ਭਾਸ਼ਾ ਦਾ ਮਿਆਰੀਕਰਨ : ਰਿਪਨਜੋਤ ਕੌਰ ਸੋਨੀ ਬੱਗਾ
ਟਕਸਾਲੀ ਬੋਲੀ ਦਾ ਮਿਆਰ ਸਭ ਤੋ ਉੱਚਾ ਹੈ, ਸਾਡੇ ਮਾਪੇ ਆਪ ਮਾਝੇ ਦੇ ਹੋਣ ਕਰ ਕੇ ਬਚਪਨ ਤੋਂ ਹੀ ਸਾਡੇ ਘਰ ਵਿੱਚ ਸਾਨੂੰ ਗਲਤ ਪੰਜਾਬੀ ਉਚਾਰਨ ਵੇਲੇ ਟੋਕ ਦਿੰਦੇ ਸਨ । ਜਿਵੇਂ ਕਿ ਪੰਜਾਬੀ ਗਾਣਿਆਂ ਅਤੇ ਪੰਜਾਬੀ ਫਿਲਮਾ ਵਿੱਚ ਮਲਵਈ ਬੋਲੀ ਦਾ ਦਬਦਬਾ ਹੈ , ਉਵੇਂ ਹੀ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰਾ ਸਾਹਿਤ ਮਾਲਵੇ ਵਿੱਚੋਂ ਆਇਆ ਹੈ।ਟਕਸਾਲੀ ਬੋਲੀ ਹਮੇਸ਼ਾਂ ਕਿਸੇ ਪ੍ਰਾਂਤ ਦੇ ਮੱਧ ਭਾਗ ਦੀ ਉਪਬੋਲੀ ਹੀ ਹੁੰਦੀ ਹੈ, ਜੋ ਕਿ ਮੌਖਿਕ ਅਤੇ ਸਮਾਜਿਕ ਤੌਰ ਤੇ ਆਪਣਾਈ ਹੁੰਦੀ ਹੈ। ਪੰਜਾਬ ਦੀ ਵੰਡ ਤੋਂ ਪਹਿਲਾਂ ਦਾ ਉਹ ਖੇਤਰ ਮਾਝੇ ਦਾ ਸੀ। ਇਸ ਲਈ ਇਸ ਖੇਤਰ ਵਿੱਚ ਬੋਲੀ ਜਾਣ ਵਾਲ਼ੀ ਬੋਲੀ ਨੂੰ ਹੀ ਕੇਂਦਰੀ/ਟਕਸਾਲੀ ਜਾਂ ਸਾਹਿਤਿਕ ਬੋਲੀ ਦਾ ਦਰਜਾ ਮਿਲ਼ਿਆ ਹੈ, ਦੂਜਾ ਟਕਸਾਲੀ ਭਾਸ਼ਾ ਵਿਆਕਰਣਿਕ ਪਖੋਂ ਮਾਂਜੀ ਸੁਆਰੀ ਅਤੇ ਬਾਕੀ ਉਪ ਭਾਸ਼ਾਵਾਂ ਦਾ ਨਿਚੋੜ ਹੁੰਦਾ ਹੈ, ਟਕਸਾਲੀ ਭਾਸ਼ਾ ਨੂੰ ਹੀ ਡਿਕਸ਼ਨਰੀ, ਸ਼ਬਦਕੋਸ਼, ਅਤੇ ਹਰ ਪ੍ਰਕਾਰ ਦੇ ਸ਼ਬਦ-ਭੰਡਾਰ ਲਈ ਵਰਤਿਆ ਜਾਂਦਾ ਹੈ। ਭਾਸ਼ਾ ਲੋਕ-ਮੁਖੀ ਅਤੇ ਕਿਤਾਬ ਮੁਖੀ ਦੋਨੋ ਹੀ ਹੋਣੀ ਚਾਹੀਦੀ ਹੈ, ਕਾਰਨ ਭਾਸ਼ਾ ਲਿਖਣ ਨਾਲ ਬਚੀ ਰਹਿੰਦੀ ਹੈ, ਜਿਸ ਨੇ ਪੰਜਾਬੀ ਪੜੀ ਹੋਵੇਗੀ ਉਹ ਹੀ ਉਸਦਾ ਉਚਾਰਨ ਸਹੀ ਕਰ ਸਕੇਗਾ। ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਾਸਤੇ ਗੁਰਮੁੱਖੀ ਲਿੱਪੀ ਦੀ ਚੋਣ ਕਿਸੇ ਦੂਰ ਅੰਦੇਸ਼ੀ ਸੋਚ ਕਾਰਨ ਹੀ ਕੀਤੀ ਸੀ, ਉਸ ਸਮੇਂ ਸਮਾਜ ਵਿੱਚ ਫਾਰਸੀ ਦਾ ਵੀ ਕਾਫ਼ੀ ਦਬਦਬਾ ਸੀ, ਅਤੇ ਉਹਨਾਂ ਦਾ ਇਲਾਕਾ ਮਾਝੇ ਵਿੱਚ ਆਉਂਦਾ ਸੀ ਇੱਥੋਂ ਦੀ ਬੋਲੀ ਨੂੰ ਅਸੀਂ ਟਕਸਾਲੀ ਬੋਲੀ ਮੰਨਿਆ ਹੈ।1947 ਦੀ ਵੰਡ ਤੋਂ ਪਹਿਲਾਂ ਦੇ ਭਾਰਤ ਦੇ ਪੁਰਾਤਨ ਪੰਜਾਬ ਦੇ ਮਾਝੇ ਦੇ ਖੇਤਰ ਵਿੱਚ ਲਾਹੌਰ, ਨਾਰੋਵਾਲ,ਕਸੂਰ, ਅੰਮ੍ਰਿਤਸਰ, ਬਟਾਲਾ ,ਗੁਰਦਾਸਪੁਰ ਪਠਾਨਕੋਟ ਦੇ ਇਲਾਕੇ ਆਉਂਦੇ ਸਨ, ਦੀ ਬੋਲੀ ਬਹੁਤ ਹੀ ਮਿੱਠੀ ਤੇ ਪਿਆਰੀ ਬੋਲੀ ਹੈ, । ਜੇਕਰ ਥੋੜ੍ਹਾ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪੰਜਾਬੀ ਲਿਖਣ ਪੜ੍ਹਨ ਦਾ ਕੰਮ ਅੰਗਰੇਜ਼ਾਂ ਦੁਆਰਾ ਅਪਣਾਏ ਹੋਏ ਸਕੂਲ ,ਕਾਲਜ, ਯੂਨੀਵਰਸਿਟੀਆਂ ਦੇ ਨਾਲ ਸ਼ੁਰੂ ਹੁੰਦਾ ਹੈ, ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਪੰਜਾਬੀਆਂ ਨੂੰ ਪੜ੍ਹਾਉਣ ਲਈ ਕਦਮ ਚੁੱਕੇ ਸਨ।
ਪਹਿਲਾਂ ਬਹੁਤ ਸਾਰੇ ਕਾਲਜ ਲਾਹੌਰ ਤੇ ਅੰਮ੍ਰਿਤਸਰ ਵਿੱਚ ਆਏ ਜਿਵੇਂ ਖ਼ਾਲਸਾ ਕਾਲਜ, ਅੰਮ੍ਰਿਤਸਰ ਸਿੱਖ ਨੈਸ਼ਨਲ ਕਾਲਜ ਕਾਦੀਆਂ, ਪੰਜਾਬ ਯੂਨੀਵਰਸਿਟੀ ਲਾਹੌਰ ਆਦਿ। ਪੰਜਾਬੀ ਦੇ ਪਹਿਲੇ ਪਹਿਲ ਬਹੁਤੇ ਵਿਦਵਾਨ ਇਨ੍ਹਾਂ ਕਾਲਜਾਂ ਚੋਂ ਪੜ੍ਹੇ ਮਝੈਲ ਸਨ ਤੇ ਉਹ ਬੋਲੀ ਸਰਕਾਰੀ ਬੋਲੀ ਵਾਂਗ ਮੰਨੀ ਗਈ, ਜਿਸਨੂੰ ਟਕਸਾਲੀ ਬੋਲੀ ਮੰਨਦੇ ਹਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਉਣ ਨਾਲ ਬੋਲੀ ਦਾ ਮੁਹਾਂਦਰਾ ਬਦਲਿਆ ਤੇ ਪੰਜਾਬੀ ਬੋਲੀ ਵਿੱਚ ਬਹੁਤ ਵੱਡੇ ਵੱਡੇ ਖੋਜ ਕਾਰਜ ਹੋਏ।
ਜੇ ਟਕਸਾਲੀ ਬੋਲੀ (ਮਾਝੇ ਦੀ) ਸਾਡੀ ਮਿਆਰੀਕਰਨ ਦਾ ਮਾਪ ਹੈ, ਤੇ ਕੀ ਮਾਲਵੇ ਦੇ ਲਹਿਜੇ ਨੂੰ ਗਲਤ ਮੰਨਿਆ ਜਾ ਸਕਦਾ ਹੈ ,ਇਹ ਪ੍ਰਸ਼ਨ ਮੇਰੇ ਨਾਲ ਕਿਸੇ ਸੱਜਣ ਨੇ ਸਾਂਝਾ ਕੀਤਾ, ਇਸ ਦੇ ਜਵਾਬ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਦੇ ਮੀਡੀਆ ਦੇ ਦੌਰ ਨੂੰ ਦੇਖਦੇ ਹੋਏ ਅਸੀਂ ਦੁਜੀਆਂ ਉਪ ਭਾਸ਼ਾਵਾਂ ਵਿੱਚ ਕਿਸੇ ਨੂੰ ਲਿਖਣ ਤੋਂ ਨਹੀਂ ਰੋਕ ਸਕਦੇ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਟਕਸਾਲੀ ਬੋਲੀ ਦੀ ਹੀ ਵਰਤੋਂ ਕੀਤੀ ਜਾਵੇ, ਇਸ ਵਿੱਚ ਸੁਹਰਿਦਤਾ ਹੈ ਪਰ ਇੱਕ ਵਾਰ ਜਿਹੜੇ ਸ਼ਬਦ-ਜੋੜ ਨਿਸ਼ਚਿਤ ਕਰ ਲਏ ਜਾਣ, ਉਹਨਾਂ 'ਤੇ ਡਟ ਕੇ ਪਹਿਰਾ ਦਿੱਤਾ ਜਾਵੇ।ਕਿਸੇ ਦੇ ਮਨ ਦੀ ਭਾਵਨਾ ਨੂੰ ਕੋਈ ਕਿਵੇਂ ਜਾਣ ਸਕਦਾ ਹੈ? ਉਸ ਨੂੰ ਉਸ ਦੇ ਉਚਾਰਨ ਅਤੇ ਲਿਖਤ ਤੋਂ ਹੀ ਪਛਾਣਿਆ ਜਾ ਸਕਦਾ ਹੈ। ਬੋਲ- ਚਾਲ ਦੀ ਬੋਲੀ ਹੋਰ ਅਤੇ ਲਿਖਤੀ ਜਾਂ ਟਕਸਾਲੀ ਬੋਲੀ ਹੋਰ ਹੁੰਦੀ ਹੈ।
ਹਰ ਸ਼ਬਦ ਦੇ ਬੋਲਣ ਦਾ ਕੋਈ ਸਲੀਕਾ ਹੁੰਦਾ ਹੈ। ਸ਼ਬਦਾਂ ਦੀ ਸੁਹਜਾਤਮਿਕਤਾ ਨੂੰ ਬਰਕਰਾਰ ਰੱਖਣ ਦਾ ਇੱਕੋ-ਇੱਕ ਤਰੀਕਾ ਹੈ ਕਿ ਸ਼ਬਦਾਂ ਦੇ ਸ਼ਬਦ-ਜੋੜਾਂ ਅਨੁਸਾਰ ਹੀ ਉਹਨਾਂ ਦਾ ਉਚਾਰਨ ਕੀਤਾ ਜਾਵੇ ਅਤੇ ਉਸੇ ਢੰਗ ਨਾਲ਼ ਹੀ ਲਿਖਿਆ ਜਾਵੇ, ਜਿਵੇਂਕਿ ਵਿਦਵਾਨਾਂ ਨੇ ਟਕਸਾਲੀ ਬੋਲੀ ਵਿੱਚ ਉਹਨਾਂ ਨੂੰ ਲਿਖਣ ਲਈ ਲਈ ਸੇਧਿਤ ਕੀਤਾ ਹੋਇਆ ਹੈ, ਜੇਕਰ ਅਸੀਂ ਭਾਸ਼ਾ ਦੇ ਮਿਆਰ ਅਤੇ ਇਕਸਾਰਤਾ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਇਸ ਸੰਬੰਧ ਵਿੱਚ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਹਰ ਇੱਕ ਨੂੰ ਭਾਸ਼ਾਈ ਅਤੇ ਵਿਆਕਰਨਿਕ ਨਿਯਮਾਂ ਦਾ ਪਾਲਣ ਕਰਨਾ ਹੀ ਪਵੇਗਾ।
ਘਰ-ਘਰ ਟਕਸਾਲ ਨਾ ਖੋਲ੍ਹੀ ਜਾਵੇ ਭਾਵ ਜਿਵੇਂ ਕਿਸੇ ਦਾ ਦਿਲ ਕਰਦਾ ਹੈ, ਉਵੇਂ ਹੀ ਲਿਖੀ ਜਾਵੇ, ਅਖੇ: ਨੌਂ ਪੂਰਬੀਏ, ਤੇਰਾਂ ਚੁੱਲ੍ਹੇ। ਕੁਝ ਲੋਕ ਇਸ ਵਿਚਾਰਧਾਰਾ ਦੇ ਵੀ ਹਨ ਕਿ ਬੋਲੀ ਨੂੰ ਖੁੱਲਾ ਛੱਡ ਦਿਉ, ਇਸ 'ਤੇ ਕੋਈ ਬੰਧਨ ਨਾ ਹੋਵੇ, ਇਸ ਨੂੰ ਵਿਗਸਣ ਦਿਓ। ਇਸ ਦਾ ਕਿੰਨੀ ਕੁ ਦੇਰ ਤੱਕ ਹੋਰ ਵਿਕਾਸ ਕਰੀ ਜਾਣਾ ਹੈ? ਇਉਂ ਤਾਂ ਗੁਰਮੁਖੀ ਵਿੱਚ ਦੂਜੇ ਸ਼ਬਦ ਜ਼ਿਆਦਾ ਹੋ ਜਾਣਗੇ।ਸ਼ਬਦ-ਜੋੜ ਕੋਸ਼" ਦੇ ਸ਼ਬਦ-ਰੂਪਾਂ ਨੂੰ ਅਪਣਾਉਣ ਅਤੇ ਇਸ ਉੱਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ।।ਅੱਜ ਕੱਲ ਲੋਕ ਸਾਹਿਤ ਲਿਖਣ ਵਾਸਤੇ ਖੇਤਰੀ ਬੋਲੀ ਜਾਂ ਲੋਕਲ ਡਾਈਲੈਕਟ ਵਰਤ ਲੈਂਦੇ ਹਨ, ਪਰ ਪੰਜਾਬੀ ਟ੍ਰਿਬਿਊਨ ਅਖ਼ਬਾਰ ਨੇ ਅਪਣਾ ਭਾਸ਼ਾ ਦਾ ਮਿਆਰੀਕਰਨ ਟਕਸਾਲੀ ਬੋਲੀ ਵਾਲਾ ਹੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਆਨਲਾਈਨ ਅਖਬਾਰਾਂ ਅਤੇ ਮੈਗਜੀਨਾਂ ਵਿੱਚ ਕਵਿਤਾਵਾਂ ਅਤੇ ਹੋਰ ਵਾਰਤਕ ਵਿੱਚ ਕਈ ਵਾਰੀ ਬਹੁਤ ਅਸ਼ੁੱਧੀਆਂ ਹੁੰਦੀਆਂ ਹਨ। ਮੇਰੇ ਵਰਗਾ, ਜਦੋਂ ਕੋਈ ਸਾਹਿਤਕ ਗਰੁੱਪ ਵਿੱਚ ਗਲਤ ਲਿਖਦਾ ਹੈ ਉਸਨੂੰ ਸਹੀ ਵੀ ਕਰ ਦਿੰਦਾ ਹੈ, ਕਿਉਂਕਿ ਵਟਸੱਪ ਦੇ ਗਰੁੱਪਾਂ ਰਾਹੀਂ ਲਿਖਿਆ ਕਿੱਥੇ ਪਹੁੰਚ ਜਾਣਾ, ਕੋਈ ਪਤਾ ਨਹੀਂ, ਇਸ ਲਈ ਹਮੇਸ਼ਾ ਲਿਖਣ ਲਈ ਸਹੀ ਵਿਆਕਰਨਣਿਕ ਭਾਸ਼ਾ ਹੀ ਵਰਤੋ।
ਬਾਕੀ ਇਹ ਗੱਲ ਹੈ ਕਿ ਪੰਜਾਬੀ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆ ਗਏ ਹਨ। ਉਹ ਆਉਣਗੇ ਹੀ ਉਸ ਦਾ ਕਾਰਨ ਇਹ ਹੈ ਕਿ ਅਸੀਂ ਆਮ ਤੌਰ ਤੇ ਸਕੂਲਾਂ ਵਿਚ ਜਿਹੋ ਜਿਹੇ ਮਿਆਰ ਦੀ ਪੰਜਾਬੀ /ਗੁਰਮੁਖੀ ਪੜ੍ਹਾਵਾਂਗੇ ਸਾਡੇ ਬੱਚੇ ਉਹੀ ਸਿਖਣਗੇ ਅਤੇ ਬੋਲਣਗੇ। ਅੰਗਰੇਜ਼ੀ ਮਾਧਿਅਮ ਸੀ.ਬੀ,ਐਸ.ਈ ਵਿਚ ਪੰਜਾਬੀ ਦੇ ਵਿਸ਼ੇ ਦਾ ਪਾਠਕ੍ਰਮ ਜਾਂ ਸਿਲੇਬਸ ਬਹੁਤ ਸੌਖਾ ਹੁੰਦਾ ਸੀ, ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਉਹਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨਾਲ ਪੱਤਰ ਵਿਹਾਰ ਕੀਤਾ, ਹੋ ਸਕਦੈ ਬਹੁਤ ਸਾਰੇ ਪੰਜਾਬੀ ਦੇ ਦੂਜੇ ਵਿਦਵਾਨਾਂ ਨੇ ਵੀ ਕੀਤਾ ਹੋਵੇ, ਮੇਰੇ ਸੁਣਨ ਵਿਚ ਆਇਆ ਹੈ ਕਿ ਇਸ ਸਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਦਸਵੀਂ ਦੀ ਪੰਜਾਬੀ ਦਾ ਪਾਠਕ੍ਰਮ ਹੀ ਸੀ. ਬੀ. ਐਸ. ਈ ਨੇ ਲਗਾਇਆ ਹੈ ਅਤੇ ਹੌਲੀ-ਹੌਲੀ ਬਾਕੀ ਜਮਾਤਾਂ ਦੇ ਸਿਲੇਬਸ/ ਪਾਠਕ੍ਰਮ ਦਾ ਮਿਆਰ ਵੀ ਉੱਪਰ ਚੁੱਕਿਆ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਪੜ੍ਹੇ ਜਾਣ ਵਾਲੇ ਦੂਜੇ ਵੱਡੇ ਬੋਰਡ( ਅੰਗਰੇਜ਼ੀ ਮਾਧਿਅਮ ਲਈ)ਆਈ .ਸੀ .ਐਸ .ਈ ਨੇ ਵੀ ਸੁਧਾਰ ਕੀਤਾ ਹੈ। ਅਜੇ ਕੱਲ੍ਹ ਪਰਸੋਂ ਹੀ ਮੇਰੀ ਇਕ ਖੁਦ ਪੰਜਾਬੀ ਮਾਧਿਅਮ ਵਿੱਚ ਪੜ੍ਹੇ, ਕਾਲਜ ਦੇ ਪ੍ਰੋਫੈਸਰ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਬੱਚਿਆਂ ਨੂੰ ਅਸੀਂ ਪੰਜਾਬੀ ਘਰ ਸਿਖਾ ਲਵਾਂਗੇ ਆਪੇ, ਕੋਈ ਜ਼ਰੂਰਤ ਨਹੀਂ ਹੈ ਸਕੂਲਾਂ ਵਿੱਚ ਪੜਾਉਣ ਦੀ। ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਅਸੀਂ ਕੋਈ ਭਾਸ਼ਾ ਪੜ੍ਹਦੇ ਹਾਂ, ਉਸਦੀਆਂ ਧੁਨੀਆਂ ਬੋਲ ਬੋਲ ਕੇ ਉਸ ਭਾਸ਼ਾ ਨੂੰ ਸਿੱਖਦੇ ਹਾਂ। ਜਿਸ ਬੰਦੇ ਨੇ ਜਿਹੜੀ ਭਾਸ਼ਾ ਨਹੀਂ ਪੜ੍ਹੀ ਹੋਵੇਗੀ ਉਸ ਨੂੰ ਉਸ ਭਾਸ਼ਾ ਨੂੰ ਬੋਲਣ ਦੀ ਮੁਹਾਰਤ ਨਹੀਂ ਆਵੇਗੀ। ਇਸ ਲਈ ਠੀਕ ਉਚਾਰਨ ਲਈ, ਅਤੇ ਉਸ ਭਾਸ਼ਾ ਦਾ ਸਾਹਿਤ ਪੜ੍ਹਨ ਲਈ, ਸਭ ਤੋਂ ਜ਼ਰੂਰੀ ਹੈ ਭਾਸ਼ਾ ਤੁਹਾਨੂੰ ਪੜ੍ਹਨੀ ਆਵੇ,ਭਾਵੇਂ ਘਰ ਦੇ ਮਾਹੌਲ ਤੋਂ ਬੱਚਾ ਭਾਸ਼ਾ ਦੇ ਬੜੇ ਢੁਕਵੇਂ ਸ਼ਬਦ ਸਿੱਖਦਾ ਹੈ।ਸਾਡੇ ਸਮੇਂ ਵਿੱਚ ਸਾਨੂੰ ਦੋ ਅਖਬਾਰਾਂ ਪੜ੍ਹਨੀਆਂ ਲਾਜ਼ਮੀ ਸਨ ਇਕ ਪੰਜਾਬੀ ਦੀ ਅਤੇ ਇਕ ਅੰਗਰੇਜ਼ੀ ਦੀ, ਮਾਪੇ ਸਾਹਮਣੇ ਬੈਠ ਕੇ ਪੜ੍ਹਾਉਂਦੇ ਸਨ।
ਅੱਗੋਂ ਉਹ ਜਨਾਬ ਮੈਨੂੰ ਕਹਿੰਦੇ ਕਿ ਬੱਚੇ ਨੇ ਪੰਜਾਬੀ ਸਾਹਿਤ ਪੜ੍ਹ ਕੇ ਕੀ ਕਰਨਾ ਹੈ, ਉਸ ਨੇ ਉਸ ਦਾ ਢਿੱਡ ਤਾਂ ਨਹੀਂ ਭਰਨਾ , ਮੈਂ ਕਿਹਾ ਜ਼ਿੰਦਗੀ ਦੇ ਕਿਸੇ ਪੜਾਅ ਤੇ ਆ ਕੇ ਰੂਹ ਨੂੰ ਭਰਨ ਲਈ ਉਸ ਨੂੰ ਅਪਣੀਆਂ ਜੜ੍ਹਾਂ ਹੀ ਦਿਖਦੀਆਂ ਹਨ, ਜੋ ਕਿ ਉਸ ਨੂੰ ਆਪਣੀ ਭਾਸ਼ਾ ਵਿੱਚਲੇ ਸਾਹਿਤ ਵਿੱਚ ਹੀ ਮਿਲਣਗੀਆਂ, ਤੁਸੀਂ ਇਸ ਦੂਰ ਅੰਦੇਸ਼ੀ ਸੋਚ ਨੂੰ ਅਪਣਾ ਕੇ ਚੱਲੋ।
ਅੱਜ ਕੱਲ ਛੋਟੀ ਉਮਰੇ ਹੀ ਬੱਚੇ ਡਿਪਰੈਸ਼ਨ ਅਤੇ ਹੋਰ ਅਜਿਹੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਜੋ ਅਸੀਂ ਜਾਂ ਸਾਡੇ ਬਜੁਰਗਾਂ ਨੇ ਬਹੁਤ ਘੱਟ ਸੁਣੀਆਂ ਸਨ, ਕਾਰਨ ਸਮਾਜਿਕ ਤੌਰ ਤੇ ਇਕੱਲਤਾ ਅਤੇ ਬੌਧਿਕ ਤੌਰ ਤੇ ਵੀ। ਆਪਣੇ ਬੱਚਿਆਂ ਦੀ ਬੌਧਿਕ ਇਕੱਲਤਾ ਦਾ ਕਾਰਨ ਅਣਜਾਣ ਪੁਣੇ ਵਿੱਚ ਅਸੀਂ ਮਾਪੇ ਹੀ ਹੋਵਾਂਗੇ। ਡਿਪਰੈਸ਼ਨ ਵਿਚੋਂ ਉਭਰਨ ਵਾਸਤੇ ਹੋਰ ਗੱਲਾਂ ਤੋਂ ਇਲਾਵਾ ਸਾਹਿਤ ਪੜਨ ਦਾ ਇਕ ਅਹਿਮ ਰੋਲ ਹੁੰਦਾ ਹੈ। ਬੱਚਾ ਜਿਸ ਮਾਹੌਲ ਵਿਚ ਰਹਿੰਦਾ ਹੈ , ਜਿਸ ਸਮਾਜਿਕ ਤਾਣੇ ਬਾਣੇ ਵਿੱਚ ਰਹਿੰਦਾ ਹੈ, ਉਸ ਦਾ ਉਸ ਦੇ ਵਿਅਕਤੀਤਵ ਤੇ ਬਹੁਤ ਅਸਰ ਹੁੰਦਾ ਹੈ, ਆਪਣੇ ਆਲੇ ਦੁਆਲੇ ਵਿਚਰਦੇ ਲੋਕਾਂ ਦੀਆਂ ਕਹਾਣੀਆਂ ਸਾਹਿਤ ਰਾਹੀਂ ਪੜ੍ਹੇਗਾ, ਉਹ ਆਪਣਾ ਅਤੇ ਆਪਣੇ ਪੁਰਖਿਆਂ ਬਾਰੇ ਜਾਣੇਗਾ ਤਾਂ ਉਸ ਵਿਚ ਜ਼ਿੰਦਗੀ ਦੇ ਔਖੇ ਸਮੇਂ ਨੂੰ ਸਰ ਕਰਨ ਦੀ ਹਿੰਮਤ ਪੈਦਾ ਹੋਵੇਗੀ।ਅਸੀਂ ਦੂਜੀਆਂ ਭਾਸ਼ਾਵਾਂ ਦੇ ਰੋਅਬ ਵਿਚ ਆ ਕੇ ਆਪਣੀ ਭਾਸ਼ਾ ਤੋਂ ਮੁਨਕਰ ਹੋ ਜਾਈਏ ਇਹ ਕਿਵੇਂ ਹੋ ਸਕਦਾ ਹੈ, ਮੈਂ ਇਹੋ ਜਿਹੇ ਵਿਚਾਰਾਂ ਵਾਲੇ ਬੁੱਧੀਜੀਵੀਆਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ । ਅੱਜ ਦੇ ਸਮਿਆਂ ਵਿੱਚ ਜਦੋਂ ਪੰਜਾਬੀ ਬੋਲੀ ਨੂੰ ਪੰਜਾਬੀ ਲੋਕ ਤੇ ਪੰਜਾਬੀ ਬੁੱਧੀਜੀਵੀ ਹੀ ਅਪਣਾਉਣ ਤੋਂ ਇਨਕਾਰ ਕਰਨ ਤਾਂ ਅਜਿਹੇ ਲੇਖ ਲਿਖਣਾ ਸਮੇਂ ਦੀ ਮੰਗ ਬਣ ਜਾਂਦਾ ਹੈ ।