Chhekri Vaar (Punjabi Story) : Maqsood Saqib

ਛੇਕੜੀ ਵਾਰ (ਕਹਾਣੀ) : ਮਕ਼ਸੂਦ ਸਾਕ਼ਿਬ

ਜਾ ਨੀ ਚੰਦਰੀਏ, ਹੋਰ ਤੈਨੂੰ ਕੀ ਪਿੱਟਾਂ? ਤੂੰਬਾ ਤੂੰਬਾ ਕਰ ਛੱਡਿਆ ਏ ਆਪਣਾ। ਅਗਲੀਆਂ ਇਹੋ ਸਮਝਦੀਆਂ ਨੇਂ, ਬਾਨੀ (ਮੋਢੀ) ਮਜਲਿਸ ਏ, ਬੀਬੀ ਦੀ ਮਜਲਿਸ ਕਰਾਂਦੀ ਏ। ਸਾਈਂ ਦੀਆਂ ਮੁਸੀਬਤਾਂ ਨਹੀਂ ਸੂ ਸੁਣਨ ਹੁੰਦੀਆਂ।

“ਹਰ ਵਰ੍ਹੇ ਇਂਜੇ ਕਰਦੀ ਏ। ਨਹੀਂ! ਐਤਕੀਂ ਚੋਖਾ ਕੀਤਾ ਸੂ।”

“ਨੀ ਫੜੋ ਨੀ ਭੱਜ ਕੇ। ਫੋਹਿਆ-ਫੋਹਿਆ ਕਰ ਦੇ ਗੀ ਆਵ ਦਾ”, ਬਰਕਤੇ ਮਰਾਸਣ ਤਾਂ ਰੌਲ਼ਾ ਈ ਪਾ ਦਿੱਤਾ ਸੀ।

ਪਰ ਚੰਦਰੀਏ ਜੋ ਖਲਾਰੇ ਪਾ ਗਈ ਏਂ ਕਿਵੇਂ ਕੱਠੇ ਕਰਾਂ? ਵੇਲੇ ਦੇ ਦਲਾਨਾਂ ਵਿੱਚੋਂ ਹੂੰਝਦੀ ਹੂੰਝਦੀ ਉਸ ਪਲ ਵਿੱਚ ਕਿਵੇਂ ਲਜਾ ਠੱਪਾਂ, ਜਿਥੋਂ ਤੇਰੀ ਸੁਰਤ ਭੰਵੀਂ। ਨਸੀਬਾਂ ਸੜੀਏ ਜੇ ਇੱਕ ਵਾਰ ਭਰਮ ਗਈ ਸੈਂ ਬੁਢੜੇ ਪੀਰ ਹੱਥੋਂ ਤਾਂ ਚੁੱਪ ਕਰ ਰਹਿੰਦੀਓਂ। ਇੱਕ ਘਰ ਦਾ ਕੰਮ ਈ ਸੀ, ਛੁੱਟ ਜਾਂਦਾ। ਆਪਣੀ ਕੁੱਖ ਵਿੱਚ ਈ ਲੂਹ ਛੱਡਦਿਓਂ ਮੈਨੂੰ। ਨਖੁਟੀਏ ਅਗਾਂਹ ਨਾ ਭਰਮਦੀਓਂ।

ਰੋਂਦੀ ਤੇ ਤੈਨੂੰ ਹਰ ਘੜੀ ਰਹਿਨੀ ਆਂ। ਪਿੱਟਣ ਦਾ ਦਿਨ ਇੱਕ ਆਉਂਦਾ ਏ। ਭਰੀ ਮਜਲਿਸੇ ਤੇਰਾ ਮਾਤਮ ਕਰਨੀ ਆਂ। ਕਿਸੇ ਨੂੰ ਕਿਵੇਂ ਪਤਾ ਲੱਗ ਸਕਦਾ ਏ। ਪਰ ਮੇਰੀਆਂ ਅੱਖਾਂ ਵਿੱਚ ਤੇ ਤੇਰਾ ਈ ਆਕਾਰ ਹੁੰਦਾ ਏ। ਖੋਲੇ ਦੇ ਪਰਛਾਵੇਂ ਵਰਗਾ। ਨੀ ਕਿਨ ਲਾਣੀ ਏ ਤੇਰੀ ਮਜਲਿਸ ਹੁਣ। ਗ਼ੈਰ ਮੁਸਲਮੇ। ਤੇਰੇ ਰੱਬ ਦੇ ਘਰ ਉੱਤੇ ਤਾਂ ਕਲਮਾ ਨਹੀਂ ਲਿਖਦਾ ਕੋਈ। ਬਾਂਗ ਦਾ ਆਡਰ ਨਹੀਂ। ਮਾਪਿਆਂ ਔਤਰ ਜਾਣਿਆਂ ਨੂੰ ਪੁੱਛ ਛੱਡਦੀਓਂ ਜਮਾਤ ਛੱਡੀ ਸਨ ਨੇਂ, ਅਕੀਦਾ ਵੀ ਛੱਡ ਦੇਂਦੇ ਪਰਾਂਹ। ਬੱਜ ਤੇ ਲਹਿ ਜਾਂਦੀ ਮਗਰੋਂ। ਜਾ ਉੱਡ ਜਾ ਮੇਰੀਆਂ ਨਜ਼ਰਾਂ ਵਿੱਚੋਂ। ਮੈਂ ਨਹੀਂ ਸੁਣਨੇ ਤੇਰੇ ਹੌਕੇ, ਤੇਰੇ ਕੀਰਨੇ। ਜਾ ਲਹਿ ਜਾ ਮਗਰੋਂ।

ਕੀ ਕੀਤੀ ਊ ਬੁੜ-ਬੁੜ? ਖੁੱਲ ਕੇ ਕਹੋ। ਮੈਂ ਦੱਸਾਂ ਤੈਨੂੰ। ਕਿਸ ਲੈਣਾ ਸੀ ਮੈਨੂੰ। ਬੜਾ ਪੇਕਾ ਛੱਡ ਗਈ ਸੈਂ। ਜਿਹਨਾਂ ਉੱਤੇ ਸੌਂਕਣ ਪਈ ਸੈਂ। ਉਹ ਨਹੀਂ ਸਨ ਸੌਂਕਣਾਂ ਆਪਸ ਵਿੱਚ। ਉਨ੍ਹਾਂ ਦੀਆਂ ਤਾਂ ਪੀੜ੍ਹੀਆਂ ਸਾਵੀਆਂ ਸਨ। ਇੱਕੋ ਜਿਹੀਆਂ। ਦੁਕਾਨਾਂ, ਚੁਬਾਰੇ, ਜ਼ਮੀਨਾਂ, ਕੋਠੀਆਂ ਲਿਆਂਦੀਆਂ ਸਨ ਨੇਂ। ਤੇਰੇ ਵਾਕਣ ਸਨ: ਆਪਣਾ ਖਾ ਆਈਂ ਸਾਡਾ ਲੈ ਆਈਂ। ਭੁੱਖੇ ਘਰ ਦੀਏ। ਸੌਂਕਣ ਤੂੰ ਸੈਂ ਕੱਲੀ। ਉਨ੍ਹਾਂ ਦੀ। ਸਾਰੀਆਂ ਈ ਮੂੜੀ ਨਾਲ਼ ਬਿਆਜ ਖੜੂ ਸਨ, ਆਪੋ ਆਪਣੇ ਪੇਕੀਂ। ਰਹਿ ਰਹਿ ਕੇ ਪਿਆਰ ਇਂਵੇਂ ਤੇ ਨਹੀਂ ਸਨ ਨੇਂ ਆਉਂਦਾ ਮੇਰੇ ਉੱਤੇ। ਤੂੰ ਆਹਨੀ ਏਂ ਖਲੋ ਜਾਵੇਂ ਹਾ। ਕੀਹਦੇ ਤੇ ਖਲੋਂਦੀ? ਭੁੱਡੀਆਂ ਫਫੜਾਂ ਉੱਤੇ ਸੌਂਕਣ ਪਾਂਦੀਆਂ ਸਨ ਨੀ ਮੈਨੂੰ। ਨਾਂਹ ਕਰਦੀ ਤਾਂ ਪਿਓ ਦੇ ਮੈਹਲਾਂ ਵਿੱਚ ਨੌਕਰਾਂ ਨੌਕਰਾਣੀਆਂ ਹੱਥੋਂ ਮੂੰਹ ਤੇ ਸਿਰਹਾਣਾ ਧਰਾ ਕੇ ਸੁੱਤੀ ਸੌਂ ਜਾਂਦੀ। ਕਿਉਂ? ਕੀ ਬਣਦਾ ਤੇਰੀ ਜੰਮੀ ਨਿੱਕੀ ਤੇ ਤੇਰੇ ਜੰਮੇ ਡਿੱਕੀ ਦਾ? ਦੋਵੇਂ ਹਰਾਮ ਲਿੱਲਾ ਈ ਮਰਵਾ ਛੱਡਦੀ। ਹੁਣ ਹੋਰ ਕੁੱਝ ਨਹੀਂ ਜਿਉਂਦੇ ਤਾਂ ਹੈਣ ਈ।

ਕੀ ਏ ਜੀਵਣਾ?

ਜਿਹੜਾ ਦੇ ਗਈ ਸੈਂ। ਹੋਰ ਵੱਖਰਾ ਹੋਣਾ ਸੀ, ਤੇਰੇ ਦਿੱਤੇ ਤੋਂ?

ਕਿਹੜੀਆਂ ਐਸ਼ਾਂ ਪਈ ਕਰਨੀ ਆਂ?

ਉਨ੍ਹਾਂ ਨੂੰ ਦਿੰਦੀ ਨਹੀਂ?

ਚੱਲ ਲੁਕ ਛੁਪ ਕੇ ਈ ਸਹੀ। ਦਿੰਦੀ ਤਾਂ ਰਹਿੰਨੀ ਆਂ।

ਆਹੋ ਫ਼ਰਿਆਲ ਨੂੰ ਪਤਾ ਲੱਗ ਜਾਂਦਾ ਏ, ਮੇਰੇ ਖਸਮ ਨੂੰ। ਤੇ ਜਿਹੜੇ ਭੋਗ ਭੋਗਣੀ ਆਂ ਉਹ ਨਹੀਓਂ ਦਿੱਸਦੇ? ਰੋਨੀ ਏਂ ਵੇਖ ਵੇਖ? ਕਿਉਂ? ਕੋਈ ਫ਼ਾਇਦਾ ਈ? ਤੇਰਾ ਬੀਜਿਆ ਈ ਵੱਡਣੀ ਆਂ।

ਤੇਰਾ ਕੀ ਗਿਆ?

ਸੋਚਿਆ ਸਹੀ, ਜਿੱਥੇ ਦੱਬਿਆ ਏ ਤੈਨੂੰ। ਪੀਰਾਂ ਦੀ ਚੁਖੰਡੀ ਏ। ਫ਼ਰਿਆਲ ਨਾ ਹੁੰਦਾ ਕੀਹਨੇ ਦੱਬਣ ਦੇਣਾ ਸੀ, ਮੇਰੇ ਅੱਬੇ ਪੀਰ ਨਾਲ਼। ਮੁਰਤੱਦਾਂ ਵਿੱਚ ਈ ਤੁੰਨ ਆਉਣਾ ਸੀ ਅਗਲਿਆਂ। ਪਤਾ ਏ ਮੈਨੂੰ, ਤੂੰ ਵਾਰਿਸ ਜੰਮੇ ਸਨ ਉਹਦੀਆਂ ਸ਼ਾਨਾਂ ਫਜ਼ੀਲਤਾਂ ਨੇ ਜਿਹੜੀਆਂ ਸ਼ਹਿਰ ਸਾਰੇ ਵਿੱਚ ਖਿੱਲਰੀਆਂ ਪਈਆਂ ਨੇਂ: ਕਟੜੀਆਂ, ਕਟੜੇ, ਮੰਡਪ ਮਾੜੀਆਂ। ਮੈਂ ਗੁੰਮਟ ਪਵਾਇਆ ਏ ਉੱਤੇ। ਦੁੱਧ ਪੱਥਰ ਲਵਾਇਆ ਏ। ਤੱਤੀਏ ਸੜ੍ਹਦੀ ਨਾ ਰਹਵੇਂ। ਜਾਲੀਆਂ ਵਾਲੀਆਂ ਕੰਧਾਂ। ਰੌਜ਼ਾ ਈ ਬਣਾ ਛੱਡਿਆ ਏ। ਦਰਬਾਰ ਪੀਰ ਪੀਰਨੀ। ਮੱਤਾਂ ਆਖੇਂ ਜਿਹਨਾਂ ਸ਼ਾਨਾਂ ਲਈ ਨਖਿਦ ਪਿੱਛਾ ਵੰਜਾਇਆ ਸੀ ਮੋਈ ਦੇ ਨੇੜੇ ਨਹੀਂ ਸੁ ਢੁੱਕਣ ਦਿੱਤੀਆਂ। ਸਿਰ੍ਹਾਣੇ ਤੇਰੇ ਚਿਰਾਗ਼ ਜਗਦਾ ਏ ਰਾਤੀਂ। ਬੰਦਾ ਰੱਖਿਆ ਏ। ਤੇਰੇ ਵਰਗੀਆਂ ਬਖ਼ਤਾਂ ਸੜੀਆਂ ਧਾਗੇ ਵੀ ਬੱਨ੍ਹ ਆਓਂਦੀਆਂ ਨੇਂ? ਡਿੱਠੇ ਨੀ ਕਦੀਂ? ਤੂੰ ਮੈਨੂੰ ਈ ਚਿੰਬੜ ਰਹੀ ਏਂ। ਕਾਹਨੂੰ ਦਿੱਸਣੇ ਨੇਂ ਤੈਨੂੰ!

ਲੈ ਦੁੱਖ ਸਾਂਝੇ ਕਰਿਆ ਕਰਾਂ ਤੇਰੇ ਨਾਲ਼! ਤੇਰਾ ਕੀ ਲਾਗਾ ਦੇਗਾ? ਇਂਵੇਂ ਨਾ ਸ਼ਰੀਕ ਬਣ ਪਈ।

ਨੀ ਬਾਲ ਕਿੱਥੋਂ ਜੰਮ ਲਵਾਂ? ਬਦ ਨਸੀਬਨੀਏ! ਕਿੱਥੋਂ ਜੰਮ ਲਵਾਂ? ਤੇਰੇ ਤੋਂ ਅਰਾਮ ਨਾਲ਼ ਨਹੀਂ ਪੈਣ ਹੁੰਦਾ ਦੁੱਧ ਪੱਥਰਾਂ ਵਿੱਚ। ਮੰਡਰਾਂਦੀ ਰਹਿਨੀ ਐਂ। ਮੇਰੇ ਪਿਓ ਜਿਹਾ ਨਹੀਂ ਤੇਰਾ ਜਵਾਈ। ਸ਼ੁਕਰ ਨਹੀਂ ਕਰਦੀ ਇੱਕਦਮ ਨਹੀਂ ਸੁ ਮਰਨ ਦਿੱਤਾ, ਕਿ ਪਲ-ਪਲ ਮਰਦੀ ਰਹਵਾਂ। ਮੈਨੂੰ ਈ ਸਾਰ ਏ, ਤੂੰ ਕੀ ਜਾਨੈਂ। ਤੂੰ ਹੰਢਾ ਲਈ ਉਹ ਅੱਗ। ਤਾਹੀਓਂ ਅਸੀਂ ਤਿੰਨ ਭੈਣ ਭਰਾ ਹੋ ਪਏ ਤੇਰੇ ਢਿੱਡੋਂ। ਪੀਰ ਸਾਹਿਬ ਦੀ ਪਿਛਲੀ ਉਮਰੇ। ਇਸ ਅੱਗ ਦਾ ਤੈਨੂੰ ਕੀ ਪਤਾ? ਆਪੇ ਮੱਚ ਮੱਚ ਕੇ ਵਿਸਮੰਨ ਦੀ ਪੀੜ ਕੌਣ ਜਾਣੇ। ਤੈਨੂੰ ਤੇ ਮੇਰਾ ਪਿਓ ਮਿਲ ਪਿਆ। ਲੰਬਾਂ ਦਾ ਸਾਂਝਾ। ਠੰਢੀਆਂ ਸਿੱਲਾਂ ਨਾਲ਼ ਸਿੱਲ ਹੋਇਆ। ਤੇਰਾ ਸੇਕ ਉਹਦੀ ਠਾਰ ਵੀ ਤਾਅ ਗਿਆ। ਲੋਕਾ ਅੰਦਰਾਂ ਵਿੱਚ ਈ ਗੱਲਾਂ ਕਰਦਾ ਰਹਿ ਗਿਆ। ਦੁਨੀਆ ਤੋਂ ਜਾਨ ਦਾ ਹਿਰਖ ਮੁੱਕ ਗਿਓ ਸੂ ਕਿ। ਤਸੱਲੀ ਸਾਸੂ, ਚੱਲਾ ਆਂ ਤੇ ਬਿੰਦ ਤਾਂ ਛੱਡ ਈ ਚਲਿਆਂ ਸ਼ਾਨਾਂ ਫਜ਼ੀਲਤਾਂ ਦੀ ਰਾਖੀ। ਤੂੰ ਮੋਇਓਂ। ਤੈਨੂੰ ਵੀ ਝੋਰਾ ਕੋਈ ਨਹੀਂ ਸੀ। ਤੇਰੀ ਔਲਾਦ ਤੇਰੇ ਸਾਈਂ ਦੀ ਵਾਰਿਸ ਸੀ। ਮੈਨੂੰ ਨਹੀਓਂ ਚਿੰਤਾ। ਹੋਣਾ ਨਾ ਹੋਣਾ ਇੱਕ ਬਰਾਬਰ।

ਆਹੋ ਰਾਜ ਤੇ ਮੈਂ ਰਾਣੀਆਂ ਹਾਰ ਈ ਕਰਨੀ ਆਂ ਪਈ। ਮਜਾਲ ਏ ਅਦੂਲੀ ਹੋਵੇ। ਇੰਨੇ ਗੋਲੇ-ਗੋਲੀਆਂ। ਤੇਰੇ ਕੋਲ਼ ਸਨ? ਮੇਰੀ ਤੇ ਥੁੱਕ ਨਹੀਂ ਡਿੱਗਣ ਦਿੰਦੇ। ਆਖ ਆਂ ਸ਼ਰੀਕੇ, ਤੇਰਾ ਮਿਹਣਾ ਮਾਰੇ। ਮੈਨੂੰ ਕੀ… ਆਪਣੇ ਘਰਾਂ ਵਿੱਚ ਵੀ ਚੁਰਕ ਜਾਵੇ। ਲੀਕ ਲਾਣੀ ਤਾਂ ਕਿਧਰੇ ਰਹੀ ਤੇਰਾ ਨਾਂ ਈ ਵਿਗਾੜ ਜਾਵੇ। ਇਹੋ ਕੰਡਿਆਲ਼ਾ ਘੱਤਿਆ ਈ ਮੈਂ, ਜਿਹਦੇ ਉਲਾਹਮੇ ਕੱਢ ਖਲੋਨੀ ਐਂ। ਇਹ ਕਿਵੇਂ ਹੋ ਗਿਆ ਏ? ਆਪਣੇ ਆਪ? ਨਹੀਂ ਫ਼ਰਿਆਲ ਕੀਤਾ। ਖੁੱਲੇ ਬੂਹਿਓਂ ਕੋਈ ਆਣ ਦਿੰਦਾ ਸੀ। ਕੰਧਾਂ ਟੱਪ ਸਕਦਾ ਸੀ। ਟੱਪ ਆਇਆ। ਬੂਹੇ ਉਹਨੇ ਆਪੇ ਲਾਹ ਲਏ। ਨਿੱਕੀ ਤੇ ਡਿੱਕੀ ਨੂੰ ਤਾਂ ਤੇਰੇ ਈ ਪਿਛਲਿਆਂ ਦਾ ਪੋਖਾ ਆਇਆ। ਜਮਾਤ ਵਿੱਚ ਜਾ ਵੜੇ। ਫ਼ਰਿਆਲ ਚੁੱਪ ਕੀਤੀ ਰਿਹਾ। ਮੈਂ ਹੋੜਦੀ ਰਹਿ ਗਈ।

ਖ਼ਬਰੇ ਕਿਹੜੇ ਵੇਲੇ ਮਾਤਮ ਛੁਡਾ ਕੇ ਲੈ ਆਈਆਂ ਕੋਠੀ। ਕਮਰੇ ਵਿੱਚ। ਅੱਧੀ ਰਾਤ ਤਾਈਂ ਸੁਰਤ ਨਾ ਰਹੀ। ਜੀਊਨੀ ਆਂ ਕਿ ਮੋਈ। ਖ਼ਬਰੇ ਕਨੀਜ਼ੋ ਮੂੰਹ ਵਿੱਚ ਕੁੱਝ ਪਾਂਦੀ ਰਹੀ। ਜਿਹੜੀ ਜਾਗਿਆਂ ਭੁੱਖ ਨਾ ਲੱਗੀ। ਜਾਗਿਆਂ ਤੇ ਇੰਜ ਏ ਜਿਵੇਂ ਮਰਜ਼ੀ ਨਾਲ਼ ਜਾਗੀ ਹੋਵਾਂ। ਉਹ ਤਾਂ ਫ਼ਰਿਆਲ ਜਗਾਇਆ। ਪੁੱਟ ਕੇ। ਉਹੋ ਪੁਰਾਣਾ ਹਾਲ ਲੂੰ ਲੂੰ ‘ਚੋਂ ਦਾਰੂ ਦੀ ਬੋ। ਕੱਪੜੇ ਛਿੱਕਣ ਖੋਹਣ ਲੱਗਾ। ਬੁਰਕ ਮਾਰੇ। ਮੈਂ ਸਾਰੀ ਪੀੜ ਹੋਈ ਪਈ ਸਾਂ। ਛੱਲਾਂ ਵੱਜਣ ਲੱਗ ਪਈਆਂ ਪੀੜਾਂ ਦੀਆਂ, ਆਖਿਆ ਵੀ, “ਫ਼ਰਿਆਲ ਅੱਜ ਮਜਲਿਸ ਸੀ।”

“ਕੀ ਕਰਾਂ ਤੇਰੀਆਂ ਮਜਲਸਾਂ? ਰੋਜ਼ ਹੁੰਦਿਆਂ ਨੇਂ। ਨਿੱਤ ਦਾ ਪਟੌਸਾ।”

ਘੁਲ ਤਾਂ ਮੈਂ ਪੈਣਾ ਸੀ ਪਰ ਬਾਂਹੀਂ ਪੱਥਰ ਹੋ ਗਈਆਂ ਸਨ।ਤਾਂ ਵੀ ਬਥੇਰੇ ਵੱਟ ਖਾਧੇ। ਪਰ ਨਸ਼ੇ ਨਾਲ਼ ਵੇਹਰੇ ਨੇ ਹਲਾਲ ਕੀਤੀ ਕੁਕੜੀ ਵਾਕਣ ਪੱਟ ਖੋਹ ਛੱਡਿਆ।

ਹੱਥ ਕਿਧਰੇ ਟਿਕਦੇ ਨਹੀਂ ਸਾਸੂ। ਪਿੰਡੇ ਵਿੱਚ ਪੈਂਦੀਆਂ ਤ੍ਰਿੱਖੀਆਂ ਚੀਸਾਂ ਪਤਾ ਨਹੀਂ ਕਿਵੇਂ ਤੱਤੇ ਪਾਣੀ ਦਾ ਰੂਪ ਧਾਰ ਕੇ ਮੇਰੀਆਂ ਅੱਖਾਂ ਵਿੱਚੋਂ ਵਹਿ ਟੁਰੀਆਂ। ਮੈਂ ਦੰਦ ਕਸੀਸ ਲਏ।

ਸਾਰਾ ਪਿੰਡਾ ਟੋਹ ਫਰੋਲ਼ ਕੇ, ਆਈ ਤੇ ਆ ਗਿਆ। ਹੱਥੀਂ ਤੇ ਪੈਰੀਂ ਪਲੰਘੋਂ ਧੱਕਣ ਲੱਗ ਪਿਆ।ਬਹੁਤੇਰਾ ਅੜੇਸਾਂ ਲਈਆਂ ਪਰ ਠੱਲ ਨਾ ਸਕੀ। ਓੜਕ ਫ਼ਰਸ਼ ਉੱਤੇ ਜਾ ਢੱਠੀ।

ਪਹਿਲੀ ਵਾਰੀ ਆਪ ਵੀ ਲਿਹ ਆਇਆ। ਚੌੜੀਆਂ ਪੱਟ ਕੇ ਉਠਾਂਦਾ, “ਖਲੀ ਹੋ ਜਾ, ਤੈਨੂੰ ਆਹੰਦਾ ਪਿਆਂ… ਨਹੀਂ ਤਾਂ ਤੇਰੀ ਹਰ ਸ਼ੈ ਪੱਟ ਕੇ ਬਾਹਰ ਧਰ ਦੇਣੀ ਏਂ ਅੱਜ… ਖਲੀ ਹੋ ਜਾ…।”

ਉਹਦਾ ਗੋਡਾ ਮੇਰੀ ਕੰਡ ਵਿੱਚ ਵਜਾ। ਮੈਂ ਪੀੜ ਪੀੜ ਕਿਰਦੀ ਖਲੋ ਗਈ।”ਕੀ ਕਰਨਾ ਈ ਮੈਨੂੰ ਖਲਿਆਂ ਕਰ ਕੇ। ਉਹ ਤਾਂ ਮੇਰੇ ਨਾਲ਼ ਕਦੀ ਕੀਤਾ ਨਹੀਓਂ ਜਿਹੜਾ ਲੰਮਿਆਂ ਪਾ ਕੇ ਕਰਨਾ ਹੁੰਦਾ ਏ। ਖਲੋਤਿਆਂ ਮੇਰੇ ਕੀ ਹੋ ਜਾਣਾ ਏ?”

“ਓਥੇ ਨੁੱਕਰੇ ਖਲੋ ਜਾ ਪਰਾਂਹ।” ਉਹਦੀ ਭੌਂਕ ਮੇਰੇ ਨੰਗੇ ਪਿੰਡੇ ਉੱਤੇ ਮਲੀ ਗਈ।

ਮੈਂ ਚਾਦਰ ਛਿੱਕਣੀ ਚਾਹੀ ਬਿਸਤਰੇ ਦੀ, ਉਹ ਝਈ ਲੈ ਕੇ ਪਿਆ:

“ਖ਼ਬਰਦਾਰ ਜੇ ਕੱਪੜਾ ਫੜਿਆ ਤੇ। ਅੱਜ ਨੰਗੀ ਈ ਖਲੋ ਸਾਹਮਣੇ।” ਉਹਦੀ ਵਾਜ ਵਿੱਚ ਅਠੂੰਹੇਂ, ਡੇਹਮੂ ਵੀ ਆ ਰਲੇ ਸਨ, ਜਿਹੜੇ ਲੂਵਾਂ ਵਿੱਚੋਂ ਲੰਘਦੇ ਚੰਬੜੀ ਗਏ।

“ਮੇਰੇ ਕਾਫ਼ਰ ਭੈਣ-ਭਰਾ ਦੀਆਂ ਗੱਲਾਂ ਸੁਣ ਆਇਆ ਐਂ ਕਿਧਰੋਂ ਫ਼ਰਿਆਲ?” ਮੈਂ ਪੁੱਛ ਈ ਲਿਆ।

ਚੁੱਪ ਕੀਤੀ ਰਿਹਾ। ਉਹਦੀਆਂ ਨਜ਼ਰਾਂ ਤੱਤੀਆਂ ਕੀਤੀਆਂ ਸੀਖਾਂ ਵਾਕਣ ਮੇਰੇ ਸੀਨੇ ਵਿੱਚ ਖੁੱਭਦੀਆਂ ਪਈਆਂ ਸਨ। ਉਹਦੀ ਜੀਭ ਨੇ ਅੰਗਿਆਰਾਂ ਦਾ ਰੁੱਗ ਮੇਰੇ ਮੂੰਹ ਉੱਤੇ ਸੁੱਟਿਆ।

“ਉਨ੍ਹਾਂ ਨੂੰ ਤੇ ਮੈਂ ਮਗਰੋਂ ਲਾਹ ਈ ਦਿੱਤਾ ਏ। ਤੇਰਾ ਵੱਡੀ ਪੀਰਨੀ ਦਾ ਕੀ ਕਰਾਂ? ਹਿਲ਼ ਨਾ ਆਪਣੀ ਥਾਓਂ। ਖਲੋਤੀ ਰਹਿ ਉਂਜੇ!” ਉਹਨੇ ਕੁਦਾੜਾ ਮਾਰ ਕੇ ਫੱਟ ਲਾਇਆ।

ਫੇਰ ਜਿਵੇਂ ਆਪਣੇ ਆਪ ਨਾਲ਼ ਗੱਲਾਂ ਕਰਨ ਲੱਗ ਪਿਆ ਹੋਵੇ ਉੱਚੀ-ਉੱਚੀ।

ਮੇਰਾ ਆਪਣਾ ਧਿਆਣ ਪਿੱਛੇ ਬੜਾ ਪਿੱਛੇ ਟੁਰ ਗਿਆ: ਨਿੱਕੇ ਹੁੰਦਿਆਂ ਗੰਦੇ ਇੰਜਨ ਵਾਲੇ ਖੂਹ ਵਿੱਚ ਝਾਕਦੀ ਹੁੰਦੀ ਸਾਂ ਨਾਨਕੇ ਜਾਂਦੀ, ਮਾਮੇ ਦੀ ਉਂਗਲ਼ ਛੁਡਾ ਕੇ। ਸ਼ਹਿਰ ਦੀਆਂ ਗੰਦੀਆਂ ਨਾਲ਼ੀਆਂ ਨੂੰ ਵੱਡੇ ਗੰਦੇ ਨਾਲ਼ੇ ਰਾਹੀਂ ਸੁਰਕਦੇ ਖੂਹ ਵਿੱਚ ਕਾਲ਼ਖ ਭਰੀ ਰਹਿੰਦੀ ਸੀ। ਵਿੱਚ ਬੁਲਬੁਲੀਆਂ ਪੈਂਦੀਆਂ ਰਹਿੰਦੀਆਂ ਸਨ, ਜਿਵੇਂ ਅੱਗ ਨਾਲ਼ ਗੜ੍ਹਕ ਪਈ ਪੈਂਦੀ ਹੋਵੇ। ਫ਼ਰਿਆਲ ਦੇ ਪੂਰੇ ਸਰੀਰ ਵਿੱਚੋਂ ਬੁਲਬੁਲੀਆਂ ਪਈਆਂ ਉੱਠਦੀਆਂ ਸਨ। ਦਿਲ ਕੀਤਾ ਭੱਜ ਕੇ ਬਾਹਰ ਨਿਕਲ਼ ਜਾਵਾਂ। ਬੂਹੇ ਵੱਲ ਵੇਖਿਆ ਵੀ। ਨੰਗ-ਮੁਨੰਗੀ। ਫੇਰ ਕੀ ਹੋਇਆ ਪੈਰ ਚਾਵਨ ਲੱਗੀ ਤੇ ਚਾਏ ਨਾ ਗਏ।

ਬਦਬੂਦਾਰ ਕਾਲ਼ਖ ਗੁੜ੍ਹਕਦੀ ਪਈ ਸੀ।

“ਹਰ ਸ਼ੈ ਚੋਰੀ। ਮੁਰਤੱਦ ਭੈਣ ਭਰਾ ਨੂੰ ਚੜ੍ਹਾਵੇ। ਕਿੰਨੀ ਵਾਰੀ ਹੱਡ ਵੀ ਭੰਨ ਬੈਠਾਂ ਪਰ ਤੂੰ ਨਹੀਂ ਮੁੜੀ। ਉਤੋਂ ਨਵਾਂ ਕਾਰਨਾ- ਪਤਾ ਈ ਹੁਣ ਲੱਗਾ ਏ। ਕਦੀਂ ਸੋਚਿਆ ਨਹੀਂ ਸੀ ਪੀਰਨੀ ਜੀ ਇਥੋਂ ਤੀਕਰ ਡਿੱਗੇ ਹੋਏ ਨੇਂ। ਤੋਵਾ ਤੋਵਾ। ਅੱਲਾ ਤੋਵਾ। ਤੂੰ ਬਖ਼ਸ਼ਣਹਾਰ ਇਏਂ। ਪਰ ਗੁਨਾਹੀ ਨੂੰ ਸਜ਼ਾ ਤਾਂ ਬਣਦੀ ਏ। ਤੇਰਾ ਈ ਹੁਕਮ ਏ ਅੱਲਾ ਮੀਆਂ! ਰਹਿਬਰੀ ਕਰ! ਕਿਹੜੀ ਸਜ਼ਾ ਦੇਵਾਂ ਇਹਨੂੰ?”

“ਕਿਹੜਾ ਗੁਨਾਹ ਤੇ ਕਿਹੜੀ ਸਜ਼ਾ?” ਮੇਰੇ ਸੁੱਕੇ ਸੰਘੋਂ ਨਿਕਲ਼ ਗਿਆ!

ਗੰਦੀ ਕਾਲ਼ਖ ਉਂਜੇ ਰਿੱਝਦੀ ਟੁਰੀ ਗਈ। ਉਹਨੇ ਜ਼ਰੀ ਨਾ ਗੌਲੀ।

“ਜਣੀ ਦੀ ਅੱਗ ਜਣੀ ਈ ਜਾਣੇ। ਦੋਂਹ ਲੰਬਾਂ ਦਾ ਮੇਲ ਜਣੀ ਈ ਕਰੇ। ਜਣਾ ਨਹੀਂ। ਹੈਂ?” ਉਹ ਸੁਣਾਂਦਾ ਹੋਇਆ ਆਪਣੇ ਆਪ ਨਾਲ਼ ਪਿਆ ਬੋਲਦਾ ਹੋਵੇ।

ਮੈਨੂੰ ਲੱਗਾ ਜਿਵੇਂ ਮੇਰੇ ਕੰਨਾਂ ਵਿੱਚ ਵਿਹਲ ਹੋ ਗਿਆ ਹੋਵੇ। ਮੈਨੂੰ ਸੁਣਨਾ ਬੰਦ ਹੋ ਗਿਆ। ਫੇਰ ਸਾਂ-ਸਾਂ ਹੋਵਣ ਲੱਗ ਪਈ। ਜਿਵੇਂ ਸੁੰਝ ਬੋਲਦੀ ਏ।

“ਜਣੀ ਦੀ ਅੱਗ ਜਣੀ ਈ ਜਾਣੇ… ਜਣੀ ਦੀ ਅੱਗ… ਜਣੀ ਈ… ਅੱਗ… ਜਣੀ…।”

‘ਹਾਲ ਓਏ ਰੱਬਾ… ਇਹ ਤਾਂ ਮੇਰਾ ਈ ਬੋਲਿਆ ਏ। ਇਹਦੇ ਮਗਰ ਕਿੰਨੀਆਂ ਰਾਤਾਂ ਦੀ ਸੁੰਝ ਏ। ਕਿੰਨੀਆਂ ਘੜੀਆਂ ਦੀ ਤੱਸ ਏ। ਜਿਹਨੇ ਅੱਗ ਨਾਲ਼ ਈ ਲੱਥਣਾ ਹੁੰਦਾ ਏ। ਫ਼ਰਿਆਲ ਕਿੱਥੋਂ ਸੁਣ ਆਇਆ ਏ। ਬੰਦ ਅੰਦਰੀਂ ਸਸਕਾਰੇ ਲਫ਼ਜ਼ ਕਿਵੇਂ ਰੁੜ੍ਹ ਗਏ ਬਾਹਰ ਕਿ ਖੰਭ ਲੱਗ ਗਏ ਇਨ੍ਹਾਂ? ਆਹਲਣਾ ਪਾਇਆ ਨੇਂ, ਕਿੱਥੇ?’

ਸੁਣਨੀ ਐਂ ਹੋਣੀਏ ਮਾਏਂ, ਹੈ ਨਾ ਮੇਰਾ ਵਾਜ। ਇਹ ਭੇਤ ਮੈਂ ਤੈਨੂੰ ਵੀ ਨਹੀਂ ਦੱਸਿਆ ਕਦੀਂ! ਫ਼ਰਿਆਲ ਕਿੱਥੋਂ ਜਾਣੂ ਹੋ ਗਿਆ?

ਪੋਹ ਮਾਂਹ ਦੀ ਸੀਤ ਰਾਤੇ ਮੇਰੇ ਫੀਤੀ-ਫੀਤੀ ਵਜੂਦੋਂ ਮੁੜ੍ਹਕਾ ਚੋਣ ਲੱਗ ਪਿਆ।

‘ਜਾ ਨੀ ਔਤਰੀਏ ਫ਼ਿਰੋਜ਼ਾ ਜਾਣੇ। ਤੇਰੇ ਨਾਲ਼ ਤਾਂ ਪੀੜ ਵੰਡਾਈ ਸੀ। ਸਾਂਝੀ ਜਾਣਦਿਆਂ। ਆਖਿਆ ਤੂੰ ਵੀ ਸਿੱਨ੍ਹੀ ਧੁਖਦੀ ਏਂ। ਤੇਰਾ ਬੰਦਾ ਵੀ ਇਸੇ ਮਿੱਟੀ ਦਾ ਏ ਜਿਹੜੀ ਦਾ ਮੇਰਾ… ਤੂੰ ਇਹ ਕੀ ਕੀਤਾ। ਮੈਂ ਤੇ ਬੰਦੇ ਤੇਰੇ ਨਾਲ਼ ਕਦੀਂ ਨਾ ਸੋਚਿਆ। ਤੂੰ ਮੇਰੇ ਭਿੜ ਵਿੱਚੋਂ ਜਣਾ ਕਮਾਵਣ ਟੁਰ ਪਈਓੋਂ। ਭਰਾ ਖਾਣੀਏ।’

ਫ਼ਰਿਆਲ ਦੀ ਗੁੜ੍ਹਕ ਮੁੜ ਛਿੜ ਪਈ, “ਦਿੱਤਾ ਮੈਂ ਵੀ ਕੁੱਝ ਨਹੀਂ। ਬਲਦੀ ਧੁਖਦੀ ਛੱਡ ਆਇਆਂ, ਪਰ ਤੇਰਾ ਪੀਰਨੀਏ ਸਭ ਕੁੱਝ ਲੈ ਆਇਆਂ ਉਹਦੇ ਕੋਲੋਂ… ਮਜਲਸਾਂ ਮਾਤਮ ਗਏ ਤੇਰੇ। ਮੁਰਤੱਦਾਂ ਦੇ ਡੇਰੇ ਈ ਜੁੰਮੇ ਨਮਾਜ਼ਾਂ ਹੋਸਨ। ਆਪ ਘੱਲਾਂਗਾ ਤੈਨੂੰ ਜਿਵੇਂ ਨਿੱਕੀ ਤੇ ਡਿੱਕੀ ਚਿਕਦਾ ਰਹਿਆਂ। ਫੇਰ ਈ ਫ਼ੈਸਲਾ ਹੋਣਾ ਏ ਸਾਡਾ। ਦੁਨੀਆ ਆਪ ਕ੍ਰੇਸੀ।”

“ਜਾ ਵੇ ਫ਼ਰਿਆਲ ਬੰਦਿਆ, ਰੱਬ ਪਛਾਣੀਂ!” ਮੇਰਾ ਛੇਕੜੀ ਵਾਰ ਬੋਲਣ ਸੀ,

ਜਿਵੇਂ ਛੇਕੜੀ ਵਾਰ ਇਹ ਲਿਖਣ ਏ ਮੇਰਾ।

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •