Chauthi Koot : Waryam Singh Sandhu

ਚੌਥੀ ਕੂਟ : ਵਰਿਆਮ ਸਿੰਘ ਸੰਧੂ

ਜਿਉਂ ਹੀ ਸੂਰਜ ਦੂਰ ਪੱਛਮ ਵਿਚ, ਉੱਚੇ ਲੰਮੇ ਰੁੱਖਾਂ ਵਿਚੋਂ ਦੀ ਹੇਠਾਂ ਤੇ ਫੇਰ ਹੋਰ ਹੇਠਾਂ ਹੋਣ ਲੱਗਾ ਤਾਂ ਮੇਰਾ ਦਿਲ ਵੀ ਜਿਵੇਂ ‘ਧੱਕ’ ਕਰਕੇ ਹੇਠਾਂ ਬੈਠਣ ਲੱਗਾ ਸੀ ।

ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਵੱਲ ਤੇ ਫੇਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਵੇਖ ਰਿਹਾ ਸਾਂ । ਸੱਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ, ਉਹਦੇ ਚਿਹਰੇ ਤੋਂ ਭੈਅ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ ਤਾਂ ਉਹ ਅੱਗੋਂ ਮੁਸਕਰਾ ਪਿਆ ਸੀ।

“...ਇਹ ਡਰੈਵਰ ਵੀ ਬੜੀ ਕੁੱਤੀ ਸ਼ੈਅ ਵੇ । ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲ਼ੀ ਕਰ ਲੈਂਦਾ ਮਾਂ ਨੂੰ । ਜਿਵੇਂ ਅਗਲੇ ਨੂੰ ਆਖਦਾ ਹੋਵੇ, ‘ਮਹਾਰਾਜ ! ਪਹਿਲਾਂ ਤੁਸੀਂ ਲੰਘਾ ਲੋ... ਮੈਂ— ਆਖੋ ਤਾਂ ਪਾਸੇ ਕਰਕੇ ਰੋਕ ਦਿੰਦਾਂ, ਹੂੰਅ ਕਿਸੇ ਬੱਕਰੀ ਦੀ ਔਲਾਦ !"

ਤੇ ਉਸਨੇ ਨਾ-ਪਸੰਦਗੀ ਦੇ ਅੰਦਾਜ਼ ਵਿਚ ਪਾਸੇ ਨੂੰ ਸਿਰ ਮਾਰਿਆ।

ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਗਿਣਤੀ ਵਿਚ ਦੋ ਵੱਧ ਸਨ। ਮੈਂ ਪਰੇਸ਼ਾਨ ਜਿਹਾ ਹੋ ਗਿਆ। ਇੰਜ ਲੱਗਾ ਜਿਵੇਂ ਕਾਹਲੀ ਅਤੇ ਭੁਲੇਖੇ ਵਿਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇਕ ਵਾਰ ਫੇਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ-ਬਰਾਬਰ ਸਨ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸਾਂ ਸੁਖ ਦਾ ਸਾਹ ਲੈ ਕੇ ਇਕ ਪਲ ਸੀਟ ਨਾਲ ਢੋਅ ਲਾ ਲਈ ਅਤੇ ਜੇਬ ਵਿਚੋਂ ਛੋਟੀ ਕੰਘੀ ਕੱਢ ਕੇ ਵਾਲਾਂ ਵਿਚ ਫੇਰਨ ਲੱਗਾ।

ਫੇਰ ਕੰਘੀ ਜੇਬ ਵਿਚ ਪਾ ਕੇ, ਬਾਰੀ ਵਿੱਚੋਂ ਬਾਹਰ ਫ਼ੈਲ ਰਹੇ ਸ਼ਾਮ ਦੇ ਘੁਸਮੁਸੇ ਵਿਚ ਨਜ਼ਰ ਗੱਡ ਦਿੱਤੀ।

ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਲਈ ਮਿਲੇ ਸੁਖ ਉਤੇ ਫਿਰ ਸਿਆਹੀ ਫ਼ੈਲ ਗਈ ਸੀ।

ਸੂਰਜ ਡੁੱਬੇ ਤੋਂ ਬਾਅਦ ਬੱਸ ਵਿਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਸੀ।

ਤੇ ਫੇਰ ਏਸ ਦਿਸ਼ਾ ਵਿਚ ?

ਪਿਛਲੇ ਦਿਨੀ ਦਿੱਲੀ ਰਹਿੰਦੇ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਸ ਲਿਖਿਆ ਸੀ: ਜੀ ਤਾਂ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ। ਪਰ ਭਰਾਵਾ! ਸੱਚੀ ਪੁੱਛੇਂ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦੈ ਤੇ ਪੰਜਾਬ ਵਿਚ ਅੱਗੇ ਅੰਮ੍ਰਿਤਸਰ ਆਉਣਾ ਤਾਂ ਛੋਟੇ ਹੁੰਦਿਆਂ ਨਾਨੀ ਕੋਲੋਂ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਿਵਾ ਦਿੰਦਾ ਹੈ। ਯਾਦ ਹੈ ਨਾ ਤੈਨੂੰ ਉਹ ਬਾਤ ? ਆਪਾਂ ਕੱਠਿਆਂ ਰਜਾਈ ਦੀ ਬੁੱਕਲ ਵਿਚ ਬੈਠ ਕੇ ਉਸ ਤੋਂ ਕਈ ਵਾਰੀ ਸੁਣੀ ਸੀ। ਉਦੋਂ ਜਦੋਂ ਚੌਥੀ ਵਿਚ ਪੜ੍ਹਦਿਆਂ ਮੈਂ ਤਿੰਨ ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸਾਂ। ਮੈਨੂੰ ਮਿਆਦੀ ਬੁਖ਼ਾਰ ਹੋ ਗਿਆ ਸੀਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟਿਕਾ ਕੇ ਲਿਆਈ ਸੀ। ਸਰੋਵਰ ਵਿਚ ਇਸ਼ਨਾਨ ਕਰਵਾ ਕੇ ਵੀ... ‘ਦੁਖ-ਭੰਜਨੀ ਬੇਰੀ ਹੇਠਾਂ। ਸ਼ਾਮੀਂ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ, ਉਹ ‘ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ' ਕਰਦੀ ਰਹਿੰਦੀ ਸੀ। ਜੀ ਤੇ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ । ਪਤਾ ਨਹੀਂ ਹੋਰ ਸਾਲ ਹੈ ਕਿ ਛੇ ਮਹੀਨੇ । ਬੱਸ ਭਰਾਵਾ! ਡਰਦਾ ਨਹੀਂ ਆ ਰਿਹਾ। ਬਹਾਨਾ ਹੋਰ ਕੋਈ ਨਹੀਂ। ਐਹ ਪੰਜ ਸੌ ਰੁਪੈ ਦਾ ਡਰਾਫ਼ਟ ਭੇਜ ਰਿਹਾਂ । ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦਈਂ। ਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮਾਫ਼ੀ ਮੰਗ ਲਈਂ । ਉਂਜ, ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕੀਹਦਾ ਜੀ ਨਹੀਂ ਕਰਦਾ! ਪਰ ...

ਮੇਰੇ ਮਨ ਵਿਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ, ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਗਈ ਸੀ ਕਿ ਉਹ ਤਿੰਨੇ ਕੂਟਾਂ ਵੱਲ ਤਾਂ ਬੇਫ਼ਿਕਰੀ ਨਾਲ ਜਾ ਸਕਦਾ ਸੀ, ਪਰ ਚੌਥੀ ਕੂਟ ਵੱਲ ਨਹੀਂ। ਕਿਉਂਕਿ ਚੌਥੀ ਕੂਟ ਵੱਲ ਜਾਇਆ, ਪੈਰ ਪੈਰ ਤੇ ਮੋੜ ਮੋੜ ਤੇ ਉਸਦੀ ਜਾਨ ਨੂੰ ਖ਼ਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਊਂਦਾ ਵਾਪਸ ਨਹੀਂ ਸੀ ਆ ਸਕਦਾ।

ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸ ਨੂੰ ਚੌਥੀ ਕੂਟ ਵੱਲ ਲੈ ਹੀ ਤਾਂ ਗਈ ਸੀ।

ਤੇ ਉਹ ਸਭ ਖ਼ਤਰਿਆਂ ਨਾਲ ਇਕੱਲਾ ਹੀ ਜੂਝ ਕੇ, ਸਿਰਫ਼ ਜਿਊਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ।

ਨਾਂ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ! ਮੈਂ ਤਾਂ ਅੰਮ੍ਰਿਤਸਰ ਜ਼ਿਲੇ ਦੇ, ਦੂਰ ਬਾਰਡਰ ਦੇ, ਇਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ-ਜਿਸਦੇ ਮਨ ਵਿਚ ਸਿਰਫ਼ ਏਨੀ ਜਗਿਆਸਾ ਸੀ ਕਿ ਬੱਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ... ਘੱਟੋ ਘੱਟ ਆਖ਼ਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚਲਦੀ ਹੈ।

ਤੇ ਬਹਾਦਰੀ !

...ਉਂਜ ਜਿਨ੍ਹਾਂ ਪਿੰਡਾਂ ਵਿਚ ਜਾ ਕੇ ਮੈਂ ਡਿਊਟੀ ਦਿੰਦਾ, ਉਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਲਈ ਬਹਾਦਰੀ ਤੋਂ ਘੱਟ ਨਹੀਂ। ਨਾਲੇ ਕਾਹਦੀ ਬਹਾਦਰੀ ਹੁਣ ? ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ, ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲਾ ਕਰਨ ਦੇ ਵੇਲੇ ਦਾ ਕੁਝ ਵੀ ਤਾਂ ਪਤਾ ਨਹੀਂ।

ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਤਾਂ ਉਸ ਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉੱਘੜ ਆਈਆਂ।

‘ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਵੇਗੀ।'

ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਵੇਖ ਕੇ ਮੁਸਕਰਾਇਆ ਤੇ ਕਿਤਿਉਂ ਪੜ੍ਹੀ ਗੱਲ ਉਸ ਨੂੰ ਸੁਣਾਈ।

"ਏਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ ਐ... ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਵਾਰ ਹੋਵੇਗੀ।”

ਜੁਗਲ ਹੱਸ ਪਿਆ ਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਤੇ ਫੇਰ ਪੜ੍ਹਨ ਲੱਗਾ, “ਸਿਰ ਅਤੇ ਬਾਜ਼ੂ ਬਾਹਰ ਨਾ ਕੱਢੋ ਜੀ।” ਤੇ ਉਹ ਫਿਰ ਬੱਸਾਂ ਵਿਚ ਆ ਵੜਨ ਵਾਲੇ ਪਿਸਤੌਲ-ਧਾਰੀਆਂ ਦੇ ਹਵਾਲੇ ਨਾਲ ਉਹਨਾਂ ਵੱਲੋਂ ਹੀ ਆਖਣ ਲੱਗਾ, "ਸਿਰ ਅਤੇ ਬਾਜ਼ੂ ਬਾਹਰ ਨਾ ਕੱਢੋ ਜੀ... ਅਸੀਂ ਅੰਦਰ ਹੀ ਆ ਜਾਂਦੇ ਹਾਂ..."

ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ, ਪਰ ਸਾਡੇ ਹਾਸੇ ਵਿਚ ਵੀ ਸਹਿਮ ਰਲਿਆ ਹੋਇਆ ਸੀ।

ਚੰਡੀਗੜ੍ਹ ਡੀ. ਪੀ. ਆਈ. ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ ਪੰਜ ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖ਼ਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਤੇ ਰਹਿਣ ਲਈ ਕੋਈ ਠਾਹਰ ਨਾ ਹੋਵੇ ਤਾਂ ਸਾਡੇ ਵਰਗੇ ਲੋਕਾਂ ਲਈ ਜੋ ਮੁਸ਼ਕਲ ਬਣਦੀ ਹੈ, ਉਸਦਾ ਅਨੁਮਾਨ ਲਾਉਣਾ ਔਖਾ ਨਹੀਂ। ਖ਼ਾਸ ਤੌਰ 'ਤੇ ਅਜੋਕੇ ਸਮਿਆਂ ਵਿਚ, ਜਦੋਂ ਰਹਿਣ ਦੀ ਹੀ ਨਹੀਂ, ਜਾਨ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਆਣ ਖੜ੍ਹੀ ਹੁੰਦੀ ਹੈ।

ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸਾਂ। ਰਾਤ ਘਰ ਨਾ ਪਹੁੰਚਣ ਦਾ ਮਤਲਬ ਸੀ, ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈਅ ਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ । ਸ਼ਾਦੀ ਗ਼ਮੀ 'ਤੇ ਜਾਣ ਤੋਂ ਬਿਨਾਂ ਮੈਂ ਤਾਂ ਹੁਣ ਕਦੀ ਰਾਤ ਬਾਹਰ ਹੀ ਨਹੀਂ ਸਾਂ ਠਹਿਰਦਾ । ਸੂਰਜ ਡੁੱਬਣ ’ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸਨ। ਇਕ ਗੱਲ ਹੋਰ ਵੀ ਸੀ—ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ । ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਸ ਨੇ ਦਸ ਹਜ਼ਾਰ ਰੁਪੈਆ ਮੈਨੂੰ ਹੱਥ ਹੁਦਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸ ਨੂੰ ਮੋੜਨਾ ਸੀ। ਉਂਜ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆ, ਬਾਸਮਤੀ ਦੇ ਚੌਲ, ਗੁੜ ਗੰਨੇ ਲੋੜ ਅਨੁਸਾਰ ਲੈ ਆਈਦੇ ਸਨ । ਆਪਾਂ ਵੀ ਕਦੀ ਉਸ ਨਾਲ ਬਾਊਆਂ ਵਾਲੀ ਗੱਲ ਨਹੀਂ ਕੀਤੀ। ਐਫੀਸ਼ੀ ਬਾਰ ਦਾ ਕੇਸ ਹੋਵੇ ਜਾਂ ਡੀ. ਈ. ਓ. ਦਫ਼ਤਰ ਕੋਈ ਕੰਮ ਹੋਵੇ, ਆਪ ਕਰਵਾ ਕੇ ਦਈਦਾ... ਬਿਨਾਂ ਪੈਸਿਆਂ ਤੋਂ । ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਸ ਆਖਣਾ ਸੀ... ਉਸ ਕੀ ਆਖਣਾ ਸੀ। ਮੇਰਾ ਮਨ ਈ ਨਹੀਂ ਮੰਨਦਾ ਕਿ ਧੀ ਧਿਆਣੀ ਨੂੰ ਸ਼ਗਨ ਪਾਉਣ ਵੀ ਨਾ ਪਹੁੰਚਾਂ।... ਉਂਜ ਵੀ ਰਾਤ ਹੋਟਲਾਂ ਵਿਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿਚ ਪਹੁੰਚ ਕਿਥੇ !

"ਰਾਜੂ! ਵੇਖ ਲੈ ਉਹ ਵੀ ਦਿਨ ਸਨ, ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈੱਗ ਲਾ ਕੇ ਫ਼ਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਤੇ ਘੜੀ ਪਲ ਠੁਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਲਈ ਤਿਆਰ-ਬਰ-ਤਿਆਰ ਹੋਈਦਾ ਸੀ।”

ਮੈਨੂੰ ਜਾਪਿਆ, ਉਹ ਪੰਜਾਬ ਤਾਂ ਹੁਣ ਬੀਤੇ ਦੀ ਕਹਾਣੀ ਹੋ ਕੇ ਰਹਿ ਗਿਆ ਸੀ। ਇਕ ਸੁਪਨੇ ਵਾਂਗ ਦੂਰ ਬਹੁਤ ਦੂਰ ਕਿਧਰੇ ਪਿੱਛੇ ਵੱਲ।

ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਅਜੇ ਜਾਣੀ ਸੀ; ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਮਿਲ ਸਕਦੀ ਸੀ।

…. ਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ-ਨਾਲ ਹੀ ਨਹੀਂ ਸਗੋਂ ਉਸ ਤੋਂ ਵੀ ਕਿਤੇ ਤੇਜ਼ ਦੌੜਦਾ ਰਿਹਾ ਸੀ। ਮੈਂ ਬਾਰ-ਬਾਰ ਘੜੀ ਉੱਤੋਂ ਟਾਈਮ ਦੇਖਦਾ ਤੇ ਗੱਡੀ ਚੱਲਣ ਦੇ ਸਮੇਂ ਤੱਕ, ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ, ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਖਰੜ, ਰੋਪੜ, ਨਵਾਂ ਸ਼ਹਿਰ,ਬੰਗਾ, ਫਗਵਾੜਾ—ਬੱਸ ਦੇ ਪਹੁੰਚਣ ਦਾ ਵਕਤ ਮਨ ਹੀ ਮਨ ਨਿਸਚਿਤ ਕਰਦਾ ਆ ਰਿਹਾ ਸਾਂ, ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨਤ ਸਮੇਂ ਤੋਂ ਪਛੜਕੇ ਹੀ ਪਹੁੰਚਦੀ ਰਹੀ ਸੀ। ਇੰਝ ਮੈਨੂੰ ਆਪਣੀ ਅਤੇ ਗੱਡੀ ਵਿਚ ਲੀ ਵਿੱਥ ਵਧਦੀ ਜਾਂਦੀ ਜਾਪਦੀ। ਮੈਨੂੰ ਘਬਰਾਹਟ ਹੋਣ ਲੱਗੀ ਸੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ ?

ਮੇਰੇ ਮਨ ਨੇ ਵਿਚੋਂ' ਹੀ ਕਿਹਾ ਜਲੰਧਰ ਵੇਲੇ ਸਿਰ ਨਹੀਂ, ਸਗੋਂ ਸੁਖ ਸੁਖਾਂ ਨਾਲ ਪਹੁੰਚਣ ਦੀ ਗੱਲ ਸੋਚ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਢੀ ਨਾਲ਼ੀ ਰਖੇਗਾ ਤੇ ਉਸ ਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੋੜਨ ਲਈ ਆਖੇਗਾ ਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ‘ਸਕੋਰ’ ਸ਼ੁਰੂ ਕਰਨ ਲਈ ਮੇਰੇ ਤੋਂ ਹੀ ਆਪਣਾ ‘ਖਾਤਾ' ਖੋਲ੍ਹੇਗਾ।

ਜੁਗਲ ਫੇਰ ਦਿਨਾਂ ਦਾ ਰੋਣਾ ਲੈ ਬੈਠਾ, “ਵੇਖ ਲਾ ! ਉਹ ਵੀ ਦਿਨ ਸਨ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀਅ ਕਰੇ ਸਿਰਹਾਣੇਂ ਬਾਂਹ ਦੇ ਕੇ ਸੌਂ ਜਾਂਦੇ ਸਨ। ਇਹ ਇਹਨਾਂ ਨੇ ਕੀ ਕਰ ਤਾ ?”

ਮੈਂ ਉਸਦੀ ਹਾਂ ਵਿਚ ਹਾਂ ਮਿਲਾਈ। ਅਚਾਨਕ ਮੇਰੇ ਜ਼ਿਹਨ ਦੀ ਗਰਾਰੀ ਉਸਦੇ ਆਖ਼ਰੀ ਵਾਕ ਉੱਤੇ ਅੜ ਗਈ, “ਇਹ ਇਹਨਾਂ ਨੇ ਕੀ ਕਰਤਾ ?” ਮੈਂ ਆਪਣੇ ਮਨ ਨੂੰ ਪੁੱਛਿਆ, “ਇਹ ਕੌਣ ਸਨ, ਜਿਨ੍ਹਾਂ ਨੇ ਇਹ ਸਭ ਕੁਝ ਕਰ ਦਿੱਤਾ ਸੀ ?” ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਧਾਰੀ ਡੀ. ਪੀ. ਈ. ਬੋਲ ਪਿਆ, “ਬਾਹਮਣ... ਹੋਰ ਕੌਣ ?” ਉਹ ਹਿੰਦੂ ਹੀ ਨਹੀਂ ਆਖੇਗਾ। ‘ਬਾਹਮਣ’ ਆਖੇਗਾ- ਬੜਾ ਘਰੋੜਕੇ। ਫੇਰ ਆਖੇਗਾ, ‘ਲੁਟੇਰਾ ਕੌਮ, ਝੂਠੀ ਤੇ ਬੇਈਮਾਨ, ਮੀਸਣੀ ਤੇ ਧੋਖੇਬਾਜ਼, ਇਹਨਾਂ ਦਾ ਵਸਾਹ ਨਹੀਂ ਕੀਤਾ ਜਾ ਸਕਦਾ ਕਦੀ ਪਹਿਲਾਂ ਆਂਹਦੇ ਸਨ ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ... ਤੁਹਾਡੇ ਰਹਿਣ ਲਈ ਇਕ ਖਿੱਤਾ ਦਿਆਂਗੇ ਆਜ਼ਾਦੀ ਦੀ ਨਿੱਘ ਮਾਨਣ ਲਈ .. ਤੇ ਆਜ਼ਾਦ ਹੁੰਦਿਆਂ ਈ... ਅਖੇ ਤੁਸੀਂ ਤਾਂ ਜਰੈਮ -ਪੇਸ਼ਾ ਕੌਮ ਓ... ਤੇ ਨਿੱਘ ਦਿੱਤਾ ਨੇ ਬਲ਼ਦੇ ਟੈਰ ਗਲ਼ਾਂ 'ਚ ਪਾ ਕੇ... ਫੇਰ ਸਮਝੌਤੇ ਕਰਦੇ ਨੇ... ਮੁੱਕਰ ਜਾਂਦੇ ਨੇ... ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ... ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ।...”

ਸੱਚੀ ਗੱਲ ਹੈ; ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ। ਜਿਹੜਾ ਬੋਲੇ ਅੱਗੋਂ 'ਜੀ ਜੀ' ਕਰ ਛੱਡੀਦਾ ਹੈ। ਗੁੱਸਾ ਤਾਂ ਆਉਂਦਾ ਹੈ; ਜਦੋਂ ਸਾਰੀ ਕੌਮ ਨੂੰ ‘ਬੇਈਮਾਨ’ ਆਖਦਾ ਹੈ। ਪਰ ਹੋਰ ਕੋਈ ਸਟਾਫ਼ ਮੈਂਬਰ ਵੀ ਤਾਂ ਨਹੀਂ ਬੋਲਦਾ। ਸਾਰੇ ਉਸਦੀ ਗੱਲ ਨੂੰ ਟਾਲਦੇ ਹੀ ਹਨ। ਨਾਲੇ ਬੋਲ ਕੇ ਕੌਣ ਮੌਤ ਨੂੰ ਸੱਦਾ ਦੇਵੇ। ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇਕ ਮੁੰਡਾ ਵੀ ‘ਉਧਰ’ ਰਲ ਗਿਆ ਸੀ। ਅਜੇ ਚਾਰ ਮਹੀਨੇ ਵੀ ਨਹੀਂ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਨਦਨਾਉਂਦੇ ਆਏ ਸਨ ਤੇ ਮਿੰਟਾਂ ਵਿਚ ਹੀ ਤਿੰਨ ਮਾਸਟਰਾਂ ਨੂੰ ਗੋਲੀਆਂ ਨਾਲ ਦਿਨ-ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ ਸਨ।

ਬੱਸ ਹੁੱਜਕੇ ਨਾਲ ਰੁਕੀ। ਇਹ ਜਲੰਧਰ ਕੈਂਟ ਸੀ । ਅਸੀਂ ਸੋਚਿਆ, ਇਥੋਂ ਗੱਡੀ ਫੜਨ ਵਿਚ ਸੌਖ ਅਤੇ ਸਮੇਂ ਦੀ ਬੱਚਤ ਹੋ ਜਾਵੇਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ ਸੀ। ਉਸਨੇ ਕਿਹਾ, “ਥਰੀ ਵੀਲਰ ਲੈ ਲਓ। ਹਿੰਮਤ ਕਰੋ ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ... ਅਜੇ ਥੋੜ੍ਹਾ ਚਿਰ ਹੋਇਆ ਏਥੋਂ ਲੰਘੀ ਨੂੰ..."

ਬੱਸ ਦੇ ਡਰਾਈਵਰ ਨੂੰ ਗਾਲ਼ਾਂ ਦਿੰਦੇ, ਕਾਹਲੀ ਕਾਹਲੀ ਥਰੀ ਵੀਲਰ ਲੈ ਕੇ ਜਦੋਂ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਪਤਾ ਲੱਗਾ, ਗੱਡੀ ਉਥੋਂ ਵੀ ਤੁਰ ਚੁੱਕੀ ਸੀ।

ਮੈਂ ਨਿਰਾਸ਼ਾ ਵਿਚ ਮੱਥੇ 'ਤੇ ਹੱਥ ਮਾਰਿਆ।

"ਹੁਣ ਫਿਰ ?”

ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਤਾਂ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁੱਭਿਆ ਪਿਆ ਸੀ ਜਿਸਦਾ ਜੁਆਬ ਲੱਭਣ ਲਈ ਮੈਂ ਆਪਣੇ ਅੰਦਰ ਦੌੜ-ਦੌੜ ਕੇ ਹਫ-ਥੱਕ ਚੁੱਕਾ ਸਾਂ।

"ਹੁਣ ਤਾਂ ਇਹੋ ਹੀ ਹੋ ਸਕਦਾ ਕਿ ਬਾਤਾਂ ਵਾਲੇ ਪਊਏ ਹੋਣ ਪੈਰੀਂ ਜਾਂ ਹੋਵੇ ਕੋਈ ਉਡਣ-ਖਟੋਲਾ-ਜਿਸ ਵਿਚ ਬੈਠ ਕੇ, ਅਸਮਾਨ ਰਾਹੀਂ ਉੱਡਕੇ ਪਹੁੰਚ ਜਾਈਏ ਅੰਬਰਸਰ..."

ਪਲੈਟਫ਼ਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦਿਆਂ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਵਿਚ ਬੇਮਲੂਮੀ ਖਿੱਝ ਵੀ ਸੀ।

ਜੁਗਲ ਮੈਨੂੰ ਕੁਝ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ-ਭਲਾ ਕਹਿਣ ਲੱਗਾ, ਜਿਸਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ, ਅੰਮ੍ਰਿਤਸਰ ਨੂੰ-ਇਕ ਨਿਸ਼ਚਿਤ ਸਮੇਂ ਤੋਂ ਬਾਅਦ-ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ।

ਥੋੜ੍ਹੇ ਚਿਰ ਪਿੱਛੋਂ ਇਕ ਗੱਡੀ ਲੁਧਿਆਣੇ ਵੱਲੋਂ ਆਈ ਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ ਵਿਚ ਬੈਂਚ ਤੋਂ ਉੱਠ ਕੇ ਖੜੋ ਗਿਆ। ਉਸ ਵਿਚੋਂ ਸਵਾਰੀਆਂ ਉੱਤਰਨੀਆਂ ਸ਼ੁਰੂ ਹੋ ਗਈਆਂ। ਮੇਰੇ ਤੋਂ ਪਹਿਲਾਂ ਹੀ ਚੁਗਲ ਨੇ ਇਸ ਸਵਾਰੀ ਨੂੰ ਪੁੱਛ ਲਿਆ, "ਇਹ ਅੰਬਰਸਰ ਜਾਣੀ ਐਂ ?"

"ਨਹੀਂ ਜੀ-ਮੇਰਾ ਖਿਆਲ ਐ... ਇਰ ਇੱਥੇ ਤੱਕ ਦੀ ਐ.."ਸਵਾਰੀ ਸ ਨਿਕਲ ਗਈ ਤੇ ਸਾਡੇ ਅੰਦਰ ਚੱਲਣ ਲੱਗਾ ਅਨਾਰ ਇਕਦਮ ਬੁਝ ਗਿਆ।

ਗੱਡੀ ਵਿਚੋਂ ਉੱਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਹੋ ਗਈਆਂ ਸਨ। ਅਸੀਂ ਨਿਰਾਸ਼, ਉਦਾਸ ਤੇ ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹਤ ਸੀ।

ਕੁਝ ਸੁਰੱਖਿਆ ਕਰਮਚਾਰੀ-ਜਿਨ੍ਹਾਂ ਵਿਚ ਰੇਲਵੇ ਪੁਲਸ, ਸੀ.ਆਰ.ਪੀ. ਐੱਫ ਅਤੇ ਪੰਜਾਬ ਪੁਲਿਸ ਦੇ ਬੰਦੇ ਵੀ ਸਨ-ਖ਼ਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ ਵਿਚ ਵੜ ਕੇ ਉਹਨਾਂ ਦੀ ਚੈਕਿੰਗ ਕਰ ਰਹੇ ਸਨ। ਕਿਧਰੇ ਕੋਈ ਸਮਾਜ-ਦੁਸ਼ਮਣ ਅਨਸਰ ਵਿਚ ਵੜ ਕੇ ਨਾ ਬੈਠਾ ਹੋਵੇ । ਨਾਲ ਦੇ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ ਵੀ ਬੰਦ ਕਰਵਾ ਰਹੇ ਸਨ।

"ਅੰਬਰਸਰ ਜਾਣਾ ਜੇ ਬਾਊ ਜੀ?" ਇਕ ਅਧਖੜ ਉਮਰ ਦਾ ਸਰਦਾਰ ਜਿਸਦੇ ਹੱਥ ਵਿਚ ਛੋਟਾ ਜਿਹਾ ਸੂਟਕੇਸ ਫੜ੍ਹਿਆ ਹੋਇਆ ਸੀ, ਸਾਡੇ ਕੋਲ ਆ ਕੇ ਖੜੇ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ-ਪੜਤਾਲ ਕਰਦਿਆਂ ਵੇਖ ਚੁੱਕਾ ਸੀ।

ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗਹੁ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ। ਪਰ ਦੂਜੇ ਪਲ ਹੀ ਮੇਰਾ ਸ਼ੱਕ ਦੂਰ ਹੋ ਗਿਆ।

"ਮੈਂ ਵੀ ਅੰਬਰਸਰ ਜਾਣਾ, ਪਛੜ ਗਿਆਂ... ਬਸ ਗ਼ਲਤੀ ਹੋ ਗਈ... ਆਹ ਗੱਡੀ ਉਂ ਅੰਬਰਸਰ ਨੂੰ ਈ ਜਾਣੀ ਆਂ ਐਥੋਂ ਅੱਗੇ ਖ਼ਾਲੀ ਹੀ ਜਾਂਦੀ ਐ... ਸਵਾਰੀ ਨ੍ਹੀ ਕੋਈ ਲਿਜਾਂਦੀ ਜੇ ਭਲਾ ਤਰਲਾ ਮਿੰਨਤ ਕਰ ਵੇਖੀਏ ਕਿਸੇ ਦਾ..."

ਉਹ ਕਿਸੇ ਹੋਰ ਪਾਸਿਓਂ ਆ ਰਹੇ ਪਾਣੀ ਦੇ ਵਹਿਣ ਵਾਂਗ, ਸਾਡੇ ਮਨ ਦੇ ਵਹਿਣ ਵਿਚ ਸੁਭਾਵਕ ਹੀ ਆ ਸ਼ਾਮਲ ਹੋਇਆ ਤੇ ਇਕ ਪਲ ਵਿਚ ਸਾਡੀ ਸਾਂਝੀ ਲੋੜ ਨੇ ਸਾਨੂੰ ਇਕ ਦੂਜੇ ਦੇ ਨੇੜੇ ਲੈ ਆਂਦਾ।

"ਕੀਹਨੂੰ ਪੁੱਛੀਏ ਫੇਰ ?" ਮੈਂ ਉਸ ਨੂੰ ਸਵਾਲ ਕੀਤਾ।

"ਜਿਹੜੀ ਗਾਰਦ ਗੱਡੀ ਦੇ ਨਾਲ ਜਾਂਦੀ ਐ... ਉਹਨਾਂ 'ਚ ਕਿਸੇ ਨੂੰ ਪੁੱਛ ਵੇਖੀਏ... ਭਲਾ ਕਿਸੇ ਦੇ ਮਨ ਮਿਹਰ ਪੈ ਜਾਵੇ.."

ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇਕ ਹਵਾਲਦਾਰ ਖੜੋਤਾ ਸੀ। ਤੇ ਅੰਦਰ ਵੜੇ ਸਿਪਾਹੀ ਨੂੰ ਆਖ ਰਿਹਾ ਸੀ।

"ਛਿੰਦਿਆ! ਸੀਟਾਂ ਦੇ ਹੇਠਾਂ ਉੱਤੇ ਚੰਗੀ ਤਰ੍ਹਾਂ ਵੇਖ ਲਈਂ ਉਏ।”

ਅਸੀਂ ਉਸ ਹਵਾਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ । ਸਰਦਾਰ ਹਵਾਲਦਾਰ ਨੂੰ ਪੁੱਛਣ ਲਈ ਸਰਦਾਰ ਹੀ ਢੁਕਵਾਂ ਬੰਦਾ ਸੀ।

“ਸਾਅਬ ਬਹਾਦਰ... ਅਸੀਂ ਤਿੰਨ ਸਵਾਰੀਆਂ... ਅੰਬਰਸਰ ਜਾਣਾਂ ਜਿਵੇਂ ਵੀ ਹੋਵੇ ਸਾਡੀ ਮਦਦ ਕਰੋ ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ..” ਮੈਨੂੰ ਲੱਗਾ, 'ਸੇਵਾ' ਵਾਲੀ ਗੱਲ ਸਰਦਾਰ ਨੇ ਬਹੁਤ ਢੁੱਕਵੀਂ ਕੀਤੀ ਸੀ। ਅਸੀਂ ਹਵਾਲਦਾਰ ਦੇ ਮੂੰਹ ਵੱਲ ਵੇਖ ਰਹੇ ਸਾਂ

“... ਨਾ ਓ ਨਾ.. ਭਾ.. ਅਸੀਂ ਪੰਜਾਬ ਪੁਲਸ ਵਾਲੇ ਤਾਂ ਅੱਗੇ ਈ ਬੜੇ ਬਦਨਾਮ ਆਂ... ਅਖੇ ਇਹ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਆ... ਕਿਸੇ ਹੋਰ ਨੂੰ ਪੁੱਛੋ ਜੀ..." ਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ ਵਿਚੋਂ ਉਤਰਦੇ ਸਿਪਾਹੀ ਨੂੰ ਪੁੱਛਣ ਲੱਗਾ, "ਠੀਕ ਠਾਕ ਐ ਨਾ ਸਭ ?”

“ਬੱਸ ਐਂ... ਫੀ ਆਈ ਟੀ-ਫਿੱਟ ਆ” ਸਿਪਾਹੀ ਨੇ ਮੋੜਵਾਂ ਜਵਾਬ ਦਿੱਤਾ ਤੇ ਉਹ ਹੱਸਦੇ ਹੋਏ ਪਰ੍ਹਾਂ ਖੜੋਤੇ ਇਕ ਹੋਰ ਸਿਪਾਹੀ ਵੱਲ ਤੁਰ ਗਏ।

ਅਸੀਂ ਤਿੰਨੋਂ ਇਕ-ਦੂਜੇ ਦੇ ਮੂੰਹ ਵੱਲ ਦੇਖਣ ਲੱਗੇ।

"ਮੈਂ ਪਤਾ ਕਰਦਾਂ।” ਇਹ ਕਹਿੰਦਾ ਹੋਇਆ ਜੁਗਲ ਰੇਲਵੇ ਪੁਲਸ ਦੇ ਇਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਤਾਂ ਸਾਡੇ ਪੁੱਛਣ ਤੋਂ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, "ਸਭ ਕੰਜਰਦੀਨ ਨੇ... ਕੋਈ ਪੱਲਾ ਨਹੀਂ ਫੜਾਉਂਦਾ ਬੁਰੇ ਫਸੇ!”

ਉਹੋ ਹਵਾਲਦਾਰ ਫੇਰ ਸਾਡੇ ਕੋਲ ਦੀ ਲੰਘਿਆ। ਐਤਕੀ ਮੈਂ ਤਰਲਾ ਜਿਹਾ ਲਿਆ, "ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ।”

"ਕਿਰਪਾ ਨੂੰ... ਬਾਊ ਜੀ... ਗੱਡੀ ਕਿਹੜੀ ਮੇਰੇ ਪਿਉ ਦੀ ਆ...” ਉਹ ਥੋੜ੍ਹਾ ਜਿਹਾ ਖਿੱਝ ਗਿਆ ਸੀ । ਪਰ ਥੋੜ੍ਹਾ ਜਿਹਾ ਅੱਗੇ ਜਾ ਕੇ ਉਸਨੇ ਆਖਿਆ, "ਗਾਰਡ ਨਾਲ ਗੱਲ ਕਰ ਵੇਖੋ”

ਅਸੀਂ ਆਸ ਨਾਲ ਗਾਰਡ ਦੇ ਡੱਬੇ ਵੱਲ ਤੁਰ ਪਏ । ਉਹ ਬਾਹਰ ਕਿਸੇ ਬੰਦੇ ਨਾਲ ਗੱਲੀਂ ਲੱਗਾ ਹੋਇਆ ਸੀ। ਅਸੀਂ ਕੁਝ ਕਦਮ ਉਰ੍ਹਾਂ ਖਲੋ ਗਏ। ਸ਼ਿਸਟਾਚਾਰ ਵਜੋਂ । ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹੱਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੋਤੇ ਰਹਾਂਗੇ। ਕਿਤੇ ਉਹ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਤੇ ਅਸੀਂ ਅਜੇ ਗੱਲ ਵੀ ਨਾ ਕਰ ਸਕੀਏ।

ਬਾਊ ਜੀ ਤੁਸੀਂ ਕਰੋ ਗੱਲ” ਗਾਰਡ ਦੀ ਬਾਹਰੀ ਦਿੱਖ ਦੇਖ ਕੇ ਹੀ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਨਾ ਦਿੱਤੀ।

ਮੈਂ ਅੱਗੇ ਵਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ,"ਸਰ! ਬੜੀ ਪਰੌਬਲਮ ’ਚ ਫਸ ਗਏ ਆਂਚੰਡੀਗੜ੍ਹ ਬੱਸ 'ਤੇ ਤੁਰੇ ਸਾਂ! ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ। ਪਰ ਗੱਡੀ ਪਹਿਲਾਂ ਹੀ ਲੰਘ ਗਈ... ਅੰਬਰਸਰ ਲੈ ਜਾਵੋ ਬੜੀ ਮਿਹਰਬਾਨੀ ਹੋਵੇਗੀ ਤੁਹਾਡੀ ਮੁਸ਼ਕਲ 'ਚ ਬੰਦਾ ਈ ਬੰਦੇ ਦੀ ਦਾਰੂ ਹੁੰਦਾ ... ਤੁਹਾਡੇ ਡੱਬੇ 'ਚ ਖੜੋ ਖੜਾ ਕੇ ਚਲੇ ਜਾਂਗੇ।"

ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ। ਮੈਂ ਉਸਦੇ ਮਿਹਰਬਾਨ ਬੁੱਲ੍ਹ ਖੁੱਲ੍ਹਣ ਦੀ ਉਡੀਕ ਕਰ ਰਿਹਾ ਸਾਂ

"ਸ੍ਰੀਮਾਨ ਜੀ... ਉਤੋਂ ਮਾਹੌਲ ਤਾਂ ਵੇਖੋ ਕਿਹੋ ਜਿਹਾ ਵਾਧੂ ਬੰਦਾ ਲਿਜਾਣਾ... ਆਪਣੀ ਨੌਕਰੀ ਖ਼ਤਰੇ ਵਿਚ ਪਾਉਣਾ ਰਾਦਰ ਆਪਣੀ ਜਾਨ ਖ਼ਤਰੇ ਵਿਚ ਪਾਉਣਾ .. ਪਤਾ ਨਹੀਂ ਕਿਹੜਾ ਬੰਦਾ ਕੌਣ ਐਂ ਕਿਸੇ ਦਾ ਕੀ ਭਰੋਸਾ .... ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖ਼ਾਲੀ ਕਿਉਂ ਲਿਜਾਣੀ ਪੈਂਦੀ। ਅਕਸਰ ਕੁਝ ਸੋਚ ਕੇ ਹੀ ਤਾਂ ਅਗਲਿਆਂ ਨੇ ਬੰਦ ਕੀਤੀਆਂ ਨੇ... ਮੈਂ ਤੁਹਾਡੀ ਤਕਲੀਫ਼ ਸਮਝਦਾਂ ਹਮਦਰਦੀ ਐ ਮੈਨੂੰ.. ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ... ਮਾਹੌਲ ਕਰਕੇ ਆਈ ਐਮ ਸੌਰੀ..” ਉਹ ਕੋਲ ਖੜੋਤੇ ਬੰਦੇ ਨਾਲ ਹੱਥ ਮਿਲਾ ਕੇ ਡੱਬੇ ਵਿਚ ਵੜ ਗਿਆ।

“ਮਾਮਾ ਮਾਹੌਲ ਦਾ” ਜੁਗਲ ਹੱਸਿਆ ਤੇ ਫਿਰ ਉਹ ਸਾਡੀ ਗਲੀ ਦੇ ਪੰਡਤ ਰਾਮ ਚੰਦ ਦੇ ਹਵਾਲੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜਕੱਲ੍ਹ ਅਕਸਰ ਕਹਿੰਦਾ ਰਹਿੰਦਾ ਸੀ“ਮਾਹੌਲ ਬੜਾ ਖ਼ਰਾਬ ਐ ਜੀ... ਏਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਐ... ਉਹ ਮਾਹੌਲ ਈ ਨਹੀਂ ਰਹਿ ਗਿਆ, ਜਦੋਂ ਲੋਕ ਭਰਾਵਾਂ ਵਾਂਗ ਇਕ ਦੂਜੇ ਦੇ ਕੰਮ ਆ ਕੇ ਗਲ਼ੇ ਮਿਲ ਕੇ ਖੁਸ਼ ਹੁੰਦੇ ਸਨਲੀਡਰਾਂ ਨੇ, ਕੁਰਸੀ ਦੇ ਭੁੱਖਿਆਂ ਨੇ ਮਾਹੌਲ ਵਿਚ ਜ਼ਹਿਰ ਘੋਲ ਦਿੱਤਾ ਹੈ... ਕੋਈ ਕਿਸੇ 'ਤੇ ਜਕੀਨ ਨਹੀਂ ਕਰਦਾ... ਬੰਦਾ ਬੰਦੇ ਦੇ ਲਹੂ ਦਾ ਤਿਹਾਇਆ ਫਿਰਦਾ ਉਹ ਮਹੌਲ ਈ ਨਹੀਂ ਰਹਿ ਗਿਆ ਜੀ..!”

ਲੋਕਾਂ ਨੇ ਪੰਡਤ ਰਾਮ ਚੰਦ ਦਾ ਨਾਂ 'ਪੰਡਤ ਮਹੌਲ' ਰੱਖ ਦਿੱਤਾ ਸੀ। ਉਹ ਉਸ ਨੂੰ ਛੇੜਦੇ, "ਪੰਡਤ ਮਹੌਲ ਜੀ... ਇਹ ਮਹੌਲ ਕਦੋਂ ਬਦਲੂਗਾ ਹੁਣ ?”

ਜੁਗਲ ਕਹਿਣ ਲੱਗਾ, “ਇਹ ‘ਗਾਰਡ ਮਹੌਲ ਕਿੱਥੋਂ ਆ ਗਿਆ?” ਉਸੇ ਹਵਾਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ, “ਓ. ਕੇ. ਸਰ... ਰੈਡੀ”

"ਬੰਦੇ ਬੈਠ ਗਏ ਤੁਹਾਡੇ ?”

"ਜੀ ਜੀ..", ਹੌਲਦਾਰ ਨੇ ਸੁਭਾਵਕ ਹੀ ਸਲੂਟ ਦੇ ਅੰਦਾਜ਼ ਵਿਚ ਹੱਥ ਚੁੱਕਿਆ।

ਗਾਰਡ ਨੇ ਬਾਰੀ 'ਚ ਖੜੋ ਕੇ ਹਰੀ ਬੱਤੀ ਹਿਲਾਈ। ਗੱਡੀ ਨੇ ਵਿਸਲ ਦਿੱਤੀ ਤੇ ਫੇਰ ਗੱਡੀ ਹੁਜਕਾ ਮਾਰ ਕੇ ਹਿੱਲੀ।

ਹੁਣ ਕੀ ਚਾਰਾ ਹੋ ਸਕਦਾ ਸੀ ?

ਮੈਂ ਫਟਾਫਟ ਬਾਰੀ ਨੂੰ ਜਾ ਹੱਥ ਪਾਇਆ। ਗਾਰਡ ਅੱਗੇ ਖੜੋਤਾ ਸੀ।

“ਕੀ ਕਰਦੇ ਓ ਬਾਊ ਜੀ... ਪਿੱਛੇ ਹਟੋ..."

ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਲਿਆ, “ਸਰ ਪਲੀਜ਼! ਤੁਹਾਡੇ ਹਿੰਦੂ ਭਰਾ ਆਂ.. ਤੁਸੀਂ ਨਾ ਕਰੋ ਹਮਦਰਦੀ ਤਾਂ ਹੋਰ ਕੌਣ ਕਰੂ ਤਰਸ ਕਰੋ ਸਾਡੇ 'ਤੇ" ਮੈਂ ਮਹਿਸੂਸ ਕੀਤਾ, ਉਸਦੇ ਵਤੀਰੇ ਵਿਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਮੈਂ ਪਾਇਦਾਨ 'ਤੇ ਪੈਰ ਧਰਿਆ ਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜੇ ਜੁਗਲ ਨੂੰ ਗਾਰਡ ਹਰਖ ਕੇ ਆਖ ਰਿਹਾ ਸੀ:

“ਵੇਖੋ ਓਏ ਕੀ ਕਰਦੇ ਓ... ਅਕਲ ਕਰੋ ਕੋਈ..”

ਏਨੇ ਚਿਰ ਵਿਚ ਗੱਡੀ ਹੌਲ਼ੀ ਹੌਲ਼ੀ ਤੁਰ ਪਈ ਸੀ । ਸੂਟਕੇਸ ਵਾਲਾ ਅੱਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ ਤੇ ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ।

"ਨਹੀਂ ਜੀ... ਸਰਦਾਰ ਜੀ..."

"ਰੱਬ ਦਾ ਵਾਸਤਾ ਈ.. ਮੇਰੇ ਨਾਲ ਭਾਰ ਤਾਂ ਨਹੀਂ ਲੱਗਣ ਲੱਗਾ ਗੱਡੀ ਨੂੰ... ਤੇਰੇ ਬੱਚੇ ਜਿਊਣ"

ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿ ਕਿਧਰੇ ਗਾਰਡ ਸਾਨੂੰ ਵੀ ਨਾ ਉਤਾਰ ਦਵੇ । ਪਰ ਫੇਰ ਮੈਨੂੰ ਉਸ ਸਰਦਾਰ ਦੀ ਆਪਣੇ ਪ੍ਰਤੀ ਅਪਣੱਤ ਦਾ ਖਿਆਲ ਆਇਆ। “ਕੋਈ ਨਹੀਂ... ਆਪਣਾ ਬੰਦਾ ਆ ਲੈਣ ਦਿਓ.” ਅੰਦਰ ਹੋ ਕੇ ਮੈਨੂੰ ਜਾਪਦਾ ਸੀ ਜਿਵੇਂ ਮੇਰਾ ਵੀ ਗੱਡੀ 'ਤੇ ਕੋਈ ਹੱਕ ਬਣਦਾ ਸੀ ਤੇ ਗਾਰਡ 'ਤੇ ਵੀ।

"ਬਹੁਤੀ ਹਮਦਰਦੀ ਐ ਤਾਂ ਤੁਸੀਂ ਵੀ ਥੱਲੇ ਹੋ ਜੋ...” ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਕੇ ਪਿਆ । ਏਨੇ ਚਿਰ ਵਿਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ, ਬਦੋ-ਬਦੀ ਅੰਦਰ ਆ ਵੜਿਆ ਸੀ।

ਗਾਰਡ ਵਿਚਾਰਗੀ ਵਿਚ ਕਹਿ ਰਿਹਾ ਸੀ, “ਹੱਦ ਹੋ ਗਈ ਯਾਰ! ਕਮਾਲ ਐ ਤੁਹਾਡੀ... ਇਹ ਕੋਈ ਤਰੀਕਾ ” ਉਹ ਸਾਡੇ ਤਿੰਨਾਂ 'ਤੇ ਬੁੜਬੁੜਾ ਸੀ। ਏਨੇ ਚਿਰ ਵਿਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ।

"ਤਰੀਕਾ ਤਾਂ ਇਹ ਹੈ ਕਿ ਬੁਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਵੇ । ਆਪਣਾ ਤਾਂ ਇਹਨਾਂ ਨੂੰ ਹੈ ਈ । ਨਹੀਂ, ਕਿਸੇ ਦਾ ਵੀ ਕੋਈ ਖ਼ਿਆਲ ਨਹੀਂ। ਇੱਕ ਨੂੰ ਰਾਹ ਦਿੱਤਾ ਤਾਂ ਤਿੰਨ ਅੰਦਰ ਆ ਵੜੇ ਲਿਹਾਜ਼ ਨੂੰ ਕੋਈ ਥਾਂ ਈ ਨਹੀਂ । ਚਲੋ ਰਤਾ ਅੱਗੇ... ਵੇਖਦੇ ਆਂ.. '

ਉਹਦੇ 'ਚਲੋ ਰਤਾ ਅੱਗੇ.. ਵੇਖਦੇ ਆਂ' ਸ਼ਬਦਾਂ ਵਿਚ ਬੜੀ ਭਿਆਨਕ ਚਿਤਾਵਨੀ ਸੀ। ਮੈਨੂੰ ਜਾਪਿਆ ਜਿਵੇਂ ਉਹ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜੀ ਕਰੇਗਾ ਤੇ ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਵੇਗਾ। ਉੱਚੇ ਲੰਮੇ ਬੂਝਿਆਂ ਵਿਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ ਜਾਂ ਜਿੱਥੇ ਪੁਲਸ ਤੋਂ ਪਿਸ਼ਾਬ ਕਰਨ ਦੇ ਬਹਾਨੇ ‘ਬਚ’ ਕੇ ਭੱਜ ਜਾਂਦੇ ਨੇ।

“ਕੋਈ ਨਹੀਂ ਭਾਪੇ... ਕੋਈ ਨਹੀਂ....” ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਾਇਆ।

"ਊਂਹ” ਉਹਨੇ ਗੁੱਸੇ ਅਤੇ ਨਫ਼ਰਤ ਵਿਚ ਸਿਰ ਹਿਲਾਇਆ। ਹਰਫਲਿਆ ਅਤੇ ਘਬਰਾਇਆ ਹੋਇਆ ਜਦੋਂ ਮੈਂ ਥੋੜ੍ਹਾ ਆਪਣੇ ਆਪ ਵਿਚ ਆਇਆ ਤਾਂ ਨਿੱਕੇ ਜਿਹੇ ਡੱਬੇ ਵਿਚ ਚਾਰ ਚੁਫ਼ੇਰੇ ਵੇਖਿਆ। ਚਾਰ ਜਣੇ ਡੱਬੇ ਵਿਚ ਹੋਰ ਸਨ । ਦੋ ਜਣੇ ਤਾਂ ਸਾਮਾਨ ਰੱਖਣ ਵਾਲੀ ਸੀਟ ਵਿਚ ਅੜ ਕੇ ਬੈਠੇ ਹੋਏ ਸਨ ਤੇ ਦੋ ਜਣੇ ਪਰ੍ਹੇ ਪਈ ਇਕ ਲੱਕੜ ਦੀ ਪੇਟੀ ਉੱਤੇ। ਉਹਨਾਂ ਵਿਚੋਂ ਸਾਡੀ ਗੱਲਬਾਤ ਵਿਚ ਕੋਈ ਨਹੀਂ ਬੋਲਿਆ। ਸ਼ਾਇਦ ਉਹ ਵੀ ਸਾਡੇ ਵਰਗੇ ਸਨ। ਉਹਨਾਂ ਦੀ ਚੁੱਪ ਦਸਦੀ ਸੀ ਜਿਵੇਂ ਆਪਣੇ ਆਪ ਨੂੰ ਕਹਿ ਰਹੇ ਹੋਣ:

'ਤੂੰ ਆਪਣੀ ਨਿਬੇੜ ਤੈਨੂੰ ਕਿਸੇ ਨਾਲ ਕੀ?'

ਲੌਢੇ ਵੇਲੇ ਤੋਂ ਹੀ ਕਾਹਲ਼ੀ, ਹਫ਼ੜਾ ਦਫ਼ੜੀ, ਭੈਅ ਅਤੇ ਸਹਿਮ ਦੇ ਸੰਗ-ਸੰਗ ਚੱਲਦੇ ਰਹਿਣ ਕਰਕੇ ਮੇਰਾ ਸਿਰ ਸੁੰਨ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਵਿਚ ਲੇ ਹਰੇਕ ਬੰਦੇ ਦੇ ਚਿਹਰੇ ਵੱਲ ਬੜੇ ਗਹੁ ਨਾਲ ਝਾਕਣਾ ਸ਼ੁਰੂ ਕੀਤਾ। ਸਾਮਾਨ ਵਾਲੀ ਸੀਟ ਵਿਚ ਧੌਣਾਂ ਨੀਵੀਆਂ ਕੀਤੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕੋਈ ਕਰਮਚਾਰੀ ਸਨ। ਗਾਰਡ ਨਾਲ ਉਹਨਾਂ ਦੀ ਗੱਲ ਬਾਤ ਤੋਂ ਇਹੋ ਹੀ ਪਰਗਟ ਹੁੰਦਾ। ਸੀ । ਪਰ੍ਹੇ ਲੱਕੜੀ ਦੀ ਪੇਟੀ 'ਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ ਸਨਇੱਕ ਮੁੱਛ ਫੁੱਟਦੀ ਤੇ ਨਿੱਕੀ-ਨਿੱਕੀ ਉੱਤਰਦੀ ਦਾੜ੍ਹੀ ਵਾਲਾ ਪਤਲਾ ਜਿਹਾ ਮੁੰਡਾ, ਜਿਸਦੇ ਸਿਰ ’ਤੇ ਪੋਚ ਕੇ ਬੱਝੀ ਹੋਈ ਉਨ੍ਹਾਬੀ ਪੱਗ ਸੀ। ਕਾਲਜੀਏਟਾਂ ਵਰਗੀ। ਦੂਸਰਾ ਉਸ ਤੋਂ ਪੰਜ ਸੱਤ ਸਾਲ ਵੱਡਾ ਸੀ। ਭਾਰੇ ਜੁੱਸੇ ਦਾ। ਸਿਰ ’ਤੇ ਬੱਝੀ ਨੀਲੀ ਪੱਗ ਤੇ ਭਰਵੀਂ ਖੁੱਲ੍ਹੀ ਦਾੜ੍ਹੀ। ਉਹ ਕੋਈ ਗੱਲਬਾਤ ਨਹੀਂ ਸਨ ਕਰ ਰਹੇ। ਇੱਕ ਦੂਜੇ ਨਾਲ ਲੱਗ ਕੇ ਚੁੱਪ- ਚਾਪ ਬੈਠੇ ਸਨ।

ਮੈਨੂੰ ਉਹਨਾਂ ਦੀ ਚੁੱਪ ਵੀ ਸਾਜ਼ਸ਼ੀ ਜਿਹੀ ਜਾਪੀ। ਇੰਜ ਚੁੱਪ ਕੀਤੇ ਹੀ ਇਹੋ ਜਿਹੇ ਲੋਕ ਚੀਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਹਨ ਤੇ ਫੇਰ ਯੋਗ ਮੌਕਾ ਵੇਖ ਕੇ ਘਾਤਕ ਹਮਲਾ ਕਰਨ ਲਈ ਝਪਟ ਪੈਂਦੇ ਹਨ।

ਮੈਂ ਰਤਾ ਹੋਰ ਧਿਆਨ ਨਾਲ ਵੇਖਿਆਂ ਤਾਂ ਵੱਡਾ ਜੁਆਨ ਮੈਨੂੰ ਆਪਣੇ ਸਕੂਲ ਦੇ ਡੀ.ਪੀ.ਈ. ਵਰਗਾ ਲੱਗਾ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ। ਘੱਟੋ ਘੱਟ ਮੈਨੂੰ ਤਾਂ ਇੰਜ ਹੀ ਲੱਗਾ ਸੀ।

ਉਹਦੇ ਚਿਹਰੇ ਵੱਲ ਵੇਖਿਆਂ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਅਹੁਲਦਾ ਹੋਵੇ । ਸ਼ਾਇਦ ਉਹ ਹੁਣੇ ਆਖੇਗਾ ਡੀ. ਪੀ. ਈ. ਦੇ ਬੋਲਾਂ ਵਿਚ:

“ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ ਬਚ ਕੇ ਜਾਓ ਕਿੱਥੇ ਜਾਣਾ ਜੇ ਪੁੱਤ... ਹਰਮੰਦਰ ਦੀ ਵਾਰਤਾ ਸੀਨੇ ਵਿਚ ਰੜਕੇ... ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜ ਕੇ..."

ਤੇ ਮੈਂ ਇਕਵਾਰਗੀ ਕੰਬ ਹੀ ਤਾਂ ਗਿਆ, ਜਦੋਂ ਉਸ ਨੌਜਵਾਨ ਨੇ ਮੈਨੂੰ ਹੀ ਉੱਚੀ ਆਵਾਜ਼ ਵਿਚ ਕਿਹਾ, "ਬਾਊ ਜੀ..”

ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ ਵਿਚ ਸਿਰ ਹਿਲਾਇਆ।

“ਐਥੇ ਇਕ ਜਣਾ ਸਾਡੇ ਕੋਲ ਆ ਜਾਓ... ਅੜ ਉੜ ਕੇ ਬਹਿ ਜਾਂਦੇ ਆਂ... ਦੋ ਜਣੇ ਹਾਅ ਟਰੰਕ ਪਿਆ ਤੁਹਾਡੇ ਕੋਲ ਉਹਦੇ 'ਤੇ ਬੈਠ ਜਾਓਪੈਂਡਾ ਵਾਹਵਾ. ਘੰਟਾ ਸਵਾ ਘੰਟਾ ਲੱਗ ਜਾਣਾ ਅਜੇ... ਖਲੋਤੇ ਖਲੋਤੇ ਤਾਂ ਥੱਕ ਜਾਓਗੇ...”

ਇਕ ਪਲ ਤਾਂ ਮੈਨੂੰ ਜਾਪਿਆ, ਮੈਂ ਐਵੇਂ ਡਰਿਆ ਹੋਇਆ ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸਾਂ। ਉਸ ਨੌਜਵਾਨ ਦੇ ਬੋਲਾਂ ਵਿਚ ਲੀ ਅਪਣੱਤ ਵੇਖ ਕੇ ਮੈਨੂੰ ਸ਼ਰਮ ਜਿਹੀ ਵੀ ਆਈ, ਪਰ ਫੇਰ ਵੀ ਮੇਰਾ ਉਸ ਕੋਲ ਜਾਣ ਨੂੰ ਜੀਅ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਨਾਂ ਕੋਲ ਜਾਣ ਲਈ ਆਖਿਆ।

"ਜਿਊਂਦੇ ਰਹੋ! ਜਿਊਂਦੇ ਰਹੋ. ਸ਼ਾਵਾ ਸ਼ੇ” ਸਰਦਾਰ ਨੇ ਉਹਨਾਂ ਨਾਲ ਅੜਕੇ ਬੈਠਦਿਆਂ ਉਨ੍ਹਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ।

ਮੈਂ ਜੁਗਲ ਨੂੰ ਟਰੰਕ ਉੱਤੇ ਬੈਠਣ ਦਾ ਇਸ਼ਾਰਾ ਕੀਤਾ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਗ ਰਹੀਆਂ ਬੱਤੀਆਂ ਨੂੰ ਘੂਰ-ਘੂਰ ਵੇਖ ਰਿਹਾ ਸੀ । ਮੈਂ ਉਸਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ 'ਚੋਂ ਇਕ ਬੋਲ ਪਿਆ, “ਵੇਖਿਉ ਕਿਤੇ ਭਾਰ ਨਾਲ ਟਰੰਕ ਨਾ ਤੋੜ ਦਿਓ..”

ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀਪਰ ਉਸ ਨੇ ਸਾਡੇ ਪ੍ਰਤੀ ਗਾਰਡ ਦਾ ਰੁਖ਼ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆਗਾਰਡ ਨੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ ਵਿਚ ਆਖਿਆ:

“ਤੋੜ ਦਿਓ... ਤੋੜ ਦਿਓ... ਕੋਈ ਭਲਾ ਨਾ ਕਰਿਓ ...” ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜੇ ਹੋ ਜਾਂਦੇ ਸਨ, ਮੈਂ ਇਕਦਮ ਉੱਠ ਕੇ ਖੜੋ ਗਿਆ।

“ਬਹਿ ਜਾਹ... ਬਹਿ ਜਾਹ ਹੁਣ” ਉਸ ਨੇ ਫ਼ੈਸਲਾ ਸੁਣਾਉਂਦਿਆਂ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫੇਰ ਚੁਪਕੇ ਜਿਹੇ ਟਰੰਕ ਉੱਤੇ ਬੈਠ ਗਿਆ। ਮੈਨੂੰ ਜਾਪਿਆ ਜਿਵੇਂ ਮੈਂ ਤਾਂ ਚਾਬੀ ਵਾਲਾ ਕੋਈ ਖਿਡੌਣਾ ਸਾਂ ਦਿਲ ਦਿਮਾਗ਼ ਤੋਂ ਬਿਨਾਂ। ਲਹੂ ਮਾਸ ਤੋਂ ਬਿਨਾਂ ਰਬੜ ਦੀ ਇਕ ਮਸ਼ੀਨ ਜਿਹੀ।

ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦਾ ਫ਼ਨ ਫੈਲਾਈ ਸਿਰ 'ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ ਵਿਚ ਬਹੁਤ ਘੱਟ ਆਈਆਂ ਸਨ । ਲਾ-ਪਾ ਕੇ ਇਕ ਰਾਤ ਮੇਰੇ ਚੇਤੇ ਵਿਚ ਉੱਤਰ ਆਈ ਸੀ। ਦਸ ਕੁ ਸਾਲ ਪਹਿਲਾਂ ਮੇਰੀ ਪਤਨੀ ਦੇ ਪੇਕੇ, ਉਹਦੀ ਭੈਣ ਦੇ ਵਿਆਹ, ਰਾਮਪੁਰ ਗਏ ਸਾਂ। ਉਸ ਦਿਨ ਹੈਡਮਾਸਟਰ ਨਾਲ ਤਨਖ਼ਾਹ ਕਢਵਾਉਣ ਚਲਾ ਗਿਆ ਸਾਂ ਫੇਰ ਮਾਸਟਰਾਂ ਨੂੰ ਤਨਖ਼ਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖ਼ਾਹ ਚਾਹੀਦੀ ਸੀ। ਤਨਖ਼ਾਹ ਤੋਂ ਬਿਨਾਂ ਵਿਆਹ ਕਾਹਦਾ! ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ ਸਿਆਲੀ ਦਿਨਾਂ ਦੇ ਸਾਢੇ ਪੰਜ ਵੱਜ ਚੁੱਕੇ ਸਨ । ਪਰ ਉਦੋਂ ਦਿਨ ਚੰਗੇ ਸਨ। ਅੱਡੇ 'ਤੇ ਉਤਰੇ ਤਾਂ ਸੂਰਜ ਕਾਫ਼ੀ ਦੇਰ ਦਾ ਡੁੱਬ ਚੁੱਕਾ ਸੀ । ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦਾ ਫ਼ਰਕ ਪਾ ਕੇ ਕਿਸੇ ਹੋਰ ਪਿੰਡ ਵਿਚੋਂ ਦੀ ਵਲ ਪਾ ਕੇ ਲੰਘਦੀ ਸੀ। ਦੂਜਾ ਰਾਹ ਸੀ, ਏਸ ਦੂਜੇ ਪਿੰਡ ਦੇ ਖੇਤਾਂ ਵਿਚੋਂ ਦੀ ਪੰਝੀ ਤੀਹ ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਵਿਚੋਂ ਨਿਕਲਦੀ ਕੱਚੀ ਸੜਕ ਜੋ ਸਿੱਧੀ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ ਸੀ । ਏਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਲਈ ਆਖ ਕੇ ਖੇਤਾਂ ਵਿਚੋਂ ਦੀ ਵੱਟੋ ਵੱਟ ਤੁਰ ਪਿਆ। ਹਨੇਰੀ ਰਾਤ ਸੀ। ਵੱਟਾਂ 'ਤੇ ਤਿਲਕਦੇ, ਡਿੱਗਦੇ ਅਸੀਂ ਇਕ ਸੇਧ ਵਿਚ ਤੁਰੇ ਜਾ ਸਾਂ । ਮੇਰੀ ਪਤਨੀ ਮੇਰੇ 'ਤੇ ਖਿੱਝ ਰਹੀ ਸੀ ਜਿਸ ਨੇ ਏਨਾ ਕਵੇਲਾ ਕਰ ਦਿੱਤਾ ਸੀ। ਉਹਦੇ ਗਲ ਗਹਿਣਾ ਸੀ। ਸਾਡੇ ਕੋਲ ਪੈਸੇ ਸਨਜੇ ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾਹ ਜਾਂਦੀਏ ਹੋ ਜਾਵੇ। ਪਰ ਮੈਂ ਉਸਨੂੰ ਹੌਸਲਾ ਦੇ ਰਿਹਾ ਸਾਂ। ਮੇਰੇ ਮਨ ਵਿਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ, ਉਹ ਉਸ ਬਹਿਕ ਦਾ ਸੀ, ਜਿਸ ਦੇ ਐਨ ਕੋਲੋਂ ਰਾਮਪੁਰ ਨੂੰ ਕੱਚੀ ਸੜਕ ਨਿਕਲਦੀ ਸੀ।

ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ, ਜਿਸਦੇ ਬਾਹਰਵਾਰ ਦੋ ਵੱਡੀਆਂ ਕਿੱਕਰਾਂ ਸਨ, ਜਿਨ੍ਹਾਂ ਦੇ ਕੋਲੋਂ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਕਾ ਕੋਠਾ ਸੀ, ਜਿਸਦੇ ਸਿਰ 'ਤੇ ਬਲਬ ਜਗ ਰਿਹਾ ਸੀ। ਕੋਠੇ ਵਿਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬਲਬ ਦੀ ਮੱਧਮ ਰੋਸ਼ਨੀ ਵਿਚ ਸਲੇਟੀ ਧੂੰਆਂ ਹਵਾ ਵਿਚ ਉਠ ਰਿਹਾ ਸੀ ਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਹੌਲ ਵਿਚ ਫ਼ੈਲੀ ਹੋਈ ਸੀ। ਸ਼ਰਾਬੀ ਬੰਦੇ ਮੇਰੇ ਨਿਹੱਥੇ ਦੇ ਨਾਲ ਇਕੱਲੀ ਜ਼ਨਾਨੀ ਮੇਰੇ ਮਨ ਵਿਚ ਇਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗੇ। ਮੈਂ ਕੰਬ ਗਿਆ।

ਅਸੀਂ ਰਾਹ ਭੁੱਲ ਗਏ ਸਾਂ । ਮੈਂ ਪਤਨੀ ਦੇ ਬੁੱਲ੍ਹਾਂ ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਰਹਿਣ ਲਈ ਕਿਹਾ। ਦੂਰ ਪਰ੍ਹੇ ਅੱਠ ਦਸ ਕਿੱਲਿਆਂ ਦੀ ਵਿੱਥ 'ਤੇ ਇਕ ਸੱਜੇ ਹੱਥ ਤੇ ਇਕ ਖੱਬੇ ਹੱਥ ਬਲਬ ਜਗ ਰਹੇ ਸਨ। ਸ਼ਾਇਦ ਅਸਲੀ ਬਹਿਕ ਉਹਨਾਂ ਵਿਚੋਂ ਹੀ ਕੋਈ ਹੋਵੇਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ, ਫੇਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬਲਬ ਉਸ ਬਹਿਕ ਦਾ ਹੋਵੇਗਾ।

ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦੇ, ਡਿੱਗਦੇ ਢਹਿੰਦੇ, ਡਰੇ ਤੇ ਸਹਿਮੇ ਅਸੀਂ ਉਸ ਬਲਬ ਦੀ ਸੇਧ ਵਿਚ ਤੁਰੇ ਜਾ ਰਹੇ ਸਾਂ ਤੇ ਆਸੇ-ਪਾਸੇ ਖੁੜ੍ਹਕ ਵੀ ਰੱਖ ਰਹੇ ਸਾਂ। ਸਾਨੂੰ ਹੌਲੀ-ਹੌਲੀ ਡਰੀ ਆਵਾਜ਼ ਵਿਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗਾ। ਉਸ ਬਹਿਕ ’ਤੇ ਪਹੁੰਚੇ ਤਾਂ ਉੱਥੇ ਵੀ ਕੋਈ ਕਿੱਕਰ ਦਾ ਰੁੱਖ ਨਜ਼ਰ ਨਹੀਂ ਸੀ ਆ ਰਿਹਾ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ ? ਮੇਰੀ ਪਤਨੀ ਰੋਣਹਾਕੀ ਹੋ ਗਈ। ਖਾਲ ਵਿਚ ਡਿੱਗ ਪੈਣ ਕਰਕੇ ਉਹਦੇ ਸੈਂਡਲ ਅਤੇ ਪੈਰ ਗਾਰੇ ਨਾਲ ਲੇਥੂ ਪੇਥ ਹੋ ਗਏ ਸਨ।

“ਅੱਜ ਮੈਨੂੰ ਖੁਹਾ ਕੇ ਜਾਓਗੇ ਤੁਸੀਂ ” ਉਸ ਨੇ ਹਿਰਖ ਕੇ ਆਖਿਆ ਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ ਤੇ ਸਹਿਮ ਨਾਲ ਝਰਨਾਹਟ ਛਿੜ ਗਈ। ਪਰ ਹੌਸਲਾ ਕਰਕੇ ਉਸ ਨੂੰ ਆਖਿਆ, "ਕਮਲ ਨਾ ਕੁਦਾ...”

"ਏਥੇ ਘਰ 'ਚ ਵਾਜ ਮਾਰ ਕੇ ਵੇਖਾਂ ਪਸ਼ੂ ਡੰਗਰ ਹੈਗੇ ਨੇ ਪਰਿਵਾਰ ਰਹਿੰਦਾ ਹੋਊ ਕੋਈ..."

"ਨਾ... ਨਾ... ਨਾ... ਵੇਖਿਓ ਕਿਤੇ” ਪਤਨੀ ਨੇ ਚਿਤਾਵਨੀ ਦਿੱਤੀ। ਉਹ ਡਰ ਰਹੀ ਸੀ।

"ਕੋਈ ਨਹੀਂ... ਤੂੰ ਨੀਟੂ ਨੂੰ ਫੜ ਜ਼ਰਾ। ਮੈਂ ਕੱਲਾ ਵੇਖ ਕੇ ਆਉਂਦਾ चिप्लां..."

ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਕਿਆਂ ਤੇ ਨਾਲ ਹੀ ਕੋਈ ਅੰਦਰੋਂ ਬੋਲਿਆ:

"ਕਿਹੜੈ ਬਈ ?”

ਇਕ ਤੀਹ ਪੈਂਤੀ ਸਾਲ ਦਾ ਜੁਆਨ ਦੁਰਵਾਜ਼ੇ 'ਚ ਆਇਆ।

"ਭਾ ਜੀ.. ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾਂ ਪੰਡਤ ਰਾਮਨਾਥ ਦੇ ਘਰ.. ਮੈਂ ਉਹਨਾਂ ਦਾ ਜੁਆਈ ਆਂ। ਸੜਕੇ ਜਾਣ ਦੀ ਥਾਂ ਵੱਟੇ ਵੱਟ ਕੱਚੀ ਸੜਕ ਦਾ ਰੁਖ਼ ਕਰ ਬੈਠਾ ਆਪਣੀ ਵੱਲੋਂ । ਪਰ ਰਾਹ ਭੁੱਲ ਗਿਆ..."

"ਹੱਛਾ! ਉਹ ਸੜਕ ਤਾਂ ਔਹ ਪਾਸੇ ਰਹਿ ਗਈ ਚੜ੍ਹਦੇ ਵੱਲ । ਤੁਸੀਂ ਤਾਂ ਐਧਰ ਲਹਿੰਦੇ ਨੂੰ ਆ ਗਏ..." ਨੌਜਵਾਨ ਦਰਵਾਜ਼ੇ 'ਚ ਹੀ ਖੜਾ ਸੀ।

"ਵੇ ਕੌਣ ਐਂ ਸੁਰਜੀਤ ?” ਅੰਦਰੋਂ ਕੋਈ ਜ਼ਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ ਪੰਜਾਹ-ਪਚਵੰਜਾ ਸਾਲ ਦੀ ਇਕ ਜ਼ਨਾਨੀ ਵਿਹੜੇ ਵਿਚ ਆ ਗਈ,“ਪੁੱਤ! ਇਹਨੂੰ ਅੰਦਰ ਲੈ ਆ ਰਾਮ ਨਾਥ ਦਾ ਜਵਾਈ ਕੀ ਤੇ ਸਾਡਾ ਜਵਾਈ ਕੀ। ਪੁੱਤਰ ਸਾਡਾ ਪਿੰਡ ਵੀ ਰਾਮਪੁਰ ਈ ਆ.. ਦੂਰ ਜ਼ਮੀਨ ਹੋਣ ਕਰਕੇ ਏਥੇ ਹੀ ਆ ਵੱਸੇ ਆਂ। ਤੂੰ ਵੱਡੀ ਦੁਲਾਰੀ ਦਾ ਪ੍ਰਾਹੁਣੈ ?”

"ਨਹੀਂ ਜੀ... ਛੋਟੀ ਪਾਰਵਤੀ ਦਾ ਜਿਹੜੀ ਸ਼ਹਿਰ ਵਿਆਹੀ ਆ...”

"ਤੇ ਲੰਘ ਆ ਨਾ ਅੰਦਰ। ਵੇ ਸੁਰਜੀਤ! ਤੂੰ ਤਾਂ ਉਹਦਾ ਰਾਹ ਰੋਕ ਕੇ ਖੜਾ ਏਂ... ਪਾਸੇ ਹੋ ਵੇ..."

ਸੁਰਜੀਤ ਹੱਸ ਕੇ ਪਾਸੇ ਹੋ ਗਿਆ। ਕੋਈ ਖ਼ਤਰਾ ਨਾ ਜਾਣ ਕੇ ਮੈਂ ਪਿੱਛੇ ਆ ਖੜੋਤੀ ਪਾਰਵਤੀ ਨੂੰ ਪਹਿਲਾਂ ਅੰਦਰ ਲੰਘਣ ਲਈ ਕਿਹਾ।

"ਲੈ ਕੁੜੇ ਪਾਰੋ! ਤੇਰੇ ਤਾਏ ਦਾ ਘਰ ਉਹਨੇ ਅੱਗੇ ਵਧ ਕੇ ਪਾਰਵਤੀ ਦਾ ਸਿਰ ਪਲੋਸਿਆ। ਕਮਲੋ। ਬਾਹਰ ਖਲੋਤੀ ਏਂ..”

ਉਸਨੇ ਅੱਗੇ ਵੱਧ ਕੇ ਪਾਰਵਤੀ ਦਾ ਸਿਰ ਪਲੋਸਿਆ।

ਤੇ ਫਿਰ ਸਾਨੂੰ ਮੰਜਿਆਂ 'ਤੇ ਬਿਠਾ, ਪਾਣੀ ਗਰਮ ਕਰਕੇ ਤਾਈ ਕਰਤਾਰ ਕੌਰ ਨੇ ਪਾਰਵਤੀ ਦੇ ਲਿੱਬੜੇ ਪੈਰ ਧੁਆਏ।

“ਹਾਏ ਕਮਲੀ! ਪੁੱਤ ਸੁਵੱਖਤੇ ਨਹੀਂ ਤੁਰੀਦਾ ਚੰਗਾ ਭੈਣ ਦਾ ਵਿਆਹ ਵੇਖਣ ਆਈ ਏਂ ਕੁੜੀਆਂ ਦੋ-ਚਾਰ ਦਿਨ ਪਹਿਲਾਂ ਆਉਂਦੀਆ ਸਗੋਂ ਕੰਮ ਧੰਦਾ ਕਰਨ... ਪਰ ਭੈਣਾਂਤੂੰ ਤਾਂ ਸ਼ਹਿਰਨ ਹੋਈ ਹੁਣ... ਤੈਨੂੰ ਟੈਮ ਕਾਹਨੂੰ ਲੱਗਦਾ...” ਤੇ ਫੇਰ ਸਾਡੇ ਰੋਕਦਿਆਂ-ਰੋਕਦਿਆਂ ਵੀ ਤਾਈ ਨੇ ਆਪਣੀ ਨੂੰਹ ਨੂੰ ਸਾਡੇ ਲਈ ਦੁੱਧ ਗਰਮ ਕਰਨ ਦਾ ਆਦੇਸ਼ ਦੇ ਦਿੱਤਾ।

ਦੁੱਧ ਪਿਆ ਕੇ ਉਸਨੇ ਸੁਰਜੀਤ ਨੂੰ ਸਾਡੇ ਨਾਲ ਜਾਣ ਲਈ ਕਿਹਾ, “ਮੈਂ ਤਾਂ ਆਂਹਦੀ ਸੀ ਪੁੱਤ! ਏਥੇ ਹੀ ਪਏ ਰਹਿੰਦਿਓਪਰ ਅੱਜ ਮੇਲ ਦਾ ਦਿਨ ਕਰਕੇ, ਤੁਹਾਡੇ ਨਾ ਪੁੱਜਣ 'ਤੇ ਮਿਸਰ ਹੁਣੀਂ ਫ਼ਿਕਰ ਕਰਨਗੇ ਜਾਹ ਵੇ ਸੁਰਜੀਤਪਿੰਡ ਤੱਕ ਕਰ ਆ ਇਹਨਾਂ ਨੂੰ..."

ਸੁਰਜੀਤ ਇੱਕ ਹੱਥ ਡਾਂਗ ਅਤੇ ਇੱਕ ਹੱਥ ਬੈਟਰੀ ਲੈ ਕੇ ਸਾਡੇ ਕੋਲ ਆਣ ਖੜੋਤਾ, “ਲਿਆ ਭੈਣਾਂ ! ਭਣੇਵਾਂ ਸਾਡਾ ਮੈਨੂੰ ਚੁਕਾ ਦੇਹ... ਆ ਉਏ ਸ਼ਹਿਰੀ ਬਾਬੂ” ਉਹਨੇ ਨੀਟੂ ਵੱਲ ਹੱਥ ਵਧਾਏ ਓਪਰਾ ਬੰਦਾ ਅਤੇ ਡਾਂਗ ਵਾਲਾ ਹੱਥ ਅੱਗੇ ਵਧਿਆ ਵੇਖ ਨੀਟੂ ਡਰ ਗਿਆ ਤੇ ਮਾਂ ਦੇ ਮੋਢੇ ਨਾਲ ਲੱਗ ਗਿਆ।

“ਕੋਈ ਨਹੀਂ ਭਰਾ ਜੀ..." ਪਾਰਵਤੀ ਨੇ ਕਿਹਾ।

“ਗੰਦੂ! ਇਹ ਡਾਂਗ ਕਿਤੇ ਤੈਨੂੰ ਡਰਾਉਣ ਲਈ ਥੋੜ੍ਹੀ ਐ ਇਹ ਤਾਂ..." ਸੁਰਜੀਤ ਨੇ ਗੱਲ ਵਿਚ ਹੀ ਛੱਡ ਦਿੱਤੀ।

ਤੇ ਫਿਰ ਸੁਰਜੀਤ ਨੇ ਬੈਟਰੀ ਜਗਾਈ ਤੇ ਸਾਡੇ ਅੱਗੇ ਅੱਗੇ, ਵੱਟਾਂ ਖ਼ਾਲਾਂ 'ਤੇ ਖਲੋ ਕੇ ਚਾਨਣ ਕਰਦਾ, ਰਾਹ ਵਿਖਾਉਂਦਾ ਤੁਰਿਆ ਗਿਆ ਤੇ ਸਾਨੂੰ ਪਿੰਡ ਦੀ ਫਿਰਨੀ 'ਤੇ ਚੜ੍ਹਾ ਕੇ ਵਾਪਸ ਮੁੜਿਆ।

ਖੜੱਕ... ਧੜੱਚ... ਖੜੱਕ, ਗੱਡੀ ਬਿਆਸ ਦੇ ਪੁਲ ਉਪਰੋਂ ਦੀ ਲੰਘ ਰਹੀ ਸੀ ਤੇ ਉਸ ਦੇ ਖੜਾਕੇ ਨੇ ਮੇਰੀ ਸੋਚ ਪਰਤਾਈ।

"ਤੁਸੀਂ ਇਹ ਬਹੁਤ ਗਲਤ ਬਾਤ ਕੀਤੀ ਜ਼ਬਰਦਸਤੀ ਗੱਡੀ ਵਿਚ ਚੜ੍ਹਨ ਵਾਲੀ...” ਗਾਰਡ ਫੇਰ ਮੈਨੂੰ ਮੁਖ਼ਾਤਬ ਸੀ।

"ਮੈਂ ਤੁਹਾਨੂੰ ਗੱਡੀ ਚੋਂ ਉਤਾਰ ਦਿਆਂ ਜਾਂ ਗ੍ਰਿਫ਼ਤਾਰ ਕਰਵਾ ਦਿਆਂ?”

ਉਸ ਨੇ ਇਕ ਹੋਰ ਹਥੌੜਾ ਸਿਰ ਵਿਚ ਦੇ ਮਾਰਿਆ। ਇਸਦੀ ਅਜੇ ਕਸਰ ਬਾਕੀ ਸੀ। "ਸਰ! ਮਾਫ਼ੀ ਦਿਓ, ਸਾਡੀ ਮਜ਼ਬੂਰੀ ਸੀ..” ਉਹਦੇ ਰੁੱਖੇ ਤੇ ਖ਼ੁਸ਼ਕ ਹੋਏ। ਵਤੀਰੇ ਤੋਂ ਜਾਪਦਾ ਸੀ ਕਿ ਉਹ ਕੁਝ ਵੀ ਕਰ ਸਕਦਾ ਸੀ।

"ਤੁਹਾਨੂੰ ਆਪਣੀ ਮਜ਼ਬੂਰੀ ਦਾ ਤਾਂ ਅਹਿਸਾਸ ਹੈ, ਪਰ ਸਾਡੀ ਦਾ ਕੋਈ। ਨਹੀਂ... ਜੇ ਮੈਂ ਫੜਿਆ ਜਾਵਾਂ ਤੁਹਾਨੂੰ ਲਿਜਾਂਦਾ ਹੋਇਆ... ਮੇਰੀ ਤਾਂ ਨੌਕਰੀ ਗਈ । ਨਾ ? ਫੇਰ ਉੱਤੋਂ ਦਿਨ ਕਿਹੋ ਜਿਹੇ ਨੇ ? ਮਹੌਲ ਕਿਹੋ ਜਿਹਾ ਏ ? ... ਕੀ ਪਤਾ ਤੁਹਾਡੇ ਵਿਚੋਂ ਕੋਈ ਕੌਣ ਹੈ ਤੇ ਕਿਸ ਤਰ੍ਹਾਂ ਦਾ ਹੈ... ਨੇ ਜਾਣੀਏਂ ਕੋਈ ਉਹੋ ਜਿਹੀ ਗੱਲ ਹੈ ਜਾਵੇ... ਮੈਂ ਕੀਹਦੀ ਮਾਂ ਨੂੰ ਮਾਸੀ ਆਖੂੰ ?"

ਉਹਦਾ ਆਪਣਾ ਤਰਕ ਠੀਕ ਸੀ । ਮੈਂ ਡੀ. ਪੀ. ਈ. ਨਾਲ ਮਿਲਦੇ ਚਿਹਰੇ ਵਾਲੇ ਨੌਜਵਾਨ ਵੱਲ ਵੇਖਿਆ। 'ਨੇ ਜਾਣੀਏ, ਕਿਤੇ ਇਹ ਹੀ ਉਹੋ ਜਿਹੇ ਨਾ ਹੋਣ '

ਮੈਨੂੰ ਉਹਨਾਂ ਵੱਲ ਤੱਕਦਾ ਵੇਖ ਗਾਰਡ ਨੇ ਸ਼ਾਇਦ ਸਮਝਿਆ ਕਿ ਜਿਵੇਂ ਮੈਂ ਜਾਨਣਾ ਚਾਹ ਰਿਹਾ ਹੋਵਾਂ ਕਿ ਗਾਰਡ ਉਹਨਾਂ ਬਾਰੇ ਕਿਉਂ ਚੁੱਪ ਸੀ । ਉਹਨੇ ਤਰਕ ਦਾ' ਪੱਲੜਾ ਸਾਵਾਂ ਕਰਨਾ ਚਾਹਿਆ।

"ਹੁਣ ਇਹਨਾਂ ਸਰਦਾਰਾਂ ਨੇ ਗੱਲ ਈ ਇਹੋ ਜਿਹੀ ਦੱਸੀ ਆ ਕਿ ਮੈਂ ਨਾਂਹ ਨਹੀਂ ਕਰ ਸਕਿਆ। ਇਕ ਅੱਧ ਬੰਦਾ ਤਾਂ ਚਲੋ ਹੋਇਆ" ਤੇ ਗਾਰਡ ਚੁੱਪ ਕਰ ਗਿਆ।

ਵੱਡਾ ਨੌਜਵਾਨ ਬੋਲਿਆ, “ਬੜੀ ਮਿਹਰਬਾਨੀ ਤੁਹਾਡੀ... ਅਸੀਂ ਤੁਹਾਡੇ ਦੇਣਦਾਰ ਆਂ ਜੀ..."

ਫਿਰ ਕੁਝ ਚਿਰ ਡੱਬੇ ਵਿਚ ਚੁੱਪ ਵਰਤੀ ਰਹੀਗੱਡੀ ਚੱਲਣ ਦਾ ਖੜਕਾ ਮੇਰੇ ਜ਼ਿਹਨ ਵਿਚ ਖੜਕ ਰਿਹਾ ਸੀ। ਮੈਂ ਹੋਰ ਵੀ ਸ਼ਸ਼ੋਪੰਜ ਵਿਚ ਪੈ ਗਿਆ ਸਾਂ। 'ਇਹਨਾਂ ਸਰਦਾਰਾਂ ਨੇ ਭਲਾ ਕਿਹੋ ਜਿਹੀ ਗੱਲ ਕੀਤੀ ਹੋਊ? ਕੀ ਆਖਿਆ ਹੋਊ ਗਾਰਡ ਨੂੰ ?

ਗਾਰਡ ਬਾਹਰ ਨੂੰ ਵੇਖ ਰਿਹਾ ਸੀ। ਸਾਡੇ ਨਾਲ ਚੜ੍ਹਨ ਵਾਲੇ ਅੱਧਖੜ ਸਰਦਾਰ ਨੇ ਹੌਲ਼ੀ ਜਿਹੀ, ਪਰ ਗਾਰਡ ਨੂੰ ਸੁਣਾ ਕੇ, ਅੱਧਾ ਕੋਲ ਬੈਠੇ ਜੁਆਨਾਂ ਨੂੰ ਤੇ ਅੱਧਾ ਸਾਡੇ ਵੱਲ ਵੇਖਦਿਆਂ ਕਿਹਾ, “ਆਪਾਂ ਨੂੰ ਥੋੜ੍ਹੀ ਬਹੁਤ ਸੇਵਾ ਤਾਂ ਕਰਨੀ ਬਣਦੀ ਹੈ। ਘੱਟੋ ਘੱਟ ਕਿਰਾਏ ਜੋਗੀ ਤਾਂ...”

ਉਸਨੇ ਜੇਬ ਵਿਚੋਂ ਦਸਾਂ ਦਾ ਨੋਟ ਕੱਢਿਆ। ਮੈਂ ਤੇ ਜੁਗਲ ਨੇ ਵੀ ਦਸ ਦਸ ਰੁਪਏ ਕੱਢ ਕੇ ਸਰਦਾਰ ਨੂੰ ਫੜਾਏ । ਖੁੱਲ੍ਹੀ ਦਾੜ੍ਹੀ ਵਾਲੇ ਨੌਜਵਾਨ ਨੇ ਵੀਹ ਦਾ ਨੋਟ ਕੱਢ ਕੇ ਉਸ ਸਰਦਾਰ ਵੱਲ ਵਧਾਇਆ।

ਗਾਰਡ ਹੁਣ ਸਾਡੇ ਵੱਲ ਵੇਖ ਰਿਹਾ ਸੀ । ਨੌਜਵਾਨ ਨੂੰ ਨੋਟ ਫੜਾਉਂਦਿਆਂ ਵੇਖ ਉਸਨੇ ਕਿਹਾ, “ਰਹਿਣ ਦਿਓ ਇਹਨਾਂ ਦੇ ਮੋੜ ਦਿਓ ਵੀਹ ਦਾ ਨੋਟ...”

ਸਰਦਾਰ ਤੀਹ ਰੁਪੈ ਫੜਾਉਣ ਗਾਰਡ ਵੱਲ ਵਧਣ ਹੀ ਲੱਗਾ ਸੀ ਕਿ ਗਾਰਡ ਨੇ ਦੋਹਾਂ ਕਰਮਚਾਰੀਆਂ ਵਿਚੋਂ ਇੱਕ ਨੂੰ ਆਖਿਆ, “ਮੁਰਾਰੀ ਫੜ ਲੈ..”

ਮੁਰਾਰੀ ਨੇ ਤੀਹ ਰੁਪਏ ਫੜ ਕੇ ਜੇਬ ਵਿਚ ਪਾ ਲਏ। ਉਸ ਦੀ ਜੇਬ ਵਿਚ ਪੈਸੇ ਪੈਂਦਿਆਂ ਹੀ ਇਕ ਪਲ ਲਈ ਮੈਂ ਤਣਾਉ-ਮੁਕਤ ਹੋਇਆ। ਅੱਖਾਂ ਮੀਟ ਕੇ ਨਿਸ਼ਚਿੰਤ ਹੋਣ ਦਾ ਯਤਨ ਕੀਤਾ । ਪਰ ਸ਼ੱਕ ਦੀ ਇਕ ਚੰਗਿਆੜੀ ਮੇਰੇ ਅੰਦਰ ਧੁਖਣ ਲੱਗ ਪਈ ਸੀ। ਕਿਤੇ ਇਹ ਗਾਰਡ ਇਹਨਾਂ ਤੋਂ ਡਰਦਾ ਤਾਂ ਨਹੀਂ..? ਕਿਤੇ ਇਹ...? ਪੈਸੇ ਵੀ ਮੋੜ ਦਿੱਤੇ ਨੇ... ਉਹਨਾਂ ਨੂੰ ਕਹਿੰਦਾ ਵੀ ਕੁਝ ਨਹੀਂ।

ਤੇ ਮੈਨੂੰ ਲੱਗਾ, ਉਸ ਨੌਜਵਾਨ ਤੇ ਡੀ. ਪੀ. ਈ. ਦਾ ਚਿਹਰਾ ਆਪਸ ਵਿਚ ਘੁਲਦਾ-ਮਿਲਦਾ ਤੇ ਫ਼ੈਲਦਾ ਜਾ ਰਿਹਾ ਤੇ ਵੱਡਾ ਹੁੰਦਾ ਜਾ ਰਿਹਾ ਸੀ ਤੇ ਉਸ ਚਿਹਰੇ ਨੇ ਸਾਰੇ ਡੱਬੇ ਨੂੰ ਮੱਲ ਲਿਆ ਸੀ । ਮੇਰੇ ਕੰਨਾਂ ਵਿਚ ਡੀ. ਪੀ. ਈ. ਦੇ ਬੋਲ ਗੂੰਜੇ, "ਸਾਡੇ ਵੀ ਹੋਣਗੇ ਬੋਲ-ਬਾਲੇ ਕਦੀ ਅਕਸਰ ਤਾਂ ?”

ਹਰਚਰਨ ਤੇ ਦੂਜੇ ਸਿੱਖ ਮਾਸਟਰ ਘੱਟ ਹੀ ਕਿਸੇ ਨੂੰ ਚੁਭਵੀਂ ਗੱਲ ਆਖਦੇ ਸਨ। ਆਪਸ ਵਿਚ ਜੋ ਮਰਜ਼ੀ ਕਹਿੰਦੇ ਰਹਿੰਦੇ ਹੋਣ, ਪਰ ਸਾਂਝੀ ਮੇਜ਼ 'ਤੇ ਸਾਂਝੀਆਂ ਗੱਲਾਂ ਈ ਕਰਦੇ ਸਨ। ਆਪਸ ਵਿਚ ਤਾਂ ਸਾਰੇ ਈ ਕਰਦੇ ਸਨ। ਪਰ ਡੀ. ਪੀ. ਈ. ਵਾਂਗ ਸ਼ਰ੍ਹੇਆਮ ਕੋਈ ਘੱਟ ਹੀ ਬੋਲਦਾ ਸੀ। ਉਸ ਦਿਨ ਕਹਿ ਰਿਹਾ ਸੀ, "ਹੁਣ ਪੁਲਸ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਰਹੀ ਹੈ ਮੀਰ ਮਨੂੰ ਵਾਂਗ, ਪਰ ਭਾ, ਜਿਉਂ ਜਿਉਂ ਮਨੂੰ ਵੱਢਦਾ ਇਹ ਦੂਣੇ ਚੌਣੇ ਹੋਏ... ਕਾਨੂੰਨ ਤੇ ਅਦਾਲਤਾਂ ਕਿਧਰ ਗਈਆਂ? . ਪੁਲਸ ਹੀ ਵਿਧਾਨ ਪੁਲਸ ਹੀ ਗਵਾਹ, ਪੁਲਸ ਈ ਜੱਜ... ਪੁਲਸ ਈ.. ਜੱਲਾਦ, ਇਹ ਜੇ ਲੋਕ ਰਾਜ ।”

ਉਸ ਦਿਨ ਡੀ. ਪੀ. ਈ. ਦੀ ‘ਬੋਲ-ਚਾਲੇ' ਵਾਲੀ ਗੱਲ ਸੁਣ ਕੇ ਹਿਸਾਬ ਮਾਸਟਰ ਨਰੇਸ਼ ਮੈਨੂੰ ਵੱਖਰਾ ਹੋ ਕੇ ਕਹਿਣ ਲੱਗਾ, "ਇਹ ਐਵੇਂ ਪਿੱਟੀ ਜਾਂਦੇ ਆ... ਪੁਲਸ ਨੂੰ, ਗਵਾਹਾਂ ਨੂੰ ਜੱਜਾਂ ਨੂੰ, ਸਭ ਨੂੰ ਤਾਂ ਮਾਰੀ ਜਾਂਦੇ ਨੇ... ਇਹਨਾਂ ਨੂੰ ਅਦਾਲਤਾਂ 'ਚੋਂ ਤਾਂ ਸਜ਼ਾ ਹੋਣੋਂ ਰਹੀ ਫਿਰ ... ਤੇ ਰਹੀ ਗੱਲ ਇਹਨਾਂ ਦੇ ਬੋਲਬਾਲਿਆਂ ਦੀ ? ... ਪੰਜਾਬ 'ਚ ਪਾਰਟੀ ਕੋਈ ਅੱਗੇ ਆਵੇ, ਮੁੱਖ ਮੰਤਰੀ ਇਹਨਾਂ ਦਾ ਬਣਦਾ... ਰਾਸ਼ਟਰਪਤੀ ਇਹਨਾਂ ਦਾ ਸਦਾ ਸੈਂਟਰ ਵਿਚ ਇਕ ਦੋ ਮਹੱਤਵਪੂਰਨ ਮਨਿਸਟਰੀਆਂ ਇਹਨਾਂ ਕੋਲ ਰਹੀਆਂ। ਫ਼ੌਜਾਂ 'ਚ, ਪੁਲਿਸ 'ਚ ਵੱਡੇ ਅਫ਼ਸਰ ਇਹਨਾਂ ਦੇ….. ਇਹਨਾਂ ਦੀ ਗਿਣਤੀ ਵੇਖੋ ਤੇ ਅਹੁਦਿਆਂ ਦੀ ਪ੍ਰਸੈਂਟੇਜ ਵੇਖੋ..."

ਉਹਦੀ ਗੱਲ ਮੁੱਕਦੀ ਨਾ ਵੇਖ ਕੇ ਮੇਰੇ ਮੂੰਹੋਂ ਹੱਸਦਿਆਂ ਨਿਕਲ ਗਿਆ, "ਹੁਣ ਤਾਂ ਭਰਾਵਾ ਦਿਨ ਰਾਤ ਬੋਲ-ਬਾਲਾ ਈ ਇਹਨਾਂ ਦਾ ਕਿਤੇ ਔਹ ਮਾਰਤਾ.... ਕਿਤੇ ਔਹ... ਠਾਹ... ਠੂ..."

ਸਾਹਮਣੇ ਬੈਠੇ ਦੋਵੇਂ ਨੌਜਵਾਨ ਚੁੱਪ-ਚਾਪ ਸਨ। ਛੋਟਾ ਤਾਂ ਸ਼ਾਇਦ ਸਾਰੇ ਸਫ਼ਰ ਦੌਰਾਨ ਇਕ ਅੱਧੀ ਵਾਰ ਹੀ ਬੋਲਿਆ ਸੀ! ਉਹਨਾਂ ਤੋਂ ਕਲਪਿਆ ਖ਼ਤਰਾ ਮੈਨੂੰ ਨਿਰਮੂਲ ਜਾਪਿਆ।

ਪਰ ਖ਼ਤਰਾ ਤਾਂ ਸਿਰ 'ਤੇ ਹੋਰ ਆ ਖੜਾ ਹੋਇਆ ਸੀ । ਜਦੋਂ ਮਾਨਾਂਵਾਲਾ ਲੰਘਦਿਆਂ ਹੀ ਗਾਰਡ ਨੇ ਆਖ ਦਿੱਤਾ

“ਤੁਹਾਨੂੰ ਅਸੀਂ ਸਟੇਸ਼ਨ ’ਤੇ ਨਹੀਂ ਉਤਾਰ ਸਕਦੇ । ਉਰ੍ਹੇ ਉਤਰਨਾ ਪਵੇਗਾ। ਸਟੇਸ਼ਨ ਤੇ ਉਤਰਦਿਆਂ ਸਾਡੀ ਤੁਹਾਡੀ ਦੋਹਾਂ ਧਿਰਾਂ ਦੀ ਪੁੱਛ-ਗਿੱਛ ਹੋਊ... ਐਵੇਂ ਕਿਤੇ ਧਰ ਲਏ ਜਾਓਗੇ...”

ਅੰਮ੍ਰਿਤਸਰ ਦੀ ਜੂਹ ਵੜਦਿਆਂ ਹੀ ਗੱਡੀ ਹੌਲ਼ੀ ਹੋਣੀ ਸ਼ੁਰੂ ਹੋ ਗਈ। ਜਿਉਂ ਹੀ ਗੱਡੀ ਜੌੜੇ ਫਾਟਕ ਲੰਘ ਕੇ ਗੋਲਡਨ ਐਵੇਨਿਊ ਕੋਲ ਪਹੁੰਚੀ ਤਾਂ ਉਸਦੀ ਰਫ਼ਤਾਰ ਕਾਫ਼ੀ ਧੀਮੀ ਹੋ ਗਈ ਸੀ

"ਚੱਲੋ ਜੀ ਚੱਲੋ... ਉੱਠੋ ਬਾਊ ਜੀ... ਉਤਰਨ ਲਈ ਐਹ ਥਾਂ ਵਧੀਆ ਪੱਧਰੀ ਐ..." ਭਾਵੇਂ ਨਿੰਮ੍ਹੀ ਜਿਹੀ ਚੰਨ ਚਾਨਣੀ ਵੀ ਪਸਰ ਰਹੀ ਸੀ, ਪਰ ਉਸਨੇ ਸਰਚ ਲਾਈਟ ਮਾਰ ਕੇ ਸਾਨੂੰ ਪੱਧਰੀ ਪਟੜੀ ਵਿਖਾਈ ਤੇ ਛਾਲ ਮਾਰਨ ਲਈ ਕਿਹਾ।

"ਛੇਤੀ ਕਰੋ... ਛੇਤੀ..."

ਬਾਰੀ ਕੋਲ ਸਭ ਤੋਂ ਅੱਗੇ ਮੈਂ ਹੀ ਸਾਂਮੈਂ ਬਾਰੀ ਦਾ ਡੰਡਾ ਫੜ ਕੇ ਪਾਇਦਾਨ 'ਤੇ ਸੰਭਲ ਕੇ ਪੈਰ ਧਰਿਆ ਤੇ ਫਿਰ ਜਿਸਮ ਸੰਭਾਲਦਾ ਅੱਗੇ ਨੂੰ ਮੂੰਹ ਕਰਕੇ ਪਟੜੀ 'ਤੇ ਹੌਲ਼ੀ ਜਿਹੀ ਉਤਰ ਗਿਆ। ਦਸ ਪੰਦਰਾਂ ਗਜ਼ ਦੀ ਵਿੱਥ 'ਤੇ ਜੁਗਲ ਵੀ ਉਤਰ ਗਿਆ। ਥੋੜ੍ਹੀ ਥੋੜ੍ਹੀ ਵਿਥ 'ਤੇ ਹੋਰ ਜਣੇ ਵੀ ਉਤਰ ਰਹੇ ਸਨ। ਪਰ ਸਾਨੂੰ ਉਹਨਾਂ ਨੂੰ ਵੇਖਣ ਅਤੇ ਉਡੀਕਣ ਦੀ ਕੋਈ ਲੋੜ ਨਹੀਂ ਸੀ। ਰਾਤ ਨੂੰ ਰੇਲਵੇ ਲਾਈਨ ਦੇ ਨਾਲ ਨਾਲ ਚੱਲਣਾ ਵੀ ਕੋਈ ਘੱਟ ਖ਼ਤਰੇ ਵਾਲੀ ਗੱਲ ਨਹੀਂ ਸੀਐਵੇਂ ਕੋਈ ਆਖ ਦਏ, "ਰੇਲਵੇ ਲਾਈਨ ਉਖੇੜਨ ਲੱਗੇ ਸਨ। ਗੱਡੀ ਉਲਟਾਉਣ ਲੱਗੇ ਸਨ..”

ਮੈਂ ਜੁਗਲ ਨੂੰ ਆਖਿਆ, “ਪਟੜੀ ਤੋਂ ਉਤਰ ਕੇ ਐਂ ਸਿੱਧੇ ਡਾਂਡੇ ਮੀਂਡੇ ਹੋ ਜਾਈਏ, ਆਬਾਦੀ ਵੱਲ....”

ਤੇ ਅਸੀਂ ਤੇਜ਼-ਤੇਜ਼ ਕਦਮੀਂ ਤੁਰ ਪਏ। ਸੱਚੀ ਗੱਲ ਤਾਂ ਇਹ ਸੀ ਕਿ ਮੈਂ ਅਜੇ ਵੀ ਉਹਨਾਂ ਸਿੱਖ ਨੌਜਵਾਨਾਂ ਤੋਂ ਡਰ ਰਿਹਾ ਸੀਕੀ ਪਤਾ ਕੌਣ ਸਨ ? ਭੇਦ-ਭਰੇ। ਰਹੱਸਮਈ । ... ਚੁੱਪ ਗੜੁੱਪ...

ਤੁਰੇ ਜਾਂਦਿਆਂ ਮੈਂ ਪਿੱਛਾ ਭੌਂ ਕੇ ਵੇਖਿਆ। ਉਹ ਦੋਵੇਂ ਗੱਡੀਉਂ ਉਤਰ ਕੇ ਪਿੱਛੇ ਮੁੜ ਕੇ ਸਾਡੇ ਵੱਲ ਹੀ ਆ ਰਹੇ ਸਨ। ਅਧਖੜ ਸਰਦਾਰ ਸ਼ਾਇਦ ਅੱਗੇ ਕਿਧਰੇ ਉਤਰਿਆ ਸੀਉਹਨਾਂ ਨੂੰ ਤੇਜ਼ ਤੇਜ਼ ਕਦਮੀਂ ਆਪਣੇ ਵੱਲ ਵਧਦਿਆਂ ਵੇਖ ਕੇ ਮੇਰਾ ਦਿਲ ਧੜਕਿਆ। ਮੈਂ ਜੁਗਲ ਨੂੰ ਹੋਰ ਤੇਜ਼ ਤੁਰਨ ਲਈ ਕਿਹਾ।

“ਮੈਨੂੰ ਤਾਂ ਖ਼ਤਰਨਾਕ ਬੰਦੇ ਲਗਦੇ ਨੇ..."

ਏਨੇ ਚਿਰ ਵਿਚ ਉਹਨਾਂ ਦੇ ਤੇਜ਼ ਕਦਮਾਂ ਦੇ ਖੜਾਕ ਨਾਲ ਉਹਨਾਂ ਦੇ ਹੌਲੀ ਹੌਲੀ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ।

ਇਕ ਕਹਿ ਰਿਹਾ ਸੀ, “ਭੱਜ ਕੇ ਮਿਲ ਪੈਂਦੇ ਆਂ ।" ਇਹ ਆਵਾਜ਼ ਸ਼ਾਇਦ ਛੋਟੇ ਦੀ ਸੀ। ਮੇਰੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਛੁਟ ਗਿਆ । ਮੈਨੂੰ ਲੱਗਾ, ਹੁਣੇ ਭੱਜ ਕੇ ਮਿੰਟ ਵਿਚ ਉਹ ਸਾਡੀ ਮੋਰੀਂ ਆ ਚੜ੍ਹਨਗੇ ਤੇ ਫੇਰ ਇੱਕ ਛਿਣ ਵਿਚ 'ਠਾਹ। ਠਾਹ!' ਕਰਦੀਆਂ ਗੋਲੀਆਂ ਸਾਡੀ ਪਿੱਠ ਵੱਲੋਂ ਹੁੰਦੀਆਂ, ਛਾਤੀ ਚੀਰਦੀਆਂ ਆਰ-ਪਾਰ ਹੋ ਜਾਣਗੀਆਂ। ਮੈਂ ਪਿਛੋਂ ਆਉਂਦੀ ਆਵਾਜ਼ ਵੱਲ ਧਿਆਨ ਦਿੱਤਾ, "ਨਹੀਂ, ਵਾਜ ਮਾਰ ਲੈਂਦੇ ਆਂ..." ਵੱਡਾ ਨੌਜਵਾਨ ਕਹਿ ਰਿਹਾ ਸੀ।

ਡਰੇ ਹੋਏ ਅਸੀਂ ਆਪਸ ਵਿਚ ਕੋਈ ਗੱਲ ਵੀ ਨਹੀਂ ਸਾਂ ਕਰ ਰਹੇ। ਉਹਨਾਂ ਦੇ ਹੋਰ ਵੀ ਤੇਜ਼ ਹੋ ਜਾਣ ਨਾਲ ਸਾਡੀ ਵਿੱਥ ਹੋਰ ਵੀ ਘਟ ਗਈ ਸੀ । ਮੈਂ ਜੁਗਲ ਨੂੰ ਦੌੜਨ ਵਾਸਤੇ ਹੀ ਕਹਿਣ ਲੱਗਾ ਸਾਂ ਕਿ ਪਿੱਛੋਂ ਆਵਾਜ਼ ਆਈ, "ਬਾਊ ਜੀ... ।” ਸਹਿਮ ਨਾਲ ਮੇਰੇ ਪੈਰਾਂ ਨੂੰ ਜਿਵੇਂ ਜ਼ੰਜੀਰ ਹੀ ਤਾਂ ਵੱਜ ਗਈ ਸੀ । ਜੁਗਲ ਵੀ ਖੜੋ ਗਿਆ।

"ਤੁਸੀਂ ਤਾਂ ਭੱਜ ਈ ਉੱਠੇ... ਸਾਨੂੰ ਨਾਲ ਈ ਨਹੀਂ ਲਿਆ..." ਵੱਡਾ ਨੌਜਵਾਨ ਕਹਿਣ ਲੱਗਾ, "ਅਸਲ 'ਚ ਮੇਰੀ ਚਾਚੀ, ਇਹਦੀ ਛੋਟੇ ਦੀ ਮਦਰ ਦੀ ਡੈੱਥ ਅੱਜ ਸ਼ਾਮੀਂ ਤਿੰਨ ਕੁ ਵਜੇ ਹੋ ਗਈ ਸੀ। ਮੈਂ ਇਹਨੂੰ ਲੈਣ ਗਿਆ ਸਾਂ ਜਲੰਧਰੋਂ। ਬੱਸ ਜਾਂਦਿਆਂ ਆਉਂਦਿਆ ਕਵੇਲਾ ਹੋ ਗਿਆ। ਗਾਰਡ ਵਿਚਾਰੇ ਨੂੰ ਬੇਨਤੀ ਕੀਤੀ ਤੇ ਉਹ ਮੰਨ ਗਿਆ।”

ਮੈਨੂੰ ਕੋਈ ਗੱਲ ਅਹੁੜ ਨਹੀਂ ਸੀ ਰਹੀ। ਮੈਂ ਅਜੇ ਭੈਅ ਦੇ ਸ਼ਿਕੰਜੇ ਵਿਚੋਂ ਪੂਰੀ ਤਰ੍ਹਾਂ ਨਹੀਂ ਸਾਂ ਨਿਕਲ ਸਕਿਆ। “ਚਲੋ ਤੁਰੋ...” ਉਸ ਨੇ ਆਖਿਆ । ਮੈਂ ਅਜੇ ਵੀ ਡਰਿਆ ਖੜੋਤਾ ਸਾਂ । ਮੈਨੂੰ ਖੜੋਤਾ ਵੇਖ ਵੱਡਾ ਨੌਜਵਾਨ ਕਹਿਣ ਲੱਗਾ, “ਅਸਲ 'ਚ ਗੱਲ ਇਹ ਹੈ ਕਿ ਅਸੀਂ ਦੋਵੇਂ ਡਰਦੇ ਆਂ ਕਿ ਕਿਤੇ ਸੀ. ਆਰ. ਪੀ. ਜਾਂ ਪੁਲਿਸ 'ਚੋਂ ਕਿਸੇ ਨੇ ਵੇਖ ਲਿਆ ਤਾਂ ਸਾਨੂੰ ਸ਼ਕਲੋਂ ਸਿੱਖ ਵੇਖ ਕੇ ਗੋਲ਼ੀ ਨਾ ਮਾਰ ਦੇਣ ਅੱਜ ਕੱਲ੍ਹ ਬੰਦਾ ਮਾਰਨ ਲੱਗਿਆਂ ਪੁੱਛਗਿੱਛ ਕੌਣ ਕਰਦਾ ਐ ਜੀ... ਤੁਸੀਂ ਨਾਲ ਹੋਵੋਗੇ ਤਾਂ ਕੋਈ ਮਿਲਿਆ ਵੀ ਤਾਂ ਤੁਹਾਡੇ ਕਰਕੇ ਸਾਡਾ ਬਚਾ ਹੋ ਜਾਊਗਾ...”

ਉਹ ਬੋਲ ਰਿਹਾ ਸੀ ਤੇ ਮੇਰੇ ਮਨ ਵਿਚੋਂ ਤਣਾਓ ਅਤੇ ਸਹਿਮ ਦੀ ਧੁੰਦ ਹੌਲ਼ੀ ਹੌਲ਼ੀ ਦੂਰ ਹੁੰਦੀ ਜਾ ਰਹੀ ਸੀ। ਮੇਰੀਆਂ ਨਾੜਾਂ ਵਿਚ ਜੰਮਿਆ ਹੋਇਆ ਖੂਨ ਫੇਰ ਪੰਘਰ ਕੇ ਤੁਰ ਪਿਆ ਸੀ।

ਮੈਂ ਨਿਸਚਿੰਤ ਹੋ ਕੇ ਉਹਨਾਂ ਦੇ ਅੱਗੇ-ਅੱਗੇ ਤੁਰ ਪਿਆ ਤੇ ਉਹਨਾਂ ਨੂੰ ਬੇਫ਼ਿਕਰ ਰਹਿਣ ਲਈ ਆਖਿਆ।

ਮੈਂ ਅੱਗੇ ਅੱਗੇ ਤੁਰਿਆ ਜਾ ਰਿਹਾ ਸਾਂ ਤੇ ਮੈਨੂੰ ਜਾਪ ਰਿਹਾ ਸੀ ਜਿਵੇਂ ਮੈਂ ਸੁਰਜੀਤ ਹੋਵਾਂ ਅਤੇ ਮੇਰੇ ਹੱਥ ਵਿਚ ਡਾਂਗ ਅਤੇ ਬੈਟਰੀ ਫੜੀ ਹੋਵੇ।

ਤੇ ਮੈਂ ਜਿਸਦਾ ਸਿਰਫ਼ ਨਾਂ ਰਾਜਕੁਮਾਰ ਸੀ, ਚੌਥੀ ਕੂਟ ਵੱਲ ਹਿੱਕ ਤਾਣੀ ਤੁਰਿਆ ਜਾ ਰਿਹਾ ਸਾਂ।

(ਇਹ ਕਹਾਣੀ ਭੇਜਣ ਲਈ ਅਸੀਂ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਧੰਨਵਾਦੀ ਹਾਂ ।)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ