Charhdi Kala (Punjabi Article) : Principal Ganga Singh

ਚੜ੍ਹਦੀ ਕਲਾ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਸਾਡੇ ਦੇਸ਼ ਦੀ ਪੁਰਾਣੀ ਮਨੌਤ ਵਿਚ ਮਨੁੱਖ-ਜੀਵਨ ਦੀ ਸਫਲਤਾ ਚਾਰ ਪਦਾਰਥਾਂ ਦੀ ਪ੍ਰਾਪਤੀ ਮੰਨੀ ਜਾਂਦੀ ਹੈ। ਉਹ ਹਨ: ਧਰਮ, ਅਰਥ, ਕਰਮ, ਮੋਖ਼ਸ। ਬਾਬੇ ਨਾਨਕ ਜੀ ਨੇ ਆਪਣੀ ਰੀਤ ਅਨੁਸਾਰ ਉਹਨਾਂ ਦੀ ਥਾਂ ਇਹ ਚਾਰ ਪਦਾਰਥ ਪਾਣੇ ਜੀਵਨ ਦੀ ਸਫਲਤਾ ਮੰਨੀ-ਨਾਮ, ਚੜ੍ਹਦੀ ਕਲਾ, ਭਾਣਾ ਤੇ ਸਰਬਤ ਦਾ ਭਲਾ। ਇਹਨਾਂ ਵਿਚੋਂ ਚੜ੍ਹਦੀ ਕਲਾ, ਗੁਰਮਤਿ ਦਾ ਖ਼ਾਸ ਪਦਾਰਥ ਹੈ। ਨਾਮ ਰਸ ਦੀ ਲਾਲੀ, ਨਾਮ ਰੱਤੇ, ਚਾਓ ਭਰੇ ਮਨ ਚੜ੍ਹਦੀਆਂ ਕਲਾ ਨੂੰ ਜਾਂਦੇ ਹਨ:

ਗੁਰਮੁਖਿ ਰੰਗਿ ਚਲੂਲੈ ਰਾਤੀ, ਹਰ ਪ੍ਰੇਮ ਭੀਨੀ ਚੋਲੀਐ।
(ਦੇਵਗੰਧਾਰੀ ਮ: ੪, ਪੰਨਾ ੫੨੭)

ਇਸ ਗੁਣ ਨੇ ਹੀ ਸਿੱਖੀ ਵਿਚ, ਸੰਨਿਆਸੀ ਤਿਆਗੀਆਂ ਦੀ ਥਾਂ ਰਾਜ-ਯੋਗੀ ਪੈਦਾ ਕੀਤੇ, ਤਪੀਆਂ ਦੀ ਥਾਂ ਸੇਵਕ, ਹਠ-ਯੋਗੀਆਂ ਦੀ ਥਾਂ ਸ਼ਹੀਦ ਤੇ ਮਾਂਗਤ ਭਿਖਾਰੀਆਂ ਦੀ ਥਾਂ ਬਲੀ ਸੂਰਮੇ, ਸੰਸਾਰ ਨੂੰ ਸੋਧਣ ਵਾਲੇ ਪ੍ਰਗਟਾਏ।

ਬਾਬਾ ਨਾਨਕ ਜੀ ਜਿਸ ਵਕਤ ਜਗਤ ਉੱਧਾਰ ਕਰਦੇ ਕਰਦੇ ੧ਸੁਮੇਰ ਤੇ ਪੁੱਜੇ, ਤਾਂ ਉਹਨਾਂ ਦੀ ਸਿੱਧ ਯੋਗੀਆਂ ਨਾਲ ਗੋਸ਼ਟ ਹੋਈ। ਯੋਗੀ ਜਦ ਸਿੱਧੀਆਂ ਦਾ ਬਲ ਦਿਖਾ, ਹਾਰ ਤੇ ਗਿਆਨ ਚਰਚਾ ਕਰ ਨਿਰਉੱਤਰ ਹੋ ਗਏ, ਤੇ ਲਗੇ ਘਰੋਗੀ ਗੱਲਾਂ ਕਰਨ; ਜਦ ਮਾਤਰ ਭੂਮੀ ਦੀ ਗੱਲ ਪੁਛੀਓ ਨੇ, ਤਾਂ ਬਾਬਾ ਜੀ ਨੇ ਦੇਸ਼ ਦੀ ਦੀਨ-ਦਸ਼ਾ ਦਾ ਨਕਸ਼ਾ ਡਾਢੇ ਦਰਦ-ਭਰੇ ਸ਼ਬਦਾਂ ਵਿਚ ਖਿਚਿਆ, ਬਾਬਰ ਦੇ ਆਉਣ ਕਰਕੇ ਮੁਗ਼ਲ ਪਠਾਣਾਂ ਦੇ ਭੇੜ ਕਰਕੇ, ਇਹ ਦੇਸ਼ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਤੇ ਬਰਬਾਦ ਹੋ ਰਿਹਾ ਸੀ, ਉਸ ਦੀ ਦੁੱਖ-ਭਰੀ ਕਥਾ ਸੁਣ ਜੋਗੀ ਕੰਬ ਉਠੇ ਤੇ ਕਹਿਣ ਲੱਗੇ, “ਭਾਰਤ ਦੀ ਦੇਵ ਭੂਮੀ ਵਿਚ ਅਜਿਹੇ ਉਪੱਦ੍ਰਵ ਹੋਣ ਦਾ ਕੀ ਕਾਰਨ?"

(੧. ਸੁਮੇਰ ਸੋਨੇ ਦੇ ਪਹਾੜ ਨੂੰ ਕਹਿੰਦੇ ਹਨ, ਸਿਆਣਿਆਂ ਦਾ ਖ਼ਿਆਲ ਹੈ ਕਿ ਹਿਮਾਲਾ ਦੀਆਂ ਬਰਫ਼ਾਨੀ ਚੋਟੀਆਂ ਹੀ ਸੁਮੇਰ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਰੰਗ ਸੁਬ੍ਹਾ ਸ਼ਾਮ ਸੂਰਜ ਦੀਆਂ ਕਿਰਨਾਂ ਪੈਣ ਕਰਕੇ ਸੁਨਹਿਰੀ ਪ੍ਰਤੀਤ ਹੁੰਦਾ ਹੈ।)

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥
(ਤਿਲੰਗ ਮਹਲਾ ੧, ਪੰਨਾ ੭੨੨)

ਬਾਬਾ ਜੀ ਨੇ ਕਿਹਾ, “ਇਕ ਵੱਡਾ ਕਾਰਨ ਤਾਂ ਤੁਸੀਂ ਹੋ, ਜੋ ਸਿੱਧ ਹੋ, ਪਰਬਤਾਂ ਵਿਚ ਆਣ ਛੁਪੇ ਹੋ:

ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ।
(ਭਾਈ ਗੁਰਦਾਸ, ਵਾਰ ੧, ਪਉੜੀ ੨੯)

ਚੰਗੇ ਯੋਗ ਤੇ ਲਗਨ ਵਾਲੇ ਬੰਦੇ, ਜਿਸ ਦੇਸ਼ ਜਾਂ ਸਮਾਜ ਵਿਚੋਂ ਲਾਂਭੇ ਟੁਰ ਜਾਣ ਜਾਂ ਅੰਦਰ ਲੁਕ ਬਹਿਣ, ਉਹ ਭਾਗਹੀਣ ਦੇਸ਼ ਤੇ ਸਮਾਜ, ਮੱਖਣ ਨਿਕਲੀ ਛਾਹ ਵਾਂਗ ਬੇਅਰਥ ਤੇ ਰਸ ਨਿਕਲ ਚੁੱਕੇ ਕਮਾਦ ਦੀਆਂ ਪੱਛੀਆਂ ਵਾਂਗ ਬਾਲਣ ਬਣ ਕੇ ਰਹਿ ਜਾਂਦੇ ਹਨ, ਜਿਸ ਨੂੰ ਸਮਾਂ ਦੁੱਖਾਂ ਦੀਆਂ ਭੱਠੀਆਂ ਵਿਚ ਝੋਕ ਦਿੰਦਾ ਹੈ।" ਸਿੱਧਾਂ ਕਿਹਾ, “ਅਸੀਂ ਸਾਰੇ ਤੇ ਨਹੀਂ ਏਥੇ ਬੈਠੇ। ਸਾਡੀ ਸੰਪਰਦਾ ਦੇ ਬਿਰਧ ਯੋਗੀ ਦੇਸ਼ ਵਿਚ ਰਟਨ ਕਰ ਰਹੇ ਹਨ।” ਸਤਿਗੁਰਾਂ ਫ਼ੁਰਮਾਇਆ, “ਹਾਂ, ਕਰ ਰਹੇ ਹਨ। ਉਹ ਜੋ ਕਰਮ-ਯੋਗਹੀਣ ਅਗਿਆਨੀ ਦਿਨ ਰਾਤ ਬਿਭੂਤ ਤਨ 'ਤੇ ਮਲੀ, ਸਵਾਂਗ ਬਣੀ ਬੂਹੇ ਬੂਹੇ ਮੰਗਦੇ ਫਿਰਦੇ ਹਨ।"

ਜੋਗੀ ਗਿਆਨ ਵਿਹੂਣਿਆ, ਨਿਸ ਦਿਨਿ ਅੰਗਿ ਲਗਾਏ ਛਾਰਾ।
(ਭਾਈ ਗੁਰਦਾਸ, ਵਾਰ ੧, ਪਉੜੀ ੨੯)

ਸਤਿਗੁਰਾਂ ਦਾ ਇਹਨਾਂ ਗੋਸ਼ਟ-ਕਰਨੇ ਜੋਗੀਆਂ ਨੂੰ ਸਮਝਾਉਣ ਦਾ ਮਤਲਬ ਇਹ ਸੀ ਕਿ ਅਜਿਹੀ ਰੂਹਾਨੀਅਤ, ਜਿਸ ਦੀ ਲਗਨ ਕਰਕੇ ਮਨੁੱਖ ਕਰਮ-ਯੋਗਹੀਣ ਹੈ, ਮਾਂਗਤ ਜਿਹੇ ਬਣ ਬਹਿਣ ਤੇ ਕੰਦਰਾਂ ਵਿਚ ਲੁਕਣ ਕਰਕੇ ਮਨੁੱਖ ਜਾਤੀ 'ਲਈ ਦੁਖ-ਰੂਪ ਹੋ ਜਾਂਦਾ ਹੈ। ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਸਾਡੇ ਦੇਸ਼ ਵਿਚ ਵੇਦਾਂਤ ਦਰਸ਼ਨ ਦੇ ਜ਼ੇਰੇ ਅਸਰ ਜਗਤ ਨੂੰ ਛਲ-ਰੂਪ ਜਾਣ, ਉਸ ਤੋਂ ਘਿਰਣਾ ਕਰਨ ਵਾਲੇ ਤੇ ਪਾਤੰਜਲ ਦਾ ਯੋਗ ਅਭਿਆਸ ਕਰਨ ਹਿਤ ਜੰਗਲਾਂ, ਪਹਾੜਾਂ ਤੇ ਕੰਦਰਾਂ ਵਿਚ ਛੁਪੇ ਹੋਏ ਜੋਗੀਆਂ ਦੀਆਂ ਬਿਅੰਤ ਧਾੜਾਂ ਫਿਰਦੀਆਂ ਸਨ। ਉਹ ਜਗਤ ਨੂੰ ਜੀਵਨ ਪੈਂਡੇ ਦੀ ਇਕ ਮੰਜ਼ਲ ਤੇ ਰਾਤ ਕਟਣ ਲਈ ਬਣੀ ਸਰਾਂਅ ਜਾਣਨ ਦੀ ਥਾਂ ਛਲ-ਰੂਪ ਜਾਣਦੇ ਸਨ। ਉਸ ਨੂੰ ਵਧੇਰੇ ਸਜਾਉਣ ਤੇ ਸੰਵਾਰਨ ਦਾ ਜਤਨ ਕਰਨ ਦੀ ਥਾਂ ਨਫਰਤ ਤੇ ਘਿਰਣਾ ਕਰ ਉਸਨੂੰ ਹੋਰ ਵਧੇਰੇ ਮੈਲੀ ਤੇ ਕੁਚੀਲ ਬਣਾਣ ਦਾ ਆਹਰ ਕਰਦੇ ਸਨ। ਚੰਗੇ ਚੰਗੇ ਯੋਗ ਆਦਮੀਆਂ ਨੂੰ ਸੰਸਾਰ ਛੱਡਣ ਦੀ ਪ੍ਰੇਰਨਾ ਕਰਨਾ ਮੁੱਖ ਗਿਆਨ ਸਮਝਿਆ ਜਾਂਦਾ ਸੀ। ਇਹ ਪ੍ਰੇਰਨਾ ਸੀ ਤਾਂ ਨਿਰਾਰਥ ਹੀ, ਕਿਉਂਜੋ ਜੀਊਂਦਾ ਮਨੁੱਖ ਸੰਸਾਰ ਨੂੰ ਛੱਡ ਕੇ ਕਿਥੇ ਜਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਮੈਲਾ ਕੁਚੈਲਾ ਤੇ ਸੁਸਤ ਜ਼ਰੂਰ ਬਣਾ ਜਾਂਦੀ ਸੀ। ਕਪੜਿਆਂ ਦੀ ਥਾਂ ਸਰਦੀ ਗਰਮੀ ਤੋਂ ਬਚਣ ਲਈ ਤਨ ਤੇ ਸੁਆਹ ਮਲ ਲੈਣੀ, ਧੂਣੀਆਂ ਬਾਲ ਬਾਲ ਸੇਕੀ ਜਾਣੀਆਂ ਤੇ ਭਿਖਿਆ ਦੇ ਸੁੱਕੇ ਟੁੱਕਰ ਚੱਬ ਛਡਣੇ ਤੇ ਰਾਤ ਦਿਨ ਕਿਸੇ ਰਸ ਆਉਣ ਦੀ ਉਡੀਕ ਵਿਚ ਰਹਿਣਾ ਤੇ ਓੜਕ ਮਾਯੂਸ ਹੋ ਭੰਗ, ਚਰਸ, ਗਾਂਜਾ, ਤਮਾਕੂ ਤੇ ਸ਼ਰਾਬ ਦੇ ਨਸ਼ਿਆਂ ਦਾ ਆਦੀ ਹੋ ਜਾਣਾ, ਇਹ ਸੀ ਦਲਿੱਦਰ ਭਰਿਆ ਜੀਵਨ ਜੋ ਉਸ ਰੂਹਾਨੀਅਤ ਦਾ ਫਲ ਸੀ:

ਸੁਟ ਦੇਵਣੀ ਪਟ ਦੀ ਸੇਜ ਬਾਂਕੀ, ਬਾਲ ਸਕਣੇ ਜੰਡ ਕਰੀਰ ਬੱਚਾ।
ਸੁੱਕੇ ਟੁਕੜਿਆਂ ਨਾਲ ਗੁਜ਼ਰਾਨ ਕਰਨੀ, ਨਹੀਂ ਦੇਖਣੀ ਖੰਡ ਤੇ ਖੀਰ ਬੱਚਾ।
ਯੋਗੀ ਬੁਰੀ ਕਰਦੇ ਛੁਰੀ ਹੱਥ ਫੜ ਕੇ, ਦੋਵੇਂ ਸੁਟਦੇ ਕੰਨ ਨੇ ਚੀਰ ਬੱਚਾ।
(ਕਵੀ ਕਲਿਆਨ ਸਿੰਘ)

ਅਜਿਹਾ ਕਿਉਂ ਸੀ? ਉਸਦਾ ਕਾਰਨ ਇਕ ਹੀ ਹੈ ਕਿ ਉਹ ਫ਼ਕੀਰੀ, ਪ੍ਰਭੂ-ਪਿਆਰ ਦੀ ਥਾਂ ਜਗਤ ਵਲੋਂ ਗਿਲਾਨੀ ਦੇ ਜਜ਼ਬੇ 'ਤੇ ਕਾਇਮ ਕੀਤੀ ਗਈ ਸੀ। ਜਿਸ ਚੀਜ਼ ਦਾ ਮੁੱਢ ਹੀ ਨਫ਼ਰਤ ਤੇ ਗਿਲਾਨੀ ਤੋਂ ਬੱਝੇ, ਉਸ ਦਾ ਫਲ ਕ੍ਰੋਧ, ਦਵੈਸ਼, ਮਾੜਾ ਤੇ ਮਾਯੂਸੀ ਤਾਂ ਕੁਦਰਤੀ ਹੋਣੀ ਹੀ ਹੋਈ। ਇਸ ਤਰ੍ਹਾਂ ਦੇ ਮਤ ਹੀ ਓੜਕ ਵਧ ਕੇ ਸੁੰਨਵਾਦੀ ਹੋ ਗਏ ਤੇ ਹਸਤੀ ਤੋਂ ਇਨਕਾਰ ਹੀ ਕਰ ਬੈਠੇ।

ਬਾਬਾ ਨਾਨਕ ਜੀ ਨੇ ਪ੍ਰੇਮ ਦੀ ਬਾਜ਼ੀ ਸ਼ੁਰੂ ਕੀਤੀ। ਪੁਰਾਣੀ ਰੀਤ ਦੇ ਐਨ ਉਲਟ, ਫ਼ਕੀਰੀ ਦੀ ਬੁਨਿਆਦ ਪਰਮੇਸ਼੍ਵਰ ਪਿਤਾ ਦੇ ਪ੍ਰੇਮ 'ਤੇ ਰਖੀ ਤੇ ਜਗਤ ਨੂੰ ਉਹਦੀ ਕਿਰਤ ਸਮਝ ਪਿਆਰਿਆ, ਸੇਵਾ ਕਰ ਇਸ ਨੂੰ ਸਜਾਣਾ ਤੇ ਸੰਵਾਰਨਾ, ਸੰਤ ਦਾ ਜੀਵਨ ਕਰਤਵ ਦੱਸਿਆ। ਉਹਨਾਂ ਨੇ ਪ੍ਰਭੂ ਨੂੰ ਨੇਤਰੀਂ ਡਿੱਠਾ: “ਮੈਂ ਸੋ ਪ੍ਰਭ ਨੇਤਰੋਂ ਡੀਠਾ।” ਤੇ ਉਸਦੀ ਤਸਵੀਰ ਖਿੱਚੀ, “ਸਤਿ ਸੁਹਾਣੁ ਸਦਾ ਮਨਿ ਚਾਉ।” ਇਸ ਸਦਾ ਸਲਾਮਤ ਖ਼ੂਬਸੂਰਤ ਤੇ ਖੇੜੇ-ਰੂਪ ਪ੍ਰਭੂ ਦਾ ਜੋ ਸਿਮਰਨ ਕਰੇ, ਉਹ ਫਿਰ ਕਿਉਂ ਨਾ ਆਪ ਸੋਹਣਾ ਤੇ ਮਨ ਚਾਉ ਭਰਿਆ ਹੋ ਜਾਵੇ। ਚੁਨਾਂਚਿ ਅਜਿਹਾ ਹੀ ਹੋਇਆ। ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਬਾਬੇ ਨਾਨਕ ਜੀ ਤੋਂ ਪਹਿਲਾਂ ਦੁਨੀਆ ਵਿਚ ਇਹ ਖ਼ਿਆਲ ਸੀ ਹੀ ਨਹੀਂ। ਖ਼ਿਆਲ ਤਾਂ ਸੀ, ਇਸ ਦੇ ਮੁਤਾਬਕ ਬਹੁਤ ਥਾਈਂ ਘਾਲ ਭੀ ਘਾਲੀ ਗਈ ਤੇ ਫਲ ਭੀ ਠੀਕ ਨਿਕਲਿਆ, ਪਰ ਜਿਥੋਂ ਤਕ ਭਾਰਤ ਦੇਸ਼ ਦਾ ਸੰਬੰਧ ਹੈ, ਏਥੇ ਪਿਛੇ ਦੱਸੇ ਖ਼ਿਆਲ ਦਾ ਹੀ ਜ਼ੋਰ ਸੀ। ਇਸ ਨਵੇਂ ਖ਼ਿਆਲ 'ਤੇ ਬਾਕਾਇਦਾ ਇਕ ਸਮਾਜ ਕਾਇਮ ਕਰ, ਇਸ ਨੂੰ ਮਨੁੱਖ ਦਾ ਮੁੱਖ ਕਰਤਵ ਬਣਾਣ ਦਾ ਯਤਨ ਬਹੁਤ ਹੱਦ ਤਕ ਬਾਬਾ ਨਾਨਕ ਜੀ ਤੋਂ ਹੀ ਸ਼ੁਰੂ ਹੋਇਆ ਹੈ

ਦ੍ਰਿਸ਼ਟਮਾਨ ਕੁਦਰਤ ਦੇ ਪਿਛੇ ਕੰਮ ਕਰ ਰਹੇ ਅਦ੍ਰਿਸ਼ਟ ਕਾਦਰ ਨਾਲ ਮਨ ਜੋੜ, ਪਿਆਰ ਪਾ ਤੇ ਹਜ਼ੂਰੀ ਹਾਸਲ ਕਰ ਉਸਦੀ ਸਾਜੀ ਕੁਦਰਤ ਦਾ ਮਿੱਤ੍ਰ ਬਣ ਸੇਵਾ ਵਿਚ ਜੁੱਟਣਾ, ਇਹ ਗਾਡੀ ਰਾਹ ਬਾਬਾ ਜੀ ਨੇ ਚਲਾਇਆ। ਜੋ ਜੋ ਇਹਦੇ 'ਤੇ ਤੁਰੇ, ਉਹਨਾਂ ਦੇ ਮਨ ਖੇੜੇ ਤੇ ਉਤਸ਼ਾਹ ਨਾਲ ਭਰਦੇ ਗਏ। ਉਹ ਸਤਿ ਦਾ ਸਿਮਰਨ ਕਰ ਸਤਿ ਹੁੰਦੇ, ਸੁਹਾਣ ਦਾ ਧਿਆਨ ਧਰ ਸੋਹਣੇ ਬਣਦੇ ਤੇ ਮਨ ਚਾਉ ਨੂੰ ਚੇਤੇ ਕਰ ਚਾਓ ਭਰੇ ਖੇੜਿਆਂ ਦੇ ਮਾਲਕ ਹੋਏ। ਉਹਨਾਂ ਨੇ ਪਿਰਮ ਰਸ ਦੇ ਪਿਆਲੇ ਪੀਤੇ। ਰਸ ਤੋਂ ਮਸਤੀਆਂ ਤੇ ਮਸਤੀਆਂ ਤੋਂ ਬੇਪਰਵਾਹੀਆਂ ਆਈਆਂ, ਉਹਨਾਂ ਨੇ ਸੁਰਗ ਦੇ ਉੱਚ-ਮੁਨਾਰਿਆਂ 'ਤੇ ਚੜ੍ਹ, ਸੰਸਾਰ ਨੂੰ ਤਕਿਆ ਅਤੇ ਮਾਲਕ ਦੇ ਇਸ ਸੁਹਾਵਣੇ ਬਾਗ਼ ਵਿਚ ਦਲਿੱਦਰ, ਜੜ੍ਹਤਾ, ਵਹਿਮ, ਭਰਮ, ਅੰਧ-ਵਿਸ਼ਵਾਸ ਤੇ ਉਹਨਾਂ ਦੇ ਆਸਰੇ ਹੋ ਰਹੇ ਰਸਮਾਂ, ਰੀਤਾਂ ਤੇ ਕਰਮ-ਕਾਂਡ ਦਾ ਘਾਹ ਬੂਟ, ਝਾੜੀਆਂ, ਜਾਲਾ ਤੇ ਕੂੜਾ ਕਰਕਟ ਜਿਥੇ ਵੀ ਡਿੱਠਾ, ਗਿਆਨ ਦੇ ਝਾੜੂ ਨਾਲ, ਸਿਮਰਨ ਦੇ ਬਲ ਨਾਲ ਹੂੰਝ ਬਾਹਰ ਕੀਤਾ:

ਗਿਆਨੇ ਕੀ ਬਢਨੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੇ॥
(ਦਸਮ ਗ੍ਰੰਥ, ਪਾ: ੧੦)

ਰੌਲੇ ਵੀ ਪਏ, ਸ਼ੋਰ ਵੀ ਉਠੇ, ਧੁੰਧੂਕਾਰ ਮਚੇ, ਗੁਬਾਰ ਉਠੇ, ਪਰ ਉਹਨਾਂ ਕੋਈ ਪਰਵਾਹ ਨਾ ਕੀਤੀ। ਜਗਤ ਦੇ ਰੌਲੇ ਗੌਲੇ, ਦੁਨੀਆ ਦੀ ਉਸਤਤ ਨਿੰਦਾ, ਜਾਬਰ ਹਾਕਮਾਂ ਦੀਆਂ ਧਮਕੀਆਂ ਨੂੰ, ਉਹਨਾਂ ਨੇ ਦਯਾ ਪੂਰਤ ਸਰਜਨ ਦੇ, ਕਿਸੇ ਦਾ ਫੋੜਾ ਚੀਰਨ ਸਮੇਂ ਮਰੀਜ਼ ਦੇ ਡੰਨ ਪਾਣ; ਮਾਸੂਮ ਬੱਚੇ ਨੂੰ ਦਵਾਈ ਦੇਣ ਸਮੇਂ ਉਸ ਦੇ ਛੜੀਆਂ ਮਾਰਨ; ਕਿਸੇ ਖ਼ਤਰਨਾਕ ਸ਼ੁਦਾਈ ਨੂੰ ਫੜ ਕੇ ਅੰਦਰ ਦੇਣ ਸਮੇਂ, ਪਾਗਲ ਦਾ ਹਮਦਰਦਾਂ ਨੂੰ ਦੰਦੀਆਂ ਵੱਢਣ ਪੈਣ ਦੇ ਬਰਾਬਰ ਜਾਣਿਆ। ਉਹਨਾਂ ਨੇ ਸਮਾਜ ਦੀ ਨਿੰਦਾ ਤੋਂ ਬੇਪਰਵਾਹ ਹੋ ਸੱਚ ਦੀ ਅਵਾਜ਼ ਉਠਾਈ। ਸੰਤ ਕਬੀਰ ਦੇ ਖ਼ਿਲਾਫ਼ ਕਿਸ ਤਰ੍ਹਾਂ ਰੌਲਾ ਪਿਆ। ਕਾਸ਼ੀ ਦੇ ਚਤਰ, ਵੇਦ-ਪਾਠੀ ਬ੍ਰਾਹਮਣ ਪੁਰਾਣੇ ਸੰਸਕਾਰਾਂ ਦੇ ਅਧੀਨ ਇਸ ਗੱਲ ਨੂੰ ਮੰਨ ਹੀ ਨਹੀਂ ਸਨ ਸਕਦੇ ਕਿ ਇਕ ਕੋਰੀ ਜਾਤ ਦਾ ਜੁਲਾਹਾ ਬ੍ਰਹਮ ਨੇਸ਼ਟੀ, ਬ੍ਰਹਮ ਵੇਤਾ ਹੋ ਸਕਦਾ ਹੈ। ਉਹ ਬਹੁਤ ਗੁੱਸੇ ਹੋਏ। ਏਥੋਂ ਤਕ ਕਿ ਇਕ ਵੇਰਾਂ ਉਸ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿਚ ਸੁੱਟ ਦਿੱਤਾ, ਪਰ ਸਤਿਨਾਮ ਦਾ ਸਿਮਰਨ ਕਰਨ ਵਾਲੇ ਸੰਤ ਕਬੀਰ ਦਾ, ਦਰਿਆ ਦੀਆਂ ਲਹਿਰਾਂ ਕੀ ਵਿਗਾੜ ਸਕਦੀਆਂ ਸਨ। ਉਹਨਾਂ ਮਸਤੀ ਵਿਚ ਆ ਕੇ ਕਿਹਾ, “ਮੇਰੇ ਮਨ ਨੂੰ ਦਰਿਆ ਨਹੀਂ ਡੇਗ ਸਕਦਾ, ਕਿਉਂਜੋ ਇਸ ਵਿਚ ਅਮਰ ਪ੍ਰਭੂ ਦੇ ਚਰਨ ਕੰਵਲ ਸਮਾ ਰਹੇ ਹਨ। ਤੁਸੀਂ ਤਨ ਨੂੰ ਡੋਬ ਕੇ ਕੀ ਕਰੋਗੇ।”

ਗੰਗ ਗੁਸਾਇਨਿ ਗਹਿਰ ਗੰਭੀਰ॥
ਜੰਜੀਰ ਬਾਂਧਿ ਕਰਿ ਖਰੇ ਕਬੀਰ॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥
ਚਰਨ ਕਮਲ ਚਿਤੁ ਰਹਿਓ ਸਮਾਇ॥
(ਭੈਰਉ ਕਬੀਰ, ਪੰਨਾ ੧੧੬੨)

ਨਾ ਸਿਰਫ਼ ਬ੍ਰਾਹਮਣ ਹੀ ਕਬੀਰ 'ਤੇ ਗੁੱਸੇ ਹੋਏ, ਸਗੋਂ ਆਮ ਜਨਤਾ ਵੀ ਉਸ ਦੇ ਵਿਰੁੱਧ ਸੀ। ਹਿੰਦੂ ਇਸ ਕਰਕੇ ਗੁੱਸੇ ਸਨ ਕਿ ਉਹ ੧ਜਨਮ ਦਾ ਹਿੰਦੂ ਹੋ ਕੇ ਅੱਲ੍ਹਾ ਦਾ ਨਾਮ ਕਿਉਂ ਜਪਦਾ ਹੈ ਤੇ ਮੁਸਲਮਾਨ ਇਸ ਕਰਕੇ ਨਰਾਜ਼ ਸਨ ਕਿ ਉਹ ਮੋਮਨ ਹੁੰਦਾ ਹੋਇਆ ਰਾਮ ਨਾਮ ਜਪਣ ਦਾ ਕੁਫ਼ਰ ਕਿਉਂ ਕਰਦਾ ਹੈ। ਕਬੀਰ ਸਾਹਿਬ ਨੇ ਦੋਹਾਂ ਨੂੰ ਲਲਕਾਰਿਆ ਤੇ ਕਿਹਾ, “ਲੋਗੋ, ਕਰੋ ਮੇਰੀ ਨਿੰਦਿਆ ਤੇ ਖ਼ੂਬ ਕਰੋ:

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਓ ਲੋਗੁ।
ਤਨੁ ਮਨ ਰਾਮ ਪਿਆਰੇ ਜੋਗੁ।
(ਭੈਰਉ ਨਾਮਦੇਵ, ਪੰਨਾ ੧੧੬੪)

[੧.ਭਗਤ ਮਾਲਾ ਆਦਿ ਪੋਥੀਆਂ ਵਿਚ ਇਹ ਖ਼ਿਆਲ ਦਿੱਤਾ ਗਿਆ ਹੈ ਕਿ ਕਬੀਰ ਸਾਹਿਬ ਜਨਮ ਦੇ ਬ੍ਰਾਹਮਣ ਸਨ, ਇਹ ਖ਼ਿਆਲ ਉੱਕਾ ਨਿਰਮੂਲ ਤੇ ਕੁਲ-ਅਭਿਮਾਨੀ ਲੋਕਾਂ ਦੀ ਘਾੜਤ ਮਾਲੂਮ ਹੁੰਦੀ ਹੈ। ਉਹਨਾਂ ਨੇ ਭਗਤ ਕਬੀਰ, ਨਾਮਦੇਵ ਤੇ ਰਵਿਦਾਸ ਜੀ ਦੀਆਂ ਜਨਮ ਕਥਾਵਾਂ ਮਨੋ- ਕਲਪਿਤ ਲਿਖੀਆਂ ਹਨ, ਪਰ ਕਹਾਣੀ ਇਕੋ ਘੜੀ ਹੈ ਕਿ ਬ੍ਰਾਹਮਣਾਂ ਦੇ ਮੁੰਡੇ ਜੁਲਾਹੇ, ਛੀਂਬੇ ਤੇ ਚਮਿਆਰਾਂ ਪਾਲ ਲਏ ਸਨ। ਇਹਨਾਂ ਸੰਤਾਂ ਨੇ ਖ਼ੁਦ ਆਪਣੀ ਬਾਣੀ ਵਿਚ ਲਿਖਿਆ ਹੈ ਕਿ ਉਹ ਜਨਮ ਦੇ ਕੋਰੀ ਤੇ ਮੁਸਲਮਾਨ ਕੁਲ ਵਿਚੋਂ ਹਨ:

ਜਾਤਿ ਜੁਲਾਹਾ ਮਤਿ ਕਾ ਧੀਰੁ॥
(ਗਉੜੀ ਕਬੀਰ, ਪੰਨਾ ੩੨੮)

ਪੁਨਾ: ਜਾ ਕੈ ਈਦਿ ਬਕਰੀਦ ਕੁਲ ਗਉ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ॥
(ਮਲਾਰ ਰਵੀਦਾਸ, ਪੰਨਾ ੧੨੯੩)]

ਮੇਰਾ ਤੇ ਤਨ ਮਨ ਰਾਮ ਗੋਚਰਾ ਹੋ ਚੁੱਕਾ ਹੈ। ਮੇਰਾ ਕਿਸੇ ਨਾਲ ਝਗੜਾ ਨਹੀਂ ਰਿਹਾ। ਮੈਂ ਮੁੱਲਾਂ ਤੇ ਪੰਡਿਤ ਦੋਨੋਂ ਛੱਡ ਦਿੱਤੇ ਹਨ। ਮੈਂ ਇਹਨਾਂ ਦੀਆਂ ਲਿਖਤਾਂ ਨੂੰ ਵੀ ਤਿਆਗ ਚੁੱਕਾ ਹਾਂ। (ਸੱਚ ਪੁੱਛੋ ਤਾਂ) ਮੈਂ ਨਾ ਹਿੰਦੂ ਹਾਂ ਨਾ ਮੁਸਲਮਾਨ। ਮੇਰਾ ਤਨ ਤੇ ਜਾਨ ਦੋਵੇਂ ਮਾਲਕ ਦੇ ਹਨ। ਜਿਸ ਦਾ ਨਾਮ ਅੱਲ੍ਹਾ ਤੇ ਰਾਮ ਹੈ।"

ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊਂ.....॥
ਪੰਡਿਤ ਮੁਲਾਂ ਜੋ ਲਿਖ ਦੀਆ, ਛਾਡਿ ਚਲੇ ਹਮ ਕਛੂ ਨ ਲੀਆ॥
(ਭੈਰਉ ਕਬੀਰ, ਪੰਨਾ ੧੧੫੯)

ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥
(ਭੈਰਉ ਮ: ੫, ਪੰਨਾ ੧੧੩੬)

ਕਬੀਰ ਸਾਹਿਬ ਦੇ ਵਿਰੋਧ ਵਿਚ, ਬ੍ਰਾਹਮਣਾਂ ਤੇ ਆਮ ਜਨਤਾ ਤੋਂ ਬਿਨਾਂ ਉਹਨਾਂ ਦੀ ਮਾਂ ਵੀ ਸ਼ਾਮਲ ਸੀ। ਬਿਰਧ ਨੂੰ ਇਸ ਗੱਲ 'ਤੇ ਬਹੁਤ ਰੋਸ ਸੀ ਕਿ ਕਬੀਰ ਸਾਹਿਬ ਸਿਮਰਨ ਵੱਲ ਵਧੇਰੇ ਸਮਾਂ ਦੇਂਦੇ ਹਨ ਤੇ ਕਿਰਤ ਵੱਲ ਘੱਟ ਤੇ ਜੋ ਕੁਝ ਕਮਾਉਂਦੇ ਵੀ ਹਨ ਉਹ ਅਤਿਥੀ ਲੋੜਵੰਦਾਂ ਨੂੰ ਖੁਆ ਛੱਡਦੇ ਹਨ:

ਜਬ ਕੀ ਮਾਲਾ ਲਈ ਨਿਪੂਤੇ, ਤਬ ਤੇ ਸੁਖੁ ਨ ਭਇਓ.....॥
ਸਾਤ ਸੂਤ ਇਨਿ ਮੁੰਡੀਏ ਖੋਏ, ਇਹੁ ਮੁੰਡੀਆ ਕਿਉਂ ਨਾ ਮੋਇਓ॥
(ਬਿਲਾਵਲੁ ਕਬੀਰ, ਪੰਨਾ ੮੫੬)

ਪਰ ਕਬੀਰ ਸਾਹਿਬ ਮਾਤਾ ਦੀ ਮੁਖ਼ਾਲਫ਼ਤ ਨੂੰ ਵੀ ਹੱਸ ਕੇ ਟਾਲ ਛੱਡਦੇ ਤੇ ਉਸ ਨੂੰ ਵੀ ਨਿਸਚਾ ਕਰਾਉਂਦੇ ਕਿ ਸਭ ਦਾ ਪਾਲਣਹਾਰ ਪ੍ਰਭੂ ਹੈ:

ਕਹਤ ਕਬੀਰੁ ਸੁਨਹੁ ਮੇਰੀ ਮਾਈ॥
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ॥
(ਗੂਜਰੀ ਕਬੀਰ, ਪੰਨਾ ੫੨੪)

ਭਾਰਤ ਤੋਂ ਬਾਹਰ ਦੂਸਰੇ ਦੇਸ਼ਾਂ ਵਿਚ ਵੀ ਇਸ ਮਤ ਦੇ ਬਹੁਤ ਫ਼ਕੀਰ ਹੋਏ ਹਨ, ਜਿਨ੍ਹਾਂ ਵਿਚ ਨਾਮ ਸਿਮਰਨ ਅਭਿਆਸ ਨੇ ਮਸਤੀਆਂ ਤੇ ਬੇਪਰਵਾਹੀਆਂ ਪੈਦਾ ਕੀਤੀਆਂ। ਉਹ ਖ਼ਲਕਤ ਦੀ ਨਿੰਦਾ ਉਸਤਤ ਤੋਂ ਉਤਾਂਹ ਹੋ ਸਭ ਨੂੰ ਖਰੀਆਂ ਖਰੀਆਂ ਸੁਣਾ ਗਏ। ਉਹਨਾਂ ਨੇ ਭਾਰੇ ਤਸੀਹੇ ਸਹੇ ਪਰ ਸੱਚ ਕਹਿਣੋਂ ਨਾ ਟਲੇ। ਨਮਰੂਦ ਦੀ ਸਭਾ ਵਿਚ ਇਬਰਾਹੀਮ, ਫਰਊਨ ਦੇ ਦਰਬਾਰ ਵਿਚ ਮੂਸਾ, ਯੂਰੋਸ਼ਲਮ ਦੇ ਮਹੰਤਾਂ ਦੇ ਮੁਕਾਬਲੇ ਤੇ ਈਸਾ, ਮੁਫ਼ਤੀਆ ਦੇ ਮੂੰਹ ਤੇ ਸ਼ਮਸ ਤਬਰੇਜ਼ੀ, ਖ਼ਲੀਫ਼ਾ ਦੀ ਮਰਜ਼ੀ ਦੇ ਖ਼ਿਲਾਫ਼ ਮਨਸੂਰ ਤੇ ਉਹਨਾਂ ਦੇ ਹੋਰ ਸਾਥੀ ਇਸ ਚੜ੍ਹਦੀ ਕਲਾ ਦੇ ਆਸਰੇ ਹੀ ਸੱਚਾਈ 'ਤੇ ਦ੍ਰਿੜ੍ਹ ਰਹਿ ਪ੍ਰਾਣਾਂ ਦੀਆਂ ਬਾਜ਼ੀਆਂ ਖੇਲ ਗਏ।

ਸਤਿਵਾਦੀਆਂ ਦੇ ਵਿਰੁੱਧ ਨਿਰੀ ਪਰੋਹਤ ਜਮਾਤ ਤੋਂ ਉਹਨਾਂ ਦੇ ਮਗਰ ਲੱਗਾ ਹੋਇਆ ਰੀਤਾਂ-ਰਸਮਾਂ ਦੇ ਰੱਸੇ ਬੱਝਾ ਸਮਾਜ ਹੀ ਨਹੀਂ ਹੁੰਦਾ, ਸਗੋਂ ਬਹੁਤ ਵਾਰੀ ਹਕੂਮਤ ਭੀ ਸਭਿਆਚਾਰਾਂ ਦੇ ਵਿਰੁੱਧ ਭੜਕ ਉੱਠਦੀ ਹੈ। ਖ਼ਾਸ ਤੌਰ 'ਤੇ ਕਮਜ਼ੋਰ ਹਕੂਮਤਾਂ, ਜਿਨ੍ਹਾਂ ਨੂੰ ਹਰ ਵਕਤ ਬਗ਼ਾਵਤ ਦਾ ਡਰ ਰਹਿੰਦਾ ਹੈ ਤੇ ਉਹਨਾਂ ਦੇ ਕਾਇਰ ਕ੍ਰੋਧੀ ਹਾਕਮ, ਸਚਿਆਰਾਂ ਨੂੰ ਜ਼ੇਰ ਕਰਨ ਤੇ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਛੇਤੀ ਹੀ ਤਿਆਰ ਹੋ ਪੈਂਦੇ ਹਨ, ਪਰ ਪੇਸ਼ ਉਹਨਾਂ ਦੀ ਵੀ ਕੁਝ ਨਹੀਂ ਜਾਂਦੀ। ਅਜਿਹੇ ਹੀ ਕਮਜ਼ੋਰ ਕਾਇਰ ਤੇ ਮੁਤਅੱਸਬ ਹਾਕਮਾਂ ਵਿਚੋਂ ਦਿੱਲੀ ਦਾ ਇਕ ਸਿਕੰਦਰ ਲੋਧੀ ਬਾਦਸ਼ਾਹ ਵੀ ਸੀ। ਜਿਸ ਦੇ ਕੋਲ ਮੁਤਅੱਸਬ ਮੁਲਾਣਿਆਂ ਨੇ ਭਗਤ ਨਾਮਦੇਵ ਜੀ ਦੀ ਸ਼ਿਕਾਇਤ ਕੀਤੀ ਕਿ ਉਹ ਹਿੰਦੂ ਫ਼ਕੀਰੀ ਦੇ ਬਲ ਕਰਕੇ ਬੜਾ ਰਸੂਖ਼ ਪਕੜ ਰਿਹਾ ਹੈ। ਉਸਦਾ ਜ਼ੋਰ ਤੋੜਨਾ ਚਾਹੀਦਾ ਹੈ ਤੇ ਇਸਦਾ ਇਕ ਹੀ ਸਾਧਨ ਹੈ ਕਿ ਉਸ ਨੂੰ ਬਾਦਸ਼ਾਹ ਦੀ ਮਰਜ਼ੀ ਮੰਨਣ 'ਤੇ ਮਜਬੂਰ ਕੀਤਾ ਜਾਏ, ਜਿਸ ਕਰਕੇ ਉਸ ਦੇ ਸ਼ਰਧਾਲੂ, ਫ਼ਕੀਰ ਦੀ ਕਾਇਰਤਾ ਤੱਕ, ਆਪੇ ਉਪਰਾਮ ਹੋ ਖਿੰਡ ਜਾਣਗੇ। ਚੁਨਾਂਚਿ ਸੁਲਤਾਨ ਨੇ ਨਾਮਦੇਵ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਿਹਾ, “ਉਹ ਰਾਮ ਨੂੰ ਛੱਡ ਕੇ ਖ਼ੁਦਾ ਦਾ ਭਜਨ ਕਰੇ।"

ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥
(ਭੈਰਉ ਨਾਮਦੇਵ, ਪੰਨਾ ੧੧੬੫)

ਇਸ ਮੁਤਾਲਬੇ ਦੇ ਕੁਛ ਅਰਥ ਹੀ ਨਹੀਂ ਸਨ। ਬ੍ਰਹਮਗਿਆਨੀ ਸੰਤ ਦੀ ਨਿਗਾਹ ਵਿਚ ਰਾਮ ਤੇ ਖ਼ੁਦਾ ਦੋਵੇਂ ਇਕ ਪਰਮੇਸ਼੍ਵਰ ਦੇ ਹੀ ਨਾਮ ਸਨ। ਪਰ ਖ਼ੁਦਾ ਤੇ ਖ਼ੁਦਾਪ੍ਰਸਤੀ ਦਾ ਕੋਈ ਸਵਾਲ ਹੀ ਨਹੀਂ ਸੀ, ਓਥੇ ਤਾਂ ਨੀਤੀ ਦੀਆਂ ਚਾਲਾਂ ਮਜ਼ਹਬ ਦੀ ਓਟ ਵਿਚ ਚਲੀਆਂ ਜਾ ਰਹੀਆਂ ਸਨ। ਓਥੇ ਤਾਂ ਬਗ਼ਾਵਤ ਦੇ ਭੈ ਕਰਕੇ ਕਮਜ਼ੋਰ ਮੁਸਲਮਾਨ ਹਾਕਮ, ਕਿਸੇ ਹਿੰਦੂ ਦੀ ਵਡਿਆਈ ਤੇ ਰਸੂਖ਼ ਵੇਖ ਹੀ ਨਹੀਂ ਸੀ ਸੁਖਾਂਦਾ। ਚੁਨਾਂਚਿ ਨਾਮਦੇਵ ਜੀ ਨੇ ਖ਼ੁਦਾ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, “ਮੈਂ ਰਾਮ ਨਾਮ ਨਹੀਂ ਛੱਡਾਂਗਾ, ਪ੍ਰਾਣ ਭਾਵੇਂ ਚਲੇ ਜਾਣ।” ਏਥੋਂ ਤਕ ਕਿ ਨਾਮਦੇਵ ਦੀ ਮਾਂ ਭੀ ਉਹਨਾਂ ਨੂੰ ਸਮਝਾਉਣ ਆਈ ਤੇ ਕਹਿਣ ਲੱਗੀ-“ਪੁੱਤਰ! ਤੂੰ ਰਾਮ ਰਾਮ ਨੂੰ ਛੱਡ ਕੇ ਖ਼ੁਦਾ ਖ਼ੁਦਾ ਭਜਨ ਕਿਉਂ ਨਹੀਂ ਕਰਦਾ, ਇਸ ਵਿਚ ਕੀ ਫ਼ਰਕ ਹੈ?" ਨਾਮਦੇਵ ਜੀ ਨੇ ਮੋਹ-ਆਤਰ ਮਾਂ ਦੀ ਸਿੱਖਿਆ ਤੋਂ ਨਾ ਸਿਰਫ਼ ਇਨਕਾਰ ਕਰ ਦਿੱਤਾ, ਸਗੋਂ ਇਹ ਵੀ ਕਿਹਾ ਕਿ ਅਜਿਹੀ ਢਹਿੰਦੀ ਕਲਾ ਦੀ ਗੱਲ ਕਰਨ ਕਰਕੇ, ਨਾ ਤੂੰ ਮੇਰੀ ਮਾਂ ਰਹੀ ਹੈਂ ਤੇ ਨਾ ਮੈਂ ਤੇਰਾ ਪੁੱਤਰ। ਆਖ਼ਰ ਸੁਲਤਾਨ ਨੇ ਨਾਮਦੇਵ ਨੂੰ ਮੁਸ਼ਕਾਂ ਕੱਸ ਕੇ ਹਾਥੀ ਅੱਗੇ ਸੁੱਟ ਦਿੱਤਾ। ਜਦੋਂ ਬਦਮਸਤ ਮਾਰੂ ਹਾਥੀ ਨਾਮਦੇਵ ਜੀ ਵੱਲ ਵਧਿਆ ਤਾਂ ਸੰਤ ਨੇ ਮਜ਼ਬੂਤ ਮਨ ਤੇ ਪਿਆਰ ਭਰੇ ਨੈਣਾਂ ਨਾਲ ਹਾਥੀ ਵੱਲ ਤਕਿਆ, ਪਸ਼ੂ ਮਨ ਭੀ ਪਿਆਰ ਦੇ ਅਸਰ ਤੋਂ ਨਾ ਬਚ ਸਕਿਆ। ਹਾਥੀ ਉਹਨੂੰ ਕੁਚਲਣ ਦੀ ਥਾਂ ਕੋਲ ਖਲੋ ਪਿਆਰ ਕਰਨ ਲਗ ਪਿਆ ਤੇ ਪਸ਼ੂ ਦੇ ਪਿਛੇ ਲੱਗ ਮਹਾਂ-ਪਸ਼ੂ ਸੁਲਤਾਨ ਲੋਧੀ ਨੇ ਵੀ ਭਗਤ ਜੀ ਦੀ ਸਚਾਈ ਦੇ ਸਾਹਮਣੇ ਸਿਰ ਝੁਕਾ ਦਿੱਤਾ।

ਇਹ ਤਾਂ ਸੀ ਜ਼ਿਕਰ ਉਹਨਾਂ ਸੰਤਾਂ ਦਾ, ਜੋ ਇਸ ਚੜ੍ਹਦੀ ਕਲਾ ਦਾ ਵਿਅਕਤੀਗਤ ਵਰਤਾਰਾ ਵਰਤਦੇ ਹਨ। ਜੋ ਏਦੋਂ ਵੀ ਥੋੜ੍ਹਾ ਜਿਹਾ ਅਗਾਂਹ ਵਧਦੇ ਹਨ, ਉਹ ਕਰਮ ਖੇਤਰ ਵਿਚ ਬੀਰ-ਕਿਰਿਆ ਕਰਦੇ ਹਨ, ਉਹਨਾਂ ਨੂੰ ਸ੍ਰੀ ਜਪੁਜੀ ਸਾਹਿਬ ਵਿਚ ‘ਜੋਧ ਮਹਾ ਬਲ ਸੂਰ' ਕਿਹਾ ਗਿਆ ਹੈ। ਉਹਨਾਂ ਦਾ ਮੁਕਾਮ ‘ਕਰਮ ਖੰਡ' ਤੇ ਰੱਬੀ ਬਖਸ਼ਸ਼ ਦੀ ਬਰਖਾ ਸਦਾ ਉਹਨਾਂ ਦੇ ਸਿਰ 'ਤੇ ਹੁੰਦੀ ਰਹਿੰਦੀ ਹੈ, ਧਰਮ ਯੁੱਧ ਉਹਨਾਂ ਦਾ ਅਭਿਆਸ ਹੁੰਦਾ ਹੈ। ਉਹ ਮਾਲਾ ਦੇ ਮਣਕਿਆਂ ਦੀ ਥਾਂ ਸ਼ਸਤਰ ਫੇਰਦੇ ਹਨ, ਮੰਦਰਾਂ ਦੀ ਥਾਂ ਮੈਦਾਨ ਵਿਚ ਕਿਰਤ ਕਰਦੇ ਹਨ, ਉਹ ਅਤਿ ਪਵਿੱਤਰ ਹਨ, ਉਹਨਾਂ ਦਾ ਰੁਤਬਾ ਅਤਿ ਉੱਚਾ ਹੈ। ਸਿਮਰਨ ਬਲ ਸੀਨੇ ਵਿਚ ਤੇ ਸਰੀਰਕ ਬਲ ਭੁਜਾਂ ਵਿਚ ਠਾਠਾਂ ਮਾਰਦਾ ਰਹਿੰਦਾ ਹੈ, ਉਹਨਾਂ ਦੀ ਸੰਗਤ ਨਾਲ ਮਨ ਪਵਿੱਤਰ ਹੁੰਦੇ ਤੇ ਸੰਸਾਰ ਦੇ ਪਾਪ ਕੱਟੀਦੇ ਹਨ:

ਪ੍ਰੇਮ ਸੋਂ ਨੀਰ ਬਹੇ ਜਸ ਗਾਵਤ, ਨਾਚਤ ਸੁਵੈਤ ਚਲੈ ਸਭ ਅੰਗਾ।
ਕੈ ਰਣ ਗਹਿ ਖਗ ਭਲੀ ਬਿਧ ਸਿਉਂ ਅਤਿ ਲਹੂ ਸਿਉਂ ਘਾਵ ਚਲੈ ਅਰਧੰਗਾ।
ਇਹੋ ਪੂਤ ਜਣੇ ਜਨਨੀ ਜਗ, ਔਰ ਸਭੇ ਸੁਤ ਕੀਟ ਪਤੰਗਾ।
ਜਗਤ ਕੋ ਠਾਕਰ ਜਗਤ ਕੋ ਸੁਆਮੀ, ਸੋ ਨਰ ਹੋਤੇ ਹੈਂ ਗੰਗ ਕੋ ਗੰਗਾ।
(ਹਨੂੰਮਾਨ ਨਾਟਕ)

ਇਸ ਬੀਰ ਕਿਰਿਆ ਦੇ ਸੰਬੰਧ ਵਿਚ ਸੰਸਾਰ ਦੇ ਕਈ ਵੱਡੇ, ਉਚੇਰੇ ਤੇ ਭਲੇ ਪੁਰਖਾਂ ਨੂੰ ਵੀ ਟਪਲਾ ਲੱਗ ਜਾਂਦਾ ਹੈ। ਉਹ ਇਹ ਸਮਝਦੇ ਹਨ ਕਿ ਰਣ ਵਿਚ ਸ਼ਸਤਰ ਮਾਰਨਾ ਤੇ ਮੁਕਾਬਲੇ ਆਏ ਮਨੁੱਖ ਨੂੰ ਕਟ ਸੁਟਣਾ, ਪਸ਼ੂ-ਬਲ ਦੀ ਵਰਤੋਂ ਹੈ। ਉਹ ਬੀਰ ਰਸ ਦੇ ਪ੍ਰਕਾਸ਼ ਦੀ ਅਸਲੀਅਤ ਸਮਝਣ ਦੀ ਜਾਂ ਤਾਂ ਆਪਣਿਆਂ ਸੰਸਕਾਰਾਂ ਤੇ ਮਨੌਤਾਂ ਦੇ ਅਧੀਨ ਕੋਸ਼ਿਸ਼ ਹੀ ਨਹੀਂ ਕਰਦੇ, ਜਾਂ ਸਮਝ ਹੀ ਨਹੀਂ ਸਕਦੇ। ਦਮ੍ਹਕਾਂ, ਲਾਲਾਂ ਤੇ ਅੰਗਿਆਰਾਂ ਦੋਹਾਂ ਵਿਚ ਹੁੰਦੀਆਂ ਹਨ ਪਰ ਕਿਸੇ ਅਤਿ ਅਨਜਾਣ ਤੋਂ ਬਿਨਾਂ ਕਿਸੇ ਨੇ ਲਾਲ, ਅੰਗਿਆਰ ਸਮਝ ਕੇ ਹੱਥੋਂ ਨਹੀਂ ਸੁੱਟ ਘੱਤੇ। ਏਹੋ ਹੀ ਫ਼ਰਕ ਬੀਰ ਰਸ ਤੇ ਪਸ਼ੂ-ਬਲ ਵਿਚ ਸਮਝਣਾ ਚਾਹੀਦਾ ਹੈ। ਬੀਰ ਰਸ ਦਯਾ, ਕਰੁਣਾ ਤੇ ਸੇਵਾ ਦਿਆਂ ਜੌਹਰਾਂ ਕਰਕੇ ਚਮਕਦਾ ਹੈ ਤੇ ਪਸ਼ੂ-ਬਲ ਈਰਖਾ, ਦਵੈਸ਼ ਤੇ ਕ੍ਰੋਧ ਦੇ ਸਾੜੇ ਕਰਕੇ ਭਟਕਦਾ ਹੈ। ਇਕ ਮਾਰਨ ਲਈ ਮਰਦਾ ਹੈ, ਦੂਜਾ ਮਰਦਿਆਂ ਨੂੰ ਬਚਾਉਣ ਲਈ ਮਾਰਦਾ ਹੈ। ਇਕ ਮੌਤ ਦੇ ਚਿੱਕੜ ਦੀ ਘਾਣੀ ਕਰਦਾ ਹੈ ਤੇ ਦੂਜਾ ਕੇਵਲ ਜੀਵਨ ਦਾ ਰਤਨ ਮੌਤ ਦੀ ਗੋਦੋਂ ਚੁੱਕ ਬਚਾਉਣ ਲਈ ਆਪਣਾ ਪੈਰ ਚਿੱਕੜ ਨਾਲ ਲਬੇੜਦਾ। ਸੱਚ ਤਾਂ ਇਹ ਹੈ ਕਿ ਪਸ਼ੂ-ਬਲ ਜੀਵਨ ਨੂੰ ਮੁਕਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਬੀਰ ਰਸ ਮੌਤ ਨੂੰ ਮਾਰਨ ਦੀ। ਅਹਿੰਸਾ ਦੇ ਉਪਾਸ਼ਕਾਂ ਨੂੰ ਕਈ ਵੇਰ ਇਹ ਟਪਲਾ ਲਗਦਾ ਹੈ ਕਿ ਬੀਰ ਕਿਰਿਆ ਕ੍ਰੋਧ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਪਰ ਇਹ ਹਕੀਕਤ ਨਹੀਂ, ਸੱਚਾ ਬੀਰ, ਕ੍ਰੋਧ ਨੂੰ ਦਲ ਉਤਾਂਹ ਉਠਦਾ ਹੈ। ਇਸਲਾਮੀ ਦੁਨੀਆ ਦੇ ਮਸ਼ਹੂਰ ਸੂਰਬੀਰ ਹਜ਼ਰਤ ਅਲੀ ਦੇ ਜੀਵਨ ਵਿਚ ਇਕ ਵਾਕਿਆ ਆਉਂਦਾ ਹੈ ਕਿ ਇਕ ਵੇਰ ਇਕ ਕਾਫ਼ਰ ਨੇ ਅਲੀ ਨੂੰ ਜੋ ਘੁਲਾਟੀਆ ਵੀ ਸੀ, ਕੁਸ਼ਤੀ ਲਈ ਵੰਗਾਰਿਆ। ਦੇਸ਼ ਦੇ ਰਿਵਾਜ ਅਨੁਸਾਰ ਸ਼ਰਤ ਇਹ ਬੱਝੀ ਕਿ ਢਾਉਣ ਵਾਲੇ ਦਾ ਦੀਨ, ਢਹਿਣ ਵਾਲਾ ਕਬੂਲ ਕਰ ਲਏਗਾ। ਤੇ ਜੇ ਉਹ ਅਜਿਹਾ ਕਰਨ ਤੋਂ ਇਨਕਾਰ ਕਰੇ ਤਾਂ ਜੇਤੂ ਦਾ ਹੱਕ ਹੋਵੇਗਾ ਕਿ ਉਸਨੂੰ ਕਤਲ ਕਰ ਦੇਵੇ। ਕੁਸ਼ਤੀ ਹੋਈ ਤੇ ਹਜ਼ਰਤ ਅਲੀ ਨੇ ਕਾਫ਼ਰ ਨੂੰ ਢਾਹ ਲਿਆ, ਪਰ ਡਿਗੇ ਹੋਏ ਕਾਫ਼ਰ ਨੇ ਇਸਲਾਮ ਕਬੂਲਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਰਤ ਅਨੁਸਾਰ ਹਜ਼ਰਤ ਅਲੀ ਉਸ ਨੂੰ ਕਤਲ ਕਰਨ 'ਤੇ ਮਜਬੂਰ ਹੋਏ। ਪਰ ਜਦ ਉਹ ਉਸ ਨੂੰ ਖੰਜਰ ਮਾਰਨ ਲਗੇ ਤਾਂ ਹੇਠੋਂ ਕਾਫ਼ਰ ਨੇ ਅਲੀ ਦੇ ਮੂੰਹ 'ਤੇ ਥੁੱਕ ਦਿੱਤਾ। ਹਜ਼ਰਤ ਅਲੀ ਨੇ ਹੱਥ ਨਾਲ ਹੀ ਰੋਕ ਲਿਆ। ਕਾਫ਼ਰ ਦੀ ਛਾਤੀ ਤੋਂ ਉਠ ਬੈਠੇ, ਖੰਜਰ ਮਿਆਨੇ ਕਰ ਲਿਆ ਨਮਾਜ਼ ਪੜ੍ਹਨ ਲੱਗ ਪਏ, ਜਾਂ ਨਮਾਜ਼ ਪੜ੍ਹ ਕੇ ਉਠੇ ਤਾਂ ਲੋਕਾਂ ਪੁਛਿਆ, “ਇਹ ਕੀ, ਤੁਸਾਂ ਓਹਨੂੰ ਕਤਲ ਕਿਉਂ ਨਾ ਕੀਤਾ?” ਤਾਂ ਹਜ਼ਰਤ ਅਲੀ ਨੇ ਕਿਹਾ, “ਮੈਂ ਉਸ ਨੂੰ ਕਤਲ ਕਰਨ ਲੱਗਾ ਸਾਂ, ਮੈਨੂੰ ਸ਼ਰਤ ਦੀ ਰੂ ਨਾਲ ਅਜਿਹਾ ਕਰਨਾ ਬਣਦਾ ਸੀ, ਪਰ ਮੇਰੇ ਖ਼ੰਜਰ ਮਾਰਨ ਤੋਂ ਪਹਿਲਾਂ ਉਸ ਨੇ ਮੇਰੇ ਮੂੰਹ 'ਤੇ ਥੁੱਕ ਦਿੱਤਾ, ਜਿਸ ਕਰਕੇ ਮੈਨੂੰ ਗੁੱਸਾ ਆ ਗਿਆ ਤੇ ਗੁੱਸੇ ਵਿਚ ਆ ਕੇ ਕਿਸੇ ਨੂੰ ਕਤਲ ਕਰਨਾ ਇਸਲਾਮ ਗੁਨਾਹ ਕਰਾਰ ਦੇਂਦਾ ਹੈ। ਕਾਫ਼ਰ ਇਹ ਸੁਣ ਕੇ ਮੁਸਲਮਾਨ ਹੋ ਗਿਆ। ਇਸ ਵਾਕਿਆ ਤੋਂ ਪਤਾ ਲਗਦਾ ਹੈ ਕਿ ਸੱਚੇ ਬੀਰ ਕਦੀ ਵੀ ਕ੍ਰੋਧ ਆਤੁਰ ਹੋ ਕਿਸੇ ਨੂੰ ਨਹੀਂ ਮਾਰਦੇ।

ਮੋਹਸਿਨ ਫ਼ਾਨੀ ਨੇ ਦਬਿਸਤਾਨੇ ਮਜ਼ਾਹਿਬ ਵਿਚ ਇਉਂ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਕਦੀ ਕ੍ਰੋਧ ਵਿਚ ਆ ਕੇ ਨਹੀਂ ਸਨ ਲੜਦੇ। ਉਹ ਯੁੱਧ ਸਮੇਂ ਹਮੇਸ਼ਾ ਖਿੜਾਉ ਵਿਚ ਰਹਿੰਦੇ ਸਨ। ਦਸਦਾ ਹੈ ਕਿ ਇਕ ਸਮੇਂ ਕਿਸੇ ਮੁਖ਼ਾਲਫ਼ ਸੂਰਮੇ ਨੂੰ ਸਤਿਗੁਰਾਂ ਨੇ ਪਹਿਲਾ ਵਾਰ ਕਰਨ ਦੀ ਆਗਿਆ ਦਿੱਤੀ। ਸਤਿਗੁਰਾਂ ਨੇ ਵਾਰ ਢਾਲ 'ਤੇ ਰੋਕ ਲਿਆ ਤੇ ਕਿਹਾ-"ਤਲਵਾਰ ਇਸ ਤਰ੍ਹਾਂ ਨਹੀਂ ਮਾਰੀਦੀ, ਇਸ ਤਰ੍ਹਾਂ ਮਾਰੀਦੀ ਹੈ," ਇਤਨਾ ਕਹਿ ਤਲਵਾਰ ਨਾਲ ਮੁਖ਼ਾਲਫ਼ ਦਾ ਸਿਰ ਉਡਾ ਦਿੱਤਾ।

ਚੁਨਾ ਨਮੀ ਜ਼ਨੰਦ—ਜ਼ਦਨ ਦੀਨ ਅਸਤ।
(ਦਬਿਸਤਾਨੇ ਮਜ਼ਾਹਿਬ)

ਫ਼ਾਨੀ ਕਹਿੰਦਾ ਹੈ ਕਿ ਇਉਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਗੁਰੂ ਕਿਸੇ ਨੂੰ ਤਲਵਾਰ ਦੇ ਹੱਥ ਸਿਖਾ ਰਿਹਾ ਹੁੰਦਾ ਹੈ ਤੇ ਹੈਸੀ ਭੀ ਠੀਕ। ਗੁਰੂ, ਨਾਮ ਜੋ ਉਸਤਾਦ ਦਾ ਹੋਇਆ। ਇਸ ਗੁਰੂ ਸਾਹਿਬ ਦੇ ਸਮਕਾਲੀ ਦੀ ਲਿਖਤ ਤੋਂ ਬਿਨਾਂ, ਜੋ ਉਹਨਾਂ ਦੇ ਦਰਬਾਰ ਵਿਚ ਖ਼ੁਦ ਭੀ ਕਈ ਵੇਰ ਆਇਆ ਸੀ, ਸਤਿਗੁਰਾਂ ਦਾ ਪੈਂਦੇ ਖ਼ਾਂ ਨਾਲ ਉਸ ਦੇ ਅੰਤਮ ਸਮੇਂ ਸਲੂਕ, ਬੀਰ ਦੀ ਕ੍ਰੋਧ ਰਹਿਤ ਕਿਰਿਆ ਦੀ ਸਹੀ ਤਸਵੀਰ ਹੈ। ਪੈਂਦੇ ਖ਼ਾਂ ਕੌਣ ਸੀ? ਮਾਂ ਪਿਓ ਬਾਹਿਰਾ, ਇਕ ਯਤੀਮ ਪਠਾਣ ਬੱਚਾ, ਜਿਸ ਨੂੰ ਸਤਿਗੁਰਾਂ ਦਇਆ ਕਰ ਕੇ ਪਾਲਿਆ, ਪਹਿਲਵਾਨ ਬਣਾਇਆ, ਸ਼ਸਤਰ ਵਿੱਦਿਆ ਸਿਖਾਈ ਤੇ ਵਿਆਹ-ਵਰ-ਘਰ- ਨਾਰ ਵਾਲਾ ਕੀਤਾ। ਪਰ ਨਾਸ਼ੁਕਰੇ ਪੈਂਦੇ ਖ਼ਾਂ ਨੇ ਸਹੁਰਿਆਂ ਦੀ ਕੁਸੰਗਤ ਦੇ ਜ਼ੇਰੇ ਅਸਰ ਉਮਰ ਭਰ ਦੇ ਅਹਿਸਾਨ ਨੂੰ ਭੁੱਲ, ਸਤਿਗੁਰਾਂ ਦੇ ਵਿਰੋਧੀਆਂ ਨਾਲ ਸਾਜ਼ ਬਾਜ਼ ਕਰ ਸਿੱਖਾਂ 'ਤੇ ਫ਼ੌਜ ਚੜ੍ਹਾ ਲਿਆਂਦੀ। ਯੁਧ ਹੋਇਆ ਤੇ ਓੜਕ ਮਹਾਂਬਲੀ ਪੈਂਦੇ ਖ਼ਾ ਸਤਿਗੁਰਾਂ ਦੇ ਸਾਹਮਣੇ ਲੜਨ ਲਈ ਆਇਆ, ਲੋਹਾ ਖੜਕਿਆ, ਪੈਂਦੇ ਖ਼ਾਂ ਦਾ ਘੋੜਾ ਮਾਰਿਆ ਗਿਆ ਤਾਂ ਸਤਿਗੁਰੂ ਆਪ ਭੀ ਪੈਦਲ ਹੋ ਗਏ। ਓੜਕ ਦਲ ਭੰਜਨ ਛਟਮ ਪੀਰ ਦੇ ਖੰਡੇ ਦੇ ਵਾਰ ਦਾ ਫਟਿਆ ਪੈਂਦੇ ਖ਼ਾਂ ਜ਼ਮੀਨ 'ਤੇ ਜਾ ਪਿਆ ਤੇ ਦਮ ਤੋੜਨ ਲੱਗਾ:

ਪੰਜ ਪਿਆਲੇ ਪੰਜਿ ਪੀਰ ਛਟਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ........।
ਦਲ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
(ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੮)

ਸਤਿਗੁਰਾਂ ਨੇ ਖੰਡਾ ਮਿਆਨੇਂ ਕਰ ਲਿਆ ਤੇ ਦੌੜ ਕੇ ਆਪਣੀ ਢਾਲ ਦੀ ਛਾਂ ਪੈਂਦੇ ਖ਼ਾਂ ਦੇ ਚਿਹਰੇ 'ਤੇ ਕਰ ਦਿੱਤੀ। ਛੇਤੀ ਨਾਲ ਪਾਣੀ ਮੰਗਾ ਕੇ ਉਹਦੇ ਮੂੰਹ ਵਿਚ ਪਾਇਆ। ਜਦ ਉਸ ਨੂੰ ਥੋੜ੍ਹੀ ਜਿਹੀ ਹੋਸ਼ ਆਈ ਤਾਂ ਹਜ਼ੂਰ ਨੇ ਕਿਹਾ–ਪੈਂਦੇ ਖ਼ਾਂ, ਹੁਣ ਅੰਤਮ ਸਮਾਂ ਹੈ। ਪੜ੍ਹ ਕਲਮਾ, ਤੇਰਾ ਸਹਾਈ ਹੋਵੇ।” ਪੈਂਦਾ ਪੈਰਾਂ 'ਤੇ ਪੈ ਪੂਰਨ ਪਦ ਨੂੰ ਪ੍ਰਾਪਤ ਹੋਇਆ। ਇਹ ਹੈ ਸਹੀ ਚਿੱਤਰ ਬੀਰ ਕਿਰਿਆ ਦਾ, ਜਿਸ ਵਿਚ ਕ੍ਰੋਧ ਨੂੰ ਕੋਈ ਥਾਂ ਨਹੀਂ, ਇਸ ਜੌਹਰ ਦੀ ਪਰਖ਼ ਦੇ ਨਾਵਾਕਫ਼ ਲੋਕ ਇਸ ਦੀ ਕਦਰ ਨਹੀਂ ਪਾ ਸਕਦੇ।

ਬੀਰ ਕਿਰਿਆ ਦੇ ਵਿਰੋਧੀਆਂ ਨੂੰ ਇਕ ਭੁੱਲ ਹੋਰ ਭੀ ਲਗਦੀ ਹੈ ਤੇ ਓਹ ਮੋਹ ਦੇ ਅਧੀਨ ਹੈ। ਮੋਹ ਤਨ ਦਾ ਪਿਆਰ ਪੈਦਾ ਕਰਦਾ ਹੈ, ਮੜ੍ਹੋਲੀ ਦਾ ਪੁਜਾਰੀ ਬਣਾਉਂਦਾ ਹੈ, ਮਮਤਾ ਮੌਤ ਨੂੰ ਭਿਆਨਕ ਕਰ ਕੇ ਦਰਸਾਂਦੀ ਹੈ। ਤਨ ਦੇ ਮੋਹ ਦੇ ਅਧੀਨ ਲੋਕ ਸਮਝਦੇ ਹਨ ਕਿ ਸ਼ਾਇਦ ਮਰਿਆਂ ਜੀਵਨ ਮੁੱਕ ਜਾਏਗਾ, ਪਰ ਅਸਲੀਅਤ ਇਹ ਨਹੀਂ। ਮੌਤ ਤਾਂ ਅਮਰ ਜੀਵਨ ਦੇ ਲੰਬੇ ਪੈਂਡੇ ਦੀ ਇਕ ਨਵੀਂ ਮੰਜ਼ਲ ਅਰੰਭ ਕਰਨ ਦਾ ਨਾਮ ਹੈ। ਇਹ ਤਾਂ ਇਕ ਤਰਫ਼ੋਂ ਸੌਂ ਕੇ ਦੂਸਰੀ ਤਰਫ਼ ਜਾਗਣਾ ਹੈ:

ਮੌਤ ਤਜਦੀਦ ਹਿਆਤੇ ਜਾਵਦਾਂ ਕਾ ਨਾਮ ਹੈ।
ਖ਼ਾਬ ਕੇ ਪਰਦੇ ਮੇਂ ਬੇਦਾਰੀ ਕਾ ਇਕ ਪੈਗ਼ਾਮ ਹੈ।
(ਇਕਬਾਲ)

ਕੀ ਸਾਨੂੰ ਪਤਾ ਨਹੀਂ ਕਿ ਜਦੋਂ ਅਸੀਂ ਮਾਂ ਦੇ ਪੇਟ ਦੀ ਛੋਟੀ ਜਿਹੀ ਦੁਨੀਆ ਵਿਚ ਸਾਂ, ਓਦੋਂ ਉਸ ਥਾਂ ਨਾਲ ਹੀ ਪਿਆਰ ਸੀ, ਪਰ ਜਦ ਉਸ ਨੂੰ ਛੱਡ ਧਰਤੀ ਦੀ ਗੋਦ ਵਿਚ ਆਏ ਤਾਂ ਕਿਤਨੀਆਂ ਮੌਜਾਂ ਮਿਲੀਆਂ। ਉਥੇ ਥੋੜ੍ਹੀ ਜਿਹੀ ਥਾਂ ਵਿਚ ਗੋਡਿਆਂ ਵਿਚ ਸਿਰ ਦੇਈ ਬੈਠੇ ਸਾਂ। ਇਥੇ ਖੁਲ੍ਹੀ ਧਰਤੀ ਸੈਰ ਕਰਨ, ਦੌੜਨ, ਘੋੜੇ ਭਜਾਣ ਤੇ ਹਵਾਈ ਜਹਾਜ਼ ਉਡਾਣ ਨੂੰ ਮਿਲੀ, ਉਥੇ ਇਕੱਲਾ ਮਾਂ ਦਾ ਰਕਤ ਪੀਣ ਨੂੰ, ਇਥੇ ਛੱਤੀ ਪ੍ਰਕਾਰ ਦੇ ਭੋਜਨ, ਜੋ ਪੱਛਮੀ ਖਾਣੇ ਨਾਲ ਮਿਲਾ ਕੇ ਸ਼ਾਇਦ ਛੱਤੀ ਸੌ ਕਿਸਮ ਦੇ ਬਣ ਜਾਣ, ਖਾਣ ਨੂੰ ਮਿਲਦੇ ਹਨ, ਉਥੇ ਪੀਣ ਲਈ ਇਕੋ ਨਾੜ ਦੀ ਨਲਕੀ, ਇਥੇ ਪਿੱਤਲ, ਕਾਂਸੀ, ਸੋਨੇ, ਚਾਂਦੀ, ਮਿੱਟੀ, ਚੀਨੀ, ਸ਼ੀਸ਼ੇ ਦੇ ਬਰਤਨ, ਸੰਗੇਯ ਅਸਵਦ ਤੇ ਜ਼ਮੁਰੱਦ ਦੇ ਪਿਆਲੇ, ਉਥੇ ਪਹਿਨਣ ਨੂੰ ਨਿਰੀ ਇਕ ਝਿੱਲੀ; ਏਥੇ ਸੂਤੀ ਤੇ ਰੇਸ਼ਮ ਦੇ ਕਪੜੇ ਪਹਿਨਣ ਨੂੰ, ਅੱਜ-ਕੱਲ੍ਹ ਤਾਂ ਬਲੌਰ ਦੇ ਵੀ ਤਿਆਰ ਹੋ ਗਏ ਹਨ। ਕਿੰਨਾ ਸੁਖ ਮਿਲਿਆ, ਇਕ ਦੁਨੀਆ ਨੂੰ ਛੱਡ ਦੂਸਰੀ ਵਿਚ ਆਉਣ 'ਤੇ, ਤਾਂ ਫਿਰ ਦੂਸਰੀ ਨੂੰ ਛੱਡ ਤੀਸਰੀ ਵਿਚ ਗਿਆਂ ਜੋ ਸੁਖ ਲਭੇਗਾ, ਉਸ ਦਾ ਤਾਂ ਕਹਿਣਾ ਹੀ ਕੀ ਹੈ। ਕਬੀਰ ਸਾਹਿਬ ਤਾਂ ਉਸ ਨੂੰ ਪੂਰਨ ਪਰਮਾਨੰਦ ਕਹਿੰਦੇ ਹਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ।
(ਸਲੋਕ ਕਬੀਰ, ਪੰਨਾ ੧੩੬੫)

ਬੀਰ ਪੁਰਸ਼ ਮੌਤ ਨੂੰ ਇਕ ਨਵਾਂ ਚੋਲਾ ਬਦਲਣਾ ਤੇ ਮਨ ਵਲੋਂ ਬੇਪਰਵਾਹ ਹੋ ਵਿਚਰਦੇ ਹਨ।

ਕਹਿੰਦੇ ਹਨ ਕਿ ਮਸ਼ਹੂਰ ਯੂਨਾਨੀ ਫ਼ਿਲਾਸਫ਼ਰ ‘ਸੁਕਰਾਤ’ ਨੂੰ ਜਦ ਮੌਤ ਦੀ ਸਜ਼ਾ ਹੋਈ ਤਾਂ ਉਹ ਜ਼ਹਿਰ ਦਾ ਪਿਆਲਾ ਜੋ ਪੀ ਕੇ ਉਸ ਨੇ ਮਰਨਾ ਸੀ, ਹੱਥ ਵਿਚ ਫੜੀ ਆਪਣੇ ਮਿਤਰਾਂ ਨਾਲ ਹੱਸ ਹੱਸ ਅੰਤਮ ਗੱਲਾਂ ਕਰ ਰਿਹਾ ਸੀ ਤਾਂ ਉਸ ਦੇ ਇਕ ਸ਼ਾਗਿਰਦ ਨੇ ਕਿਹਾ-"ਉਸਤਾਦ ਜੀ! ਤੁਸੀਂ ਹੁਣ ਸਾਥੋਂ ਵਿਦਾਅ ਹੋਣ ਵਾਲੇ ਹੋ, ਕੀ ਤੁਹਾਨੂੰ ਆਪਣੀ ਮੌਤ ਦਾ ਕੋਈ ਸ਼ੋਕ ਨਹੀਂ?”

ਸੁਕਰਾਤ ਬੋਲੇ, “ਉਹ ਕਿਸਾਨ ਕਿਤਨਾ ਨਾਦਾਨ ਹੋਵੇਗਾ ਜੋ ਖੇਤੀ ਕਰਨ ਦੀ ਸਾਰੀ ਤਕਲੀਫ਼ ਤਾਂ ਬਰਦਾਸ਼ਤ ਕਰੇ, ਪਰ ਬੋਹਲ ਘਰ ਆਉਣ ਸਮੇਂ ਰੋਣ ਬਹਿ ਜਾਵੇ।” ਇਹੋ ਹੀ ਹਾਲਤ ਫ਼ਲਸਫ਼ੀ ਦੀ ਹੈ। ਉਮਰ ਭਰ ਮਰਨ ਦੀ ਤਿਆਰੀ ਕਰਦਾ ਹੈ ਤੇ ਮੌਤ ਕੋਲ ਆ ਢੁਕਣ 'ਤੇ ਸ਼ੋਕ ਕਰਨ ਬਹਿ ਜਾਏ।

“ਜੇ ਇਹੋ ਹੀ ਗੱਲ ਹੈ ਤਾਂ ਫ਼ਲਸਫ਼ੀ ਆਤਮਘਾਤ ਕਰ ਕੇ ਕਿਉਂ ਨਹੀਂ ਮਰ ਜਾਂਦਾ?” ਸ਼ਾਗਿਰਦ ਨੇ ਫਿਰ ਮੁੜ ਕੇ ਪੁਛਿਆ। ਸੁਕਰਾਤ ਨੇ ਕਿਹਾ, “ਫ਼ਲਸਫ਼ੀ ਉਸ ਪੰਛੀ ਵਾਂਗ ਹੈ ਜਿਸ ਨੂੰ ਮਾਲਕ ਕੁਛ ਚਿਰ ਗਾਉਣ ਲਈ ਪਿੰਜਰੇ ਵਿਚ ਬੰਦ ਕਰਦਾ ਹੈ, ਨਿਯਤ ਸਮੇਂ ਤੋਂ ਪਹਿਲਾਂ ਪਿੰਜਰਾ ਤੋੜ ਨਿਕਲਣਾ, ਮਾਲਕ ਦਾ ਹੁਕਮ ਮੰਨਣ ਤੋਂ ਜੀਅ ਚੁਰਾਣਾ ਹੈ ਜੋ ਸ਼ੋਭਦਾ ਨਹੀਂ। ਪਰ ਹਾਂ, ਜਦੋਂ ਮਾਲਕ ਖ਼ੁਦ ਖ਼ੁਸ਼ੀ ਨਾਲ ਪਿੰਜਰੇ ਵਿਚੋਂ ਛੁਟੀ ਦੇ ਦੇਵੇ, ਫਿਰ ਕਿਉਂ ਨਾ ਪ੍ਰਸੰਨ ਹੋਈਏ।” ਇਹ ਹੈ ਮੌਤ ਦੀ ਹਕੀਕਤ, ਜਿਸ ਨੂੰ ਮੋਹ ਵਸ ਬਹੁਤ ਵੱਡੀ ਗੱਲ ਮੰਨ, ਅਖੌਤੀ ਹਿੰਸਾ ਦੇ ਪੁਜਾਰੀ ਬੀਰਾਂ 'ਤੇ ਗੁੱਸੇ ਰਹਿੰਦੇ ਹਨ।

ਏਸੇ ਤਰ੍ਹਾਂ ਹੀ ਈਸਾਈ ਧਰਮ ਦੇ ਸੁਧਾਰਕ ‘ਲੂਥਰ’ ਦਾ ਜ਼ਿਕਰ ਆਉਂਦਾ ਹੈ, ਉਹ ਇਕ ਵੇਰ ਜਰਮਨੀ ਦੇ ਇਕ ਅਜਿਹੇ ਪਰਗਣੇ ਵਿਚ ਸੁਧਾਰ ਸੰਬੰਧੀ ਲੈਕਚਰ ਦੇਣ ਚੱਲੇ ਸਨ, ਜਿਥੋਂ ਦਾ ਨਵਾਬ ਸੁਧਾਰਕ ਲਹਿਰ ਦਾ ਭਾਰਾ ਵਿਰੋਧੀ ਸੀ। ਮਹਾਤਮਾ ਲੂਥਰ ਦੇ ਸਾਥੀਆਂ ਨੇ ਉਹਨਾਂ ਨੂੰ ਉਸ ਥਾਂ ਜਾਣੋ ਰੋਕਦਿਆਂ ਹੋਇਆਂ, ਡੀਊਕ ਦੀ ਵਿਰੋਧਤਾ ਦਾ ਜ਼ਿਕਰ ਕੀਤਾ। ਸਾਹਮਣੇ ਅਸਮਾਨ 'ਤੇ ਇਕ ਬਦਲੀ ਆਈ ਹੋਈ ਸੀ, ਲੂਥਰ ਨੇ ਉਸ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ, “ਜੇ ਇਹ ਬਦਲੀ ਤਿੰਨ ਦਿਨ ਤੇ ਤਿੰਨ ਰਾਤਾਂ ਬਰਸੇ ਤੇ ਹਰ ਕਣੀ ਪਾਣੀ ਦੀ ਬੂੰਦ ਦੀ ਥਾਂ ਇਕ ਇਕ ਡੀਊਕ ਸੁਟੇ, ਤਾਂ ਵੀ ਮੈਂ ਲੈਕਚਰ ਦੇਣ ਜਾਵਾਂਗਾ।” ਜਦ ਉਹਨਾਂ ਕਿਹਾ, “ਡੀਊਕ ਤੁਹਾਨੂੰ ਮਰਵਾ ਦੇਵੇਗਾ।” ਤਾਂ ਸੰਤ ਬੋਲੇ, “ਕੋਈ ਡਰ ਨਹੀਂ, ਮੇਰੇ ਮਰਨ ਤੋਂ ਬਾਅਦ ਸੂਰਜ ਮਸ਼ਰਕ ਵਲੋਂ ਚੜ੍ਹੇਗਾ।”

ਸਮਝ ਨਹੀਂ ਆਉਂਦੀ ਕਿ ਜਦ ਐਡੇ ਐਡੇ ਮਹਾਤਮਾਂ ਦੇ ਚੜ੍ਹਾਈ ਕਰ ਜਾਣ 'ਤੇ ਵੀ ਸੂਰਜ ਮਸ਼ਰਕ ਵਲੋਂ ਹੀ ਚੜ੍ਹਦਾ ਰਿਹਾ ਹੈ ਤਾਂ ਕੁਝ ਜਾਬਰ, ਜਰਵਾਣੇ ਅਨਿਆਈ, ਅਯਾਸ਼, ਲਾਲਚੀ ਤੇ ਜ਼ਾਲਮ ਮਨੁੱਖਾਂ ਦੀ ਦੇਹ ਦਾ ਠੀਕਰਾ ਟੁੱਟ ਜਾਣ ’ਤੇ ਕੀ ਹਨੇਰ ਆ ਜਾਵੇਗਾ, ਕੀ ਮਨੁੱਖ ਰੋਜ਼ ਸਰੀਰਕ ਬੀਮਾਰੀਆਂ ਤੋਂ ਸੰਸਾਰ ਨੂੰ ਬਚਾਣ ਲਈ ਮੱਖੀਆਂ, ਮੱਛਰ ਤੇ ਪਲੇਗ ਦੇ ਕੀੜੇ ਨਹੀਂ ਮਾਰਦੇ। ਕੀ ਉਹ ਜ਼ਹਿਰੀਲੇ ਕੀੜੇ, ਸੱਪਾਂ, ਠੂੰਹਿਆਂ, ਹਲਕੇ ਕੁੱਤਿਆਂ ਤੇ ਬਘਿਆੜ, ਚਿੱਤਰੇ ਸ਼ੇਰ ਤੇ ਸ਼ੇਰ ਆਦਿ ਜਾਨਵਰਾਂ ਨੂੰ ਨਹੀਂ ਮੁਕਾ ਰਹੇ। ਜੇ ਸਰੀਰਾਂ ਦੇ ਵੈਰੀਆਂ ਨੂੰ ਮਾਰਨਾ ਜਾਇਜ਼ ਹੈ ਤਾਂ ਮਨਾਂ ਨੂੰ ਮਾਰਨ, ਸੱਤਾ ਨੂੰ ਤੋੜਨ, ਨੇਕੀਆਂ ਬਰਬਾਦ ਕਰਨ ਤੇ ਭਲੇ ਮਾਣਸਾਂ ਨੂੰ ਗ਼ੁਲਾਮ ਕਰਨ ਵਾਲਿਆਂ ਦੁਸ਼ਟਾਂ ਨੂੰ ਮੁਕਾਣਾ ਕਿਉਂ ਰਵਾ ਨਹੀਂ। ਸੱਚ ਪੁੱਛੋ ਤਾਂ ਜਿਸ ਤਰ੍ਹਾਂ ਸਿਹਤ ਦੇ ਰਖਵਾਲੇ ਡਾਕਟਰਾਂ ਦੀਆਂ ਖ਼ਿਦਮਤਾਂ ਤੋਂ ਬਿਨਾਂ ਬੀਮਾਰੀਆਂ ਨਹੀਂ ਰੁਕ ਸਕਦੀਆਂ, ਓਦਾਂ ਹੀ ਬੀਰਾਂ ਦੇ ਉਪਕਾਰਾਂ ਤੋਂ ਬਿਨਾਂ ਮਾਨਸਕ ਰੋਗ ਡੱਕੇ ਨਹੀਂ ਜਾ ਸਕਦੇ।

ਗੁਰਸਿੱਖੀ ਵਿਚ ਚੜ੍ਹਦੀ ਕਲਾ ਤੇ ਉਸਦਾ ਫਲ ਰੂਪ, ਉਤਸ਼ਾਹ ਤੇ ਬੀਰ ਰਸ ਜੀਵਨ ਸਫਲਤਾ ਦੇ ਮੁੱਖ ਅੰਗ ਹਨ। ਅਰਦਾਸ ਵਿਚ ਜਦ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨਾਮ ਜਪਿਆ, ਧਰਮ ਕਿਰਤ ਕੀਤੀ, ਵੰਡ ਛਕਿਆ ਤੇ ਵੇਖ ਕੇ ਅਣਡਿੱਠ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਪਰਮੇਸ਼ਰ ਨੂੰ ਯਾਦ ਕਰੋ, ਤਾਂ ਉਥੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਸੱਚ ਬੋਲਿਆ, ਅਜਰ ਜਰਿਆ, ਸੀਸ ਦਿੱਤੇ, ਪੁਠੀਆਂ ਖੱਲਾਂ ਲੁਹਾਈਆਂ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਉਤਰਵਾਈਆਂ, ਚਰਖੜੀਆਂ ਤੇ ਚੜ੍ਹੇ, ਤੇਗ਼ ਵਾਹੀ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਪ੍ਰਭੂ ਨਾਲ ਚਿਤ ਜੋੜੋ। ਰੋਜ਼ਾਨਾ ਅਰਦਾਸ ਦਾ ਇਹ ਹਿੱਸਾ ਦਸਦਾ ਹੈ ਕਿ ਗੁਰਸਿੱਖੀ ਵਿਚ ਬੀਰ ਕਿਰਿਆ ਨੂੰ ਕਿਤਨੀ ਮਹੱਤਤਾ ਪ੍ਰਾਪਤ ਹੈ।

ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ ਸਮੇਂ ਕੈਦੀ ਬਣ, ਕੈਂਪ ਜੇਲ੍ਹ ਵਿਚ ਜਾ ਕੇ ਜੇਲ੍ਹ ਦੇ ਕਰਮਚਾਰੀਆਂ ਦੀ ਰਾਹੀਂ ਬਾਦਸ਼ਾਹ ਨਾਲ ਪਰੀਚਿਤ ਹੋ, ਬਾਬਰ ਵਰਗੇ ਜਾਬਰ ਨੂੰ ਸੱਚ ਜਾ ਸੁਣਾਇਆ ਤੇ ਉਸਦੀ ਵਧੀ ਹੋਈ ਤ੍ਰਿਸ਼ਨਾ ਨੂੰ ਰੋਕ ਪਾਈ।

ਏਸੇ ਤਰ੍ਹਾਂ ਹੀ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਵਿਹਾਰ ਇਤਨਾ ਨਰਮ-ਦਿਲੀ ਦਾ ਸੀ ਕਿ ਜਦ ਖਡੂਰ ਦੇ ਖਹਿਰੇ ਜੱਟਾਂ ਨੇ ਇਕ ਪਖੰਡੀ ਜੋਗੀ ਦੇ ਸਿਖਾਇਆਂ, ਸਤਿਗੁਰਾਂ ਕੋਲੋਂ ਮੀਂਹ ਪੁਆਉਣ ਦੀ ਮੰਗ ਕੀਤੀ ਤੇ ਸਤਿਗੁਰਾਂ ਦੇ ਇਹ ਕਹਿਣ 'ਤੇ ਕਿ ਮੀਂਹ ਪਾਉਣਾ ਕਰਤਾਰ ਦੇ ਵੱਸ ਹੈ, ਮੇਰੇ ਵੱਸ ਨਹੀਂ, ਉਹਨਾਂ ਨੂੰ ਪਿੰਡੋਂ ਨਿਕਲ ਜਾਣ ਲਈ ਕਿਹਾ ਤਾਂ ਆਪ ਆਸਣ ਚੁੱਕ ਪਿੰਡੋਂ ਨਿਕਲ ਗਏ। ਪਰ ਜਦ ਜੱਟਾਂ ਨੇ ਆਪਣੀ ਭੁੱਲ ਸਮਝ ਵਾਪਸ ਆਉਣ ਲਈ ਬੇਨਤੀ ਕੀਤੀ ਤਾਂ ਸਹਿਜੇ ਹੀ ਵਾਪਸ ਮੁੜ ਆਏ। ਜਦ ਆਪ ਦੇ ਕੋਲ ਹਮਾਯੂੰ ਬਾਦਸ਼ਾਹ ਆਇਆ ਤੇ ਆਪ ਭਜਨ ਅਨੰਦ ਵਿਚ ਮਸਤ ਹੋਏ ਅੱਗੋਂ ਨਾ ਉਠੇ, ਤਾਂ ਬਾਦਸ਼ਾਹ ਨੇ ਕ੍ਰੋਧ ਵਿਚ ਆ ਤਲਵਾਰ ਖਿੱਚ ਲਈ। ਚੜ੍ਹਦੀਆਂ ਕਲਾਂ ਵਾਲੇ ਸਤਿਗੁਰਾਂ ਨੇ ਮੁਸਕਰਾ ਕੇ ਕਿਹਾ, "ਐ ਹਮਾਯੂੰ! ਜਿਥੇ ਤਲਵਾਰ ਚਲਾਉਣੀ ਸੀ, ਉਥੋਂ ਡਰ ਕੇ ਭੱਜ ਆਇਆ ਹੈਂ ਤੇ ਫ਼ਕੀਰਾਂ 'ਤੇ ਤਲਵਾਰ ਕਢਦਾ ਹੈਂ, ਕੁਛ ਖ਼ਿਆਲ ਨਹੀਂ ਆਉਂਦਾ?" ਸ਼ੇਰ ਸ਼ਾਹ ਤੋਂ ਸ਼ਿਕੱਸਤ ਖਾ ਕੇ ਭੱਜਾ ਹੋਇਆ ਮੁਗ਼ਲ ਸਮਰਾਟ, ਇਹ ਸੱਚੀ ਗੱਲ ਸੁਣ ਕੇ ਸੱਚੇ ਰਾਹ ਪਿਆ।

ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਹਾਂਗੀਰ ਨਾਲ ਸੰਬਾਦ, ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਔਰੰਗਜ਼ੇਬ ਨਾਲ ਗੱਲ-ਬਾਤ, ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਫ਼ਰਨਾਮਾ, ਜਿਸ ਵਿਚ ਆਪਣੇ ਪੁੱਤਰਾਂ ਦੀ ਮੌਤ ਨੂੰ ਚੰਗਿਆਰਾਂ ਦੇ ਬੁਝ ਜਾਣ ਦਾ ਜ਼ਿਕਰ ਕੀਤਾ ਹੈ:

ਚਿ ਮਰਦੀ ਕਿ ਅਖਗਰ ਖਾਮੋਸ਼ਾ ਕੁੰਨੀ ਕਿ ਆਤਸ਼ ਦਮਰਾ ਫਿਰੋਜ਼ਾ ਕੁੰਨੀ

ਗੁਰਸਿੱਖੀ ਵਿਚ ਚੜ੍ਹਦੀ ਕਲਾ ਦੇ ਇਤਿਹਾਸ ਦਾ ਪਹਿਲਾ ਸੁਨਹਿਰੀ ਬਾਬ ਹੈ।

ਸਤਿਗੁਰਾਂ ਤੋਂ ਉਤਰ ਜਦ ਸਿੱਖੀ ਮੰਡਲ ਵੱਲ ਨਿਗਾਹ ਮਾਰਦੇ ਹਾਂ, ਤਦ ਗੁਰ ਚਰਨਾਂ ਦੀ ਛੋਹ ਪ੍ਰਾਪਤ ਕਰ, ਵਰੋਸਾਏ ਹੋਏ ਬੀਰ ਹਿਰਦੇ ਦਾ ਉਤਸ਼ਾਹ ਤੇ ਬੀਰ ਰਸ ਦੇ ਲਬਾ ਲਬ ਭਰੇ ਉਛਲ ਰਹੇ ਪਿਆਲੇ ਦਿਸ ਆਉਂਦੇ ਹਨ। ਛੋਟੇ ਛੋਟੇ ਵਾਕਿਆਤ ਵਿਚ ਭਾਰੀ ਝਲਕਾਂ ਵੱਜਦੀਆਂ ਦਿਸ ਆਉਂਦੀਆਂ ਹਨ। ਔਹ ਆਗਰੇ ਸ਼ਹਿਰ ਤੋਂ ਬਾਹਰ, ਜਮਨਾ ਦੇ ਕਿਨਾਰੇ, ਗੁਰੂ ਹਰਿਗੋਬਿੰਦ ਸਾਹਿਬ ਦੇ ਦੀਦਾਰ ਨੂੰ ਇਕ ਘਸਿਆਰਾ ਸਿੱਖ ਤੁਰਿਆ ਜਾਂਦਾ ਹੈ। ਪਿਆਰ ਭਰੀ ਨਜ਼ਰ ਹਿਤ ਦੋ ਪੈਸੇ ਪੱਲੇ ਤੇ ਸੇਵਾ ਲਈ ਹਰੀ ਹਰੀ ਤਾਜ਼ੀ ਘਾਹ ਦੀ ਇਕ ਪੰਡ ਸਿਰ 'ਤੇ ਹੈ। ਸਤਿਗੁਰਾਂ ਦੇ ਦਰਸ਼ਨ ਪਹਿਲਾਂ ਨਹੀਂ ਸਨ ਹੋਏ। ਰਾਜ ਯੋਗੀ ਦਾ ਹੁਲੀਆ ਕਿਸੇ ਤੋਂ ਸੁਣ, ਰਾਹ ਵਿਚ ਪੈਂਦੇ ਜਹਾਂਗੀਰ ਦੇ ਤੰਬੂ ਵਿਚ ਵੜ, ਬਾਦਸ਼ਾਹ ਦਾ ਕਲਗੀ ਤੋੜਾ ਤੇ ਲਿਬਾਸ ਤਕ ਭੁੱਲ ਗਿਆ। ਉਸ ਦਾ ਦੋਸ਼ ਨਹੀਂ ਸੀ। ਦੋਹਾਂ ਦੇ ਆਸਰੇ ਜੋ ਤੁਰਿਆ ਸੀ, ਕਿਸੇ ਦਾ ਦੱਸਿਆ ਹੋਇਆ ਨਿਸ਼ਾਨ, ਦੋਹਾਂ ਵਿਚ ਮਿਲਦਾ ਸੀ, ਇਸ ਕਰਕੇ ਚੂਕ ਹੋ ਗਈ।

ਏਕ ਸੇ ਜਬ ਦੋ ਹੂਏ ਤਬ ਲੁਤਫੇ ਯਕਤਾਈ ਨਹੀਂ
ਇਸ ਲੀਏ ਤਸਵੀਰੇ ਜਾਂ ਹਮ ਨੇ ਖਿਚਵਾਈ ਨਹੀਂ

ਸ਼ਹਿਨਸ਼ਾਹ ਸਾਹਮਣੇ ਘਾਹ ਤੇ ਟਕਾ ਰੱਖ, ਮੱਥਾ ਟੇਕ, ਸੱਜਲ ਨੈਣ ਹੋ ਕਹਿਣ ਲੱਗਾ,"ਮੈਨੂੰ ਮੋਹ ਦੀ ਮਾਰ ਤੋਂ ਬਚਾ, ਮੌਤ ਤੋਂ ਛੁਡਾ, ਕਾਲ ਦੇ ਭੈ ਦੀ ਫਾਂਸੀ ਕੱਟ।”

ਬਾਦਸ਼ਾਹ ਇਹ ਸੁਣ ਹੈਰਾਨ ਹੋ ਕੇ ਪੁੱਛਣ ਲੱਗਾ, “ਤੂੰ ਕਿਸ ਦੀ ਤਲਾਸ਼ ਵਿਚ ਹੈਂ?"

ਘਸਿਆਰੇ ਨੇ ਕਿਹਾ, “ਸਚੇ ਪਾਤਸ਼ਾਹ ਦੀ!

ਬਾਦਸ਼ਾਹ ਨੇ ਕਿਹਾ, “ਉਹਨਾਂ ਦਾ ਤੰਬੂ ਅਗੇ ਹੈ।”

ਬਾਦਸ਼ਾਹ ਦੇ ਦੱਸਣ 'ਤੇ ਬੜੀ ਬੇਪਰਵਾਹੀ ਨਾਲ, ਆਪਣਾ ਟਕਾ ਬਾਦਸ਼ਾਹ ਦੇ ਅੱਗੋਂ ਚੁੱਕ ਲਿਆ ਤੇ ਅਜੇ ਘਾਹ ਚੁੱਕਣ ਹੀ ਲੱਗਾ ਸੀ ਕਿ ਜਹਾਂਗੀਰ ਨੇ ਕਿਹਾ,"ਬਾਦਸ਼ਾਹ ਅਗੇ ਨਜ਼ਰਾਨਾ ਧਰ ਕੇ ਚੁੱਕੀਦਾ ਨਹੀਂ।” “ਬਾਦਸ਼ਾਹ ਭੀ ਰਿਆਇਆ ਦੀ ਰਖਸ਼ਾ ਕੀਤੇ ਬਿਨਾਂ ਨਜ਼ਰਾਨਾ ਲੈਣ ਦਾ ਹੱਕ ਨਹੀਂ ਰਖਦੇ,” ਇਹ ਸੀ ਉਤਸ਼ਾਹ-ਭਰੇ ਫ਼ਕੀਰ ਦੇ ਸੱਚੇ ਵਾਕ ਜੋ ਜਹਾਂਗੀਰ ਵਰਗੇ ਸ਼ਹਿਨਸ਼ਾਹ ਦੇ ਮੂੰਹ 'ਤੇ ਬੇਝਿਜਕ ਕਹੇ ਗਏ, ਜਿਸਦੇ ਗੁੱਸੇ ਤੋਂ ਡਰ, ਯੂਰਪ ਦੀਆਂ ਤਮਾਮ ਕੌਮਾਂ ਹਿੰਦੁਸਤਾਨ ਛੱਡ ਕੇ ਭੱਜ ਗਈਆਂ ਸਨ।

ਰਣ-ਖੇਤਰ ਵਿਚ ਤਾਂ ਗੁਰਸਿੱਖਾਂ ਦਾ ਇਹ ਜੌਹਰ ਸੋਲ੍ਹਾਂ ਕਲਾ ਸੰਪੂਰਨ ਹੋ ਚਮਕਦਾ ਹੈ। ਇਹ ਕਾਇਦਾ ਹੀ ਹੈ ਕਿ ਜੇ ਕੇਂਦਰੀ ਹਕੂਮਤ ਕਮਜ਼ੋਰ ਹੋ ਜਾਏ ਤਾਂ ਸੂਬਿਆਂ ਦਾ ਪ੍ਰਬੰਧ ਬਹੁਤ ਢਿੱਲਾ ਹੋ ਜਾਂਦੈ ਤੇ ਹਾਕਮ ਵੱਢੀ ਖੋਰ, ਰਿਆਇਆ ਵਿਚ ਭਾਰੀ ਹਲਚਲ ਮਚ ਜਾਂਦੀ ਹੈ। ਔਰੰਗਜ਼ੇਬ ਦੀਆਂ ਕਰਤੂਤਾਂ ਕਰਕੇ ਮੁਗ਼ਲ ਰਾਜ ਕਮਜ਼ੋਰ ਹੋ ਚੁੱਕਾ ਸੀ। ਸੂਬਿਆਂ ਵਿਚ ਲੁੱਟ ਮੱਚੀ ਹੋਈ ਸੀ। ਪੰਜਾਬ ਵਿਚ ਸਿੰਘ ਇਸ ਬੁਰਾਈ ਦੀ ਸੋਧ ਕਰ ਰਹੇ ਸਨ। ਰਾਜ ਦੇ ਕਰਮਚਾਰੀ, ਕੀ ਫ਼ੌਜੀ ਤੇ ਕੀ ਮੁਲਖੀ, ਸਭ ਪਰਜਾ ਨੂੰ ਪਾੜ ਪਾੜ ਖਾਣ ਤੇ ਉਹਨਾਂ ਦੇ ਰੱਖਿਅਕ ਸਿੰਘਾਂ ਨੂੰ ਮਕਾਉਣ 'ਤੇ ਲੱਕ ਬੰਨ੍ਹੀ ਫਿਰਦੇ ਸਨ। ਗੇਲੀਆਂ ਦੇ ਪਹਿਰੇ ਵਿਚੋਂ ਲੰਘ, ਭਾਈ ਬੋਤਾ ਸਿੰਘ ਤੇ ਉਹਨਾਂ ਦਾ ਇਕ ਸੰਗੀ ਸ੍ਰੀ ਅੰਮ੍ਰਿਤ ਸਰੋਵਰ ਵਿਚੋਂ ਇਸ਼ਨਾਨ ਕਰ, ਤਰਨ ਤਾਰਨ ਵੱਲ ਨੂੰ ਜਾ ਰਹੇ ਸਨ ਕਿ ਹਲ ਵਾਹੁੰਦੇ ਦੋ ਕਿਸਾਨਾਂ ਨੇ ਤੱਕੇ।

ਇਕ ਨੇ ਕਿਹਾ, “ਇਹ ਕੋਈ ਸਿੰਘ ਹਨ।”

ਦੂਜਾ ਬੋਲਿਆ, “ਸਿੰਘ ਹੁੰਦੇ ਤਾਂ ਹੁਣ ਤਕ ਸ਼ਹੀਦੀ ਨਾ ਪਾ ਜਾਂਦੇ।”

ਜੱਟਾਂ ਦੀ ਇਹ ਗੱਲ ਸੁਣ ਬੀਰ ਬੋਤਾ ਸਿੰਘ ਨੇ ਸਾਥੀ ਨੂੰ ਕਿਹਾ, “ਕਿਸਾਨ ਠੀਕ ਕਹਿੰਦਾ ਹੈ। ਇਤਨੇ ਅੱਤਿਆਚਾਰ ਦੇ ਰਾਜ ਵਿਚ ਸਾਡਾ ਜੀਊਂਦੇ ਤੁਰੇ ਫਿਰਨਾ ਬੀਰਤਾ ਲਈ ਲੱਜਿਆ ਹੈ। ਮਰਦਊ ਨੂੰ ਤਾਨ੍ਹਾ ਹੈ, ਸੂਰਮਤਾ ਨੂੰ ਦਾਗ਼ ਹੈ, ਆਓ ਪ੍ਰਗਟ ਹੋਈਏ।”

ਹੋ ਪਏ ਤਿਆਰ ਸੂਰਮੇ ਪ੍ਰਗਟ ਹੋਣ ਲਈ। ਤਰਨ ਤਾਰਨ ਦੇ ਪਾਸ ਨੂਰ ਦੀ ਸਰਾਂ ਦੇ ਕੋਲ ਸੜਕ ਰੋਕ ਲਈ। ਹਾਕਮਾਂ ਤਕ ਖ਼ਬਰ ਪੁਚਾਉਣ ਦੇ ਖ਼ਿਆਲ ਨਾਲ ਇਕ ਆਨਾ ਗੱਡਾ ਤੇ ਇਕ ਪੈਸਾ ਖੋਤਾ ਮਸੂਲ ਲੈਣਾ ਸ਼ੁਰੂ ਕਰ ਦਿੱਤਾ। ਪੁਲਸ ਦਾ ਥਾਣਾ ਪੱਟੀ ਸੀ। ਉਥੇ ਖ਼ਬਰ ਪੁੱਜੀ, ਪਰ ਮੁਗ਼ਲ ਕੋਤਵਾਲ ਇਸ ਖ਼ਬਰ ਨੂੰ ਸੁਣ ਕੇ ਚੁਪ ਰਿਹਾ। ਕੁਝ ਦਿਨ ਹੋਰ ਲੰਘ ਗਏ, ਫਿਰ ਭੀ ਸਰਕਾਰੀ ਹਾਕਮ ਕੋਈ ਨਾ ਪੁੱਜਾ। ਬੀਰ ਬੋਤਾ ਸਿੰਘ ਨੇ ਸਾਥੀ ਨੂੰ ਕਿਹਾ, “ਮਸੂਲ ਦੇ ਪੈਸਿਆਂ ਦੀ ਮਾਇਆ ਜੋੜਨੀ ਤਾਂ ਸਾਡਾ ਮਨੋਰਥ ਨਹੀਂ, ਅਸਾਂ ਤਾਂ ਸ਼ਹੀਦੀ ਪਾ ਜ਼ੁਲਮ ਰਾਜ ਨੂੰ ਮੁਕਾਉਣਾ ਹੈ। ਉਸਦਾ ਕੋਈ ਬਾਨ੍ਹਣੂ ਬੰਨ੍ਹੀਏ। ਚਲੋ, ਜੇ ਕੋਈ ਅਫ਼ਸਰ ਸੜਕ ਦੀ ਰੋਕ ਤੇ ਮਸੂਲ ਲੈਣ ਦੀ ਖ਼ਬਰ ਸੁਣ ਕੇ ਵੀ ਨਹੀਂ ਆਉਂਦਾ ਤਾਂ ਕੋਈ ਹੋਰ ਹੀਲਾ ਕਰੀਏ। ਮਾਲੂਮ ਹੁੰਦਾ ਹੈ ਕਿ ਪੱਟੀ ਦਾ ਹਾਕਮ, ਸੂਬੇ ਤਕ ਖ਼ਬਰ ਨਹੀਂ ਪੁੱਜਣ ਦੇਂਦਾ ਸੋ ਅਸੀਂ ਸੂਬੇ ਨੂੰ ਇਕ ਚਿੱਠੀ ਲਿਖ ਭੇਜੀਏ।” ਮੁੱਦਾ ਲਾਹੌਰ ਨੂੰ ਸਿੱਧੀ ਚਿੱਠੀ ਲਿਖੀ ਗਈ, ਜੋ ਅੱਖਰਾਂ ਦੇ ਪ੍ਰਭਾਵ ਦੇ ਲਿਹਾਜ਼ ਨਾਲ ਬੀਰਤਾ ਦੇ ਇਤਿਹਾਸ ਵਿਚ ਸਭ ਤੋਂ ਉੱਚੀ ਜਗ੍ਹਾ ਪ੍ਰਾਪਤ ਕਰ ਸਕਦੀ ਹੈ।

ਚਿੱਠੀ ਵਿਚ ਸੂਬੇ ਨੂੰ ਇਹ ਦੱਸਿਆ ਗਿਆ ਹੈ ਕਿ ਤੁਹਾਡੇ ਜ਼ੁਲਮ-ਰਾਜ ਦੇ ਮੁਕਾਬਲੇ 'ਤੇ ਬਗ਼ਾਵਤ ਦਾ ਝੰਡਾ ਚੁੱਕ ਕੇ ਮੈਂ ਕਈ ਦਿਨਾਂ ਤੋਂ ਨੂਰ ਦੀ ਸਰਾਂ ਕੋਲ ਖੜੋਤਾ ਤੁਹਾਡੇ ਤਕ ਖ਼ਬਰ ਪਹੁੰਚਾਣ ਲਈ ਲੋਕਾਂ ਕੋਲੋਂ ਮਸੂਲ ਉਗਰਾਹ ਰਿਹਾ ਹਾਂ। ਮੇਰੇ ਕੋਲ ਸ਼ਸਤਰ ਕੇਵਲ ਇਕ ਮੋਟਾ ਜਿਹਾ ਸੋਟਾ ਹੈ ਪਰ ਧਰਮ ਨਿਆਏ ਦਾ ਮੁਦਈ, ਸੱਚ ਦੇ ਸਹਾਰੇ ਰੋਸ ਪ੍ਰਗਟ ਕਰਨ ਦਾ ਨਿਸ਼ਾਨ, ਸੋਟਾ ਹੱਥ ਵਿਚ ਲਈ ਸਰਕਾਰੀ ਫ਼ੌਜਾਂ ਦੀ ਉਡੀਕ ਕਰ ਰਿਹਾ ਹਾਂ:

ਆਨਾ ਗੱਡਾ ਪੈਸਾ ਖੋਤਾ।
ਇਹ ਜਗਾਤ ਲੈਂਦਾ ਸਿੰਘ ਬੋਤਾ।
ਹਥ ਵਿਚ ਰਖਦਾ ਏ ਮੋਟਾ ਸੋਟਾ।

ਸੂਬੇ ਨੇ ਲਾਹੌਰ ਤੋਂ ਫ਼ੌਜ ਨੂੰ ਹੁਕਮ ਦੇ ਕੇ ਨੂਰ ਦੀ ਸਰਾਂ ਵੱਲ ਰਵਾਨਾ ਕਰ ਦਿੱਤਾ। ਫ਼ੌਜ ਲਾਹੌਰੋਂ ਆ ਗਈ, ਗਿਣਤੀ ਵਿਚ ਪੰਜ ਸੌ ਜੁਆਨ ਸੀ। ਉਨ੍ਹਾਂ ਨੇ ਬੀਰਾਂ ਕੋਲੋਂ ਸ਼ਸਤਰ ਸੁੱਟ ਆਪਣੇ ਆਪ ਨੂੰ ਹਵਾਲੇ ਕਰ ਦੇਣ ਦੀ ਮੰਗ ਕੀਤੀ। ੧ਜਥੇਦਾਰ ਨੇ ਕਿਹਾ, “ਆਪਣਾ ਆਪ ਇਕ ਵੇਰ ਗੁਰੂ ਪੰਥ ਦੇ ਹਵਾਲੇ ਕਰ ਚੁੱਕੇ ਹਾਂ। ਇਸ ਮਿੱਟੀ ਦੀ ਮੜੋਲੀ ਤਨ ਦੇ ਬਚਾਅ ਲਈ ਅਮਾਨਤ ਵਿਚ ਖ਼ਿਆਨਤ ਕੌਣ ਕਰੇ।” ਓੜਕ ਸਿੰਘਾਂ ਨੇ ਬੀਰ ਕਿਰਿਆ ਕੀਤੀ ਤੇ ਸ਼ਹੀਦੀ ਪਾ ਕੇ ਸਚਖੰਡ ਸਮਾ ਗਏ।

(੧. ਸਿੰਘ ਦੋ ਰਲ ਤੁਰਨ ਤਾਂ ਜਥਾ ਕਿਹਾ ਜਾਂਦਾ ਹੈ ਤੇ ਮਰਯਾਦਾ ਅਨੁਸਾਰ ਇਕ ਨੂੰ ਜਥੇਦਾਰ ਥਾਪ ਲਿਆ ਜਾਂਦਾ ਹੈ, ਇਸ ਜਥੇ ਵਿਚ ਭਾਈ ਬੋਤਾ ਸਿੰਘ ਜਥੇਦਾਰ ਸੀ ਜਿਸ ਕਰਕੇ ਉਹਨਾਂ ਦਾ ਨਾਂ ਹੀ ਬਾਰ ਬਾਰ ਪ੍ਰਸੰਗ ਵਿਚ ਲਿਆ ਗਿਆ ਹੈ।)

ਇਹ ਬੀਰ ਸਾਕੇ ਕੁਝ ਮੁਲਕਗ਼ੀਰੀ ਦੇ ਖ਼ਿਆਲ ਨਾਲ ਨਹੀਂ ਹੋਏ। ਇਹ ਨਾਮ- ਅਭਿਆਸੀ ਸਾਧੂਆਂ ਦੇ ਬੀਰ ਰਸ ਦੇ ਚਮਤਕਾਰ ਸਨ। ਮੱਲਾਂ ਮਾਰਨ ਵਾਲੇ ਸਿਪਾਹੀ ਏਥੋਂ ਤਕ ਨਹੀਂ ਪੁੱਜ ਸਕਦੇ। ਸਿਪਾਹੀ ਤਾਂ ‘ਸਾਅਦੀ' ਦੇ ਕਹੇ ਅਨੁਸਾਰ ‘ਜ਼ਰ ਲੈਂਦਾ ਤੇ ਸਿਰ ਦੇਂਦਾ ਹੈ, ਜੇ ਉਸ ਨੂੰ ਜ਼ਰ ਨਾ ਦਿਓ ਤਾਂ ਸਿਰ ਨਹੀਂ ਦੇਂਦਾ।

ਜ਼ਰ ਬਦੇਹਿ ਮਰਦੇ ਸਿਪਾਹੀ ਰਾ, ਤਾ ਸਰ ਬਿਦਹਦ
ਵਗਰਸ ਜ਼ਰ ਨਾ ਦਹੀ, ਸਰ ਬਿਨਹਦ ਦਰ ਆਲਮ।

ਪਰ ਸੰਤ ਅਜਿਹੇ ਸੌਦੇ ਨਹੀਂ ਕਰਦੇ, ਉਹ ਬਦੇਹ ਮੁਕਤ ਹੁੰਦੇ ਹਨ। ਸਰੀਰ ਨੂੰ ਸੇਵਾ ਲਈ ਪਾਲਦੇ ਹਨ ਤੇ ਜਦ ਸੇਵਾ ਕੁਰਬਾਨੀ ਮੰਗੇ ਤਾਂ ਹੱਸ ਕੇ ਦੇਂਦੇ ਹਨ। ਨਿਜ ਅਨੰਦ ਵਿਚ ਮਸਤ ਸਾਧੂ, ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ, ਮਹਾਂਬੀਰ ਬਾਬਾ ਦੀਪ ਸਿੰਘ ਦੀ ਪਈ ਹੋਈ ਤਸਵੀਰ, ਹਰ ਦਰਸ਼ਕ ਨੂੰ ਇਸ ਸੱਚਾਈ ਦਾ ਪਰਚਾ ਪਾਂਦੀ ਹੈ। ਧਰਮ ਯੁਧ ਕਰਦਿਆਂ, ਜਰਵਾਣਿਆਂ ਦੀ ਫ਼ੌਜ ਦਾ ਭਾਰੀ ਜ਼ੋਰ ਹੋਣ ਕਰਕੇ ਬਾਬਾ ਜੀ ਘਿਰ ਗਏ, ਕਿਸੇ ਦੇ ਵਾਰ ਨਾਲ ਗਰਦਨ ਕੱਟੀ ਗਈ ਪਰ ਨਿਜ ਅਨੰਦ ਵਿਚ ਮਸਤ ਬੀਰ ਨੇ ਕੱਟੀ ਹੋਈ ਗਰਦਨ ਇਕ ਹੱਥ ਨਾਲ ਸੰਭਾਲ, ਦੂਸਰੇ ਹੱਥ ਨਾਲ ਖੰਡਾ ਵਾਹੁੰਦਿਆਂ ਹੋਇਆਂ, ਕਾਫ਼ੀ ਫ਼ਾਸਲਾ ਤਹਿ ਕਰ, ਕੱਟੇ ਹੋਏ ਸੀਸ ਨਾਲ ਮੱਥਾ ਪਰਕਰਮਾ ਵਿਚ ਆਣ ਟੇਕਿਆ। ਏਸੇ ਤਰ੍ਹਾਂ ਹੀ ਪਰਮ ਸੰਤ ਬਾਬਾ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ, ਕਈ ਮਹੀਨਿਆਂ ਤੀਕ ਟੁੱਟੀ ਹੋਈ ਲੱਤ ਕਾਠੀ ਨਾਲ ਬੰਨ੍ਹ ਧਰਮ ਯੁੱਧ ਕਰਦੇ ਰਹੇ।

ਸਿੱਖ ਇਤਿਹਾਸ ਵਿਚ ਇਹੋ ਜਿਹੇ ਬੀਰਾਂ ਨੂੰ ਭੁਝੰਗੀ ਤੇ ਕਦੀ ਕਦੀ ਲਾਡਲੀਆਂ ਫ਼ੌਜਾਂ ਕਰਕੇ ਵੀ ਲਿਖਿਆ ਗਿਆ ਹੈ। ਇਹ ਉਮਰ ਦੇ ਲਿਹਾਜ਼ ਤੋਂ ਉਤੇ, ਮਨ ਕਰਕੇ ਸਦਾ ਜੁਆਨ ਮਹਾਂਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਸਮਝੇ ਜਾਂਦੇ ਹਨ। ਇਹ ਉਸਨੂੰ ਸਨ ਭੀ ਲਾਡਲੇ ਤੇ ਹੋਣ ਭੀ ਕਿਉਂ ਨਾ, ਉਸ ਨੇ ਮਾਸੂਮ ਬਿੰਦੀ ਪੁੱਤਰ ਵਾਰ, ਨਾਦੀ ਪੁੱਤਰ ਲਏ ਸਨ। ਇਹ ਕਈ ਵੇਰਾਂ ਬੀਰਤਾ ਦੀਆਂ ਸਿਖਰਾਂ ਤੇ ਚੜ੍ਹ ਲਾਡ ਵੱਸ ਪਿਤਾ ਨਾਲ ਭੀ ਸ਼ਰਤਾਂ ਬੰਨ੍ਹ ਬਹਿੰਦੇ ਸਨ। ਬਿਹੰਗਮ, ਨਾ ਕੋਈ ਘਰ ਬੰਨ੍ਹਣਾ ਨਾ ਘਾਟ, ਬਿਨਾਂ ਨਾਮ ਸਿਮਰਨ, ਸਿਦਕ ਤੇ ਸੇਵਾ ਦੇ ਕਿਸੇ ਚੀਜ਼ ਨੂੰ ਨਾ ਅਪਨਾਣਾ, ਉਪਕਾਰ ਹਿਤ ਦੂਸਰਿਆਂ ਦੀ ਮਦਦ 'ਤੇ ਚੜ੍ਹ ਦੌੜਨਾ, ਔਹ ਦੇਖੋ ਸਰਹੱਦ 'ਤੇ ਪਠਾਣ, ਸਿੰਘ ਰਾਜ ਤੋਂ ਬਗ਼ਾਵਤ ਕਰ, ਭਾਰਤ-ਵਰਸ਼ ਦੀਆਂ ਪੁਰਾਣੀਆਂ ਲੁੱਟਾਂ ਤੇ ਢੱਕਾਂ ਬੰਨ੍ਹ ਖੜਨ ਦੇ ਸੁਪਨੇ ਲੈਂਦੇ ਹੋਏ, ਨੌਸ਼ਹਿਰੇ ਦੇ ਗਿਰਦ ਆਣ ਇਕੱਠੇ ਹੋਏ। ਹੈਦਰੀ ਝੰਡਾ ਖੜਾ ਸੀ। ਜਰਨੈਲ ਹਰੀ ਸਿੰਘ ਦੇ ਗੁਜ਼ਰ ਜਾਣ ਦੀ ਖ਼ਬਰ ਨੇ ਬਾਗੀਆਂ ਦੇ ਹੌਸਲੇ ਦੂਣੇ ਕਰ ਦਿੱਤੇ ਸਨ। ਪਹਾੜਾਂ ਦੀਆਂ ਧਾਰਾਂ ਕਾਲੀ-ਪੋਸ਼ਾਂ ਦੀਆਂ ਡਾਰਾਂ ਨਾਲ ਮਾਖਿਓ ਦੇ ਛੱਤੇ ਬਣੇ ਦਿਸ ਆਉਂਦੇ ਸਨ। ਤੋਪਖ਼ਾਨਾ ਪਿਛੋਂ ਪੁੱਜਾ ਨਹੀਂ ਸੀ। ਰਣਜੀਤ ਸਿੰਘ ਮਹਾਰਾਜਾ ਘਬਰਾ ਰਿਹਾ ਸੀ, ਪਰ ਨਿਆਏ ਰਾਜ ਦੀ ਮਦਦ 'ਤੇ ਆਇਆ ਹੋਇਆ ਨਿਹੰਗ ਫੂਲਾ ਸਿੰਘ ਅਕਾਲੀ ਗੁਰੂ ਕਾ ਭੁਝੰਗੀ, ਕਲਗੀਆਂ ਵਾਲੇ ਪਿਤਾ ਦੀ ਲਾਡਲੀ ਫ਼ੌਜ, ਦੁਸ਼ਮਣ ਦੀ ਬਹੁ-ਗਿਣਤੀ ਤੇ ਤੋਪਾਂ ਦੀ ਤੋਟ ਤੋਂ ਬੇਪਰਵਾਹ ਹੋ ਬੀਰ ਰਸ ਮੱਤਾ, ਯੁਧ ਲਈ ਤਿਆਰ ਹੋ ਗਿਆ। ਮਹਾਰਾਜਾ ਤੇ ਉਸਦੇ ਨੀਤੀਵਾਨ ਸਾਥੀ ਰੋਕਾਂ ਪਾ ਰਹੇ, ਪਰ ਸ਼ੌਕੇ ਸ਼ਹਾਦਤ ਨੇ ਕੀ ਰੁਕਣਾ ਸੀ। ਜਿਉਂ ਜਿਉਂ ਸਿਆਣਪ ਰੋਕੇ, ਇਸ਼ਕ ਵਧੇਰੇ ਮੱਚੇ। ਓੜਕ ਉਠ ਖਲੋਤਾ, ਅਰਦਾਸ ਕੀਤੀ, ਪਰ ਲਾਡਾਂ ਭਰੀ ਜੋ ਲਾਡਲਿਆਂ ਨੂੰ ਹੀ ਬਣ ਆਉਂਦੀ ਹੈ। ਆਖ਼ਰ ਆਖਿਓਸੁ, “ਪਿਤਾ ਕਲਗੀਧਰ ਜੇ ਮੈਂ ਸਨਮੁਖ ਨਾ ਹੋ ਮਰਾਂ ਤਾਂ ਤੇਰਾ ਪੁੱਤਰ ਕਾਹਦਾ, ਜੇ ਧਰਮ ਨੂੰ ਫ਼ਤਹਿ ਨਾ ਬਖ਼ਸ਼ੇ ਤਾਂ ਤੂੰ ਪਿਤਾ ਕੀ।”

ਇਹ ਅਰਦਾਸ ਸਾਰੇ ਸਿੱਖ ਇਤਿਹਾਸ ਵਿਚ ਇੱਕੋ ਹੀ ਹੈ ਤੇ ਇਕ ਨੂੰ ਹੀ ਕਰਨੀ ਬਣ ਆਈ ਸੀ। ਪ੍ਰਵਾਨ ਹੋ ਗਈ, ਭੁਝੰਗੀ ਗੋਲੀਆਂ ਦੇ ਮੀਂਹ ਵਿਚੋਂ ਲੰਘਦਾ ਪਹਾੜੀ ਦੀ ਸਿਖਰ 'ਤੇ ਪੁੱਜ, ਸਨਮੁਖ ਜਾ ਜੂਝਿਆ, ਪਰ ਓਸ ਵੇਲੇ ਲੋਕਾਂ ਨੇ ਚੁਤਰਫ਼ੋਂ ਡਿੱਠਾ ਕਿ ਪਹਾੜੀ ਦੇ ਸਿਖਰ 'ਤੇ ਲੁਟੇਰਿਆਂ ਦੀ ਥਾਂ ਪਰਜਾ ਦੇ ਰੱਖਿਅਕਾਂ ਦਾ ਝੰਡਾ ਲਹਿਰਾ ਰਿਹਾ ਸੀ। ਬੀਰ ਸਦਾ ਅੰਦਰੋਂ ਮਿਠੇ ਤੇ ਬਾਹਰੋਂ ਕਰੜੇ ਵਰਤਦੇ ਹਨ। ਉਹਨਾਂ ਦੇ ਜੀਵਨ ਦੀ ਸਹੀ ਤਸਵੀਰ, ਖੰਡੇ ਦੀ ਪਾਹੁਲ ਤੋਂ ਬਣਦੀ ਹੈ, ਜਿਸ ਵਿਚ ਖੰਡਾ ਤੇ ਪਤਾਸੇ ਦੋਵੇਂ ਪਾਣੀ ਵਿਚ ਘੋਲ ਕੇ ਪਿਲਾਏ ਜਾਂਦੇ ਹਨ:

ਖੰਡੇ ਤੋਂ ਪੈਦਾ ਹੋਏ ਹਾਂ, ਖੰਡੇ ਦੇ ਵਾਂਗਰ ਤਿਖੇ ਹਾਂ।
ਪੀਤੇ ਨੇ ਨਾਲ ਪਤਾਸੇ ਵੀ, ਜਿਸ ਕਰਕੇ ਨਾਲੇ ਮਿਠੇ ਹਾਂ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ