Biography Bhai Ghanaia Ji : Harpreet Singh
ਜੀਵਨ ਬ੍ਰਿਤਾਂਤ ਭਾਈ ਘਨੱਈਆ ਜੀ : ਹਰਪ੍ਰੀਤ ਸਿੰਘ
ਜੀਵਨ ਬ੍ਰਿਤਾਂਤ ਭਾਈ ਘਨੱਈਆ ਜੀ (ਸੇਵਾਪੰਥੀ ਸੰਪ੍ਰਦਾ ਦੇ ਮੋਢੀ)
ਸੰਸਾਰ ਭਰ ਦੇ ਵੱਖੋ-ਵੱਖ ਮਤਾਂ-ਮਤਾਂਤਰਾਂ, ਧਰਮਾਂ ਵਿੱਚ ਨਿਸ਼ਕਾਮ ਭਾਵਨਾ ਵਾਲੇ ਪਿਆਰੇ ਵਿਰਲੇ ਹੀ ਹੁੰਦੇ ਹਨ ਜਿਹੜੇ ਹਰ ਸਮੇਂ ਬਿਨਾਂ ਕਿਸੇ ਰੰਗ, ਨਸਲ, ਭਿੰਨ, ਭੇਦ ਦੇ ਨਿਸ਼ਕਾਮ ਭਾਵਨਾ ਨਾਲ ਲੋਕ ਭਲਾਈ ਕਾਰਜਾਂ ਲਈ ਤਤੱਪਰ ਰਹਿੰਦੇ ਹਨ। ਇਤਿਹਾਸ ਦੇ ਪੰਨਿਆ ਨੂੰ ਵਾਚਣ ਤੇ ਪਤਾ ਚਲਦਾ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਨਿਰਮਲ ਪੰਥ ਨੂੰ ਮੰਨਣ ਵਾਲੇ ਸਿੱਖ ਧਰਮ ਵਿੱਚ ਅਜਿਹੇ ਅਨੇਕਾਂ ਹੀ ਗੁਰੂ ਕੇ ਪਿਆਰੇ ਸਿੱਖਾਂ ਦਾ ਨਾਮ ਸੰਸਾਰ ਭਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ, ਜਿਨ੍ਹਾਂ ਦੇ ਜੀਵਨ ਤੋਂ ਪ੍ਰੇਰਣਾਂ ਲੈਂਕੇ ਮਨੁੱਖ ਅੱਜ ਵੀ ਸਰਬੱਤ ਦੇ ਭਲੇ ਲਈ ਸੇਵਾ ਕਰਨਾ ਅਪਣੇ ਜੀਵਨ ਦਾ ਮਨੋਰਥ ਸਮਝਦੇ ਹਨ। ਗੁਰਬਾਣੀ ਆਸ਼ੇ ਮੁਤਾਬਿਕ ਜੇਕਰ ਮਨੁੱਖ ਕੋਈ ਅਜਿਹਾ ਕੰਮ ਕਰੇ ਜਿਸ ਵਿੱਚ ਉਸਨੂੰ ਕੋਈ ਲੋਭ, ਲਾਲਚ, ਸਵਾਰਥ, ਆਸ ਨਾਂ ਹੋਵੇ ਉਹ ਕੀਤਾ ਹੋਇਆ ਕਾਰਜ, ਸੇਵਾ ਕਹਾਉਂਦੀ ਹੈ ਅਤੇ ਅਜਿਹਾ ਮਨੁੱਖ ਉਸ ਸਿਰਜਣਹਾਰੇ ਪ੍ਰਭੂ ਦੀ ਮਿਹਰ ਦਾ ਪਾਤਰ ਬਣਦਾ ਹੈ। ਗੁਰਬਾਣੀ ਫੁਰਮਾਨ ਹੈ :
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
ਸਿੱਖ ਕੋਮ ਵਿੱਚ ਅਜਿਹੇ ਅਨੇਕਾਂ ਹੀ ਗੁਰੂ ਕੇ ਸਿੱਖ ਹੋਇ ਹਨ ਜਿਨ੍ਹਾਂ ਨੇ ਬਾਬੇ ਨਾਨਕ ਦੀ ਬਾਣੀ 'ਪਹਿਲਾਂ ਮਰਣੁ ਕਬੂਲ ਜੀਵਨ ਕੀ ਛਡਿ ਆਸ॥ ਹੋਹੁ ਸਭਨਾਂ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ' ਦੇ ਸਿਧਾਂਤ ਨੂੰ ਸਮਝਿਆ, ਆਪਣੇ ਜੀਵਨ ਵਿੱਚ ਢਾਲਿਆ ਤੇ ਹੋਰਣਾਂ ਜਗਿਆਸੂਆਂ ਲਈ ਪ੍ਰੇਰਣਾਂ ਸ੍ਰੋਤ ਬਣੇ।
ਅਜਿਹੇ ਹੀ ਤਿਆਗ ਦੀ ਮੂਰਤ ਨੋਵੇਂ ਪਾਤਸ਼ਾਹ ਹਿੰਦ (ਧਰਮ) ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦੇ ਸੇਵਕ ਭਾਈ ਘਨੱਈਆ ਜੀ ਸਨ। ਜਿਨ੍ਹਾਂ ਦੇ ਜੋਤੀ ਜੋਤ ਦਿਹਾੜੇ ਦੀ ਤੀਜੀ ਸ਼ਤਾਬਦੀ ਸਤੰਬਰ ੨੦੧੮ ਵਿੱਚ ਸਮੁੱਚਾ ਸੰਸਾਰ ਮਨਾ ਰਿਹਾ ਹੈ।ਦਸਵੇਂ ਪਾਤਸ਼ਾਹ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸਿੱਖ ਭਾਈ ਘਨੱਈਆ ਜੀ (ਜਿਨ੍ਹਾਂ ਨੂੰ ਸੇਵਾਪੰਥੀ ਸੰਪ੍ਰਦਾ ਦੇ ਮੋਢੀ ਵੀ ਕਿਹਾ ਜਾਂਦਾ ਹੈ) ਨੇ ਗੁਰਬਾਣੀ ਵਾਕ
'ਨਾ ਕੋ ਬੈਰੀ ਨਾਹੀ ਬਿਗਾਨਾ ਸਗਲ ਸੰਗਿ ਹਮ ਕੋ ਬਨਿ ਆਈ'
ਸਭੈ ਘਟਿ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ'
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ'
ਦੇ ਸਿਧਾਂਤਾਂ ਨੂੰ ਸਮਝਿਆ ਹੀ ਨਹੀ ਸਗੋਂ ਅਮਲ ਵਿੱਚ ਲਿਆਂਦੇ ਹੋਇ ਜੀਵਨ ਦਾ ਮਨੋਰਥ ਬਨਾ ਕੇ ਬਿਨਾਂ ਕਿਸੇ ਨਸਲ, ਭੇਦ, ਉਚ, ਨੀਚ, ਅਮੀਰ, ਗਰੀਬ ਦੇ ਵਿਤਕਰੇ ਤੋਂ ਸੇਵਾ ਕੀਤੀ।
ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਭਾਈ ਘਨੱਈਆ ਜੀ ਦਾ ਜਨਮ ਪਿੰਡ ਸੋਧਰੇ (ਵਜੀਰਾਬਾਦ) ਵਿੱਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ, ਪਿਤਾ ਭਾਈ ਨੱਥੂ ਰਾਮ ਖਤੱਰੀ ਦੇ ਘਰ ਸੰਨ ੧੬੪੮ (ਸੰਮਤ ੧੭੦੫) ਵਿੱਚ ਹੋਇਆ। ਦਰਿਆਂ ਚਨਾਬ ਕਿਨਾਰੇ ਵਜੀਰਾਬਾਦ ਤੋਂ ੫ ਮੀਲ ਦੀ ਵਿੱਥ ਤੇ ਪਿੰਡ ਸੋਦਰਾ ਪੈਂਦਾ ਹੈ। ਇਸ ਪਿੰਡ ਦੇ ੧੦੦ ਦਰਵਾਜੇ (ਰਸਤੇ) ਹੋਣ ਕਾਰਨ ਇਸ ਦਾ ਨਾਮ ਸੌ ਦਰਾ ਪਿਆਂ ਜੋਕਿ ਬਾਅਦ ਵਿੱਚ ਸੋਧਰਾ ਨਾਮ ਨਾਲ ਪ੍ਰਚਲਿਤ ਹੋਇਆਂ।
ਆਪ ਜੀ ਦੇ ਪਿਤਾ ਭਾਈ ਨੱਥੂ ਰਾਮ ਜੀ ਜਰਨੈਲ ਅਮੀਰ ਸਿੰਘ ਮੁਸਾਹਿਬ ਦੇ ਦੀਵਾਨ (ਮੈਨੇਜਰ) ਸਨ ਅਤੇ ਵੱਡੇ ਸੋਦਾਗਰ ਵੀ ਸਨ ਅਤੇ ਸ਼ਾਹੀ ਫੋਜਾਂ ਨੂੰ ਰਸਦ ਪਾਣੀ ਪਹੁਚਾਉਣ ਦਾ ਕੰਮ ਵੀ ਕਰਦੇ ਸਨ। ਆਮ ਜਨਤਾ ਨਾਲ ਵੀ ਆਪ ਜੀ ਦੇ ਪਿਤਾ ਡੁੰਘਾ ਪਿਆਰ ਰਖੱਦੇ ਸੀ ਤੇ ਜਨਤਾ ਨੂੰ ਤਨ, ਮਨ ਅਤੇ ਧਨ ਨਾਲ ਸੁੱਖੀ ਰਖੱਦੇ ਸੀ। ਅਜਿਹਾ ਕੁੱਝ ਦੁਜਿਆ ਦੀ ਸੇਵਾ ਕਰਨ ਅਤੇ ਖਲਕਤ ਨਾਲ ਪਿਆਰ ਕਰਨਾ ਭਾਈ ਘਨਈਆਂ ਜੀ ਨੂੰ ਬਚਪਨ ਤੋ ਹੀ ਵਿਰਾਸਤ ਵਿੱਚ ਮਿਲਿਆ ਸੀ। ਭਾਈ ਘਨੱਈਆ ਜੀ ਦੇ ਜਨਮ ਤੋਂ ਪਹਿਲਾ ਜਦੋਂ ਭਾਈ ਨੱਥੂ ਰਾਮ ਜੀ ਦੀ ਸਾਧੂ ਸੰਤਾ, ਗੁਰਮੁੱਖ ਜਨਾਂ, ਮਹਾਪੁਰਸ਼ਾਂ ਦੀ ਸੇਵਾ ਕਰਦੇ ਸਨ ਤਾਂ ਘਰ ਵਿੱਚ ਅੋਲਾਦ ਨਾ ਹੋਣ ਕਰਕੇ ਉਦਾਸ ਰਹਿੰਦੇ ਸੀ, ਉਨ੍ਹਾਂ ਦੀ ਸੁਪਤਨੀ ਮਾਤਾ ਸੂੰਦਰੀ ਜੀ, ਭਾਈ ਨੱਥੂ ਰਾਮ ਜੀ ਨੂੰ ਦਿਲਾਸਾ ਦੇਂਦੀ ਸੀ ਕਿ ਪਰਮਾਤਮਾ ਸਾਡੀ ਵੀ ਪੁਕਾਰ ਜਰੂਰ ਸੁਣੇਗਾ ਤੇ ਸਾਡੀ ਗੋਦ ਵੀ ਭਰੇਗਾ। ਇਸ ਤਰਾਂ ਦੋਵੇਂ ਜੀਅ ਗੁਰਮੁੱਖ ਜਨਾਂ ਅਤੇ ਸੰਤਾ ਮਹਾਤਮਾਵਾਂ ਦੀ ਸੇਵਾ ਨੂੰ ਅਪਣਾ ਧੰਨ ਭਾਗ ਸਮਝਦੇ ਸੀ। ਇਸ ਤਰਾਂ ਜਦੋਂ ਇੱਕ ਵਾਰ ਸੋਧਰੇ ਵਿੱਖੇ ਭਜਨੀਕ ਸਾਧੂਆਂ ਦੀ ਮੰਡਲੀ ਪੁੱਜੀ ਤਾਂ ਭਾਈ ਨੱਥੂ ਰਾਮ ਦੀ ਬੇਨਤੀ ਤੇ ਸਾਧੂ ਜਨ ਭਾਈ ਸਾਹਿਬ ਜੀ ਦੇ ਘਰ ਲੰਗਰ ਪ੍ਰਸ਼ਾਦਾ ਛਕਣ ਲਈ ਆਏ ਤਾਂ ਭਾਈ ਨੱਥੂ ਰਾਮ ਜੀ ਤੋਂ ਉਸ ਦੀ ਉਦਾਸੀ ਦਾ ਕਾਰਣ ਪੁਛਿੱਆ। ਮਾਤਾ ਸੂੰਦਰੀ ਜੀ ਨੇ ਘਰ ਵਿੱਚ ਕੋਈ ਰੋਣਕ (ਭਾਵ ਅੋਲਾਦ) ਨਾ ਹੋਣ ਦੀ ਗਲ ਕਹੀ ਤਾਂ ਸਾਧੂ ਜਨਾਂ ਨੇ ਕਿਹਾ ਕਿ ਆਪ ਜੀ ਦੀ ਪ੍ਰੇਮਾਭਾਵ ਨਾਲ ਕੀਤੀ ਗਈ ਸੇਵਾ ਤੇ ਪਰਮਾਤਮਾ ਜਰੂਰ ਪ੍ਰਸਨ ਹੋਣਗੇ ਅਤੇ ਆਪ ਜੀ ਦੇ ਘਰ ਜਿਹੜਾ ਬਾਲਕ ਜਨਮ ਲਵੇਗਾ ਉਹ ਪ੍ਰਭੂ ਦੀ ਭਜਨ ਬੰਦਗੀ ਕਰਣ ਵਾਲਾ ਅਤੇ ਪ੍ਰਭੂ ਦੀ ਖਲਕਤ ਭਾਵ ਸੰਸਾਰੀ ਜੀਵਾਂ ਦੀ ਹੱਥੀ ਸੇਵਾ ਕਰਣ ਵਾਲਾ ਮਹਾਪੁਰਖ ਹੋਵੇਗਾ। ਇਸ ਤਰਾਂ ਭਾਈ ਨੱਥੂ ਰਾਮ ਜੀ ਦੇ ਘਰ ਕੁੱਝ ਸਮੇਂ ਬਾਅਦ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਘਨੱਈਆਂ ਰਖਿੱਆ ਗਿਆ।
ਭਾਈ ਘਨੱਈਆ ਜੀ ਬਚਪਨ ਤੋਂ ਹੀ ਸਤਸੰਗ ਵਿੱਚ ਜਾਕੇ ਕਥਾ ਕੀਰਤਨ ਸੁਨਣ, ਸਾਧੂ ਸੰਤਾ ਦੀ ਸੇਵਾ ਕਰਨ, ਮਹਾਪੁਰਸ਼ਾਂ ਦੀ ਮੁੱਠੀ ਚਾਪੀ ਕਰਣੀ ਅਤੇ ਲੰਗਰ ਛਕਾਉਣ ਦੀ ਸੇਵਾ ਕਰਨ ਲੱਗ ਪਏ ਸੀ। ਆਪ ਜੀ ਬਾਲ ਅਵਸਥਾ ਵਿੱਚ ਹੀ ਆਪਣੀਆਂ ਜੇਬਾਂ ਨੂੰ ਕੋਡੀਆਂ (ਪਹਿਲਾਂ ਛੋਟੇ ਪੈਸਿਆਂ ਨੂੰ ਕੋਡੀ ਕਿਹਾ ਜਾਂਦਾ ਸੀ), ਪੈਸਿਆਂ, ਰੁਪਇਆਂ ਨਾਲ ਭਰ ਲੈਂਦੇ ਅਤੇ ਲੋੜਵੰਦਾਂ ਵਿੱਚ ਵਰਤਾ ਦਿੰਦੇ। ਉਸ ਸਮੇਂ ਬਾਦਸ਼ਾਹੀ ਲੋਕ ਮਜ਼ਲੂਮ ਲੋਕਾਂ ਨੂੰ ਬਿਗਾਰੀ ਬਣਾ ਕੇ ਕੰਮ ਲੈਂਦੇ ਸੀ ਅਤੇ ਕਈ ਵਾਰ ਬੇਗਾਰੀਆਂ ਨੂੰ ਕੁਝ ਖਾਣ-ਪੀਣ ਨੂੰ ਵੀ ਨਹੀਂ ਸੀ ਦਿੰਦੇ ਅਤੇ ਕੁੱਝ ਮੰਗਣ ਤੇ ਉਹਨਾਂ ਨਾਲ ਮਾਰ-ਕੁੱਟ ਵੀ ਕਰਦੇ ਸੀ। ਅਜਿਹੀ ਹਾਲਤ ਵੇਖ ਕੇ ਭਾਈ ਘਨੱਈਆ ਜੀ ਤੜਫਦੇ ਸਨ ਅਤੇ ਆਪ ਉਨ੍ਹਾਂ ਰਸਤਿਆਂ ਤੇ ਖਲੋ ਕੇ ਬੇਗਾਰੀਆਂ ਦਾ ਭਾਰ ਆਪ ਚੁੱਕ ਲੈਂਦੇ ਸਨ ਅਤੇ ਕਈਂ-ਕਈਂ ਮੀਲ ਛੱਡ ਆਉਂਦੇ ਅਤੇ ਲੋੜ ਅਨੁਸਾਰ ਪੈਸੇ-ਧੈਲੇ ਦੀ ਮਦਦ ਵੀ ਕਰਦੇ ਸੀ। (ਭਾਈ ਘਨੱਈਆ ਜੀ ਦੀ ਅਜੇਹੀ ਸੇਵਾ ਵੇਖ ਜਰੂਰਤਮੰਦ ਆਪ ਖੁਦ ਹੀ ਉਹਨਾਂ ਰਾਹਾਂ ਤੇ ਆ ਖਲੋਂਦੇ ਸਨ, ਜਿਸ ਰਾਹਾਂ ਤੋਂ ਭਾਈ ਘਨੱਈਆ ਜੀ ਨੇ ਲੰਘਣਾ ਹੁੰਦਾ ਸੀ) ਜਦੋਂ ਮਾਤਾ-ਪਿਤਾ ਨੇ ਸਮਝਾਉਣਾ ਕਿ "ਬੇਟਾ, ਇਸ ਤਰਾਂ ਕਰਨ ਨਾਲ ਸਾਡੀ ਬਦਨਾਮੀ ਹੁੰਦੀ ਹੈ, ਤੈਨੂੰ ਇਸ ਤਰਾਂ ਬੇਗਾਰੀਆਂ ਦਾ ਭਾਰ ਚੁੱਕ ਕੇ ਨਹੀ ਫਿਰਨਾ ਚਾਹੀਦਾ" ਤਾਂ ਭਾਈ ਘਨੱਈਆ ਜੀ ਨੇ ਬੜੇ ਹੀ ਗੰਭੀਰ, ਸਹਿਜ ਤੇ ਠਰ੍ਹਮੇ ਨਾਲ ਕਹਿਣਾ ਕਿ "ਮਾਂ, ਘਰਾਂ ਵਿੱਚ ਕਈ ਸਿਆਣੇ ਅਤੇ ਕਈ ਬਾਵਰੇ ਪੁਤੱਰ ਵੀ ਹੁੰਦੇ ਹਨ, ਤੁਸੀ ਮੈਨੂੰ ਆਪਣਾ ਬਾਵਰਾ ਪੁਤੱਰ ਹੀ ਸਮਝ ਲਵੋ। ਇਸ ਤਰਾਂ ਭਾਈ ਘਨੱਈਆ ਜੀ ਦੇ ਇਸ ਮੰਤਵ ਤੋਂ ਉਹਨਾਂ ਨੂੰ ਕੋਈ ਡੁਲਾ ਨਾ ਸਕਿਆ। ਦਿਨੋਂ ਦਿਨ ਭਾਈ ਘਨੱਈਆ ਜੀ ਦੇ ਮਨ ਵਿੱਚ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਭਾਵਨਾ ਪ੍ਰਬਲ ਹੁੰਦੀ ਗਈ ਅਤੇ ਅਧਿਆਤਮਕ ਸ਼ਾਂਤੀ ਦੀ ਭਾਲ ਵਿੱਚ ਸਾਧੂ ਸੰਤਾਂ ਨਾਲ ਮਿਲਾਪ ਕਰੀ ਰਖਣਾਂ ਪਰ ਅਜੇ ਮਨ ਦੀ ਵੇਦਨਾ ਵਧੱਦੀ ਚਲੀ ਗਈ। ਮਹਾਪੁਰਸ਼ਾਂ ਦੀ ਸੰਗਤ ਅਤੇ ਸਾਧੂ ਜਨਾਂ ਦੀ ਸੇਵਾ ਕਰਕੇ ਆਪ ਜੀ ਦਾ ਮਨ ਦੁਨਿਆਵੀਂ ਧੰਧਿਆਂ ਤੋ ਉਚਾਟ ਰਹਿਣ ਲਗ ਗਿਆ। ਦਿਨੋਂ ਦਿਨ ਭਾਈ ਘਨੱਈਆ ਜੀ ਦੇ ਮਨ ਵਿੱਚ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਭਾਵਨਾ ਪ੍ਰਬਲ ਹੁੰਦੀ ਗਈ ਅਤੇ ਅਧਿਆਤਮਕ ਸ਼ਾਂਤੀ ਦੀ ਭਾਲ ਵਿੱਚ ਸਾਧੂ ਸੰਤਾਂ ਨਾਲ ਮਿਲਾਪ ਕਰਦੇ ਰਹਿਣਾਂ ਪਰ ਮਨ ਦੀ ਵੇਦਨਾ ਅਤੇ ਪਰਮਾਤਮਾ ਨੂੰ ਮਿਲਣ ਦੀ ਤੜਫ ਵਧੱਦੀ ਚਲੀ ਗਈ। ਸਾਧੂਆਂ ਦੀ ਸੰਗਤ ਕਰਦੇ-ਕਰਦੇ ਇੱਕ ਦਿਨ ਭਾਈ ਘਨੱਈਆਂ ਜੀ ਸਤਿਸੰਗਤ ਕਰ ਰਹੇ ਸੀ ਤਾਂ ਉਸ ਸੰਗਤ ਵਿੱਚ ਭਾਈ ਨੰਨੂਆਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ 'ਜਗਤ ਮੈ ਝੂਠੀ ਦੇਖੀ ਪ੍ਰੀਤਿ' ਦੀ ਵਿਆਖਿਆ ਕਰਕੇ ਸਮਝਾ ਰਹੇ ਸੀ ਕਿ ਗੁਰਬਾਣੀ ਸਾਨੂੰ ਇਹ ਗਲ ਦ੍ਰਿੜ ਕਰਵਾਉਂਦੀ ਹੈ ਕਿ ਇਸ ਦੁਨੀਆ ਵਿਚ ਸਬੰਧੀਆਂ/ ਸਜਣਾਂ / ਮਿਤਰਾਂ ਦਾ ਪਿਆਰ ਮਮਤਾ ਮੋਹ ਕਰਕੇ ਝੂਠਾ ਹੀ ਹੈ। ਚਾਹੇ ਇਸਤ੍ਰੀ ਹੈ ਜਾਂ ਮਿੱਤਰ ਸੱਭ ਆਪੋ ਆਪਣੇ ਸੁਖ ਦੀ ਖ਼ਾਤਰ ਹੀ ਮਨੁੱਖ ਦੇ ਨਾਲ ਤੁਰੇ ਫਿਰਦੇ ਹਨ ਅਤੇ ਦੁਨਿਆਵੀਂ ਮੋਹ ਨਾਲ ਬੱਝੇ ਹੋਣ ਕਰਕੇ ਹਰ ਕੋਈ ਇਹੀ ਆਖਦਾ ਹੈ ਕਿ 'ਇਹ ਮੇਰਾ ਹੈ, ਇਹ ਮੇਰਾ ਹੈ'। ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। ਸੰਸਾਰ ਭਰ ਵਿੱਚ ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।ਇਸ ਲਈ ਹੇ ਮੂਰਖ ਮਨ! ਅਕਲਦਾਨ ਮਨੁੱਖਾਂ ਨੇ ਤੈਨੂੰ ਕਿੰਨੀ ਵਾਰ ਦ੍ਰਿਸ਼ਟਾਂਤ ਦੇ-ਦੇ ਕੇ ਸਮਝਾਇਆਂ ਹੈ ਅਤੇ ਹਰਰੋਜ ਸਿਖਿਆ ਦੇਕੇ ਹਾਰ ਗਏ ਹਨ ਪਰ ਦੁਨਿਆਵੀਂ ਕਾਰ ਵਿਹਾਰ ਵਿੱਚ ਗਲਤਾਨ ਹੋਕੇ ਤੈਨੂੰ ਅਜੇ ਤੱਕ ਸਮਝ ਨਹੀਂ ਆਈ। ਇਸ ਲਈ ਗੁਰੂ ਤੇਗ ਬਹਾਦੁਰ ਜੀ ਮਨੁੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਪੰਨਾਂ ਨੰ. ੫੩੬ ਤੇ ਰਾਗ ਦੇਵਗੰਧਾਰੀ ਸ਼ਬਦ ਰਾਹੀਂ ਸਮਝਾਉਂਦੇ ਹਨ :-
ਦੇਵਗੰਧਾਰੀ ਮਹਲਾ ੯ ॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ {ਪੰਨਾ ੫੩੬}
ਇਸੇ ਤਰਾਂ ਹੀ ਭਗਤ ਕਬੀਰ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਹਰੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਇਸ ਵਿਕਾਰੀ ਮਨ ਦਾ ਕੋਈ ਸਹਾਈ ਨਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ :-
ਸਾਰੰਗ ਕਬੀਰ ਜੀਉ ॥ ੴ ਸਤਿਗੁਰ ਪ੍ਰਸਾਦਿ ॥
ਹਰਿ ਬਿਨੁ ਕਉਨੁ ਸਹਾਈ ਮਨ ਕਾ ॥
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥
ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥
ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥ {ਪੰਨਾ ੧੨੫੩}
ਹੇ ਮੁਰਖ ਮਨ ਦੁਨਿਆਵੀਂ ਧਨ- ਪਦਾਰਥ ਤਾਂ ਕਿਤੇ ਰਹੇ ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, 'ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ' ਸੋ ਹੇ ਭਾਈ ਅਸੀ ਤਾਂ ਇਕ ਸਾਹ ਦੇ ਸਹਾਰੇ ਖੜੇ ਹਾਂ ਮਤ ਕਿ ਜਾਪੇ ਸਾਹ ਆਵੇ ਕੇ ਨਾਹ, ਜੇਕਰ ਸੁਆਸ ਚਲਦੇ ਰਹੇ ਤਾ ਆਦਮੀ ਨਹੀਂ ਤਾਂ ਮਿੱਟੀ ਦੀ ਢੇਰੀ ਹਾਂ। ਇਸ ਤਰਾਂ ਦੇ ਬਚਨ ਸੁਣ ਭਾਈ ਘੱਨਈਆ ਜੀ ਨੇ ਭਾਈ ਨੰਨੂਆਂ ਜੀ ਪਾਸੋਂ ਗੋਬਿੰਦ ਮਿਲਣ ਦੀ ਜੁਗਤੀ ਲਈ ਬੇਨਤੀ ਕੀਤੀ। ਭਾਈ ਘੱਨਈਆ ਜੀ ਦੀ ਜਗਿਆਸਾ ਵੇਖ ਕੇ ਅਪਣੇ ਨੇੜੇ ਬਿਠਾਇਆਂ ਅਤੇ ਕਿਹਾ ਕਿ ਗੋਬਿੰਦ ਮਿਲਣ ਦੀ ਪ੍ਰੀਤ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ ਅਤੇ ਇਸ ਤਰਾਂ ਭਾਈ ਨੰਨੂਆਂ ਜੀ ਨੇ ਪੁਰਾਤਨ ਭਗਤਾਂ ਦੀਆਂ ਸਾਖੀਆਂ ਸਵਿਸਥਾਰ ਨਾਲ ਸੁਣਾਈਆਂ ਤੇ ਕਿਹਾ ਕਿ ਜਦੋਂ ਤੁਸੀ ਵੀ ਅਜਿਹੀ ਅਵਸਥਾ ਵਿੱਚ ਪਹੁੰਚੋਗੇ ਤਾਂ ਤੁਸੀ ਵੀ ਗੋਬਿੰਦ ਦੀ ਪ੍ਰਾਪਤੀ ਦੇ ਪਾਤਰ ਬਣ ਜਾਉਗੇ। ਭਾਈ ਘੱਨਈਆ ਜੀ ਅਜਿਹੇ ਬਚਨ ਸੁਣ ਵੈਰਾਗ ਵਿੱਚ ਆ ਗਏ ਅਤੇ ਅਜਿਹਾ ਹੀ ਕਰਣ ਦਾ ਨਿਸ਼ਚਾ ਧਾਰ ਲਿਆ। ਇਸੇ ਸਮੇਂ ਦੋਰਾਨ ਆਪ ਜੀ ਦੇ ਪਿਤਾ ਅਕਾਲ ਚਲਾਨਾ ਕਰ ਗਏ ਤਾਂ, ਘਰ ਦੇ ਕੰਮਕਾਰ ਤੇ ਹੋਰ ਜਿੰਮੇਵਾਰੀਆਂ ਆਪ ਜੀ ਦੇ ਸਿਰ ਤੇ ਆ ਗਈਆਂ। ਮਹਾਪੁਰਖਾਂ ਦੀ ਸੰਗਤ ਅਤੇ ਸਾਧੂ ਜਨਾਂ ਦੀ ਸੇਵਾ ਕਰਕੇ ਆਪ ਜੀ ਦਾ ਮਨ ਦੁਨਿਆਵੀਂ ਧੰਧਿਆਂ ਤੋ ਉਚਾਟ ਰਹਿਣ ਲਗ ਗਿਆ। ਹਰ ਸਾਲ ਵਪਾਰ ਲਈ ਸੂਬੇਦਾਰ ਜਰਨੈਲ ਅਮੀਰ ਸਿੰਘ ਪੰਜਾਬ ਤੋ ਕਾਬਲ ਵੱਲ ਜਾਂਦਾ ਸੀ ਅਤੇ ਉਹਨਾਂ ਦੇ ਨਾਲ ਭਾਈ ਨੱਥੂ ਰਾਮ ਜੀ ਵੀ ਜਾਇਆ ਕਰਦੇ ਸੀ। ਭਾਈ ਘੱਨਈਆ ਜੀ ਦੇ ਪਿਤਾ ਜੀ ਦੇ ਅਕਾਲ ਚਲਾਨਾ ਕਰ ਜਾਣ ਕਰਕੇ ਪਰਿਵਾਰ ਨੇ ਆਪ ਜੀ ਨੂੰ ਜਰਨੈਲ ਅਮੀਰ ਸਿੰਘ ਨਾਲ ਵਪਾਰ ਲਈ ਭੇਜਿਆ ਪਰ ਆਪ ਜੀ ਦੇ ਮਨ ਅੰਦਰ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਤੜਫ ਸੀ ਅਤੇ ਜਦੋਂ ਰਾਹ ਜਾਂਦੇ ਭਾਈ ਜੀ ਨੇ ਇੱਕ ਜੱਥੇ ਵਿੱਚ ਸ਼ਾਮਿਲ ਕਿਸੇ ਸਿੱਖ ਪਾਸੋਂ ਗੁਰੂ ਤੇਗ ਬਹਾਦਰ ਜੀ ਦੇ ਵੈਰਾਗਮਈ ਸ਼ਬਦ ਸੁਣਿਆ ਕਿ :-
ਸਾਧੋ ਇਹੁ ਤਨੁ ਮਿਥਿਆ ਜਾਨਉ ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ (ਰਾਗੁ ਬਸੰਤੁ ਹਿੰਡੋਲ ਮਹਲਾ ੯)
ਤਾਂ ਹਿਰਦੇ ਵਿੱਚ ਐਸੀ ਖਿੱਚ ਪਈ ਕਿ ਆਪ ਜਗਤ ਦੇ ਤਮਾਸ਼ਿਆਂ, ਸੁੱਖਾਂ ਨੂੰ ਭੁਲਾ ਕੇ ਜੰਗਲਾਂ ਵੱਲ ਨਿਕਲ ਗਏ ਅਤੇ ਇਹ ਸ਼ਬਦ ਪੜਦੇ ਰਹਿਣ " ਕੋਈ ਜਨ ਹਰਿ ਸਿਉ ਦੇਵੈ ਜੋਰ ॥ ਚਰਨ ਗਹਉ ਬਕਉ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰਿ ॥੧॥" ਕਾਫਲੇ ਦੇ ਸਰਬਰਾਹ ਤੇ ਸੂਬੇਦਾਰ ਨੇ ਆਪ ਜੀ ਦੀ ਬੜੀ ਭਾਲ ਕੀਤੀ ਪਰ ਭਾਈ ਸਾਹਿਬ ਜੀ ਨਹੀਂ ਮਿਲੇ।
ਭਾਈ ਘਨੱਈਆ ਜੀ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਤੜਪ ਲੈਕੇ ਪਿੰਡਾ, ਕਸਬਿਆਂ ਤੋਂ ਦੂਰ ਜੰਗਲ-ਜੰਗਲ ਫਿਰ ਰਹੇ ਸਨ ਕਿ ਕੋਈ ਅਲ੍ਹਾ ਦਾ ਪਿਆਰਾ ਮਿਲ ਪਵੇ ਅਤੇ ਉਸਨੂੰ ਅਧਿਆਤਮਿਕ ਰਾਹ ਦਸ ਸਕੇ। ਕਹਿੰਦੇ ਹਨ ਕਿ ਭਾਈ ਜੀ ਕਈ ਦਿਨਾਂ ਤੋਂ ਭੁੱਖੇ ਹੀ ਸਫਰ ਕਰ ਰਹੇ ਸਨ ਤਾਂ ਇੱਕ ਦਿਨ ਦਰਖੱਤ ਥੱਲੇ ਆਰਾਮ ਕਰ ਰਹੇ ਸਨ, ਸ਼ਰੀਰ ਨਿਢਾਲ ਹੋ ਗਿਆ ਸੀ, ਤਾਂ ਨੇੜੇ ਹੀ ਇੱਕ ਜੰਝ (ਬਾਰਾਤ) ਨੇ ਉਤਾਰਾ ਕੀਤਾ। ਕਿਸੇ ਭਲੇ ਪੁਰਸ਼ ਨੇ ਭਾਈ ਜੀ ਨੂੰ ਦੁਰਬਲ ਜਾਣ ਪ੍ਰਸ਼ਾਦ ਛਕਣ ਲਈ ਦਿਤਾ ਭਾਈ ਸਾਹਿਬ ਜੀ ਕਈ ਦਿਨਾਂ ਤੋਂ ਭੁੱਖੇ ਹੋਣ ਕਰਕੇ ਕਈ ਰੋਟੀਆਂ ਖਾ ਗਏ ਜਿਸਨੂੰ ਦੇਖ ਕੇ ਉਹਨਾਂ ਬੁਰਾ-ਭਲਾ ਕਿਹਾ। ਪਰ ਭਾਈ ਜੀ ਨੇ ਬੜੇ ਪਿਆਰ ਤੇ ਅਧਿਨਗੀ ਨਾਲ ਜਨੇਤ (ਬਾਰਾਤੀਆਂ) ਨੂੰ ਅਪਣੀ ਅਵਸਥਾ ਬਾਰੇ ਜਾਣੂੰ ਕਰਵਾਇਆ ਅਤੇ 'ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ, ਹਉ ਤਿਸੁ ਪਹਿ ਆਪੁ ਵੇਚਾਈ ॥' ਸ਼ਬਦ ਅਨੁਸਾਰ ਪ੍ਰਭੂ ਮਿਲਾਪ ਦੀ ਵੇਦਨਾ ਪ੍ਰਗਟ ਕੀਤੀ। ਜਾਂਝੀ, ਭਾਈ ਸਾਹਿਬ ਜੀ ਨੂੰ ਕੋਈ ਅਲ੍ਹਾ ਦਾ ਪਿਆਰਾ ਜਾਣ ਨਤਮਸਤੱਕ ਹੋਇ ਤੇ ਹੱਥ ਜੋੜ ਖਿਮਾ ਮੰਗੀ। ਇੱਥੋ ਭਾਈ ਘਨੱਈਆ ਜੀ ਜੰਗਲ ਵਿੱਚ ਅੱਗੇ ਤੁਰ ਪਏ, ਤੁਰਦੇ-ਤੁਰਦੇ ਉਹਨਾਂ ਨੂੰ ਅੱਗੇ ਇੱਕ ਗੁਰੂ ਕਾ ਪਿਆਰਾ ਸਿੱਖ ਮਿਲਿਆ ਉਨ੍ਹਾਂ ਅਗੇ ਵੀ ਭਾਈ ਜੀ ਨੇ ਅਪਣੀ ਵੇਦਨਾ ਪ੍ਰਗਟ ਕੀਤੀ ਅਤੇ ਪ੍ਰਭੂ ਮਿਲਣ ਦੀ ਇੱਛਾ ਜਾਹਿਰ ਕੀਤੀ।ਅੱਗੋਂ ਗੁਰਸਿੱਖ ਨੇ ਭਾਈ ਘਨੱਈਆ ਜੀ ਨੂੰ ਕਿਹਾ ਕਿ ਭਾਂਵੇ ਮੇਰੇ ਕੋਲ ਕੋਈ ਅਜੇਹੀ ਤਰਕੀਬ ਤਾਂ ਨਹੀ ਪਰ ਜਿੱਥੋ ਤੱਕ ਮੈਨੂੰ ਗਿਆਨ ਹੈ ਜੇਕਰ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਰੱਬ ਦੇ ਪਿਆਰੇ ਗੁਰਮੁੱਖ ਜਨਾਂ ਦਾ ਮਿਲਾਪ ਜਰੂਰੀ ਹੈ ਅਤੇ ਅਜਿਹੇ ਭਗਤ ਜਨ ਜੰਗਲਾਂ ਵਿੱਚ ਨਹੀ ਸਗੋਂ ਪਿੰਡਾ, ਸ਼ਹਿਰਾਂ, ਕਸਬਿਆਂ ਵਿੱਚ ਵਿਚਰਦੇ ਹਨ। ਕਿਉਂਕਿ ਗੁਰਬਾਣੀ ਫੁਰਮਾਨ ਹੈ :
'ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਹੀ॥੧॥ ਰਹਾਉ॥
'ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ ॥ (੧੩੭੮)
ਅਜਿਹੇ ਬਚਨ ਸੁਣ ਭਾਈ ਘਨੱਈਆ ਜੀ ਜੰਗਲ ਛੱਡ ਦਿੱਤਾ ਅਤੇ ਕਿਸੇ ਸਤਿਪੁਰਸ਼ ਦੀ ਭਾਲ ਵਿੱਚ ਪਿੰਡਾਂ, ਸ਼ਹਿਰਾਂ ਦੇ ਲੋਕਾਂ ਵਿੱਚ ਵਿਚਰਨ ਲੱਗ ਪਏ। ਇਸ ਤਰਾਂ ਵਿਚਰਦੇ ਉਹ ਇੱਕ ਧਰਮਸਾਲ ਵਿੱਚ ਪੁੱਜੇ। ਧਰਮਸਾਲ ਦਾ ਸੇਵਾਦਾਰ ਪਿੰਡ ਵਾਲਿਆ ਤੋਂ ਨਾਖੁਸ਼ ਸੀ ਅਤੇ ਆਏ ਗਏ ਬੰਦਿਆਂ ਨੂੰ ਮਾੜੇ ਲਫ਼ਜ ਬੋਲਦਾ ਹੁੰਦਾ ਸੀ।ਇਸਨੇ ਭਾਈ ਘਨੱਈਆ ਜੀ ਨੂੰ ਵੀ ਬੁਰਾ-ਭਲਾ ਕਿਹਾ ਤੇ ਚਲੇ ਜਾਣ ਲਈ ਕਿਹਾ। ਭਾਈ ਜੀ ਨੇ ਉਸ ਤੋਂ ਪਾਣੀ ਦੀ ਮੰਗ ਕੀਤੀ ਪਰ ਧਰਮਸਾਲੀਏ ਨੇ ਜਲ ਛਕਾਉਣ ਤੋਂ ਮਨਾ ਕਰ ਦਿਤਾ। ਭਾਈ ਘਨੱਈਆ ਜੀ ਉਸ ਤੋਂ ਪਾਣੀ ਮੰਗਦੇ ਹੀ ਰਹੇ ਜੱਦ ਤੱਕ ਉਸ ਦੀ ਮਾਤਾ ਨੇ ਭਾਈ ਜੀ ਨੂੰ ਪਾਣੀ ਨਹੀ ਛਕਾ ਦਿਤਾ। ਇਹ ਵਾਰਤਾ ਦੇਖ ਦੂਜੇ ਸਾਧੂਆਂ ਨੇ ਭਾਈ ਜੀ ਨੂੰ ਟੋਕਦੇ ਕਿਹਾ ਕਿ ਇਸ ਹੰਕਾਰੀ ਬੰਦੇ ਤੋਂ ਪਾਣੀ ਲੈਣ ਦੀ ਕੀ ਲੋੜ ਸੀ ਨਾਲ ਵਗੱਦੀ ਨਦੀ ਤੋਂ ਆਪ ਜੀ ਪਾਣੀ ਪੀ ਸਕਦੇ ਸੀ। ਭਾਈ ਘਨੱਈਆਂ ਜੀ ਨੇ ਜੁਆਬ ਦਿਤਾ ਕਿ ਪਾਣੀ ਦੀ ਕੋਈ ਗੱਲ ਨਹੀ ਸੀ, ਜੇਕਰ ਇੱਥੋ ਅਸੀ ਬਗੈਰ ਪਾਣੀ ਪੀਤੇ ਚੱਲੇ ਜਾਂਦੇ ਤਾਂ ਮੇਰੇ ਮਨ ਤੇ ਇਸ ਦੇ ਪ੍ਰਤਿ ਮਾੜੇ ਖਿਆਲ ਆਉਣੇ ਸੀ ਅਤੇ ਮਨ ਦਾ ਧਿਆਨ ਬਾਰ-ਬਾਰ ਇਸ ਵੱਲ ਜਾਣਾ ਸੀ, ਹੁਣ ਮੈ ਪਾਣੀ ਪੀ ਲਿਆ ਹੈ ਅਤੇ ਮੇਰੇ ਮਨ ਵਿੱਚ ਇਸ ਬਾਰੇ ਮਾੜੇ ਬਚਨ ਜਾਂ ਖਿਆਲ ਨਹੀ ਆਉਣਗੇ ਤੇ ਹਮੇਸ਼ਾ ਹੀ ਦੁਆਵਾਂ ਨਿਕਲਣਗੀਆਂ। (ਪਾਠਕ ਜਨ ਆਪ ਜੀ ਅੰਦਾਜਾ ਲਾ ਸਕਦੇ ਹੋ ਕਿ ਭਾਈ ਸਾਹਿਬ ਜੀ ਦੇ ਮਨ ਅੰਦਰ ਦੁਜਿੱਆ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਦਾ ਕਰਮ ਕਿਨ੍ਹਾਂ ਪ੍ਰਬਲ ਸੀ ਕਿਉਂ ਜੋ ਕਰਤਾਰ ਨੇ ਆਉਣ ਵਾਲੇ ਸਮੇਂ ਵਿੱਚ ਭਾਈ ਘਨੱਈਆਂ ਜੀ ਪਾਸੋ ਕਿਹੜੀ-ਕਿਹੜੀ ਸੇਵਾ ਲੈਣੀ ਸੀ।)
ਭਾਈ ਘਨੱਈਆ ਜੀ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਤੜਪ ਲੈਕੇ ਗੁਰਬਾਣੀ ਫੁਰਮਾਨ "ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ" ਦੇ ਵਾਕ ਅਨੁਸਾਰ ਪਿੰਡਾਂ, ਕਸਬਿਆਂ ਜੰਗਲਾਂ ਵਿੱਚ ਫਿਰ ਰਹੇ ਸਨ ਕਿ ਉਹਨਾਂ ਦਾ ਮੇਲ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਨਾਲ ਜਾ ਰਹੇ ਇੱਕ ਗੁਰਸਿੱਖ ਨਾਲ ਹੋਇਆਂ ਤੇ ਉਨ੍ਹਾਂ ਦੀ ਸੰਗਤ ਕਰ ਮਨ ਨੂੰ ਸਕੂਨ ਮਿਲਿਆ ਅਤੇ ਗੁਰਬਾਣੀ ਫੁਰਮਾਨ : ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ॥ ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥ ਮੁਤਾਬਿਕ ਅਪਣੇ ਮਨ ਦੀ ਦਸ਼ਾ ਦੱਸੀ ਅਤੇ ਪਹਿਲਾਂ ਵੀ ਇੱਕ ਵਾਰ ਭਾਈ ਨੰਨੂਆਂ ਜੀ ਨਾਲ ਮਿਲਣੀ ਦਾ ਜ਼ਿਕਰ ਵੀ ਕੀਤਾ ਅਤੇ ਦਸਿਆਂ ਕਿ ਮੈ ਤਾਂ ਪਹਿਲਾਂ ਹੀ ਇਹਨਾਂ ਸ਼ਬਦਾਂ ਦਾ ਕਾਇਲ ਸੀ ਪਰ ਮੈਨੂੰ ਅਪਣੇ ਪਿਤਾ ਜੀ ਦੇ ਅਕਾਲ ਚਲਾਣੇ ਕਰ ਜਾਣ ਕਰਕੇ ਵਾਪਿਸ ਘਰ ਜਾਣਾ ਪੈ ਗਿਆ ਸੀ ਤੇ ਕੋਈ ਬਚਨ ਬਿਲਾਸ ਨਹੀ ਹੋ ਸੱਕੇ ਅਤੇ ਹੁਣ ਕਿਰਪਾ ਕਰੋ ਕਿ ਮੈਨੂੰ ਵੀ ਉਸ ਰੱਬ ਦੇ ਪਿਆਰੇ ਕੀਆਂ ਬਾਤਾਂ ਸੁਣਾਉ ਅਤੇ ਪਰਮਾਤਮਾ ਨਾਲ ਮਿਲਾਪ ਦੀ ਜੁਗਤੀ ਦਸੋ। ਰੱਬੀ ਪਿਆਰ ਵਿੱਚ ਭਿੱਜੀ ਰੂਹ ਨਾਲ ਮੇਲ ਹੋਣ ਤੇ ਕਰਤੇ ਕੀਆਂ ਬਾਤਾਂ ਨਾਲ ਭਾਈ ਘਨੱਈਆਂ ਜੀ ਦੇ ਹਿਰਦੇ ਨੂੰ ਠੰਡ ਪਈ।
ਇਸ ਤਰਾਂ ਗਿਆਨ ਚਰਚਾ ਕਰਦੇ ਭਾਈ ਘਨੱਈਆ ਜੀ ਨੇ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਪਾਸੋਂ ਅਪਣੇ ਜੀਵਨ ਵਿੱਚ ਸੁਣੇ ਸ਼ਬਦਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀ ਕਿ ਇਹ ਕਲਾਮ ਕਿਸ ਰੱਬੀ ਦਾਤੇ ਦੀਆਂ ਰਚਨਾਵਾਂ ਹਨ। ਜੱਥੇ ਦੀਆਂ ਸੰਗਤਾਂ ਨੇ ਘਨੱਈਆ ਜੀ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਨੌਂਵੇ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ ਦੀ ਸਾਰੀ ਵਾਰਤਾ ਅਤੇ ਗੁਰਬਾਣੀ ਉਪਦੇਸ਼ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਇਤਿਆਦਿ ਦਾ ਗਿਆਨ ਦ੍ਰਿੜ ਕਰਵਾਇਆ ਅਤੇ ਦਸਿਆਂ ਕਿ ਇਸ ਸਮੇਂ ਜਗਤ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਤਿਆਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਬਿਰਾਜਮਾਨ ਹਨ ਅਤੇ ਇਸ ਸਮੇਂ ਅਨੰਦਪੁਰ ਸਾਹਿਬ ਜਾਕੇ ਉਨ੍ਹਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਅਤੇ ਇਸ ਤਰਾਂ ਭਾਈ ਘਨਈਆ ਜੀ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਨਾਲ ਹੀ ਅਨੰਦਪੁਰ ਸਾਹਿਬ ਪੁੱਜੇ। ਜਦੋਂ ਭਾਈ ਘਨੱਈਆਂ ਜੀ ਅਨੰਦਪੁਰ ਸਾਹਿਬ ਵਿੱਖੇ ਬਾਕੀ ਸੰਗਤਾਂ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਤਕਿਆ ਤਾਂ 'ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ' ਅਨੁਸਾਰ ਹਿਰਦੇ ਦੀ ਵੇਦਨਾ, ਤੜਫ ਮਿਟ ਗਈ ਅਤੇ ਮਨ ਦੇ ਸਾਰੇ ਫੁਰਨੇ ਅਲੋਪ ਹੋ ਗਏ ਤੇ ਚਿੱਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਣਾਂ ਵਿੱਚ ਜੁੜ ਗਿਆ। ਉੱਥੇ ਆਪ ਜੀ ਨੂੰ ਗੁਰੂ ਸਾਹਿਬ ਜੀ ਨੇ ਪਾਣੀ ਦਾ ਘੜਾ ਭਰਕੇ ਲਿਆਉਣ ਦੀ ਸੇਵਾ ਸੋਂਪੀ। ਆਪ ਜੀ ਹਰਰੋਜ ਪਾਣੀ ਦਾ ਘੜੇ ਭਰ ਗੁਰੁ ਕੇ ਲੰਗਰਾਂ ਵਿੱਚ ਅਜੇਹੀ ਸੇਵਾ ਕਰਣ ਲੱਗ ਪਏ ਕਿ ਲੰਗਰ ਵਿੱਚ ਕਦੇ ਪਾਣੀ ਦੀ ਥੁੱੜ (ਕਮੀ) ਹੀ ਨਾ ਰਹੀ। ਇਸ ਤਰਾਂ ਲੰਗਰ ਵਿੱਚ ਸੇਵਾ ਨਿਭਾ ਰਹੇ ਹੋਰ ਸੇਵਾਦਾਰਾਂ ਨੇ ਗੁਰੂ ਸਾਹਿਬਾਂ ਪਾਸ ਭਾਈ ਘਨੱਈਆ ਜੀ ਦੀ ਅਣਥੱਕ ਸੇਵਾ ਬਾਰੇ ਪ੍ਰਸ਼ੰਸਾ ਕਰਦੇ ਰਹਿੰਦੇ ਸੀ ਅਤੇ ਇੱਕ ਦਿਨ ਜਦੋਂ ਗੁਰੂ ਤੇਗ ਬਹਾਦਰ ਜੀ ਨਿਗਰਾਨੀ ਕਰਦੇ ਗੁਰੂ ਕੇ ਲੰਗਰਾਂ ਦੇ ਅੱਗੋ ਲੰਘੇ ਤਾਂ ਭਾਈ ਘਨੱਈਆ ਜੀ ਨੁੰ ਸੇਵਾ ਕਰਦੇ ਤਰੁੱਠ ਕੇ ਜਦੋਂ ਭਾਈ ਘਨਈਆ ਜੀ ਵੱਲ ਤਕਿੱਆ ਤਾਂ ਸਾਖੀਕਾਰਾਂ ਮੁਤਾਬਿਕ 'ਉਸ ਸਮੇਂ ਦੇਹੀ ਸ਼ਾਂਤ ਚਿੱਤ ਹੋ ਗਈ। ਸਰੀਰ ਮਹਿ ਅਸਰੀਰ ਭਾਸ ਆਇਆ' ਸੱਭ ਵਿੱਚ ਇੱਕ ਦਾ ਝਲਕਾਰਾ ਗੁਰੂ ਜੀ ਨੇ ਵਿਖਲਾ ਦਿਤਾ ਅਤੇ ਤਬੇਲੇ ਵਿੱਚ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਸੋਂਪ ਦਿੱਤੀ। ਆਪ ਜੀ ਸਤਿਬਚਨ ਕਹਿ ਸੇਵਾ ਵਿੱਚ ਜੁਟ ਗਏ, ਪਾਣੀ ਦੀ ਸੇਵਾ ਉਪਰਾਂਤ ਹੋਰ ਜਿੱਥੇ ਵੀ ਕੋਈ ਸੇਵਾ ਦਾ ਖੇਤਰ ਵੇਖਣਾ ਤਾਂ ਹੱਥੀ ਸੇਵਾ ਕਰਨੀ ਅਪਣੇ ਧੰਨ ਭਾਗ ਸਮਝਣੇ, ਹਰ ਸਮੇਂ ਸਿਮਰਨ, ਭਜਨ, ਬੰਦਗੀ ਵਿੱਚ ਜੁੜੇ ਰਹਿਣਾਂ। ਇੱਕ ਦਿਨ ਜਦੋਂ ਆਪ ਜੀ ਤਬੇਲੇ ਵਿੱਚ ਸੇਵਾ ਕਰ ਰਹੇ ਸੀ ਤਾਂ ਅਚੱਨਚੇਤ ਗੁਰੂ ਤੇਗ ਬਹਾਦਰ ਜੀ ਤਬੇਲੇ ਵਿੱਚ ਆ ਬਿਰਾਜੇ, ਸੇਵਾ ਤੋਂ ਵਿਹਲੇ ਹੋ ਜਦੋਂ ਭਾਈ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਸਾਹਿਬ ਜੀ ਉਨ੍ਹਾਂ ਨੂੰ ਕਿਹਾ ਕਿ "ਤੁਹਾਡੀ ਸੇਵਾ ਥਾਇ ਪਈ ਹੈ, ਜਾਉ ਆਪ ਨਾਮ ਜਪਹੁ ਤੇ ਹੋਰਨਾਂ ਨੂੰ ਨਾਮ ਦੀ ਬਰਕਤ ਵੰਡੋ। ਸਾਖੀਕਾਰਾਂ ਅਨੁਸਾਰ 'ਇਹ ਭਰੋਸਗੀ ਦੀ ਦਾਤ ਤੁਹਾਨੂੰ ਮਿਲੀ ਹੈ।ਹੋਰਣਾਂ ਨੂੰ ਵੀ ਵੰਡੋ' ਪਰ ਭਾਈ ਘਨਈਆ ਜੀ ਬੜੀ ਅਧਿਨਗੀ ਨਾਲ ਕਹਿਣ ਲੱਗੇ ਕਿ, ਗਰੀਬ ਨਿਵਾਜ, ਕ੍ਰਿਪਾ ਕਰੋ ਆਪ ਜੀ ਅਪਣੇ ਚਰਣਾਂ ਨਾਲ ਹੀ ਜੋੜੀ ਰੱਖੋ, ਹੁਣ ਮੇਰੀ ਕਿਸੇ ਹੋਰ ਤੇ ਕੋਈ ਝਾਕ ਨਹੀ ਹੈ, ਆਪ ਜੀ ਦੀ ਰਹਿਮਤ ਨਾਲ ਤਨ, ਮਨ ਬਸ ਆਪ ਜੀ ਦੇ ਚਰਨਾਂ ਦਾ ਹੀ ਭੋਰਾ ਬਨਣਾਂ ਲੋਚਦਾ ਹੈ।ਗੁਰੂ ਜੀ ਨੇ ਭਾਈ ਘਨਈਆਂ ਜੀ ਨੂੰ ਸਮਝਾਇਆਂ ਕਿ 'ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤ੍ਰ ਮਨੁ ਮਾਨ॥ ਗੁਰ ਕੇ ਚਰਨ ਰਿਦੈ ਲੈ ਧਾਰਉ॥ ਗੁਰ ਪਾਰਬ੍ਰਹਮ ਸਦਾ ਨਮਸਕਾਰਉ॥੧ ॥ ਤੁਸੀ ਜਾਉ ਅਤੇ ਧਰਮਸਾਲ ਸਥਾਪਿਤ ਕਰੋ ਤੇ ਸਮਦ੍ਰਿਸਟੀ ਨਾਲ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸੇਵਾ ਕਰੋ।
ਇਸ ਤਰਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਸੇਵਾਪੰਥੀਆਂ ਦੀ ਪਹਿਲੀ ਧਰਮਸ਼ਾਲਾ ਲਾਹੋਰ ਤੇ ਪਿਸ਼ਾਵਰ ਦੇ ਵਿਚਕਾਰ 'ਕਹਵਾ' (ਜਿਲਾ ਕੈਮਲਪੁਰ) ਨਾਮ ਦੇ ਪਿੰਡ ਵਿੱਚ ਸਥਾਪਿਤ ਕੀਤੀ ਕਿਉਕਿ ਇਹ ਪਿੰਡ ਜਰਨੈਲੀ ਸੜਕ ਤੇ ਸੀ ਤੇ ਪਹਾੜਾਂ ਨਾਲ ਮਿਲਿਆ ਹੋਣ ਕਰਕੇ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ, ਲੋਕ ਦੁਰੋ ਪਹਾੜਾਂ ਵਿੱਚੋ ਪਾਣੀ ਲੈਕੇ ਗੁਜਾਰਾ ਕਰਦੇ ਸੀ। ਭਾਈ ਘਨੱਈਆ ਜੀ ਨੇ ਆਮ ਜਨਤਾ ਦੀ ਦੁੱਖ ਤਕਲੀਫ ਨੂੰ ਸਮਝਦੇ ਅਤੇ ਰਾਹਗੀਰਾਂ ਲਈ ਕੋਈ ਰੈਣ ਬਸੇਰਾ ਨਾ ਹੋਣ ਕਰਕੇ ਇਸੇ ਥਾਂ ਤੇ ਰਾਹਗੀਰ, ਮੁਸਾਫਿਰਾਂ ਦੇ ਸੁੱਖ ਅਰਾਮ ਲਈ ਧਰਮਸਾਲ ਬਣਾਈ। ਸਥਾਨਕ ਲੋਕਾਂ ਨੇ ਵੀ ਇਸ ਕਾਰਜ ਲਈ ਤਨ, ਮਨ ਤੇ ਧਨ ਨਾਲ ਪੂਰਾ ਸਾਥ ਦਿੱਤਾ।ਹੋਲੀ-ਹੋਲੀ ਇਹ ਅਸਥਾਨ ਆਬਾਦ ਹੋ ਗਿਆ ਅਤੇ ਆਉਣ-ਜਾਣ ਵਾਲੇ ਰਾਹਗੀਰਾਂ, ਮੁਸਾਫਰਾਂ ਦੇ ਸੁੱਖ ਆਰਾਮ ਦੇ ਪੁਰੇ ਸਾਧਨ ਸੀ। ਇਹ ਇੱਕ ਅਜਿਹਾ ਗੁਰਮਤਿ ਪ੍ਰਚਾਰ ਦਾ ਕੇਂਦਰ ਸਥਾਪਿਤ ਹੋਇਆ ਜਿਸ ਵਿੱਚ ਹਰ ਸਮੇਂ ਗੁਰਬਾਣੀ ਪ੍ਰਵਾਹ ਚਲੱਦੇ ਰਹਿੰਦੇ ਸੀ ਅਤੇ ਬਿਨਾਂ ਕਿਸੇ ਵਿਤਕਰੇ ਦੇ ਹਰਇੱਕ ਵਰਣ, ਜਾਤ, ਨਸਲ, ਧਰਮ ਦੇ ਲੋਕੀਂ ਆਕੇ ਸੁੱਖ ਪ੍ਰਾਪਤ ਕਰਦੇ ਸੀ। ਆਪ ਜੀ ਸੇਵਾ ਦੇ ਮਹਾਤਮ ਨੂੰ ਦ੍ਰਿੜ ਕਰਵਾਉਂਦੇ ਸਮੇਂ ਅਨੇਕਾਂ ਹੀ ਦ੍ਰਿਸ਼ਟਾਂਤ ਦੇ ਕੇ ਸਮਝਾਂਦੇ ਸੀ ਕਿ ਖਾਲਿਕ ਤੇ ਖਲਕਤ ਦੀ ਸੇਵਾ ਤਨ, ਮਨ ਤੇ ਧਨ ਆਦਿ ਨਾਲ ਕਈ ਤਰਾਂ ਕੀਤੀ ਜਾ ਸਕਦੀ ਹੈ। ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਭੁੱਖੇ ਨੂੰ ਖਾਣਾ ਖਵਾਉਣਾ, ਪਿਆਸੇ ਨੂੰ ਪਾਣੀ ਪਿਲਾਉਣਾ, ਧਰਮਸਾਲ ਵਿੱਖੇ ਝਾੜੂ ਦੀ ਸੇਵਾ, ਲੰਗਰ ਬਨਾਉਣ ਦੀ ਸੇਵਾ, ਜੂਠੇ ਬਰਤਨਾਂ ਧੋਣ ਦੀ ਸੇਵਾ, ਭੁੱਲੇ ਭਟਕਿਆ ਨੂੰ ਸਹੀ ਮਾਰਗ ਦਿਖਾਉਣ ਦੀ ਸੇਵਾ, ਕੁਦਰਤ ਨਾਲ ਪਿਆਰ ਕਰਨਾ ਹੀ ਕਾਦਿਰ ਦੀ ਸੇਵਾ ਕਰਨਾ ਹੈ। 'ਘਾਲਿ ਖਾਇ ਕਿਛੁ ਹਥਹੁ ਦੇਇ' ਦੇ ਸਿਧਾਂਤ ਨੂੰ ਅਪਣੇ ਜੀਵਨ ਵਿੱਚ ਅਪਣਾ ਕੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਸੇ ਮਜਬੂਰੀ ਵਸ ਕੀਤੇ ਕੰਮ ਨੂੰ ਸੇਵਾ ਨਹੀ ਕਿਹਾ ਜਾ ਸਕਦਾ। ਵਿਖਾਵੇ ਦੀ ਜਾਂ ਸਵਾਰਥ ਵਸ ਕੀਤੀ ਸੇਵਾ ਕਿਸੇ ਥਾਂਇ ਨਹੀ ਪੈਂਦੀ ਗੁਰਬਾਣੀ ਫੁਰਮਾਨ ਹੈ:
'ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥' ਉਹ ਸੇਵਾ ਵੀ ਸਫਲੀ ਨਹੀ ਹੋ ਸਕਦੀ ਜਿਸ ਵਿੱਚ ਸੋਦੇਬਾਜੀ ਹੋਵੇ, ਵਪਾਰ ਦੀ ਭਾਵਨਾ ਹੋਵੇ,
'ਸੇਵਾ ਥੋਰੀ, ਮਾਗਨੁ ਬਹੁਤਾ॥ ਮਹਲੁ ਨ ਪਾਵੈ ਕਹਤੋ ਪਹੁਤਾ॥੧॥'
ਉਹ ਸੇਵਾ ਕਿਸੇ ਥਾਇ ਨਹੀ ਪੈਂਦੀ। ਅਸਲ ਸੇਵਾ ਉਹ ਹੈ, ਜਿਸ ਨੂੰ ਕਰਨ ਵਿੱਚ ਮਨੁੱਖ ਅਪਣੇ ਆਪ ਨੂੰ ਚੰਗੇ ਭਾਗਾਂ ਵਾਲਾ ਸਮਝੇ 'ਜਾ ਕੇ ਮਸਤਕਿ ਭਾਗ ਸਿ ਸੇਵਾ ਲਾਇਆ' ਸੇਵਾ ਕਰਨ ਸਮੇਂ ਜਦੋਂ ਮਨੁੱਖ ਦੀ ਇਹ ਅਵਸਥਾ ਬਣ ਜਾਏ ਕਿ ਉਹ ਨਿਰੰਕਾਰ ਦੀ ਜੋਤ ਦਾ ਸਰੂਪ ਹੈ ਤਾ ਉਹ ਜਗਿਆਸੂ ਮਨ, ਬਲ ਤੇ ਆਤਮਾ ਕਰਕੇ ਸੇਵਾ ਵਿੱਚ ਰੁੱਝ ਜਾਂਦਾ ਹੈ।'ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ' ਇਸ ਤਰਾਂ ਜਿਹੜਾ ਵੀ ਮਨੁੱਖ ਨਿਸ਼ਕਾਮ ਭਾਵਨਾ ਨਾਲ ਦੀਨ-ਦੁਖੀਆਂ, ਲੋੜਵੰਦਾਂ, ਬਜੁਰਗਾਂ, ਰਾਹਗੀਰਾਂ ਦੀ ਸੇਵਾ ਕਰਦਾ ਹੈ ਉਹ ਮਨੁੱਖ ਅਪਣੇ ਇਸ਼ਟ ਪ੍ਰਮਾਤਮਾ ਨੂੰ ਪਾ ਲੈਂਦਾ ਹੈ 'ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕੋ ਹੋਤ ਪਰਾਪਤਿ ਸੁਆਮੀ' ਅਤੇ ਸਤਿਗੁਰਾਂ ਦੀ ਸੇਵਾ ਤਾਂਹੀ ਸਫਲੀ ਹੈ ਜੇਕਰ ਮਨੁੱਖ ਚਿੱਤ ਲਾਕੇ ਸੇਵਾ ਕਰੇ ਸੋ ਹੇ ਭਾਈ ਇਸ ਜਗਤ ਵਿੱਚ ਰਹਿੰਦੇ ਹੋਇ ਨਿਹਕਪਟ ਤੇ ਨਿਸ਼ਕਾਮ ਹੋਕੇ ਹੱਥੀ ਸੇਵਾ ਕਰਨੀ ਚਾਹੀਦੀ ਹੈ ਜਿਸ ਨਾਲ ਇਸ ਸੰਸਾਰ ਵਿੱਚ ਵੀ ਭਲਾ ਹੋਵੇਗਾ ਅਤੇ ਦਰਗਾਹ ਵਿੱਚ ਵੀ ਮਾਣ ਹਾਸਿਲ ਹੋਵੇਗਾ।'ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥' ਇਸ ਤਰਾਂ ਭਾਈ ਘਨੱਈਆਂ ਜੀ ਹਰਰੋਜ ਧਰਮਸਾਲ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚਲਾਈ ਰਖੱਦੇ ਸੀ ਤੇ ਸਾਧੂ ਸੰਤ ਜਨਾਂ ਨਾਲ ਇਲਾਹੀ ਬਾਣੀ ਦੀ ਵਖਿਯਾਨ ਰਾਹੀਂ ਗੁਰਮਤਿ ਗਾਡੀਰਾਹ ਤੇ ਚਲਣ ਲਈ ਪ੍ਰੇਰਣਾ ਦਿੰਦੇ ਸਨ।(ਜਿਸ ਤਰਾਂ ਧੰਨ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਂ ਨੇ ਲੋਕਾਂ ਦੇ ਭੱਲੇ ਲਈ ਖੂਹ, ਬਾਉਲੀਆਂ ਆਦਿ ਖੁਦਵਾ ਕੇ ਪਾਣੀ ਦੀ ਕਮੀ ਨੂੰ ਖਤਮ ਕੀਤਾ ਅਤੇ ਆਪਸੀ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਣ ਲਈ ਸਰੋਵਰ ਬਣਵਾਂ ਕੇ ਇੱਕਠੇ ਇਸ਼ਨਾਨ ਕਰਨ ਦੀ ਪਿਰਤ ਚਲਾਈ ਸੀ) ਇਸੇ ਤਰਾਂ ਹੀ ਭਾਈ ਘਨੱਈਆ ਜੀ ਨੇ ਵੱਖੋ-ਵੱਖ ਥਾਂਵਾਂ ਤੇ ਖੂਹ, ਬਾਉਲੀਆਂ ਤੇ ਧਰਮਸਾਲਾਵਾਂ ਸਥਾਪਿਤ ਕਰ 'ਏਕੁ ਪਿਤਾ, ਏਕਸ ਕੇ ਹਮ ਬਾਰਿਕ' ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਸਾਰਿਆਂ ਵਿੱਚ ਇੱਕ ਨਿਰੰਕਾਰ ਦੀ ਜੋਤ ਪਸਰੀ ਜਾਣ ਕੇ ਸੇਵਾ ਕਰਦੇ ਰਹੇ। ਨਵੰਬਰ ੧੬੭੫ ਨੂੰ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਤੇ ਗੁਰੂ ਤੇਗ ਬਹਾਦੁਰ ਜੀ ਧਰਮ ਦੀ ਰਖਿਆ ਲਈ ਚਾਂਦਨੀ ਚੋਂਕ, ਦਿੱਲੀ ਵਿੱਖੇ ਸ਼ਹੀਦ ਹੋ ਗਏ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ ਖਬਰ ਸੁਣ ਭਾਈ ਘਨੱਈਆ ਜੀ ਵੈਰਾਗ ਵਿੱਚ ਆ ਗਏ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਿਦਾਰੇ ਲਈ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਜਦੋਂ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਚਲਿਆ ਕਿ ਭਾਈ ਘਨੱਈਆ ਜੀ ਅਨੰਦਪੁਰ ਸਾਹਿਬ ਵਿੱਖੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਲਈ ਜਾ ਰਹੇ ਹਨ ਤਾਂ ਸੰਗਤਾਂ ਨੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਵੀ ਦਰਸ਼ਨਾਂ ਲਈ ਨਾਲ ਲੈ ਕੇ ਜਾਣ। ਅਨੰਦਪੁਰ ਸਾਹਿਬ ਦਰਸ਼ਨਾਂ ਲਈ ਜੱਥਾ ਤਿਆਰ ਹੋ ਗਿਆ। ਰਾਹ ਵਿੱਚ ਜਿੱਥੇ ਵੀ ਰਾਤ ਪੈ ਜਾਂਦੀ ਸੀ ਉੱਥੇ ਹੀ ਦੀਵਾਨ ਸਜਾਇਆ ਕਰਦੇ ਸਨ ਅਤੇ ਸੰਗਤਾਂ ਹਰਿਜਸ ਕੀਰਤਨ ਕਰ ਲਾਹਾ ਲੈਂਦੀਆਂ ਸਨ। ਅਨੰਦਪੁਰ ਸਾਹਿਬ ਪਹੁੰਚਨ ਤੇ ਸਾਰੀਆਂ ਸੰਗਤਾਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਨਿਹਾਲ ਹੋਈਆਂ। ਭਾਈ ਘਨੱਈਆ ਜੀ ਅਨੰਦਪੁਰ ਸਾਹਿਬ ਪੁੱਜ ਕੇ ਵੀ ਸੇਵਾ ਦਾ ਨੇਮ ਨਹੀ ਤੋੜਿਆ, ਪਾਣੀ ਦੀ ਮਸ਼ਕ ਫੜ ਲਈ ਗੁਰੂ ਕੇ ਲੰਗਰਾਂ ਲਈ ਅਤੇ ਸੰਗਤਾਂ ਲਈ ਭਾਵ ਜਿੱਥੇ ਵੀ ਪਾਣੀ ਦੀ ਜਰੂਰਤ ਮਹਿਸੂਸ ਹੋਵੇ ਉੱਥੇ ਪਹੁੰਚ ਕੇ ਪਾਣੀ ਵਰਤਾਇਆ ਕਰਦੇ ਸੀ ਅਤੇ ਨਾਲ ਹੀ ਭਜਨ ਬੰਦਗੀ ਵਿੱਚ ਜੁੜੇ ਰਹਿੰਦੇ। ਇੱਥੋ ਤੱਕ ਕਿ ਸੰਗਤਾਂ ਦੀ ਮੁੱਠੀ-ਚਾਪੀ ਵੀ ਕਰ ਦਿਆ ਕਰਦੇ ਸਨ। ਸਿੱਖ ਤਵਾਰੀਖ਼ ਅਨੁਸਾਰ ਇੱਕ ਦਿਨ ਕਾਬਲ ਦੀ ਸੰਗਤ ਆਈ, ਉਸ ਨੇ ਗੁਰੂ ਸਾਹਿਬਾਂ ਅੱਗੇ ਬੇਨਤੀ ਕੀਤੀ ਕਿ ਅਸੀ ਗੁਰੂ ਘਰ ਲਈ ਚੰਗੇ ਵਸਤਰ, ਸ਼ਸ਼ਤਰ ਅਤੇ ਹੋਰ ਕੀਮਤੀ ਸਾਮਾਨ ਲੈਕੇ ਆ ਰਹੇ ਸੀ ਕਿ ਰਸੱਤੇ ਵਿੱਚ ਮੁਸਲਮਾਨਾਂ ਨੇ ਸੰਗਤਾਂ ਤੇ ਹਮਲਾਂ ਕਰ ਸੱਭ ਕੁੱਝ ਖੋਹ ਲਏ ਹਨ। ਆਪ ਕਿਰਪਾ ਕਰੋ, ਕੋਈ ਇਸ ਦਾ ਠੋਸ ਹੱਲ ਦਸੋਂ ਤਾਂਕਿ ਸੰਗਤਾਂ ਨੂੰ ਪਰੇਸ਼ਾਨੀ ਨਾ ਆਵੇ। ਸਤਿਗੁਰਾਂ ਨੇ ਸਾਰੀ ਵਾਰਤਾ ਸੁਣ ਸੱਭ ਸਿੱਖਾ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਹੁਣ ਤੋਂ ਹਰ ਇੱਕ ਸਿੱਖ ਸ਼ਸ਼ਤਰਧਾਰੀ ਹੋਵੇ ਅਤੇ ਜਦੋਂ ਗੁਰੂ ਘਰ ਆਵੇ ਤਾਂ ਸ਼ਸ਼ਤਰ ਧਾਰਨ ਕਰਕੇ ਆਵੇ। (ਪਾਠਕ ਜਨ ਜਾਣਦੇ ਹੀ ਹਨ ਕਿ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛਠੇ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਗੁਰੂ ਦਰਬਾਰ ਵਿੱਚ ਚੰਗੇ ਘੋੜੇ, ਸ਼ਸ਼ਤਰ ਲਿਆਉਣ ਲਈ ਹੁਕਮ ਜਾਰੀ ਕੀਤੇ ਸਨ)
ਸਤਿਗੁਰਾਂ ਦੇ ਹੁਕਮਾਂ ਨੂੰ ਮੰਨਕੇ ਸਿੱਖ ਸੰਗਤਾਂ ਸ਼ਸ਼ਤਰਧਾਰੀ ਹੋਣ ਲੱਗ ਪਈਆਂ। ਗੁਰੂ ਸਾਹਿਬਾਂ ਦੇ ਹੁਕਮਾਂ ਨੂੰ ਮੰਣਦੇ ਹੋਇ ਭਾਈ ਘਨੱਈਆਂ ਜੀ ਨੇ ਵੀ ਸ਼ਸ਼ਤਰ ਧਾਰਨ ਕਰ ਲਏ ਅਤੇ ਗੁਰੂ ਹੁਕਮਾਂ ਅਨੁਸਾਰ ਅਪਣੀ ਜਲ ਦੀ ਸੇਵਾ ਤੇ ਪ੍ਰਪੱਕ ਰਹੇ। ਭਾਈ ਘੱਨਈਆ ਜੀ ਦੀ ਸਾਦਗੀ, ਸੇਵਾਭਾਵੀ ਅਤੇ ਨਿਮ੍ਰਤਾ ਵਾਲੀ ਬਿਰਤੀ ਤੋ ਜਾਣੂ ਸਿੱਖਾਂ ਨੇ ਇੱਕ ਦਿਨ ਭਾਈ ਜੀ ਨੂੰ ਕਿਹਾ ਕਿ ਆਪ ਜੀ ਅੱਗੇ ਜੇ ਕੋਈ ਦੁਸ਼ਮਨ ਆ ਜਾਵੇ ਅਤੇ ਤੁਹਾਨੂੰ ਮਾਰਨ ਲਈ ਪਵੇ ਤਾਂ ਤੁਸੀ ਕੀ ਕਰੋਗੇ। ਤਾਂ ਭਾਈ ਸਾਹਿਬ ਜੀ ਦਾ ਜੁਆਬ ਸੀ ਕਿ ਮੈ ਅਪਣਾ ਤੇਗਾ ਉਸ ਨੂੰ ਦੇ ਦੇਵਾਂਗਾਂ ਅਤੇ ਕਹਾਂਗਾ ਕਿ 'ਭਾਈ, ਜੇ ਤੂੰ ਮੈਨੂੰ ਮਾਰਨ ਆਇਆਂ ਹੈ ਤਾਂ ਮੇਰੇ ਗੁਰੂ ਵਲੋਂ ਦਿੱਤੇ ਤੇਗੇ ਨਾਲ ਵਾਰ ਕਰਕੇ ਮਾਰ। ਅਜਿਹੇ ਬਚਨ ਸੁਣ ਸਿੱਖ ਹੈਰਾਨ ਰਹਿ ਗਏ, ਉਨ੍ਹਾਂ ਸਿੰਘਾਂ ਨੇ ਸਾਰੀ ਵਾਰਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸੀ। ਘਟ-ਘਟ ਕੇ ਜਾਨਣਹਾਰ ਸਤਿਗੁਰਾਂ ਨੇ ਸਾਰੀ ਵਾਰਤਾ ਸੁਣ ਅਨੁਭਵ ਕੀਤਾ ਕਿ ਭਾਈ ਘਨਈਆ ਜੀ ਬ੍ਰਹਮ ਗਿਆਨ ਦੀ ਉਸ ਅਵਸਥਾ ਵਿੱਚ ਪਹੁੰਚ ਗਏ ਹਨ ਜਿਸ ਬਾਰੇ ਗੁਰਬਾਣੀ ਵਾਕ ਹੈ 'ਸਭੈ ਸਾਂਝੀਵਾਲ ਸਦਾਇਨਿ ਕੋਇ ਨ ਦਿਸੈ ਬਾਹਰਾ ਜੀਉ'। ਗੁਰੂ ਜੀ ਨੇ ਭਾਈ ਜੀ ਨੂੰ ਦਰਬਾਰ ਵਿੱਚ ਹਾਜਰੀ ਲਈ ਸੱਦਾ ਭੇਜਿਆ। ਜਦੋ ਭਾਈ ਜੀ ਗੁਰੂ ਸਾਹਿਬ ਜੀ ਕੋਲ ਪਹੁੰਚੇ, ਦਰਸ਼ਨ ਕੀਤੇ ਅਤੇ ਬੜੀ ਅਧਿਨਗੀ ਨਾਲ ਇੱਕ ਪਾਸੇ ਹੋ ਕੇ ਬੈਠ ਗਏ ਤੇ ਹੁਕਮ ਦੀ ਉਡੀਕ ਕਰਨ ਲੱਗੇ, ਗੁਰੂ ਸਾਹਿਬਾਂ ਨੇ ਭਾਈ ਘਨੱਈਆ ਜੀ ਦੀ ਸੇਵਾ ਤੋਂ ਪ੍ਰਸਨ ਹੋਕੇ ਕਿਹਾ ਕਿ ਆਪ ਜੀ ਦੀ ਸੇਵਾ ਗੁਰੂ ਘਰ ਥਾਂਇ ਪਈ ਹੈ ਅਤੇ ਹੁਣ ਆਪ ਜੀ ਪਿਤਾ ਗੁਰੂ ਤੇਗ ਬਹਾਦਰ ਜੀ ਵਲੋਂ ਬਖਸ਼ਿਸ਼ ਸੇਵਾ ਤੇ ਵਾਪਿਸ ਜਾਉ ਅਤੇ 'ਆਪ ਜਪਹੁ ਅਵਰਹ ਨਾਮੁ ਜਪਾਉ' ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਇ ਨਾਮ ਬਾਣੀ ਦਾ ਅਭਿਆਸ ਖੁਦ ਕਰੋ ਤੇ ਹੋਰਣਾਂ ਜੀਵਾਂ ਨੂੰ ਵੀ ਜੋੜੋ ਅਤੇ ਜਿੱਥੇ ਵੀ ਪਾਣੀ ਦੀ ਕਮੀ ਹੋਵੇ ਉੱਥੇ ਬਾਉਲੀਆਂ, ਖੂਹ ਬਣਵਾਉ ਅਤੇ ਰਾਹਗੀਰਾਂ ਲਈ ਲੋੜੀਂਦੇ ਪ੍ਰਬੰਧ ਕਰੋ। ਇਸ ਤਰਾਂ ਭਾਈ ਘਨੱਈਆ ਜੀ ਗੁਰੂ ਸਾਹਿਬਾਂ ਦਾ ਹੁਕਮ ਮੰਨਕੇ ਸੰਗਤ ਨਾਲ ਕਹਵੇ (ਵਜੀਰਾਬਾਦ) ਆ ਗਏ ਅਤੇ ਇਲਾਕੇ ਵਿੱਚ ਲੋੜ ਅਨੁਸਾਰ ਸੇਵਾਵਾਂ ਨਿਭਾਉਣ ਲੱਗ ਪਏ। ਭਾਈ ਘਨੱਈਆ ਜੀ ਇਲਾਕੇ ਵਿੱਚ ਪ੍ਰਚਾਰ ਦੋਰਾਨ ਗੁਰੂ ਘਰ ਲਈ ਸਿੱਖ ਸੰਗਤਾਂ ਵਲੋਂ ਭੇਟਾ ਕੀਤੀ ਜਾਂਦੀ ਕਾਰ (ਮਾਇਆ) ਸੇਵਾ ਲੋੜਵੰਦਾਂ ਲਈ ਵਰਤ ਕੇ ਬਾਕੀ ਭੇਟਾਵਾਂ ਹਰ ਸਾਲ ਅਨੰਦਪੁਰ ਸਾਹਿਬ ਵਿੱਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਗੁਰੂ ਕੇ ਖਜਾਨਿਆਂ ਵਿੱਚ ਭੇਟਾ ਕਰ ਦਿੰਦੇ ਸੀ। ਸੰਨ ੧੭੦੪ ਵਿੱਚ ਜਦੋਂ ਭਾਈ ਘਨਈਆਂ ਜੀ ਅਨੰਦਪੁਰ ਸਾਹਿਬ ਵਿੱਖੇ ਗੁਰੂ ਸਾਹਿਬਾਂ ਦੇ ਦਰਸ਼ਨਾਂ ਲਈ ਪੁੱਜੇ ਤਾਂ ਭਾਈ ਸਾਹਿਬ ਜੀ ਨਿੱਤ ਕਰਮ ਅਨੁਸਾਰ ਗੁਰੂ ਕੇ ਲੰਗਰਾਂ ਲਈ ਜਲ ਦੀ ਸੇਵਾ ਸੰਭਾਲ ਲਈ। ਇਸੇ ਦੋਰਾਨ ਸਿੰਘਾਂ ਨੇ ਦਸਿਆ ਕਿ ਪਹਾੜੀ ਰਾਜੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਦੀਆਂ ਵਿਉਂਤਾ ਬਣਾ ਰਹੇ ਹਨ। ਅਨੰਦਪੁਰ ਸਾਹਿਬ ਦੇ ਕਿਲੇ ਤੇ ਪਹਾੜੀ ਰਾਜਿਆਂ ਨੇ ਮੁਗਲ ਸੈਨਾ ਦੀ ਹਮਾਇਤ ਨਾਲ ਹਮਲਾ ਕਰ ਦਿੱਤਾ। ਸਿੰਘਾਂ ਨੇ ਵੀ ਮੋਰਚੇ ਸੰਭਾਲ ਲਏ। ਭਾਈ ਘਨੱਈਆ ਜੀ ਇਸ ਧਰਮ ਯੁੱਧ ਮੋਰਚੇ ਵਿੱਚ ਪਾਣੀ ਦੀ ਮਸ਼ਕ ਭਰਕੇ ਲੜਾਈ ਵਿੱਚ ਚਲਦੀਆਂ ਤੋਪਾਂ, ਬੰਦੁਕਾਂ ਤੇ ਤੀਰਾਂ ਦੀ ਪਰਵਾਹ ਕੀਤੇ ਬਗੈਰ ਜਿੱਥੇ ਕੋਈ ਵੀ ਪਾਣੀ ਮੰਗਦਾਂ, ਉੱਥੇ ਪਹੁੰਚ ਕੇ ਬਿਨਾਂ ਕਿਸੇ ਭੇਦਭਾਵ ਦੇ ਪਾਣੀ ਪਿਲਾਂਦੇ, ਜਦੋਂ ਇਹ ਵਰਤਾਰਾ ਦੁਜੇ ਸਿੰਘਾਂ ਨੇ ਵੇਖਿਆ ਤਾਂ ਉਹਨਾਂ ਭਾਈ ਘਨਈਆ ਜੀ ਨੂੰ ਕੇਵਲ ਸਿੱਖ ਸੈਨਿਕਾਂ ਨੂੰ ਹੀ ਪਾਣੀ ਪਿਲਾਉਣ ਲਈ ਕਿਹਾ। ਭਾਈ ਘਨੱਈਆਂ ਜੀ ਨੇ ਸਿੱਖ ਸੈਨਿਕਾਂ ਦੀ ਇਸ ਗੱਲ ਵੱਲ ਕੋਈ ਧਿਆਨ ਨਹੀ ਦਿੱਤਾ ਅਤੇ ਉਸੇ ਤਰਾਂ ਹੀ ਦੁਸ਼ਮਨ ਫੋਜਾਂ ਨੂੰ ਵੀ ਪਾਣੀ ਪਿਲਾਉਣ ਦੀ ਸੇਵਾ ਵਿੱਚ ਮਗਨ ਰਹੇ। ਕੁੱਝ ਸਿੰਘਾਂ ਨੇ ਆਪਸੀ ਵੀਚਾਰ ਕੀਤੀ ਕਿ ਕਿਧੱਰੇ ਇਹ ਦੁਸ਼ਮਣਾਂ ਨਾਲ ਤਾਂ ਨਹੀ ਮਿਲਿਆ ਹੈ ਇਸ ਬਾਬਤ ਤੁਰੰਤ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ਼ਿਕਾਇਤ ਕਰਨੀ ਚਾਹੀਦੀ ਹੈ। ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਮੁਤਾਬਿਕ ਭਾਈ ਘਨੱਈਆ ਜੀ ਦੀ ਸ਼ਿਕਾਇਤ ਗੁਰੂ ਪਾਸ ਇਉਂ ਕੀਤੀ
ਪਿਖ ਸਿੱਖਨ ਮਨ ਰੋਸ ਧਰੁ ਕਹਯੌ ਦਸਮ ਗੁਰ ਪਾਸ॥
ਦੇਤ ਘਨਯਾ ਰਾਮ ਜਲ ਤੁਰਕੁਨ ਕੌ ਬਹੁ ਖਾਸ॥
ਇਸ ਤਰਾਂ ਕੁੱਝ ਸਿੰਘ ਘਟ-ਘਟ ਦੀ ਜਾਨਣਹਾਰ ਸਤਿਗੁਰੂ ਜੀ ਕੋਲ ਨਤਮਸਤੱਕ ਹੋਇ ਅਤੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਜੀਓ, ਅਸੀ ਇਤਨੀ ਮਿਹਨਤ ਮਸ਼ਕੱਤ ਕਰਕੇ ਦੁਸ਼ਮਣਾਂ ਦੇ ਕਿਸੇ ਸਿਪਾਹੀ ਨੂੰ ਫਟੜ ਕਰਦੇ ਹਾਂ ਪਰ ਆਪ ਜੀ ਦਾ ਸੇਵਕ ਮਾਸ਼ਕੀ ਭਾਈ ਘਨੱਈਆ ਸਿੱਖਾਂ ਦੇ ਨਾਲ-ਨਾਲ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾਕੇ ਮੁੜ ਸੁਰਜੀਤ ਕਰ ਦਿੰਦਾ ਹੈ ਜਿਸ ਨਾਲ ਉਹ ਫਿਰ ਤੋਂ ਮੈਦਾਨੇ ਜੰਗ ਵਿੱਚ ਲੜਣ ਲੱਗ ਪੈਂਦੇ ਹਨ ਇਸ ਤਰਾਂ ਕਰਨ ਨਾਲ ਸਿੱਖ ਸਿਪਾਹੀਆਂ ਨੂੰ ਨੁਕਸਾਨ ਹੋ ਰਿਹਾ ਹੈ।ਆਪ ਜੀ ਉਸ ਨੂੰ ਸਮਝਾਉ ਕਿ ਉਹ ਇਸ ਤਰਾਂ ਨਾ ਕਰੇ। ਇਹ ਬਚਨ ਸੁਣ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨਈਆਂ ਜੀ ਨੂੰ ਅਪਣੇ ਪਾਸ ਬੁਲਾਉਣ ਲਈ ਸੱਦਾ ਭੇਜਿਆ।ਭਾਈ ਘਨਈਆਂ ਜੀ ਗੁਰੂ ਦਰਬਾਰ ਵਿੱਚ ਹਾਜਿਰ ਹੋ ਨਤਮਸਤਕ ਹੋਇ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, 'ਹਮ ਅਪਰਾਧੀ ਸਦ ਭੂਲਤੇ ਤੁਮ ਬਖਸਨਹਾਰੇ ॥੧॥ ਰਹਾਉ॥ (੮੦੯) ਮੈ ਭੁਲੱਣਹਾਰ ਹਾਂ, ਦਾਤਾ ਜੀ, ਕੋਈ ਭੁੱਲ ਹੋ ਗਈ ਹੈ ਤਾਂ ਬਖਸ਼ ਲਵੋ ਤੇ ਗੁਰੂ ਸਾਹਿਬਾਂ ਦੇ ਹੁਕਮ ਦੀ ਉਡੀਕ ਕਰਨ ਲੱਗੇ। ਗੁਰੂ ਜੀ ਨੇ ਭਾਈ ਘਨਈਆ ਜੀ ਨੂੰ ਮੁਖਾਰਬਿੰਦ ਹੋਕੇ ਬੋਲੇ ਕਿ ਭਾਈ ਘਨਈਆ, ਜੰਗ ਵਿੱਚ ਲੜਣ ਵਾਲੇ ਸਿੰਘਾਂ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ ਕਿ ਤੁਸਾਂ ਸਿੱਖਾਂ ਨੂੰ ਪਾਣੀ ਪਿਲਾਉਣ ਦੇ ਨਾਲ ਤੁਰਕਾਂ ਤੇ ਪਹਾੜੀਆਂ ਨੂੰ ਪਾਣੀ ਪਿਲਾਂਦੇ ਹੋ,
ਨਹੀ, ਗੁਰੂ ਸਾਹਿਬ ਜੀ, ਮੈਨੂੰ ਤਾਂ ਕੋਈ ਦੁਸ਼ਮਨ ਨਹੀ ਦਿਸਦਾ।
'ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥
ਬ੍ਰਹਮ ਪਾਸਾਰੁ ਪਸਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ'
ਗੁਰੂ ਸਾਹਿਬ ਜੀ ਮੈਨੂੰ ਤਾਂ ਹਰ ਇੱਕ ਵਿੱਚ ਤੇਰੀ ਹੀ ਜੋਤ ਦਿਸਦੀ ਹੈ।
ਹਿੰਦੂ ਤੂਰਕ ਸਿੰਘ ਯਹਿ ਜੇਤੇ॥ ਮੈਂ ਤਵ ਰੂਪ ਨਿਰਖ ਹੌਂ ਤੇਤੇ॥
ਭਾਈ ਸੰਤੋਖ ਸਿੰਘ ਸੁਰਜ ਪ੍ਰਕਾਸ਼ ਵਿੱਚ ਲਿਖਦੇ ਹਨ ਕਿ
ਜਹਾਂ ਕਹਾਂ ਇਕ ਰੂਪ ਤੁਮਾਰਾ, ਨਹ ਦੂਸਰ ਮੈਂ ਕਉ ਨਿਹਾਰਾ॥
ਤੇ ਮੈਨੂੰ ਇੰਝ ਲਗਦਾ ਹੈ ਕਿ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਖੁਦ ਪਾਣੀ ਦੀ ਮੰਗ ਕਰ ਰਹੇ ਹਨ।ਜਿਹੜੇ ਪਾਸੇ ਵੇਖਾ ਬਸ ਮੈਨੂੰ ਤੁਹਾਡਾ ਰੂਪ ਹੀ ਨਜਰ ਆਉਂਦਾ ਹੈ।
ਮੋ ਕੋ ਤੋਂ ਇਮ ਹੀ ਦ੍ਰਿਸਟਾਵੈ, ਤੁਮ ਬਿਨ ਦੂਸਰ ਨਦਰ ਨ ਆਵੈ॥
ਇਮ ਰਾਵਰ ਕੋ ਹੈ ਉਪਦੇਸ਼ੂ॥ ਸੋ ਉਰ ਧਾਰਿਓ ਬਿਨਾ ਕਲੇਸ਼ੂ॥੩੫॥
ਇਤ ਸਿੰਘਨ ਮਹਿ ਆਪ ਬਿਰਾਜੈ। ਉਤ ਤੁਰਕਨ ਮਹਿ ਤੁਮਹੀਂ ਛਾਜੈ॥
ਨਾ ਪਹਾਰੀ ਮਹਿ ਕੋਊ ਦੂਜਾ, ਜਹਿੰ ਕਹਿੰ ਕਰਹਿੰ ਆਪ ਕੀ ਪੂਜਾ ॥੩੫॥
ਭਾਈ ਘਨਈਆ ਜੀ ਦੇ ਇਹ ਅਵਸਥਾ ਦੇਖ ਗੁਰੂ ਸਾਹਿਬ ਬੜੇ ਪ੍ਰਸਨ ਹੋਇ ਤੇ ਫੁਰਮਾਇਆ ਕਿ 'ਹਰਿ ਕਾ ਸੇਵਕੁ ਸੋ ਹਰਿ ਜੇਹਾ ਭੇਦ ਨਾ ਜਾਣਹੁ ਮਾਣਸ ਦੇਹਾ' ਭਾਈ ਘਨਈਆ ਜੀ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੈ ਅਤੇ ਇਸ ਨੇ ਬ੍ਰਹਮ ਨੂੰ ਸਮਝ ਲਿਆ ਹੈ, ਇਸ ਲਈ ਇਸ ਨੂੰ ਜਲ ਦੀ ਸੇਵਾ ਕਰਣ ਨੂੰ ਕੋਈ ਨ ਰੋਕੇ।
ਇਸ ਕਉ ਕਿਸ ਬਿਧ ਕਹੋ ਨ ਕੋਈ, ਕਰੈ ਜਥੋ ਚਿਤ ਜਿਮ ਉਰ ਹੋਈ॥
ਨਹਿ ਬੈਰੀ ਇਸ ਕੇ ਉਰ ਭਾਸਾ, ਇਕ ਸਭ ਮੇਂ ਪ੍ਰਭ ਲਖਯੋ ਤਮਾਸਾ॥੩੯॥
ਇਹੁ ਭੀ ਅਪਨੋ ਪੰਥ ਪ੍ਰਕਾਸੈ, ਬਹੁ ਲੋਕਨ ਕੀ ਕੁਮਤ ਬਿਨਾਸੈ॥..... ਫਿਰ ਗੁਰੂ ਜੀ ਨੇ ਭਾਈ ਘਨਈਆ ਜੀ ਨੂੰ ਮਲ੍ਹਮ ਦੀ ਡੱਬੀ ਬਖਸ਼ਿਸ ਕੀਤੀ ਤੇ ਕਿਹਾ ਕਿ ਅੱਗੇ ਤੋਂ ਪਾਣੀ ਪਿਲਾਉਣ ਦੇ ਨਾਲ ਫਟੜਾਂ ਦੀ ਮਲ੍ਹਮ-ਪੱਟੀ ਵੀ ਕਰਿਆ ਕਰ।ਗੁਰੂ ਸਾਹਿਬਾਂ ਤੋਂ ਬਖਸ਼ਿਸ਼ਾਂ ਲੈ ਕੇ ਭਾਈ ਘਨੱਈਆ ਜੀ ਨੇ ਜਲ ਦੀ ਸੇਵਾ ਦੇ ਨਾਲ ਜੰਗ ਵਿੱਚ ਫਟੱੜ੍ਹ ਸੈਨਿਕਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਮਲ੍ਹਮ ਪੱਟੀ ਵੀ ਕਰਿਆਂ ਕਰਦੇ ਸੀ।ਇਸ ਤਰਾਂ ਉਨ੍ਹਾ ਨਾਲ ਹੋਰ ਕਈ ਸਿੱਖ ਵਲੰਟੀਅਰ ਪੈਦਾ ਹੋ ਗਏ ਜਿਹੜੇ ਜੰਗ ਦੇ ਮੈਦਾਨ ਵਿੱਚ ਫਟੜਾਂ ਦੀ ਸੇਵਾ ਵਿੱਚ ਰੁਝ ਗਏ ਸੀ, ਇਤਿਹਾਸਿਕ ਲਿਖਤਾਂ ਅਨੁਸਾਰ ਇਹ (ਸੇਵਾਪੰਥੀ ) ਜੱਥਾ ਸਫੇਦ ਰੰਗ ਦੇ ਕਪੜੇ ਪਹਿਣਦਾ ਸੀ ਅਤੇ ਹੱਥ ਵਿੱਚ ਵੀ ਸਫੇਦ ਝੰਡਾ ਹੁੰਦਾ ਸੀ ਤਾਂਕਿ ਇਨ੍ਹਾਂ ਦੀ ਵਖੱਰੀ ਪਹਿਚਾਨ ਰਹੇ।(ਸਿੱਖ ਕੋਮ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਮਾਜ ਭਲਾਈ ਕਾਰਜਾਂ ਵਿੱਚ ਸੱਭ ਤੋਂ ਪਹਿਲਾ ਕੋਹੜੀ ਘਰ ਤਰਨਤਾਰਨ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਕਰਵਾਇਆਂ ਸੀ ਉਪਰਾਂਤ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਇ ਜੀ ਨੇ ਪੰਛੀਆਂ ਲਈ ਆਲ੍ਹਨੇ ਬਣਾਏ ਤੇ ਕੀਰਤਪੁਰ ਸਾਹਿਬ ਵਿੱਚ ਆਯੁਰਵੈਦਿਕ ਜੜੀ ਬੁਟੀਆਂ ਦਾ ਬਾਗ ਬਣਾਇਆਂ ਜਿਸ ਵਿੱਚੋਂ ਇੱਕ ਖਾਸ ਕਿਸਮ ਦੀ ਹਰੜ ਨਾਲ ਦਾਰਾ ਸ਼ਿਕੋਹ ਦਾ ਰੋਗ ਦੂਰ ਹੋਇਆ ਸੀ ਤੇ ਹੁਣ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨੱਈਆ ਜੀ ਨੂੰ ਮਲ੍ਹਮ-ਡੱਬੀ ਦੇ ਕੇ ਪਾਣੀ ਦੇ ਨਾਲ ਫਟੜਾਂ ਦੀ ਦੇਖਭਾਲ ਕਰਨ ਦੀ ਸੇਵਾ ਸੋਂਪੀ ਸੀ ) ੧੭੦੪ ਦੇ ਅਖੀਰ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਹੁਕਮ ਕੀਤਾ ਕਿ ਹੁਣ ਤੁਸੀਂ ਆਪਣੇ ਪਿੰਡ 'ਕਹਵਾ' ਵਿਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ। ਇਸ ਤਰਾਂ ਭਾਈ ਘਨੱਈਆ ਜੀ ਸੰਗਤਾਂ ਦੀ ਸੇਵਾ ਕਰਦਿਆਂ ਕੀਰਤਨ ਵਿਚ ਲੀਨ ਰਹਿੰਦੇ। ਧਰਮਸ਼ਾਲ ਵਿੱਚ ਕੋਈ ਵੀ ਆਉਂਦਾ ਭਾਈ ਜੀ ਸਭਨਾਂ ਦੀ ਸਮਦ੍ਰਿਸ਼ਟੀ ਨਾਲ ਸੇਵਾ ਕਰਦੇ। ਜਰਨੈਲੀ ਸੜਕ ਤੇ ਧਰਮਸਾਲ ਹੋਣ ਕਰਕੇ ਆਵਾਜਾਈ ਲੱਗੀ ਰਹਿੰਦੀ ਸੀ। ਹਰ ਸਾਲ ਦੀ ਤਰਾਂ ਇੱਕ ਪਠਾਨ ਸੋਦਾਗਰ ਨੂਰੀ ਸ਼ਾਹ ਸੋਦਾਗਰੀ ਲਈ ਉੱਥੋ ਦੀ ਲੰਘਿਆਂ। ਧਰਮਸ਼ਾਲ ਦੀ ਚਹਿਲ-ਪਹਿਲ ਵੇਖ ਉਸ ਨੇ ਸੜਕ ਤੋਂ ਲੰਘੇ ਜਾਂਦੇ ਰਾਹਗੀਰ ਤੋਂ ਇਸ ਸਥਾਨ ਬਾਰੇ ਪੁਛਿਆ। ਉਸ ਰਾਹਗੀਰ ਨੇ ਬੜੇ ਪਿਆਰ ਨਾਲ ਕਿਹਾ,'ਹੇ ਖਾਨ ਜੀ, ਇੱਥੇ ਖੁਦਾ ਦਾ ਪਿਆਰਾ ਆ ਕੇ ਠਹਿਰਿਆਂ ਹੋਇਆ ਹੈ ਅਤੇ ਉਸ ਨੇ ਹਰਇੱਕ ਰਾਹਗੀਰ ਲਈ ਬਿਨਾਂ ਕਿਸੇ ਭੇਦਭਾਵ ਦੇ ਲੰਗਰ-ਪਾਣੀ, ਬਿਸਤਰਾ ਮੁਹੱਈਆਂ ਕਰਵਾਇਆਂ ਹੈ। ਭਾਈ ਘਨੱਈਆਂ ਜੀ ਦੀ ਮਹਿਮਾ ਸੁਣ ਨੂਰੀ ਸ਼ਾਹ ਸੋਦਾਗਰ ਦੇ ਮਨ ਵਿੱਚ ਐਸੇ ਪਰਉਪਕਾਰੀ ਮਹਾਪੁਰਸ਼ ਦੇ ਦਰਸ਼ਨ ਕਰਨ ਦਾ ਚਾਉ ਪੈਦਾ ਹੋਇਆ ਅਤੇ ਧਰਮਸਾਲ ਦੇ ਅੰਦਰ ਚਲਾ ਗਿਆ। ਧਰਮਸਾਲ ਵਿੱਚ ਜਾਕੇ ਵੇਖਦਾ ਹੈ ਕਿ ਜਿੱਥੇ ਕੱਦੇ ਪੀਣ ਨੂੰ ਪਾਣੀ ਨਸੀਬ ਨਹੀ ਹੁੰਦਾ ਸੀ ਉੱਥੇ ਅੱਜ ਪਾਣੀ ਦੀਆਂ ਲਹਿਰਾਂ ਹਨ, ਰੋਟੀਆਂ ਖਾਣ ਨੂੰ ਮਿਲ ਰਹੀਆਂ ਹਨ, ਤੇ ਹਰ ਤਰਾਂ ਦਾ ਸੁੱਖ ਆਰਾਮ ਮਿਲ ਰਿਹਾ ਹੈ। ਬਾਹਰ ਅਪਣਾ ਤੰਬੂ ਲਗਾ ਸੇਵਾ ਵਿੱਚ ਜੁਟ ਗਿਆ ਤੇ ਮਨ ਵਿੱਚ ਧੀਰਜ ਕੀਤਾ। ਪ੍ਰਮਾਤਮਾ ਪ੍ਰਤਿ ਪ੍ਰੇਮ ਜਾਗਿਆ ਤੇ ਮਨ ਵਿੱਚ ਫੁਰਨਾ ਬਣਾਇਆਂ ਕਿ ਮਾਲ ਅਸਬਾਬ ਵੇਚ ਆਵਾਂ ਤਾਂ ਵਾਪਸੀ ਤੇ ਅਲ੍ਹਾਂ ਦੇ ਪਿਆਰੇ ਦੀ ਸੇਵਾ ਕਰਾਗਾਂ। ਇਸ ਤਰਾਂ ਨੂਰੀ ਸ਼ਾਹ ਅਗੱਲੇ ਦਿਨ ਅਪਣੇ ਪੜਾਅ ਨੂੰ ਰਵਾਨਾ ਹੋ ਗਿਆ।ਵਾਪਸੀ ਆਉਂਦੇ ਨੂਰੀ ਸ਼ਾਹ ਨੂੰ ਇੱਕ ਪਾਰਸ ਦੀ ਗਿੱਟੀ ਮਿਲੀ ਤੇ ਮਨ ਵਿੱਚ ਸੰਕਲਪ ਲਿਆ ਕਿ ਰਾਹ ਜਾਂਦੇ 'ਕਹਵੇ' ਧਰਮਸਾਲ ਦੇ ਮੁੱਖੀ ਨੂੰ ਇਹ ਭੇਟਾਂ ਕਰਾਂਗਾ ਤਾਂਕਿ ਉਹ ਸਾਂਈ ਲੋਕ ਰਾਹਗੀਰਾਂ ਦੀ ਹੋਰ ਵੱਧੀਆਂ ਢੰਗ ਨਾਲ ਸੇਵਾ ਕਰ ਸਕਣ। ਅਜਿਹੀ ਵਿਚਾਰਾਂ ਕਰਦਾ ਨੂਰੀ ਸ਼ਾਹ ਪਠਾਨ ਜਦੋਂ ਧਰਮਸਾਲ ਪਾਸ ਪੁੱਜਾ ਤਾਂ ਉਸ ਸਮੇਂ ਭਾਈ ਘਨੱਈਆ ਜੀ ਨਿਤਾਪ੍ਰਤੀ ਦੀ ਤਰਾਂ ਨਦੀ ਤੇ ਪਾਣੀ ਦੇ ਘੜੇ ਭਰਣ ਗਏ ਹੋਇ ਸੀ। ਪਤਾ ਲਗੱਣ ਤੇ ਪਠਾਨ ਨੂਰੀ ਸ਼ਾਹ ਭਾਈ ਜੀ ਦੇ ਮਗਰ ਨਦੀ ਤੇ ਹੀ ਚਲਾ ਗਿਆ। ਜਾਕੇ ਨਮਸਕਾਰ ਕੀਤੀ ਤੇ ਪਾਰਸ ਭੇਟ ਕਰ ਬੇਨਤੀ ਕੀਤੀ ਕਿ ਇਹ ਮੈਂ ਆਪ ਜੀ ਲਈ ਲੈ ਕੇ ਆਇਆਂ ਹਾਂ, ਇਸ ਨੂੰ ਪ੍ਰਵਾਨ ਕਰੋ। ਭਾਈ ਘਨੱਈਆ ਜੀ ਨੇ ਕਿਹਾ, ਭਗਤਾਂ ਇਹ ਪਥੱਰ ਮੇਰੇ ਕਿਸ ਕੰਮ, ਅਸੀ ਇਸ ਦਾ ਕੀ ਕਰਨਾ ਹੈ। ਤਾਂ ਨੂਰੀ ਨੇ ਕਿਹਾ, ਹੇ ਫਕੀਰ ਜੀ, ਇਹ ਆਮ ਪਥੱਰ ਨਹੀ, ਪਾਰਸ ਹੈ, ਇਸ ਨੂੰ ਵਰਤ ਕੇ ਤੁਸੀ ਲੋਕਾਂ ਲਈ ਲੰਗਰ ਇਤਿਆਦਿ ਦੀ ਹੋਰ ਵੱਧੀਆਂ ਸੇਵਾ ਕਰ ਸਕਦੇ ਹੋ। ਭਾਈ ਸਾਹਿਬ ਜੀ ਨੇ ਕਿਹਾ ਕਿ, ਲੰਗਰ ਤਾਂ ਖੁਦਾ ਦਾ ਅਪਣਾ ਹੈ, ਖੁਦਾ ਕੇ ਪਿਆਰਿਆ ਦੀ ਸੇਵਾ ਉਹ ਪ੍ਰਭੂ ਆਪ ਹੀ ਉਦੱਮ ਦੇਕੇ ਕਰਵਾ ਲੈਂਦਾ ਹੈ, ਇਸ ਲਈ ਤੂੰ ਲੰਗਰ ਦੀ ਫਿਕਰ ਨਾ ਕਰ। ਪਰ ਨੂਰੀ ਸ਼ਾਹ ਪਠਾਨ ਭਾਈ ਘਨੱਈਆ ਜੀ ਨੂੰ ਇਹ ਪਾਰਸ ਭੇਟ ਕਰਨਾ ਚਾਹੁੰਦਾ ਸੀ, ਜਿਆਦਾ ਕਹਿਣ ਤੇ ਭਾਈ ਘਨੱਈਆ ਜੀ ਨੇ ਫਿਰ ਨੂਰੀ ਸ਼ਾਹ ਨੂੰ ਪੁਛਿਆ ਕਿ, ਇਸ ਪਥੱਰ ਹੁਣ ਮੇਰਾ ਹੈ, ਹਾਂ ਜੀ, ਇਹ ਪਾਰਸ ਆਪ ਜੀ ਦਾ ਹੀ ਹੈ। ਇਤਨਾਂ ਸੁਣ ਭਾਈ ਜੀ ਨੇ ਉਹ ਪਾਰਸ ਨਦੀ ਵਿੱਚ ਸੁੱਟ ਦਿਤਾ। ਇਹ ਕੋਤਕ ਵੇਖ ਪਠਾਨ ਧੀਰਜ ਛੱਡ ਬੈਠਾ ਤੇ ਬੜੀ ਅਧੀਨਗੀ ਵਿੱਚ ਕਹਿਨ ਲਗਾ ਕਿ ਹੇ ਫਕੀਰ ਜੀ, ਜੇ ਤੁਸੀ ਨਹੀ ਰਖਣਾ ਸੀ ਤਾਂ ਇਸ ਨੂੰ ਨਦੀ ਵਿੱਚ ਤਾਂ ਨਾ ਸੁਟੱਦੇ, ਇਹ ਬਹੁਮੁੱਲਾ ਪਾਰਸ ਨਾ ਤੁਹਾਡੇ ਕੰਮ ਆਇਆ ਅਤੇ ਨਾਹੀ ਮੇਰੇ ਕਿਸੇ ਕੰਮ ਆਇਆ ਹੈ ਅਤੇ ਮਨ ਵਿੱਚ ਸੰਕਲਪ ਲਿਆ ਕਿ ਇਸ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ, ਭਾਈ ਘਨੱਈਆਂ ਜੀ ਨੇ ਪਠਾਨ ਨੂਰੀਸ਼ਾਹ ਨੂੰ ਸੰਬੋਧਿਤ ਹੋਕੇ ਕਿਹਾ ਕਿ ਅਸੀ ਤਾਂ ਖੁਦਾ ਦੀ ਚੀਜ ਖੁਦਾ ਪਾਸ ਪਹੁੰਚਾ ਦਿਤੀ ਹੈ ਪਰ ਫਿਰ ਵੀ ਜੇ ਤੈਨੂੰ ਇਤਨਾ ਭਰਮ ਲਗਾ ਹੈ ਤਾਂ ਜਾਹ ਨਦੀ ਵਿਚੋਂ ਅਪਨਾ ਪਾਰਸ ਕੱਢ ਲਿਆ। ਜੱਦ ਪਠਾਨ ਨੇ ਨਦੀ ਵੱਲ ਝਾਤੀ ਮਾਰੀ ਤਾਂ ਉਸ ਕੀ ਵੇਖਿਆ ਕਿ ਨਦੀ ਵਿੱਚ ਪਾਰਸ ਦੇ ਢੇਰ ਪਏ ਸਨ, ਇਹ ਅਸਚਰਜਤਾ ਵੇਖ ਪਠਾਨ ਨੂਰੀ ਸ਼ਾਹ ਭਾਈ ਘਨੱਈਆ ਜੀ ਦੇ ਚਰਣਾਂ ਵਿੱਚ ਢਹਿ ਪਿਆ ਤੇ ਬੇਨਤੀ ਕੀਤੀ, ਹੇ ਖੁਦਾ ਦੇ ਬੰਦੇ, ਰਹਿਮ ਕਰ ਅਤੇ ਮੈਨੂੰ ਬਖਸ਼, ਮੈਨੂੰ ਅਪਣੇ ਚਰਣਾਂ ਦਾ ਭੋਰਾਂ ਬਣਾ ਲਵੋ, ਇਸ ਮਾਇਆ ਦੇ ਧੰਧਿਆਂ ਤੋਂ ਛੁਟਕਾਰਾ ਦਿਵਾਉ ਜੀ। (ਸੰਤ ਰਤਨਮਾਲਾ ਦੇ ਕਰਤਾ ਅਨੁਸਾਰ ਪਠਾਨ ਨੂਰੀਸ਼ਾਹ ਨੇ ਅਪਣਾ ਸੱਭ ਕੁਝ ਲੋੜਵੰਦਾਂ ਵਿੱਚ ਵੰਡ ਦਿਤਾ ਅਤੇ ਆਪ ਭਾਈ ਘਨੱਈਆ ਜੀ ਪਾਸ ਧਰਮਸਾਲ ਦੀ ਸੇਵਾ ਵਿੱਚ ਜੁਟ ਗਿਆ। ਨੂਰੀ ਨਿਹਾਲ ਨਾਮ ਦੇ ਇਸ ਪਠਾਨ ਦੀ ਧਰਮਸਾਲ ਹੁਣ ਵੀ 'ਕਹਵੇ' ਮੋਜੁਦ ਹੈ)
ਇੱਕ ਦਿਨ ਭਾਈ ਘਨੱਈਆ ਜੀ ਨੂੰ ਜਗਿਆਸੂ ਨੇ ਪੁਛਿੱਆ ਪਰਮ ਜੋਤ ਪਰਮਾਤਮਾ ਦੀ ਸਿਫਤ ਸਾਲਾਹ ਕਰਨ ਦਾ ਸਹੀ ਸਮਾਂ ਕੀ ਹੈ। ਸਹਿਜ ਅਵਸਥਾ ਵਿਚ ਵਿਚਰਨ ਵਾਲੇ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਨੇ ਜਗਿਆਸੁ ਨੂੰ ਸਿਮਰਨ ਬਾਰੇ ਸਮਝਾਇਆ ਕਿ ਅਸਲ ਵਿੱਚ ਸਿਮਰਨ ਦਾ ਭਾਵ ਯਾਦ, ਚੇਤਾ ਹੈ ਅਤੇ ਮਨੁੱਖ ਦੀ ਹੋਰਨਾਂ ਸ਼ਕਤੀਆ ਦੇ ਨਾਲ ਯਾਦ ਸ਼ਕਤੀ ਪ੍ਰਬਲ ਮੰਨੀ ਜਾਂਦੀ ਹੈ। ਯਾਦ ਸ਼ਕਤੀ ਨਾਲ ਮਨੁੱਖ ਅਪਣੇ ਬੀਤ ਚੁਕੇ ਕੰਮਾਂ ਦੇ ਆਧਾਰ ਤੇ ਚੰਗੇ ਅਤੇ ਮਾੜੇ ਕੰਮਾਂ ਬਾਰੇ ਵੀਚਾਰ ਬਣਾਉਣ ਲਈ ਅਜਾਦ ਹੈ ਜੇਕਰ ਮਨੁੱਖ ਦੇ ਮਨ ਵਿੱਚ ਬੀਤ ਚੁਕੇ ਕੰਮ ਜਿਵੇਂ ਦਇਆ, ਨਿਮਰਤਾ, ਪਰਉਪਕਾਰ, ਸਚਾਈ ਆਦਿਕ ਚੰਗੇ ਗੁਣ ਪੈਦਾ ਹੋਣ ਤਾਂ ਜੀਵਨ ਮਨੋਰਥ ਚੰਗਾ ਬਣਦਾ ਹੈ ਅਤੇ ਜੇਕਰ ਮਨ ਤੇ ਨਫਰਤ, ਦਵੈਤ, ਇਰਖਾ, ਨਿੰਦਾ, ਚੁਗਲੀ ਆਦਿ ਨੂੰ ਚੇਤਾ ਰਖੇ ਤਾਂ ਮਨ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ, ਇਸ ਬਾਬਤ ਬਾਬਾ ਫਰੀਦ ਜੀ ਦਾ ਫੁਰਮਾਨ ਹੈ :-
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵੀਸਾਰ।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥ ੧੩੮੧॥
ਇਸ ਲਈ ਜਿਵੇਂ ਜਿਵੇਂ ਮਨੁੱਖ ਤ੍ਰਿਸ਼ਨਾ ਵੱਲ ਵਧੱਦਾ ਹੈ ਤਿਵੇਂ ਤਿਵੇਂ ਮਨੁਖ ਦਾ ਆਚਰਨ ਨੀਂਵੇ ਪਧੱਰ ਤੇ ਹੋ ਜਾਂਦਾ ਹੈ।ਸਿਮਰਨ ਦੇ ਖੇਤਰ ਵਿੱਚ ਇਹ ਧਿਆਨ ਦੇਣ ਯੋਗ ਗਲ ਹੈ ਕਿ ਜਿਸ ਸ਼ਬਦ ਦਾ ਰਟਨ ਯਾ ਸਿਮਰਨ ਕਰਨਾ ਹੈ ਉਹ ਸ਼ਬਦ ਬਹੁਅਰਥੀ ਨਾ ਹੋਵੇ ਕਿਉਕਿ ਅਭਿਆਸ ਸਮੇਂ ਸੁਰਤ ਟਿਕਾਉਣ ਵੇਲੇ ਇਕਸਾਰਤਾ ਬਣਨ ਦੀ ਸੰਭਾਵਨਾ ਘੱਟ ਹੁੰਦੀ ਹੈ। ਜਿਸ ਤਰਾਂ ਕਿਸੇ ਵੀ ਬੀਤ ਚੁੱਕੀ ਵਾਰਤਾ ਦਸਨਾ ਹੋਵੇ ਤਾਂ ਅਸੀ ਆਮ ਤੋਰ ਤੇ ਬਿਲਕੁਲ ਸ਼ਾਤ ਰਹਿ ਕੇ ਅਪਣੇ ਮਨ ਅਤੇ ਚੇਤਾ ਸ਼ਕਤੀ ਤੇ ਜੋਰ ਪਾਉਂਦੇ ਹਾਂ ਤੇ ਇਸ ਤਰਾਂ ਉਹ ਪੁਰਾਣੀ ਵਾਰਤਾ ਸੁਣਾਉਨ ਦੇ ਸਮਰਥ ਹੋ ਜਾਂਦੇ ਹਾਂ। ਇਸ ਲਈ ਪਰਮਾਤਮਾ ਦੇ ਸਿਮਰਨ ਲਈ ਵੀ ਸਾਡੇ ਮਨ ਨੂੰ ਇਕਾਗਰਤਾ ਤੇ ਸ਼ਾਤ ਸਮਾਂ ਚਾਹੀਦਾ ਹੈ ਅਤੇ ਜਿਹੜੇ ਮਨੁੱਖ ਹਰੀ ਪਰਮਾਤਮਾ ਦੇ ਜਸ ਨੂੰ ਨਹੀ ਸੁਣਦੇ ਭਾਵ ਸਿਫਤ ਸਾਲਾਹ ਨਹੀ ਕਰਦੇ, ਉਹ ਪਸ਼ੂ-ਪੰਛੀ ਤੇ ਤ੍ਰਿਗਦ ਜੋਨ ਤੋਂ ਵੀ ਮਾੜੇ ਹਨ।
ਜੋ ਨ ਸੁਨਹਿ ਜਸੁ ਪਰਮਾਨੰਦਾ। ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ॥ ੧੮੮
ਨਾਮ ਸਿਮਰਨ ਦੇ ਅਭਿਆਸੀ ਨੂੰ ਸੰਸਾਰ ਦੀ ਹਰ ਦਾਤ ਦੇ ਪਿਛੇ ਦਾਤੇ ਦਾ ਰੂਪ ਦੇਖਦੇ ਹੋਇ ਸ਼ੁਕਰਾਨਾ ਕਰਨਾ ਚਾਹੀਦਾ ਹੈ। ਗੁਰਬਾਣੀ ਫੁਰਮਾਨ ਹੈ
'ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥ ਤਿਸ ਠਾਕੁਰ ਕਉ ਰਖੁ ਮਨ ਮਾਹਿ॥
ਅਤੇ ਜਦੋ ਕੋਈ ਮੁਸ਼ਕਲ ਪੈ ਜਾਵੇ ਅਤੇ ਸਾਰਿਆ ਪਾਸੋਂ ਕੋਈ ਹੱਲ ਨ ਲੱਭੇ ਤਾਂ ਉਸ ਪਰਮਾਤਮਾ ਨੂੰ ਚੇਤੇ ਕਰ।
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇਇ॥
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥
ਚਿਤਿ ਆਵੈ ਓਸ ਪਾਰਬ੍ਰਹਮੁ ਲਗੈ ਨ ਤਤੀ ਵਾਉ॥ ਅੰਗ ੭੦
ਸਿਮਰਨ ਅਭਿਆਸ ਦੀ ਆਖਰੀ ਮੰਜਿਲ ਇਹੋ ਹੈ ਕਿ ਜਿਸ ਨੇ ਪ੍ਰਭੂ ਨੂੰ ਸਿਮਰਿਆ ਹੈ ਉਹ ਉਹੋ ਜਿਹਾ ਹੀ ਹੋ ਜਾਂਦਾ ਹੈ।' ਜੈਸਾ ਸੇਵੈ ਤੈਸੋ ਹੋਇ' ਅਤੇ ਸਿਮਰਨ ਅਭਿਆਸੀ ਦੀ ਅਵਸਥਾ ਬਾਰੇ ਅਨੁਮਾਨ ਨਹੀ ਲਾਇਆ ਜਾ ਸਕਦਾ, ਉਸ ਦੀ ਘਾਲ ਕਮਾਈ ਵੇਖਣ ਨਾਲ ਹੀ ਸਮਝ ਪੈਂਦੀ ਹੈ।ਭਗਤ ਕਬੀਰ ਜੀ ਫੁਰਮਾਉਂਦੇ ਹਨ 'ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ' ਸੋ ਤਨ ਦਾ ਸਿਮਰਨ ਹੈ: ਸੰਗਤ ਵਿਚ ਜਾ ਕੇ ਕੀਰਤਨ ਸੁਣਨਾ, ਸੁਣਾਉਣਾ। ਸੰਜਮ ਵਿੱਚ ਵਿਚਰਨਾ, ਸੁਆਦਾਂ ਪਿਛੇ ਨਾ ਜਾਣਾ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹ ਪਛਾਨਹਿ ਸੇਇ॥ ਦੇ ਵਾਕ ਅਨੁਸਾਰ ਕੋ ਕਮਾਉਣਾ, ਜੇਹਾ ਅਪਣੇ ਲਈ ਵਰਤਨਾ ਤੇਹਾ ਦੂਜੇ ਦੀ ਲੋੜ ਪੂਰੀ ਕਰਨ ਲਈ ਲਗਾਉਣਾ।
ਮਨ ਦਾ ਸਿਮਰਨ ਹੈ ; ਜੇ ਤਨ ਰੁਕੇ ਜਾਂ ਆਲਸ ਵਿੱਚ ਆਏ ਤਾਂ ਮਨ ਨੂੰ ਹੱਲਾਸ਼ੇਰੀ ਦੇਕੇ ਤਨ ਨੂੰ ਵਾਹਿਗੁਰੂ ਵੱਲ ਲਗਾਵੈ।ਜਿਂਵੇ ਜੰਗ ਵਿੱਚ ਜੁਝਣ ਸਮੇਂ ਯੋਧਾ ਸਿਰਫ ਲੜਨ ਭਿੜਨ ਦੀ ਸੋਚਦਾ ਹੈ। ਉਹ ਨਿਸ਼ਾਨੇ ਤੋਂ ਚੁਕਿਆ ਨਹੀ ਕਿ ਮਰਿਆ ਨਹੀ, ਇਸੇ ਤਰਾਂ ਸੰਸਾਰਵਿੱਚ ਵਿਚਰ ਕੇ ਮਨ ਨੂੰ ਪਰਮਾਤਮਾ ਵਲੋਂ ਚੂਕਣ ਨਾ ਦੇਵੇ।ਸਫਲ ਮਨੁੱਖ ਉਹੀ ਹੀ ਹੈ ਜਿਸ ਤਨ, ਮਨ, ਧਨ ਨਾਲ ਸਿਮਰਨ ਕੀਤਾ ਹੈ।
ਇੱਕ ਵਾਰ ਦੀ ਵਾਰਤਾ ਹੈ ਕਿ ਇੱਕ ਅਮੀਰਜਾਦੇ ਨੇ ਖੂਹ ਪੁਟਵਾਉਣ ਲਈ ਸਾਰਾ ਖਰਚਾ ਦੇਣਾ ਚਾਹਿਆ ਤਾਂ ਭਾਈ ਘਨੱਈਆ ਜੀ ਨੇ ਰੁਪਿਆ ਲੈਣ ਤੋਂ ਇਨਕਾਰ ਕਰਦੇ ਉਸ ਹੰਕਾਰੀ ਨੂੰ ਕਿਹਾ ਕਿ 'ਜੇ ਤੇਰੇ ਕੋਲੋਂ ਰੁਪਿਆ ਲੈ ਕੇ ਖੂਹ ਲਗਵਾ ਲਿਆ ਤਾਂ ਤੂੰ ਸਾਰਿਆਂ ਨੂੰ ਰੋਜ਼ ਕਹਿੰਦਾ ਫਿਰੇਂਗਾ ਕਿ ਮੇਰੇ ਧਨ ਨਾਲ ਇਹ ਖੂਹ ਬਣਿਆ ਹੈ। ਦਾਨ ਅਹੰਕਾਰ ਦਾ ਮੂਲ ਬਣ ਗਿਆ। ਜਦ ਮੈ ਜਾਣਦਾ ਹਾਂ ਕਿ ਤੇਰਾ ਅਹੰਕਾਰ ਹੋਰ ਵਧੱਣਾ ਹੈ ਤਾਂ ਤੇਰੀ ਰਕਮ ਕਿਉ ਲਵਾਂ। ਨਾਲ ਹੀ ਭਾਈ ਸਾਹਿਬ ਜੀ ਨੇ ਬਾਦਸ਼ਾਹ ਅਕਬਰ ਦੀ ਵਾਰਤਾ ਜੋਕਿ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਦਰਬਾਰ ਵਿੱਚ ਆਇਆ ਸੀ ਤੇ ਲੰਗਰ ਲਈ ਜਗੀਰ ਲਗਵਾਉਣਾਂ ਚਾਹੁੰਦਾ ਸੀ, ਪਰ ਗੁਰੂ ਸਾਹਿਬਾਂ ਨੇ ਉਸ ਨੂੰ ਮਨਾਂ ਕਰ ਦਿੱਤਾ ਸੀ ਤੇ ਕਿਹਾ ਸੀ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਇੱਕ ਦੀ ਸੇਵਾ ਮੰਜੂਰ ਨਹੀ ਹੁੰਦੀ ਸਗੋਂ ਸਾਰੇ ਕਿਰਤੀ ਮਨੁਖਾਂ ਦੀ ਸੇਵਾ ਥਾਂਇ ਪੈਂਦੀ ਹੈ। ਇਲਾਕੇ ਦੇ ਲੋਕ ਭਾਈ ਘਨੱਈਆਂ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਚੁੱਕੇ ਸਨ ਅਤੇ ਅਲ੍ਹਾ ਦਾ ਪਿਆਰਾ ਹੋਣ ਕਰਕੇ ਸਾਰੇ ਧਰਮਾਂ ਦੇ ਲੋਕ ਸਤਿਕਾਰ ਦਿੰਦੇ ਸਨ ਅਤੇ ਅਪਣੇ ਘਰਾਂ ਵਿੱਚ ਧਰਮਸਾਲ ਦੇ ਸੰਗੀਆਂ ਨੂੰ ਜਲ-ਪ੍ਰਸ਼ਾਦਾ ਛਕਾਉਣਾ ਅਪਣੇ ਧੰਨਭਾਗ ਸਮਝਦੇ ਸਨ। ਪਰ ਭਾਈ ਘਨੱਈਆ ਜੀ ਦਾ ਇੱਕ ਨੇਮ ਸੀ ਕਿ ਉਹ ਜਿਸ ਘਰ ਵਿੱਚ ਪ੍ਰਸ਼ਾਦਾ ਛਕਣ ਜਾਂਦੇ ਸੀ, ਤਾਂ ਉੱਥੇ ਪਹਿਲਾਂ ਸਤਿਸੰਗਤ ਕਰਦੇ ਸੀ ਅਤੇ ਬਾਅਦ ਵਿੱਚ ਲੰਗਰ ਪਾਣੀ ਛਕੱਦੇ ਸੀ। ਇੱਕ ਦਿਨ ਭਾਈ ਸਾਹਿਬ ਜੀ ਸੋਧਰੇ ਪਿੰਡ ਦੇ ਕਿਸੇ ਜਗੀਰਦਾਰ ਦੇ ਘਰ ਕਥਾ ਕੀਰਤਨ ਸਤਿਸੰਗਤ ਦੀ ਵਾਰੀ ਸੀ, ਜਦੋਂ ਭਾਈ ਘਨੱਈਆ ਜੀ ਉਸ ਜਗੀਰਦਾਰ ਦੇ ਘਰ ਗਏ ਤਾਂ ਅੱਗੇ ਡਿਉਢੀ ਵਿੱਚ ਇੱਕ ਸਾਧੂ ਨੂੰ ਬੇੜੀ ਪਾਈ ਦੇਖਿਆ ਤਾਂ ਜਗੀਰਦਾਰ ਤੋਂ ਇਸ ਦਾ ਕਾਰਣ ਪੁਛਿਆਂ। ਤਾਂ ਜਗੀਰਦਾਰ ਨੇ ਦਸਿਆਂ ਕਿ ਇੱਕ ਪਖੰਡੀ ਸਾਧੂ ਬਾਹਰ ਬਾਗ ਵਿੱਚ ਆਇਆ ਹੋਇਆ ਸੀ ਜੋਕਿ ਲੋਕਾਂ ਨੂੰ ਭਰਮਾ ਰਿਹਾ ਸੀ ਕਿ ਉਸ ਕੋਲ ਅਜੇਹੀ ਕਲਾ ਹੈ ਕਿ ਉਹ ਚਾਂਦੀ ਤੋਂ ਸੋਨਾ ਬਣਾ ਸਕਦਾ ਹੈ । ਬਹੁਤੇ ਭੋਲੇ ਭਾਲੇ ਲੋਕ ਉਸ ਦੇ ਆਲੇ ਦੁਆਲੇ ਇੱਕਠੇ ਹੋ ਗਏ ਅਤੇ ਕਈਆਂ ਨੇ ਅਪਣੇ ਚਾਂਦੀ ਦੇ ਗਹਿਨੇ ਅਤੇ ਹੋਰ ਸਮਾਨ ਉਸ ਪਾਖੰਡੀ ਸਾਧ ਅੱਗੇ ਰੱਖ ਦਿਤਾ। ਇਹ ਉਸ ਸਾਧ ਦਾ ਚੇਲਾ ਹੈ , ਸਾਧ ਸਾਰਾ ਸਾਮਾਨ ਲੈਕੇ ਨੱਸ ਗਿਆ ਹੈ ਅਤੇ ਇਸ ਨੂੰ ਅਪਣਾ ਚੇਲਾ ਦਸਦਾ ਸੀ, ਲੋਕਾਂ ਨੇ ਇਸ ਨੂੰ ਫੜ ਕੇ ਇੱਥੇ ਲੈ ਆਉਂਦਾ ਹੈ ਕਿ ਜੱਦ ਤੱਕ ਇਸ ਦਾ ਦੂਜਾ ਸਾਥੀ ਨਹੀ ਆਉਂਦਾ ਤੱਦ ਤੱਕ ਇਹ ਇੱਥੇ ਹੀ ਨਜ਼ਰਬੰਦ ਰਹੇਗਾ। ਬਾਈ ਘਨੱਈਆ ਜੀ ਨੇ ਜਗੀਰਦਾਰ ਨੂੰ ਪੁਛਿਆ ਕਿ ਕਿਸੇ ਨੇ ਇਸ ਨੂੰ ਉਸ ਪਖੰਡੀ ਨਾਲ ਦੇਖਿਆ ਹੈ, ਜਦੋਂ ਸੱਭਨੇ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਭਾਈ ਸਾਹਿਬ ਜੀ ਨੇ ਉਸ ਦੀਆਂ ਬੇੜੀਆਂ ਖੁਲ ਕੇ ਲਿਆਉਣ ਲਈ ਕਿਹਾ। ਬਾਈ ਸੇਵਾ ਰਾਮ ਦੀਆਂ ਬੇੜੀਆਂ ਖੋਲ ਦਿਤੀਆਂ ਤੇ ਭਾਈ ਘਨੱਈਆ ਜੀ ਪਾਸ ਲੈ ਆਏ।ਭਾਈ ਘਨੱਈਆ ਜੀ ਨੇ ਉਸ ਨੂੰ ਪੁਛਿਆ ਕਿ ਉਹ ਕੋਣ ਹੈ ਅਤੇ ਕਿਸ ਮਕਸਦ ਲਈ ਕਿਥੋਂ ਆਇਆਂ ਹੈ। ਭਾਈ ਸੇਵਾ ਰਾਮ ਨੇ ਦਸਿਆਂ ਕਿ ਉਹ ਲੰਮੇ ਦੇਸ਼ ਦਾ ਹੈ ਤੇ ਵਿਰਕਤ ਹੋਕੇ ਸੱਚੇ ਸਾਧੂ ਦੀ ਭਾਲ ਵਿੱਚ ਇਸ ਇਲਾਕੇ ਵਿੱਚ ਆ ਗਿਆ ਹੈ ਅਤੇ ਥਕਾਵਟ ਹੋਣ ਕਰਕੇ ਬਾਗ ਵਿੱਚ ਆਰਾਮ ਲਈ ਰੁਕਿਆ ਸੀ ਕਿ ਇਤਨੀ ਦੇਰ ਵਿੱਚ ਲੋਕਾਂ ਨੇ ਮੈਨੂੰ ਫੜ ਇੱਥੇ ਲੈ ਆਂਦਾ ਹੈ, ਮੈਂ ਕਿਸੇ ਵੀ ਸਾਧੂ ਬਾਰੇ ਕੁੱਝ ਨਹੀ ਜਾਣਦਾ। ਜਦੋ ਭਾਈ ਘਨੱਈਆ ਜੀ ਨੇ ਸਾਰੀ ਵਾਰਤਾ ਸੁਣੀ ਤਾਂ ਜਗੀਰਦਾਰ ਨੂੰ ਕਿਹਾ ਕਿ ਇਸ ਨੂੰ ਮੇਰੀ ਜਾਮਨੀ ਤੇ ਛੱਡ ਦੇਉ ਇਹ ਭਲਾ ਲੋਕ ਹੈ ਤੇ ਬੇਕਸੁਰ ਹੈ। ਇਸ ਤਰਾਂ ਭਾਈ ਸੇਵਾ ਰਾਮ ਦੇ ਮਨ ਵਿੱਚ ਤੜਫ ਜਾਗੀ ਕਿ ਜਿਸ ਵਿਰਕਤ ਸਾਧੂ ਨੂੰ ਲੱਭ ਰਿਹਾ ਸੀ ਉਹ ਤਾਂ ਭਾਈ ਘਨੱਈਆ ਜੀ ਤੋਂ ਇਲਾਵਾ ਹੋਰ ਕੋਈ ਨਹੀ ਹੋ ਸਕਦਾ, ਤੇ ਭਾਈ ਘਨੱਈਆ ਜੀ ਦੇ ਸੰਗ ਹੀ ਰਹਿਣ ਲੱਗ ਪਏ। ਜਿਸ ਤਰਾਂ ਭਾਈ ਘਨੱਈਆ ਜੀ ਦਾ ਜੀਵਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨਿੰਨ ਸਿੱਖ ਭਾਈ ਨੰਨੂਆਂ ਜੀ ਦੀ ਸੰਗਤ ਨਾਲ ਬਦਲਿਆ ਸੀ ਇੱਸੇ ਤਰਾਂ ਹੀ ਭਾਈ ਸੇਵਾ ਰਾਮ ਜੀ ਭਾਈ ਘਨੱਈਆ ਜੀ ਦੀ ਸੰਗਤ ਕਰ ਗੁਰੂ ਘਰ ਦੇ ਭੋਰੇ ਬਣ ਗਏ ਅਤੇ ਭਾਈ ਘਨੱਈਆ ਜੀ ਦੇ ਅੰਗ ਸੰਗ ਹੀ ਰਹਿਣ ਲੱਗ ਪਏ।
ਇੱਕ ਵਾਰ ਕਥਾ ਵਾਰਤਾ ਕਰਦੇ ਭਾਈ ਘਨੱਈਆ ਜੀ ਮੂਰਤੀ ਪੂਜਾ ਪ੍ਰਥਾਇ ਸੰਗਤਾ ਨੂੰ ਗੁਰਮਤ ਦ੍ਰਿਵ ਕਰਵਾ ਰਹੇ ਸਨ ਕਿ '
ਘਰ ਮਹਿ ਠਾਕੁਰ ਨਦਰ ਨ ਆਵੈ ਗਲ ਮਹਿ ਪਾਹਣ ਲੇ ਲਟਕਾਵੈ॥
ਭਰਮੇ ਭੂਲਾ ਸਾਕਤ ਫਿਰਤਾ ਨੀਚ ਬਿਰੋਲੈ ਖਪ ਖਪ ਮਰਤਾ॥
ਜਿਸ ਪਾਹਨ ਕਉ ਠਾਕੁਰ ਕਹਿਤਾ ਓਹ ਪਾਹਣ ਲੈ ਉਸ ਕਉ ਡੁਬਤਾ॥
………………………………………………………………
ਜੋ ਪਾਥਰ ਕਉ ਕਹਿਤੇ ਦੇਵ ਤਾਂਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ ਤਿਸ ਕੀ ਘਾਲ ਅਜਾਈ ਜਾਇ॥
ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕਉ ਪ੍ਰਭੁ ਦਾਨ ਦੇਤਾ॥
ਜਦ ਅਜਿਹੇ ਸ਼ਬਦ ਸੁਣੇ ਤਾਂ ਇੱਕ ਜਗਿਆਸੂ ਨੇ ਸਵਾਲ ਕੀਤਾ ਕਿ ਜਿਸ ਤਰਾਂ ਆਪ ਜੀ ਕਹਿੰਦੇ ਹੋ ਕਿ ਪਥੱਰਾਂ ਜਾਂ ਮੁਰਤੀਆ ਨੂੰ ਮੱਥੇ ਟੇਕਣਾ ਬੁੱਤ ਪ੍ਰਸਤੀ ਹੈ ਤਾਂ ਫਿਰ ਗੁਰੂ ਗਰੰਥ ਸਾਹਿਬ ਜੀ ਅੱਗੇ ਮੱਥਾਂ ਟੇਕਣਾ ਵੀ ਤਾਂ ਬੁੱਤ ਪ੍ਰਸਤੀ ਹੋਈ ਜਰਾਂ ਇਸ ਭੇਦ ਨੂੰ ਵਿਸਥਾਰ ਨਾਲ ਖੋਲ ਕੇ ਸਮਝਾਉ ਜੀ। ਭਾਈ ਘਨੱਈਆ ਜੀ ਨੇ ਸਮਝਾਇਆ ਕਿ, ਜੇਕਰ ਗੁਰੁ ਗਰੰਥ ਸਾਹਿਬ ਜੀ ਨੂੰ ਮੱਥਾਂ ਟੇਕਣ ਵਾਲਾ ਸ਼ਬਦ ਦੇ ਰਸਤੇ ਤੇ ਨਹੀ ਟੁਰਦਾ ਤਾਂ ਉਹ ਬੁੱਤ ਪ੍ਰਸਤੀ ਹੀ ਕਹਾਵੇਗੀ। ਉਨ੍ਹਾਂ ਸਿੱਧ ਗੋਸਟਿ ਬਾਣੀ ਵਿੱਚੋਂ ਸਿੱਧਾ ਤੇ ਜੋਗੀਆਂ ਦੀ ਵਾਰਤਾ ਨੂੰ ਗੁਰਬਾਣੀ ਫੁਰਮਾਨ ਰਾਹੀ ਸਮਝਾਇਆਂ ਕਿ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੇ ਪੁੱਜੇ ਤਾਂ ਜੋਗੀਆ ਨੇ ਗੁਰੂ ਨਾਨਕ ਦੇਵ ਜੀ ਨੂੰ ਪੁਛਿਆ ਕਿ ਤੇਰਾ ਗੁਰੂ ਕੋਣ ਹੈ ਅਤੇ ਤੂੰ ਕਿਸ ਦਾ ਚੇਲਾ ਹੈ ਤਾਂ ਗੁਰੂ ਸਾਹਿਬਾਂ ਨੇ ਉਤੱਰ ਦਿਤਾ ਕਿ ਮੇਰਾ ਗੁਰੂ ਅਨਾਹਦ ਭਾਵ ਸ਼ਬਦ ਹੈ ਅਤੇ ਸੂਰਤ (ਮਨ ਦਾ ਟਿਕਾਉ ) ਇਸ ਦਾ ਚੇਲਾ ਹੈ।
'ਤੇਰਾ ਕਵਣੁ ਗੁਰੂ ਜਿਸ ਕਾ ਤੂੰ ਚੇਲਾ, ਸਬਦ ਗੁਰੂ ਸੂਰਤ ਧੁਨਿ ਚੇਲਾ' ੯੮੩।
ਇੱਕ ਵਾਰ ਭਾਈ ਘਨੱਈਆ ਜੀ ਕਿਸੇ ਜਗਿਆਸੂ ਦੇ ਘਰ ਦੀਵਾਨ ਦੀ ਸਮਾਪਤੀ ਉਪਰਾਂਤ ਲੰਗਰ ਛੱਕ ਰਹੇ ਸੀ ਤਾਂ ਘਰ ਦੇ ਮਾਲਿਕ ਨੇ ਬੇਨਤੀ ਕੀਤੀ ਕਿ ਮੇਰੀ ਮਨੋਕਾਮਨਾ ਪੂਰਨ ਹੋ ਜਾਏ ਅਜੇਹੀ ਅਰਦਾਸ ਕਰੋ ਤਾਂ ਭਾਈ ਘਨੱਈਆ ਜੀ ਨੇ ਕਿਹਾ ਕਿ 'ਲੋਗਨ ਰਾਮ ਖਿਲੋਣਾ ਜਾਣਾ' ਭਲੇ ਲੋਕ, ਜੇਕਰ ਤੇਰੀ ਮਨੋਕਾਮਨਾ ਵਾਸ਼ਨਾ ਵਾਲੀ ਹੈ ਤਾਂ ਉਹ ਪਾਪ ਬਣ ਜਾਵੇਗੀ, ਜੇ ਪੂਰੀ ਨਾ ਹੋਈ ਤਾਂ ਤੇਰਾ ਨਿਸ਼ਚਾ ਟੁਟੇਗਾ ਅਤੇ ਵਾਹਿਗੁਰੂ ਦੇ ਜਨਾਂ ਤੇ ਤੂੰ ਗੁੱਸਾ ਕਰੇਂਗਾ, ਸੋ ਪ੍ਰਸ਼ਾਦ ਛੱਕ ਕੇ ਲੈਣ-ਦੇਣ ਕਰਣਾ ਤਾਂ ਸੌਦਾ ਹੋ ਗਿਆ, ਗੁਰਮਤਿ ਵਿੱਚ ਇਹ ਸੋਦੇਬਾਜੀ ਪ੍ਰਵਾਨ ਨਹੀ।
ਗੁਰਮਤਿ ਕਉ ਸਉਦਾ ਮਨ ਮਾਨਾ॥ ਕੁਛ ਦੇ ਕੇ ਵਹੁ ਲੇਨੀ ਜਾਨਾ॥
ਸੋ ਤੋ ਗੁਰਮਤਿ ਦਾਤ ਖਸਮ ਕੀ। ਦੇਣ ਲੇਣ ਯਹ ਬਾਤ ਰਸਮ ਕੀ ॥
ਰੀਤ, ਰਸਮ ਸਿਉ ਗੁਰਮਤਿ ਪਰੇ। ਮਨ ਮਹਿ ਜਾਨਹੁ ਸੋ ਜਨ ਕਰੇ॥
ਧਰਮਸ਼ਾਲ ਵਿੱਚ ਸਵੇਰ ਸ਼ਾਮ ਦੇ ਦੀਵਾਨ ਸਮੇ ਹਰਿ ਜਸ ਕੀਰਤਨ ਨਿਤਾਪ੍ਰਤੀ ਹੁੰਦਾ ਸੀ, ਇੱਕ ਦਿਨ ਭਾਈ ਘਨੱਈਆ ਜੀ ਨੇ ਅਪਣਾ ਅੰਤਿਮ ਸਮਾਂ ਨੇੜੇ ਜਾਣਕੇ ਸ਼ਾਮ ਦੇ ਦੀਵਾਨਾ ਵਿੱਚ ਹਾਜਰੀ ਭਰਨ ਸਮੇਂ ਦੀਵਾਰ ਦੀ ਢਾਢਸ ਲਾ ਲਈ ਤੇ ਨਿਰਬਾਨ ਕੀਰਤਨ ਵਿੱਚ ਜੁੜ ਗਏ। ਆਮਤੋਰ ਤੇ ਰਾਤ ਦੇ ਦੀਵਾਨ ਦੀ ਸਮਾਪਤੀ ਭਾਈ ਘਨੱਈਆ ਜੀ ਦੇ ਇਸ਼ਾਰੇ ਨਾਲ ਹੁੰਦੀ ਸੀ ਪਰ ਅਕਾਲ ਚਲਾਨੇ ਵਾਲੇ ਦਿਨ ਸਾਰੀ ਰਾਤ ਨਿਰਬਾਨ ਕੀਰਤਨ ਹੁੰਦਾ ਰਿਹਾ ਤੇ ਸਵੇਰੇ ਸੂਰਜ ਦੀ ਟਿੱਕੀ ਵੀ ਚੜ ਆਈ ਸੀ, ਪਰ ਆਪ ਜੀ ਵਲੋਂ ਕੋਈ ਇਸ਼ਾਰਾ ਨਹੀ ਸੀ ਹੋਇਆਂ ਤਾਂ ਇੱਕ ਪ੍ਰੇਮੀ ਨੇ ਜੱਦੋ ਨੇੜੇ ਜਾਕੇ ਤੱਕਿਆ ਤਾਂ
'ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੁਆ ਰਾਮ ॥
ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ॥' ੮੪੬॥
ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਦੀ ਪਵਿਤ੍ਰ ਦੇਹ ਨੂੰ ਜਲ ਪ੍ਰਵਾਹ ਕਰ ਦਿਤਾ ਗਿਆ ਸੀ । ਭਾਈ ਸੇਵਾ ਰਾਮ ਜੀ ਨੂੰ ਆਪ ਜੀ ਦੇ ਅਕਾਲ ਚਲਾਣੇ ਦੀ ਖਬਰ ਜਦੋਂ 'ਕਹਵੇ' ਮਿਲੀ ਤਾਂ ਆਪ ਜੀ ਵੈਰਾਗ ਵਿੱਚ ਆ ਗਏ ਤੇ ਤੁੰਬਾ ਫੜ ਕੇ ਸ਼ਬਦ ਗਾਇਨ ਕੀਤਾ
'ਸੇਵਕ ਕੀ ਓੜਕ ਨਿਬਹੀ ਪ੍ਰੀਤਿ॥
ਜੀਵਤ ਸਾਹਿਬ ਸੇਵਿਓ ਅਪੁਣਾ ਚਲਤੇ ਰਾਖਿਓ ਚੀਤਿ॥੧॥ ਰਹਾਉ'
ਇਸ ਤਰਾਂ ਭਾਈ ਘਨੱਈਆ ਜੀ ਪਿੰਡ ਸੋਧਰੇ ਵਿਖੇ ੨੦ ਸਤੰਬਰ, ਸੰਨ ੧੭੧੮ ਈਸਵੀ ਨੂੰ ਲਗਪਗ ੭੦ ਸਾਲ ਦੀ ਉਮਰ ਬਤੀਤ ਕਰਕੇ ਸਤਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਵਲੋਂ ਅਰੰਭੀ ਗਈ ਸੇਵਾ ਨੂੰ ਵਿਸ਼ਵ ਪਧੱਰ ਤੇ ਸੇਵਾਪੰਥੀ ਸੰਪਰਦਾ ਦੇ ਗੁਰਸਿੱਖ ਪਿਆਰੇ, ਸੰਤ, ਮਹਾਪੁਰਸ਼ ਸੀਨਾ ਬਸੀਨਾ ਨਿਭਾ ਰਹੇ ਹਨ ਅਤੇ ਹਰ ਸਾਲ ੨੦ ਸਤੰਬਰ ਨੂੰ ਅਨੰਦਪੁਰ ਸਾਹਿਬ ਵਿੱਖੇ ਭਾਈ ਘਨੱਈਆ ਜੀ ਦੀ ਯਾਦ ਵਿੱਚ ਸਮਾਗਮ ਉਲੀਕੇ ਜਾਂਦੇ ਹਨ।
(ਨੋਟ : ਭਾਈ ਘਨੱਈਆ ਜੀ ਦਾ ੧੭੦੪ ਤੋਂ ੧੭੧੮ ਤੱਕ ਦੇ ੧੪ ਸਾਲ ਦੇ ਸਮੇਂ ਦੌਰਾਨ ਕਿਸ-ਕਿਸ ਥਾਂ ਪਰ ਲੋਕ ਭਲਾਈ ਕਾਰਜ ਕਰਦੇ ਰਹੇ ਇਹ ਇੱਕ ਖੋਜ ਦਾ ਵਿਸ਼ਾ ਹੈ , ਗੁਰਮਤਿ ਵੀਚਾਰਧਾਰਾ ਅਤੇ ਇਤਿਹਾਸਕਾਰ ਦੇ ਖੋਜਾਰਥੀਆਂ ਨੂੰ ਇਸ ਸਮੇਂ ਦੀ ਖੋਜ ਤੇ ਨਿਬੰਧ ਲਿਖਣੇ ਚਾਹੀਦੇ ਹਨ।ਇਸ ਕਾਰਜ ਲਈ ਪਾਕਿਸਤਾਨ ਦੇ ਵਜੀਰਾਬਾਦ, ਪਿਸ਼ਾਵਰ, ਕੈਮਲਪੁਰ, ਸਰਗੋਧਾ, ਮਿੰਟਗੁਮਰੀ, ਝੰਗ ਆਦਿ ਇਲਾਕਿਆ ਦੀ ਤਵਾਰੀਖਾਂ ਨੁੰ ਪੜਣਾ ਤੇ ਵਾਚਣਾ ਚਾਹੀਦਾ ਹੈ।)