Bhana (Punjabi Article) : Principal Ganga Singh

ਭਾਣਾ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਜਗਤ-ਰਚਨਾ ਵਿਚ ਇਹ ਨਿਯਮ ਸਾਫ਼ ਵਰਤਦਾ ਦਿੱਸ ਆਉਂਦਾ ਹੈ ਕਿ ਹਰ ਕੰਮ ਦੇ ਪਿਛੇ ਕੋਈ ਨਾ ਕੋਈ ਇਰਾਦਾ ਹੁੰਦਾ ਹੈ। ਸੰਸਾਰ ਦੀ ਕੋਈ ਵੀ ਹਰਕਤ ਇਰਾਦੇ ਤੋਂ ਖ਼ਾਲੀ ਨਹੀਂ। ਕੀੜੀ ਤੋਂ ਲੈ ਹਸਤੀ ਤਕ, ਜ਼ੱਰੇ ਤੋਂ ਲੈ ਪਹਾੜ ਤਕ ਅਤੇ ਕਤਰੇ ਤੋਂ ਲੈ ਸਾਗਰ ਤਕ, ਇਹੋ ਹੀ ਧਾਰਨਾ ਦਿਸ ਆਉਂਦੀ ਹੈ। ਇਰਾਦੇ ਦੇ ਅਧਾਰ 'ਤੇ ਹੀ ਕੰਮ ਦੀ ਸੂਰਤ ਪਰਖੀ ਜਾਂਦੀ ਹੈ। ਅਦਾਲਤਾਂ ਵੀ ਮੁਜਰਮਾਂ 'ਤੇ ਚੱਲਿਆਂ ਹੋਇਆਂ ਮੁਕੱਦਮਿਆਂ ਵਿਚ ਇਰਾਦੇ ਨੂੰ ਵੇਖ ਕੇ ਹੀ ਫ਼ੈਸਲਾ ਦੇਂਦੀਆਂ ਹਨ। ਜਿਸ ਤਰ੍ਹਾਂ ਸੰਸਾਰ ਦੇ ਹਰ ਕੰਮ ਵਿਚ ਕਿਸੇ ਨਾ ਕਿਸੇ ਵਿਅਕਤੀ ਦਾ ਇਰਾਦਾ ਕੰਮ ਕਰਦਾ ਹੈ, ਉਸੇ ਤਰ੍ਹਾਂ ਸੰਸਾਰ ਦੀ ਸਮੁੱਚੀ ਰਚਨਾ ਦੇ ਪਿਛੇ ਵਿਸ਼ਵ ਮਾਲਕ ਦਾ ਇਰਾਦਾ ਵਰਤਦਾ ਹੈ। ਸਮੁੱਚੀ ਕੁਦਰਤ ਕਾਦਰ ਦੀ ਚਲਾਈ ਚਲਦੀ ਹੈ। ਇਸ ਕਰਤਾਰ ਦੇ ਇਰਾਦੇ ਦੀ ਵਰਤੋਂ ਦਾ ਨਾਮ ਹੀ ਸਤਿਗੁਰਾਂ ਨੇ ਹੁਕਮ ਕਿਹਾ ਹੈ। ਹੁਕਮ ਵਿਚ ਹੀ ਸਭ ਕੁਛ ਹੈ, ਹੁਕਮ ਤੋਂ ਬਾਹਰ ਕੁਛ ਨਹੀਂ, ਹੁਕਮ ਤੋਂ ਬਿਨਾਂ ਪੱਤਾ ਨਹੀਂ ਝੂਲਦਾ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
(ਜਪੁ ਜੀ ਸਾਹਿਬ, ਪੰਨਾ ੧)

ਕਈ ਵੇਰ ਇਹ ਵੀ ਭੁੱਲ ਲੱਗ ਜਾਂਦੀ ਹੈ ਕਿ ਜਾਨਦਾਰ ਤਾਂ ਇਰਾਦੇ ਨਾਲ ਕੰਮ ਕਰਦੇ ਹਨ, ਪਰ ਬੇਜਾਨ ਵਿਚ ਹਰਕਤ ਤੇ ਇਰਾਦਾ ਕਿਥੋਂ। ਗਹੁ ਨਾਲ ਤਕਿਆਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਚੇਤਨ ਹੀ ਆਪਣੇ ਇਰਾਦੇ ਦੇ ਬਲ ਨਾਲ ਜੜ੍ਹ ਵਿਚ ਹਰਕਤ ਪੈਦਾ ਕਰਦੀ ਹੈ। ਕੀ ਜਾਨਦਾਰਾਂ ਦੇ ਤਨ ਜੋ ਹਰਕਤ ਕਰਦੇ ਦਿਸਦੇ ਹਨ, ਪ੍ਰਕਿਰਤੀ ਦੇ ਤੱਤਾਂ ਤੋਂ ਨਹੀਂ ਬਣੇ ਹੋਏ? ਕੀ ਉਹ ਚੇਤਨ ਜੋਤੀ ਤੋਂ ਬਿਨਾਂ ਜੜ੍ਹ ਨਹੀਂ? ਉਹ ਨਿਸਚੇ ਹੀ ਹਨ। ਇਹ ਸਾਫ਼ ਸਿੱਧ ਹੋ ਗਿਆ ਹੈ ਕਿ ਚੇਤਨ ਸੱਤਾ ਹੀ ਆਪਣੇ ਇਰਾਦੇ ਨਾਲ ਜੜ੍ਹ ਨੂੰ ਚਲਾਉਂਦੀ ਹੈ। ਸੋ, ਜਿਸ ਤਰ੍ਹਾਂ ਸਰੀਰ ਵਿਚ ਵਿਆਪੀ ਹੋਈ ਚੇਤਨਤਾ ਜੜ੍ਹ ਸਰੀਰ ਵਿਚ ਹਰਕਤ ਪੈਦਾ ਕਰਦੀ ਹੈ, ਉਸੇ ਤਰ੍ਹਾਂ ਹੀ ਸਰਬ-ਵਿਆਪਕ ਚੇਤਨਤਾ ਸਮੁਚੇ ਹੀ ਕੁਦਰਤ ਵਿਚ ਹਰਕਤ ਪੈਦਾ ਕਰ ਰਹੀ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਜਾਤਾ ਹੈ, ਉਹਨਾਂ ਨੂੰ ਵਣ-ਤ੍ਰਿਣ ਵਿਚ ਉਹ ਆਪ ਵਿਆਪ ਕੇ ਕੰਮ ਕਰ ਰਿਹਾ ਦਿੱਸ ਪੈਂਦਾ ਹੈ:

ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥
(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੩)

ਹਰ ਭਾਰੇ ਕਾਰਖ਼ਾਨੇ ਵਿਚ ਲੱਗੀ ਹੋਈ ਮਸ਼ੀਨਰੀ ਨੂੰ ਚਲਾਉਣ ਵਾਸਤੇ ਉਸ ਦੇ ਹਰ ਪੁਰਜ਼ੇ ਦਾ ਆਪਣੇ ਮਹਿਵਰ (ਕੇਂਦਰ) ਨਾਲ ਜੁੜੇ ਰਹਿਣਾ ਤੇ ਉਸ ਦੀ ਚਾਲ ਨਾਲ ਇਕ ਚਾਲ ਹੋਣਾ ਜ਼ਰੂਰੀ ਹੈ। ਜੇ ਕੁਝ ਪੁਰਜ਼ੇ ਢਿੱਲੇ ਹੋਣ ਜਾਂ ਬਾਹਲੇ ਕੱਸੇ ਜਾਣ ਕਰਕੇ ਆਪਣੀ ਚਾਲ ਨੂੰ ਕੇਂਦਰੀ ਚਾਲ ਤੋਂ ਵੱਧ ਘੱਟ ਕਰਨ ਤਾਂ ਮਸ਼ੀਨਰੀ ਜ਼ਰੂਰ ਖ਼ਰਾਬ ਹੋ ਜਾਂਦੀ ਹੈ ਤੇ ਆਖ਼ਰ ਕਾਰੀਗਰਾਂ ਨੂੰ ਅਜਿਹੇ ਪੁਰਜ਼ੇ ਦਰੁਸਤ ਕਰਨੇ ਜਾਂ ਕਢ ਦੇਣੇ ਪੈਂਦੇ ਹਨ। ਕੇਂਦਰ ਦੀ ਚਾਲ ਨਾਲ ਆਪਣੀ ਚਾਲ ਨੂੰ ਮਿਲਾਉਣ ਦਾ ਨਿਯਮ ਨਿਰਾ ਮਸ਼ੀਨਰੀ ਵਿਚ ਹੀ ਕੰਮ ਨਹੀਂ ਕਰਦਾ, ਸਗੋਂ ਸੰਸਾਰ ਦੇ ਵਡੇ ਵਡੇ ਕਾਰਖ਼ਾਨੇ ਵੀ ਏਸੇ ਹੀ ਨਿਯਮ 'ਤੇ ਚਲ ਸਫਲ ਹੋ ਰਹੇ ਹਨ।

ਪੰਜਾਬ ਦੇ ਗਰਮੀ ਦੇ ਮੌਸਮ, ਕੋਠੇ 'ਤੇ ਮੰਜੀਆਂ ਵਿਛਾ ਲੇਟੇ ਪਏ ਲੋਕ, ਹਨੇਰੀ ਰਾਤ ਨੂੰ ਜਦ ਕੋਈ ਤਾਰਾ ਟੁੱਟਦਾ ਦੇਖਦੇ ਹਨ ਤਾਂ ਅਸਚਰਜ ਹੋ ਰੱਬ ਰੱਬ ਕਰ ਉੱਠਦੇ ਹਨ। ਹੈਰਾਨ ਹੋਣ ਭੀ ਕਿਉਂ ਨਾ, ਟੁੱਟਣ ਵਾਲਾ ਤਾਰਾ ਜੋ ਇਕ ਅੱਖ ਦੇ ਪਲਕਾਰੇ ਦੀ ਚਮਕ ਵਿਖਾ ਜ਼ੱਰਾ ਜ਼ੱਰਾ ਹੋ ਫ਼ਿਜ਼ਾ ਵਿਚ ਸਮਾ ਗਿਆ। ਅਸਲ ਵਿਚ ਸਾਡੀ ਧਰਤੀ ਵਰਗੀ ਕੋਈ ਧਰਤੀ, ਚੰਨ ਵਰਗਾ ਕੋਈ ਚੰਨ ਜਾਂ ਸੂਰਜ ਸੀ, ਜੋ ਘੱਟ ਤੋਂ ਘੱਟ ਸਾਡੀ ਧਰਤੀ ਜਿੱਡਾ ਜ਼ਰੂਰ ਸੀ, ਤਾਂ ਵੀ ਉਸ ਵਿਚ ਏਸ਼ੀਆ, ਯੂਰਪ, ਅਮਰੀਕਾ, ਅਫ਼ਰੀਕਾ ਵਰਗੇ ਕਈ ਦੀਪ, ਦੀਪਾਂ ਵਿਚ ਕਈ ਦੇਸ਼, ਦੇਸ਼ਾਂ ਵਿਚ ਕਈ ਸ਼ਹਿਰ, ਸ਼ਹਿਰਾਂ ਵਿਚ ਕਈ ਆਲੀਸ਼ਾਨ ਮਹਲ, ਮਹਲਾਂ ਵਿਚ ਕਈ ਸੁੰਦਰ ਵਾਸੀ, ਸਮੁੰਦਰ, ਪਹਾੜ, ਨਦੀਆਂ, ਨਾਲੇ, ਚਸ਼ਮੇ, ਝੀਲਾਂ, ਨਹਿਰਾਂ, ਡੰਡੀਆਂ, ਰਾਹ, ਸੜਕਾਂ, ਜੀਅ-ਜੰਤ, ਕੀੜੇ-ਮਕੌੜੇ ਬੇਅੰਤ ਸਮਾਜ ਅੱਖ ਦੇ ਪਲਕਾਰੇ ਵਿਚ ਕਿਉਂ ਨਸ਼ਟ ਹੋ ਗਏ? ਇਸ ਦਾ ਜੁਆਬ ਵਿਗਿਆਨਕ ਇਕੋ ਹੀ ਦੇਂਦਾ ਹੈ ਕਿ ਟੁੱਟਣ ਵਾਲੇ ਤਾਰੇ ਦੀ ਚਾਲ ਵਿਚ ਫ਼ਰਕ ਆ ਗਿਆ, ਉਹ ਨਿਜ਼ਾਮ ਸ਼ਮਸੀ ਦੀ ਕੇਂਦਰੀ ਚਾਲ ਨਾਲ ਰਲ ਕੇ ਤੁਰਨੋਂ ਰਹਿ ਗਿਆ। ਇਸ ਕਰਕੇ ਕੁਦਰਤ ਵਲੋਂ ਮਿਟਾ ਦਿੱਤਾ ਗਿਆ, ਕੇਂਦਰ ਨਾਲ ਰਲ ਕੇ ਹੀ ਬਚ ਸਕਦਾ ਸੀ, ਚਾਲੋਂ ਉਖੜਿਆ ਤੇ ਗਿਆ।

ਜਿਸ ਤਰ੍ਹਾਂ ਪੁਰਜ਼ਿਆਂ ਨੂੰ ਮਸ਼ੀਨ ਦੇ ਕੇਂਦਰ ਨਾਲ, ਸਿਤਾਰਿਆਂ ਨੂੰ ਸੂਰਜ ਨਾਲ, ਦਰਖ਼ਤ ਦੇ ਹਰ ਪੱਤੇ ਨੂੰ ਜੜ੍ਹ ਨਾਲ ਆਪਣੀ ਚਾਲ ਰਲਾ ਕੇ ਤੁਰਿਆਂ ਹੀ ਸਹੀ ਜੀਵਨ ਮਿਲ ਸਕਦਾ ਹੈ, ਓਦਾਂ ਹੀ ਮਨੁੱਖ ਨੂੰ ਭੀ ਮਾਲਕ ਦੀ ਰਜ਼ਾ ਨਾਲ ਮਿਲ ਕੇ ਚਲਿਆਂ ਹੀ ਮਾਣ ਮਿਲ ਸਕਦਾ ਹੈ। ਜਿਨ੍ਹਾਂ ਨੇ ਇਸ ਰਮਜ਼ ਨੂੰ ਪਛਾਤਾ ਹੈ, ਉਹਨਾਂ ਨੇ ਜੀਵਨ ਭਰ ਆਪਣੀ ਚਾਲ ਸੰਜਮ ਵਿਚ ਰਖਣ ਦਾ ਜਤਨ ਕੀਤਾ ਹੈ। ਅਜਿਹੇ ਲੋਕ ਹੀ ਭਾਣਾ ਮੰਨਣ ਵਾਲੇ ਸਾਬਰ ਤੇ ਸ਼ਾਕਰ ਰਹਿ, ਜੀਵਨ ਦੀ ਸਫਲਤਾ ਨੂੰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੇ ਉਸਦੀ ਰਜ਼ਾ ਨੂੰ ਪਛਾਤਾ ਹੈ, ਉਹਨਾਂ ਆਪਣਾ ਅਭਿਮਾਨ ਤਜ, ਜੋ ਕੁਝ ਪ੍ਰਭੂ ਵਲੋਂ ਹੋਇਆ ਉਸ ਨੂੰ ਭਲਾ ਕਰ ਮੰਨਿਆ ਹੈ। ਦਿਨ ਰਾਤ ਉਸਦੀ ਵਡਿਆਈ ਕਰ ਲੰਘਾਇਆ ਹੈ, ਉਹਨਾਂ ਨੂੰ ਹੀ ਜੀਵਨ ਦਾ ਪੂਰਨ ਸੁਆਦ ਪ੍ਰਾਪਤ ਹੋਇਆ ਹੈ:

ਹੋਵੈ ਸੋਈ ਭਲ ਮਾਨੁ॥ ਆਪਨਾ ਤਜਿ ਅਭਿਮਾਨੁ॥
ਦਿਨੁ ਰੈਨਿ ਸਦਾ ਗੁਨ ਗਾਉ ॥ ਪੂਰਨ ਇਹੀ ਸੁਆਉ॥
(ਰਾਮਕਲੀ ਮ: ੫, ਪੰਨਾ ੮੯੫)

ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਅਜਿਹੇ ਆਦਮੀਆਂ ਤੋਂ ਕੁਰਬਾਨ ਹਾਂ:

ਹਉ ਤਿਸੁ ਵਿਟਹੁ ਵਾਰਿਆ ਖਸਮੈ ਦਾ ਭਾਵੈ ਜਿਸੁ ਭਾਣਾ॥
(ਭਾਈ ਗੁਰਦਾਸ ਜੀ, ਵਾਰ ੧੨, ਪਉੜੀ ੩)

ਅਸਲ ਵਿਚ ਉਹ ਲੋਕ ਹੈਨ ਹੀ ਧੰਨ, ਜੋ ਭਾਣੇ ਵਿਚ ਸ਼ਾਕਰ ਰਹਿ, ਸ਼ੁਕਰਾਨੇ ਵਿਚ ਦਿਨ ਬਿਤਾਂਦੇ ਹਨ। ਮਾਇਆ ਦੀਆਂ ਠੋਕਰਾਂ ਕਦਮ-ਕਦਮ 'ਤੇ ਮਨੁੱਖ ਨੂੰ ਉਖੇੜਦੀਆਂ ਹਨ। ਮਾਇਆ ਕਦੀ ਕੋਲ ਹੋ ਮਨੁੱਖ ਨੂੰ ਹਸਾਂਦੀ ਅਤੇ ਕਦੇ ਪਰੇ ਹਟ ਗ਼ਰੀਬ ਨੂੰ ਰੁਆਂਦੀ ਹੈ, ਪਰ ਰਜ਼ਾ ਦੇ ਸ਼ਾਕਰ ਲੋਕ, ਇਸ ਸ਼ਾਦੀ ਔਰ ਗ਼ਮੀ ਨੂੰ ਆਰਜ਼ੀ ਜਾਣ, ਮਾਲਕ ਦੇ ਚੋਜ ਮੰਨ ਉਸਦੀ ਸਿਫ਼ਤ ਵਿਚ ਜੁੜ ਜਾਂਦੇ ਹਨ:

ਜੋ ਹੰਸ ਰਹਾ ਹੈ ਵੋਹ ਹੰਸ ਰਹੇਗਾ।
ਜੋ ਰੋ ਰਹਾ ਹੈ ਵਹੁ ਰੋ ਰਹੇਗਾ।
ਸਕੂਨੇ ਦਿਲ ਸੇ ਖ਼ੁਦ ਖ਼ੁਦਾ ਕਰ
ਜੋ ਕੁਛ ਕਿ ਹੋਨਾ ਹੈ ਹੋ ਰਹੇਗਾ।

ਉਹਨਾਂ ਦਾ ਜੀਵਨ ਹੱਸਣ ਰੋਣ ਤੋਂ ਉਤਾਂਹ ਰਹਿ ਸੰਜੀਦਾ ਹੁੰਦਾ ਹੈ:

ਸੇਵਕ ਹੋਇ ਸੰਜੀਦੁ ਨ ਹਸਣੁ ਰੋਵਣਾ।
(ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੮)

ਉਹ ਇਕ-ਰਸ ਅਡੋਲ ਟਿਕੇ ਰਹਿੰਦੇ ਹਨ।

ਮਨੁੱਖ ਆਮ ਤੌਰ 'ਤੇ ਰੇਤ ਦੇ ਟਿਬੇ ਵਾਂਗ ਹਨ, ਜਿਨ੍ਹਾਂ ਨੂੰ ਤ੍ਰਿਸ਼ਨਾ ਦੀ ਹਨੇਰੀ ਦਾ ਇਕ ਬੁਲ੍ਹਾ ਜਾਂ ਮਾਇਆ ਦੇ ਮੀਂਹ ਦਾ ਇਕ ਫਰਾਟਾ ਉਡਾ ਤੇ ਬਹਾ ਲਿਜਾਂਦਾ ਹੈ। ਪਰ ਸਾਦਕਾਂ ਦੇ ਮਨ ਚੱਟਾਨਾਂ ਹਨ, ਉਹ ਝੱਖੜਾਂ ਤੇ ਹਨੇਰੀਆਂ ਨਾਲ ਨਹੀਂ ਡੋਲਦੇ:

ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ॥
(ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੮)

ਜਿਸ ਤਰ੍ਹਾਂ ਸਾਗਰ ਦੀਆਂ ਲਹਿਰਾਂ, ਕਿਨਾਰੇ 'ਤੇ ਖੜੀਆਂ ਪੱਥਰਾਂ ਦੀਆਂ ਚੱਟਾਨਾਂ ਜਾਂ ਸੀਮਿੰਟ ਦੀਆਂ ਦੀਵਾਰਾਂ ਨਾਲ ਟੱਕਰਾਂ ਮਾਰ ਮਾਰ ਮੁੜ ਜਾਂਦੀਆਂ ਹਨ ਤੇ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀਆਂ, ਸਗੋਂ ਹਰ ਟੱਕਰ ਨਾਲ ਉਹਨਾਂ ਨੂੰ ਧੋ ਨਵਾਂ ਰੂਪ ਦੇ ਜਾਂਦੀਆਂ ਹਨ। ਓਦਾਂ ਹੀ ਮੋਹ ਮਾਇਆ ਦੇ ਝੱਖੜ, ਸਮੇਂ ਦੇ ਤੂਫ਼ਾਨ, ਬਲਾਵਾਂ ਤੇ ਮੁਸੀਬਤਾਂ, ਭਾਣੇ ਦੇ ਅਨੁਸਾਰ ਰਹਿਣ ਵਾਲੇ ਬਲੀਆਂ ਦਾ ਕੁਝ ਵਿਗਾੜ ਨਹੀਂ ਸਕਦੇ ਸਗੋਂ ਹਰ ਮੁਕਾਮ 'ਤੇ ਉਹਨਾਂ ਨੂੰ ਨਵਾਂ ਉਤਸ਼ਾਹ ਦੇ ਜਾਂਦੇ ਹਨ।

ਸੰਸਾਰ ਦਾ ਇਤਿਹਾਸ ਅਜਿਹੇ ਮਹਾਂਪੁਰਖਾਂ ਦੇ ਜੀਵਨ ਕਰਕੇ ਹੀ ਬਣਿਆ ਹੈ। ਜਗਤ ਦੀ ਆਮ ਵਰਤੋਂ ਪਾਣੀ ਦੀ ਸਹਿਜ ਚਾਲ ਵਾਂਗ ਹੈ, ਪਰ ਜਿਸ ਤਰ੍ਹਾਂ ਚਲਦੀ ਹੋਈ ਨਦੀ ਰਸਤੇ ਵਿਚ ਕੋਈ ਰੋਕ ਜਾਂ ਨਸ਼ੇਬ ਆ ਜਾਣ ਕਰਕੇ ਉੱਚੀਆਂ ਆਬਸ਼ਾਰਾਂ ਬਣਾ, ਦਰਸ਼ਕਾਂ ਲਈ ਇਕ ਅਲੌਕਿਕ ਦ੍ਰਿਸ਼ ਪੈਦਾ ਕਰ ਦੇਂਦੀਆਂ ਹਨ। ਓਦਾਂ ਹੀ ਸਮੇਂ ਦੀ ਸਾਧਾਰਨ ਚਲ ਰਹੀ ਚਾਲ ਵਿਚ ਭਾਣਾ ਮੰਨਣ ਵਾਲੇ ਮਨੁੱਖਾਂ ਦੇ ਜੀਵਨ ਅਲੌਕਿਕ ਦ੍ਰਿਸ਼ ਪੈਦਾ ਕਰਦੇ ਹਨ। ਉਹਨਾਂ ਕਰਕੇ ਹੀ ਸੰਸਾਰ ਦਾ ਇਤਿਹਾਸ ਬਣਦਾ ਹੈ।

ਰਜ਼ਾ ਦੇ ਅਨੁਸਾਰ ਜੀਵਨ ਬਸਰ ਕਰਨਾ, ਜਿਤਨਾ ਉੱਚਾ ਹੈ ਉਤਨਾ ਔਖਾ ਭੀ ਹੈ। ਕਠਨ ਤਪ ਤਾਂ ਅਭਿਆਸ ਨਾਲ ਪ੍ਰਾਪਤ ਹੁੰਦਾ ਹੈ। ਹੋਵੇ ਭੀ ਕਿਉਂ ਨਾ, ਸੰਸਾਰ ਦੀ ਕਿਹੜੀ ਉੱਚ-ਵਿੱਦਿਆ ਹੈ, ਜੋ ਭਾਰੇ ਅਭਿਆਸ ਬਿਨਾਂ ਪ੍ਰਾਪਤ ਹੋ ਸਕੇ, ਤੇ ਜੀਵਨ ਜੁਗਤੀ ਤਾਂ ਸਭ ਤੋਂ ਉਚੇਰੀ ਚੀਜ਼ ਹੈ। ਫਿਰ ਇਹ ਭਾਰੀ ਘਾਲ ਕਿਉਂ ਨਾ ਮੰਗੇ, ਜੀਂਵਦਿਆਂ ਮਰ ਰਹਿਣ ਦੀ ਜਾਚ ਸਿੱਖਣੀ, ਹੈ ਤਾਂ ਅਤਿ ਕਠਨ, ਪਰ ਜੇ ਆ ਜਾਵੇ ਤਾਂ ਮੌਤ ਪਿਛੋਂ ਅਮਰ ਜੀਵਨ ਲਭਦਾ ਹੈ। ਜਨਮ ਸਾਖੀ ਵਿਚ ਆਇਆ ਹੈ, ਜਦ ਮੁਸਲਮਾਨ ਸੂਫ਼ੀ ਦਰਵੇਸ਼ਾਂ ਨੇ ਬਾਬਾ ਨਾਨਕ ਜੀ ਤੋਂ ਪੁਛਿਆ, “ਫ਼ਕੀਰੀ ਦਾ ਆਦਿ ਕੀ ਹੈ ਤੇ ਅੰਤ ਕੀ?" ਤਾਂ ਬਾਬਾ ਜੀ ਨੇ ਉੱਤਰ ਦਿੱਤਾ, "ਫ਼ਕੀਰੀ ਦਾ ਆਦਿ ਫ਼ਨਾਹ ਹੈ ਤੇ ਅੰਤ ਬਕਾ।” ਆਰੰਭ ਮੌਤ ਤੇ ਅੰਤ ਅਮਰ ਪਦ। ਇਹ ਮਰਨ ਜਾਚ ਆਸਾਨੀ ਨਾਲ ਨਹੀਂ ਆ ਸਕਦੀ। ਮਿੱਟੀ ਦੀ ਮੜੋਲੀ ਨਾਲ ਮੋਹ ਪਾਈ ਬੈਠਾ ਮਨੁੱਖ, ਮਰਨ ਤੋਂ ਡਰਦਾ ਹੈ। ਡਰ ਕੇ ਕਾਇਰ ਹੋਇਆ ਹੋਇਆ, ਮਰਨ ਤੋਂ ਪਹਿਲਾਂ ਰੋਜ਼ ਮਰਦਾ ਤਾਂ ਹੈ ਪਰ ਮਰਨ ਨਹੀਂ ਜਾਣਦਾ, ਕੋਈ ਸੂਰਮੇ ਮਨੁੱਖ ਹੀ ਮਰਨ ਜਾਣਦੇ ਹਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥
(ਸਲੋਕ ਕਬੀਰ ਜੀ, ਪੰਨਾ ੧੩੬੫)

ਕਿਸੇ ਮਹਿਫ਼ਲ ਵਿਚ ਇਕ ਮੌਲਵੀ ਸਾਹਿਬ ਵਾਅਜ਼ ਫ਼ੁਰਮਾ ਰਹੇ ਸਨ। ਉਹ ਬਾਰ ਬਾਰ ਮੌਤ ਦਾ ਭੈ ਦੇਂਦੇ ਤੇ ਦੋਜ਼ਖ਼ ਦੀ ਅੱਗ ਤੋਂ ਡਰਾਉਂਦੇ ਸਨ। ਇਕ ਹਿੰਦੂ ਨੇ ਸੁਣ ਕੇ ਕਿਹਾ, “ਮੀਆਂ ਇਹ ਕੀ ਕਿੱਸੇ ਛੇੜੇ ਨੀ? ਮਰਨ ਦੀਆਂ ਗੱਲਾਂ ਕੀ ਕਰਨਾ ਏਂ? ਇਹ ਤੇ ਮੈਨੂੰ ਅਗੇ ਹੀ ਪਤਾ ਹੈ ਕਿ ਇਕ ਦਿਨ ਮਰ ਜਾਸਾਂ।”

ਮੈਂ ਅੰਜਾਮ ਅਪਨੇ ਸੇ ਅਗਾਹ ਹੂੰ ਨਾਸੇਹ
ਕਿ ਇਕ ਰੋਜ਼ ਮਰ ਜਾਊਂਗਾ ਬਸ ਯਹੀ ਨਾ।

ਮੈਨੂੰ ਮਰਨ ਦੇ! ਸ਼ਾਇਦ ਉਥੋਂ ਹੀ ਜੀਵਨ ਲਭੇ ਕਿਉਂਕਿ ਡਿਗਿਆਂ ਨੂੰ ਹੀ ਉਠਣ ਦੇ ਬਲ ਸੁਝਦੇ ਹਨ। ਰੋਕਾਂ ਹੀ ਉੱਦਮ ਦੇਂਦੀਆਂ, ਪਸਤੀਆਂ ਹੀ ਉਠਾਂਦੀਆਂ ਤੇ ਤਨੱਜ਼ਲੀਆਂ (ਗਿਰਾਵਟਾਂ) ਹੀ ਤਰੱਕੀ ਦੇ ਰਾਹ ਖੋਲ੍ਹਦੀਆਂ ਹਨ:

ਤਨੱਜ਼ਲ ਕੀ ਮੈਂ ਇਨਤਹਾ ਚਾਹਤਾ ਹੂੰ।
ਕਿ ਸ਼ਾਇਦ ਵਹੀਂ ਹੋ ਤਰੱਕੀ ਕਾ ਜ਼ੀਨਾ।

ਸੋ ਮਹਾਂਪੁਰਖ ਮੌਤ ਤੋਂ ਜ਼ਿੰਦਗੀ ਲਭਦੇ ਹਨ, ਉਨ੍ਹਾਂ ਦੀ ਮੌਤ ਸਰੀਰ ਦੇ ਵਿਛੋੜੇ ਤੋਂ ਸ਼ੁਰੂ ਨਹੀਂ ਹੁੰਦੀ, ਮੈਂ ਮੇਰੀ ਦੀ ਤਿਆਗ ਤੋਂ ਆਰੰਭ ਹੁੰਦੀ ਹੈ। ਉਹ ਮਹਾਂ ਬਲੀ ਮੋਹ ਨਾਲ ਲੜਦੇ ਹਨ, ਹਉਮੈ ਨੂੰ ਪਛਾੜਦੇ ਹਨ ਤੇ ਓੜਕ ਮੇਰ ਮੇਰ ਮੁਕਾ, ਮੈਂ ਤੂੰ ਦੀ ਹੱਦ ਟਪ, ਪਰਮ ਆਪੇ ਵਿਚ ਆਪਾ ਸਮਾ ਲੈਂਦੇ ਹਨ:

ਉਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ॥
ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ॥
(ਧਨਾਸਰੀ ਮ: ੫, ਪੰਨਾ ੬੭੨)

ਜਿਸ ਤਰ੍ਹਾਂ ਹਰ ਵਿਗਿਆਨਕ ਵੱਡੀਆਂ ਕਾਢਾਂ ਜਗਤ ਦੇ ਸਾਹਮਣੇ ਧਰਨ ਤੋਂ ਪਹਿਲਾਂ, ਆਪਣੀ ਤਜਰਬਾਗਾਹਾਂ ਵਿਚ ਤਜਰਬੇ ਕਰਦਾ ਹੈ। ਸਟੀਫ਼ਨ ਨੇ ਜਿਸ ਤਰ੍ਹਾਂ ਪਹਿਲਾਂ ਰੇਲ ਦਾ ਛੋਟਾ ਜਿਹਾ ਇੰਜਣ ਆਪਣੀ ਮੇਜ਼ 'ਤੇ ਚਲਾ ਕੇ ਵੇਖਿਆ ਸੀ, ਉਸੇ ਤਰ੍ਹਾਂ ਮਹਾਂਪੁਰਖ ਭਾਣੇ ਅਨੁਸਾਰ ਜੀਵਨ ਢਾਲਣ ਦੇ ਮੁਢਲੇ ਤਜਰਬੇ ਪੀਰ-ਮੁਰੀਦੀ ਦੇ ਪਹਾਰੇ ਵਿਚ ਬਹਿ ਕੇ ਕਰਦੇ ਹਨ। ਉਹ ਪਹਿਲੇ ਆਪਣੀ ਰਜ਼ਾ ਨੂੰ ਮੁਰਸ਼ਦ ਦੀ ਰਜ਼ਾ ਵਿਚ ਢਾਲਦੇ ਹਨ। ਉਹ ਆਪਣੇ ਮਨ ਦੀ ਮੱਤ ਤਿਆਗ ਤੇ ਦੂਜਾ ਭਾਉ ਵਿਸਾਰ ਮੁਰਸ਼ਦ ਦੀਆਂ ਖ਼ੁਸ਼ੀਆਂ ਲੈਂਦੇ ਹਨ:

ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥
(ਸੂਹੀ ਮ: ੫, ਪੰਨਾ ੭੬੩)

ਉਹ ਸੁਹਾਗਣ ਇਸਤਰੀਆਂ ਵਾਂਗ ਮਾਣ, ਤਾਣ ਤੇ ਅਹੰ ਬੁਧ ਨੂੰ ਤਿਆਗਦੇ ਹਨ:

ਮਾਣੁ ਤਾਣੁ ਅਹੰਬੁਧਿ ਹਤੀ ਰੀ॥ ਸਾ ਨਾਨਕ ਸੋਹਾਗਵਤੀ ਰੀ॥
(ਸੂਹੀ ਮ: ੫, ਪੰਨਾ ੭੩੯)

ਉਹ ਗੁਰੂ ਦੀ ਖ਼ੁਸ਼ੀ ਵਿਚ ਹੀ ਆਪਣੀ ਖੁਸ਼ੀ ਮੰਨਦੇ ਹਨ। ਹੁਕਮੀ ਕਾਰ ਕਰਨਾ, ਜੋ ਕਹੇ, ਭਲਾ ਕਰ ਮੰਨਣਾ, ਜੀਵਨ ਕਰਤਵ ਬਣਾਂਦੇ ਹਨ। ਉਹਨਾਂ ਦਾ ਆਪਣਾ ਪ੍ਰੋਗ੍ਰਾਮ ਕੋਈ ਨਹੀਂ ਰਹਿੰਦਾ। ਜੇ ਮਾਲਕ ਪੀਏ ਤਾਂ ਪਾਣੀ ਲਿਆਉਣਾ, ਜੇ ਖਾਏ ਤਾਂ ਆਟਾ ਪੀਹਣ ਲਗ ਪੈਣਾ, ਉਹਨਾਂ ਦੀ ਕਾਰ ਹੁੰਦੀ ਹੈ:

ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ॥
(ਮਾਰੂ ਮ: ੧, ਪੰਨਾ ੯੯੧)

ਉਹ ਸਾਰੀਆਂ ਦਲੀਲਾਂ ਤੇ ਹੁੱਜਤਾਂ ਛੱਡ ਕਿਸੇ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਜਾਚ ਸਿੱਖਦੇ ਹਨ ਤੇ ਓੜਕ ਇਕ ਦਿਨ ਮੁਰਸ਼ਦ ਦੇ ਆਪੇ ਵਿਚ ਨਿਜ ਆਪਾ ਪਾ, ਉਸਦਾ ਅੰਗ ਬਣ ਜਾਂਦੇ ਹਨ। ਕੌਣ ਨਹੀਂ ਜਾਣਦਾ ਕਿ ਬਾਬਾ ਸ੍ਰੀ ਚੰਦ ਜੀ ਮਹਾਨ ਤਪੱਸਵੀ ਸਨ, ਪਰ ਲਹਿਣਾ ਜੀ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਬਣਿਆ। ਯੋਗੀ ਰਾਜ ਸ੍ਰੀ ਚੰਦ ਜੀ ਦੀ ਤਪੱਸਿਆ ਕੁਝ ਘੱਟ ਨਹੀਂ ਸੀ, ਪਰ ਤਪੱਸਿਆ ਹੋਰ ਸ਼ੈ ਹੈ ਤੇ ਇਸ਼ਕਬਾਜ਼ੀ ਹੋਰ ਸ਼ੈ। ਕੀ ਜਗਤ ਦੀ ਨਿਗਾਹ ਵਿਚ ਇਹ ਠੀਕ ਨਹੀਂ ਕਿ ਜਿਸ ਦਿਨ ਰਾਤ ਨੂੰ ਬਾਬੇ ਨਾਨਕ ਜੀ ਨੇ ਕਪੜੇ ਧੋਣ ਵਾਸਤੇ ਕਿਹਾ ਤਾਂ ਬਾਬਾ ਸ੍ਰੀ ਚੰਦ ਤੇ ਲਖ਼ਮੀ ਦਾਸ ਨੇ ਅਗੋਂ ਇਹ ਉੱਤਰ ਦਿੱਤਾ ਕਿ ਪਿਤਾ ਜੀ ਦਿਨ ਚੜ੍ਹ ਲੈਣ ਦਿਉ। ਪਰ ਲਹਿਣਾ ਜੀ ਨੂੰ ਰਾਤ ਦਿਨ ਨਾਲ ਕੀ ਗ਼ਰਜ਼, ਉਹ ਤੇ ਹੁਕਮੀ ਬੰਦਾ ਸੀ। ਹੁਕਮ ਹੋਇਆ ਤਾਂ ਕਾਰੇ ਲੱਗ ਪਿਆ। ਪ੍ਰੇਮ, ਕਾਲ ਦੀਆਂ ਹੱਦਾਂ ਤੋਂ ਉਤਾਂਹ ਹੈ, ਦਿਨ ਰਾਤ ਦੇ ਵਿਤਕਰਿਆਂ ਵਿਚ ਨਹੀਂ ਪੈਂਦਾ; ਹਨੇਰ, ਚਾਨਣ ਦੇ ਸਵਾਲ ਨਹੀਂ ਉਠਾਂਦਾ, ਮਸਤ ਚਾਲ ਤੁਰਿਆ ਜਾਂਦਾ ਹੈ। ਲਹਿਣਾ ਜੀ ਉੱਠ ਕਾਰੇ ਲੱਗ ਗਿਆ। ਕਪੜੇ ਕੀ ਧੋਣੇ ਸੀ, ਨਿਜ ਆਪਾ ਧੋਣਾ ਸੀ। ਹੱਥ ਕਾਰ ਵੱਲ ਤੇ ਦਿਲ ਯਾਰ ਵੱਲ ਸੀ। ਪ੍ਰੀਤਮ ਦੇ ਕਪੜੇ ਧੋਤੇ, ਪ੍ਰੇਮੀ ਦਾ ਦਿਲ ਨਿੱਖਰ ਗਿਆ। ਪੁੱਛ ਹੋਈ, “ਲਹਣਿਆਂ, ਕਿਤਨੀ ਰਾਤ ਗਈ ਹੈ ਤੇ ਕਿਤਨੀ ਬਾਕੀ ਰਹੀ ਹੈ।” ਉੱਤਰ ਦਿੱਤਾ, “ਪਾਤਸ਼ਾਹ! ਜਿਤਨੀ ਗੁਜ਼ਾਰੀ ਜੇ ਲੰਘ ਗਈ, ਜਿਤਨੀ ਰਖੀ ਜੇ ਬਾਕੀ ਹੈ।” ਇਹੋ ਰਾਹ ਜਾਂਦਾ ਸੀ ਜੀਵਨ ਦੀ ਸਿਖਰ ਵੱਲ, ਤੁਰੀ ਗਿਆ। ਚਲਿਆ ਰਤਾ ਚਿਰਾਕਾ ਸੀ, ਰਫ਼ਤਾਰ ਤੇਜ਼ ਰਖੀਓਸੁ, ਪੁੱਜਾ ਮੰਜ਼ਲ 'ਤੇ, ਮਾਹੀ ਦਾ ਮੇਲ ਹੋਇਆ। ਗਲਵਕੜੀ ਪਈ ਤੇ ਲਹਿਣਾ ਅੰਗਦ ਹੋ ਗਿਆ:

ਇਸ਼ਕ ਕੀ ਭਠੀ ਮੇਂ ਜਿਸਮ ਢਾਲ ਕਰ ਕੁੰਦਨ ਕੀਆ॥
ਲਹਿਣੇ ਸੇ ਅੰਗਦ ਬਨਾ ਅੰਗਦ ਸੇ ਅਲਾਹ ਕਰ ਦੀਆ॥

ਸ੍ਰੀ ਚੰਦ ਫ਼ਕੀਰ ਤੇ ਅੰਗਦ ਪੀਰ ਹੋਇਆ। ਫ਼ਕੀਰੀ ਤਪੱਸਿਆ ਵਿਚ ਅਤੇ ਪੀਰੀ ਹੁਕਮ ਮੰਨਣ ਵਿਚ ਸੀ। ਜੋ ਹੁਕਮੋਂ-ਉਕਿਆ ਉਹ ਪੀਰੀਓਂ ਰਿਹਾ, ਜਿਨ ਜਾਤਾ ਉਨ ਪਾ ਲਈ:

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੁ ਮੁਰਟੀਐ॥
(ਰਾਮਕਲੀ ਵਾਰ ਸਤਾ ਬਲਵੰਡ, ਪੰਨਾ ੯੬੭)

ਹੁਕਮ ਦੇ ਇਹ ਅਭਿਆਸੀ ਕਈ ਵੇਰ ਰਮਜ਼ਾਂ ਨੂੰ ਬੁੱਝਦੇ ਤੇ ਇਸ਼ਾਰਿਆਂ 'ਤੇ ਚਲਦੇ ਹਨ। ਲਿਖਿਆ ਹੈ ਕਿ ਦਿੱਲੀ ਵਾਲੇ ਨਜ਼ਾਮ-ਉਦ-ਦੀਨ ਔਲੀਆ ਜਦ ਆਪਣੇ ਮੁਰਸ਼ਦ ਕੋਲ ਟਿਕ ਰਜ਼ਾ ਮੰਨਣ ਦਾ ਅਭਿਆਸ ਕਰਦੇ ਸਨ ਤਾਂ ਇਕ ਵੇਰ ਇਤਫ਼ਾਕ ਨਾਲ ਉਹਨਾਂ ਦੇ ਪਜਾਮੇ ਦਾ ਨਾਲਾ ਹੇਠਾਂ ਲਮਕ ਰਿਹਾ ਸੀ, ਜਦ ਗੁਰਦੇਵ ਦੀ ਨਿਗਾਹ ਪਈ ਤਾਂ ਉਹਨਾਂ ਰਤਾ ਤਾੜ ਕੇ ਕਿਹਾ, “ਦਰਵੇਸ਼ਾ! ਅਜ਼ਾਰਬੰਦ (ਨਾਲਾ) ਸੰਭਾਲ।” ਫ਼ਕੀਰ ਨੂੰ ਨਾਲਾ ਕੱਸ ਕੇ ਬੰਨ੍ਹਣਾ ਚਾਹੀਦਾ ਹੈ। ਪੀਰ ਦੇ ਇਸ ਬਚਨ ਨੂੰ ਮੁਰੀਦ ਨੇ ਖ਼ਾਸ ਇਸ਼ਾਰਾ ਸਮਝਿਆ ਤੇ ਸਾਰੀ ਉਮਰ ਸ਼ਾਦੀ ਨਾ ਕਰਾਈ। ਭਾਵੇਂ ਹੈ ਤਾਂ ਪੁਰਾਣਕ ਪਰ ਹੈ ਬੜਾ ਸੁਆਦਲਾ ਪ੍ਰਮਾਣ, ਰਜ਼ਾ ਮੰਨਣ ਦੇ ਅਭਿਆਸ ਦਾ। ਲਿਖਿਆ ਹੈ ਕਿ ਜਦ ਰਾਮਚੰਦਰ ਜੀ ਰਾਵਣ ਨੂੰ ਮਾਰ, ਸੀਤਾ ਜੀ ਨੂੰ ਵਾਪਸ ਲਿਆ ਕੇ, ਅਯੁਧਿਆ ਆਣ ਟਿਕੇ ਤਾਂ ਉਹਨਾਂ ਦਾ ਅਨਿੰਨ ਭਗਤ ਹਨੂੰਮਾਨ ਭੀ ਨਾਲ ਹੀ ਅਯੁਧਿਆ ਆ ਰਿਹਾ। ਇਕ ਦਿਨ ਸੁਹਾਗਣ ਸੀਤਾ ਜੀ ਦੇਸ਼ ਦੇ ਰਿਵਾਜ ਅਨੁਸਾਰ ਆਪਣੀ ਮਾਂਗ ਵਿਚ ਸੰਧੂਰ ਭਰ ਰਹੇ ਸਨ। ਹਨੂੰਮਾਨ ਜੀ ਨੇ ਭੋਲੇ ਭਾਇ ਪੁਛਿਆ, “ਮਾਤਾ! ਤੁਸੀਂ ਵਾਲਾਂ ਵਿਚ ਸੰਧੂਰ ਕਿਉਂ ਲਗਾ ਰਹੇ ਹੋ?” ਸੀਤਾ ਜੀ ਨੇ ਪਿਆਰ ਨਾਲ ਕਿਹਾ, “ਬੇਟਾ! ਤੇਰੇ ਪਿਤਾ ਇਸ ਨੂੰ ਦੇਖ ਕੇ ਪ੍ਰਸੰਨ ਹੁੰਦੇ ਹਨ।” ਭਗਤ ਹਨੂੰਮਾਨ ਨੇ ਪ੍ਰੀਤਮ ਦੀ ਪ੍ਰਸੰਨਤਾ ਦੀ ਗੱਲ ਸੁਣ ਸਾਰੇ ਹੀ ਪਿੰਡੇ 'ਤੇ ਸੰਧੂਰ ਮਲ ਲਿਆ ਤੇ ਅੱਜ ਤਕ ਵੀ ਉਹਨਾਂ ਦੀ ਮੂਰਤੀ ਸੰਧੂਰ ਨਾਲ ਹੀ ਰੰਗੀ ਜਾਂਦੀ ਹੈ। ਰਜ਼ਾ ਦੇ ਇਹ ਅਭਿਆਸੀ ਬਹੁਤ ਵੇਰ, ਪਰ ਭੋਲੇ ਭਾਇ ਹੁਕਮ ਮੰਨਣ ਵਿਚ ਕਰਮ-ਕਾਂਡ, ਸ਼ਰੀਅਤਾਂ, ਰੀਤਾਂ ਤੇ ਰਸਮਾਂ ਨੂੰ ਲੰਘ ਤੁਰਦੇ ਹਨ। ਹਾਫ਼ਜ਼ ਸ਼ੀਰਾਜ਼ੀ ਲਿਖਦੇ ਹਨ, “ਜੇ ਮੁਰਸ਼ਦ ਕਹਿਣ ਤਾਂ ਤੂੰ ਆਪਣਾ ਮੁਸੱਲਾ ਵੀ ਸ਼ਰਾਬ ਨਾਲ ਰੰਗ ਲੈ, ਕਿਉਂ ਜੋ ਰਾਹ ਦੱਸਣ ਵਾਲੇ ਨੂੰ ਵਾਟ ਦੇ ਉਚਾਣ-ਨੀਵਾਣ ਦਾ ਪਤਾ ਹੁੰਦਾ ਹੈ।

ਬਮਏ ਸੱਜ਼ਾਦਾ ਦਾ ਰੰਗੀ ਕੁੰਨ ਅਗਰ ਪੀਰੇ ਮੁਗ਼ਾਂ ਗੋਇਦ।
ਕਿ ਸਾਲਕ ਬਖ਼ਬਰ ਨਾ ਬਵੱਦ ਜ਼ਿਰਾਹੋ ਰਸਮੇ ਮੰਜ਼ਿਲ ਹਾ।

ਮਾਲਵੇ ਦੇ ਰੇਤ-ਥਲ 'ਤੇ ਸਿਖ ਸੰਗਤਾਂ ਦੇ ਜੁੜੇ ਦੀਵਾਨ ਵਿਚ, ਤਾਰਿਆਂ ਦੇ ਪਰਵਾਰ ਵਿਚ ਟਿਕੇ ਚੰਨ ਵਾਂਗ, ਕਲਗੀਧਰ ਗ਼ਰੀਬ ਨਿਵਾਜ਼ ਬੈਠੇ ਸਨ ਤੇ ਸਾਹਮਣੇ ਬੀਰ ਬੈਰਾੜਾਂ ਦਾ ਮਸ਼ਹੂਰ ਸਰਦਾਰ ਰਾਇ ਡੱਲਾ ਸਿੰਘ ਆਪਣੀ ਤੇ ਆਪਣੇ ਸਾਥੀ ਬੈਰਾੜਾਂ ਦੀ ਬੀਰਤਾ ਦੀ ਵਡਿਆਈ ਕਰ, ਇਸ ਗੱਲ 'ਤੇ ਪਛਤਾ ਰਿਹਾ ਸੀ ਕਿ ਉਹ ਚਮਕੌਰ ਸਾਹਿਬ ਵਿਚ ਸਤਿਗੁਰਾਂ ਦੇ ਨਾਲ ਕਿਉਂ ਨਾ ਹੋਇਆ। ਜੇ ਹੁੰਦਾ ਤਾਂ ਬੈਰਾੜਾਂ ਦੀ ਤਲਵਾਰ, ਜਿਨ੍ਹਾਂ ਦੀ ਕੌਮ ਨੂੰ ਸਤਿਗੁਰਾਂ ਨੇ ਸਦਾ ਆਪਣੇ ਸਿੱਖ ਸਮਝਿਆ ਹੈ, ਸ਼ਾਇਦ ਰੇਖ ਵਿਚ ਮੇਖ਼ ਮਾਰ ਜੰਗ ਦਾ ਰੰਗ ਪਲਟਾ ਦੇਂਦੀ:

ਹਮਾ ਕੌਮੇ ਬੈਰਾੜ ਹੁਕਮੇ ਮਰਾ ਅਸਤ।
(ਜ਼ਫ਼ਰਨਾਮਾ ਪਾ: ੧੦)

ਡੱਲਾ ਸਿੰਘ ਮਨੁੱਖ ਸੀ, ਆਪਣੀ ਤੇ ਆਪਣੀ ਕੌਮ ਦੀ ਬੀਰਤਾ ਦੀ ਗੱਲ ਕਰਦਿਆਂ ਹੋਇਆਂ ਡੋਲ ਗਿਆ। ਸਿੱਖੀ ਦੀ ਸਹਿਜ ਅਵਸਥਾ ਤੋਂ ਉੱਖੜ, ਬਚਨਾਂ ਵਿਚ ਕੁਝ ਅਭਿਆਸ ਦੀ ਝਲਕ ਦਿਖਾਉਣ ਲੱਗਾ ਤਾਂ ਦਿਲਾਂ ਦੀ ਵੇਦਨਾ ਦੇ ਵੈਦ ਸਤਿਗੁਰਾਂ ਨੇ ਟੋਕਦਿਆਂ ਹੋਇਆਂ ਕਿਹਾ, “ਕੋਈ ਗੱਲ ਨਹੀਂ। ਤੇਰੀ ਤੇ ਤੇਰੀ ਕੌਮ ਦੀ ਬੀਰਤਾ ਵੀ ਕਦੀ ਪਰਖੀ ਜਾਸੀ।” ਇਤਨੇ ਵਿਚ ਹੀ ਇਕ ਸਿੱਖ ਨੇ ਮੱਥਾ ਟੇਕ ਬੰਦੂਕ ਭੇਟਾ ਆਣ ਧਰੀ। ਸਤਿਗੁਰਾਂ ਨੇ ਬੈਰਾੜਪਤੀ ਨੂੰ ਕਿਹਾ, “ਹੁਣ ਕੰਮ ਬਣ ਗਿਆ ਹੈ, ਜਾਓ, ਆਪਣੇ ਸੂਰਮਿਆਂ ਵਿਚੋਂ ਕਿਸੇ ਇਕ ਨੂੰ ਲਿਆ ਕੇ ਸਾਹਮਣੇ ਖਲ੍ਹਾਰੋ, ਮੈਂ ਬੰਦੂਕ ਦੀ ਮਾਰ ਪਰਖਾਂਗਾ।” ਡੱਲਾ ਸਿੰਘ ਸਤਿਗੁਰਾਂ ਦਾ ਹੁਕਮ ਸੁਣ ਆਪਣੇ ਡੇਰੇ ਗਿਆ, ਉਸ ਨੇ ਆਪਣੇ ਆਦਮੀਆਂ ਨੂੰ ਬਹੁਤ ਹੀ ਪ੍ਰੇਰਨਾ ਕੀਤੀ, ਪਰ ਜੰਗ ਦੇ ਜਾਂਬਾਜ਼ ਸਿਪਾਹੀਆਂ ਵਿਚੋਂ ਕੋਈ ਭੀ ਸਿਰ ਤਲੀ 'ਤੇ ਰੱਖ ਯਾਰ ਦੀ ਗਲੀ ਵਿਚ ਵੜਨ ਦਾ ਹੀਆ ਨਾ ਕਰ ਸਕਿਆ। ਰਾਇ ਡੱਲਾ ਨਿੰਮੋਝੂਣਾ ਜਿਹਾ ਹੋ ਸਤਿਗੁਰਾਂ ਕੋਲ ਪੁੱਜਾ ਤੇ ਉਹਨਾਂ ਨੇ ਧੀਰਜ ਦੇ ਕੇ ਕੋਲ ਬਿਠਾ ਲਿਆ ਤੇ ਆਪਣੇ ਹਜ਼ੂਰੀ ਸਿੱਖ ਨੂੰ ਕਿਹਾ, “ਜਾਓ, ਜਿਥੇ ਵਹੀਰ ਦੇ ਨਾਲ ਆਏ ਸਿੰਘ ਸਜ ਰਹੇ ਹਨ, ਉਹਨਾਂ ਨੂੰ ਖ਼ਬਰ ਦਿਉ ਕਿ ਸਾਨੂੰ ਬੰਦੂਕ ਦੀ ਮਾਰ ਪਰਖਣ ਲਈ ਇਕ ਸੂਰਮੇ ਦੀ ਛਾਤੀ ਨਿਸ਼ਾਨਾ ਕਰਨ ਦੀ ਲੋੜ ਹੈ।” ਸਤਿਗੁਰਾਂ ਦਾ ਹੁਕਮ ਮੰਨ, ਹਜ਼ੂਰੀਏ ਸਿੰਘ ਨੇ ਵਹੀਰ ਵਿਚ ਜਾ ਖ਼ਬਰ ਕੀਤੀ ਤਾਂ ਸੁਣਦਿਆਂ ਹੀ ਸਭ ਸਿੰਘ ਉਠ ਦੌੜੇ, ਭਲਾ ਮਿਰਤਕ ਸਰੀਰ ਲੈ, ਅਮਰ ਜੀਵਨ ਦੇਣ ਵਾਲੇ ਦਾਤੇ ਦੀ ਗੋਲੀ ਨੂੰ ਕੌਣ ਭੇਦਾਂ ਦਾ ਮਹਿਰਮ, ਸੀਨੇ ਵਿਚ ਖਾਣ ਲਈ ਬੇਕਰਾਰ ਨਾ ਹੁੰਦਾ:

ਤੂੰ ਅਜਬ ਖ਼ਦੰਗ ਨਿਵਾਜ਼ ਥਾ,
ਤੇਰੀ ਜਦ ਪੈ ਆਤੇ ਥੇ ਖ਼ੁਦ ਹੁਮਾ।
ਵੋਹ ਲੁਤਫ਼ ਸੇ ਕਹਿਤਾ ਥਾ, ਮਰਹਬਾ,
ਤੇਰੇ ਤੀਰ ਕਾ ਜੋ ਸ਼ਿਕਾਰ ਥਾ।

ਇਸ ਸਮੇਂ ਭਾਈ ਬੀਰ ਸਿੰਘ ਜੀ ਦਸਤਾਰਾ ਸਜਾ ਰਹੇ ਸਨ:

ਬੀਰ ਸਿੰਘ ਤੋਂ ਸਜਦ ਦਸਤਾਰਾ।
ਜਬੀ ਮੇਵੜੇ ਐਸ ਉਚਾਰਾ।
(ਗੁ:ਪ੍ਰ: ਸੂ:)

ਸਿੰਘਾਂ ਦੀ ਸ਼ਰੀਅਤ, ਰਹਿਤ ਮਰਯਾਦਾ ਵਿਚ, ਕਿਸੇ ਸਿੰਘ ਨੂੰ ਚਿਣ ਕੇ ਦਸਤਾਰ ਸਜਾਣ ਤੋਂ ਬਿਨਾਂ, ਦੀਵਾਨ ਵਿਚ ਆਉਣ ਦੀ ਆਗਿਆ ਨਹੀਂ। ਬੀਰ ਸਿੰਘ ਦੀ ਦਸਤਾਰ ਅਜੇ ਅੱਧ ਵਿਚ ਹੀ ਸੀ।

ਕੰਘਾ ਦੋਨੋਂ ਵਕਤ ਕਰ ਪਾਗ ਚੁੰਨ ਕਰ ਬਾਂਧਹੀ।
(ਤਨਖਾਹਨਾਮਾ, ਭਾਈ ਨੰਦ ਲਾਲ)

ਪਨਾ–
ਗੁਰੂ ਕਾ ਸਿਖ ਦੀਵਾਨ ਵਿਚ ਦਸਤਾਰ ਸਜਾ ਕੇ ਆਵੇ।
(ਭਾਈ ਚੌਪਾ ਸਿੰਘ)

ਹੁਣ ਇਕ ਪਾਸੇ ਸ਼ਰੀਅਤ ਸੀ ਤੇ ਇਕ ਪਾਸੇ ਤਰੀਕਤ, ਇਕ ਬੰਨੇ ਸ਼ਿੰਗਾਰ ਸੀ ਤੇ ਇਕ ਬੰਨੇ ਮਿਲਾਪ। ਸ਼ਿੰਗਾਰ ਭਾਵੇਂ ਸੁਹਾਗਣਾਂ ਨੂੰ ਬਣ ਆਇਆ ਹੈ ਪਰ ਕੋਈ ਚਤੁਰ ਸੁਲੱਖਣੀ, ਮਿਲਾਪ ਦਾ ਸਮਾਂ ਸ਼ਿੰਗਾਰ ਲਈ ਨਹੀਂ ਗਵਾਉਂਦੀ। ਰਜ਼ਾ ਮੰਨਣ ਦੇ ਅਭਿਆਸੀ ਭਾਈ ਬੀਰ ਸਿੰਘ ਜੀ ਭੀ ਅੱਧੀ ਦਸਤਾਰ ਹੱਥ ਵਿਚ ਹੀ ਫੜ ਉਠ ਭੱਜੇ ਤੇ ਸਤਿਗੁਰਾਂ ਦੀ ਹਜ਼ੂਰੀ ਵਿਚ ਪੁਜ ਉੱਚੀ ਆਵਾਜ਼ ਵਿਚ ਬੋਲੇ, “ਮੈਂ ਸ਼ਹਾਦਤ ਲਈ ਸ਼ਰੀਅਤ ਕੁਰਬਾਨ ਕੀਤੀ ਹੈ, ਸ਼ਹੁ ਰਿਝਾਉਣ ਹਿਤ ਮੈਂ ਸ਼ਿੰਗਾਰ ਵਿਚੇ ਛਡਿਆ ਹੈ।” ਇਹ ਸੁਣ ਸਤਿਗੁਰੂ ਪ੍ਰਸੰਨ ਹੋਏ ਤੇ ਬੀਰ ਸਿੰਘ ਪ੍ਰਵਾਨ ਹੋਇਆ।

ਹੁਕਮ ਰਜਾਈ ਵਿਚ ਚੱਲਣ ਵਾਲੇ ਮਹਾਂਪੁਰਖਾਂ ਦੇ ਇਹੋ ਜਿਹੇ ਕੌਤਕ ਭਾਵੇਂ ਬਾਹਰਮੁਖੀ ਸੰਸਾਰ ਨੂੰ ਅਲ-ਵਲੱਲੇ ਤੇ ਅਸਚਰਜ ਜਿਹੇ ਭਾਸਦੇ ਹਨ ਪਰ ਰਮਜ਼ੋਂ ਖ਼ਾਲੀ ਕਦੀ ਨਹੀਂ ਹੁੰਦੇ। ਇਨ੍ਹਾਂ ਰਮਜ਼ਾਂ ਦਾ ਭੇਦ ਮਹਿਰਮ ਨੂੰ ਹੀ ਮਿਲਦਾ ਹੈ। ਲਿਖਿਆ ਹੈ ਕਿ ਜਦ ਲੋਭੀ ਔਰੰਗਜ਼ੇਬ, ਪਿਤਾ ਨੂੰ ਕੈਦ ਕਰ, ਭਰਾਵਾਂ ਨੂੰ ਮਾਰ ਦਿੱਲੀ ਦੇ ਤਖ਼ਤ ’ਤੇ ਬੈਠ ਗਿਆ ਤਾਂ ਇਸ ਨੂੰ ਇਕ ਹੋਰ ਚਿੰਤਾ ਲਗੀ ਕਿ ਦਾਰਾ ਸ਼ਿਕੋਹ ਬੜਾ ਖ਼ੁਦਾਪ੍ਰਸਤ ਸੀ, ਕਿਤੇ ਉਸਦੇ ਸੰਗੀ ਬਗ਼ਾਵਤ ਦੀ ਅੱਗ ਨਾ ਭੜਕਾ ਦੇਣ। ਬਾਦਸ਼ਾਹ ਔਰੰਗਜ਼ੇਬ ਨੇ ਇਕ ਇਕ ਨੂੰ ਮੁਕਾਉਣਾ ਚਾਹਿਆ ਤੇ ਓੜਕ ਇਕ ਦਿਨ ਸਰਮੱਦ [1] ਦੀ ਵਾਰੀ ਭੀ ਆ ਗਈ। ਇਹਨਾਂ ਨੂੰ ਪਕੜ ਮੰਗਵਾਇਆ ਗਿਆ। ਸਰਮੱਦ ਜੀ ਨਗਨ ਸਨ, ਭੇਖ ਕਰਕੇ ਨਹੀਂ, ਕਿਸੇ ਰੰਗ ਵਿਚ।

([1] ਸਰਮੱਦ ਇਕ ਇਰਮਨੀ ਯਹੂਦੀ ਸੀ, ਜੋ ਹਿੰਦੁਸਤਾਨ ਵਿਚ ਵਪਾਰ ਲਈ ਆਇਆ। ਸਿੰਧ ਦੇ ਸ਼ਹਿਰ ਠਟ ਵਿਚ ਮਜਾਜ਼ੀ ਇਸ਼ਕ ਵਿਚ ਬਉਰਾ ਹੋ ਹਕੀਕਤ ਤਕ ਪੁਜਾ। ਔਰੰਗਜ਼ੇਬ ਦੇ ਹੁਕਮ ਨਾਲ ਉਸਦਾ ਕਤਲ ਹੋਇਆ, ਉਸਦੀ ਮਜ਼ਾਰ ਦਿੱਲੀ ਵਿਚ ਜਾਮਾ ਮਸਜਿਦ ਦੇ ਕੋਲ ਹੈ)

ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ॥
(ਸੂਹੀ ਮ: ੫, ਪੰਨਾ ੭੪੫)

ਜਦ ਦਰਬਾਰ ਵਿਚ ਆਏ ਤਾਂ ਔਰੰਗਜ਼ੇਬ ਦੇ ਇਸ਼ਾਰੇ 'ਤੇ ਮੁਫ਼ਤੀ ਨੇ ਸ਼ਰਈ ਫ਼ਤਵਾ ਦੇਂਦਿਆਂ ਹੋਇਆਂ ਕਿਹਾ, “ਮੋਮਨ ਲਈ ਨੰਗਾ ਰਹਿਣਾ ਜੁਰਮ ਹੈ।” ਬਾਦਸ਼ਾਹ ਨੇ ਇਕ ਲੰਬਾ ਰੇਸ਼ਮੀ ਚੋਲਾ ਮੰਗਾ ਕੇ ਸਰਮੱਦ ਨੂੰ ਪਹਿਨਣ ਲਈ ਕਿਹਾ। ਉਹਨਾਂ ਨੇ ਕਪੜਾ ਫੜ ਲਿਆ, ਕੁਝ ਦੇਰ ਉਸਦੀ ਭੜਕ ਤੇ ਸੁਨਹਿਰੀ ਕੰਮ ਦੀ ਚਮਕ ਨੂੰ ਦੇਖਦੇ ਰਹੇ ਤੇ ਫਿਰ ਬੋਲੇ, “ਥੋੜ੍ਹੀ ਜਿਹੀ ਅੱਗ ਚਾਹੀਦੀ ਹੈ!" ਬਾਦਸ਼ਾਹ ਦੇ ਇਸ਼ਾਰੇ 'ਤੇ ਨਰ ਇਕ ਭਖਦਾ ਭਖਦਾ ਅੰਗਾਰ ਲੈ ਆਇਆ। ਸਰਮੱਦ ਨੇ ਅੰਗਾਰ ਜ਼ਮੀਨ 'ਤੇ ਧਰ ਕੇ ਉਸ 'ਤੇ ਚੋਗਾ ਰੱਖ ਕੇ ਫੂਕ ਮਾਰ ਦਿਤੀ। ਕਪੜਾ ਦੇਖਦਿਆਂ ਦੇਖਦਿਆਂ ਸੜ ਕੇ ਸੁਆਹ ਹੋ ਗਿਆ।

ਬਾਦਸ਼ਾਹ ਨੇ ਪੁਛਿਆ, “ਇਹ ਕੀ ਕੀਤਾ ਜੇ?” ਸਰਮੱਦ ਬੋਲੇ, “ਮੈਂ ਕੀ ਕੀਤਾ ਏ! ਬੰਦਾ, ਤੇ ਕੁਛ ਕਰ ਸਕੇ, ਕੁਫ਼ਰ ਨਾ ਕਹੋ, ਜੋ ਹੋਇਆ ਹੈ ਕਾਦਰ ਨੇ ਕੀਤਾ ਹੈ।”

ਬਾਦਸ਼ਾਹ ਨੇ ਇਸ ਹਮਾਓਸਤੀ (ਸਭ ਕੁਛ ਉਹ ਹੈ) ਸੂਫ਼ੀ ਦੀ ਇਹ ਰਮਜ਼ ਸਮਝ ਕਿਹਾ, “ਜੇ ਉਸਨੇ ਤੇਰਾ ਲਿਬਾਸ ਸਾੜ ਦੇਣਾ ਸੀ ਤਾਂ ਸਾਨੂੰ ਸ਼ਰਹ ਵਿਚ ਲਿਬਾਸ ਪਹਿਨਣ ਦੀ ਤਾਕੀਦ ਕਿਉਂ ਕੀਤੀ।” ਸਰਮੱਦ ਮੁਸਕਰਾਏ ਤੇ ਕਹਿਣ ਲੱਗੇ, “ਇਹ ਤਾਂ ਗੱਲ ਹੀ ਸਿੱਧੀ ਹੈ, ਜਿਸ ਨੇ ਤੇਰੇ ਸਿਰ 'ਤੇ ਬਾਦਸ਼ਾਹੀ ਦਾ ਤਾਜ ਧਰਿਆ, ਉਸਨੇ ਹੀ ਸਾਨੂੰ ਨਗਨ ਕੀਤਾ ਹੈ। ਉਸਨੇ ਹਰ ਉਹ ਸ਼ੈ ਜੋ ਮੈਲੀ ਸੀ, ਢੱਕ ਦਿੱਤੀ ਤੇ ਸਾਨੂੰ ਬੇਐਬਾਂ ਨੂੰ ਨੰਗਿਆਂ ਕਰ ਦਿੱਤਾ:

ਹਰ ਕਿ ਤੁਰਾ ਕੁਲਾਹੇ ਸੁਲਤਾਨੀ ਦਾਦ।
ਮਾ ਗਰੀਬਾ ਰਾ ਲਿਬਾਸੈ ਪਰੇਸ਼ਾਨੀ ਦਾਦ।
ਪੋਸ਼ਾ ਨੀਦ ਲਿਬਾਸੇ ਹਰ ਆਂ ਕਿ ਰਾ ਐਬੇ ਦੀਦ।
ਮਾਹ ਬੇ ਐਬਾ ਰਾ ਲਿਬਾਸੇ ਉਰ ਆਨੀ ਦਾਦ।

ਸੰਤਾਂ ਦੀ ਗੱਲ ਭੀ ਸਹੀ ਸੀ, ਗੰਦਗੀ ਨੂੰ ਭੰਗਣਾਂ ਢੱਕ ਕੇ ਲੈ ਜਾਂਦੀਆਂ ਹਨ, ਜੇ ਅਜਿਹਾ ਨਾ ਕਰਨ ਤਾਂ ਲੋਕ ਗੁੱਸੇ ਹੁੰਦੇ ਤੇ ਕੱਜਣ 'ਤੇ ਮਜਬੂਰ ਕਰਦੇ ਹਨ ਅਤੇ ਕਸਤੂਰੀ ਦੀਆਂ ਡੱਬੀਆਂ ਖੁਲ੍ਹਵਾ ਖੁਲ੍ਹਵਾ ਸੁਗੰਧੀਆਂ ਲੈਂਦੇ ਤੇ ਚੱਟਾਨਾਂ ਤੋੜ ਤੋੜ ਲਾਲਾਂ ਨੂੰ ਬਾਹਰ ਲਿਆਉਂਦੇ ਹਨ।

ਅਭਿਆਸ ਨਾਲ ਭਾਣਾ ਮੰਨਣ ਦਾ ਸੁਭਾਅ ਬਣ ਜਾਂਦਾ ਹੈ ਤੇ ਜਗਿਆਸੂਆਂ ਨੂੰ ਇਸ ਵਿਚੋਂ ਰਸ ਆਉਣ ਲੱਗ ਪੈਂਦਾ ਹੈ। ਆਤਮਵਾਦੀਆਂ ਦਾ ਨਿਸਚਾ ਹੈ ਕਿ ਸਾਦਕਾਂ ਦੀ ਇਸ ਤਾਰ ਨੂੰ ਮੌਤ ਵੀ ਨਹੀਂ ਤੋੜ ਸਕਦੀ। ਰਵਾਇਤ ਹੈ ਕਿ ਮਜਨੂੰ ਦੇ ਮਰਨ 'ਤੇ ਲੈਲਾ ਦੀਆਂ ਸਹੇਲੀਆਂ ਨੇ ਉਸ ਨੂੰ ਤਾਹਨਾ ਦਿੱਤਾ ਤੇ ਕਿਹਾ, "ਤੂੰ ਕਹਿੰਦੀ ਸੈਂ ਕਿ ਕੈਸ ਸਾਦਕ ਹੈ, ਉਸਦਾ ਨਿਹੁੰ ਤੇਰੇ ਨਾਲ ਨਿਭੇਗਾ, ਪਰ ਅਜਿਹਾ ਹੋਇਆ ਤੇ ਨਾ। ਤੁਹਾਡੇ ਵਿਚ ਮੌਤ ਨੇ ਕੰਧ ਚਾੜ੍ਹ ਦਿਤੀ, ਕਜ਼ਾ ਦੇ ਬਲੀ ਹੱਥ ਨੇ ਵਿਛੋੜਾ ਪਾ ਹੀ ਦਿੱਤਾ।”

ਲੈਲਾ ਨੇ ਸੁਣ ਕੇ ਕਿਹਾ, “ਨਹੀਂ, ਅਜਿਹਾ ਨਹੀਂ ਹੋ ਸਕਦਾ, ਪਿਆਰ ਅਮਰ ਹੈ, ਮੌਤ ਉਸ ਨੂੰ ਜਿੱਤ ਨਹੀਂ ਸਕਦੀ। ਮਜਨੂੰ ਅੱਜ ਭੀ ਮੇਰਾ ਹੈ।"

ਸਖੀਆਂ ਕਿਹਾ, “ਸਬੂਤ!”

ਲੈਲਾ ਨੇ ਕਿਹਾ, “ਚਲੋ ਕਬਰਿਸਤਾਨ ਵਿਚ।” ਸਹੇਲੀਆਂ ਰੱਲ, ਗੋਰਸਤਾਨ ਪੁੱਜੀਆਂ। ਲੈਲਾ ਦੇ ਅੰਦਰ ਪਿਆਰ ਦੀ ਕਾਂਗ ਚੜ੍ਹ ਆਈ, ਬਿਹਬਲ ਹੋਈ, ਸੱਜਲ ਨੈਣ ਨੂੰ ਮਹਿਬੂਬ ਦੀ ਕਬਰ ਦਾ ਪਤਾ ਨਾ ਲੱਗੇ, ਹਾਰ ਕੇ ਹਰ ਕਬਰ 'ਤੇ ਜਾ ਠੋਕਰ ਮਾਰ ਕਹਿਣ ਲੱਗੀ, “ਜੋ ਮੇਰਾ ਤਾਲਬ ਹੈ ਬੋਲ ਪਏ।” ਬਹੁਤ ਕਬਰਾਂ ਠੁਕਰਾਣ ਦੇ ਬਾਅਦ ਇਕ ਟੁੱਟੀ ਹੋਈ ਕਬਰ ਆਈ, ਜਦ ਲੈਲਾ ਨੇ ਉਸਨੂੰ ਠੋਕਰ ਮਾਰੀ ਤਾਂ ਕਿਆਮਤ ਜਿਹੀ ਬਰਖ਼ਾ ਹੋ ਗਈ, ਕਬਰ ਹਿੱਲੀ ਤੇ ਵਿਚੋਂ ਅਵਾਜ਼ ਆਈ, “ਕੀ ਆਗਿਆ ਹੈ? ਮੈਂ ਅੱਜ ਭੀ ਹਰ ਹੁਕਮ ਮੰਨਣ ਲਈ ਹਾਜ਼ਰ ਹਾਂ।”
ਢੂੰਢਨੇ ਜੋ ਆਏ ਵਹੁ ਗੋਰੇ ਗਰੀਬਾਂ ਮੇਂ ਉਸੇ,
ਪਰ ਨਿਸ਼ਾਨੇ ਕਬਰ ਤਕ ਉਸ ਕਾ ਨਾ ਉਨ ਕੋ ਯਾਦ ਹੋ।
ਹਰ ਲਹਦ ਕੇ ਨਾਜ਼ ਸੇ ਠੁਕਰਾ ਕੇ ਯੂੰ ਕਹਿਨੇ ਲਗੇ,
ਬੋਲ ਉਠੇ ਜੋ ਹਮਾਰਾ ਆਸ਼ਕੇ ਨਾਸ਼ਾਦ ਹੋ।
ਉਸ ਘੜੀ ਇਕ ਬੇ-ਨਿਸ਼ਾਂ ਤੁਰਬਤ ਸੇ ਆਈ ਯੇ ਸਦਾ,
ਮੈਂ ਜਾਨੋਂ ਦਿਲ ਸੇ ਆਜ ਭੀ ਹਾਜ਼ਰ ਹੂੰ ਜੋ ਅਰਸ਼ਾਦ ਹੋ।

ਭਾਵੇਂ ਇਹ ਇਕ ਕਿੱਸਾ ਹੀ ਹੈ ਪਰ ਇਸ਼ਾਰਾ ਮਹਾਨ ਉੱਚੀ ਸੱਚਾਈ ਵੱਲ ਕਰਦਾ ਹੈ।

ਕਿੱਸਿਆਂ ਦੀਆਂ ਰਵਾਇਤਾਂ ਤੋਂ ਬਿਨਾਂ ਜਦ ਅਸੀਂ ਮਨੁੱਖੀ ਜੀਵਨ ਦੇ ਇਤਿਹਾਸ 'ਤੇ ਨਿਗਾਹ ਮਾਰਦੇ ਹਾਂ, ਤਾਂ ਵੀ ਸਾਨੂੰ ਰਜ਼ਾ ਦੇ ਤਾਲਬਾਂ ਦੇ ਅਜਬ ਅਜਬ ਚਮਤਕਾਰ ਦਿਸ ਆਉਂਦੇ ਹਨ। ਉਹਨਾਂ ਨੂੰ ਜਦ ਭਾਣੇ ਦਾ ਸੁਆਦ ਆਉਣ ਲਗਦਾ ਏ, ਤਾਂ ਉਹ ਉਸ ਵਿਚ ਮਾਖਿਓ ਦੀ ਮੱਖੀ ਵਾਂਗ ਜੁਟ ਬਹਿੰਦੇ ਹਨ। ਮੁਸੀਬਤਾਂ, ਬਲਾਵਾਂ, ਤੰਗੀਆਂ, ਗ਼ੁਰਬਤਾਂ ਤੇ ਓੜਕ ਮੌਤ ਤਕ ਭੀ, ਆਪਣਾ ਭੈ ਦੇ ਦੇ ਉਹਨਾਂ ਨੂੰ ਰਜ਼ਾ ਤੋਂ ਹਟਾਣਾ ਚਾਹੁੰਦੀ ਹੈ ਪਰ ਉਹ ਦ੍ਰਿੜ੍ਹ ਵਿਸ਼ਵਾਸੀ ਹਟਦੇ ਨਹੀਂ। ਕਿਆ ਸੋਹਣਾ ਦ੍ਰਿਸ਼ ਸੀ, ਦਿੱਲੀ ਦੇ ਚਾਂਦਨੀ ਚੌਕ ਵਿਚ ਜਦ ਰੱਬ ਦੀ ਰਜ਼ਾ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਸਤਿਗੁਰਾਂ ਦੀ ਰਜ਼ਾ ਵਿਚ ਭਾਈ ਮਤੀ ਦਾਸ ਜੀ ਸ਼ਾਹੀ ਕੈਦੀ ਦੀ ਹੈਸੀਅਤ ਵਿਚ ਆਏ। ਇਹ ਨਦੀ, ਦਰਿਆ ਤੇ ਸਮੁੰਦਰ ਦਾ ਇਸ਼ਕ ਹੀ, ਅੰਦਰੋਂ ਇਕ ਤੇ ਬਾਹਰੋਂ ਤਿੰਨ ਰੂਪ ਲੈ ਕੌਤਕ ਕਰ ਰਿਹਾ ਸੀ। ਸਤਿਗੁਰੂ ਜੀ ਸੂਲਾਂ ਵਾਲੇ ਲੋਹੇ ਦੇ ਪਿੰਜਰੇ ਵਿਚ ਕੈਦ ਸਨ। ਜਦੋਂ ਮਤੀ ਦਾਸ ਨੂੰ ਸਾਹਮਣੇ ਲਿਆ, ਫੱਟਿਆਂ ਵਿਚ ਬੰਨ੍ਹਿਆ ਗਿਆ ਤਾਂ ਕਾਤਲ ਨੇ ਸਿਰ 'ਤੇ ਆਰਾ ਰਖ ਕੇ ਕਿਹਾ ਕਿ ਐ ਮਤੀ ਦਾਸ, ਜੇ ਤੂੰ ਪਿੰਜਰੇ ਵਾਲੇ ਕੈਦੀ ਦੀ ਰਜ਼ਾ ਮੰਨੇਗਾ ਤਾਂ ਤੈਨੂੰ ਚੀਰ ਕੇ ਦੋ ਫਾੜ ਕੀਤਾ ਜਾਏਗਾ ਅਤੇ ਜੇ ਉਸ ਤੋਂ ਮੂੰਹ ਮੋੜੇਂ, ਸ਼ਹਿਨਸ਼ਾਹੀ ਹਿੰਦ ਦੀਆਂ ਖ਼ੁਸ਼ੀਆਂ, ਫਲ, ਧਨ, ਸਾਮੱਗਰੀ, ਐਸ਼ ਤੇ ਮਾਣ ਮਿਲੇਗਾ। ਦੱਸ, ਦੋਹਾਂ ਵਿਚੋਂ ਕੀ ਪਰਵਾਨ ਈਂ? ਮਤੀ ਦਾਸ ਮੁਸਕਰਾਏ ਤੇ ਬੋਲੇ, “ਦੋਹਾਂ ਚੀਜ਼ਾਂ ਵਿਚੋਂ ਇਕ ਦੀ ਚੋਣ ਉਹ ਕਰ ਸਕਦਾ ਹੈ ਜੋ ਦੋਹਾਂ ਦਾ ਜਾਣੂ ਹੋਵੇ। ਮੈਂ ਧਨ-ਦੌਲਤ ਤੇ ਮਾਣ ਦੇ ਰਸ ਤੋਂ ਜਾਣੂ ਹਾਂ, ਪਰ ਆਰੇ ਦੇ ਰਸ ਤੋਂ ਨਾਵਾਕਫ਼ ਹਾਂ। ਜੇ ਦੋ ਚੀਰ ਦੇ ਦੇਵੇਂ ਤਾਂ ਚੋਣ ਕਰ ਸਕਾਂ।” ਮਨਾਂ ਦੇ ਨਾ-ਮਹਿਰਮ, ਤਨ ਦੇ ਕਾਤਲ ਨੇ ਕਾਜ਼ੀ ਦੇ ਇਸ਼ਾਰੇ 'ਤੇ ਜ਼ੋਰ ਨਾਲ ਆਰਾ ਚਲਾਇਆ। ਯਮਨ ਦੇ ਲਾਲਾਂ ਵਰਗੇ ਖ਼ੂਨ ਦੇ ਗੋਲ ਗੋਲ ਕਰੇ ਜਦੋਂ ਚਿਹਰੇ ਤੋਂ ਢਲ, ਦਾਹੜੇ ਵਿਚ ਆਣ ਅਟਕੇ ਤਾਂ ਆਪ ਨੇ ਜੱਲਾਦ ਨੂੰ ਕਿਹਾ, “ਮਿੱਤਰਾ! ਹੁਣ ਅਟਕ ਨਾ, ਮੈਂ ਵਾਲੋ ਵਾਲ ਮੋਤੀ ਪ੍ਰੋ ਚੁਕੀ ਸ਼ਿੰਗਾਰ ਕਰੀ ਸੁਹਾਗਣ ਹਾਂ। ਮੈਨੂੰ ਪਿਰ ਰਾਵਣ ਦੇ, ਮੈਨੂੰ ਚੀਰ ਸੁੱਟ, ਕੰਘੀ ਬਣਾ ਤਾਂ ਜੋ ਮਹਿਬੂਬ ਦੀਆਂ ਜ਼ੁਲਫ਼ਾਂ ਵਿਚ ਜਾ ਟਿਕਾਂ।”

ਤਾ ਸ਼ਾਨਾ ਸਿਫ਼ਤ ਸ਼ਰ ਨਾ ਨਹੀਂ ਦਰ ਤਹਿ ਆਗ।
ਹਰਗ਼ਿਜ਼ ਬਸਰੇ ਜ਼ੁਲਫ਼ੇ ਨਗਾਰੇ ਨਾ ਰਸੀ।

ਰਜ਼ਾ ਦੇ ਮਸਤਾਨਿਆਂ ਦੀ ਮਸਤੀ ਦੀ ਅਵਸਥਾ, ਭਾਦਰੋਂ ਦੀ ਕਾਂਗ ਚੜ੍ਹੇ ਦਰੱਖ਼ਤਾਂ ਵਾਂਗ ਹੁੰਦੀ ਹੈ। ਉਹ ਸਲੀਬਾਂ ਮੋਢੇ 'ਤੇ ਚੁਕ ਟੁਰਦੇ, ਸੂਲੀਆਂ ਵੱਲ ਉਠ ਭਜਦੇ ਤੇ ਖ਼ੰਜਰਾਂ ਨੂੰ ਹੱਸ ਹੱਸ ਚੁੰਮਦੇ ਹਨ:

ਦੌੜ ਕਰ ਦਾਰ ਚੜ੍ਹੇ, ਹੰਸ ਕੇ ਖ਼ੰਜਰ ਚੂੰਮੇ,
ਤੇਰੇ ਮਸਤੋਂ ਕੀ ਅਜਬ ਬਾਂਕਪਨੀ ਕਹਿਤੇ ਹੈਂ।
(ਕਰਤਾ)

ਉਹਨਾਂ ਨੂੰ ਨਾ ਦੁੱਖ ਹੁੰਦਾ ਹੈ ਨਾ ਗੁੱਸਾ ਆਉਂਦਾ ਹੈ, ਉਹ ਕਦੀ ਕਾਤਲ 'ਤੇ ਵੀ ਨਹੀਂ ਖਿਝਦੇ, ਸਗੋਂ ਉਹਨਾਂ ਨੂੰ ਪਿਆਰਦੇ ਹਨ।

ਲਿਖਿਆ ਹੈ ਕਿ ਈਰਾਨ ਦੇ ਇਸ ਸਮੇਂ ਵਿਚ ਹੋਏ ਮਸ਼ਹੂਰ ਸੰਤ, ਮੁਹੰਮਦ ਅਲੀ ‘ਬਾਬ’ ਦੇ ਇਕ ਸਿਖ ਨੂੰ ਹਕੂਮਤ ਵਲੋਂ ਮੌਤ ਦਾ ਹੁਕਮ ਹੋ ਜਾਣ 'ਤੇ ਕਤਲਗਾਹ ਵਿਚ ਲਿਆਂਦਾ ਗਿਆ। ਕਤਲ ਸਮੇਂ ਜੱਲਾਦ ਤੇ ਕੁਛ ਅਜਿਹਾ ਪ੍ਰਭਾਵ ਪਿਆ ਕਿ ਉਸਦੀ ਤਲਵਾਰ ਗਰਦਨ ਦੀ ਥਾਂ ਦਸਤਾਰ 'ਤੇ ਜਾ ਵੱਜੀ। ਦਸਤਾਰ ਸਿਰੋਂ ਡਿੱਗ ਪਈ ਤਾਂ ਸ਼ੌਕੇ ਸ਼ਹਾਦਤ ਦੇ ਚਾਹਵਾਨ ਮਸਤ ਨੇ ਕਾਤਲ ਵੱਲ ਦੇਖਿਆ ਤੇ ਮੁਸਕਰਾ ਕੇ ਕਿਹਾ, “ਮੁਆਫ਼ ਕਰਨਾ, ਮੈਂ ਇਕ ਮਸਤਾਨਾ ਆਦਮੀ ਹਾਂ। ਮੈਨੂੰ ਇਹ ਪਤਾ ਨਹੀਂ ਸੀ ਕਿ ਮਹਿਬੂਬ ਦੇ ਚਰਨਾਂ ਵਿਚ ਸ਼ਹੀਦੀ ਦੇਣ ਲਈ, ਪੱਗ ਲਾਹ ਕੇ ਆਜਿਜ਼ ਹੋ ਆਈਦਾ ਏ। ਮੈਂ ਨਹੀਂ ਸਾਂ ਜਾਣਦਾ ਕਿ ਚਰਨਾਂ 'ਤੇ ਪਹਿਲਾਂ ਦਸਤਾਰ ਧਰੀਦੀ ਏ ਕਿ ਸਿਰ।”

ਐ ਖੁਸ਼ਾ ਆਂ ਆਸ਼ਕੇ ਸਰ ਮਸਤ ਕਿ ਬਰ ਪਾਏ ਹਬੀਬ।
ਸਰੋਂ ਦਸਤਾਰ ਨਾ-ਦਾਨਦ ਕਿ ਕੁਦਾਮ ਅੰਦਾਜ਼ਦ।

ਸਰਮੱਦ ਨੇ ਵੀ, ਜਿਸਦਾ ਪਿਛੇ ਜ਼ਿਕਰ ਆਇਆ ਹੈ, ਇਸੇ ਤਰ੍ਹਾਂ ਆਪਣੇ ਕਾਤਲ ਨੂੰ ਪਿਆਰਿਆ ਸੀ, ਜਦੋਂ ਉਹ ਤਲਵਾਰ ਧੂਹ, ਕਤਲ ਲਈ ਅਗੇ ਵਧਿਆ ਤਾਂ ਸਰਮੱਦ ਨੇ ਬੋਝੇ ਵਿਚੋਂ ਮਿਸਰੀ ਦਾ ਟੁਕੜਾ ਕਢ, ਉਹਦੇ ਹੱਥ 'ਤੇ ਰਖ ਕੇ ਕਿਹਾ, “ਮੇਰੀ ਤੁਛ ਭੇਟਾ ਪਰਵਾਨ ਕਰੋ।” ਕਾਤਲ ਨੇ ਹੈਰਾਨ ਹੋ ਕੇ ਕਿਹਾ, “ਇਹ ਕੀ? ਤੂੰ ਸ਼ੁਦਾਈ ਤੇ ਨਹੀਂ ਹੋ ਗਿਆ। ਮੈਨੂੰ ਪਹਿਚਾਣਦਾ ਨਹੀਂ? ਮੈਂ ਜੱਲਾਦ ਹਾਂ! ਮੇਰੇ ਨਾਲ ਨਜ਼ਰ ਨਿਆਜ਼ ਦੀ ਕੀ ਗੱਲ।” ਸਰਮੱਦ ਕਿਸੇ ਇਲਾਹੀ ਰੰਗ ਵਿਚ ਮਸਤ ਹੋ ਬੋਲੇ, “ਆ, ਆ ਮੈਂ ਤੈਥੋਂ ਸਦਕੇ ਜਾਵਾਂ!! ਆ, ਆ ਮੈਂ ਤੈਥੋਂ ਸਦਕੇ ਜਾਵਾਂ। ਤੂੰ ਕੋਈ ਭੇਖ ਬਣਾ ਕੇ ਕਿਉਂ ਨਾ ਆ, ਮੈਂ ਤੈਨੂੰ ਪਹਿਚਾਣਦਾ ਹਾਂ।”

ਬਿਆ ਬਿਆ ਕੁਰਬਾਨੇ ਤੋ ਸ਼ਵਮ ਹਰ ਰੰਗੇ।
ਕਿ ਆਈਮਨ ਅੰਦਾਜ਼ੇ ਕਦਤਰਾ ਮੀ ਸਨਾਸਮ।

ਰਜ਼ਾ ਦੇ ਤਾਲਬਾਂ ਦਾ ਇਹ ਸੁਭਾਅ ਉਹਨਾਂ ਨੂੰ ਪੈਰੋ ਪੈਰ ਹਠੀਲਾ ਬਣਾਈ ਜਾਂਦਾ ਹੈ। ਉਹਨਾਂ ਨੂੰ ਸੂਲਾਂ ਵਿਚੋਂ ਸੁਰਾਹੀਆਂ ਦਾ ਸੁਆਦ, ਨੇਜ਼ਿਆਂ ਵਿਚੋਂ ਨਸ਼ੇ ਤੇ ਖ਼ੰਜਰਾਂ ਵਿਚੋਂ ਖ਼ੁਮਾਰ ਆਉਣ ਲੱਗ ਪੈਂਦੇ ਹਨ। ਉਹਨਾਂ ਦੇ ਜ਼ਖ਼ਮ ਮਰਹਮਾਂ ਦੇ ਮੁਹਤਾਜ ਨਹੀਂ ਰਹਿੰਦੇ, ਉਹ ਲੋਕ ਹਰ ਘੜੀ ਲੂਣ ਛਿੜਕਿਆ ਲੋੜਦੇ ਹਨ:

ਨਮਕ ਛੜਕੋ ਨਮਕ ਛੜਕੋ ਮਜ਼ਾ ਇਸ ਮੇਂ ਹੀ ਆਤਾ ਹੈ।
ਕਸਮ ਲੇ ਲੋ ਨਹੀਂ ਆਦਤ ਮੇਰੇ ਜ਼ਖ਼ਮੋਂ ਕੋ ਮਰਹਮ ਕੀ।

ਔਹ ਤਕੋ ਖਾਂ, ਜ਼ੰਜੀਰਾਂ ਵਿਚ ਜਕੜਿਆ ਜਾ ਰਿਹਾ ਗਿਆਨੀ, ਸ੍ਰੀ ਦਰਬਾਰ ਸਾਹਿਬ ਦਾ ਪਹਿਲਾ ਗ੍ਰੰਥੀ, ਲਾਹੌਰ ਦੀ ਕਤਲਗਾਹ ਵਿਚ ਸ਼ਾਨ ਨਾਲ ਲਿਆਂਦਾ ਜਾ ਰਿਹਾ, ਹੱਥੀਂ ਹੱਥਕੜੀਆਂ, ਪੈਰੀਂ ਬੇੜੀਆਂ, ਸਿਰ 'ਤੇ ਤਲਵਾਰਾਂ ਦੀ ਛਾਂ।

ਤੇਰਾ ਦੀਵਾਨਾ ਆਜ ਇਸ ਸ਼ਾਨ ਸੇ ਮਕਤਲ ਮੇਂ ਆਇਆ ਹੈ।
ਸਲਾਸਲ ਪਾਉਂ ਮੇਂ ਹੈ ਸਿਰ ਪੇ ਤਲਵਾਰੋਂ ਕਾ ਸਾਇਆ ਹੈ।

ਇਹ ਕੌਣ ਸੀ? ਇਕ ਮਲਵਈ ਸਿੱਖ ਦਾ ਜਾਇਆ ‘ਮਣੀਆ’, ਜੋ ਬਚਪਨ ਵਿਚ ਸਤਿਗੁਰਾਂ ਦੀ ਭੇਟ ਚੜ੍ਹਾਇਆ ਗਿਆ ਤੇ ਸਚਮੁਚ ਸੰਗਤ ਦੀ ਮੁਕਤ ‘ਮਣੀ’ ਬਣ ਤੇ ਓੜਕ ਗਿਆਨੀ ਮਨੀ ਸਿੰਘ ਹੋ ਪੁੱਗਾ। ਇਹਨਾਂ ਨੂੰ ਬੰਦ ਬੰਦ ਕਟੇ ਜਾਣ ਦੀ ਸਜ਼ਾ ਦਿਤੀ ਗਈ ਸੀ। ਜਦ ਕਾਤਲ ਨੇ ਹੱਥ ਦਾ ਗੁੱਟ ਫੜ ਕੇ ਤਲਵਾਰ ਮਾਰਨੀ ਚਾਹੀ ਤਾਂ ਆਪ ਨੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਸਹਿਜ ਨਾਲ ਕਿਹਾ, “ਛੇਤੀ ਨਾ ਕਰੋ, ਮੇਰੇ ਪੰਦਰਾਂ ਬੰਦ ਉਂਗਲਾਂ ਦੇ ਅਜੇ ਹਨ, ਪਹਿਲਾਂ ਉਹਨਾਂ ਨੂੰ ਕਟੋ, ਆਪਣਾ ਫ਼ਰਜ਼ ਨਿਭਾਉ।” ਕਾਤਲ ਨੇ ਪੁਛਿਆ, “ਇਤਨਾ ਕਸ਼ਟ ਸਹਿਣ ਦਾ ਚਾਅ ਕਿਉਂ? ਇਸ ਤਰ੍ਹਾਂ ਵਹਾਏ ਖ਼ੂਨ ਦੀ ਕੀਮਤ ਕੀ!” ਭਾਈ ਸਾਹਿਬ ਨੇ ਉੱਤਰ ਦਿਤਾ ਕਿ ਸ਼ੌਕਿ ਸ਼ਹਾਦਤ ਦੀ ਪੂਰਤੀ।

ਸ਼ਹੀਦਾਨੇ ਮੁਹੱਬਤ ਖ਼ੂਬ ਆਈਨੇ ਵਫ਼ਾ ਸਮਝੇ।
ਬਹਾ ਖ਼ੂੰ ਕੂਏਂ ਕਾਤਲ ਮੇਂ ਉਸੀ ਕੋ ਖ਼ੂੰਬਹਾ ਸਮਝੇ।

ਇਹ ਭੀ ਯਾਦ ਰਖਣਾ ਚਾਹੀਦਾ ਹੈ ਕਿ ਜਦ ਭਾਣੇ ਦਾ ਜੀਵਨ ਤਿਆਗ ਕਰਨ ਦੇ ਅਭਿਆਸੀ ਸੰਥਾ ਪਕਾਣ ਵਿਚ ਜੁੱਟੇ ਹੋਏ ਹੁੰਦੇ ਹਨ ਤਾਂ ਮਾਇਆ ਵੀ ਅਵੇਸਲੀ ਨਹੀਂ ਬੈਠੀ ਹੁੰਦੀ, ਸ਼ੈਤਾਨ ਸੌਂ ਨਹੀਂ ਰਿਹਾ ਹੁੰਦਾ, ਉਹ ਵੀ ਹਰ ਵਕਤ ਇਹਨਾਂ ਨੂੰ ਡੇਗਣ ਦੇ ਉਪਰਾਲੇ ਸੋਚ ਰਿਹਾ ਹੁੰਦਾ ਹੈ ਤੇ ਕਈ ਵੇਰ ਅਜਿਹੀ ਠਿੱਬੀ ਮਾਰਦਾ ਹੈ ਕਿ ਮੂਧੜੇ ਮੂੰਹ ਸੁੱਟ ਪਾਉਂਦਾ ਹੈ। ਨਕਟੀ ਮਾਇਆ ਨੂੰ ਕਈ ਛਲ ਆਉਂਦੇ ਹਨ। ਉਚੇਰਿਆਂ ਨੂੰ ਭਰਮਾਉਣ ਲਈ ਉਹ ਵੀ ਅਤਿ ਸੂਖਸ਼ਮ ਰੂਪ ਧਾਰਣ ਕਰ ਲੈਂਦੀ ਹੈ। ਬਹੁਤ ਵੇਰ ਉੱਚੀ ਨਿਜ ਘਾਲ ਦਾ ਮਾਣ ਰੂਪ ਬਣ, ਆਣ ਵਾਪਰਦੀ ਹੈ। ਮਾਇਆ ਦਾ ਇਹ ਸੂਖਸ਼ਮ ਸਰੂਪ, ਮੋਟੀ ਮਾਇਆ, ਧਨ-ਦੌਲਤ ਨਾਲੋਂ ਵਧੇਰੇ ਪ੍ਰਬਲ ਹੁੰਦਾ ਹੈ, ਇਹ ਬੜੇ ਬੜੇ ਮੁਨੱਵਰਾਂ ਨੂੰ ਖਾ ਜਾਂਦਾ ਹੈ:

ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ॥
(ਸਲੋਕ ਭਗਤ ਕਬੀਰ ਜੀ, ਪੰਨਾ ੧੩੭੨)

ਭਾਈ ਜੋਗਾ ਸਿੰਘ ਜਿਹੇ ਕੰਚਨ ਦੇ ਤਿਆਗੀ, ਕੱਚ 'ਤੇ ਡਿੱਗ ਪੈਂਦੇ ਹਨ। ਇਸ ਮਾਣ ਦੇ ਕੁਰਾਹੇ ਪਾਏ ਹੋਏ ਬੀਰ, ਕਾਇਰ ਹੋ ਜਾਂਦੇ ਹਨ। ਕਈ ਵੇਰ ਸੰਗਤ ਮਦਦ ਕਰ ਬਚਾਉਂਦੀ ਹੈ। ਜਿਸ ਤਰ੍ਹਾਂ ਨੌਜਵਾਨ ਸ਼ਾਹਬਾਜ਼ ਸਿੰਘ ਨੂੰ ਨਿਸ਼ਾਨੇ ਤੋਂ ਥਿੜਕਿਆਂ, ਬਿਰਧ ਪਿਤਾ ਭਾਈ ਸੁਬੇਗ ਸਿੰਘ ਜੀ ਦੀ ਸੰਗਤ ਧੂਣੀ ਦੇ ਖਲ੍ਹਿਆਰ ਗਈ ਅਤੇ ਸੁਤੇ ਹੋਏ ਸੰਗਾਊ ਨੂੰ ਜਗਾ, ਸ਼ਹੀਦੀ ਪ੍ਰਾਪਤ ਕਰਾ ਗਈ। ਪਰ ਬਹੁਤ ਵਾਰ ਅਜਿਹੇ ਸਮੇਂ 'ਤੇ ਅਰਦਾਸ ਹੀ ਕੰਮ ਆਉਂਦੀ ਹੈ। ਪ੍ਰਾਰਥਨਾ ਦੇ ਬਲ ਨਾਲ ਪ੍ਰਭੁ-ਕਿਰਪਾ ਦੇ ਆਸਰੇ ਡਿੱਗਾ ਹੋਇਆ ਮਨੁੱਖ ਖਲੋ ਜਾਂਦਾ ਹੈ। ਅੰਜੀਲ ਵਿਚ ਆਉਂਦਾ ਹੈ ਕਿ ਜਦ ਈਸਾ ਦੇ ਸਾਹਮਣੇ ਸਲੀਬ 'ਤੇ ਟੰਗੇ ਜਾਂ ਮਰਨ ਦਾ ਦ੍ਰਿਸ਼ ਆਇਆ ਤਾਂ ਉਹ ਕੁਛ ਘਾਬਰ ਗਏ। ਪਰਮੇਸ਼੍ਵਰ ਨੂੰ ਕਹਿਣ ਲੱਗੇ, “ਜਿਸ ਤਰ੍ਹਾਂ ਹੋ ਸਕੇ ਇਹ ਮੌਤ ਦਾ ਪਿਆਲਾ ਮੇਰੇ ਅਗੋਂ ਹਟਾ ਲੈ।” ਪਰ ਜਦ ਪ੍ਰਾਰਥਨਾ ਵਿਚ ਬਿਰਤੀ ਜੁੜੀ, ਬਲ ਆਇਆ, ਤਾਂ ਬੋਲੇ, “ਬਾਪ ਤੇਰੀ ਰਜ਼ਾ ਪੂਰੀ ਹੋ।" ਸਤਿਗੁਰਾਂ ਨੇ ਅਜਿਹੇ ਸਮੇਂ 'ਤੇ ਅਰਦਾਸ ਕਰਨ ਤੇ ਪ੍ਰਭੂ ਕੋਲੋਂ ਬਲ ਮੰਗਣ ਦੀ ਤਾਕੀਦ ਕੀਤੀ ਹੈ। ਦਾਤਾ ਦੇ ਸਨਮੁਖ ਹੋ ਏਦਾਂ ਬੇਨਤੀ ਕਰਨ ਲਈ ਕਿਹਾ ਹੈ, “ਮੇਰੇ ’ਤੇ ਅਜਿਹੀ ਕਿਰਪਾ ਕਰੋ, ਸੰਤਾਂ ਦੇ ਚਰਨ ਮੇਰੇ ਮੱਥੇ 'ਤੇ, ਨੈਣੀਂ ਦਰਸ਼ਨ, ਤਨ 'ਤੇ ਧੂੜ ਪਵੇ, ਮੇਰੇ ਹਿਰਦੇ ਗੁਰੂ ਦਾ ਸ਼ਬਦ, ਮੇਰੇ ਮਨ ਵਿਚ ਹਰੀ ਦਾ ਨਾਮ ਰਖੋ, ਐ ਮੇਰੇ ਮਾਲਕ! ਪੰਜਾਂ ਚੋਰਾਂ ਨੂੰ ਮੇਰੇ ਗਲੋਂ ਲਾਹੋ, ਮੇਰੇ ਸਾਰੇ ਭਰਮ ਫੂਕ ਸੁਟੋ। ਮੈਨੂੰ ਬਲ ਦਿਉ ਕਿ ਜੋ ਤੁਸੀਂ ਕਰੋ, ਮੈਨੂੰ ਭਲਾ ਲਗੇ, ਤੇ ਮੇਰੀ ਦੂਈ ਦੀ ਭਾਵਨਾ ਨੂੰ ਦੂਰ ਟਾਲ ਦਿਉ।”

ਐਸੀ ਕਿਰਪਾ ਮੋਹਿ ਕਰਹੁ॥
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ॥੧॥ਰਹਾਉ॥
ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ
ਹਰਿ ਨਾਮਾ ਮਨ ਸੰਗਿ ਧਰਹੁ॥
ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ॥੧॥
ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ॥
(ਬਿਲਾਵਲੁ ਮ: ੫, ਪੰਨਾ ੮੨੮)

ਇਹ ਤਾਂ ਅਵਸਥਾ ਸੀ ਅਭਿਆਸੀਆਂ ਦੀ, ਪਰ ਪਕਿਆਂ ਦਾ ਤਾਂ ਕਹਿਣਾ ਹੀ ਕੀ ਹੈ। ਉਹਨਾਂ ਨੂੰ ਰੁੱਖੀ ਰੋਟੀ ਜਾਂ ਜ਼ਮੀਨ 'ਤੇ ਸੌਣਾ, ਰਾਜ ਗੱਦੀ 'ਤੇ ਟਿਕਣਾ ਜਾਂ ਤੱਤੀਆਂ ਤਵੀਆਂ 'ਤੇ ਬਹਿ ਜਲਣਾ, ਇੱਕੋ ਜਿਹੀ ਗਲ ਭਾਸਦੀ ਹੈ। ਉਹ ਅਡੋਲ ਟਿਕੇ ਰਹਿੰਦੇ ਹਨ। ਅਕਬਰ ਜਿਹਾ ਸ਼ਹਿਨਸ਼ਾਹ ਜਿਨ੍ਹਾਂ ਦੇ ਦਰਬਾਰ ਵਿਚ ਚਲ ਕੇ ਆਵੇ, ਉਸ ਸ਼ਾਨ ਤੇ ਜਾਹੋ-ਜਲਾਲ ਦੇ ਮਾਲਕ ਫ਼ਕੀਰ, ਜਦ ਤੱਤੀਆਂ ਤਵੀਆਂ ’ਤੇ ਜਾ ਟਿਕੇ ਤਾਂ ਮਥੇ ਤਿਊੜੀ ਤਕ ਨਹੀਂ ਪਈ, ਸਗੋਂ ਮੁਸਕਰਾ ਕੇ ਬੋਲੇ, “ਤਵੀਆਂ ਤੱਤੀਆਂ ਵੀ, ਤੇਰੇ ਭਾਣੇ ਵਿਚ ਮਿੱਠੀਆਂ ਲਗਦੀਆਂ ਹਨ। ਇਹਨਾਂ ਨੂੰ ਠੰਢਾ ਕੀਤਾ ਮੈਂ ਨਹੀਂ ਲੋੜਦਾ, ਸਿਰਫ਼ ਤੇਰਾ ਨਾਮ ਹੀ ਮੰਗਦਾ ਹਾਂ।

ਤੇਰਾ ਕੀਆ ਮੀਠਾ ਲਾਗੈ॥
ਹਰਿਨਾਮੁ ਪਦਾਰਥੁ ਨਾਨਕ ਮਾਂਗੈ॥
(ਆਸਾ ਮ: ੫, ਪੰਨਾ ੩੯੪)

ਇਹ ਸੰਸਾਰ ਪ੍ਰਸਿਧ ਸਚਾਈ ਹੈ ਕਿ ਪੁੱਤਰ ਪ੍ਰਾਣਾਂ ਤੋਂ ਪਿਆਰੇ ਹੁੰਦੇ ਹਨ, ਅਮਰ ਪੁੱਤਾਂ ਦੀ ਮੌਤ ਮਾਪਿਆਂ ਦਾ ਲੱਕ ਤੋੜ ਜਾਂਦੀ ਹੈ, ਪਰ ਜੇ ਕਿਸੇ ਦਾ ਇਕ ਮਰੇ, ਉਹ ਦੂਜੇ ਵੱਲ ਤੱਕ ਧੀਰਜ ਧਰਦਾ ਹੈ। ਪਰ ਜਿਸਦਾ ਇਕ ਵੀ ਨਾ ਰਹੇ ਉਹ ਕੀ ਕਰੇ। ਤੇ ਹੋਣ ਵੀ ਚਾਰ, ਤੇ ਜਾਂਦਿਆਂ ਵੀ ਚਾਰ ਦਿਨ ਨਾ ਲੱਗਣ, ਇਸ ਸੱਟ ਦੀ ਪੀੜਾ ਨੂੰ ਕੋਈ ਫਟਿਆ ਹੋਇਆ ਪਿਤਾ ਹੀ ਅਨੁਭਵ ਕਰ ਸਕਦਾ ਹੈ, ਪਰ ਵਾਹ, ਭਾਣਾ ਮੰਨਣ ਵਾਲੇ ਪੂਰਨ ਗੁਰਦੇਵ, ਤੁਹਾਡੀ ਘਾਲ ਧੰਨ ਹੈ! ਚਮਕੌਰ ਦੀ ਗੜ੍ਹੀ ਵਿਚ ਕਈ ਦਿਨਾਂ ਦੇ ਭੁੱਖੇ ਚਾਲੀ ਪਰਵਾਨੇ, ਸਣੇ ਕਲਗੀਆਂ ਵਾਲੇ ਪਿਤਾ ਦੇ ਘਿਰੇ ਹੋਏ ਸਨ। ਅਨੰਦਪੁਰ ਵਿਚ ਝੂਠੀ ਕਸਮ ਖਾ ਕੇ ਦਗ਼ਾ ਕਰਨ ਵਾਲੇ ਸਰਕਾਰੀ ਫ਼ੌਜੀ ਅਫ਼ਸਰਾਂ ਦੇ ਹੱਲਿਆਂ ਨੇ ਵਹੀਰ ਨੂੰ ਰਾਹ ਵਿਚ ਹੀ ਖੇਰੂੰ ਖੇਰੂੰ ਕਰ ਸੁੱਟਿਆ ਸੀ। ਬਿਰਧ ਮਾਤਾ ਤੇ ਛੋਟੇ ਦੋ ਸਾਹਿਬਜ਼ਾਦੇ ਫ਼ੌਜ ਨਾਲ ਨਿਖੜ ਚੁਕੇ ਸਨ ਤਾਂ ਉਨ੍ਹਾਂ ਦਾ ਅੰਤ ਹਰ ਸਿਆਣੇ ਨੂੰ ਸਮਝ ਵਿਚ ਆ ਰਿਹਾ ਸੀ। ਚਮਕੌਰ ਦੇ ਇਕ ਰਾਜਪੂਤ ਦੀ ਕੱਚੀ ਹਵੇਲੀ, ਜੋ ਕੋਹਾਂ ਤਕ ਫੈਲੀਆਂ ਹੋਈਆਂ ਦੁਸ਼ਮਣ ਫ਼ੌਜਾਂ ਨਾਲ ਘਿਰੀ ਹੋਈ ਸੀ ਤੇ ਦਿਨ ਚੜ੍ਹਦੇ ਨੂੰ ਸਿਵਾਏ ਸ਼ਹੀਦੀਆਂ ਤੋਂ ਕਿਸੇ ਸ਼ੈ ਦੀ ਆਸ ਨਹੀਂ ਸੀ। ਥੱਕੇ ਟੁੱਟੇ ਸਿਪਾਹੀ ਜ਼ਮੀਨ 'ਤੇ ਲੇਟ ਬੇ-ਸੂਰਤ ਹੋ ਸੌਂ ਗਏ। ਪਰ ਸਿਪਾਹ-ਸਿਲਾਰ ਜਾਗ ਰਿਹਾ ਸੀ। ਰਜ਼ਾ 'ਤੇ ਸ਼ਾਕਰ, ਭਾਣੇ ਦੇ ਮੰਨਣ ਵਾਲੇ ਪੂਰਨ ਪੁਰਖ ਕਿਸੇ ਰੰਗ ਵੱਲ ਆ ਅਸਮਾਨ ਵੱਲ ਤੱਕ ਰਹੇ ਸਨ। ਲਬਾਂ 'ਤੇ ਕੁਛ ਇਹੋ ਜਿਹੇ ਫ਼ਿਕਰੇ ਸਨ, “ਤੇਰੀ ਰਜ਼ਾ ਪੂਰਨ ਹੋਵੇ, ਮੇਰੇ ਨਾਲ ਜੋ ਹੋਣੀ ਹੈ ਹੋ ਲਵੇ, ਸਿਰ ਨੇਜ਼ੇ 'ਤੇ ਟੰਗ ਲੈ ਜਾਂ ਬਰਛੀ ਕਲੇਜੇ ਵਿਚ ਮਾਰ, ਮੈਨੂੰ ਰਜ਼ਾ ਵਿਚ ਜਾਨ ਦੇਣ ਦਾ ਚਾਉ ਹੈ। ਕੀ ਕਰਾਂ, ਸਿਰ ਇਕ ਹੈ, ਜੇ ਸੌ ਵੀ ਹੁੰਦੇ ਤਾਂ ਭੀ ਇਸ ਸੌਦਿਓਂ ਮਹਿੰਗੇ ਨਾ ਸਮਝਦਾ।"

ਇਕ ਬਾਰ ਨਜ਼ਰ ਸੂਏ ਫ਼ਲਕ ਕਰਕੇ ਵੋਹ ਬੋਲੇ।
ਹੋਨੀ ਹੈ ਜੋ ਕੁਛ ਆਸ਼ਕੇ ਸਾਦਕ ਪੇ ਵੋਹ ਹੋ ਲੇ।
ਬਰਛੀ ਹੈ ਅਜਾਜ਼ਤ ਤੂੰ ਕਲੇਜਾ ਮੇਂ ਗੜੋਲੇ।
ਸਿਰ ਕਾਟ ਕੇ ਮੇਰਾ ਚਾਹੇ ਨੇਜ਼ੇ ਮੇਂ ਪਰੋ ਲੇ।
ਹੈ ਸ਼ੌਕ ਸ਼ਹਾਦਤ ਕਾ ਮੁਝੇ ਸਭ ਸੇ ਜ਼ਿਆਦਾ।
ਸਉ ਸਰ ਭੀ ਹੋਂ ਕੁਰਬਾਨ ਹੀ ਰਸ ਸੇ ਜ਼ਿਆਦਾ।

ਕੁਝ ਚਿਰ ਪਿਛੋਂ ਖ਼ਬਰੇ ਮਨ ਵਿਚ ਕੀ ਆਈ, ਉਠ ਕੇ ਟਹਿਲਣ ਲੱਗੇ ਤੇ ਸਾਹਿਬਜ਼ਾਦਿਆਂ ਦੇ ਸਿਰਹਾਣੇ ਖਲੋ ਬੋਲੇ, “ਕੱਲ੍ਹ ਚਾਰ ਸਨ, ਅੱਜ ਦੋ ਨੇ; ਸਵੇਰੇ ਇਹ ਵੀ ਨਹੀਂ ਰਹਿਣਗੇ; ਪਰ ਮੈਂ ਤਾਂ ਤੇਰਾ ਸ਼ੁਕਰ ਕਰਾਂਗਾ ਜਦੋਂ ਇਹ ਤੇਰੇ ਦਰ ਪਰਵਾਨ ਹੋਣਗੇ।"

ਕਲ ਚਾਰ ਥੇ ਆਜ ਦੋ ਹੈਂ ਸਹਰ ਯਹ ਭੀ ਨਾ ਹੋਂਗੇ।
ਤਉ ਸ਼ੁਕਰ ਕਰੇਂਗੇ ਹਮ ਅਗਰ ਯਹ ਭੀ ਨਾ ਹੋਂਗੇ।
(ਜੋਗੀ)

ਇਸ ਬਾਪ ਦਾ ਕਿਥੋਂ ਤਕ ਬਿਆਨ ਕੀਤਾ ਜਾਏ, ਕੁਛ ਅੰਤ ਨਹੀਂ ਆਉਂਦਾ। ਉਹਨਾਂ ਦੀ ਜ਼ਬਾਨ 'ਤੇ ਹਮੇਸ਼ਾ ਇਹੀ ਰਹਿੰਦਾ ਸੀ ਕਿ ਜੋ ਗੱਲ ਤੈਨੂੰ ਚੰਗੀ ਲੱਗੇ ਸਦਾ ਸਲਾਮਤ ਨਿਰੰਕਾਰ ਉਹੀ ਭਲੀ ਹੈ:

ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
(ਜਪੁ ਜੀ ਸਾਹਿਬ, ਪੰਨਾ ੩)

ਸਤਿਗੁਰਾਂ ਨੇ ਭਾਣੇ ਦੇ ਅਨੁਸਾਰ ਜੀਵਨ ਬਣਾਣ ਹਿੱਤ ਸੰਗਤਾਂ ਵਿਚ ਇਕ ਖ਼ਾਸ ਰੀਤ ਚਲਾਈ ਤੇ ਉਹ ਸੀ ਰਸਮ ਦੇ ਬਾਅਦ, ਭਾਵੇਂ ਉਹ ਸ਼ਾਦੀ ਦੀ ਹੋਵੇ ਭਾਵੇਂ ਗ਼ਮੀ ਦੀ, ਅਨੰਦ ਸਾਹਿਬ ਦਾ ਕੀਰਤਨ ਕਰਨਾ ਤੇ ਕੜਾਹ ਪ੍ਰਸ਼ਾਦ ਵੰਡਣਾ, ਕਿਆ ਜੀਵਨ ਨੂੰ ਰਸ ਰੱਖਣ ਵਾਲੀ ਮਰਯਾਦਾ ਹੈ! ਸਿੱਖ ਦੇ ਘਰ ਲੜਕਾ ਜਨਮੇਂ ਤਾਂ ਸੰਗਤ ਘਰ ਬੁਲਾਵੇ, ਜੋੜ ਮੇਲ ਕਰੇ। ਅੰਤ ਵਿਚ ‘ਅਨੰਦੁ ਭਇਆ ਮੇਰੀ ਮਾਏ' ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਜੇ ਲੜਕਾ ਪੜ੍ਹ ਕੇ ਆਏ, ਰੋਜ਼ਗਾਰ ਉਤੇ ਲਗੇ ਜਾਂ ਮੰਗਿਆ ਜਾਏ, ਤਾਂ ਵੀ ਅਨੰਦ ਪੜ੍ਹਨਾ ਤੇ ਕੜਾਹ ਵੰਡਣਾ। ਜੇ ਸਿੱਖ ਲੜਕਾ ਵਿਆਹ ਕੇ ਘਰ ਆਵੇ, ਬਹੂ ਦਾ ਡੋਲਾ ਘਰ ਵਿਚ ਅੱਪੜਦਿਆਂ ਹੀ ਬਾਹਰ ਘੋੜੇ ਤੋਂ ਉਤਰਦਾ ਨੌਜੁਆਨ ਲਾੜਾ, ਕਿਸੇ ਹਾਦਸੇ ਨਾਲ ਗੁਜ਼ਰ ਜਾਵੇ ਤਾਂ ਅਜਿਹੀ ਭਾਰੀ ਸੱਟ ਦੇ ਸਮੇਂ ਵੀ ਸਿੱਖ ਅਨੰਦ ਸਾਹਿਬ ਦਾ ਕੀਰਤਨ ਕਰੇ ਤੇ ਕੜਾਹ ਵੰਡੇ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਆਮ ਸਿੱਖ ਇਹ ਮਰਯਾਦਾ ਇਕ ਰਸਮ ਕਰਕੇ ਨਿਭਾਂਦੇ ਹਨ, ਪਰ ਫਿਰ ਭੀ ਬਾਹਲੇ ਰਸਮ ਕਰਨ ਵਾਲਿਆਂ ਵਿਚੋਂ ਕੁਛ ਨਾ ਕੁਛ ਰਜ਼ਾ 'ਤੇ ਸ਼ਾਕਰ ਤੇ ਭਾਣਾ ਮੰਨਣ ਵਾਲੇ ਨਿਕਲ ਹੀ ਆਉਂਦੇ ਹਨ। ਏਸੇ ਹੀ ਰਸਮ ਨੂੰ ਭਾਈ ਭਿਖਾਰੀ ਗੁਜਰਾਤ ਵਾਲੇ ਨੇ ਸੱਚ ਕਰ ਦਿਖਾਇਆ ਸੀ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ