ਭੂਰੀਆਂ ਅੱਖਾਂ ਦਾ ਸੇਕ (ਕਹਾਣੀ) : ਬਲੀਜੀਤ

ਇੱਕ! ਦੋ! ਤਿੰਨ!

ਬੱਸ ਤਿੰਨ ਸਕਿੰਟ!!

ਕਿੰਨਾ ਕੁ ਲੰਮਾ ਸਮਾਂ ਹੁੰਦਾ ਐ ਤਿੰਨ ਸਕਿੰਟਾਂ ਦਾ । ਬੱਚੇ ਦਾ ਜਨਮ ਹੁੰਦਿਆਂ ਤੇ ਬੰਦੇ ਦੀ ਜਾਨ ਨਿਕਲਦਿਆਂ ਵੀ ਟੈਮ ਲੱਗਦਾ ਐ । ਪਰ ਉਹ ਤਿੰਨ ਸਕਿੰਟ ਉਸ ਦੀ ਜ਼ਿੰਦਗੀ ਦਾ ਸਭ ਤੋਂ ਲੰਮਾ ਸਮਾਂ ਸੀ । ਬਹੁਤ ਹੀ ਭਾਰੇ ਸਨ ਉਹ ਤਿੰਨ ਸਕਿੰਟ । ਉਹ ਦਿਨ, ਉਹ ਵਾਰ, ਸਾਲ ਮਹੀਨਾ ਕੁਸ਼ ਵੀ ਚਿੱਤ 'ਚ ਨਹੀਂ ਪਰ ਉਹ ਤਿੰਨ ਸਕਿੰਟ ਪਵਿੱਤਰ ਅੱਜ ਤੱਕ ਨਹੀਂ ਭੁੱਲਿਆ । ਫੜੱਕ ਦੇਣੀ ਉਹ ਤਿੰਨਾਂ ਸਕਿੰਟਾਂ ਦੀ ਮੂਰਤ ਜ਼ਿੰਦਗੀ ਦੇ ਹਨੇਰਿਆਂ ਸਵੇਰਿਆਂ ਦੀ ਲਮਕਾਹਟ 'ਚੋਂ ਟੁੱਟ ਕੇ ਉਸ ਦੇ ਮੱਥੇ 'ਚ ਆ ਵੱਜਦੀ ਤੇ ਉਸ ਦੀ ਜ਼ੁਬਾਨ ਨੂੰ ਕਸੈਲਾ ਕਰ ਦਿੰਦੀ ।

ਉਦੋਂ ਪਵਿੱਤਰ ਦੀ ਪੰਜ ਕੁ ਸਾਲ ਉਮਰ ਹੋਊ । ਬੜੀ ਹੱਦ ਸਾਢੇ ਪੰਜ ਹੋਊ ।

''ਪੱਪੀ! ਪੱ... ਅ ...ਪੀ!!''

ਹਾਂ, ਉਦੋਂ ਸਾਰੇ ਉਸ ਨੂੰ ਇਸੇ ਛੋਟੇ ਲਾਡਲੇ ਨਾਂ ਨਾਲ ਬੁਲਾਉਂਦੇ ਸਨ । ਕੱਚੀ ਪਹਿਲੀ ਜਮਾਤ 'ਚ ਹੁਣੇ ਸਕੂਲ ਜਾਣ ਲਾਇਆ ਸੀ । ਸਕੂਲੋਂ ਆ ਕੇ, ਬਸਤਾ ਫੱਟੀ ਸਿੱਟ ਕੇ, ਸਿੱਖਾਂ ਦੇ ਖੇਤਾਂ 'ਚ ਗੰਨੇ ਘੜਦੀ ਮਾਂ ਨੂੰ ਦੁੱਧ ਚੁੰਘਣ ਲਈ ਲੱਭਦਾ । ਮਿਰਚਾਂ ਤੇ ਘੀਆ-ਕੁਆਰ ਲਾ ਕੇ ਵੀ ਹੁਣ ਤੱਕ ਉਸ ਨੇ ਜਦੋਂ ਮਾਂ ਦਾ ਖਹਿੜਾ ਨਹੀਂ ਛੱਡਿਆ ਸੀ, ਤਾਂ ਮਾਂ ਨੇ ਕਾਣਤ ਕੇ ਉਸ ਨੂੰ ਕੁੱਟ ਕੁੱਟ ਕੇ ਹਾਲੋਂ ਬੇਹਾਲ ਕਰ ਦਿੱਤਾ ਸੀ । ਜਿਉਂ ਹੀ ਉਸ ਨੇ ਮਾਂ ਦਾ ਅਗਲਾ ਪੱਲਾ ਉਤਾਂਹ ਕੀਤਾ, ਤਾਂ ਮਾਂ ਨੇ ਉਸ ਦੀ ਪਿੱਠ ਵਿੱਚ ਦੋ ਦਹੱਥੜੇ ਮਾਰੇ ਸਨ । ਉਸ ਦੀਆਂ ਅੱਖਾਂ 'ਚ ਹਨੇਰਾ ਆ ਗਿਆ ਸੀ । ਜ਼ਿੰਦਗੀ ਦਾ ਇੱਕ ਪੜਾ ਟੁੱਟ ਕੇ ਫੱਟੀ ਬਸਤੇ ਵਾਂਗ ਉਸ ਦੀ ਪਿੱਠ 'ਤੇ ਲਟਕ ਗਿਆ ਸੀ ।

ਉਸ ਦਿਨ ਉਹ ਇੱਧਰ ਉਧਰ ਹੀ ਹੋ ਜਾਂਦਾ? ਕਿੱਥੇ ਚਲਿਆ ਜਾਂਦਾ? ਕੋਈ ਉਸ ਨੂੰ ਦੁਆਨੀਓ ਦੇ ਜਾਂਦਾ । ਹੋਰ ਕੁਝ ਕਰਨ ਲੱਗ ਜਾਂਦਾ । ਨਿਆਣਿਆਂ ਨੂੰ ਕਿਹੜਾ ਕੰਮਾਂ ਦਾ, ਇੱਲਤਾਂ ਦਾ ਘਾਟਾ । ਗੁੜ ਦੀ ਪੀਪੀ ਟੋਲ਼ਣ ਲੱਗ ਜਾਂਦਾ । ਦੂਰ ਤੱਕ ਘੁੰਮ ਆਇਆ ਸੀ । ਸਾਰਾ ਦੁਪਹਿਰਾ ਸਿਰ 'ਤੇ ਲੰਘਾਇਆ ਸੀ । ਪਰ ਚੰਦਰੀ ਦੁਪਹਿਰਖਿੜੀ ਦਾ ਬੂਟਾ ਉਸ ਨੂੰ ਕਿਤੋਂ ਨਾ ਲੱਭਿਆ । ਕਿਸੇ ਸੁੱਕੇ ਟੋਭੇ 'ਚੋਂ ਉਸ ਨੂੰ ਟਮਾਟਰਾਂ ਦੀ ਕੋਈ ਪੱਛੀ ਨਾ ਮਿਲੀ । ਨਹੀਂ ਤਾਂ ਦੂਏ ਤੀਏ ਦਿਨ ਕੋਈ ਬੂਟਾ ਉਸ ਦੇ ਹੱਥ ਲੱਗ ਜਾਂਦਾ ਸੀ ਜਿਸ ਨੂੰ ਆਪਣੇ ਘਰ ਦੇ ਨਾਲ ਡਾਕਰ ਖੇਤ 'ਚ ਗੱਡ ਕੇ, ਡੱਬੇ ਨਾਲ ਪਾਣੀ ਪਾਉਂਦਾ ਰਹਿੰਦਾ । ਦੋ ਦਿਨਾਂ ਬਾਅਦ ਬੂਟਾ ਸਿਰ ਸੁੱਟ ਦਿੰਦਾ । ਬੱਚੇ ਤੇ ਬੂਟੇ ਦੇ ਚਿਹਰੇ ਉਦਾਸ, ਸੁੱਕ ਜਾਂਦੇ । ਉਸ ਨੂੰ ਬੂਟਾ ਪੁੱਟਣ ਤੇ ਲਾਉਣ ਦਾ ਵੱਲ ਹੀ ਨਹੀਂ ਸੀ ਆਉਦਾ । ਖੁਰਪੇ ਨਾਲ ਬੂਟੇ ਦੀਆਂ ਜੜ੍ਹਾਂ ਕੱਟੀਆਂ ਜਾਂਦੀਆਂ ਸਨ ਤੇ ਫੇਰ ਉਸ ਹਰਾ ਕਿਵੇਂ ਹੋਣਾ ਸੀ । ਤੇ ਉਸ ਦੀ ਤਲਾਸ਼ ਇਵੇਂ ਹੀ ਜਾਰੀ ਰਹੀ ਸੀ ।

ਤੇ ਉਸ ਦਿਨ ਜਦ ਉਹ ਦੂਰ ਤੱਕ ਦਮ ਤੁੜਾ ਕੇ ਮੁੜਿਆ ਸੀ ਤਾਂ ਉਸ ਨੇ ਆਪਣੇ ਜਿਹਨ ਵਿੱਚ ਸੁੱਕੀ ਜੜ੍ਹ ਦੱਬ ਲਈ ਸੀ ਜੋ ਬਿਨਾਂ ਪਾਣੀ ਤੋਂ ਹੀ ਪਲਦੀ ਰਹੀ । ਜਿਸ ਦੇ ਫੜਾਂਗ ਉਸ ਨੂੰ ਵਿਰਾਸਤ ਵਿੱਚ ਮਿਲਣੇ ਸਨ । ਸਾਫ ਮਨ ਨੇ ਇੱਕ ਫ਼ੋਟੋ ਖਿੱਚਣੀ ਸੀ ਜੋ ਬਾਅਦ ਵਿੱਚ ਆਪੇ ਹੀ ਡੀਵੈਲਪ ਹੋ ਜਾਣੀ ਸੀ ।

ਉਸ ਦਿਨ ਹੋਰ ਉਹ ਕੀ ਕਰ ਸਕਦਾ ਸੀ । ਕੋਈ ਅੰਬੀ ਦਾ ਬੂਟਾ ਈ ਅੜਿੱਕੇ ਆ ਜਾਂਦਾ ਜਿਸ ਨੂੰ ਜ਼ੋਰ ਨਾਲ ਗੁਠਲੀ ਸਮੇਤ ਧੂਹ ਕੇ ਜ਼ਮੀਨ 'ਚੋਂ ਬਾਹਰ ਕੱਢ ਲੈਂਦਾ ਤੇ ਗੁਠਲੀ ਇੱਕ ਪਾਸਿਉਂ ਪੱਥਰ ਉੱਤੇ ਤਿਰਛੀ ਰਗੜ ਕੇ ਪੀਪਨੀ ਬਣਾ ਕੇ ਬਜਾਉਂਦਾ ਫਿਰਦਾ । ਦੂਸਰੇ ਬੱਚਿਆਂ ਨੂੰ ਸੁਣਾਉਂਦਾ । ਬੱਚੇ ਨੇੜੇ ਨੂੰ ਆਉਂਦੇ ਤੇ ਉਹ ਆਪਣੀ ਕਲਾ ਕਦੇ ਦਿਖਾਉਂਦਾ ਤੇ ਕਦੇ ਲੁਕੋਂਦਾ, ... ਪਰ ਨਹੀਂ... । ਕੋਠੇ ਉੱਤੇ ਤਸਲੇ 'ਚ ਬੀਜਿਆ ਘੀਆ ਕੁਆਰ ਉਸ ਨੇ ਪਹਿਲਾਂ ਹੀ ਤੋੜ ਮਰੋੜ ਕੇ ਅੱਕਾਂ 'ਚ ਸੁੱਟ ਦਿੱਤਾ ਸੀ । ਤਸਲੇ ਦੀ ਮਿੱਟੀ ਢੇਰੀ ਕਰ ਕੇ ਪੈਰਾਂ ਨਾਲ ਮਿੱਧ ਦਿੱਤੀ ਸੀ । ਉਸ ਨੂੰ ਪਤਾ ਸੀ ਕਿ ਘੀਆ ਕੁਆਰ ਦੀ ਮਾੜੀ ਜਹੀ ਪੱਚਰ ਵਿੱਚ ਵੀ ਅੰਤਾਂ ਦੀ ਕੁੜੱਤਣ ਹੁੰਦੀ ਹੈ । ਉਸ ਨੂੰ ਅਜੇ ਵੀ ਹਲਕੀ ਹਲਕੀ ਉਮੀਦ ਸੀ ਕਿ ਮਾਂ ਪੁੱਛੇਗੀ...

''ਪੁੱਤ! ਪੱਪੀ ਕਿੱਥੇ ਐਂ ਤੂੰ । ਦੁੱਧ ਚੁੰਘਣਾ? ''

ਐਸਾ ਕੁਝ ਨਹੀਂ ਵਾਪਰਿਆ । ਪਰ ਬੜਾ ਕੁਝ ਵਾਪਰ ਗਿਆ ਸੀ । ਉਹਨਾਂ ਤਿੰਨਾਂ ਸਕਿੰਟਾਂ 'ਚ ਉਹ ਇੱਕ ਮੌਤ ਜੀਵਿਆ ਸੀ । ਉਸ ਦਿਨ ਦੀ ਕੁੜੱਤਣ ਬਦਲੇ ਤਾਂ ਉਹ ਸਾਰੇ ਦਾ ਸਾਰਾ ਘੀਆ ਕੁਆਰ ਕੱਚਾ ਈ ਖਾ ਜਾਂਦਾ । ਉਸ ਕੁੜੱਤਣ ਦਾ ਕੀ ਸੀ । ਉਸ ਨੇ ਸਵੇਰੇ ਹਗ ਆਉਣੀ ਸੀ । ਪਰ ਇਹ ਜ਼ਹਿਰ ਤਾਂ ਉਸ ਦੇ ਜਿਹਨ ਵਿੱਚ ਘੁਲ ਗਿਆ ਸੀ । ਜ਼ਹਿਰ ਹੀ ਜ਼ਹਿਰ । ਬਾਕੀ ਕੁਝ ਨਹੀਂ ।

ਚੰਦ ਪੁਰ ਡਕਾਲੇ ਪਿੰਡ ਤੋਂ ਸ਼ਹਿਰ ਪੜ੍ਹਾਉਣ ਆਉਂਦਾ ਉਸ ਦਾ ਮਾਸਟਰ ਪਰੇਮ ਸਿੰਘ ਅਹੀ ਤਹੀ ਮਰਾ ਹਟਿਆ ਸੀ ਪਰ ਪੱਪੀ ਨੂੰ 'ੜ' ਸਿੱਧਾ ਪਾਉਣਾ ਨਹੀਂ ਆਇਆ ਸੀ । ਮਾਸਟਰ ਤੋਂ ਮਾਰ ਖਾ ਖਾ ਕੇ ਵੀ ਅੱਖਰਾਂ 'ਤੇ ਹੱਥ ਟਿਕਾਉਣਾ ਨਹੀਂ ਆਇਆ ਸੀ । ਚੰਗੀ ਤਰ੍ਹਾਂ ਫੱਟੀ ਧੋਣੀ ਤੇ ਫੇਰ ਗਾਚਣੀ ਮਲ਼ਣੀ ਨਹੀਂ ਆਈ ਸੀ । ਜਦੋਂ ਫੱਟੀ ਸਕੂਲ ਦੀ ਮਸੀਤ ਦੀ ਕੰਧ ਨਾਲ ਧੁੱਪੇ ਵਿੰਗੀ ਸੁੱਕਣ ਲਈ ਖੜ੍ਹੀ ਕਰਨੀ, ਤਾਂ ਕੱਲ੍ਹ ਦੇ ਟੇਢੇ ਅੱਖਰ ਨਵੀਂ ਮਲ਼ੀ ਗਾਚਣੀ ਦੀ ਪਤਲੀ ਪਰਤ 'ਚੋਂ ਦੀ ਝਾਕਦੇ । ਤੇ ਨਾ ਹੀ ਨਵੇਂ ਸਿਰੇ ਤੋਂ ਉਹੀ 'ੳ ਅ' ਸਿੱਧੀ ਲਾਈਨ ਵਿੱਚ ਲਿਖਿਆ ਜਾਂਦਾ । ਸਕੂਲ ਜਾਣ ਦਾ ਸਮਾਂ 'ਸਾਝਰੇ ਜਾਣਾ' ਹੁੰਦਾ ਸੀ । ਚੌਥੀ ਜਮਾਤ ਦੀ ਹਿੰਦੀ ਦੀ ਕਿਤਾਬ 'ਚ ਵਾਰ-ਵਾਰ ਹਿੰਦ, ਹਿੰਦੋਸਤਾਂ, ਹਿੰਦੋਸਤਾਨ ਲਿਖਿਆ ਆ ਕੇ, ਉਸ ਨੂੰ ਇਹ ਨਹੀਂ ਸਮਝਾ ਸਕਿਆ ਸੀ ਕਿ ਉਸ ਦਾ ਆਪਣਾ ਮੁਲਕ ਹਿੰਦੋਸਤਾਨ ਹੀ ਸੀ । ਉਹ ਪਤਾ ਨਹੀਂ ਕਿਹੜੀ ਦੁਨੀਆ 'ਚ ਗਰਕਿਆ ਰਹਿੰਦਾ । ਪਤਾ ਨਹੀਂ ਕਿਹੜੀਆਂ ਵਾਟਾਂ ਤੇ ਨਿਕਲਿਆ ਰਹਿੰਦਾ ਸੀ । ਸਭ ਕੁਝ ਵਿਸਰਿਆ ਹੋਇਆ ਸੀ । ਬਸ ਜਮਾਤਾਂ ਪਾਸ ਹੋਈ ਜਾਂਦੀਆਂ । ਆਉਂਦਾ ਜਾਂਦਾ ਕੁਝ ਵੀ ਨਹੀਂ ਸੀ ।

ਪਰ ਉਹ ਤਿੰਨ ਸਕਿੰਟ ਉਸ ਦੀਆਂ ਗੱਠਾਂ ਉੱਪਰ ਗਿਣੇ ਪਏ ਸਨ ।

ਇੱਕ ... ਦੋ ... ਤਿੰਨ ... । ਉਹ ਬਾਰ ਬਾਰ ਉਹਨਾਂ ਪਲਾਂ ਦੀ ਗਿਣਤੀ ਕਰਦਾ । ਇਸ ਲਿਹਾਜ਼ ਨਾਲ ਉਹ ਪਲ ਖਾਸੇ ਲੰਬੇ ਸਨ ।

ਇਹਨਾਂ ਪਲਾਂ ਦੀ ਕੌੜੀ ਯਾਦ, ਇੱਕ ਜਮਾਤ ਤੋਂ ਦੂਸਰੀ ਜਮਾਤ ਇੱਕ ਸਕੂਲ ਤੋਂ ਦੂਸਰੇ ਸਕੂਲ 'ਚ ਓਹਦੇ ਨਾਲ ਹੀ ਦਾਖਲ ਹੁੰਦੀ ਰਹੀ । ਉਸ ਦੀ ਰਫ਼ਤਾਰ ਬਾਕੀਆਂ ਵਰਗੀ ਨਾ ਰਹੀ । ਆਪਣੇ ਆਪ ਨੂੰ ਜਿਵੇਂ ਲੁਕੋ ਕੇ ਰੱਖਦਾ । ਮੁੰਡਿਆਂ ਕੁੜੀਆਂ ਵਿਚਾਲੇ ਬੈਠਾ ਵੀ ਉਹਨਾਂ ਤੋਂ ਕੋਹਾਂ ਫਾਸਲੇ 'ਤੇ ਹੁੰਦਾ । ਸਭ ਤੋਂ ਭੈਅ ਆਉਂਦੀ । ਸਭ ਵੱਡੇ-ਵੱਡੇ ਲੱਗਦੇ । ਅਮੀਰ । ਲੰਮੇ । ਚੌੜੇ । ਸੁਹਣੇ । ਕਈ ਵਾਰ ਮੁੰਡੇ ਇੱਕ ਦੂਜੇ ਨਾਲ ਗਾਲ਼-ਮ-ਗਾਲ਼ੀ ਹੁੰਦੇ । ਇੱਕ ਦੂਸਰੇ ਦਾ ਨੱਕ ਭੰਨ ਦਿੰਦੇ । ਪਰ ਪਵਿੱਤਰ ਨੂੰ ਹਰ ਗਾਲ਼ ਹਜ਼ਮ ਸੀ । ਜਿਵੇਂ ਦੁਨੀਆ ਦੀ ਹਰ ਗਾਲ਼ ਉਸ ਉੱਤੇ ਢੁੱਕਦੀ ਹੋਵੇ । ਕਿੰਨੀਆਂ ਕੁ ਗਾਲ਼ਾਂ ਸਨ ਦੁਨੀਆ ਵਿੱਚ । ਮਾਂ ਦੀ, ਭੈਣ ਦੀ, ਧੀ ਦੀ । ਚਲੋ ਹੋਰ ਵੀ ਹੋਣਗੀਆਂ । ਉਹ ਸਾਰੀਆਂ ਗਾਲ਼ਾਂ ਦੇ ਮਤਲਬ ਕੱਢਦਾ ਤਾਂ ਲੋਕਾਂ ਵੱਲੋਂ ਉਸ ਨੂੰ ਕੱਢੀਆਂ ਗਾਲ਼ਾਂ ਖ਼ੁਦ ਨੂੰ ਹੀ ਜਾਇਜ਼ ਲੱਗਦੀਆਂ । ਖਵਰੇ ਇਹਨੂੰ ਪਤਾ ਹੋਵੇ ।

ਦੂਸਰੇ ਨੂੰ ਕੱਢੀ ਗਾਲ਼ ਵੀ ਪਵਿੱਤਰ ਨੂੰ ਆਪਣੀ ਲੱਗਦੀ । ਇੱਕ ਟੋਲੀ 'ਚੋਂ ਗਾਲ਼ ਸੁਣ ਕੇ ਦੂਸਰੀ ਟੋਲੀ 'ਚ ਜਾ ਖੜ੍ਹਦਾ । ਸੋਚਦਾ ਰਹਿੰਦਾ । ਨਹੁੰ ਟੁਕਦਾ ਰਹਿੰਦਾ । ਲੋਕ ਉਸ ਨੂੰ ਸੱਚੀਆਂ ਗਾਲ਼ਾਂ ਕੱਢਦੇ ਸਨ । ਇੱਕ ਦਿਨ ਸਕੂਲ ਦੀ ਲਬੌਟਰੀ ਵਿੱਚ ਮਜ੍ਹਬੀਆਂ ਦੇ ਭੈਂਗੇ ਬਿੱਲੇ ਨੇ ਉਸ ਨੂੰ ਮਾਂ ਦੀ ਗਾਲ਼ ਕੱਢੀ ਸੀ । ਉਸ ਤੋਂ ਬਲਦੇ ਲੈਂਪ ਅਤੇ ਛੋਟੇ ਜਹੇ ਸਟੈਂਡ ਉੱਤੇ ਟਿਕਾਏ ਪਾਣੀ ਦੇ ਭਰੇ ਬੀਕਰ ਦੇ ਵਿਚਾਲੇ ਰੱਖੇ ਜਾਣ ਵਾਲਾ ਸਖ਼ਤ ਕਾਗਜ਼-ਨੁਮਾ ਕੈਮੀਕਲ ਦਾ ਟੁਕੜਾ ਹੱਥ ਵੱਜ ਕੇ ਟੁੱਟ ਗਿਆ ਸੀ । ਤਾਂ ਪੂਰੇ ਤਿੰਨ ਸਕਿੰਟ ਲਈ ਉਸ ਦਾ ਲਹੂ ਨਸਾਂ ਵਿੱਚ ਜੰਮ ਗਿਆ ਸੀ । ਉਸ ਦਾ ਵੀ ਜੀਅ ਕਰਿਆ ਸੀ ਕਿ ਗਾਲ਼ ਦਾ ਗਾਲ਼ 'ਚ ਬਦਲਾ ਲਏ । ਪਰ ਉਹ ਝੂਠੀ-ਮੂਠੀ ਦੀ ਗਾਲ਼ ਕਿਵੇਂ ਕੱਢ ਦਿੰਦਾ । ਇੰਨਾ ਹੀ ਕਰ ਸਕਦਾ ਸੀ ਕਿ ਅੱਗੇ ਤੋਂ ਉਸ ਨਾਲ ਨਾ ਬੋਲੇ । ਖੁੱਲ੍ਹ-ਦਿਲੀ ਨਾਲ ਬੋਲਦੇ ਤਾਂ ਉਸ ਨੂੰ ਕਿਸੇ ਸੁਣਿਆ ਹੀ ਨਹੀਂ ਸੀ । 'ਕੱਠਾ ਜਿਹਾ ਹੋ ਕੇ ਤੁਰਦਾ । ਚੋਰਾਂ ਵਾਂਗ । ਸਿਰ ਨੀਵਾਂ ਕਰਕੇ । ਸੜਕ ਉੱਤੇ ਤੁਰਦੇ ਦੇ ਪੈਰ ਝੂਠੇ ਪੈ ਜਾਂਦੇ ਜੇ ਪਿੱਛੇ ਆਉਂਦੇ ਰਾਹੀ ਜ਼ੋਰ ਦੀ ਹੱਸ ਪੈਣ । ਉਸ ਨੂੰ ਲੱਗਦਾ ਕਿ ਜਿਵੇਂ ਹੱਸਣ ਵਾਲੇ ਉਹਨਾਂ ਤਿੰਨਾਂ ਸਕਿੰਟਾਂ ਦੁਰਾਨ ਉਸ ਦੀ ਪਿੱਠ ਪਿੱਛੇ ਖੜ੍ਹੇ ਸਨ । ਸਭ ਕੁਝ ਜਾਣਦੇ ਸਨ । ਤਾਹੀਓਂ ਤਾਂ ਉਹ ਹੱਸਦੇ ਸਨ । ਸਿਰ ਹੋਰ ਨੀਵਾਂ ਹੋ ਜਾਂਦਾ । ਚੁੱਪ-ਚਾਪ ਬੈਠੇ ਨੂੰ ਜੇ ਕੋਈ ਪੁੱਛ ਲੈਂਦਾ?

- ਤੇਰਾ ਘਰ ਨੇੜੇ ਕਿਤੇ ਹੋਣਾ?

- ਕੀ ਕਰਦਾ ਤੇਰਾ ਬਾਪ?

- ਮਾਂ ਹੈਗੀ?

ਤਾਂ ਚਿਹਰਾ ਪੀਲਾ ਪੈ ਜਾਂਦਾ । ਕੰਨਾਂ 'ਚ ਸਾਂ-ਸਾਂ ਹੁੰਦੀ । ਜ਼ੁਬਾਨ ਥਥਲਾਉਂਦੀ । ਕਦੇ ਕੋਈ ... ਕਦੇ ਕੋਈ ਝੂਠ ਬੋਲ ਦਿੰਦਾ । ਤੁਰਦਾ ਫਿਰਦਾ ਉਹ ਅੰਦਰੋ-ਅੰਦਰੀ ਵਿਸ ਘੋਲਦਾ ਰਹਿੰਦਾ:

- ਕਿਊ ਲੋਕ ਐਵੇਂ ਮੇਰੇ ਪੋਤੜੇ ਫੋਲਦੇ ਰਹਿੰਦੇ ਐ?

- ਮੇਰਾ ਨਾਂ ਤੱਕ ਨਹੀਂ ਜਾਣਦੇ । ਨਾ ਮੇਰਾ ਨਾਂ ਪੁੱਛਦੇ ਐ ।

- ਮਾਂ ਹੈਗੀ? ਕੀ ਕਰਦੀ?

- ਬਾਪ ਹੈਗਾ? ਕੀ ਕਰਦਾ?

ਬਸ ਇਹੋ ਰਹਿ ਗਿਆ ਪੁੱਛਣ ਲਈ । ਇਹ ਹੁੰਦੇ ਕੌਣ ਐ ਮੈਨੂੰ ਪੁੱਛਣ ਵਾਲੇ? ਬਕਬਾਸ ਮਾਰਦੇ ਨੇ । ਗਧੇ । ਤੇ ਇਵੇਂ ਹਰ ਕੋਈ ਉਸ ਲਈ ਅਜਨਬੀ ਤੋਂ ਵੱਧ ਕੁਝ ਨਹੀਂ ਸੀ । ਕੀ ਕੋਈ ਅਜਿਹਾ ਟਾਪੂ ਨਹੀਂ ਜਿੱਥੇ ਲੋਕ ਮਾਂ-ਪੁੱਤ, ਭੈਣ-ਭਾਈ, ਔਰਤ-ਮਰਦ ਦੇ ਰਿਸ਼ਤਿਆਂ ਤੋਂ ਨਾ-ਵਾਕਿਫ਼ ਹੋਣ ਤੇ ਭੂਗੋਲ ਪੜ੍ਹਦੇ-ਪੜ੍ਹਦੇ ਉਸ ਦੇ ਮਨ ਵਿੱਚ ਨਕਸ਼ੇ ਉੱਤੇ ਉਸ ਦੀ ਪੀਲੀ ਉਂਗਲੀ ਅਗਾਂਹ ਨੀਲੇ ਸਮੁੰਦਰ ਵੱਲ ਤੁਰ ਜਾਂਦੀ ।

***

ਤੇਈ ਚੌਵੀ ਸਾਲ ਬਾਅਦ ਵੀ ਲਾਲ ਟਾਹਲੀ ਦੇ ਦਰਵਾਜ਼ਿਆਂ ਦੀਆਂ ਝੀਥਾਂ ਵਿੱਚੋਂ ਕਮਰੇ 'ਚ ਵੜੀ ਹੋਈ ਡੁੱਬਦੇ ਸੂਰਜ ਦੀ ਲਾਲੀ ਜਿਵੇਂ ਕੱਲ੍ਹ ਦੀ ਗੱਲ ਸੀ । ਅਜੇ ਪਿਛਲੇ ਮਹੀਨੇ ਈ ਉਹ ਆਪਣੇ ਦੋਸਤ ਰਵੀ ਕਾਂਤ ਸ਼ਰਮਾ ਨਾਲ ਭਾਖੜਾ ਨੰਗਲ ਡੈਮ ਉੱਤੇ ਘੁੰਮਣ ਗਿਆ ਹੋਇਆ ਸੀ । ਇੱਕ ਹਫ਼ਤਾ ਉੱਥੇ ਹੀ ਰਿਹਾ ਸੀ । ਤੇ ਸਤਲੁਜ ਦੇ ਪਾਣੀਆਂ ਵਿੱਚ ਬਹੁਤ ਦਿਲ ਕੰਬਾ ਦੇਣ ਵਾਲੀ ਦੁਰਘਟਨਾ ਵਾਪਰੀ ਗਈ ਸੀ । ਹਾਦਸੇ ਦੀ ਖ਼ਬਰ ਪੜ੍ਹ ਕੇ ਉਹ ਦੋਵੇਂ ਘਟਨਾ ਸਥੱਲ ਉੱਤੇ ਚਲੇ ਗਏ ਸਨ । ਉਸ ਦਿਨ ਚੌਵੀ ਬੱਚਿਆਂ ਸਮੇਤ ਇੱਕ ਕਿਸ਼ਤੀ ਦਰਿਆ ਵਿੱਚ ਡੁੱਬ ਗਈ ਸੀ । ਛੋਟੇ ਮਾਸਟਰਾਂ ਤੇ ਵੱਡੇ ਅਫ਼ਸਰਾਂ ਦਾ ਹਜ਼ੂਮ ਕੱਠਾ ਹੋਇਆ ਹੋਇਆ ਸੀ । ਰਵੀ ਵਕਾਲਤ ਪੜ੍ਹਦਾ ਸੀ । ਇਸੇ ਕਰ ਕੇ ਕਾਨੂੰਨ ਤੇ ਅਫ਼ਸਰਾਂ ਨਾਲ ਮੱਥਾ ਮਾਰ ਰਿਹਾ ਸੀ । ਪਵਿੱਤਰ ਹੂੰ ਹਾਂਅ ਕਰੀ ਜਾਂਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਬੇ-ਸਮਝ ਗੱਲਾਂ ਉਸ ਦੇ ਕੰਨਾਂ 'ਚ ਵੜੀ ਜਾਂਦੀਆਂ । ਨਿਕਲੀ ਜਾਂਦੀਆਂ :

'' ਸਰ-ਸਰ-ਸਰ ।''

'' ਜਨਾਬ-ਜਨਾਬ-ਜਨਾਬ ... ਬੀਭੌਰ ਸਾਹਿਬ ਦਾ ਪੱਤਣ ।''

'' ਫ਼ਾਤਿਮਾ ਕੌਨਵੈਂਟ ਸਕੂਲ, ਪਟਿਆਲਾ ।''

''ਉਣੱਤੀ ਸਤੰਬਰ, ਬਿਆਸੀ ।''

'' ਨਾਰਦਨ ਇੰਡੀਆ ਫੈਰੀ ਐਕਟ, ਏਟੀਨ ਸੈਵਨਟੀ ਏਟ ।''

'' ਸੈਕਸ਼ਨ ਥਰ੍ਹੀ ਜ਼ੀਰੋ ਫੋਰ-ਏ, ਥਰ੍ਹੀ ਥਰ੍ਹੀ ਸਿਕਸ । ਆਈ ਪੀ ਸੀ ।''

ਪਵਿੱਤਰ ਬਿਲਕੁਲ ਚੁੱਪ ਇੱਕ ਸਾਬ੍ਹ ਨੂੰ ਦੂਸਰੇ ਸਾਬ੍ਹ ਦੇ ਸਿਰੋਂ ਪੱਗ ਲਾਹ ਕੇ ਆਪਣੇ ਸਿਰ ਬੰਨ੍ਹਦੇ ਵੇਖਦਾ ਰਿਹਾ ਸੀ । ਉਸ ਦੇ ਸਾਮ੍ਹਣੇ ਤਿੰਨ-ਤਿੰਨ ਫੁੱਟ ਦੀਆਂ ਲੋਥਾਂ ਦਰਿਆ 'ਚੋਂ ਕੱਢੀਆਂ ਤੇ ਡੱਬਿਆਂ 'ਚ ਬੰਦ ਕੀਤੀਆਂ ਸਨ । ਬੱਚਿਆਂ ਦੇ ਮਾਪਿਆਂ ਨੇ ਚੰਘਿਆੜਾਂ ਮਾਰ ਮਾਰ ਕੇ ਉਹ ਤਿੰਨ ਤਿੰਨ ਫੁੱਟ ਗਲਿਆ ਮਾਸ ਉੱਥੋਂ ਚੁੱਕਿਆ ਸੀ ।

ਅਗਲੇ ਦਿਨ ਰਵੀ ਨੇ ਉਸੇ ਪੱਤਣ 'ਤੇ ਸੈਰ ਕਰਨ ਗਿਆਂ ਪਵਿੱਤਰ ਨੂੰ ਹਾਦਸੇ ਦੀ ਯਾਦ ਦਿਲਾਈ ਸੀ । ਪੱਥਰਾਂ 'ਤੇ ਬੈਠ ਕੇ ਪਾਣੀ ਪੀਤਾ ਤੇ ਪਾਣੀ 'ਚ ਪੱਥਰ ਮਾਰ ਕੇ ਦੇਖੇ ਸਨ । ਬੱਚਿਆਂ ਦੀ ਮੌਤ ਉਹ ਤੀਸਰੇ ਕੁ ਦਿਨ ਭੁੱਲ ਗਿਆ ਸੀ । ਉਸ ਦੇ ਚੇਤੇ 'ਚ ਤਾਂ ਵੀਹ ਕੁ ਸਾਲ ਪੁਰਾਣੀ ਆਪਣੀ ਹੀ ਲਾਸ਼ ਪਈ ਰੁਲਦੀ ਸੀ । ਉਹ ਤਿੰਨ ਸਕਿੰਟ ਉਹ ਕਦੇ ਨਹੀਂ ਭੁੱਲਿਆ ਸੀ । ਉਹਨਾਂ ਦਾ ਤਾਂ ਉਸ ਨੇ ਕਿਸੇ ਕੋਲੇ ਜ਼ਿਕਰ ਵੀ ਨਹੀਂ ਸੀ ਕੀਤਾ । ਜ਼ਿਕਰ ਕਰਨ ਦਾ ਹਿਆ ਈ ਨਾ ਪੈਂਦਾ । ਉਹ ਉਸ ਨਾਲ ਮਿਲਦੀ ਜੁਲਦੀ ਗੱਲ ਸੁਣ ਵੀ ਨਾ ਸਕਦਾ । ਜੇ ਉਹੀ ਜਹੀ ਅੱਗ ਕਿਤੇ ਹੋਰ ਥਾਂ ਲਗਦੀ ਤਾਂ ਉਸ ਦੇ ਅੰਦਰ ਮਰੇ ਬੱਚੇ ਦੀ ਲਾਸ਼ ਜਿਊਂਦੀ ਹੋ ਕੇ ਸਹਿਕਦੀ ਤੇ ਫੇਰ ਅਸਤ ਹੋ ਜਾਂਦੀ । ਆਪਣਾ ਹੀ ਮਾਸ ਰਿੱਝਦਾ । ਉਹ ਸਮਾਂ ਉਸ ਦੇ ਪਿੰਡੇ ਉੱਤੇ ਮੱਛਰ ਵਾਂਗ ਲੜਦਾ ਜਿਸ ਦੀ ਖੁਰਕ ਉਸ ਦੀ ਸੋਚ ਨੂੰ ਮੱਝ ਦੀ ਪੂੰਛ ਵਾਂਗ ਉਧਰ ਨੂੰ ਮੋੜੀ ਰੱਖਦੀ । ਆਪਣੀ ਜ਼ਿੰਦਗੀ ਦੀ ਹਰ ਨਾ-ਕਾਮਯਾਬੀ ਲਈ ਉਹ ਉਨ੍ਹਾਂ ਤਿੰਨ ਸਕਿੰਟਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ।

ਉਹ ਤਿੰਨ ਪਲਾਂ ਵਾਲਾ ਦ੍ਰਿਸ਼ ਉਸ ਵੇਲੇ ਉਸ ਲਈ ਆਮ ਜਹੀ ਗੱਲ ਸੀ । ਪੰਜ ਸਾਲ ਦੀ ਸਮਝ ਕਿੱਡੀ ਕੁ ਹੁੰਦੀ ਹੈ । ਉਸ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮਰਦ ਕੀ ਹੈ ਤੇ ਔਰਤ ਕੀ । ਮਾਂ ਦੁੱਧ ਚੁੰਘਾਉਂਦੀ ਹੁੰਦੀ ਸੀ ਤੇ ਬਾਪੂ ਗੱਚਕ, ਇਮਲੀ ਲਈ ਪੰਜੀ ਦਿੰਦਾ ਸੀ । ਉਸ ਨੂੰ ਨਹੀਂ ਪਤਾ ਉਹ ਕਿਵੇਂ, ਕੀਹਦੇ ਜੰਮਿਆ ਸੀ । ਮਾਂ ਦੇ ਕਿ ਬਾਪ ਦੇ? ਨਿਰਾ ਮਾਸੂਮਾ ਸੀ । ਉਹ ਚਿੱਤਰ ਉਸ ਨੂੰ ਉਸ ਵੇਲੇ ਬੁਰਾ ਵੀ ਨਹੀਂ ਲੱਗਿਆ ਸੀ । ਗਰਮੀਆਂ ਸਨ । ਕੱਚੇ ਕੋਠੇ ਵਾਲਾ ਤਾਜਾ ਲਿਪਿਆ ਛੇ ਖਣਾਂ ਦਾ ਅੰਦਰ ਕਾਫ਼ੀ ਠੰਡਾ ਸੀ । ਉਸ ਘਰ ਵਿੱਚ ਆਲੇ-ਦੁਆਲੇ ਤੋਂ ਕਈ ਬੱਚੇ 'ਕੱਠੇ ਹੋ ਕੇ ਸੰਦੂਕਾਂ, ਟਰੰਕਾਂ ਤੇ ਪੇਟੀਆਂ ਦੁਆਲੇ ਘੁੰਮਦੇ ਇਸੇ ਕੋਠੇ 'ਚ ਚੋਰ-ਸਿਪਾਹੀ, ਛੂਹ-ਛਲੱਕਾ, ਕਦੇ ਕਦੇ ਪ੍ਹੀਚੋ, ਡੱੁਘਣ ਬ੍ਹੀਟੀ ਤੇ ਕਦੇ ਲੁੱਡੋ ਖੇਡਦੇ ਸਨ । ਧਮਾਲ ਪਾਈ ਰੱਖਦੇ ਸਨ । ਪਰ ਉਸ ਦਿਨ ਨਹੀਂ ਸਨ ਖੇਡੇ । ਉਹ ਛੋਟੇ ਛੋਟੇ ਸੁੱਕੇ ਟੋਭੇ ਗਾਹ ਕੇ ਇਕੱਲਾ ਘਰ ਮੁੜਿਆ ਸੀ । ਸਾਰੇ ਪਾਸੇ ਚੁੱਪ ਪਸਰੀ ਹੋਈ ਸੀ । ਨਿੱਕੇ ਨਿੱਕੇ ਪੈਰ ਮਾਰਦਾ ਪੱਪੀ ਪਤਾ ਨਹੀਂ ਕਿਵੇਂ ਉਸ ਕੋਠੜੇ 'ਚ ਪੁੱਜ ਗਿਆ ਸੀ । ਜੇ ਉਹ ਉੱਥੇ ਜਾਂਦਾ ਈ ਨਾ । ਪਰ ਜਾਂਦਾ ਕਿਉ ਨਾ? ਉਸ ਨੂੰ ਕੀ ਪਤਾ ਸੀ । ਜਾਂ ਕੋਈ ਸ਼ਰਾਰਤ ਉਸ ਨੂੰ ਬਾਹਰ ਹੀ ਰੋਕ ਲੈਂਦੀ । ਜੇ ਚਲਾ ਹੀ ਗਿਆ ਸੀ ਤਾਂ, ਉਸ ਦੀ ਉਮਰ ਉੱਥੇ ਹੀ ਰੁੱਕ ਜਾਂਦੀ । ਤੇ ਉਹ ਬੱਚਾ ਹੀ ਰਹਿੰਦਾ । ਕੋਈਆਂ ਲਿਖੀਆਂ ਪਾੜ ਦੇਂਦਾ ।

ਪਰ ਨਹੀਂ!

ਕੁੱਝ ਨਹੀਂ ਹੋਇਆ ।

ਪਰੰਤੂ ਬਹੁਤ ਕੁਝ ਹੋ ਗਿਆ ਸੀ ।

ਇਸ ਵਾਕਿਆ ਦੇ ਉਸ ਵੇਲੇ ਅਰਥ ਹੋਰ ਸਨ । ਸਮਾਂ ਲੰਘ ਕੇ ਉਸ ਪਲ ਦੇ ਅਰਥ ਬਦਲ ਗਏ ਸਨ । ਮਨ ਵਿੱਚ ਖਿੱਚੀ ਫ਼ੋਟੋ ਦਾ ਮਤਲਬ ਉਲਝ ਗਿਆ ਸੀ । ਤੇ ਉਹ ਇਸ ਬਦਕਿਸਮਤੀ ਤੋਂ ਕਦੇ ਵੀ ਖਹਿੜਾ ਨਹੀਂ ਛੁਡਾ ਸਕਿਆ ਸੀ । ਉਸ ਦਿਨ ਦੀ ਚੁੱਪ ਚੈਨ ਦਾ ਅਸਲ ਨੰਗਾ ਹੋ ਕੇ ਉਸ ਦੇ ਵਜੂਦ ਦੇ ਅੰਦਰ ਬਾਹਰ ਖਰੂਦ ਪਾਉਂਦਾ ਰਿਹਾ ਸੀ ।

ਸ਼ਾਮ ਹੋ ਰਹੀ ਸੀ । ਓੜ੍ਹੋਕੇ ਹੋਏ ਸੜਕ ਵੱਲ ਦੇ ਦਰਵਾਜ਼ੇ ਦੀਆਂ ਝੀਥਾਂ ਵਿੱਚੋਂ ਡੁੱਬਦੇ ਸੂਰਜ ਦੀਆਂ ਕਿਰਨਾਂ ਕੋਠੇ ਅੰਦਰ ਆ ਰਹੀਆਂ ਸਨ । ਬਾਹਰੋਂ ਆ ਕੇ ਅੰਦਰ ਵੜਦੇ ਸਾਰ ਹਨੇਰਾ ਲੱਗਿਆ ਤੇ ਕਿਰਨਾਂ ਦੀਆਂ ਖੂਬਸੂਰਤ ਲਕੀਰਾਂ ਨੇ ਉਸ ਦੀਆਂ ਬੇਲਾਗ ਅੱਖਾਂ ਨੂੰ ਆਪਣੀ ਚਕਾਚੌਂਧ ਵਿੱਚ ਉਲਝਾ ਲਿਆ ਸੀ । ਰੇਲਵੇ ਲਾਈਨ ਵਰਗੇ ਰੌਸ਼ਨੀ ਦੇ ਰਾਹ ਉੱਤੇ ਗਰਦ ਹਵਾ 'ਚ ਉੱਡਦੀ ਚਮਕ ਰਹੀ ਸੀ । ਪਹਿਲੇ ਪਲ 'ਅ ...ਆਹ ...ਆਹ' ਕਰਦੀ ਅਖ਼ੀਰਲੇ ਖੂੰਜੇ 'ਚੋਂ ਇੱਕ ਜਨਾਨਾ ਆਵਾਜ਼ ਉੱਭਰੀ ਸੀ । ਆਪਣੇ ਆਪ ਹੀ ਉਸ ਦੀ ਗਿੱਚੀ ਉੱਧਰ ਮੁੜ ਗਈ ਸੀ । ਹੁਣ ਅੰਦਰਲੀਆਂ ਸਾਰੀਆਂ ਥਾਵਾਂ ਤੇ ਸਮਾਨ ਉਸ ਦੀਆਂ ਅੱਖਾਂ ਨੂੰ ਪਹਿਲਾਂ ਨਾਲੋਂ ਸਾਫ਼ ਦਿਸਣ ਲੱਗ ਪਿਆ ਸੀ । ਦੂਸਰੇ ਪਲ ਉਸ ਨੇ ਨਵੀਂ ਲਿੱਪੀ ਹੋਈ ਜਗ੍ਹਾ ਉਪਰ ਲਿਟੀ ਆਪਣੀ ਮਾਂ ਪਛਾਣ ਲਈ ਸੀ । ਉਸ ਦੇ ਵੱਲ ਮਾਂ ਦਾ ਤਾਲੂਆ ਸੀ । ਉਸ ਨੇ ਮਾਂ ਨੂੰ ਉਵੇਂ ਲਿਟੀ ਪਹਿਲਾਂ ਕਈ ਵਾਰ ਵੇਖਿਆ ਸੀ । ਕਦੇ ਕੱਚੇ ਫਰਸ਼ 'ਤੇ । ਛੱਤ 'ਤੇ । ਤੇ ਕਦੇ ਮੰਜੇ ਉਪਰ । ਜਦੋਂ ਵੀ ਕਦੇ ਮਾਂ ਦੇ ਢਿੱਡ 'ਚ ਸੂਲ ਉੱਠਦਾ, ਪਿੱਠ ਮੜਕ ਜਾਂਦੀ, ਢੂਹੀ ਦੁੱਖਦੀ ਜਾਂ ਪੈਰ 'ਚ ਕੰਡਾ ਫੜੰਗਾ ਲਗਦਾ ਤਾਂ ਉਹ ਇਵੇਂ ਹੀ ਮੰਜੇ ਉਪਰ ਪਿੱਠ ਭਾਰ ਲੇਟ ਜਾਂਦੀ ਸੀ । ਇੱਕ ਦਿਨ ਪੰਜ ਕਲਿਆਣੀ ਝੋਟੀ ਨੇ ਮਾਂ ਦਾ ਪੈਰ ਦਰੜ ਦਿੱਤਾ ਸੀ ਤਾਂ ਉਹ 'ਆ-ਹਾਂ ਮਰਗੀ ਓਏ' ਚੀਕ ਕੇ ਮੰਜੇ ਉੱਤੇ ਵਿਛ ਗਈ ਸੀ । ਇੰਜ ਪਈ ਮਾਂ ਦੇ ਸਿਰ 'ਚੋਂ ਜੂੰਆਂ, ਲ੍ਹੀਖਾਂ ਤੋਂ ਉੱਠਦੀ ਖੁਰਕ ਪੱਪੀ ਨੇ ਕਈ ਵਾਰ ਦਬਾਈ ਸੀ । ਅਜੇਹੇ ਮੌਕੇ ਮਾਂ ਉਸ ਨਾਲ ਸੌਦੇਬਾਜ਼ੀਆਂ ਕਰਦੀ ਹੁੰਦੀ ਸੀ । ਦੁੱਧ ਨਹੀਂ ਚੁੰਘਾਉਂਦੀ ਸੀ ।

'' ਪਹਿਲਾਂ ਮੇਰੇ ਸਿਰ 'ਚ ਖਾਜ ਕਰ ।''

ਤੇ ਮਾਂ ਦੇ ਸੱਥਰੀ ਵਾਲ, ਪੀਲੀ ਪਰਾਂਦੀ 'ਚ ਗੁੰਦੇ ਹੋਏ ਉਸ ਨੇ ਪਛਾਣ ਲਏ ਸਨ । ਅਗਲੇ ਪਲ ਉਹ ਇੱਕ ਕਦਮ ਹੋਰ ਅੱਗੇ ਵਧਿਆ ਸੀ । ਉਸ ਨੇ ਢਿਲਕਦਾ ਹੋਇਆ ਆਪਣਾ ਕੱਛਾ ਉਪਰ ਖਿੱਚਿਆ ਸੀ । ਸਾਮ੍ਹਣਿਓਂ ਦੋ ਅੱਖਾਂ ਨੇ ਉਸ ਵੱਲ ਝਾਕਿਆ ਸੀ । ਮਾਂ ਦੇ ਤਾਲੂਏ ਉਪਰ ਉਹ ਹਲਕੀਆਂ ਭੂਰੀਆਂ ਅੱਖਾਂ ਵਾਲਾ ਸਿਰ ਸੀ । ਉਹ ਅੱਖਾਂ ਪੱਪੀ ਪਛਾਣਦਾ ਸੀ । ਉਹ ਅੱਖਾਂ ਵਾਲਾ ਬੰਦਾ ਬੜਾ ਚੰਗਾ ਸੀ ।

'' ਪੱਪੀ ...ਓ ...ਏ?''

ਜਦੋਂ ਵੀ ਘਰ ਆਉਂਦਾ ਸੀ ਤਾਂ ਸਾਰਿਆਂ ਤੋਂ ਪਹਿਲਾਂ ਪਿਆਰ ਨਾਲ ਪੱਪੀ ਨੂੰ ਆਵਾਜ਼ ਮਾਰਦਾ ਸੀ । ਤੇ ਇੰਜ ਸਭ ਨੂੰ ਉਸ ਦੇ ਆਉਣ ਦੀ ਖ਼ਬਰ ਹੋ ਜਾਂਦੀ ਸੀ । ਮੰਜੇ 'ਤੇ ਬੈਠ ਕੇ 'ਓਹ' ਮਾਂ ਦਾ, ਬਾਪੂ ਦਾ, ਖੇਤੀ-ਬਾੜੀ ਦਾ ਹਾਲ ਚਾਲ ਪੁੱਛਦਾ । ਪਾਣੀ ਪੀਂਦਾ । ਚਾਹ ਪੀਂਦਾ । ਰੋਟੀ ਕਦੇ ਨਹੀਂ ਖਾਧੀ ਸੀ । ਪੱਪੀ ਨੂੰ ਬਜ਼ਾਰ ਵਿੱਚ ਜਲੇਬੀਆਂ ਖਲਾਉਂਦਾ ਸੀ ।

'' ਜਿੰਨੀਆਂ ਖਾ ਹੁੰਦੀਐਂ, ਖਾ ਲੈ, ਬਚੀਆਂ ਘਰ ਨੂੰ ਲੈ ਜੂੰਗੇ ।''

ਪੱਪੀ ਨੂੰ ਜਿਵੇਂ ਮਾਂ-ਬਾਪ ਤੋਂ ਵੀ ਵੱਧ ਪਿਆਰ ਕਰਦਾ ਸੀ । ਅਮੂਮਨ ਘਰ ਆਉਂਦਾ ਸੀ । ਇਸ ਘਰ ਵਿੱਚ 'ਓਹ' ਓਪਰਾ ਬੰਦਾ ਨਹੀਂ ਸੀ । ਪੱਪੀ ਨੂੰ ਚੰਗਾ ਲੱਗਿਆ ਕਿ ਅੱਜ ਉਹ ਉਹਨਾਂ ਦੇ ਘਰ ਆਇਆ ਹੋਇਆ ਸੀ । ਅੱਜ ਮਾਂ ਦਾ ਢਿੱਡ ਉਦੋਂ ਦੁੱਖਣ ਲੱਗਿਆ ਸੀ ਜਦੋਂ ਘਰ ਕੋਈ ਮਲ਼ਣ ਵਾਲਾ ਵੀ ਨਹੀਂ ਸੀ । ਪਤਾ ਨਹੀਂ ਕਿੱਥੇ ਉੱਜੜ ਗਿਆ ਸਾਰਾ ਖ਼ੋਮ । ਉਹ ਚੁੱਪ, ਸੋਚੀਂ ਪੈ ਗਿਆ ਸੀ । ਜੇ 'ਇਹ' ਵੀ ਨਾ ਹੁੰਦਾ ਤਾਂ ਮਾਂ ਖਬਰੇ ਮਰ ਹੀ ਜਾਂਦੀ । ਪਰ ਹਲਕੀਆਂ ਭੂਰੀਆਂ ਅੱਖਾਂ ਵਿੱਚ ਇੱਕ ਜੋਸ਼ ਸੀ । ਇੱਕ ਗੁੱਸਾ ਸੀ । ਇੱਕ ਤਪਸ਼ ਸੀ । ਤੇ ਉਹਨਾਂ ਅੱਖਾਂ ਨੇ ਪੂਰੇ ਤੋਂ ਵੀ ਵੱਧ ਅੱਡ ਕੇ ਜਿਵੇਂ ਪੱਪੀ ਨੂੰ ਕਿਸੇ ਗਲਤੀ ਲਈ ਬੇਬੋਲ ਝਿੜਕ ਮਾਰੀ ਹੋਵੇ ।

'' ਦੌੜ ਜਾ ।''

ਰਾਤ ਨੂੰ ਮਾਂ ਚੁੱਲ੍ਹੇ ਅੱਗੇ ਬੈਠੀ ਮਿੱਸੀਆਂ ਰੋਟੀਆਂ ਪਕਾ ਰਹੀ ਸੀ ।

''ਚੱਕ ਲਿਆ ਕੌਲੀ । ਗਲਾਸ । ਖਾ ਲੈ ਪੁੱਤ ਰੋਟੀ । ਤੂੰ ਸਾਰਿਆਂ ਤੋਂ ਪਹਿਲਾਂ ਖਾ ਲੈ ।''

ਚਾਅ ਵਿੱਚ ਉਹ ਪੂਰੇ ਆਦਮੀ ਜਿੰਨੀ ਰੋਟੀ ਖਾ ਗਿਆ ਸੀ । ਹੁਣ ਉਸ ਦੀ ਮਾਂ ਠੀਕ ਸੀ ।

ਤੇ ਕਈ ਸਾਲ ਠੀਕ ਠਾਕ ਨਿਕਲ ਗਏ । ਪੰਜ ਛੇ ਸਾਲ । ਪਵਿੱਤਰ ਛੇਵੀਂ ਜਮਾਤ 'ਚ ਹੋ ਗਿਆ ਸੀ । ਹੁਣ ਉਸ ਨੂੰ ਪਵਿੱਤਰ ਹੀ ਕਹਿ ਕੇ ਬੁਲਾਉਂਦੇ ਸਨ । ਪੜ੍ਹਨ ਨੂੰ ਤਾਂ ਗਿਆ ਗੁਜ਼ਰਿਆ ਹੀ ਸੀ, ਪਰ ਸਰਕਾਰੀ ਸਕੂਲਾਂ ਦੇ ਮਾਸਟਰ ਉਸ ਨੂੰ ਫੇਲ੍ਹ ਨਹੀਂ ਸਨ ਕਰਦੇ । ਬਸ ਪਾਸ ਹੀ ਕਰੀ ਜਾਂਦੇ ਸਨ । ਇਕੱਤੀ ਮਾਰਚ ਨੂੰ ਮਾਸਟਰ ਹਰਨਾਮ ਸਿੰਘ ਸਭ ਨੂੰ ਪਾਸ ਕਰ ਦਿੰਦਾ ਸੀ

''ਪਹਿਲੀ ਆਲੇ ਦੂਈ 'ਚ, ਦੂਈ ਆਲੇ ਤੀਈ 'ਚ, ਤੀਈ ਆਲੇ ਚੌਥੀ 'ਚ, ਚੌਥੀ ...ਪੰਜਮੀ 'ਚ ।''

ਤੇ ਰੁੱਕ ਜਾਂਦਾ । ਤਾਂ ਚੰਦਪੁਰੀਆ ਮਾਸਟਰ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਾ...

'' ਪੰਜਮੀ ਆਲੇ?''

''ਪੰਜਮੀ ਦਾ ਕੱਲ੍ਹ ਨੂੰ ਸੁਣਾਊਂਗਾ ਰਜ਼ਲਟ ।''

ਤੇ ਅਗਲੇ ਦਿਨ ਪੰਜਵੀਂ ਦੇ ਬੱਚੇ ਛੇਵੀਂ 'ਚ ਹੋ ਕੇ ਛੋਟੇ ਤੋਂ, ਵੱਡੇ ਸਕੂਲ 'ਚ ਚਲੇ ਗਏ । 'ਓ ਅ' ਸਿੱਖ ਗਏ । 'ਏ, ਬੀ, ਸੀ' ਪਛਾਣਨ ਲੱਗੇ । ਪਵਿੱਤਰ ਵੀ ਛੇਵੀਂ 'ਚ ਹੋ ਗਿਆ ਸੀ । ਵੱਡਾ ਸਕੂਲ ਥੋੜ੍ਹਾ ਪਰ੍ਹੇ ਕਰ ਕੇ ਸੀ । ਪਰ ਪਵਿੱਤਰ ਦੇ ਘਰ ਦੇ ਕਾਫ਼ੀ ਨੇੜੇ ਸੀ । ਮਿਡਲ ਸਕੂਲ । ਮੁੰਡੇ ਕੁੜੀਆਂ ਇੱਥੇ ਵੀ ਇਕੱਠੇ ਟਾਟਾਂ ਉਪਰ ਬੈਠ ਕੇ ਪੜ੍ਹਦੇ ਸਨ ।

ਪਵਿੱਤਰ ਦੇ ਨਾਲ ਜੁਲਾਹਿਆਂ ਦੀ ਕੁੜੀ ਭਿੰਦੀ ਵੀ ਪੜ੍ਹਦੀ ਸੀ । ਪਹਿਲੀਆਂ ਸਾਰੀਆਂ ਕਲਾਸਾਂ 'ਚ ਉਹ ਇਕੱਠੇ ਪੜ੍ਹੇ ਸਨ । ਇੱਕੋ ਮੁਹੱਲਾ ਸੀ । ਪਵਿੱਤਰ, ਭਿੰਦੀ ਤੇ ਭਿੰਦੀ ਦੀ ਛੋਟੀ ਭੈਣ ਛੇਰੋ ਸਵੇਰੇ ਘਰਾਂ 'ਚੋਂ ਨਿਕਲ ਕੇ ਇਕੱਠੇ ਸਕੂਲਾਂ ਨੂੰ ਤੁਰਦੇ । ਪਹਿਲਾਂ ਛੇਰੋ ਨੂੰ ਛੋਟੇ ਪ੍ਰਾਇਮਰੀ ਸਕੂਲ 'ਚ ਛੱਡ ਕੇ ਆਉਂਦੇ ਸਨ । ਕਦੇ ਕਦੇ ਇੱਕ ਦੋ ਬੱਚੇ ਹੋਰ ਰਲ ਕੇ ਸ਼ਾਮ ਨੂੰ ਸਕੂਲ ਤੱਕ ਦੌੜ ਲਾਉਂਦੇ । ਕਦੇ ਦੋਵੇਂ ਇਕੱਲੇ ਹੀ ਖੇਡਦੇ । ਇੱਲਤਾਂ ਕਰਦੇ । ਡੀਂਗਾਂ ਮਾਰਦੇ । ਲੜਦੇ । ਤੇ ਫੇਰ ਇੱਕ ਹੋ ਜਾਂਦੇ । ਦੋਵੇਂ ਨਲੈਕ ਤੇ ਮਾਸਟਰਾਂ ਤੋਂ ਝਿੜਕੀਆਂ ਚਾਂਟੇ ਖਾਂਦੇ । ਅੱਕ ਦੇ ਡੰਡੇ ਵੀ । ਕਦੇ ਹੋਰਾਂ ਦੇ ਨਾਲ ਸਕੂਲ ਦਾ ਕੰਮ ਨਾ ਕਰਨ ਕਰ ਕੇ ਬਾਹਾਂ ਲੱਤਾਂ ਹੇਠੋਂ ਲੰਘਾ ਕੇ ਪੈਰਾਂ ਭਾਰ ਬੈਠ ਕੇ 'ਮੁਰਗੇ' ਬਣਦੇ । ਹੁਣ ਕਈ ਦਿਨਾਂ ਤੋਂ ਛੋਟੀਆਂ ਖੇਡਾਂ ਤੋਂ ਰੱਜ ਗਏ ਤੇ ਗੁਰਦੁਆਰੇ ਦੀ ਹਲਟੀ ਗੇੜਦੇ ਸਨ ।

ਇੱਕ ਸ਼ਾਮ ਦੌੜਦੇ ਭੱਜਦੇ ਥਿਆ ਲੱਗੀ । ਹਲਟੀ ਉੱਤੇ ਚਲੇ ਗਏ । ਭਿੰਦੀ ਦੀ ਨਿੱਕੀ ਭੈਣ ਛੇਰੋ ਵੀ ਨਾਲ ਸੀ । ਔਲੂ ਖ਼ਾਲੀ ਸੀ । ਹਲਟੀ ਗੇੜੀ । ਪੂਰੇ ਜੋਸ਼ ਨਾਲ ਹਲਟੀ ਦਾ ਪੁਰਜ਼ਾ ਪੁਰਜ਼ਾ ਹਿਲਾ ਦਿੱਤਾ ।

''ਚੱਕ ਦੇ ਫੱਟੇ । ਟਿੱਕ-ਟਿੱਕ-ਟਿੱਕ । ਤੇਜ਼ ਕਰ ਦੇ ।''

ਹਲਟੀ ਦੀ ਟਿੱਕ ਟਿੱਕ ਤੇ ਪਾਣੀ ਦੀ ਰਫ਼ਤਾਰ ਦੇਖਦੀ... ਸੁਣਦੀ ਛੇਰੋ ਮੂੰਹ 'ਚ ਗੂਠਾ ਘਸੋ ਕੇ ਚੂਸਦੀ ਰਹੀ । ਔਲੂ ਅੱਧਾ ਭਰ ਗਿਆ । ਪਹਿਲਾਂ ਪਾਣੀ ਪੀਤਾ ਤੇ ਫੇਰ ਸਣੇ ਕੱਪੜੇ ਚੁਬੱਚੇ 'ਚ ਵੜ੍ਹ ਗਏ । ਗੋਡੇ ਗੋਡੇ ਪਾਣੀ । ਬਾਹਰ ਖੜ੍ਹੀ ਛੋਰੋ ਨੇ ਰੋਣ ਵਰਗਾ ਮੂੰਹ ਬਣਾ ਲਿਆ । ਪਵਿੱਤਰ ਨੇ ਮੂੰਹ 'ਚੋਂ ਪਾਣੀ ਦੀ ਤਤ੍ਹੀਰੀ ਉਸ ਦੇ ਸਿਰ ਉਪਰੋਂ ਦੀ ਲੰਘਾ ਦਿੱਤੀ ਤਾਂ ਉਹ ਹੈਰਾਨ ਜਹੀ, ਡਰੀ ਜਹੀ ਹੱਸ ਪਈ । ਫੇਰ ਨਰਾਜ਼ ਹੋ ਗਈ ।

''ਬੀਬੀ ਨੂੰ ਦੱਸੂੰ । ਤੇਰੀ ਸਿਕੈਤ ਲਾਊਂ?''

ਪਰ ਉਹ ਦੋਵੇਂ ਬੇਪ੍ਰਵਾਹ ਚੁਬੱਚੇ 'ਚ ਹੱਥਾਂ ਪੈਰਾਂ ਨਾਲ ਪਾਣੀ ਹਿਲਾ ਹਿਲਾ ਗੰਧਲਾ ਕਰ ਰਹੇ ਸਨ । ਕੱਪੜੇ ਪੂਰੇ ਭਿੱਜ ਗਏ ਸਨ । ਔਲੂ ਦੇ ਫਰਸ਼ ਉੱਤਲੀ ਹਰਿਆਈ ਤੋਂ ਪੈਰ ਤਿਲ੍ਹਕਦੇ ਤਾਂ ਇੱਕ ਦੂਜੇ ਉੱਤੇ ਗਿਰਦੇ । ਖਿੜ ਖਿੜ ਹੱਸਦੇ । ਇੱਕ ਦੂਜੇ ਨੂੰ ਫੜਦੇ । ਸੰਭਾਲਦੇ । ਛੇਰੋ ਅਹਿੱਲ ਖੜ੍ਹੀ ਮੁਸਕਰਾ ਰਹੀ ਸੀ । ਫੇਰ ਦੋਵੇਂ ਇੱਕ ਦੂਜੇ ਨੂੰ ਮੋਢਿਆਂ ਤੋਂ ਫੜ ਕੇ ਸ਼ਾਂਤ ਖੜ੍ਹ ਗਏ । ਚੁਬੱਚੇ ਦਾ ਪਾਣੀ ਟਿਕ ਗਿਆ । ਪਾਣੀ ਦੇ ਕੁਝ ਬੁਲਬੁਲੇ ਚਾਰੇ ਖੂੰਜਿਆਂ ਵਿੱਚ ਇਕੱਠੇ ਹੋ ਕੇ ਹੌਲੀ ਹੌਲੀ ਗੁੱਛਾ ਬਣੇ ਹਿੱਲ ਰਹੇ ਸਨ । ਬੁਲਬੁਲੇ ਫੁੱਟ-ਫੁੱਟ ਕੇ ਥੋੜ੍ਹੇ ਹੋ ਰਹੇ ਸਨ । ਚੁਬੱਚੇ ਤੋਂ ਬਾਹਰ ਆ ਕੇ ਕੱਪੜਿਆਂ ਤੋਂ ਪਾਣੀ ਝਾੜਣ ਲੱਗੇ ।

''ਤੂੰ ਪੈ ਜਾ ਇੱਥੇ'', ਪਵਿੱਤਰ ਦੇ ਮਨ 'ਚ ਪਤਾ ਨਹੀਂ ਕੀ ਆਈ ਕਿ ਉਸ ਨੇ ਜਿਵੇਂ ਜਬਰੀ ਭਿੰਦੀ ਨੂੰ ਮੋਢਿਆਂ ਤੋਂ ਫੜ ਕੇ ਹਲਟੀ ਦੀ ਪੈੜ ਉੱਤੇ ਲਿਟਾ ਦਿੱਤਾ । ਭਿੰਦੀ ਲੇਟੀ ਲੇਟੀ ਚੁਪ-ਚਾਪ ਅਸਮਾਨ 'ਚ ਝਾਕਣ ਲੱਗੀ । ਛੇਰੋ ਕੋਲ ਖੜ੍ਹੀ ਗੂਠਾ ਚੂਸਦੀ ਰਹੀ ।

''ਕਿਓਂ? ਕੀ ਕਰਦਾ?'' ਭਿੰਦੀ ਤੋਂ ਐਵੇਂ ਹੀ ਬਿਨਾਂ ਸੋਚੇ ਸਮਝੇ ਹੀ ਬੋਲਿਆ ਗਿਆ ਜਦੋਂ ਪਵਿੱਤਰ ਨੇ ਉਸ ਦੀ ਕਮੀਜ਼ ਦਾ ਪੱਲਾ ਚੁੱਕ ਕੇ ਧੁੰਨੀ ਉੱਤੇ ਆਪਣੀ ਗਭਲੀ ਉਂਗਲ਼ੀ ਸਿੱਧੀ ਕਰ ਕੇ ਜਿਵੇਂ ਗੱਡ ਹੀ ਦਿੱਤੀ ਸੀ ।

'' ਤੇਰੀ ਧੁੰਨੀ ਗਰਮ ਐ । ਠੰਡਾ ਪਾਣੀ ਪਾਵਾਂ?''

'' ਲੈ ਪਾ'' ਭਿੰਦੀ ਨੇ ਪੱਸਲੀਆਂ ਤੱਕ ਆਪਣਾ ਢਿੱਡ ਨੰਗਾ ਕਰ ਲਿਆ ।

ਉਹ ਉਸ ਦੀ ਧੁੰਨੀ 'ਚ ਪਾਣੀ ਪਾਉਣ ਲੱਗ ਪਿਆ । ਫੇਰ ਉਂਗਲ ਮਾਰ ਕੇ ਪਾਣੀ ਦੀ ਭਰੀ ਧੁੰਨੀ ਨੂੰ ਖਾਲੀ ਕਰ ਦਿੰਦਾ । ਪੂਰਾ ਉਂਜਲਾ ਭਰ ਕੇ ਪਾਣੀ ਲਿਆਉਂਦਾ । ਬਹੁਤਾ ਪਾਣੀ ਢਿੱਡ ਦੇ ਦੋਵੇਂ ਪਾਸਿਓਂ ਵੱਖੀਆਂ ਉੱਤੋਂ ਦੀ ਵਹਿ ਜਾਂਦਾ । ਮਨ ਅਜੇ ਖੇਡਣ ਦਾ ਸੀ । ਪਰ ਸੂਰਜ ਬਿਲਕੁਲ ਡੁੱਬ ਚੁੱਕਾ ਸੀ । ਮੂੰਹ-ਨੇਰ੍ਹਾ ਹੋ ਰਿਹਾ ਸੀ । ਉਹਨਾਂ ਦੀ ਇਹ ਖੇਡ ਉਦੋਂ ਖ਼ਤਮ ਹੋਈ ਜਦੋਂ ਪਵਿੱਤਰ ਤੋਂ ਭਿੰਦੀ ਦੀ ਬਾਂਹ ਉੱਤੇ ਦੰਦੀ ਵੱਢੀ ਗਈ । ਭਿੰਦੀ ਚੀਕ ਉੱਠੀ । ਉਹ ਪਰ੍ਹਾਂ ਖੜ੍ਹ ਕੇ ਰੋਣ ਵਾਲਾ ਮੂੰਹ ਬਣਾ ਕੇ ਉਸ ਨੂੰ 'ਬਸ ਬਸ' ਕਹਿਣ ਲੱਗਾ । ਤੇ ਫੇਰ ਆਪ ਵੀ ਰੋਣ ਲੱਗ ਪਿਆ ।

ਉਸ ਨੂੰ ਰੋਂਦਾ ਦੇਖ ਕੇ ਭਿੰਦੀ ਦਾ ਦਰਦ ਜਿਵੇਂ ਗਾਇਬ ਹੋ ਗਿਆ ਤੇ ਕੋਲ ਆ ਕੇ ਕਹਿਣ ਲੱਗੀ ।

'' ਰੋ ਨਾ । ਮੈਂ ਘਰ ਨੀਂ ਦੱਸਦੀ ।'' ਤੇ ਭਿੰਦੀ ਨੇ ਦੰਦੀ ਵਾਲਾ ਨੀਲ ਦੂਸਰੇ ਹੱਥ ਨਾਲ ਢੱਕ ਲਿਆ । ਤਿੰਨੋਂ ਉੱਥੋਂ ਛੂ-ਮੰਤਰ ਹੋ ਗਏ ।

- ਦੰਦੀ ਕਿਮੇਂ ਵ੍ਹੱਡੀ ਗਈ? ਰਾਤ ਨੂੰ ਪਿਆ ਪਿਆ ਉਹ ਸੋਚ ਰਿਹਾ ਸੀ । ਦੰਦੀ ਵਾਲੀ ਗੱਲ ਨੀਂਦ ਨੂੰ ਲਾਗ ਨਹੀਂ ਲੱਗਣ ਦੇ ਰਹੀ ਸੀ । ਸੁਬ੍ਹਾ ਤੋਂ ਹੁਣ ਤੱਕ ਦਾ ਪਲ ਪਲ ਯਾਦ ਕੀਤਾ । ਹਲਟੀ । ਛੇਰੋ । ਦੰਦੀ । ਨੀਲ । ਉਸ ਦੇ ਦੁਆਲੇ ਇੱਕ ਧੁੰਦ, ਇੱਕ ਡਰ ਦਾ ਪ੍ਰਛਾਵਾਂ ਫੈਲ ਗਿਆ । ਭਿੰਦੀ ਘਰ ਜ਼ਰੂਰ ਦੱਸ ਦਏਗੀ ।

'ਰੋ ਨਾ । ਮੈਂ ਘਰ ਨੀਂ ਦੱਸਦੀ ।'

ਝੂਠ ਬਹੁਤ ਬਕਦੀ ਐ । ਨਿਰੀ ਹਰਾਮਦੀ ਐ । ਕੁੱਤੀ । ਮਾਂ ਨੂੰ ਦੱਸੂਗੀ । ਆਪਣੀ ਨੂੰ । ਜੁਲਾਹੀ ਨੇ ਤਾਂ ਨੀਲ ਦੇਖ ਕੇ ਕੰਨਾਂ ਤੋਂ ਪਕੜ ਲੈਣੀ ਐ । ਫੇਰ ਜੁਲਾਹਾ ਦਰਜੀ ਬਾਪੂ ਕੋਲ ਆ ਕੇ ਉਲਾਂਭਾ ਦਊਗਾ । ਮੇਰੀ ਕੁਟਾਈ ਹੋਊਗੀ ।

- ਨਹੀਂ ਦੱਸਦੀ, ਨਾ । ਫੇਰ ਆਪੇ ਭਿੰਦੀ ਬਣ ਕੇ ਸੋਚਣ ਲੱਗਿਆ । ਉਸ ਨੂੰ ਖਵਰੇ ਦੰਦੀ ਚੰਗੀ ਲੱਗੀ ਹੋਵੇ । ਹੁਣ ਤੱਕ ਨੀਲ ਮਿਟ ਗਿਆ ਹੋਣੈ । ਕੀ ਪਤਾ ਹੁਣ ਭਿੰਦੀ ਦੀ ਬੱਕ ਉੱਤਰਦੀ ਹੋਵੇ । ਜੇ ਭਿੰਦੀ ਭਲਾ ਮਾਸਟਰ ਜੀ ਨੂੰ ਈ ਦੱਸ ਦਵੇ । ਖੜ੍ਹਾ ਕਰ ਦੇਣਾ ਕਲਾਸ ਵਿੱਚ । ਫੇਰ ਮੈਂ ਕਲਾਸ ਵਿੱਚ ਖੜ੍ਹਾ ਕਿਸ ਚੀਜ਼ ਉੱਤੇ ਨਿਗ੍ਹਾ ਟਿਕਾਵਾਂਗਾ । ਮੈਂ ਕਿਹੜਾ ਜਾਣ ਕੇ ਵ੍ਹੱਢੀ ਐ । ਕਰ ਲਵੇ ਜੋ ਕਰਨਾ ।

ਪਰ ਭਿੰਦੀ ਨੇ ਕੁਝ ਵੀ ਨਹੀਂ ਸੀ ਕਰਿਆ । ਨੀਲ ਭੁੱਲ ਕੇ ਆਪਣੇ ਆਪ ਮਿਟ ਗਿਆ ਸੀ । ਸਕੂਲੋਂ ਆਉਂਦਿਆਂ ਪਵਿੱਤਰ ਨੇ ਇੱਕ ਦਿਨ ਅਪਣੱਤ ਤੇ ਹਮਦਰਦੀ ਨਾਲ ਉਸ ਦਾ ਹੱਥ ਫੜ ਕੇ ਵੇਖਿਆ ਸੀ । ਉਹ ਉਵੇਂ ਹੀ ਉਸ ਨਾਲ ਖੇਡਦੀ ਰਹੀ ਸੀ । ਹੋਰ ਬੱਚੇ ਓਪਰੇ ਲਗਦੇ । ਉਹ ਬਿਲਕੁਲ ਓਪਰੀ ਨਾ ਲੱਗਦੀ । ਜਿਵੇਂ ਕੋਈ ਆਪਣੀ ਹੀ ਚੀਜ਼ ਹੋਵੇ ।

ਫੇਰ ਸਿਆਲ ਆ ਗਿਆ । ਪਵਿੱਤਰ ਸੜਕ ਦੇ ਨਾਲ ਵਾਲੇ ਕੱਚੇ ਕੋਠੇ 'ਚ ਪਿਆ ਸੀ । ਠੰਡ ਬਹੁਤ ਸੀ । ਦਰਵਾਜ਼ਾ ਚੰਗੀ ਤਰ੍ਹਾਂ ਭੇੜ ਕੇ ਕੁੰਡੀ ਲਾ ਦਿੱਤੀ ਸੀ । ਲੇਫ਼ ਤੋਂ ਮਿੱਟੀ ਦੇ ਤੇਲ ਦੀ ਸੜਿ੍ਹਆਨ ਆ ਰਹੀ ਸੀ । ਹਿਸਾਬ ਦਾ ਸੁਆਲ ਉਹ ਲੇਫ਼ ਦੀ ਤਹਿਆਂ ਦੇ ਉਪਰ ਰੱਖੇ ਮਿੱਟੀ ਦੇ ਤੇਲ ਦੇ ਦੀਵੇ ਦੀ ਲੋਅ 'ਚ ਕੱਢਦਾ ਕੱਢਦਾ ਥੱਕ ਗਿਆ ਸੀ । ਜੁਆਬ ਕਿਤਾਬ ਨਾਲ ਨਹੀਂ ਮਿਲਿਆ ਸੀ । ਅੱਕ ਕੇ ਕਾਪੀ ਬੰਦ ਕੀਤੀ ਤੇ ਦੀਵਾ ਫੂਕ ਮਾਰ ਕੇ ਕੱਚੇ ਮਿੱਟੀ ਦੇ ਫਰਸ਼ ਉੱਤੇ ਮੰਜੇ ਦੇ ਹੇਠਾਂ ਨੂੰ ਕਰ ਦਿੱਤਾ ਸੀ । ਤੇ ਉਸ ਦਾ ਹੱਥ ਤਾਜ਼ੀ ਲਿੱਪੀ ਮਿੱਟੀ ਨਾਲ ਛੂਹ ਗਿਆ ਸੀ । ਮਾਂ ਨੇ ਘਰ ਦੇ ਬਾਹਰ ਕੱਲ੍ਹ ਮਿੱਟੀ ਤੇ ਗੋਹੇ ਦਾ ਘਾਣ ਵਿਹੜੇ 'ਚ ਰਲਾਇਆ ਹੋਇਆ ਸੀ । ਦੀਵਾ ਬੁੱਝਦੇ ਸਾਰ ਹੀ ਸੜਕ ਵਾਲੇ ਪਾਸੇ ਤੋਂ ਰੋਸ਼ਨਦਾਨ 'ਚੋਂ ਪੂਰੇ ਚੰਨ ਦੀ ਰੋਸ਼ਨੀ ਕਮਰੇ 'ਚ ਟੇਡੀ-ਟੇਡੀ ਦਾਖਲ ਹੋ ਗਈ । ਪਵਿੱਤਰ ਲ੍ਹੇਫ਼ 'ਚ ਵੜ ਗਿਆ । ਫੇਰ ਮੂੰਹ ਨੰਗਾ ਕਰ ਕੇ ਰੋਸ਼ਨੀ ਦੇ ਰਾਹ ਅਤੇ ਫ਼ਰਸ਼ ਉੱਤੇ ਰੋਸ਼ਨਦਾਨ ਦੇ ਪ੍ਰਛਾਵੇ ਵਰਗੇ ਬਣੇ ਆਕਾਰ ਨੂੰ ਦੇਖਣ ਲੱਗਿਆ । ਸਾਫ਼ ਹਵਾ । ਸਾਫ਼ ਰੋਸ਼ਨੀ । ਇੱਕ ਹੱਥ ਨਾਲ ਲੇਫ਼ ਦੇ ਢਿੱਲੇ ਨਗੰਦਿਆਂ ਨੂੰ ਖਿੱਚ ਕੇ ਦੇਖਣ ਲੱਗ ਪਿਆ । ਨੀਂਦ ਨਹੀਂ ਆ ਰਹੀ । ਕੁਝ ਯਾਦ ਆ ਰਿਹਾ ਹੈ । ਜਿਵੇਂ ਉਹ ਸੌਂ ਕੇ ਉੱੁਠਿਆ ਹੋਵੇ । ਪਰ ਸੁੱਤਾ ਤਾਂ ਉਹ ਹੈ ਈ ਨਹੀਂ ਸੀ । ਉੱਠ ਕੇ ਗਧੋਲੀ ਝਾੜੀ । ਫੇਰ ਲੇਫ਼ 'ਚ ਵੜ੍ਹ ਗਿਆ । ਨੀਂਦ ਨਹੀਂ ਆ ਰਹੀ ।

ਨਗੰਦਿਆਂ ਦੇ ਮੋਟੇ ਤਾਗੇ ਦੇ ਸਿਰੇ ਉੱਤੇ ਮਾਂ ਦੀ ਪੁਰਾਣੀ ਦਿੱਤੀ ਇੱਕ ਮੋਟੀ ਗੱਠ ਉਸ ਨੇ ਫੜ ਲਈ । ਗੱਠ ਨੂੰ ਪੋਟਿਆਂ 'ਚ ਟਟੋਲਣ ਲੱਗਾ । ਲੱਗਾ ਰਿਹਾ । ਲੱਗਾ ਰਿਹਾ ।

ਤੇ ਅਚਾਨਕ ਉਹ ਪੁਰਾਣੀ ਗੱਠ ਉਸ ਤੋਂ ਖਿੱਚ ਕੇ ਟੁੱਟ ਗਈ ਤੇ ਗਿੱਠ ਲੰਮੇ ਤਾਗੇ ਸਮੇਤ ਉਹ ਗੱਠ ਉਸ ਨੇ ਮੂੰਹ 'ਚ ਪਾ ਕੇ ਚਿੱਥਣੀ ਸ਼ੁਰੂ ਕਰ ਦਿੱਤੀ ।

'ਰੋ ਨਾ । ਮੈਂ ਨੀਂ ਦੱਸਦੀ ।'

ਉਸ ਨੂੰ ਲੱਗਿਆ ਕਿ ਭਿੰਦੀ ਉਸ ਕੋਠੇ 'ਚ ਖੜ੍ਹੀ ਬੋਲ ਰਹੀ ਸੀ । ਉਸ ਨੇ ਦੱਸਿਆ ਵੀ ਨਹੀਂ ਸੀ । ਮੂੰਹ 'ਚ ਚੱਬਦੇ ਚੱਬਦੇ ਧਾਗੇ ਦੀ ਗੱਠ ਖੁੱਲ੍ਹ ਗਈ । ਤੇ ਇੱਕ ਸਲੂਣਾ ਬੈਅਲਾ ਜਿਹਾ ਪਾਣੀ ਉਸ ਦੇ ਮੂੰਹ 'ਚ ਭਰ ਗਿਆ ਸੀ । ਠੰਡ ਨਾਲ ਉਸ ਨੂੰ ਮੂਤ ਵੀ ਆ ਗਿਆ ਸੀ । ਉਸ ਨੇ ਨਾਲ ਦੇ ਕੋਠੇ ਦਾ ਦਰਵਾਜ਼ਾ ਖੋਲਿ੍ਹਆ । ਫੇਰ ਡਹੇ ਹੋਏ ਮੰਜਿਆਂ ਦੇ ਵਿਚਾਲਿਓਂ ਦੀ ਜਿਨ੍ਹਾਂ ਤੇ ਮਾਂ, ਬਾਪੂ ਤੇ ਇੱਕ ਹੋਰ ਰਿਸ਼ਤੇਦਾਰ ਸੁੱਤੇ ਪਏ ਸਨ ਲੰਘ ਕੇ ਅੰਦਰਲੇ ਵਿਹੜੇ ਵੱਲ ਖੁੱਲ੍ਹਦਾ ਦਰਵਾਜ਼ਾ ਟੱਪ ਕੇ ਮੂੰਹ 'ਚ ਭਰੇ ਕੁਸੈਲੇ ਪਾਣੀ ਦਾ ਪਚਰੱਕਾ ਚੰਦ ਦੀ ਚਾਨਣੀ 'ਚ ਵਗਾਹ ਮਾਰਿਆ । ਬਾਹਰ ਪਿਸ਼ਾਬ ਕੀਤਾ । ਤੇ ਉਵੇਂ ਹੀ ਦਰਵਾਜ਼ੇ ਬੰਦ ਕਰਦਾ ਮੁੜ ਆਇਆ । ਸ਼ਾਇਦ ਹੁੱਟ ਕਰ ਕੇ, ਜਾਂ ਉਸ ਦੇ ਪੈਰਾਂ ਦੀ ਬਿੜਕ ਕਰ ਕੇ, ਮਾਂ ਨੇ ਸੁੱਤੀ ਸੁੱਤੀ ਨੇ ਹੀ ਦੋਵਾਂ ਲੱਤਾਂ ਨਾਲ ਆਪਣਾ ਲ੍ਹੇਫ਼ ਮੰਜੇ ਦੀ ਦੌਣ ਉੱਤੇ 'ਕੱਠਾ ਕਰ ਦਿੱਤਾ । ਗੋਡੇ ਖੜ੍ਹੇ ਕਰ ਕੇ, ਹੱਥਾਂ ਦੀ ਢਿੱਡ ਉੱਤੇ ਕੁੰਜੀ ਪਾ ਕੇ ਸੁੱਤੀ ਦੀ ਸੁੱਤੀ ਲਿਟੀ ਰਹੀ । ਪਵਿੱਤਰ ਨੇ ਜਦੋਂ ਪਿਛਲੇ ਕੋਠੇ ਦਾ ਅੰਦਰਲਾ ਦਰਵਾਜ਼ਾ ਬੰਦ ਕੀਤਾ ਤੇ ਆਪਣੇ ਮੰਜੇ ਵੱਲ ਨੂੰ ਸਿੱਧਾ ਹੋਇਆ ਤਾਂ ਰੋਸ਼ਨਦਾਨ 'ਚੋਂ ਕਮਰੇ 'ਚ ਪੈਂਦੀ ਚਾਨਣੀ ਦੀਆਂ ਕਿਰਨਾਂ ਨੇ ਉਸ ਦੀ ਸੋਚ ਨੂੰ , ਨਿਗ੍ਹਾ ਨੂੰ ਡੱਕ ਲਿਆ । ਇਹੀ ਕਮਰਾ ਸੀ । ਇਹ ਸਮਾਨ । ਹਾਂਅ, ਰਾਤ ਨਹੀਂ ਸ਼ਾਮ ਸੀ । ਚੰਨ ਨਹੀਂ, ਡੁੱਬਦੇ ਸੂਰਜ ਦੀਆਂ ਲਾਲ ਕਿਰਨਾਂ ਝੀਥਾਂ ਵਿੱਚੋਂ ਇਸ ਕਮਰੇ 'ਚ ਪੈ ਰਹੀਆਂ ਸਨ । ਹੁਣ ਜਿੱਥੇ ਰੋਸ਼ਨਦਾਨ ਦਾ ਆਕਾਰ, ਪਰਛਾਵਾਂ ਪੈ ਰਿਹਾ ਸੀ ਉੱਥੇ ਉਸ ਦੀ ਮਾਂ ਪਈ ਸੀ । ਤੇ ਠੀਕ ਇੱਥੇ ਹੀ ਕਿਤੇ ਖੜ੍ਹੇ ਪੱਪੀ ਨੂੰ ਦੋ ਭੂਰੀਆਂ ਅੱਖਾਂ ਨੇ ਝਿੜਕਿਆ ਸੀ... ਹੁਣ ਪਵਿੱਤਰ ਦੀ ਅੱਧ-ਸੁੱਤੀ, ਨੀਮ ਬੇਹੋਸ਼ੀ ਵਰਗੀ ਹਾਲਤ ਹੋ ਗਈ ਸੀ । ਧਾਗੇ ਵਾਂਗ ਖਿੱਚੀ ਸੋਚ ਪਿਛਾਂਹ ਜਾ ਕੇ ਜੁੜ ਗਈ ਸੀ । ਕੁਝ ਸੱਚੇ, ਕੁਝ ਮਨ-ਘੜੇ ਬੋਲ ਆਵਾਜ਼ਾਂ ਦੇ ਰਹੇ ਸਨ ।

... ਰੋ ਨਾ, ਮੈਂ ਨੀਂ ਦੱਸਦੀ ।

... ਪੁੱਤ, ਰੋਟੀ ਖਾ ਲੈ ।

... ਪੁੱਤ ਪੀੜ੍ਹੀ 'ਤੇ ਬੈਹ ਕੇ 'ਰਾਮ ਨਾਲ ਰੋਟੀ ਖਾ ।

... ਨਹੀਂ ਦੱਸਦੀ, ਨਾ ।

... ਕਿਤੇ ਛੇਰੋ ਨਾ ਦੱਸ ਦਵੇ ।

... ਪੱ-ਅ-ਪੀ ।

... ਜਲੇਬੀਆਂ ਖਾਣੀਐਂ?

... ਪਹਿਲੀ ਆਲੇ ਦੂਸਰੀ 'ਚ ...ਦੂਜੀ ...ਤੀਜੀ ...ਤੀਜੀ ...ਚੌਥੀ...

ਇਸੇ ਧੂ ਘੜੀਸ 'ਚ ਪਵਿੱਤਰ ਲੇਫ਼ 'ਚ ਵੜ ਗਿਆ । ਸਰੀਰ ਜਿਵੇਂ ਮੰਜੇ 'ਚ ਧੱਸ ਗਿਆ ਹੋਵੇ । ਮੰਜੇ ਦੀ ਜਿਵੇਂ ਦੌਣ ਟੁੱਟ ਗਈ ਹੋਵੇ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ