Punjabi Kavita
  

Bhukh : Lochan Singh Bakshi

ਭੁਖ (ਕਹਾਣੀ) : ਲੋਚਨ ਸਿੰਘ ਬਖਸ਼ੀ

ਅਚਾਨਕ ਹੀ ਉਹ ਦੋਵੇਂ ਅਜ ਫਿਰ ਮਿਲ ਪਏ ਸਨ-ਇਕ ਤੀਵੀਂ ਤੇ ਇਕ ਮਰਦ ਦੋ ਵਖੋ ਵਖ ਲਿੰਗਾਂ ਦੇ ਮਾਲਿਕ ਦੋ ਮੰਗਤੇ। ਤੇ ਉਹ ਦੋਵੇਂ ਖ਼ੁਸ਼ ਸਨ। ਓਹ ਦੋਵੇਂ ਭੁੱਖੇ ਸਨ ਤੇ ਭੁਖ ਨਾਲ ਉਨ੍ਹਾਂ ਦੀਆਂ ਆਂਦਰਾਂ ਕੁਲਬਲਾ ਰਹੀਆਂ ਸਨ। ਦਿਨ ਭਰ ਗਲੀਆਂ ਵਿਚ ਟਕਰਾਂ ਮਾਰਨ ਤੇ ਬਜ਼ਾਰਾਂ ਵਿਚ ਠੋਕਰਾਂ ਖਾਣ ਪਿਛੋਂ ਇਹ ਪਹਿਲੀ ਆਵਾਜ਼ ਸੀ ਜਿਸ ਵਿਚ ਉਨ੍ਹਾਂ ਨੂੰ ਹਮਦਰਦੀ ਦੀ ਝਲਕ ਭਾਸੀ। ਸਾਰਾ ਦਿਨ ਗਾਲ੍ਹੀਆਂ ਸੁਣਨ ਪਿਛੋਂ ਇਹ ਪਹਿਲਾ ਬੋਲ ਸੀ ਜੋ ਉਨ੍ਹਾਂ ਦੀ ਕੰਨੀਂ ਪਿਆ ਜਿਸ ਵਿਚ ਘਿਰਣਾ ਦੀ ਥਾਵੇਂ ਪਿਆਰ ਸੀ।

"ਕਿਉਂ ਕੀ ਗਲ ਹੈ?"

"ਸ਼ੁਕਰ ਹੈ।"

ਤੇ ਦੋਵੇਂ ਇਕ ਦੂਜੇ ਵਲ ਤਕਦੇ ਹੋਏ ਉਸ ਢਠੀਆਂ ਹੋਈਆਂ ਕੰਧਾਂ ਵਾਲੇ ਖੋਲੇ ਦੀ ਆੜ ਲੈ, ਸੋਟੀਆਂ ਟੇਕਦੇ ਹੋਏ ਬੈਠ ਗਏ। ਕੁਝ ਦੇਰ ਉਹ ਦੋਵੇਂ ਇਕ ਦੂਜੇ ਵਲ ਤਕਦੇ ਰਹੇ ਤੇ ਚੁਪ ਰਹੇ। ਇਉਂ ਜਾਪਦਾ ਸੀ ਜਿਵੇਂ ਉਹ ਕੁਝ ਕਹਿਣਾ ਚਾਹੁੰਦੇ ਸਨ ਪਰ ਕੋਈ ਜਜ਼ਬਾ ਸੀ ਜੋ ਉਸ ਬੋਲ ਨੂੰ ਦਬਾਉਂਦਾ ਜਾ ਰਿਹਾ ਸੀ;

"ਤੈਨੂੰ ਕੀ ਮਿਲਿਆ ਹੈ ਅਜ"

"ਕੁਝ ਨਹੀਂ,"

ਤੇ ਦੋਹਾਂ ਨੂੰ ਆਪਣੀ ਆਵਾਜ਼ ਗੋਲ ਗੁੰਬਦ ਨਾਲ ਟਕਰਾ ਕੇ ਮੁੜਦੀ ਜਹੀ ਜਾਪੀ। ਜਿਵੇਂ ਉਹ ਕਿਸੇ ਖੂਹ ਵਿਚ ਡਿੱਗੇ ਪਏ ਸਨ। ਜੋ ਅਤਿ ਡੂੰਘਾ ਸੀ ਤੇ ਉਨ੍ਹਾਂ ਦੀ ਆਪਣੀ ਹੀ ਆਵਾਜ਼ ਓਸਦੀਆਂ ਡੂੰਘਾਈਆਂ ਵਿਚ ਚੱਕਰਾ ਰਹੀਂ ਸੀ।

ਅਜ ਤੋਂ ਕਈ ਦਿਨ ਪਹਿਲਾਂ ਵੀ ਉਹ ਮਿਲੇ ਸਨ। ਪਰ ਉਸ ਦਿਨ ਉਨ੍ਹਾਂ ਦੀ ਹਾਲਤ ਕੁਝ ਹੋਰ ਜਹੀ ਸੀ। ਉਸ ਦਿਨ ਉਨ੍ਹਾਂ ਪਾਸ ਬਹੁਤ ਕੁਝ ਸੀ। ਸੁੱਕੀਆਂ ਬੱਹੀਆਂ ਰੋਟੀ ਦੇ ਟੁਕੜੇ। ਰਲ-ਗਡ ਦਾਲਾਂ ਤੋਂ ਭਾਜੀਆਂ ਦਾ ਡੱਬਾ ਤੇ ਅਧ ਨੁਚੀਆਂ ਮਾਸ ਦੀਆਂ ਬੋਟੀਆਂ। ਇਹ ਸਾਰਾ ਕੁਝ ਉਨ੍ਹਾਂ ਨੇ ਇਕਠਿਆਂ ਬੈਠ ਕੇ ਖਾਧਾ ਸੀ ਤੇ ਫੇਰ ਸੜਕ ਦੇ ਪਾਰ ਲੱਗੇ ਕਮੇਟੀ ਦੇ ਨਲਕੇ ਤੋਂ ਰਜਕੇ ਪਾਣੀ ਪੀਤਾ ਸੀ। ਐਸ ਵੇਲੇ ਉਹ ਓਸ ਗ਼ਰੀਬ ਵਾਂਗ ਸਨ ਜਿਸਨੂੰ ਕਿਸਮਤ ਦੇ ਫੇਰ ਨੇ ਗ਼ਰੀਬ ਕਰ ਦਿੱਤਾ ਹੋਵੇ ਤੇ ਗ਼ਰੀਬੀ ਦੇ ਦਿਨਾਂ ਵਿਚ ਉਹ ਆਪਣੇ ਬੀਤੇ ਦਿਨ ਚੇਤੇ ਕਰਿਆ ਕਰੇ।

ਉਹ ਕੁਲ ਦੋ ਸਨ। ਇਕ ਤੀਵੀ ਤੇ ਇਝ ਮਰਦ ਯਾ ਇਉਂ ਕਹੋ ਕਿ ਉਹ ਕੇਵਲ ਦੋ ਢਾਂਚੇ ਸਨ ਜੇ ਨਾ ਇਨਸਾਨ ਸਨ ਨਾ ਹੈਵਾਨ। ਉਨ੍ਹਾਂ ਦਾ ਨਾ ਕੋਈ ਮਜ਼ਹਬ ਸੀ ਨਾ ਜ਼ਾਤ। ਉਹ ਨਾ ਹਿੰਦੂ ਸਨ ਨਾਂ ਮੁਸਲਮਾਨ। ਉਹ ਇਕ ਗਲ ਜਾਣਦੇ ਹਨ। ਮਜ਼ਹਬ ਤਾਂ ਅਮੀਰਾਂ ਦੇ ਹੋਇਆ ਕਰਦੇ ਹਨ। ਤੇ ਐਸ ਵੇਲੇ ਉਹ ਗ਼ਰੀਬ ਸਨ। ਕੀ ਗ਼ਰੀਬੀ ਆਪ ਉਨ੍ਹਾਂ ਲਈ ਕਿਸੇ ਮਜ਼ਹਬ ਤੋਂ ਘਟ ਸੀ। ਜਦੋਂ ਉਹ ਕਿਸੇ ਮੁਸਲਮਾਨੇ ਮੁਹੱਲੇ ਵਿਚ ਮੰਗਣ ਜਾਂਦੇ ਤਾਂ ਆਖਦੇ "ਬਾਬਾ ਖ਼ੁਦਾ ਵਾਸਤੇ, ਬਾਬਾ ਰਾਹਿ ਮੌਲਾ। ਅੱਲ੍ਹਾ ਤੁਹਾਨੂੰ ਖੁਸ਼ ਰੱਖੇ। ਤੇ ਹਿੰਦੂ ਮੁਹੱਲਿਆਂ ਵਿਚ "ਰਾਮ ਭੱਲਾ ਕਰੇ। ਕਾਇਆਂ ਸੁਖੇ ਭਗਵਾਨ!"

ਪਰ ਇਹ ਸਾਰਾ ਕੁਝ ਸ਼ਹਿਰ ਦੇ ਅੰਦਰ ਹੀ ਅੰਦਰ ਹੁੰਦਾ ਸੀ। ਸ਼ਹਿਰੋਂ ਬਾਹਰ ਨਿਕਲਦਿਆਂ ਹੀ ਉਨ੍ਹਾਂ ਦੀਆਂ ਸਾਰੀਆਂ ਅਸੀਸਾਂ ਗਾਲ੍ਹਾਂ ਵਿਚ ਵਟ ਜਾਂਦੀਆਂ ਤੇ ਪਿਆਰ ਘਿਰਣਾ ਵਿਚ ਬਦਲ ਜਾਂਦਾ ਜਿਵੇਂ ਉਨ੍ਹਾਂ ਨੇ ਸਮਝ ਲਿਆ ਸੀ ਕਿ ਇਹ ਦੁਨੀਆ ਵਾਲੇ ਹੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਕਦੀ ਸੁਧਰਨ ਨਹੀਂ ਦਿੱਤਾ।

ਪਹਿਲਾਂ ਉਹ ਮਜ਼ਦੂਰ ਸਨ ਤੇ ਸ਼ਾਮ ਨੂੰ ਰੁੱਖੀ ਮਿੱਸੀ ਖਾਕੇ ਨਿਸਚਿੰਤ ਸੌਂ ਜਾਂਦੇ ਸਨ। ਪਰ ਉਨ੍ਹਾਂ ਦੀ ਮਜ਼ਦੂਰੀ ਦਿਨ ਬਦਿਨ ਘਟਦੀ ਗਈ। ਉਨ੍ਹਾਂ ਨੂੰ ਆਪਣਾ ਪੇਟ ਵਢਣਾ ਪੈਂਦਾ ਸੀ। ਜਿਸ ਨਾਲ ਉਹ ਜਮਾਦਾਰ ਦਾ ਟੈਕਸ ਦੇ ਸਕਦੇ ਸਨ, ਜਮਾਦਾਰ ਠੇਕੇਦਾਰ ਦਾ ਸੂਦ ਭਰਦਾ ਸੀ ਤੇ ਠੇਕੇਦਾਰ ਅਗੋਂ ਸੇਠ ਦਾ ਸੂਦ ਦਰ ਸੂਦ ਚੁਕਾਂਦਾ ਸੀ। ਅਸਲ ਵਿਚ ਇਹ ਸਾਰਾ ਭਾਰ ਮਜ਼ਦੂਰਾਂ ਦਿਆਂ ਆਪਣਿਆਂ ਮੋਢਿਆਂ ਤੇ ਸੀ ਜਿਨ੍ਹਾਂ ਦਿਆਂ ਚਾਚਿਆਂ ਨੂੰ ਅੰਦਰ ਅੰਦਰ ਘੁਣ ਖਾਈ ਜਾ ਰਿਹਾ ਸੀ। ਸੂਦ ਤੋਂ ਸੂਦ ਦਹ ਸੂਦ ਦਾ ਘੁਣ ਤੇ ਆਖ਼ਰ ਇਕ ਦਿਨ ਉਹ ਟੁਟ ਗਿਆ। ਮਜਬੂਰਨ ਉਨ੍ਹਾਂ ਨੂੰ ਮੰਗ ਕੇ ਖਾਣਾ ਪਿਆ। ਤੇ ਅੱਜ ਅਜਿਹੀ ਹਾਲਤ ਆ ਹੋਈ ਸੀ ਕਿ ਮੰਗਿਆਂ ਵੀ ਕੋਈ ਕੁਝ ਨਹੀਂ ਸੀ ਦੇਦਾ ਉਨ੍ਹਾਂ ਨੂੰ।

ਮਰਦ ਬੋਲਿਆ "ਪੀਰਾਂ ਦੇ ਮਹੱਲੇ ਵਾਲਾ ਬੁਢਾ ਸੇਠ ਜਿਹੜਾ ਮਰ ਰਿਆ ਸੀ ਉਸ ਦਿਨ। ਅਜ ਉਸਦੀ ਕਿਰਿਆ ਸੀ। ਮੈਂ ਸਾਰਾ ਦਿਨ ਉਸਦੇ ਬੂਹੇ ਤੇ ਬੈਠਾ ਰਿਹਾ ਪਰ ਮੈਨੂੰ ਤਾਂ ਕਿਸੇ ਪੁਛਿਆ ਤੀਕ ਨਹੀਂ। ਉਥੇ ਮੰਗਤਿਆਂ ਦੀ ਇਤਨੀ ਭੀੜ ਸੀ ਕਿ ਨੌਕਰ ਲੋਕ ਉਨ੍ਹਾਂ ਨੂੰ ਡੰਡੇ ਮਾਰ ਮਾਰ ਕੇ ਪਿਛੇ ਹਟਾ ਰਹੇ ਸਨ। ਮੈਂ ਇਕ ਵਾਰੀ ਹਿੰਮਤ ਕਰ ਕੇ ਅਗੇ ਗਿਆ ਵੀ ਪਰ ਪਿਠ ਤੁੜਵਾ ਕੇ ਮੁੜ ਆਇਆ। ਤੇ ਫੇਰ ਉਸ ਨੇ ਆਪਣੀ ਪਿਠ ਤੇ ਪਈ ਡੰਡੇ ਦੀ ਲਾਸ਼ ਉਸ ਨੂੰ ਵਿਖਾਈ। ਤੀਵੀਂ ਨੇ ਉਸ ਦੀ ਪਿਠ ਨੂੰ ਹੌਲੀ ਜਹੀ ਮਿਲਿਆ। ਇਹ ਹਮਦਰਦੀ ਦਾ ਦੂਜਾ ਕਦਮ ਸੀ। ਉਸ ਨੂੰ ਲਾਸ ਦੀ ਸਾਰੀ ਪੀੜ ਹਰਣ ਹੁੰਦੀ ਜਾਪੀ। "ਮੈਂ ਵੇਖ ਰਿਹਾ ਸਾਂ" ਉਹ ਫੇਰ ਬੋਲਿਆ "ਨੌਕਰ ਲੋਕ ਕੇਵਲ ਉਨ੍ਹਾਂ ਨੂੰ ਦਾਨ ਦੇ ਪੈਸੇ ਦੇਂਦੇ ਸਨ ਜੋ ਉਨ੍ਹਾਂ ਦੇ ਜਾਣੂ ਸਨ।"

"ਕਿਵੇਂ ਦਾਨ ਪੁਨ ਵਿਚ ਵੀ ਇਹ ਲੋਕ ਆਪਣੇ ਮੁਲਹਾਜ਼ੇ ਟੋਰਦੇ ਹਨ" ਤੀਵੀਂ ਨੇ ਆਖਿਆ---

"ਜਦੋਂ ਮੰਗਤੇ ਬਹੁਤ ਇਕਠੇ ਹੋ ਗਏ ਤਾਂ ਤੋਬਾ।" ਉਹ ਜ਼ਰਾ ਰੁਕ ਕੇ ਬੋਲਿਆ, "ਉਹ ਨਜ਼ਾਰਾ ਵੀ ਵੇਖਣ ਵਾਲਾ ਸੀ। ਕਿਵੇਂ ਇਕ ਇਕ ਪੈਸੇ ਤੇ ਛੇ ਛੇ ਸਤ ਸਤ ਮੰਗਤੇ ਝਪਟ ਪੈਂਦੇ ਸਨ ਤੇ ਕਿਤਨਾ ਚਿਰ ਆਪਸ ਵਿਚ ਲੜਦੇ ਰਹਿੰਦੇ ਸਨ। ਉਥੇ ਤਾਂ ਤਿਲ ਸੁਟਿਆਂ ਹੇਠਾਂ ਨਹੀਂ ਸੀ ਡਿਗ ਸਕਦਾ ਤੇ ਇਹ ਤਾਂ ਪੈਸੇ ਸਨ। ਸੰਸਾਰ ਦੀ ਹਰ ਸ਼ੈ ਨੂੰ ਮੁਲ ਲੈ ਸਕਣ ਵਾਲੇ ਤਾਂਬੇ ਦੇ ਸਿਕੇ। ਉਹ ਸਾਰੇ ਕੁਤਿਆਂ ਦੇ ਉਸ ਇਕਠ ਵਾਂਗ ਸਨ ਜਿਨ੍ਹਾਂ ਦਾ ਤਮਾਸ਼ਾ ਵੇਖਣ ਲਈ ਅਮੀਰ ਲੋਕ ਆਪਣੀ ਬਚੀ ਹੋਈ ਜੂਠ ਉਹਨਾਂ ਵਿਚਕਾਰ ਸੁਟਵਾ ਦੇਂਦੇ ਹਨ। ਤੇ ਫੇਰ ਉਹ ਆਪਸ ਵਿਚ ਲੜਦੇ ਹਨ। ਇਕ ਦੂਜੇ ਤੇ ਝਪਟਦੇ ਹਨ। ਇਕ ਦੂਜੇ ਨੂੰ ਵਢ ਵਢ ਕੇ ਖਾਂਦੇ ਹਨ। ਤੇ ਸਚ ਮੁਚ ਉਸ ਵੇਲੇ ਉਹ ਕੁਤਿਆਂ ਤੋਂ ਵੀ ਜ਼ਿਆਦਾ ਜ਼ਲੀਲ ਤੇ ਖੂਨਖ਼ਾਰ ਹੋ ਰਹੇ ਸਨ।"

"ਉਫ" ਤੀਵੀਂ ਬੋਲੀ, ਆਪਣੀ ਸੂਝ ਤੋਂ ਰਤਾ ਜਿੰਨਾ ਥਿੜਕ ਜਾਣ ਨਾਲ ਕਿਵੇਂ ਮਨੁੱਖ ਪਸ਼ੂ ਬਣ ਜਾਂਦਾ ਹੈ।"

ਕੁਝ ਦੇਰ ਉਹ ਫਿਰ ਚੁਪ ਰਹੇ। ਰਾਤ ਸਪਣੀ ਵਾਂਗ ਹੌਲੀ ਹੋਲੀ ਰੀਂਗਦੀ ਤੁਰੀ ਆਉਂਦੀ ਸੀ। ਸ਼ਹਿਰੋਂ ਬਾਹਰ ਢੱਠੀਆਂ ਹੋਈਆਂ ਕੰਧਾਂ ਵਾਲਾ ਇਹ ਖੋਲਾ ਉਨ੍ਹਾਂ ਨੂੰ ਇਕ ਝੁੱਗੀ ਦਾ ਕੰਮ ਦੇ ਰਿਹਾ ਸੀ। ਆਪਣਾ ਲੱਕ ਸਿੱਧਾ ਕਰਨ ਲਈ ਤੀਵੀਂ ਲੇਟ ਗਈ।

"ਭੁਖਿਆਂ ਰਾਤ ਕਿਵੇਂ ਬੀਤੇਗੀ?

ਜਿਵੇਂ ਅਗੇ ਬੀਤਦੀਆਂ ਰਹੀਆਂ ਹਨ।

"ਤੈਨੂੰ ਕਿਤਨੀਆਂ ਰਾਤਾਂ ਭੁਖਿਆਂ ਰਹਿਣਾ ਪਿਆ ਹੈ?"

"ਸਤ--ਤੇ ਤੈਨੂੰ?

"ਅਠ"

"ਤਾਂ ਦੋਵੇਂ ਇਕੋ ਰੋਗ ਦੇ ਰੋਗੀ ਹਾਂ।"

ਤੇ ਇਉਂ ਜਾਪਦਾ ਸੀ, ਜਿਵੇਂ ਉਹ ਇਕ ਦੂਜੇ ਨੂੰ ਕੁਝ ਚਿਰ ਤੋਂ ਹੀ ਨਹੀਂ ਜਾਣਦੇ ਹਾਂ ਉਹ ਹਮ-ਪੇਸ਼ਾ ਹੀ ਨਹੀਂ ਸਗੋਂ ਕਈ ਸਦੀਆਂ ਤੋਂ ਇਕ ਦੂਜੇ ਦੇ ਨਾਲੋ ਨਾਲ ਤੁਰਦੇ ਜਾ ਰਹੇ ਹਨ। ਮਨੁੱਖਤਾ ਦੇ ਰੂਪ ਵਿਚ, ਕਦੀ ਗ਼ਰੀਬ ਤੇ ਗਰੀਬੀ ਬਣ ਕੇ।

ਹੌਲੀ ਹੌਲੀ ਪੱਥਰਾਂ ਦੇ ਢੇਰ ਤੇ ਮਰਦ ਵੀ ਪਸਰਦਾ ਗਿਆ। "ਤੂੰ ਕੋਈ ਕਹਾਣੀ ਸੁਣਾ।"

"ਕਹਾਣੀ ਨਾਲ ਤਾਂ ਢਿੱਡ ਨਹੀਂ ਭਰਨ ਲਗਾ" ਤੀਵੀਂ ਦੀ ਆਵਾਜ਼ ਵਿਚ ਤਨਜ਼ ਸੀ।

"ਤਾਂ ਸਬਰ ਖਾ ਲੈ" ਮਰਦ ਬੋਲਿਆ।

"ਬਬੇਰਾ ਖਾਦਾ ਹੈ। ਹੋਰ ਨਹੀਂ ਖਾ ਹੁੰਦਾ, ਤੀਵੀਂ ਨੇ ਉੱਤਰ ਦਿੱਤਾ।

ਤਾਂ ਆ ਚਲੀਏ ਮਰਦ ਨੇ ਉਠਦਿਆਂ ਹੋਇਆਂ ਆਖਿਆ --- ਉਹ ਦੋਵੇਂ ਉਠ ਕੇ ਖੜੇ ਹੋ ਗਏ ਤੇ ਇਉਂ ਜਾਪਦਾ ਸੀ ਜਿਵੇਂ ਉਹ ਪੂਰੀ ਦਿੜ੍ਹਤਾ ਨਾਲ ਕਿਸੇ ਅਣਡਿਠੀ ਮੰਜਲ ਵਲ ਪਰਵੇਸ਼ ਕਰਨ ਲਗੇ ਹਨ।

ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੜਕ ਮਿਲੀ। ਬਿਜਲੀ ਦਾ ਖੰਬਾ ਆਪਣੀ ਥਾਵੇਂ ਅਟੱਲ ਖੜਾ ਸੀ, ਉਸ ਸੰਤਰੀ ਵਾਂਗ ਜੇ ਡਿਉਟੀ ਦੇ ਰਿਹਾ ਸੀ। ਤੀਵੀਂ ਸੜਕ ਵਲ ਵੇਖਦੀ ਹੋਈ ਬੋਲੀ:- "ਇਹ ਧਰਤੀ ਕਿਤਨੀ ਗ਼ਰੀਬ ਹੈ,-ਚੁਪ ਤੇ ਨਿਮਾਣੀ" ਪਰ ਕੀ ਤੂੰ ਇਹ ਵੀ ਜਾਣਨੀ ਏਂ, ਜਦੋਂ ਧਰਤੀ ਜ਼ਹਿਰ ਉਗਲਣ ਤੇ ਆਂਉਂਦੀ ਹੈ ਤਾਂ ਕੀ ਕੁਝ ਹੁੰਦਾ ਹੈ!

"ਹਾਂ ਉਸ ਵੇਲੇ ਉਹ ਇਕ ਕੰਬਣੀ ਲੈਂਦੀ ਹੈ ਤੇ ਸੁੱਤੀ ਹੋਈ ਜਵਾਲਾ ਉਸ ਵਿਚੋਂ ਜਾਗ ਉਠਦੀ ਹੈ ਫੇਰ ਵੱਡੇ ਵੱਡੇ ਉੱਚੇ ਉਸਰੇ ਹਏ ਮਕਾਨ ਇਕ ਪਲ ਵਿੱਚ ਮਲੀਆ ਮੇਟ ਕਰ ਸੁਟਦੀ ਹੈ।"

"ਤੇ ਹੋਰ?"

"ਉਸਦੀ ਫੂਕ, ਪੱਥਰ ਪਾੜ ਸੁਟਦੀ ਹੈ।"

ਤੇ ਹੁਣ ਯਕੀਨਨ ਇਵੇਂ ਹੀ ਹੋਣਾ ਹੈ।

ਮੈਂ ਤੇਰਾ ਮਤਲਬ ਨਹੀਂ ਸਮਝੀ।

ਆਪੇ ਸਮਝ ਜਾਵੇਂਗੀ ---

ਤੇ ਉਹ ਉਸਦਾ ਹੱਥ ਫੜੀ ਖਿਚਦਾ ਹੌਇਆ ਸੜਕ ਦੇ ਉਸ ਪਾਰ ਲੈ ਗਿਆ।

ਸਭ ਤੋਂ ਪਹਿਲਾਂ ਉਹ ਕਮੇਟੀ ਦੇ ਨਲਕੇ ਪਾਸ ਪੁੱਜੇ। ਤੀਵੀਂ ਪਿਆਸੀ ਸੀ ਉਸ ਨੇ ਆਪਣਿਆਂ ਬੁਲ੍ਹਾਂ ਤੇ ਜੀਭ ਫੇਰੀ ਤੇ ਨਲਕੇ ਦੀ ਮੁਠ ਨੂੰ ਹੇਠਾਂ ਦਬਿਆ। ਪਰ ਉਸ ਵਿਚੋਂ ਕੋਈ ਪਾਣੀ ਨਾ ਨਿਕਲਿਆ। ਫਿਰ ਮਰਦ ਨੇ ਸਾਰਾ ਤਾਣ ਲਾ ਕੇ ਉਸ ਨੂੰ ਦਬਾਉਣ ਦਾ ਯਤਨ ਕੀਤਾ। ਮੁਠ ਦਬ ਤਾਂ ਗਈ, ਪਰ ਵਿਅਰਥ। ਨਲ ਵਿਚ ਪਾਣੀ ਨਹੀਂ ਸੀ। ਮਰਦ ਬੋਲਿਆ, "ਅਮੀਰਾਂ ਦੇ ਹੱਥ ਕਮੇਟੀ ਦੇ ਇਸ ਨਲਕੇ ਵਾਂਗ ਹਨ, ਜਿਨ੍ਹਾਂ ਚੋਂ ਦਾਨ ਤੇ ਪੁਨ ਦਾ ਪਾਣੀ ਵਗਿਆ ਕਰ ਹੈ, ਪਰ ਇਹ ਪਾਣੀ ਆਪ ਉਹਨ ਦੀ ਆਪਣੀ ਹੀ ਵਰਤੋਂ ਲਈ ਹੈ, ਇਸਦਾ ਵੱਤਰ ਉਨ੍ਹਾਂ ਦੀਆਂ ਅਗਲੀਆਂ ਖੇਤੀਆਂ ਸਿੰਝਦਾ ਰਹੇਗਾ। ਅਮੀਰਾਂ ਦਿਆਂ ਮਹਲਿਆਂ ਵਿਚ ਤਾਂ ਕਮੇਟੀ ਦਾ ਨਲ ਵੀ ਜੇ ਚਾਹੁੰਦਾ ਹੈ ਤਾਂ ਪਾਣੀ ਦਿੰਦਾ ਹੈ ਚਾਹੁੰਦਾ ਹੈ ਤਾਂ ਬੰਦ ਹੋ ਜਾਂਦਾ ਹੈ।

ਤੇ ਉਹ ਗੁਸੇ ਨਾਲ ਉਥੋਂ ਅਗੇ ਤੁਰ ਪਏ। ਪੱਕੀਆਂ ਇੱਟਾਂ ਦੇ ਮਕਾਨ ਕਾਹਲੀ ਕਾਹਲੀ ਉਨ੍ਹਾਂ ਵਲ ਵਧ ਰਹੇ ਸਨ। ਇਉਂ ਜਾਪਦਾ ਸੀ ਜਿਵੇਂ ਹੁਣੇ ਉਹ ਉਨ੍ਹਾਂ ਸਾਰਿਆਂ ਮਕਾਨਾਂ ਨੂੰ ਫੂਕ ਸੁਟਣਗੇ। ਅਮੀਰਾਂ ਦੀ ਦੁਨੀਆਂ ਵਿਚ ਹਲ-ਚਲ ਮਚ ਜਾਵੇਗੀ ਉਹ ਕਿਸੇ ਨੂੰ ਲੁੱਟ ਲੈਣਗੇ, ਕਿਸੇ ਨੂੰ ਮਾਰ ਦੇਣਗੇ। ਉਹ ਚੋਰੀ ਨਹੀਂ-ਸੀਨਾ ਜ਼ੋਰੀ ਕਰਨਗੇ, ਉਹ ਇਕ ਤੇ ਇਕ ਦੋ ਨਹੀਂ ਯਾਰਾਂ ਸਨ-ਇਕ ਤੀਵੀਂ ਤੇ ਇਕ ਮਰਦ। ਉਨ੍ਹਾਂ ਨੂੰ ਇਕ ਦੂਜੇ ਦਾ ਸਹਾਰਾ ਹੀ ਕਾਫ਼ੀ ਸੀ -ਮਰਦ ਜ਼ੋਰ ਵਾਲਾ ਸੀ, ਤਾਣ ਵਾਲਾ ਸੀ ਤੇ ਤੀਵੀਂ ਪਾਸ ਇਕੋ ਹਥਿਆਰ ਸੀ ਉਸਦਾ ਤਰੀਮਤ-ਪਨ ਜੋ ਕਾਫ਼ੀ ਤੇਜ਼ ਸੀ, ਕਾਰੀ ਸੀ, ਤੇ ਮਾਰੂ ਵੀ।

ਉਹ ਤੁਰਦੇ ਜਾ ਰਹੇ ਸਨ - ਹੌਲੀ ਹੌਲੀ ਕਦੀ ਤੇਜ਼ ਤੇਜ਼। ਉਨ੍ਹਾਂ ਦੀ ਚਾਲ ਉਨ੍ਹਾਂ ਦਿਆਂ ਖਿਆਲਾਂ ਤੇ ਨਿਰਭਰ ਸੀ। ਅੱਗੇ ਅੱਗੇ, ਹੋਰ ਅਗੇ। ਹੁਣ ਉਹ ਕੱਖਾਂ ਦੀਆਂ ਕੁਲੀਆਂ ਤੀਕ ਅੱਪੜ ਪਏ ਸਨ, ਜਿਨ੍ਹਾਂ ਵਿਚ ਮਜ਼ਦੂਰ ਲੋਕ ਕਹਿੰਦੇ ਸਨ - ਵੱਡੇ ਵੱਡੇ ਧਨਾਢ ਸੇਠਾਂ ਦੇ ਗ਼ਰੀਬ ਕਾਰਿੰਦੇ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਪੇਟ ਲਈ ਮਨ ਤਾਂ ਕੀ ਤਨ ਤੀਕ ਵੀ ਆਪਣੇ ਮਾਲਕਾਂ ਪਾਸ ਵੇਚਣਾ ਪੈਂਦਾ ਸੀ।

ਉਨ੍ਹਾਂ ਦੇ ਦਿਲ ਵਿਚ ਖ਼ਿਆਲ ਆਇਆ, "ਇਕ ਸ਼ੁਅਲੇ ਦੀ ਲੋੜ ਹੈ, ਇਕ ਚਿਣਗ ਦੀ, ਤੇ ਫਿਰ ਇਹ ਕੱਖਾਂ ਦੀਆਂ ਕੁੱਲੀਆਂ ਆਪ ਹੀ ਅਗ ਪਕੜ ਲੈਣਗੀਆਂ। ਗ਼ਰੀਬ ਲੋਕ ਜਾਗ ਪੈਣਗੇ, ਮਜ਼ਦੂਰ ਹੋਸ਼ਿੁਆਰ ਹੋ ਜਾਣਗੇ। ਕੇਵਲ ਇਕ ਚੰਗਿਆੜੀ ਚਾਹੀਦੀ ਹੈ। ਇਕ ਮੁਘਦੀ ਮਘਦੀ ਲੋਅ, ਜੋ ਕੁਲ ਮਜ਼ਦੂਰਾਂ ਦੇ ਦਿਲ ਦਮਾਗ਼ ਤੇ ਰੂਹਾਂ ਤੀਕ ਰੋਸ਼ਨ ਕਰ ਜਾਵੇ।"

ਹੁਣ ਉਹ ਪੂਰੀ ਤਰ੍ਹਾਂ ਬਗ਼ਾਵਤ ਲਈ, ਉਕਸ ਪਏ ਸਨ, ਖ਼ਿਆਲ ਉਨ੍ਹਾਂ ਦੇ ਸੀਨਿਆਂ ਵਿਚ ਸ਼ੁਅਲਿਆਂ ਵਾਂਗ ਮਚਲ ਰਹੇ ਸਨ-ਕਿਸੇ ਝੁਗੀ ਵਿਚ ਆਪ ਮੁਹਾਰੀ ਇਕ ਮਜ਼ਦੂਰ ਤੀਵੀਂ ਚੀਖ ਉੱਠੀ- "ਹੇ ਭਰਵਾਨ।" ਅਜੇ ਹੁਣ ਜਮਾਦਾਰ ਨੇ ਉਸ ਤੋਂ ਸੂਦ ਵਸੂਲ ਕੀਤਾ ਸੀ, ਤੇ ਬੂਹੇ ਵਿਚ ਖੜਾ ਸੇਠ ਆਪਣੀ ਗੋਗੜ ਤੋਂ ਹਥ ਫੇਰ ਰਿਹਾ ਸੀ-- ਸ਼ਾਇਦ ਉਹ ਸੂਦ-ਦਰ ਸੂਦ ਦਾ ਸਵਾਲੀ ਸੀ---

ਸੜਕ ਤੋਂ ਲੰਘਦੇ ਤੀਵੀਂ ਤੇ ਮਰਦ ਤ੍ਰਿਬਕ ਉੱਠੇ। ਉਨ੍ਹਾਂ ਨੇ ਆਪਣਿਆਂ ਖ਼ਿਆਲਾਂ ਨੂੰ ਉਥੇ ਹੀ ਉਗਲਣਾ ਸ਼ੁਰੂ ਕਰ ਦਿਤਾ। ਭਗਵਾਨ ਤੁਹਾਡੀ ਦੁਨੀਆਂ ਤੋਂ ਉਠ ਗਿਆ ਹੈ। ਹੁਣ ਭਗਵਾਨ ਅਮੀਰਾਂ ਦਿਆਂ ਮੰਦਰਾਂ ਵਿਚ ਰਹਿੰਦਾ ਹੈ ਤੇ ਉਨਾਂ ਦੀ ਦੌਲਤ ਤੇ ਰੀਝ ਗਿਆ ਹੈ। ਗ਼ਰੀਬ ਤਾਂ ਆਪਣੀ ਗ਼ਰੀਬੀ ਤੇ ਸਬਰ ਕਰੀ ਬੈਠੇ ਹਨ, ਪਰ ਅਮੀਰਾਂ ਪਾਸ ਇਤਨਾ ਧੰਨ ਹੈ ਕਿ ਉਹ ਭਗਵਾਨ ਨੂੰ ਵੀ ਖਰੀਦ ਸਕਣ।"

ਤੀਵੀਂ ਬੋਲ ਰਹੀ ਸੀ-"ਭਗਵਾਨ ਭੁੱਖਾ ਸੀ। ਉਸਨੂੰ ਭੁਖ ਲੱਗੀ ਤੇ ਉਹ ਵਿਕ ਗਿਆ। ਧੰਨੀਆਂ ਨੇ ਉਸ ਨੂੰ ਆਪਣੇ ਧੰਨ ਨਾਲ ਮੁਲ ਲੈ ਲਿਆ ਹੈ। ਉਹ ਹੁਣ ਉਨ੍ਹਾਂ ਦਾ ਹਰ ਕੰਮ ਕਰਦਾ ਹੈ-ਉਹ ਉਨ੍ਹਾਂ ਦੀਆਂ ਮਸ਼ੀਨਾਂ ਚਲਾਂਦਾ ਹੈ। ਉਨ੍ਹਾਂ ਦਾ ਕਪੜਾ ਬੁਣਦਾ ਹੈ। ਉਹ ਉਨ੍ਹਾਂ ਦੇ ਹਰ ਕੰਮ ਕਾਜ ਵਿਚ ਗੋਲਾ ਬਣੀ ਭੱਜੀ ਫਿਰਦਾ ਹੈ ਤੇ ਉਹ ਲੋਕ ਗੱਦਿਆਂ ਤੇ ਢਾਸਣਾ ਲਾ ਕੇ ਬੈਠਦੇ ਹਨ, ਜਿਵੇਂ ਉਹ ਆਪ ਹੀ ਭਗਵਾਨ ਹੋਣ।

ਤੇ ਉਹ ਇਕ ਦੂਜੇ ਦੇ ਹੋਰ ਨੇੜੇ ਹੋ ਗਏ-ਮਰਦ ਦੀਆਂ ਬਲਵਾਨ ਬਾਹਵਾਂ ਖੁਲ੍ਹ ਗਈਆਂ ਤੇ ਤੀਵੀਂ ਦਾ ਤ੍ਰੀਮਤ-ਪਨ ਉਨ੍ਹਾਂ ਵਿਚ ਸੁੰਗੜਦਾ ਗਿਆ --

ਜਿਵੇਂ ਕੁਲ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਰਹੀਆ ਸਨ --ਹਰ ਪਾਸੇ ਸੇਕ ਹੀ ਸੇਕ ਸੀ ਤੇ ਲੋਅ ਹੀ ਲੋਅ-ਉਨ੍ਹਾਂ ਨੇ ਵੇਖਿਆ, ਦੂਰ ਪਰ੍ਹੇ, ਸੂਰਜ ਚਟਾਨਾਂ ਦੇ ਕਲਾਵੇ ਵਿਚੋਂ ਉਭਰ ਰਿਹਾ ਸੀ-- ਤੇ ਸੜਕ ਦੇ ਪਰਲੇ ਪਾਰ ਲਗੇ ਕਮੇਟੀ ਦੇ ਨਲਕੇ ਵਿਚੋਂ ਪਾਣੀ ਹੌਲੀ ਹੌਲੀ ਸਿਮ ਰਿਹਾ ਸੀ--ਉਹ ਆਪਣੀਆਂ ਡੰਗੋਰੀਆ ਚੁਕ ਕੇ ਅਨ੍ਹੇ ਵਾਹ ਸ਼ਹਿਰ ਵਲ ਨਸ ਉਠੇ।


ਪੰਜਾਬੀ ਕਹਾਣੀਆਂ (ਮੁੱਖ ਪੰਨਾ)