Chalaak Chuha (Punjabi Story) : Iqbal Singh Hamjapur
ਚਲਾਕ ਚੂਹਾ (ਕਹਾਣੀ) : ਇਕਬਾਲ ਸਿੰਘ ਹਮਜਾਪੁਰ
ਜਿੱਥੇ ਗਾਲ੍ਹੜ ਰਹਿੰਦੇ ਸਨ, ਉੱਥੇ ਇੱਕ ਚੀਕੂ ਨਾਂ ਦਾ ਚੂਹਾ ਵੀ ਰਹਿੰਦਾ ਸੀ। ਗਾਲ੍ਹੜ ਪਿੱਪਲ ਦੇ ਉੱਪਰ ਰਹਿੰਦੇ ਸਨ, ਗਾਲ੍ਹੜਾਂ ਨੇ ਪਿੱਪਲ ਦੀਆਂ ਖੋੜਾਂ ਵਿੱਚ ਆਪੋ-ਆਪਣੇ ਘਰ ਬਣਾਏ ਹੋਏ ਸਨ ਤੇ ਚੀਕੂ ਚੂਹਾ ਪਿੱਪਲ ਹੇਠਾਂ ਜ਼ਮੀਨ ਵਿੱਚ ਖੁੱਡ ਬਣਾ ਕੇ ਰਹਿੰਦਾ ਸੀ।
ਸਾਰੇ ਗਾਲ੍ਹੜਾਂ ਦਾ ਆਪਸ ਵਿੱਚ ਪ੍ਰੇਮ ਤਾਂ ਸੀ ਹੀ, ਉਨ੍ਹਾਂ ਦੀ ਚੀਕੂ ਚੂਹੇ ਨਾਲ ਵੀ ਮਿੱਤਰਤਾ ਸੀ। ਰੋਜ਼ਾਨਾ ਸ਼ਾਮ ਨੂੰ ਗਾਲ੍ਹੜ ਤੇ ਚੀਕੂ ਚੂਹਾ ਇਕੱਠੇ ਹੋ ਕੇ ਖੇਡਣ ਲੱਗ ਪੈਂਦੇ। ਉਹ ਛੂਹਣ-ਛੁਹਾਈ ਖੇਡ ਖੇਡਦੇ। ਛੂਹਣ- ਛੁਹਾਈ ਖੇਡਦੇ ਉਹ ਇੱਕ ਦੂਸਰੇ ਪਿੱਛੇ ਪਿੱਪਲ ਦੇ ਟਾਹਣਾਂ ’ਤੇ ਭੱਜਦੇ ਰਹਿੰਦੇ ਤੇ ਖ਼ੁਸ਼ ਹੁੰਦੇ ਰਹਿੰਦੇ।
ਚੀਕੂ ਚੂਹਾ ਤੇ ਗਾਲ੍ਹੜ ਜਦੋਂ ਵੀ ਛੁਹਣ- ਛੁਹਾਈ ਖੇਡਦੇ, ਹਰ ਵਾਰ ਛੂਹਣ ਦੀ ਵਾਰੀ ਕਿਸੇ ਨਾ ਕਿਸੇ ਗਾਲ੍ਹੜ ਦੀ ਆਉਂਦੀ। ਚੀਕੂ ਚੂਹਾ ਬੇਹੱਦ ਚਲਾਕ ਸੀ। ਚੀਕੂ ਚੂਹਾ ਕਿਸੇ ਵੀ ਗਾਲ੍ਹੜ ਦੇ ਕਾਬੂ ਨਹੀਂ ਸੀ ਆਉਂਦਾ। ਚੀਕੂ ਚੂਹੇ ਨੂੰ ਜਦੋਂ ਵੀ ਕੋਈ ਗਾਲ੍ਹੜ ਛੂਹਣ ਲੱਗਦਾ, ਉਹ ਭੱਜ ਕੇ ਆਪਣੀ ਖੁੱਡ ਵਿੱਚ ਵੜ ਜਾਂਦਾ।
ਗਾਲ੍ਹੜ ਹੁਣ ਤਕ ਪਿੱਪਲ ਦੀਆਂ ਛੋਟੀਆਂ- ਛੋਟੀਆਂ ਖੋੜਾਂ ਨੁਮਾ ਖੁੱਡਾਂ ਵਿੱਚ ਰਹਿੰਦੇ ਰਹੇ ਸਨ। ਗਾਲ੍ਹੜ ਚੀਕੂ ਚੂਹੇ ਨੂੰ ਛੂਹਣ ਲਈ ਉਸ ਦੀ ਲੰਮੀ ਖੁੱਡ ਵਿੱਚ ਨਹੀਂ ਵੜ ਸਕਦੇ ਸਨ। ਚੂਹੇ ਦੀ ਲੰਮੀ ਖੁੱਡ ਵਿੱਚ ਗਾਲ੍ਹੜਾਂ ਦਾ ਦਮ ਘੁੱਟਦਾ ਸੀ ਤੇ ਚੀਕੂ ਚੂਹਾ ਆਪਣੀ ਖੁੱਡ ਵਿੱਚ ਵੜ ਕੇ ਕਿਸੇ ਹੋਰ ਪਾਸੇ ਜਾ ਨਿਕਲਦਾ। ਚੀਕੂ ਚੂਹੇ ਨੇ ਆਪਣੀ ਖੁੱਡ ਵਿੱਚੋਂ ਨਿਕਲਣ ਦੇ ਕਈ ਚੋਰ ਰਸਤੇ ਬਣਾਏ ਹੋਏ ਸਨ।
ਗਾਲ੍ਹੜ ਕਈ ਦਿਨ ਵੇਖਦੇ ਰਹੇ, ਪਰ ਚੀਕੂ ਚੂਹੇ ਦੀ ਇੱਕ ਵਾਰ ਵੀ ਛੂਹਣ ਦੀ ਵਾਰੀ ਨਹੀਂ ਸੀ ਆਈ। ਗਾਲ੍ਹੜਾਂ ਵਿੱਚ ਇੱਕ ਗੋਮੂ ਨਾਂ ਦਾ ਗਾਲ੍ਹੜ ਬੇਹੱਦ ਸਮਝਦਾਰ ਸੀ। ਗੋਮੂ ਗਾਲ੍ਹੜ ਕਈ ਦਿਨ ਸੋਚਦਾ ਰਿਹਾ ਤੇ ਕਈ ਦਿਨ ਸੋਚਣ ਤੋਂ ਬਾਅਦ ਗੋਮੂ ਗਾਲ੍ਹੜ ਨੇ ਚੀਕੂ ਚੂਹੇ ਨੂੰ ਕਾਬੂ ਕਰਨ ਦੀ ਰਣਨੀਤੀ ਤਿਆਰ ਕਰ ਲਈ।
‘ਭਰਾਵੋ! ਹੁਣ ਆਪਾਂ ਛੂਹਣ- ਛੁਹਾਈ ਦੀ ਥਾਂ ਕੋਟਲਾ-ਛਪਾਕੀ ਖੇਡਿਆ ਕਰਾਂਗੇ।’ ਗੋਮੂ ਗਾਲ੍ਹੜ ਨੇ ਬਾਕੀ ਦੇ ਗਾਲ੍ਹੜਾਂ ਨੂੰ ਆਖਿਆ ਤੇ ਸਭ ਗਾਲ੍ਹੜਾਂ ਨੇ ਉਸੇ ਵਕਤ ਹਾਮੀ ਭਰ ਦਿੱਤੀ।
ਹੁਣ ਸਾਰੇ ਗਾਲ੍ਹੜ ਛੂਹਣ- ਛੁਹਾਈ ਦੀ ਥਾਂ ਕੋਟਲਾ-ਛਪਾਕੀ ਖੇਡਣ ਲੱਗ ਪਏ। ਗਾਲ੍ਹੜਾਂ ਨਾਲ ਚੀਕੂ ਚੂਹਾ ਵੀ ਕੋਟਲਾ ਛਪਾਕੀ ਖੇਡਣ ਲੱਗ ਪਿਆ। ਗਾਲ੍ਹੜਾਂ ਨੇ ਇੱਕ ਕੱਪੜੇ ਨੂੰ ਵੱਟ ਚੜ੍ਹਾ ਕੇ ਵਟਣਾ ਬਣਾ ਲਿਆ ਸੀ। ਕੋਟਲਾ-ਛਪਾਕੀ ਖੇਡਣ ਲਈ ਚੀਕੂ ਚੂਹਾ ਵੀ ਗਾਲ੍ਹੜਾਂ ਨਾਲ ਘੇਰੇ ਵਿੱਚ ਬੈਠ ਜਾਂਦਾ ਤੇ ਵਾਰੀ ਸਿਰ ਹੱਥ ਵਿੱਚ ਵਟਣਾ ਲੈ ਕੇ ਇੱਕ ਗਾਲ੍ਹੜ ਘੇਰੇ ਦੁਆਲੇ ਗੇੜੇ ਕੱਢਦਾ ਹੋਇਆ ਬੋਲਣ ਲੱਗ ਪੈਂਦਾ।
ਕੋਟਲਾ-ਛਪਾਕੀ ਜੁੰਮੇ ਰਾਤ ਆਈ ਆ।
ਜਿਹੜਾ ਪਿੱਛੇ ਭਉਂ ਕੇ ਵੇਖੇ,
ਉਸ ਦੀ ਸ਼ਾਮਤ ਆਈ ਆ।
ਤੇ ਜਿਹੜਾ ਵੀ ਪਿੱਛੇ ਭਉਂ ਕੇ ਵੇਖਦਾ, ਉਸੇ ਦੀ ਸ਼ਾਮਤ ਆ ਜਾਂਦੀ। ਗੇੜੇ ਕੱਢਦਾ ਹੋਇਆ ਗਾਲ੍ਹੜ ਉਸ ਦੀ ਪਿੱਠ ਵਿੱਚ ਖਿੱਚ ਕੇ ਵਟਣਾ ਮਾਰਦਾ।
ਗਾਲ੍ਹੜ ਤਾਂ ਕੋਈ ਪਿੱਛੇ ਭਉਂ ਕੇ ਵੇਖਦਾ ਹੀ ਨਹੀਂ ਸੀ, ਪਰ ਚੀਕੂ ਚੂਹੇ ਨੂੰ ਡਰ ਸੀ ਕਿ ਕਿਧਰੇ ਪਿੱਛਲੇ ਪਾਸਿਓਂ ਬਿੱਲੀ ਨਾ ਆ ਜਾਵੇ। ਇਸ ਕਰਕੇ ਚੀਕੂ ਚੂਹੇ ਨੂੰ ਘੜੀ-ਮੁੜੀ ਪਿੱਛੇ ਭਉਂ ਕੇ ਵੇਖਣਾ ਪੈਂਦਾ ਤੇ ਜਦੋਂ ਵੀ ਚੀਕੂ ਚੂਹਾ ਪਿੱਛੇ ਭਉਂ ਕੇ ਵੇਖਦਾ, ਗਾਲ੍ਹੜ ਉਸ ਦੇ ਖਿੱਚ ਕੇ ਵਟਣਾ ਮਾਰਦੇ। ਗਾਲ੍ਹੜਾਂ ਨੇ ਵਟਣੇ ਨਾਲ ਕੁੱਟ-ਕੁੱਟ ਕੇ ਚੀਕੂ ਚੂਹੇ ਨੂੰ ਰੋਣਹਾਕਾ ਕਰ ਦਿੱਤਾ।
‘ਗਾਲ੍ਹੜ ਭਰਾਵੋ! ਆਪਾਂ ਛੂਹਣ- ਛੁਹਾਈ ਹੀ ਖੇਡ ਲਿਆ ਕਰੀਏ।’ ਚੀਕੂ ਚੂਹੇ ਨੇ ਰੋਂਦੇ ਹੋਏ ਨੇ ਆਖਿਆ।
‘ਚੀਕੂ! ਛੂਹਣ- ਛੁਹਾਈ ਖੇਡ ਲਿਆ ਕਰਾਂਗੇ, ਪਰ ਤੂੰ ਭੱਜ ਕੇ ਆਪਣੀ ਖੁੱਡ ਵਿੱਚ ਨਹੀਂ ਵੜੇਂਗਾ।’ ਗੋਮੂ ਗਾਲ੍ਹੜ ਨੇ ਆਖਿਆ ਤੇ ਚੀਕੂ ਚੂਹਾ ਉਸੇ ਵਕਤ ਮੰਨ ਗਿਆ। ਗਾਲ੍ਹੜ ਦੁਬਾਰਾ ਛੂਹਣ- ਛੁਹਾਈ ਖੇਡਣ ਲੱਗ ਪਏ। ਹੁਣ ਚੀਕੂ ਚੂਹਾ ਭੱਜ ਕੇ ਆਪਣੀ ਖੁੱਡ ਵਿੱਚ ਨਹੀਂ ਸੀ ਵੜਦਾ।