Biography : Bhai Jodh Singh

ਜੀਵਨੀ : ਭਾਈ ਜੋਧ ਸਿੰਘ

ਭਾਈ ਜੋਧ ਸਿੰਘ (੩੧ ਮਈ ੧੮੮੨ - ੪ ਦਸੰਬਰ ੧੯੮੧) ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਸਨ । ਆਪ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਆਪ ਨੇ ਨਾ ਕੇਵਲ ਇਸ ਲਹਿਰ ਦਾ ਅਸਰ ਕਬੂਲਿਆ ਸਗੋਂ ਲੋੜ ਪੈਣ 'ਤੇ ਯੋਗ ਅਗਵਾਈ ਵੀ ਦਿੱਤੀ । ਉਨ੍ਹਾਂ ਨੇ ਸਾਰਾ ਜੀਵਨ ਧਾਰਮਿਕ, ਸਮਾਜਿਕ, ਰਾਜਨੀਤਕ ਤੇ ਸਾਹਿਤਕ ਕਾਰਜਾਂ ਵਿਚ ਸਰਗਰਮ ਹਿੱਸਾ ਲਿਆ ।ਭਾਈ ਸਾਹਿਬ ਦੀਆਂ ਪ੍ਰਸਿੱਧ ਰਚਨਾਵਾਂ ਵਿਚ ਸਿੱਖੀ ਕੀ ਹੈ ? ਗੁਰਮਤਿ ਨਿਰਣਯ, ਭਗਤ ਬਾਣੀ ਸਟੀਕ, ਭਗਤ ਕਬੀਰ, ਜਪੁਜੀ ਸਟੀਕ, ਪ੍ਰਾਚੀਨ ਬੀੜਾਂ ਬਾਰੇ, ਗੁਰੂ ਨਾਨਕ ਸਿਮ੍ਰਤੀ ਵਿਖਿਆਨ, ਕਰਤਾਰਪੁਰੀ ਬੀੜ ਦੇ ਦਰਸ਼ਨ, ਭਗਤ ਰਵਿਦਾਸ ਜਥੇਬੰਦੀ, ਜੀਵਨ ਦੇ ਅਰਥ, ਗੁਰੂ ਸਾਹਿਬ ਤੇ ਵੇਦ, ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਅਗਲੀ ਹਾਲਤ, ਨਵਾਬ ਖ਼ਾਨ, ਪੰਥ ਲਈ ਠੀਕ ਰਾਹ, ਪੰਜਾਬ ਦੀ ਬੋਲੀ ਆਦਿ ਸ਼ਾਮਲ ਹਨ । ਇਸ ਤੋਂ ਇਲਾਵਾ, ਭਾਈ ਸਾਹਿਬ ਦੇ ਅਨੇਕਾਂ ਲੇਖ ਵੀ ਪ੍ਰਸਿੱਧ ਮੈਗਜ਼ੀਨਾਂ ਵਿਚ ਪ੍ਰਕਾਸਿਤ ਹੋਏ ਹਨ ਅਤੇ ਬਹੁਤ ਸਾਰੇ ਵਿਸਿਆਂ ਤੇ ਰੇਡੀਉ ਤੋਂ ਵਾਰਤਾਵਾਂ ਵੀ ਪ੍ਰਸਾਰਿਤ ਹੋਈਆਂ । ਪ੍ਰਿੰਸੀਪਲ ਜੋਧ ਸਿੰਘ ਜੀ ਦਾ ਆਖ਼ਰੀ ਯਾਦਗਾਰੀ ਕੰਮ ਪ੍ਰੋ. ਗੁਰਬਚਨ ਸਿੰਘ ਤਾਲਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜੀ ਅਨੁਵਾਦ ਦੀ ਸੁਧਾਈ ਕਰਨਾ ਸੀ।

ਜਨਮ

ਭਾਈ ਭਾਈ ਜੋਧ ਸਿੰਘ ਦਾ ਜਨਮ ਭਾਈ ਰਾਮ ਸਿੰਘ ਦੇ ਘਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ, ਤਹਿਸੀਲ ਗੁੱਜਰਖਾਨ ਦੇ ਪਿੰਡ ਘੁੰਗਰਾਲਾ ਵਿਖੇ ਹੋਇਆ। ਆਪ ਦੇ ਪਹਿਲੇ ਨਾਮ ਰਣਬੀਰ ਸਿੰਘ ਤੇ ਰਸ਼ਪਾਲ ਸਿੰਘ ਸਨ ਪਰ ਬਾਅਦ ਵਿੱਚ ਸੌਖਾ ਨਾਮ ਸੰਤ ਸਿੰਘ ਰੱਖ ਦਿੱਤਾ ਗਿਆ। ਜਦੋਂ ਆਪ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤਾਂ ਨਾਮ ਬਦਲ ਕੇ ਭਾਈ ਜੋਧ ਸਿੰਘ ਰੱਖ ਦਿੱਤਾ ਗਿਆ ਅਤੇ ਇਸੇ ਨਾਮ ਨਾਲ ਹੀ ਆਪ ਨੇ ਹਰੇਕ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਹਨ।

ਪੜ੍ਹਾਈ

ਭਾਈ ਭਾਈ ਜੋਧ ਸਿੰਘ ਜੀ ਦੀ ਰੁਚੀ ਸਾਇੰਸ ਦੀ ਪੜ੍ਹਾਈ ਕਰਨ ਵਿੱਚ ਸੀ ਪਰ ਮਿਸ਼ਨ ਕਾਲਜ, ਰਾਵਲਪਿੰਡੀ ਵਿੱਚ ਸਾਇੰਸ ਦੇ ਸਾਮਾਨ ਦੀਆਂ ਸਹੂਲਤਾਂ ਉਪਲਬਧ ਨਾ ਹੋਣ ਕਾਰਨ ਆਰਟਸ ਵਿਸ਼ੇ ਵਿੱਚ ਹੀ ਐਫ.ਏ. ਜਿਸ ਵਿੱਚ ਇੱਕ ਵਿਸ਼ਾ ਗਣਿਤ ਦਾ ਵੀ ਸੀ, ਪਾਸ ਕਰ ਲਈ। ਸਿੱਖ ਪੰਥ ਵਿਸ਼ਵ ਕੋਸ਼ ਭਾਗ ਦੂਜਾ ਵਿੱਚ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਸੰਨ ੧੯੦੨ ਵਿੱਚ ਸ. ਸੁੰਦਰ ਸਿੰਘ ਮਜੀਠੀਆ ਨੇ ਇਨ੍ਹਾਂ ਨੂੰ ਆਪਣੇ ਪੁੱਤਰਾਂ ਦਾ ਉਸਤਾਦ ਲਗਾਇਆ। ਇਨ੍ਹਾਂ ਨੇ ਸੰਨ ੧੯੦੪ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਅਤੇ ਸੰਨ ੧੯੦੬ ਵਿੱਚ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ.ਏ. (ਗਣਿਤ) ਦੇ ਇਮਤਿਹਾਨ ਪਾਸ ਕੀਤੇ ਅਤੇ ਦੋਨਾਂ ਇਮਤਿਹਾਨਾਂ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਅੱਵਲ ਰਹੇ ਤੇ ਮੈਡਲ ਅਤੇ ਇਨਾਮ ਲਏ। ਡਾ. ਗੁਰਦਿਆਲ ਸਿੰਘ ਫੁੱਲ ਦੇ ਅਨੁਸਾਰ ਆਪ ਦੀਆਂ ਵਿੱਦਿਅਕ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਮਹਾਰਾਜਾ ਹੀਰਾ ਸਿੰਘ ਨੇ ਹੋਰ ਇਨਾਮਾਂ ਦੇ ਨਾਲ ਆਪ ਨੂੰ ਖਾਸ ਇਨਾਮ ਵਜੋਂ ਸੋਨੇ ਦੀ ਅੰਗੂਠੀ ਦਿੱਤੀ।

ਅੰਮ੍ਰਿਤ ਦੀ ਦਾਤ

ਜਦੋਂ ਸਿੰਘ ਸਭਾ ਲਹਿਰ ਦਾ ਪ੍ਰਚਾਰ ਸ਼ੁਰੂ ਹੋ ਗਿਆ ਅਤੇ ਦੂਜੇ ਧਰਮਾਂ ਦੇ ਲੋਕ ਵੀ ਇਸ ਧਰਮ ਤੋਂ ਪ੍ਰਭਾਵਿਤ ਹੋ ਕੇ, ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਕੇ, ਅੰਮ੍ਰਿਤ ਦੀ ਦਾਤ ਹਾਸਲ ਕਰਨ ਲੱਗੇ ਤਦੋਂ ਪੰਜ ਪਿਆਰਿਆਂ ਵਿੱਚ ਭਾਈ ਭਾਈ ਜੋਧ ਸਿੰਘ ਦਾ ਨਾਮ ਵੀ ਸ਼ਾਮਲ ਸੀ। ਭਾਈ ਭਾਈ ਜੋਧ ਸਿੰਘ ਨੇ ਕਈ ਸਾਲ ਗਿਆਨੀ ਬਿਬੇਕ ਸਿੰਘ ਜੀ ਤੋਂ, ਜਿਹਨਾਂ ਦਾ ਡੇਰਾ ਚੌਂਕ ਕਰੋੜੀ, ਸ੍ਰੀ ਅੰਮ੍ਰਿਤਸਰ ਵਿਖੇ ਸੀ, ਗੁਰਬਾਣੀ ਦੇ ਅਰਥਾਂ ਦਾ ਗਿਆਨ ਹਾਸਲ ਕੀਤਾ। ਆਪ ਨੇ ਕਦੇ ਮੌਸਮ ਦੀ ਪਰਵਾਹ ਨਾ ਕੀਤੀ ਤੇ ਲਗਾਤਾਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਤੋਂ ਬਾਅਦ ਦਸਮ ਗ੍ਰੰਥ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਕਬਿੱਤ ਸਵੱਈਆਂ ਦੇ ਅਰਥਾਂ ਦੀ ਵੀ ਜਾਣਕਾਰੀ ਹਾਸਲ ਕੀਤੀ। ਆਪ ਨੇ ਕਦੇ ਵੀ ਆਪਣੇ ਅਹੁਦੇ ਦਾ ਹੰਕਾਰ ਨਹੀਂ ਕੀਤਾ, ਸਗੋਂ ਹਮੇਸ਼ਾਂ ਨਿਮਰਤਾ ਵਾਲਾ ਸੁਭਾਅ ਹੀ ਰੱਖਿਆ। ਆਪ ਆਪਣੀ ਤਨਖਾਹ ਵਿੱਚੋਂ ਦਸਵੰਧ ਜ਼ਰੂਰ ਕੱਢਦੇ। ਦੇਸ਼-ਪਿਆਰ ਦੀ ਭਾਵਨਾ ਤੇ ਸੱਚਾਈ 'ਤੇ ਅੜਨ ਕਰਕੇ ਆਪ ਨੂੰ ਕਈ ਵਾਰੀ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ, ਪਰ ਆਪ ਨੇ ਕਦੇ ਹੌਂਸਲਾ ਨਹੀਂ ਸੀ ਹਾਰਿਆ।

ਸੇਵਾ-ਕਾਰਜ

ਆਪ ਨੇ ਸਤੰਬਰ ੧੯੧੪ ਤੋਂ ਫਰਵਰੀ ੧੯੨੦ ਤਕ ਖਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਦੇ ਤੌਰ 'ਤੇ ਸੇਵਾ-ਕਾਰਜ ਸੰਭਾਲਿਆ ਜਿੱਥੇ ਆਪ ਨੇ ਸਿੱਖੀ ਤੇ ਧਰਮ-ਵਿੱਦਿਆ ਦੇ ਪ੍ਰਚਾਰ ਦਾ ਅਹਿਮ ਰੋਲ ਅਦਾ ਕੀਤਾ ਪਰ ੧੯੨੦ ਵਿੱਚ ਇਸ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਗੁਰੂ ਨਾਨਕ ਖਾਲਸਾ ਕਾਲਜ, ਗੁਜਰਾਂਵਾਲਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ। ਇਥੇ ਆਪ ਨੇ ਵਿੱਦਿਅਕ ਅਦਾਰੇ ਵਿੱਚ ਕਾਫੀ ਸੁਧਾਰ ਲਿਆਂਦੇ ਅਤੇ ਧਰਮ ਪ੍ਰਚਾਰ ਦਾ ਕੰਮ ਵੀ ਨਾਲੋ-ਨਾਲ ਜਾਰੀ ਰੱਖਿਆ। ਇਥੇ ਆਪ ਸਿੰਘ ਸਭਾ ਗੁਰਦੁਆਰੇ ਵਿੱਚ ਕਥਾ ਅਤੇ ਗੁਰਬਾਣੀ ਦੀ ਵਿਆਖਿਆ ਕਰਦੇ। ਅਕਤੂਬਰ ੧੯੨੧ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੋਂ ਤਿਆਗ-ਪੱਤਰ ਦੇ ਕੇ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਵਿਖੇ ਦੋ ਸਾਲ ਆਪ ਨੇ ਚੀਫ ਖਾਲਸਾ ਦੀਵਾਨ ਵੱਲੋਂ ਜਾਰੀ ਪੰਜਾਬੀ ਅਖ਼ਬਾਰ 'ਖਾਲਸਾ' ਤੇ ਅੰਗਰੇਜ਼ੀ ਦੇ ਸਪਤਾਹਿਕ 'ਖਾਲਸਾ ਐਡਵੋਕੇਟ' ਦੇ ਐਡੀਟਰ ਦੇ ਤੌਰ 'ਤੇ ਕੰਮ ਕੀਤਾ।

ਖਿਤਾਬ

੧ ਜਨਵਰੀ ੧੯੨੬ ਨੂੰ ਭਾਈ ਭਾਈ ਜੋਧ ਸਿੰਘ ਪੰਜਾਬ ਯੂਨੀਵਰਸਿਟੀ ਦੇ ਫੈਲੋ ਨਾਮਜ਼ਦ ਕੀਤੇ ਗਏ। ੮ ਦਸੰਬਰ ੧੯੩੮ ਨੂੰ ਭਾਈ ਭਾਈ ਜੋਧ ਸਿੰਘ ਦੇ ਛੋਟੇ ਲੜਕੇ ਕਾਕਾ ਹਰਬੰਸ ਸਿੰਘ ਦਾ ਦੇਹਾਂਤ ਹੋਣ 'ਤੇ ਭਾਈ ਸਾਹਿਬ ਨੇ ਵਾਹਿਗੁਰੂ ਦਾ ਭਾਣਾ ਮੰਨ ਕੇ ਅੰਤਮ ਅਰਦਾਸ ਆਪ ਹੀ ਕੀਤੀ ਤੇ ਚਿਤਾ ਨੂੰ ਅੱਗ ਵੀ ਆਪ ਹੀ ਦਿੱਤੀ। "ਵਿੱਦਿਅਕ ਖੇਤਰ ਵਿੱਚ ਆਪ ਦੀਆਂ ਪ੍ਰਾਪਤੀਆਂ ਵੇਖ ਕੇ ਸਰਕਾਰ ਨੇ ੧੯੪੩ ਵਿੱਚ ਆਪ ਨੂੰ 'ਸਰਦਾਰ ਬਹਾਦਰ' ਦਾ ਖਿਤਾਬ ਬਖ਼ਸ਼ਿਆ। ਆਪ ਨਿਰੇ ਪ੍ਰਿੰਸੀਪਲ ਹੀ ਨਹੀਂ ਸਨ ਆਪ ਪੰਜਾਬ ਯੂਨੀਵਰਸਿਟੀ ਦੇ ਦਿਮਾਗ ਸਨ। ਆਪ ਪੰਜਾਬ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਕਮੇਟੀਆਂ ਦੇ ਮੁਖੀ ਸਨ। ਇਸ ਤੋਂ ਛੁਟ ਆਪ ਭਾਵਕ ਏਕਤਾ ਕਮੇਟੀ, ਕੌਮੀ ਏਕਤਾ ਕਮੇਟੀ, ਰੇਡੀਓ ਸਲਾਹਕਾਰ ਕਮੇਟੀ, ਭਾਸ਼ਾ ਵਿਭਾਗ ਦੀ ਸਲਾਹਕਾਰ ਕਮੇਟੀ, ਬੋਲੀ ਦੇ ਝਗੜੇ ਨਜਿੱਠਣ ਲਈ ਬਣੀ ਕਮੇਟੀ, ਪੰਜਾਬੀ ਸੂਬੇ ਲਈ ਬਣੀ ਕਮੇਟੀ, ਗੁਰਦੁਆਰਾ ਐਕਟ ਬਣਾਉਣ ਵਾਲੀ ਕਮੇਟੀ, ਖਾਲਸਾ ਪੰਥ ਵੱਲੋਂ ਬਣਾਈ ਗਈ ਕਮੇਟੀ, ਪੰਥਕ ਝਗੜੇ ਨਜਿੱਠਣ ਵਾਲੀ ਕਮੇਟੀ ਤੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਲੈਣ ਵਾਲੀ ਕਮੇਟੀ ਆਦਿ ਦੇ ਆਪ ਜਾਂ ਮੁਖੀ ਜਾਂ ਸਕੱਤਰ ਜਾਂ ਮੈਂਬਰ ਸਨ। ਤਦੇ ਪੰਡਿਤ ਦੀਵਾਨ ਚੰਦ ਸ਼ਰਮਾ ਕਿਹਾ ਕਰਦੇ ਸੀ ਕਿ ਆਪ ਬਹੁਤ ਵਧੀਆ ਕਮੇਟੀਕਾਰ ਸਨ। ਕੋਈ ਕਮੇਟੀ ਐਸੀ ਨਹੀਂ ਸੀ ਜਿਸ ਦੇ ਆਪ ਮੈਂਬਰ ਨਹੀਂ ਸਨ।

ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ

ਭਾਈ ਭਾਈ ਜੋਧ ਸਿੰਘ ਇਸ ਗੱਲ ਦੇ ਹੱਕ ਵਿੱਚ ਸਨ ਕਿ ਹਰ ਸੂਬੇ ਵਿੱਚ ਉਥੇ ਬੋਲੀ ਜਾਂਦੀ ਬੋਲੀ ਵਿੱਚ ਹੀ ਦਫ਼ਤਰੀ ਕੰਮਕਾਜ ਹੋਣਾ ਚਾਹੀਦਾ ਹੈ। ਇਸ ਸੰਬੰਧੀ ਆਪ ਨੇ ਕਈ ਟਰੈਕਟ ਲਿਖੇ, ਕਈ ਲੇਖ ਲਿਖ ਕੇ ਅਖਬਾਰਾਂ ਵਿੱਚ ਛਪਣ ਲਈ ਭੇਜੇ ਤਾਂ ਜੋ ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ ਦਾ ਪ੍ਰਚਾਰ ਕੀਤਾ ਜਾ ਸਕੇ।

ਵਾਈਸ-ਚਾਂਸਲਰ

ਆਪ ਦੀ ਵਿੱਦਿਅਕ ਯੋਗਤਾ ਅਤੇ ਸਾਹਿਤ ਅਕੈਡਮੀ ਦੀ ਸਫਲ ਸਥਾਪਨਾ ਦੇਖ ਆਪ ਨੂੰ ਅੱਸੀ ਸਾਲ ਦੀ ਉਮਰ ਵਿੱਚ ੩੦ ਅਪ੍ਰੈਲ ੧੯੬੫ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਥਾਪਿਆ ਗਿਆ। ਆਪ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਹੋਣ ਦਾ ਮਾਣ ਪ੍ਰਾਪਤ ਹੈ। ਤਿੰਨ ਸਾਲ ਆਪ ਨੇ ਇਹ ਸੇਵਾ ਤਨੋ-ਮਨੋ ਨਿਭਾਈ। ਡਾ. ਰਤਨ ਸਿੰਘ ਜੱਗੀ ਅਨੁਸਾਰ ਆਪ ਨੂੰ ਸੰਨ ੧੯੬੬ ਵਿੱਚ ਪਦਮ ਭੂਸ਼ਣ ਦਾ ਸਨਮਾਨ ਪ੍ਰਾਪਤ ਹੋਇਆ। ਆਪ ਵੱਲੋਂ ਵਿੱਦਿਅਕ ਖੇਤਰ ਵਿੱਚ ਪਾਏ ਅਦੁੱਤੀ ਯੋਗਦਾਨ ਦੀ ਮਾਨਤਾ ਵਜੋਂ ਸੰਨ ੧੯੬੧ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਸੰਨ ੧੯੭੯ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡੀ. ਲਿਟ. ਦੀਆਂ ਮਾਨ-ਅਰਥ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸਿੱਖੀ ਜੀਵਨ-ਜਾਚ ਅਪਣਾਉਣ ਵਾਲੇ ਭਾਈ ਭਾਈ ਜੋਧ ਸਿੰਘ ਨਿਤਨੇਮੀ, ਸਮੇਂ ਦੇ ਪਾਬੰਦ, ਅਨੁਸ਼ਾਸਨ-ਪ੍ਰੇਮੀ, ਸੰਜਮੀ ਤੇ ਰੱਬ ਦਾ ਭਾਣਾ ਮੰਨਣ ਵਾਲੇ ਵਿਅਕਤੀ ਸਨ। ਆਪ ਦੀ ਕਥਨੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ। ਆਪ ਨੂੰ ਤਕਰੀਬਨ ੫੦ ਸਾਲ ਦਾ ਪੜ੍ਹਾਉਣ ਦਾ ਤਜਰਬਾ ਸੀ। ਡਾ. ਫੁੱਲ ਹੋਰਾਂ ਅਨੁਸਾਰ ਆਪ ਹਰ ਨਿੱਕੇ ਤੋਂ ਨਿੱਕਾ ਕੰਮ ਵੀ ਵਿਉਂਤ ਤੇ ਜੁਗਤ ਨਾਲ ਕਰਦੇ ਸਨ। ਆਪ ਦਾ ਸੈਰ ਦਾ ਸਮਾਂ ਐਸਾ ਪੱਕਾ ਸੀ ਕਿ ਆਪ ਦੀ ਸੈਰ ਨਾਲ ਲੋਕ ਆਪਣੀਆਂ ਘੜੀਆਂ ਦਾ ਟਾਈਮ ਮਿਲਾ ਲਿਆ ਕਰਦੇ ਸਨ।

'ਭਾਈ'

ਕਈ ਸਰਕਾਰੀ ਉਪਾਧੀਆਂ ਪ੍ਰਾਪਤ ਹੋਣ ਦੇ ਬਾਵਜੂਦ ਵੀ ਆਪ ਆਪਣੇ ਨਾਮ ਨਾਲ ਹੋਰ ਕੁਝ ਲਗਾਉਣ ਨਾਲੋਂ 'ਭਾਈ' ਲਗਾਉਣਾ ਵਧੇਰੇ ਠੀਕ ਸਮਝਦੇ ਸਨ। ਇਸ ਤੋਂ ਆਪ ਦੀ ਗੁਰਮਤਿ ਪ੍ਰਤੀ ਸ਼ਰਧਾ ਦੀ ਭਾਵਨਾ ਦਾ ਪਤਾ ਲੱਗਦਾ ਹੈ। ਭਾਈ ਸਾਹਿਬ ਦੀ ਮਹਾਨ ਸ਼ਖ਼ਸੀਅਤ ਉਸਾਰਨ ਵਿੱਚ ਆਪਦੇ ਦਾਦਾ ਜੀ ਅਤੇ ਦਾਦੀ ਜੀ ਦਾ ਵਿਸ਼ੇਸ਼ ਹੱਥ ਰਿਹਾ ਹੈ। ਆਪ ਨੂੰ ਬਚਪਨ ਤੋਂ ਹੀ ਗੁਰਬਾਣੀ ਪੜ੍ਹਨ ਤੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਸੁਣਨ, ਪੜ੍ਹਨ ਦੀ ਲਿਵ ਲੱਗ ਗਈ ਸੀ। ਆਪ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਜਾਚ ਸਿੱਖ ਗਏ ਸਨ। ਆਪ ਕਿਸੇ ਨਾਲ ਵੈਰਵਿਰੋਧ ਦੀ ਭਾਵਨਾ ਨਹੀਂ ਰੱਖਦੇ ਸਨ ਤੇ ਹਰ ਫੈਸਲਾ ਨਿਰਪੱਖ ਹੋ ਕੇ ਕਰਦੇ। ਗੁੰਝਲਦਾਰ ਸਮੱਸਿਆ ਨੂੰ ਆਸਾਨ ਤਰੀਕੇ ਨਾਲ ਸੁਲਝਾਉਣ ਦੀ ਵੀ ਆਪ ਦੀ ਖੂਬੀ ਰਹੀ ਹੈ। ਆਪ ਆਪਣੇ ਕੰਮ ਦੀ ਸ਼ੁਰੂਆਤ ਕਰਨ ਵੇਲੇ ਅਰਦਾਸ ਜ਼ਰੂਰ ਕਰਦੇ ਸਨ। ਆਪ ਜ਼ਿਆਦਾ ਬੋਲਣ ਤੇ ਫਜ਼ੂਲ ਬਹਿਸ ਨੂੰ ਤਰਜੀਹ ਨਹੀਂ ਦਿੰਦੇ ਸਨ ਕਿਉਂਕਿ ਅਜਿਹਾ ਕਰਨ ਨਾਲ ਐਨਰਜੀ ਨਸ਼ਟ ਹੁੰਦੀ ਹੈ।

ਹਾਜ਼ਰਜਵਾਬ

ਬੇਟੇ ਸੁੰਦਰ ਸਿੰਘ ਨੇ ਆਪ ਦੇ ਬਾਰੇ ਲਿਖਿਆ ਹੈ, "ਪਿਤਾ ਜੀ ਦਾ ਹਾਜ਼ਰਜਵਾਬ ਹੋਣਾ ਬਹੁਤ ਮਸ਼ਹੂਰ ਸੀ। ਇਸ ਸਿਲਸਿਲੇ ਵਿੱਚ ਮੈਨੂੰ ਉਹਨਾਂ ਦੇ ਹਮਜੋਲੀ ਨੇ ਦੱਸਿਆ ਕਿ ਜਦ ਕਿਰਪਾਨ ਦੇ ਮਾਮਲੇ ਵਿੱਚ ਕੌਂਸਲ ਵਿੱਚ ਬਹਿਸ ਹੋਣ ਲੱਗੀ ਤਾਂ ਕਈਆਂ ਨੇ ਕਿਹਾ ਕਿ ਕਿਰਪਾਨ ਦੀ ਲੰਬਾਈ ਛੇ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਦੱਸਿਆ ਕਿ ਜਦ ਪਿਤਾ ਜੀ ਦੀ ਬੋਲਣ ਦੀ ਵਾਰੀ ਆਈ ਤਾਂ ਉਹ ਜਵਾਬ ਵਿੱਚ ਕਹਿਣ ਲੱਗੇ ਕਿ ਕਿਰਪਾਨ ਸਾਡੇ ਧਰਮ ਦਾ ਉਸੇ ਤਰ੍ਹਾਂ ਦਾ ਹੀ ਚਿੰਨ੍ਹ ਹੈ ਜਿਸ ਤਰ੍ਹਾਂ ਸਨਾਤਨ ਧਰਮ ਵਿੱਚ ਸਿਰ ਦੀ ਬੋਦੀ। ਅਸਾਂ ਕਦੀ ਕੋਈ ਇਤਰਾਜ਼ ਨਹੀਂ ਕੀਤਾ ਕਿ ਇਸ ਦੀ ਲੰਬਾਈ ਮੁਕੱਰਰ ਹੋਣੀ ਚਾਹੀਦੀ ਹੈ, ਇਸੇ ਤਰ੍ਹਾਂ ਕਿਰਪਾਨ ਦੇ ਸਾਈਜ਼ ਉੱਤੇ ਵੀ ਕੋਈ ਪਾਬੰਦੀ ਨਹੀਂ ਹੋ ਸਕਦੀ।" ਭਾਈ ਭਾਈ ਜੋਧ ਸਿੰਘ ਜੀ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਤੋਂ ਇਲਾਵਾ ਸੰਸਕ੍ਰਿਤ, ਫ਼ਾਰਸੀ ਭਾਸ਼ਾਵਾਂ ਤੇ ਭਾਰਤੀ ਦਰਸ਼ਨ ਦਾ ਵੀ ਕਾਫੀ ਗਿਆਨ ਸੀ। ਪ੍ਰੋ. ਤੇਜਾ ਸਿੰਘ, ਭਾਈ ਸਾਹਿਬ ਸਿੰਘ, ਭਾਈ ਵੀਰ ਸਿੰਘ ਤੇ ਭਾਈ ਭਾਈ ਜੋਧ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਦੀ ਪੁਰਾਤਨ ਵਿਧੀ ਵਿੱਚ ਕਈ ਲੋੜੀਂਦੇ ਉਸਾਰੂ ਪਰਿਵਰਤਨ ਕਰ ਕੇ, ਨਵੇਂ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਕਿਉਂਕਿ ਇਨ੍ਹਾਂ ਸਾਰਿਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਹਾਸਲ ਸੀ।

ਹੌਸਲਾ ਨਾ ਛੱਡਣਾ

ਮੁਸੀਬਤ ਵੇਲੇ ਹੌਸਲਾ ਨਾ ਛੱਡਣਾ ਤੇ ਆਪਣੇ ਆਪ 'ਤੇ ਭਰੋਸਾ ਇਨ੍ਹਾਂ ਦੀ ਸਖ਼ਸੀਅਤ ਦੇ ਦੋ ਵੱਡੇ ਗੁਣ ਸਨ। "ਇਕ ਵਾਰੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਲਈ ਜਾਂਦਿਆਂ ਅਚਾਨਕ ਇਨ੍ਹਾਂ ਦਾ ਟਾਂਗਾ ਅੰਗਰੇਜ਼ ਡਿਪਟੀ ਕਮਿਸ਼ਨਰ ਦੀ ਬੱਘੀ ਨਾਲ ਟਕਰਾ ਗਿਆ ਤੇ ਉਹਨਾਂ ਨੂੰ ਇਨ੍ਹਾਂ ਦੀ ਨੀਅਤ 'ਤੇ ਕੁਝ ਸ਼ੱਕ ਹੋਇਆ, ਜਿਸ ਕਰਕੇ ਇਨ੍ਹਾਂ ਨੂੰ ਕਾਲਜ ਛੱਡਣਾ ਪਿਆ। ਇਸ ਭੈੜੇ ਵੇਲੇ ਇਨ੍ਹਾਂ ਨੇ ਬੜੇ ਹੀ ਠਰੰਮੇ ਤੇ ਹੌਂਸਲੇ ਤੋਂ ਕੰਮ ਲਿਆ। ੧੯੨੪ ਵਿੱਚ ਜਦੋਂ ਕਾਲਜ ਦਾ ਪ੍ਰਬੰਧ ਅੰਗਰੇਜ਼ਾਂ ਦੇ ਹੱਥਾਂ ਵਿੱਚੋਂ ਨਿਕਲ ਗਿਆ ਤਾਂ ਆਪ ਮੁੜ ਕੇ ਖਾਲਸਾ ਕਾਲਜ ਜਾ ਪਹੁੰਚੇ।"

ਅਸੂਲਾਂ ਦੇ ਪੱਕੇ

ਭਾਈ ਭਾਈ ਜੋਧ ਸਿੰਘ ਜੀ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਤੇ ਅਸੂਲਾਂ ਦੇ ਪੱਕੇ ਸਨ। ਇਨ੍ਹਾਂ ਨੇ ਆਪ ਤਾਂ ਸੁਚੱਜੀ ਜੀਵਨ-ਜਾਚ ਨੂੰ ਅਪਣਾਇਆ ਹੀ, ਆਪਣੇ ਬੇਟੇ ਸੁੰਦਰ ਸਿੰਘ ਨੂੰ ਵੀ ਇਹੀ ਸਿੱਖਿਆ ਦਿੰਦੇ ਸਨ। ਬੇਟੇ ਸੁੰਦਰ ਸਿੰਘ ਦੇ ਸ਼ਬਦਾਂ ਵਿੱਚ "੧੯੩੯ ਵਿੱਚ ਮੈਂ ਪਹਿਲੀ ਵਾਰ ਨੌਕਰੀ 'ਤੇ ਜਾਣ ਲੱਗਾ ਤਾਂ ਪਿਤਾ ਜੀ ਨੇ ਇਹ ਇਕਰਾਰ ਕਰਨ ਲਈ ਕਿਹਾ: ਨਾ ਤੂੰ ਆਪ ਸ਼ਰਾਬ ਪੀਣੀ ਹੈ, ਨਾ ਹੀ ਕਿਸੇ ਮਹਿਮਾਨ ਨੂੰ ਆਪਣੇ ਘਰ ਵਿੱਚ ਪਿਆਉਣੀ ਹੈ। ਰਿਸ਼ਵਤ ਨਹੀਂ ਲੈਣੀ ਅਤੇ ਕੋਈ ਹੋਰ ਭੈੜੀ ਕਰਤੂਤ ਨਹੀਂ ਕਰਨੀ ਜਿਸ ਤੋਂ ਮੇਰੀ ਤੇ ਖਾਨਦਾਨ ਦੀ ਬੇਇਜ਼ਤੀ ਹੋਵੇ। ਯਥਾ-ਸ਼ਕਤ ਗਰੀਬਾਂ ਦੀ ਮਦਦ ਕਰਨੀ ਹੈ ਤੇ ਦਸਵੰਧ ਕੱਢਣਾ ਹੈ। ਮੈਂ ਜਦ ੧੯੬੧ ਵਿੱਚ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲੱਗਾ ਤਾਂ ਕਹਿਣ ਲੱਗੇ, ਵੇਖੋ ਵਾਹਿਗੁਰੂ ਦਾ ਇਨਸਾਫ। ਜਿਸ ਕਾਲਜ ਵਿੱਚੋਂ ਮੈਨੂੰ ਅੰਗਰੇਜ਼ਾਂ ਵੇਲੇ ਕੱਢਿਆ ਗਿਆ ਸੀ ਤੇ ਕਾਲਜ ਦਾ ਅਹਾਤਾ ਛੱਡਣ ਲਈ ੨੪ ਘੰਟੇ ਦਾ ਨੋਟਿਸ ਮਿਲਿਆ ਸੀ, ਉਸੇ ਕਾਲਜ ਦਾ ਮੈਂ ੧੬ ਸਾਲ ਪ੍ਰਿੰਸੀਪਲ ਰਿਹਾ ਹਾਂ ਤੇ ਜਿਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਅੰਗਰੇਜ਼ਾਂ ਵੇਲੇ ਮੇਰੇ 'ਤੇ ਕਾਤਲਾਨਾ ਹਮਲਾ ਕਰਨ ਦਾ ਮੁਕੱਦਮਾ ਬਣਾਉਣਾ ਚਾਹਿਆ ਸੀ, ਤੂੰ ਹੁਣ ਉਸ ਦੀ ਪਦਵੀ ਸੰਭਾਲੀ ਹੈ।"

ਸਿੱਖ ਧਰਮ ਦਾ ਪ੍ਰਚਾਰ

ਆਪ ਨੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਕਦੇ ਦੂਜੇ ਧਰਮਾਂ ਦੀ ਬੁਰਾਈ ਨਹੀਂ ਕੀਤੀ, ਸਗੋਂ ਉਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਸਨ। ਪੰਥ ਦੀ ਸੇਵਾ ਕਰਨ ਲਈ ਆਪ ਹਮੇਸ਼ਾਂ ਤਤਪਰ ਰਹਿੰਦੇ ਸਨ ਪਰ ਜਦੋਂ ਆਪ ਹੋਰਨਾਂ ਨੂੰ ਬੇਨਤੀ ਕਰਦੇ ਤਾਂ ਦੂਜੇ ਵੀ ਵਧ-ਚੜ੍ਹ ਕੇ ਸੇਵਾ ਕਰਨ ਵਿੱਚ ਹਿੱਸਾ ਲੈਂਦੇ ਤੇ ਦਾਨ ਦਿੰਦੇ ਸਨ। ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਛੁਡਾਉਣ ਲਈ ਭਾਈ ਭਾਈ ਜੋਧ ਸਿੰਘ ਨੇ ਅਹਿਮ ਰੋਲ ਅਦਾ ਕੀਤਾ ਸੀ। ਮੁਸੀਬਤ ਵੇਲੇ ਸਿੱਖਾਂ ਨੂੰ ਭਟਕਣ ਲਈ ਨਹੀਂ, ਸਗੋਂ ਸ਼ਾਂਤ ਅਵਸਥਾ ਵਿੱਚ ਰਹਿਣ ਲਈ ਕਹਿੰਦੇ ਸਨ।

ਕੌਮ ਦੀ ਭਲਾਈ

ਚੀਫ ਖਾਲਸਾ ਦੀਵਾਨ ਵੱਲੋਂ ਸਿੱਖ ਕੌਮ ਦੀ ਭਲਾਈ ਲਈ ਜੋ ਵੀ ਨਵੇਂ ਕਦਮ ਉਠਾਏ ਜਾਂਦੇ, ਗੁਰਦੁਆਰਾ ਸੁਧਾਰ ਲਈ ਜੋ ਬਿੱਲ ਬਣਾਏ ਜਾਂਦੇ, ਉਹਨਾਂ ਸਭ ਦੇ ਖਰੜੇ ਤਿਆਰ ਕਰਨ ਅਤੇ ਸੂਰਮਾ ਸਿੰਘ ਆਸ਼ਰਮ ਦੀ ਸ਼ੁਰੂਆਤ ਕਰਨ ਆਦਿ ਸਭ ਕੰਮਾਂ ਵਿੱਚ ਭਾਈ ਭਾਈ ਜੋਧ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਭਾਈ ਸੰਤ ਸਿੰਘ ਨੇ ਭਾਈ ਸਾਹਿਬ ਦੀ ਸ਼ਲਾਘਾ ਬੜੇ ਸੁੰਦਰ ਸ਼ਬਦਾਂ ਵਿੱਚ ਇਸ ਤਰ੍ਹਾਂ ਕੀਤੀ ਹੈ ਕਿ ਭਾਈ ਭਾਈ ਜੋਧ ਸਿੰਘ ਜੀ ਦੀ ਚੀਫ ਖਾਲਸਾ ਦੀਵਾਨ ਅਤੇ ਐਜੂਕੇਸ਼ਨਲ ਕਮੇਟੀ ਲਈ ਕੀਤੀ ਸੇਵਾ ਇੱਕ ਅਣਥੱਕ ਸੇਵਾ ਹੈ, ਜਿਸ ਨੂੰ ਚੀਫ ਖਾਲਸਾ ਦੀਵਾਨ ਕਦੇ ਵੀ ਨਹੀਂ ਭੁਲਾ ਸਕਦਾ।

  • ਮੁੱਖ ਪੰਨਾ : ਭਾਈ ਜੋਧ ਸਿੰਘ ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ