Chakkarvyuh (Punjabi Story) : Gurmeet Arif
ਚੱਕਰਵਿਊ (ਕਹਾਣੀ) : ਗੁਰਮੀਤ ਆਰਿਫ
ਡੋਰ ਬੈੱਲ ਵੱਜੀ ਹੈ ਮੇਰਾ ਧਿਆਨ ਯਕਦਮ ਦੀਵਾਰ ਘੜੀ ਵੱਲ ਗਿਐ।ਸਾਢੇ ਪੰਜ ਵੱਜ ਗਏ ਨੇ।ਪੈਰਾਂ ਚ ਚੱਪਲਾਂ ਪਾ ਜਾ ਕੇ ਗੇਟ ਖੋ੍ਹਲਦਾ ਹਾਂ।ਸਾਹਮਣੇਂ
ਪਿਤਾ ਸ਼੍ਰੀ ਖੜ੍ਹੇ ਨੇ।ਮੇਰੇ ਵੱਲ ਵੇਖ ਕੇ ਟਾਂਚ ਕਰਨ ਵਾਲਿਆਂ ਵਾਂਗੂੰ ਉਹ ਬੇਤੁਕਾ ਜਿਹਾ ਮੁਸਕਰਾਏ ਨੇ।ਜਿਵੇਂ ਕਹਿ ਰਹੇ ਹੋਣ “ਹਾਂ ਜੀ ਪੁੱਤਰ ਜੀ… ਆਗੀ
ਜਾਗ।”
ਮੈਂ ਨੀਵੀਂ ਪਾਈ ਉਨ੍ਹਾਂ ਹੱਥੋਂ ਸਕੂਟਰ ਦਾ ਹੈਂਡਲ ਫੜ੍ਹ ਅੰਦਰ ਆਇਆ ਹਾਂ।ਸ਼ਰਨਜੀਤ ਨੇ ਪਿਤਾ ਸ਼੍ਰੀ ਨੂੰ ਪਾਣੀਂ ਦਾ ਗਿਲਾਸ ਦਿਤੈ।ਉਹਨਾਂ ਨੂੰ ਪਾਣੀਂ
ਪੀਂਦਿਆਂ ਵੇਖ ਮੈਂ ਚੁੱਪ ਚਾਪ ਗੇਟੋਂ ਬਾਹਰ ਹੋ ਗਿਆ ਹਾਂ।ਕਿਉਂ ਕਿ ਘਰ ਚ ਫਿਰਦਿਆਂ ਹੁਣ ਮੇਰੇ ਤੋਂ ਉਹਨਾਂ ਨਾਲ ਅੱਖ ਨਹੀਂ ਮਿਲਾਈ ਜਾਂਦੀ।ਏਸ ਕਰਕੇ
ਜਦੋਂ ਪਿਤਾ ਸ਼੍ਰੀ ਘਰ ਹੁੰਦੇ ਨੇ ਮੈਂ ਜਿਆਦਾਤਰ ਬਾਹਰ ਈ ਰਹਿੰਨਾਂ।ਪਾਪਾ ਨੂੰ ਮੈਂ ਪਿਤਾ ਸ਼੍ਰੀ ਏਸ ਕਰਕੇ ਕਹਿੰਨਾਂ ਕਿਉਂ ਕਿ ਉਹ ਮੈਨੂੰ ਧਰਤੀ ਹੇਠਲਾ ਬਲਦ
ਲਗਦੇ ਨੇ ਜਿਸਨੇ ਧਰਤੀ ਆਪਣੇਂ ਸਿੰਗਾਂ ਤੇ ਟਿਕਾ ਰੱਖੀ ਐ ਤੇ ਪਾਪਾ ਨੇ ਸਾਡਾ ਸਾਰਾ ਘਰ।ਨਈਂ ਜਿਸ ਬੰਦੇ ਦੇ ਦੋਹੇਂ ਪੜ੍ਹੇ ਲਿਖੇ ਨੂੰਹ ਪੁੱਤ ਘਰੇ ਵੇਹਲੇ ਬੈਠੇ
ਹੋਣ ਉਹਨੂੰ ਐਸ ਉਮਰ ਚ ਕੰਮ ਕਰਨ ਦੀ ਕੀ ਲੋੜ ਐ ਭਲਾਂ।ਪਰ ਨਹੀਂ ਅਸੀਂ ਤਾਂ ਕਮਾਊ ਹੋ ਕੇ ਵੀ ਨਿਕੰਮੇਂ ਹੋਏ ਬੈਠੇ ਹਾਂ।ਦੋਵੇਂ ਜੀਅ ਐਮ. ਏ. ਬੀ. ਐਡ
ਹਾਂ ਪਰ ਸਰਕਾਰ ਦੀਆਂ ਨੌਕਰੀ ਨਾ ਦੇਣ ਆਲੀਆਂ ਲੂੰਬੜ ਚਾਲਾਂ ਕਰਕੇ ਸਾਡੇ ਦੋਹਾਂ ਤੋਂ ਈ ਟੀ.ਈ.ਟੀ ਪਾਸ ਨੀ ਹੋ ਸਕੀ।ਤੇ ਉਤੋਂ ਸਰਕਾਰ ਵੀ ਹੁਣ ਦਿਨੋਂ
ਦਿਨ ਸਕੂਲ ਬੰਦ ਕਰੀ ਜਾ ਰਹੀ ਐ ਫਿਰ ਨੌਕਰੀ ਕਿਥੋਂ ਮਿਲਣੀਂ ਐਂ।ਸੋਚਦਾ ਮੈਂ ਅੱਡੇ ਵੱਲ ਆਇਆ ਹਾਂ।
ਪਿਤਾ ਸ਼੍ਰੀ ਦੋ ਸਾਲ ਪਹਿਲਾਂ ਇਨਕਮ ਟੈਕਸ ਵਿਭਾਗ ਤੋਂ ਰਿਟਾਇਰ ਹੋਏ ਨੇ।ਸ਼ਾਇਦ ਸੋਚਦੇ ਹੋਣਗੇ ਸਰਵਿਸ ਤੋਂ ਬਾਦ ਅਰਾਮ ਕਰਾਂਗਾ ਪਰ ਇਹ ਨਈਂ ਹੋ
ਸਕਿਆ।ਕਿਉਂ ਕਿ ਰਿਟਾਇਰ ਹੋਣ ਤੋਂ ਬਾਦ ਬੰਦੇ ਦੀ ਆਮਦਨ ਘਟਦੀ ਐ ਪਰ ਖਰਚੇ ਨੀ।ਸੋ ਉਹਨਾਂ ਨੇ ਆਪਣੇਂ ਕਿਸੇ ਸੀ ਏ ਦੋਸਤ ਕੋਲ ਜਾ ਕੇ ਨੌਕਰੀ
ਕਰ ਲਈ।ਇਸ ਨੌਕਰੀ ਰਾਹੀਂ ਪਿਤਾ ਸ਼੍ਰੀ ਬੁਢੇਪਾ ਤੇ ਇਕਲਾਪਾ ਦੋਵੇਂ ਇਕੱਠੇ ਕੱਟ ਰਹੇ ਨੇ ਕਿਉਂ ਕਿ ਉਹਨਾਂ ਦੀ ਰਿਟਾਇਰਮੈਂਟ ਤੋਂ ਪੰਜ ਮਹੀਨੇ ਬਾਦ ਹੀ
ਮੰਮੀ ਜੀ ਸਾਈਲੈਂਸ ਅਟੈਕ ਨਾਲ ਚੱਲ ਵੱਸੇ ਸਨ।ਤੇ ਪਿਤਾ ਸ਼੍ਰੀ ਨੇ ਥੋੜ੍ਹੇ ਦਿਨਾਂ ਬਾਦ ਈ ਏਹ ਨੌਕਰੀ ਲੱਭ ਲਈ ਸੀ।ਹੁਣ ਸਵੇਰੇ ਨੌਂ ਵਜੇ ਘਰੋਂ ਨਿਕਲਦੇ ਨੇ
ਤੇ ਰਾਈਟ ਸਾਢੇ ਪੰਜ ਵਜੇ ਘਰ ਦੀ ਡੋਰ ਬੈਲ ਵੱਜ ਜਾਂਦੀ ਐ।ਤੇ ਮੇਰੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਐ।ਮੈਂ ਕਤਰਾਉਂਦਾ ਹਾਂ ਕਿ ਬੂਹਾ ਜਾ ਕੇ ਨਾ
ਖੋਲ੍ਹਾਂ।ਸ਼ਰਨਜੀਤ ਨੂੰ ਕਈ ਵਾਰੀ ਕਿਹੈ ਕਿ ਤੂੰ ਖੋਲ੍ਹ ਦੇ ਜਾ ਕੇ ਪਰ ਉਹ ਪ੍ਰੈਗਨੈਂਟ ਹੋਣ ਕਾਰਨ ਛੇਤੀ ਉਠ ਨੀ ਪਾਂਉਦੀ।ਤੇ ਮੈਂ ਫਿਰ ਉਸੇ ਟਾਂਚ ਦਾ ਸਾਹਮਣਾਂ
ਕਰਦਾਂ ਜੇਹੜੀ ਪਿਤਾ ਸ਼੍ਰੀ ਰੋਜ ਮੁੱਛਾਂ ਵਿਚਦੀ ਮੁਸਕਰਾ ਕੇ ਕਰਦੇ ਨੇ।
ਬੱਸ ਅੱਡੇ ਤੇ ਮੀਤੇ ਦੀ ਰੇਹੜੀ ਤੇ ਪਹੁੰਚਿਆ ਹਾਂ।ਉਹਨੇ ਨਾਲ ਕੰਮ ਕਰਦੇ ਮੁੰਡੇ ਨੂੰ ਹਾਕ ਮਾਰੀ ਹੈ “ਚੱਲ ਉਏ ਛੋਟੂ ਮਾ੍ਹਟਰ ਜੀ ਲਈ ਡਬਲ ਟਿੱਕੀ ਆਲਾ
ਬਰਗਰ ਲਾ ਦੇ ਇੱਕ।”ਜਦੋਂ ਉਹ ਮੈਨੂੰ ਮਾਸਟਰ ਜੀ ਕਹਿੰਦਾ ਮੇਰੇ ਅੰਦਰ ਵਰਮੇਂ ਵਾਂਗ ਕੁਸ਼ ਫਿਰ ਜਾਂਦੈ।ਕਈ ਵਾਰੀ ਮਨ ਚ ਆਇਐ ਬਈ ਇਹਨੂੰ ਕਹਾਂ
ਮੈਂਨੂੰ ਮਾਸਟਰ ਨਾ ਕਿਹਾ ਕਰ।ਪਰ ਪਤਾ ਨੀ ਕੀ ਸੋਚਕੇ ਹਮੇਸ਼ਾਂ ਚੁੱਪ ਕਰ ਜਾਨਾਂ।ਮੀਤਾ ਮੇਰੇ ਨਾਲ ਈ ਪੜ੍ਹਦਾ ਹੁੰਦਾ ਸੀ ਪਰ ਕਿਤੇ ਕੋਈ ਨੌਕਰੀ ਨੀ ਮਿਲੀ
ਹਾਰ ਕੇ ਆਪਣੇਂ ਭਾਪੇ ਨਾਲ ਈ ਹਲਵਾਈ ਦਾ ਕੰਮ ਸਿੱਖਣ ਲੱਗ ਗਿਆ।ਤੇ ਹੁਣ ਪਿੰਡ ਦੇ ਅੱਡੇ ਤੇ ਫਾਸਟ ਫੂਡ ਦੀ ਰੇਹੜੀ ਲਾਂਉਦੈ।ਇਹਦੇ ਬਰਗਰ ਨੂਡਲ
ਤੇ ਮੰਚੂਰੀਅਨ ਸ਼ਾਮ ਵੇਲੇ ਲਗਭਗ ਪਿੰਡ ਦੇ ਹਰ ਘਰ ਚ ਜਾਂਦੇ ਨੇ।
ਛੋਟੂ ਨੇ ਨੈਪਕਿਨ ਵਿੱਚ ਲਪੇਟ ਕੇ ਬਰਗਰ ਮੇਰੇ ਹੱਥ ਫੜਾ ਦਿੱਤੈ।ਸ੍ਹਾਮਣਿਓਂ ਜਗਤਾਰ ਮੌਟਰਸੈਂਕਲ ਤੇ ਹੱਥ ਹਿਲਾਉਂਦਾ ਤੇਜੀ ਨਾਲ ਲੰਘ ਗਿਐ।ਉਹਦੇ
ਗਲ ਚ ਪਾਈ ਹੋਈ ਟਾਈ ਹਵਾ ਚ ਲਹਿਰਾ ਰਹੀ ਐ।ਜਿਵੇਂ ਪਿਛੋਂ ਵੇਖਣ ਵਾਲੇ ਨੂੰ ਬਾਏ ਬਾਏ ਕਰ ਰਹੀ ਹੋਵੇ।ਜਗਤਾਰ ਐਮ ਵੇਅ ਕੰਪਨੀ ਚ ਮਾਰਕੀਟਿੰਗ
ਦਾ ਕੰਮ ਕਰਦੈ।ਚਿੱਟੀ ਸ਼ਰਟ ਨਾਲ ਗਲ ਚ ਲਾਲ ਰੰਗ ਦੀ ਟਾਈ ਪਾਈ ਤੇ ਮੋਟਰਸੈਂਕਲ ਤੇ ਬੈਗ ਚ ਵਿਦੇਸ਼ੀ ਸ਼ੈਪੂ,ਟੁਥਪੇਸਟਾਂ ਤੇ ਹੋਰ ਪਤਾ ਨੀ ਕੀ ਕੀ
ਚੱਕੀ ਫਿਰਦਾ ਲੋਕਾਂ ਨਾਲ ਰੋਜ ਮੀਟਿੰਗਾਂ ਕਰਦੈ।ਪਰ ਹਮੇਸ਼ਾ ਤੇਜੀ ਚ ਈ ਰਹਿੰਦੈ।ਜਿਵੇਂ ਮੋਟਰਸੈਂਕਲ ਨੂੰ ਹਵਾ ਚ ਉਡਾ ਦੇਣਾਂ ਚਹੁੰਦਾ ਹੋਵੇ।ਇਕ ਦਿਨ ਮੈਂ
ਕਿਹਾ “ਉਏ ਤੂੰ ਕਦੀ ਅਰਾਮ ਨਾਲ ਵੀ ਤੁਰ ਪਿਆ ਕਰ ਹਮੇਸ਼ਾ ਅੱਗ ਲੱਗੀ ਆਲਿਆਂ ਆਂਗੂੰ ਨਿੱਕਲ ਜਾਨੈਂ।ਕੀ ਗੱਲ ਤੈਨੂੰ ਅਸੀਂ ਚੰਗੇ ਨੀ ਲਗਦੇ।”
“ਟਾਰਗੇਟ ਵੀਰੇ ਟਾਰਗੇਟ…! ਹਰ ਮਹੀਨੇ ਦਾ ਟਾਰਗੇਟ ਇਵੇਂ ਈ ਪੂਰਾ ਹੁੰਦੈ।ਤਾਂ ਹੀ ਜਾ ਕੇ ਚਾਰ ਛਿੱਲੜ ਪੱਲੇ ਪੈਂਦੇ ਐ।ਜੇ ਅਰਾਮ ਕਰਨ ਬਹਿ ਗਿਆ ਤਾਂ
ਟਾਰਗੇਟ ਪੂਰਾ ਨੀ ਹੋਣਾਂ।ਜੇ ਟਾਰਗੇਟ ਪੂਰਾ ਨਾ ਹੋਇਆ ਤਾਂ ਖਾਵਾਂਗੇ ਕੀ।ਪਹਿਲਾਂ ਟਾਰਗੇਟ ਛੋਟੇ ਸੀ ਜੋ ਛੇਤੀ ਪੂਰੇ ਹੋ ਜਾਂਦੇ ਸੀ।ਪਰ ਹੁਣ ਤਾਂ ਐਂ ਲਗਦੈ
ਜਿਵੇਂ ਇਹਨਾਂ ਨੇ ਚਾਬੀ ਦੇ ਕੇ ਛੱਡ ਦਿੱਤੇ ਹੋਈਏ।ਪੰਜ ਹਜਾਰ ਦੀ ਨੌਕਰੀ ਲਈ ਪਤਾ ਨੀ ਕੀ ਕੀ ਅਸ਼ਟੰਡ ਕਰਨੇ ਪੈਂਦੇ ਐ।ਅੰਦਰੋਂ ਭਾਵੇਂ ਟੁੱਟੇ ਹੋਈਏ ਪਰ
ਲੋਕਾਂ ਸਾਹਮਣੇਂ ਖੁਸਰਿਆਂ ਵਾਂਗੂੰ ਖੁਸ਼ ਰਹਿਣ ਦੀ ਫੀਲਿੰਗ ਲੈਣੀਂ ਪੈਂਦੀ ਏ ਭਰਾਵਾ।ਏਹਨਾਂ ਪ੍ਰਾਈਵੇਟ ਕੰਪਨੀਆਂ ਨੇ ਤਾਂ ਬੰਦੇ ਜਿੰਦਗੀ ਜਿਵੇਂ ਖੂਹ ਨਾਲ ਜੁੜੇ
ਬਲਦ ਵਰਗੀ ਕੀਤੀ ਪਈ ਐ।ਨਾ ਫਾਲਤੂ ਕਿਤੇ ਖੜ੍ਹਨ ਦੀ ਵੇਹਲ ਨਾ ਗੱਲ ਕਰਨ ਦੀ।ਸਮਝ ਨੀਂ ਆਂਉਦੀ ਕਿੱਧਰ ਭੱਜੇ ਜਾ ਰਹੇ ਆਂ।”ਉਹਦੀ ਅਵਾਜ
ਵਿੱਚ ਤਰਲਾ ਸੀ ਉਸ ਦਿਨ।
ਸੱਚਮੁਚ ਉਹ ਅਸ਼ਟੰਡ ਈ ਤਾਂ ਕਰ ਰਿਹਾ ਸੀ।ਫੌਰਮਲ ਡਰੈਸ ਦੇ ਨਾਲ ਪੋਚਵੀਂ ਪੱਗ ਬੰਨ੍ਹਦਾ।ਤੇ ਗਲ ਚ ਟਾਈ ਪਾਉਣ ਤੋਂ ਬਿਨਾਂ ਘਰੋਂ ਨੀ
ਨਿੱਕਲਦਾ।ਗੱਲ ਕਾਹਦੀ ਅਮੀਰ ਨਾ ਹੋ ਕੇ ਵੀ ਅਮੀਰਾਂ ਵਾਲਾ ਐਟੀਚਿਊਟ ਰੱਖਣ ਲਈ ਮਜਬੂਰ ਸੀ ਤਾਂ ਕਿ ਮਿਲਣ ਵਾਲੇ ਹਰ ਬੰਦੇ ਨੂੰ ਉਹ ਅਮੀਰ ਤੇ
ਪੈਸੇ ਵੱਲੋਂ ਰੱਜਿਆ ਨਜਰ ਆਵੇ।ਤਾਂ ਕਿ ਲੋਕ ਉਹਨੂੰ ਵੇਖ ਕੇ ਇੰਪਰੈਸ ਹੋਣ ਤੇ ਕੰਪਨੀ ਦੀ ਸੇਲ ਹੋਰ ਵਧੇ।
ਟੇਬਲ ਤੇ ਪਈ ਪੁਰਾਣੀਂ ਤਰੀਕ ਦੀ ਅਖਬਾਰ ਪੜ੍ਹਨ ਲੱਗਾ ਹਾਂ।ਇਕ ਖਬਰ ਦੀ ਫੋਟੋ ਵਿੱਚ ਐਮ ਐਲ ਏ ਸਾਬ ਨਾਲ ਖੜ੍ਹੇ ਬਲਕਾਰੀ ਦੀ ਫੋਟੋ ਵੇਖ ਕੇ ਮੂੰਹ
ਚ ਕੁੜੱਤਣ ਜਿਹੀ ਭਰ ਗਈ ਐ ਜਿਵੇਂ ਅੱਕ ਚਿੱਥਿਆ ਗਿਆ ਹੋਵੇ।ਇਹ ਉਹੀ ਬਲਕਾਰੀ ਐ ਜੇਹੜਾ ਕਦੀ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਦਾ ਹੁੰਦਾ ਸੀ।ਬਾਦ
ਚ ਕਚਹਿਰੀਆਂ ਚ ਦਰਖਾਸਤਾਂ ਲਿਖਣ ਲੱਗਾ ਰਿਹਾ।ਹੁਣ ਐਮ ਐਲ ਏ ਸਾਬ ਨਾਲ ਏਹਦੀ ਪੂਰੀ ਬਣਦੀ ਐ।ਥਾਣੇਂ ਦੇ ਸਿਪਾਹੀ ਤੋਂ ਲੈ ਕੇ ਥਾਣੇਂਦਾਰ ਤੱਕ
ਸਾਰੇ ਇਹਤੋਂ ਪੁੱਛ ਕੇ ਗੱਲ ਕਰਦੇ ਨੇ।ਸਮਗਲਰਾਂ ਅਤੇ ਪੁਲਸ ਵਿਚਕਾਰ ਹੁਣ ਏਹ ਪੁਲ ਦਾ ਕੰਮ ਕਰਦੈ।ਉਹਨਾਂ ਦੇ ਮੇਲ ਹੋ ਜਾਂਦੇ ਨੇ ਤੇ ਛੇਵਾਂ ਦਰਿਆ
ਪਾਰ ਇਹ ਕਰ ਜਾਂਦੈ।ਇੱਕ ਦਿਨ ਐਥੇ ਈ ਮੀਤੇ ਦੀ ਰੇਹੜੀ ਕੋਲ ਬੈਠਾ ਮੈਨੂੰ ਕਹਿੰਦਾ “ਓਹ ਮਾ੍ਹਟਰਾ…ਐਂ ਤੇਰਾ ਕੰਮ ਨੀ ਬਣਨਾਂ ਜਿਵੇਂ ਤੂੰ ਕਰਦਾਂ…
ਸਰਕਾਰੀ ਨੌਕਰੀ ਕਿਤੇ ਧਰੀ ਪਈ ਆ ਹੁਣ, ਜੇਹੜੀ ਚੱਕਲੇਂਗਾ ਜਾ ਕੇ…ਇਹ ਕੱਲੀ ਪੜ੍ਹਾਈਆਂ ਨਾਲ ਈ ਨੀ ਮਿਲਦੀ ਹੁਣ…ਹੋਰ ਵੀ ਬਥੇਰਾ ਕੁਸ਼ ਕਰਨਾਂ
ਪੈਂਦਾ।ਮੈਂ ਕਰਾਉਨਾਂ ਤੇਰੀ ਸੈਟਿੰਗ….ਐਂ ਕਰ…ਮੈਨੂੰ ਤਿੰਨ ਲੱਖ ਦੇਹ ਤੇ ਵੇਖ ਮੈਂ ਭੰਬੀਰੀ ਘੁੰਮਾਂਉਦਾ।ਜੇ ਮਹੀਨੇ ਚ ਨਿਯੁਕਤੀ ਪੱਤਰ ਤੇਰੇ ਹੱਥ ਚ ਨਾ
ਹੋਇਆ ਤਾਂ ਕਹਿਦੀਂ ਬਲਕਾਰੀ ਐਵੇਂ ਈ ਕਹਿੰਦਾ ਸੀ।”
ਮੈਂ ਸੋਚਿਆ ਵਈ ਐਮ ਐਲ ਏ ਸਾਬ ਨਾਲ ਰਹਿੰਦਾ ਹੋ ਸਕਦੈ ਕਿਤੇ ਹੱਥ ਪੱਲਾ ਫਸਾ ਲਵੇ।ਪਿਤਾ ਸ਼੍ਰੀ ਨਾਲ ਗੱਲ ਕੀਤੀ ਉਹਨਾਂ ਨੂੰ ਵੀ ਲੱਗਾ ਸ਼ਾਇਦ ਕੰਮ
ਹੋਜੂ।ਉਹਨਾਂ ਨੇ ਰਿਟਾਇਰਮੈਂਟ ਦੀ ਪੇਮੈਂਟ ਚੋਂ ਬਚਿਆ ਆਖਰੀ ਤਿੰਨ ਲੱਖ ਕਢਾ ਕੇ ਦੇ ਦਿੱਤਾ,ਪਰ ਅੱਜ ਡੇਢ ਸਾਲ ਲੰਘ ਜਾਣ ਬਾਦ ਵੀ ਨਾ ਮੇਰਾ
ਨਿਯੁਕਤੀ ਪੱਤਰ ਆਇਆ ਨਾ ਨੌਕਰੀ ਮਿਲੀ ਨਾ ਪੈਸੇ।ਹਾਰ ਹੰਭ ਕੇ ਘਰੇ ਬਹਿ ਗਿਆ।ਹੁਣ ਜਦੋਂ ਵੀ ਮਿਲਦੈ ਬੇਸ਼ਰਮਾਂ ਵਾਂਗੂੰ ਹੱਸ ਕੇ ਲੰਘ ਜਾਂਦੈ।ਪਤਾ ਨੀ
ਇਹ ਸਿਆਸੀ ਲੋਕ ਇਹੋ ਜੀ ਬੇਸ਼ਰਮੀ ਵਾਲਾ ਸੁਰਮਾਂ ਕਿਥੋਂ ਲ਼ੈਂਦੇ ਨੇ ਕਿ ਪਲਾਂ ਵਿੱਚ ਈ ਏਹਨਾਂ ਦੀ ਨਜਰ ਬਦਲ ਜਾਂਦੀ ਐ।ਇਕ ਦਿਨ ਠੇਕੇ ਤੇ ਬੈਠਾ ਕਿਸੇ
ਨਾਲ ਗੱਲਾਂ ਕਰੀ ਜਾਵੇ ਅਖੇ “ਦੁਨੀਆਂ ਤਾਂ ਲੁੱਟਣ ਖੁਣੋਂ ਪਈ ਐ।ਬੱਸ ਥੋਨੂੰ ਲੁੱਟਣ ਦਾ ਢੰਗ ਹੋਣਾਂ ਚਾਹੀਦੈ ਬਾਈ।ਜਿਹੋ ਜਾ ਬੰਦਾ ਹੋਵੇ ਉਹੋ ਜਾ ਸਬਜਬਾਗ
ਦਿਖਾ ਦਿਉ।ਫੇਰ ਵੇਖ ਘੁੰਮਦੀ ਭੰਬੀਰੀ ਜੇ ਬੰਦਾ ਪੈਸੇ ਲੈ ਕੇ ਮਗਰ ਮਗਰ ਨਾ ਫਿਰੇ ਤਾਂ ਕਹਿਦੀਂ ਬਲਕਾਰੀ ਐਵੇਂ ਈ ਕਹਿੰਦਾ ਸੀ”।ਮੈਂ ਮਨ ਚ ਸੋਚਿਆ
ਬਈ ਵੇਖਲਾ ਐਹੋ ਜੇ ਲੋਕ ਵੀ ਪਏ ਨੇ ਦੁਨੀਆਂ ਤੇ ਜੇਹੜੇ ਲੋਕਾਂ ਦੀ ਮਜਬੂਰੀ ਨੂੰ ਹਥਿਆਰ ਬਣਾਂਕੇ ਉਲਟਾ ਉਹਨਾਂ ਤੇ ਈ ਵਰਤੀ ਜਾ ਰਹੇ ਨੇ।ਤੇ ਰੱਬ ਵੀ
ਨੀ ਵੇਖਦਾ ਏਹੋ ਜਿਆਂ ਨੂੰ।
ਮਨ 'ਚ ਰੱਬ ਦਾ ਖਿਆਲ ਆਉਦਿਆਂ ਈ ਉਠ ਕੇ ਮੰਦਰ ਵੱਲ ਚੱਲ ਪਿਆ ਹਾਂ।ਹੁਣ ਤਾਂ ਇਹ ਰੋਜ ਦਾ ਕੰਮ ਬਣ ਗਿਐ ਜੇ ਗੁਰਦੁਆਰਾ ਸਾਬ ਕੋਲ ਹੋਵਾਂ
ਉਧਰ ਚਲਾ ਜਾਨਾਂ ਜੇ ਇਧਰ ਹੋਵਾਂ ਅੱਡੇ ਕੋਲ ਤਾਂ ਮੰਦਰ ਜਾ ਆਉਨਾਂ।ਊਂ ਇੱਕ ਗੱਲ ਮੈਂ ਮਸੂਸ ਕਰਦਾਂ ਬਈ ਜਦੋਂ ਬੰਦਾ ਬਿਮਾਰ ਜਾਂ ਪ੍ਰੇਸ਼ਾਨ ਹੁੰਦਾ ਉਦੋਂ
ਬਹੁਤ ਜਿਆਦਾ ਧਾਰਮਿਕ ਹੋ ਜਾਂਦੈ।ਤੇ ਸ਼ਾਇਦ ਮੈਂ ਵੀ…..।ਦੂਰੋਂ ਮੰਦਰ ਚ ਹੋ ਰਹੀ ਆਰਤੀ ਦੀ ਅਵਾਜ ਆ ਰਹੀ ਐ।ਇਹ ਪੰਡਤਾਂ ਦਾ ਮੁੰਡਾ ਪਵਨ ਹੈ
ਜੇਹੜਾ ਹੁਣ ਮੰਦਰ ਦਾ ਪੁਜਾਰੀ ਬਣਿਆਂ ਹੋਇਐ।ਪਹਿਲਾਂ ਏਹਦੇ ਲਾਲਾ ਜੀ ਮੰਦਰ ਦੇ ਪੁਜਾਰੀ ਸਨ।ਪਵਨ ਪਹਿਲਾਂ ਸਾਡੇ ਨਾਲ ਈ ਪੜ੍ਹਦਾ ਰਿਹੈ ਤੇ ਫੇਰ
ਹਰਿਦੁਆਰ ਦੇ ਕਿਸੇ ਕਾਲਜ ਵਿੱਚ ਪੰਡਤਾਈ ਸਿੱਖਣ ਚਲਾ ਗਿਆ ਸੀ।ਤੇ ਹੁਣ ਆਪਣੇ ਲਾਲਾ ਜੀ ਦੇ ਦੇਹਾਂਤ ਤੋਂ ਬਾਦ ਏਹਨੇ ਮੰਦਰ ਸਾਂਭ ਲਿਐ।ਜਦੋਂ
ਪੰਡਤਾਈ ਸਿੱਖ ਕੇ ਪਿੰਡ ਆਇਆ ਸੀ ਉਦੋਂ ਇਹ ਬਹੁਤ ਸੋਹਣਾਂ ਹੁੰਦਾ ਸੀ।ਪਰ ਹੁਣ ਪਤਾ ਨੀ ਕੀ ਹੋ ਗਿਐ ਯ੍ਹਾਬਾਂ ਨਿੱਕਲ ਆਈਆਂ ਨੇ ਤੇ ਸੇਹਤ ਵੀ
ਪਹਿਲਾਂ ਵਰਗੀ ਨੀ ਰਹੀ।ਸ਼ਾਇਦ ਘਰ ਦਾ ਫਿਕਰ ਕਰਨ ਲੱਗਾ ਹੈ।ਕਿਉਂ ਕਿ ਇਹਦੇ ਲਾਲਾ ਜੀ ਸਾਰੀ ਉਮਰ ਮੰਦਰ ਵਿੱਚ ਈ ਰਹੇ ਸਨ।ਪਰ ਹੁਣ ਪਵਨ
ਦਾ ਵਿਆਹ ਕਰਨ ਲੱਗਿਆਂ ਪ੍ਰੇਸ਼ਾਨੀ ਆ ਰਹੀ ਐ।ਉਹਨਾਂ ਕੋਲ ਆਪਣਾਂ ਘਰ ਨਹੀਂ ਹੈ।ਤੇ ਉਤੋਂ ਲੋਕ ….ਹਰੇਕ ਚਹੁੰਦੈ ਬਈ ਉਹਦੀ ਧੀ ਦਾ ਵਿਆਹ ਤਾਂ
ਮੰਦਰ ਵਿੱਚ ਹੋਵੇ ਪਰ ਉਹ ਸਦਾ ਲਈ ਮੰਦਰ ਚ ਨਾ ਰਹੇ।ਸ਼ਾਇਦ ਇਸੇ ਕਰਕੇ ਈ ਉਹ ਅੰਦਰੋਂ ਉਚਾਟ ਜਿਹਾ ਹੁੰਦਾ ਜਾ ਰਿਹੈ।ਇਕ ਦਿਨ ਮੈਂ ਕਿਹਾ “ਓੁਏ
ਤੂੰ ਕੋਈ ਆਪਣਾਂ ਟੇਵਾ ਟੂਵਾ ਈ ਚੈਕ ਕਰਲਾ।ਜੇ ਕੋਈ ਉਪਾਅ ਕਰਨਾਂ ਹੋਇਆ ਤਾਂ ਕਰ ਲੈਨੇਂ ਆਂ।”
ਉਹ ਅੱਗੋਂ ਹੱਸ ਪਿਆ ਕਹਿੰਦਾ “ਓਏ ਮਾ੍ਹਟਰਾ ਏਹ ਧਰਮ ਤਾਂ ਹੁਣ ਲੀਡਰਾਂ ਤੇ ਠੇਕੇਦਾਰਾਂ ਨੂੰ ਈ ਫਿੱਟ ਬੈਠਦੇ ਆ।ਜੇਹੜੇ ਏਹਨਾਂ ਨੂੰ ਵੇਚ ਕੇ ਆਪਣਾਂ ਉੱਲੂ
ਸਿੱਧਾ ਕਰੀ ਜਾਂਦੇ ਆ।ਪਰ ਸਾਡਾ ਹਰ ਸਮੇਂ ਕੋਲੇ ਰਹਿਣ ਵਾਲਿਆਂ ਦਾ ਏਹਨਾਂ ਮੂਰਤੀਆਂ ਨੇ ਕੁਸ਼ ਨੀ ਸਵਾਰਿਆ ਅੱਜ ਤਾਂਈ।ਜਿਵੇਂ ਕਹਿੰਦੇ ਹੁੰਦੇ ਐ ਨਾ
ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ।ਇਵੇਂ ਹੁੰਦੀ ਆ ਸਾਡੇ ਨਾਲ ਤਾਂ।”
ਹੋਈ ਤਾਂ ਮੇਰੇ ਨਾਲ ਵੀ ਏਵੇਂ ਈ ਸੀ।ਬੀ ਐਡ ਤੋਂ ਬਾਦ ਮੈਨੂੰ ਛੇਤੀ ਕੋਈ ਨੌਕਰੀ ਨੀ ਸੀ ਮਿਲੀ ਨਾ ਸਰਕਾਰੀ ਨਾ ਪ੍ਰਾਈਵੇਟ।ਮੰਮੀ ਪਵਨ ਦੇ ਲਾਲਾ ਜੀ ਕੋਲ
ਰੋਜ ਤੁਰੇ ਰਹਿੰਦੇ।ਇੱਕ ਦਿਨ ਉਹ ਕਹਿੰਦੇ ਮੁੰਡੇ ਦਾ ਵਿਆਹ ਕਰ ਦਿਉ ਇਹਦੇ ਘਰੇ ਆਉਣ ਵਾਲੀ ਕੁੜੀ ਦੀ ਕਿਸਮਤ ਬੜੀ ਤੇਜ ਹੋਵੇਗੀ ਉਹਦੇ ਭਾਗਾਂ
ਨਾਲ ਈ ਇਹਦੇ ਵੀ ਭਾਗ ਖੁੱਲ੍ਹ ਜਾਣਗੇ।ਮੰਮੀ ਨੇ ਪਿਤਾ ਸ਼੍ਰੀ ਨਾਲ ਗੱਲ ਕੀਤੀ।ਪਰ ਪਿਤਾ ਸ਼੍ਰੀ ਨੇ ਕਿਹਾ “ਦੇਖ ਸੰਤੋਸ਼ ਜਿੰਨਾਂ ਚਿਰ ਮੁੰਡਾ ਕਿਸੇ ਕਾਰੋਬਾਰ ਤੇ
ਨੀ ਲਗਦਾ ਉਨ੍ਹਾਂ ਚਿਰ ਵਿਆਹ ਕਰਨਾਂ ਠੀਕ ਨਹੀਂ ਹੈ”।ਪਰ ਨਹੀਂ ਮੰਮੀ ਜੀ ਨਹੀਂ ਮੰਨੇ ਤੇ ਉਹਨਾਂ ਨੇ ਮੇਰੀ ਅੰਗੇਜਮੈਂਟ ਸ਼ਰਨਜੀਤ ਨਾਲ ਕਰ
ਦਿੱਤੀ।ਇਹ ਵੀ ਐਮ ਏ ਬੀ ਐਡ ਹੈ।ਅੰਗੇਜਮੈਂਟ ਤੋਂ ਥੋੜ੍ਹੀ ਦੇਰ ਬਾਦ ਈ ਮੈਂ ਇਕ ਕਾਨਵੈਂਟ ਸਕੂਲ ਵਿੱਚ ਨੌਕਰੀ ਕਰ ਲਈ।ਤੁਸ਼ ਜੇਹੀ ਤਨਖਾਹ ਤੇ ਢੇਰ
ਸਾਰੀਆਂ ਕਲਾਸਾਂ ਤੇ ਉਪਰੋਂ ਅਖੀਰ ਤੇ ਟਿਊਸ਼ਨ ਵੱਖਰੀ।ਗੱਲ ਕਾਹਦੀ ਸ਼ਾਮ ਤਾਂਈ ਬੱਸ ਹੋ ਜਾਂਦੀ।ਉਤੋਂ ਤਨਖਾਹ ਦੇਣ ਲੱਗਾ ਢਿੱਡਲ ਜਿਆ ਪ੍ਰਿੰਸੀਪਲ
ਹਰ ਮਹੀਨੇ ਸੌ ਪ੍ਰਤੀਸ਼ਤ ਰਿਜਲਟ ਲਿਆਉਣ ਦੀ ਤਾੜਨਾਂ ਕਰ ਦਿੰਦਾ।ਛੇ ਮਹੀਨਿਆਂ ਵਿੱਚ ਈ ਮੈਂ ਹੰਭ ਗਿਆ। ਤੇ ਨੌਕਰੀ ਛੱਡ ਘਰੇ ਈ ਟਿਊਸ਼ਨਾਂ
ਪੜ੍ਹਾਉਣੀਆਂ ਚਾਲੂ ਕਰ ਦਿੱਤੀਆਂ।ਪਰ ਇਹ ਕੰਮ ਵੀ ਬਹੁਤੀ ਦੇਰ ਤੱਕ ਨਾ ਚੱਲ ਸਕਿਆ।ਉਧਰੋਂ ਸ਼ਰਨਜੀਤ ਦੇ ਮਾਪੇ ਸਿਰ ਤੇ ਬਾਂਹ ਧਰੀ ਫਿਰਨ ਵੀ
ਵਿਆਹ ਛੇਤੀ ਕਰੋ।ਪਰ ਪਿਤਾ ਸ਼੍ਰੀ ਸੋਚ ਰਹੇ ਸਨ ਕਿ ਜੇ ਮੁੰਡਾ ਨੌਕਰੀ ਲਗਜੇ ਤਾਂ ਫੇਰ ਈ ਵਿਆਹ ਕਰੀਏੇ ਪਰ ਮੰਮੀ ਦੀ ਉਹੀ ਰੱਟ ਬਈ ਜੇ ਨੂੰਹ ਘਰੇ
ਆਜੂ ਫੇਰ ਕੇਹੜਾ ਨੌਕਰੀ ਨਾ ਮਿਲੂ।ਸਗੋਂ ਕੀ ਪਤਾ ਦੋਹਾਂ ਨੂੰ ਇਕੱਠਿਆਂ ਈ ਮਿਲਜੇ ਸੁਖ ਨਾਲ ਦੋਹੇਂ ਪੜ੍ਹੇ ਲਿਖੇ ਐ।
ਪਾਪਾ ਫਿਰ ਚੁੱਪ ਕਰ ਗਏ ਤੇ ਮੰਮੀ ਨੇ ਮੈਨੂੰ ਘੋੜੀ ਚੜ੍ਹਾ ਦਿੱਤਾ।ਹੁਣ ਸਾਡੇ ਵਿਆਹ ਨੂੰ ਸਾਲ ਹੋ ਗਿਐ ਪਰ ਅਜੇ ਤਾਂਈ ਕੋਈ ਸਰਕਾਰੀ ਨੋਟੀਫਿਕੇਸ਼ਨ
ਜਾਰੀ ਨੀ ਹੋ ਸਕਿਆ।ਕਈ ਵਾਰੀ ਪਾਪਾ ਤਲਖ ਹੋ ਜਾਂਦੇ ਸਨ ਝਗੜਾ ਕਰਦੇ ਮੰਮੀ ਨੂੰ ਕਹਿੰਦੇ “ ਲੈ ਪਹਿਲਾਂ ਇੱਕ ਨੂੰ ਰੋਟੀ ਦਿੰਦੀ ਸੀ ਹੁਣ ਦੋਹਾਂ ਨੂੰ ਦਿਆ
ਕਰ।ਬੰਦਾ ਗੁਜਾਰਾ ਕਰਨ ਲਈ ਸੌ ਹੱਥ ਪੱਲਾ ਮਾਰਦਾ,ਪਰ ਇਹ ਸ਼ਹਿਜਾਦੇ ਅੰਦਰੋਂ ਬਾਹਰ ਨੀ ਨਿਕਲਦੇ।ਸ਼ਾਇਦ ਥੋਨੂੰ ਪਤਾ ਨੀ ਪੁੱਤ ਹੁਣ ਅਕਲ ਤੇ
ਨੌਕਰੀ ਧੱਕੇ ਖਾ ਕੇ ਮਿਲਦੀ ਐ।ਕੋਈ ਘਰੇ ਨੀ ਦੇਣ ਆਂਉਦਾ।” ਸ਼ਰਨਜੀਤ ਸੁਣ ਕੇ ਸਿਰ ਤੋਂ ਪੈਰਾਂ ਤਾਂਈ ਲਾਲ ਖੱਖੀ ਹੋ ਜਾਂਦੀ ਮੂੰਹ ਚ ਸਾਰਾ ਦਿਨ
ਬੁੜਬੁੜ ਕਰਦੀ ਰਹਿੰਦੀ।ਮੰਮੀ ਵਿਚਾਰੇ ਸਾਡੇ ਦੋਹਾਂ ਦੇ ਫਿਕਰ ਚ ਕਾਫੀ ਬਿਮਾਰ ਰਹਿਣ ਲੱਗੇ ਸਨ ਸ਼ਾਇਦ ਏਹੀ ਫਿਕਰ…..।
ਮੰਦਰ ਚੋਂ ਮੱਥਾ ਟੇਕ ਕੇ ਬਾਹਰ ਨਿੱਕਲਿਆ ਤਾਂ ਗਲੀ ਚ ਤੁਰਿਆ ਜਾਂਦਾ ਨਾਜਰ ਮਿਲ ਗਿਆ।“ਕੀ ਹਾਲ ਐ ਮਾ੍ਹਟਰ ਜੀ।” ਮੈਂ ਮੁਸਕਰਾ ਕੇ ਉਹਦੇ ਨਾਲ
ਹੱਥ ਮਿਲਾਂਉਦਾ ਹਾਂ।ਉਹਦੇ ਖੁਰਦਰੇ ਹੱਥਾਂ ਤੇ ਰੱਟਣ ਪਏ ਹੋਏ ਨੇ ਜੋ ਮੈਨੂੰ ਬੜੇ ਅਜੀਬ ਜਿਹੇ ਲੱਗੇ।
“ਕਿਵੇਂ ਆਂ.....ਕੋਈ ਟੇਵਾ ਟੂਵਾ ਤਾਂ ਨੀ ਵਿਖਾਉਣ ਆਏ ਸੀ ਪੰਡਤ ਜੀ ਨੂੰ।” ਉਹਨੇ ਮਜਾਕ ਨਾਲ ਕਿਹਾ।
“ਨਈਂ ਯਾਰ ਊਂ ਈ ਆ ਗਿਆ ਸੀ ਏਧਰ।ਆਜਾ ਤੂੰ ਵਿਖਾ ਲੈ ਟੇਵਾ ਆਪਣਾਂ।”
“ਕਿਥੇ ਮਾਸਟਰ ਜੀ…ਸਾਡੀ ਕਿਸਮਤ ਆਲੀਆਂ ਲਕੀਰਾਂ ਤਾਂ ਇੱਟਾਂ ਦੀ ਕੇਰੀ ਨੇ ਈ ਘਸਾ ਛੱਡੀਆਂ ਨੇ।ਹੁਣ ਏਹਨਾਂ ਚ ਕੀ ਬਚਿਐ ਵੇਖਣ ਨੂੰ।ਤੁਸੀਂ
ਵਿਖਾਉ…ਥੋਡੇ ਅਰਗੇ ਤਕੜੇ ਬੰਦਿਆਂ ਦੇ ਕੰਮ ਨੇ ਇਹ।” ਉਹ ਹੱਸ ਪਿਆ।
ਨਾਜਰ ਕਦੇ ਸਾਡੇ ਪਿੰਡ ਦੀ ਸ਼ਾਨ ਹੁੰਦਾ ਸੀ।ਕਾਲਜ ਵਿੱਚ ਜਦੋਂ ਦੌੜਦਾ ਤਾਂ ਹਵਾ ਨੂੰ ਗੰਢਾਂ ਦੇ ਦਿੰਦਾ।ਯੂਨੀਵਰਸਿਟੀ ਤੱਕ ਸਾਰੇ ਏਹਨੂੰ ਜੂਨੀਅਰ ਮਿਲਖਾ
ਸਿੰਘ ਕਹਿੰਦੇ ਸਨ।ਪਰ ਏਸ ਪਛਾਂਣ ਨੇ ਨਾਜਰ ਨੂੰ ਨਾਮ ਤੋਂ ਸਿਵਾ ਹੋਰ ਕੁਸ਼ ਨੀ ਸੀ ਦਿੱਤਾ।ਤੇ ਅਖੀਰ ਸਾਰੇ ਮੈਡਲ ਆਪਣੀਂ ਬੀਬੀ ਦੇ ਸੰਦੂਕ ਚ ਸਾਂਭ ਵੱਡੇ
ਭਰਾ ਨਾਲ ਰਾਜ ਮਿਸਤਰੀ ਦੇ ਕੰਮ ਜਾ ਲੱਗਾ।ਇੱਕ ਦਿਨ ਦੱਸਦਾ ਸੀ ਜੇਹੜੇ ਭੱਈਏ ਠੇਕੇਦਾਰ ਨਾਲ ਇਹ ਦਿਹਾੜੀ ਜਾਂਦੈ ਉਹ ਅੱਗੋਂ ਤਾਂ ਸਾਢੇ ਚਾਰ ਸੌ
ਲੈਂਦਾ ਪਰ ਏਹਨੂੰ ਤਿੰਨ ਸੌ ਈ ਦਿੰਦੈ।ਜਦੋਂ ਏਹਨੇ ਵਿਰੋਧ ਕੀਤਾ ਤਾਂ ਅੱਗੋਂ ਕਹਿੰਦਾ “ਕਾਮ ਕਰਨਾਂ ਹੈ ਤੋ ਕਰੋ ਨਈਂ ਬੰਦੇ ਔਰ ਭੀ ਬਹੁਤ ਹੈਂ ਕਰਨੇ ਵਾਲੇ।ਜੋ
ਦੇ ਰਹਾ ਹੂੰ ਵੋ ਭੀ ਜਿਆਦਾ ਹੈ ਤੁਮਹਾਰੇ ਕਾਮ ਕੇ ਹਿਸਾਬ ਸੇ।”
"ਹੈ ਕੁੱਤਾ ਭੱਈਆ।ਪੰਜਾਬ ਚ ਪੈਰ ਕੀ ਲੱਗਗੇ ਸਾਲਾ ਸਾਡਾ ਈ ਸਿਰ ਖੁਰਕਣ ਬਹਿ ਗਿਐ।ਕਰ ਵੀ ਕੀ ਸਕਦੇ ਆਂ ਬਾਈ ਹੱਥੀਂ ਕਰਨ ਆਲਾ ਹਰ ਕੰਮ ਤਾਂ
ਏਹਨਾਂ ਨੇ ਸਾਂਭ ਲਿਐ ਤੇ ਨੌਕਰੀਆਂ ਲੀਡਰਾਂ ਤੇ ਅਪਸਰਾਂ ਨੇ।ਆਮ ਬੰਦੇ ਲਈ ਤਾਂ ਧੱਕੇ ਈ ਨੇ ਹਰ ਪਾਸੇ ਜਿਥੇ ਮਰਜੀ ਖਾਈ ਜਾਵੇ।ਪਰ ਜਿੰਦਗੀ ਜਿਉਣ
ਲਈ ਕੁਸ਼ ਨਾ ਕੁਸ਼ ਤਾਂ ਕਰਨਾਂ ਈ ਪੈਣਾਂ ਬਾਈ।ਆਖਰ ਨਿਆਣੇਂ ਵੀ ਤਾਂ ਪਾਲਣੇਂ ਹੋਏ….ਹੈ ਕਿ ਨਈਂ।”
ਕੁਸ਼ ਕਰਨ ਲਈ ਤਾਂ ਮੈਂ ਵੀ ਬਥੇਰਾ ਅਹੁਲਿਆ ਸੀ।ਪਰ ਕੀ ਕਰਾਂ ਏਸ ਸਟੇਟਸ ਨਾਂਅ ਦੀ ਚੀਜ ਨੇ ਮੈਨੂੰ ਔਕਾਤ ਤੋਂ ਪਿਛਾਂਹ ਕਦੀ ਪੈਰ ਈ ਨੀ ਰੱਖਣ
ਦਿੱਤਾ।ਅੱਠਵੀਂ ਤੱਕ ਦੇ ਕਾਂਨਵੈਂਟ ਸਕੂਲ ਵਿੱਚ ਨੌਕਰੀ ਮਿਲ ਰਹੀ ਸੀ।ਪਰ ਸ਼ਰਨਜੀਤ ਅੜ ਗਈ “ਨਾ ਹੁਣ ਤੁਸੀਂ ਲੈਕਚਰਾਰ ਪੋਸਟ ਹੋ ਕੇ ਏਸ ਮਿਡਲ
ਸਕੂਲ ਚ ਨੌਕਰੀ ਕਰੋਂਗੇ ਓਹ ਵੀ ਏਸ ਪ੍ਰਾਈਵੇਟ ਚ….ਜੇ ਸਰਕਾਰੀ ਹੋਵੇ ਤਾਂ ਬੰਦਾ ਸੋਚਦਾ ਵੀ ਚੰਗਾ ਲਗਦੈ।ਪਰ ਏਹ ਸਕੂਲ….ਏਹਦੇ ਨਾਲੋਂ ਤਾਂ ਬੰਦਾ
ਵੇਹਲਾ ਈ ਚੰਗੈ।”
ਫੇਰ ਪਿਤਾ ਸ਼੍ਰੀ ਨੇ ਆਪਣੇਂ ਦਫਤਰ ਵਿੱਚ ਲਗਵਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰਨਜੀਤ ਨੇ ਉਹਦੇ ਚ ਵੀ ਲੱਤ ਫਸਾ ਦਿੱਤੀ।“ਪਾਪਾ ਜੀ ਹੁਣ ਅਧਿਆਪਨ
ਦੇ ਖੇਤਰ ਤੋਂ ਹਟ ਕੇ ਏਹ ਹੋਰ ਕਰ ਵੀ ਕੀ ਸਕਦੇ ਨੇ।ਆਖਰ ਬੰਦੇ ਦਾ ਕੋਈ ਸਟੈਂਡਰਡ ਵੀ ਤਾਂ ਹੁੰਦੈ।”
“ਪੁੱਤਰ ਜੇ ਕਿਤੇ ਪ੍ਰਾਈਵੇਟ ਨੌਕਰੀ ਮਿਲਦੀ ਹੈ ਤਾਂ ਉਹ ਤੁਹਾਡੇ ਸਟੈਂਡਰਡ ਨੂੰ ਮੀਟ ਨੀ ਕਰਦੀ।ਇਧਰ ਸਰਕਾਰੀ ਨੌਕਰੀ ਲਈ ਆਪਾਂ ਟੀ ਈ ਟੀ ਨੀ
ਕੀਤੀ ਹੋਈ।ਮਤਲਬ ਤੁਸੀਂ ਸਰਕਾਰੀ ਜੌਬ ਲਈ ਵੀ ਫਿੱਟ ਨਹੀਂ ਹੋ ਤੇ ਪ੍ਰਾਈਵੇਟ ਤਾਂ ਆਪਾਂ ਕਰਨੀ ਹੀ ਨਹੀਂ।ਦੇਖੋ ਬੇਟਾ ਜੀ ਜੇ ਕੁਸ਼ ਕਰਨਾਂ ਹੈ ਕਰੋ ਨਈਂ
ਕਰਨਾਂ ਨਾ ਕਰੋ ਪਰ ਇੱਕ ਗੱਲ ਯਾਦ ਰੱਖਿਓ ਇਹ ਪੈਂਸ਼ਨ ਆਪਣੇਂ ਘਰੇ ਉਨ੍ਹਾਂ ਚਿਰ ਈ ਆਉਣੀਂ ਐਂ ਜਿੰਨਾਂ ਚਿਰ ਮੈਂ ਜਿਉਨਾਂ।ਮੇਰੇ ਮਰੇ ਤੋਂ ਬਾਦ ਕੀ ਕਰਨਾਂ
ਏਹਦਾ ਇੰਤਜਾਂਮ ਜੇ ਹੁਣੇਂ ਤੋਂ ਈ ਕਰ ਲਵੋਂ ਤਾਂ ਚੰਗੈ।”
ਪਿਤਾ ਸ਼੍ਰੀ ਦੁਖੀ ਹੋ ਕੇ ਆਪਣੇਂ ਕਮਰੇ ਚ ਚਲੇ ਗਏ ਸਨ।ਫੜਾਕ ਕਰਕੇ ਵੱਜਦੇ ਦਰਵਾਜੇ ਨੇ ਉਹਨਾਂ ਅੰਦਰਲੇ ਗੁੱਸੇ ਦਾ ਅਹਿਸਾਸ ਕਰਵਾ ਦਿੱਤਾ
ਸੀ।ਸ਼ਰਨਜੀਤ ਦਾ ਚੇਹਰਾ ਵੀ ਗੁੱਸੇ ਨਾਲ ਲਾਲ ਹੋ ਗਿਆ ਸੀ ਕਿਉਂ ਕਿ ਪਾਪਾ ਦੇ ਮੂੰਹੋਂ ਨਿੱਕਲਿਆ ਸੱਚ ਉਹਨੂੰ ਧੁਰ ਅੰਦਰ ਤੱਕ ਸਾੜ ਗਿਆ ਸੀ।ਤੇ ਮੈਂ
ਪਿਤਾ ਸ਼੍ਰੀ ਦੇ ਕਹੇ ਹੋਏ ਲਫਜਾਂ ਦੇ ਚੱਕਰਵਿਊ ਚ ਫਸ ਗਿਆ ਸਾਂ।ਇਸੇ ਕਰਕੇ ਈ ਤਾਂ ਉਹਨਾਂ ਨਾਲ ਮੈਥੋਂ ਅੱਖ ਨੀ ਮਿਲਾਈ ਜਾਂਦੀ।ਹੁਣ ਜਦੋਂ ਵੀ ਮੰਦਰ ਜਾਂ
ਗੁਰਦੁਆਰਾ ਸਾਬ ਜਾਨਾਂ ਆਪਣੀਂ ਨੌਕਰੀ ਦੀ ਛੱਡ ਪਿਤਾ ਸ਼੍ਰੀ ਦੀ ਤੰਦਰੁਸਤੀ ਪਹਿਲਾਂ ਮੰਗਦਾਂ।ਕਿਉਂ ਕਿ ਪਿਤਾ ਸ਼੍ਰੀ ਹੀ ਇਕ ਐਸੀ ਕੜੀ ਨੇ ਜਿਸਨੇ
ਆਪਣੇ ਨਾਲ ਨਾਲ ਸਾਡੇ ਦੋਹਾਂ ਜੀਆਂ ਦੀ ਆਰਥਿਕ ਬੇੜੀ ਨੂੰ ਵੀ ਥੰਮਿਆਂ ਹੋਇਐ।
ਹੁਣ ਅੰਦਰ ਪਈ ਸ਼ਰਨਜੀਤ ਵੀ ਬਥੇਰੀਆਂ ਪਲੈਨਿੰਗਾਂ ਕਰਦੀ ਹੈ ਅੱਗੇ ਵਧਣ ਲਈ।ਪਰ ਉਸਦੀ ਹਰ ਪਲੈਨਿੰਗ ਬੈਡਰੂਮ ਦੇ ਅੰਦਰ ਈ ਹੁੰਦੀ ਐ।ਬਾਹਰ
ਆ ਕੇ ਤਾਂ ਕੁਸ਼ ਹੋਰ ਈ ਬਣ ਜਾਂਦੈ।ਕਿਉਂ ਕਿ ਪਿਤਾ ਸ਼੍ਰੀ ਨਾਲ ਗੱਲ ਕਰਨ ਤੋਂ ਹੁਣ ਉਹ ਵੀ ਝਿਜਕਦੀ ਐ ਤੇ ਉਪਰੋਂ ਖਰਚੇ ਵਾਲੀ ਗੱਲ ਸੁਣਕੇ ਤਾਂ ਉਹ ਵੀ
ਚੁੱਪ ਕਰ ਜਾਂਦੇ ਨੇ।ਇਹ ਸ਼ਰਨਜੀਤ ਦਾ ਈ ਆਈਡੀਆ ਸੀ ਕਿ ਸ਼ਹਿਰ ਜਾ ਕੇ ਆਈਲੈਟਸ ਦਾ ਇੰਸਟੀਚਿਊਟ ਖੋਲਿ੍ਹਆ ਜਾਵੇ।ਪਰ ਬਿੱਲੀ ਦੇ ਗਲ
ਟੱਲੀ ਬੰਨ੍ਹੇ ਕੌਣ ਮਤਲਬ ਪਿਤਾ ਸ਼੍ਰੀ ਨੂੰ ਪੁੱਛੇ ਕੌਣ ਬਈ ਪੈਸਾ ਕਿਥੋਂ ਆਵੇਗਾ।ਕਿਉਂ ਪਾਪਾ ਦੀ ਰਿਟਾਇਰਮੈਂਟ ਦਾ ਸਾਰਾ ਪੈਸਾ ਤਾਂ ਮੰਮੀ ਦੇ ਇਲਾਜ ਤੇ ਲੱਗ
ਗਿਆ ਤੇ ਥੋੜ੍ਹਾ ਬਹੁਤ ਜੋ ਬਚਿਆ ਸੀ ਉਹ ਬਲਕਾਰੀ ਮਾਰ ਗਿਆ।ਪਿਛੇ ਬਚੀ ਪਿਤਾ ਸ਼੍ਰੀ ਦੀ ਪੈਂਸ਼ਨ ਤੇ ਥੋੜ੍ਹੀ ਜੇਹੀ ਤਨਖਾਹ ਜੀਹਦੇ ਨਾਲ ਸਾਡੇ ਘਰ ਦਾ
ਈ ਗੁਜਾਰਾ ਮਸਾਂ ਹੁੰਦੈ।ਕੋਈ ਪ੍ਰੌਜੈਕਟ ਲਾਉਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ।
ਹਨੇਰਾ ਕਾਫੀ ਗੂੜਾ ਹੋ ਗਿਐ।ਪਿਤਾ ਸ਼੍ਰੀ ਸ਼ਾਇਦ ਸੌਂ ਗਏ ਹੋਣਗੇ।ਸੋਚਦਾ ਮੈਂ ਘਰ ਵੱਲ ਮੁੜ ਪਿਆ ਹਾਂ।ਪਤਾ ਨੀ ਕੀ ਹੋ ਗਿਐ ਹੁਣ ਜਿੱਧਰ ਵੀ ਜਾਨਾਂ ਹਰ
ਕਦਮ ਤੇਜ ਈ ਹੁੰਦੈ।ਜਿਵੇਂ ਭੱਜ ਕੇ ਕੁਸ਼ ਫੜ੍ਹ ਲੈਣਾਂ ਹੋਵੇ।ਦਿਨੋਂ ਦਿਨ ਅੰਦਰ ਦੀ ਭਟਕਣਾਂ ਵਧੀ ਜਾ ਰਹੀ ਐ।ਐਂ ਮਸੂਸ ਹੋ ਰਿਹੈ ਜਿਵੇਂ ਮੇਰੇ ਤੋਂ ਕੁਸ਼ ਖੁੱਸਦਾ
ਜਾ ਰਿਹਾ ਹੋਵੇ।
ਘਰ ਦਾ ਬੂਹਾ ਲੰਘਿਆ ਹਾਂ।ਪਿਤਾ ਸ਼੍ਰੀ ਦੇ ਕਮਰੇ ਦੀ ਲਾਈਟ ਜਗ ਰਹੀ ਐ।ਬੂਹਾ ਖੁੱਲ੍ਹਾ ਹੋਇਐ ਜੇਹੜਾ ਆਮ ਕਰਕੇ ਏਸ ਵੇਲੇ ਤਾਂਈ ਬੰਦ ਈ ਹੁੰਦੈ ਕਿਉਂ
ਕਿ ਉਹ ਬਹੁਤ ਸਾਰਾ ਕੰਮ ਘਰ ਲ਼ੈ ਆਂਉਦੇ ਨੇ ਜੋ ਰਾਤੀਂ ਅੰਦਰ ਬੈਠੇ ਕਰਦੇ ਰਹਿੰਦੇ ਨੇ, ਪਰ ਅੱਜ….।ਮੇਰਾ ਮੱਥਾ ਠਣਕਿਐ….ਅਗਾਂਹ ਹੋ ਕੇ ਵੇਖਦਾਂ ਪਿਤਾ
ਸ਼੍ਰੀ ਸਟੱਡੀ ਟੇਬਲ ਤੇ ਡਾਇਰੀ ਉਪਰ ਈ ਸਿਰ ਸੁੱਟੀ ਪਏ ਨੇ।ਸਿਰ ਤੇ ਬੰਨਿਆਂ ਹੋਇਆ ਪਰਨਾਂ ਲਹਿ ਕੇ ਟੇਬਲ ਤੋਂ ਇਕ ਪਾਸੇ ਲਟਕ ਰਿਹੈ।ਐਨਕ ਹੇਠਾਂ
ਡਿੱਗੀ ਹੋਈ ਹੈ ਜਿਸਨੂੰ ਵੇਖ ਕੇ ਮੇਰੇ ਦਿਲ ਦੀ ਧੜਕਣ ਤੇਜ ਹੋ ਗਈ।ਮੈਂ ਨੇੜੇ ਹੋਇਆ ਪਰ ਕੋਈ ਹਿੱਲਜੁਲ ਨਹੀਂ।ਮੇਰੀ ਧਾਹ ਨਿੱਕਲਣ ਵਾਲੀ ਹੋ
ਗਈ।ਬੜੀ ਮੁਸ਼ਕਿਲ ਨਾਲ ਆਪਣਾਂ ਸਾਹ ਰੋਕ ਕੇ ਸੰਘ ਚੋਂ ਖੁਸ਼ਕੀ ਜੇਹੀ ਨਾਲ ਮੈਂ ਪਿਤਾ ਸ਼੍ਰੀ ਨੂੰ ਮੋਢੇ ਤੇ ਹੱਥ ਰੱਖ ਕੇ ਪੁਕਾਰਿਐ……ਪਾਪਾ…।
“ਹੂੰਅ…।”ਉਹ ਤ੍ਰਭਕ ਕੇ ਉਠ ਪਏ ਨੇ।ਮੇਰੀ ਜਾਨ ਚ ਜਾਨ ਆ ਗਈ ਹੈ,ਪਰ ਪਿਤਾ ਸ਼੍ਰੀ ਮੇਰੇ ਵੱਲ ਵੇਖ ਕੇ ਉਸੇ ਅੰਦਾਜ ਚ ਮੁਸਕਰਾ ਕੇ ਬੈਡ ਤੇ ਜਾ ਪਏ
ਨੇ।