Chanani Raat (French Story in Punjabi) : Guy De Maupassant
ਚਾਨਣੀ ਰਾਤ (ਫਰਾਂਸੀਸੀ ਕਹਾਣੀ) : ਗਾਇ ਦਿ ਮੋਪਾਸਾਂ
ਪਤਲਾ ਸੁਕੜਾ ਜਿਹਾ ਤੇ ਲੰਮ-ਸਲੰਮਾ ਪਾਦਰੀ, ਹਰ ਵੇਲੇ ਭਜਨ ਭਗਤੀ ਵਿਚ ਰਤਾ ਰਹਿਣ ਵਾਲਾ ਤੋਂ ਧਾਰਮਕ ਭਾਵਾਂ ਨਾਲ ਓਤ ਪ੍ਰੇਤ, ਬੜਾ ਨੇਕ, ਸਾਦਾ ਤੇ ਸਰਲ ਵਿਚਾਰਾਂ ਵਾਲਾ, ਉਸ ਦੀ ਨਿਤ ਕ੍ਰਿਆ ਬਿਲਕੁਲ ਸਾਵੀਂ ਸੀ, ਜਿਸ ਵਿਚ ਰਤੀ ਭਰ ਵੀ ਉਚਾਈ ਨਿਵਾਈ ਦੀ ਗੁੰਜਾਇਸ਼ ਨਹੀਂ ਸੀ।
ਉਸ ਪਾਦਰੀ ਦਾ ਨਾਂ ਸੀ ‘ਮੋਰਿਨ’। ਉਸ ਦੇ ਨਿਕੇ ਜਿਹੇ ਘਰ ਸਾਹਮਣੇ ਇਕ ਛੋਟੀ ਜਿਹੀ ਪਰ ਡਾਢ੍ਹੀ ਮਨਮੋਹਣੀ ਬਗੀਚੀ ਸੀ। ਇਸ ਦੀਆਂ ਪਤਲੀਆਂ ਰਵਸ਼ਾਂ ਉਤੇ ਜਦ ਉਹ ਚਹਿਲ-ਕਦਮੀ ਕਰ ਰਿਹਾ ਹੁੰਦਾ ਸੀ ਤਾਂ ਕਦੀ-ਕਦੀ ਉਸ ਦੇ ਦਿਲ ਵਿਚ ਇਕ ਪ੍ਰਸ਼ਨ ਉਠਦਾ ਕਿ ਕੀ ਮੈਂ ਆਪਣੇ ਮੁਕਤੀ ਦਾਤਾ ਈਸਾ ਮਸੀਹ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਸਕਾਂਗਾ? ‘ਕੀ ਮੈਂ ਆਪਣੀ ਆਤਮਾ ਨੂੰ ਏਨੀ ਪਵਿਤਰ ਬਣਾ ਸਕਾਂਗਾ ਕਿ ਅਸਮਾਨ ਦੇ ਬਾਦਸ਼ਾਹ ਉਸ ਰਬ ਦੇ ਸਪੁਤਰ ਦੇ ਆਤਮ-ਦੇਸ ਵਿਚ ਜਾ ਸਕਣ ਦਾ ਹਕਦਾਰ ਹੋਵਾਂ?…’
ਉਸ ਨੂੰ ਸਦਾ ਇਹ ਅਨੁਭਵ ਹੁੰਦਾ ਸੀ ਕਿ ਸੰਸਾਰ ਦੀ ਜਿੰਨੀ ਵੀ ਰਚਨਾ ਰਚੀ ਹੋਈ ਹੈ ਸਭ ਵਿਸਮਾਦ ਰੂਪ ਤੋਂ ਅਚੰਭਿਤ ਹੈ। ਹਰ ਚੀਜ਼ ਦੇ ਮੁਢ ਵਿਚ ਕੋਈ ਨਾ ਕੋਈ ਰਬੀ ਨਿਯਮ ਕੰਮ ਕਰ ਰਿਹਾ ਹੈ। ‘ਕਿਉਂ’ ਅਤੇ ‘ਕਾਹਦੇ ਲਈ’ ਇਨ੍ਹਾਂ ਦੁਹਾਂ ਵਾਕਾਂ ਵਿਚ ਸਦਾ ਹੀ ਮੇਲ ਹੁੰਦਾ ਹੈ। ਮਨੁਖ ਦੀ ਜਾਗਰਤ ਅਵਸਥਾ ਨੂੰ ਪ੍ਰਫੁਲਤ ਕਰਨ ਲਈ ਊਸ਼ਾ ਦੀ ਉਤਪਤੀ ਹੋਈ ਹੈ ਤੇ ਅਨਾਜ ਪਕਾਉਣ ਲਈ ਦੁਪਹਿਰੀ ਧੁਪ ਦੀ। ਨੀਂਦਰ ਲਈ ਸੰਧਿਆ ਦੀ ਰਚਨਾ ਰਚੀ ਗਈ ਹੈ ਤੇ ਸੁਪਨ ਅਵਸਥਾ ਲਈ ਰਾਤ ਦੀ।
ਪਰ ਏਨੇ ਉਦਾਰ ਖਿਆਲਾਂ ਦੇ ਹੁੰਦਿਆਂ ਵੀ ਇਕ ਗਲ ਉਸ ਪਾਦਰੀ ਵਿਚ ਅਨੋਖੀ ਸੀ। ਤੀਵੀਆਂ ਤੋਂ ਉਸ ਨੂੰ ਬੜੀ ਚਿੜ੍ਹ ਸੀ। ਇਸਤਰੀ ਨੂੰ ਉਹ ‘ਪਾਪ ਦੀ ਬੇੜੀ’ ਤੇ ‘ਕਲਰ ਦੀ ਕੰਧ’ ਆਦਿ ਵਿਸ਼ੇਸ਼ਣਾ ਨਾਲ ਚਿਤਾਰਿਆ ਕਰਦਾ ਸੀ। ਈਸਾ ਮਸੀਹ ਦੇ ਇਸ ਵਾਕ ਨੂੰ ਉਹ ਅਕਸਰ ਦੁਹਰਾਇਆ ਕਰਦਾ ਸੀ, ਹੇ ਇਸਤਰੀ! ਤੇਰੇ ਅਤੇ ਮੇਰੇ ਵਿਚ ਅਜਿਹੀ ਕਿਹੜੀ ਚੀਜ਼ ਹੈ ਜਿਸ ਵਿਚ ਸਾਂਝ ਹੋਵੇ ਤੇ ਇਸ ਵਾਕ ਦੇ ਨਾਲ ਉਹ ਕੁਝ ਹੋਰ ਵੀ ਜੋੜ ਦੇਂਦਾ ਸੀ, ”ਮੈਨੂੰ ਜਾਪਦਾ ਹੈ ਜਿਵੇਂ ਖੁਦ ਪਰਮਾਤਮਾ ਹੀ ਆਪਣੀ ਨਾਰੀ-ਸ਼੍ਰਿਸ਼ਟੀ ਉਤੇ ਅਸੰਤੁਸ਼ਟ ਹੈ। ਸ਼ਾਇਦ ਉਸ ਨੇ ਕਿਸੇ ਭੁਲੇਖੇ ਜਾਂ ਕਾਹਲੀ ਦੀ ਸ਼ਿਕਾਰ ਹੋ ਕੇ ਇਸ ਦੀ ਸਾਜਨਾ ਸਾਜ ਦਿਤੀ ਸੀ। ਉਹ ਅਕਸਰ ਆਪਣੀ ਵਿਆਖਿਆ ਨੂੰ ਇਨ੍ਹਾਂ ਵਾਕਾਂ ਉਤੇ ਖਤਮ ਕਰਿਆ ਕਰਦਾ ਸੀ, ਇਸਤਰੀ ਦਾ ਰੂਪ, ਕਿਸੇ ਮਨੁਖ ਦੀਆਂ ਨੇਕੀਆਂ ਚੁਰਾਉਣ ਲਈ ਸਭ ਤੋਂ ਵਡਾ ਡਾਕੂ ਹੈ। ਬਾਬਾ ਆਦਮ ਨੂੰ ਵੀ ਇਸਤਰੀ ਦੇ ਮੋਹਜਾਲ ਵਿਚ ਫਸਾ ਕੇ ਸਵਰਗ ਵਿਚੋਂ ਧਕੇ ਖਾਣੇ ਪਏ। ਦੂਜੇ ਸ਼ਬਦਾਂ ਵਿਚ ਇਸਤਰੀ ਹੀ ਪਾਪ ਪੁਰੀ ਵਲ ਲੈ ਕੇ ਜਾਣ ਵਾਲੀ ਸੜਕ ਹੈ, ਇਸ ਲਈ ਹਰ ਮਨੁਖ ਨੂੰ ਇਸ ਦੀਆਂ ਕਪਟ-ਚਾਲਾਂ ਤੋਂ ਬਚਣਾ ਚਾਹੀਦਾ ਹੈ।
ਪਾਦਰੀ ਨੂੰ ਭਾਵੇਂ ਆਪਣੇ ਸਵੈ-ਸੰਜਮ ਉਤੇ ਪੂਰਾ-ਪੂਰਾ ਭਰੋਸਾ ਸੀ, ਇਸਤਰੀ ਦੇ ਨੈਣਾਂ ਦੀ ਮਾਰ ਤੋਂ ਉਹ ਆਪਣੇ ਆਪ ਨੂੰ ਸੁਰਖਿਅਤ ਖਿਆਲ ਕਰਦਾ ਸੀ, ਪਰ ਫਿਰ ਵੀ ਕਦੀ ਕਦਾਈਂ ਉਸ ਦੇ ਅੰਦਰ ਨਾਰੀ ਦੀ ਸਨੇਹ-ਮਮਤਾ ਦਾ ਅਹਿਸਾਸ ਪੈਦਾ ਹੋ ਹੀ ਜਾਂਦਾ। ਉਸ ਦਾ ਇਹ ਵੀ ਪਕਾ ਨਿਸਚਾ ਸੀ ਕਿ ਰਬ ਨੇ ਮਨੁਖ ਦੇ ਸਵੈ-ਕਾਬੂ ਦਾ ਇਮਤਿਹਾਨ ਲੈਣ ਲਈ ਸ਼ੈਤਾਨ ਨੂੰ ਬਣਾਇਆ ਹੈ ਅਤੇ ਸ਼ੈਤਾਨ ਨੇ ਇਸਤਰੀ ਨੂੰ।
ਸੋ ਆਦਮੀ ਨੂੰ ਆਪਣੀ ਜ਼ਿੰਦਗੀ ਦੇ ਛੇਕੜਲੇ ਸਵਾਸ ਤੀਕ ਆਪਣੇ ਉਤੇ ਪਹਿਰਾ ਰਖਣਾ ਚਾਹੀਦਾ ਹੈ ਕਿ ਮਤੇ ਉਸ ਦੇ ਸੰਜਮ ਦੀ ਕਮਾਈ ਨੂੰ ਇਸਤਰੀ ਦੀ ਚੰਚਲਤਾ ਲੁਟ ਕੇ ਲੈ ਜਾਵੇ। ਮਨੁਖ ਨੂੰ ਕਦੀ ਵੀ ਭੁਲਣਾ ਨਹੀਂ ਚਾਹੀਦਾ ਕਿ ਸ਼ੈਤਾਨ ਨੇ ਥਾਂ-ਥਾਂ ਜਾਲ ਵਿਛਾਏ ਹੋਏ ਨੇ, ਉਸ ਨੂੰ ਫਾਹੁਣ ਲਈ। ਉਹ ਕੇਵਲ ਆਪਣੇ ਗਿਰਜੇ ਦੀਆਂ ਕੁਝ ਸੇਵਕਾਵਾਂ ਨੂੰ ਹੀ ਖਿਮਾ ਦੀ ਨਜ਼ਰ ਨਾਲ ਵੇਖਦਾ ਸੀ। ਕਿਉਂਕਿ ਉਨ੍ਹਾਂ ਦੇ ਕਠਨ ਵਰਤ ਤੋਂ ਜਪ ਤਪ ਨੇ ਉਨ੍ਹਾਂ ਵਿਚੋਂ ਇਸਤਰੀ-ਪੁਣੇ ਦਾ ਅਸ਼ੁਧ ਅੰਸ਼ ਕਢ ਦਿਤਾ ਹੋਇਆ ਸੀ। ਪਰ ਜਦ ਕਦੀ ਉਹ ਮਹਿਸੂਸ ਕਰਦਾ ਕਿ ਉਸ ਦੇ ਕਮਾਏ ਹੋਏ ਹਿਰਦੇ ਵਿਚ ਵੀ ਕਦੀ ਕਦਾਈਂ ਇਸਤਰੀ ਦਾ ਕੋਈ ਲੁਕਵਾਂ ਜਿਹਾ ਪਰਛਾਵਾਂ ਪੈ ਕੇ ਉਸ ਦੀ ਸ਼ਾਂਤੀ ਵਿਚ ਵਿਘਨਕਾਰੀ ਹੁੰਦਾ ਹੈ, ਤਾਂ ਉਹ ਉਨ੍ਹਾਂ ਸੇਵਕਾਵਾਂ ਨਾਲ ਵੀ ਬੜਾ ਕਠੋਰ ਵਰਤਾਉ ਕਰਨ ਲਗ ਪੈਂਦਾ ਸੀ।
ਗਿਰਜੇ ਦੀਆਂ ਬ੍ਰਹਮਚਾਰਣੀਆਂ ਦੀਆਂ ਸਨਿਮਰ ਨਜ਼ਰਾਂ, ਭਗਤੀ ਭਾਵ ਵਿਚ ਗੰਭੀਰ ਚਿਹਰੇ ਤੇ ਚਿਹਰਿਆਂ ਉਤੇ ਕਦੇ-ਕਦੇ ਆਉਂਦਾ ਆਤਮਿਕ ਖੇੜਾ, ਇਹ ਸਭ ਚੀਜ਼ਾਂ ਪਾਦਰੀ ਦੇ ਮਨ ਅੰਦਰ ਖੁਸ਼ੀ ਪੈਦਾ ਕਰਨ ਦੇ ਥਾਂ ਸਗੋਂ ਉਸ ਨੂੰ ਕੁਝ ਗਮਰੁਠ ਜਿਹਾ ਕਰ ਦੇਂਦੀਆਂ ਸਨ। ਆਪਣੇ ਪ੍ਰਭੂ ਲਈ ਕਿਸੇ ਵੀ ਨਾਰੀ ਦਾ ਪ੍ਰੇਮ, ਜਿਸ ਨੂੰ ਉਹ ਬਣਾਵਟੀ ਤੇ ਸ਼ਕੀ ਖਿਆਲ ਕਰਦਾ ਸੀ, ਉਸ ਲਈ ਹਾਸੋਹੀਣਾ ਤੇ ਬੇਮਤਲਬ ਸੀ।
ਫਿਰ ਜਦ ਉਹ ਗਿਰਜੇ ਦਾ ਬੂਹਾ ਖੋਲ੍ਹ ਕੇ ਬਾਹਰ ਨਿਕਲਦਾ ਤਾਂ ਆਪਣੇ ਚੋਗੇ ਨੂੰ ਫੜ ਕੇ ਘੜੀ ਮੁੜੀ ਹਿਲਾਉਂਦਾ ਹੋਇਆ, ਇਸ ਤਰ੍ਹਾਂ ਤਸਲੀ ਦਾ ਸਾਹ ਲੈਂਦਾ ਸੀ ਜਿਵੇਂ ਕਿਸੇ ਭਾਰੀ ਖਤਰੇ ਵਿਚੋਂ ਨਿਕਲ ਆਇਆ ਹੈ।
ਪਾਦਰੀ ਦੀ ਇਕ ਭਣੇਵੀਂ ਵੀ ਸੀ, ਜਿਹੜੀ ਗਿਰਜ਼ੇ ਦੇ ਪਿਛਵਾੜੇ ਇਕ ਛੋਟੇ ਜਿਹੇ ਮਕਾਨ ਵਿਚ ਆਪਣੀ ਮਾਂ ਨਾਲ ਰਹਿੰਦੀ ਸੀ। ਪਾਦਰੀ ਦੀ ਚਿਰੋਕੀ ਖਾਹਿਸ਼ ਸੀ ਕਿ ਇਹ ਕੁੜੀ ਸੰਸਾਰਕ ਮੋਹ ਮਾਇਆ ਤੋਂ ਦੂਰ ਰਹਿ ਕੇ ਰਬ ਦੀ ਭਗਤੀ ਵਿਚ ਜ਼ਿੰਦਗੀ ਬਤੀਤ ਕਰੇ। ਕੁੜੀ ਬੜੀ ਸੋਹਣੀ ਚੁਲਬੁਲੀ ਤੇ ਮਖੌਲਣ ਸੀ। ਜਦ ਉਸ ਦਾ ਮਾਮਾ ਗਿਰਜੇ ਵਿਚ ਵਿਆਖਿਆ ਲੈ ਰਿਹਾ ਹੁੰਦਾ ਤਾਂ ਉਹ ਨੀਵਾਂ ਪਾ ਕੇ ਮੁਸਕਰਾਉਂਦੀ ਰਹਿੰਦੀ। ਜਦ ਕਦੀ ਪਾਦਰੀ ਉਸ ਨੂੰ ਇਸ ਗੁਸਤਾਖੀ ਬਦਲੇ ਗੁਸੇ ਹੁੰਦਾ ਤਾਂ ਉਹ ਆਪਣੀਆਂ ਦੋਵੇਂ ਬਾਹਾਂ ਉਸ ਦੀ ਗਰਦਨ ਦੁਆਲੇ ਲਪੇਟ ਕੇ ਬਦੋਬਦੀ ਉਸਦਾ ਮੂੰਹ ਚੁੰਮ ਲੈਂਦੀ। ਪਾਦਰੀ ਭਾਵੇਂ ਉਸ ਪਾਸੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਬਰਦਾ ਪਰ ਉਸ ਨੂੰ ਆਪਣੇ ਅੰਦਰ ਇਕ ਅਜਿਹੇ ਸੁਆਦ ਦਾ ਅਨੁਭਵ ਹੋਣ ਲਗਦਾ, ਉਸ ਦੀ ਨਾੜ-ਨਾੜ ਵਿਚੋਂ ਪਿਤਰੀ ਸਨੇਹ ਤੜਫਣ ਲਗ ਪੈਂਦਾ।
ਜਦ ਪਾਦਰੀ ਉਸ ਕੁੜੀ ਨਾਲ ਆਪਣੇ ਬਗੀਚੇ ਦੀ ਪਗਡੰਡੀ ਉਤੇ ਸੈਰ ਕਰ ਰਿਹਾ ਹੁੰਦਾ, ਤਾਂ ਉਹ ਕੁੜੀ ਨਾਲ ਅਕਸਰ ਭਗਤੀ ਭਾਵ ਦੀਆਂ ਹੀ ਗਲਾਂ ਕਰਿਆ ਕਰਦਾ ਸੀ। ਪਰ ਕੁੜੀ ਉਸ ਦੀਆਂ ਇਨ੍ਹਾਂ ਖੁਸ਼ਕ ਕਥਾਵਾਂ ਵਲ ਬੜਾ ਘਟ ਧਿਆਨ ਦੇਂਦੀ ਸੀ। ਉਹ ਕਦੀ ਅਕਾਸ਼ ਵਲ ਕਦੀ ਘਾਹ ਵਲ ਤੇ ਕਦੀ ਫੁਲਾਂ ਵਲ ਵੇਖਣ ਲਗ ਪੈਂਦੀ ਸੀ। ਉਸ ਦੀਆਂ ਨਜ਼ਰਾਂ ਵਿਚੋਂ ਜਿਵੇਂ ਜਵਾਨੀ ਦੀਆਂ ਉਮੰਗਾ ਫੁਟ ਫੁਟ ਪੈਂਦੀਆਂ ਸਨ। ਕਦੀ ਉਹ ਕਿਸੇ ਉਡਦੀ ਤਿਤਲੀ ਦੇ ਮਗਰ ਉਠ ਦੌੜਦੀ ਤੇ ਉਸ ਨੂੰ ਫੜ ਕੇ ਪਾਦਰੀ ਨੂੰ ਵਿਖਾਉਂਦੀ ਹੋਈ ਕਹਿੰਦੀ, ‘ਵੇਖੋ ਮਾਮਾ ਜੀ, ਕੇਡੇ ਸੋਹਣੇ ਰੰਗ ਨੇ ਇਸ ਦੇ ਖੰਭਾਂ ਵਿਚ, ਦਿਲ ਕਰਦਾ ਏ ਇਸ ਨੂੰ ਚੁੰਮ ਲਵਾਂ।’ ਪਰ ਪਾਦਰੀ ਨੂੰ ਇਹ ਤਿਤਲੀਆਂ ਨੂੰ ਚੁੰਮਣ ਤੇ ਫੁਲਾਂ ਨੂੰ ਸੁੰਘਣ ਦੀਆਂ ਗਲਾਂ ਨਿਰੀ ਬੇਵਕੂਫੀ ਮਲੂਮ ਹੁੰਦੀ ਸੀ। ਇਨ੍ਹਾਂ ਹੀ ਗਲਾਂ ਤੋਂ ਪਾਦਰੀ ਕਈ ਵਾਰੀ ਕੁੜੀ ਨਾਲ ਗੁਸੇ ਹੋ ਜਾਂਦਾ ਤੇ ਉਸ ਨੂੰ ਜਾਪਦਾ ਜਿਵੇਂ ਪ੍ਰੇਮ ਦਾ ਭਾਵ, ਜਿਹੜਾ ਨਾਰੀ-ਹਿਰਦੇ ਦੀ ਸਭ ਤੋਂ ਵਡੀ ਦੁਰਬਲਤਾ ਤੇ ਬਦਸੂਰਤੀ ਹੈ, ਸ਼ਾਇਦ ਇਸ ਕੁੜੀ ਦੇ ਅੰਦਰ ਵੀ ਜੜ੍ਹ ਫੜਦਾ ਜਾ ਰਿਹਾ ਹੈ।
ਇਕ ਦਿਨ ਗਿਰਜੇ ਦੇ ਇਕ ਸੇਵਾਦਾਰ ਦੀ ਵਹੁਟੀ ਨੇ ਜਿਸ ਦਾ ਨਾਂ ਮੇਲਾਨੀ ਸੀ ਤੇ ਪਾਦਰੀ ਦੇ ਘਰ ਦੀ ਸਫਾਈ ਆਦਿ ਵੀ ਕਰਦੀ ਹੁੰਦੀ ਸੀ, ਬੜੇ ਲੁਕਵੇਂ ਢੰਗ ਨਾਲ ਪਾਦਰੀ ਨੂੰ ਕਹਿਣ ਲਗੀ, ‘ਖਿਮਾ ਕਰਨਾ ਪਿਤਾ ਜੀ, ਇਕ ਗਭਰੂ ਤੁਹਾਡੀ ਭਣੇਵੀਂ ਨੂੰ ਪਿਆਰ ਕਰਦਾ ਹੈ।’
ਸੁਣਦਿਆਂ ਹੀ ਪਾਦਰੀ ਲੋਹਾ-ਲਾਖਾ ਹੋ ਗਿਆ। ਇਸ ਵੇਲੇ ਉਹ ਹਜਾਮਤ ਕਰਨ ਲਈ ਆਪਣੀ ਠੋਡੀ ਉਤੇ ਸਾਬਣ ਮਲ ਰਿਹਾ ਸੀ। ਚਾਕੀ ਉਸ ਦੇ ਹਥੋਂ ਛੁਟ ਗਈ ਅਤੇ ਉਸੇ ਤਰ੍ਹਾਂ ਝਗ ਨਾਲ ਭਰਿਆ ਚਿਹਰਾ ਉਸ ਤੀਵੀਂ ਵਲ ਭੂੰਆਂ ਕੇ ਬੋਲਿਆ. ‘ਇਹ ਬਿਲਕੁਲ ਝੂਠ ਹੈ ਮੇਲਾਨੀ। ਤੈਨੂੰ ਟਪਲਾ ਲਗਾ ਹੋਵੇਗਾ।’
ਉਹ ਡਰਦੀ-ਡਰਦੀ ਬੋਲੀ, "ਈਸਾ ਮਸੀਹ ਮੈਨੂੰ ਕੋਹੜੀ ਕਰੇ ਜੇ ਝੂਠ ਬੋਲਾ। ਪਿਤਾ ਜੀ, ਮੈਂ ਤੁਹਾਨੂੰ ਸਚ ਕਹਿੰਦੀ ਹਾਂ, ਇਹ ਗਲ ਹੁਣ ਲੁਕੀ ਹੋਈ ਨਹੀਂ ਜੇ। ਰਾਤੀ ਜਦੋਂ ਤੁਹਾਡੀ ਭੈਣ ਸੌਂ ਜਾਂਦੀ ਹੈ ਤਾਂ ਤੁਹਾਡੀ ਭਣੇਵੀਂ ਆਪਣੇ ਪ੍ਰੇਮੀ ਨੂੰ ਮਿਲਣ ਲਈ ਘਰੋਂ ਨਿਕਲ ਜਾਇਆ ਕਰਦੀ ਹੈ। ਮੈਂ ਆਪਣੀ ਅਖੀ ਦੋਹਾਂ ਨੂੰ ਨਦੀ ਦੇ ਕੰਢੇ ਫਿਰਦਿਆਂ ਡਿਠਾ ਹੈ। ਜੇ ਤੁਹਾਨੂੰ ਇਤਬਾਰ ਨਾ ਆਵੇ ਤਾਂ ਅੱਜ ਰਾਤੀ ਦਸ ਤੋਂ ਬਾਰਾਂ ਵਜੇ ਤਕ ਉਥੇ ਜਾ ਕੇ ਕਿਤੇ ਲੁਕ ਰਹਿਣਾ, ਫਿਰ ਆਪੇ ਤੁਹਾਨੂੰ ਸਾਰੀ ਸਚਾਈ ਦਾ ਇਤਬਾਰ ਆ ਜਾਏਗਾ।’
ਪਾਦਰੀ ਦੀ ਹਜਾਮਤ ਵਿਚੇ ਰਹਿ ਗਈ ਤੇ ਉਹ ਆਪਣੇ ਗੰਭੀਰ ਵਿਚਾਰਾਂ ਵੇਲੇ ਜਿਸ ਤਰ੍ਹਾਂ ਤੇਜ਼ ਤੇਜ਼ ਕਦਮਾਂ ਨਾਲ ਟਹਿਲਣ ਦੀ ਉਸ ਦੀ ਆਦਤ ਸੀ; ਕਮਰੇ ਵਿਚ ਟਹਿਲਣ ਲਗਾ। ਫਿਰ ਜਦ ਉਸਨੂੰ ਹਜਾਮਤ ਬਣਾਉਣ ਦਾ ਚੇਤਾ ਆਇਆ ਤਾਂ ਬੜੀ ਬੇਰੁਖੀ ਨਾਲ ਗਲਾਂ ਉਤੇ ਉਸਤਰਾ ਚਲਾਉਣ ਲਗਾ, ਜਿਸ ਦਾ ਫਲਸਰੂਪ ਉਸ ਨੂੰ ਦੋ ਤਿੰਨ ਥਾਈ ਟਕ ਵੀ ਲਗ ਗਏ। ਸਾਰਾ ਦਿਨ ਉਹ ਗੁਸੇ ਨਾਲ ਬੇਆਰਾਮ ਰਿਹਾ। ਇਸਤਰੀ ਵਿਚ ਇਹ ਪ੍ਰੇਮ ਦੀ ਦੁਰਬਲਤਾ, ਜਿਸ ਉਤੇ ਉਹ ਹਮੇਸ਼ਾਂ ਤੋਂ ਹੀ ਕਰੋਧਿਆ ਰਹਿੰਦਾ ਸੀ, ਕੀ ਅੱਜ ਉਸ ਦੀ ਬਚੀ ਉਤੇ ਵੀ ਵਾਰ ਕਰੇਗੀ। ਉਸ ਦੇ ਅੰਦਰ ਜਿਵੇਂ ਅਗ ਲਗਦੀ ਜਾ ਰਹੀ ਸੀ। ਕੋਈ ਵੀ ਕੁੜੀ ਆਪਣੇ ਮਾਪਿਆਂ ਦੀ ਸਲਾਹ ਤੋਂ ਬਿਨਾਂ ਕਿਸੇ ਗਭਰੂ ਨਾਲ ਪਿਆਰ ਕਰੇ, ਇਸ ਦਾ ਜੋ ਦੁਖ ਮਾਪਿਆਂ ਨੂੰ ਹੁੰਦਾ ਹੈ, ਇਹ ਦੁਖ ਵੀ ਪਾਦਰੀ ਨੂੰ ਤੜਪਾ ਰਿਹਾ ਸੀ। ਸਟ ਖਾਧੇ ਸਪ ਵਾਂਗ ਸਾਰਾ ਦਿਨ ਉਹ ਅੰਦਰੋ ਅੰਦਰ ਵਿਸ ਘੋਲਦਾ ਰਿਹਾ।
ਸ਼ਾਮ ਨੂੰ ਉਸ ਨੇ ਰੋਟੀ ਵੀ ਨਾ ਖਾਧੀ। ਫਿਰ ਪੜ੍ਹਨ ਲਈ ਇਕ ਧਾਰਮਿਕ ਪੁਸਤਕ ਲੈ ਕੇ ਬੈਠਾ ਪਰ ਉਸ ਵਿਚ ਵੀ ਦਿਲ ਨਾ ਲਗ ਸਕਿਆ। ਅਖੀਰ ਕਿਸੇ ਤਰ੍ਹਾਂ ਉਸ ਦੀ ਘੜੀ ਨੇ ਦਸ ਵਜਾਏ।
ਟਹਿਲਣ ਦੇ ਬਹਾਨੇ ਉਸ ਨੇ ਆਪਣੀ ਮੋਟੀ ਮੁਠ ਵਾਲੀ ਸੋਟੀ ਹਥ ਵਿਚ ਫੜੀ। ਇਹ ਸੋਟੀ ਉਹ ਓਦੋਂ ਲਿਆ ਕਰਦਾ ਸੀ ਜਦੋਂ ਹਨੇਰੇ ਵਿਚ ਉਸ ਨੇ ਕਿਤੇ ਬਾਹਰ ਜਾਣਾ ਹੁੰਦਾ ਸੀ।
ਸੋਟੀ ਨੂੰ ਹੌਲੀ-ਹੌਲੀ ਘੁਮਾਉਂਦਾ ਹੋਇਆ ਉਹ ਉਸ ਦੀ ਮਜ਼ਬੂਤੀ ਨੂੰ ਪਰਖਣ ਲਗਾ। ਫਿਰ ਉਸ ਨੇ ਦੰਦ ਕਰੀਚਦਿਆਂ ਇਸ ਦਾ ਇਕ ਭਰਵਾਂ ਵਾਰ ਕੋਲ ਪਈ ਹੋਈ ਕੁਰਸੀ ਉਤੇ ਕੀਤਾ। ਕੁਰਸੀ ਦੀ ਪਿਠ ਚਕਨਾ ਚੂਰ ਹੋ ਗਈ।
ਬਾਹਰ ਨਿਕਲਣ ਲਈ ਉਸ ਨੇ ਦਰਵਾਜ਼ਾ ਖੋਲ੍ਹਿਆ। ਪੁੰਨਿਆਂ ਦੇ ਚੰਨ ਦੀ ਚਾਨਣੀ ਫੈਲੀ ਹੋਈ ਸੀ। ਜਿਸ ਨੂੰ ਵੇਖਦਿਆਂ ਹੀ ਉਹ ਜਿਵੇਂ ਠਠੰਬਰ ਕੇ ਝਟ ਕੁ ਦਰਵਾਜ਼ੇ ਵਿਚ ਖੜੋਤਾ ਰਿਹਾ। ਗਿਰਜਿਆਂ ਵਿਚ ਰਹਿਣ ਵਾਲੇ ਤਿਆਗੀਆਂ ਦੇ ਦਿਲ, ਸੁਭਾਵਕ ਹੀ ਜਿਸ ਤਰ੍ਹਾਂ ਉਚਾਈਆਂ ਵਲ ਉਡਦੇ ਹਨ, ਕਵੀ ਜਿਸ ਤਰ੍ਹਾਂ ਕਦੀ-ਕਦੀ ਆਪਣੀ ਕਲਪਿਤ ਦੁਨੀਆਂ ਦੇ ਖਾਬਾਂ ਵਿਚ ਗੁਆਚ ਜਾਂਦੇ ਹਨ, ਇਸੇ ਤਰ੍ਹਾਂ ਇਹ ਪਾਦਰੀ ਵੀ ਅਜ ਇਸ ਰੁਪਹਿਰੀ ਚਾਨਣੀ ਦੀ ਖਿੜੀ ਹੋਈ ਬਹਾਰ ਨੂੰ ਵੇਖ ਕੇ ਮੁਗਧ ਹੋ ਉਠਿਆ। ਉਸਦੇ ਛੋਟੇ ਜਿਹੇ ਬਾਗ ਵਿਚ ਢਾਲਦਾਰ ਦਰਖਤਾਂ ਦੀਆਂ ਕਈ ਕਤਾਰਾਂ ਸਨ। ਇਹ ਸਾਰੇ ਦਰਖਤ ਇਸ ਵੇਲੇ ਪਾਦਰੀ ਨੂੰ ਇਸ ਸਾਫ ਚਾਨਣੀ ਵਿਚ ਨਹਾਉਂਦੇ ਹੋਏ ਦਿਖਾਈ ਦਿਤੇ। ਇਕ ਪਾਸੇ ਚੰਬੇਲੀ ਦੀ ਵੇਲ, ਜਿਹੜੀ ਬਰਾਂਡੇ ਦੇ ਛਪਰ ਉਤੇ ਫੈਲੀ ਹੋਈ ਸੀ, ਇਸ ਸੁਬਕ ਰਾਤ ਵਿਚ ਮਾਨੋਂ ਇਕ ਸੁਗੰਧਤ ਆਤਮਾ ਬਣੀ ਖੜੋਤੀ ਸੀ, ਜਿਹੜੀ ਆਪਣੇ ਚੌਹੀਂ ਪਾਸੀਂ ਲਪਟਾਂ ਦੀ ਦੌਲਤ ਖਿਲਾਰ ਰਹੀ ਸੀ।
ਪਾਦਰੀ ਖਿਚ-ਖਿਚ ਕੇ ਸਾਹ ਲੈ ਰਿਹਾ ਸੀ। ਸ਼ਰਾਬੀ ਜਿਸ ਤਰ੍ਹਾਂ ਸ਼ਰਾਬ ਦੇ ਘੁਟ ਖਿਚ-ਖਿਚ ਕੇ ਭਰਦਾ ਹੈ। ਫਿਰ ਉਹ ਵਿਸਮਾਦਿਆ ਮੁਗਧਾਇਆ ਹੋਇਆ ਹੌਲੀ ਹੌਲੀ ਅਗਾਹ ਵਧਿਆ। ਭਣੇਵੀਂ ਬਾਰੇ ਇਸ ਵੇਲੇ ਉਸ ਨੂੰ ਕੁਝ ਵੀ ਯਾਦ ਨਹੀਂ ਸੀ।
ਇਕ ਖੁਲ੍ਹੇ ਮੈਦਾਨ ਵਿਚ ਪਹੁੰਚ ਕੇ ਉਹ ਫਿਰ ਖੜ੍ਹਾ ਹੋ ਕੇ ਇਸ ਚਾਨਣ ਵਿਚ ਖਿੜੀ ਹੋਈ ਰਾਤ ਦਾ ਸੁਹਾਉਣਾ ਦ੍ਰਿਸ਼ ਵੇਖਣ ਲਗਾ। ਚੰਦ-ਰਿਸ਼ਮਾ ਦੀ ਜਾਦੂ ਭਰੀ ਕੋਮਲ ਛੋਹ ਨੂੰ ਪਾ ਕੇ ਜਿਵੇਂ ਮੈਦਾਨ ਬੜੇ ਸੁਖ ਦੀ ਨੀਂਦ ਸੌ ਰਿਹਾ ਸੀ। ਦੂਰ ਕਿਸੇ ਖਾਲ ਦੇ ਕੰਢੇ ਕਈ ਡਡੂ ਬੋਲ ਰਹੇ ਸਨ। ਉਨ੍ਹਾਂ ਦੀ ਆਵਾਜ਼ ਦਰਖਤਾਂ ਤੋਂ ਕਿਸੇ-ਕਿਸੇ ਵੇਲੇ ਬੋਲ ਰਹੇ ਪੰਛੀਆਂ ਦੀ ਆਵਾਜ਼ ਨਾਲ ਰਲ ਕੇ ਇਕ ਗੀਤ ਜਹੇ ਦੀ ਲੈਅ ਬੰਨ ਰਹੀ ਸੀ। ਉਸ ਨੂੰ ਮਾਲੂਮ ਹੁੰਦਾ ਸੀ ਜਿਵੇਂ ਚਾਨਣੀ ਰਾਤ ਵਿਚ ਗੂੰਜ ਰਿਹਾ ਇਹ ਮਧੁਰ ਸੰਗੀਤ, ਕੇਵਲ ਪ੍ਰੇਮੀਆਂ ਦੇ ਮਿਲਣ ਲਈ ਹੀ ਰਚਿਆ ਗਿਆ ਹੈ।
ਪਾਦਰੀ ਨੇ ਤੁਰਨਾ ਸ਼ੁਰੂ ਕੀਤਾ। ਉਸ ਦਾ ਦਿਲ ਕੁਝ ਉਦਾਸ ਉਦਾਸ ਹੁੰਦਾ ਜਾਂਦਾ ਸੀ। ਕਿਉਂ, ਇਹ ਉਸ ਨੂੰ ਕੁਝ ਪਤਾ ਨਹੀਂ ਸੀ। ਥੋੜ੍ਹੀ ਦੂਰ ਜਾ ਕੇ ਉਹ ਜ਼ਰਾ ਕੁ ਸੁਸਤਾਉਣ ਲਈ ਇਕ ਢਠੇ ਹੋਏ ਦਰਖਤ ਦੇ ਤਣੇ ਉਤੇ ਬੈਠ ਗਿਆ। ਬੈਠਾ-ਬੈਠਾ ਆਪਣੇ ਮਨ ਨੂੰ ਈਸਾ ਮਸੀਹ ਦੇ ਚਰਨਾਂ ਵਿਚ ਜੋੜਨ ਦੀ ਕੋਸ਼ਿਸ਼ ਕਰਨ ਲਗਾ।
ਉਸ ਦੇ ਸਾਹਮਣੇ ਦੀ ਸੜਕ, ਜਿਸ ਦੇ ਦੋਹੀਂ ਪਾਸੀਂ ਚੀਲ ਦੇ ਦਰਖਤਾਂ ਦੀਆਂ ਦੋ ਲੰਮੀਆਂ ਪਾਲਾਂ ਸਨ, ਨਦੀ ਕਿਨਾਰੇ ਤਕ ਚਲੀ ਗਈ ਸੀ। ਨਦੀ ਦੀ ਸ਼ਾਂ-ਸ਼ਾਂ ਦੀ ਆਵਾਜ਼ ਇਥੋਂ ਸਾਫ ਸੁਣਾਈ ਦੇਂਦੀ ਸੀ। ਦਰਖਤਾਂ ਵਿਚੋਂ ਛਣ ਕੇ ਆਉਂਦੀ ਚੰਨ-ਚਾਨਣੀ ਧਰਤੀ ਉਤੇ ਪੈ ਕੇ ਬੜੀ ਮਨਮੋਹਣੀ ਜਾਪਦੀ ਸੀ। ਕੋਮਲ ਭਾਵਾਂ ਦੇ ਇਕ ਬੇਰੋਕ ਜਿਹੇ ਵੇਗ ਨੇ ਪਾਦਰੀ ਹਿਰਦੇ ਨੂੰ ਇਸ ਤਰ੍ਹਾਂ ਸੁਆਦ ਵਿਚ ਗੜੂੰਦ ਕਰ ਦਿਤਾ, ਜਿਵੇਂ ਇਕ ਨਿਆਣਾ ਮਾਂ ਦੀ ਛਾਤੀ ਨਾਲ ਲਗ ਕੇ ਮਹਿਸੂਸ ਕਰਦਾ ਹੈ।
ਪਾਦਰੀ ਉਠ ਖੜੋਤਾ ਤੇ ਉਠਦਿਆਂ ਹੀ ਫਿਰ ਨਵੇਂ ਸਿਰੇ ਬੇਮਾਲੂਮੀ ਜਿਹੀ ਚਿੰਤਾ ਨੇ ਉਸ ਦੇ ਅੰਦਰ ਪ੍ਰਵੇਸ਼ ਕਰਨਾ ਸ਼ੁਰੂ ਕੀਤਾ। ਇਸ ਵੇਲੇ ਫੇਰ ਉਹ ਆਪਣੇ ਮੁਢਲੇ ਸੁਭਾਅ ਅਨੁਸਾਰ ‘ਰਬ ਤੇ ਉਸ ਦੀ ਸ੍ਰਿਸ਼ਟੀ ਬਾਰੇ ਸੋਚ ਰਿਹਾ ਸੀ। ਰਬ ਨੇ ਇਨ੍ਹਾਂ ਮਾਦਕ ਚੀਜ਼ਾਂ ਦੀ ਰਚਨਾ ਕਿਉਂ ਰਚੀ? ਰਾਤ ਤਾਂ ਨੀਂਦਰ ਲਈ ਹੀ ਬਣਾਈ ਗਈ ਹੈ। ਅਚੇਤਨਾ ਲਈ, ਅਰਾਮ ਤੇ ਸਭ ਕੁਝ ਭੁਲ ਜਾਣ ਲਈ। ਤਦ ਕਿਉਂ ਉਸ ਨੇ ਇਨਾਂ ਚਾਨਣੀਆਂ ਰਾਤਾਂ ਨੂੰ ਦਿਨ ਨਾਲੋਂ ਵੀ ਵਧ ਸੁਹਾਉਣੀਆਂ ਤੇ ਮਨ-ਹੂਲਸਾਊ ਬਣਾ ਦਿਤਾ ਹੈ? ਕੀ ਹਨੇਰੇ ਨੂੰ ਕੁਝ ਹੋਰ ਸਵਛ ਕਰਨ ਲਈ ਹੀ ਚੰਦਰਮਾ ਦੀ ਰਚਨਾ ਰਚੀ ਗਈ ਹੈ ਤੇ ਇਹ ਇਨ੍ਹਾਂ ਚੰਗਾ ਗਾਉਣ ਵਾਲੇ ਵੀ ਹੋਰ ਪੰਛੀਆਂ ਵਾਂਗ ਸੌ ਕਿਉਂ ਨਹੀਂ ਜਾਂਦੇ। ਇਹ ਆਪਣੇ ਮਧੁਰ ਗੀਤ ਕਿਸ ਦਾ ਮਨ ਮੋਹਨ ਲਈ ਗਾ ਰਹੇ ਨੇ? ਕੀ ਚੰਦਰਮਾਂ ਦਾ? ਪਰ ਕੁਦਰਤ ਦੀ ਇਸ ਅਨੋਖੀ ਸੁੰਦਰਤਾ ਨੂੰ ਵੇਖ-ਵੇਖ ਕੇ ਮੇਰੇ ਅੰਦਰ ਇਹ ਕੀ ਹੋ ਰਿਹਾ ਹੈ? ਤੇ ਕਿਉਂ ਇਸ ਵੇਲੇ ਮੇਰੀ ਆਤਮਾ ਕਿਸੇ ਅਨੂਠੇ ਸੁਆਦ ਵਿਚ ਭਿਜ ਕੇ ਕੁਝ ਸਿਥਲਤਾ, ਕੁਝ ਅਤ੍ਰਿਪਤੀ ਜਿਹੀ ਦਾ ਅਨੁਭਵ ਕਰ ਰਹੀ ਹੈ? ਬਿਸਤਰੇ ਉਤੇ ਲੇਟਿਆ ਹੋਇਆ ਆਦਮੀ ਕਿਉਂ ਇਸ ਮਧੁਰ ਸੁੰਦਰਤਾ ਦਾ ਸੁਆਦ ਨਹੀਂ ਮਾਣ ਸਕਦਾ? ਤਦ ਫਿਰ ਇਹ ਸਭ ਕਿਸ ਖਾਤਰ ਹੈ? ਇਹ ਸਭ ਕੁਝ ਕਿਸ ਲਈ ਹੋ ਰਿਹਾ ਹੈ? ਇਹ ਕੋਮਲ ਕਵਿਤਾ ਦਾ ਪ੍ਰਵਾਹ ਅਰਸ਼ਾਂ ਤੋਂ ਧਰਤੀ ਉਤੇ ਕਿਉਂ ਵਰ੍ਹ ਰਿਹਾ ਹੈ? ਕੀ ਇਹ ਐਵੇਂ ਹੀ? ਨਹੀਂ, ਪਰ ਕੁਦਰਤ ਨੇ ਕੁਝ ਵੀ ਬੇਮਤਲਬ ਨਹੀਂ ਰਚਿਆ।”
ਪਾਦਰੀ ਦਾ ਦਿਮਾਗ ਇਸ ਵੇਲੇ ਉਲਝੇਵੇਂ ਜਿਹੇ ਵਿਚ ਪੈ ਗਿਆ ਸੀ। ਉਹ ਆਪ ਹੀ ਦਲੀਲਾਂ ਘੜਦਾ ਤੇ ਫਿਰ ਆਪ ਹੀ ਤਰਕਾਂ ਦੇ ਹਥੌੜੇ ਨਾਲ ਉਨ੍ਹਾਂ ਨੂੰ ਭੰਨੀ ਜਾਂਦਾ ਸੀ।
ਇਸੇ ਵੇਲੇ ਅਚਾਨਕ ਉਸ ਦੀ ਨਜ਼ਰ ਦੂਰ ਪਰ੍ਹੇ ਦੋਂਹ ਪਰਛਾਂਵਿਆਂ ਉਤੇ ਜਾ ਪਈ। ਇਕ ਦਰਖਤ ਥਲੇ ਦੋ ਮਨੁਖੀ ਅਕਾਰ ਉਸ ਨੂੰ ਦਿਸੇ। ਦੋਵੇਂ ਇਕ ਦੂਜੇ ਦਾ ਹਥ ਫੜੀ ਮੋਢੇ ਨਾਲ ਮੋਢਾ ਜੋੜੀ ਤੁਰੇ ਆ ਰਹੇ ਸਨ।
ਜਦ ਇਹ ਜੋੜਾ ਦਰਖਤ ਦੇ ਪਰਛਾਵੇਂ ਵਿਚੋਂ ਨਿਕਲ ਕੇ ਮੈਦਾਨ ਵਲ ਨੂੰ ਹੋਇਆ ਤਾਂ ਪਾਦਰੀ ਨੂੰ ਸਪਸ਼ਟ ਦਿਸਿਆ ਕਿ ਇਕ ਕੁੜੀ ਤੇ ਦੂਜਾ ਗਭਰੂ ਸੀ। ਗਭਰੂ ਦਾ ਕਦ ਕੁੜੀ ਨਾਲੋਂ ਕੁਝ ਲੰਮੇਰਾ ਸੀ।
ਪਾਦਰੀ ਨੂੰ ਆਪਣੀ ਮਾਨਸਿਕ ਅਵਸਥਾ ਦੇ ਅਸਰ ਨਾਲ ਜਾਪਿਆ ਜਿਵੇਂ ਇਹ ਦੋ ਆਤਮਾਵਾਂ ਅਸਲ ਵਿਚ ਇਕ ਦੂਜੇ ਵਿਚ ਅਭੇਦ ਹੋ ਚੁਕੀਆਂ ਹਨ। ਉਸ ਨੂੰ ਇਹ ਵੀ ਮਹਸੂਸ ਹੋ ਰਿਹਾ ਸੀ ਜਿਵੇਂ ਕੁਦਰਤ ਨੇ ਕੇਵਲ ਇਨ੍ਹਾਂ ਦੋਹਾਂ ਪ੍ਰੇਮੀਆਂ ਲਈ ਹੀ ਚਾਨਣੀ ਰਾਤ ਦੀ ਇਹ ਦਿਲ-ਲੁਭਾਉਣੀ ਰਚਨਾ ਰਚੀ ਹੈ। ਮਾਨੋ ਇਹ ਜੋੜੀ ਪਾਦਰੀ ਦੇ ਗੁਹਝ ਅਤੇ ਅਤਿ ਔਖੇ ਪ੍ਰਸ਼ਨਾਂ ਦਾ ਜਿਉਂਦਾ ਜਾਗਦਾ ਉਤਰ ਸੀ।
ਜੋੜੀ ਕੁਝ ਹੋਰ ਨੇੜੇ ਹੁੰਦੀ ਜਾਪੀ ਤੇ ਇਧਰ ਪਾਦਰੀ ਸੋਚ ਰਿਹਾ ਸੀ, ‘ਕੀ ਈਸ਼ਵਰ ਨੇ ਆਪ ਹੀ ਮੇਰੇ ਪ੍ਰਸ਼ਨਾਂ ਦਾ ਉਤਰ ਇਸ ਜੋੜੀ ਦੁਆਰਾ ਮੈਨੂੰ ਦਿਤਾ ਹੈ’?
ਪਾਦਰੀ ਖੜੋ ਗਿਆ। ਉਸ ਦੀ ਛਾਤੀ ਧੜਕਣ ਲਗੀ। ਅੰਜੀਲ ਵਿਚ ਜਿਹੜਾ ‘ਰੂਬ ਤੇ ਬੂਜ’ ਦਾ ਪ੍ਰੇਮ-ਪ੍ਰਸੰਗ ਆਉਂਦਾ ਹੈ, ਮਾਨੋਂ ਉਸ ਨੂੰ ਉਸ ਨੇ ਅੱਜ ਸਜੀਵ ਰੂਪ ਵਿਚ ਵੇਖਿਆ। ਪਵਿਤਰ ਪੁਸਤਕ ਦੀਆਂ ਸਤਰਾਂ ਉਸ ਦੇ ਕੰਨਾਂ ਵਿਚ ਗੂੰਜਣ ਲਗੀਆਂ। ਉਸ ਜਵਾਲਾਮਈ ਭਾਵ ਦੀ ਕਵਿਤਾ ਨੇ ਪਾਦਰੀ ਦੇ ਸਾਰੇ ਸਰੀਰ ਦੇ ਲੂੰ ਖੜ੍ਹੇ ਕਰ ਦਿਤੇ।ਉਹ ਮਨ ਹੀ ਮਨ ਸੋਚਣ ਲਗਾ, ਮਨੁਖ ਦੇ ਸੰਸਾਰੀ ਪ੍ਰੇਮ ਨੂੰ ਸਵਰਗੀ ਆਦਰਸ਼ਕ ਪ੍ਰੇਮ ਦੇ ਪਰਦੇ ਹੇਠ ਲੁਕਾਉਣ ਲਈ ਹੀ ਸ਼ਾਇਦ ਪ੍ਰਮਾਤਮਾ ਨੇ ਇਹ ਚਾਨਣੀ ਰਾਤ ਬਣਾਈ ਹੈ।
ਪ੍ਰੇਮੀ ਜੋੜੀ ਇਕ ਦੂਜੇ ਦਾ ਹਥ ਫੜੀ ਏਸੇ ਪਾਸੇ ਤੁਰੀ ਆ ਰਹੀ ਸੀ। ਪਾਦਰੀ ਨੂੰ ਪਹਿਲਾਂ ਤਾਂ ਕੁਝ ਸ਼ਕ ਹੋਇਆ ਪਰ ਫਿਰ ਯਕੀਨ ਹੋ ਗਿਆ ਕਿ ਇਹ ਕੁੜੀ ਹੋਰ ਕੋਈ ਨਹੀਂ, ਉਸੇ ਦੀ ਭਣੇਵੀਂ ਹੈ। ਉਸ ਦੇ ਦਿਲ ਵਿਚ ਫਿਰ ਸੰਦੇਹ ਹੋਣ ਲਗਾ, ‘ਇਨ੍ਹਾਂ ਦੇ ਪਿਆਰ ਨੂੰ ਉਤਸ਼ਾਹ ਦੇਣ ਨਾਲ ਕਿਤੇ ਰਬੀ ਹੁਕਮਾਂ ਦਾ ਉਲੰਘਣ ਤਾਂ ਨਹੀਂ ਹੋ ਜਾਵੇਗਾ? ਪਰ ਪਰਮਾਤਮਾ ਨੇ ਆਪ ਹੀ ਤਾਂ ਇਹ ਉਜਾਲਾ ਇਹ ਸਵਰਗੀ ਪ੍ਰਕਾਸ਼ ਸਾਰੇ ਬ੍ਰਹਿਮੰਡ ਵਿਚ ਫੈਲਾਅ ਰਖਿਆ ਹੈ, ਕੀ ਇਸ ਤੋਂ ਇਹ ਪ੍ਰਗਟ ਨਹੀਂ ਹੁੰਦਾ ਕਿ ਉਸ ਨੇ ਆਪਣੀ ਇਛਾ ਨਾਲ ਹੀ ਇਸ ਪ੍ਰੇਮ ਨੂੰ ਉਤੇਜਨਾ ਦਿਤੀ ਹੈ?’ ਪਾਦਰੀ ਥਕ ਕੇ, ਕੁਝ ਸ਼ਰਮਿੰਦਾ ਹੋ ਕੇ ਉਥੋਂ ਉਠ ਨਸਿਆ। ਮਾਨੋ ਉਸ ਨੇ ਇਕ ਐਸੇ ਮੰਦਰ ਵਿਚ ਪ੍ਰਵੇਸ਼ ਕੀਤਾ, ਜਿਥੇ ਪ੍ਰਵੇਸ਼ ਕਰਨ ਦਾ ਉਸ ਨੂੰ ਉਕਾ ਅਧਿਕਾਰ ਨਹੀਂ ਸੀ ਤੇ ਉਸ ਦੀ ਉਹ ਮਜ਼ਬੂਤ ਸੋਟੀ ਉਥੇ ਹੀ ਪਈ ਰਹਿ ਗਈ ਜਿਥੋਂ ਉਹ ਉਠ ਕੇ ਨਸਿਆ ਸੀ।