Chainchlo (Dogri Story in Punjabi) : Dharam Chandra Prashant
ਚੈਂਚਲੋ (ਡੋਗਰੀ ਕਹਾਣੀ) : ਧਰਮ ਚੰਦਰ ਪ੍ਰਸ਼ਾਂਤ
ਲੈਫਟੀਨੈਂਟ ਗਿਆਨ ਨੂੰ ਬੂੰਜੀ 'ਚ ਆਇਆਂ ਹਾਲੀ ਤਿੰਨ ਕੁ ਦਿਨ ਹੀ ਹੋਏ ਸਨ । ਅਟਕ ਦਾ ਨਜ਼ਾਰਾ ਵੇਖ ਉਹ ਦੰਗ ਰਹਿ ਗਿਆ । ਮੁਗਧ ਜਿਹਾ ਖਲੋਤਾ ਉਸ ਚਾਰੇ ਤਰਫ ਨਜ਼ਰ ਦੁੜਾਈ। ਉਸ ਦੇ ਪੈਰਾਂ ਕੋਲੋਂ ਹੀ ਇਕ ਪਗਡੰਡੀ ਸੈਲਾਨੀਆਂ ਤੇ ਰਾਹਗੀਰਾਂ ਨੂੰ ਆਪਣੀ ਹਿੱਕ ਉਤੇ ਪੱਥਰਾਂ ਤੇ ਜੰਗਲੀ ਬੂਟੀਆਂ ਤੋਂ ਬਚਾਂਦੀ ਹੇਠਾਂ ਅਟਕ ਤੀਕ ਲੈ ਜਾਂਦੀ । ਵੱਡੇ ਵੱਡੇ ਪੱਥਰ ਤੇ ਸਿਲਾਂ ਸਿਰ ਕੱਢੀ ਉਨ੍ਹਾਂ ਦਾ ਰਾਹ ਦੇਖਦੇ, ਜਿਹੜੇ ਦਰਿਆ ਦਾ ਨਜ਼ਾਰਾ ਤੇ ਠੰਢਕ ਮਾਣਨ ਲਈ ਉਨ੍ਹਾਂ ਨਾਲ ਟੇਕ ਲਗਾਂਦੇ ਜਾਂ ਉਨ੍ਹਾਂ ਉੱਤੇ ਬੈਠਦੇ। ਗਿਆਨ ਨੇ ਦੇਖਿਆ ਅਟਕ ਠਾਠਾਂ ਮਾਰਦਾ ਸ਼ੋਰ ਮਚਾਈ ਦੌੜ ਰਿਹਾ ਸੀ ਆਪਣੀ ਮੰਜ਼ਿਲ ਵੱਲ । ਛਲਾਂ ਦੇ ਦੁੱਧ ਚਿੱਟੇ ਚਾਂਦੀ ਦੇ ਪਹਾੜ ਆਪ ਮੁਹਾਰੇ ਰੁੜ੍ਹਦੇ ਜਾਂਦੇ । ਅਟਕ ਦਰਿਆ ਦਾ ਪਾਣੀ ਇੰਨ੍ਹਾ ਠੰਡਾ ਸੀ ਕਿ ਹੱਥ ਲਾਉਂਦੇ ਹੀ ਗਿਆਨ ਦੇ ਲੂੰ ਕੰਡੇ ਖੜੇ ਹੋ ਗਏ । ਦਰਿਆ ਦੇ ਆਰ ਪਾਰ ਕਿੰਨੇ ਹੀ ਭੁਟੇ ਪਦਮ ਦੀ ਲਕੜੀ ਦੇ ਮੁੱਢ ਪਕੜਦੇ ਪਏ ਸਨ । ਇਹੀ ਬੂੰਜੀ ਦੇ ਲੋਕਾਂ ਦਾ ਸਭ ਤੋਂ ਵੱਡਾ ਕਿੱਤਾ, ਸਾਰੇ ਦਿਨ ਦੀ ਮਿਹਨਤ ਦੇ ਬਾਦ ਉਹ ਅਠ ਦਸ ਆਨੇ ਕਮਾ ਹੀ ਲੈਂਦੇ।
ਸੱਜੇ ਪਾਸੇ ਗਿਆਨ ਦੀ ਨਜ਼ਰ ਦੌੜਦਿਆਂ ਉਥੇ ਹੀ ਠਹਿਰ ਗਈ ਇਕ ਵੱਡੇ ਪੱਥਰ ਉੱਤੇ। ਜਿਸ ਤੇ ਵੀਹਾਂ ਕੁ ਸਾਲਾਂ ਦੀ ਜੁਆਨ ਜਹਾਨ ਕੁੜੀ ਅਟਕ ਵਿਚ ਪੈਰ ਲਟਕਾਈ ਬੜੇ ਆਰਾਮ ਨਾਲ ਬੈਠੀ ਹੋਈ ਸੀ।ਹਜ਼ਾਰਾਂ ਸਾਲਾਂ 'ਚ ਵੀ ਅਟਕ ਦੀਆਂ ਛਲਾਂ ਇਸ ਪੱਥਰ ਨੂੰ ਹਿਲਾ ਨਾ ਸਕੀਆਂ ਤੇ ਕੁੜੀ ਮਗਨ ਸੀ । ਇਨ੍ਹਾਂ ਛੱਲਾਂ ਵਿਚ ਜਿਹੜੀਆਂ ਜ਼ੋਰ ਜ਼ੋਰ ਨਾਲ ਇਸ ਪੱਥਰ ਨਾਲ ਆਪਣਾ ਮੱਥਾ ਭੰਨਦੀਆਂ ਅੱਗੇ ਲੰਘ ਜਾਂਦੀਆਂ। ਹੱਥ ਨਾਲ ਠੋਡੀ ਨੂੰ ਸਹਾਰਾ ਦਿੰਦਿਆਂ ਉਹ ਉਂਜ ਹੀ ਬੈਠੀ ਰਹੀ ਤੇ ਗਿਆਨ ਵੀ ਕਿੰਨੀ ਦੇਰ ਉਸ ਨੂੰ ਇਕੋ ਟਕ ਦੇਖਦਾ ਰਿਹਾ । ਕਦੀ ਕਦੀ ਉਸ ਦੀਆਂ ਨਜ਼ਰਾਂ ਛੱਲਾਂ ਤੋਂ ਵਿਹਲੀਆਂ ਹੋ ਉੱਚੀ ਉਡਾਰੀ ਮਾਰਦੀਆਂ ਢਾਈ ਹਜ਼ਾਰ ਫੁਟ ਨਾਗਾ ਪਰਬਤ ਦੀ ਚੋਟੀ ਤੇ ਜਿਹੜੀ ਬਰਫ ਨਾਲ ਢੱਕੀ ਹੋਈ ਸੀ ਤੇ ਅਕਾਸ਼ ਨਾਲ ਛੋਂਹਦੀਆਂ ਉਸ ਦੀਆਂ ਚੋਟੀਆਂ ਬੱਦਲਾਂ ਨੇ ਘੇਰੀਆਂ ਹੋਈਆਂ ਸਨ। ਬੂੰਜੀ ਦੇ ਲੋਕਾਂ ਨੂੰ ਇਸ ਚੋਟੀ ਦੇ ਘਟ ਹੀ ਦਰਸ਼ਨ ਹੁੰਦੇ ਨੇ । ਜਦ ਬਦਲ ਹਟੇ—ਚੋਟੀ ਦੇ ਦਰਸ਼ਨ ਹੋਏ ਤਾਂ ਕੁੜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ । ਉਹ ਉਛਲ ਪਈ ਤੇ ਦੋਨੋਂ ਹੱਥ ਜੋੜ ਕੇ ਬੋਲੀ “ਜੁਲੇ (ਨਮਸਕਾਰ)
ਦਰਿਆ ਦੇ ਸ਼ੋਰ ਨਾਲ ਗਿਆਨ ਉਸ ਦੇ ਬੋਲ ਨਾ ਸੁਣ ਸਕਿਆ । ਠੰਡੇ ਪਾਣੀ ਦੀਆਂ ਛੱਲਾਂ ਪੱਥਰ ਦੇ ਨਾਲ ਨਾਲ ਉਸ ਦੇ ਪੈਰਾਂ ਨਾਲ ਵੀ ਟਕਰਾਂਦੀਆਂ । ਗਿਆਨ ਇਹ ਨਾ ਸਮਝ ਸਕਿਆ ਕਿ ਉਹ ਕਦੇ ਪਹਾੜ ਦੀ ਉਚਾਈ ਤੇ ਕਦੇ ਛੱਲਾਂ ਦੀ ਡੂੰਘਾਈ 'ਚ ਕੀ ਦੇਖਦੀ ਏ ? ਕੀ ਲੱਭਦੀ ਏ ? ਸਿਪਾਹੀਆਂ ਲਈ ਕਿਸੇ ਛਾਵਣੀ 'ਚ ਕੁੜੀ ਲੱਭਣੀ ਜਾਂ ਪ੍ਰਮੇਸ਼ਰ ਲੱਭਣਾ ਇਕੋ ਬਰਾਬਰ ਹੁੰਦਾ ਏ। ਉਹ ਦੋ ਵਰ੍ਹੇ ਗਿਲਗਿਤ ਵੀ ਰਹਿ ਆਇਆ ਸੀ ਪਰ ਉਸ ਕਦੇ ਕੁੜੀ ਦੀ ਆਵਾਜ਼ ਵੀ ਨਹੀਂ ਸੁਣੀ । ਫਿਰ ਇਥੇ ਬੂੰਜੀ ਛਾਉਣੀ ਕੋਲ ਕੁੜੀ ਕਿਥੋਂ ਆ ਗਈ ? ਉਸ ਦਾ ਦਿਲ ਧਕਧਕ ਕਰ ਰਿਹਾ ਸੀ। ਉਸ ਨੇ ਹਿੰਮਤ ਦੀ ਗੰਢ ਬੰਨ੍ਹੀ ਤੇ ਕੁੜੀ ਨੂੰ ਪੁੱਛਿਆ, ‘ਚਾਰੰਗ ਗਾ ਪਾ ਇਨ' (ਤੂੰ ਕਿਥੇ ਰਹਿੰਦੀ ਏਂ ?) ਹਾਲੀਂ ਤੀਕ ਉਸ ਕੁੜੀ ਨੇ ਗਿਆਨ ਨੂੰ ਨਹੀਂ ਸੀ ਦੇਖਿਆ, ਆਵਾਜ਼ ਸੁਣਦੇ ਹੀ ਉਹ ਚੌਕੰਨੀ ਹੋ ਗਈ । ਆਪਣੇ ਕੱਪੜੇ ਸਾਂਭ ਅੱਖ ਦੇ ਪਲਕਾਰੇ ਵਿਚ ਹੀ ਸਾਹਮਣੇ ਖੁਰਮਾਨੀਆਂ ਦੇ ਦਰਖ਼ਤਾਂ ਪਿੱਛੇ ਅਲੋਪ ਹੋ ਗਈ । ਪਹਿਲਾਂ ਗਿਆਨ ਦਾ ਦਿਲ ਕੀਤਾ ਉਸ ਦਾ ਪਿੱਛਾ ਕਰੇ ਪਰ ਛਾਉਣੀ ਦੇ ਨਿਯਮਾਂ ਨੂੰ ਸੋਚਦਿਆਂ ਉਹ ਚੁੱਪ ਰਿਹਾ।
ਦੂਜੇ ਦਿਨ ਫਿਰ ਉਸੀ ਵੇਲੇ ਉਹ ਅਟਕ ਦੇ ਕੰਢੇ ਜਾ ਪੁੱਜਾ । ਉਸੀ ਪੱਥਰ ਉੱਤੇ ਉਹੀ ਕੁੜੀ ਬੈਠੀ ਕਦੇ ਦੌੜਦੀਆਂ ਟਕਰਾਂਦੀਆਂ ਛੱਲਾਂ ਨੂੰ ਤੇ ਕਦੇ ਨਾਗਾ ਪਰਬਤ ਦੀ ਚੋਟੀ ਨੂੰ ਦੇਖਦੀ । ਬੜੇ ਆਰਾਮ ਨਾਲ ਬੈਠੀ ਜਿਵੇਂ ਹੋਰ ਦੁਨੀਆਂ ਦੀ ਸੁਧ ਹੀ ਨਾ ਹੋਏ । ਗਿਆਨ ਹੌਲੀ ਹੌਲੀ ਚਲ ਉਸ ਦੇ ਪਿੱਛੇ ਖਲੋ ਗਿਆ ਪਰ ਉਸ ਦੇ ਬੂਟਾਂ ਨਾਲ ਕਈ ਪੱਥਰ ਰੁੜਕ ਗਏ । ਉਹ ਡਰ ਨਾਲ ਉੱਠ ਕੇ ਨੱਸ ਗਈ । ਗਿਆਨ ਨੇ ਜ਼ੋਰ ਦੀ ਹੱਥ ਮਾਰ ਕੇ ਉਸ ਦੀ ਬਾਂਹ ਪਕੜ ਲਈ ਜ਼ੋਰ ਦੀ ਹੰਭਲਾ ਮਾਰ ਬਾਂਹ ਛੁੜਕਾ ਕੇ ਮਿੰਟਾਂ ਵਿਚ ਹੀ ਖੁਰਮਾਨੀਆਂ ਦੇ ਸੰਘਣੇ ਬਾਗ਼ ਵਿਚ ਅਲੋਪ ਹੋ ਗਈ। ਗਿਆਨ ਸਮਝ ਗਿਆ ਬਾਗ਼ ਦੇ ਪਾਰ ਝੁੱਗੀਆਂ 'ਚ ਹੀ ਰਹਿੰਦੀ ਏ। ਗਿਆਨ ਰੋਜ਼ ਸ਼ਾਮ ਨੂੰ ਉਸੀ ਪ੍ਰਤਾਪ ਪੁਲ ਤੇ ਸੈਰ ਕਰਨ ਜਾਂਦਾ । ਪਰ ਫਿਰ ਉਹ ਉਥੇ ਕਦੇ ਵੀ ਨਾ ਆਈ । ਇੰਜ ਹੀ ਦਸ ਪੰਦਰਾਂ ਦਿਨ ਗੁਜ਼ਰ ਗਏ ਪਰ ਉਹ ਨਾਂ ਦਿਸੀ।
ਜਦ ਦਾ ਗਿਆਨ ਪੂੰਜੀ 'ਚ ਆਇਆ । ਉਸ ਨੂੰ ਮੈੱਸ ਦਾ ਇੰਚਾਰਜ ਬਣਾਇਆ ਗਿਆ । ਗਿਲਗਿਤ ਵਿਚ ਵੀ ਉਹੀ ਮੈਸ ਦਾ ਇੰਚਾਰਜ ਸੀ। ਮੈੱਸ ਦੇ ਤਿੰਨੋਂ ਲਾਂਗਰੀ ਛੁਟੀ ਤੇ ਚਲੇ ਗਏ । ਅੱਜ ਚੌਥੀ ਵਾਰੀ ਉਸ ਆਪਣੇ ਕਮਾਂਡਰ ਨੂੰ ਆਖਿਆ ਜੇ ਕਿਸੀ ਲਾਂਗਰੀ ਦਾ ਅੱਜ ਹੀ ਇੰਤਜ਼ਾਮ ਨਾ ਹੋਇਆ ਤਾਂ ਸਾਰੇ ਅਫ਼ਸਰਾਂ ਨੂੰ ਖਾਣਾ ਲੰਗਰ ਵਿਚ ਖਾਣਾ ਪਏਗਾ ।
ਕਰਨਲ ਭੀਸ਼ਮ ਸਿੰਘ ਨੇ ਦੱਸਿਆ ਨਵਾਂ ਲਾਂਗਰੀ ਤਾਂ ਸਵੇਰ ਦਾ ਆ ਗਿਆ ਹੈ ਤੇ ਉਸ ਨੂੰ ਉਹ ਜਾ ਕੇ ਸਭ ਕੁਝ ਦੱਸ ਦੇਵੇ। ਰਸੋਈ ਵਿਚ ਜਾ ਕੇ ਗਿਆਨ ਹੈਰਾਨ ਰਹਿ ਗਿਆ, ਇਹ ਤਾਂ ਉਹੀ ਭੁਟੀ ਕੁੜੀ ਸੀ, ਜਿਹੜੀ ਉਸ ਦੋ ਵੇਰਾਂ ਅੱਗੇ ਵੀ ਅਟਕ ਦੇ ਕੰਢੇ ਦੇਖੀ ਸੀ।
ਗਿਆਨ ਨੂੰ ਦੇਖ ਉਹ ਵੀ ਠਠੰਬਰੀ ਪਰ ਝਟ ਹੀ ਸੰਭਲ ਗਈ।
'ਸਲਾਮ' ।
"ਤੂੰ ਹਿੰਦੁਸਤਾਨੀ ਬੋਲ ਸਕਦੀ ਏਂ ?"
‘ਹਾਂ, ਵਿਚ ਸਿਰ ਹਿਲਾਉਂਦੇ ਉਹ ਬੋਲੀ "ਤੁਸੀਂ ਮੈੱਸ ਦੇ ਇੰਚਾਰਜ ਹੋ ? ਮੈਨੂੰ ਥੋੜਾ ਦੱਸ ਦਿਓ ਅਫ਼ਸਰ ਲੋਕ ਕਿਸ ਵੇਲੇ ਖਾਂਦੇ ਨੇ । ਕਿਸ ਵੇਲੇ ਚਾਹ ਪੀਂਦੇ ਨੇ ? ਕਿਹੜੀ ਚੀਜ਼ ਜ਼ਿਆਦਾ ਪਸੰਦ ਕਰਦੇ ਨੇ ?"
ਉਹ ਦਿਸਦੀ ਤਾਂ ਭੁਟੀ ਸੀ ਪਰ ਬਹੁਤ ਹੁਸ਼ਿਆਰ । ਅਜ ਉਹ ਗਿਆਨ ਕੋਲੋਂ ਬਿਲ ਕੁਲ ਨਾ ਝਿਝਕੀ ਤੇ ਝਟ ਪਟ ਉਸ ਸਭ ਕੁਝ ਸਮਝ ਲਿਆ।
“ਤੂੰ ਕੌਣ ਏਂ ? ਮੁਸਲਮਾਨ ?"
"ਨਹੀਂ ਬੁਧ"
"ਤੇਰਾ ਨਾਂ ਕੀ ਏ ?"
"ਚੁੰਨ ਚਾਨ ਲੋ"
"ਤੇਰੇ ਘਰ ਗਿਲਗਿਤ ਵਿਚ ਨੇਂ ?"
"ਨਹੀਂ ਸਿਕਿਆਂਗ ਪਰ ਅਸੀਂ ਪੰਦਰਾਂ ਵਰ੍ਹਿਆਂ ਤੋਂ ਏਥੇ ਰਹਿੰਦੇ ਹਾਂ "
"ਤੇਰਾ ਨਾਂ ਬੜਾ ਮੁਸ਼ਕਿਲ ਏ ? ਮੈਂ ਤੈਨੂੰ ਡੋਗਰੇ ਨਾਂ ਨਾਲ ਬੁਲਾਇਆ ਕਰਾਂਗਾ "ਚੈਂਚਲੋ"
ਚੈਂਚਲੋ ਨਾ ਸੁਣ ਉਹ ਹੱਸਦੀ ਰਹੀ ਖਿੜ ਖਿੜ ਖਿੜ-ਚੰਬੇ ਦੀਆਂ ਪ੍ਰੋਤੀਆਂ ਹੋਈਆਂ ਕਲੀਆਂ ਚੋਂ ਉਸ ਦੇ ਗੜਾਕਿਆਂ ਦੀ ਅਵਾਜ਼ ਦੂਰ ਦੂਰ ਤਕ ਗੂੰਜਦੀ ਰਹੀ -
"ਠੀਕ ਏ ਠੀਕ ਏ ਚੈਂਚਲੋ"
ਭੁਟੀ ਕੁੜੀ ਦਾ ਨਾਂ ਚੈਂਚਲੋ ਹੀ ਪੈ ਗਿਆ। ਕਰਨਲ ਸਾਹਿਬ ਵੀ ਉਸਨੂੰ ਚੈਂਚਲੋ ਹੀ ਬੁਲਾਣ ਲੱਗੇ । ਉਹ ਗਿਆਨ ਨਾਲ ਜਲਦੀ ਹੀ ਹਿਲ ਮਿਲ ਗਈ । ਕਦੇ ਦੇਰ ਹੋ ਜਾਂਦੀ ਤਾਂ ਗਿਆਨ ਉਸ ਨੂੰ ਘਰ ਤੀਕ ਵੀ ਛੋੜ ਆਂਦਾ।
"ਉਸ ਦਿਨ ਅਟਕ ਦੇ ਕੰਢੇ ਮੈਂ ਤੁਹਾਡੇ ਕੋਲੋਂ ਕਿੰਨਾ ਡਰੀ ਸਾਂ '' ਤੇ ਹੁਣ ਉਹ ਦੋਨੋਂ ਕਈ ਵੇਰਾਂ ਅਟਕ ਤੇ ਸੈਰ ਕਰਨ ਜਾਂਦੇ । ਚੈਂਚਲੋ ਉਂਜ ਹੀ ਕਦੇ ਨਾਗਾ ਪਰਬਤ ਦੀ ਚੋਟੀ ਨੂੰ ਦੇਖਦੀ ਤੇ ਕਦੇ ਪੱਥਰਾਂ ਨਾਲ ਟਕਰਾਂਦੀਆਂ ਛੱਲਾਂ ਵਿਚ ਗੁੰਮ ਹੋ ਜਾਂਦੀ । ਗਿਆਨ ਨੇ ਕਿੰਨੀ ਵੇਰਾਂ ਉਸ ਦਾ ਕਾਰਨ ਪੁੱਛਿਆ ਪਰ ਚੈਂਚਲੋ ਚੁੱਪ ਰਹੀ।
"ਕਦੇ ਕਦੇ ਮੈਨੂੰ ਸ਼ੱਕ ਹੋ ਜਾਂਦਾ ਏ ਤੂੰ ਦਰਿਆ ਦੀ ਡੂੰਘਾਈ ਤੇ ਨਾਗਾ ਪਰਬਤ ਦੀ ਉੱਚਾਈ ਤੋਂ ਕੀ ਲੱਭਦੀ ਏਂ ? ਮੈਂ ਸਾਰੀ ਸਾਰੀ ਰਾਤ ਸੋਚਦਾ ਰਹਿੰਦਾ ਹਾਂ। ਕੀ ਖਾਸ ਭੇਤ ਏ ਜਿਹੜਾ ਮੇਰੇ ਤੋਂ ਛੁਪਾਇਆ ਜਾ ਰਿਹਾ ਏ ?" ਗਿਆਨ ਦੀ ਅਵਾਜ਼ ਵਿਚ ਥੋੜਾ ਗੁੱਸਾ ਤੇ ਥੋੜਾ ਤਰਸ ਸੀ।
ਚੈਂਚਲੋ ਆਪ ਤਾਂ ਚੁੱਪ ਰਹੀ ਪਰ ਉਸ ਦੀਆਂ ਅੱਖਾਂ ਨੇ ਝੜੀ ਲਗਾ ਦਿੱਤੀ । ਮੋਟੇ ਮੋਟੇ ਅੱਥਰੂ ਉਸ ਦੀਆਂ ਲਾਲ ਲਾਲ ਗੋਲ ਗੋਲ ਗੱਲ੍ਹਾਂ ਤੇ ਤਿਲਕਦੇ ਉਸ ਦਾ ਕਾਲਾ ਚੋਗਾ ਭਿਗੋਣ ਲੱਗੇ । ਗਿਆਨ ਨੇ ਕੁਝ ਅੱਥਰੂ ਆਪਣੀਆਂ ਤਲੀਆਂ ਵਿਚ ਤੇ ਕੁਝ ਆਪਣੇ ਹੋਠਾਂ ਵਿਚ ਸਮਾ ਲਏ । ਦੋਨੋਂ ਕਿੰਨੀ ਦੇਰ ਚੁਪ ਬੈਠੇ ਰਹੇ ਫਿਰ ਉਹ ਬੋਲੀ ‘ਇਥੇ ਹੀ ਅਟਕ ਦੇ ਕੰਢੇ ਮੈਂ ਆਪਣਾ ਦਿਲ ਹਾਰ ਬੈਠੀ ਸਾਂ" ਚੋਗੇ ਦੀਆਂ ਬਾਹਵਾਂ ਨਾਲ ਅੱਥਰੂ ਪੂੰਝਦੇ ਬੋਲੀ “ਉਹ ਗਿਲਗਿਤ ਐਜੰਸੀ 'ਚ ਨੌਕਰ ਸੀ, ਇਥੇ ਇਸੇ ਪੱਥਰ ਉੱਤੇ ਉਸ ਕਿੰਨੇ ਹੀ ਵਾਇਦੇ ਕੀਤੇ ਸੀ"
"ਉਸ ਦਾ ਨਾਂ ਕੀ ਏ ? ਕਿਥੇ ਗਿਆ ਹੁਣ ?"
"ਨੇਕ ਰਾਮ' ਭਰੀਆਂ ਹੋਈਆਂ ਅੱਖਾਂ ਨਾਲ ਉਸ ਗਿਆਨ ਵੱਲ ਦੇਖਦੇ ਕਿਹਾ ।
"ਉਸ ਛੋੜਿਆ ਕਿਉਂ ?" ਗਿਆਨ ਨੇ ਹਮਦਰਦੀ ਨਾਲ ਕਿਹਾ ।
ਚੈਂਚਲੋ ਦੀਆਂ ਅੱਖਾਂ ਫਿਰ ਭਰ ਆਈਆਂ, "ਉਹ ਦਗਾ ਦੇ ਗਿਆ ਫਿਰ ਕਦੇ ਨੀਂ ਲੱਭਾ, ਪਰ ਮੈਂ ਉਸ ਨੂੰ ਭੁੱਲੀ ਨਹੀਂ, ਕਦੇ ਨਹੀਂ ਭੁੱਲਾਂਗੀ ਕਦੇ ਨਹੀਂ" ਤੇ ਉਹ ਉੱਚੀ ਉੱਚੀ ਰੋਣ ਲੱਗ ਪਈ ।
"ਤੁਸੀਂ ਹੁਣ ਮੇਰੇ ਨਾਲ ਨਫ਼ਰਤ ਕਰੋਗੇ ਨਾ ਇਸੇ ਲਈ ਤੁਹਾਨੂੰ ਨਹੀਂ ਸਾਂ ਸੁਣਾਂਦੀ"
“ਨਹੀਂ ਨਹੀਂ ਚੈਂਚਲੋ ਮੈਨੂੰ ਅੱਗੇ ਨਾਲੋਂ ਵੀ ਜ਼ਿਆਦਾ ਹਮਦਰਦੀ ਤੇ ਪਿਆਰ ਏ। ਕਦੇ ਉਹ ਮਿਲ ਜਾਏ ਤਾਂ ਮਾਰ ਮਾਰ ਕੇ ਮੂੰਧਾ ਕਰ ਛੱਡਾਂ ਗਿਆਨ ਨੇ ਉਸ ਦੇ ਦੋਨੇਂ ਹੱਥ ਆਪਣੇ ਹੱਥਾਂ 'ਚ ਪਲੋਸਦਿਆਂ ਕਿਹਾ ।
ਉਸ ਦਿਨ ਉਹ ਦੋਵੇਂ ਚੁੱਪ ਚਾਪ ਮੈੱਸ ਵਿਚ ਪਰਤ ਆਏ । ਗਿਆਨ ਨੇ ਉਸ ਨੂੰ ਡੋਗਰੇ ਖਾਣੇ ਵੀ ਬਣਾਨੇ ਦੱਸੇ ਤੇ ਹੁਣ ਉਹ ਡੋਗਰਾ ਰੈਜਮੈਂਟ ਦੇ ਅਫਸਰਾਂ ਲਈ ਵੰਨ-ਸੁਵੰਨੇ ਅੰਬਲ ਤੇ ਮਧੁਰਾ ਬਣਾਉਂਦੀ ।
ਗਿਆਨ ਤੇ ਚੈਂਚਲੋਂ ਦੇ ਮੇਲ ਜੋਲ ਨਾਲ ਸਭ ਅਫ਼ਸਰਾਂ 'ਚ ਕਾਨਾਫੂਸੀ ਹੋਣ ਲੱਗੀ । ਇਕ ਦਿਨ ਕਰਨਲ ਸਾਹਿਬ ਨੇ ਹੱਸਦੇ ਹੱਸਦੇ ਹੀ ਆਖਿਆ “ਕਿਉਂ ਬਈ ਜੇ ਮੈੱਸ ਦਾ ਇੰਤਜ਼ਾਮ ਠੀਕ ਨਹੀਂ ਚਲਦਾ ਤਾ ਚਾਰਜ ਮੈਨੂੰ ਦੇ ਦੇ"
"ਨਹੀਂ ਸਾਹਬ ਐਸੀ ਗੱਲ ਤਾਂ ਨਹੀਂ"
"ਜਵਾਨੀ ਬੜੀ ਮਸਤਾਨੀ ਹੁੰਦੀ ਏ ਗਿਆਨ" ਤੇ ਚੁਟਕੀ ਵਜਾ ਕੇ ਹੱਸਦੇ ਹੋਏ ਕਰਨਲ ਸਾਹਬ ਚਲੇ ਗਏ ।
ਲੈਫ਼ਟੀਨੈਂਟ ਗਿਆਨ ਹੁਣ ਚੈਂਚਲੋ ਦੇ ਘਰ ਭੀ ਜਾਣ ਲੱਗ ਪਿਆ। ਉਸ ਦੀ ਬੁੱਢੀ ਮਾਂ ਦੋ ਤਿੰਨ ਮਹੀਨਿਆਂ ਤੋਂ ਮੰਜੀ ਨਾਲ ਮੰਜੀ ਹੋਈ ਪਈ ਸੀ। ਉਸ ਨੂੰ ਗਿਆਨ ਬੜਾ ਚੰਗਾ ਲੱਗਦਾ । ਇਕ ਦਿਨ ਕਹਿਣ ਲੱਗੀ ‘ਪੁੱਤਰਾ ਅਸੀਂ ਬੜੇ ਗਰੀਬ ਹਾਂ, ਚੁੰਨ ਚਾਨ ਲੋ ਦੇ ਪਿਤਾ ਜਾਰ ਕੰਦ ਜਾ ਕੇ ਕੋਈ ਖ਼ਬਰ ਹੀ ਨਹੀਂ ਕੀਤੀ ਤੇ ਵਿਚਾਰੀ ਨੂੰ ਪੇਟ ਪਾਲਣ ਲਈ ਤੁਹਾਡੀ ਨੌਕਰੀ ਕਰਨੀ ਪਈ। ਨਹੀਂ ਤੇ ਪੁੱਤਰਾ ਅਸੀਂ ਤਾਂ ਸਿਪਾਹੀਆਂ ਦੇ ਪ੍ਰਛਾਵੇਂ ਤੋਂ ਵੀ ਡਰਦੇ ਸਾਂ"
"ਫਿਕਰ ਨਾ ਕਰੋ ਮਾਂ ਜੀ ਮੇਰੇ ਹੁੰਦਿਆਂ ਚੈਂਚਲੋ ਨੂੰ ਕੋਈ ਦੇਖ ਭੀ ਨਹੀਂ ਸਕਦਾ "
"ਤੂੰ ਤਾਂ ਸਾਡੇ ਲਈ ਭਗਵਾਨ ਦਾ ਰੂਪ ਏਂ ਪੁੱਤਰਾ"
ਇਕ ਦਿਨ ਰਾਤੀ ਚੈਂਚਲੋ ਨੂੰ ਵਿਹਲੇ ਹੁੰਦਿਆਂ ਬੜੀ ਦੇਰ ਹੋ ਗਈ। ਹਨੇਰੀ ਘੁੱਪ ਰਾਤ-ਗਿਆਨ ਇਕ ਹੱਥ ਵਿਚ ਟਾਰਚ ਤੇ ਦੂਜੇ ਵਿਚ ਚੈਂਚਲੋ ਦਾ ਹੱਥ ਪਕੜ ਉਸ ਨੂੰ ਛੋੜਨ ਜਾ ਰਿਹਾ ਸੀ । ਖੁਰਮਾਨੀਆਂ ਦੇ ਬਾਗ ਵਿਚ ਘਣੇ ਹਨੇਰੇ ਪਰਛਾਵੇਂ ਵਿਚ ਕਿਸੀ ਨੇ ਚੈਂਚਲੋ ਨੂੰ ਇੰਨੀ ਜ਼ੋਰ ਦਾ ਧੱਕਾ ਦਿਤਾ ਕਿ ਉਹ ਗਿਆਨ ਦੇ ਹੱਥ ਵਿਚੋਂ ਛੁੜਕ ਕੇ ਬੜੇ ਜ਼ੋਰ ਦੀ ਡਿੱਗੀ। ਗਿਆਨ ਦੀ ਟਾਰਚ ਵੀ ਕਿਧਰੇ ਡਿੱਗ ਪਈ । ਇੰਜ ਲਗਿਆ ਜ਼ੋਰ ਦਾ ਧੱਕਾ ਦੇ ਕੋਈ ਨੱਸ ਗਿਆ । ਗਿਆਨ ਨੇ ਪੇਟੀ ਚੋਂ ਪਿਸਤੌਲ ਕੱਢ ਕੇ ਦੋ ਤਿੰਨ ਫਾਇਰ ਕਰ ਦਿਤੇ । ਚੈਂਚਲੋ ਡਰ ਗਈ, ਉਸ ਦੀ ਛਾਤੀ ਧਕ ਧਕ ਕਰਨ ਲੱਗੀ ਤੇ ਉਹ ਗਿਆਨ ਨਾਲ ਚੰਬੜ ਗਈ, ਗਿਆਨ ਨੇ ਉਸਨੂੰ ਆਪਣੇ ਨਾਲ ਘੁਟਿਆ ਤੇ ਦੱਸ ਦਿਤਾ। ਇਨ੍ਹਾਂ ਦੋਹਾਂ ਤੋਂ ਛੁਟ ਕਿਸੀ ਨੂੰ ਵੀ ਇਸ ਗੱਲ ਦੀ ਕਨਸੋਹ ਨਾ ਮਿਲੀ।
ਉਨ੍ਹਾਂ ਹਨੇਰੇ 'ਚ ਹੀ ਟਾਰਚ ਲੱਭੀ। ਚੈਂਚਲੋ ਨੇ ਟਾਰਚ ਪਕੜੀ ਤੇ ਗਿਆਨ ਨੇ ਇਕ ਹੱਥ ਵਿਚ ਚੈਂਚਲੋ ਤੇ ਦੂਜੀ ਵਿਚ ਪਸਤੌਲ ਪਕੜ ਹੌਲੀ ਹੌਲੀ ਚਲਣ ਲਗ ਪਏ। ਦੋਨੋਂ ਚੁੱਪ ਚਾਪ ਮੋਨ ਚਲ ਰਹੇ ਸੀ । ਕਿਸੀ ਨੂੰ ਵੀ ਦੋਹਾਂ ਵਿਚੋਂ ਬੋਲਣ ਦਾ ਸਾਹਸ ਨਾ ਹੋਇਆ ਘਰ ਛੋੜ ਜਦੋਂ ਗਿਆਨ ਵਾਪਸ ਆਉਣ ਲੱਗਾ, ਚੈਂਚਲੋਂ ਨੇ ਉਸ ਦੇ ਦੋਨੋਂ ਹੱਥ ਘੱਟ ਕੇ ਤਰਲਾ ਕੀਤਾ, “ਅੱਜ ਤਾਂ ਮੈਂ ਤੁਹਾਨੂੰ ਇਕੱਲਿਆਂ ਨਹੀਂ ਜਾਣ ਦੇਣਾ ।"
“ਫਿਕਰ ਵਾਲੀ ਗੱਲ ਵੀ ਕੀ ਏ, ਹਾਲੀਂ ਮੇਰੇ ਰੀਵਾਲਵਰ ਵਿਚ ਛੇ ਗੋਲੀਆਂ ਬਾਕੀ ਨੇ"
ਚੈਂਚਲੋ ਨੇ ਉਸ ਦੇ ਦੋਨੋਂ ਮੋਢੇ ਪਕੜੇ ਜੇ ਅੱਜ ਦੀ ਰਾਤ ਇਥੇ ਹੀ ?"
"ਨਹੀਂ ਨਹੀਂ ਚੈਂਚਲੋ ਫੌਜੀ ਲੋਕ ਛਾਉਣੀ ਤੋਂ ਬਾਹਰ ਨਹੀਂ ਰਹਿ ਸਕਦੇ ਮੈਨੂੰ ਜਾਣਾ ਪਏਗਾ"
ਗਿਆਨ ਵਾਪਸ ਆ ਗਿਆ। ਚੈਂਚਲੋ ਉਸ ਦੀ ਪਿੱਠ ਦੇਖਦੀ ਰਹੀ ਜਿਥੋਂ ਤੀਕ ਉਹ ਹਨੇਰੇ 'ਚ ਅਲੋਪ ਨਹੀਂ ਹੋ ਗਿਆ।
ਸਾਰੀ ਰਾਤ ਗਿਆਨ ਸੋਚਦਾ ਰਿਹਾ ਪਰ ਉਸਦੀ ਸਮਝ ਵਿਚ ਕੁਝ ਨਹੀਂ ਆਇਆ । ਚੈਂਚਲੋ ਦੂਜੇ ਦਿਨ ਮੈੱਸ ਵਿਚ ਕੁਝ ਦੇਰ ਨਾਲ ਆਈ । ਗਿਆਨ ਉਸੀ ਨੂੰ ਉਡੀਕ ਰਿਹਾ ਸੀ । ਉਸ ਦੀਆਂ ਸੁਜੀਆਂ ਅੱਖਾਂ-ਸਾਫ ਲਗ ਰਿਹਾ ਉਹ ਸਾਰੀ ਰਾਤ ਸੁੱਤੀ ਨਹੀਂ ।
ਚੈਂਚਲੋ ਨੇ ਹੌਲੀ ਜਿਹੀ ਉਸ ਨੂੰ ਦਸਿਆ “ਰਾਤੀਂ ਜਿਸ ਮੈਨੂੰ ਖਿਚਿਆ ਸੀ ਉਸ ਦਾ ਪਤਾ ਲਗ ਗਿਐ—ਉਹ ਤਾਂ ਉਹ ਸੀ।”
"ਉਹ ਕੌਣ ?
"ਨੇਕ ਰਾਮ"
“ਪਰ ਤੂੰ ਕਿੰਝ ਪਛਾਣਿਆਂ"
“ਤੁਹਾਡੀ ਇਕ ਗੋਲੀ ਉਸ ਦੇ ਸਿਰ ਵਿਚ ਲੱਗੀ ਏ ਤੇ ਉਹ ਉਥੇ ਹੀ ਮਰ ਗਿਆ । ਲਾਸ਼ ਹੁਣ ਮੈਂ ਆਂਦੇ ਆਂਦੇ ਦੇਖੀ ਏ।"
ਇਹ ਸੁਣ ਕੇ ਗਿਆਨ ਦਾ ਰੰਗ ਉੱਡ ਗਿਆ ਪਰ ਉਹ ਉਸ ਵੇਲੇ ਕਰ ਵੀ ਕੀ ਸਕਦਾ ਸੀ।
ਲਾਸ਼ ਮੈਂ ਘਾਹ ਵਿਚ ਛੁਪਾ ਆਈ ਹਾਂ। ਉਸ ਉੱਤੇ ਮਿੱਟੀ ਪਾ ਕੇ ਦਬਾ ਆਈ ਹਾਂ—ਪਰ ਅੱਜ ਰਾਤੀਂ ਹੀ ਦਰਿਆ ਵਿਚ ਸੁੱਟਣਾ ਪਏਗਾ ।
ਚੈਂਚਲੋ ਮੈਨੂੰ ਕੀ ਪਤਾ ਸੀ ਕਿ ਇਹ ਨੇਕ ਰਾਮ ਸੀ ਚੈਂਚਲੋ ਦੀਆਂ ਅੱਖਾਂ ਭਰ ਆਈਆਂ "ਜਿੰਨਾਂ ਤੁਹਾਡਾ ਮੇਰੇ ਉੱਤੇ ਅਹਿਸਾਨ ਏ । ਉਹ ਮੈਂ ਸਾਰੀ ਉਮਰ ਨਹੀਂ ਭੁੱਲ ਸਕਦੀ ਅਤੇ ਉਹ ਕੰਮ ਵਿਚ ਜੁਟ ਗਈ । ਸਾਰਾ ਦਿਨ ਉਹ ਆਪਣੇ ਚੋਗੇ ਦੀ ਬਾਂਹ ਨਾਲ ਅੱਥਰੂ ਪੂੰਝਦੀ ਰਹੀ ।
ਹਨੇਰਾ ਹੋ ਗਿਆ। ਗਿਆਨ ਅੱਜ ਫਿਰ ਚੈਂਚਲੋ ਨੂੰ ਛੋੜਨ ਗਿਆ। ਜਿਥੇ ਰਾਤੀ ਗਿਆਨ ਨੇ ਗੋਲੀ ਚਲਾਈ ਸੀ, ਉਥੇ ਘਣਾ ਹਨੇਰਾ ਸੀ, ਉਹ ਹੌਲੀ ਹੌਲੀ ਚਲਦੇ ਉਸੀ ਪਾਸੇ ਹੋ ਗਏ। ਲੋਥ ਉਤੋਂ ਗਿਆਨ ਨੇ ਘਾਹ ਪਰੇ ਕੀਤਾ। ਟਾਰਚ ਦੀ ਰੋਸ਼ਨੀ 'ਚ ਗਿਆਨ ਨੇ ਨੇਕ ਰਾਮ ਦਾ ਮੂੰਹ ਦੇਖਿਆ। ਗਿਆਨ ਨੇ ਲੋਥ ਚੁੱਕੀ ਤੇ ਦਰਿਆ ਵਲ ਟੁਰ ਪਏ ।
“ਇਸ ਨੂੰ ਪ੍ਰਤਾਪ ਪੁਲ ਦੇ ਉੱਤੋਂ ਦਰਿਆ 'ਚ ਸੁਟਿਆ ਜੇ। ਨਹੀਂ ਤਾਂ ਕੰਢੇ ਉੱਤੇ ਤਰ ਹੀ ਨਾ ਪਏ।"
ਪ੍ਰਤਾਪ ਪੁਲ ਬੜਾ ਦੂਰ ਸੀ ਤੇ ਲੋਥ ਬੜੀ ਭਾਰੀ । ਤਿੰਨਾਂ ਘੰਟਿਆਂ 'ਚ ਮਸਾਂ ਉਥੇ ਪੁੱਜੇ । ਗਿਆਨ ਬਹੁਤ ਥੱਕ ਗਿਆ । ਚੈਂਚਲੋ ਉਸ ਦਾ ਹੱਥ ਪਕੜ ਕੇ ਜ਼ਰਾ ਪਿੱਛੇ ਲੈ ਗਈ “ਤੁਸੀਂ ਇਥੇ ਆਰਾਮ ਕਰੋ ਲੋਥ ਮੈਂ ਦਰਿਆ ਵਿਚ ਸੁੱਟ ਪਾਂਦੀ ਹਾਂ" ਜਾਂਦੇ ਜਾਂਦੇ ਉਸ ਨੇ ਗਿਆਨ ਦਾ ਹੱਥ ਕਿੰਨੀ ਵੇਰਾਂ ਪਲੋਸਿਆ ਤੇ ਘੁਟ ਕੇ ਆਪਣੇ ਨਾਲ ਲਗਾਇਆ । ਵਾਪਸ ਆ ਕੇ ਉਹ ਲੋਥ ਨੂੰ ਗਿਆਨ ਤੋਂ ਹੋਰ ਪਰਾਂ ਲੈ ਗਈ । ਉਸ ਨੇ ਲੋਥ ਨੂੰ ਘੁਟ ਕੇ ਜੱਫੀ ਪਾਈ ਤੇ ਦਰਿਆ ਵਿਚ ਕੁਦ ਪਈ। ਗਿਆਨ ਦੌੜਿਆ ਪਰ ਉਹ ਦੋਵੇਂ ਅਟਕ ਦੀਆਂ ਛੱਲਾਂ ਵਿਚ ਸਮਾਂ ਗਏ ਸੀ। ਚੈਂਚਲੋ ਨੇ ਇਹ ਕੀ ਕੀਤਾ ਕਿਉਂ ਕੀਤਾ ਉਸ ਦੀ ਸਮਝ ਵਿਚ ਨਾ ਆਇਆ । ਉਹ ਹੌਲੀ ਹੌਲੀ ਕਦਮ ਪੁੱਟਦਾ ਵਾਪਸ ਛਾਉਣੀ ਆ ਗਿਆ ।
ਦੂਜੇ ਦਿਨ ਫਿਰ ਉਹ ਅਟਕ ਦੇ ਕੰਢੇ ਪ੍ਰਤਾਪ ਪੁਲ ਦੇ ਕੋਲ ਪੱਥਰ ਉੱਤੇ ਜਾ ਬੈਠਾ । ਚੈਂਚਲੋ ਨੂੰ ਆਪਣੇ ਵਿਚ ਸਮਾਕੇ ਵੀ ਅਟਕ ਦੀਆਂ ਛੱਲਾਂ ਉਂਜ ਹੀ ਪੱਥਰ ਨਾਲ ਟਕਰਾ ਰਹੀਆਂ ਸਨ। ਨਾਗਾ ਪਰਬਤ ਦੀ ਚੋਟੀ ਸਾਫ਼ ਲੱਭਦੀ ਪਈ ਸੀ। ਹੁਣ ਉਸ ਨੂੰ ਪਤਾ ਲਗਿਆ ਚੈਂਚਲੋ ਕੀ ਸੋਚਦੀ ਸੀ ਕੀ ਦੇਖਦੀ ਸੀ । ਉਹ ਸੋਚਦੀ ਸੀ ਉਸ ਦਾ ਪਿਆਰ ਉਸ ਪੱਥਰ ਵਾਂਗ ਅਟੱਲ ਏ ਜਿਸ ਨੂੰ ਹਜ਼ਾਰਾਂ ਸਾਲਾਂ ਤੀਕ ਵੀ ਅਟਕ ਦੀਆਂ ਛੱਲਾਂ ਹਿਲਾ ਨਾ ਸਕੀਆਂ ਤੇ ਨਾਗਾ ਪਰਬਤ ਦੀ ਚੋਟੀ ਵਾਂਗ ਉੱਚਾ ਏ ।
(ਅਨੁਵਾਦ : ਚੰਦਨ ਨੇਗੀ)