ਭਾਈ ਜੋਧ ਸਿੰਘ
ਭਾਈ ਜੋਧ ਸਿੰਘ (੩੧ ਮਈ ੧੮੮੨ - ੪ ਦਸੰਬਰ ੧੯੮੧) ਵੀਹਵੀਂ ਸਦੀ ਦੇ ਪ੍ਰਮੁੱਖ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ, ਪ੍ਰਬੰਧਕ ਤੇ ਵਿਆਖਿਆਕਾਰ ਸਨ । ਆਪ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਿੰਘ ਸਭਾ ਲਹਿਰ ਚੱਲ ਰਹੀ ਸੀ। ਆਪ ਨੇ ਨਾ ਕੇਵਲ ਇਸ ਲਹਿਰ ਦਾ ਅਸਰ ਕਬੂਲਿਆ ਸਗੋਂ ਲੋੜ ਪੈਣ 'ਤੇ ਯੋਗ ਅਗਵਾਈ ਵੀ ਦਿੱਤੀ । ਉਨ੍ਹਾਂ ਨੇ ਸਾਰਾ ਜੀਵਨ ਧਾਰਮਿਕ, ਸਮਾਜਿਕ, ਰਾਜਨੀਤਕ ਤੇ ਸਾਹਿਤਕ ਕਾਰਜਾਂ ਵਿਚ ਸਰਗਰਮ ਹਿੱਸਾ ਲਿਆ ।ਭਾਈ ਸਾਹਿਬ ਦੀਆਂ ਪ੍ਰਸਿੱਧ ਰਚਨਾਵਾਂ ਵਿਚ ਸਿੱਖੀ ਕੀ ਹੈ ? ਗੁਰਮਤਿ ਨਿਰਣਯ, ਭਗਤ ਬਾਣੀ ਸਟੀਕ, ਭਗਤ ਕਬੀਰ, ਜਪੁਜੀ ਸਟੀਕ, ਪ੍ਰਾਚੀਨ
ਬੀੜਾਂ ਬਾਰੇ, ਗੁਰੂ ਨਾਨਕ ਸਿਮ੍ਰਤੀ ਵਿਖਿਆਨ, ਕਰਤਾਰਪੁਰੀ ਬੀੜ ਦੇ ਦਰਸ਼ਨ, ਭਗਤ ਰਵਿਦਾਸ ਜਥੇਬੰਦੀ, ਜੀਵਨ ਦੇ ਅਰਥ, ਗੁਰੂ ਸਾਹਿਬ ਤੇ ਵੇਦ, ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਅਗਲੀ ਹਾਲਤ, ਨਵਾਬ ਖ਼ਾਨ, ਪੰਥ ਲਈ ਠੀਕ ਰਾਹ, ਪੰਜਾਬ ਦੀ ਬੋਲੀ ਆਦਿ ਸ਼ਾਮਲ ਹਨ । ਇਸ ਤੋਂ ਇਲਾਵਾ, ਭਾਈ ਸਾਹਿਬ ਦੇ ਅਨੇਕਾਂ ਲੇਖ ਵੀ ਪ੍ਰਸਿੱਧ ਮੈਗਜ਼ੀਨਾਂ ਵਿਚ ਪ੍ਰਕਾਸਿਤ ਹੋਏ ਹਨ ਅਤੇ ਬਹੁਤ ਸਾਰੇ ਵਿਸਿਆਂ ਤੇ ਰੇਡੀਉ ਤੋਂ ਵਾਰਤਾਵਾਂ ਵੀ ਪ੍ਰਸਾਰਿਤ ਹੋਈਆਂ । ਪ੍ਰਿੰਸੀਪਲ ਜੋਧ ਸਿੰਘ ਜੀ ਦਾ ਆਖ਼ਰੀ ਯਾਦਗਾਰੀ ਕੰਮ ਪ੍ਰੋ. ਗੁਰਬਚਨ ਸਿੰਘ ਤਾਲਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜੀ ਅਨੁਵਾਦ ਦੀ ਸੁਧਾਈ ਕਰਨਾ ਸੀ।