅਜੀਬ ਹੀ ਖਿਆਲ ਪਾ ਜਾਂਦੇ ਸਨ, ਜਿਸ ਕਰ ਕੇ ਕਈ ਕਈ ਘੱਟ ਉਸ ਨੂੰ ਉਸ ਬਾਰੇ ਸੋਚਨਾ ਪੈਂਦਾ ਸੀ।
ਇਕ ਦੋਸਤ ਨੇ ਸੁਰਿੰਦਰ ਨੂੰ ਸਲਾਹ ਦਿੱਤੀ ਕਿ ਅਗਰ ਤੇਰੇ ਜਿਹਾ ਲਾਇਕ ਨੌਜਵਾਨ ਜੇ ਕਦੇ ਵਲਾਇਤ ਚਲਾ ਜਾਏ ਤਾਂ ਉਸਨੂੰ ਭਵਿਖਤ ਵਿਚ ਕਾਫੀ ਕਾਮਯਾਬੀ ਦੀ ਉਮੀਦ ਹੋ ਸਕਦੀ ਹੈ। ਜਿਸ ਨਾਲ ਸੁਰਿੰਦਰ ਦੇ ਦੇਸ਼ ਵਾਸੀਆਂ ਨੂੰ ਵੀ ਸੁਰਿੰਦਰ ਪਾਸੋਂ ਕਾਫੀ ਫਾਇਦਾ ਮਿਲ ਸਕਦਾ ਹੈ। ਇਹ ਸਲਾਹ ਸੁਰਿੰਦਰ ਨੂੰ ਕਾਫੀ ਪਸੰਦ ਆਈ । ਅਜਾਦ ਪਰਿੰਦੇ ਦੀ ਨਿਸਬਤ ਪਿੰਜਰੇ ਵਿਚ ਪਿਆ ਕੈਦੀ ਪਰਿੰਦਾ ਕਾਫੀ ਫੜ ਫੜਾਂਦਾ ਹੈ ।
ਠੀਕ ਇਹੋ ਹੀ ਹਾਲ ਸੁਰਿੰਦਰ ਦਾ ਹੋਇਆ । ਉਸ ਨੇ ਕੁਝ ਕੁਝ ਆਪਣੇ ਦਿਲ ਵਿਚ ਅਜਾਦੀ ਦਾ ਚਾਨਣ ਤਕਿਆ ਉਸਨੂੰ ਇੰਝ ਜਾਪਿਆ ਜਿਵੇਂ ਉਹ ਖੁਲੀ ਤੇ ਤਾਜ਼ੀ ਹਵਾ ਵਿਚ ਸਾਹ ਲੈ ਰਿਹਾ ਹੈ ਉਸ ਨੂੰ ਆਪਣੇ ਮੋਢਿਆਂ ਤੋਂ ਕੁਝ ਭਾਰ ਜਿਹਾ ਲੱਥਦਾ ਨਜ਼ਰ ਆਇਆ।
ਆਪਨੇ ਪਿਤਾ ਰਾਇ ਪਾਸ ਪਾਸ ਜਾਂਦਿਆਂ ਹੀ ਸੁਰਿੰਦਰ ਨੇ ਇਹ ਦਰਖਾਸਤ ਪੇਸ਼ ਕਰ ਦਿਤੀ:-
ਪਿਤਾ ਜੀ! ਮੈਨੂੰ ਵਲਾਇਤ ਭੇਜ ਦਿਓ ਤੇ ਨਾਲ ਹੀ ਵਲਾਇਤ ਜਾਨ ਦੇ ਜੋ ਜੋ ਫਾਇਦੇ ਉਸ ਨੇ ਆਪਣੇ ਮਿਤਰ ਪਾਸੋਂ ਸੁਣੇ ਸਨ ਹਰਫ-ਬ-ਹਰਫ ਕਹਿ ਸੁਨਾਇ। ਰਾਇ ਬਾਬੂ ਨੇ ਆਪਣੇ ਪੁਤਰ ਦੀਆਂ ਸਭ ਗੱਲਾਂ ਬੜੇ ਗਹੁ ਨਾਲ ਸੁਣ ਕੇ ਆਖਿਆਂ---- ਸੋਚ ਕੇ ਜਵਾਬ ਦਿਆਂਗਾ ਜਿਸ ਦਾ ਸਾਫ ਮਤਲਬ ਇਹ ਸੀ ਕਿ ਘਰ ਦੀ ਮਾਲਕਨ ਨਾਲ ਸਲਾਹ ਮਸ਼ਵਰਾ ਕਰਕੇ ਦਸਾਂਗਾ। ਜਦ ਘਰ ਜਾ ਕੇ ਸਲਾਹ ਕੀਤੀ ਗਈ ਤਾਂ ਪਤਨੀ ਦੀ ਸਲਾਹ ਬਿਲ ਕੁਲ ਇਸ ਦੇ ਉਲਟ ਨਿਕਲੀ। ਜਦ ਪਿਉ ਪੁਤਰ ਫੇਰ ਇਸੇ ਬਾਰੇ ਗਲਾਂ ਕਰ ਰਹੇ ਸਨ । ਤਾਂ ਓਹ ਇਨਾਂ ਦੇ ਦਰਮਿਆਨ ਆਕੇ ਜੋਰ ਨਾਲ ਹਸ ਪਈ ਜਿਸ ਨਾਲ ਦੋਵੇਂ ਪਿਉ ਪੁਤਰ ਬੜੇ ਹੈਰਾਨ ਹੋਏ ਉਹ ਆਖਣ ਲਗੀ ਤਾਂ ਫਿਰ ਮੈਨੂੰ ਵੀ ਵਲਾਇਤ ਭੇਜ ਦਿਓ ਕਿਉਂਕਿ ਤੁਹਾਡੇ ਸੁਰਿੰਦਰ ਦੀ ਉੱਥੇ ਕੌਨ ਖਬਰ ਗੀਰੀ ਕਰੇਗਾ ਉਸ ਨੂੰ ਤੇ ਇੰਨਾਂ ਵੀ ਨਹੀਂ ਪਤਾ ਕਿ ਕਿਸ ਵੇਲੇ ਕੀ ਖਾਣਾ, ਹੈ ਤੇ ਕੀ ਪੈਹਨਣਾ ਉਸ ਨੂੰ ਅਕਲਿਆਂ ਵਲੈਤ ਭੇਜ ਰਹੇ ਹੋ? ਆਪਣੀ ਫਿਟਨ ਦੇ ਘੋੜੇ ਨੂੰ ਵਲੈਤ ਭੇਜਣਾ ਤੇ ਏਸ ਮੁੰਡੇ ਨੂੰ ਵਲੈਤ ਭੇਜਣਾ ਇਕ ਬਰਾਬਰ ਹੈ ਸਮਝੇ? ਘੋੜਾ ਇਹਨਾਂ ਤਾਂ ਸਮਝ ਲੈਂਦਾ ਹੈ ਕਿ ਉਹਨੂੰ ਹੁਣ ਭੁਖ ਲਗੀ ਹੈ, ਯਾ ਨੀਂਦਰ ਆਈ ਹੈ, ਪਰ ਇਸ ਤੁਹਾਡੇ ਬਰਖੁਰਦਾਰ ਨੂੰ ਤਾਂ ਇਹ ਵੀ ਨਹੀਂ ਪਤਾ? ਏਸ ਲਫਜ਼ਾਂ ਦੇ ਨਾਲ ਹੀ ਓਹ ਜੋਰ ਜੋਰ ਨਾਲ ਖੁਲ ਕੇ ਹਸਨ ਲਗ ਪਈ।
ਪਤਨੀ ਦੇ ਹਾਸੇ ਦੀ ਏਹ ਹਾਲਤ ਦੇਖ ਕੇ ਰਾਏ ਬਾਬੂ ਨੇ ਬੜੀ ਸ਼ਰਮਿੰਦਗੀ ਜੇਹੀ ਮਹਿਸੂਸ ਕੀਤੀ। ਸੁਰਿੰਦਰ ਨੇ ਏਹ ਸੋਚਿਆ ਭਲਾ ਏਸ ਪੁਖ਼ਤਾਂ ਦਲੀਲ ਦਾ ਵੀ ਕੋਈ ਜਵਾਬ ਹੋ ਸਕਦਾ ਹੈ? ਉਸ ਨੇ ਵਲਾਇਤ ਜਾਨ ਦੀ ਸਲਾਹ ਦਿਲ ਵਿਚੋ ਬਿਲਕੁਲ ਕਢ ਦਿਤੀ। ਜਦ ਉਸ ਦੇ ਮਿਤਰ ਨੇ ਸੁਣਿਆਂ ਤਾਂ ਉਸ ਨੇ ਬੜਾ ਦੁਖ ਤੇ ਰੰਜ ਪਰਗਟ ਕੀਤਾ ਨਾਲ ਹੀ ਏਸ ਤੇ ਉਸ ਨੇ ਬੜੀ ਹਮਦਰਦੀ ਦਿਖਾਈ, ਪਰ ਕੋਈ ਐਸਾ ਸਿਧਾ ਰਸਤਾ ਉਹ ਵੀ ਸੁਰਿੰਦਰ ਨੂੰ ਨਾ ਦਸ ਸਕਿਆ ਜਿਸ ਨਾਲ ਸੁਰਿੰਦਰ ਦੀ ਵਲਾਇਤ ਜਾਨ ਵਾਲੀ ਮੁਸ਼ਕਲ ਹਲ ਹੋ ਸਕੇ।
ਸੁਰਿੰਦਰ ਨੇ ਆਪਣੇ ਦਿਲ ਵਿਚ ਕਈ ਖਿਆਲੀ ਘੋੜੇ ਦੁੜਾਇ ਉਸ ਨੂੰ ਹਰ ਸਮੇਂ ਆਪਨੇ ਮਿਤਰ ਦਾ ਇਹ ਕਿਹਨਾ ਕਿ ਇਸ ਨਾਲੋਂ ਤਾਂ ਇਹੋ ਚੰਗਾ ਹੈ ਕਿ ਉਹ ਭਿਛਿਆ ਮੰਗ ਕੇ ਗੁਜਾਰਾ ਕਰੇ" ਠੀਕ ਜਾਪਨ ਲਗਾ। ਜਿਸ ਤਰਾਂ ਇਹ ਸੋਲਾ ਆਨੇ ਠੀਕ ਹੈ ਕਿ ਹਰ ਆਦਮੀ, ਵਲਾਇਤ ਨਹੀਂ ਜਾ ਸਕਦਾ ਇਸੇ ਤਰਾਂ ਇਹ ਵੀ ਬਿਲਕੁਲ ਠੀਕ ਹੈ ਕਿ ਹਰ ਇਨਸਾਨ ਮੇਰੇ ਵਾਂਗ ਢਿਗੀ ਢਾ ਕੇ ਦੂਜਿਆਂ ਦੇ ਆਸਰੇ ਆਪਨੀ ਜਿੰਦਗੀ ਨਹੀਂ ਗੁਜਾਰ ਰਿਆ ਸੁਰਿੰਦਰ ਅਜ ਰਾਤ ਇਹੋ ਕੁਝ ਸੋਚਦਾ ਸੋਚਦਾ ਸੌਂ ਗਿਆ।
ਇਕ ਰਾਤ ਜਦ ਕਿ ਬਹੁਤ ਰਾਤ ਬੀਤ ਚੁੱਕੀ ਸੀ ਚਾਰੇ ਪਾਸ ਚੁਪ ਚਾਪ ਛਾਈ ਹੋਈ ਸੀ ਹਨੇਰੀ ਰਾਤ ਨੂੰ ਸੁਰਿੰਦਰ ਘਰ ਤੋਂ ਨਿਕਲ ਤੁਰਿਆ । ਅਸਟੇਸ਼ਨ ਤੇ ਪਹੁੰਚ ਕਿ ਉਸ ਨੇ ਕਲਕਤੇ ਦਾ ਟਿਕਟ ਲੀਤਾ ਤੇ ਪਿਤਾ ਨੂੰ ਚਿੱਠੀ ਲਿਖ ਕੇ ਲੈਟਰ ਬਕਸ ਵਿਚ ਪਾ ਦਿਤੀ ਕੁਝ ਚਿਰ ਲਈ ਘਰ ਛਡ ਰਿਹਾ ਹਾਂ ਮੇਰੀ ਤਲਾਸ਼ ਨਾ ਕਰਨੀ ਜੇ ਆਪ ਨੂੰ ਮੇਰਾ ਪਤਾ ਲਗ ਵੀ ਜਾਏ ਤਾਂ ਮੈਂ ਕਿਸੇ ਸੂਰਤ ਵੀ ਵਾਪਸ ਨਹੀਂ ਆਵਾਂਗਾ।
ਰਾਇ ਬਾਬੂ ਨੇ ਸੁਰਿੰਦਰ ਦਾ ਖਤ ਪਤਣੀ ਨੂੰ ਦਿਖਾਇਆ । ਉਹ ਆਖਣ ਲਗੀ ਸੁਰਿੰਦਰ ਹੁਣ ਸਿਆਣਾ ਹੋ ਗਿਆ ਹੈ, ਪੜ੍ਹ ਲਿਖ ਚੁਕਿਆ ਏ ਪਰ ਨਿਕਲ ਆਇ ਸੂ ਹੁਣ ਨਾ ਉਡਾਰੀ ਮਾਰੇਗਾ ਤਾਂ ਹੋਰ ਕਦੋਂ ਉਡੇਗਾ ? ਪਰ ਤਾਂ ਵੀ ਪਿਤਾ ਨੇ ਪੁਤਰ ਨੂੰ ਲੱਭਣ ਲਈ ਕੋਈ ਕਸਰ ਨਾਂ ਛੱਡੀ, ਜਿਸ ਕਿਸੇ ਨਾਲ ਕਲਕੱਤੇ ਵਿਚ ਜਾਣ ਪਛਾਣ ਸੀ ਉਸ ਉਸ ਨੂੰ ਖਤ ਲਿਖ ਕੇ ਪਾਇਆ ਪਰ ਸਭ ਬੇਫਾਇਦਾ ਸੁਰਿੰਦਰ ਦਾ ਕੁਝ ਪਤਾ ਨਾ ਲਗਾ।
ਕਲਕਤੇ ਦਾ ਹਰ ਬਜ਼ਾਰ ਗਲੀ ਮੁਹੱਲਾ ਹਜੂਮ ਤੇ ਖਲਕਤ ਦੀ ਗਹਿਮਾ ਗਹਿਮੀ ਨਾਲ ਹਰ ਵੇਲੇ ਭਰਪੂਰ ਰਹਿੰਦਾ ਏ। ਚਾਰੇ ਪਾਸੇ ਟਰਾਮਾਂ, ਫਿਟਨਾਂ ਮੋਟਰ ਗਡੀਆਂ ਤੇ ਬਸਾਂ ਦੀ ਚੀਕ ਚਹਾਟ ਤੇ ਰੌਲੇ ਗੌਲੇ ਨੂੰ ਦੇਖ ਕੇ ਸੁਰਿੰਦਰ ਹੈਰਾਨ ਪਰੇਸ਼ਾਨ ਰੇਹ ਗਿਆ। ਉਸ ਨੂੰ ਕੋਈ ਵੀ ਗਰੀਬੀ ਵਿਚ ਦੁਖ ਨਾਲ ਮਰਦਾ ਹਟਕੋਰੇ ਲੈਂਦਾ ਨਾ ਨਜਰ ਆਇਆ ਏਥੇ ਕੋਈ ਉਸ ਨੂੰ ਘੂਰਨ ਵਾਲਾ ਤੇ ਹਰ ਗੱਲ ਵਿਚ ਟੋਕਨ ਵਾਲਾ ਨਹੀਂ ਸੀ ਤੇ ਨਾ ਹੀ ਉਸ ਦਾ ਕੋਈ ਦੁਖ ਦਰਦ ਦਾ ਸਾਂਝੀ ਵਾਲ ਹੀ ਸੀ। ਭੁੱਖ ਪਿਆਸ ਨਾਲ ਉਸਦਾ ਚਿਹਰਾ ਜਰਾ ਜਿੰਨਾ ਹੋ ਗਿਆ ਪਰ ਉਸ ਵਲ ਕਿਸੇ ਨੇ ਭੌਂ ਕੇ ਵੀ ਨਾ ਦੇਖਿਆ ਕਿ ਕੌਣ ਜਾ ਰਿਹਾ ਹੈ---।
ਏਥੇ ਪਹੁੰਚ ਕੇ ਪਹਿਲੀ ਵਾਰ ਉਸ ਨੂੰ ਇਹ ਪਤਾ ਲਗਾ ਕਿ ਰੋਟੀ ਲਈ ਉਸ ਨੂੰ ਖੁਦ ਕੋਸ਼ਸ਼ ਕਰਨੀ ਪਵੇਗੀ ਤੇ ਰਹਿਣ ਸੌਣ ਲਈ ਵੀ ਜਗਾ ਜ਼ਰੂਰ ਚਾਹੀਦੀ ਏ? ਪਰ ਸੌਂ ਜਾਨ ਨਾਲ ਹੀ ਭੁਖ ਤਾਂ ਨਹੀਂ ਹਟ ਜਾਂਦੀ? ਤੇ ਨਾ ਹੀ ਖਾਣਾ ਖਾ ਲੈਣ ਤੇ ਨੀਂਦਰ ਦੀ ਜ਼ਰੂਰਤ ਪੂਰੀ ਹੋ ਜਾਂਦੀ ਏ?
ਸੁਰਿੰਦਰ ਨੂੰ ਘਰੋਂ ਨਿਕਲਿਆਂ ਕਾਫੀ ਚਿਰ ਹੋ ਗਿਆ ਸੀ ਚਾਰੇ ਪਾਸੇ ਦੀਆਂ ਸੜਕਾਂ ਛਾਨਦਿਆਂ ਛਾਕਦਿਆਂ ਉਸ ਦਾ ਸਰੀਰ ਥੱਕ ਟੁੱਟ ਕੇ ਚੂਰ ਚੂਰ ਹੋ ਗਿਆ ਤੇ ਜੋ ਕੁਝ ਖੀਸੇ ਵਿਚ ਨਕਦ ਨਰਾਇਨ ਸੀ ਉਹ ਵੀ ਤਕਰੀਬਨ ਖਤਮ ਹੋ ਚੁਕਿਆ ਸੀ ਤੇ ਲਿਬਾਸ ਉਹ ਵੀ ਜਗਾ ੨ ਤੋਂ ਘਸ ਕੇ ਪਾਟਨ ਵਾਲਾ ਹੋ ਗਿਆ ਸੀ। ਰਾਤ ਨੂੰ ਸੌਣ ਲਈ ਉਸ ਪਾਸ ਕੋਈ ਟਿਕਾਣਾ ਵੀ ਨਹੀਂ ਸੀ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਘਰ ਉਹ ਖਤ ਲਿਖਣ ਲੱਗਾ ਪਰ ਦਿਲ ਨਾ ਮੰਨਿਆਂ ਉਸ ਨੂੰ ਬੜੀ ਸ਼ਰਮਿੰਦਗੀ ਆਉਂਦੀ ਸੀ । ਸਭ ਤੋਂ ਵੱਡੀ ਮੁਸੀਬਤ ਉਸ ਲਈ ਆਪਣੀ ਮਤਰੇਈ ਮਾਂ ਦਾ ਤਲਖ ਚਿਹਰਾ ਸੀ । ਜਿਸ ਵੇਲੇ ਉਸਦਾ ਖਿਆਲ ਆ ਜਾਂਦਾ ਤਾਂ ਸੁਰਿੰਦਰ ਦੇ ਸਾਰੇ ਮਨਸੂਬੇ ਧਰ ਦੇ ਧਰੇ ਰਹਿ ਜਾਂਦੇ। ਘਰ ਦਾ ਖਿਆਲ ਆਉਣ ਤੇ ਹੀ ਉਸਦੇ ਬਦਨ ਤੇ ਇਕ ਝਰਨਾਟ ਜਿਹੀ ਛਿੜ ਪੈਂਦੀ ਤੇ ਉਸ ਵੇਲੇ........ ਹਾਂ ਉਸੇ ਵੇਲੇ ਘਰ ਵਾਪਸ ਜਾਣ ਦਾ ਖਿਆਲ ਉਸਨੂੰ ਇਕ ਸੁਪਨਾ ਜਿਹਾ ਮਾਲੂਮ ਹੋਣ ਲਗ ਪੈਂਦਾ।
ਇਕ ਦਿਨ ਆਪਣੇ ਵਰਗੇ ਘਰੋਂ ਘਾਟਾਂ ਨਿਕਲੇ ਹੋਏ ਭੈੜੇ ਜਿਹੇ ਹਾਲ ਦੇ ਆਦਮੀ ਨਾਲ ਮੁਲਾਕਾਤ ਹੋਣ ਤੇ ਸੁਰਿੰਦਰ ਨੇ ਉਸਨੂੰ ਪੁਛਿਆ:-
ਤੁਸੀਂ ਇਥੇ ਕੀ ਕੰਮ ਕਰਕੇ ਗੁਜ਼ਾਰਾ ਕਰਦੇ ਹੋ? ਜਿਸ ਆਦਮੀ ਨੂੰ ਇਹ ਸਵਾਲ ਕੀਤਾ ਗਿਆ ਸੀ ਉਹ ਕੋਈ ਬੜਾ ਨੇਕ ਤੇ ਭਲਾ ਆਦਮੀ ਸੀ ਨਹੀਂ ਤਾਂ ਸੁਰਿੰਦਰ ਦੇ ਏਸ ਸਵਾਲ ਨਾਲ ਜ਼ਰੂਰ ਕੋਈ ਉਸਦਾ ਮਖੌਲ ਉਡਾਂਦਾ। ਉਸ ਨੇ ਬੜੇ ਠਰੰਮੇ ਨਾਲ ਉੱਤਰ ਦਿੱਤਾ:-
ਨੌਕਰੀ ਚਾਕਰੀ ਜਾਂ ਮੇਹਨਤ ਮਜ਼ੂਰੀ ਕਰ ਕੇ ਜੋ ਮਿਲ ਜਾਂਦਾ ਏ ਉਸ ਨਾਲ ਗੁਜ਼ਾਰਾ ਚਲੀ ਜਾ ਰਿਹਾ ਹੈ। ਕਲਕੱਤੇ ਵਿਚ ਭਲਾ ਰੋਜ਼ਗਾਰ ਦਾ ਕੀ ਘਾਟਾ ਏ?
ਸੁਰਿੰਦਰ ਨੇ ਕਿਹਾ:-
ਭਈ ਕਿਤੇ ਕੋਈ ਨੌਕਰੀ ਚਾਕਰੀ ਮੈਨੂੰ ਵੀ ਦਿਵਾ ਸਕਦੇ ਹੋ?
"ਤੁਸੀਂ ਤਾਂ ਕਿਸੇ ਚੰਗੇ ਘਰਾਣੇ ਦੇ ਨੌਨਿਹਾਲ ਹੋ? ਤੁਸੀ ਨੌਕਰੀ.........।
ਸੁਰਿੰਦਰ ਨੇ ਸਿਰ ਹਿਲਾਕੇ ਹਾਂ ਵਿਚ ਉੱਤਰ ਦਿੱਤਾ।
"ਫੇਰ ਪੜ੍ਹੇ ਲਿਖੇ ਕਿਉਂ ਨਹੀਂ?"
"ਪੜ੍ਹ ਲਿਖ਼ ਸਕਦਾ ਹਾਂ ?"
ਕੁਝ ਰੁਕ ਕੇ ਉਸ ਆਦਮੀ ਨੇ ਸੁਰਿੰਦਰ ਨੂੰ ਕਿਹਾ:-ਤਾਂ ਉਹ ਸਾਹਮਣੇ ........... ਸਿਧਿਆਂ ਉਸ ਮਕਾਨ ਵਿਚ ਚਲੇ ਜਾਉ ਉਥੇ ਇਕ ਬੜੇ ਵਡੇ ਮਸ਼ਹੂਰ ਜ਼ਮੀਦਾਰ ਸਾਹਿਬ ਰਹਿੰਦੇ ਹਨ ਉਹ ਆਪ ਦਾ ਕੁਝ ਨਾ ਕੁਝ ਬੰਦੋਬਸਤ ਕਰ ਦੇਣਗੇ। ਇਹ ਕਹਿਕੇ ਉਹ ਉਥੋਂ ਆਪਣੇ ਰਾਹ ਚਲਿਆ ਗਿਆ। ਸੁਰਿੰਦਰ ਨੇ ਉਸ ਦੀ ਦਸੀ ਹੋਈ ਕੋਠੀ ਦਾ ਰਾਹ ਫੜਿਆ ਤੇ ਉਹ ਫਾਟਕ ਪਾਸ ਜਾ ਕੇ ਕੁਝ ਠਠੰਬਰ ਜਿਹਾ ਗਿਆ ਪਹਿਲਾਂ ਤਾਂ ਉਸ ਨੇ ਆਪਣੇ ਕਦਮ ਅਗਾਂਹ ਚੁਕੇ ਪਰ ਫੇਰ ਜਲਦੀ ਹੀ ਪਿਛਾਂਹ ਪਰਤਾ ਲਏ ਫੇਰ ਅਗਾਂਹ ਵਧਿਆ ਤੇ ਫ਼ੇਰ ਆਖਰ ਰੁਕ ਗਿਆ ਇਨਾਂ ਹੀ ਵਹਿਮਾਂ ਵਿਚ ਪਿਆ ਉਹ ਕਦੇ ਆਪਣੇ ਪੈਰਾਂ ਨੂੰ ਅਗਾਂਹ ਵਧਾਏ ਤੇ ਕਦੇ ਮੁੜ ਫੇਰ ਪਿਛਾਂਹ ਮੁੜ ਪਏ ਬੱਸ ਉਹ ਅਜ ਦੇ ਦਿਨ ਸਿਰਫ ਇਹੋ ਹੀ ਕਰ ਸਕਿਆ ਤੇ ਦੂਜਾ ਦਿਨ--ਉਹ ਵੀ ਏਸ ਨੇ ਕਲ ਵਾਂਗ ਹੀ : ਜਿਕੋ ਤਕੇ ਕਰਦਿਆਂ ਹੀ ਗੁਜਾਰ ਦਿਤਾ। ਤੀਜਾ ਤੇ ਚੌਥਾ ਦਿਨ ਵੀ ਐਵੇਂ ਹੀ ਗੁਜ਼ਰ ਗਿਆ, ਆਖਰ ਪੰਜਵੇਂ ਦਿਨ ਉਹ ਕੁਝ ਹਿੰਮਤ ਕਰਕੇ ਫਾਟਕ ਅੰਦਰ ਦਾਖਲ ਹੋ ਹੀ ਗਿਆ । ਸਾਹਮਣਿਓਂ ਇਕ ਨੌਕਰ ਬਾਹਰ ਨੂੰ ਆ ਰਿਹਾ ਸੀ ਉਸ ਨੇ ਆਉਂਦਿਆਂ ਹੀ ਸੁਰਿੰਦਰ ਨੂੰ ਪੁਛਿਆ, “ਕੀ ਕੰਮ ਹੈ ?" "ਬਾਬੂ ਸਾਹਿਬ ਨੂੰ ਮਿਲਣਾ ਚਾਹੁਨਾ ਹਾਂ" ਸੁਰਿੰਦਰ ਨੇ ਅਗੋਂ ਉਤਰ ਦਿਤਾ।
“ਬਾਬੂ ਸਾਹਿਬ ਐਸ ਵੇਲੇ ਅੰਦਰ ਨਹੀਂ ਹਨ।
ਸੁਰਿੰਦਰ ਦੀ ਆਸ ਪੁਜ ਪਈ । ਉਸ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ। ਇਕ ਸਖਤ ਮੁਸੀਬਤ ਤੋਂ ਉਸ ਨੂੰ ਛੁਟਕਾਰਾ ਮਿਲਿਆ ਉਹ ਜਲਦੀ ਜਲਦੀ ਸੁਖ ਦਾ ਸਾਹ ਲੈ ਕੇ ਹਲਵਾਈ ਦੀ ਦੁਕਾਨ ਤੇ ਪਹੁੰਚਿਆ ਤੇ ਖ਼ੂਬ ਢਿਡ ਭਰ ਕੇ ਖਾਦਾ ਖਾ ਪੀ ਕੇ ਉਹ ਮੁੜ ਫਿਰਨ ਤਰਨ ਚਲਿਆ ਗਿਆ ਤੇ ਨਾਲ ਨਾਲ ਹੀ ਦਿਲ ਵਿਚ ਸੋਚਦਾ ਜਾਂਦਾ ਸੀ ਕਿ ਕਲ ਕਿਸ ਤਰੀਕੇ ਨਾਲ ਗਲ ਬਾਤ ਸ਼ੁਰੂ ਕੀਤੀ ਜਾਏ । ਜਿਸ ਨਾਲ ਮੈਨੂੰ ਕੋਈ ਕੰਮ ਮਿਲ ਜਾਏ।
ਜਦ ਦੂਜਾ ਦਿਨ ਆਇਆ ਤਾਂ ਉਸਦਾ ਸੋਚਿਆ ਹੋਇਆ ਸਭ ਜੋਸ਼ ਖ਼ਰੋਸ਼ ਠੰਢਾ ਪੈ ਗਿਆ। ਜਿਉਂ ਜਿਉਂ ਉਹ ਇਸ ਟਿਕਾਣੇ ਨੇੜੇ ਪਹੁੰਚ ਰਿਹਾ ਸੀ ਤਿਉਂ ਤਿਉਂ ਉਸਦੇ ਦਿਲ ਵਿਚ ਮੁੜ ਜਾਂਨ ਦੀ ਖਾਹਸ਼ ਵਧੇਰੇ ਵਧ ਰਹੀ ਸੀ। ਜਿਸ ਵੇਲੇ ਉਹ ਫਾਟਕ ਦੇ ਨੇੜੇ ਪਹੁੰਚਿਆ ਤਾਂ ਉਸਦੀ ਹਿੰਮਤ ਨੇ ਸਾਫ ਜਵਾਬ ਦੇ ਦਿੱਤਾ ਉਸਦੇ ਪੈਰ ਮਣ ਮਣ ਦੇ ਭਾਰੀ ਹੋ ਗਏ ਉਹ ਇੰਝ ਸਮਝ ਰਿਹਾ ਸੀ ਕਿ ਕਿ ਉਹ ਆਪਣੇ ਲਈ ਨਹੀਂ ਕਿਸੇ ਹੋਰ ਦੇ ਕੰਮ ਏਥੇ ਆਇਆ ਹੈ ਪਰ ਜ਼ਬਰਦਸਤੀ ! ਆਖਰ ਉਸਨੇ ਕੁਝ ਹਿੰਮਤ ਕੀਤੀ ਤੇ ਹੌਲੇ ਹੌਲੇ ਉਹ ਕਦਮ ਚੁਕੀ ਫਾਟਕ ਅੰਦਰ ਦਾਖ਼ਲ ਹੋ ਗਿਆ ਕੁਦਰਤਨ ! ਅੱਜ ਫੇਰ ਉਸੇ ਦਿਨ ਵਾਲੇ ਮੁਲਾਜ਼ਮ ਨਾਲ ਉਸ ਦਾ ਟਾਕਰਾ ਹੋ ਗਿਆ।
ਨੌਕਰ ਨੇ ਸੁਰਿੰਦਰ ਨੂੰ ਦੇਖਦਿਆਂ ਹੀ ਕਿਹਾ:-- "ਬਾਬੂ ਸਾਹਿਬ ਐਸ ਵੇਲੇ ਘਰ ਹੀ ਹਨ ਆਪ ਮੁਲਾਕਾਤ ਕਰ ਸਕਦੇ ਹੋ ?"
"ਹਛਾ!"
“ਤਾਂ ਆਈਏ।" ਸੁਰਿੰਦਰ ਨੂੰ ਇਕ ਨਵੀਂ ਮੁਸੀਬਤ ਪੈ ਗਈ।
ਜ਼ਮੀਦਾਰ ਸਾਹਿਬ ਦਾ ਮਕਾਨ ਕਾਫੀ ਵੱਡਾ ਤੇ ਬੜਾ - ਆਲੀਸ਼ਾਨ ਸੀ ਜੋ ਹਰ ਤਰਾਂ ਨਾਲ ਸਜਾਵਟ ਵਿਚ ਨਿਪੁੰਨ ਸੀ। ਇਕ ਕਮਰੇ ਤੋਂ ਬਾਅਦ ਦੂਜਾ ਕਮਰਾ ਤੇ ਉਹ ਵੀ ਬੇਹੱਦ ਖੂਬਸੂਰਤ ਆਉਂਦਾ ਚਾਰੇ ਪਾਸੇ ਖੁਬਸੂਰਤ ਪੜ੍ਹਦੇ ਲਟਕ ਰਹੇ ਸਨ। ਫਰਸ਼ ਤੇ ਵਧੀਆ ਸੋਹਣੇ ਕਾਲੀਨ ਤੇ ਫਿਰਨ ਵਾਲੀਆਂ ਕੁਰਸੀਆਂ ਮੇਜ਼ਾਂ ਤੋਂ ਫੁਲ ਦਾਨ ਤੇ ਵੱਡੇ ਸ਼ੀਸ਼ੇ ਤੇ ਆਲਾ ਫਰਨੀਚਰ ਕਿਤਾਬਾਂ ਰੰਗਬਰੰਗੀ ਰੇਸ਼ਮੀ ਕਪੜ੍ਹੇ ਨਾਲ ਮਕਾਨ ਨਵੀਂ ਵਹੁਟੀ ਵਾਂਗ ਖੂਬ ਸਜਿਆਂ ਹੋਇਆ ਸੀ। ਦੌਲਤ ਦੀ ਦੇਵੀ ਲਛਮੀ ਦਾ ਨਿਵਾਸ ਖਾਸ ਤੌਰ ਤੇ ਏਸੇ ਮਕਾਨ ਵਿਚ ਨਜ਼ਰ ਆ ਰਿਹਾ ਸੀ। ਭਾਵੇਂ ਇਹ ਸਾਰਾ ਠਾਠ ਬਾਠ ਤੇ ਸ਼ਾਨੋ ਸ਼ੌਕਤ ਕਿਸੇ ਹੋਰ ਨੂੰ ਹੈਰਾਨ ਕਰ ਦੇਂਦੀ ਪਰ ਸੁਰਿੰਦਰ ਨੂੰ ਇਸ ਨਾਲ ਜਰਾ ਜਿੰਨੀ ਹੈਰਾਨੀ ਨਾ ਹੋਈ ਕਿਉਂਕਿ ਖੁਦ ਉਸ ਦੇ ਪਿਤਾ ਦਾ ਘਰ ਵੀ ਕਿਸੇ ਗਰੀਬ ਦੀ ਕੁਟੀਆਂ ਨਹੀਂ ਸੀ ਭਾਵੇਂ ਉਸ ਨੇ ਪਿਤਾ ਪਾਸੋਂ ਹਜਾਰਾਂ ਤਲਖੀਆਂ ਸਹੀਆਂ ਸਨ ਪਰ ਉਸਨੇ ਕਿਸੇ ਤੰਗ ਦਸਤ ਪਿਤਾ ਪਾਸ ਪਰਵਰਸ਼ ਨਹੀਂ ਸੀ ਪਾਈ।
ਘਬਰਾਉਂਦਾ ਉਹ ਜ਼ਿਆਦਾ ਤਰ ਏਸ ਖਿਆਲ ਨਾਲ ਸੀ, ਕਿ ਏਸ ਮਕਾਨ ਵਿਚ ਰਹਿਣ ਵਾਲਾ ਆਦਮੀ ਖਬਰੇ ਕਿਸ ਸੁਭਾਉ ਦਾ ਹੋਵੇਗਾ। ਖਬਰੇ ਉਹ ਮੈਨੂੰ ਕੀ ਕੁਝ ਪੁਛੇਗਾ ਤੇ ਮੈਨੂੰ ਉਸਦਾ ਕੀ ਜਵਾਬ ਦੇਣਾ ਪਵੇਗਾ ਇਹੋ ਖਿਆਲ ਘੜੀ ਮੁੜੀ ਉਸ ਦੇ ਦਿਲ ਵਿਚ ਆ ਕੇ ਉਸ ਨੂੰ ਹੈਰਾਨ ਪਰੇਸ਼ਾਨ ਕਰ ਰਿਹਾ ਸੀ।
ਖੈਰ! ਹੁਣ ਉਸ ਦੇ ਸੋਚ ਵਿਚਾਰਨ ਦਾ ਵਕਤ ਜਾ ਚੁਕਾ ਸੀ ਉਹ ਹੁਣ ਘਰ ਦੇ ਮਾਲਕ ਪਾਸ ਪਹੁੰਚ ਚੁੱਕਾ ਸੀ ਤੇ ਉਹਨਾਂ ਨੇ ਇਕ ਦੰਮ ਸਵਾਲ ਕੀਤਾ:-
"ਕਿਉਂ ਕੀ ਕੰਮ ਹੈ ?"
ਬੀਤ ਚੁਕਿਆਂ ਤਿੰਨਾਂ ਚੌਹਾਂ ਦਿਨਾਂ ਤੋਂ ਇਸੇ ਸਵਾਲ ਦਾ ਜਵਾਬ ਸੁਰਿੰਦਰ ਸੋਚ ਰਿਹਾ ਸੀ ਪਰ ਜੋ ਕੁਝ ਉਸ ਨੇ ਸੋਚ ਰੱਖਿਆ ਸੀ ਐਸ ਵੇਲੇ ਉਹ ਸਭ ਕੁਝ ਭੁਲ ਗਿਆ ਆਖਣ ਲੱਗਾ--- ਮੈਂ.....ਮੈਂ.....
ਜ਼ਿਮੀਦਾਰ ਸਾਹਿਬ ਦਾ ਨਾਂ ਬਿਰਜਨਾਥ ਲਾਹੜ ਸੀ ਉਹ ਉਤਰੀ ਬੰਗਾਲ ਦੇ ਰਹਿਣ ਵਾਲੇ ਵਡੇ ਧਨਾਢ, ਜ਼ਿਮੀਦਾਰ ਸਨ ਸਿਰ ਦੇ ਕੁਝ ਵਾਲ ਸਫੇਦ ਹੋ ਗਏ ਸਨ---ਇਹ ਨਜ਼ਲੇ ਜ਼ੁਕਾਮ ਦਾ ਕਾਰਨ ਨਹੀਂ--ਉਮਰ ਦਾ ਵਡੱਤਪਨ ਹੈ। ਬੜੇ ਸਮਝਦਾਰ ਆਦਮੀ ਹਨ ਉਹਨਾਂ ਇਕ ਸਮਾਂ ਦੇਖਿਆ ਹੋਇਆ ਸੀ ਸੁਰਿੰਦਰ ਨੂੰ ਦੇਖਦਿਆਂ ਉਹ ਸਭ ਕੁਝ ਸਮਝ ਗਏ । ਆਖਨ ਲਗੇ:-
"ਹਾਂ ਹਾਂ ? ਆਖੋ ਕੀ ਚਾਹੁੰਦੇ ਹੋ।
“ਕੋਈ ਇਕ---"
"ਕੋਈ ਇਕ ਕੀ ?"
"ਨੌਕਰੀ।"
ਬਿਰਜ ਬਾਬੂ ਨੇ ਹਸਦਿਆਂ ਹੋਇਆਂ ਕਿਹਾ ਬਰਖੁਰਦਾਰ ਇਹ ਤੈਨੂੰ ਕਿਸ ਨੇ ਕਿਹਾ ਹੈ ਕਿ ਮੈਂ ਤੈਨੂੰ ਮੁਲਾਜਮਤ ਦੇ ਸਕਦਾ ਹਾਂ?
ਇਕ ਰਾਹ ਗੁਜ਼ਰ ਨੂੰ ਮੈਂ ਪੁਛਿਆ ਸੀ ਉਸ ਨੇ ਆਪ ਦਾ ਨਾਮ ਦਸਿਆ ਹੈ।
"ਖੈਰ--ਬਹੁਤ ਹੱਛਾ ! ਤੁਹਾਡਾ ਘਰ ਕਿਥੇ ਹੈ ?"
“ਯੂ: ਪੀ. ਵਿਚ।"
"ਤੁਸੀ ਯੂ.ਪੀ. ਦੇ ਰਹਿਣ ਵਾਲੇ ਤਾਂ ਨਹੀਂ ਲਗਦੇ ਪਰ ਤੁਹਾਡਾ ਉਥੇ ਕੌਨ ਰਹਿੰਦਾ ਹੈ ।"
ਸੁਰਿੰਦਰ ਨੇ ਜੋ ਕੁਝ ਮੁਨਾਸਬ ਸਮਝਿਆ ਉਹ ਕਹਿ ਦਿਤਾ।
'ਤੇ ਆਪ ਦੇ ਪਿਤਾ ਸਾਹਿਬ ਕੀ ਕੰਮ ਕਰਦੇ ਹਨ ।'
ਕੁਝ ਦਿਨਾਂ ਤੇ ਸਮੇਂ ਦੀਆਂ ਠੋਕਰਾਂ ਲੱਗਨ ਨਾਲ ਸੁਰਿੰਦਰ ਨੂੰ ਕੁਝ ਜ਼ਮਾਨੇ ਦਾ ਰੰਗ ਢੰਗ ਆ ਗਿਆ ਸੀ ਉਹ ਰੁਕ ਰੁਕ ਕੇ ਆਖਣ ਲਗਾ:-ਇਕ ਮਾਮੂਲੀ ਜਿਹੀ ਨੌਕਰੀ ਕਰਦੇ ਹਨ।
"ਤੇ ਉਸ ਨਾਲ ਤੁਹਾਡਾ ਗੁਜਾਰਾ ਨਹੀਂ ਹੁੰਦਾ ? ਏਸੇ ਲਈ ਆਪ ਨੌਕਰੀ ਦੀ ਤਲਾਸ਼ ਲਈ ਨਿਕਲੇ ਹੋ-- ਕਿਉਂ ? ਠੀਕ ਹੈ ਨਾ।
“ ਜੀ ਹਾਂ ।'
"ਏਥੇ ਕਿਸ ਜਗਾ ਰਹਿੰਦੇ ਹੋ ?"
ਹਾਲਾਂ ਤਾਂ ਕੋਈ ਖਾਸ ਟਿਕਾਨਾ ਨਹੀਂ --ਕਿਤੇ ਨਾ ਕਿਤੇ ਜਿਸ ਜਗਾ ਥਾਂ ਲਭੇ ਪਿਆ ਰਹਿੰਦਾ ਹਾਂ।
ਬ੍ਰਿਜ਼ ਬਾਬੂ ਨੂੰ ਦਇਆ ਆ ਗਈ ਬੜੇ ਪਿਆਰ ਨਾਲ ਪਾਸ ਬਿਠਾ ਕੇ ਆਖਨ ਲਗੇ:-
ਬੇਟਾ-ਅਜੇ ਛੋਟੀ ਉਮਰ ਵਿਚ ਪ੍ਰਦੇਸ ਨਿਕਲੇ ਹੋ ਉਹ ਵੀ ਘਰ ਦੀਆਂ ਮਜਬੂਰੀਆਂ ਕਰਕੇ ਇਹ ਸੁਣਕੇ ਮੈਨੂੰ ਡਾਹਢਾ ਦੁਖ ਹੋਇਆ ਹੈ, ਮੈਂ ਖੁਦ ਤਾਂ ਆਪ ਨੂੰ ਕੋਈ ਕੰਮ ਨਹੀਂ ਦੇ ਸਕਦਾ, ਪਰ ਤਾਂ ਵੀ ਐਨਾ ਜਰੂਰ ਕਰ ਸਕਦਾ ਹਾਂ ਕਿ ਕੋਈ ਨਾ ਕੋਈ ਤੇਰੀ ਨੌਕਰੀ ਦੀ ਤਲਾਸ਼ ਕਰ ਦੇਵਾਂਗਾ ।
ਬਹੁਤ ਹੱਛਾ ਕਹਿਕੇ ਸੁਰਿੰਦਰ ਚਲਣ ਹੀ ਲੱਗਾ ਸੀ · ਕਿ ਬ੍ਰਿਜ ਬਾਬੂ ਨੇ ਵਾਪਸ ਆਪਣੇ ਪਾਸ ਸੱਦਕੇ ਕਿਹਾ-
"ਕੀ ਆਪ ਨੂੰ ਹੋਰ ਏਸ ਸਿਲਸਿਲੇ ਵਿਚ ਕਿਸੇ ਕਿਸਮ ਦੀ ਹੋਰ ਵਾਕਫੀਅਤ ਦੀ ਜ਼ਰੂਰਤ ਨਹੀਂ ?"
"ਜੀ ਨਹੀਂ !"
ਬੱਸ ਏਸ ਨਾਲ ਹੀ ਆਪ ਦਾ ਕੰਮ ਸਰ ਗਿਆ ? ਆਖਰ ਇਹ ਕੀ ਤੁਸੀ ਹੋਰ ਕੁਝ ਕਿਉਂ ਨਹੀਂ ਪੁਛਿਆ ? ਇਹ ਵੀ ਨਹੀਂ ਪੁਛਿਆ ਕਿ ਮੈਂ ਕੀ ਬਦੋਬਸਤ ਕਰ ਸਕਾਂਗਾ ਤੇ ਕਦ ਕਰਾਂਗਾ।"
ਕੁਝ ਸ਼ਰਮਿੰਦਾ ਜਿਹਾ ਹੋ ਕੇ ਸੁਰਿੰਦਰ ਮੁੜ ਠੈਹਰ ਗਿਆ । ਹਸਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ:- ਕਿ ਹੁਣ ਏਥੋਂ ਕਿਧਰ ਨੂੰ ਜਾਓਗੇ ?
“ਏਥੋਂ ਕੁਝ ਦੂਰ ਇਕ ਹਲਵਾਈ ਦੀ ਦੁਕਾਨ ਹੈ - ਪਹਿਲੇ ਉਥੇ ਜਾਵਾਂਗਾ।
"ਉਥੋਂ ਹੀ ਖਾਣਾ ਖਾਓਗੇ ?"
“ਹਾਂ ਹਰ ਰੋਜ਼ ਉਥੋਂ ਹੀ ਖਾਦਾ ਹਾਂ ।
"ਛੀ, ਛੀ........ ਇਹ ਕੰਮ ਬੜਾ ਹੀ ਭੈੜਾ ਹੈ, ਸੇਹਤ ਬਰਬਾਦ ਕਰ ਲਏਗਾ ਅਜ਼ੀਜ਼।
ਸੁਰਿੰਦਰ ਨੇ ਭਰਵੀਂ ਨਿਗਾਹ ਨਾਲ ਬ੍ਰਿਜ ਬਾਬੂ ਵਲ ਦੇਖਿਆ ।
“ਕਿਥੋਂ ਤੱਕ ਤਾਲੀਮ ਹਾਸਲ ਕੀਤੀ ਹੈ ਬਰਖੁਰਦਾਰ ?" "ਮੇਰੇ ਲੜਕੇ ਨੂੰ ਪੜ੍ਹਾ ਸਕੋਗੇ ?
ਸੁਰਿੰਦਰ ਨੂੰ ਉਮੀਦ ਦੀ ਨਿੰਮੀ ਜਿਹੀ ਝਲਕ ਨਜ਼ਰ ਆਈ ਆਖਣ ਲੱਗਾ-ਜੀ ਹਾਂ ਪੜ੍ਹਾ ਲਵਾਂਗਾ। ਬ੍ਰਿਜ ਬਾਬੂ ਨੂੰ ਮੁੜ ਹਾਸਾ ਆ ਗਿਆ ਉਹ ਸੋਚਣ ਲਗੇ ਕਿ ਜ਼ਮਾਨੇ ਦੇ ਫੇਰ ਵਿਚ ਆ ਕੇ ਗਰੀਬ ਦੇ ਹੋਸ਼ ਕਾਇਮ ਨਹੀਂ ਰਹੇ ਉਸ ਨੇ ਇਹ ਵੀ ਨਹੀਂ ਪੁਛਿਆ ਕਿ ਲੜਕੇ ਦੀ ਉਮਰ ਕੀ ਹੈ; ਉਸਨੇ ਕਿਸ ਜਮਾਤ ਦੀ ਤਿਆਰੀ ਕਰਨੀ ਹੈ ਅਜੀਬ ਤਬੀਅਤ ਦਾ ਲੜਕਾ ਹੈ ਫੇਰ ਪੁਛਣ ਲੱਗੇ:-“ਕਿ ਜੇ ਉਹ ਮੁੰਡਾ ਬੀ. ਏ. ਚ ਪੜ੍ਹਦਾ ਹੋਵੇ ਤਾਂ ਫੇਰ-?"
ਸੁਰਿੰਦਰ ਨੇ ਬੜੇ ਠਰੰਮੇ ਤੇ ਗੰਭੀਰਤਾ ਭਰੇ ਚੇਹਰੇ ਨਾਲ ਕਿਹਾ:- ਕੰਮ ਚਲਾ ਹੀ ਲਵਾਂਗਾ।
ਬ੍ਰਿਜ ਬਾਬੂ ਨੇ ਹੋਰ ਜ਼ਿਆਦਾ ਪੁਛਣਾ ਮੁਨਾਸਬ ਨਾ ਸਮਝਿਆ ਤੇ ਆਪਣੇ ਮੁਲਾਜਮ ਨੂੰ ਸਦਕੇ ਕਿਹਾ-
ਬਾਕੇ ! ਇਹਨਾਂ ਲਈ ਰਹਿਣ ਵਾਸਤੇ ਇਕ ਇਕ ਕਮਰਾ ਦਰੁਸਤ ਕਰ ਦੇ ਤੇ ਇਹਨਾਂ ਦੇ ਨਹਾਣ ਤੇ ਖ਼ਾਣ ਲਈ ਵੀ ਇੰਤਜ਼ਾਮ ਕਰ ਦੇ। ਫੇਰ ਸੁਰਿੰਦਰ ਵੱਲ ਤੱਕ ਕੇ ਆਖਿਆ:-ਹੁਣ ਮੈਂ ਆਪ ਨਾਲ ਸ਼ਾਮ ਵੇਲੇ ਮੁਲਾਕਾਤ ਕਰਾਂਗਾ ਤੇ ਜਦ ਤੱਕ ਆਪ ਨੂੰ ਕੋਈ ਕੰਮ ਨਹੀਂ ਮਿਲ ਜਾਂਦਾ ਆਪ ਆਰਾਮ ਨਾਲ ਏਥੇ ਰਹਿ ਸਕਦੇ ਹੋ ।
ਦੁਪਹਿਰ ਨੂੰ ਖਾਣਾ ਖਾਣ ਵੇਲੇ ਬ੍ਰਿਜ 'ਬਾਬੂ ਨੇ ਆਪਣੀ ਲੜਕੀ ਮਾਧੋਰੀ ਨੂੰ ਸਦ ਕੇ ਕਿਹਾ:-ਬੇਟੀ! ਇਕ ਆਫਤ ਦੇ ਮਾਰੇ ਹੋਏ ਗਰੀਬ ਮੁੰਡੇ ਨੂੰ ਮੈਂ ਘਰ ਵਿਚ ਪਨਾਹ ਦਿਤੀ ਹੈ ਤੂੰ........
ਵਿਚੋਂ ਹੀ ਟੋਕਦਿਆਂ ਹੋਇਆਂ ਮਾਧੋਰੀ ਨੇ ਕਿਹਾ:-
ਉਹ ਕੌਣ ਹੈ ਬਾਬੂ ਜੀ ?
ਕਹਿ ਤਾਂ ਦਿਤਾ ਕਿ ਕੋਈ ਮੁਸੀਬਤ ਦਾ ਮਾਰਿਆ ਹੋਇਆ ਹੈ ਇਸ ਤੋਂ ਜ਼ਿਆਦਾ ਮੈਨੂੰ ਹੋਰ ਕੁਝ ਮਾਲੂਮ ਨਹੀਂ, ਹਾਂ, ਸਿਆਣਾ ਮੁੰਡਾ ਲਗਦਾ ਹੈ। ਤੇਰੇ ਵਡੇ ਭਰਾ ਨੂੰ ਪੜ੍ਹਾਨ ਲਈ ਰਜ਼ਾਮੰਦ ਹੋ ਗਿਆ ਸੀ ਜੋ ਆਦਮੀ ਬੀ. ਏ. ਪੜ੍ਹਦੇ ਨੂੰ ਤਾਲੀਮ ਦੇਣ ਲਈ ਤਿਆਰ ਹੋ ਪਿਆ ਹੈ ਉਹ ਤੇਰੀ ਛੋਟੀ ਭੈਣ ਨੂੰ ਤਾਂ ਜਰੂਰ ਹੀ ਪੜ੍ਹਾ ਲਏਗਾ ਮੇਰਾ ਖਿਆਲ ਹੈ ਤੂੰ ਉਸ ਨੂੰ ਪਰਮਲਾ ਦਾ ਮਾਸਟਰ ਮੁਕਰਰ ਕਰ ਦੇ !
ਮਾਧੋਰੀ ਨੇ ਕੋਈ ਇਤਰਾਜ਼ ਨਾ ਕੀਤਾ।
ਉਸੇ ਦਿਨ ਸ਼ਾਮ ਵੇਲੇ ਬ੍ਰਿਜ ਬਾਬੂ ਨੇ ਸੁਰਿੰਦਰ ਨੂੰ ਆਪਣੇ ਪਾਸ ਬੁਲਾਇਆ ਤੇ ਜੋ ਗਲ ਬਾਤ ਮਾਧੋਰੀ ਨਾਲ ਪੱਕੀ ਹੋਈ ਸੀ ਉਹ ਸੁਰਿੰਦਰ ਨੂੰ ਆਖ ਸੁਣਾਈ ਉਸ ਤੋਂ ਅਗਲੇ ਦਿਨ ਸੁਰਿੰਦਰ ਨੇ ਪਰਮਲਾ ਨੂੰ ਪੜ੍ਹਾਨਾ ਸ਼ੁਰੂ ਕਰ ਦਿਤਾ।
ਪਰਮਲਾ ਸੱਤ ਵਰਿਆ ਦੀ ਕੁੜੀ ਸੀ ਹਾਲਾਂ ਉਹ ਪਹਿਲਾ ਕਾਇਦਾ ਹੀ ਪੜ੍ਹਦੀ ਸੀ ਪਰ ਵਡੀ ਭੈਣ ਮਾਧੋਰੀ ਪਾਸੋਂ ਉਸ ਨੇ ਰੀਡਰ ਮੈਂਡਿਕ ਦੀ ਕਹਾਣੀ ਪੜ੍ਹੀ ਸੀ, ਮਤਲਬ ਇਹ ਕਿ ਅਜ ਪਰਮਲਾ ਨਵੀਂ ਕਾਪੀ ਕਿਤਾਬ ਸਲੇਟ ਪਿੰਨਸਲ ਕਲਮ ਆਦਿ ਸਮਾਨ ਲੈਕੇ ਨਵੇਂ ਮਾਸਟਰ ਸਾਹਿਬ ਪਾਸੋਂ ਪੜ੍ਹਨ ਆਈ ।
ਡੂ ਨੋਟ ਮੂਵ ਸੁਰਿੰਦਰ ਨੇ ਦਸਿਆ ਇਸ ਦੇ ਅਰਥ ਹੁੰਦੇ ਨੇ ਮਤੇ ਹਿਲੇ ਪਰਮਲਾ ਯਾਦ ਕਰਨ ਲਗੀ ਪਈ। ਕੁਝ ਚਿਰ ਪਿਛੋਂ ਉਦਾਸੀ ਤੇ ਬੇਦਿਲੀ ਨਾਲ ਸਲੇਟ ਚੁਕ ਕੇ ਸੁਰਿੰਦਰ ਰਿਆਜ਼ੀ ਦੇ ਮੁਸ਼ਕਲ ਸਵਾਲ ਹਲ ਕਰ ਕੇ ਆਪਣਾ ਵਕਤ ਕਟਨ ਲਗ ਪਿਆ ਸੱਤ---ਅੱਠ--ਤੇ ਫੇਰ ਨੌਂ ਵਜ ਗਏ ਪਰਮਲਾ ਕਦੇ ਏਧਰ ਕਦੇ ਉਧਰ ਪਾਸੇ ਮਾਰਦੀ ਹੋਈ ਕਿਤਾਬ ਦੀ ਤਸਵੀਰ ਨੂੰ ਰੰਗਦੀ ਹੋਈ ਯਾਦ ਕਰ ਰਹੀ ਸੀ ਡੂ ਨੋਟ ਮੂਵ ਦੇ ਅਰਥ ਹੁੰਦੇ ਨੇ ਮਤ ਹਿਲੋ । ਆਖਰ ਉਸ ਨੇ ਅੱਕ ਕਿ ਕਿਹਾ:-
ਮਾਸਟਰ ਸਾਹਿਬ ! ਹੁਣ ਮੈਂ ਅੰਦਰ ਜਾਵਾਂ ?
"ਜਾਓ ।"
ਸੁਰਿੰਦਰ ਦਾ ਸਵੇਰ ਦਾ ਵੇਲਾ ਏਸੇ ਤਰਾਂ ਗੁਜ਼ਰ ਜਾਂਦਾ ਪਰ ਦੁਪਹਿਰ ਦੇ ਕੰਮ ਦੀ ਵੰਡ ਅਜੀਬ ਹੀ ਸੀ । ਬ੍ਰਿਜ ਬਾਬੂ ਨੇ ਆਪਨੇ ਸਜਨਾਂ ਮਿਤਰਾਂ ਦੇ ਨਾਂ ਚਿਠੀਆਂ ਲਿਖ ਕੇ ਸੁਰਿੰਦਰ ਨੂੰ ਦਿੱਤੀਆਂ ਹੋਈਆਂ ਸਨ ਉਹ ਚਿਠੀਆਂ ਖੀਸੇ ਚ ਪਾ ਕੇ ਘਰੋਂ ਨਿਕਲਦਾ ਤੇ ਉਹਨਾਂ ਦੇ ਪਤੇ ਪੁਛਦਾ ਫਿਰਦਾ ਆਖਰ ਉਹਨਾਂ ਦੇ ਘਰਾਂ ਦੇ ਸਾਹਮਣੇ ਜਾ ਖੜਾ ਹੁੰਦਾ ਤੇ ਦੇਖਦਾ ਰਹਿੰਦਾ.... ਮਕਾਨ ਕਿਹੋ ਜਿਹਾ ਹੈ ਕਿੰਨੀਆਂ ਬਾਰੀਆਂ ਹਨ ਦਰਵਾਜੇ ਕਿੰਨੇ ਹਨ ਤੇ ਰੋਸ਼ਨਦਾਨਾਂ ਦੀ ਕਿੰਨੀ ਕੁ ਤਦਾਦ ਹੈ। ਕਮਰੇ ਕਿੰਨੇ ਕੁ ਹੋਨਗੇ ਅਮਾਰਤ ਦੀਆਂ ਦੋ ਮਨਜਲਾਂ ਹਨ ਜਾਂ ਤਿੰਨ ? ਫਾਟਕ ਦੇ ਸਾਹਮਨੇ ਬਿਜਲੀ ਦਾ ਖੰਬਾ ਹੈ ਜਾਂ ਨਹੀਂ? ਬਸ ਏਸੇ ਤਰਾਂ ਦੇਖ ਚਾਖ ਕੇ ਉਹ ਏਧਰ ਉਧਰ ਫਿਰਨ ਤੋਂ ਬਾਅਦ ਸੰਧਿਆ ਹੋਨ ਵੇਲੇ ਘਰ ਵਾਪਸ ਮੁੜ ਆਉਂਦਾ ਸੀ ਕਲਕਤੇ ਆ ਕੇ: ਸੁਰਿੰਦਰ ਨੇ ਕੁਲ ਕਿਤਾਬਾਂ ਬਜ਼ਾਰੋਂ ਖਰੀਦੀਆਂ ਸਨ ਤੇ ਕੁਝ ਘਰੋਂ ਵੀ ਨਾਲ ਲਈ ਆਇਆ ਸੀ ਰਾਤੀ ਲੈਪ ਦੀ ਤੇਜ ਰੋਸ਼ਨੀ ਵਿਚ ਬੈਠ ਕੇ ਉਨਾਂ ਨੂੰ ਪੜ੍ਹਦਾ ਰਹਿੰਦਾ ਜੇ ਕਦੇ ਕਦਾਈਂ ਬ੍ਰਿਜ ਬਾਬੂ ਕੰਮ ਲਭਨ ਬਾਰੇ ਪੁਛਦੇ ਸਨ ਤਾਂ ਇਕ ਦੰਮ ਚੁਪ ਕਰਕੇ ਬੈਠ ਜਾਂਦਾ ਜਿਕੁਨ ਕੁਝ ਸੁਨਿਆ ਹੀ ਨਹੀਂ ਦੁਬਾਰਾ ਮੁੜ ਪੁਛਨ ਤੇ ਮਸਾਂ ਮਸਾਂ ਉਸ ਦੇ ਮੂੰਹੋਂ ਨਿਕਲਦਾ:-
“ਵਡੇ ਆਦਮੀਆਂ ਨਾਲ ਮੇਲ ਜੋਲ ਹੀ ਨਹੀਂ ਹੁੰਦਾ।" ਬ੍ਰਿਜ ਬਾਬੂ ਦੀ ਪਤਨੀ ਨੂੰ ਗੁਜਰਿਆਂ ਅਜ ਚਾਰ ਵਰ੍ਹੇ ਬੀਤ ਚੁੱਕੇ ਹਨ ਇਹ ਮੁਸੀਬਤ ਅਜੇ ਕਿਹੜੀ ਸਹਾਰਨ ਜੋਗੀ ਸੀ ਕਿ ਉਹਨਾਂ ਦੀ ਲਾਡਲੀ ਪੁਤਰੀ ਮਾਧੋਰੀ ਦੇਵੀ ਸੋਲ੍ਹਾਂ ਵਰ੍ਹਿਆਂ ਦੀ ਹੀ ਉਮਰ ਵਿਚ ਵਿਧਵਾ ਹੋ ਗਈ । ਇਸ ਅਸਹਿ ਦੁਖ ਨੇ ਤਾਂ ਬ੍ਰਿਜ ਬਾਬੂ ਦਾ ਲੱਕ ਹੀ ਤੋੜ ਛਡਿਆ । ਉਸ ਨੂੰ ਉਹ ਵੇਲਾ ਯਾਦ ਆ ਗਿਆ ਜਦ ਬੜੇ ਲਾਡ ਪਿਆਰ ਨਾਲ ਤੇ ਬੜੀ ਧੂਮ ਧਾਮ ਨਾਲ ਬੇਟੀ ਦਾ ਵਿਆਹ ਕੀਤਾ ਸੀ । ਉਹ ਖੁਦ , ਬਹੁਤ ਅਮੀਰ ਸਨ ਏਸੇ ਲਈ ਉਹਨਾਂ, ਏਸ ਗਲ ਦੀ ਰਤੀ ਭਰ ਪ੍ਰਵਾਹ ਨਹੀਂ ਸੀ ਕੀਤੀ ਕਿ ਲੜਕੇ ਵਾਲੇ ਵੀ ਜ਼ਰੂਰ ਦੌਲਤਮੰਦ ਹੋਣ । ਉਹਨਾਂ ਨੇ ਤਾਂ ਸਿਰਫ ਲੜਕੇ ਦੀ ਸੇਹਤ ਤੇ ਸ਼ਰਾਫਤ ਵਲ ਹੀ ਨਿਗਾਹ ਕੀਤੀ ਸੀ । ਪਰ ਆਹ----ਕਿਸਮਤ ਨੇ ਸਾਥ ਨਾ ਦਿਤਾ।
ਬਾਰ੍ਹਵੇਂ ਵਰੇ ਵਿਚ ਮਾਰੀ ਦਾ ਵਿਆਹ ਹੋਇਆ ਸੀ। ਉਹ ਕੇਵਲ ਤਿੰਨ ਵਰੇ ਹੀ ਸੌਹਰੇ ਰਹੀ ਉਥੇ ਉਸ ਲਈ ਪਿਆਰ ਮੁਹਬਤ, ਇਜ਼ਤ ਸਭ ਕੁਝ ਸੀ ਪਰ ਆਹ---ਵਿਆਹ ਦੇ ਕੁਝ ਵਰ੍ਹੇ ਪਿਛੋਂ ਯੋਗਿੰਦਰ ਨਾਥ ਮੌਤ ਦਾ ਸ਼ਿਕਾਰ ਬਣ ਗਿਆ ਤੇ ਬ੍ਰਿਜ ਨਾਥ ਉਹ ਤਾਂ ਬੁਢਾਪਾ ਆਉਣ ਤੋਂ ਪਹਿਲਾਂ ਹੀ ਬੁਢੇ ਹੋ ਗਏ।
ਯੋਗਿੰਦਰ ਨੇ ਆਖਰੀ ਸਮੇਂ, ਮਾਧੋਰੀ ਨੂੰ ਰੋਂਦਿਆਂ ਵੇਖ ਬੜੀ ਮੁਲਾਇਮ ਤੇ ਪਿਆਰ ਭਰੀ ਅਵਾਜ਼ ਵਿਚ ਕਿਹਾ ਸੀ:-
ਪਿਆਰੀ ਮਾਧੋਰੀ ! ਅਜ ਮੈਂ ਤੈਨੂੰ ਅਕੱਲਿਆਂ ਛਡਕੇ ਜਾ ਰਿਹਾ ਹਾਂ ਜਿਸ ਕਾਰਨ ਮੈਨੂੰ ਬਹੁਤ ਦੁਖ ਹੈ । ਮੈਂ ਤਾਂ ਮਰ ਹੀ ਰਿਹਾ ਹਾਂ ਪਰ ਤੂੰ ਜੋ ਦੁਖ ਸਾਰੀ ਉਮਰ ਸਹਿੰਦੀ ਰਹੇਗੀ ਉਸ ਨੂੰ ਚੇਤੇ ਆਉਂਦਿਆਂ ਮੇਰਾ ਦਿਲ ਤੜਪ ਰਿਹਾ ਹੈ। ਆਹ-ਜੀ ਭਰ ਕੇ ਤੈਨੂੰ ਪਿਆਰ ਨਾ ਕਰ ਸਕਿਆ ਤੇ ਰੱਜ ਕੇ ਤੇਰੀ ਕਦਰ ਵੀ ਨਹੀਂ ਸੀ ਕੀਤੀ ਜਿਸ ਕਾਰਨ ਮੈਨੂੰ ਅਸਹਿ ਦੁਖ ਸਤਾ ਰਿਹਾ ਹੈ।
ਯੋਗਿੰਦਰ ਦੀਆਂ ਅਖਾਂ ਵਿਚੋਂ ਅਥਰੂਆਂ ਦੀ ਧਾਰ ਉਸ ਦੇ ਪਾਟ ਰਹੇ ਸੀਨੇ ਤੋਂ ਜਿਸ ਦੇ ਅੰਦਰ ਉਸ ਦੇ ਦਿਲ ਦੀਆਂ ਆਖਰੀ ਧੜਕਨਾਂ ਖਤਮ ਹੋ ਰਹੀਆ ਸਨ ਵਹਿ ਰਹੀਆਂ ਸਨ । ਆਪਨੇ ਅੱਥਰੂਆਂ ਨੂੰ ਪੂੰਜਦਿਆਂ ਹੋਇਆਂ ਮਾਧੋਰੀ ਨੇ ਕਿਹਾ ਸੀ.... ਦੂਜੇ ਜਨਮ ਵਿਚ ਸੁਵਾਮੀਂ ਜਦ ਆਪ ਦੇ ਚਰਨਾਂ ਵਿਚ ਮੈਨੂੰ ਥਾਂ ਮਿਲੇਗੀ ਤੇ ਰੱਜ ਰੱਜ ਕੇ ਪਿਆਰ ਕਰ ਲੈਣਾ ਤਦ ਯੋਗਿੰਦਰ ਨੇ ਕਿਹਾ ਸੀ........ਮਾਧੋਰੀ ! ਧਿਆਨ ਨਾਲ ਮੇਰੀ ਗੱਲ ਸੁਣ ! ਹੁਣ ਤੂੰ ਆਪਣੀ ਬਾਕੀ ਉਮਰ ਯਤੀਮਾਂ ਦੁਖੀਆਂ ਤੇ ਬੇਵਾ ਔਰਤਾਂ ਦੀ ਸੇਵਾ ਕਰਦਿਆਂ ਗੁਜਾਰੀਂ ! ਜਿਸ ਮਨੁੱਖ ਦੇ ਚਿਹਰੇ ਤੇ ਉਦਾਸੀ ਤੇ ਮੁਸੀਬਤ ਦੀਆਂ ਕਾਲੀਆਂ ਘਟਾ ਛਾਈਆਂ ਹੋਈਆਂ ਦੇਖੇਂ ਉਸਨੂੰ ਸੁਖ ਤੇ ਆਰਾਮ ਦੇਣ ਦੀ ਕੋਸ਼ਸ਼ ਕਰੀਂ। ਰਹਿਮ ਤੇ ਦਇਆ ਦੀ ਦੇਵੀ ਬਣ ਕੇ ਦਰਦ ਮੰਦ ਦੀ ਦਰਦੀ ਮਾਂ ਬਣਨਾ । ਹਰ ਗਮ ਨਸੀਬ ਦੇ ਜ਼ਖ਼ਮ ਦੀ ਮਲ੍ਹਮ ਬਣੀ। ਮਾਧੋਰੀ ! ਤੈਨੂੰ ਜ਼ਰੂਰ ਸ਼ਾਨਤੀ ਮਿਲੇਗੀ ਦਿਲ ਨੂੰ ਤਿਸਕੀਨ ਮਿਲੇਗਾ----ਤੇ ਮੇਰੀ ਰੂਹ ਨੂੰ ਆਸਮਾਨ ਤੇ ਜਰੂਰ ਠੰਢਕ ਤੇ ਸ਼ਾਨਤੀ ਨਸੀਬ ਹੋਵੇਗੀ । ਬਸ ਹੋਰ ਕੀ ਆਖਾਂ ਮਾਧੋਰੀ--ਤੇ ਰੁਕੇ ਹੋਇ ਅਥਰੂ ਦੋਵਾਂ ਦੇ ਬਰਸਾਤ ਵਾਂਗ ਵਹਿ ਤੁਰੇ। ਉਸ ਨੇ ਰੁਕ ਰੁਕ ਕੇ ਆਖਰੀ. ਲਫਜ਼ ਕਹੇ--ਸਾਬਤ ਕਦਮ ਰਹੀਂ --- ਤੇਰੀ ਪਵਿੱਤਰਤਾ ਤੇ ਪਤੀ ਬਰਤਾ ਨਾਲ ਮੈਂ ਤੈਨੂੰ ਦੁਬਾਰਾ ਹਾਸਲ ਕਰ ਸਕਾਂਗਾ।
ਉਸੇ ਦਿਨ ਤੋਂ ਮਾਧੋਰੀ ਵਿਚ ਇਨਕਲਾਬ ਸ਼ੁਰੂ ਹੋ ਗਿਆ ਉਹ ਹੁਣ ਇਕ ਖਾਮੋਸ਼ ਔਰਤ ਹੋ ਗਈ । ਗੁਸਾ, ਸਾੜਾ, ਕੀਨਾ, ਹੱਸਦ, ਤੇ ਸ਼ੋਖੀ ਇਹ ਸਾਰੇ ਜਜ਼ਬਾਤ ਉਸਦੇ ਪਤੀ ਦੀ ਲਾਸ਼ ਨਾਲ ਹੀ ਚਿਤਾ ਵਿਚ ਸੜਕੇ ਸਵਾਹ ਹੋ ਕੇ ਯੋਗਿੰਦਰ ਦੀ ਸਵਾਹ ਨਾਲ ਗੰਗਾ ਵਿਚ ਬਹਿ ਗਏ । ਜਿੰਦਗੀ ਨਾਲ ਇਨਸਾਨ ਦੀਆਂ ਕਿੰਨੀਆਂ ਖਾਹਸ਼ਾਂ ਤੇ ਕਿੰਨੀਆਂ ਹੀ ਹਸਰਤਾਂ ਨਾਲ ਨਾਲ ਸ਼ਾਮਲ ਰਹਿੰਦੀਆਂ ਹਨ। ਤੇ ਏਸੇ ਹੀ ਤਰਾਂ ਬੇਵਾ ਔਰਤ ਦੀਆਂ ਖਾਹਸ਼ਾਂ ਤੇ ਹਸਰਤਾਂ ਵੀ ਮਿਟ ਨਹੀਂ ਜਾਂਦੀਆਂ । ਇਹੋ ਹੀ ਹਾਲਤ ਮਾਧੋਰੀ ਦੀ ਸੀ ਉਸ ਦੀਆਂ ਵੀ ਖਾਹਸ਼ਾਂ ਤੇ ਹਸਰਤਾਂ ਕਦੇ ਕਦਾਈਂ ਉਸਦੇ ਮਨ ਵਿਚ ਤਰੰਗਾਂ ਬਣ ਬਣ ਕੇ ਉਮਡਦੀਆਂ ਸਨ ਪਰ ਉਸ ਵੇਲੇ....ਉਸਨੂੰ ਯੋਗਿੰਦਰ ਦੇ ਉਹ ਆਖਰੀ ਲਫਜ ਯਾਦ ਆ ਜਾਂਦੇ ਜਿਸ ਦਾ ਮਾਧਰੀ ਨੂੰ ਨਾਜ਼ ਸੀ, ਘਮੰਡ ਸੀ, ਅਗਰ ਉਹ ਹੀ ਨਹੀਂ ਰਿਹਾ ਤਾਂ ਉਹ ਨਾਜ਼ ਕਰੇ ਤਾਂ ਕਿਸ ਨਾਲ ? ਜੋ ਘੁਮੰਡ ਕਰੇ ਤਾਂ ਕਿਸ ਤੇ ?
ਐਸ ਵੇਲੇ ਮਾਧੋਰੀ ਦੇ ਮਨ ਦੇ ਬਾਗ ਵਿਚ ਪਵਿਤਰਤਾ ਦੇ ਬੇਸ਼ੁਮਾਰ ਫੁਲ ਲਹਿਰਾ ਰਹੇ ਸਨ-- ਜਦ ਉਹ ਸੁਹਾਗਣ ਸੀ ਤਦ ਵੀ ਇਹ ਫੁਲ ਮੁਸਕਾਂਦੇ ਸਨ ਤੇ ਉਹ ਇਹਨਾਂ ਦੀ ਮਾਲਾ ਰੁੱਧ ਕੇ ਯੋਗਿੰਦਰ ਦੇ ਗਲ ਵਿਚ ਪਾਂਦੀ ਹੁੰਦੀ ਸੀ, ਪਰ ਹੁਣ ਭਾਵੇਂ ਉਸਦੇ ਪਤੀ ਦੇਵ ਨਹੀਂ ਰਹੇ। ਲੇਕਿਨ ਉਸਨੇ ਆਪਣੇ ਮਨ ਦੇ ਬਾਗ ਦੇ ਸਦਾ ਬਹਾਰੀ ਫੁਲਾਂ ਨੂੰ ਜੜੋਂ ਪੁਟ ਕੇ ਸੁਟ ਨਹੀਂ ਸੀ ਦਿਤਾ ਉਹ ਬਾਗ----ਸੁਕਿਆ ਨਹੀਂ ਸੀ, ਫੁਲ ਉਸ ਵਿਚ ਹਾਲਾਂ ਵੀ ਲੱਗਦੇ ਹਨ ਤੇ ਆਪਣੀ ਮਸਤ ਖੁਸ਼ਬੂਆਂ ਨਾਲ ਕਿਸੇ ਨੂੰ ਮਸਤ ਕੀਤੇ ਬਿਨਾਂ ਹੀ ਮੁਰਝਾ ਕੇ ਜਮੀਨ ਤੇ ਬਿਖਰ ਜਾਂਦੇ ਹਨ । ਉਹ ਇਹਨਾਂ ਦੀ ਹੁਣ ਮਾਲਾ ਨਹੀਂ ਗੁੰਧਦੀ---ਆਪਣੀ ਹਸਰਤਾਂ ਦੇ ਇਹਨਾਂ ਮੁਰਝਾਏ ਹੋਇਆਂ ਫੁਲਾਂ ਨੂੰ ਬੁਕ ਭਰ ਭਰ ਕੇ ਦੁਖੀਆਂ ਤੇ ਮੁਸੀਬਤਾਂ ਦੇ ਮਾਰੇ ਹੋਇਆਂ ਨੂੰ ਭੇਟਾ ਕਰ ਦੇਂਦੀ ਹੈ । ਇਸੇ ਲਈ ਏਸ ਦੇ ਸ਼ਾਂਤ ਤੇ ਖਾਮੋਸ਼ ਚੇਹਰੇ ਤੇ ਉਦਾਸੀ ਦਾ ਪਰਛਾਵਾਂ ਤੱਕ ਵੀ ਨਹੀਂ ਪੈਂਦਾ ਤੇ ਉਸਦੇ ਮੱਥੇ ਤੇ ਕਦੇ ਕਿਸੇ ਨੇ ਤਿਉੜੀ ਨਹੀਂ ਦੇਖੀ।
ਮਾਧੋਰੀ ਦੇਵੀ ਦੇ ਰਹਿਮ ਦਾ ਉਹੋ ਹਾਲ ਸੀ ਜੋ ਭਾਦਰੋਂ ਵਿਚ ਪਵਿੱਤਰ ਗੰਗਾ ਦਾ ਹੋਇਆ ਕਰਦਾ ਹੈ, ਹੁਣ ਉਹ ਕਈਆਂ ਦਿਨਾਂ ਤੋਂ ਸੌਹਰੇ ਛੱਡ ਕੇ ਪੇਕੇ ਚਲੀ ਆਈ ਹੈ, ਜਿਸ ਤਰਾਂ ਵਿਰਾਨ ਬਾਗ ਵਿਚ ਬਹਾਰ ਨੇ ਡੇਰੇ ਜਮਾ ਲਏ ਹਨ । ਸਭ ਏਸਨੂੰ ਬੜੀ ਦੀਦੀ ਕਹਿਕੇ ਸੱਦਦੇ ਹਨ। ਸਾਰੇ ਹੀ ਦੇਵੀ ਮਾਧੋਰੀ ਦੇ ਪੁਜਾਰੀ ਹਨ । ਘਰ ਦਾ ਪਾਲਤੁ ਕੁਤਾ ਵੀ ਦਿਨ ਤੋਂ ਬਾਅਦ ਸ਼ਾਮ ਨੂੰ ਇਕ ਵੇਰਾਂ ਮਾਧੋਰੀ ਦੇਵੀ ਦੇ ਦਰਸ਼ਨ ਕਰਨ ਨੂੰ ਆਉਂਦਾ ਹੈ । ਘਰ ਦੇ ਮਾਲਕ ਬ੍ਰਿਜ ਬਾਬੂ ਤੋਂ ਲੈਕੇ ਗੁਮਾਸ਼ਤਾ ਜਮਾਂਦਾਰ ਤੇ ਸਭ ਤੋਂ ਨਿਕੇ ਤੋਂ ਨਿੱਕੇ ਨੌਕਰ ਹੋਰ ਵੀ ਹਰ ਕੋਈ ਬੜੀ ਦੀਦੀ ਦੇ ਦਰਸ਼ਨ ਦਾ ਅਭਿਲਾਖੀ ਹੈ । ਸਭ ਦੇ ਮਨ ਅੰਦਰ ਉਸਦੀ ਮੂਰਤ ਹੈ ਸਾਰੇ ਉਸ ਦੇ ਸਹਾਰੇ ਰਹਿੰਦੇ ਹਨ । ਹਰ ਇਕ ਨੂੰ ਇਹ ਪੁੱਖਤਾ ਯਕੀਨ ਹੈ ਕਿ ਖਾਹ ਕੁਝ ਹੋਇ ਬੜੀ ਦੀਦੀ ਤੇ ਉਸਦਾ ਦੂਜਿਆਂ ਨਾਲੋਂ ਜ਼ਿਆਦਾ ਹੱਕ ਹੈ ਉਹ ਦੂਸਰਿਆਂ ਨਾਲੋਂ ਮੇਰੇ ਨਾਲ ਚੰਗਾ ਵਰਤਾਵਾ ਕਰਦੀ ਹੈ।
ਸੁਣਿਆਂ ਹੈ ਸਵਰਗ ਵਿਚ ਇੰਦਰ ਦੇ ਪਾਸ ਇਕ ਐਸਾ ਕਲਪ ਬ੍ਰਿਛੁ ਹੈ ਜਿਸ ਪਾਸੋਂ ਜੋ ਮੰਗੀਏ ਉਹ ਹਾਜਰ ਕਰ ਦੇਂਦਾ ਹੈ ਪਰ ਇਹ ਸੁਣਿਆਂ ਹੈ ਦੇਖਿਆ ਨਹੀਂ, ਏਸ ਲਈ ਏਸ ਦੇ ਮੁਤੱਲਕ ਠੀਕ ਕੁਝ ਕਹਿਣਾ ਮੁਨਾਸਿਬ ਨਹੀਂ ਪਰ ਬ੍ਰਿਜ ਬਾਬੂ ਦੇ ਘਰ ਠੀਕ ਕਲਪ ਬ੍ਰਿਛ ਹੈ ਅਤੇ ਉਹ ਹੈ ਮਾਧੋਰੀ ਜਿਸ ਪਾਸ ਹੱਥ ਪਸਾਰਿਆ ਕਦੇ ਨਹੀਂ ਖਾਲੀ ਗਿਆ।
ਇਸ ਹਮਦਰਦ ਖਾਨਦਾਨ ਵਿਚ ਆ ਕੇ ਸੁਰਿੰਦਰ ਨੂੰ ਜੀਵਨ ਬਿਤਾਣ ਦਾ ਇਕ ਨਿਰਾਲਾ ਹੀ ਤਰੀਕਾ ਦੇਖਿਆ, ਕਿ ਘਰ ਦੇ ਸਭ ਲੋਕਾਂ ਨੇ ਆਪਣਾ ਭਾਰ ਇਕੋ ਹੀ ਇਨਸਾਨ ਤੇ ਪਾ ਰਖਿਆ ਹੈ ਏਸੇ ਲਈ ਸੁਰਿੰਦਰ ਨੂੰ ਦੂਸਰਿਆਂ ਦੇ ਪਿੱਛੇ ਲੱਗਣਾ ਪਿਆ, ਪਰ ਇਸਦਾ ਖਿਆਲ ਦੂਜਿਆਂ ਦੀ ਨਿਸਬਤ ਹੋਰ ਸੀ ਉਹ ਸੋਚਦਾ ਸੀ ਕਿ ਇਸ ਘਰ ਦੇ ਅੰਦਰ ਬੜੀ ਦੀਦੀ ਨਾਮੀ ਇਕ ਪਵਿੱਤਰ ਹਸਤੀ ਹੈ ਉਹੋ ਹੀ ਸਭ ਦੀ ਦੇਖ ਭਾਲ ਕਰਦੀ ਹੈ ਹਰ ਕਿਸਮ ਦੀ ਜ਼ਰੂਰਤ ਪੂਰੀ ਕਰਦੀ ਹੈ ਉਹ ਕਿਸੇ ਦੀ ਫਰਮਾਇਸ਼ ਰੱਧ ਨਹੀਂ ਕਰਦੀ ਜੋ ਚੀਜ਼ ਉਸ ਪਾਸੋ ਮੰਗੀ ਜਾਏ ਉਹ ਪੂਰੀ ਕਰ ਦੇਂਦੀ ਹੈ । ਕਲਕੱਤੇ ਦੀਆਂ ਸੜਕਾਂ ਤੇ ਦਰ-ਬਦਰ ਠੋਕਰਾਂ ਖਾਣ ਨਾਲ ਸੁਰਿੰਦਰ ਨੂੰ ਆਪਣੀ ਫਿਕਰ ਆਪ ਪੂਰੀ ਕਰਨ ਲਈ ਅਹਿਸਾਸ ਹੋਇਆ ਸੀ ਪਰ ਏਸ ਘਰ ਵਿਚ ਆਉਣ ਨਾਲ ਉਸਦੇ ਸਭ ਫਿਕਰ, ਸੁਪਨਾ ਬਣ ਕੇ ਖਤਮ ਹੋ ਗਏ, ਉਸਨੂੰ ਇਹ ਯਾਦ ਵੀ ਨਾ ਰਿਹਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਉਸਨੂੰ ਆਪਣੀ ਫਿਕਰ ਆਪ ਪੂਰੀ ਕਰਨ ਲਈ ਤਲਖ ਤਜਰਬਾ ਹੋਇਆ ਸੀ । ਕੋਟ, ਕਮੀਜ਼, ਧੋਤੀ, ਜੁੱਤੀ, ਛਤਰੀ, ਸੋਟੀ, ਵਗੈਰਾ, ਵਗੈਰਾ, ਜਿਨ੍ਹਾਂ ਚੀਜ਼ਾਂ ਦੀ ਆਦਮੀ ਨੂੰ ਜਰੂਰਤ ਹੁੰਦੀ ਹੈ ਉਹ ਸਭ ਕਾਫੀ ਗਿਣਤੀ ਵਿਚ ਉਸ ਪਾਸ ਹਾਜ਼ਰ ਹੋ ਗਈਆਂ ਸਨ। ਗੁਲੂਬੰਦ ਤੇ ਰੁਮਾਲ ਤਕ ਪਤਾ ਨਹੀਂ ਉਸਦੇ ਕਪੜ੍ਹਿਆਂ ਵਿਚ ਤਹਿ ਕਰਕੇ ਰੱਖ ਜਾਂਦਾ ਸੀ ਪਹਿਲੇ ਪਹਿਲ ਤਾਂ ਉਸਨੂੰ ਬੜੀ ਹੈਰਾਨੀ ਹੋਈ ਕਿ ਇਹ ਕੌਣ ਸਭ ਕੁਝ ਮੇਰੀ ਲੋੜ ਪੂਰੀ ਕਰਦਾ ਹੈ ਪਰ ਹੌਲੇ ਹੌਲੇ ਉਸਨੂੰ ਸਭ ਕੁਝ ਮਾਲੂਮ ਹੋ ਗਿਆ ।
ਜਦ ਕਦੇ ਉਹ ਕਿਸੇ ਨੂੰ ਇਸ ਬਾਰੇ ਪੁਛਦਾ ਤਾਂ ਉਸਨੂੰ ਅਗੋਂ ਇਹ ਹੀ ਜਵਾਬ ਮਿਲਦਾ ਕਿ ਬੜੀ ਦੀਦੀ ਨੇ ਭੇਜਿਆ ਹੈ ਰੋਟੀ ਤੋਂ ਲੈਕੇ ਸਮਾਨ ਦੀ ਭਰੀ ਹੋਈ ਜੋ ਥਾਲੀ ਅੰਦਰੋਂ ਆਉਂਦੀ ਉਸਨੂੰ ਦੇਖਦਿਆਂ ਹੀ ਇਸ ਨੂੰ ਯਕੀਨ ਆ ਜਾਂਦਾ ਕਿ ਮਮਤਾ ਦੀ ਮੂਰਤ ਬੜੀ ਦੀਦੀ ਹੀ ਸਭ ਕੁਝ ਆਪਣੇ ਹੱਥ ਨਾਲ ਸਜਾ ਕੇ ਭੇਜਦੀ ਹੈ ਇਕ ਦਿਨ ਜੁਗਰਾਫੀਆ ਦਾ ਮੁਤਾਲਿਆ ਕਰਦੇ ਕਰਦੇ ਸੁਰਿੰਦਰ ਨੂੰ ਕਮਪਾਸ ਦੀ ਜਰੂਰਤ ਹੋਈ । ਉਸਨੇ ਪਰਮਲਾ ਨੂੰ ਆਖਿਆ:-
ਪਰਮਲਾ ਜ਼ਰਾ ਜਾਂਕੇ ਬੜੀ ਦੀਦੀ ਪਾਸੋਂ ਇਕ ਕਸਪਾਸ ਤੇ ਲੈ ਆ, ਬੜੀ-- ਦੀਦੀ ਭਲਾ ਕਮਪਾਸ ਨਾਲ ਕੀ ਕੰਮ ? ਮਾਧੋਰੀ ਨੇ ਫੌਰਨ ਬਜ਼ਾਰ ਤੋਂ ਖਰੀਦ ਮੰਗਾਇਆ ਤੇ ਸੁਰਿੰਦਰ ਨੂੰ ਭੇਜ ਦਿਤਾ । ਸੰਧਿਆ ਵੇਲੇ ਸੈਰ ਕਰਨ ਤੋਂ ਬਾਅਦ ਸੁਰਿੰਦਰ ਨੇ ਆਪਣੀ ਮੇਜ਼ ਤੇ ਕਮਪਾਸ ਪਿਆ ਹੋਇਆ ਦੇਖਿਆ ਸਵੇਰੇ ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਕੋਲ ਬੜੀ ਦੀਦੀ ਨੇ ਭੇਜਿਆ ਸੀ ।
ਇਸ ਤੋਂ ਬਾਅਦ ਕਈ ਕਈ ਵਾਰੀ ਸੁਰਿੰਦਰ ਐਸੀਆਂ ਐਸੀਆਂ ਚੀਜ਼ਾਂ ਮੰਗਣ ਲੱਗ ਪਿਆ, ਜਿਸ ਕਾਰਨ ਮਾਧੋਰੀ ਬੜੀ ਮੁਸ਼ਕਲ ਵਿਚ ਫਸਣ ਲੱਗ ਪਈ । ਬੜੀ ਮੁਸੀਬਤ ਨਾਲ ਜਿਥੇ ਤੇ ਜਿਸ ਜਗਾ ਤੋਂ ਉਹ ਚੀਜ਼ਾਂ ਮਿਲਣ, ਉਸ ਲਈ ਪੂਰੀਆਂ ਕਰ ਦਿਤੀਆਂ ਜਾਂਦੀਆਂ ਸਨ । ਇਕ ਵੇਰਾਂ ਵੀ ਮਾਧੋਰੀ ਨੇ ਇਹ ਨਹੀਂ ਸੀ ਕਿਹਾ ਕਿ ਫਲਾਣੀ ਚੀਜ਼ ਨਹੀਂ ਹੈ ।
ਕਦੀ ਸੁਰਿੰਦਰ ਨੇ ਅਚਾਨਕ ਕਹਿ ਦਿੱਤਾ........ ਪਰਮਲਾ ! ਬੜੀ ਦੀਦੀ ਪਾਸੋਂ ਪੰਜ ਪੁਰਾਣੀਆਂ ਧੋਤੀਆਂ ' ਤਾਂ ਮੰਗ ਲਿਆ ਇਹਨਾਂ ਗਰੀਬਾਂ ਨੂੰ ਜ਼ਰੂਰਤ ਹੈ, ਮਾਧੋਰੀ ਨੂੰ ਅਕਸਰ ਇਹ ਵੇਹਲ ਨਹੀਂ ਸੀ ਹੁੰਦੀ ਕਿ ਉਹ ਪੁਰਾਣੇ ਤੇ ਨਵੇਂ ਕਪੜ੍ਹਿਆਂ ਦੀ ਛਾਂਟੀ ਕਰਦੀ ਫਿਰੇ, ਉਹ ਆਪਣੀਆਂ ਪੰਜ ਧੋਤੀਆਂ ਕੱਢ ਕੇ ਪਰਮਲਾ ਹੱਥ ਭੇਜ ਦੇਂਦੀ ਤੇ ਬਾਰੀ ਵਿਚੋਂ ਦੇਖਦੀ ਕਿ ਥੱਲੇ ਚਾਰ ਪੰਜ ਗਰੀਬ, ਮੁਹਤਾਜ, ਖੁਸ਼ੀ ਖੁਸ਼ੀ ਰੌਲਾ ਪਾਈ ਧੋਤੀਆਂ ਲਈ ਚਲੇ ਜਾਂਦੇ ਹਨ ।
ਸੁਰਿੰਦਰ ਨਾਥ ਦੀਆਂ ਇਹੋ ਜਿਹੀਆਂ ਅਜੀਬ ਜਰੂਰਤਾਂ ਦੇ ਛੋਟੇ ਛੋਟੇ ਜ਼ੁਲਮ ਮਾਧੋਰੀ ਨੂੰ ਆਇ ਦਿਨ ਸਹਿਣੇ ਪੈਂਦੇ ਸਨ । ਏਸੇ ਲਈ ਹੌਲੇ ਹੌਲੇ ਉਹ ਇਹਨਾਂ ਦੀ ਐਸੀ ਆਦੀ ਹੋ ਗਈ ਸੀ ਕਿ ਹੁਣ ਉਸਨੂੰ ਮਹਿਸੂਸ ਨਹੀਂ ਸੀ ਹੁੰਦਾ ਕਿ ਇਕ ਅਜੀਬ ਸੁਭਾਉ ਦੇ ਇਨਸਾਨ ਨੇ ਉਹਨਾਂ ਤੇ ਘਰ ਆ ਕੇ ਘਰੋਗੀ ਕੰਮਾਂ ਵਿਚ ਰੁਕਾਵਟ ਪਾਈ ਹੈ।
ਏਥੇ ਹੀ ਬੱਸ ਨਹੀਂ ਮਾਧੋਰੀ ਨੂੰ, ਏਸ ਇਨਸਾਨ ਲਈ ਬੜਾ ਹੁਸ਼ਿਆਰ ਰਹਿਣਾ ਪੈਂਦਾ ਸੀ ਉਸ ਨੂੰ ਉਸਦੀ ਹਰ ਸਮੇਂ ਦੀ ਜਰੂਰਤ ਦਾ ਅੰਦਾਜ਼ਾ ਲਾਣਾ ਪੈਂਦਾ ਸੀ। ਦਰ ਅਸਲ ਗੱਲ ਇਹ ਸੀ ਕਿ ਜੇ ਸੁਰਿੰਦਰ ਆਪਣੀਆਂ ਜ਼ਰੂਰਤਾਂ ਖੁਦ ਆਪ ਹੀ ਪੂਰੀਆਂ ਕਰ ਲੈਂਦਾ ਤਾਂ ਕੋਈ ਫਿਕਰ ਨਹੀਂ ਸੀ ਪਰ ਮੁਸੀਬਤ ਤਾਂ ਉਸ ਲਈ ਇਹ ਸੀ ਕਿ ਇਹ ਭੌਂਦੂ ਆਪਣੇ ਲਈ ਤਾਂ ਕੁਝ ਮੰਗਦ ਹੀ ਨਹੀਂ ਸੀ । ਪਹਿਲੇ ਪਹਿਲੇ ਮਾਧੋਰੀ ਨੂੰ ਨਹੀਂ ਸੀ ਪਤਾ ਕਿ ਸੁਰਿੰਦਰ ਇਸ ਤਰ੍ਹਾਂ ਆਪਣੇ ਆਪ ਤੋਂ ਬੇਖਬਰ ਰਹਿੰਦਾ ਹੈ।
ਹਰ ਰੋਜ ਸਵੇਰ ਚਾਹ ਰਖੀ ਰਖੀ ਠੰਢੀ ਹੋ ਗਈ ਹੈ ਤਾਂ ਹੋ ਜਾਏ, ਕੁਝ ਖਾਣ ਦੀ ਮਠਿਆਈ ਪਈ ਹੈ ਤਾਂ ਪਈ ਰਵੇ ਮੁਮਕਿਨ ਹੈ ਉਹ ਸੰਧਿਆ ਵੇਲੇ ਕੁਤੇ ਨੂੰ ਪਾਕੇ ਸੈਰ ਨੂੰ ਚਲਿਆ ਜਾਂਦਾ ਹੋਵੇ । ਜੇ ਚੌਕੇ ਵਿਚ ਰੋਟੀ ਖਾਣ ਨੂੰ ਬੈਠਦਾ ਹੈ ਤਾਂ ਖਾਣੇ ਦੀ ਕਦਰ ਹੀ ਨਹੀਂ ਕਰਦਾ ਕੁਝ ਥਾਲੀ ਦੇ ਬਾਹਰ ਤੇ ਕੁਝ ਏਧਰ ਉਧਰ ਸੁਟ ਪਾ ਕੇ ਉਠ ਬਹਿੰਦਾ ਹੈ । ਮਤਲਬ ਇਹ ਕਿ ਜਿਸ ਤਰਾਂ ਕੋਈ ਚੀਜ਼ ਉਸਨੂੰ ਚੰਗੀ ਹੀ ਨਹੀਂ ਲਗਦੀ ਨੌਕਰ ਚਾਕਰ ਮਾਧੋਰੀ ਨੂੰ ਆ ਕੇ ਕਹਿੰਦੇ ਹਨ:--ਬੜੀ ਦੀਦੀ !
ਮਾਸਟਰ ਸਾਹਿਬ ਤਾਂ ਸ਼ਦਾਈ, ਹੈਨ ਸ਼ਦਾਈ ! ਨਾ ਕੁਝ ਸਮਝਦੇ ਹਨ ਤਾਂ ਸੋਚਦੇ ਹਨ ਬਸ ਕਿਤਾਬਾਂ ਫੜੀ ਬੈਠੇ ਰਹਿੰਦੇ ਹਨ ਜਿਸ ਤਰਾਂ ਕਿਸੇ ਗਲ ਨਾਲ ਮਤਲਬ ਹੀ ਨਹੀਂ।
ਕਦੇ ਕਦਾਈਂ ਜੋ ਬ੍ਰਿਜ ਬਾਬੂ ਪੁਛ ਬਹਿੰਦੇ ਹਨ ਸਣਾਓ ਨੌਕਰੀ ਚਾਕਰੀ ਦਾ । ਕਿਤੇ ਸਿਲਸਿਲਾ ਬਣਿਆਂ ? ਤਾਂ ਅਗੇ ਸੁਰਿੰਦਰ ਗੋਲ ਮੋਲ ਜਵਾਬ ਦੇਕੇ ਟਾਲ ਟੂਲ ਛੱਡਦਾ । ਮਾਧੋਰੀ ਆਪਣੇ ਪਿਤਾ ਦੀ ਜ਼ਬਾਨੀ ਸਭ ਹਾਲ ਚਾਲ ਸੁਣ ਲੈਂਦੀ ਸੀ ਪਰ ਇਹ ਗੱਲ ਵੀ ਉਸ ਪਾਸੋਂ ਲੁਕੀ ਹੋਈ ਨਹੀਂ ਸੀ ਕਿ ਮਾਸਟਰ ਸਾਹਿਬ ਨੌਕਰੀ ਲਈ ਰਤਾ ਭਰ ਵੀ ਕੋਸ਼ਿਸ਼ ਨਹੀਂ ਸਨ ਕਰਦੇ ਤੇ ਓਹਨਾਂ ਦੀ ਨੌਕਰੀ ਕਰਨ ਦੀ ਬਿਲਕੁਲ ਨੀਤ ਵੀ ਨਹੀਂ ਸੀ ਜੋ ਕੁਝ ਮਿਲਦਾ ਸੀ ਬਸ ਉਸੇ ਤੇ ਰਾਜੀ ਸਨ ।
ਦਸ ਵਜੇ , ਸੁਰਿੰਦਰ ਨੂੰ ਨਹਾਉਣ ਤੋਂ ਬਾਅਦ ਫੌਰਨ ਖਾਣਾ ਖਾਣ ਲਈ ਬੜੀ ਦੀਦੀ ਵਲੋਂ ਸਖਤ ਤਾਕੀਦ ਹੁੰਦੀ ਹੈ, ਪਰਮਲਾ ਘੜੀ ਮੁੜੀ ਆਕੇ ਤੰਗ ਕਰਦੀ ਹੈ । ਜ਼ਿਆਦਾ ਰਾਤ ਤੱਕ ਕਿਤਾਬ ਲੈ ਕੇ ਬੈਠੇ ਰਹਿਣ ਤੱਕ ਨੌਕਰ ਜ਼ਬਰਦਸਤੀ ਆਕੇ ਲੈਂਪ ਦੀ ਬੱਤੀ ਬੁਝਾ ਦੇਦਾ ਹੈ, ਹਟਾਣ ਤੇ ਉਹ ਨਹੀਂ ਹਟਦਾ ਤੇ ਕਹਿੰਦਾ ਹੈ ਬੜੀ ਦੀਦੀ ਦਾ ਏਹੋ ਹੁਕਮ ਹੈ।
ਇਕ ਦਿਨ ਮਾਧੋਰੀ ਨੇ ਬ੍ਰਿਜ ਬਾਬੂ ਨੂੰ ਹਸਦਿਆਂ ਹਸਦਿਆਂ ਕਿਹਾ:-ਬਾਬੂ ਜੀ ਪਰਮਲਾ ਨੂੰ ਮਾਸਟਰ ਵੀ ਆਪਣੇ ਵਰਗਾ ਹੀ ਮਿਲ ਗਿਆ ਹੈ। ਬ੍ਰਿਜ ਬਾਬੂ ਨੇ ਹੈਰਾਨ ਹੁੰਦਿਆਂ ਹੋਇਆਂ ਕਿਹਾਂ:--ਕਿਉਂ ਬੇਟਾ ?
ਮਾਧੋਰੀ ਆਖਣ ਲੱਗੀ:-- ਬਾਬੂ ਜੀ ਦੋਵੇਂ ਹੀ ਬਚੇ ਹਨ ਜਸਤਰਾਂ ਪਰਮਲਾ ਬੱਚਾ ਹੈ ਜਿਵੇਂ ਉਸ ਨੂੰ ਪਤਾ ਨਹੀਂ ਕਿ ਇਸ ਵੇਲੇ ਕੀ ਕੰਮ ਕਰੀਦਾ ਹੈ ਕਿਸ ਵੇਲੇ ਖਾਣਾ ਖਾਣਾ ਹੈ ਤੇ ਕਿਸ ਵੇਲੇ ਸੌਣਾ ਚਾਹੀਦਾ ਹੈ---ਆਪਣੇ ਬਾਰੇ ਜਿਵੇਂ ਉਹ ਖੁਦ ਕੁਝ ਨਹੀਂ ਸੋਚ ਸਕਦੀ ਤਿਵੇਂ ਹੀ ਮਾਸਟਰ ਹਾਲ ਹੈ ਨਾ ਖਾਣ ਵੇਲੇ ਖਾਨੇ ਦਾ ਖਿਆਲ ਤੇ ਨਾ ਹੀ ਠੀਕ ਹੋਲ ਹੋਰ ਕਿਸੇ ਗੱਲ ਦਾ ਖਿਆਲ ਹੈ । ਸਭ ਤੋਂ ਮਜ਼ੇਦਾਰ ਇਹ ਗੱਲ ਹੈ ਕਿ ਕਦੇ ਕਦਾਈ ਤਾਂ ਐਸੀ ਚੀਜ਼ ਮੰਗ ਭੇਜਦੇ ਹਨ--ਕਿ ਕੋਈ ਆਦਮੀ ਜਿਸਦੇ ਹੋਸ਼ ਹਵਾਸ ਕਾਇਮ ਹੋਣ ਇਹੋ ਜਿਹੀਆਂ ਚੀਜ਼ਾਂ ਨਹੀਂ ਮੰਗ ਸਕਦਾ ! ਬ੍ਰਿਜ ਬਾਬੂ ਦੀ ਸਮਝ ਵਿਚ ਕੁਝ ਨਾ ਆਇਆ, ਉਹ ਮਾਧੋਰੀ ਵਲ ਮੂੰਹ ਉਤਾਂਹ ਕਰਕੇ ਤੱਕਣ ਲੱਗ ਪਏ । ਮਾਧੋਰੀ ਨੂੰ ਹੱਸ ਕੇ ਕਿਹਾ:-ਆਪਦੀ ਬੇਟੀ ਪਰਮਲਾ ਭਲਾ ਇਹ ਸਮਝ ਸਕਦੀ ਹੈ ਕਿ ਉਸਨੂੰ ਕਿਸ ਸਮੇਂ ਕਿਸ ਚੀਜ਼ ਦੀ ਜ਼ਰੂਰਤ ਹੈ ? ਤੇ ਕਦੇ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਉਹ ਕਿੰਨੀ ਜ਼ਿਦ ਕਰਦੀ ਹੈ ਓਧੂਮ ਮਚਾਂਦੀ ਹੈ ਕਿਉਂ ਠੀਕ ਹੈ ਨਾ ?"
"ਹਾਂ ਤਾਂ ਉਹ ਇਹ ਤੇ ਕਰਦੀ ਹੈ । ਬ੍ਰਿਜ ਬਾਬੂ ਨੇ ਕਿਹਾ |"
"ਮਾਸਟਰ ਸਾਹਿਬ ਵੀ ਇਹੋ ਕਰਦੇ ਹਨ ।"
ਹਸਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ :-
ਇਹ ਲੜਕਾ - ਮੈਨੂੰ ਕੁਝ ਪਾਗਲ ਜਿਹਾ ਲੱਗਦਾ ਹੈ ।
ਮਾਧੋਰੀ:- "ਪਾਗਲ ਨਹੀਂ ਬਾਬੂ ਜੀ ਇਹ ਜ਼ਰੂਰ ਕਿਸੇ ਵੱਡੇ ਆਦਮੀ ਦਾ ਪੁਤਰ ਹੈ ।
ਹੈਰਾਨ ਹੁੰਦਿਆਂ ਹੋਇਆਂ ਬ੍ਰਿਜ ਬਾਬੂ ਨੇ ਕਿਹਾ:-
“ਤੂੰ ਇਹ ਕਿਸ ਤਰਾਂ ਪਛਾਣਿਆਂ ।"
ਮਾਧੋਰੀ ਨੂੰ ਖੁਦ ਤਾਂ ਪਤਾ ਨਹੀਂ ਸੀ ਤਾਂ ਉਸਦਾ ਖਿਆਲ ਜ਼ਰੂਰ ਸੀ ਉਹ ਸਮਝਦਾਰ ਸੀ ਉਹ ਰੋਜ ਦੇਖਦੀ ਸੀ ਕਿ ਸੁਰਿੰਦਰ ਆਪਣੇ ਹੱਥ ਨਾਲ ਕੋਈ ਕੰਮ ਨਹੀਂ ਸੀ ਕਰਦਾ ਦੂਜਿਆਂ ਦਾ ਮੂੰਹ ਦੇਖਦਾ ਰਹਿੰਦਾ ਹੈ, ਕੋਈ ਕਰ ਦੇਵੇ ਤਾਂ ਵਾਹਵਾ ਨਹੀਂ ਤਾਂ ਉਸੇ ਤਰਾਂ ਪਿਆ ਰਹਿੰਦਾ ਸੀ । ਉਸਦੀ ਹਾਲਤ ਦੇਖ ਕੇ ਮਾਧੋਰੀ ਨੇ ਅੰਦਾਜ਼ਾ ਲਾਇਆ ਸੀ ਕਿ ਸੁਰਿੰਦਰ ਜ਼ਰੂਰ ਕਿਸੇ ਵੱਡ ਘਰ ਦਾ ਨੌ-ਨਿਹਾਲ ਹੈ । ਖਾਣ ਪੀਣ ਵਲੋਂ ਉਸਦੀ ਬੇ-ਪਰਵਾਹੀ ਨੇ ਉਸਨੂੰ ਹੁਸ਼ਿਆਰ ਕਰ ਦਿਤਾ ਸੀ ਉਸਦੀ ਤਬੀਅਤ ਦਾ ਅਨੋਖ-ਪਨ ਕਰਕੇ ਉਸਦੀ ਤਵਚਾ ਦਾ ਖਾਸ ਧਿਆਨ ਵਧ ਗਿਆ ਸੀ ਉਸਦੀ ਇਹ ਆਦਤ ਬੇ-ਪਰਵਾਹੀ ਨੇ ਦੇ ਦਿਓ ਤਾਂ ਖਾ ਲਈ ਨਾ ਦਿਓ ਤੇ ਨਾਂ ਸਹੀ ਉਸਨੂੰ ਹੈਰਾਨ ਕਰੀ ਜਾਂਦੀ ਸੀ । ਮਾਧੋਰੀ ਦੇ ਦਿਲ ਦੀ ਨਾਜ਼ਕ ਨੁਕਰੇ ਏਸ ਨਵੇਂ ਮਾਸਟਰ ਲਈ , ਇਕ ਰਹਿਮ ਦਾ ਜਜ਼ਬਾ ਉਠ ਪਿਆ ਸੀ----ਹਰ ਸਮੇਂ ਉਸਦੇ ਕੰਨ ਤੇ ਅੱਖਾਂ ਉਸ ਬਦ-ਨਸੀਬ ਵੱਲ ਲੱਗੀਆਂ ਰਹਿੰਦੀਆਂ ਸਨ । ਅੱਵਲ ਤਾਂ ਉਹ ਕੁਝ ਮੰਗਦਾ ਹੀ ਹੈ ਨਹੀਂ ਤੇ ਜਦ ਮੰਗਦਾ ਹੈ ਤਾਂ ਸਮਾਂ ਕਸਮਾਂ ਬਿਨਾਂ ਦੇਖੇ ਹੀ ਸਿਧਾ ਬੜੀ ਦੀਦੀ ਪਾਸ ਜਾ ਸਵਾਲ ਕਰਦਾ ਹੈ । ਮਾਧੋਰੀ ਹਸ ਪੈਂਦੀ ਹੈ ਤੇ ਦਿਲ ਹੀ ਦਿਲ ਵਿਚ ਕਹਿੰਦੀ ਹੈ ਕਿ ਇਹ ਮਾਸਟਰ ਵੀ ਕੀ , ਹੈ ਨਿਰਾ-ਦਾੜੀ ਮੁਛਾਂ ਵਾਲਾ ਬਚਾ ਹੈ।
ਮਨੋਰਮਾ ਮਾਧੋਰੀ ਦੀ ਹਮਜੋਲੀ ਤੇ ਬਚਪਨ ਦੀ ਸਹੇਲੀ ਸੀ। ਕਾਫੀ ਚਿਰ ਤੋਂ ਮਾਧੋਰੀ ਨੇ ਉਸ ਨੂੰ ਕੋਈ ਚਿਠੀ ਨਹੀਂ ਲਿਖੀ ਸੀ ਇਸ ਲਈ ਆਪਣੇ ਖਤ ਦਾ ਉਤਰ ਨਾ ਪਾ ਕੇ ਉਹ, ਗੁਸੇ ਹੋ ਗਈ ਸੀ ਅਜ ਦੁਪੈਹਰ ਨੂੰ ਜ਼ਰਾ ਵੇਹਲੇ ਸਮੇਂ ਮਾਧੋਰੀ ਆਪਣੀ ਸਖੀ ਨੂੰ ਚਿਠੀ ਲਿਖਨ ਬੈਠੀ ਸੀ---ਉਸ ਸਮੇਂ ਪਰਮਲਾ ਨੇ ਆ ਸਵਾਲ ਕੀਤਾ । ਦੀਦੀ ਮਾਧੋਰੀ ਨੇ ਸਿਰ ਉਤਾਂਹ ਚੁਕ ਕ ਕਿਹਾ:-ਕਿਉਂ ਕੀ ਹੈ ?
ਪਰਮਲਾ ਨੇ ਕਿਹਾ- ਇਕ ਐਨਕ ਦਿਉ, ਮਾਸਟਰ ਸਾਹਿਬ ਦੀ ਐਨਕ ਗੁਆਚ ਗਈ ਹੈ।
ਮਾਧੋਰੀ ਹੱਸ ਪਈ ਤੇ ਆਖਣ ਲੱਗੀ---- ਮਾਸਟਰ ਸਾਹਿਬ ਨੂੰ ਆਖਦੇ ਕਿ ਮੈਂ ਕੋਈ ਐਨਕਾਂ ਦੀ ਦੁਕਾਨ ਖੋਲੀ ਬੈਠੀ ਹਾਂ !
ਪਰਮਲਾ ਦੌੜ ਕੇ ਮਾਸਟਰ ਸਾਹਿਬ ਦੇ ਪਾਸ ਜਾਣ ਲਗੀ ਸੀ ਕਿ ਮਾਧੋਰੀ ਨੇ ਰੋਕ ਕੇ ਕਿਹਾ--- ਕਿਥੇ ਚਲੀ ਹੈ ?
“ਮਾਸਟਰ ਸਾਹਿਬ ਨੂੰ ਕਹਿਣ ।"
"ਮਾਸਟਰ ਸਾਹਿਬ ਨੂੰ ਕੁਝ ਕਹਿਣ ਦੀ ਲੋੜ ਨਹੀਂ ਜਾ ਜਾ ਕੇ ਮੁਨੀਮ ਸਾਹਿਬ ਨੂੰ ਸੱਦ ਲਿਆ |"
ਪਰਮਲਾ ਮੁਨੀਮ ਨੂੰ ਸੱਦ ਲਿਆਈ । ਮਾਧੋਰੀ ਨੇ ਉਸ ਨੂੰ ਆਖਿਆ:-ਮਾਸਟਰ ਸਾਹਿਬ ਦੀ ਐਨਕ ਗੁਆਚ ਗਈ ਹੈ ਉਹਨਾਂ ਪਾਸੋ ਨੰਬਰ ਪੁਛ ਕੇ ਚੰਗੀ ਜਹੀ ਐਨਕ ਲਿਆ ਦਿਉ।
ਮੁਨੀਮ ਦੇ ਚਲੇ ਜਾਨ ਪਿਛੋਂ ਮਾਧੋਰੀ ਨੇ ਮਨੋਰਮਾਂ ਨੂੰ ਖਤ ਲਿਖਨਾ ਸ਼ੁਰੂ ਕੀਤਾ ਤੇ ਅਖੀਰ ਵਿਚ ਇਹ ਕਿੱਸਾ ਵੀ ਲਿਖ ਦਿੱਤਾ----ਪਰਮਲਾ ਦੀ ਪੜ੍ਹਾਈ ਲਿਖਾਈ ਲਈ ਬਾਬੂ ਜੀ ਨੇ ਇਕ ਮਾਸਟਰ ਰਖ ਦਿਤਾ ਹੈ ਹਛਾ ਖਾਸਾ ਢੀਂਗਰਾ ਹੈ ਤੇ ਅੰਵਾਨ ਬੱਚਾ ਵੀ, ਸਮਝਦੀ ਹਾਂ ਕਿ ਪ੍ਰਦੇਸ ਵਿਚ ਉਸ ਨੇ ਪਹਿਲੀ ਵਾਰ ਹੀ ਕਦਮ ਰਖਿਆ ਹੈ ਸ਼ਾਇਦ ਉਹ ਕਦੇ ਘਰੋ ਬਾਹਰ ਨਿਕਲਿਆਂ ਹੀ ਨਹੀਂ , ਦੁਨੀਆਂ ਦੀ ਚਾਲ ਢਾਲ ਤਾਂ ਉਹ ਬਿਲਕਲ ਜਾਨਦਾ ਹੀ ਨਹੀਂ ਉਸਦੀ ਬਚਿਆਂ ਵਾਂਗ ਦੇਖ ਭਾਲ ਕਰਨਾ ਜਰੂਰੀ ਹੈ ਨਹੀਂ ਤੇ ਇਕ ਪਲ ਵੀ ਕੰਮ ਨਾ ਚਲੇ । ਖੁਦ ਆਪਣਾ ਖਿਆਲ ਰਖਨਾ ਤਾਂ ਉਹ ਜਾਨਦਾ ਹੀ ਨਹੀਂ, ਮੇਰਾ ਅੱਧੇ ਤੋਂ ਜ਼ਿਆਦਾ ਸਮਾਂ ਉਸ ਦੇ ਕੰਮਾਂ ਵਿਚ ਬਤੀਤ ਹੁੰਦਾ ਹੈ। ਤੁਸੀਂ ਲੋਕਾਂ ਨੂੰ ਖਤ ਪੱਤਰ ਲਿਖਾਂ ਤਾਂ ਕਦ ? ਜੇ ਥੋੜੇ ਸਮੇਂ ਨੂੰ ਤੇਰਾ ਏਧਰ ਆਉਣਾ ਹੋਇਆ ਤਾਂ ਮੈਂ ਤੈਨੂੰ ਏਸ ਬਹੁਤ ਨਕੰਮੇ ਆਦਮੀ ਦੇ ਦਰਸ਼ਨ ਕਰਾਵਾਂਗੀ । ਇਹੋ ਜਿਹਾ ਅਪਾਹਜ ਦੂਜਿਆਂ ਦਾ ਆਸਰਾ ਤੱਕਣ ਵਾਲਾ ਤੂੰ ਕਦੇ ਨਹੀਂ ਦੇਖਿਆ ਹੋਵੇਗਾ । ਜੇ ਖਾਣ ਨੂੰ ਦੇ ਦਿਉ ਤਾਂ ਖਾ ਲੀਤਾ, ਨਾ ਦਿਉ ਤਾਂ ਢਿਡ ਤੇ ਪੱਥਰ ਬੰਨ ਕੇ ਪਿਆ ਰਹੇਗਾ।
......... ਤੇ ਫਿਰ ਉਸ ਨੂੰ ਦਿਨ ਭਰ ਇਹ ਚੇਤਾ ਹੀ ਨਹੀਂ ਆਇਗਾ ਕਿ ਉਸ ਨੇ ਹਾਲਾਂ ਖਾਣਾ ਖਾਧਾ ਹੈ ਜਾਂ ਨਹੀਂ। ਮੈਂ ਸੋਚਦੀ ਹਾਂ ਕਿ ਏਹੋ ਜੇਹੇ ਨਿਕਾਰੇ ਆਦਮੀ ਵੀ ਦੁਨੀਆਂ ਵਿਚ ਹਾਲਾਂ ਪਏ ਹਨ । ਭਲਾ ਇਹੋ ਜਿਹਾ ਆਦਮੀ ' ਘਰ ਬਾਰ ਛਡ ਕੇ ਪ੍ਰਦੇਸ ਆਉਂਦਾ ਹੀ ਕਿਉਂ ਹੈ ? ਸੁਣਦੀ ਹਾਂ ਕਿ ਇਸ ਦੇ ਮਾਤਾ ਪਿਤਾ ਸਹੀ ਸਲਾਮਤ ਹਨ ਮੈਨੂੰ ਖਿਆਲ ਆਉਂਦਾ ਹੈ ਕਿ ਜ਼ਰੂਰ ਉਹਨਾਂ ਦਾ ਕਲੇਜਾ ਪੱਥਰ ਦਾ ਹੋਵੇਗਾ ਮੈਂ ਤਾਂ ਐਸੇ ਬਚੇ ਵਰਗੇ ਇਨਸਾਨ ਨੂੰ --ਜਿਸਤਰ੍ਹਾਂ ਕਿ ਉਹ ਮੈਨੂੰ ਨਜ਼ਰ ਆਉਂਦਾ ਹੈ ਸੁਪਨੇ ਵਿਚ ਵੀ ਅਖਾਂ ਤੋਂ ਉਹਲੇ ਨਾਂ ਕਰਾਂਗੀ ।
ਮਨੋਰਮਾਂ ਨੇ ਹਾਸੇ ਹਾਸੇ ਵਿਚ ਲਿਖ ਭੇਜਿਆ--- ਤੇਰੀ ਚਿਠੀ ਪੜ੍ਹਨ ਤੋਂ ਪਤਾ ਲੱਗਾ ਕਿ ਆਪਣੇ ਘਰ ਵਿਚ ਅਜ ਕਲ ਤੂੰ ਇਕ ਪਾਲਤੂ ਬਨ ਮਾਨਸ ਰਖਿਆ ਹੋਇਆ ਹੈ ਤੇ ਖੁਦ ਉਸ ਦੀ ਪੁਜਾਰਨ ਬਣ ਗਈ ਹੈ, ਪਰ ਜ਼ਰਾ ਹੁਸ਼ਿਆਰ ਰਹੀਂ ।-----ਮਨੋਰਮਾ ਦਾ ਖਤ ਪੜ੍ਹਕੇ ਮਾਧੋਰੀ ਦੇ ਮੂੰਹ ਤੇ ਲਾਲੀ ਵਰਤ ਗਈ ਉਸ ਨੇ ਜਵਾਬ ਵਿਚ ਲਿਖਿਆ:-ਤੇਰਾ ਮੂੰਹ ਤਾਂ ਭਾੜ ਹੈ ਤੇ ਇਹ ਵੀ ਨਹੀਂ ਸਮਝਦੀ, ਕਿ ਕਿਸ ਨਾਲ ਕਿਹੋ ਜਿਹਾ ਮਖੋਲ ਕਰੀਦਾ ਏ। ਪਰਮਲਾ ! ਤੇਰੇ ਮਾਸਟਰ ਸਾਹਿਬ ਦੀ ਨਵੀਂ ਐਨਕ ਕਿਹੋ ਜਿਹੀ ਹੈ ?
‘ਬਹੁਤ ਚੰਗੀ ।"
"ਤੈਨੂੰ ਕਿਸਤਰਾਂ ਪਤਾ ਲਗਾ ?"
ਮਾਸਟਰ ਸਾਹਿਬ ਇਹ ਐਨਕ ਲਾ ਕੇ ਖੂਬ ਚੰਗੀ ਤਰਾਂ ਕਿਤਾਬ ਪੜ੍ਹ ਲੈਂਦੇ ਹਨ ਜੇ ਐਨਕ ਖਰਾਬ ਹੁੰਦੀ ਤਾਂ ਉਹ ਕਿਸਤਰਾਂ ਪੜ੍ਹਦੇ ।
"ਤਾਂ ਉਹਨਾਂ ਨੇ ਖੁਦ ਕੁਝ ਨਹੀਂ ਕਿਹਾ ਕਿ ਇਹ ਚੰਗੀ ਹੈ ਜਾਂ ਬੁਰੀ ?"
“ਨਹੀਂ।”
ਨਹੀਂ ! ਇਕ ਲਫਜ਼ ਵੀ ਨਹੀਂ ? ਕਿਹੋ ਜਹੀ ਹੈ, ਠੀਕ ਹੈ ਜਾਂ ਨਹੀਂ ਹੈ, ਪਸੰਦ ਹੈ ਜਾਂ ਨਹੀਂ ਪਸਿੰਦ, ਕੁਝ ਵੀ ਨਹੀਂ ਕਿਹਾ ?
"ਨਹੀਂ ਕੁਝ ਨਹੀਂ ਕਿਹਾ |"
ਇਕ ਸਿਰਫ ਇਕ ਮਿੰਟ ਲਈ ਮਾਧੋਰੀ ਦਾ ਹਰ ਵਕਤ ਖਿੜਨ ਵਾਲਾ ਨਾਜਕ ਤੇ ਮੁਲਾਇਮ ਚੇਹਰਾ ਤਾਰੀਕ ਹੋ ਗਿਆ ਪਰ ਜਲਦੀ ਹੀ ਉਸ ਨੇ ਹਸ ਕੇ ਆਖਿਆ-----ਆਪਣੇ ਮਾਸਟਰ ਸਾਹਿਬ ਨੂੰ ਕਹਿ ਦਈ ਕਿ ਹੁਣ ਫੇਰ ਨਾ ਮੁੜ ਕਿਤੇ ਇਹਨੂੰ ਗੁਵਾ ਦੇਨ ।
“ਹੱਛਾ ਕਹਿ ਦਿਆਂਗੀ।"
"ਦੁਰ ਪਗਲੀ ! ਇਹ ਵੀ ਕੋਈ ਕਹਿਣ ਵਾਲੀ ਗੱਲ ਹੈ, ਉਹਨਾਂ ਨੂੰ ਸ਼ਾਇਦ ਬੁਰੀ ਲਗੇ ।"
"ਤਾਂ ਫੇਰ ਕੁਝ ਨਾ ਆਖਾਂ ।"
"ਨਹੀਂ !"
ਸ਼ਿਵ ਚੰਦਰ ਮਾਧੋਰੀ ਦੇ ਵੱਡੇ ਭਰਾ ਦਾ ਨਾਂ ਸੀ ਮਾਧੋਰੀ ਨੇ ਇਕ ਦਿਨ ਉਸ ਨੂੰ ਕਿਹਾ:-ਦਾਦਾ ਪਰਮਲਾ ਦੇ ਮਾਸਟਰ ਦਿਨ ਰਾਤ ਕੀ ਪੜ੍ਹਦੇ ਰਹਿੰਦੇ ਹਨ--- ਤੇਨੂੰ ਕੁਝ ਮਾਲੂਮ ਹੈ ?
ਸ਼ਿਵ ਚੰਦਰ ਬੀ: ਏ. ਵਿਚ ਪੜ੍ਹਦਾ ਸੀ ਉਸਦੀ ਨਜ਼ਰ ਵਿਚ ਪਰਮਲਾ ਨੂੰ ਪੜ੍ਹਾਣ ਵਾਲੇ ਮਾਸਟਰ ਦੀ ਕੀ ਇਜ਼ਤ ਹੋ ਸਕਦੀ ਸੀ । ਏਸ ਲਈ ਉਸ ਨੇ ਬੜੀ ਆਕੜ ਨਾਲ ਜਵਾਬ ਦਿੱਤਾ ਨਾਵਲ ਨਾਟਕ ਪੜ੍ਹਦਾ ਰਹਿੰਦਾ ਏ ਹੋਰ ਕੀ ਪੜ੍ਹੇਗਾ ?
ਮਾਧੋਰੀ ਨੂੰ ਇਤਬਾਰ ਨਾ ਆਇਆ ਉਸਨੇ ਪਰਮਲਾ ਪਾਸੋਂ ਸੁਰਿੰਦਰ ਦੀ ਇਕ ਕਿਤਾਬ ਮੰਗਵਾ ਕੇ ਆਪਣੇ ਭਰਾ ਦੇ ਹੱਥ ਦੇ ਦਿੱਤੀ ਤੇ ਆਖਣ ਲੱਗੀ ਦਾਦਾ ! ਇਹ ਮੈਨੂੰ ਨਾਵਲ, ਨਾਟਕ ਤੇ ਮਲੂਮ ਨਹੀਂ ਹੁੰਦਾ ? ਸ਼ਿਵ ਚੰਦਰ ਨੇ ਵਰਕੇ ਉਲਟ ਪੁਲਟ ਕੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਨਜ਼ਰ ਮਾਰੀ ਉਹ ਇਕ ਸੋਹਣੇ ਮਜ਼ਮੂਨ ਦੀ ਚੰਗੀ ਕਿਤਾਬ ਸੀ, ਜਿਸਨੂੰ ਉਹ ਕੁਝ ਨਾ ਸਮਝ ਆਈ । ਹਾਂ ਐਨੀ ਗੱਲ ਜਰੂਰ ਸਮਝ ਗਿਆ ਕਿ ਇਹ ਇਕ ਬਹੁਤ ਉਚ ਖਿਆਲਾਂ ਦੀ ਕਿਤਾਬ ਹੈ ਜਿਸਨੂੰ ਉਹ ਬਿਲਕੁਲ ਨਹੀਂ ਸੀ ਸਮਝ ਸਕਦਾ । ਛੋਟੀ ਭੈਣ ਦੇ ਸਾਹਮਣੇ ਆਪਣੀ ਹੇਠੀ ਕਰਾਣੀ ਉਸਨੂੰ ਪਸਿੰਦ ਨਾ ਆਈ ਆਖਣ ਲੱਗਾ:-
ਹਿਸਾਬ ਦੀ ਕਿਤਾਬ ਹੈ ਸਕੂਲ ਵਿਚ ਛੋਟੀ ਜਮਾਤੇ ਪੜ੍ਹਾਈ ਜਾਂਦੀ ਹੈ । ਮਾਧੋਰੀ ਦਾ ਚੇਹਰਾ ਉਤਰ ਗਿਆ ਓਸ ਨੇ ਦੁਬਾਰਾ ਪੁਛਿਆ:-
ਇਹ ਕਿਸੇ ਉਚੇ ਦਰਜੇ ਦੀ ਕਿਤਾਬ ਨਹੀਂ ਹੈ ?ਕਾਲਜ ਵਿਚ ਨਹੀਂ ਪੜ੍ਹਾਈ ਜਾਂਦੀ ?
ਸ਼ਿਵ ਚੰਦਰ ਦੇ ਚੇਹਰੇ ਦਾ ਰੰਗ ਫਕ ਹੋ ਗਿਆ ਪਰ ਮੂੰਹੋ ਉਸ ਨੇ ਇਹੋ ਕਿਹਾ:-
“ਨਹੀਂ ਨਹੀਂ ਇਹ ਵੀ ਕੋਈ ਕਿਤਾਬ ਹੈ ?
ਉਸੇ ਦਿਨ ਤੋਂ ਸ਼ਿਵ ਚੰਦਰ ਚੌਕੰਨਾ ਹੋ ਗਿਆ ਤੇ ਦਿਲ ਹੀ ਦਿਲ ਵਿਚ ਸਹਿਮਿਆਂ ਰਹਿਣ ਲੱਗ ਪਇਆ ਕਿ ਸ਼ਾਇਦ ਕਿਸੇ ਵੇਲੇ ਸੁਰਿੰਦਰ ਉਸ ਪਾਸੋਂ, ਕੋਈ ਸਵਾਲ ਹੀ ਨਾ ਪੁਛ ਬੈਠੇ ਤੇ ਉਸ ਨੂੰ ਵੀ ਹਰ ਰੋਜ਼ ਪਰਮਲਾ ਨਾਲ ਕਾਪੀ ਪੈਨਸਲ ਲੈ ਕੇ ਮਾਸਟਰ ਪਾਸ, ਹਾਜ਼ਰ ਹੋਣਾ ਪਵੇ, ਇਸ ਲਈ ਹੁਣ ਉਹ ਸੁਰਿੰਦਰ ਪਾਲੋਂ ਦਬਿਆਂ ਦਬਿਆ - ਰਹਿਣ ਲੱਗ ਪਿਆ।
ਕੁਝ ਦਿਨਾਂ ਪਿਛੋਂ ਇਕ ਦਿਨ ਮਾਧੋਰੀ ਨੇ ਬ੍ਰਿਜ ਬਾਬੂ ਨੂੰ ਕਿਹਾ:-ਬਾਬੂ ਜੀ ਮੈਂ ਕੁਝ ਦਿਨਾਂ ਲਈ ਕਾਸ਼ੀ ਜਾਵਾਂਗੀ ।
ਟੁਟੇ ਹੋਇ ਦਿਲ ਨਾਲ ਬ੍ਰਿਜ ਬਾਬੂ ਨੇ ਕਿਹਾ:-"ਇਹ ਕਿਸ ਤਰਾਂ ਹੋ ਸਕਦਾ ਹੈ ਬੇਟਾ!' ਤੂੰ ਕਾਂਸ਼ੀ ਚਲੀ ਜਾਏਗੀ ਤਾਂ ਇਸ ਘਰ ਦੀ ਕੀ ਹਾਲਤ ਹੋਵੇਗੀ, ਇਥੋਂ ਦਾ ਕੰਮ ਕਿਸ ਤਰਾਂ ਚਲੇਗਾ ?
ਹਸਦਿਆਂ ਹੋਇਆਂ ਮਾਧੋਰੀ ਨੇ ਕਿਹਾ:-ਆਖਰ ਮੈਂ ਵਾਪਸ ਤਾਂ ਆਵਾਂਗੀ ਹੀ ਕਿਤੇ ਮੈਂ ਹਮੇਸ਼ਾਂ ਲਈ ਥੋੜਾ ਹੀ ਚਲੀ ਚਲੀ ਹਾਂ | ਬ੍ਰਿਜ ਬਾਬੂ ਦੀਆਂ ਅਖਾਂ ਵਿਚ ਅੱਥਰੂ ਭਰ ਆਏ। ਮਾਧੋਰੀ ਨੇ ਸੋਚਿਆ ਉਸ ਨੂੰ ਇਸ ਤਰਾਂ ਨਹੀਂ ਸੀ ਕਹਿਣਾ ਚਾਹੀਦਾ ਏਸ ਲਈ ਉਹ ਮੁੜ ਕਹਿਨ ਲਗੀ:- ਬਾਬੂ ਜੀ ! ਮੈਂ ਸਿਰਫ ਕੁਝ ਦਿਨ ਫਿਰ ਤੁਰ ਕੇ ਵਾਪਸ ਆ ਜਾਵਾਂਗੀ !
ਚੰਗੀ ਗਲ ਹੈ ਜਾਹ--- ਲੇਕਿਨ ਬੇਟੀ ! ਏਥੋਂ ਦਾ ਕੰਮ ਨਹੀਂ ਚਲੇਗਾ ।
"ਕੀ ਮੇਰੇ ਬਿਨਾਂ ਸਭ ਕੰਮ ਰੁਕ ਜਾਨਗੇ ?"
"ਕੰਮ ਤਾਂ ਬੰਦ ਨਹੀਂ ਹੋਵੇਗਾ ਸਭ ਕੁਝ ਚਲਦਾ ਹੀ ਰਵੇਗਾ । ਲੇਕਿਨ ਚਪੂ ਟੁਟ ਜਾਨ ਨਾਲ ਹੜ ਆਉਨ ਤੇ ਜਸਤਰਾਂ ਬੇੜੀ ਰੁੜਦੀ ਹੈ ਏਸੇ ਤਰ੍ਹਾਂ ਘਰ ਦਾ ਕੰਮ ਕਾਜ ਵੀ ਤੁਰੀ ਚਲੇਗਾ।
ਮਾਧੋਰੀ ਦਾ ਬਨਾਰਸ ਜਾਨਾ ਬੜਾ ਜ਼ਰੂਰੀ ਸੀ ਉਥੇ ਉਸ ਦੀ ਨਨਾਣ ਆਪਨੇ ਇਕੋ ਇਕ ਪਤਰ ਨਾਲ ਅਕਲਿਆਂ ਰਹਿੰਦੀ ਸੀ ਉਹਨਾਂ ਨੂੰ ਇਕ ਵਾਰ ਜ਼ਰੂਰ ਮਿਲਨ ਜਾਨਾ ਸੀ । ਕਾਂਸ਼ੀ ਜਾਨ ਲਗਿਆਂ 'ਮਾਧੋਰੀ ਨੇ ਘਰ ਦੇ ਨੌਕਰਾਂ ਨੂੰ ਆਪਨੇ ਪਾਸ ਸਦ ਕੇ ਵਖੋ ਵਖ ਕੰਮ ਹਰ ਇਕ ਦੇ ਸਪੁਰਦ ਕੀਤਾ, ਤੇ ਘਰ ਦੀ ਬੁਢੀ ਨੌਕਰਾਨੀ ਨੂੰ ਸਦ ਕੇ ਏਸ ਗਲ ਦੀ ਤਾਕੀਦ ਕਰ ਦਿਤੀ ਕਿ ਉਸ ਦੇ ਪਿਤਾ ਜੀ ਤੇ ਭੈਣ ਦੀ ਦੇਖ ਭਾਲ ਵਲ ਨੌਕਰ ਲਾ ਪਰਵਾਹੀ ਨਾ ਕਰਨ । ਪਰ ਮਾਸਟਰ ਦੇ ਧਿਆਨ ਦੀ ਜੁੰਮੇਵਾਰੀ ਮਾਧੋਰੀ ਨੇ ਕਿਸੇ ਨੂੰ ਸਪੁਰਦ ਨਾ ਕੀਤੀ ਤੇ ਜਾਨ ਬੁਝ ਕੇ ਏਸ ਗਲ ਵਲੋਂ ਖਾਮੋਸ਼ੀ ਅਖਤਿਆਰ ਕਰ ਛੱਡੀ । ਇਹਨਾ ਕੁਝਕੁ ਦਿਨਾਂ ਤੋਂ ਮਾਧੋਰੀ ਨੂੰ ਮਾਸਟਰ ਸਾਹਿਬ ਵਲੋਂ ਚਿੜ ਜਿਹੀ ਹੋ ਗਈ ਸੀ। ਉਸ ਨੇ ਉਸ ਦੀ ਐਨੀ ਖਾਤਰ ਵਗੈਰਾ ਕੀਤੀ ਸੀ ਕਿ ਕਿਸੇ ਤਰਾਂ ਵੀ ਉਸ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿਤਾ। ਪਰ ਪਤਾ ਨਹੀਂ ਇਹ ਇਨਸਾਨ ਕਸ ਮਿਟੀ ਦੀ ਬਣਿਆਂ ਹੋਇਆ ਸੀ ਕਿ ਇਸ ਨੇ ਵੀ ਜ਼ਰਾ ਜ਼ਬਾਨ ਹਿਲਾ ਕੇ ਧੰਨਵਾਦ ਤਕ ਨਹੀਂ ਸੀ ਕੀਤਾ। ਏਸੇ ਲਈ ਮਾਧੋਰੀ ਕੁਝ ਦਿਨ ਬਾਹਰ ਜਾ ਰਹੀ ਹੈ ਤਾਂਕੇ ਉਸ ਉਜੱਡ ਤੇ ਨਿਕਾਰੇ ਆਦਮੀ ਨੂੰ ਵੀ ਪਤਾ ਲਗੇ ਕਿ ਮੇਰੇ ਵਿਚ ਵੀ ਦਿਲ ਹੈ ਮੈਂ ਵੀ ਇਕ ਇਨਸਾਨ ਹਾਂ। ਨਾਲੇ ਜ਼ਰਾ ਏਸ ਮਖੋਲ ਵਿਚ ਹਰਜ ਵੀ ਕੀ ਹੈ ? ਏਸ ਦੀ ‘ਗੈਰ ਹਾਜ਼ਰੀ ਵਿਚ ਮਾਸਟਰ ਸਾਹਿਬ ਦੇ ਦਿਨ ਕਿਵੇਂ ਬੀਤਦੇ ਹਨ ਇਹ ਦੇਖ ਲੈਣ ਚ ਹਰਜ ਵੀ ਕੀ ਸੀ ? ਇਹੋ ਕਾਰਨ ਸੀ ਕਿ ਉਸ ਨੇ ਸੁਰਿੰਦਰ ਬਾਰੇ ਕਿਸੇ ਨੌਕਰ ਚਾਕਰ ਨੂੰ ਕੋਈ ਵੀ ਹਦਾਇਤ ਵਗੈਰਾ ਨਹੀਂ ਸੀ ਕੀਤੀ ।
ਰਿਆਜ਼ੀ ਦਾ ਇਕ ਮੁਸ਼ਕਲ ਸਵਾਲ ਸੁਰਿੰਦਰ ਹਲ ਕਰ ਰਿਹਾ ਸੀ ਕਿ ਪਰਮਲਾ ਨੇ ਕਿਹਾ:- ਮਾਸਟਰ ਸਾਹਿਬ ਵਿਦਿਆ ਤਾਂ ਕੱਲ ਰਾਤੇ ਦੀ ਕਾਂਸ਼ੀ ਚਲੀ ਗਈ ਹੈ। ਪਰ ਸੁਰਿੰਦਰ ਦੇ ਕੰਨਾਂ ਵਿਚ ਭਿਨਕ ਵੀ ਨਾ ਪਈ, ਉਹ ਆਪਣੇ ਹੀ ਕੰਮ ਵਿਚ ਗਲਤਾਨ ਸੀ । ਦੋ ਦਿਨ ਬੀਤ ਗਏ ਤੀਜੇ ਦਿਨ ਸੁਰਿੰਦਰ ਨੂੰ ਕੁਝ ਹੋਸ਼ ਆਈ ਉਸ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਦੱਸ ਵਜੇ ਜਾਂਦੇ ਹਨ ਖਾਣੇ ਲਈ ਕੋਈ ਝਗੜਾ ਨਹੀਂ ਹੁੰਦਾ--- ਇਕ ਦੋ ਵਜ ਜਾਂਦੇ ਹਨ । ਨਾਹੁਣ ਤੋਂ ਬਾਅਦ ਧੋਤੀ ਬਦਲਨ ਵੇਲੇ ਉਹ ਦੇਖਦਾ ਸੀ ਕਿ ਧੋਤੀ ਹੁਣ ਕੋਈ ਖਾਸ, ਉਜਲੀ ਨਹੀਂ ਹੁੰਦੀ। ਸਵੇਰੇ ਜੋ ਕੁਝ ਖਾਨ ਲਈ ਉਸ ਲਈ ਆਉਂਦਾ ਉਹ ਕੁਝ ਰੋਜ ਵਾਂਗ ਤਾਜ਼ਾ ਨਹੀਂ ਸੀ ਹੁੰਦਾ, ਰਾਤ ਨੂੰ ਲੈਂਪ ਦੀ ਬੱਤੀ ਬੁਝਾਨ ਲਈ ਕੋਈ ਨਹੀਂ ਸੀ ਆਉਂਦਾ ਪੜ੍ਹਦਿਆਂ ਪੜ੍ਹਦਿਆਂ ਦੋ ਤਿੰਨ ਵੱਜ ਜਾਂਦੇ ਹਨ ਤੇ ਸਵੇਰੇ ਅੱਖ ਨਹੀਂ ਖੁਲਦੀ ਉਠਦਿਆਂ ਉਠਦਿਆਂ ਬਹੁਤ ਦਿਨ ਚੜ੍ਹ ਜਾਂਦਾ ਹੈ | ਸਾਰਾ ਦਿਨ ਅਖਾਂ ਵਿਚ ਸੁਸਤੀ ਤੇ ਉਨੀਂਦਰਾਂ ਜਹਾ ਆਇਆ ਰਹਿੰਦਾ ਹੈ। ਉਬਾਸੀਆਂ ਤੇ ਆਂਕੜਾਂ ਲੈਦਿਆਂ ਹੀ ਸਮਾਂ ਬਤੀਤ ਹੋ ਜਾਂਦਾ ਹੈ । ਤਦ ਹੁਣ ਕੀਤੇ ਮਾਸਟਰ ਨੂੰ ਅਚਾਨਕ ਖਿਆਲ ਆਇਆ ਕਿ ਏਸ ਘਰ ਵਿਚ ਕੁਝ ਤਬਦੀਲੀ ਜਿਹੀ ਹੋ ਗਈ ਹੈ। ਜਿਸ ਵੇਲੇ ਗਰਮੀ ਸਤਾਂਦੀ ਹੋਵੇ ਤਾਂ ਹੀ ਆਦਮੀ ਨੂੰ ਪਖੇ ਦੀ ਕਦਰ ਤੇ ਜਰੂਰਤ ਮਹਿਸੂਸ ਹੁੰਦੀ ਹੈ । ਸੁਰਿੰਦਰ ਨੇ ਹਥੋਂ ਕਿਤਾਬ ਛਡ ਕ ਸਿਰ ਉਤਾਂਹ ਚੁਕ ਕੇ ਪੁਛਿਆ:-
ਪਰਮਲਾ ! ਬੜੀ ਦੀਦੀ | ਅਜ ਕਲ ਏਥੇ ਨਹੀਂ ਹੈ ?"
"ਨਹੀਂ ਕਾਂਸ਼ੀ ਗਈ ਹੈ ।"
ਹੂੰ ਇਹ ਗਲ ਹੈ.... ਸੁਰਿੰਦਰ, ਫੇਰ ਕਿਤਾਬ ਵਿਚ ਮਗਨ ਹੋ ਗਿਆ। ਪੰਜ ਦਿਨ ਹੋਰ ਏਸੇ ਤਰ੍ਹਾਂ ਗੁਜ਼ਰ ਗਏ । ਸੁਰਿੰਦਰ ਨੇ ਪਿਨਸਲ ਕਿਤਾਬ ਦੇ ਉਪਰ ਰੱਖ ਦਿਤੀ ਤੇ ਆਖਨ ਲਗਾ-ਪਰਮਲਾ ਏਸ ਮਹੀਨੇ ਖਤਮ ਹੋਨ ਵਿਚ ਅਜੇ ਕਿਨੇ ਦਿਨ ਹੋਰ ਬਾਕੀ ਹਨ ?
ਪਰਮਲਾ ਨੇ ਉਤਰ ਦਿਤਾ:- ਅਜੇ ਬਹੁਤ ਦਿਨ ਹਨ ।
ਪਿਨਸਲ ਚੁਕ ਕੇ ਸੁਰਿੰਦਰ ਨੇ ਐਨਕ ਉਤਾਰ ਦਿਤੀ ਤੇ ਕਪੜ੍ਹੇ ਨਾਲ ਪੂੰਝਕੇ ਸਾਫ ਕਰਨ ਲਗ ਪਿਆ ਫੇਰ ਐਨਕ ਲਾ ਕੇ ਮੁੜ ਕਿਤਾਬ ਵਿਚ ਮਗਨ ਹੋ ਗਿਆ । ਦੂਜੇ ਦਿਨ ਫਰ ਪਰਮਲਾਂ ਨੂੰ ਆਖਨ ਲਗਾ:-
ਪਰਮਲਾ---ਬੜੀ ਦੀਦੀ ਨੂੰ ਤੂੰ ਚਿਠੀ ਲਿਖਦੀ ਹੁੰਦੀ ਹੈ ?
ਹਾਂ ਹਾਂ ਲਿਖਦੀ ਕਿਉਂ ਨਹੀਂ ?
ਤੇ ਜਲਦੀ ਆਉਨ ਲਈ ਨਹੀਂ ਲਿਖਦੀ ?
"ਨਹੀਂ।"
ਸੁਰਿੰਦਰ ਠੰਡਾ ਸਾਹ ਭਰ ਕੇ ਹੂੰ ਕਹਿ ਕੇ ਚੁਪ ਹੋ ਗਿਆ । ਪਰਮਲਾ ਨੇ ਕਿਹਾ:-ਮਾਸਟਰ ਸਾਹਿਬ ਬੜੀ ਦੀਦੀ ਜੇ ਆ ਜਾਇ ਤਾਂ ਬੜਾ ਚੰਗਾ ਹੋਇ ?
"ਹਾਂ ਬੜਾ ਹੀ ਚੰਗਾ ਹੋਵੇ।"
ਆਉਨ ਲਈ ਚਿਠੀ ਲਿਖ ਦਿਆਂ ? ਸੁਰਿੰਦਰ ਨੂੰ ਮੂੰਹ ਮੰਗੀ ਮੁਰਾਦ ਮਿਲ ਗਈ ਆਖਨ ਲਗਾ:-- ਲਿਖ ਦੇ।
"ਤੁਹਾਡਾ ਵੀ ਸਾਰਾ ਹਾਲ ਲਿਖ ਦਿਆਂ ?
"ਲਿਖ ਦਈਂ ।"
ਲਿਖ ਦਈਂ ਕਹਿਣ ਵਿਚ, ਸੁਰਿੰਦਰ ਨੂੰ ਜ਼ਰਾ ਵੀ ਰੁਕਾਵਟ ਨਾ ਹੋਈ ।
ਏਸ ਤਰਾਂ ਕੁਝ ਦਿਨ ਹੋਰ ਬੀਤ ਗਏ । ਹਾਲਾਂ ਸੂਰਜ ਨਹੀਂ ਸੀ ਨਿਕਲਿਆ ਸਵੇਰ ਦੀ ਸੋਹਣੀ ਤੇ ਮਹਿਕ ਭਰੀ ਹਵਾ ਚੱਲ ਰਹੀ ਸੀ ਪਰਮਲਾ ਨੇ ਦੌੜ ਕੇ ਆਕੇ ਸੁਰਿੰਦਰ ਦੀ ਗਰਦਨ ਨਾਲ ਆਪਣੀਆਂ ਬਾਹਾਂ ਨਾਲ ਲਪੇਟ ਕੇ ਅਵਾਜ਼ ਦਿਤੀ:--ਮਸਟਰ ਸਾਹਿਬ ! ਸੁਰਿੰਦਰ ਨੇ ਉਨੀਂਦਰੇ ਦੀ ਭਰੀਆ ਹੋਈਆਂ ਅੱਖਾਂ ਕੁਝ ਖੋਲ ਕੇ ਕਿਹਾ:-ਕੀ ਹੈ ਪਰਮਲਾ? ਪਰਮਲਾ ਨੇ ਉਤ੍ਰ ਦਿਤਾ:-ਬੜੀ ਦੀਦੀ ਆ ਗਈ ਹੈ, ਫੌਰਨ ਸੁਰਿੰਦਰ ਉੱਠ ਬੈਠਾ ਤੇ ਪਰਮਲਾ ਦਾ ਹੱਥ ਫੜਕੇ ਆਖਣ ਲੱਗਾ:-ਚੱਲ ਦੇਖ ਆਈਏ ।"
ਪਤਾ ਨਹੀਂ ਸੁਰਿੰਦਰ ਨੂੰ ਅੱਜ ਇਹ ਦੇਖਣ ਦਾ ਇਰਾਦਾ ਅਚਾਨਕ ਕਿਸ ਤਰਾਂ ਹੋ ਗਿਆ ਤੇ ਇਹ ਵੀ ਸਮਝ ਨਹੀਂ ਸੀ ਆਉਂਦਾ ਕਿ ਕਿੰਨਾਂ ਹੀ ਸਮਾਂ ਉਸਨੂੰ ਇਸੇ ਘਰ ਵਿਚ ਰਹਿੰਦਿਆਂ, ਹੋ ਗਿਆ ਸੀ ਪਰ ਉਹ ਕਦੇ ਵੀ ਘਰ ਦੇ ਅੰਦਰਲੇ ਹਿੱਸੇ ਵਿਚ ਨਹੀਂ ਸੀ ਗਿਆ। ਪਰ ਅੱਜ ਪਰਮਲਾ ਦਾ ਹੱਥ ਫੜ ਕੇ ਉਹ ਪੌੜੀਆਂ ਚੜ ਕੇ ਘਰ ਦੇ ਅੰਦਰ ਵੀ ਜਾ ਪਹੁੰਚਾ। ਮਾਧੋਰੀ ਦੇ ਦਰਵਾਜੇ ਕੋਲ ਖੜਿਆਂ ਹੋ ਕੇ ਉਸਨੇ ਅਵਾਜ ਮਾਰੀ... ਬੜੀ ਦੀਦੀ !
ਮਾਧੋਰੀ ਦਾ ਧਿਆਨ ਕਿਸੇ ਦੂਜੀ ਵਲੇ ਸੀ ਉਹ ਕਿਸੇ ਕੰਮ ਵਿਚ ਰੁੱਝੀ ਹੋਈ ਸੀ ਉਸ ਨੇ ਪਰਮਲਾ ਸਮਝ ਕੇ ਜਵਾਬ ਦਿਤਾ:-ਕੀ ਹੈ ਭੈਣ ?
--ਪਰਮਲਾ ਨੇ ਉੱਤਰ ਦਿਤਾ-ਮਾਸਟਰ ਸਾਹਿਬ !ਪਰਮਲਾ ਤੇ ਸੁਰਿੰਦਰ ਹੁਣ ਕਮਰੇ ਅੰਦਰ ਦਾਖਲ ਹੋ ਚੁਕੇ ਸਨ । ਮਾਧੋਰੀ ਦੇਖਦਿਆਂ ਹੀ ਘਬਰਾ ਕੇ ਉਠ ਬੈਠੀ ਤੇ ਹੱਥ ਜਿਡਾ ਵੱਡਾ ਸਾਰਾ ਘੁੰਡ ਕੱਢ ਕੇ ਇਕ ਪਾਸੇ ਆਪਣਾ ਆਪ ਸਮੇਟ ਕੇ ਖੜੀ ਹੋ ਗਈ । ਸੁਰਿੰਦਰ ਆਪਨੇ ਆਪ ਕਹੀ ਗਿਆ-ਬੜੀ ਦੀਦੀ ।
ਤੁਹਾਡੇ ਕਾਰਨ ਮੈਨੂੰ ਬੜੀ ਤਕਲੀਫ ਮਾਧੋਰੀ ਨੇ ਘੁੰਡ ਦੇ ਅੰਦਰੋਂ ਮਾਰੇ ਸ਼ਰਮ ਦੇ ਹੌਲੀ ਜਹੀ ਕਿਹਾ-ਛੀ.....ਛੀ ,ਪਰ ਸੁਰਿੰਦਰ ਆਪਨੀ ਧੁਨ ਵਿਚ ਕਹੀ ਗਿਆ ਤੁਹਾਡੇ ਚਲੇ ਜਾਨ ਪਿਛੋਂ ਮੈਨੂੰ---- ਮਾਧੋਰੀ ਆਪਨੇ ਦਿਲ ਵਿਚ ਆਖਣ ਲਗੀ:-ਕਿੰਨੀ ਸ਼ਰਮ ਵਾਲੀ ਗਲ ਹੈ ਤੇ ਫੇਰ ਹੌਲੀ ਜਿਹੀ ਕਿਹਾ: ਪਰਮਲਾ ! ਮਾਸਟਰ ਸਾਹਿਬ ਨੂੰ ਆਖ ਦੇ ਉਹ ਬਾਹਰ ਚਲੇ ਜਾਨ । ਪਰਮਲਾ ਭਾਵੇਂ ਨਿਧਾਨ ਬੱਚੀ ਸੀ ਪਰ ਭੈਣ ਦੀ ਘਬਰਾਹਟ ਉਹ ਬਹੁਤ ਜਲਦੀ ਸਮਝ ਗਈ ਕਿ ਇਹ ਕੰਮ ਚੰਗਾ ਨਹੀਂ ਹੋਇਆ । ਏਸ ਲਈ ਉਹ ਆਖਨ ਲਗੀ:-ਚਲੋ ਮਾਸਟਰ ਸਾਹਿਬ ? ਸੁਰਿੰਦਰ ਪਹਿਲਾਂ ਤਾਂ ਕੁਝ ਚਿਰ ਹੈਰਾਨ ਪਰੇਸ਼ਾਨ ਖੜਾ ਰਿਹਾ ਪਰ ਫੇਰ ਅਚਾਨਕ ਹੀ ਆਖਨ ਲਗਾ:-- ਹੱਛ ਚਲੋ ਤੇ ਏਸ ਦੀ ਜ਼ੁਬਾਨ ਤੋਂ ਹੋਰ ਕੁਝ ਨਾ ਨਿਕਲ ਸਕਿਆ । ਮਾਮਲਾ ਇਹ ਹੋਇਆ ਜਿਸ ਤਰ੍ਹਾਂ ਬਦਲਾਂ ਦੇ ਘੇਰੇ ਵਿਚ ਫਸ ਕੇ ਸੂਰਜ ਸਾਰਾ ਦਿਨ ਆਨਕੇ ਦਿਖਾਈ ਨਹੀਂ ਦੇਂਦਾ ਤੇ ਜਿਸ ਵੇਲੇ ਬਦਲ ਉੱਡ ਜਾਂਦੇ ਹਨ ਤਾਂ ਸੂਰਜ ਨਿਕਲ ਆਉਂਦਾ ਹੈ ਉਸ ਵੇਲੇ ਹਰ ਇਕ ਦਾ ਧਿਆਨ ਸੂਰਜ ਵਲ ਚਲਿਆ ਜਾਂਦਾ ਹੈ ਤੇ ਉਸਨੂੰ ਯਕਾਂ ਯਕ ਦੇਖਣ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨ । ਠੀਕ ਏਸੇ ਤਰਾਂ ਮਹੀਨੇ ਭਰ ਤੋਂ ਗਾਇਬ ਰਹਿਣ ਕਰਕੇ ਅਚਾਨਕ ਬੜੀ ਦੀਦੀ ਦੇ ਆ ਜਾਣ ਕਰਕੇ ਉਹ ਅਚਾਨਕ ਹੀ ਉਸਨੂੰ ਦੇਖਣ ਚਲਿਆ ਗਿਆ ਸੀ ਤੇ ਏਸ ਨੀਮ ਮਧ-ਹੋਸ਼ੀ ਦੀ ਹਾਲਤ ਵਿਚ ਉਸਨੂੰ ਧਿਆਨ ਵੀ ਨਹੀਂ ਸੀ ਆਇਆ ਕਿ ਉਸਦਾ ਨਤੀਜਾ ਕੀ ਨਿਕਲੇਗਾ |
ਓਸੇ ਦਿਨ ਤੋਂ ਸੁਰਿੰਦਰ ਦੀ ਖ਼ਬਰਗਿਰੀ ਵਲੋਂ ਕਮੀਂ ਸ਼ੁਰੂ ਹੋ ਗਈ । ਮਾਧੋਰੀ ਸ਼ਾਇਦ ਕੁਝ ਸ਼ਰਮੰਦੀ ਜਿਹੀ ਹੀ ਹੋ ਗਈ ਸੀ । ਓਧਰ ਬੰਧੂ ਮਾਸੀ ਵੀ ਇਕ ਦਿਨ ਏਸੇ ਕਿੱਸੇ ਨੂੰ ਲੈ ਕੇ ਹਾਸੀ ਕਰ ਬੈਠੀ ਸੀ ਤੇ ਏਧਰ ਸੁਰਿੰਦਰ ਖੁਦ ਆਪ ਵੀ ਸ਼ਰਮਿੰਦਾ ਹੋ ਰਿਹਾ ਸੀ ਉਹ ਰੋਜ਼ ਬਰੋਜ ਦੇਖ ਰਿਹਾ ਸੀ ਕਿ ਅੱਜ ਕਲ ਬੜੀ ਦੀਦੀ ਦੀ ਮੇਹਰਬਾਨੀਆਂ ਦਾ ਨਾ ਮੁਕਣ ਵਾਲਾ ਖਜਾਨਾ ਗੋਇਆ "ਖ਼ਤਮ ਹੋ ਰਿਹਾ ਸੀ ।
ਇਕ ਦਿਨ ਸੁਰਿੰਦਰ ਨੇ ਪਰਮਲਾ ਤੋਂ, ਪੁਛਿਆ;-
"ਆਲਮ ਹੁੰਦਾ ਏ ਕਿ ਬੜੀ ਦੀਦੀ ਮਰੇ ਨਾਲ ਕੁਝ ਨਰਾਜ਼ ਹੈ ?"
"ਜੀ ਹਾਂ"
"ਕਿਉਂ ?"
"ਤੁਸੀਂ ਉਸ ਦਿਨ ਏਸ ਤਰਾਂ ਘਰ ਵਿਚ ਕਿਉਂ ਗਏ ਸੀ ?"
"ਅੰਦਰ ਨਹੀਂ ਜਾਣਾ ਚਾਹੀਦਾ ਸੀ--ਕਿਉਂ ?"
"ਏਸ ਤਰਾਂ ਵੀ ਕੋਈ ਭਲਾ ਜਾਂਦਾ ਹੈ ?" ਦੀਦੀ ਬਹੁਤ ਨਰਾਜ ਹੈ ।
ਸੁਰਿੰਦਰ ਨੇ ਕਿਤਾਬ ਠੱਪ ਕੇ ਰੱਖ ਦਿਤੀ ਤੇ ਕਿਹਾ:-ਹਾਂ ਏਸੇ ਲਈ ।
ਇਕ ਦਿਨ ਦੁਪਹਿਰ ਨੂੰ ਆਸਮਾਨ ਤੇ ਬੱਦਲ ਆਏ ਹੋਏ ਸਨ ਤੇ ਮੀਹ ਬੜੇ ਜ਼ੋਰਾਂ ਨਾਲ ਵੱਸ ਰਿਹਾ ਸੀ। ਬ੍ਰਿਜ ਬਾਬੂ ਨਾਥ ਦੋ ਦਿਨਾਂ ਤੋਂ ਘਰੋਂ ਬਾਹਰ ਗਏ ਹੋਏ ਸਨ ਸ਼ਾਇਦ ਇਲਾਕੇ ਵਿਚ ਦੌਰਾ ਕਰਨ ਗਏ ਹੋਨ ਤੇ ਮਾਧੋਰੀ ਹਾਂ ਉਹ ਵੀ ਉਸ ਦਿਨ ਵੇਹਲੀ ਹੀ ਸੀ ਹਰ ਤਰਾਂ ਅੱਕਲੇ ਸੀ ਓਧਰ ਪਰਮਲਾ ਬੜਾ ਉਧਮ ਮਚਾ ਰਹੀ ਸੀ ।
ਮਾਧੋਰੀ ਨੇ ਉਸ ਨੂੰ ਡਾਂਟ ਕੇ ਕਿਹਾ-ਜਾ - ਜ਼ਰਾ ਆਪਣੀ ਕਿਤਾਬ ਤਾਂ ਚੁੱਕ ਲਿਆ ਮੈਂ ਦੇਖਨੀ ਹਾਂ ਕਿ ਤੂੰ ਕੀ ਕੁਝ ਪੜ੍ਹਿਆ ਹੈਂ ?
ਪਰਮਲਾ ਕੁਝ ਘਬਰਾ ਜਹੀ ਗਈ ਮਾਧੁਰੀ ਨੇ ਫੇਰ ਕਿਹਾ;-ਉਠ ਜਾਂਦੀ ਕਿਉਂ ਨਹੀਂ ?
ਪਰਮਲਾ ਨੇ ਤਰਲੇ ਕਰਦਿਆਂ ਆਖਿਆ:-ਵਿਦਿਆ ਰਾਤ ਨੂੰ ਪੁਛ ਲਈ ਹੁਣ ਜ਼ਰਾ ਖੇਡ ਲੈਣ ਦੇ। ਪਰ ਮਾਧੋਰੀ ਨੇ ਕਿਹਾ ਨਹੀਂ ਹੁਣੇ ਲਿਆ ਤਦ ਕਿਤੇ ਪਰਮਲਾ ਸਿਰ ਸੁਟੀ ਕਿਤਾਬ ਲੈਣ ਗਈ ਤੇ ਲਿਆ ਕੇ ਆਖਨ ਲਗੀ:-ਵਿਦਿਆ ! ਮਾਸਟਰ ਸਾਹਿਬ ਤਾਂ ਅਜ ਕਲ ਕੁਝ ਪੜ੍ਹਾਂਦੇ ਹੀ ਨਹੀਂ ਆਪ ਹੀ ਪੜ੍ਹਦੇ ਰਹਿੰਦੇ ਹਨ । ਮਾਧੋਰੀ ਨ ਕੁਝ ਪੁਰਾਣੇ ਸਬਕ ਪਰਮਲਾ ਪਾਸੀਂ ਪੁਛੇ, ਪਰ ਅਗੋਂ ਉਸ ਨੂੰ ਕੁਝ ਨਾ ਆਇਆ ਮਾਧੋਰੀ ਨੂੰ ਪਤਾ ਲਗ ਗਿਆ ਕਿ ਵਾਕਿਆ ਹੀ ਮਾਸਟਰ ਸਾਹਿਬ ਨੇ ਪਰਮਲਾ ਨੂੰ ਕੁਝ ਨਹੀਂ ਪੜ੍ਹਾਇਆ ਬਲਕਿ ਪਰਮਲਾ ਨੂੰ ਜਿੰਨਾ ਪਹਿਲੇ ਆਉਂਦਾ ਸੀ ਉਹ ਵੀ ਮਾਸਟਰ ਸਾਹਿਬ ਦੇ ਆਉਣ ਨਾਲ ਸਭ ਕੁਝ ਭੁਲ ਗਿਆ ਹੈ । ਮਾਧੋਰੀ ਨੇ ਝੰਝਲਾ ਕੇ ਬੰਧੂ ਨੂੰ ਆਪਣੇ ਪਾਸ ਸਦਿਆ ਤੇ ਉਸ ਨੂੰ ਆਖਨ ਲੱਗੀ:-
"ਜਾ ਜਾ ਕੇ ਮਾਸਟਰ ਸਾਹਿਬ ਤੋਂ ਪੁਛ ਕਿ ਉਹ ਐਨੇ ਦਿਨ ਏਥੇ ਕੀ ਕਰਦੇ ਰਹੇ ਹਨ ਪਰਮਲਾ ਨੂੰ ਤਾਂ ਇਕ ਅਖਰ ਤਕ ਵੀ ਨਹੀਂ ਆਉਂਦਾ ਆਖਰ ਕੀ ਗਲ ਹੈ ?
ਜਿਸ ਵੇਲੇ ਬੰਧੂ ਮਾਸਟਰ ਸਾਹਿਬ ਪਾਸ ਪਹੁੰਚੀ ਤਾਂ ਉਸ ਵੇਲੇ ਸੁਰਿੰਦਰ ਹਸਾਬ ਦਾ ਇਕ ਮੁਸ਼ਕਲ ਸਵਾਲ ਹਲ ਕਰ ਰਿਹਾ ਸੀ । ਬੰਧੂ ਨੇ ਜਾਂਦਿਆਂ ਹੀ ਕਿਹਾ:-
ਮਾਸਟਰ ਸਾਹਿਬ ! ਬੜੀ ਦੀਦੀ ਕਹਿੰਦੀ ਹੈ ਕਿ ਆਪ ਨੇ ਛੋਟੀ ਬੇਟੀਆਂ ਨੂੰ ਹਾਲਾਂ ਤੱਕ ਕੁਝ ਨਹੀਂ ਪੜ੍ਹਇਆ ਆਖਰ ਕੀ ਗੱਲ ਹੈ ? ਮਾਸਟਰ ਸਾਹਿਬ ਨੇ ਗੋਇਆ ਹਾਲਾਂ ਤਕ ਕੁਝ ਸੁਣਿਆਂ ਹੀ ਨਹੀਂ। ਹੁਣ ਬੰਧੂ ਨੇ ਉਚੀ ਲਲਕਾਰ ਕੇ ਕਿਹਾ:-
ਮਾਸਟਰ ਸਾਹਿਬ !
"ਕੀ ਆਖਦੀ ਹੈ ?"
"ਬੜੀ ਦੀਦੀ ਆਖਦੀ ਹੈ ?"
“ਕੀ ਆਖਦੀ ਹੈ ?"
ਛੋਟੀ ਬੇਟੀਆਂ ਨੂੰ ਅਜੇ ਤਕ ਆਪ ਨੇ ਕੁਝ ਨਹੀਂ ਪੜ੍ਹਾਇਆ ਆਖਰ ਇਹ ਕਿਉਂ ? ਬੜੀ ਬੇਦਿਲੀ ਜਿਹੀ ਨਾਲ ਸੁਰਿੰਦਰ ਨੇ ਜਵਾਬ ਦਿਤਾ:-
“ਪੜ੍ਹਾਉਣ ਨੂੰ ਬਿਲਕੁਲ ਤਬੀਅਤ ਨਹੀਂ ਕਰਦੀ' ਬੰਧੂ ਆਪਨੇ ਦਿਲ ਵਿਚ ਬੁੜ ਬੁੜ ਕਰਦੀ ਚਲੀ ਗਈ ਤੇ ਇਹੋ ਮਾਸਟਰ ਸਾਹਿਬ ਵਾਲਾ ਹੂਬਹੂ ਜਵਾਬ ਬੜੀ ਦੀਦੀ ਨੂੰ ਆਖ ਸੁਨਾਇਆ ।
ਮਾਧੋਰੀ ਨੂੰ ਗੁਸਾ, ਆ ਗਿਆ ਤੇ ਹੇਠਾਂ ਆ ਕੇ ਮਾਸਟਰ ਦੇ ਕਮਰੇ ਤੋਂ ਬਾਹਰ ਦਰਵਾਜੇ ਦੀ ਆੜ ਲੈ ਕੇ ਬੰਧੂ ਪਾਸੋਂ ਅਖਵਾਇਆ । "ਆਪ ਨੇ ਛੋਟੀ ਬੇਟੀਆਂ ਨੂੰ ਬਿਲਕੁਲ ਕੁਝ ਪੜ੍ਹਾਇਆ ਹੀ ਨਹੀਂ ਏਸ ਦਾ ਮਤਲਬ-?"
ਦੋ ਤਿੰਨ ਵਾਰੀ ਦੁਬਾਰਾ ਪੁਛਨ ਤੇ ਕਿਤੇ ਜਾ ਕੇ ਜਵਾਬ ਮਿਲਿਆ- ਮੈਥੋਂ , ਨਹੀਂ ਪੜ੍ਹਾਇਆ ਜਾ ਸਕੇਗਾ ।"
ਮਾਧੋਰੀ ਨੇ ਆਪਣੇ ਦਿਲ ਵਿਚ ਆਖਿਆ---ਵਾਹ ਵਾਹ ਖੂਬ !
ਬੰਧੂ ਨੇ ਦੋਬਾਰਾ ਪੁਛਿਆ -ਤਾਂ ਫੇਰ ਏਥੇ , ਕਿਸ ਵਾਸਤੇ ਰਹਿੰਦੇ ਹੋ ?
"ਏਥੇ ਨਾ ਰਵਾਂ ਤਾਂ ਫੇਰ ਜਾਵਾਂ ਕਿਥੇ ?"
"ਤੇ ਫੇਰ ਪੜ੍ਹਾਦੇ ਕਿਉਂ ਨਹੀਂ ?"
ਹੁਣ ਕਿਤੇ ਜਾ ਕੇ ਸੁਰਿੰਦਰ ਨੂੰ ਹੋਸ਼ ਆਈ-ਸੰਭਲ ਕੇ ਆਖਨ ਲਗਾ "ਤਾਂ ਕੀ ਆਖਦੀ ਹੈ ?"
"ਬੰਧੂ ਨੇ ਫੇਰ ਉਹੀ ਸਵਾਲ ਦੋਹਰਾਇਆ।"
ਸੁਰਿੰਦਰ ਨੇ ਜਵਾਬ ਦਿਤਾ;-ਪਰਮਲਾ ਤਾਂ ਹਰ ਰੋਜ ਪੜ੍ਹਦੀ ਹੈ ?
“ਉਹ ਪੜ੍ਹਦੀ ਹੈ ਪਰ ਆਪ ਨੇ ਵੀ ਕਦੀ ਕੁਝ ਉਸ ਪਾਸੋਂ ਪੁਛਿਆ ?"
"ਨਹੀਂ ਮੈਨੂੰ ਦੇਖ ਭਾਲ ਕਰਨ ਦਾ ਸਮਾਂ ਹੀ ਨਹੀਂ ਮਿਲਦਾ ?
"ਤਾਂ ਏਸ ਘਰ ਵਿਚ ਆਪਦੇ ਰਹਿਣ ਦਾ ਮਤਲਬ ?"
ਸੁਰਿੰਦਰ ਚੁਪ ਕਰਕੇ ਸੋਚਣ ਲਗ ਪਿਆ ।
“ਤਾਂ ਆਪ ਪੜ੍ਹਾਓਗੇ ਨਹੀਂ ?"
“ਨਹੀਂ-ਪੜ੍ਹਾਣਾ ਮੈਨੂੰ ਚੰਗਾ ਨਹੀਂ ਲਗਦਾ।"
ਮਾਧੋਰੀ ਨੇ ਆੜ ਵਿਚੋਂ ਖੁਦ ਕਿਹਾ:-ਬੰਧੂ ਜਰਾ ਪੁਛ ਖਾਂ ਫੇਰ ਐਨੇ ਦਿਨਾਂ ਦਾ ਏਥੇ ਝੂਠ ਬੋਲ ਕੇ ਕਿਉਂ ਰਹਿੰਦੇ ਹੋ ?
ਬੰਧੂ ਨੇ ਇਹੋ ਆਖ ਸੁਣਾਇਆ ।
ਇਹ ਸੁਣਦਿਆਂ ਹੀ ਸੁਰਿੰਦਰ ਦਾ ਰਿਆਜੀ ਦੇ ਮੁਸ਼ਸਵਾਲ ਵਾਲਾ ਤਿਲਸਮ ਇਕ ਵਾਰਗੀ ਟੁਟ ਕੇ ਤਾਰ ਤਾਰ ਹੋ ਗਿਆ ਉਸ ਨੂੰ ਬੜਾ ਰੰਝ ਹੋਇਆ ਆਖਣ ਲੱਗਾ ਜੀ ਹਾਂ ਬੜੀ ਭੁਲ ਹੋ ਗਈ !
ਚਾਰ ਮਹੀਨੇ ਤੋਂ ਲਗਾਤਾਰ ਭੁਲ ਹੀ ਹੁੰਦੀ ਰਹੀ !
“ਹਾਂ ਬਿਲਕੁਲ ਭੁਲ ਹੀ ਹੁੰਦੀ ਰਹੀ ।"

ਦੂਜਾ ਕਾਂਡ

ਦੂਜੇ ਦਿਨ ਪਰਮਲਾ ਮਾਸਟਰ ਸਾਹਿਬ ਦੇ ਪਾਸ ਪੜ੍ਹਨ ਨਾ ਆਈ ਸੁਰਿੰਦਰ ਨੇ ਵੀ ਏਸ ਤਰਫ ਜਿਆਦਾ ਖਿਆਲ ਨਾ ਕੀਤਾ । ਇਸ ਤੋਂ ਅਗਲੇ ਦਿਨ ਵੀ ਉਹ ਗੈਰ ਹਾਜਰ ਰਹੀ ਪਰ ਤੀਜੇ ਦਿਨ ਪਰਮਲਾ ਜਦ ਨਾ ਆਈ ਤਾਂ ਉਸ ਨੇ ਇਕ ਮੁਲਾਜ਼ਮ ਨੂੰ ਆਖਿਆ ਜਾ ਜਾ ਕੇ ਪਰਮਲਾ ਨੂੰ ਸਦਾ ਲਿਆ ਉਹ ਅੱਗੋਂ ਜਵਾਬ ਲਿਆਇਆ ਮਾਸਟਰ ਸਾਹਿਬ ਛੋਟੀ ਬੇਟੀਆ ਆਪ ਪਾਸੀਂ ਹੁਣੇ ਨਹੀਂ ਪੜ੍ਹੇਗੀ ।
“ਤਾਂ ਕਿਸ ਪਾਸੋਂ ਪੜ੍ਹੇਗੀ |"
ਨੌਕਰ ਨੇ ਆਪਣੀ ਅਕਲ ਪਾਸੇ ਕੰਮ ਲੀਤਾ ਤੇ ਆਖਣ ਲਗਾ ਨਵਾਂ ਮਾਸਟਰ ਰਖਿਆਂ ਜਾਇਗਾ ।
ਏਸ ਵੇਲੇ ਨੌਂ ਵਜੇ ਦਾ ਵੇਲਾ ਹੋਣਾ ਹੈ ਸੁਰਿੰਦਰ ਨੇ ਕੁਝ ਚਿਰ ਕੁਝ ਸੋਚ ਵਿਚਾਰ ਕੇ ਦੋ ਤਿੰਨ ਕਿਤਾਬਾਂ ਚੁਕ ਕੇ ਕਛੇ ਮਾਰੀਆਂ ਤੇ ਉਠ ਖੜਾ ਹੋਇਆ ਐਨਕ ਲਾਹ ਕੇ ਮੇਜ ਤੇ ਰੱਖ ਆਪ ਹੋਲੀ ਹੌਲੀ ਤੁਰ ਪਿਆ | ਉਸ ਨੂੰ ਜਾਂਦਿਆਂ ਨੌਕਰ ਨੇ ਪੁਛਿਆ:-ਮਾਸਟਰ ਸਾਹਿਬ ਏਸ ਵੇਲੇ ਆਪ ਕਿਧਰ ਚਲੇ ਹੋ ?"
“ਬੜੀ ਦੀਦੀ ਨੂੰ ਆਖ ਦਈਂ', ਮੈਂ ਜਾਂਦਾ ਹਾਂ !
“ਤਾਂ ਹੁਣ ਤੁਸੀ ਨਹੀਂ ਆਓਗੇ ?
ਬਿਨਾਂ ਜਵਾਬ ਦਿਤੇ ਹੀ ਸੁਰਿੰਦਰ ਫਾਟਕ ਤੋਂ ਬਾਹਰ ਹੋ ਗਿਆ |"
ਦੁਪੈਹਰ ਹੋ ਗਈ, ਦੋ ਵਜ ਗਏ ਸੁਰਿੰਦਰ ਵਾਪਸ ਨਾ ਆਇਆ ਨੌਕਰ ਨੇ ਮਾਧੋਰੀ ਨੂੰ ਖਬਰ ਦਿਤੀ ਮਾਸਟਰ ਸਾਹਿਬ ਚਲੇ ਗਏ ਹਨ ।"
ਚਲੇ ਗਏ !--"ਕਿਥੇ ਗਏ ?"
ਇਹ ਤਾਂ ਮੈਨੂੰ ਨਹੀਂ ਪਤਾ ਉਹ ਨੌਂ ਵਜੇ ਗਏ ਸਨ ਤੇ ਜਾਨ ਲਗਿਆਂ ਮੈਨੂੰ ਆਖ ਗਏ ਸਨ ਕਿ ਬੜੀ ਦੀਦੀ ਨੂੰ ਆਖ ਦਈਂ ਕਿ ਮੈਂ ਜਾ ਰਿਹਾ ਹਾਂ ।
"ਹੈਂ ! ਇਹ ਕੀ, ਬਿਨਾਂ ਖਾਦੇ ਪੀਤੇ ਹੀ ਕਿਤੇ ਚਲੇ ਗਏ ?"
ਮਾਧੋਰੀ ਨੂੰ ਚਿੰਤਾ ਲਗ ਗਈ ਉਸ ਨੇ ਖੁਦ ਸੁਰਿੰਦਰ ਦੇ ਕਮਰੇ ਅੰਦਰ ਜਾ ਕੇ ਦੇਖਿਆ---ਸਾਰਾ ਸਮਾਨ ਬਾਕਾਇਦਾ ਰਖਿਆ ਹੋਇਆ ਹੈ ਮੇਜ ਤੇ ਐਨਕ ਤਕ ਕੇਸ ਵਿਚ ਪਈ ਹੋਈ ਹੈ ਪਰ ਕੁਝ ਕਿਤਾਬਾਂ ਨਹੀਂ ਸਨ। ਸੰਧਿਆ ਹੋ ਗਈ, ਰਾਤ ਪੈ ਗਈ ਪਰ ਸੁਰਿੰਦਰ ਨਾ ਆਇਆ । ਦੂਜੇ ਦਿਨ ਮਾਧੋਰੀ ਨੇ ਦੋ ਨੌਕਰਾਂ ਨੂੰ ਸਦ ਕ ਕਿਹਾ:-ਕਿ ਜੇ ਤੁਸੀ ਮਾਸਟਰ ਸਾਹਿਬ ਨੂੰ ਤਲਾਸ਼ ਕਰ ਕੇ ਲੈ ਆਵੋ ਤਾਂ ਦਸ ਰੁਪੈ ਇਨਾਮ ਮਿਲੇਗਾ। ਇਨਾਮ ਦੇ ਲਾਲਚ ਕਰ ਕੇ ਨੌਕਰ ਦੌੜ ਭਜ ਕਰਨ ਲਗੇ--ਸੰਧਿਆ ਵੇਲੇ ਦੋਵਾਂ ਵਾਪਸ ਆ ਕੇ ਇਤਲਾਹ ਦਿੱਤੀ ਕਿ ਮਾਸਟਰ ਸਾਹਿਬ ਦਾ ਕਿਤੇ ਪਤਾ ਨਹੀਂ ਲਗਾ ।
ਪਰਮਲਾ ਨੇ ਰੋਂਦਿਆਂ ਰੋਂਦਿਆਂ ਕਿਹਾ--ਵਿਦਿਆ ! ਮਾਸਟਰ ਸਾਹਿਬ ਕਿਉਂ ਚਲੇ ਗਏ ? ਮਾਧੋਰੀ ਨੇ ਉਸ ਨੂੰ ਪਚਕਾਰਦਿਆਂ ਹੋਇਆਂ ਆਖਿਆ--ਰੋਂਦੀ ਕਿਉਂ ਹੈ ਜਾ ਜ਼ਰਾ ਬਾਹਰ ਜਾ ਕੇ ਖੇਡ ।
ਹੌਲੇ ਹੌਲੇ ਕਈ ਦਿਨ ਨਿਕਲ ਗਏ, ਜਿਸ ਤਰਾਂ ਦਿਨ ਨਿਕਲਦੇ ਜਾ ਰਹੇ ਸਨ ਉਵੇਂ ਹੀ ਮਾਧੋਰੀ ਦੀ ਹਾਲਤ ਰੋਜ਼ ਬਰੋਜ਼ ਖਰਾਬ ਹੁੰਦੀ ਜਾ ਰਹੀ ਸੀ ਉਸ ਦੇ ਚਿਹਰੇ ਤੇ ਫਿਕਰ ਤੇ ਉਦਾਸੀ ਦੇ ਬਦਲ ਹਰ ਸਮੇਂ ਛਾਏ ਰਹਿੰਦੇ ਸਨ । ਬੰਧੂ ਨੇ ਕਿਹਾ:-“ਬੜੀ ਦੀਦੀ !” ਜਾਨ ਵੀ ਦੇ ਏਸ - ਨੂੰ ਐਨਾ , ਲਭਨ ਦੀ ਕੀ ਜ਼ਰੂਰਤ ਹੈ ? ਐਡੇ ਵਡੇ ਕਲਕਤੇ ਸ਼ੈਹਰ ਵਿਚੋਂ ਕੀ ਕੋਈ ਦੂਜਾ ਮਾਸਟਰ ਨਹੀਂ ਮਿਲੇਗਾ ?
ਅਗੋਂ ਮਾਧੋਰੀ ਨੇ ਵਿਗੜ ਕੇ ਉਤਰ ਦਿਤਾ:-ਚੱਲ ਦੂਰ ਹਟ ਏਥੋਂ--ਇਕ ਆਦਮੀ ਜਿਸ ਦੇ ਪਾਸ ਇਕ ਪਾਈ ਤਕ ਨਹੀਂ ਏਥੋਂ ਖਾਲੀ ਹਥ ਚਲਿਆ ਗਿਆ ਹੈ ਤੇ ਤੂੰ ਕਹਿੰਦੀ ਹੈ ਕਿ ਉਸ ਨੂੰ ਲਭਨ ਦੀ ਕੀ ਜ਼ਰੂਰਤ ਹੈ।
---'ਇਹ ਤੈਨੂੰ ਕਿਵੇਂ ਪਤਾ ਲਗਾ ਕਿ ਉਸ ਪਾਸ ਪਾਈ ਤਕ ਨਹੀਂ ਹੈ ?
"ਮੈਂ ਸਭ ਕੁਝ ਜਾਨਦੀ ਹਾਂ, ਪਰ ਤੈਨੂੰ ਇਹਨਾਂ ਗਲਾਂ ਨਾਲ ਕੀ ਮਤਲਬ ? ਜਾ ਜਾ ਕੇ ਆਪਨਾ ਕੰਮ ਕਰ । ਬੰਧੂ ਇਹ ਗਲਾਂ ਸੁਨ ਕੇ ਚੁਪ ਹੋ ਗਈ ।
ਇਕ ਇਕ ਕਰ ਸੱਤ ਦਿਨ ਬੀਤ ਗਏ ਪਰ ਸੁਰਿੰਦਰ ਵਾਪਸ ਨਾ ਆਇਆ ਅਤੇ ਨਾ ਹੀ ਉਸ ਦਾ ਪਤਾ ਲਗਾ, ਹੁਨ ਮਾਧੋਰੀ ਦੀ ਭੁੱਖ ਪਿਆਸ ਸਭ ਨਾਸ ਹੋਨ ਲਗੀ ਉਸ ਨੂੰ ਹਰ ਵੇਲੇ ਇਹ ਖਿਆਲ ਸਤਾ ਰਿਹਾ ਸੀ ਕਿ ਸੁਰਿੰਦਰ ਭੁੱਖਾ ਪਿਆਸਾ ਮਾਰਾਂ ਮਾਰਾ ਫਿਰ ਰਿਹਾ ਹੋਵੇਗਾ। ਜੋ ਆਦਮੀ ਘਰੋਂ ਚੀਜ਼ ਮੰਗ ਕੇ ਨਹੀਂ ਖਾ ਸਕਦਾ ਉਹ ਕਿਸੇ ਬਿਨਾਂ ਵਾਕਫ਼ ਕੋਲੋਂ ਕਿਵੇਂ ਮੰਗ ਸਕਦਾ ਹੈ ? ਮਾਧੋਰੀ ਨੂੰ ਇਹ ਪੱਕਾ ਨਿਸਚਾ ਸੀ ਕਿ ਬਜ਼ਾਰੋਂ ਖਰੀਦ ਕੇ ਖਾਨ ਲਈ ਸੁਰਿੰਦਰ ਦੀ ਜੇਬ ਵਿਚ ਤਾਂ ਇਕ ਪੈਸਾ ਤੱਕ ਵੀ ਨਹੀਂ ਹੈ ਤੇ ਭੀਖ ਮੰਗ ਕੇ ਉਹ ਪੇਟ ਨਹੀਂ ਭਰ ਸਕਦਾ---ਆਹ ! ਉਹ ਕਿਤੇ ਨਦਾਨ ਬਚੇ ਵਾਂਗ ਬੇ ਯਾਰ ਮਦਦਗਾਰ ਕਿਸੇ ਰੁਖ ਥਲੇ ਛਾਵੇਂ ਲੰਮਾ ਪਿਆ ਹੋਵੇਗਾ ਹੈ ਯਾ ਕਿਸੇ ਸੜਕ ਕੰਢੇ ਨੀਮ ਜਾਨ ਪਿਆ ਹੋਨਾ |
ਬਾਬੂ ਬ੍ਰਿਜ ਨਾਥ ਨੇ ਘਰ ਪਹੁੰਚਦਿਆਂ ਜਦੇ ਇਹ ਸੁਣਿਆਂ ਤਾਂ ਬੜੇ ਰੰਜ ਨਾਲ ਆਖਨ ਲਗੇ ਇਹ ਕੰਮ ਚੰਗਾ ਨਹੀਂ ਹੋਇਆ ਬੇਟਾ ! ਤੇ ਮਾਧੋਰੀ ਨੇ ਬੜੀ ਮੁਸ਼ਕਲ ਨਾਲ ਆਪਨੇ ਉਮੰਡੇ ਹੋਏ ਅਥਰੂਆਂ ਨੂੰ ਰੋਕਿਆ ।
ਸੁਰਿੰਦਰ ਦੇ ਨਾਲ ਜੋ ਬੀਤੀ ਜ਼ਰਾ ਉਹ ਸੁਣੋ ਤਿੰਨ ਦਿਨ ਤਾਂ ਉਸ ਨੇ ਫਾਕੇ ਕੱਟ ਕੇ ਸੜਕਾਂ ਦੀ ਮਿਟੀ ਛਾਨ ਛਾਨ ਕੇ ਕਟ ਦਿਤੇ । ਖੀਸੇ ਵਿਚ ਪੈਸਾ ਨਾ ਹੋਨ ਤੇ ਵੀ ਨਲਕੇ ਦਾ ਪਾਣੀ ਮੁਫ਼ਤ ਮਿਲ ਹੀ ਜਾਂਦਾ ਸੀ ਜਦੋਂ ਭੁਖ ਜ਼ਿਆਦਾ ਸਤਾਂਦੀ ਸੀ ਤਾਂ ਉਹਦੋਂ ਉਹ ਬੁਕ ਭਰ ਕੇ ਹਟਾ ਗਟ ਚੜਾ ਲੈਂਦਾ ਸੀ ।
ਇਕ ਸ਼ਾਮ ਨੂੰ ਉਹ ਕਾਲੀ ਘਾਟ ਵਲ ਜਾ ਰਿਹਾ ਸੀ ਉਸ ਦੀਆਂ ਲਤਾਂ ਉਸ ਨੂੰ ਜਵਾਬ ਦੇਈ ਜਾ ਰਹੀਆਂ ਸਨ ਪਰ ਫੇਰ ਵੀ ਉਹ ਔਖਾ ਸੌਖਾ ਹੋ ਕੇ ਹੱਟ ਬੱਧਾ ਤੁਰੀ ਜਾ ਰਿਹਾ ਸੀ । , ਕਿਸੇ ਪਾਸੋਂ ਉਸ ਨੇ ਸੁਣਿਆ ਸੀ ਕਿ ਉਥੇ ਖਾਨਾ ਮੁਫਤ ਵੰਡਿਆ ਜਾਂਦਾ ਹੈ । ਪਹਿਲੇ ਤਾਂ ਉੱਵ ਹੀ ਹਨੇਰਾ ਸੀ ਫੇਰ ਉਧਰੋਂ ਅਸਮਾਨ ਤੇ ਬਦਲ ਵੀ ਛਾਏ ਹੋਏ ਸਨ । ਚੌਰੰਗੀ ਦੇ ਮੋੜ ਤੇ ਪਹੁੰਚਦਿਆਂ ਹੀ ਉਹ ਇਕ ਵਕਟੋਰੀਆ ਗਡੀ ਦੇ ਥਲੇ ਆ ਗਿਆ ! ਐਨੀ ਸਮਝੋ ਖੈਰੀਅਤ ਹੋ ਗਈ ਕ ਕੋਚਵਾਨ ਨੇ ਬੜੀ ਹੁਸ਼ਿਆਰੀ ਦਿਖਾਈ ਤੇ ਬੜੀ ਫੁਰਤੀ ਨਾਲ ਘੋੜਿਆਂ ਨੂੰ ਉਥੇ ਹੀ ਰੋਕ ਲਿਆ। ਸੁਰਿੰਦਰ ਬਚ ਤਾਂ ਗਿਆ, ਪਰ ਉਸ ਦੇ ਸੀਨੇ ਪਸਲੀਆਂ ਨੂੰ ਸਖਤ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਕੇ ਡਿਗ ਪਿਆ । ਪੁਲੀਸ ਦੇ ਇਕ ਸਿਪਾਹੀ ਨੇ ਉਸ ਨੂੰ ਉਸੇ ਗਡੀ ਵਿਚ ਲਿਟਾ ਕੇ ਹਸਪਤਾਲ ਪਹੁੰਚਾਇਆ ਚਾਰ ਪੰਜ ਦਿਨ ਬੇਹੋਸ਼ੀ ਦੀ ਹਾਲਤ ਵਿਚ ਪਏ ਰਹਿਨ ਤੋਂ ਬਾਅਦ ਛੀਵੇਂ ਦਿਨ ਸੁਰਿੰਦਰ ਨੇ ਅਖਾਂ ਖੋਲੀਆਂ ਤੇ ਉਸ ਦੇ ਮੂੰਹੋਂ ਨਿਕਲਿਆ--- ਬੜੀ ਦੀਦੀ !
ਮੈਡੀਕਲ ਕਾਲਜ ਦਾ ਇਕ ਵਿਦਿਆਰਥੀ ਏਸ ਰਾਤ ਨੂੰ ਹਸਪਤਾਲ ਡਿਉਟੀ ਤੇ ਸੀ ਸੁਰਿੰਦਰ ਨੂੰ ਹੋਸ਼ ਵਿਚ ਆਉਂਦਿਆਂ ਦੇਖ ਉਹ ਇਸ ਦੇ ਨੇੜੇ ਆਇਆ । ਸੁਰਿੰਦਰ ਨੇ ਉਸ ਨੂੰ ਪੁਛਿਆ:-ਬੜੀ ਦੀਦੀ ਆਈ ਹੈ ? ਜਵਾਬ ਮਿਲਿਆ ਕਲ ਸਵੇਰੇ ਅਇਗੀ । ਅਗਲੇ ਦੂਜੇ ਦਿਨ ਉਹ ਸਾਰਾ ਦਿਨ ਹੋਸ਼ ਵਿਚ ਰਹਿਆ ਪਰ ਉਸ ਨੇ ਦੋਬਾਰਾ ਬੜੀ ਦੀਦੀ ਦੇ ਬਾਰੇ ਕੁਝ ਨਾ ਪੁਛਿਆ । ਸਾਰਾ ਦਿਨ ਬੁਖਾਰ ਵਿਚ ਸੜਦਾ ਰਿਹਾ ਸੰਧਿਆ ਹੋਨ ਵੇਲੇ ਇਕ ਆਦਮੀ ਨੂੰ ਉਸ ਨੇ ਪੁਛਿਆ:-
"ਕਿਉਂ ਜੀ ਮੈਂ ਹਸਪਤਾਲ ਵਿਚ ਹਾਂ ?"
"ਹਾਂ ।"
ਕਿਉਂ ? ਕਿਸ ਕਾਰਨ ?
ਤੁਸੀਂ ਇਕ , ਗਡੀ ਥੱਲੇ ਆ ਕੇ ਜ਼ਖਮੀ ਹੋ ਗਏ ਸੀ।
“ਮੇਰੇ ਬਚ ਰਹਿਨ ਦੀ ਉਮੀਦ ਹੈ ?"
"ਹਾਂ ਪੂਰੀ ਤਰਾਂ ।"
ਦੂਜੇ ਦਿਨ ਉਸ ਵਿਦਿਆਰਥੀ ਨੇ ਜਿਸ ਨਾਲ ਅਗੇ ਗੱਲਾਂ ਹੋ ਚੁਕੀਆਂ ਸਨ ਨੇੜੇ ਆ ਕੇ ਸੁਰਿੰਦਰ ਪਾਸੋਂ ਪੁਛਿਆ:-
“ਏਥੇ ਕੋਈ ਤੁਹਾਡਾ ਰਿਸ਼ਤੇਦਾਰ ਰਹਿੰਦਾ ਹੈ ?"
ਕੋਈ ਨਹੀਂ।"
“ਪਰਸੋਂ ਰਾਤੀ ਤੁਸੀ ਕਿਸੇ ਦਾ ਨਾਂ ਲੈ ਕੇ ਸੱਦ ਰਹੇ ਸੀ , ਕੀ ਉਹ ਏਥੇ ਹੀ ਕਲਕਤੇ ਵਿਚ ਰਹਿੰਦੀ ਹੈ ?"
........ ਹਾਂ ਰਹਿੰਦੀ ਤਾਂ ਜ਼ਰੂਰ ਹੈ ਪਰ ਉਹ ਏਥੇ ਨਹੀਂ ਆ ਸਕਦੀ । "ਕੀ ਤੁਸੀ ਮੇਰੇ ਘਰ ਜ਼ਰਾਂ ਇਤਲਾਹ ਦੇ ਸਕਦੇ ਹੋ ?"
"ਕਿਉਂ ਨਹੀਂ ? ਜ਼ਰੂਰ ।"
ਸੁਰਿੰਦਰ ਨੇ ਘਰ ਦਾ ਪਤਾ ਲਿਖਾ ਦਿਤਾ । ਦੁਬਾਰਾਂ ਫੇਰ ਉਸ ਨੇ ਸਵਾਲ ਕੀਤਾ............"ਏਥੇ ਔਰਤਾਂ ਵੀ ਆ ਸਕਦੀਆਂ ਹਨ ?"
“ਹਾਂ ਅਸੀਂ ਪਰਦੇ ਵਾਲੀਆਂ ਔਰਤਾਂ ਲਈ ਇਥੇ ਪਰਦਾ ਕਰ ਦੇਂਦੇ ਹਾਂ, ਤੁਸੀ ਆਪਣੀ ਭੈਣ ਜੀ ਦਾ ਪਤਾ ਮੈਨੂੰ ਦੱਸ ਦਿਉ ਮੈਂ ਉਹਨਾਂ ਨੂੰ ਵੀ ਖਬਰ ਪੁਚਾ ਦਿਆਂਗਾ |"
ਕੁਝ ਚਿਰ ਸੋਚ ਕੇ ਸੁਰਿੰਦਰ ਨੇ ਬ੍ਰਿਜ ਬਾਬੂ ਦਾ ਪਤਾ ਦਸ ਦਿਤਾ |
ਵਿਦਿਆਰਥੀ ਨੇ ਦਸਿਆ ਕਿ ਮੇਰਾ ਆਪਣਾ ਮਕਾਨ ਵੀ ਉਥੇ ਪਾਸ ਹੀ ਹੈ, ਏਸ ਲਈ ਉਹ ਅੱਜ ਹੀ ਉਹਨਾਂ ਨੂੰ ਇਤਲਾਹ ਦੇ ਦਏਗਾ । ਸੁਰਿੰਦਰ ਚੁਪ ਕਰ ਗਿਆ ਉਸ ਨੂੰ ਯਕੀਨ ਸੀ ਕਿ ਬੜੀ ਦੀਦੀ ਏਥੇ ਨਹੀਂ ਆ ਸਕਦੀ।
ਉਸ ਵਿਦਿਆਰਥੀ ਨੇ ਹਮਦਰਦੀ ਕਾਰਨ ਬ੍ਰਿਜ ਬਾਬੂ ਦੇ ਘਰ ਖਬਰ ਕਰ ਦਿਤੀ ਉਹ ਸੁਣਦੇ ਹੀ ਘਬਰਾ ਗਏ ਤੇ ਘਬਰਾਂਦਿਆਂ ਹੋਇਆਂ ਹੀ ਪੁਛਣ ਲੱਗੇ:-
"ਬਚ ਤਾਂ ਜਾਇਗਾ ?"
"ਆਪ ਫਿਕਰ ਨ ਕਰੋ - ਉਸਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਹੈ । ਬ੍ਰਿਜ ਬਾਬੂ ਨੇ ਅੰਦਰ ਜਾ ਕੇ ਆਪਣੀ ਲੜਕੀ ਨੂੰ ਕਿਹਾ:-ਮਾਧੋਰੀ ! ਆਖਰ ਮੈਨੂੰ ਜੋ ਡਰ ਸੀ ਉਹੋ ਹੀ ਹੋ ਕੇ ਰਿਹਾ ਸੁਰਿੰਦਰ ਫਿਟਨ ਥੱਲੇ ਆ ਕੇ ਕੁਚਲਿਆ ਗਿਆ ਹੈ ।
ਮਾਧੋਰੀ ਦੇ ਸੀਨੇ ਵਿਚ ਇਕ ਅਸਹਿ ਦਰਦ ਦੀ ਲਹਿਰ ਦੌੜ ਗਈ ।
--ਸੁਣਿਆਂ ਹੈ ਜਦ ਉਸ ਨੂੰ ਹੋਸ਼ ਆਈ ਸੀ, ਤਾਂ ਉਸਨੇ ਬੜੀ ਦੀਦੀ ਕਹਿ ਕੇ ਤੇਨੂੰ ਪੁਕਾਰਿਆ ਸੀ ਉਸਨੂੰ ਦੇਖਣ ਚਲੇਂਗੀ ?
ਅਚਾਨਕ ਇਕ ਜ਼ੋਰ ਦਾ ਧਮਾਕਾ ਹੋਇਆ ਨਾਲ ਦੇ ਕਮਰੇ ਵਿਚ ਪਰਮਲਾ ਨੇ ਪਤਾ ਨਹੀਂ ਕੀ ਜ਼ਮੀਨ ਤੇ ਦੇ ਮਾਰਿਆ ਸੀ ਅਵਾਜ਼ ਸੁਣ ਕੇ ਮਾਧੋਰੀ ਉਧਰ ਚਲੀ ਗਈ ਤੇ ਵਾਪਸ ਆ ਕੇ , ਆਖਣ ਲੱਗੀ:-"ਤੁਸੀਂ ਹੀ ਦੇਖ ਆਉ ਬਾਬੂ ਜੀ ਮੈਂ ਨਹੀਂ ਜਾ ਸਕਦੀ ।"
ਰੰਜੀਦਾ ਜਿਹੇ ਹੋਕੇ ਬ੍ਰਿਜ ਬਾਬੂ ਨੇ ਕੁਝ ਹੱਸਣ ਦੀ ਕੋਸ਼ਸ਼ ਕਰਦਿਆਂ ਹੋਇਆਂ ਕਿਹਾ:-ਉਹ ਬਿਲਕੁਲ ਨਾਸਮਝ ਹੈ ਬੇਟੀ ! ਉਸ ਤੇ ਗੁਸਾ ਕਰਨਾ ਫਜੂਲ ਹੈ ।
ਮਾਧੋਰੀ ਨੇ ਏਸ ਗੱਲ ਦਾ ਕੋਈ ਉਤਰ ਨਾਂ ਦਿੱਤਾ । ਬ੍ਰਿਜ ਬਾਬੂ ਕਲਿਆਂ ਹੀ ਸੁਰਿੰਦਰ ਨੂੰ ਦੇਖਣ ਚਲੇ ਗਏ--ਉਸਦੀ ਇਹੋ ਜਿਹੀ ਖਰਾਬ ਹਾਲਤ ਦੇਖ ਕੇ ਉਹਨਾਂ ਨੂੰ ਬੜੀ ਤਕਲੀਫ ਹੋਈ ਆਖਣ ਲੱਗੇ:-ਸਰਿੰਦਰ ਤੇਰੇ ਮਾਤਾ ਪਿਤਾ ਨੂੰ ਖਬਰ ਕਰ ਦਿੱਤੀ ਜਾਇ ? "ਤੇਰੀ ਕੀ ਮਰਜ਼ੀ ਹੈ ?"
--"ਉਹਨਾਂ ਨੂੰ ਇਤਲਾਹ ਮਿਲ ਚੁੱਕੀ ਹੈ ।" ਖੈਰ ਕੁਝ ਫਿਕਰ ਨਾ ਕਰੀਂ ਘਬਰਾਨਾ ਨਹੀਂ ਜਲਦੀ ਹਛੇ ਹੋ ਜਾਉਗੇ, ਬਸ ਜਿਸ ਵੇਲੇ ਆਪ ਦੇ ਪਿਤਾ ਸਾਹਿਬ ਪਹੁੰਚ ਜਾਣਗੇ ਮੈਂ ਫੌਰਨ ਆਪ ਨੂੰ ਘਰ ਭੇਜਨ ਦਾ ਬੰਦੋਬਸਤ ਕਰ ਦਿਆਂਗਾ..........ਉਹਨਾਂ ਨੂੰ ਖਰਚ ਦਾ ਖਿਆਲ ਆਇਆ ਆਖਨ ਲਗੇ:-ਚੰਗਾ ਹੋਵੇ ਜੇ ਆਪ ਆਪਣੇ ਪਿਤਾ ਦਾ ਮੁਕੰਮਲ ਪਤਾ ਮੈਨੂੰ ਦਸ ਦਿਓ ਕਿਉਂਕਿ ਮੈਂ ਚਾਹੁੰਨਾ ਹਾਂ ਕਿ ਇਹੋ ਜਿਹਾ ਇੰਤਜਾਮ ਹੋ ਜਾਏ ਜਿਸ ਨਾਲ ਉਹਨਾਂ ਨੂੰ ਇੱਥੇ ਪਹੁੰਚਨ ਵਿਚ ਕਿਸੇ ਕਿਸਮ ਦੀ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ ।
ਬ੍ਰਿਜ ਬਾਬੂ ਦੀ ਏਸ ਗਲ ਦਾ ਮਤਲਬ ਸੁਰਿੰਦਰ , ਦੀ ਸਮਝ ਵਿਚ ਕੁਝ ਨਾ ਆਇਆ ਉਹ ਆਖਨ ਲਗਾ:-
ਪਿਤਾ ਜੀ ਤਾਂ ਆਉਨਗੇ ਹੀ ਏਸ ਵਿਚ ਭਲਾ ਉਹਨਾਂ ਨੂੰ ਤਕਲੀਫ ਕਿਸਤਰਾਂ ਹੋਵੇਗੀ ?
ਬ੍ਰਿਜ ਬਾਬੂ ਨੇ ਘਰ ਆ ਕੇ ਮਾਧੋਰੀ ਨੂੰ ਸਾਰਾ ਹਾਲ ਦਸਿਆ। ਉਹ ਰੋਜ ਹੀ ਸੁਰਿੰਦਰ ਨੂੰ ਹਸਪਤਾਲ ਦੇਖਣ ਜਾਣ ਲਗ ਪਏ ਕਿਉਂਕਿ ਉਹਨਾਂ ਨੂੰ ਸੁਰਿੰਦਰ ਨਾਲ ਕੁਝ ਪਿਤਾ ਵਰਗੀ ਹਮਦਰਦੀ ਜਿਹੀ ਹੋ ਗਈ ਸੀ ਤੇ ਉਸ ਨੂੰ ਬੜੀ ਪਿਆਰ ਭਰੀ ਨਿਗਾਹ ਨਾਲ ਦੇਖਦੇ ਰਹਿੰਦੇ ਸਨ ।
ਇਕ ਦਿਨ ਹਸਪਤਾਲ ਤੋਂ ਵਾਪਸ ਆ ਕੇ ਬਾਬੂ ਬ੍ਰਿਜ ਨਾਥ ਨੇ ਕਿਹਾ:-ਮਾਧੋਰੀ ਤੇਰਾ ਕਹਿਣਾ ਸਚਮੁਚ ਨਿਕਲਿਆ ਸੁਰਿੰਦਰ ਦੇ ਪਿਤਾ ਬੜੇ ਦੌਲਤਮੰਦ ਆਦਮੀ ਹਨ ।
ਮਾਧੋਰੀ ਨੇ ਬੜੀ ਖੁਸ਼ੀ ਖੁਸ਼ੀ ਪੁਛਿਆ:-ਤੁਹਾਨੂੰ ਕਿਸਤਰਾਂ ਪਤਾ ਲਗਾ ਬਾਬੂ ਜੀ !
ਉਸਦੇ ਪਿਤਾ ਇਕ ਬੜੇ ਵਡੇ ਮਸ਼ਹੂਰ ਵਕੀਲ ਹਨ ਉਹ ਕੱਲ ਰਾਤ ਦੇ ਸੁਰਿੰਦਰ ਪਾਸ ਪਹੁੰਚ ਗਏ ਹਨ।
"ਮਾਧੋਰੀ ਖਾਮੋਸ਼ , ਸੁਣਦੀ ਰਹੀ ਬ੍ਰਿਜ ਬਾਬੂ ਆਖਣ ਲੱਗੇ:-
“ਮਾਧੋਰੀ ! ਸੁਰਿੰਦਰ ਆਪਣੇ ਘਰੋਂ ਨਸ ਕੇ ਆਇਆ ਸੀ।"
ਕਿਉਂ ! ਕਿਸ ਵਾਸਤੇ ?
ਅਜ ਉਸ ਦੇ ਪਿਤਾ ਨਾਲ ਮੇਰੀਆਂ ਗੱਲਾਂ ਹੋਈਆਂ ਹਨ ਉਹਨਾਂ ਨੇ ਮੈਨੂੰ ਸਭ ਹਾਲ ਦਸਿਆ ਹੈ। ਏਸ ਸਾਲ ਅਲਾਹਬਾਦ ਯੂਨੀਵਰਸਟੀ ਤੋਂ ਸੁਰਿੰਦਰ ਨੇ ਐਮ.ਏ. ਦਾ ਇਮਤਿਹਾਨ ਪਾਸ ਕੀਤਾ ਸੀ ਤੇ ਉਸ ਦਾ ਇਰਾਦਾ ਵਲਾਇਤ ਜਾ ਕੇ ਹੋਰ ਚੰਗੀ ਤਾਲੀਮ ਹਾਸਲ ਕਰਨ ਦਾ ਸੀ ਪਰ ਮਾਤਾ ਪਿਤਾ ਨੇ ਇਜਾਜ਼ਤ ਨਾ ਦਿਤੀ ਕਿਉਂਕਿ ਸੁਰਿੰਦਰ , ਬਿਲਕੁਲ ਹੀ ਅੰਜਾਨ ਤੇ ਸ਼ਰਮੀਲਾ ਲੜਕਾ ਹੈ, ਰਾਏ ਬਾਬੂ ਨੇ ਇਹ ਸੋਚ ਕੇ ਕਿ ਇਸ ਦਾ ਇਕੱਲਿਆਂ ਏਸ ਤਰਾਂ ਵਲਾਇਤ ਜਾਣਾ ਠੀਕ ਨਹੀਂ ਏਸ ਲਈ ਉਸਨੂੰ ਉਹਨਾਂ ਵਲਾਇਤ ਨਹੀਂ ਸੀ ਭੇਜਿਆ । ਇਸ ਗੱਲ ਤੋਂ ਗੁਸੇ ਹੋ ਕਿ ਉਹ ਘਰੋਂ ਨੱਸ ਉਠਿਆ ਸੀ । ਹੁਣ ਏਹਨੂੰ ਆਰਾਮ ਆਉਣ ਤੇ ਵਕੀਲ ਸਾਹਿਬ ਆਪਣੇ ਨਾਲ ਹੀ ਘਰ ਵਾਪਸ ਲੈ ਜਾਣਗੇ ਮਾਧੋਰੀ ਨੇ ਆਪਣੇ ਰੁਕੇ ਹੋਏ ਅੱਥਰੂ ਬੜੀ ਮੁਸ਼ਕਲ ਨਾਲ ਜ਼ਬਤ ਕੀਤੇ ਤੇ ਏਸ ਠੰਢੀ ਆਹ ਨੂੰ ਸੀਨੇ ਵਿਚ ਹੀ ਦੱਬ ਲੀਤਾ ਜੋ ਉਸਦੇ ਬੁਲਾਂ ਤੱਕ ਆਉਣ ਨੂੰ ਬੜੀ ਬੇਚੈਨ ਹੋ ਰਹੀ ਸੀ ।
ਸੁਰਿੰਦਰ ਨੂੰ ਕਲਕਤੇ ਪਹੁੰਚਿਆਂ, ਛੀ ਮਹੀਨੇ ਹੋ ਚੁਕੇ ਹਨ ! ਮਾਧੋਰੀ ਨੇ ਇਹਨਾਂ ਦਿਨਾਂ ਵਿਚ ਆਪਣੀ ਸਹੇਲੀ ਮਨੋਰਮਾਂ ਨੂੰ ਇਕ ਵਾਰੀ ਖਤ ਲਿਖਿਆ ਸੀ ਦੂਜਾ ਖਤ ਉਹ ਨਹੀਂ ਸੀ ਲਿਖ ਸੱਕੀ ? ਕਾਰਨ ? ਉਸਨੂੰ ਖੁਦ ਇਹ ਪਤਾ ਨਹੀਂ ਸੀ ।
ਦੁਰਗਾ ਪੂਜਾ ਦੇ ਦਿਨਾਂ ਵਿਚ ਮਨੋਰਮਾਂ ਪੇਕੇ ਆਈ ਤੇ ਆਉਂਦਿਆਂ ਹੀ ਮਾਧੋਰੀ ਦੇ ਦੁਵਾਲੇ ਹੋਕੇ ਬੋਲੀ:-"ਆਪਣੇ ਉਸ ਹਨੂੰਮਾਨ ਮਹਾਰਾਜ਼ ਦੇ ਦਰਸ਼ਨ ਤਾਂ ਕਰਾਓ । ਮਾਧੋਰੀ ਨੇ ਉਸਨੂੰ ਟਾਲ ਕੇ ਹਸਦਿਆਂ ਹਸਦਿਆਂ ਆਖਿਆ:-"ਅਰੀ ! ਮੈਂ ਹਨੂੰਮਾਨ ਨੂੰ ਕਿਥੋਂ ਲਿਆਵਾਂ ?"
ਮਨੋਰਮਾਂ ਨੇ ਮਾਧੋਰੀ ਦੀ ਠੋਡੀ ਫੜਦਿਆਂ ਹੋਇਆਂ ਕਿਹਾ:--ਮੈਂ ਤਾਂ ਏਸੇ ਲਈ ਦੌੜਦਿਆਂ ਦੌੜਦਿਆਂ ਆਈ ਹਾਂ ਕਿ ਦੇਖਾਂ ਤੇਰੇ ਇਹਨਾਂ ਨਾਜ਼ਕ ਹਿਨਾਈ ਚਰਨਾਂ ਪਾਸ ਰਹਿਨ ਵਾਲਾ ਉਹ ਤਕਦੀਰ ਦਾ ਸਕੰਦਰ---ਤੇਰਾ ਬੰਦਰ ! ਕਿਹੋ ਜਿਹਾ ਹੈ--- ਅਰੀ ਉਹੋ ਹੀ--ਤੇਰਾ ਪਾਲਤੂ ਬਨ ਮਾਨਸ !
“ਕਿਸ ਦੀ ਗਲ ਕਰਨੀ ਹੈਂ ?"
ਮਨੋਰਮਾਂ ਨੇ ਬੁਲਾਂ ਤੇ ਹਲਕੀ ਜਿਹੀ ਮੁਸਕਰਾਹਟ ਲਿਆ ਕੇ ਦੁਬਾਰਾ ਮਜਾਕ ਨਾਲ ਕਿਹਾ:-“ਯਾਦ ਨਹੀਂ ਰਿਹਾ ?"
“ਉਹੋ ਹੀ ਤਾਂ ਮੈਂ ਆਖਨੀ ਹਾਂ ਜੋ ਤੇਰੇ ਸਿਵਾ ਹੋਰ ਕਿਸੇ ਨਾਲ ਵਾਸਤਾ ਹੀ ਨਹੀਂ ਸੀ ਰਖਦਾ ?"
ਮਨੋਰਮਾਂ ਦੀ ਗਲ ਬਾਤ ਦਾ ਮਤਲਬ ਕੀ ਹੈ ਇਹ ਮਾਧੋਰੀ ਨੇ ਸਭ ਕੁਝ ਸਮਝ ਲੀਤਾ ਸੀ । ਜਿਉਂ ਜਿਉਂ ਮਨੋਰਮਾਂ ਖੁਰਚ ਖੁਰਚ ਕੇ ਇਹ ਗਲਾਂ ਪੁਛ ਰਹੀ ਸੀ, ਤਿਉਂ ਤਿਉਂ ਮਾਧੋਰੀ ਦੇ ਚਿਹਰੇ ਦਾ ਰੰਗ ਹੋਲੇ ਹੋਲੇ ਜ਼ਰਦ ਹੁੰਦਾ ਜਾ ਰਿਹਾ ਸੀ । ਪਰ ਤਾਂ ਵੀ ਉਹ ਆਪਨੇ ਆਪ ਨੂੰ ਸੰਭਾਲ ਕੇ ਬੋਲੀ:-
"ਮਾਸਟਰ ਸਾਹਿਬ ਦੇ ਲਈ ਪੁਛ ਰਹੀ ਹੈਂ ? ਉਹ ਤਾਂ ਖੁਦ ਹੀ ਚਲੇ ਗਏ।"
“ਇਹੋ ਜਿਹੇ ਗੁਦ ਗਦੇ ਹਵਾਈ ਤਲਵੇ ਕੀ ਉਸ ਦੇ ਮਨ ਨਹੀਂ ਭਾਏ ?"
ਮਾਧੋਰੀ ਨੇ ਦੂਜੇ ਵਲੇ ਮੁੰਹ ਫੇਰ ਲੀਤਾ--ਪਰ ਹੋ ਕੁਝ ਨਾ ਆਖਿਆ | ਮਨੋਰਮਾਂ ਨੇ ਦਿਲਜੋਈ ਕਰਦਿਆਂ ਹੋਇਆਂ ਮਾਧੋਰੀ ਦਾ ਮੂੰਹ ਫੇਰ ਆਪਣੀ ਵਲ ਖਿੱਚ ਲਿਆ। ਉਸਨੇ ਦੇਖਿਆ ਕਿ ਦਿਲ ਲਗੀ ਦੀ ਏਸ ਆਖਰੀ ਗੱਲ ਨਾਲ ਉਸਦੀ ਸਖੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਹੈ ਤੇ ਅੱਥਰੂ ਛਲਕ ਰਹੇ ਹਨ । ਹੈਰਾਨ ਹੁੰਦਿਆਂ ਹੋਇਆਂ ਮਨੋਰਮਾਂ ਨੇ ਪੁਛਿਆ:-ਇਹ ਕੀ ਮਾਧੋਰੀ ?"
ਹੁਣ ਮਾਧੋਰੀ ਪਾਸੋਂ ਹੋਰ ਜ਼ਬਤ ਨਾ ਹੋ ਸਕਿਆ ਉਹ ਮੂੰਹ ਨੂੰ ਆਪਣੇ ਦੁਪੱਟੇ ਵਿਚ ਲੁਕਾ ਕੇ ਜ਼ੋਰ ਜ਼ੋਰ ਦੀ ਰੋਣ ਲੱਗ ਪਈ । ਮਨੋਰਮਾਂ ਦੀ ਹੈਰਾਨੀ ਦੀ ਹੱਦ ਨਹੀਂ ਸੀ ਉਸਦੇ ਕਾਫੀ ਸੋਚਣ ਤੇ ਵੀ ਉਸਨੂੰ ਮਾਧੋਰੀ ਦੇ ਦਿਲ ਜੋਈ ਕਰਨ ਦਾ ਕੋਈ ਤਰੀਕਾ ਨਾ ਲਭਿਆ ਏਸ ਲਈ ਉਸਨੇ ਕੁਝ ਚਿਰ ਲਈ ਮਾਧੋਰੀ ਨੂੰ ਖੁਲ ਕੇ ਰੋਣ ਦਿੱਤਾ। ਇਸ ਤੋਂ ਬਾਅਦ ਉਸਦੇ ਮੂੰਹ ਤੋਂ ਦੁਪੱਟਾ ਹਟਾ ਕੇ ਅਫਸੋਸ ਨਾਲ ਕਹਿਣ ਲੱਗੀ:- ਤੂੰ ਤਾਂ ਜ਼ਰਾ ਜਿੰਨੀ ਦਿਲ ਲਗੀ ਨਾਲ ਰੋਣ ਲੱਗ ਜਾਨੀ ਹੈ ਭੈਣ ! ਮੈਨੂੰ ਨਹੀਂ ਸੀ ਪਤਾ ਕਿ ਮੇਰੀ ਭੈਣ ਐਨਾ ਵੀ ਹਾਸਾ ਨਹੀ ਸਹਿ ਸਕਦੀ ਮਾਧੋਰੀ ਨੇ ਅੱਖਾਂ ਪੂੰਝਦਿਆਂ ਹੋਇਆਂ ਕਿਹਾ:-ਮੈਂ ਵਿਧਵਾ ਜੋ ਹੋਈ ਭੈਣ ! ਇਸ ਤੋਂ ਪਿਛੋਂ ਦੋਵੇਂ ਜਨੀਆਂ ਕੁਝ ਚਿਰ ਚੁਪ ਰਹੀਆਂ ।
ਦੋਵੇਂ ਹੀ ਸਹੇਲੀਆਂ , ਆਪੋ ਆਪਣੇ ਦਿਲ ਵਿਚ ਅੱਥਰੂ ਵਿਹਾ ਰਹੀਆਂ ਸਨ | ਮਨੋਰਮਾਂ ਰੋ ਰਹੀ ਸੀ ਮਾਧੋਰੀ ਦੇ ਦੁਖ ਕਾਰਨ--ਉਸਦੇ ਵਿਧਵਾ ਪੁਣੇ ਦਾ ਦੁਖ ਆਪਣੇ ਦਿਲ ਵਿਚ ਸਹਿ ਕੇ--ਪਰ ਮਾਧੋਰੀ ਕਿਉਂ ਰੋ ਰਹੀ ਸੀ ? ਉਸਦਾ ਸਬਬ ਕੁਝ ਹੋਰ ਹੀ ਸੀ-- ਮਨੋਰਮਾਂ ਨੇ ਜੇ ਐਵੇਂ ਹੀ ਸੋਚੇ ਸਮਝੇ ਮਜ਼ਾਕ ਨਾਲ ਕਹਿ ਦਿੱਤਾ--ਉਸਨੂੰ ਤਾਂ ਤੇਰੇ ਸਿਵਾ ਹੋਰ ਵਾਸਤਾ ਹੀ ਕੋਈ ਨਹੀਂ ਸੀ ਭੈਣ !
ਇਹੋ ਇਕ ਗੱਲ ਮਾਧੋਰੀ ਦੇ ਦਿਲ ਨੂੰ ਖਾ ਰਹੀ ਸੀ ਉਸਦਾ ਸੀਨਾ ਟੁਕੜੇ ਚੁਕੜੇ ਹੋ ਰਿਹਾ ਸੀ ।
ਥੋੜੇ ਚਿਰ ਪਿਛੋਂ ਮਨੋਰਮਾਂ ਨੇ ਫੇਰ ਕਿਹਾ:ਮਾਧੋਰੀ ! ਇਹ ਗੱਲ ਤਾਂ ਚੰਗੀ ਨਹੀਂ ਹੋਈ ।
ਕਿਹੜੀ ਗੱਲ?"
"ਇਹ ਵੀ ਤੈਨੂੰ ਜਿਤਾਣ ਦੀ ਜ਼ਰੂਰਤ ਹੈ ਭੈਣ ? ਮੈਂ ਸਭ ਕੁਝ ਸਮਝ ਗਈ ਹਾਂ।"
ਐਨੇ ਚਿਰ ਤੋਂ ਮਾਧੋਰੀ ਨੇ ਇਸ ਜ਼ਖਮ ਨੂੰ ਸੀਨੇ ਵਿਚ ਲੁਕਾ ਕੇ ਰਖਿਆ ਹੋਇਆ ਸੀ ਜਿਸਨੂੰ ਮਨੋਰਮਾਂ ਦੀਆਂ ਚਲਾਕ ਨਜ਼ਰਾਂ ਫੌਰਨ ਤਾੜ ਗਈਆਂ । ਸਬਰ ਦਾ ਪੱਲਾ ਉਸਦੇ ਹੱਥੋਂ ਝਟ ਕਰਦਾ ਨਿਕਲ ਗਿਆ । ਰੁਕੇ ਹੋਏ ਅੰਥਰੂ ਸਾਵਣ ਭਾਦਰੋਂ ਵਾਂਗ ਵਰ ਪਏ ਉਹ ਖੁਲ ਕੇ ਰੋਣ ਲਗ ਪਈ ।
ਮਨੋਰਮਾਂ ਨੇ ਪੁਛਿਆ-ਆਖਰ ਉਹ ਚਲਿਆ ਕਿਉਂ ਗਿਆ ।
ਆਹ ! ਖੁਦ ਮੈਂ ਹੀ ਉਸਨੂੰ ਜਾਨ ਲਈ ਆਖਿਆ ਸੀ ।
"ਬੜਾ ਈ ਚੰਗਾ ਹੋਇਆ" ਖੂਬ ਸਮਝਦਾਰੀ ਨਾਲ ਕੰਮ ਕੀਤਾ, ਮਾਧੋਰੀ ਨੇ ਮੁੱਢ ਤੋਂ ਲੈ ਕੇ ਅਖੀਰ ਤਕ ਸਭ ਹਾਲ ਕਹਿ ਸੁਣਾਇਆ ਤੇ ਅਖੀਰ ਵਿਚ ਕਹਿਣ ਲੱਗੀ:-
ਮਨੋਰਮਾਂ ਭੈਣ ! ਜੋ ਮਾਸਟਰ ਸਾਹਿਬ ਨਾ ਬਚਦੇ ਤਾਂ ਮੈਂ ਜ਼ਰੂਰ ਪਾਗਲ ਹੋ ਜਾਂਦੀ ।
ਮਨੋਰਮਾਂ ਨੇ ਆਪਣੇ ਦਿਲ ਵਿਚ ਹੀ ਕਿਹਾ:- ਕਿ ਹੁਣ ਹੋਰ ਪਾਗਲ ਹੋਣ ਵਿਚ ਬਾਕੀ ਕੀ ਕਸਰ ਹੈ ?
ਉਸੇ ਦਿਨ ਮਨੋਰਮਾਂ ਜਦ ਘਰ ਪਹੁੰਚੀ ਤਾਂ ਉਸ ਦੀ ਤਬੀਅਤ ਬੜੀ ਉਦਾਸ ਤੇ ਬੇਚੈਣ ਸੀ ਉਸਨੇ ਉਸੇ ਰਾਤ ਕਾਗਜ਼ ਕਲਮ ਦਵਾਤ ਲੈਕੇ ਆਪਣੇ ਪਤੀ ਨੂੰ ਚਿੱਠੀ ਲਿਖੀ ।
"ਤੁਸੀ ਠੀਕ ਕਹਿੰਦੇ ਸੌ ਔਰਤ ਜ਼ਾਤ ਦਾ ਕੋਈ ਇਤਬਾਰ ਨਹੀਂ । ਮੈਂ ਅੱਜ ਤੁਹਾਡੇ ਕਹੇ ਹੋਇ ਨੂੰ , ਸੱਚ ਸਮਝਦੀ ਹਾਂ ਮਾਧੋਰੀ ਤੋਂ ਮੈਨੂੰ ਅੱਜ ਇਹੋ ਨਸੀਹਤ ਮਿਲੀ ਹੈ ਆਪ ਨੂੰ ਪਤਾ ਹੀ ਹੈ ਕਿ ਮਾਧੋਰੀ ਮੇਰੇ ਨਿੱਕੇ ਹੁੰਦਿਆਂ ਦੀ ਸਹੇਲੀ ਹੈ । ਮੇਰਾ ਦਿਲ ਉਸਨੂੰ ਕਲੰਕਤ ਕਰਨ ਜਾਂ ਸਮਝਣ ਤੇ ਨਹੀਂ ਮੰਨਦਾ-- ਪਰ ਮੈਂ ਈਸ਼ਵਰ ਅਗੇ ਪ੍ਰਾਰਥਨਾ ਕਰਦੀ ਹਾਂ ਕਿ ਹੇ ਭਗਵਾਨ ਔਰਤ ਦਾ ਦਿਲ ਤੂੰ ਪੱਥਰ ਦਾ ਬਣਾ ਦੇ ਉਸਨੇ ਔਰਤ ਦਾ ਦਿਲ ਐਨਾ ਨਰਮ ਤੇ ਉਨਸ ਭਰਿਆ ਕਿਉਂ ਬਣਾਇਆ । ਮੇਰੀ ਬਾਰੰਮਬਾਰ ਇਹੋ ਫਰਿਆਦ ਹੈ ਕਿ ਆਪਦੇ ਚਰਨਾਂ ਵਿਚ ਹੀ ਮੈਨੂੰ ਸਿਰ ਰੱਖ ਕੇ ਮਰਨ ਲਈ ਮਿਲੇ । ਮਾਧੋਰੀ ਵਲ ਦੇਖ ਕੇ ਮੇਰਾ ਦਿਲ ਕੰਬਦਾ ਹੈ, ਉਸਨੇ ਮੇਰਾ ਖਿਆਲ ਹੀ ਪਲਟ ਦਿੱਤਾ ਹੈ ਤੇ ਦਿਲ ਦੇ ਤਾਰ, ਤਾਰ-ਤਾਰ ਕਰ ਦਿੱਤੇ ਹਨ। ਇਹ ਮਜਾਕ ਨਾ ਸਮਝਣਾ--ਸਚ ਸਮਝਣਾਂ ਮੇਰਾ ਵੀ ਇਤਬਾਰ ਕਦੀ ਨਾ ਕਰਨਾ-ਜਲਦੀ ਆਉ ਆਕੇ ਮੈਨੂੰ ਲੈ ਜਾਓ ।
ਤੁਹਾਡੀ-ਮਨੋਰਮਾਂ !
ਚਿੱਠੀ ਮਨੋਰਮਾਂ ਦੇ ਪਤੀ ਨੂੰ ਮਿਲੀ ਉਸ ਨੇ ਜਵਾਬ ਵਿਚ ਲਿਖ ਭੇਜਿਆ ਜਿਸ ਪਾਸ ਹੁਸਨ ਹੈ ਉਹ ਹੁਸਨ ਦੀ ਨਮਾਇਸ਼ ਵੀ ਜ਼ਰੂਰ ਕਰੇਗਾ । ਜਿਸ ਦੇ ਸੀਨੇ ਵਿਚ ਦਿਲ ਹੈ ਤੇ ਉਸ ਵਿਚ ਉਨਸ ਵੀ ਹੈ ਉਹ ਪਿਆਰ ਦੀ ਜ਼ਰੂਰ ਕਰੇਗਾ । ਮਾਧੋਰੀ ਲਤਾ ਹਮੇਸ਼ਾਂ ਹੀ ਅੰਮਣ ਦੇ ਦਰਖਤ ਦਾ ਸਹਾਰਾ ਚਾਹੁੰਦੀ ਏ ਉਸ ਨਾਲ ਆਪਣਾ ਆਪ ਲਟਕਾਂਦੀ ਹੈ ਇਹ ਕੁਦਰਤ ਦਾ ਅਸੂਲ ਹੈ, ਇਸ ਵਿਚ ਤੇਰੀ ਤੇ ਮੇਰੀ ਦੋਹਾਂ ਦੀ ਰਜ਼ਾ ਮੰਦੀ ਜਾਂ ਨਾ ਰਜਾਮੰਦੀ ਕੁਝ ਨਹੀ ਕਰ ਸਕਦੀ ਖੁਸ਼ੀ ਜਾਂ ਨਾ ਖਸ਼ੀ ਕੁਝ ਨਹੀਂ ਫਰਕ ਪਾ ਸਕਦੀ ਤੇ ਨਾ ਹੀ ਇਸ ਨਾਲ ਕੁਝ ਮਹਿਸੂਸ ਹੁੰਦਾ ਹੈ । ਤੇਰੇ ਤੇ ਮੈਨੂੰ ਪੂਰਨ ਭਰੋਸਾ ਹੈ ਤੇ ਇਸਦੇ ਨਾਲ ਯਕੀਨ ਵੀ ਹੈ ਏਸ ਲਈ ਤੈਨੂੰ ਫਿਕਰ ਨਹੀਂ ਕਰਨਾ ਚਾਹੀਦਾ ।
ਮਨੋਰਮਾਂ ਨੇ ਚਿੱਠੀ ਪੜ੍ਹਕੇ ਮੱਥੇ ਨਾਲ ਲਗਾਈ ਤੇ ਫੇਰ ਪਤੀ ਦਾ ਖਿਆਲ ਕਰਕੇ ਉਹਨਾਂ ਦੇ ਚਰਨਾਂ ਵਿਚ ਪ੍ਰਨਾਮ ਕੀਤਾ । ਚਿੱਠੀ ਦੇ ਜਵਾਬ ਵਿਚ ਉਸਨੇ ਲਿਖਿਆ । "ਮਾਧੋਰੀ ਕਲਮੂਹੀ ਨੇ ਖਾਨਦਾਨ ਦੇ ਨਾਮ ਨੂੰ ਵਟਾ ਲਗਾ ਦਿੱਤਾ । ਜੋ ਬੇਵਾ ਔਰਤਾਂ ਨੂੰ ਨਹੀਂ ਸੀ ਚਾਹੀਦਾ ਉਹੋ ਉਸਨੇ ਕੀਤਾ ਉਸਨੇ ਗੈਰ ਨੂੰ ਆਪਣੇ ਦਿਲ ਵਿਚ ਜਗ੍ਹਾ ਦੇ ਕੇ ਚੰਗਾ ਨਹੀਂ ਕੀਤਾ ।
ਚਿੱਠੀ ਮਿਲਣ ਤੇ ਉਸਦੇ ਪਤੀ ਨੇ ਮਨੋਰਮਾਂ ਨੂੰ ਫੇਰ ਕੁਝ ਲਿਖਿਆ ਤੇ ਨਾਲ ਹੀ ਕੁਝ ਮਖੌਲ ਵਜੋਂ ਲਿਖ ਦਿਤਾ:-
ਤੂੰ ਵੀ ਫਾਇਦਾ ਉਠਾ ਲੈ ਜੇ ਚਾਹੇ ਤਾਂ ਕਿਸੇ ਨਾਲ ਤੂੰ ਵੀ ਪ੍ਰੇਮ........!"
ਇਹ ਪੜ੍ਹਕੇ ਮਨੋਰਮਾਂ ਬੜੀ ਸ਼ਰਮਿੰਦੀ ਹੋ ਗਈ ਉਸ ਨੇ ਮੁੜ ਆਪਣੇ ਪਤੀ ਨੂੰ ਚਿਠੀ ਦਾ ਜਵਾਬ ਨਹੀਂ ਲਿਖਿਆ।
ਮਾਧੋਰੀ ਦਿਨ ਬਦਿਨ ਸੁਕਦੀ ਜਾਂਦੀ ਸੀ ਤੇ , ਉਸ ਦੀਆਂ ਅੱਖਾਂ ਦੇ ਆਸ ਪਾਸ ਕਾਲੇ ਕਾਲੇ ਹਲਕੇ ਪੈ ਗਏ ਸਨ । ਖਿੜਿਆ ਹੋਇਆ ਚੇਹਰਾ ਕੁਮਲਾ ਕੇ ਸੁਕਦਾ ਜਾ ਰਿਹਾ ਸੀ | ਜਿਸ ਤਰਾਂ ਇਕ ਤਾਜ਼ੇ ਖੁਸ਼ਬੋ ਵਾਲੇ ਫੁਲ ਨੂੰ ਖਿਜ਼ਾਂ ਨੇ ਆ ਘੇਰ ਲੀਤਾ ਹੋਵੇ । ਹੁਣ ਉਹ ਘਰ ਦੇ ਕੰਮ ਕਾਜ ਵੱਲ ਵੀ ਐਨੀ ਦਿਲਚਸਪੀ ਨਹੀਂ ਸੀ ਦੇਂਦੀ ਹੁੰਦੀ । ਇਹ ਠੀਕ ਹੈ ਕਿ ਉਸ ਦੇ ਦਿਲ ਵਿਚ ਹਾਲਾਂ ਵੀ ਹਰ ਇਕ ਦੀ ਦੇਖ ਭਾਲ ਤੇ ਹਰ ਇਕ ਦੀ ਖਿਦਮਤ ਕਰਨੀ ਤੇ ਹਰ ਨਾਲ ਉਨਸ ਰੱਖਣਾ ਇਹ ਨਹੀਂ ਸੀ ਘਟਿਆ । ਪਰ ਕੰਮ ਕਾਜ ਕਰਦਿਆਂ ਉਹ ਕਦੇ ਕਦੇ ਭੁਲ ਜਾਇਆ ਕਰਦੀ ਸੀ । ਉਹ ਆਪਣੇ ਵਲੋਂ ਤਾਂ ਬੜੀ ਕੋਸ਼ਸ਼ ਕਰਦੀ ਸੀ ਕਿ ਕਿਤੇ ਮੈਂ ਭੁਲ ਨਾ ਜਾਵਾਂ ਪਰ ਤਾਂ ਵੀ ਗਲਤੀ ਜਾਂ ਭੁਲ ਜਾਨ ਤੋਂ ਬਾਅਦ ਹੀ ਉਸਨੂੰ ਪਤਾ ਲਗਦਾ ਹੁੰਦਾ ਸੀ । ਕਿ ਮੈਂ ਭੁਲ ਗਈ ਹਾਂ ।
ਅੱਜ ਵੀ ਸਭ ਲੋਕ ਉਸ ਨੂੰ ਬੜੀ ਦੀਦੀ ਹੀ ਆਖਦੇ ਹਨ ਤੇ ਉਸੇ ਤਰ੍ਹਾਂ ਨਿਜ਼ ਵਾਂਗ ਉਸ ਦੇ ਘਰ ਬਾਹਰ ਖੜੇ ਸਵਾਲੀ ਆਪਣੀਆਂ ਮੰਗਾਂ ਪੂਰੀਆਂ ਕਰਕੇ ਉਸ ਨੂੰ ਸੌ ਸੌ ਅਸੀਸਾਂ ਦੇ ਵਾਪਸ ਜਾਂਦੇ ਹਨ। ਪਰ ਹੁਣ ਉਹ ਹਰੀ ਭਰੀ ਵੇਲ ਵਾਂਗ ਹੁਣ ਪ੍ਰਫੁਲਤ ਨਹੀਂ, ਸਰ ਸਬਜ਼ ਨਹੀਂ, ਉਸਦੇ ਦਰ ਦੇ ਸਵਾਲਿਆਂ ਨੂੰ ਕਦੀ ਕਦੀ ਇਹ ਡਰ ਜਿਹਾ ਪੈਦਾ ਹੋ ਜਾਂਦਾ ਹੈ ਕਿ ਕਿਤੇ ਇਹ ਸੋਹਣੀ ਤੇ ਨਾਜ਼ਕ ਜਿਹੀ ਵੇਲ--ਮੁਰਜਾ ਨਾ ਜਾਇ |
ਮਨੋਰਮਾਂ ਪਹਿਲੇ ਵਾਂਗ ਆਉਂਦੀ ਜਾਂਦੀ ਹੈ ਤੇ ਰੋਜ ਹੀ ਏਧਰ ਓਧਰ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਪਰ ਸਿਰਫ ਇਕ--ਮਾਸਟਰ ਦੀ ਗੱਲ ਨਹੀਂ ਹੁੰਦੀ |
ਸੁਰਿੰਦਰ ਤਕੜਾ ਹੋਕੇ ਘਰ ਚਲਾ ਗਿਆ ਸੀ । ਪਰ ਹੁਣ ਉਸਦੀ ਮਾਂ ਉਸ ਨਾਲ ਪੁਰਾਣੀ ਸਖਤੀ ਵਾਂਗ ਪੇਸ਼ ਨਹੀਂ ਸੀ ਆਉਂਦੀ , ਜਿਸ ਨਾਲ ਸੁਰਿੰਦਰ ਨੂੰ ਇਕ ਲੁਕਵਾਂ ਅਰਾਮ ਪ੍ਰਤੀਤ ਹੋਇਆ । ਪਰ ਠੀਕ ਹੋ ਜਾਨ ਤੇ ਵੀ ਉਸਨੂੰ ਮੁਕੰਮਲ ਤੰਦਰੁਸਤੀ ਨਾ ਹੋਈ । ਇਕ ਕੰਡਾ ਜਿਹਾ ਹਰ ਵੇਲੇ ਉਸਦੇ ਸੀਨੇ ਵਿਚ ਰੜਕਦਾ ਰਹਿੰਦਾ ਸੀ ਜਿਸਦੀ ਚੋਭ ਉਸ ਨੂੰ ਬੜਾ ਹਰ ਸਮੇਂ ਸੰਤਾਂਦੀ ਦੀ ਰਹਿੰਦੀ ਸੀ। ਦਿਲ ਬੁਝਿਆ ਬੁਝਿਆ ਰਹਿੰਦਾ ਸੀ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਹਾਲਾਂ ਤੱਕ ਉਸਨੇ ਨਹੀਂ ਸੀ ਸਿਖਿਆ । ਪਰ ਆਖਰ ਕਿਸਦੇ ਭਰੋਸੇ ਰਹਿਣਾ ਚਾਹੀਦਾ ਹੈ ? ਕੌਣ ਰੋਜ ਰੋਜ ਉਸਦੀ ਪਰਵਾਹ ਕਰੇਗਾ ਤੇ ਕੌਣ ਆਕੇ ਨਿਤ ਉਸਦੀ ਆ ਆ ਕੇ ਦੇਖ ਭਾਲ ਕਰਦਾ ਫਿਰੇਗਾ ! ਇਹੋ ਜਿਹੀ ਕੋਈ ਹਸਤੀ ਉਸਨੂੰ ਹਾਲਾਂ ਨਜ਼ਰ ਨਹੀਂ ਆਈ ਤੇ ਨਾ ਨਜ਼ਰ ਆਉਣ ਤੇ ਉਹ ਖੁਦ ਆਪਣਾ ਆਪ ਸੰਭਾਲ ਵੀ ਨਹੀਂ ਸਕਦਾ ਸੀ ਕਿਉਂਕਿ ਉਹ ਐਹੋ ਜਿਹੀ ਮਿੱਟੀ ਦਾ ਬਣਿਆਂ ਹੀ ਨਹੀਂ । ਤਾਂ ਵੀ ਐਨਾ ਫਰਕ ਜ਼ਰੂਰ ਪੈ ਗਿਆ ਕਿ ਬੇਦਿਲੀ ਨਾਲ ਕੀਤਾ ਕੰਮ ਉਸ ਨੂੰ ਪਸਿੰਦ ਨਹੀਂ ਸੀ ਆਉਂਦਾ । ਹਰ ਕੰਮ ਵਿਚ ਤਰ੍ਹਾਂ ਤਰ੍ਹਾਂ ਦੀ ਖਾਮੀ ਉਸ ਨੂੰ ਨਜ਼ਰ ਆਉਂਦੀ ਸੀ ਤਸੱਲੀ ਤੇ ਯਕੀਨ ਨਹੀਂ ਸੀ ਆਉਂਦਾ |ਮਿਸਜ਼ ਰਾਇ ਕਹਿਣ ਲੱਗ ਪਈ ਹੈ--ਸੁਰਿੰਦਰ ਹੁਣ ਕੁਝ ਬਦਲ ਗਿਆ ਹੈ । ਇਹਨਾਂ ਹੀ ਦਿਨਾਂ ਵਿਚ ਉਸ ਨੂੰ ਤੇਜ਼ ਬੁਖਾਰ ਹੋ ਗਿਆ । ਕੋਲ ਮਾਂ, ਬੈਠੀ ਹੋਈ ਸੀ ਸੁਰਿੰਦਰ ਨੂੰ ਬਹੁਤ ਤਕਲੀਫ ਹੋ ਰਹੀ ਸੀ ਉਸ ਦੀਆਂ ਅੱਖਾਂ ਵਿਚੋਂ ਅੰਥਰੂ ਟਪਕ ਰਹੇ ਸਨ । ਉਹ ਵੀ ਜ਼ਬਤ ਨਾ ਕਰ ਸਕੀ ਖੁਲਕੇ ਰੋਣ ਲੱਗ ਪਈ ਤੇ ਸੁਰਿੰਦਰ ਦੇ ਅੱਥਰੂ ਪੂੰਝ ਕੇ ਪਿਆਰ ਨਾਲ ਆਖਣ ਲੱਗੀ:-ਸਰਿੰਦਰ ਬੇਟਾ ਹੁਣ ਕੀ ਹਾਲ ਹੈ ? ਸੁਰਿੰਦਰ ਨੇ ਕੋਈ ਜਵਾਬ ਨ ਦਿਤਾ | ਥੋੜੇ ਚਿਰ ਪਿਛੋਂ ਮਾਂ ਪਾਸੋਂ ਉਸ ਨੇ ਇਕ ਪੋਸਟ ਕਾਰਡ ਮੰਗਿਆ ਤੇ ਵਿੰਗੇ ਤਰਿੰਗੇ ਅੱਖਰਾਂ ਵਿਚ ਲਿਖਿਆ-
ਬੜੀ ਦੀਦੀ--ਮੈਨੂੰ ਸਖਤ ਬੁਖਾਰ ਹੈ ਬਹੁਤ ਤਕਲੀਫ ਹੋ ਰਹੀ ਹੈ । ਇਹ ਖਤ ਡਾਕਖਾਨੇ ਤੱਕ ਨਹੀਂ ਪਹੁੰਚ ਸਕਿਆ ਪਲੰਘ ਤੋਂ ਡਿੱਗ ਕੇ ਫ਼ਰਸ਼ ਤੇ ਆ ਪਿਆ ਫਰਸ਼ ਸਾਫ ਕਰਨ ਲਗਿਆ ਨੌਕਰ ਨੇ ਅਨਾਰ ਦੇ ਛਿਲਕਿਆਂ. ਤੇ ਬਿਸਕੁਟ ਦੇ ਟੁਕੜਿਆਂ ਅੰਗੁਰਾਂ ਵਾਲੀ ਪਟਾਰੀ ਦੀ ਰੂੰ ਤੇ ਏਸੇ ਤਰਾਂ ਦੇ ਹੋਰ ਕੁੜੇ ਆਦਿ ਨਾਲ ਰਲਾ ਕੇ ਉਸ ਕਾਰਡ ਨੂੰ ਵੀ ਬਾਹਰ ਸੁਟ ਦਿੱਤਾ ਏਸੇ ਤਰ੍ਹਾਂ ਸੁਰਿੰਦਰ ਦੇ ਦਿਲ ਦੀ ਖਾਹਸ਼---ਖਾਕ ਵਿਚ ਮਿਲ ਕੇ ਹਵਾ ਨਾਲ ਉਡ ਕੇ ਤ੍ਰੇਲ ਵਿਚ ਭਿਝ ਕੇ ਤੇ ਧੂਪ ਨਾਲ ਸੁਕ ਕੇ ਆਖਰ ਇਕ ਕਿੱਕਰ ਦੇ ਦਰੱਖਤ ਨਾਲ ਲਗ ਕੇ ਖਤਮ ਹੋ ਗਈ ।
ਕੁਝ ਚਿਰ ਸੁਰਿੰਦਰ ਏਸੇ ਉਡੀਕ ਵਿਚ ਰਿਹਾ ਕਿ ਖਤ ਦੇ ਉਤਰ ਦੇ ਵਿਚ ਸ਼ਾਇਦ ਬੜੀ ਦੀਦੀ ਦੇ ਦਰਸ਼ਨ ਹੋਣ । ਫੇਰ ਕੁਝ ਦਿਨ ਉਹ ਉਸ ਦੇ ਕਾਰਡ ਨੂੰ ਉਡੀਕਦਾ ਰਿਹਾ ਪਰ ਕਈ ਦਿਨ ਬੀਤ ਗਏ-- ਕੁਝ ਵੀ ਨਾ ਆਇਆ ਨਾ ਬੜੀ ਦੀਦੀ ਤੇ ਨਾ ਹੀ ਉਸ ਦਾ ਕੋਈ ਉੱਤਰ । ਹੌਲੇ ਹੌਲੇ ਬੁਖਾਰ ਉਤਰ ਗਿਆ ਤੇ ਤੰਦਰੁਸਤ ਹੋ ਕੇ ਉਹ, ਫੇਰ ਤੁਰਨ ਫਿਰਨ ਲਗ ਪਿਆ ।
“ਹੁਣ ਉਸ ਦੀ ਜ਼ਿੰਦਗੀ ਨਵੇਂ ਦੌਰ ਵਿਚ ਦਾਖਲ ਹੋਈ । ਇਹ ਗੱਲ ਅਚਾਨਕ ਹੀ ਹੋ ਗਈ ਪਰ ਹੋਈ ਬੜੇ ਮੌਕੇ ਸਿਰ, ਕਿਉਂਕਿ ਸੁਰਿੰਦਰ ਦੇ ਪਿਤਾ ਏਸ ਦਿਨ ਲਈ ਬੜੇ ਚਿਰ ਤੋਂ ਇਨਤਜਾਰੀ ਵਿਚ ਸਨ । ਸੁਰਿੰਦਰ ਦੇ ਨਾਨਾ ਸਾਹਿਬ ਬਿਪਨਾ ਜਿਲਾ ਦੇ ਵਿਚਾਲੇ ਜਿਹੇ ਦਰਜੇ ਦੇ ਜਿਮੀਂਦਾਰ ਸਨ ਤਕਰੀਬਨ ਵੀਹਾਂ ਪੰਝੀਆਂ ਪਿੰਡਾਂ ਤਕ ਉਹਨਾਂ ਦੀ ਜ਼ਿਮੀਦਾਰੀ ਸੀ। ਖਿਆਲ ਹੈ ਸਾਲਾਨਾ ਆਮਦਨੀ ਚਾਲੀ ਪੰਜਾਹ ਹਜ਼ਾਰ ਦੇ ਲਗ ਪਗ ਹੋਵੇਗੀ, ਪਰ ਹੋਸਨ ਸੰਤਾਨ ਤੋਂ ਹੀਣੇ ਏਸ ਲਈ ਕੁਦਰਤੀ ਤੌਰ ਤੇ ਖਰਚ ਬੜਾ ਮਾਮੂਲੀ ਸੀ ਏਸੇ ਤਰਾਂ ਇਹ ਕਿ ਉਹ ਸਾਰੇ ਇਲਾਕੇ ਵਿਚ ਨਾਮੀ ਕੰਜੂਸ ਸਨ | ਅਪਣੀ ਲੰਮੀ ਉਮਰ ਵਿਚ ਉਹਨਾਂ ਆਪਣੇ ਪਾਸ ਕੁਝ ਰਕਮ ਵੀ ਕੱਠੀ ਕਰ ਛਡੀ ਸੀ। ਮੌਤ ਤੋਂ ਬਾਅਦ ਉਹਨਾਂ ਦੀ ਸਾਰੀ ਜਾਇਦਾਦ ਤੇ ਜ਼ਮੀਨ ਦਾ ਅਕੱਲਾ ਮਾਲਕ ਸੁਰਿੰਦਰ ਨਾਥ ਹੋਵੇਗਾ ਇਹ ਗਲ ਸੁਰਿੰਦਰ ਦਾ ਪਤਾ ਚੰਗੀ ਤਰਾਂ ਜਾਨਦਾ ਸੀ। ਜਦ ਉਹਨਾਂ ਨੂੰ ਇਕ ਦਿਨ ਇਹ ਇਤਲਾਹ ਮਿਲੀ ਕਿ ਸਾਡਾ ਸੌਹਰਾ ਜ਼ਿੰਦਗੀ ਦੀਆਂ ਆਖਰੀ ਘੜੀਆਂ ਗਿਨ ਰਿਹਾ ਹੈ ਉਹ ਖਬਰ ਮਿਲਦਿਆਂ ਹੀ ਸੁਰਿੰਦਰ ਨੂੰ ਨਾਲ ਲੈ ਕੇ ਪੰਮਬਾਰ ਰਵਾਨਾ ਹੋ ਗਏ ਪਰ ਉਥੇ ਦੇਰ ਨਾਲ ਪਹੁੰਚੇ ਉਹਨਾਂ ਦੇ ਪਹੁੰਚਨ ਤੋਂ ਪਹਿਲਾਂ ਹੀ ਉਹਨਾਂ ਦਾ ਸੌਹਰਾ ਚੜਾਈ ਕਰ ਗਿਆ ਸੀ । ਸੁਰਿੰਦਰ ਦੇ ਨਾਨਾ ਸਾਹਿਬ ਦੀ ਕਿਰਿਆ ਕਰਮ ਬੜੀ ਧੂਮ ਧਾਮ ਨਾਲ ਕੀਤੀ ਗਈ । ਜਿਮੀਦਾਰੀ ਦਾ ਇੰਤਜਾਮ ਪਹਿਲ ਹੀ ਚੰਗਾ ਸੀ ਪਰ ਜਵਾਈ ਨੇ ਵਾਗ ਡੋਰ ਆਪਣੇ ਹੱਥ ਵਿਚ ਲੈਂਦਿਆਂ ਹੀ ਪੂਰੀ ਤਰਾਂ ਮੁਕੰਮਲ ਪੜ੍ਹਤਾਲ ਸ਼ੁਰੂ ਕਰ ਦਿਤੀ । ਮਸ਼ਹੂਰ ਤੇ ਦੁਨੀਆਂ ਦੇ ਹੋਰ ਫੇਰ ਜਾਣੂ ਸਿਆਣੇ ਵਕੀਲ ਦੇ ਹੱਥ ਇਲਾਕਾ ਅਉਂਦਿਆਂ ਸੁਣ, ਰਿਆਇਆ ਸਹਿਮ ਗਈ ।
ਸੁਰਿੰਦਰ ਦੇ ਵਿਆਹ ਦਾ ਹੋਣਾ ਹੁਣ ਬੜਾ ਜਰੂਰੀ ਸੀ, ਸਾਕ ਲਭਣ ਵਾਲੇ ਪ੍ਰੋਹਤ ਸਾਹਿਬ ਖਬਰ ਸੁਣਦਿਆਂ ਹੀ ਰੋਜ ਫੇਰਾ ਤੇ ਫੇਰਾ ਪਾਉਣ ਲਗ ਪਏ ਇਲਾਕੇ ਵਿਚ ਇਹ ਖਬਰ ਦੀ ਧੁਮ ਜਹੀ ਮਚ ਗਈ । ਧੁਮ ਪੈਂਦਿਆਂ ਹੀ ਥਾਂ ਥਾਂ ਗੱਲਾਂ ਸ਼ੁਰੂ ਹੋ ਪਈਆਂ , ਕਿ ਇਹੋ ਜਿਹਾ ਖੁਸ਼ ਸ਼ਕਲ ਤੇ ਦੌਲਤਮੰਦ ਲਭਿਆਂ ਨਹੀਂ ਲਭਨਾ । ਏਸੇ ਤਰਾਂ ਵਹੁਟੀ ਲਭਦਿਆਂ ਲਭਾਦਿਆਂ ਛੀ ਮਹੀਨੇ ਬੀਤ ਗਏ।
ਆਖਰ ਸੁਰਿੰਦਰ ਦੀ ਮਾਂ ਇਕ ਦਿਨ ਬਿਪਨਾ ਆਈ ਤੇ ਸਭ ਸਕੇ ਸੰਬੰਧੀ ਜਿਸ ਜਿਸ ਥਾਂ ਸਨ ਉਸ ਪਾਸ ਆ ਆ ਕੇ ਅਕਠੇ ਹੋਣ ਲਗ ਪਏ।
ਇਸ ਤੋਂ ਬਾਅਦ ਇਕ ਦਿਨ ਸਵੇਰ ਵੇਲੇ ਰੋਸ਼ਨ ਚੌਂਕੀ, ਢੋਲ ਤਮਾਸ਼ੇ, ਵਾਜੇ ਗਾਜੇ ਦੀ ਅਵਾਜ਼, ਤੇ ਜਾਂਵੀਆਂ ਦੇ ਰੌਲੇ ਗੌਲੇ ਨਾਲ ਸਾਰਾ ਪਿੰਡ ਗੂੰਜ ਉਠਿਆ । ਸੁਰਿੰਦਰ ਨਾਥ ਵਿਆਹ ਕਰ ਕੇ ਘਰ ਵਾਪਸ ਆ ਰਿਹਾ ਸੀ ।
ਪੰਜ ਵਰੇ ਬੀਤ ਗਏ ਹਨ ਹੁਣ ਨਾਂ ਤੇ ਸੁਰਿੰਦਰ ਦੇ ਪਿਤਾ ਰਾਏ ਬਾਬੂ ਏਸ ਦੁਨੀਆਂ ਵਿਚ ਹਨ ਤੇ ਨਾ ਹੀ ਮਾਧੋਰੀ ਦੇ ਪਿਤਾ ਬ੍ਰਿਜ ਨਾਥ ਲਾੜੀ ! ਸੁਰਿੰਦਰ ਦੀ ਮਤਰੇਈ ਮਾਂ ਆਪਣੇ ਪਤੀ ਦੀ ਸਾਰੀ ਜਾਇਦਾਦ ਤੇ ਰੁਪੈ ਪੈਸੇ ਤੇ ਕਬਜ਼ਾ ਕਰਕੇ ਪੇਕੇ ਚਲੀ ਗਈ ਹੈ ।
ਅੱਜ ਕਲ ਸੁਰਿੰਦਰ ਨਾਥ ਦੀ ਜਿੰਨੀ ਨੇਕ ਨਾਮੀ ਹੁੰਦੀ ਹੈ, ਉੱਨੀ ਹੀ ਬਦਨਾਮੀ ਸੁਣੀ ਜਾਂਦੀ ਹੈ। ਕੁਝ ਲੋਕ ਕਹਿੰਦੇ ਹਨ ਕਿ ਇਹੋ ਜਿਹਾ ਸਿਧਾ ਸਾਧਾ ਸ਼ਰੀਫ ਤੇ ਆਏ ਗਏ ਪ੍ਰਾਹੁਣਿਆਂ ਦੀ ਸੇਵਾ ਆਦਿ ਕਰਨ ਵਾਲਾ ਜ਼ਿਮੀਦਾਰ ਕਿਤੇ ਨਹੀਂ ਮਿਲਣਾ | ਪਰ ਇਸਦੇ ਉਲਟ ਕੁਝ ਲੋਕ ਆਖਦੇ ਹਨ ਕਿ ਇਹੋ ਜਿਹਾ ਸਖਤ, ਸਤਾਨ ਵਾਲਾ ਜਾਬਰ, ਜ਼ੁਲਮ ਕਰਨ ਵਾਲਾ ਜ਼ਿਮੀਦਾਰ ਅੱਜ ਤੱਕ ਨਹੀਂ ਸੀ ਦੇਖਿਆ। ਦਰ ਅਸਲ ਸੋਚਿਆ ਜਾਵੇ ਤਾਂ ਹੈਨ ਇਹ ਦੋਵੇਂ ਗੱਲਾਂ ਠੀਕ ਸਨ । ਕਿਉਂਕਿ ਪਹਿਲੀਆਂ ਗੱਲਾਂ ਦੀ ਸਚਾਈ ਠੀਕ ਸੁਰਿੰਦਰ ਨਾਥ ਦੀ ਜਾਤ ਨਾਲ ਤੁਅਲਕ ਰਖਦੀ ਸੀ ਪਰ ਏਸ ਦੇ ਉਲਟ ਜੋ ਗਲਾਂ ਹੁੰਦੀਆਂ ਸਨ ਉਸ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੁਖਤਿਆਰ ਮਥਰਾ ਦਾਸ ਦੇ ਸਿਰ ਸੀ ।
ਸੁਰਿੰਦਰ ਦੀ ਬੈਠਕ ਤੇ ਅਜ ਕਲ ਯਾਰ ਲੋਕਾਂ ਦੀ ਮਹਿਫਲ ਜਮਾਂ ਰਹਿੰਦੀ ਹੈ ਹਰ ਵੇਲੇ ਅਕੱਠ ਹੀ ਅਕੱਠ ਨਜ਼ਰ ਆਉਂਦਾ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਬੈਠੇ ਬਿਠਾਏ ਸਭ ਕੁਝ ਏਥੋਂ ਮਿਲ ਜਾਂਦਾ ਹੈ , ਪਾਨ, ਸ਼ਰਾਬ, ਜਰਦਾ, ਕਬਾਬ ਤੇ ਐਸੀਆਂ ਐਸੀਆਂ ਚੀਜ਼ਾਂ, ਜੋ ਏਥੇ ਲਿਖਨੀਆਂ ਵਾਜਬ ਨਹੀਂ ਹਨ ਹਰ ਸਮੇਂ ਹਾਜ਼ਰ ਰਹਿੰਦੀਆਂ ਸਨ । ਮੈਨੇਜਰ ਮਥਰਾ ਬਾਬੂ ਏਸ ਮਜਲਸ ਦੇ ਖਾਸ ਰੁਕਨ ਹਨ। ਖਰਚ ਵੇਲੇ ਉਹਨਾਂ ਰਕਮ ਦੇਨ ਲਗਿਆਂ ਕਦੇ ਤੰਗ ਦਿਲੀ ਦਾ ਸਬੂਤ ਨਹੀਂ ਸੀ ਦਿਤਾ । ਜਲਸਿਆਂ ਤੇ ਪਾਰਟੀਆਂ ਦੇ ਖਰਚ ਵੇਲੇ ਤਾਂ ਉਹ ਖੂਬ ਦਰਿਆ ਦਿਲੀ ਦਿਖਾਂਦੇ ਹਨ । ਪਰਜਾ ਤੇ ਕੁਝ ਇਹਨਾਂ ਦਾ ਐਨਾ ਦਬਦਬਾ ਹੈ ਕਿ ਸਾਰਾ ਖਰਚ ਰਿਆਇਆ ਖੁਸ਼ੀ ਖੁਸ਼ੀ ਕਬੂਲ ਕਰ ਲੈਂਦੀ ਹੈ ! ਮਥਰਾ ਬਾਬੂ ਦੀ ਇਕ ਪਾਈ ਵੀ ਕਿਸੇ ਵਲ ਬਾਕੀ ਨਹੀਂ ਸੀ ਰਹਿ ਸਕਦੀ । ਆਸਾਮੀਆਂ ਦੇ ਘਰਾਂ ਨੂੰ ਅਗ ਲਵਾਨ ਵਿਚ ਲੋਕਾਂ ਦੇ ਵਸੇ ਹੋਇ ਘਰਾਂ ਨੂੰ ਉਜਾੜਨ ਵਿਚ, ਤੇ ਜ਼ਿਮੀਂਦਾਰ ਦੇ ਘਰ ਦੇ ਪਾਸ ਇਕ ਨਿੱਕੀ ਜਿਹੀ ਹਨੇਰੀ ਕੋਠੜੀ ਵਿਚ ਕਰਜ਼ਦਾਰ ਕਿਸਾਨ ਨੂੰ ਮਾਰਨ , ਤੇ ਮਾਰ ਮਾਰ ਕੇ ਅਧਮੋਇਆ ਕਰ ਕੇ ਕੈਦ ਕਰਨ ਵਿਚ, ਉਹ ਜਿੰਨਾ ਹੋਂਸਲਾਂ ਤੇ ਦਿਲਚਸਪੀ ਦਿਖਾਂਦੇ ਹਨ ਕਿ ਉਸ ਦੀ ਮਿਸਾਲ ਮਿਲਨੀ ਬਹੁਤ ਮੁਸ਼ਕਲ ਹੈ।
ਅਸਾਮੀਆਂ ਦੀ ਹਾ ਹਾ ਕਾਰ ਕਦੇ ਕਦਾਈਂ ਸੁਰਿੰਦਰ ਨਾਥ ਦੀ ਪਤਨੀ ਸ਼ਾਨਤੀ ਦੇ ਕੰਨਾਂ ਤਕ ਵੀ ਪਹੁੰਚ ਜਾਂਦੀ ਹੈ ਤੇ ਉਹ ਪਤੀ ਨੂੰ ਸ਼ਿਕਾਇਤ ਭਰੇ ਲਹਿਜੇ ਨਾਲ ਕਹਿੰਦੀ ਹੈ:-
"ਜੇ ਤੁਸੀਂ ਜ਼ਿਮੀਦਾਰੀ ਦੀ ਦੇਖ ਭਾਲ ਖੁਦ ਆਪ ਨਾ ਕਰੋਗੇ ਤਾਂ ਇਕ ਦਿਨ ਸਭ ਕੁਝ ਨਸ਼ਣ ਹੋ ਜਾਇਗਾ।"
“ਕੀ ਇਹ ਠੀਕ ਹੈ ! ਕੀ ਤੂੰ ਸਚ ਕਹਿ ਰਹੀ ਏ ਸ਼ਾਨਤੀ ?"
"ਸਚ ਨਹੀਂ ਤੇ ਹੋਰ ਝੂਠ?" ਸਾਰਾ ਇਲਾਕਾ ਤੁਹਾਡੀ ਐਨੀ ਨਿੰਦਿਆ ਕਰਦਾ ਰਹਿੰਦਾ ਹੈ ਕਿ ' ਸੁਣਿਆ ਨਹੀਂ ਜਾਂਦਾ---ਆਹ ! ਪਰ ਆਪ ਦੇ ਕੰਨਾਂ ਤਕ ਪਤਾ ਨਹੀਂ ਇਹ ਗਲ ਕਿਉਂ ਨਹੀਂ ਪਹੁੰਚਦੀ ? ਸਾਰਾ ਦਿਨ ਯਾਰਾਂ ਦੀ ਮਹਿਫਲ ਲਾਈ ਬੈਠੇ ਰਹਿਨ ਨਾਲ ਸੁਨਾਈ ਦੇ ਵੀ ਕਿਸ ਤਰਾਂ ਸਕਦਾ ਹੈ----ਮੈਂ ਆਖਨੀ ਹਾਂ ਕਿ ਇਹੋ ਜਿਹੇ ਮੈਨੇਜਰ ਦੀ ਏਥੇ ਕੋਈ ਥਾਂ ਨਹੀਂ ਉਸ ਨੂੰ ਫੌਰਨ ਜਵਾਬ ਦੇ ਦਿਉ ।
ਸੁਰਿੰਦਰ ਨੇ ਰੰਜੀਦਾ ਹੋ ਕੇ ਕਿਹਾ:- ਤੂੰ ਠੀਕ ਕਹਿਨੀ ਹੈਂ, ਮੈਂ ਕਲ ਤੋਂ ਖੁਦ ਆਪ ਸਭ ਕੁਝ ਦੇਖਾਂਗਾ । ਏਸ ਤੋਂ ਬਾਅਦ ਕੁਝ ਦਿਨ ਜ਼ਿਮੀਦਾਰੀ ਦੇ ਕੰਮ ਦੇ ਖੂਬ ਧੂਮ ਧਾਮ ਪੈਂਦੀ ਹੈ ਤੇ ਫੇਰ--ਮਥਰਾ ਬਾਬੂ ਬਦਹਵਾਸ ਹੋ ਜਾਂਦੇ ਹਨ ਤੇ ਬੜੀ ਗੰਭੀਰਤਾ ਨਾਲ ਆਖਦੇ ਹਨ:- "ਭਲਾ ਐਨੀ ਨਰਮੀ ਕਰਨ ਨਾਲ ਜਿਮੀਂਦਾਰੀ ਕਿਵੇਂ ਕਾਇਮ ਰਵੇਗੀ ?"
ਸੁਰਿੰਦਰ ਨਿੰਮੀ ਜਿਹੀ ਹਾਸੀ ਹੱਸ ਕੇ ਆਖਦਾ:-"ਗਰੀਬ ਦੁਖੀਆਂ ਲੋਕਾਂ ਦਾ ਖੂਨ ਚੂਸ ਚੂਸ ਕੇ ਜੋ ਜਿਮੀਦਾਰੀ ਚਲਦੀ ਹੈ ਭਲਾ ਉਸ ਜਿਮੀਦਾਰੀ ਤੋਂ ਕੀ ਹਾਸਲ ? ਮੈਨੂੰ ਇਹੋ ਜਿਹੀ ਖੂਨ ਖਾਰੀ ਜਿਮੀਦਾਰੀ ਨਹੀਂ ਚਾਹੀਦੀ !
“ਤਾਂ ਮੈਨੂੰ ਛੁੱਟੀ ਦੇ ਦਿਓ ਮੈਂ ਚਲਾ ਜਾਂਦਾ ਹਾਂ ।"
ਮਥਰਾ ਦਾਸ ਦੀ ਇਹ ਗੱਲ ਸੁਣਦਿਆਂ ਹੀ ਸੁਰਿੰਦਰ ਨਰਮ ਹੋ ਜਾਂਦਾ ਤੇ ਇਸ ਤੋਂ ਪਿਛੋਂ ਫੇਰ ਉਹੀ ਚਾਲ ਬੇਢੰਗੀ । ਸੁਰਿੰਦਰ ਦਿਵਾਨਖਾਨੇ ਵਿਚ ਫੇਰ ਯਾਰਾਂ ਦੋਸਤਾਂ ਦੀ ਮਹਿਫਲ ਵਿਚ ਫਸ ਜਾਂਦਾ ਤੇ ਕਈ ਕਈ ਦਿਨ ਬੈਠਕੇ ਬਾਹਰ ਝਾਕਦਾ ਤਕ ਨਹੀਂ ਸੀ । ਕੁਝ ਦਿਨਾਂ ਦਾ ਇਕ ਨਵਾਂ ਹੀ ਸ਼ਗੂਫਾ ਖਿੜਿਆ ਹੈ । ਥੋੜੇ ਦਿਨ ਹੋਏ ਹਨ ਜਿਹੜਾ ਨਵਾਂ ਬਾਗ ਤੇ ਬਾਰਾਂਦਰੀ ਬਣਵਾਈ ਹੈ ਉਸ ਵਿਚ ਕਲਕਤੇ ਤੋਂ ਆ ਕੇ ਇਕ ਔਰਤ ਨੇ ਆਪਣਾ ਅੱਡਾ ਬਣਾ ਲਿਆ ਹੈ ਉਸ ਨੂੰ ਨਚਨ ਗਾਉਣ ਵਿਚ ਕਾਫੀ ਤਜ਼ਰਬਾ ਹੈ । ਇਹ ਸਾਰੀ ਕਾਰਸਤਾਨੀ ਮਥਰਾ ਦਾਸ ਦੀ ਹੈ ।
ਸੁਰਿੰਦਰ ਨੂੰ ਵੀ ਘਸੀਟ ਕੇ ਉਥੇ ਲੈ ਗਏ ।
ਤਿੰਨ ਦਿਨ ਹੋ ਗਏ ਸਨ । ਸ਼ਾਨਤੀ ਨੇ ਆਪਣੇ ਪਤੀ ਦੀ ਸ਼ਕਲ ਤੱਕ ਨਹੀਂ ਸੀ ਦੇਖੀ । ਚੌਥੇ ਦਿਨ ਸੁਰਿੰਦਰ ਨੂੰ ਘਰ ਆਉਂਦਿਆਂ ਦੇਖ ਉਹ ਦਰਵਾਜ਼ੇ ਨਾਲ ਪਿਠ ਲਾ ਕੇ ਖੜੀ ਹੋ ਗਈ ਤੇ ਆਖਣ ਲੱਗੀ:-
"ਐਨੇ ਦਿਨ ਕਿਥੇ ਰਹੇ ?"
"ਬਾਗ ਦੀ ਬਾਰਾਂ ਦਰੀ ਵਿਚ"
"ਉਥੇ ਇਹੋ ਜਿਹੀ ਕਿਹੜੀ ਚੀਜ਼ ਸੀ ਜਿਸਨੇ ਤਿੰਨ ਦਿਨ ਆਪ ਨੂੰ ਆਉਣ ਨਹੀਂ ਦਿੱਤਾ ?"
ਸੁਰਿੰਦਰ ਨੇ ਏਧਰ ਉਧਰ ਦੀਆਂ ਗੱਲਾਂ ਨਾਲ ਸ਼ਾਨਤੀ ਨੂੰ ਟਾਲ ਕੇ ਕਿਹਾ:-ਓਥੇ ਤਾਂ ਕੁਝ ਵੀ - ਨਹੀਂ ਸੀ, ਪਰ--"
"--ਤੁਸੀਂ ਹਰ ਗੱਲ ਨੂੰ ਏਸੇ ਤਰਾਂ ਐਵੇਂ ਹੀ ਟਾਲ ਦੇਂਦੇ ਹੋ ਮੈਂ ਸਭ ਸੁਣ ਚੁਕੀ ਹਾਂ ਮੈਨੂੰ ਸਭ ਕੁਝ ਪਤਾ ਹੈ ਕਹਿੰਦਿਆਂ ਕਹਿੰਦਿਆਂ ਸ਼ਾਨਤੀ ਰੋ ਪਈ ਤੇ ਸਿਸਕੀਆਂ ਭਰ ਭਰ ਕੇ ਆਖਣ ਲੱਗੀ:-ਮੈਥੋਂ ਇਹੋ ਜਿਹੀ ਕਿਹੜੀ ਗਲਤੀ ਹੋ ਗਈ ਹੈ ਜਿਸ ਕਰਕੇ ਮੈਨੂੰ ਦੁਰਕਾਰਦੇ ਹੋ ?"
“ਕਦੋਂ ? ਇਹੋ ਜਿਹਾ ਤਾਂ ਮੈਂ ਨੇ ਕਦੀ ਤੈਨੂੰ ਨਹੀਂ ਕਿਹਾ |
"ਤੇ ਹੋਰ ਦੁਰਕਾਰਨਾ ਕਿਸਨੂੰ ਆਖਦੇ ਹਨ ?"
"ਹਾਂ ਹਾਂ ਤੇਰੀ ਗੱਲ ਤਾਂ ਠੀਕ ਹੈ ਪਰ--ਉਹੋ ਸਭ ਲੋਕ-- "ਸ਼ਾਨਤੀ ਨੇ ਵਿਚੋਂ ਹੀ ਰੋਕ ਕੇ ਰੋਦਿਆਂ ਰੋਂਦਿਆਂ ਆਖਿਆ:-ਤੁਸੀ ਪਤੀ ਹੋ ਮੇਰੇ ਪ੍ਰਮੇਸ਼ਵਰ ਹੋ, ਮੇਰੀ ਇਹ ਦੁਨੀਆਂ ਤੇ ਅਗਲਾ ਲੋਕ ਸਭ ਕੁਝ ਮੇਰੇ ਲਈ ਤੁਸੀ ਹੋ ਪਰ ਮੈਂ ਇਹ ਜਾਣਦੀ ਹਾਂ ਕਿ ਮੈਂ ਤੁਹਾਡੀ ਕੁਝ ਵੀ ਨਹੀਂ ਹਾਂ, ਵਿਆਹ ਤੋਂ ਬਾਅਦ ਇਕ ਦਿਨ ਵੀ ਮੈਂ ਤੁਹਾਡੇ ਤੇ ਅਧਿਕਾਰ ਨਹੀਂ ਜਮਾ ਸਕੀ । ਆਹ ਮੈਂ ਆਪਣਾ ਸੀਨਾ ਫੋਲਕੇ ਕਿਸਨੂੰ ਦਿਖਾਵਾਂ ਮੈਂ ਆਪਣਾ ਦਰਦ ਆਪ ਨੂੰ ਕਿਵੇਂ ਦਸਾਂ। ਤੁਹਾਨੂੰ ਕੋਈ ਤਕਲੀਫ ਨਾ ਹੋਵੇ ਅਤੇ ਨਾ ਹੀ ਮੈਂ ਆਪ ਨੂੰ ਕੋਈ ਰੰਝ ਪਹੁੰਚਾਣਾ ਚਾਹੁੰਦੀ ਹਾਂ ਏਸੇ ਗੱਲ ਨੂੰ ਸੋਚ ਕੇ ਮੈਂ ਆਪਣੇ ਦਿਲ ਦੀ ਕੋਈ ਗੱਲ ਵੀ ਆਪ ਅਗੇ ਨਹੀਂ ਜ਼ਾਹਿਰ ਕਰਦੀ।"
"--ਰੋਂਦੀ ਕਿਉਂ ਹੈ ਸ਼ਾਨਤੀ ?"
ਮੈਂ ਰੋਂਦੀ ਕਿਉਂ ਹਾਂ--ਕੀ ਦੱਸਾਂ ਮੈਂ ਰੋਂਦੀ ਕਿਉਂ ਹਾਂ ? ਏਸ ਗੱਲ ਨੂੰ ਤਾਂ ਪ੍ਰਮਾਤਮਾ ਹੀ ਜਾਣਦਾ ਹੈ। ਮੈਂ--ਮੈਂ ਸਮਝਦੀ ਹਾਂ ਕਿ ਤੁਸੀਂ ਮੇਰਾ ਦਿਲ ਨਹੀਂ ਤੋੜਨਾ ਚਾਹੁੰਦੇ, ਕਿਉਂ ? ਏਸ ਲਈ ਕਿ ਤੁਹਾਡੇ ਦਿਲ ਨੂੰ ਵੀ ਅਸਹਿ ਗਮ ਹੈ, ਦੁਖ ਹੈ, ਤੁਸੀਂ ਵੀ ਕੀ ਕਰੋ ! ਮੈਂ ਆਪਣੀ ਜ਼ਿੰਦਗੀ ਨੂੰ ਏਸੇ ਤਰਾਂ ਚੱਕੀ ਦੇ ਦੋਹਾਂ ਪੁੜਾਂ ਵਿਚ ਪਿਸਦੀ ਰਵਾਗੀ । ਏਸ ਵਿਚ ਹਰਜ ਤਾਂ ਨਹੀਂ ਪਰ ਆਖਰ ਮੈਨੂੰ ਵੀ ਪਤਾ ਲਗੇ ਕਿ ਆਪ ਨੂੰ ਕੀ ਗਮ ਹੈ ਕੀ ਦੁਖ ਹੈ ? ਕਾਸ਼ ! ਇਕ ਵੇਰਾਂ ਮੈਨੂੰ ਇਸ ਦਾ ਇਲਮ ਹੋ ਜਾਏ--
ਉਸਦੇ ਅੱਥਰੂ ਪੂੰਝਦਿਆਂ ਹੋਇਆਂ ਉਸ ਨੂੰ ਆਪਨੇ ਪਾਸ ਖਿੱਚ ਕੇ ਸੁਰਿੰਦਰ ਨੂੰ ਢਾਰਸ ਬਨਾਂਦਿਆਂ ਹੋਇਆਂ ਕਿਹਾ:--ਤਾਂ ਫੇਰ ਤੂੰ ਕੀ ਕਰੇ ਸ਼ਾਨਤੀ ? ਭਲਾ ਏਸ ਗੱਲ ਦਾ ਸ਼ਾਨਤੀ ਕੀ ਉੱਤਰ ਦੇਂਦੀ ਉਹ ਸਿਸਕ ਸਿਸਕ ਕੇ ਰੋਣ ਲਗ ਪਈ । ਬੜੇ ਚਿਰ ਪਿਛੋਂ ਉਸਨੇ ਕਿਹਾ:-ਪ੍ਰਾਨਨਾਥ ਅਜ ਕਲ ਤਾਂ ਤੁਹਾਡੀ ਸੇਹਤ ਵੀ ਚੰਗੀ ਨਹੀਂ ਲਗਦੀ ?
--ਅੱਜ ਕੀ ਪਿਛਲੇ ਪੰਜਾਂ ਸਾਲਾਂ ਤੋਂ ਹੀ ਚੰਗੀ ਨਹੀਂ ਜਿਸ ਦਿਨ ਕਲਕੱਤੇ ਵਿਚ ਮੈਂ ਕਿਲੇ ਦੇ ਮੈਦਾਨ ਕੋਲ ਗੱਡੀ ਥੱਲੇ ਆ ਕੇ ਕੁਚਲਿਆ ਗਿਆ ' ਸਾਂ, ਪਿੱਠ, ਛਾਤੀ ਤੇ ਪਸਲੀਆਂ ਵਿਚ ਗਹਿਰਾ ਜ਼ਖਮ ਆ ਗਿਆ ਸੀ, ਇਸ ਕਾਰਨ ਮੈਂ ਇਕ ਮਹੀਨਾ ਹਸਪਤਾਲ ਪਿਆ ਰਿਹਾ ਸਾਂ ਉਸ ਦਿਨ ਤੋਂ ਮੈਂ ਚੰਗੀ ਤਰ੍ਹਾਂ ਸੇਹਤ ਯਾਬ ਨਹੀਂ ਹਾਂ । ਸੀਨੇ ਅੰਦਰ ਮਠਾ ਮਠਾ ਦਰਦ ਕਿਸੇ ਤਰਾ ਦੇ ਵੀ ਨਹੀਂ ਹਟਦਾ ਕਦੇ ਕਦੇ ਤਾਂ ਮੈਂ ਖੁਦ ਆਪ ਹੀ ਹੈਰਾਨ ਹੋ ਜਾਂਦਾ ਹਾਂ ਕਿ ਮੈਂ ਅਜੇ ਤੱਕ ਜੀਉਂਦਾ ਕਿਸ ਤਰਾਂ ਹਾਂ ?
ਸ਼ਾਨਤੀ ਨੇ ਉਸਦੀ ਛਾਤੀ ਤੇ ਦੋਵੇਂ ਹੱਥ ਰੱਖ ਦਿਤੇ ਤੇ ਆਖਣ ਲਗੀ:--ਚਲੋ ਪਿੰਡ ਛੱਡਕੇ ਅਸੀਂ ਕਲਕੱਤੇ ਜਾ ਰਹੀਏ, ਉਥੇ ਬੜੇ ਬੜੇ ਲਾਇਕ ਡਾਕਟਰ ਰਹਿੰਦੇ ਹਨ। ਕਿਸੇ ਨੂੰ--
ਵਿਚੋਂ ਹੀ ਸਰਿੰਦਰ ਨੇ ਆਖਿਆ ਹਾਂ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਉਥੇ ਬੜੀ ਦੀਦੀ ਵੀ ਰਹਿੰਦੀ ਹੈ |
ਸ਼ਾਨਤੀ ਨੇ ਕਿਹਾ:-ਤੁਹਾਡੀ , ਬੜੀ ਦੀਦੀ ਨੂੰ ਮਿਲਣ ਦੀ ਮੇਰੀ ਬੜੀ ਤੀਬਰ ਇੱਛਿਆ ਹੈ ਉਸ ਨੂੰ ਆਪਣੇ ਡੇਰੇ ਲਿਆਉਗੇ ਨਾ ?
"ਉਹ ਆਇਗੀ ਕਿਉਂ ਨਾ ਜਰੂਰ ਆਇਗੀ--
"ਮੈਂ ਮਰ ਰਿਹਾ ਹਾਂ ਜੇ ਉਹ ਇਹ ਸੁਣ ਲਏ।"
ਸ਼ਾਨਤੀ ਨੇ ਉਸ ਦੇ ਮੂੰਹ ਅੱਗੇ ਹੱਥ ਰਖਦਆਂ ਹੋਇਆ ਕਿਹਾ ਮੈਂ ਤੁਹਾਡੇ ਚਰਨੀਂ ਸਿਰ ਰਖਦੀ ਹਾਂ ਰਬ ਦੇ ਵਾਸਤੇ ਇਹ ਗਲ ਮੁੜ ਨਾ ਮੂੰਹੋ ਕਢਨੀ ।
ਏਸ ਤੋਂ ਅਗਲੇ ਦਿਨ ਸ਼ਾਨਤੀ ਨੇ ਨੌਕਰਾਣੀ ਨੂੰ ਆਪਣੇ ਪਾਸ , ਸਦਕੇ ਕਿਹਾ:-ਮੈਨੇਜਰ ਸਾਹਿਬ ਨੂੰ ਜਾਕੇ ਕਹਿ ਦੇ ਕਿ ਬਾਗ ਵਿਚ ਜਿਸ ਨੂੰ ਲਿਆ ਕੇ ਰਖਿਆ ਹੋਇਆ ਹੈ ਉਸ ਨੂੰ ਹੁਣੇ ਏਸੇ ਵੇਲੇ ਅਗਰ ਓਥੋਂ ਨਾ ਕਢਿਆ ਗਿਆ ਤਾਂ ਆਪਣੀ ਮੈਨੇਜਰੀ ਤੋਂ ਹੱਥ ਧੋ ਕੇ ਘਰ ਦਾ ਰਸਤਾ ਲਭਨਾ ਪਏਗਾ ਫੇਰ ਸੁਰਿੰਦਰ ਵਲ ਮੂੰਹ ਕਰ ਕੇ ਆਖਣ ਲਗੀ:-
ਪ੍ਰਾਨ ਨਾਥ ! ਹੋਰ ਜੋ ਤੁਸੀ ਕਰੋ ਮੈਨੂੰ ਕੋਈ ਇਤਰਾਜ ਨਹੀਂ ਲੇਕਿਨ ਜੇ ਤੁਸੀਂ ਘਰੋਂ ਬਾਹਰ ਕਦਮ ਰਖਿਆ ਤਾਂ ਮੈਂ ਸਿਰ ਪਾਟ ਪਾਟ ਕੇ ਜਾਨ ਦੇ ਦਿਆਂਗੀ ।
ਸੁਰਿੰਦਰ ਨੇ ਕਿਹਾ:-“ਠੀਕ ਹੈ ਏਸੇ ਤਰਾਂ ਹੋਣਾ ਚਾਹੁੰਦਾ ਹੈ ਪਰ............... ਉਹ ਸਭ ਆਦਮੀ ਯਾਰ ਦੋਸਤ......."
ਬਹੁਤ ਚੰਗਾ ਹੁਣੇ ਲਵੋ:-ਪਰ, ਉਹ, ਲੇਕਿਨ, ਸਭ ਦਾ ਬੰਦੋਬਸਤ ਮੈਂ ਹੁਣੇ ਹੀ ਕਰ ਦੇਦੀ ਹਾਂ ਇਹ ਕਹਿਕੇ ਉਸ ਨੇ ਨੌਕਰਾਣੀ ਨੂੰ ਸਦਿਆ ਤੇ ਆਖਨ ਲੱਗੀ:-ਡਿਉੜੀ ਤੇ ਜਾ ਕੇ ਸਿਪਾਹੀ ਨੂੰ ਆਖਦੇ ਕਿ ਇਹ ਜੋ ਸਭ ਲੁਚੇ, ਲਫੰਗੇ, ਬਦਮਾਸ਼ ਆਦਮੀ ਹਨ ਹੁਣ ਏਸ ਦਲੀਜ਼ ਅੰਦਰ ਬਿਲਕੁਲ ਪੈਰ ਨ ਪਾਉਣ ।
ਮੈਨੇਜਰ ਬਾਬੂ ਨੇ ਦੇਖਿਆ ਕਿ ਮਾਮਲਾ ਬਹੁਤ ਵਿਗੜ ਗਿਆ ਹੈ ਉਸ ਨੇ ਉਸੇ ਵੇਲੇ ਸਭ ਲਾਮ ਲਸ਼ਕਰ ਨੂੰ ਫੌਰਨ ਵਿਦਾ ਕਰ ਦਿਤਾ। ਯਾਰ ਦੋਸਤ ਵੀ ਇਕ ਇਕ ਕਰ ਕੇ ਤਿੱਤਰ ਹੋ ਗਏ ਤੇ ਮੈਨੇਜਰ ਸਾਹਿਬ....... ਉਹ ਖੂਬ ਦਿਲ ਲਾ ਕੇ ਜ਼ਿਮੀਦਾਰੀ ਦਾ ਕੰਮ ਦੇਖਨ ਲਗ ਪਏ।
ਸੁਰਿੰਦਰ ਨਾਥ ਦਾ ਕਲਕਤੇ ਜਾਣਾ ਕੁਝ ਦਿਨਾਂ ਲਈ ਰੁਕ ਗਿਆ ਦਰਦ ਨੂੰ ਵੀ ਕੁਝ ਆਰਾਮ ਸੀ ਤੇ ਸ਼ਾਨਤੀ ਵੀ ਹੁਣ ਕਲਕਤੇ ਜਾਣ ਲਈ ਬਹੁਤ ਕਾਹਲੀ ਨਹੀਂ ਸੀ। ਉਹ ਘਰ ਵਿਚ ਹੀ ਪਤੀ ਦਾ ਇਲਾਜ ਕਰਾਨ ਲਗ ਪਈ ਇਕ ਮਸ਼ਹੂਰ ਡਾਕਟਰ ਨੂੰ ਕਲਕੱਤੇ ਤੋਂ ਸੱਦ ਕੇ ਇਲਾਜ ਸ਼ੁਰੂ ਕਰ ਦਿਤਾ ਗਿਆ ।
ਡਾਕਟਰ ਸਾਹਿਬ ਨੇ ਖਾਸ ਤਵੱਜਾ ਰੱਖਣ ਲਈ ਹਦਾਇਤ ਕੀਤੀ, ਤੇ ਆਖਿਆ ਮਰੀਜ ਦਾ ਸੀਨਾ ਬੇਹੱਦ ਕਮਜ਼ੋਰ ਹੈ ਏਸ ਲਈ ਐਸੀ ਹਾਲਤ ਵਿਚ ਜਿਸਮਾਨੀ ਤੇ ਦਮਾਗੀ ਮੇਹਨਤ ਏਸ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ।
ਮੈਨੇਜ਼ਰ ਨੇ ਜਿਸ ਸਰਗਰਮੀ ਨਾਲ ਜ਼ਿਮੀਂਦਾਰੀ ਦਾ ਕੰਮ ਸੰਭਾਲਿਆ ਸੀ ਉਸ ਦਾ ਨਤੀਜਾ ਇਹ ਨਿਕਲਿਆ ਕਿ ਚਾਰੇ ਪਾਸੇ ਦੁਖਾਂ ਗਮਾਂ ਦੀਆਂ ਘਟਾ ਛਾ ਗਈਆਂ । ਪਰਜਾ ਦੀਆਂ ਆਹਾਂ ਕਦੇ ਕਿਦਾਈਂ ਸ਼ਾਨਤੀ ਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਸਨ ਪਰ ਡਾਕਟਰ ਦੇ ਕਹਿਣ ਅਨੁਸਾਰ ਉਹ ਸੁਰਿੰਦਰ ਅਗੇ ਕੋਈ ਗੱਲ ਨਹੀਂ ਸੀ ਕਰਿਆ ਕਰਦੀ।

ਤੀਜਾ ਕਾਂਡ

ਬ੍ਰਿਜ ਨਾਥ ਲਾਹੜੀ ਦੇ ਸਵਰਗ ਵਾਸ ਹੋਣ ਤੋਂ ਉਸਦੀ ਜਗਾ ਉਸਦੇ ਲੜਕੇ ਸ਼ਿਵ ਚੰਦਰ ਨੇ ਸੰਭਾਲ ਲਈ ਤੇ ਘਰੋਗੀ ਇੰਤਜ਼ਾਮ ਮਾਧੋਰੀ ਦੇ ਹੱਥੋਂ ਨਿਕਲ ਕੇ ਨਵੀਂ ਵਹੁਟੀ ਦੇ ਹੱਥ ਆ ਗਿਆ ।
ਭਰਾ ਦੇ ਪਿਆਰ ਦੇ ਹੋਂਸਲੇ ਵਿਚ ਵੀ ਉਹੋ ਹੀ ਵਰਤਾਉ ਸੀ ਜੋ ਉਸਦੇ ਪਿਤਾ ਦੇ ਦਿਲ ਵਿਚ ਸੀ, ਫੇਰ ਨਾਮਾਲੂਮ ਹੁਣ ਮਾਧੋਰੀ ਦਾ ਜੀ ਕਿਉਂ ਨਹੀਂ ਸੀ ਲਗਦਾ ਘਰ ਦੇ ਨੌਕਰ, ਚਾਕਰ,ਮੁਨੀਮ ਗੁਮਾਸ਼ਤੇ ਆਦਿ ਤੱਕ ਹਾਲਾਂ ਵੀ ਉਸਨੂੰ ਬੜੀ ਦੀਦੀ ਹੀ ਆਖਦੇ ਹਨ ਪਰ ਇਹਨਾਂ ਵਿਚੋਂ ਹਰ ਇਕ ਨੂੰ ਏਸ ਗੱਲ ਦਾ ਪਤਾ ਹੈ ਕਿ ਚਾਬੀਆਂ ਦਾ ਗੁੱਛਾ ਹੁਣ ਕਿਸੇ ਹੋਰ, ਲੜ ਬੱਝਾ ਰਹਿੰਦਾ ਹੈ । ਇਸ ਦਾ ਮਤਲਬ ਇਹ ਨਹੀਂ ਕਿ ਸ਼ਿਵ ਚੰਦਰ ਦੀ ਔਰਤ ਮਾਧੋਰੀ ਨਾਲ ਬੁਰਾ ਵਰਤਾਉ ਕਰਦੀ ਸੀ ਪਰ ਤਾਂ ਵੀ ਉਸਦੇ ਵਰਤਾਵ ਨਾਲ ਕੋਈ ਨਾ ਕੋਈ ਗੱਲ ਐਸੀ ਹੋ ਹੀ ਜਾਂਦੀ ਸੀ ਜਿਸ ਤੋਂ ਮਾਧਰੀ ਨੂੰ ਸਾਫ ਮਾਲੂਮ ਹੋ ਜਾਂਦਾ ਸੀ ਕਿ ਹੁਣ ਏਸ ਨਵੀਂ ਛੋਕਰੀ ਦੀ ਬਿਨਾਂ ਸਲਾਹ ਤੇ ਨੋਕ ਟੋਕ ਦੇ ਮੈਂ ਕੋਈ ਵੀ ਕੰਮ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀ ।
ਪਹਿਲੇ ਪਿਤਾ ਦਾ ਰਾਜ ਸੀ ਹੁਨ ਭਰਾ ਦੀ ਅਮਲਦਾਰੀ ਹੈ। ਪਹਿਲੇ ਤੇ ਹੁਨ ਵਿਚ ਹੁਨ ਕੁਝ ਨਾ ਕੁਝ ਫਰਕ ਹੋਨਾ ਕੁਦਰਤੀ ਗਲ ਸੀ । ਪਹਿਲੇ ਏਸ ਦਾ ਲਾਡ ਹਠ, ਤੇ ਜ਼ਿਦ ਦਾ ਜ਼ਮਾਨਾ ਸੀ ਪਰ ਹੁਨ ਉਸ ਦੀ ਇਜ਼ਤ ਹੋਨ ਦੇ ਬਾਵਜੂਦ ਉਸ ਦੀ ਕੋਈ ਜ਼ਿਦ ਵੀ ਨਹੀਂ ਸੀ ਨਿਭ ਸਕਦੀ ! ਪਿਤਾ ਦੇ ਰਾਜ ਵੇਲੇ ਉਹ ਸਭ ਸਿਆਹ ਸਫੈਦ ਦੀ ਮਾਲਕ ਸੀ, ਪਰ ਹੁਨ ਉਸ ਦੀ ਗਿਨਤੀ ਪ੍ਰਵਾਰ ਦੇ ਦੂਜਿਆਂ ਲੋਕਾਂ ਵਾਂਗ ਹੀ ਸੀ |
ਮਾਧੋਰੀ ਬਚਪਨ ਤੋਂ ਹੀ ਕੁਝ ਸਖਤ ਮਿਜ਼ਾਜ ਜਿਹੀ ਤੇ ਖੁਦਦਾਰ ਔਰਤ ਸੀ ਇਸ ਲਈ ਕਿਸੇ ਦੀ ਕਹੀ ਹੋਈ ਜ਼ਰਾ ਜਿੰਨੀ ਗਲ, ਉਸ ਨੂੰ ਦੁਖ ਦੇਂਦੀ ਸੀ । ਇਹੋ ਕਾਰਨ ਹੈ ਕਿ ਹਨ ਉਹ ਸਭ ਪਾਸੋਂ ਦੂਰ ਦੂਰ ਰਹਿੰਦੀ ਹੈ ਕਿਸੇ ਦੇ ਮਾਮਲੇ ਵਿਚ ਦਖਲ ਤਕ ਨਹੀਂ ਸੀ ਦੇਂਦੀ । ਜਿਸ ਜਗਾ ਉਸ ਦਾ ਕੁਝ ਜ਼ੋਰ ਨਹੀਂ ਰਿਹਾ ਸੀ ਉਥੇ ਹੁਨ ਸਿਰ ਉਤਾਂਹ ਚੁਕ ਕੇ ਖੜੇ ਹੋਨ ਚਿ ਉਹ ਸ਼ਰਮ ਮਹਿਸੂਸ ਕਰਨ ਲਗ ਪਈ ਸੀ, ਕਿਸੇ ਪਾਸੋਂ ਕੁਝ ਉਚਾ ਸੁਨਨ ਵਿਚ ਉਸ ਦੇ ਦਿਲ ਤੇ ਚੋਟ ਜਿਹੀ ਲਗਦੀ ਹੈ-----ਉਹ ਭਰਾ ਪਾਸ ਸ਼ਕਾਇਤ ਤਕ ਨਹੀਂ ਸੀ ਕਰਦੀ ਕਿਉਂਕਿ ਮੁਹੱਬਤ ਦੀ ਦੁਹਾਈ ਦੇਨ ਦੀ ਉਸ ਨੂੰ ਆਦਤ ਹੀ ਨਹੀਂ ਸੀ ।
ਇਕ ਦਿਨ ਮਾਧੋਰੀ ਨੇ ਸ਼ਿਵ ਚੰਦਰ ਨੂੰ ਆਪਣੇ ਪਾਸ ਸੱਦ ਕੇ ਕਿਹਾ:- ਦਾਦਾ ਮੈਂ ਜ਼ਰਾ ਸੌਹਰੇ ਜਾਵਾਂਗੀ ਹੈਰਾਨ ਹੁੰਦਿਆਂ ਹੋਇਆਂ ਸ਼ਿਵ ਚੰਦਰ ਨੇ ਕਿਹਾ:-
"ਕਿਉਂ ? ਕਿਸ ਵਾਸਤੇ ਭੈਣ!'ਉਥੇ ਤੇਰਾ ਕੌਣ ਬੈਠਾ ਹੈ।
ਮਾਧੋਰੀ ਨੇ ਉੱਤਰ ਦਿੱਤਾ- ਜਦੋਂ ਤੋਂ ਛੋਟਾ ਭਨੇਵਾਂ ਕਾਂਸ਼ੀ ਵਿਚ ਨਨਾਣ ਜੀ ਪਾਸ ਚਲਾ ਗਿਆ ਹੈ ਉਧੋਂ ਤੋਂ ਮੈਂ ਉਸਨੂੰ ਇਕ ਵੇਰਾਂ ਹੀ ਦੇਖਿਆ ਹੈ । ਮੇਰੀ ਸਲਾਹ ਹੈ ਕਿ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਗੋਲ ਗਰਾਮ ਵਿਚ ਚੰਗੀ ਤਰਾਂ ਰਹਿ ਸਕਾਂਗੀ ।
ਬਿਪਨਾ ਜਿਲੇ ਦੇ ਗੋਲ ਗਰਾਮ ਨਾਮੀ ਪਿੰਡ ਵਿਚ ਮਾਧੋਰੀ ਦੇ ਸੌਹਰੇ ਸਨ । ਸ਼ਿਵ ਚੰਦਰ ਨੇ ਨਿੰਮੀ ਹਾਸੀ ਹਸਦਿਆਂ ਹੋਇਆਂ ਕਿਹਾ:-“ਨਹੀਂ ਨਹੀਂ ਇਹ ਨਹੀਂ ਹੋ ਸਕਦਾ ਉਥੇ ਤੈਨੂੰ ਬਹੁਤ ਤਕਲੀਫ ਹੋਵੇਗੀ ।"
"ਤਕਲੀਫ ਕਿਸ ਗਲ ਦੀ ? ਮਕਾਨ ਤਾਂ ਉਥੇ ਉਸੇ ਤਰਾਂ ਖੜਾ ਹੈ ਦਸ ਪੰਜ ਵਿਘੇ ਜ਼ਮੀਨ ਵੀ ਆਪਨੀ ਹੈ ਕਿ ਇਕ ਵਿਧਵਾਂ ਦੀ ਗੁਜ਼ਰ ਐਨੇ ਵਿਚ ਨਹੀਂ ਹੋ ਸਕਦੀ ?"
"ਗੁਜ਼ਰ ਹੋਣ ਜਾਂ ਨਾ ਹੋਣ ਦਾ ਸਵਾਲ ਨਹੀਂ ਹੈ। ਰੁਪੈ ਪੈਸੇ ਦੀ ਵੀ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੇਰੇ ਕਹਿਣ ਦਾ ਤਾਂ ਸਿਰਫ ਇਹ ਮਤਲਬ ਹੈ ਕਿ ਉਥੇ ਉਜਾੜ ਵਿਚ ਅਕਲਿਆਂ ਰਹਿਕੇ ਤੈਨੂੰ ਖਾਹ ਮਖਾਹ ਮੁਸੀਬਤ ਸਹਿਣੀ ਪਵੇਗੀ ।
"ਨਹੀਂ ਕੁਝ ਮੁਸੀਬਤ ਨਹੀਂ ਹੋਇਗੀ ।
ਕੁਝ ਸੋਚਦਿਆਂ ਹੋਇਆਂ ਸ਼ਿਵ ਚੰਦਰ ਨੇ ਫੇਰ ਪੁਛਿਆ:-ਪਰ ਤੂੰ ਏਥੋਂ ਜਾਣਾ ਕਿਉਂ ਚਾਹੁੰਦੀ ਏ ਮੈਨੂੰ ਸਾਫ ਸਾਫ ਪਤਾ ਲਗੇ ਤਾਂ ਮੈਂ ਸਭ ਝਗੜਾ ਹੀ ਖਤਮ ਕਰ ਦੇਂਦਾ ਹਾਂ ।
ਇੰਝ ਪਤਾ ਲਗਦਾ ਸੀ ਕਿ ਸ਼ਿਵ ਚੰਦਰ ਆਪਣੀ ਪਤਨੀ ਤੋਂ ਸਭ ਕੁਝ ਸੁਣ ਚੁਕਾ ਹੈ ਏਸੇ ਕਰ ਕੇ ਉਸ ਨੇ ਭੈਣ ਨੂੰ ਇਹ ਗੱਲ ਆਖੀ ਹੈ। ਸ਼ਰਮ ਨਾਲ ਮਾਧੋਰੀ ਦਾ ਚੇਹਰਾ ਸੁਰਖ ਹੋ ਗਿਆਂ ਉਹ ਆਂਖਣ ਲੱਗੀ:-ਦਾਦਾ! ਤੂੰ ਮੇਰੀ ਬਾਬਤ ਇਹ ਖਿਆਲ ਕਰ ਸਕਦਾ ਹੈ ਕਿ ਮੈਂ ਲੜ ਝਗੜ ਕੇ ਤੇਰੇ ਘਰੋਂ ਜਾਵਾਂਗੀ ?
ਸ਼ਿਵ ਚੰਦਰ ਸ਼ਰਮਿੰਦਾ ਹੋ ਗਿਆ । ਉਸ ਨੇ ਗੱਲ ਟਾਲਦਿਆਂ ਹੋਇਆਂ , ਕਿਹਾ-ਨਹੀਂ ਨਹੀਂ ਭੈਣ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਤਾਂ ਏਸ ਲਈ ਆਖਦਾ ਹਾਂ ਕਿ ਇਹ ਘਰ ਤਾਂ ਹਮੇਸ਼ਾਂ ਹੀ ਤੇਰਾ ਹੈ ਫੇਰ ਤੂੰ ਕਿਉਂ ਏਥੋਂ ਜਾਣਾ ਚਾਹੁੰਦੀ ਏ ....... ਦੋਵਾਂ ਨੂੰ ਪਿਤਾ ਦੀ ਯਾਦ ਆ ਗਈ ਤੇ ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵਹਿ ਤੁਰੇ।
ਅੱਖਾਂ ਪੂੰਝਦਿਆਂ ਹੋਇਆਂ ਮਾਧੋਰੀ ਨੇ ਕਿਹਾ:-
“ਦਾਦਾ! ਮੈਂ ਸਦਾ ਲਈ ਥੋੜਾ ਹੀ ਚੱਲੀ ਹਾਂ ਤਾਂ ਫੇਰ ਆ ਜਾਵਾਂਗੀ ਜਿਸ ਵੇਲੇ ਤੇਰੇ ਲੜਕੇ ਦਾ ਜੰਞ ਪਏਗਾ ਮੈਨੂੰ ਲੈ ਆਈ ਹੁਣ ਮੈਨੂੰ ਜਾਣ ਦੇ"
"ਉਹ ਮੌਕਾ ਤਾਂ ਕਿਤੇ ਅਠ ਦਸ ਵਰੇ ਪਿਛੋਂ ਆਵੇਗਾ ਭੈਣ ?"
"ਜਿਉਂਦੀ ਰਹੀ ਤਾਂ ਜ਼ਰੂਰ ਆਵਾਂਗੀ।"
ਮਾਧੋਰੀ ਕਿਸੇ ਹਾਲਤ ਵਿਚ ਵੀ ਏਥੇ ਰਹਿਣ ਲਈ ਰਜ਼ਾਮੰਦ ਨਾ ਹੋਈ ਤੇ ਸਫਰ ਦੀ ਤਿਆਰੀ ਕਰ ਲੀਤੀ ਜਾਣ ਲਗਿਆਂ ਉਸਨੇ ਛੋਟੀ ਬਹੂ ਨੂੰ ਸਾਰਾ ਘਰ ਆਦ ਸੌਂਪ ਦਿਤਾ ਤੇ ਨੌਕਰ ਚਾਕਰਾਂ ਨੂੰ ਅਸ਼ੀਰਵਾਦ ਦਿੱਤੀ-- ਸ਼ਿਵ ਚੰਦਰ ਨੇ ਅੱਖਾਂ ਭਰਦਿਆਂ ਹੋਇਆਂ ਭੈਣ ਨੂੰ ਕਿਹਾ:-
"ਮਾਧੋਰੀ ! ਤੇਰੇ ਭਰਾ ਨੇ ਤਾਂ ਕਦੇ ਤੈਨੂੰ ਕੁਝ ਨਹੀਂ ਸੀ ਕਿਹਾ ।
ਹਸਦਿਆਂ ਹੋਇਆਂ ਮਾਧੋਰੀ ਨੇ ਕਿਹਾ:-ਇਹ ਕਿਹੋ ਜਹੀਆਂ ਗਲਾਂ ਕਰ ਰਿਹਾ ਹੈ ਦਾਦਾ ?
---ਨਹੀਂ ਮੇਰਾ ਕਹਿਣ ਦਾ ਮਤਲਬ ਕੇਵਲ ਇਹ ਹੈ ਕਿ ਜੇ ਕਿਤੇ ਭੁਲ ਭੁਲਖੋ ਮੇਰੇ ਪਾਸੇ ਕੋਈ ਭੈੜਾ ਲਫਜ਼........!
--“ਨਹੀਂ ਨਹੀਂ ਦਾਦਾ ਤੂੰ ਕੁਝ ਨਹੀਂ ਕਿਹਾ |
"ਸਚ ਕਹਿੰਦੀ ਹੈ ਭੈਣ ?"
"ਹਾਂ ਸਚ ਕਹਿ ਰਹੀ ਹਾਂ ।"
ਤਾਂ ਫੇਰ ਜਾ ਮੈਂ ਤੈਨੂੰ ਆਪਣੇ ਘਰ ਜਾਨ ਲਈ ਕਦੇ ਨਹੀਂ ਰੋਕਾਂਗਾ । ਜਿਥੇ ਤੇਰੀ ਖੁਸ਼ੀ ਹੋਵੇ ਉਥੇ ਰਹਿ ਪਰ ਆਪਨੀ ਸੁਖ ਸਾਂਦ ਭੇਜਦੀ ਰਵੀਂ ਮੈਨੂੰ ਭੁੱਲ ਨਾ ਜਾਈ।
ਮਾਧੋਰੀ ਪਹਿਲੇ ਕਾਂਸ਼ੀ ਗਈ ਉਥੋਂ ਆਪਨੇ ਪਤੀ ਦੇ ਭਨਵੇਂ ਨੂੰ ਨਾਲ ਲਈ ਸਿਧਿਆਂ ਗੋਲ ਗਰਾਮ ਪਹੁੰਚੀ । ਸਤਾਂ ਵਰਿਹਾਂ ਬਾਅਦ ਅਜੇ ਉਸ ਨੇ ਪਹਿਲੀ ਵੇਰਾਂ ਆਪਨੇ ਸੋਹਰੇ ਘਰ ਦੀ ਦਲੀਜ ਅੰਦਰ ਪੈਰ ਰਖਿਆਂ ।
ਗੋਲ ਗਰਾਮ ਦੇ ਚੈਟਰ ਜੀ ਮਹਾਸ਼ੇ ਤੇ ਸਮਝੋ ਮੁਸੀਬਤ ਦਾ ਪਹਾੜ ਟੁੱਟ ਪਿਆ । ਇਹਨਾਂ ਦੀ ਯੋਗਿੰਦਰ ਦੇ ਪਿਤਾ ਨਾਲ ਡੂੰਘੀ ਦੋਸਤੀ ਸੀ । ਆਪਨੇ ਜੀਵਨ ਦੇ ਅਖੀਰੀ ਦਿਨਾਂ ਵਿਚ ਯੋਗਿੰਦਰ ਨਾਥ ਨੇ ਅਪਨੇ ਕਈ ਵਿਘੇ ਜ਼ਮੀਨ ਏਸ ਦੇ ਸਪੁਰਦ ਕੀਤੀ ਸੀ ਅਤੇ ਉਸ ਦੀ ਜ਼ਿੰਦਗੀ ਵਿਚ ਵੀ ਇਹੋ ਉਸ ਦੀ ਜ਼ਮੀਨ ਦੀ ਕਾਸ਼ਤ ਕਰਦੇ ਹੁੰਦੇ ਸਨ ਤੇ ਉਸ ਦੇ ਮੈਨੇਜਰ ਵੀ ਇਹੋ ਹੀ ਸਨ । ਯੋਗਿੰਦਰ ਏਸ ਜ਼ਮੀਨ ਵਲੋਂ ਕਤਈ ਲਾਪਰਵਾਹ ਸੀ ਉਸ ਦੇ ਪਿਤਾ ਪਾਸ ਕਾਫੀ ਰੁਪਿਆ ਸੀ ਤੇ ਇਹੋ ਵਜਾ ਸੀ ਕਿ ਉਹ ਏਸ ਜ਼ਮੀਨ ਦੀ ਘਟ ਵਧ ਹੀ ਪਰਵਾਹ ਕਰਿਆ ਕਰਦਾ ਸੀ ।
ਯੋਗਿੰਦਰ ਦੇ ਮਰ , ਜਾਨ ਤੋਂ ਬਾਅਦ ਚੈਟਰਜੀ ਮਹਾਸ਼ੇ ਨੇ ਖੂਬ ਖੁਸ਼ੀ ਕੀਤੀ ਤੇ ਬੇਫਿਕਰ ਹੋ ਕੇ ਏਸ ਸਾਰੇ ਰਕਬੇ ਦੀ ਪੈਦਵਾਰ ਨੂੰ ਅਕਲਿਆਂ ਹੀ ਡਕਾਰ ਮਾਰਦੇ ਰਹੇ । ਪਰ ਹੁਨ ਅਚਾਨਕ ਹੀ ਐਨੇ ਚਿਰ ਪਿਛੋਂ ਮਾਧੋਰੀ ਨੇ ਵਿਚ ਆ ਕੇ ਉਹਨਾਂ ਨੂੰ ਫਿਕਰ ਲਾ ਦਿਤਾ ਤੇ-ਮਾਧੋਰੀ ਦੇ ਏਸ ਕੰਮ ਨੂੰ ਸਰਾਸਰ ਬੇ ਮੁਨਾਸਬ ਤੇ ਸ਼ਰਾਰਤ ਭਰਿਆ ਸਮਝ ਉਹ ਮਾਧੋਰੀ ਦੇ ਘਰ ਜਾ ਕੇ ਬੜੇ ਗੁਸੇ ਨਾਲ ਆਖਨ ਲਗੇ:-
"ਸੁਨਦੀ ਹੈਂ ਬਹੂ ! ਤੇਰੀ ਜੋ ਉਹ ਦੋ ਵਿਘੇ ਜ਼ਮੀਨ ਪਈ ਹੈ ਉਸ ਤੇ ਦਸ ਸਾਲ ਦਾ ਮਾਮਲਾ " ਅਜੇ ਬਾਕੀ ਹੈ । ਸੂਦ ਪਾ ਕੇ ਕੁੱਲ ਸੌ ਰੁਪੈ ਹੋ ਗਏ ਹਨ ਜੇ ਇਹ ਰਕਮ ਨਾ ਭਰੀ ਗਈ ਤਾਂ ਜ਼ਮੀਨ ਨਿਲਾਮ ਹੋ ਜਾਇਗੀ, ਸਮਝੀ ?
ਮਾਧੋਰੀ ਨੇ ਆਪਨੇ ਭਣੇਵੇਂ ਸੰਤੋਸ਼ ਕੁਮਾਰ ਤੋਂ ਕੁਹਾਇਆ:-ਰੁਪਿਆਂ ਦੀ ਕੋਈ ਪਰਵਾਹ ਨਹੀਂ ਤੇ ਇਹ ਲਵੋ ਸੌ ਰੁਪਿਆ | ਉਸ ਨੇ ਸੌ ਰੁਪਿਆ ਉਸੇ ਵੇਲੇ ਭੇਜ ਦਿਤਾ, ਪਰ ਇਹ ਰਕਮ ਚੈਟਰਜੀ ਪਾਸ ਹੀ ਪਈ ਰਹੀ ।
ਮਾਧੋਰੀ ਐਨੀ ਆਸਾਨੀ ਨਾਲ ਛਡ ਦੇਨ ਵਾਲੀ ਔਰਤ ਨਹੀਂ ਸੀ ਉਸ ਨੇ ਸੰਤੋਸ਼ ਨੂੰ ਭੇਜ ਕੇ ਫੇਰ ਪੁਛਿਆ:-
ਸਿਰਫ ਏਸ ਦੋ ਵਿਘੇ ਜ਼ਮੀਨ ਨਾਲ ਤਾਂ ਮੇਰਾ ਸੌਹਰਾ ਗੁਜ਼ਾਰਾ ਨਹੀਂ ਸੀ ਕਰਿਆ ਕਰਦਾ, ਇਸ ਤੋਂ ਇਲਾਵਾ ਜੋ ਸਾਡੀ ਹੋਰ ਜ਼ਮੀਨ ਹੈ ਉਹ ਕਿਸ ਦੇ ਕਬਜ਼ੇ ਹੈ ?
ਇਹ ਸੁਣਦਿਆਂ ਹੀ ਚੈਟਰ ਮਹਾਸ਼ੇ ਅੱਗ ਭਬੂਕਾ ਹੋ ਗਏ ਫੌਰਨ ਮਾਧੋਰੀ ਦੇ ਘਰ ਪਹੁੰਚੇ ਤੇ ਆਖਨ ਲਗੇ:-
ਉਹ ਸਾਰੀ ਜ਼ਮੀਨ ਤਾਂ ਵਿਕ ਗਈ ਕੁਝ ਥੋੜੀ ਜਿੰਨੀ ਸਾਂਝੀਵਾਲਤਾ ਵਿਚ ਬੀਜੀ ਜਾਂਦੀ ਹੈ ਅੱਠ ਦਸ ਸਾਲ ਦੀ ਜ਼ਿਮੀਦਾਰ ਦੇ ਮਾਲਗੁਜ਼ਾਰੀ ਦੇ ਨਾ ਚੁਕਾਈ ਜਾਵੇ ਤਾਂ ਜਮੀਨ ਕਿਸ ਤਰ੍ਹਾਂ ਪਈ ਰਹਿ ਸਕਦੀ ਹੈ ?
ਮਾਧੋਰੀ ਨੇ ਕਿਹਾ:-ਕੀ ਜ਼ਮੀਨ ਦੀ ਪੈਦਾਵਾਰ ਨਹੀਂ ਆਉਂਦੀ ਜੋ ਮਾਮਲੇ ਦੇ ਰਪੈ ਨਹੀਂ ਭਰੇ ਗਏ ? ਅਤੇ ਜੇ ਉਹ, ਸਚ ਮੁਚ ਹੀ ਵਿਕ ਗਈ ਹੈ ਤਾਂ ਦਸੋ ਉਹ ਕਿਸ ਨੇ ਵੇਚੀ ? ਤੇ ਕਿਸ ਨ ਖਰੀਦੀ ? ਜੇ ਇਹ ਠੀਕ ਮਾਲੂਮ ਹੋ ਜਾਏ ਤਾਂ ਕੁਝ , ਚਾਰਾ ਜੋਈ ਕੀਤੀ ਜਾਏ।
ਚੈਟਰ ਮਹਾਰਾਜ ਨੇ ਇਸ ਗੱਲ ਦਾ ਉਤਰ ਤਾਂ ਜਰੂਰ ਦਿੱਤਾ, ਪਰ ਉਹ ਮਾਧੋਰੀ ਦੀ ਸਮਝ ਵਿਚ ਕੁਝ ਨਾ ਆਇਆ ਗੋਲ ਮੋਲ ਤੇ ਅਜੀਬ ਲਫਜਾਂ ਵਿਚ ਕਹਿੰਦੇ ਹੋਏ ਪਤਾ ਨਹੀਂ ਉਹ ਆਖਦੇ ਹੋਏ ਬੁੜ ਬੁੜਾ ਕੇ ਸਿਰ ਤੇ ਛਤਰੀ ਤਾਨ ਕੇ ਤੇ ਲੱਕ ਦਵਲੇ ਰਾਮ ਨਾਮੀ ਚਦਰ ਲਪੇਟ ਸਰੀਰ ਤੇ ਇਕ ਕੋਰੀ ਧੋਤੀ ਅੰਗਛੇ ਨਾਲ ਬੰਨਕੇ ਸਿਧੇ ਲਾਲਤਾ ਪਿੰਡ ਚਲੇ ਗਏ ਪਿੰਡ ਵਿਚ ਹੀ ਜ਼ਿਮੀਦਾਰ ਸੁਰਿੰਦਰ ਨਾਥ ਦਾ ਰਹਿਣ ਵਾਲਾ ਮਕਾਨ ਤੇ ਮੈਨੇਜਰ ਮਥਰਾ ਬਾਬੂ ਦਾ ਦਫਤਰ ਸੀ।
ਅਠਾਂ ਦਸਾਂ ਕੋਹਾਂ ਦਾ ਪੈਦਲ ਰਸਤਾ ਤੁਰਕੇ ਚੈਟਰ ਜੀ ਮਥਰਾ ਦਾਸ ਦੇ ਸਾਹਮਣੇ ਪਹੁੰਚ ਗਿੜ ਗਿੜਾ ਕੇ ਆਖਣ ਲੱਗੇ:-ਦੁਹਾਈ ਹੈ ਮਹਾਰਾਜ ! ਹੁਣ ਤੇ ਮੈਨੂੰ ਇੰਝ ਮਾਲੂਮ ਹੁੰਦਾ ਹੈ ਕਿ ਇਸ ਗਰੀਬ ਬਰਾਹਮਣ ਨੂੰ ਦਰ ਬਦਰ ਭਿਛਿਆ ਮੰਗ ਕੇ ਆਪਣਾ ਤੇ ਆਪਣੇ ਬਾਲ ਬਚਿਆਂ ਦਾ ਢਿੱਡ ਭਰਨਾ ਪਵੇਗਾ !
ਏਸੇ ਤਰਾਂ ਅੱਗੇ ਵੀ ਕਈ ਆਦਮੀ ਮਥਰਾ ਦਾਸ ਪਾਸ ਆਉਂਦੇ ਜਾਂਦੇ ਸਨ ਮੈਨੇਜਰ ਨੇ ਹੈਰਾਨ ਹੁੰਦੇ ਹੋਇਆਂ ਕਿਹਾ:-'ਕਹੋ ਕੀ ਮਾਮਲਾ ਹੈ ? ਦੇਖਣਾ ਸਾਫ ਸਾਫ ਕਹਿਣਾ ਬਿਲਕੁਲ ਝੂਠ ਨਾ ਹੋਵੇ । ਚੈਟਰ ਜੀ ਨੇ ਰੋਣੀ ਸੁਰਤ ਬਨਾਂਦਿਆਂ ਹੋਇਆਂ ਆਖਿਆ-
“ਮਹਾਰਾਜ ਬਰਾਹਮਣ ਦੀ ਰਖਿਆ ਕਰੋ"
ਬੜੀ ਗੁਸੇ ਤੇ ਸਖਤੀ ਭਰੇ ਲਹਿਜ਼ੇ ਨਾਲ ਮਥਰਾ ਬਾਬੂ ਨੇ ਕਿਹਾ:- ਭਈ ਕੁਝ ਆਖੇਗਾ ਵੀ ਕਿ ਐਵੇਂ ਰੋਲਾ ਹੀ ਪਾਂਦਾ ਜਾਇੰਗਾ ? ਵਿਧੂਆ ਸ਼ੇਖਰ ਚੈਂਟਰ ਜੀ ਨੇ ਮਾਧੋਰੀ ਦੇ ਦਿਤੇ ਉਹ ਸੌ ਰੁਪੈ ਦੇ ਨੋਟ ਲੱਕ ਦਵਾਲਿਓਂ ਖੋਲ ਕੇ ਮੈਨੇਜਰ ਦੇ ਅਗੇ ਰੱਖ ਦਿੱਤੇ ਤੇ ਕਹਿਣ ਲੱਗਾ--ਆਪ ਧਰਮ ਅਵਤਾਰ ਹੋਇ, ਜੇ ਤੁਸੀਂ ਮੇਰੀ ਇਮਦਾਦ ਨਾਂ ਕਰੋਗੇ ਤਾਂ ਮੈਂ ਲੁਟਿਆ ਜਾਵਾਂਗਾ |
"ਸਾਰਾ ਮਾਮਲਾ ਸਾਫ ਸਾਫ ਬਿਆਨ ਕਰੋ ।"
“ਬਸ ਮਹਾਰਾਜ ਗੱਲ ਸਿਰਫ ਐਨੀ ਹੈ ਕਿ ਗੋਲ ਗਰਾਮ ਪਿੰਡ ਦੇ ਰਾਮ ਤਨੂੰ ਸਾਨਿਆਲ ਦੇ ਪੁਤਰ ਦੀ ਬੇਵਾ ਕਿੰਨੇ ਚਿਰ ਪਿਛੋਂ ਹੁਣ ਪਿੰਡ ਆਈ ਹੈ ਤੇ ਜਮੀਨ ਤੇ ਅਪਣਾ ਕਬਜ਼ਾ ਕਰਨਾ ਚਾਹੁੰਦੀ ਹੈ ।
ਮਥਰਾ ਬਾਬੂ ਨੇ ਹਸਦਿਆਂ ਹੋਇਆਂ ਆਖਿਆ-- “ਹੱਛਾ ਇਹ ਗਲ ਹੈ, ਉਹ ਤੇਰੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਾਂ ਤੇ ਉਸ ਬੇਵਾ ਦੀ ਮਲਕੀਅਤ ਤੇ ਹੱਥ ਸਾਫ ਕਰਨਾ ਚਾਹੁੰਦਾ ਏ ? ਅਸਲੀਅਤ ਕੀ ਹੈ ? ਚੈਟਰ ਜੀ ਨੇ ਆਪਣੇ ਦੋਵੇਂ ਹੱਥਾਂ ਨਾਲ ਆਪਣਾ ਜਨੇਉ ਫੜਕੇ ਮੈਨੇਜਰ ਦੇ ਹੱਥ ਫੜਾਕੇ ਆਖਣਲਗਾ:-ਪੂਰੇ ਦਸਾਂ ਵਰਿਹਾਂ ਤੋਂ ਏਸ ਜਮੀਨ ਦਾ ਮਾਮਲਾ ਦੇਂਦਾ ਆ ਰਿਹਾ ਹਾਂ ਮਹਾਰਾਜ !
“ਜਮੀਨ ਤੋਂ ਫ਼ਸਲ ਲੈਂਦੇ ਹੋ ਮਾਮਲਾ ਅਦਾ ਨਾ ਕਰੋਗੇ ?"
“--ਦੁਹਾਈ ਹਜ਼ੂਰ ਦੀ--"
ਮੈਨੇਜਰ ਸਾਹਿਬ ਮਾਮਲੇ ਦੀ ਡੂੰਘਾਈ ਵਿਚ ਪਹੁੰਚ ਗਏ, ਆਖਨ ਲਗੇ:-ਹਾਂ ਹਾਂ ਮੈਂ ਸਭ ਕੁਝ ਸਮਝ ਗਿਆ ਹਾਂ ਵਿਧਵਾ ਨੂੰ ਚਕਮਾਂ ਦੇ ਕੇ ਉਸ ਦੀ ਜਮੀਨ ਹਜ਼ਮ ਕਰਨਾ ਚਾਹੁੰਦੇ ਹੋ ਠੀਕ ਹੈ ਨਾ ?
"ਚੈਟਰਜੀ ਚੁਪ ਚੁਪੀਤੇ ਮੈਨੇਜਰ ਵਲ ਦੇਖਦੇ ਰਹੇ।"
"ਕਿੰਨੇ ਵਿਘੇ ਜ਼ਮੀਨ ਹੈ ?"
"--ਕੇਵਲ ਪੰਝੀ ਵਿਘੇ |"
ਜ਼ਬਾਨੀ ਹਿਸਾਬ ਲਾ ਕੇ ਮਥਰਾ ਬਾਬੂ ਨੇ ਕਿਹਾ:-‘ਘਟ ਤੋਂ ਘਟ ਤਿੰਨ ਹਜ਼ਾਰ ਦੀ ਮਲਕੀਅਤ ਹੈ। ਦਸੋ ਜ਼ਿਮੀਦਾਰ ਸਾਹਿਬ ਨੂੰ ਨਜ਼ਰਾਨੇ ਵਿਚ ਕਿੰਨੀ ਰਕਮ ਅਦਾ ਕਰੋਗੇ ?"
"ਤੁਹਾਡਾ ਜੋ ਹੁਕਮ ਹੋਵੇਗਾ ਉਹ ਅਦਾ ਕੀਤਾ ਜਾਇਗਾ ਸਰਕਾਰ !" --ਤਿੰਨ ਸੌ ਰੁਪੈ ਦੇ ਦਿਆਂਗਾ |
“ਤਿੰਨ ਸੌ ਰੁਪੈ ਦੇ ਕੇ ਤਿੰਨ ਹਜਾਰ ਰੁਪੈ ਦਾ ਮਾਲ! ਹੜਪ ਕਰਨਾ ਚਾਹੁੰਦੇ ਹੋ ? ਜਾਓ---ਰਸਤਾ ਲਭੋ ਇਹ ਕੰਮ ਮੈਥੋਂ ਨਹੀਂ ਹੋ ਸਕਦਾ |
ਬਰਾਹਮਣ ਨੇ ਅਪਣੀਆਂ ਸੁਕੀਆਂ ਅਖਾਂ ਵਿਚ ਅਥਰੂ ਭਰ ਕੇ ਆਖਿਆ-ਤੁਸੀ ਕਿੰਨੇ ਕੁ ਰੁਪੈ ਲਈ ਹੁਕਮ ਕਰਦੇ ਹੋ ਸਰਕਾਰ ?
"--ਹਜ਼ਾਰ ਰੁਪੈ ਦਾ ਬੰਦੋਬਸਤ ਕਰ ਸਕੋਗੇ ?"
ਇਸ ਤੋਂ ਪਿਛੋਂ ਕਾਫੀ ਚਿਰ ਤਕ ਅਕਲ ਵਿਚ ਦੋਵੇਂ ਸਲਾਹ ਮਸ਼ਵਰਾ ਕਰਦੇ ਰਹੇ। ਨਤੀਜਾ ਆਖਰ ਇਹ ਨਿਕਲਿਆ ਕਿ ਯੋਗਿੰਦਰ ਦੀ ਬੇਵਾ ਮਾਧੋਰੀ ਤੇ ਪਿਛਲੇ ਦਸਾਂ ਸਾਲਾਂ ਦਾ ਮਾਮਲਾ ਸਣੇ ਸੂਦ ਸ਼ਾਮਲ ਕਰ ਕੇ ਡੇੜ ਹਜ਼ਾਰ ਰੁਪੈ ਦੀ ਨਾਲਸ਼ ਕਰ ਦਿਤੀ ਗਈ ।
ਸੰਮਨ ਜਾਰੀ ਹੋਇਆ ਪਰ ਮਾਧੋਰੀ ਪਾਸ ਤਾਮੀਲ ਲਈ ਨਹੀਂ ਪਹੁੰਚਿਆ । ਇਕ ਤਰਫਾ ਡਿਗਰੀ ਹੋ ਗਈ ਡੇੜ ਮਹੀਨੇ ਪਿਛੋਂ ਮਾਧੋਰੀ ਨੇ ਸੁਣਿਆ ਕਿ ਬਾਕੀ ਮਾਮਲੇ ਦੀ ਵਸੂਲੀ ਲਈ ਜਿਮੀਂਦਾਰ ਦੀ ਤਰਫੋ ਨਾ ਸਿਰਫ ਜਮੀਨ ਬਲਕਿ ਉਸ ਦੇ ਰਹਿਣ ਵਾਲੇ ਮਕਾਨ ਦੀ ਨੀਲਾਮੀ ਦਾ ਇਸ਼ਤਿਹਾਰ ਵੀ ਕਢਿਆ ਗਿਆ ਹੈ........ ਤੇ ਉਸ ਦੀ ਸਭ ਜਮੀਨ ਜਾਇਦਾਦ ਕੁਰਕ ਕਰ ਲੀਤੀ ਗਈ ਹੈ ।
ਮਾਧੋਰੀ ਨੇ ਇਕ ਗੁਆਂਡਨ ਨੂੰ ਪਾਸ ਸਦ ਕੇ ਕਹਾ:-ਭੈਣ ! ਤੁਹਾਡੇ ਦੇਸ਼ ਵਿਚ ਕਿੰਨੀ ਹਨੇਰ ਗਰਦੀ ਹੈ ?
ਗੁਆਂਢਣ ਨੇ ਉਤਰ ਦਿਤਾ:-ਕਿਉਂ, ਕੀ ਹੋਇਆ ਭੈਣ ? ਇਹੋ ਜਹੀ ਗੱਲ ਤਾਂ ਕੋਈ ਨਹੀਂ।
ਮਾਧੋਰੀ ਨੇ ਕਿਹਾ:-ਮੈਨੂੰ ਤੇ ਬਿਲਕੁਲ ਇਹੋ ਮਾਲੂਮ ਹੁੰਦਾ ਏ ਇਕ ਸ਼ੈਤਾਨ ਉਚੱਕਾ ਧੋਖਾ ਕਰ ਕੇ ਮੇਰੀ ਜਮੀਨ ਤੇ ਘਰ ਹੜਪ ਕਰ ਲੈਣਾ ਚਾਹੁੰਦਾ ਏ ਪਰ ਤੁਹਾਡੇ ਵਿਚੋਂ ਕਿਸੇ ਦੇ ਕੰਨਾਂ ਤਕ ਜੂੰ ਨਹੀਂ, ਸਰਕੀ ? ਇਹ ਹਨੇਰ ਨਹੀਂ ਤੇ ਹੋਰ ਕੀ ਹੈ ?
ਗੁਆਂਢਣ ਨੇ ਕਿਹਾ-ਅਸੀ ਏਸ ਵਿਚ ਕੀ ਕਰ ਸਕਦੇ ਹਾਂ, ਸਾਡੀ ਉਕਾਤ ਹੀ ਕੀ ਹੈ ! ਜਦ ਖੁਦ ਜਮੀਦਾਰ ਤੇਰੀ ਮਲਕੀਅਤ ਤੇ ਘਰ ਨਿਲਾਮ ਕਰ ਰਿਹਾ ਹੈ ਤਾਂ ਇਸ ਵਿਚ ਕੋਈ ਕੀ ਕਰ ਸਕਦਾ ਹੈ ? ਸਾਡੀ ਗਰੀਬ ਦੁਖੀਆਂ ਲੋਕਾ ਦੀ ਏਸ ਵਿਚ ਕੀ ਪੇਸ਼ ਚਲਦੀ ਹੈ।
“ਖੈਰ ਇਹ ਮੈਂ ਮੰਨ ਲੈਂਦੀ ਹਾਂ ਪਰ ਮੈਂ ਤਾਂ ਇਹ ਪੁਛਦੀ ਹਾਂ ਕਿ ਮੇਰਾ ਘਰ ਨਿਲਾਮੀ ਤੇ ਚੜ ਗਿਆ ਤੇ ਮੈਨੂੰ ਖਬਰ ਤਕ ਨਹੀਂ ਹੋਈ ? ਆਖਰ ਕੌਣ ਹੈ ਤੁਹਾਡਾ ਜਿਮੀਦਾਰ ?
ਉਸ ਗੁਆਂਢਣ ਨੇ ਜੋ ਜੋ ਕੁਝ ਦੂਜਿਆਂ ਲੋਕਾਂ ਪਾਸੋਂ ਸੁਣਿਆ ਸੀ ਜਾਂ ਜੋ ਜੋ ਕੁਝ ਏਸ ਨੂੰ ਆਪ ਮਾਲੂਮ ਸੀ ਉਸਨੇ ਇਨ ਬਿਨ ਕਹਿ ਸੁਣਾਇਆ ਆਖਣ ਲੱਗੀ ਭੈਣ ਮਾਧੋਰੀ ਇਹੋ ਜਿਹਾ ਬੇਰਹਿਮੀ ਤੇ ਸੰਗਦਿਲ, ਜ਼ਿਮੀਦਾਰ ਹੈ ਕਿ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ । ਮਾਧੋਰੀ ! ਨੇ ਸਹਿਮ ਕੇ ਪੁਛਿਆ:-ਹੱਛਾ ਜੇ , ਜ਼ਿਮੀਦਾਰ ਨਾਲ ਖੁਦ ਮੈਂ ਮੁਲਾਕਾਤ ਕਰਕੇ ਸਾਰਾ ਮਾਮਲਾ ਉਸ ਅਗੇ ਰੱਖਾਂ ਤਾਂ ਕੀ ਉਹ ਨਹੀਂ ਸੁਣੇਗਾ ? ਕੀ ਖਿਆਲ ਹੈ ਤੇਰਾ ?"
ਮਾਧੋਰੀ ਨੂੰ ਆਪਣੀ ਤਾਂ ਕੁਝ ਐਨੀ ਫਿਕਰ ਨਹੀਂ ਸੀ ਪਰ ਸੰਤੋਸ਼ ਕੁਮਾਰ ਦੇ ਲਈ ਉਹ ਹਰ ਮੁਮਕਨ ਨਾਂ ਮੁਮਕਨ ਤਕਲੀਫ ਸਹਿਨ ਨੂੰ ਤਿਆਰ ਸੀ । ਗੁਆਂਢਣ ਆਪ ਤਾਂ ਉਸਨੂੰ ਇਸ ਬਾਰੇ ਕੁਝ ਵਾਕਫੀਅਤ ਨਾ ਪਹੁੰਚਾ ਸਕੀ ਪਰ ਜਾਣ ਲਗਿਆਂ ਆਖ ਗਈ ਕਿ ਕਲ ਮੈਂ ਆਪਣੇ ਭੈਣ ਦੇ ਲੜਕੇ ਪਾਸੋਂ ਸਾਰਾ ਹਾਲ ਦਰਿਆਫਤ ਕਰ ਕੇ ਤੈਨੂੰ ਦਸ ਦਿਆਂਗੀ ।
ਉਸ ਔਰਤ ਦਾ ਭਣੇਵਾ ਦੋ ਤਿੰਨ ਵਾਰ ਲਲਤਾ ਪਿੰਡ ਹੋ ਆਇਆ ਸੀ । ਜਿਮੀਦਾਰ ਦੇ ਬਾਰੇ ਉਸਨੇ ਕਈਆਂ ਪਾਸੋਂ ਕਈ ਗੱਲਾਂ ਸੁਣੀਆਂ ਹੋਈਆਂ ਸਨ । ਜੋ ਕੁਝ ਉਸਨੇ ਸੁਣਿਆਂ ਹੋਇਆ ਸੀ, ਉਹ ਤਸਦੀਕ ਵੀ ਹੋ ਗਿਆ ਕਾਰਨ ਇਹ ਹੋਇਆ ਕਿ ਇਕ ਦਿਨ ਉਹ ਲਲਤਾ ਪੁਰ ਗਿਆ ਹੋਇਆ ਸੀ ਕਿ ਉਸਨੇ ਕਲਕੱਤੇ ਵਾਲੀ ਵੇਸਵਾ ਬਗੀਚੇ ਵਿਚ ਨਚਦਿਆਂ ਗਾਉਂਦਿਆਂ ਦੇਖੀ ਸੀ । ਉਸਦੀ ਮਾਸੀ ਨੇ ਉਸ ਪਾਸੋਂ ਪੁਛਿਆ:-ਰਾਮ ਤੈਨੂੰ ਸਾਨਿਆਲ ਦੀ ਬੇਵਾ ਬਹੂ ਜ਼ਿਮੀਦਾਰ ਨਾਲ ਮੁਲਾਕਾਤ ਦਾ ਇਰਾਦਾ ਰੱਖਦੀ ਹੈ ਤੇਰਾ ਕੀ ਖਿਆਲ ਹੈ ?
ਉਹ ਹੈਰਾਨ ਸੀ ਕਿ ਇਸਦਾ ਕੀ ਜਵਾਬ ਦੇਵਾਂ ਆਖਰ ਉਹ ਗੰਮਬੀਰ ਜਿਹੀ ਸੂਰਤ ਬਣਾ ਕੇ ਆਖਣ ਲੱਗਾ:-
"ਕਿੰਨੀ ਕੁ ਉਮਰ ਹੈ ਉਸ ਬੇਵਾ ਦੀ ?"
"ਮਾਧੋਰੀ-ਬਸ ਇਹੋ ਹੋਵੇਗੀ ਵੀਹਾਂ ਇੱਕੀਆਂ ਵਰਿਆਂ ਦੀ।"
"ਤੇ ਨੈਣ ਨਕਸ਼ ਕਿਹੋ ਜਿਹੇ ਹਨ ?"
"---ਅਰੇ ਏਸ ਇਲਾਕੇ ਵਿਚ ਮਾਧੋਰੀ ਦੇ ਜੋੜ ਦੀ ਭਲਾ ਹੋਰ ਕੋਨ ਹੈ ? ਇਹ ਕਿਹੋ ਜਿਹੀ ਗਲ ਕਰਨਾ ਹੈ ਇਸ ਦਾ ਕੀ ਮਤਲਬ ?
ਆਪਨੀ ਮਾਸੀ ਦੀ ਗਲ ਦਾ ਅਖੀਰਲਾ ਹਿਸਾ ਸੁਨਿਆਂ ਅਨਸੁਣਿਆਂ ਕਰ ਕੇ ਆਖਨ ਲਗਾ:- ਹਾਂ, ਹੁਨ ਉਸ ਦੇ ਕੰਮ ਹੋ ਜਾਨ ਦੀ ਪੂਰੀ ਉਮੀਦ ਹੈ---ਪਰ ਜਲਦੀ ਹੀ ਆਖਨ ਲਗਾ-ਮਾਸੀ ਸਚ ਪੁਛੇ ਤਾਂ ਮੇਰੀ ਸਲਾਹ ਇਹ ਹੈ ਕਿ ਉਸ ਨੂੰ ਅਜ ਰਾਤ ਹੀ ਚੁਪ ਚਾਪ ਨਾਉ ਤੇ ਬੈਠ ਕੇ ਆਪਨੇ ਪਿਤਾ ਦੇ ਘਰ ਖਿਸਕ ਜਾਨਾ ਚਾਹੀਦਾ ਹੈ।
"ਕੀ ਮਤਲਬ ?"
“ਹੁਨੇ ਹੀ ਤਾਂ ਤੂੰ ਕਹਿਆ ਹੈ ਕਿ ਏਸ ਇਲਾਕੇ ਵਿਚ ਉਸ ਦੇ ਰੂਪ ਦਾ ਸਾਨੀ ਕੋਈ ਨਹੀਂ।"
“ਹਾਂ ਹਾਂ ਠੀਕ ਹੈ ਪਰ ਇਸ ਵਿਚ ਹਰਜ ?"
ਸਾਰਾ ਹਰਜ ਤਾਂ ਏਸ ਵਿਚ ਹੀ ਹੈ। ਇਕ ਵਾਰੀ ਵੀ ਜੇ ਕਿਤੇ ਸੁਰਿੰਦਰ ਜਿਮੀਦਾਰ ਦੀ ਨਿਗਾਹ ਏਸ ਉਤੇ ਪੈ ਗਈ ਤਾਂ ਇਸ ਨੂੰ ਧਰਮ ਬਚਾਨਾਂ ਬੜਾ ਮੁਸ਼ਕਲ ਹੋ ਜਾਇਗਾ----ਸਮਝਿਆ ?"
"--- ਕੀ ਬਕਨਾ ਹੈਂ, ਇਹ ਹਾਲ ਹੈ ?"
ਕੁਝ ਹਸਦਿਆਂ ਹੋਇਆਂ ਉਸ ਨੌਜਵਾਨ ਨੇ ਕਿਹਾ:-
"ਹਾਂ ਮਾਸੀ ਇਹੋ ਹਾਲ ਹੈ।"
"ਪਰ ਚੁਪ ਕੀਤੀ ਰਹਿਨ ਤੇ ਤਾਂ ਵਿਚਾਰੀ ਵਿਧਵਾ, ਆਪਨੀ ਜ਼ਮੀਨ ਜਾਇਦਾਦ ਹਥੋਂ ਗਵਾ ਬੈਠੇਗੀ ।"
ਦੂਜੇ ਦਿਨ ਗੁਆਂਢਨ ਨੇ ਆਪਨੇ ਭਨੇਵੇਂ ਪਾਸੋਂ ਜੋ ਕੁਝ ਸੁਣਿਆ ਸੀ ਹਰਫ ਬਹਰਫ ਮਾਧੋਰੀ ਨੂੰ ਕਹਿ ਸੁਨਾਇਆ, ਸੁਨ ਕੇ ਮਾਧੋਰੀ ਸਨਾਟੇ ਵਿਚ ਆ ਗਈ । ਜਿਮੀਦਾਰ ਸੁਰਿੰਦਰ ਰਾਏ ਦਾ ਨਾਂ, ਤੇ ਉਸ ਦੀ ਤਬੀਅਤ, ਤੇ ਕੰਮ ਕਾਜ ਬਾਰੇ ਉਹ ਜੋ ਕੁਝ ਸੁਨ ਚੁਕੀ ਸੀ ਬਹੁਤ ਕੋਸ਼ਸ਼ ਕਰਨ ਤੇ ਵੀ ਮਾਧੋਰੀ ਨਾ ਭੁਲ ਸਕੀ ।
ਉਹ ਬੈਠੀ ਸੋਚ ਰਹੀ ਸੀ---ਸੁਰਿੰਦਰ ਰਾਏ, ਇਹ ਸੁਰਿੰਦਰ ਰਾਏ ਕੌਨ ਹੈ ? ਨਾਂ ਤਾਂ ਕੁਝ · ਜਾਨਿਆਂ ਜਾਨਿਆਂ ਮਾਲੂਮ ਹੁੰਦਾ ਏ ਪਰ ਇਹ ਆਦਤਾਂ ਤੇ ਅਮਲ---ਇਹ ਉਸ ਨਾਲ ਨਹੀਂ ਮਿਲਦੇ । ਇਹ ਨਾਂ ਉਸ ਦੇ ਦਿਲ ਦਾ ਕੀਮਤੀ--- ਪੰਜ ਵਰੇ ਹੋ ਚੁਕੇ ਸਨ ਉਹ ਕੁਝ ਕੁਝ ਭੁਲ ਚੁਕੀ ਸੀ ਪਰ ਅਜ ਅਚਾਨਕ ਬੜਿਆਂ ਦਿਨਾਂ ਪਿਛੋਂ ਉਸ ਦੀ ਯਾਦ ਫੇਰ ਤਾਜ਼ਾ ਹੋ ਗਈ ।
ਉਸ ਰਾਤ ਮਾਧੋਰੀ ਆਰਾਮ ਦੀ ਨੀਂਦਰ ਨਾ ਸੌਂ ਸਕੀ , ਬੜੇ ਬੜੇ ਭਿਆਨਕ ਸੁਪਨੇ ਉਸ ਨੂੰ ਆਉਂਦੇ ਰਹੇ । ਉਹੋ , ਭੁਲੀਆਂ ਹੋਈਆਂ ਯਾਦਾਂ ਫੇਰ ਯਾਦ ਆ ਆ ਕੇ ਦਿਲ ਤੜਫਾਨ ਲਗ ਪਈਆਂ ਘੜੀ ਮੁੜੀ ਅਖਾਂ ਵਿਚੋਂ ਅਥਰੂ ਆ ਆ ਕੇ ਵਹਿਨ ਲਗ ਪਏ---ਸੰਤੋਸ਼ ਕੁਮਾਰ ਨੇ ਉਸ ਵਲ ਤਕ ਕੇ ਡਰਦਿਆਂ, ਡਰਦਿਆਂ ਆਖਿਆ:-ਮਾਮੀ ! ਮੈਂ ਮਾਂ ਪਾਸ ਜਾਣਾ ਹੈ ।
ਮਾਧੋਰੀ ਖੁਦ ਹੀ ਇਹ ਸੋਚ ਰਹੀ ਸੀ ਕਿ ਜਦ ਏਥੋਂ ਦਾ ਦਾਨਾ ਪਾਣੀ ਹੀ ਸਾਡੇ ਲਈ ਉਠ ਗਿਆ ਹੈ ਤਾਂ ਸਵਾਏ ਕਾਂਸ਼ੀ ਜਾਨ ਦੇ ਹੋਰ ਕੋਈ ਚਾਰਾ ਹੀ ਨਹੀਂ । ਏਸੇ ਬਚੇ ਦੀ ਖਾਤਰ ਹੀ ਉਸ ਨੇ ਜਿਮੀਂਦਾਰ ਨਾਲ ਮਿਲਨ ਦੀ ਸਲਾਹ ਕੀਤੀ ਸੀ ਪਰ ਹੁਨ ਉਹ ਵੀ ਉਮੀਦ ਨਹੀਂ ਰਹੀ । ਹੁਨ ਤਾਂ ਸਗੋਂ ਇਕ ਨਵੀਂ ਚਿੰਤਾ ਨੇ ਆ ਘੇਰਿਆ ਸੀ ਉਹ ਚਿੰਤਾ ਕੋਈ ਓਪਰੀ ਨਹੀਂ ਸੀ ਉਹ ਸੀ ਉਸ ਦੀ ਜਵਾਨੀ----ਰੂਪ ! ਮਾਧੋਰੀ ਨੇ ਦਿਲ ਵਿਚ ਹੀ ਕਿਹਾ:-ਕਿ, ਸੱਤ ਵਰੇ ਹੋ ਗਏ ਹਨ ਅਜੇ ਤਕ ਇਹ ਜਵਾਨੀ ਤੇ ਰੂਪ ਦਾ ਜੰਜਾਲ ਉਸ ਦੇ ਮਗਰੋਂ ਨਹੀਂ ਲੱਥਾ ? ਸਾਰੇ ਉਸ ਨੂੰ ਬੜੀ ਦੀਦੀ ਤੇ ਮਾਂ ਕਹਿਨ ਲਗ ਪਏ ਸਨ ਪਰ ਕੀ ਅਜੇ---ਉਸ ਨੇ ਫਿਕੀ ਜਿਹੀ ਹਾਸੀ ਹਸਦਿਆਂ ਹੋਇਆਂ ਕਿਹਾ:-
"ਏਥੋਂ ਦੇ ਰਹਿਨ ਵਾਲੇ ਅੰਨ੍ਹੇ ਹਨ ਜਾਂ ਹੈਵਾਨ ?"
"ਪਰ ਮਾਧੋਰੀ ਨੇ ਭੁਲ ਕੀਤੀ---ਸਾਰਿਆਂ ਦਾ ਦਿਲ ਉਸ ਵਾਂਗ ਵੀਹਾਂ ਇਕੀਆਂ ਵਰਿਹਾਂ ਵਿਚ ਬੁਢਾ ਤਾਂ ਨਹੀਂ ਹੋ ਜਾਂਦਾ !"

ਚੌਥਾ ਕਾਂਡ

ਤਿਨਾਂ ਦਿਨਾਂ ਪਿਛੋਂ ਜਦ ਜ਼ਿਮੀਦਾਰ ਦਾ ਪਿਆਦਾ ਮਾਧੋਰੀ ਦੇ ਦਰਵਾਜੇ ਤੇ ਆਕੇ ਆਸਣ ਜਮਾ ਕੇ ਬੈਠ ਗਿਆ ਤੇ ਪਿੰਡ ਵਾਲਿਆਂ ਨੂੰ ਜ਼ਿਮੀਦਾਰ ਸੁਰਿੰਦਰ ਕੁਮਾਰ ਦੀ ਤਾਜਾ ਨੇਕੀ ਦੀ ਇਤਲਾਹ ਮਿਲ ਗਈ । ਉਸ ਵੇਲੇ ਮਾਧੋਰੀ ਜਲਦੀ ਨਾਲ ਸੰਤੋਸ਼ ਨੂੰ ਉਂਗਲੀ ਲਾਕੇ ਨੌਕਰਾਣੀ ਦੇ ਪਿਛੇ ਪਿਛੇ ਨਿਕਲ ਗਈ । ਘਰ ਦੇ ਪਾਸ ਹੀ ਨਦੀ ਦਾ ਘਾਟ ਸੀ ਉਥੇ ਪਹੁੰਚਕੇ ਉਹ ਬੇੜੀ ਤੇ ਸਵਾਰ ਹੋ ਗਈ । ਮਾਂਝੀ ਨੂੰ ਆਖਿਆ:-ਸੋਮਰਾ ਪੁਰ ਚਲਣਾ ਹੈ । ਮਾਧੋਰੀ ਨੇ ਸੋਚਿਆ ਚਲੋ ਜ਼ਰਾ ਪਰਮਲਾ ਨੂੰ ਵੀ ਮਿਲਦੀ ਚਲਾਂ | ਗੋਲ ਗਰਾਮ ਤੋਂ ਪੰਦਰਾਂ ਮੀਲ ਦੇ ਫਾਸਲੇ ਤੇ ਸੋਮਰਾ ਪੁਰ ਵਿਚ ਪਰਮਲਾ ਵਿਆਹੀ ਗਈ ਸੀ ਪਿਛਲੇ ਇਕ ਸਾਲ ਤੋਂ ਉਹ ਸੌਹਰੇ ਹੀ ਰਹਿੰਦੀ ਸੀ । ਹੋ ਸਕਦਾ ਹੈ ਪਰਮਲਾ ਜਲਦੀ ਕਲਕਤੇ ਜਾਏ ਪਰ ਪਤਾ ਨਹੀਂ ਮਾਧੋਰੀ ਉਸ ਵੇਲੇ ਆਪ ਕਿਥੇ ਹੋਵੇਗੀ, ਏਸ ਲਈ ਉਸਨੂੰ ਇਕ ਵਾਰੀ ਮਿਲ ਲੈਣਾ ਉਸਨੇ ਮੁਨਾਸਬ ਹੀ ਸਮਝਿਆ।
ਸੂਰਜ ਚੜ੍ਹਨ ਵੇਲੇ ਮਲਾਹਾਂ ਨੇ ਬੇੜੀ ਦੀ ਰੱਸੀ ਖੋਲ ਦਿੱਤੀ ਬੇੜੀ ਪਾਣੀ ਦੀ ਧਾਰ ਵਿਚ ਤੁਰ ਪਈ । ਹਵਾ ਦਾ ਰੁਖ ਦੂਜੇ ਪਾਸੇ ਸੀ ਏਸ ਲਈ ਹੌਲੇ ਹੌਲੇ ਉਹ ਆਪਣੀ ਰਫਤਾਰ ਨਾਲ ਵਾਂਸਾ ਦੇ ਜੰਗਲਾਂ ਚੋਂ ਹੋਕੇ , ਖਾਰਦਾਰ ਝਾੜੀਆਂ ਦੇ ਵਿੱਚੋਂ ਦੀ ਲੰਘ ਕੇ ਸਰਕੜਿਆਂ ਦੇ ਝੁੰਡਾਂ ਤੋਂ ਬਚਦੀ ਹੋਈ ਚਲ ਰਹੀ ਸੀ । ਸੰਤੋਸ਼ ਕੁਮਾਰ ਦੀ ਖੁਸ਼ੀ ਦਾ ਐਸ ਵੇਲੇ ਕੋਈ ਟਿਕਾਣਾ ਨਹੀਂ ਸੀ ਉਹ ਬੇੜੀ ਦੇ ਛਪੜ੍ਹ ਤੇ ਬੈਠਕੇ ਆਸੇ ਪਾਸੇ ਦਰਖਤਾਂ ਦੇ ਪਤਿਆਂ ਨਾਲ ਹੱਥ ਵਧਾ ਵਧਾ ਕੇ ਖੇਡਣ ਲੱਗਾ । ਮਲਾਹਾਂ ਨੇ ਆਖਿਆ ਜੇ ਹਵਾ ਜ਼ੋਰ ਕੁਝ ਘਟਿਆ ਨਾ ਤਾਂ ਕੱਲ ਦੁਪੇਹਰ ਤੱਕ ਬੇੜੀ ਸੋਮਰਾ ਪੁਰ ਨਹੀਂ ਪਹੁੰਚ ਸਕੇਗੀ ।
ਅੱਜ ਮਾਧੋਰੀ ਦਾ ਨਿਰਜਲਾ ਅਕਾਦਸ਼ੀ ਦਾ ਵਰਤ ਸੀ ਪਰ ਤਾਂ ਵੀ ਬੇੜੀ ਨੂੰ ਇਕ ਕੰਢੇ ਲਾਉਣਾ ਜ਼ਰੂਰੀ ਸੀ ਕਿਉਂਕਿ ਰਸੋਈ ਤਿਆਰ ਕਰਕੇ ਸੰਤੋਸ਼ ਕੁਮਾਰ ਨੂੰ ਤਾਂ ਖਵਾਣੀ ਸੀ । ਮਾਂਝੀ ਆਖਣ ਲੱਗਾ:-ਦੋਸਤ ਪਾੜਾ ਦੇ ਗੰਜ ਵਿਚ ਬੇੜੀ ਨੂੰ ਕੰਢੇ ਲਾਉਣਾ ਬਹੁਤ ਠੀਕ ਹੋਵੇਗਾ ਕਿਉਂਕਿ ਉਥੋਂ ਸਭ ਚੀਜਾਂ ਮਿਲ ਜਾਂਦੀਆਂ ਹਨ।
ਨੌਕਰਾਣੀ ਨੇ ਜਵਾਬ ਦਿਤਾ:-ਜਲਦੀ ਕਰੋ ਭਈਆ - ਦਸ ਯਾਰਾਂ ਵਜੇ ਤਕ ਮੁੰਡੇ ਨੂੰ ਖਾਣਾ ਮਿਲ ਜਾਣਾ ਚਾਹੀਦਾ ਹੈ ।
ਕਤਕ ਦਾ ਮਹੀਨਾ ਮੁਕਨ ਦੇ ਨੇੜੇ ਸੀ ਗੁਲਾਬੀ ਗੁਲਾਬੀ ਝੜ ਹੋ ਰਿਹਾ ਸੀ , ਸੁਰਿੰਦਰ ਦੇ ਉਪਰਲੇ ਕਮਰੇ ਵਿਚੋਂ ਬਾਰੀ ਥਾਨੀ ਸਵੇਰ ਵਾਲੇ ਸੂਰਜ ਦੀਆਂ ਕਿਰਨਾਂ ਆ ਆ ਕੇ ਕਮਰੇ ਅੰਦਰ ਜਗਮਗ ਹੋ ਰਹੀ ਸੀ । ਸੁਰਿੰਦਰ ਕੁਮਾਰ ਇਕ ਮੇਜ਼ ਦੇ ਸਾਹਮਣੇ ਬੈਠਾ ਰਜਿਸਟਰ, ਫਾਇਲਾਂ ਦਸਤਾਵੇਜਾਂ ਦੇਖ ਰਿਹਾ ਸੀ । ਵਕਤ ਕਟਨ ਲਈ ਉਸ ਨੇ ਛਾਨਬੀਨ ਕਰਨੀ ਜਰੂਰੀ ਰੋਜ ਦਾ ਨਿਯਮ ਬਣਾ ਲਿਆ ਸੀ । ਪਰ , ਸ਼ਾਨਤੀ ਉਸ ਨੂੰ ਕੋਈ ਕੰਮ ਵੀ ਕਰਨ ਨਹੀਂ ਸੀ ' ਦੇਂਦੀ, ਕਿਉਂਕਿ ਉਸ ਦਾ ਖਿਆਲ ਸੀ ਕਿ ਕੰਮ ਕਰਨ ਨਾਲ ਉਸ ਦੇ ਸੀਨੇ ਦਾ ਦਰਦ ਨਾ ਵਧ ਜਾਏ ।
ਏਸ ਵੇਲੇ ਉਹ ਸੁਰਿੰਦਰ ਪਾਸ ਬੈਠੀ ਲਾਲ ਫੀਤੇ ਨਾਲ ਕਾਗਜ਼ਾਂ ਦੇ ਪੁਲੰਦੇ ਬੰਨ ਰਹੀ ਸੀ । ਸੁਰਿੰਦਰ ਨੇ ਇਕ ਦਸਤਾਵੀਜ਼ ਤੋਂ ਨਜ਼ਰ ਚੁਕ ਕੇ ਅਵਾਜ਼ ਦਿਤੀ:-ਸ਼ਾਨਤੀ !
ਸ਼ਾਨਤੀ ਹੁਣੇ ਹੁਣੇ ਏਥੋਂ ਉਠ ਕੇ ਗਈ ਸੀ ਕੁਝ ਚਿਰ ਪਿਛੋਂ ਉਸ ਨੇ ਆਂ ਕੇ ਪੁਛਿਆ:-
"ਮੈਨੂੰ ਬੁਲਾਇਆ ਜੇ ?"
ਸੁਰਿੰਦਰ ਨੇ ਕਿਹਾ --“ਹਾਂ ਮੈਂ ਜ਼ਰਾ ਬਾਹਰ ਦਫਤਰ ਤਕ ਜਾਣਾ ਚਾਹੁੰਦਾ ਹਾਂ ।”
"ਮੈਨੂੰ ਦਸੋ ਜੋ ਚਾਹੀਦਾ ਹੈ ਮੈਂ ਮੰਗਾਂ ਦੇਨੀ ਹਾਂ।”
“ਐਵੇਂ ਜ਼ਰਾ ਮੈਨੇਜਰ ਸਾਹਿਬ ਨਾਲ ਇਕ ਗੱਲ , ਕਰਨੀ ਹੈ ।"
“ਮੈਂ ਉਸ ਨੂੰ ਏਥੇ ਹੀ ਬੁਲਵਾ ਲੈਨੀ ਹਾਂ ?"
ਤੁਸੀ ਕਿਉਂ ਜਾਂਦੇ ਹੋ ਨਾਲੇ ਐਸ ਵੇਲੇ ਉਹਨਾਂ ਨਾਲ ਐਨਾ ਜਰੂਰੀ ਕੀ ਕੰਮ ਹੈ ? "ਬਸ ਸਿਰਫ ਇਹੋ ਕਹਿਣਾ ਹੈ ਕਿ ਏਸ ਨਵੇਂ ਮਹੀਨੇ ਦੀ ਪਹਿਲੀ ਤੋਂ ਉਹਨਾਂ ਨੂੰ ਛੁਟੀ ਹੈ ਮੈਨੂੰ ਉਹਨਾਂ ਦੀ ਨੌਕਰੀ ਦੀ ਹੋਰ ਜ਼ਰੂਰਤ ਨਹੀਂ ਹੈ। ਸ਼ਾਨਤੀ ਨੂੰ ਸੁਣ ਕੇ ਹੈਰਾਨੀ ਤੇ ਬੜੀ ਹੋਈ ਪਰ ਖੁਸ਼ੀ ਵੀ ਕੋਈ ਘਟ ਨਾ ਹੋਈ ਉਸ ਨੇ ਮੁੜ ਕਿਹਾ:-"ਮੈਨੇਜਰ ਬਾਬੂ ਦਾ ਕਸੂਰ।"
“ਉਸਦਾ ਕਸੂਰ ਕੀ ਹੈ ਇਹ ਮੈਨੂੰ ਖੁਦ ਪਤਾ ਨਹੀਂ" ਲੇਕਿਨ ਉਹ ਹੱਦ ਤੋਂ ਜ਼ਿਆਦਾ ਵਧਦਾ ਜਾਂਦਾ ਹੈ ਸ਼ਾਨਤੀ ਨੂੰ ਅਦਾਲਤ ਦਾ ਇਕ ਹੁਕਮ- ਨਾਮਾਂ ਤੇ ਕੁਝ ਕਾਗਜ਼ਾਤ ਵਿਖਾਕੇ ਆਖਣ ਲੱਗਾ:-ਗੋਲ ਗਰਾਮ ਦੀ ਇਕ ਬੇਵਸ ਬੇਵਾ ਦਾ ਘਰ ਜਮੀਨ ਸਭ ਕੁਝ ਨੀਲਾਮ ਕਰਵਾਕੇ ਖੁਦ ਹੀ ਦੂਜੇ ਨਾਂ ਤੋਂ ਖਰੀਦ ਲਿਆ ਹੈ ਮੇਰੀ ਰਾਇ ਤੱਕ ਨਹੀਂ ਲੀਤੀ ਗਈ ।
ਬੜੀ ਗਮਗੀਨ ਹੋ ਕੇ ਸ਼ਾਨਤੀ ਨੇ ਕਿਹਾ:-
ਹਾਇ ਵਿਚਾਰੀ ਬੇਵਾ ਤੇ ਐਨਾ ਜੁਲਮ ! ਬੜਾ ਬੁਰਾ ਹੋਇਆ ਪਰ ਨੀਲਾਮੀ ਦੀ ਵਜਾ ਕੀ ਲਿਖੀ ਹੈ ?
"ਉਸਦੇ ਜੁਮੇਂ ਦਸ ਵਰਿਆਂ ਦਾ ਮਾਮਲਾ ਬਾਕੀ ਸੀ। ਸੂਦ ਤੇ ਅਸਲ ਰਕਮ ਰਲਾ ਕੇ ਪੰਦਰਾਂ ਸੌ ਰੁਪੈ ਦੀ ਨਾਲਸ਼ ਕੀਤੀ ਗਈ ਹੈ ।"
ਬੇਵਾ ਤੋਂ ਰੁਪੈ ਲੈਣ ਦੀ ਗੱਲ ਸੁਣਕੇ ਸ਼ਾਨਤ ਦਾ ਮਥਰਾ ਬਾਬੂ ਦੇ ਬਰ-ਖਿਲਾਫ ਗੁਸਾ ਕੁਝ ਘਟ ਗਿਆ । ਉਸ ਨੂੰ ਬੜੀ ਹਾਕਮਾਨਾ ਅਵਾਜ ਨਾਲ ਉਤਰ ਦਿਤਾ:-
"ਤਾਂ ਏਸ ਵਿਚ ਮੈਨੇਜਰ ਦਾ ਕੀ ਕਸੂਰ ? ਐਨੀ ਰਕਮ ਉਹ ਕਿਵੇਂ ਛੱਡ ਸਕਦੇ ਸਨ।
ਸੁਰਿੰਦਰ ਨਾਥ ਗਮ ਭਰੇ ਦਿਲ ਨਾਲ ਮਨ ਵਿਚ ਕੁਝ ਸੋਚਣ ਲੱਗ ਪਿਆ |
ਬੜੀਆਂ ਹਿਰਸ ਭਰੀਆਂ ਨਜ਼ਰਾਂ ਨਾਲ ਸ਼ਾਨਤੀ ਨੇ ਕਿਹਾ:-“ਕੀ ਤੁਸੀਂ ਐਨੇ ਰੁਪੈ ਸਾਰੇ ਦੇ ਸਾਰੇ ਛੱਡ ਦਿਓਗੇ ?
"ਛੱਡ ਨਾਂ ਦਿਆਂਗਾ ਤਾਂ ਹੋਰ ਕੀ ਕਰਾਂਗਾ ਗਰੀਬ ਤੇ ਲਾਚਾਰ ਬੇਵਾ ਦਾ ਸਾਰਾ ਘਰ ਬਾਰ ਲੁਟ ਪੁਟਕੇ ਉਸਨੂੰ ਘਰੋਂ ਬਾਹਰ ਕੱਢ ਦਿਆਂ । "ਇਹੋ ਹੈ ਤੇਰੀ ਰਾਇ ? ਗੁਸੇ ਦੀ ਹਾਲਤ ਵਿਚ ਨਿਕਲੇ ਹੋਏ ਲਫਜ਼ ਸ਼ਾਨਤੀ ਦੇ ਦਿਲ ਵਿਚ ਖੁਭ ਗਏ । ਉਸ ਦਾ ਦਿਲ ਤੜਫਣ ਲਗ ਪਿਆ । ਸ਼ਰਮਿਦਿਆਂ ਹੋ ਕੇ ਉਸਨੇ ਆਖਿਆ:-ਨਹੀਂ ਨਹੀਂ ਹਰਗਿਜ਼ ਨਹੀਂ ਮੈਂ ਉਸ ਬੇਵਾ ਨੂੰ ਘਰੋਂ ਬਾਹਰ ਕੱਢਣ ਦੀ ਸਲਾਹ ਕਦੇ ਨਹੀਂ ਦੇ ਸਕਦੀ ਅਤੇ ਜੇ ਤੁਸੀਂ ਆਪਣੀ ਦੌਲਤ ਦੋਵਾਂ ਹੱਥਾਂ ਨਾਲ ਬੁਕ ਭਰ ਭਰ ਕੇ ਲੁਟਾ ਦਿਉ ਤਾਂ ਆਪ ਨੂੰ ਰੋਕਣ ਵਾਲਾ ਕੌਣ ਹੈ ।
ਜ਼ਰਾ ਹਸਦਿਆਂ ਹੋਇਆਂ ਸੁਰਿੰਦਰ ਨੇ ਕਿਹਾ:-
ਇਹ ਗੱਲ ਨਹੀਂ ਹੈ ਮੇਰੇ ਰੁਪੈ ਕਿਹੜੇ ਤੇਰੇ ਪਾਸੋਂ ਵੱਖਰੇ ਹਨ ਪਰ ਇਹ ਤਾਂ ਦਸ ਜਦ ਮੈਂ ਹੀ ਨਹੀਂ ਰਵਾਂਗਾ ਤਦ ਤੂੰ--"
“ਇਹ ਤੁਸੀਂ ਕੀ ਕਹਿ ਰਹੇ ਹੋ।"
"ਘਬਰਾ ਨਹੀਂ ਮੈਂ ਸਿਰਫ਼ ਇਕ ਗੱਲ ਤੈਥੋਂ ਪੁਛਣਾ ਚਾਹੁੰਦਾ ਹਾਂ । ਉਹ ਕੰਮ ਨੂੰ ਕਰੇਗੀ ਜੋ ਮੈਂ ਤੇਥੋਂ ਪੁਛਣਾ ਚਾਹੁੰਦਾ ਹਾਂ ?"
ਸ਼ਾਨਤੀ ਨੇ ਰੋਂਦਿਆਂ ਰੋਂਦਿਆਂ ਕਿਹਾ:-ਤੁਸੀਂ ਇਹੋ ਜਹੀਆਂ ਗੱਲਾਂ ਕਿਉਂ ਕਰਦੇ ਹੋ ?
ਮੈਨੂੰ ਚੰਗੀਆਂ ਲਗਦੀਆਂ ਹਨ ਏਸੇ ਲਈ !"ਮੇਰੀ ਆਰਜੂ, ਮੇਰੀ ਖਾਹਸ਼ ਨਹੀਂ ਸੁਣੇਗੀ ?"
ਸਿਰ ਹਿਲਾ ਕੇ - ਸ਼ਾਨਤੀ ਨੇ ਹਾਂ ਵਿਚ ਜਵਾਬ ਦਿੱਤਾ । ਕੁੱਝ ਰੁਕ ਕੇ ਸੁਰਿੰਦਰ ਨੇ ਕਿਹਾ:-ਮੇਰੀ ਬੜੀ ਦੀਦੀ ਦਾ ਨਾਂ- ਸ਼ਾਨਤੀ, ਅੰਥਰੂ ਪੂੰਝ ਰਹੀ ਸੀ ਉਸ ਨੇ ਅੱਖਾਂ ਤੋਂ ਦੁਪਟਾ ਪਰੇ ਹਟਾ ਕੇ ਸੁਰਿੰਦਰ ਵਲ ਦੇਖਿਆ । ਸੁਰਿੰਦਰ ਨੇ ਦਸਤਾਵੀਜ ਦਿਖਾਕੇ ਉਸ ਨੂੰ ਕਿਹਾ:--ਇਹ ਦੇਖ ਬੜੀ ਦੀਦੀ ਦਾ ਨਾਂ ਏ---!
"-ਕਿਥੇ ਹੈ--?"
ਦੇਖ ਲਿਖਿਆ ਹੈ ਮਾਧੋਰੀ ਦੇਵੀ, ਉਸ ਦੀ ਜ਼ਮੀਨ ਤੇ ਘਰ ਕੁਰਕ ਕਰਵਾਇਆ ਗਿਆ ਹੈ।ਕੁਝ ਮਿੰਟਾਂ ਵਿਚ ਸ਼ਾਨਤੀ ਨੇ ਸਭ ਕੁਝ ਸਮਝ ਲੀਤਾ ਤੇ ਆਖਨ ਲਗੀ:-
"ਏਸੇ ਲਈ ਉਹ ਜਾਇਦਾਦ ਵਾਪਸ ਦੇਣੀ ਚਾਹੁੰਦੇ ਹੋ ?
ਸੁਰਿੰਦਰ ਨੇ ਹਸਦਿਆਂ ਹੋਇਆਂ ਕਿਹਾ-ਹਾਂ ਇਹੋ ਗਲ ਹੈ, ਉਸ ਦਾ ਘਰ ਤੇ ਜਮੀਨ ਸਭ ਵਾਪਸ ਕਰ ਦਿਤਾ ਜਾਇਗਾ--ਪਾਈ ਪਾਈ !
ਸ਼ਾਨਤੀ ਨੇ ਮੁੜ ਕਿਹਾ:-“ਦਰ ਅਸਲ ਇਹ ਤੁਹਾਡੀ ਬੜੀ ਦੀਦੀ ਨਹੀਂ ਹੈ ਸਿਰਫ ਮਾਧੋਰੀ ਨਾਮ ਹੈ ਖਾਲੀ ਨਾਂ ਹੋਣ ਤੇ ਕਿਵੇਂ--"
"--ਤਾਂ ਕੀ ਮੈਂ ਬੜੀ ਦੀਦੀ ਦੇ ਨਾਂ ਦਾ ਐਨਾ ਵੀ ਪਾਸ ਨਾ ਕਰਾਂ ?"
"ਜਰੂਰ ਕਰੋ ਪਰ ਉਹਨੂੰ ਤੇ ਖਬਰ ਵੀ ਨਹੀਂ ਹੋਵੇਗੀ ।"
"ਨਾਂ ਸਹੀ।” ਮੈਂ ਏਸ ਨਾਂ ਦੀ ਬੇਕਦਰੀ ਕਿਵੇਂ ਕਰ ਸਕਦਾ ਹਾਂ ।
"ਜੇ ਨਾ ਹੀ ਸਮਝੀਏਤੇ ਪਤਾ ਨਹੀਂ ਦੁਨੀਆਂ ਵਿਚ ਇਹ ਨਾਂ ਕਿੰਨੀਆਂ ਹੀ ਔਰਤਾਂ ਦਾ ਹੋਵੇਗਾ।"
"ਤੂੰ ਦੁਰਗਾ ਜੀ ਦਾ ਨਾਂ ਲਿਖ ਕੇ ਆਪਣਾ ਪੈਰ ਉਸ ਉੱਤੇ ਰਖ ਸਕੇਗੀ ?
“ਰਾਮ ਰਾਮ ! ਦੇਵੀ ਦਿਉਤਿਆਂ ਦੇ ਮੁਤਅਲਕ ਇਹੋ ਜਹੀ ਗੱਲ ?"
ਸੁਰਿੰਦਰ ਹਸ ਪਿਆ ਆਖਣ ਲਗਾ:- ਚਲੋ ਨਾ ਸਹੀ, ਦੇਵੀ ਦਿਉਤਿਆਂ ਨੂੰ ਰਹਿਣ ਦੇ ਹਛਾ ! ਤੂੰ ਮੇਰਾ ਇਕ ਕੰਮ ਕਰੇਗੀ ਮੈਂ ਤੈਨੂੰ ਪੰਜ ਹਜ਼ਾਰ ਰੁਪਿਆ ਇਨਾਮ ਦਿਆਂਗਾ ।
ਖੁਸ਼ ਹੋ ਕੇ ਸ਼ਾਨਤੀ ਨੇ ਪੁਛਿਆ-ਉਹ ਕੀ ਕੰਮ ਹੈ ? ਕੰਧ ਤੇ ਸੁਰਿੰਦਰ ਦੀ ਤਸਵੀਰ ਲਗੀ ਹੋਈ ਸੀ ਉਸ ਵਲ ਇਸ਼ਾਰਾ ਕਰ ਕੇ ਆਖਣ ਲਗਾ:- ਏਸ ਤਸਵੀਰ ਨੂੰ ਜੇ ਤੂੰ--।"
“ਕੀ ?"
"ਦੋਹਾਂ ਬਰਾਹਮਣਾਂ ਦੇ ਮੋਢੇ ਚੁਕਾਕੇ ਨਦੀ ਦੇ ਕੰਢੇ ਜਾਕੇ ਸਾੜ ਦਏਂ--|"
ਜਿਸ ਤਰਾਂ ਨੇੜੇ ਬਿਜਲੀ ਡਿਗਣ ਤੇ ਇਨਸਾਨ ਦਾ ਖੂਨ ਖੁਸ਼ਕ ਹੋ ਜਾਂਦਾ ਹੈ ਮੌਤ ਵਰਗੀ ਅਵਾਜ ਨਾਲ ਚਿਹਰਾ ਇਕ ਦੰਮ ਕਾਲਾ ਪੈ ਜਾਂਦਾ ਹੈ ਬਿਲਕੁਲ ਉਹੀ ਹਾਲ ਸ਼ਾਨਤੀ ਦੀ ਹੋ ਗਈ। ਕੁਝ ਚਿਰ ਪਿਛੋਂ ਸੰਭਲ ਕੇ ਉਸਨੇ ਰਹਿਮ ਭਰੀਆਂ ਅੱਖਾਂ ਨਾਲ ਸੁਰਿੰਦਰ ਵਲ ਦੇਖਿਆ, ਤੇ ਫੇਰ ਚੁਪ ਚਾਪ ਹੇਠਾਂ ਉਤਰ ਗਈ।
ਸੁਰਿੰਦਰ ਕੁਝ ਚਿਰ ਖਾਮੋਸ਼ ਬੈਠਾ ਸੋਚਦਾ ਰਿਹਾ ਫੇਰ ਇਕ ਦੰਮ ਉਠਕੇ ਤੇ ਬਾਹਰ ਨਿਕਲ ਗਿਆ | ਦਫਤਰ ਵਿਚ ਜਾਂਦਿਆਂ ਹੀ ਮੈਨੇਜਰ ਨਾਲ ਟਾਕਰਾ ਹੋਇਆ, ਸੁਰਿੰਦਰ ਨੇ ਪਹਿਲਾ ਹੀ ਸਵਾਲ ਬੜੇ ਗੁਸੇ ਨਾਲ ਕੀਤਾ ! ਆਖਣ ਲੱਗਾ:-"ਗੋਲ ਗਰਾਮ ਵਿਚ ਕਿਸਦੀ ਜਾਇਦਾਦ ਕੁਰਕ ਕੀਤੀ ਗਈ ਹੈ ?"
“ਰਾਮ ਤਨੂੰ ਸਾਨਿਆਲ ਦੀ ਬੇਵਾ ਬਹੂ ਦੀ।"
"ਕਿਸ ਵਾਸਤੇ ਕੁਰਕ ਕੀਤੀ ਗਈ ਹੈ ?"
"ਦਸ ਸਾਲ ਤੋਂ ਮਾਲੀਆ ਵਸੂਲ ਨਹੀਂ ਹੋਇਆ ਸੀ ਮਾਲਕ !"
ਕਿਥੇ ਹੈ ਖਾਤਾ ਲਿਆਉ ਜ਼ਰਾ ਮੈਂ ਦੇਖਾਂ ?"
ਮਥਰਾ ਬਾਬੂ ਮਾਲਕ ਦੇ ਸ਼ਕ ਭਰੇ ਲਹਿਜੇ ਨਾਲ ਘਬਰਾ ਗਿਆ ਪਰ ਜਲਦੀ ਹੀ ਸੰਭਲਕੇ ਆਖਣ ਲੱਗਾ:-ਸਭ ਖਾਤੇ ਤੇ ਕਾਗਜ਼ ਵਗੈਰਾ ਬਿਪਨਾ ਵਿਚ ਹੈਨ ਉਥੋਂ ਹਾਲਾਂ ਲਿਆਂਦੇ ਨਹੀਂ ਗਏ ।
"ਫੌਰਨ ਸਾਰੇ ਕਾਗਜ਼ ਲਿਆਉਣ ਲਈ ਆਦਮੀ ਭੇਜ ਦਿਉ । ਉਸ ਬਦ ਬਖਤ ਲਈ ਕੋਈ ਸਿਰ ਛਪਾਣ ਜੋਗੀ ਵੀ ਜਗਾ ਵੀ ਕਿਤੇ ਰੱਖੀ ਹੈ ਜਾਂ ਉਹ ਵੀ ਨਹੀਂ ?"
"-- ਸ਼ਾਇਦ ਉਸਦੀ ਕੋਈ ਹੋਰ ਜਗਾਂ ਪਿੰਡ ਵਿਚ ਬਾਕੀ ਨਹੀਂ ਬਚੀ, ਉਹ ਕਿਥੇ ਰਵੇਗੀ ?"
"ਜ਼ਰਾ ਜੁਅਰਤ ਨਾਲ ਕੰਮ ਲੈਂਦਿਆਂ ਹੋਇਆਂ ਮੈਨੇਜਰ ਨੇ ਕਿਹਾ-- ਜਗਾ ਕਿਉਂ ਨਹੀਂ ਹੈ ਹੁਣ ਤੱਕ ਉਹ ਜਿੱਥੇ ਰਹਿੰਦੀ ਸੀ ਉਥੇ ਹੀ ਜਾਕੇ ਰਵੇਗੀ ।
"ਹੁਣ ਤੱਕ ਉਹ ਕਿਥੇ ਰਹਿੰਦੀ ਸੀ ?"
"ਕਲਕੱਤੇ ਵਿਚ ਆਪਣੇ ਪਿਤਾ ਦੇ ਘਰ ।"
"--ਪਿਤਾ ਦਾ ਨਾਮ ?"
"ਬ੍ਰਿਜ ਨਾਥ ਲਾਹੜੀ ।"
"ਤੇ ਬੇਵਾ ਦਾ ਨਾਮ--?"
"ਮਾਧੋਰੀ ਦੇਵੀ ।"
ਕੰਧ ਦਾ ਸਹਾਰਾ ਲੈ ਕੇ ਸੁਰਿੰਦਰ ਨਾਥ ਉਥੇ ਹੀ ਬੈਠ ਗਿਆ। ਮਾਲਕ ਦੇ ਵਿਗੜੇ ਤੀਉੜ ਦੇਖਕ ਮੈਨੇਜਰ ਘਬਰਾ ਗਿਆ ।
"--ਕੀ ਹੋਇਆ ਆਪਦੀ ਤਬੀਅਤ ਕੈਸੀ ਹੈ ? ਸੁਰਿੰਦਰ ਨੇ ਉਸਦੇ ਸਵਾਲ ਦਾ ਕੋਈ ਜਵਾਬ ਨਾ ਦਿਤਾ ਤੇ ਫੌਰਨ ਨੌਕਰ ਨੂੰ ਅਵਾਜ ਮਾਰ ਕੇ ਆਖਣ ਲੱਗਾ-ਸਾਈਸ ਨੂੰ ਫੌਰਨ ਇਕ ਚੰਗੇ ਘੋੜੇ ਦੀ ਜੀਨ ਕੱਸਣ ਲਈ ਆਖ ਦੇ ਤੇ ਫੇਰ ਆਖਨ ਲਗਾ:-
"ਏਥੋ ਗੋਲ ਗਰਾਮ , ਕਿੰਨੀ ਦੂਰ ਹੈ ? ਮੈਂ ਐਸੇ ਵੇਲੇ ਜਾਨਾ ਚਾਹੁੰਦਾ ਹਾਂ ।"
ਇਹੋ ਕੋਈ ਦਸ ਕੋਹ ਦੇ ਕਰੀਬ ਹੈ ਮਾਲਕ !
ਸੁਰਿੰਦਰ ਨੇ ਘੜੀ ਦੇਖ ਕੇ ਕਿਹਾ-ਹਾਲਾਂ ਨੌਂ ਵਜੇ ਹਨ ਮੇਰਾ ਖਿਆਲ ਹੈ ਮੈਂ ਬਾਰਾਂ ਵਜੇ ਤਕ ਜ਼ਰੂਰ ਪਹੁੰਚ ਜਾਵਾਂਗਾ | ਘੋੜਾ , ਆ ਗਿਆ ਸੁਰਿੰਦਰ ਨੇ ਸਵਾਰ ਹੋ ਕੇ ਪੁਛਿਆ:-
ਮੈਨੂੰ ਕਿਸ ਤਰਫ ਜਾਨਾ ਪਵੇਗਾ ?'"
ਪਹਿਲੇ ਸਜੇ ਪਾਸੇ ਜਾ ਕੇ ਫੇਰ ਮੋੜ ਤੋਂ ਖੱਬੇ ਪਾਸੇ ਸਿਧਾ ਰਸਤਾ ਜਾਂਦਾ ਹੈ।
ਸੁਰਿੰਦਰ ਨੇ ਘੋੜੇ ਨੂੰ ਅੱਡੀ ਲਾਈ ਘੋੜਾ ਸਿਰਪਟ ਭਜ ਨਿਕਲਿਆ ।
ਸ਼ਾਨਤੀ ਨੂੰ ਜਦ ਇਹ ਪਤਾ ਲਗਾ ਤਾਂ ਉਹ ਤੋਂ ਬੇਹਾਲ ਹੋ ਗਈ ਮੰਦਰ ਵਿਚ ਜਾ ਕੇ ਠਾਕਰ ਜੀ ਦੇ ਸਾਹਮਣੇ, ਐਨਾ ਮੱਥਾ ਮਾਰਿਆ ਕਿ ਖੂਨ ਨਿਕਲ ਆਇਆ ਉਹ ਘੜੀ ਮੁੜੀ ਪ੍ਰਾਰਥਨਾਂ ਕਰਨ ਲਗੀ; ਤੇ ਕਹਿਣ ਲਗੀ-ਹੋ ਨਾਰਾਇਣ ਜੀ ਮਹਾਰਾਜ ਇਹੋ ਆਪ ਨੂੰ ਮਨਜੂਰ ਸੀ ? ਇਹੋ ਆਪ ਦੀ ਰਜ਼ਾ ਸੀ ? ਆਹ, ਮੇਰੇ ਦਿਲ ਦੇ ਦੇਵਤਾ ! ਕੀ, ਵਾਪਸ ਸੁਖ ਸਾਂਦ ਨਾਲ ਆ ਜਾਨਗੇ ? ਕੀ ਮੈਂ ਉਹਨਾਂ ਦੇ ਦਰਸ਼ਨ ਫੇਰ ਕਰ ਸਕਾਂਗੀ ?
ਜਿਸ ਪਾਸੇ ਵਲ ਸੁਰਿੰਦਰ - ਗਿਆ ਸੀ ਉਸ ਪਾਸੇ ਹੋਰ ਵੀ ਦੋ ਸਿਪਾਹੀ ਘੋੜਿਆਂ ਤੇ ਚੜ੍ਹ ਕੇ ਚਲੇ ਗਏ । ਉਹਨਾਂ ਨੂੰ ਬਾਰੀ ਵਿਚੋਂ ਜਾਂਦਿਆਂ ਦੇਖ ਸ਼ਾਨਤੀ ਦੇ ਦਿਲ ਨੂੰ ਕੁਝ ਢਾਰਸ ਆ ਗਈ । ਉਹ ਰੋਂਦੀ ਰੋਂਦੀ ਆਖਣ ਲਗੀ:-
ਦੁਰਗਾ ਮਾਂ ! ਮੈਂ ਤੈਨੂੰ ਦੋ ਸੰਦੇ ਚੜਾਵਾਂਗੀ--ਤੇ ਆਪਨੀ ਛਾਤੀ ਦਾ ਖੂਨ ਹਾਂ ਉਹ ਵੀ ਚੜ੍ਹਾਵਾਂਗੀ ਜਿਨਾ ਦਿਲ ਕਰੇ ਦੁਰਗਾ ਮਾਂ ਜਿੰਨਾ ਤੇਰਾ ਦਿਲ ਕਰੇ ਜਦ ਤਕ ਤੈਨੂੰ ਰੱਜ ਨਾ ਆਏ--ਪਿਆਸ ਨਾ ਬੁਝੇ ਤਦ ਤਕ--- ਜਿਨਾਂ ਤੇਰਾ ਦਿਲ ਕਰੇਗਾ ਹਾਂ--- ਮੇਰੀ ਮਨ ਦੀ ਮੁਰਾਦ ਪੂਰੀ ਕਰਨਾ ਮਾਂ !
ਗੋਲ ਗਰਾਮ ਦਾ ਪਿੰਡ ਹੁਨ ਦੋ ਕੋਹ ਬਾਕੀ ਰਹਿ ਗਿਆ ਸੀ,ਘੋੜੇ ਦੇ ਮੂੰਹ ਤੋਂ ਝਗ ਨਿਕਲ ਕੇ ਉਸ ਦੇ ਸੂਮਾਂ ਤਕ ਜਾ ਪਹੁੰਚੀ ਸੀ । ਸਿਰ ਤੇ ਗਰਮੀਆਂ ਦਾ ਸੂਰਜ ! ਘੋੜਾ ਮਿਟੀ ਉਡਾਂਦਾ, ਨਾਲੇ ਟਪਦਾ ਉਚਾ ਨੀਵਾਂ ਥਾਂ ਦੇਖੀ ਬਿਜਲੀ ਵਰਗੀ ਤੇਜੀ ਨਾਲ ਨਸੀ ਜਾ ਰਿਹਾ ਸੀ। ਟਿਕਾਨੇ ਤੇ ਪਹੁੰਚਨ ਦੀ ਕੋਸ਼ਸ਼ ਨਾਲ ਉਸ ਨੇ ਆਪਨੀ ਜਾਨ ਤਕ , ਲੜਾ ਦਿਤੀ ਸੀ।
ਘੋੜੇ ਦੀ ਪਿਠ ਤੇ ਸੁਰਿੰਦਰ ਦਾ ਜੀ ਘਿਰਨ ਲਗ ਪਿਆ ਉਸ ਨੂੰ ਇੰਝ ਮਹਿਸੂਸ ਹੋਣ ਲਗ ਪਿਆ ਕਿ ਉਸ ਦੇ ਸੀਨੇ ਦੀ ਹਰ ਇਕ ਨਾੜ ਬਾਹਰ ਖਿੱਚੀ ਤੁਰੀ ਆਉਂਦੀ ਹੈ । ਥੋੜਾ ਥੋੜਾ ਖ਼ੂਨ ਉਸ ਦੇ ਨੱਕ ਵਿਚੋਂ ਨਿਕਲ ਕੇ ਉਸ ਦੇ ਮਿਟੀ ਨਾਲ ਲਿਬੜੇ ਹੋਏ ਕੁੜਤੇ ਤੇ ਡਿਗ ਪਿਆ | ਆਪਣੇ ਸੀਨੇ ਤੋਂ ਉਸ ਨੇ " ਖ਼ੂਨ ਆਪਣੀ ਹਥੇਲੀ ਨਾਲ ਪੂੰਝ ਦਿਤਾ | ਆਖਰ ਦੁਪਹਿਰ ਦੇ ਕਰੀਬ ਉਹ ਆਪਣੇ ਟਿਕਾਣੇ ਜਾ ਪਹੁੰਚਿਆ । ਸੜਕ ਦੇ ਕੰਢੇ ਤੋਂ ਉਸ ਨੇ ਇਕ ਦੁਕਾਨਦਾਰ ਤੋਂ ਪੁਛਿਆ-ਬਾਬਾ ! ਗੋਲ ਗਰਾਮ ਇਹੋ ਹੈ ?"
ਦੁਕਾਨਦਾਰ ਨੇ ਜਵਾਬ ਦਿਤਾ-- ਜੀ ਹਾਂ, ਇਹੋ ਹੈ |
"ਰਾਮ ਤਨੂੰ ਸਾਨਿਆਲ ਦਾ ਘਰ ਕਿਸ ਤਰਫ ਹੈ ?"
"ਉਧਰ ਉਸ ਤਰਫ ਜਾਈਏ, ਉਂਗਲ ਨਾਲ ਜਿਸ ਵਲੇ ਉਸ ਨੇ ਇਸ਼ਾਰਾ ਕੀਤਾ ਸੁਰਿੰਦਰ ਨੇ ਉਸ ਵਲ ਘੋੜਾ ਵਧਾ ਦਿਤਾ । ਘੋੜਾ ਸਾਨਿਆਲ ਦੇ ਘਰ ਦੇ ਸਾਹਮਣੇ ਆ ਕੇ ਰੁਕ ਗਿਆ । ਦਰਵਾਜੇ ਤੇ ਇਕ ਸਪਾਹੀ ਬੈਠਾ ਸੀ, ਮਾਲਕ ਨੂੰ ਅਚਾਨਕ ਤੇ ਐਸੇ ਸਮੇਂ ਦੇਖ ਕੇ ਘਬਰਾ ਕੇ ਉਠ ਉਸ ਨੇ ਸਲਾਮ ਕੀਤਾ।
"----ਘਰ ਦੇ ਅੰਦਰ ਕੌਨ ਹੈ ?”
"ਜੀ ਕੋਈ ਨਹੀਂ। “ਕੋਈ ਨਹੀਂ ? ਜੋ ਇਸਤਰੀ ਇੱਥੇ ਰਹਿੰਦੀ ਸੀ। ਉਹ ਕਿਥੇ ਗਈ ?"
ਉਹ ਤਾਂ ਸਵੇਰੇ ਹੀ ਬੇੜੀ ਤੇ ਬੈਠ ਕੇ ਕਿਧਰੇ ਚਲ ਗਈ ਹੈ ਮਾਲਕ !"
"ਕਿਥੇ ? ਕਿਸ ਵੇਲੇ, ਕਿਸ ਰਸਤੇ ?"
"ਉਧਰ ਸਜੇ ਪਾਸੇ ਵਲ ਬੇੜੀ ਗਈ ਹੈ ਉਹਨਾਂ ਦੀ ਮਾਲਕ !
ਨਦੀ ਦੇ ਕੰਢੇ ਰਸਤਾ ਹੈ ? ਘੋੜਾ ਦੋੜਾਇਆ ਜਾ ਸਕੇਗਾ ਐਨੀ ਗੁੰਜਾਇਸ਼ ਹੈ ?"
ਠੀਕ ਤਰ੍ਹਾਂ ਨਹੀਂ ਕਹਿ ਸਕਦਾ, ਸ਼ਾਇਦ ਨਹੀਂ, ਹੈ ! ਸੁਰਿੰਦਰ ਨੇ ਉਧਰ ਹੀ ਘੋੜਾ ਵਧਾ ਦਿੱਤਾ, ਤਕਰੀਬਨ ਦੋ ਕੋਹ ਜਾਨ ਤੋਂ ਬਾਅਦ ਅੱਗੇ ਰਸਤਾ ਨਹੀਂ ਸੀ ਦਿਸਦਾ, ਘੋੜੇ ਤੇ ਚੜਕੇ ਅਗੇ ਜਾਣਾ ਨਾਮੁਮਕਨ ਹੋ ਗਿਆ। ਘੋੜੇ ਨੂੰ ਉਥੇ ਛੱਡਕੇ ਸੁਰਿੰਦਰ ਅਗਾਹ ਵਧਿਆ, ਇਕ ਵੇਰਾਂ ਉਪਰ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਕੁੜਤੇ ਤੇ ਕਈ ਕਤਰੇ ਖ਼ੂਨ ਦੇ ਜੰਮ ਗਏ ਹਨ ਤੇ ਖੂਨ ਹੁਣ ਬੁਲਾਂ ਤੋਂ ਹੋ ਕੇ ਵਹਿ ਰਿਹਾ ਹੈ । ਨਦੀ ਦੇ ਕਿਨਾਰੇ ਜਾਕੇ ਉਸਨੇ ਚੁਲੀ ਭਰ ਕੇ ਪਾਣੀ ਪੀਤਾ ਤੇ ਮੂੰਹ ਹੱਥ ਧੋਤਾ । ਇਸ ਤੋਂ ਬਾਅਦ ਉਹ ਆਪਣੇ ਪੂਰੇ ਜ਼ੋਰ ਨਾਲ ਦੌੜਨ ਲਗ ਪਿਆ ਏਸ ਵੇਲੇ ਉਸਦੇ ਪੈਰ ਵਿਚ ਜੁੱਤੀ ਵੀ ਨਹੀਂ ਸੀ ਸਾਰਾ ਸਰੀਰ ਚਿੱਕੜ ਤੇ ਮਿੱਟੀ, ਧੂੜ ਆਦਿ ਨਾਲ ਭਰ ਗਿਆ ਤੇ ਜਾ ਬਜਾ ਲਹੂ ਦੇ ਧੱਬੇ ਨਜ਼ਰ ਆ ਰਹੇ ਸਨ । ਸੀਨਾ ਤਾਂ ਇੰਝ ਸੀ ਕੇ ਜਿਕੁਨ ਕਿਸੇ ਨੇ - ਖੂਨ ਦੀ ਭਰ ਕੇ ਪਚਕਾਰੀ ਮਾਰ ਦਿਤੀ ਹੋਵੇ ।ਦਿਨ ਢਲ ਰਿਹਾ ਸੀ । ਹੁਣ ਉਸਦੇ ਪੈਰਾਂ ਵਿਚ ਚਲਨ ਦੀ ਤਾਕਤ ਵੀ ਖਤਮ ਹੋ ਚੁਕੀ ਸੀ । ਹੁਣ ਇੰਝ ਆਲਮ ਹੁੰਦਾ ਸੀ ਕਿ ਹੁਣ ਜਦੋਂ ਉਹ ਆਰਾਮ ਕਰੇਗਾ ਤਾਂ ਸ਼ਾਇਦ ਉਸਨੇ ਹਮੇਸ਼ਾਂ ਲਈ ਹੀ ਆਰਾਮ ਕਰਨ ਦੀ ਠਾਨ ਲੀਤੀ ਹੈ | ਆਪਣੀ ਜ਼ਿੰਦਗੀ ਤੋਂ ਬੇਖੌਫ ਹੋਕੇ ਉਸਨੇ ਇਕ ਹੋਰ ਦਾਅ ਲਾ ਦਿਤਾ ਉਹ ਐਨੇ ਜ਼ੋਰ ਨਾਲ ਦੌੜਨ ਲੱਗ ਪਿਆ ਕਿ ਜਿਸ ਤਰਾਂ ਉਹ ਹੁਣ ਜ਼ਿੰਦਗੀ ਦੀ ਆਖਰੀ ਸੇਜ ਤੇ ਸੌਣ ਬਾਅਦ ਮੁੜ ਕਦੇ ਨਹੀਂ ਉਠੇਗਾ--|"
ਨਦੀ ਦੇ ਇਕ ਮੋੜ ਤੇ ਇਕ ਬੇੜੀ ਜਿਹੀ ਜਾ ਰਹੀ ਸੀ ਤੇ ਕਲਮੀ ਸਾਗ ਕਾਰਨ ਰਸਤੇ ਦੀ ਰੁਕਾਵਟ ਦੂਰ ਕਰ ਰਹੀ ਸੀ। ਉਹ---ਹਾਂ ਉਹੋ ਹੀ ਬੇੜੀ ਹੈ ਸੁਰਿੰਦਰ ਨੇ ਦੇਖਿਆ ਇਕ ਬੇੜੀ ਬੜੀ ਤੇਜ਼ੀ ਨਾਲ ਜਾ ਰਹੀ ਹੈ ਸੁਰਿੰਦਰ ਨੇ ਅਵਾਜ ਦਿਤੀ:-ਬੜੀ ਦੀਦੀ !---
ਸੰਘ ਸੁਕ ਗਿਆ ਅਵਾਜ਼ ਪੂਰੀ ਤਰਾਂ ਨਾਂ ਨਿਕਲ ਸਕੀ ਪਰ ---ਕਈ ਕਤਰੇ ਖੂਨ ਦੇ ਨਿਕਲ ਪਏ | ਦੁਬਾਰਾ ਅਵਾਜ਼ ਮਾਰੀ ਬੜੀ ਦੀਦੀ ! ਫੇਰ ਉਹੋ ਹੀ ਹੋਇਆ---ਖੂਨ ਨਿਕਲ ਪਿਆ । ਸਾਗ ਦੇ ਝੁਰਮਟ ਨਾਲ ਰਸਤਾ ਰੁਕਿਆ ਹੋਇਆ ਸੀ, ਸੁਰਿੰਦਰ ਨੇੜੇ ਪਹੁੰਚ ਗਿਆ ਫੇਰ ਅਵਾਜ ਮਾਰੀ:-ਬੜੀ ਦੀਦੀ !
ਸਾਰੇ ਦਿਨ ਦੇ ਫਾਕੇ ਕਾਰਨ ਨੀਮ ਜਾਨ ਮਾਧੋਰੀ ਬੇੜੀ ਅੰਦਰ ਸੰਤੋਸ਼ ਕੁਮਾਰ ਨੂੰ ਗੋਦੀ ਵਿਚ ਸਵਾਏ ਅਖਾਂ ਬੰਦ ਕਰ ਕੇ ਪਈ ਸੀ ਕਿ ਅਚਾਨਕ ਉਸ ਨੇ ਬੜੀ ਦੀਦੀ ਦੀ ਅਵਾਜ ਸੁਣੀ । ਇਹ ਪੁਰਾਨੀ ਪਹਿਚਾਨੀ ਹੋਈ ਅਵਾਜ ਵਿਚ ਮੈਨੂੰ ਕੌਨ ਸਦ ਰਿਹਾ ਹੈ ? ਹੈਂ ਉਹੋ ਤਾਂ ਹੈ ? ----ਮਾਧੋਰੀ ਉਠ ਕੇ ਬੈਠ ਗਈ, ਬਾਹਰ ਝਾਤ ਕੇ ਤਕਿਆ--ਮਾਸਟਰ ਸਾਹਿਬ ! ਹੈ ਇਹ ਤਾਂ ਉਹੋ ਹੀ ਮਾਲੂਮ ਹੁੰਦੇ ਨੇ ? ਸਾਰਾ ਜਿਸਮ ਚਿਕੜ ਤੇ ਮਟੀ ਨਾਲ ਲਿਭੜਿਆ ਹੋਇਆ ਹੈ। ਨੌਕਰਾਨੀ ਨੂੰ ਆਪਣੇ ਵਲੇ ਤਕ ਕੇ ਆਖਨ ਲਗੀ:-ਜਮਨਾ ਦੀ ਮਾਂ ਸੁਨਦੀ ਹੈਂ ? ਮਾਂਝੀ ਨੂੰ ਆਖ ਦੇ ਕੇ ਬੇੜੀ ਜਲਦੀ ਰੋਕ ਦੇਨ-ਏਥੇ ਹੀ ਲਗਾ ਦੇਨ।
ਏਸ ਵੇਲੇ ਸੁਰਿੰਦਰ ਵਿਚ ਜਰਾ ਜਿੰਨੀ ਵੀ ਤਾਕਤ ਨਹੀਂ ਸੀ ਉਹ ਉਥੇ ਹੀ ਕੰਢੇ ਤੇ ਹਥ ਪੈਰ ਫੈਲਾ ਕੇ ਲੇਟ ਗਿਆ । ਮਲਾਹਾਂ ਨੇ ਚੁੱਕ ਕੇ ਉਸ ਨੂੰ ਬੇੜੀ ਵਿਚ ਲਿਟਾ ਦਿਤਾ ਮੂੰਹ ਤੇ ਅਖਾਂ ਤੇ ਪਾਣੀ, ਦੇ ਛਿੱਟੇ ਮਾਰ ਕੇ ਸੁਰਿੰਦਰ ਨੂੰ ਹੋਸ਼ ਵਿਚ ਲਿਆਉਨ ਦੀ ਕੋਸ਼ਸ਼ ਕੀਤੀ ਗਈ ।
ਮਲਾਹਾਂ ਵਿਚੋਂ ਇਕ ਆਦਮੀ ਉਸਨੂੰ ਜਾਣਦਾ ਸੀ ਉਸਨੇ ਸੁਰਿੰਦਰ ਨੂੰ ਪਛਾਣ ਕੇ ਆਖਿਆ:-
"ਹੈ ਇਹ ਤਾਂ ਲਾਲਤਾ ਪਿੰਡ ਦੇ ਜ਼ਿਮੀਦਾਰ ਸਾਹਿਬ ਹਨ ! ਮਾਧੋਰੀ ਨੇ ਗਰਦਨ ਨਾਲੋਂ ਇਕ ਬਹੁਮੁਲੇ ਸੋਣੇ ਦਾ ਹਾਰ ਲਾ ਕੇ ਉਸਦੇ ਹੱਥ ਤੇ ਰੱਖ ਦਿੱਤਾ ਤੇ ਆਖਣ ਲੱਗੀ:-ਜੇ ਤੁਸੀਂ ਮੈਨੂੰ ਏਸੇ ਰਾਤ ਲਾਲਤਾ ਪਿੰਡ ਪਹੁੰਚਾ ਦਿਓਗੇ ਤਾਂ ਮੈਂ ਸਭ ਨੂੰ ਇਹੋ ਜਿਹਾ ਹਾਰ ਹੀ ਇਨਾਮ ਦਿਆਂਗੀ ।
ਇਹ ਗੱਲ ਸੁਣਦਿਆਂ ਹੀ ਤਿੰਨ ਕੁੜੇਲ ਜਵਾਨ ਰਸਾ ਫੜਕੇ ਪਾਣੀ ਵਿਚ ਉਤਰ ਪਏ ਉਹਨਾਂ ਨੇ ਕਿਹਾ:- ਮਾਂ ਜੀ ਰਾਤ ਚਾਨਣੀ ਹੈ ਪੋਹ ਫੁਟਨ ਤੋਂ ਪਹਿਲਾਂ ਹੀ ਲਾਲਤਾ ਪਿੰਡ ਵਿਚ ਜਾ ਪਹੁੰਚਾਂਗੇ ।
ਅਨੇਰਾ ਹੋ ਚੁਕਣ ਤੇ ਸੁਰਿੰਦਰ ਨੂੰ ਹੋਸ਼ ਆਈ ਉਹ ਪਲਕਾਂ ਖੋਲਕੇ ਮਾਧੋਰੀ ਦੇ ਚਿਹਰੇ ਵਲ ਨਿਗਾਹ ਜਮਾਈ ਤੱਕਦਾ ਰਿਹਾ । ਏਸ ਵੇਲੇ ਮਾਧੋਰੀ ਦਾ ਚਿਹਰਾ ਘੁੰਡ ਵਿਚ ਲੁਕਿਆ ਹੋਇਆ ਨਹੀਂ ਸੀ ਮੱਥੇ ਦਾ ਇਕ ਹਿਸਾ ਸਿਰਫ ਦੁਪੱਟੇ ਨਾਲ ਢਕਿਆ ਹੋਇਆ ਸੀ । ਆਪਣੀ ਗੋਦ ਵਿਚ ਉਹ ਸੁਰਿੰਦਰ ਦਾ ਸਿਰ ਰਖੀ ਬੈਠੀ ਹੋਈ ਸੀ ਕੁਝ ਚਿਰ ਇਸੇ ਤਰ੍ਹਾਂ ਮਾਧੋਰੀ ਦਾ ਚਿਹਰਾ ਤੱਕਦੇ ਰਹਿਣ ਤੋਂ ਬਾਅਦ ਉਸਨੇ ਕਿਹਾ:-
"ਦੀਦੀ ! ਤੂੰ ਮੇਰੀ ਬੜੀ ਦੀਦੀ ਹੈ ਨਾ ?"
ਆਪਣੇ ਦੁਪੱਟੇ ਨਾਲ ਮਾਧੋਰੀ ਸੁਰਿੰਦਰ ਦੇ ਬੁਲਾਂ ਤੇ ਜੰਮਿਆਂ ਹੋਇਆ ਖੂਨ ਸਾਫ ਕਰਨ ਲੱਗ ਪਈ।
"ਤੂੰ ਮੇਰੀ ਬੜੀ ਦੀਦੀ ਹੈ ਨਾ ? ਸੁਰਿੰਦਰ ਨੇ ਫੇਰ ਪੁਛਿਆ:-
ਮੈਂ ਹੀ ਮਾਧੋਰੀ ਹਾਂ।"
ਸੁਰਿੰਦਰ ਨੇ ਅੱਖਾਂ ਬੰਦ ਕਰਕੇ ਆਖਿਆ:-ਆਹ--ਉਹੋ ਤਾਂ ਹੈ !
ਜਿਸ ਗੋਦ ਵਿਚ ਖੁਸ਼ੀ, ਆਰਾਮ, ਅਡੋਲਤਾ ਸੀ ਸੁਰਿੰਦਰ ਨੇ ਅਜ ਉਹ ਤਲਾਸ਼ ਕਰ ਲੀਤੀ । ਨੀਮ ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਇੰਝ ਮਾਲੂਮ ਹੋਇਆ ਕਿ ਜ਼ਿੰਦਗੀ ਦਾ ਕਿਨਾਰਾ ਉਸ ਨੂੰ ਇਸ ਬੇੜੀ ਵਿਚ ਮਿਲ ਗਿਆ ਹੈ । ਏਸੇ ਵੇਲੇ ਉਸ ਦੇ ਬੁਲਾਂ ਵਿਚ ਖੁਸ਼ੀ ਦਾ ਇਕ ਹਲਕਾ ਜਿਹਾ ਹਾਸਾ ਆਇਆ ਤੇ ਉਸ ਦੇ ਬੁਲ ਕੁਝ ਖੁਲੇ, ਆਖਣ ਲਗਾ:-ਆਹ ! ਬੜੀ ਦੀਦੀ ਬੜਾ ਦਰਦ ਹੈ ।
ਬੇੜੀ ਬੜੀ ਤੇਜੀ ਨਾਲ ਨਦੀ ਦੇ ਪਾਣੀ ਨੂੰ ਚੀਰਦੀ ਜਾ ਰਹੀ ਸੀ ਤੇ ਅੰਦਰ ਚੰਦ ਦੀ ਰੋਸ਼ਨੀ ਦੀ ਇਕ ਗਰਮਾਈ ਰਾਤ ਸੀ। ਹਵਾ ਵਿਚ ਫੁਲਾਂ ਦੀ ਇਕ ਅਜੀਬ ਬੇ ਸੁਗੰਧੀ ਜਿਹੀ ਮਹਿਕ ਸੀ । ਨੌਕਰਾਣੀ ਇਕ ਪੁਰਾਣਾ ਪੱਖਾ ਫੜੀ ਸੁਰਿੰਦਰ ਨੂੰ ਹੌਲੇ ਹੌਲੇ ਝਲ ਰਹੀ ਸੀ । ਸੁਰਿੰਦਰ ਨੇ ਧੀਮੀ ਤੇ ਬੜੀ ਕਮਜ਼ੋਰ ਅੰਵਾਜ਼ ਨਾਲ ਪੁਛਿਆ:--ਕਿਥੇ ਜਾ ਰਹੀ ਸੀ ਤੂੰ ?"
ਮਾਧੋਰੀ ਨੇ ਭਰੀ ਹੋਈ ਅਵਾਜ਼ ਵਿਚ ਕਿਹਾ:-"ਪਰਮਲਾ ਦੇ ਸੌਹਰੇ |"
ਸੁਰਿੰਦਰ ਨੇ ਜਵਾਬ ਦਿਤਾ:-"ਛੀ, ਛੀ, ਕਿਤੇ ਰਿਸ਼ਤੇਦਾਰਾਂ ਦੇ ਘਰ ਵੀ ਕੋਈ ਰਹਿਣ ਜਾਂਦਾ ਹੈ ?"
ਅਪਣੇ ਸੌਣ ਵਾਲੇ ਕਮਰੇ ਵਿਚ ਸੁਰਿੰਦਰ ਬੜੀ ਦੀਦੀ ਦੀ ਗੋਦੀ ਵਿਚ ਸਿਰ ਰਖੀ ਆਖਰੀ ਘੜੀਆਂ ਗਿਣ ਰਿਹਾ ਹੈ । ਉਸ ਦੇ ਦੋਵਾਂ ਪੈਰਾਂ ਨੂੰ ਆਪਣੀ ਗੋਦੀ ਵਿਚ ਰੱਖ ਕੇ , ਸ਼ਾਨਤੀ ਉਹਨਾਂ ਨੂੰ ਆਪਣੇ ਅਥਰੂਆਂ ਨਾਲ ਧੋ ਰਹੀ ਹੈ ।
ਬਿਪਨਾ ਦੇ ਜਿੰਨੇ ਮਸ਼ਹੂਰ ਡਾਕਟਰ ਹਨ ਸਾਰਾ ਆਪਣਾ ਆਪਣਾ ਜ਼ੋਰ ਲਾ ਕੇ ਥੱਕ ਚੁਕੇ ਹਨ ਪਰ ਕਿਸੇ ਪਾਸੋਂ ਸੁਰਿੰਦਰ ਦਾ ਖ਼ੂਨ ਨਹੀਂ ਰੁਕ ਸਕਿਆ । ਉਸ ਦਾ ਪੰਜਾਂ ਵਰਿਹਾਂ ਦਾ ਪੁਰਾਣਾ ਜ਼ਖ਼ਮ ਖੁਲ ਗਿਆ ਹੈ ਪਰ ਹੁਣ ਖੂਨ ਬੰਦ ਹੋਣ ਚਿ ਨਹੀਂ ਸੀ ਆਉਂਦਾ।
ਏਸ ਵੇਲੇ ਮਾਧੋਰੀ ਦੇ ਦਿਲ ਵਿਚ ਇਕ ਗੁਜ਼ਰ ਚੁਕੇ ਜ਼ਮਾਨੇ ਦੀ ਯਾਦ ਫੇਰ ਤਾਜ਼ਾ ਹੋ ਗਈ, ਪੰਜ ਵਰੇ ਹੋਏ ਸਨ ਉਸਨੇ ਸੁਰਿੰਦਰ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪਰ ਅੱਜ ਪੰਜਾਂ ਵਰਿਆਂ ਬਾਅਦ ਸੁਰਿੰਦਰ ਨਾਥ ਉਸਨੂੰ ਵਾਪਸ ਘਰ ਲਿਆਉਣ ਲਈ ਆਇਆ ਹੈ।
ਸੰਧਿਆ ਵੇਲੇ ਦੀਵੇ ਦੀ ਰੋਸ਼ਨੀ ਵਿਚ ਉਸਨੇ ਮਾਧੋਰੀ ਵਲ ਨਿਗਾਹ ਫੇਰੀ, ਪਉਆਂਦੀ ਵਲੇ ਸ਼ਾਨਤੀ ਬੈਠੀ ਸੀ ਅਤੇ ਉਹ ਸੁਣ ਨਾ ਲਵੇ ਇਸ ਡਰ ਕਾਰਨ ਉਸਨੇ ਮਾਧੋਰੀ ਦਾ ਸਿਰ ਆਪਣੇ ਮੱਥੇ ਪਾਸ ਲਿਜਾ ਕੇ ਆਖਿਆ:-ਬੜੀ ਦੀਦੀ ! ਉਸ ਦਿਨ ਦੀ ਗੱਲ ਯਾਦ ਹੈ ਜਦੋਂ ਤੂੰ ਮੈਨੂੰ ਘਰੋਂ ਕੱਢ ਦਿਤਾ ਸੀ---? ਆਹ--ਅੱਜ ਮੈਂ ਬਦਲਾ ਲੈ ਲਿਆ । ਕਿਉਂ ਬਦਲਾ ਲੀਤਾ ਕਿ ਨਾਂ ?
ਮਾਧੋਰੀ ਗਸ਼ ਖਾ ਗਈ ਉਸਦਾ ਸਿਰ ਝੁਕ ਕੇ ਸੁਰਿੰਦਰ ਦੇ ਮੋਢੇ ਦੇ ਨਾਲ ਲੱਗ ਗਿਆ। ਜਦ ਉਹ ਹੋਸ਼ ਵਿਚ ਆਈ---ਤਾਂ ਘਰ ਵਿਚ ਹਾਹਾ ਕਾਰ ਮੱਚੀ ਹੋਈ ਸੀ । ਸੁਰਿੰਦਰ ਕੁਮਾਰ ਸਦਾ ਲਈ ਮਾਧੋਰੀ ਤੇ ਸ਼ਾਨਤੀ ਨਾਲੋਂ ਆਪਣਾ ਰਿਸ਼ਤਾ ਤੋੜਕੇ ਪ੍ਰਲੋਕ ਸੁਧਾਰ ਗਏ ਸਨ ।

ਖ਼ਤਮ !
(ਅਨੁਵਾਦਕ : ਐਸ. ਕੇ. ਹਰਭਜਨ ਸਿੰਘ)

  • ਮੁੱਖ ਪੰਨਾ : ਸ਼ਰਤ ਚੰਦਰ ਚੱਟੋਪਾਧਿਆਏ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ