Punjabi Stories/Kahanian
ਪਰਗਟ ਸਿੰਘ ਸਤੌਜ
Pargat Singh Satauj
Punjabi Kavita
  

Bhua De Pakaure Pargat Singh Satauj

ਭੂਆ ਦੇ ਪਕੌੜੇ ਪਰਗਟ ਸਿੰਘ ਸਤੌਜ

ਮੇਰੀਆਂ ਦੋ ਭੂਆ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿਆਹੀਆਂ ਹੋਈਆਂ ਹਨ। ਛੋਟੇ ਹੁੰਦਿਆਂ ਜਦੋਂ ਵੀ ਅਸੀਂ ਭੂਆ ਹੋਰਾਂ ਕੋਲ ਜਾਂਦੇ ਤਾਂ ਉਹ ਸਾਨੂੰ ਭਾਂਤ ਭਾਂਤ ਦੇ ਪਕਵਾਨ ਬਣਾ ਕੇ ਖਵਾਉਂਦੀਆਂ। ਸਾਡੇ ਹਾਣੀ ਬੱਚੇ ਵੀ ਅਹਿਮਦਪੁਰ ਤੋਂ ਬਿਨਾਂ ਹੋਰ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਸਨ। ਇਸ ਲਈ ਸਾਨੂੰ ਜਦ ਵੀ ਕੁਝ ਛੁੱਟੀਆਂ ਹੁੰਦੀਆਂ ਅਸੀਂ ਫਟਾਫਟ ਸਕੂਲ ਦਾ ਕੰਮ ਨਿਬੇੜ ਕੇ ਭੂਆ ਦੇ ਸਹੁਰਿਆਂ ਵਾਲੀ ਬੱਸ ਚੜ੍ਹ ਜਾਂਦੇ।
ਅਹਿਮਦਪੁਰ ਦੇ ਟਿੱਬਿਆਂ ਵਾਲੇ ਖੇਤ, ਬਾਬੇ ਕਿਸ਼ੋਰਦਾਸ ਦੀ ਝਿੜੀ ਤੇ ਭੂਆ ਦੇ ਘਰ ਅੱਗੋਂ ਦੀ ਲੰਘਦੀ ਰੇਲ ਲਾਈਨ ਆਦਿ ਸਭ ਕੁਝ ਸਾਡੇ ਲਈ ਰਹੱਸਮਈ ਦੁਨੀਆਂ ਵਰਗਾ ਸੀ। ਮੰਗਲਵਾਰ ਨੂੰ ਕਿਸ਼ੋਰਦਾਸ ਦੇ ਡੇਰੇ ਬਹੁਤ ਇਕੱਠ ਹੁੰਦਾ। ਬੁਢਲਾਡੇ ਅਤੇ ਹੋਰ ਪਿੰਡਾਂ ਤੋਂ ਆਏ ਲੋਕ ਬਰਫ਼ੀ, ਲੱਡੂ, ਬਦਾਣਾ, ਜਲੇਬੀਆਂ, ਪਤਾਸੇ ਵੰਡ ਕੇ ਜਾਂਦੇ। ਅਸੀਂ ਸਾਰੇ ਬੱਚੇ ਲਿਫ਼ਾਫ਼ੇ ਲੈ ਕੇ ਬੈਠ ਜਾਂਦੇ। ਘੰਟੇ ਕੁ ਵਿੱਚ ਸਾਡੇ ਲਿਫ਼ਾਫ਼ੇ ਭਾਂਤ ਭਾਂਤ ਦੀਆਂ ਮਠਿਆਈਆਂ ਨਾਲ ਨੱਕੋ-ਨੱਕ ਭਰ ਜਾਂਦੇ। ਫਿਰ ਕਈ ਦਿਨ ਅਸੀਂ ਉਹ ਮਠਿਆਈਆਂ ਸਵੇਰ ਦੀ ਚਾਹ ਨਾਲ ਸੁਆਦ ਲੈ ਲੈ ਖਾਂਦੇ।
ਉਦੋਂ ਮੈਂ ਛੇਵੀਂ ਸੱਤਵੀਂ ਵਿੱਚ ਪੜ੍ਹਦਾ ਸੀ। ਸਾਨੂੰ ਸਕੂਲੋਂ ਕੁਝ ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਸਨ। ਛੁੱਟੀਆਂ ਵਿੱਚ ਅਸੀਂ ਭੂਆ ਕੋਲ ਆਏ ਹੋਏ ਸਾਂ। ਮੰਗਲਵਾਰ ਨੂੰ ਅਸੀਂ ਮਠਿਆਈਆਂ ਇਕੱਠੀਆਂ ਕਰ ਲਈਆਂ ਸਨ। ਅੱਜ ਭੂਆ ਨੇ ਸਾਨੂੰ ਪਕੌੜੇ ਬਣਾ ਕੇ ਦੇਣੇ ਸਨ। ਸਾਨੂੰ ਖੇਤੋਂ ਕੱਖ ਵੱਢਣ ਗਿਆਂ ਨੂੰ ਗੰਢੇ ਵੀ ਲੈ ਕੇ ਆਉਣ ਲਈ ਕਹਿ ਦਿੱਤਾ ਸੀ।
ਅਸੀਂ ਕੱਖ ਵੱਢ ਕੇ ਰੇਹੜੇ ਵਿੱਚ ਲੱਦ ਲਏ। ਅਸੀਂ ਤਿੰਨੇ ਜਣੇ- ਮੈਂ, ਮੇਰੀ ਮਾਸੀ ਦਾ ਪੁੱਤ ਜਗਤਾਰ ਅਤੇ ਭੂਆ ਦਾ ਪੁੱਤ ਗੁਰਤੇਜ- ਬਲਦ ਨੂੰ ਰੇਹੜੇ ਵਿੱਚ ਜੋੜਨ ਲਈ ਜ਼ੋਰ ਲਾ ਰਹੇ ਸਾਂ, ਪਰ ਬਲਦ ਰੇਹੜੇ ਨਹੀਂ ਜੁੜਨ ਦੀ ਬਜਾਏ ਸਾਥੋਂ ਛੁਡਾ ਛੁਡਾ ਭੱਜ ਰਿਹਾ ਸੀ। ਆਖ਼ਰ ਅਸੀਂ ਤਿੰਨਾਂ ਨੇ ਕੋਸ਼ਿਸ਼ ਕਰ ਕੇ ਬਲਦ ਰੇਹੜੇ ਨਾਲ ਜੋੜ ਹੀ ਲਿਆ ਤੇ ਛਾਲਾਂ ਮਾਰ ਕੇ ਰੇਹੜੇ ਉੱਤੇ ਬੈਠ ਗਏ। ਜਿਉਂ ਹੀ ਰੇਹੜੇ ਦਾ ਜੂਲਾ ਬਲਦ ਦੇ ਕੰਨ੍ਹੇ ’ਤੇ ਟਿਕਿਆ, ਉਹ ਰੇਹੜਾ ਲੈ ਕੇ ਵਰੋਲਾ ਬਣ ਗਿਆ। ਜਿਉਂ ਜਿਉਂ ਅਸੀਂ ਰੋਕਣ ਲਈ ਰੱਸਾ ਖਿੱਚ ਰਹੇ ਸਾਂ, ਬਲਦ ਹੋਰ ਤੇਜ਼ ਹੋ ਰਿਹਾ ਸੀ। ਅਸੀਂ ਡਿੱਗਦੀਆਂ ਜਾਂਦੀਆਂ ਪੰਡਾਂ ਨੂੰ ਬਚਾਉਣ ਲਈ ਉਨ੍ਹਾਂ ਉੱਪਰ ਚੜ੍ਹ ਕੇ ਬੈਠ ਗਏ। ਰਸਤੇ ਵਿੱਚ ਉੱਖਲੀ ਆਈ ਤਾਂ ਰੇਹੜਾ ਕਾਫ਼ੀ ਉੱਚਾ ਬੁੜ੍ਹਕ ਗਿਆ ਜਿਸ ਨਾਲ ਇਸ ਦਾ ਪਿਛਲਾ ਫੱਟਾ ਨਿਕਲ ਗਿਆ। ਮੈਂ ਪੰਡ ਉੱਪਰ ਬੈਠਾ ਸੀ। ਫੱਟਾ ਨਿਕਲਣ ਨਾਲ ਮੈਂ ਪੰਡ ਸਮੇਤ ਹੇਠਾਂ ਡਿੱਗ ਗਿਆ। ਮੈਂ ਭੱਜੇ ਜਾਂਦੇ ਰੇਹੜੇ ਨੂੰ ਇਸ ਤਰ੍ਹਾਂ ਵੇਖ ਰਿਹਾ ਸਾਂ ਜਿਵੇਂ ਮੁਸਾਫ਼ਿਰ ਲੰਘ ਗਈ ਗੱਡੀ ’ਤੇ ਪਛਤਾ ਰਿਹਾ ਹੋਵੇ। ਅੱਗੇ ਜਾ ਕੇ ਇੱਕ ਪੰਡ ਹੋਰ ਡਿੱਗ ਪਈ ਤੇ ਉਸ ਉੱਤੇ ਬੈਠਾ ਜਗਤਾਰ ਵੀ ਮੂੰਹ ਪਰਨੇ ਪਿਆ। ਥੋੜ੍ਹੀ ਅੱਗੇ ਜਾ ਕੇ ਭੂਆ ਦਾ ਮੁੰਡਾ ਵੀ ਰੇਹੜੇ ਤੋਂ ਰੁੜ੍ਹ ਗਿਆ। ਮੋੜ ਉੱਤੇ ਜਾ ਕੇ ਬਲਦ ਨੇ ਰੇਹੜਾ ਕੰਡਾ-ਤਾਰ ਵਿੱਚ ਫਸਾ ਦਿੱਤਾ ਤੇ ਆਪ ਇਕੱਲਾ ਘਰ ਜਾ ਵੜਿਆ।
ਅਸੀਂ ਪਹੇ ਦੇ ਘੱਟੇ ਵਿੱਚ ਲਿੱਬੜੇ ਇੱਕ-ਦੂਜੇ ਨੂੰ ਪੁੱਛ ਰਹੇ ਸਾਂ, ‘‘ਬਾਈ! ਸੱਟ ਤਾਂ ਨ੍ਹੀਂ ਲੱਗੀ?’’ ਪਹਿਲਾਂ ਅਸੀਂ ਤਾਰਾਂ ਵਿੱਚੋਂ ਰੇਹੜੇ ਨੂੰ ਕੱਢਿਆ ਤੇ ਫਿਰ ਸਾਰੀਆਂ ਪੰਡਾਂ ਇਕੱਠੀਆਂ ਕਰ ਕੇ ਰੇਹੜੇ ਵਿੱਚ ਰੱਖ ਲਈਆਂ। ਮੈਂ ਰੇਹੜੇ ਦੇ ਅੱਗੇ ਜੁੜ ਗਿਆ। ਭੂਆ ਦਾ ਮੁੰਡਾ ਅਤੇ ਜਗਤਾਰ ਰੇਹੜੇ ਨੂੰ ਪਿੱਛੋਂ ਧੱਕਾ ਲਾਉਣ ਲੱਗੇ। ਅਸੀਂ ਹੌਲੀ ਹੌਲੀ ਰੇਹੜਾ ਪਿੰਡ ਨੂੰ ਤੋਰ ਲਿਆ। ਅੱਗੇ ਆ ਕੇ ਸਾਨੂੰ ਇੱਕ ਰੇਹੜਾ ਹੋਰ ਮਿਲ ਗਿਆ। ਰੇਹੜੇ ਵਾਲੇ ਭਾਈ ਨੇ ਸਾਡੇ ਰੇਹੜੇ ਨੂੰ ਟੋਚਨ ਪਾ ਲਿਆ। ਅਸੀਂ ਨਾਲ ਨਾਲ ਪੈਦਲ ਤੁਰ ਪਏ। ਭੂਆ ਨੇ ਘਰ ਇਕੱਲਾ ਬਲਦ ਆਇਆ ਵੇਖ ਕੇ ਬੂ-ਦੁਹਾਈ ਪਾ ਦਿੱਤੀ, ‘‘ਵੇ ਮੁੰਡੇ ਤਾਂ ਮਾਰਤੇ ਵੇ! ਵੇ ਜਾਓ ਭੱਜ ਕੇ ਖੇਤ ਨੂੰ…! ਹੇ ਬਾਬਾ ਕਿਸ਼ੋਰਦਾਸ! ਮੁੰਡਿਆਂ ਦੀ ਸੁੱਖ ਸਾਂਦ ਹੋਵੇ, ਤੇਰੇ ਇਕਵੰਜਾ ਰੁਪਈਆਂ ਦੇ ਲੱਡੂ ਵੰਡਾਂਗੀ… ਹੇ ਬਾਬਾ ਫਲਾਣੇ…. ਹੇ ਬਾਬਾ ਢਿਮਕੇ।’’ ਭੂਆ ਨੇ ਸਾਰੇ ਦੇਵੀ ਦੇਵਤੇ ਧਿਆ ਦਿੱਤੇ। ਉਸ ਨੇ ਪਕੌੜਿਆਂ ਲਈ ਤਿਆਰ ਕੀਤਾ ਆਟਾ, ਖਲ ਵਾਲੀ ਤੌੜੀ ਵਿੱਚ ਸੁੱਟ ਦਿੱਤਾ। ਦੁੱਖ ਦੀ ਘੜੀ ਵਿੱਚ ਚੰਗੇ ਪਕਵਾਨ ਕਿੱਥੋਂ ਚੰਗੇ ਲੱਗਣ?
ਫੁੱਫੜ ਨੇ ਟਰੈਕਟਰ ਕੱਢ ਕੇ ਖੇਤ ਨੂੰ ਭਜਾ ਲਿਆ। ਅਸੀਂ ਪਿੰਡ ਦੇ ਬਾਹਰਵਾਰ ਸਿਵਿਆਂ ਕੋਲ ਫੁੱਫੜ ਨੂੰ ਟੱਕਰ ਗਏ। ਸਾਨੂੰ ਠੀਕ-ਠਾਕ ਵੇਖ ਕੇ ਫੁੱਫੜ ਦੀ ਪ੍ਰੇਸ਼ਾਨੀ ਛੂ-ਮੰਤਰ ਹੋ ਗਈ। ਉਸ ਨੇ ਸਾਨੂੰ ਟਰੈਕਟਰ ਉੱਪਰ ਬਿਠਾ ਲਿਆ ਤੇ ਰੇਹੜਾ ਟਰੈਕਟਰ ਦੇ ਪਿੱਛੇ ਬੰਨ੍ਹ ਲਿਆ।
ਅਸੀਂ ਘਰ ਆਏ ਤਾਂ ਭੂਆ ਸਾਨੂੰ ਵੇਖ ਕੇ ਖਿੜ ਗਈ। ਅਸੀਂ ਭੂਆ ਕੋਲ ਪਕੌੜਿਆਂ ਦੀ ਗੱਲ ਕੀਤੀ ਤਾਂ ਉਸ ਨੇ ਖਲ ਵਾਲੀ ਤੌੜੀ ਵੱਲ ਇਸ਼ਾਰਾ ਕਰ ਦਿੱਤਾ। ਮੈਂ ਭੱਜ ਕੇ ਤੌੜੀ ਦਾ ਢੱਕਣ ਚੁੱਕਿਆ। ਪਕੌੜਿਆਂ ਵਾਲਾ ਆਟਾ ਖਲ ਵਾਲੀ ਤੌੜੀ ਵਿੱਚ ਵੇਖ ਕੇ ਮੈਨੂੰ ਮਹਿਸੂਸ ਹੋਇਆ ਜਿਵੇਂ ਸਾਡੇ ਨਾਲ ਦੂਹਰੀ ਠੱਗੀ ਵੱਜ ਗਈ ਹੋਵੇ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)