Bhul Kisdi (Bangla Story in Punjabi) : Rabindranath Tagore

ਭੁਲ ਕਿਸਦੀ ! (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਸੁੰਦ੍ਰਾ, ਅਮੀਰ ਘਰਾਣੇ ਦੀ ਲਾਡਲੀ ਧੀ ਸੀ। ਉਸ ਦੇ ਪਤੀ ਪਿਆਰੇ ਲਾਲ ਦੀ ਹਾਲਤ ਸ਼ੁਰੂ ਵਿਚ ਕੁਝ ਚੰਗੀ ਨਹੀਂ ਸੀ, ਪਰ ਪਿਛੋਂ ਧਨ ਪੈਦਾ ਕਰ ਕੇ ਉਸਨੇ ਆਪਣੀ ਹਾਲਤ ਚੰਗੀ ਬਨਾ ਲਈ।
ਜਦੋਂ ਤਕ ਹਾਲਤ ਚੰਗੀ ਨਹੀਂ, ਲੜਕੀ ਨੂੰ ਤਕਲੀਫ ਹੋਵੇਗੀ। ਇਹ ਸਮਝ ਕੇ ਉਸਦੇ ਮਾਂ ਪਿਓ ਨੇ ਉਸ ਨੂੰ ਸਾਹੁਰੇ ਨਾ ਜਾਣ ਦਿਤਾ ਇਕ ਪਾਸੇ ਅਮੀਰੀ ਦੂਸਰੇ ਪਾਸੇ ਗਰੀਬੀ, ਜ਼ਮੀਨ ਅਤੇ ਅਸਮਾਨ ਦਾ ਫਰਕ।
ਸੁੰਦ੍ਰਾ ਜਦੋਂ ਸਾਹੁਰੇ ਆਈ ਤਾਂ ਜਵਾਨੀ ਵਿਚ ਪੈਰ ਰੱਖ ਚੁਕੀ ਸੀ ਉਸਦਾ ਅੰਗ ਅੰਗ ਸੁੰਦ੍ਰਤਾ ਵਿਚ ਭਰਪੂਰ ਸੀ, ਗੁਲਾਬ ਦੀਆਂ ਪਤੀਆਂ ਵਰਗੇ ਬੁਲ੍ਹ, ਹਰਨ ਵਰਗੀਆਂ ਜਾਦੂ ਭਰੀਆਂ ਅੱਖਾਂ, ਕੁੰਡਲਾਂ ਵਾਲੇ ਵਾਲ ਵੇਖਕੇ ਕੌਣ ਸੀ ਜੇਹੜਾ ਆਪਣੇ ਦਿਲ ਨੂੰ ਸੰਭਾਲ ਸਕਦਾ ਸ਼ਾਇਦ ਗਰੀਬੀ ਦੇ ਕਾਰਨ ਪਿਆਰੇ ਲਾਲ ਆਪਣੀ ਸੋਹਣੀ ਵਹੁਟੀ ਨੂੰ ਆਪਣੇ ਕਾਬੂ ਵਿਚ ਨਹੀਂ ਸਮਝਦਾ ਸੀ, ਸ਼ਾਇਦ ਇਹੋ ਕਾਰਨ ਸੀ, ਕਿ ਉਸਦਾ ਇਹ ਸੰਦੇਹ ਉਸਦੇ ਸੁਭਾਓ ਵਿਚ ਵੜ ਗਿਆ ਅਤੇ ਉਸਦੀ ਬੇ ਅਤਬਾਰੀ ਦਿਨ-ਬ-ਦਿਨ ਵਧ ਰਹੀ ਸੀ।
ਸੰਦੇਹ ਆਦਮੀ ਨੂੰ ਉਚਿਆਂ ਨਹੀਂ ਹੋਣ ਦੇਂਦਾ। ਪਿਆਰੇ ਲਾਲ ਫਤੇ ਪੁਰ ਵਿਚ ਵਕਾਲਤ ਕਰਦਾ ਸੀ ਟੱਬਰ ਵਿਚ ਵਹੁਟੀ ਤੋਂ ਛੁਟ ਹੋਰ ਕੋਈ ਇਸਤ੍ਰੀ ਨਹੀਂ ਸੀ, ਸਿਰਫ਼ ਪਤਨੀ ਵਾਸਤੇ ਹੀ ਹਰ ਵੇਲੇ ਡੂੰਘੀਆਂ ਸੋਚਾਂ ਵਿਚ ਪਿਆ ਰਹਿੰਦਾ ਸੀ ਕਦੀ ਕਦੀ ਅਚਾਨਕ ਹੀ ਕਚਿਹਰੀ ਦੇ ਵੇਲੇ ਹੀ ਟਾਂਗਾ ਲੈਕੇ ਘਰ ਆ ਜਾਂਦਾ। ਵਕਤ ਤੋਂ ਪਹਿਲਾ ਇਸ ਤਰ੍ਹਾਂ ਇਕ ਦਮ ਪਤੀ ਨੂੰ ਵੇਖਕੇ ਸੁੰਦ੍ਰਾ ਹੈਰਾਨ ਹੋ ਜਾਂਦੀ।
ਕਿਸੇ ਦੇ ਦਿਲੀ ਖਿਆਲ ਨੂੰ ਸਮਝਣ ਲਈ ਕੁਝ ਸਮਾਂ ਚਾਹੀਦਾ ਏ।
ਹੁਣ ਨਿਤ ਨਵੇਂ ਨੌਕਰਾਂ ਦੀ ਅਦਲਾ ਬਦਲੀ ਹੋਣ ਲਗੀ ਕੋਈ ਨੌਕਰ ਵੀ ਇਕ ਦੋ ਮਹੀਨਿਆਂ ਤੋਂ ਵੱਧ ਨਾ ਠੈਹਰ ਸਕਦਾ, ਕੰਮ ਕਾਰ ਦੀ ਵਧੀਕੀ ਯਾ ਚੰਗਿਆਈ ਵੇਖਕੇ ਸੁੰਦ੍ਰਾ ਜਦੋਂ ਕਦੀ ਕਿਸੇ ਦੀ ਸਫਾਰਸ਼ ਕਰਦੀ ਉਹ ਉਸੇ ਦਿਨ ਕਢ ਦਿਤਾ ਜਾਂਦਾ, ਸੁੰਦ੍ਰਾ ਨੂੰ ਜੇਹੜੀ ਗਲ ਬੁਰੀ ਲਗਦੀ, ਪਿਆਰੇ ਲਾਲ ਓਹ ਘੜੀ ਮੁੜੀ ਕਰਦਾ। ਇਸ ਅਜੀਬ ਵਰਤਾਰੇ ਤੋਂ ਸੁੰਦ੍ਰਾ ਤੰਗ ਆ ਗਈ, ਪਰ ਪਤੀ ਦਾ ਖਿਆਲ ਨਾ ਸਮਝ ਸਕੀ। ਅਮੀਰ ਘਰਾਣੇ ਵਿਚ ਪਲੀ ਹੋਈ ਕੁੜੀ ਏਸ ਅਜੀਬ ਵਰਤਾਰੇ ਨੂੰ ਕੀ ਸਮਝ ਸਕਦੀ ਸੀ।
ਐਨੀ ਖਬਰਦਾਰੀ ਦੇ ਹੁੰਦਿਆਂ ਵੀ ਪਿਆਰੇ ਲਾਲ ਆਪਣੇ ਖਿਆਲਾਂ ਦੇ ਹੜ ਨੂੰ ਰੋਕ ਨਾ ਸਕਿਆ, ਅਤੇ ਇਕ ਦਿਨ ਸਵੇਰੇ ਹੀ ਨੌਕਰ ਨੂੰ ਬੁਲਾ ਕੇ ਬਹੁਤ ਉਲਟ ਪੁਲਟ ਪ੍ਰਸ਼ਨ ਕੀਤੇ, ਉਸਦਾ ਸ਼ਕ ਚੰਦ ਵਿਚ ਕਾਲੇ ਦਾਗ ਦੀ ਤਰ੍ਹਾਂ ਚਮਕ ਪਿਆ। ਹੁਣ ਪਤੀ ਦੇ ਸੰਦੇਹ ਦੀ ਗਲ ਛੁਪੀ ਨਾ ਰਹੀ ਅਤੇ ਬੜੀ ਜਲਦੀ ਸੁੰਦ੍ਰਾ ਦੇ ਕੰਨਾਂ ਤਕ ਪਹੁੰਚ ਗਈ।
ਕੋਈ ਗਲ ਵੀ ਬੜੀ ਦੇਰ ਤੱਕ ਲੁਕੀ ਨਹੀਂ ਰਹਿ ਸਕਦੀ। ਚੁਪ ਚਾਪ, ਪਰ ਚਾਲਾਕ ਸੁੰਦ੍ਰਾ ਵੀ ਆਪਣੀ ਇਹ ਬੇਇਜ਼ਤੀ ਨੂੰ ਸਹਾਰ ਨਾ ਸਕੀ, ਉਹ ਜ਼ਖਮੀਂ ਹੋਈ ੨ ਸ਼ੇਰਨੀ ਦੀ ਤਰ੍ਹਾਂ ਅੰਦ੍ਰੋ ਅੰਦ੍ਰ ਤੜਫਦੀ ਰਹੀ, ਹੁਣ ਸ਼ਕ ਨੇ ਦੋਨਾਂ ਦਿਲਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਪਾ ਦਿਤਾ, ਪਹਿਲਾਂ ਇਕ ਦਿਲ ਵਿਚ ਸ਼ਕ ਸੀ, ਪਰ ਹੁਣ ਦੂਜੇ ਵਿਚ ਵੀ ਨਫ੍ਰਤ ਪੈਦਾ ਹੋ ਗਈ।
ਜਦੋਂ ਸੁੰਦ੍ਰਾ ਦੇ ਸਾਹਮਣੇ ਪਿਆਰੇ ਲਾਲ ਦਾ ਸ਼ਕ ਪ੍ਰਗਟ ਹੋ ਗਿਆ ਤਾਂ ਦੁਨੀਆਂ ਦਾਰੀ ਦੀ ਸ਼ਰਮ ਵੀ ਨਾਲ ਹੀ ਉਡ ਗਈ ਉਹ ਹਰ ਗਲ ਵਿਚ ਸ਼ਕ ਜ਼ਾਹਰ ਕਰ ਕੇ ਆਪਣੀ ਭੋਲੀ ਭਾਲੀ ਪਤਨੀ ਨੂੰ ਤੰਗ ਕਰਨ ਲੱਗਾ, ਸੁੰਦ੍ਰਾ ਆਮ ਤੌਰ ਤੇ ਚੁੱਪ ਰਹਿਣ ਵਾਲੀ ਇਸਤ੍ਰੀ ਸੀ, ਪਰ ਇਹ ਦਿਲ ਦੀ ਪੀੜ ਉਸ ਕੋਲੋਂ ਨਾ ਸਹੀ ਗਈ ਅਤੇ ਵੇਲੇ ਕੁਵੇਲੇ ਪਤੀ ਨੂੰ ਕੌੜੀ ਗਲ ਕਹਿ ਕੇ ਸਮਝਾਉਣ ਦੀ ਬੇ-ਫਾਇਦਾ ਕੋਸ਼ਸ਼ ਕਰਨ ਲੱਗੀ, ਪਰ ਇਸ ਤੋਂ ਸ਼ਕ ਹਟਣ ਦੀ ਬਜਾਏ ਵਧਣ ਲੱਗਾ ਇਹ ਇਕ ਕੁਦਰਤੀ ਗੱਲ ਹੈ।
ਇਸ ਤਰ੍ਹਾਂ ਘਰੇਲੂ ਅਰਾਮ ਤੇ ਸੰਤਾਨ ਤੋਂ ਖਾਲੀ ਜੁਆਨ ਇਸਤ੍ਰੀ ਨੇ ਆਪਣਾ ਦਿਲ ਈਸ਼੍ਵਰ ਭਗਤੀ ਵਲ ਲਾ ਦਿਤਾ, ਅਤੇ ਬ੍ਰਹਮਚਾਰੀ ਪ੍ਰਮਾ ਨੰਦ ਦੀ ਚੇਲੀ ਬਣ ਗਈ, ਹੁਣ ਉਸਦੇ ਪ੍ਰੋਗਰਾਮ ਵਿਚ ਵੀ ਅਦਲਾ ਬਦਲੀ ਹੋਣ ਲੱਗੀ ਉਹ ਰੋਜ਼ ਮੰਦਰ ਜਾਣ ਲਗ ਪਈ, ਅਤੇ ਭਾਗਵਤ ਦੀ ਕਥਾ ਸੁਣਕੇ ਆਪਣੇ ਮਨ ਨੂੰ ਸੀਤਲ ਕਰਦੀ। ਨਰਮ ਦਿਲ ਪਿਆਰ ਭਗਤੀ ਦੇ ਰੂਪ ਵਿਚ ਬਦਲ ਕੇ ਆਪਣੇ ਗੁਰੂ ਦੇਵ ਦੇ ਚਰਨਾਂ ਵਿਚ ਲਗ ਗਿਆ।
ਪ੍ਰਮਾਨੰਦ ਸੁਆਮੀ ਦਾ ਜੀਵਨ ਕੀ ਹੈ?
ਇਹ ਦੂਰ ਨੇੜੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਸਨ ਸਾਰੇ ਉਨ੍ਹਾਂ ਨੂੰ ਉਚ ਨਿਗਾਹ ਨਾਲ ਹੀ ਨਹੀਂ ਸਨ ਤਕ ਦੇ ਕਿਉਂਕਿ ਉਨ੍ਹਾਂ ਦੀ ਪੂਜਾ ਵੀ ਕਰਦੇ ਸਨ।
ਪਿਆਰੇ ਲਾਲ ਉਨ੍ਹਾਂ ਦੇ ਬਾਰੇ ਕਿਸੇ ਤਰ੍ਹਾਂ ਦਾ ਬੁਰਾ ਖਿਆਲ ਨਹੀਂਂ ਸੀ ਕਰ ਸਕਦਾ, ਪਰ ਇਹ ਸ਼ਕ ਅੰਦਰੋਂ ਅੰਦਰ ਇਕ ਫੋੜੇ ਦੀ ਸ਼ਕਲ ਬਣ ਰਿਹਾ ਸੀ, ਜਿਸ ਵਿਚੋਂ ਚੀਸਾਂ ਨਿਕਲਦੀਆਂ ਸਨ ਅਤੇ ਉਹ ਤੜਫ ਕੇ ਰਹਿ ਜਾਂਦਾ ਸੀ, ਉਸਦਾ ਅਸਰ ਅੰਦਰੋਂ ਅੰਦਰ ਜਮਾਂ ਹੁੰਦਾ ਰਿਹਾ ਜਦੋਂ ਛੁਪਾਨ ਦੀ ਤਾਕਤ ਨਾ ਰਹੀ ਤਾਂ ਉਹ ਫੁਟ ਪਿਆ ਇਕ ਛੋਟੀ ਜਿਹੀ ਗਲ ਤੇ ਹੀ ਪਿਆਰੇ ਲਾਲ ਨੇ ਜ਼ਹਿਰ ਕੱਢ ਦਿਤੀ, ਅਤੇ ਸੁੰਦ੍ਰਾ ਦੇ ਸਾਹਮਣੇ ਪ੍ਰਮਾ ਨੰਦ ਨੂੰ ਬਦਮਾਸ਼, ਬਗਲਾ ਭਗਤ ਆਦਿਕ ਕਹਿ ਕੇ ਉਸਦੀ ਬੇਇਜ਼ਤੀ ਕੀਤੀ, ਅਤੇ ਫਿਰ ਪੁਛਿਆ, "ਤੂੰ ਪ੍ਰਮਾਤਮਾਂ ਦੀ ਸੌਂਹ ਖਾ ਕੇ ਕਹਿ ਕਿ ਤੈਨੂੰ ਉਸ ਨਾਲ ਇਸ਼ਕ ਨਹੀਂ?"
ਬੇ-ਖਬਰ ਪਿਆਰੇ ਲਾਲ ਨੇ ਨਤੀਜੇ ਤੋਂ ਬੇ-ਸਮਝ ਨਿਸ਼ਾਨਾ ਬਣ ਕੇ ਤੀਰ ਚਲਾ ਦਿਤਾ।
ਸਟ ਖਾਧੀ ਰੋਈ ਸਪਨੀ ਦੀ ਤਰ੍ਹਾਂ ਪਤੀ ਨੂੰ ਸਟ ਪਹੁੰਚਾਣ ਲਈ ਸੁੰਦ੍ਰਾ ਨੇ ਝਟ ਪਟ ਕਹਿ ਦਿਤਾ।
"ਹੈਗਾ ਏ! ਤੁਸੀਂ ਜੋ ਕੁਝ ਕਰ ਸਕਦੇ ਹੋ ਕਰ ਲਓ।" ਸੁੰਦ੍ਰਾ ਦੇ ਬਚਨ ਅਤੇ ਅੱਖਾਂ ਨਫਰਤ ਜ਼ਾਹਰ ਕਰ ਰਹੀਆਂ ਸਨ।
ਪਿਆਰੇ ਲਾਲ ਨੇ ਸੁੰਦ੍ਰਾ ਨੂੰ ਅੰਦਰ ਬੰਦ ਕਰ ਦਿਤਾ ਅਤੇ ਆਪ ਕਚਹਿਰੀ ਚਲਾ ਗਿਆ, ਸਿਆਣਿਆਂ ਦਾ ਕਥਨ ਹੈ, ਕਿ ਗੁੱਸਾ ਆਦਮੀ ਦੀ ਅਕਲ ਨੂੰ ਘਟ ਕਰ ਦੇਂਦਾ ਹੈ, ਸੁੰਦ੍ਰਾ ਦੇ ਗੁਸੇ ਦਾ ਪਿਆਲਾ ਭਰ ਚੁਕਾ ਸੀ ਉਹ ਕਿਸੇ ਤਰ੍ਹਾਂ ਬੂਹਾ ਖੁਲਾ ਕੇ ਘਰੋਂ ਨਿਕਲ ਗਈ।
ਦਿਮਾਗ ਬੁਰਾ ਭਲਾ ਸੋਚਣ ਤੋਂ ਰਹਿ ਚੁੱਕਾ ਸੀ।
ਪਰਮਾਨੰਦ ਏਕਾਂਤ ਵਿਚ ਚੁਪ ਚਾਪ ਦੁਪਹਿਰ ਵੇਲੇ ਸ਼ਾਸ਼ ਦੇ ਪੜਨ ਵਿਚ ਮਸਤ ਸਨ ਬਦਲਾਂ ਤੋਂ ਬਿਨਾਂ ਬਿਜਲੀ ਦੀ ਤਰ੍ਹਾਂ ਸੁੰਦ੍ਰਾ ਉਨ੍ਹਾਂ ਦੇ ਪੈਰਾਂ ਤੇ ਆ ਡਿਗੀ, ਉਨਾਂ ਨੇ ਪੁੱਛਿਆ, “ਕਿਉਂ? ਕੀ ਹੋਇਆ। ਸੁਆਮੀ ਜੀ ਨੇ ਇਕ ਵਾਰੀ ਅੱਖਾਂ ਉਪਰ ਚੁਕੀਆਂ, ਅਤੇ ਫੇਰ ਉਸ ਕਿਤਾਬ ਉਤੇ ਲਾ ਦਿਤੀਆਂ।
"ਹੁਣ ਮੇਰੇ ਕੋਲੋਂ ਇਹ ਬੇ-ਇਜ਼ਤੀ ਨਹੀਂ ਸਹੀ ਜਾਂਦੀ, ਆਪਣੇ ਉਪਦੇਸ਼ ਨਾਲ ਮੈਨੂੰ ਇਸ ਝਗੜੇ ਵਿਚੋਂ ਕਢੋ, ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਨੀ ਚਾਹੁੰਦੀ ਹਾਂ ਸਿਰਫ ਇਹੋ ਇਕ ਖਵਾਸ਼ ਬਾਕੀ ਹੈ, ਦੁਨੀਆਂ ਚੱਲਦੀ ਸ੍ਰਾਂ ਹੈ, ਜੋ ਜਾਨ ਵਾਲੀ ਹੈ, ਉਸਤੋਂ ਫਾਇਦਾ ਹੀ ਕੀ," ਸੁੰਦ੍ਰਾ ਦੀਆਂ ਅੱਖਾਂ ਗਿੱਲੀਆਂ ਸਨ, ਅਤੇ ਅਥਰੂ ਡਿਗ ਕੇ ਸਵਾਮੀ ਦੇ ਪੈਰ ਧੋ ਰਹੇ ਸਨ।
ਬ੍ਰਹਮਚਾਰੀ ਜੀ ਨੇ ਕਹਿ ਸੁਣ ਕੇ ਸੁੰਦ੍ਰਾ ਨੂੰ ਘਰ ਭੇਜ ਦਿਤਾ, ਪਰ ਉਸ ਦਿਨ ਤੋਂ ਉਨ੍ਹਾਂ ਦੇ ਸ਼ਾਸ਼ਤ੍ਰ ਪਾਠ ਦਾ ਟੁੱਟਾ ਹੋਇਆ ਪਦ ਜੁੜ ਨਾ ਸਕਿਆ, ਉਨ੍ਹਾਂ ਦੀ ਖਿਆਲੀ ਦੁਨੀਆ ਵਿਚ ਇਕ ਬਿਜਲੀ ਚਮਕ ਪਈ ਸੀ।
ਪਿਆਰੇ ਲਾਲ ਨੇ ਆ ਕੇ ਬੂਹਾ ਖੁਲ੍ਹਾ ਵੇਖਿਆ ਤਾਂ ਹੈਰਾਨ ਹੋ ਗਿਆ, ਫੇਰ ਕੜਕ ਕੇ ਬੋਲਿਆ, "ਇਥੇ ਕੌਣ ਆਇਆ ਸੀ।" ਗੁੱਸੇ ਦੇ ਕਾਰਨ ਉਸਦਾ ਹਰ ਇਕ ਅੰਗ ਕੰਬ ਰਿਹਾ ਸੀ। 
“ਕੋਈ ਨਹੀਂ, ਪਰ ਮੈਂ ਆਪ ਹੀ ਸੁਆਮੀ ਜੀ ਦੇ ਕੋਲ ਗਈ ਸਾਂ।" ਸੁੰਦ੍ਰਾ ਦੇ ਖਿਆਲ ਬਾਗੀ ਸਨ।
ਪਿਆਰੇ ਲਾਲ ਤੇ ਜਿਸ ਤਰ੍ਹਾਂ ਪਹਾੜ ਟੁਟ ਪਿਆ ਹੋਵੇ, ਪਹਿਲਾਂ ਇਸਦਾ ਮੂੰਹ ਕਚ ਦੀ ਤਰ੍ਹਾਂ ਚਿੱਟਾ ਹੋਗਿਆ ਫੇਰ ਝਟ ਪਟ ਲਾਲ ਹੋ ਗਿਆ, ਉਸ ਨੇ ਪੁਛਿਆ, “ਕਿਉਂ ਗਈ ਸੀ।" ਜਿਸ ਤਰ੍ਹਾਂ ਗੁੱਸਾ ਡਰ ਵਿਚ ਬਦਲ ਗਿਆ ਸੀ ਉਸੇ ਤਰ੍ਹਾਂ ਵਧ ਗਿਆ।
“ਮੇਰੀ ਮਰਜ਼ੀ" ਸੁੰਦ੍ਰਾ ਦੀ ਹਰ ਗਲ ਵਿਚੋਂ ਬਾਗੀ ਹੋਣਾ ਮਹਿਸੂਸ ਹੁੰਦਾ ਸੀ, ਜ਼ਨਾਨੀ ਜਦੋਂ ਮੁਕਾਬਲੇ ਤੇ ਆਵੇ ਤਾਂ ਜ਼ੋਰਾਵਰ ਮਰਦ ਨੂੰ ਹਰਾ ਸਕਦੀ ਹੈ, ਜ਼ਨਾਨੀ ਦੇ ਸੁਭਾਓ ਨੂੰ ਸਮਝਨਾ ਆਦਮੀ ਦੀ ਅਕਲ ਤੋਂ ਬਾਹਰ ਹੈ।
ਉਸ ਦਿਨ ਤੋਂ ਬੂਹੇ ਤੇ ਪਹਿਰਾ ਲਗ ਗਿਆ ਨਤੀਜਾ ਇਹ ਹੋਇਆ ਕਿ ਸਾਰੇ ਸ਼ਹਿਰ ਵਿਚ ਇਸ ਜ਼ੁਲਮ ਦੀ ਚਰਚਾ ਹੋਣ ਲਗੀ ਪਿਆਰੇ ਲਾਲ ਬਦਨਾਮ ਹੋ ਗਿਆ, ਪਰ ਓਸਨੇ ਇਸ ਗਲ ਦੀ ਕੋਈ ਪ੍ਰਵਾਹ ਨਾ ਕੀਤੀ।
ਇਸ ਬਦਨਾਮੀ ਅਤੇ ਜੁਲਮ ਦੀ ਖਬਰ ਸੁਣਕੇ ਸਵਾਮੀ ਜੀ ਦਾ ਧਰਮ ਉਪਦੇਸ ਸਥਿਰ ਨਾ ਰਿਹਾ ਉਨਾਂ ਨੇ ਇਸ ਸ਼ਹਿਰ ਨੂੰ ਛਡਣਾ ਹੀ ਠੀਕ ਸਮਝਿਆ ਪਰ ਬੇ-ਇਜ਼ਤ ਅਤੇ ਜ਼ੁਲਮ ਸਹਾਰਨ ਵਾਲੇ ਭਗਤ ਨੂੰ ਛੱਡਕੇ ਓਥੋਂ ਨਾ ਜਾ ਸਕੇ, ਸਵਾਮੀ ਜੀ ਦੀ ਇਨ੍ਹਾਂ ਦਿਨਾਂ ਦੀ ਹਾਲਤ ਪ੍ਰਮਾਤਮਾਂ ਹੀ ਜਾਨਦਾ ਹੈ ਯਾ ਪਾਠਕ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਆਖਰ ਇਸੇ ਕੈਦ ਵਿਚ ਸੁੰਦ੍ਰਾ ਨੂੰ ਸਵਾਮੀ ਜੀ ਦਾ ਖਤ ਮਿਲਿਆ ਜਿਸ ਵਿਚ ਹੇਠ ਲਿਖੀਆਂ ਸਤਰਾਂ ਸਨ।

ਸੁੰਦ੍ਰਾ!
ਮੈਂ ਪਿਛੇ ਨਜ਼ਰ ਮਾਰਕੇ ਵੇਖਿਆ ਹੈ ਕਿ ਇਸ ਤੋਂ ਪਹਿਲਾਂ ਕਈ ਭਗਤ ਜਨਾਨੀਆਂ ਸ਼੍ਰੀ ਕ੍ਰਿਸ਼ਨ ਪ੍ਰੇਮ ਵਿਚ ਘਰ ਬਾਰ ਛੱਡ ਕੇ ਚਲੀਆਂ ਗਈਆਂ ਹਨ, ਜੋ ਦੁਨੀਆਂ ਦੇ ਜ਼ੁਲਮ ਨਾਲ ਈਸ਼੍ਵਰ ਭਗਤੀ ਵਿਚ ਕੁਝ ਗੜ ਬੜ ਪੈਂਦੀ ਹੋਵੇ, ਖਿਆਲ ਖਿਲਰੇ ਰਹਿੰਦੇ ਹੋ। ਦਿਲ ਨਾਂ ਲਗਦਾ ਹੋਵੇ, ਤਾਂ ਮੈਂ ਪ੍ਰਮਾਤਮਾਂ ਦੀ ਕ੍ਰਿਪਾ ਨਾਲ ਉਨ੍ਹਾਂ ਦੀ ਦਾਸੀ ਨੂੰ ਉਨ੍ਹਾਂ ਦੇ ਚਰਨ ਕਮਲਾਂ ਵਿਚ ਪਹੁੰਚਾਨ ਦੀ ਕੋਸ਼ਸ਼ ਕਰਾਂਗਾ ।
ਫਗਣ ਵਦੀ ਪੰਚਮੀ ਨੂੰ, ਬੁਧਵਾਰ, ਤੀਸਰੇ ਪਹਿਰ ਤਿੰਨ ਵਜੇ ਜੇ ਜੀ ਕਰੇ, ਤਾਂ ਬਾਬੂ ਦੇ ਮੰਦ੍ਰ ਦੇ ਪਿਛੇ ਮੈਨੂੰ ਮਿਲ ਸਕਦੀ ਹੈ।
“ਪ੍ਰਮਾਨੰਦ”

ਸੁੰਦ੍ਰਾ ਨੇ ਇਸ ਖਤ ਨੂੰ ਲਪੇਟ ਕੇ ਜੂੜੇ ਵਿਚ ਟੰਗ ਲਿਆ, ਫ਼ਗਨ ਵਧੀ ਪੰਜਮੀਂ ਦੇ ਦਿਨ ਨਾਹੁਣ ਵੇਲੇ ਗੁਤ ਖੋਲੀ ਤਾਂ ਸੁੰਦ੍ਰਾ ਨੇ ਦੇਖਿਆ ਕਿ ਖਤ ਨਹੀਂ ਹੈਗਾ, ਇਕ ਦਮ ਚੇਤਾ ਆਇਆ, ਕਿ ਸ਼ਾਇਦ ਕਿਸੇ ਵੇਲੇ ਜੂੜਾ ਢਿੱਲਾ ਹੋਂਦੇ ਤੇ ਖਤ ਪਲੰਘ ਤੇ ਡਿਗ ਪਿਆ ਹੋਵੇ ਫੇਰ ਉਨ੍ਹਾਂ ਨੇ ਚੁਕ ਲਿਆ ਹੋਵੇ, ਅਤੇ ਹੁਣ ਉਸਨੂੰ ਪੜ ਕੇ ਦਿਲ ਵਿਚ ਸੜਦੇ ਹੋਣਗੇ, ਇਹ ਸੋਚ ਕੇ ਸੁੰਦ੍ਰਾ ਨੂੰ ਇਕ ਤਰ੍ਹਾਂ ਦੀ ਖਾਸ ਖੁਸ਼ੀ ਮਿਲੀ, ਪਰ ਨਾਲ ਹੀ ਇਸ ਗਲ ਦਾ ਅਫਸੋਸ ਹੋਇਆ ਕਿ ਜਿਸ ਖਤ ਨੂੰ ਮੈਂ ਸਿਰ ਤੇ ਜਗ੍ਹਾ ਦਿਤੀ ਸੀ, ਉਹ ਹੀ ਅਜ ਬੇ-ਇਜ਼ਤ ਹੋ ਰਿਹਾ ਹੈ ਉਹ ਉਸੇ ਵੇਲੇ ਆਪਣੇ ਪਤੀ ਦੇ ਕਮਰੇ ਵਿਚ ਗਈ ।
ਦੇਖਿਆ ਤਾਂ ਪਿਆਰੇ ਲਾਲ ਜ਼ਮੀਨ ਤੇ ਪਿਆ ਹੋਇਆ ਹੈ, ਮੂੰਹ ਵਿਚੋਂ ਝੱਗ ਨਿਕਲ ਰਹੀ ਸੀ, ਅੱਖਾਂ ਦੀਆਂ ਪੁਤਲੀਆਂ ਉਪਰ ਚੜ੍ਹ ਗਈਆਂ ਸਨ, ਮੌਤ ਦੇ ਸਾਰੇ ਨਿਸ਼ਾਨ ਦਿਸਦੇ ਸਨ, ਸਜੇ ਹਥ ਦੀ ਮੁੱਠ ਵਿਚੋਂ ਚਿੱਠੀ ਖੋਹ ਕੇ ਸੁੰਦ੍ਰਾ ਨੇ ਡਾਕਟਰ ਨੂੰ ਬੁਲਾਇਆ, ਡਾਕਟਰ ਨੇ ਵੇਖ ਕੇ ਕਿਹਾ ।
"ਅਫਸੋਸ", ਪਿਆਰੇ ਲਾਲ ਦੂਸਰੀ ਦੁਨੀਆਂ ਵਿਚ ਪਹੁੰਚ ਚੁਕਾ ਸੀ, ਮੌਤ ਅਗੇ ਕਿਸੇ ਦੀ ਪੇਸ਼ ਨਹੀਂ ਜਾਂਦੀ।
ਇਸੇ ਦਿਨ ਪਿਆਰੇ ਲਾਲ ਨੇ ਇਕ ਜ਼ਰੂਰੀ ਮੁਕਦਮੇ ਦੀ ਪੈਰਵੀ ਤੇ ਸ਼ਹਿਰੋਂ ਬਾਹਰ ਜਾਣਾ ਸੀ, ਸੁੰਦ੍ਰਾ ਦੀ ਖਿਚਵੀਂ ਸੂਰਤ ਸਵਾਮੀ ਪ੍ਰਮਾ ਨੰਦ ਦੇ ਦਿਲ ਵਿਚ ਉਸ ਦੁਪਹਿਰ ਤੋਂ ਵਸ ਚੁਕੀ ਸੀ, ਹੁਣ ਸੁੰਦ੍ਰਾ ਨੂੰ ਉਡਾਣ ਦੀ ਸਲਾਹ ਵਿਚ ਦੁਪਹਿਰ ਖਤਮ ਹੁੰਦੀ ਹੁੰਦੀ ਸੀ, ਪਿਆਰੇ ਲਾਲ ਦੇ ਬਾਹਰ ਜਾਣ ਦੀ ਖਬਰ ਸੁਣਦਿਆਂ ਹੀ ਸੁੰਦ੍ਰਾ ਨੂੰ ਉਨ੍ਹਾਂ ਨੇ ਖਤ ਲਿਖਿਆ ਸੀ, “ਕਿ ਮੰਦਰ ਦੇ ਪਿਛੇ ਮਿਲ।
ਬੇਵਾ ਸੁੰਦ੍ਰਾ ਨੇ ਜਦੋਂ ਬਾਰੀ ਵਿਚੋਂ ਵੇਖਿਆ ਤਾਂ ਗੁਰੂ ਜੀ ਨੂੰ ਚੋਰਾਂ ਦੀ ਤਰ੍ਹਾਂ ਮੰਦਰ ਦੇ ਪਿਛੇ ਖੜੇ ਹਨ ਉਹ ਤਬਕ ਪਈ, ਜਿਸ ਤਰ੍ਹਾਂ ਪੈਰਾਂ ਥਲੇ ਸੱਪ ਆ ਗਿਆ ਹੋਵੇ, ਫੇਰ ਨਜ਼ਰ ਨੀਵੀਂ ਪਾ ਲਈ।
"ਗੁਰੂ ਜੀ! ਕਿੰਨੇ ਗਿਰ ਗਏ ਨੇ? ਇਹ ਗਲ ਬਿਜਲੀ ਦੀ ਰੌਸ਼ਨੀ ਦੀ ਤਰ੍ਹਾਂ ਉਸਦੇ ਦਿਮਾਗ ਵਿਚ ਅਸਰ ਕਰ ਗਈ, ਹੁਣ ਸਾਰੀਆਂ ਗੱਲਾਂ ਉਹ ਸਮਝ ਗਈ।"
ਪਿਆਰੇ ਲਾਲ ਦੀ ਮੌਤ ਦੀ ਖਬਰ ਸੁਨ ਕੇ ਲੋਕ ਉਨ੍ਹਾਂ ਦੇ ਘਰ ਪਹੁੰਚੇ, ਉਨਾਂ ਨੇ ਦੇਖਿਆ ਪਤੀ ਦੀ ਲਾਸ਼ ਦੇ ਨਾਲ ਸੁੰਦ੍ਰਾ ਦੀ ਲਾਸ਼ ਵੀ ਪਈ ਹੈ, ਜਿਸ ਤਰਾਂ ਉਹ ਡਰਾਉਣੀ ਭੁਲ ਦੇ ਪਿਛੋਂ ਮਿਲ ਕੇ ਹਮੇਸ਼ਾਂ ਲਈ ਇਕ ਹੋ ਗਏ ਹਨ।
ਇਸ ਸਤੀ ਦੀ ਅਜੀਬ ਮੌਤ ਦਾ ਹਾਲ ਅਖਬਾਰਾਂ ਵਿਚ ਮਜ਼ਮੂਨ ਬਣ ਕੇ ਮਹੀਨਿਆਂ ਬੱਦੀ ਨਿਕਲ ਦਾ ਰਿਹਾ।
ਔਰਤ!--ਦੀ ਇਜ਼ਤ ਤੇ ਆਬਰੂ ਹੀ ਓਸ ਦੀ ਚਮਕ ਰਹੀ ਹੈ।

(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ