Biography : Francis Bacon - Mohan Singh Vaid
ਜੀਵਨੀ ਤੇ ਰਚਨਾ : ਫ਼ਰਾਂਸਿਸ ਬੇਕਨ - ਮੋਹਨ ਸਿੰਘ ਵੈਦ
ਬੇਨਤੀ
ਇਹ ਪੁਸਤਕ 'ਬੇਕਨ ਵਿਚਾਰ ਰਤਨਾਵਲੀ' (Lord Bacon's Essays) ਪ੍ਰਸਿੱਧ ਮੰਨੀ ਪ੍ਰਮੰਨੀ ਅੰਗ੍ਰੇਜ਼ੀ ਪੁਸਤਕ ਦੇ ਚੋਣਵੇਂ 36 ਲੇਖਾਂ ਦਾ ਸੁਤੰਤਰ ਉਲਥਾ ਹੈ । ਹਿੰਦੀ ਦੀ ਪ੍ਰਸਿੱਧ ਸਨਮਾਨਤ ‘ਸ੍ਰਸ੍ਵਤੀ ਮਾਸਕ ਪਤ੍ਰਿਕਾ ਦੇ ਸੰਪਾਦਕ ਵਿਦਵਾਨਾਂ ਵਿਚ ਮੰਨੇ ਪ੍ਰਮੱਨੇ ਪੰਡਤ ਮਹਾਂਬੀਰ ਪ੍ਰਸ਼ਾਦ ਦ੍ਵਿਵੇਦੀ ਜੀ ਦੇ ਹਿੰਦੀ ਉਲਥੇ ਦੇ ਆਧਾਰ ਤੇ ਇਹ ਪੰਜਾਬੀ ਉਲਥਾ ਕੀਤਾ ਗਿਆ ਹੈ ਅਰ ਸਿਰਲੇਖਾਂ ਤੇ ਉਪਦੇਸ਼ ਤਥਾ ਲੇਖ ਦਾ ਭਾਵ ਮੁੱਢ ਗੁਰਮਤ ਆਦਿ ਦੇ ਪ੍ਰਮਾਣਾਂ ਨਾਲ ਭੂਸ਼ਤ ਕੀਤਾ ਗਿਆ ਹੈ । ਹਰ ਲੇਖ ਦੇ ਅੰਤ ਤੇ ਸਿੱਟਾ ਇਕ ਇਕ ਦੋਹਰੇ ਆਦਿ ਵਿਚ ਦਸਿਆ ਗਿਆ ਹੈ । ਖਰੜਾ ਕੁਝ ਚਿਰ ਦਾ ਲਿਖਿਆ ਪਿਆ ਸੀ ਪਰ ਲੇਖਾਂ ਦੇ ਉਪਰ ਦੇ ਗੁਰਮਤ ਪ੍ਰਮਾਣਾਂ ਦੀ ਚੋਣ ਅਤੇ ਸਿੱਟੇ ਅਰਥਾਤ ਭਾਵ ਦੱਸਣ ਦੇ ਵਿਚਾਰ ਵਾਸਤੇ ਬਹੁਤ ਸਾਰੇ ਸਮੇਂ ਦੀ ਲੋੜ ਦੀ ਉਡੀਕ ਵਿਚ ਇਸ ਦੇ ਹੁਣ ਪ੍ਰਕਾਸ਼ਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਪੁਸਤਕ ਦੀ ਉੱਤਮਤਾ ਹੇਠ ਲਿਖੇ ਲਾਰਡ ਬੇਕਨ ਜੀ ਦੇ ਸੰਖੇਪ ਜੀਵਨ ਤੇ ਪੁਸਤਕ ਰਚਨਾ ਦੇ ਸਮਾਚਾਰਾਂ ਤੋਂ ਚੰਗੀ ਤਰ੍ਹਾਂ ਪ੍ਰਗਟ ਹੋਵੇਗੀ :
“ਲਾਰਡ ਬੇਕਨ ਦਾ ਜਨਮ ਜਗਤ ਪ੍ਰਸਿੱਧ ਸਭ ਤੋਂ ਵੱਡੇ ਤੇ ਸੁੰਦਰ ਨਗਰ ‘ਲੰਡਨ' ਵਿਚ 22 ਜਨਵਰੀ ਸੰਨ 1561 ਈਸਵੀ ਨੂੰ ਹੋਇਆ । 13 ਵਰ੍ਹੇ ਦੀ ਉਮਰ ਵਿਚ ਆਪ ਟ੍ਰਿਨਿਟੀ ਕਾਲਜ ਵਿਚ ਵਿਦਿਆ ਪ੍ਰਾਪਤ ਕਰਨ ਵਾਸਤੇ ਗਏ, ਪਰ ਉਥੇ ਥੋਹੜੇ ਹੀ ਦਿਨ ਰਹੇ, ਕਿਉਂਕਿ ਉਥੋਂ ਦੀ ਉਸ ਵੇਲੇ ਦੀ ਪੜ੍ਹਾਈ ਦੀ ਪ੍ਰਣਾਲੀ (ਸਕੀਮ) ਆਪ ਨੂੰ ਪਸੰਦ ਨਾ ਆਈ । ਕਾਲਜ ਛੱਡ ਕੇ ਆਪ ਫਰਾਂਸ, ਇਟਲੀ, ਆਦਿ ਦੇਸਾਂ ਦੀ ਸੈਰ ਕਰਨ ਵਾਸਤੇ ਤੁਰ ਗਏ ਅਤੇ ਕਈ ਵਰ੍ਹਿਆਂ ਤਕ ਦੇਸਾਂ ਪ੍ਰਦੇਸ਼ਾਂ ਦੇ ਹਾਲ ਚਾਲ ਦੇਖਦੇ ਸੈਰ ਕਰਦੇ ਰਹੇ । ਅਜੇ ਆਪ ਪਰਦੇਸ਼ ਵਿਚ ਹੀ ਸਨ ਕਿ ਆਪ ਨੂੰ ਆਪਣੇ ਪਿਆਰੇ ਪਿਤਾ ਜੀ ਦੇ ਪਰਲੋਕ ਚਲਾਣਾ ਕਰ ਜਾਣ ਦਾ ਸ਼ੋਕ ਸਮਾਚਾਰ ਮਿਲਿਆ ਜਿਸ ਤੇ ਆਪ ਨੂੰ ਸੁਣਦੇ ਸਾਰ ਹੀ ਘਰ ਮੁੜ ਆਉਣਾ ਪਿਆ ।
ਸ੍ਵਦੇਸ਼ ਵਿਚ ਆ ਕੇ ਆਪ ਨੇ ਕਾਨੂੰਨ ਦਾ ਅਭਿਆਸ ਕੀਤਾ ਅਤੇ ਕੁਝ ਦਿਨਾਂ ਤਕ ਆਪ ਚੰਗੀ ਧੜੱਲੇਦਾਰ ਵਕਾਲਤ ਕਰਦੇ ਰਹੇ ।26 ਵਰ੍ਹੇ ਦੀ ਉਮਰ ਵਿਚ ਵਕਾਲਤ ਛੱਡ ਕੇ ਆਪ ਸਰਕਾਰੀ ਨੌਕਰੀ ਕਰਨ ਲਗ ਗਏ । ਸਰਕਾਰੀ ਨੌਕਰੀ ਵਿਚ ਆਪ ਨੇ ਇਥੋਂ ਤਕ ਸਫਲਤਾ ਪ੍ਰਾਪਤ ਕੀਤੀ ਕਿ ਸੰਨ 1612 ਈ. ਵਿਚ ਆਪ ਵੱਡੇ ਜੱਜ ਬਣਾਏ ਗਏ । ਜਦ ਆਪ ਏਸ ਅਹੁਦੇ ਤੇ ਸਨ ਤਦ ਆਪ ਤੇ ਇਕ ਵਾਰੀ ਵੱਢੀ ਲੈਣ ਦਾ ਅਪਰਾਧ ਲਗਾਇਆ ਗਿਆ, ਜਿਸ ਨੂੰ ਆਪ ਨੇ ਮੰਨ ਭੀ ਲਿਆ ਤੇ ਆਪਣੀ ਗਿਰਾਵਟ ਦੱਸੀ ਜਿਸ ਪਰ ਕਾਨੂੰਨ ਅਨੁਸਾਰ ਆਪ ਨੂੰ ਦੰਡ ਦਾ ਭਾਗੀ ਹੋਣਾ ਪਿਆ। ਪਰ ਆਪ ਦੀ ਸਰਲਤਾ, ਸਚਾਈ ਤੇ ਵਿਦਵ੍ਤਾ ਦੇ ਕਾਰਨ ਵਰਤਮਾਨ ਪਾਤਸ਼ਾਹ ਦੀ ਆਪ ਤੇ ਵਿਸ਼ੇਸ਼ ਕ੍ਰਿਪਾਲਤਾ ਸੀ ਜਿਸ ਤੇ ਇਹ ਆਪ ਦੀ ਨਖਿੱਧ ਕਾਰਵਾਈ ਕੁਸੰਗਤ ਦਾ ਸਿੱਟਾ ਤੇ ਭੁੱਲ ਜਾਣ ਕੇ ਆਪ ਜੀ ਦਾ ਵੰਡ ਬਖਸ਼ ਕੇ ਦੋਸ਼ ਖਿ਼ਮਾ ਕਰ ਦਿਤਾ ਗਿਆ । ਲਾਰਡ ਬੇਕਨ ਵਿਦਵਾਨਤਾ ਤੇ ਵਡਿਆਈ ਵਿਚ ਇਹ ਇਕ ਅਯੋਗ ਦਾਗ ਲੱਗ ਗਿਆ ਜਿਸ ਤੋਂ ਇਹ ਉਪਦੇਸ਼ ਵੀ ਮਿਲਦਾ ਹੈ ਕਿ ਕਦੇ ਕਦੇ ਵੱਡੇ ਵੱਡੇ ਵਿਦਵਾਨ, ਨੀਤੀਵਾਨ ਸੱਜਣ ਭੀ ਸੰਗ ਦੋਸ਼ ਕਰਕੇ ਵੱਡੀ ਭਾਰੀ ਭੁੱਲ ਕਰ ਬੈਠਦੇ ਹਨ, ਜਿਸ ਤੇ ਉਹ ਆਪ ਹੀ ਪਛਤਾ ਕੇ ਆਪਣੇ ਆਪ ਨੂੰ ਦੰਡ ਯੋਗ ਖੜ੍ਹਾ ਕਰ ਦਿੰਦੇ ਹਨ। ਵਿਚਾਰਵਾਨ ਤੇ ਮੂੜ੍ਹ ਵਿਚ ਏਤਨਾ ਹੀ ਫ਼ਰਕ ਹੁੰਦਾ ਹੈ ਕਿ ਉਹ (ਵਿਚਾਰਵਾਨ) ਔਗੁਣ ਕਰਕੇ ਪਛਤਾਉਂਦਾ ਤੇ ਅੱਗੇ ਨੂੰ ਸਿਖਿਆ ਧਾਰਨ ਕਰਦਾ ਹੈ ਤੇ ਦੂਜਾ (ਮੂੜ) ਇਕ ਔਗੁਣ ਨੂੰ ਲੁਕਾਉਣ ਵਾਸਤੇ ਸੈਂਕੜੇ ਹੋਰ ਔਗੁਣ ਕਰਦਾ ਹੈ ।
ਲਾਰਡ ਬੇਕਨ ਦੀ ਮਾਤਾ ਇਕ ਵਿਦਵਾਨ ਇਸਤ੍ਰੀ ਸੀ, ਉਥੋਂ ਦੀਆਂ ਲੋਰੀਆਂ ਤੋਂ ਸਿਖਿਆ ਦੀ ਬਰਕਤ ਆਪ ਨੂੰ ਬਾਲਪਨ ਵਿਚ ਹੀ ਵਿਦਿਆ ਵੱਲ ਵੱਡਾ ਪ੍ਰੇਮ ਹੋ ਗਿਆ ਸੀ । ਲਾਰਡ ਬੇਕਨ ਇਕ ਅਦੁੱਤੀ ਵਿਦਵਾਨ ਸੀ । ਦਰਸ਼ਨ ਸ਼ਾਸਤਰ ਵੱਲ ਆਪ ਦੀ ਬੜੀ ਹੀ ਪ੍ਰਵਿਰਤੀ ਸੀ । ਤੱਤ ਗਿਆਨ ਸੰਬੰਧੀ ਵਿਚਾਰਾਂ ਨੇ ਇਸ ਵੇਲੇ ਅੰਗ੍ਰੇਜ਼ੀ ਵਿਚ ਜੋ ਰੂਪ ਧਾਰਨ ਕੀਤਾ ਹੈ ਉਹ ਲਾਰਡ ਬੇਕਨ ਦੀ ਹੀ ਵੱਡੀ ਉੱਚ ਬੁੱਧੀਮਤਾ ਦਾ ਫਲ ਹੈ । “ਇੰਡ ਕਲਿਵ ਫ਼ਿਲਾਸਫ਼ੀ" ਦੀ ਪਨੀਰੀ ਜੇਕਰ ਆਪ ਨਾ ਲਗਾਉਂਦੇ ਤਦ ਉਸ ਵਿਗਿਆਨ ਨੂੰ ਅਜੇਹਾ ਰੂਪ ਅੱਜ ਕਦੇ ਭੀ ਪ੍ਰਾਪਤ ਨਾ ਹੁੰਦਾ । ਲਾਰਡ ਬੇਕਨ ਨੇ ਵਿਗਿਆਨ ਸੰਬੰਧੀ ਕਈ ਉੱਤਮ ਗ੍ਰੰਥ ਲਿਖੇ ਹਨ । ਸੰਨ 1628 ਈ. ਵਿਚ ਆਪ ਏਸ ਅਸਾਰ ਸੰਸਾਰ ਤੋਂ ਕੂਚ ਕਰ ਗਏ ਪਰ ਉੱਤਮ ਪੁਸਤਕਾਂ ਲਿਖਣ ਦੇ ਰਾਹੀਂ ਆਪ ਸਦਾ ਵਾਸਤੇ ਆਪਣਾ ਜੀਵਨ ਸੰਸਾਰ ਵਿਚ ਕਾਇਮ ਕਰ ਗਏ, ਜਿਸ ਵਿਚੋਂ ਇਹ ਇਕ ਪੁਸਤਕ 'ਬੇਕਨ ਵਿਚਾਰ ਰਤਨਾਵਲੀ' ਭੀ ਹੈ।
ਆਪਣੀ 37 ਵਰ੍ਹਿਆਂ ਦੀ ਉਮਰ ਵਿਚ ਪਹਿਲੇ ਪਹਿਲ ਉਕਤ ਲਾਰਡ ਜੀ ਨੇ ਆਪਣੇ ਇਹ ਲੇਖ਼ ਪ੍ਰਕਾਸ਼ਿਤ ਕੀਤੇ, ਜੋ ਲੋਕਾਂ ਨੂੰ ਐਨੇ ਪਿਆਰੇ ਲੱਗੇ ਤੇ ਪਸੰਦ ਆਏ ਕਿ ਜੀਉਂਦੇ ਜੀ ਹੀ ਉਨ੍ਹਾਂ ਦੇ ਉਲਥੇ ਲੈਟਿਨ, ਫ੍ਰੈਂਚ ਅਤੇ ਇਟਾਲੀਅਨ ਆਦਿਕ ਅਨੇਕਾਂ ਭਾਸ਼ਾਵਾਂ ਵਿਚ ਹੋ ਗਏ । ਅੰਗਰੇਜ਼ ਵਿਦਵਾਨ ਇਨ੍ਹਾਂ ਲੇਖਾਂ ਨੂੰ ਬਹੁਤ ਹੀ ਆਦਰ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ ਅਤੇ ਸਮੇਂ ਸਮੇਂ ਇਨ੍ਹਾਂ ਦੇ ਪਰਮਾਣ ਦੇ ਕੇ ਆਪਣੇ ਕਥਨ ਜਾਂ ਲੇਖ ਦੀ ਪੁਸ਼ਟੀ ਕਰਦੇ ਹਨ । ਭਾਰਤਵਰਸ਼ ਵਾਸਤੇ ਇਨ੍ਹਾਂ ਦੀ ਉੱਤਮਤਾ ਦੀ ਮਾਨਤਾ ਵਿਚ ਇਤਨਾਂ ਪ੍ਰਮਾਣ ਹੀ ਬਹੁਤ ਹੈ ਕਿ 'ਅਲਾਹਬਾਦ ਯੂਨੀਵਰਸਿਟੀ' ਦੇ ਕੋਰਸ ਵਿਚ ਇਹ ਲੇਖ ਪੜ੍ਹਾਏ ਜਾਂਦੇ ਹਨ ਤੇ ਭਾਰਤ ਦੀ ਲਗਭਗ ਹਰ ਭਾਸ਼ਾ ਵਿਚ ਇਹ ਛਪੇ ਹੋਏ ਹਨ ।
ਲਾਰਡ ਬੇਕਨ ਜੀ ਨੂੰ ਜਿਉਂ ਜਿਉਂ ਉੱਤਮ ਵਿਚਾਰ ਸੁਝਦੇ ਗਏ ਤਿਉਂ ਤਿਉਂ ਹੀ ਆਪ ਉਨ੍ਹਾਂ ਨੂੰ ਲਿਖਦੇ ਗਏ । ਹਰ ਇਕ ਵਿਸ਼ੇ ਦਾ ਆਦਿ ਤੋਂ ਲੈ ਕੇ ਅੰਤ ਤਕ ਇਕਦਮ ਆਪ ਨੇ ਵਿਚਾਰ ਨਹੀਂ ਰਖਿਆ । ਇਸੇ ਕਰਕੇ ਇਨ੍ਹਾਂ ਲੇਖਾਂ ਦੇ ਆਰੰਭ ਅਤੇ ਅੰਤ ਵਿਚ ਪੂਰੀ ਪੂਰੀ ਇਕ ਲੜੀ ਜਾਂ ਸੰਮਤਾ ਨਹੀਂ; ਆਪ ਦੇ ਵਿਚਾਰ ਬੜੇ ਹੀ ਡੂੰਘੇ ਤੇ ਉੱਚ ਭਾਵਾਂ ਦੇ ਹਨ ਜਿਸ ਦੀ ਸਾਖੀ ਇਹ ਲੇਖ ਆਪ ਹੀ ਚੰਗੀ ਤਰ੍ਹਾਂ ਦਿੰਦੇ ਹਨ ।
ਲਾਰਡ ਬੇਕਨ ਦੇ ਸਾਰੇ ਲੇਖ 58 ਹਨ ਜਿਨ੍ਹਾਂ ਵਿਚੋਂ ਇਹ ਕੇਵਲ 36 ਦਾ ਉਲਥਾ ਕੀਤਾ ਹੋਇਆ ਹੈ, ਬਾਕੀ 22 ਲੇਖਾਂ ਦਾ ਵਿਸ਼ਾ ਬਹੁਤ ਅਜੇਹਾ ਹੈ ਜੋ ਸਾਡੇ ਦੇਸ਼ ਦੇ ਲੋਕਾਂ ਵਾਸਤੇ ਚੰਗਾ ਰੁਚੀਕਰ ਨਹੀਂ । ਇਸ ਲਈ ਉਨ੍ਹਾਂ ਨੂੰ ਵੱਖਰੇ ਰਹਿਣ ਦਿਤਾ ਗਿਆ ਹੈ । ਇਸ ਤੋਂ ਸਿਵਾਇ ਅੱਖਰ ਅਰਥ ਮਾਤਰ ਹੀ ਨਾ ਲਿਖਕੇ ਉਨ੍ਹਾਂ ਦੀ ਥਾਂ ਸ੍ਵਦੇਸ਼ ਭਾਸ਼ਾ ਦੀ ਸੁੰਦਰ ਚਾਲ ਅਨੁਸਾਰ ਹੀ ਸ੍ਵਤੰਤਰ ਸ਼ਬਦ (ਲਫਜ਼) ਰੱਖੇ ਗਏ ਹਨ। ਇਥੋਂ ਤਕ ਕਿ ਕਿਸੇ ਕਿਸੇ ਸਿਰਲੇਖ ਦਾ ਭੀ ਅੱਖਰ ਅਰਥ ਨਹੀਂ ਰਖਿਆ ਗਿਆ ਜੇਹਾ ਕਿ 'Of Parents and Children' ਦਾ ਅੱਖਰ ਅਰਥ 'ਮਾਤਾ ਪਿਤਾ ਅਤੇ ਸੰਤਾਨ' ਨਾ ਕਰਕੇ ਕੇਵਲ ‘ਸੰਤਾਨ' ਹੀ ਕੀਤਾ ਗਿਆ ਹੈ, ਕਿਉਂਕਿ ਇਸ ਲੇਖ ਵਿਚ ਵਿਸ਼ੇਸ਼ ਕਰਕੇ “ ਸੰਤਾਨ” ਦਾ ਹੀ ਵਰਣਨ ਹੈ । ਮਾਤਾ ਪਿਤਾ ਦਾ ਸੰਬੰਧ ਵਾਧੂ ਹੈ । ਇਸੇ ਤਰ੍ਹਾਂ ਕਿਸੇ ਕਿਸੇ ਪਦ ਦਾ ਉਲਥਾ ਅਯੋਗ ਸਮਝ ਕੇ ਛੱਡ ਹੀ ਦਿੱਤਾ ਗਿਆ ਹੈ ਅਤੇ ਕਈ ਇਕ ਇਤਿਹਾਸਕ ਪ੍ਰਮਾਣਾਂ ਦਾ ਪਤਾ ਹੇਠ ਫੁੱਟ-ਨੋਟਾਂ ਵਿਚ ਪੰਡਤ ਜੀ ਦੇ ਅਨੁਸਾਰ ਹੀ ਦਿਤਾ ਗਿਆ ਹੈ । ਇਸੇ ਤਰ੍ਹਾਂ ਹਿੰਦੀ ਅਨੁਵਾਦ ਵਿਚ ਪੰਡਤ ਜੀ ਨੇ ਹਰ ਇਕ ਲੇਖ ਦੇ ਆਰੰਭ ਵਿਚ ਉਸੇ ਭਾਵ ਦੇ ਧਰਮ ਸ਼ਾਸਤਰ, ਨੀਤੀ, ਵੈਦਕ, ਵੇਦਾਂਤ ਆਦਿ ਪੁਸਤਕਾਂ ਦੀ ਛਾਂਟ ਦੇ ਸੰਸਕ੍ਰਿਤ ਸ਼ਲੋਕ ਦਿਤੇ ਹੋਏ ਹਨ, ਪਰ ਉਨ੍ਹਾਂ ਦੀ ਥਾਂ ਅਸੀਂ ਪਹਿਲੇ ਲਿਖੇ ਅਨੁਸਾਰ ਉਨ੍ਹਾਂ ਹੀ ਭਾਵਾਂ ਦੇ ਉਪਦੇਸ਼ ਭਰੇ ਗੁਰਬਾਣੀ ਦੇ ਪ੍ਰਮਾਣ ਚੁਣ ਕੇ ਸਸ਼ੋਭਤ ਕੀਤੇ ਹਨ ਅਰ ਹਰ ਇਕ ਲੇਖ ਦੇ ਅੰਤ ਵਿਚ ਸਾਰੇ ਲੇਖ ਦੇ ਸਿੱਟੇ ਦਾ ਭਾਵ ਇਕ ਇਕ ਦੋਹਰੇ ਆਦਿ ਵਿਚ ਦਿੱਤਾ ਹੈ । ਇਸ ਉੱਤਮ ਅਦੁਤੀ ਪੁਸਤਕ ਨੂੰ ਸ੍ਵਦੇਸ਼ ਭਾਸ਼ਾ ਵਿਚ ਕਰਦੇ ਹੋਏ ਲਗਦੀ ਵਾਹ ਇਸਦੀ ਉੱਤਮਤਾ, ਵਧਾਉਣ ਅਰ ਸੁੰਦਰਤਾ ਬਣਾਉਣ ਵਾਸਤੇ ਜੋ ਯਤਨ ਕੀਤਾ ਗਿਆ ਹੈ ਉਹ ਵਿਦਵਾਨ ਪਾਠਕ ਸੱਜਣ ਆਪ ਹੀ ਅਨੁਭਵ ਕਰ ਸਕਦੇ ਹਨ, ਬਹੁਤ ਕੁਝ ਲਿਖਣ ਦੀ ਲੋੜ ਨਹੀਂ। ਦੇਸ਼ ਭਾਸ਼ਾ ਦੇ ਪ੍ਰੇਮੀ ਜਿਉਂ ਜਿਉਂ ਦਾਸ ਦੇ ਇਸ ਉੱਦਮ ਵਿਚ ਸਹਾਈ ਹੋ ਕੇ ਉਤਸ਼ਾਹ ਵਧਾਉਣਗੇ ਤਿਉਂ ਤਿਉਂ ਹੀ ਦਾਸ ਵੱਧ ਤੋਂ ਵੱਧ ਇਸ ਸੇਵਾ ਦੇ ਯਤਨ ਵਿਚ ਲੱਗਾ ਰਹੇਗਾ ਪਰ ਜੇ ਅੱਗੇ ਸੇਵਾ ਦੀ ਸਫਲਤਾ ਵਾਸਤੇ ਥਾਂ ਹੀ ਨਾ ਲੱਭੇ ਤਦ ਪੁਸਤਕ ਪ੍ਰਕਾਸ਼ਤ ਕਰ ਕਰ ਕੇ ਕਦ ਤਕ ਅੰਦਰ ਭਰਨ ਨਾਲ ਉਤਸ਼ਾਹ ਬਣਿਆ ਰਹਿ ਸਕੇਗਾ । ਆਸ਼ਾ ਹੈ ਪਾਠਕ ਸੱਜਣ ਇਸ ਬੇਨਤੀ ਵਲ ਵਿਸ਼ੇਸ਼ ਧਿਆਨ ਦੇਣਗੇ ।
19 ਵਸਾਖ ਸੰ. 444.......................ਦਾਸ—ਮੋਹਨ ਸਿੰਘ ਵੈਦ
1 ਮਈ, 1913...............................ਮਾਲਕ ਤੇ ਪ੍ਰਬੰਧਕ
ਤਰਨਤਾਰਨ (ਪੰਜਾਬ.....................ਸ੍ਵਦੇਸ਼ ਭਾਸ਼ਾ ਪ੍ਰਚਾਰਕ ਲੜੀ