Chhoti Kaali Machhi (Iranian Story in Punjabi) : Samad Behrangi
ਛੋਟੀ ਕਾਲ਼ੀ ਮੱਛੀ (ਇਰਾਨੀ ਕਹਾਣੀ) : ਸਮਦ ਬਹਿਰੰਗੀ
ਇੱਕ ਠੰਡੀ ਯਖ਼ ਰਾਤ ਨੂੰ ਸਮੁੰਦਰ ਦੀ ਹੇਠਲੀ ਤਹਿ ਉੱਤੇ, ਇੱਕ ਬਜ਼ੁਰਗ ਮੱਛੀ ਆਪਣੇ ਬਾਰਾਂ ਹਜ਼ਾਰ ਬੱਚਿਆਂ ਅਤੇ ਪੋਤੇ ਪੋਤੀਆਂ ਨੂੰ ਇਹ ਕਹਾਣੀ ਸੁਣਾਉਣ ਲੱਗੀ:
ਬਹੁਤ ਚਿਰ ਪਹਿਲਾਂ, ਇੱਕ ਛੋਟੀ ਕਾਲ਼ੀ ਮੱਛੀ ਹੁੰਦੀ ਸੀ ਜਿਹੜੀ ਆਪਣੀ ਮਾਂ ਨਾਲ਼ ਇੱਕ ਛੋਟੀ ਨਦੀ ਵਿੱਚ ਰਹਿੰਦੀ ਸੀ। ਇਹ ਛੋਟੀ ਨਦੀ ਇੱਕ ਵੱਡੇ ਪਹਾੜ ਦੀ ਪਥਰੀਲੀ ਕੰਧ ਵਿੱਚੋਂ ਨਿੱਕਲ਼ ਕੇ, ਹੇਠਾਂ ਘਾਟੀ ਵੱਲ ਨੂੰ, ਵਗਦੀ ਸੀ।
ਇਹ ਛੋਟੀ ਕਾਲ਼ੀ ਮੱਛੀ ਅਤੇ ਉਸਦੀ ਮਾਂ ਇੱਕ ਕਾਲ਼ੇ ਪੱਥਰ ਦੇ ਪਿਛਵਾੜੇ, ਕਾਈ ਦੀ ਛੱਤ ਹੇਠ ਰਹਿੰਦੀਆਂ ਸਨ। ਹਰ ਰੋਜ਼, ਸਾਰਾ ਸਾਰਾ ਦਿਨ, ਛੋਟੀ ਕਾਲ਼ੀ ਮੱਛੀ ਅਤੇ ਉਸਦੀ ਮਾਂ ਉਸ ਛੋਟੀ ਨਦੀ ਵਿੱਚ ਇਸ ਪਾਰ ਤੋਂ ਉਸ ਪਾਰ ਅਤੇ ਉਸ ਪਾਰ ਤੋਂ ਇਸ ਪਾਰ ਟਹਿਲਦੀਆਂ ਰਹਿੰਦੀਆਂ। ਕਦੇ-ਕਦੇ ਉਹ ਇੱਕ-ਦੂਜੇ ਨੂੰ ਛੂਹਣ-ਛਲਾਈ ਖੇਡਦੀਆਂ ਅਤੇ ਕਦੇ ਹੋਰ ਮੱਛੀਆਂ ਦੇ ਝੁੰਡਾਂ ਵਿੱਚ ਦੀ ਸ਼ੂਟ ਵੱਟ ਕੇ ਲੰਘ ਜਾਂਦੀਆਂ। ਬਹੁਤੀ ਵਾਰ ਅਜਿਹਾ ਕਰਦੇ ਸਮੇਂ ਉਹ ਇੱਕ-ਦੂਜੇ ਨਾਲ਼ੋਂ ਵਿਛੜ ਜਾਂਦੀਆਂ, ਪਰ ਪਿੱਛੋਂ ਸਦਾ ਹੀ ਉਹ ਇੱਕ-ਦੂਜੇ ਨੂੰ ਲੱਭ ਲੈਂਦੀਆਂ।
ਇੱਕ ਦਿਨ ਛੋਟੀ ਮੱਛੀ ਡੂੰਘੀਆਂ ਸੋਚਾਂ ਵਿੱਚ ਮਗਨ ਸੀ ਅਤੇ ਬਹੁਤ ਘੱਟ ਬੋਲ ਰਹੀ ਸੀ। ਕਿਸੇ ਖ਼ੁਸ਼ੀ ਜਾਂ ਦਿਲਚਸਪੀ ਬਿਨਾਂ, ਸੁਸਤ ਜਿਹੀ, ਉਹ ਆਪਣੀ ਮਾਂ ਦੇ ਮਗਰ-ਮਗਰ ਤਰ ਰਹੀ ਸੀ। ਮਾਂ ਨੇ ਸੋਚਿਆ ਕਿ ਉਹਦੀ ਧੀ ਬਿਮਾਰ ਹੈ ਅਤੇ ਛੇਤੀ ਹੀ ਠੀਕ ਹੋ ਜਾਵੇਗੀ। ਉਸਦੇ ਮਨ ਵਿੱਚ ਇਹ ਬਿਲਕੁਲ ਨਹੀਂ ਆਇਆ ਕਿ ਉਸਦੀ ਧੀ ਦੀ ਬਿਮਾਰੀ ਦੇ ਬੜੇ ਖ਼ਾਸ ਕਾਰਨ ਸਨ।
ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ, ਛੋਟੀ ਮੱਛੀ ਨੇ ਆਪਣੀ ਮਾਂ ਨੂੰ ਜਗਾਇਆ ਅਤੇ ਬੋਲੀ, ”ਮਾਂ, ਮੈਂ ਤੇਰੇ ਨਾਲ਼ ਇੱਕ ਗੱਲ ਕਰਨੀ ਹੈ।”
ਮਾਂ ਬੋਲੀ, ”ਮੇਰੀ ਪਿਆਰੀ ਬੱਚੀਏ, ਤੈਨੂੰ ਗੱਲ ਕਰਨ ਲਈ ਕੋਈ ਠੀਕ ਸਮਾਂ ਨਹੀਂ ਲੱਭਾ? ਆਪਾਂ ਗੱਲਾਂ ਫੇਰ ਕਰਾਂਗੀਆਂ। ਆ ਪਹਿਲਾਂ ਸੈਰ ਕਰ ਆਈਏ।”
”ਨਹੀਂ ਮਾਂ” ਛੋਟੀ ਕਾਲ਼ੀ ਮੱਛੀ ਬੋਲੀ, ”ਮੈਂ ਹੁਣ ਤੋਂ ਸੈਰ ਕਰਨ ਨਹੀਂ ਜਾ ਸਕਦੀ। ਮੈਂ ਜਾ ਰਹੀ ਹਾਂ।”
ਉਸਦੀ ਮਾਂ ਜੋ ਹਾਲੇ ਅੱਧ-ਸੁੱਤੀ ਜਿਹੀ ਸੀ, ਬੋਲੀ, ”ਪਰ ਤੂੰ ਸਵੇਰੇ-ਸਵੇਰੇ ਕਿੱਥੇ ਜਾ ਰਹੀ ਹੈਂ?”
ਛੋਟੀ ਕਾਲ਼ੀ ਮੱਛੀ ਨੇ ਜਵਾਬ ਦਿੱਤਾ, ”ਮੈਂ ਇਹ ਦੇਖਣਾ ਚਾਹੁੰਦੀ ਹਾਂ ਕਿ ਇਸ ਛੋਟੀ ਨਦੀ ਦਾ ਅੰਤ ਕਿੱਥੇ ਹੁੰਦਾ ਹੈ? ਮਾਂ ਤੈਨੂੰ ਪਤੈ, ਮੈਂ ਕਈ ਮਹੀਨਿਆਂ ਤੋਂ ਇਸ ਬਾਰੇ ਸੋਚਦੀ ਰਹੀ ਹਾਂ ਅਤੇ ਏਨਾ ਸਮਾਂ ਲੰਘਣ ‘ਤੇ ਵੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਪਿਛਲੀ ਸਾਰੀ ਰਾਤ, ਮੈਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕੀ। ਮੈਂ ਸੋਚਣ ਤੋਂ ਬਿਨਾਂ ਕੁੱਝ ਵੀ ਨਹੀਂ ਕੀਤਾ। ਅਖ਼ੀਰ ‘ਚ ਮੈਂ ਫ਼ੈਸਲਾ ਕੀਤਾ ਕਿ ਇਸ ਛੋਟੀ ਨਦੀ ਦਾ ਅੰਤ ਮੈਨੂੰ ਖੁਦ ਲੱਭਣਾ ਚਾਹੀਦਾ ਹੈ। ਇਸ ਢੰਗ ਨਾਲ਼ ਮੈਂ ਇਹ ਵੀ ਜਾਣ ਸਕਾਂਗੀ ਕਿ ਦੂਜੀਆਂ ਥਾਵਾਂ ‘ਤੇ ਕੀ ਕੁੱਝ ਵਾਪਰਦਾ ਹੈ।”
ਛੋਟੀ ਕਾਲ਼ੀ ਮੱਛੀ ਦੀ ਮਾਂ ਨੇ ਉਸ ਵੱਲ ਦੇਖਿਆ ਅਤੇ ਹੱਸ ਪਈ। ਫਿਰ ਬੋਲੀ, ”ਮੇਰੀਏ ਪਿਆਰੀਏ, ਜਦੋਂ ਮੈਂ ਛੋਟੀ ਸਾਂ, ਤਾਂ ਮੈਂ ਵੀ ਅਜਿਹਾ ਸੋਚਦੀ ਸਾਂ। ਪਰ ਛੋਟੀ ਨਦੀ ਦਾ ਕੋਈ ਸ਼ੁਰੂ ਅਤੇ ਅੰਤ ਨਹੀਂ। ਇਹ ਜੋ ਕੁੱਝ ਹੈ ਤੇਰੇ ਸਾਹਮਣੇ ਹੀ ਹੈ। ਇਹ ਸਦਾ ਠਾਠਾਂ ਮਾਰਦੀ ਵਗਦੀ ਰਹਿੰਦੀ ਹੈ, ਪਰ ਕਿਤੇ ਵੀ ਆਪਣੇ ਅੰਤ ‘ਤੇ ਨਹੀਂ ਪਹੁੰਚਦੀ।”
”ਪਰ ਫਿਰ ਵੀ ਮਾਂ, ਕੀ ਤੇਰੇ ਖ਼ਿਆਲ ਵਿੱਚ ਇਹ ਸੱਚ ਨਹੀਂ ਕਿ ਹਰ ਚੀਜ਼ ਦਾ ਅੰਤ ਹੁੰਦਾ ਹੈ? ਰਾਤ ਅਤੇ ਦਿਨ ਦਾ ਅੰਤ ਹੁੰਦਾ ਹੈ। ਹਫ਼ਤੇ, ਮਹੀਨੇ ਅਤੇ ਸਾਲ…” ਛੋਟੀ ਕਾਲ਼ੀ ਮੱਛੀ ਨੇ ਜੁਆਬ ਦਿੱਤਾ। ਉਸਦੀ ਮਾਂ ਨੇ ਉਹਨੂੰ ਤੇਜ਼ੀ ਨਾਲ਼ ਟੋਕਿਆ ਅਤੇ ਬੋਲੀ, ”ਇਹ ਫਜ਼ੂਲ ਜਿਹੇ ਖ਼ਿਆਲ ਸੋਚਣੇ ਬੰਦ ਕਰ। ਆ ਉੱਠ, ਬਾਹਰ ਨੂੰ ਚੱਲੀਏ। ਹੁਣ ਸਮਾਂ ਹੱਸਣ-ਖੇਡਣ ਦਾ ਹੈ, ਇਸ ਤਰਾਂ ਦੀਆਂ ਗੱਲਾਂ ਕਰਨ ਦਾ ਨਹੀਂ।”
”ਨਹੀਂ ਮਾਂ”, ਛੋਟੀ ਕਾਲ਼ੀ ਮੱਛੀ ਬੋਲੀ, ”ਨਹੀਂ, ਮੈਂ ਇਹਨਾਂ ਸੈਰਾਂ ਤੋਂ ਤੰਗ ਆ ਗਈ ਹਾਂ। ਮੈਂ ਕਿਤੇ ਜਾਣਾ ਚਾਹੁੰਦੀ ਹਾਂ। ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਦੁਨੀਆਂ ਵਿੱਚ ਕੀ ਕੁੱਝ ਹੋ ਰਿਹਾ ਹੈ। ਸ਼ਾਇਦ ਤੂੰ ਸੋਚਦੀ ਹੋਵੇਂ ਕਿ ਇਹ ਸਭ ਕੁੱਝ ਮੈਨੂੰ ਹੋਰ ਨੇ ਸਿਖਾਇਆ ਹੈ, ਪਰ ਮੈਂ ਆਪ ਇਸ ਬਾਰੇ ਲੰਮੇ ਸਮੇਂ ਤੋਂ ਸੋਚਦੀ ਰਹੀ ਹਾਂ।”
”ਮੈਂ ਇੱਧਰੋਂ-ਉੱਧਰੋਂ ਵੀ ਬਹੁਤ ਕੁੱਝ ਸਿੱਖਿਆ ਹੈ। ਉਦਾਹਰਣ ਲਈ, ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਮੱਛੀਆਂ, ਬੁੱਢੇ ਹੋਣ ਉਪਰੰਤ ਸ਼ਿਕਾਇਤ ਕਰਦੀਆਂ ਹਨ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਅਜਾਈਂ ਹੀ ਗਵਾ ਦਿੱਤੀ। ਉਹ ਹਰ ਵੇਲ਼ੇ, ਹਰ ਚੀਜ਼ ਵਿੱਚ ਨਘੋਚਾਂ ਕੱਢਦੀਆਂ ਰਹਿੰਦੀਆਂ ਹਨ। ਮੈਂ ਜਾਣਨਾ ਚਾਹੁੰਦੀ ਹਾਂ ਕਿ ਕੀ ਜ਼ਿੰਦਗੀ ਦਾ ਅਰਥ ਬੁੱਢੇ ਹੋਣ ਤੱਕ ਸਿਰਫ਼ ਇੱਕ ਛੋਟੀ ਜਿਹੀ ਥਾਂ ਵਿੱਚ ਇੱਧਰੋਂ-ਉੱਧਰ ਕਰਦੇ ਰਹਿਣਾ ਹੀ ਹੈ ਜਾਂ ਦੁਨੀਆਂ ਵਿੱਚ ਜ਼ਿੰਦਗੀ ਜੀਣ ਦਾ ਕੋਈ ਦੂਸਰਾ ਵੀ ਰਾਹ ਹੈ।”
ਜਦੋਂ ਛੋਟੀ ਕਾਲ਼ੀ ਮੱਛੀ ਨੇ ਆਪਣੀ ਗੱਲ ਖ਼ਤਮ ਕੀਤੀ ਤਾਂ ਉਸਦੀ ਮਾਂ ਬੋਲੀ, ”ਛੋਟੀ ਬੱਚੀਏ। ਤੈਨੂੰ ਬੁਖ਼ਾਰ ਤਾਂ ਨਹੀਂ ਚੜ੍ਹ ਗਿਆ, ਜੋ ਤੂੰ ਅਜਿਹੀਆਂ ਊਲ-ਜਲੂਲ ਗੱਲਾਂ ਕਰ ਰਹੀਂ ਏਂ? ਦੁਨੀਆਂ… ਦੁਨੀਆਂ… ਦੁਨੀਆਂ…। ਦੁਨੀਆਂ ਬਸ ਉਹੋ ਹੀ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਅਤੇ ਜ਼ਿੰਦਗੀ ਵੀ ਬੱਸ ਉਹ ਹੀ ਹੈ ਜੋ ਸਾਡੀ ਹੈ।”
ਇਸ ਸਮੇਂ ਇੱਕ ਗੁਆਂਢਣ ਮੱਛੀ, ਜੋ ਉਹਨਾਂ ਦੇ ਘਰ ਲਾਗੇ ਸੈਰ ਕਰ ਰਹੀ ਸੀ, ਨੇ ਛੋਟੀ ਕਾਲ਼ੀ ਮੱਛੀ ਦੀ ਮਾਂ ਨੂੰ ਅਵਾਜ਼ ਦਿੱਤੀ, ”ਗੁਆਂਢਣੇ! ਤੂੰ ਆਪਣੀ ਬੱਚੀ ਨਾਲ਼ ਕਿਸ ਗੱਲ ਬਾਰੇ ਝਗੜ ਰਹੀ ਹੈਂ? ਏਦਾਂ ਲਗਦਾ ਹੈ ਤੂੰ ਅੱਜ ਸੈਰ ਨੂੰ ਨਹੀਂ ਜਾਣਾ ਚਾਹੁੰਦੀ।”
ਗੁਆਂਢਣ ਦੀ ਗੱਲ ਸੁਣਕੇ ਮਾਂ ਘਰੋਂ ਨਿੱਕਲ਼ ਆਈ ਅਤੇ ਬੋਲੀ, ”ਕਿੱਦਾਂ ਦੇ ਸਮੇਂ ਆ ਗਏ ਹਨ, ਅੱਜ-ਕੱਲ੍ਹ? ਛੋਟੇ ਬੱਚੇ ਆਪਣੀਆਂ ਮਾਵਾਂ ਨੂੰ ਸਿੱਖਿਆ ਦੇਣਾ ਚਾਹੁੰਦੇ ਹਨ।”
”ਕੀ ਮਤਲਬ?” ਗੁਆਂਢਣ ਨੇ ਪੁੱਛਿਆ।
ਛੋਟੀ ਕਾਲ਼ੀ ਮੱਛੀ ਦੀ ਮਾਂ ਬੋਲੀ, ”ਆਹ ਸਾਡੀ ਚੀਕ-ਚੀਕ ਕੇ ਬੋਲਣ ਵਾਲ਼ੀ ਵੱਲ ਤਾਂ ਦੇਖ। ਸੁਣ ਇਹ ਕੀ ਕਰਨਾ ਚਾਹੁੰਦੀ ਹੈ। ਇਹ ਕਹਿੰਦੀ ਹੈ ਕਿ ਇਹ ਦੇਖਣ ਜਾਣਾ ਚਾਹੁੰਦੀ ਹੈ ਕਿ ਦੁਨੀਆਂ ਵਿੱਚ ਕੀ-ਕੀ ਹੋ ਰਿਹਾ ਹੈ। ਕਿੰਨੀਆਂ ਬੇਮਤਲਬ ਗੱਲਾਂ ਨੇ।”
”ਨੀ ਛੋਟੀਏ। ਤੂੰ ਗਿਆਨਣ ਅਤੇ ਫਿਲਾਸਫਰ ਕਦੋਂ ਕੁ ਦੀ ਬਣ ਗਈ? ਇਹਦੇ ਬਾਰੇ ਸਾਨੂੰ ਦੱਸਿਆ ਹੀ ਨਹੀਂ”, ਗੁਆਂਢਣ ਬੋਲੀ।
ਛੋਟੀ ਕਾਲ਼ੀ ਮੱਛੀ ਨੇ ਜੁਆਬ ਦਿੱਤਾ, ”ਮਾਸੀ, ਮੈਨੂੰ ਨਹੀਂ ਪਤਾ ਫਿਲਾਸਫਰ ਤੋਂ ਤੇਰਾ ਕੀ ਮਤਲਬ ਹੈ ਜਾਂ ਤੂੰ ਗਿਆਨਣ ਕੀਹਨੂੰ ਕਹਿ ਰਹੀ ਹੈਂ? ਮੈਨੂੰ ਤਾਂ ਸਿਰਫ਼ ਏਨਾ ਪਤਾ ਹੈ ਕਿ ਮੈਂ ਸੈਰ ਕਰ-ਕਰ ਕੇ ਥੱਕ ਗਈ ਹਾਂ ਅਤੇ ਮੈਂ ਇਹ ਸਭ ਕੁੱਝ ਹੋਰ ਨਹੀਂ ਕਰਨਾ ਚਾਹੁੰਦੀ। ਮੈਂ ਨਹੀਂ ਚਾਹੁੰਦੀ ਕਿ ਵੱਡੀ ਹੋ ਕੇ ਇੱਕ ਦਿਨ ਮੈਂ ਆਪਣੀਆਂ ਅੱਖਾਂ ਖੋਹਲਾਂ ਅਤੇ ਦੇਖਾਂ ਕਿ ਮੈਨੂੰ ਉਸ ਥਾਂ ਤੋਂ ਅਗਾਂਹ ਕੁੱਝ ਨਹੀਂ ਪਤਾ ਜਿੱਥੋਂ ਮੈਂ ਸ਼ੁਰੂ ਕੀਤਾ ਸੀ।”
ਗੁਆਂਢਣ ਨੇ ਛੋਟੀ ਕਾਲ਼ੀ ਮੱਛੀ ਦੀ ਮਾਂ ਵੱਲ ਦੇਖਿਆ ਅਤੇ ਬੋਲੀ, ”ਇਹ ਕਿਸ ਤਰ੍ਹਾਂ ਦੀ ਗੱਲ ਹੋਈ?”
ਮਾਂ ਡੁਸਕਦੀ ਹੋਈ ਬੋਲੀ, ”ਮੈਨੂੰ ਨਹੀਂ ਸੀ ਪਤਾ ਕਿ ਮੇਰੀ ਇੱਕ-ਇੱਕੋ ਧੀ ਅਜਿਹੀ ਨਿੱਕਲ਼ੇਗੀ। ਕਿਸ ਟੁੱਟ ਪੈਣੇ ਨੇ ਮੇਰੀ ਧੀ ਦੇ ਦਿਮਾਗ਼ ਵਿੱਚ ਜ਼ਹਿਰ ਭਰੀ ਹੈ?”
”ਮਾਂ ਮੇਰੇ ਦਿਮਾਗ਼ ਵਿੱਚ ਕਿਸੇ ਨੇ ਵੀ ਜ਼ਹਿਰ ਨਹੀਂ ਭਰੀ। ਮੇਰੀਆਂ ਆਪਣੀਆਂ ਅੱਖਾਂ ਹਨ, ਜਿੰਨਾਂ ਨਾਲ਼ ਮੈਂ ਦੇਖ ਸਕਦੀ ਹਾਂ ਅਤੇ ਮੇਰਾ ਆਪਣਾ ਦਿਮਾਗ਼ ਹੈ। ਜਿਸ ਨਾਲ਼ ਮੈਂ ਸਮਝ ਸਕਦੀ ਹਾਂ।” ਛੋਟੀ ਮੱਛੀ ਨੇ ਕਿਹਾ।
ਅਚਾਨਕ ਗੁਆਂਢਣ ਬੋਲੀ, ”ਭੈਣ! ਕੀ ਤੈਨੂੰ ਵਿੰਗ-ਤੜਿੰਗੇ ਘੋਗੇ ਦਾ ਚੇਤਾ ਹੈ?”
”ਹਾਂ ਮੈਨੂੰ ਯਾਦ ਹੈ”, ਮਾਂ ਬੋਲੀ, ਹਰ ਵੇਲ਼ੇ ਮੇਰੀ ਧੀ ਦੇ ਪਿੱਛੇ-ਪਿੱਛੇ ਤੁਰਿਆ ਫਿਰਦਾ ਸੀ। ਉਹਨੂੰ ਸ਼ੈਤਾਨ ਚੱਕ ਲਏ।”
”ਮਾਂ! ਮਿਹਰਬਾਨੀ ਕਰਕੇ ਏਦਾਂ ਨਾ ਕਹਿ”, ਛੋਟੀ ਮੱਛੀ ਰੋਂਦੀ ਹੋਈ ਬੋਲੀ, ”ਉਹ ਮੇਰਾ ਬਹੁਤ ਪਿਆਰਾ ਦੋਸਤ ਸੀ।”
”ਲੈ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ‘ਚ ਇਹ ਨਹੀਂ ਸੀ ਸੁਣਿਆਂ ਕਿ ਮੱਛੀਆਂ ਦੀ ਘੋਗਿਆਂ ਨਾਲ਼ ਦੋਸਤੀ ਹੋ ਸਕਦੀ ਹੈ”, ਗੁਆਂਢਣ ਬੋਲੀ, ”ਉਹ ਸਾਡੇ ਵਰਗੇ ਲੋਕ ਨਹੀਂ ਹਨ।”
”ਅਤੇ ਮੈਂ ਆਪਣੀ ਸਾਰੀ ਜ਼ਿੰਦਗੀ ਇਹ ਨਹੀਂ ਸੁਣਿਆਂ ਕਿ ਘੋਗਿਆਂ ਦਾ ਮੱਛੀਆਂ ਦੇ ਦੁਸ਼ਮਣ ਹੋਣਾ ਜ਼ਰੂਰੀ ਹੈ। ਪਰ ਤੁਸੀਂ ਲੋਕਾਂ ਨੇ ਉਸਨੂੰ ਬੜੀ ਬੇਰਹਿਮੀ ਨਾਲ਼ ਪਿੰਡੋਂ ਕੱਢ ਦਿੱਤਾ”, ਛੋਟੀ ਕਾਲ਼ੀ ਮੱਛੀ ਰੋ ਪਈ।
ਉਹਨਾਂ ਦਾ ਝਗੜਾ ਸੁਣ ਕੇ ਪਿੰਡ ਦੀਆਂ ਸਾਰੀਆਂ ਮੱਛੀਆਂ ਉਹਨਾਂ ਦੇ ਬੂਹੇ ਅੱਗੇ ਇਕੱਠੀਆਂ ਹੋ ਗਈਆਂ। ਛੋਟੀ ਮੱਛੀ ਦੇ ਬੋਲਾਂ ਨੇ ਸਾਰਿਆਂ ਨੂੰ ਗ਼ੁੱਸੇ ਕਰ ਦਿੱਤਾ, ਕਿਉਂਕਿ ਉਸ ਤੋਂ ਪਹਿਲਾਂ ਕਿਸੇ ਨੇ ਵੀ ਪਿੰਡ ਛੱਡ ਕੇ ਜਾਣ ਦੀ ਗੱਲ ਨਹੀਂ ਸੀ ਕੀਤੀ।
ਇੱਕ ਬੁੱਢੀ ਮੱਛੀ ਨੇ ਛੋਟੀ ਮੱਛੀ ਨੂੰ ਪੁੱਛਿਆ, ”ਤੇਰਾ ਕੀ ਖ਼ਿਆਲ ਹੈ, ਕਿ ਅਸੀਂ ਤੇਰੇ ‘ਤੇ ਖ਼ੁਸ਼ ਹੋਵਾਂਗੀਆਂ।”
ਇੱਕ ਹੋਰ ਬੋਲੀ, ”ਇਹਦੇ ਤਾਂ ਕੰਨ ਪੁੱਟਣ ਵਾਲ਼ੇ ਆ।”
ਪਰ ਛੋਟੀ ਕਾਲ਼ੀ ਮੱਛੀ ਦੀ ਮਾਂ ਜ਼ੋਰ ਨਾਲ਼ ਬੋਲੀ, ”ਮੇਰੀ ਬੱਚੀ ਤੋਂ ਦੂਰ ਹੋ ਜਾਓ। ਉਹਨੂੰ ਹੱਥ ਨਾ ਲਾਇਓ।”
ਭੀੜ ਵਿੱਚੋਂ ਕੋਈ ਇੱਕ ਬੋਲੀ, ”ਬੀਬੀ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਚੱਜ ਨਾਲ਼ ਨਾ ਪਾਲ਼ੋਂ ਤਾਂ ਨਤੀਜੇ ਤਾਂ ਭੁਗਤਣੇ ਹੀ ਪੈਂਦੇ ਹਨ।”
ਗੁਆਂਢਣ ਨੇ ਸੰਜੀਦਗੀ ਨਾਲ਼ ਕਿਹਾ, ”ਮੈਨੂੰ ਤੁਹਾਡੇ ਗੁਆਂਢ ‘ਚ ਰਹਿੰਦਿਆਂ ਸ਼ਰਮ ਆਉਂਦੀ ਹੈ।”
ਕਿਸੇ ਹੋਰ ਨੇ ਸਲਾਹ ਦਿੱਤੀ, ”ਇਸ ਤੋਂ ਪਹਿਲਾਂ ਕਿ ਗੱਲ ਹੱਥੋਂ ਨਿੱਕਲ਼ ਜਾਵੇ, ਆ ਜਾਓ ਇਹਨੂੰ ਜੱਜ ਸਾਹਮਣੇ ਪੇਸ਼ ਕਰੀਏ।”
ਫਿਰ ਵੱਡੀਆਂ ਮੱਛੀਆਂ ਛੋਟੀ ਕਾਲ਼ੀ ਮੱਛੀ ਨੂੰ ਫੜਨ ਲਈ ਅੱਗੇ ਵਧੀਆਂ। ਪਰ ਛੋਟੀ ਮੱਛੀ ਦੀਆਂ ਸਹੇਲੀਆਂ ਨੇ ਉਹਦੇ ਦੁਆਲ਼ੇ ਘੇਰਾ ਪਾ ਲਿਆ ਅਤੇ ਉਸਨੂੰ ਭੀੜ ਵਿੱਚੋਂ ਬਚਾ ਕੇ ਬਾਹਰ ਲੈ ਗਈਆਂ। ਜਦੋਂ ਉਹ ਉੱਥੋਂ ਜਾ ਰਹੀਆਂ ਸਨ, ਤਾਂ ਛੋਟੀ ਮੱਛੀ ਦੀ ਮਾਂ ਦੁਖੀ ਹੋਈ ਆਪਣੇ ਖੰਭੜਿਆਂ ਨੂੰ ਫੜਫੜਾਉਂਦੀ ਰੋ ਰਹੀ ਸੀ, ”ਹੇ ਰੱਬਾ। ਮੈਂ ਕੀ ਕਰਾਂ? ਮੇਰੀ ਬੱਚੀ ਮੈਨੂੰ ਛੱਡ ਕੇ ਜਾ ਰਹੀ ਹੈ।”
ਛੋਟੀ ਮੱਛੀ, ਆਪਣੀ ਮਾਂ ਨੂੰ ਧਰਵਾਸ ਦਿੰਦੀ ਹੋਈ ਬੋਲੀ, ”ਮਾਂ ਮੇਰੇ ਲਈ ਨਾ ਰੋ। ਜੇ ਰੋਣਾ ਹੈ ਤਾਂ ਇੰਨਾਂ ਥੱਕੀਆਂ ਹੋਈਆਂ ਬੁੱਢੀਆਂ ਮੱਛੀਆਂ ਲਈ ਰੋ।”
”ਛੋਟੀਏ। ਨੀ ਨੀਚੇ! ਤੂੰ ਸਾਡੀ ਬੇਇੱਜ਼ਤੀ ਨਾ ਕਰ।” ਭੀੜ ਵਿੱਚੋਂ ਕਿਸੇ ਨੇ ਉੱਚੀ ਦੇਣੀ ਕਿਹਾ।
ਇੱਕ ਹੋਰ ਜਣੀ ਬੋਲੀ, ”ਦੇਖੀਂ, ਤੂੰ ਛੇਤੀ ਕਿਸੇ ਮਛੇਰੇ ਦੀ ਕੁੰਡੀ ਨਾਲ਼ ਲਮਕਦੀ ਹੋਵੇਂਗੀ ਅਤੇ ਬੜਾ ਅਫ਼ਸੋਸਨਾਕ ਖਾਣਾ ਬਣੇਂਗੀ ਤੂੰ।”
ਉਸ ਛੋਟੀ ਨਦੀ ਨਾਲ਼ ਲਗਦੇ ਦੂਜੇ ਪਿੰਡਾਂ ਦੀਆਂ ਮੱਛੀਆਂ ਦੀ ਤਰ੍ਹਾਂ, ਉਸ ਪਿੰਡ ਦੀਆਂ ਮੱਛੀਆਂ ਨੂੰ ਵੀ ਸਦਾ ਮਛੇਰੇ ਦਾ ਡਰ ਲੱਗਾ ਰਹਿੰਦਾ ਸੀ। ਜਦੋਂ ਵੀ ਕੋਈ ਕਿਸੇ ਕੰਮ ਨੂੰ ਵੱਖਰੀ ਤਰਾਂ ਕਰਨ ਦੀ ਸਲਾਹ ਦਿੰਦਾ, ਤਾਂ ਉਸ ਦੀ ਸਲਾਹ ਇਹ ਕਹਿ ਕੇ ਰੱਦ ਕਰ ਦਿੱਤੀ ਜਾਂਦੀ ਕਿ ਅਜਿਹਾ ਕਰਨ ਨਾਲ਼ ਮਛੇਰੇ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਵੇਗਾ।
ਬੁੱਢੀਆਂ ਮੱਛੀਆਂ ਨੇ ਉਸਨੂੰ ਬੋਲੀਆਂ ਮਾਰਨੀਆਂ ਜਾਰੀ ਰੱਖੀਆਂ। ਇੱਕ ਨੇ ਕਿਹਾ, ”ਜੇ ਜਾਣ ਤੋਂ ਪਿੱਛੋਂ ਤੈਨੂੰ ਅਫ਼ਸੋਸ ਹੋਇਆ ਤਾਂ ਅਸੀਂ ਤੈਨੂੰ ਮੁੜਕੇ ਨਹੀਂ ਆਉਣ ਦੇਣਾ।”
ਇੱਕ ਹੋਰ ਨੇ ਸੁਰ ਰਲ਼ਾਈ, ”ਇਹ ਜਵਾਨੀ ਵੇਲ਼ੇ ਦੀਆਂ ਬੇਵਕੂਫੀਆਂ ਨੇ, ਨਾ ਜਾ।”
”ਇੱਥੇ ਕੀ ਮਾੜਾ ਹੈ?” ਇੱਕ ਹੋਰ ਬੁੱਢੀ ਮੱਛੀ ਬੁੜਬੁੜਾਈ।
”ਇਸ ਤੋਂ ਬਿਨਾਂ ਕੋਈ ਹੋਰ ਦੁਨੀਆਂ ਨਹੀਂ। ਇਹ ਹੀ ਦੁਨੀਆਂ ਹੈ ਬਸ। ਆ ਮੁੜ ਆ।” ਕਿਸੇ ਹੋਰ ਨੇ ਕਿਹਾ।
ਕੋਈ ਹੋਰ ਉਸ ਨਾਲ਼ ਦਲੀਲਬਾਜ਼ੀ ਕਰ ਰਹੀ ਸੀ। ”ਜੇ ਤੂੰ ਆਪਣੇ ਹੋਸ਼ ‘ਚ ਆ ਜਾਵੇਂ ਅਤੇ ਵਾਪਸ ਮੁੜ ਪਵੇਂ ਤਾਂ ਅਸੀਂ ਸਮਝਾਂਗੀਆਂ ਕਿ ਤੂੰ ਸੱਚੀਂ ਹੀ ਇੱਕ ਸਿਆਣੀ ਮੱਛੀ ਹੈਂ।”
ਪਰ ਛੋਟੀ ਕਾਲ਼ੀ ਮੱਛੀ ਜਾਣਦੀ ਸੀ ਕਿ ਇਹਨਾਂ ਨੂੰ ਕੁੱਝ ਹੋਰ ਨਹੀਂ ਕਿਹਾ ਜਾ ਸਕਦਾ।
ਉਸ ਦੀਆਂ ਨੌਜਵਾਨ ਸਹੇਲੀਆਂ ਉਸਨੂੰ ਝਰਨੇ ਤੱਕ ਛੱਡਣ ਆਈਆਂ। ”ਸਹੇਲੀਓ ਮੈਂ ਤੁਹਾਨੂੰ ਫਿਰ ਮਿਲਣ ਦੀ ਉਮੀਦ ਕਰਦੀ ਹਾਂ।” ਝਰਨੇ ਦੇ ਸਿਰੇ ‘ਤੇ ਜਾ ਕੇ ਉਹ ਬੋਲੀ, ”ਮੈਨੂੰ ਭੁੱਲ ਨਾ ਜਾਇਓ।”
”ਅਸੀਂ ਤੈਨੂੰ ਕਿਵੇਂ ਭੁੱਲ ਸਕਦੀਆਂ ਹਾਂ।” ਉਹਨਾਂ ਨੇ ਜਵਾਬ ਦਿੱਤਾ, ”ਤੂੰ ਸਾਨੂੰ ਇੱਕ ਲੰਮੀ ਨੀਂਦ ਤੋਂ ਜਗਾਇਆ ਹੈ। ਸਾਡੀ ਬਹਾਦਰ ਸਹੇਲੀਏ। ਅਸੀਂ ਤੈਨੂੰ ਫਿਰ ਮਿਲਣ ਦੀ ਆਸ ਰੱਖਦੀਆਂ ਹਾਂ।”
ਛੋਟੀ ਮੱਛੀ ਝਰਨੇ ਦੇ ਉੱਤੋਂ ਦੀ ਤਰਦੀ ਹੋਈ ਹੇਠਾਂ ਤਲਾਅ ਵਿੱਚ ਡਿੱਗ ਪਈ ਉਹ ਕੁੱਝ ਚਿਰ ਪਹਿਲਾਂ ਬੌਂਦਲ ਜਿਹੀ ਗਈ ਪਰ ਫਿਰ ਉਸਦਾ ਸੰਤੁਲਨ ਕਾਇਮ ਹੋ ਗਿਆ ਅਤੇ ਉਹ ਤਲਾਅ ਵਿੱਚ, ਮਟਕ ਨਾਲ਼, ਤਰਨ ਲੱਗੀ। ਉਸ ਨੇ ਕਦੇ ਵੀ ਇੱਕ ਥਾਂ ਉੱਤੇ ਏਨਾ ਸਾਰਾ ਪਾਣੀ ਨਹੀਂ ਸੀ ਦੇਖਿਆ। ਹਜ਼ਾਰਾਂ ਦੀ ਗਿਣਤੀ ਵਿੱਚ ਡੱਡ-ਬੱਚੇ ਤਲਾਅ ਵਿੱਚ ਏਧਰ-ਉਧਰ ਤੁਰ ਫਿਰ ਰਹੇ ਸਨ। ਛੋਟੀ ਕਾਲ਼ੀ ਮੱਛੀ ਨੂੰ ਦੇਖਦਿਆਂ ਹੀ ਉਹ ਉਸਦਾ ਮਜ਼ਾਕ ਉਡਾਉਣ ਲੱਗੇ, ”ਇਹਦੀ ਸ਼ਕਲ ਦੇਖੋ। ਇਹਦੀ ਸ਼ਕਲ ਤਾਂ ਦੇਖੋ। ਇਹ ਕਿਸ ਤਰ੍ਹਾਂ ਦਾ ਜੀਵ ਹੈ?”
ਕੁੱਝ ਚਿਰ ਉਹਨਾਂ ਵੱਲ ਦੇਖ ਛੋਟੀ ਕਾਲ਼ੀ ਮੱਛੀ ਬੋਲੀ, ”ਮੈਂ ਕਹਿੰਦੀ ਹਾਂ, ਮੇਰਾ ਮਖ਼ੌਲ ਨਾ ਉਡਾਓ। ਮੇਰਾ ਨਾਂ ਛੋਟੀ ਕਾਲ਼ੀ ਮੱਛੀ ਹੈ। ਤੁਹਾਡੇ ਨਾਂ ਕੀ ਹਨ? ਮੈਨੂੰ ਦੱਸੋ ਤਾਂ ਕਿ ਆਪਾਂ ਦੋਸਤ ਬਣ ਸਕੀਏ।”
ਇੱਕ ਡੱਡ-ਬੱਚਾ ਥੋੜ੍ਹਾ ਜਿਹਾ ਅਗਾਂਹ ਹੋਇਆ ਅਤੇ ਬੋਲਿਆ, ”ਅਸੀਂ ਆਪਣੇ-ਆਪ ਨੂੰ ਬੱਚੇ ਕਹਿੰਦੇ ਹਾਂ।”
ਇੱਕ ਹੋਰ ਬੋਲਿਆ, ”ਕੁਲੀਨਤਾ ਅਤੇ ਸੁੰਦਰਤਾ ਰੱਖਣ ਵਾਲ਼ੇ।”
ਇੱਕ ਹੋਰ ਨੇ ਗੱਲ ਜੋੜੀ, ”ਦੁਨੀਆਂ ਵਿੱਚ ਸਾਡੇ ਵਰਗਾ ਸੁਹਣਾ ਜੀਵ ਨਹੀਂ ਕਿਸੇ ਨੂੰ ਲੱਭ ਸਕਦਾ।”
”ਅਸੀਂ ਤੇਰੇ ਵਾਂਗ ਅਣ-ਘੜਤ ਅਤੇ ਬਦਸੂਰਤ ਨਹੀਂ ਹਾਂ।”
ਛੋਟੀ ਮੱਛੀ ਨੇ ਉਹਨਾਂ ਵੱਲ ਹੈਰਾਨੀ ਅਤੇ ਗ਼ੁੱਸੇ ਨਾਲ਼ ਦੇਖਿਆ ਅਤੇ ਬੋਲੀ, ”ਤੁਸੀਂ ਆਪਣੇ-ਆਪ ਬਾਰੇ ਇਹੋ-ਜਿਹੇ ਫੂਕ ਭਰੇ ਖ਼ਿਆਲ ਰੱਖਣੇ ਕਿੱਥੋਂ ਸਿੱਖੇ ਹਨ? ਚਲੋ ਕੋਈ ਨਹੀਂ। ਮੈਂ ਤੁਹਾਨੂੰ ਮਾਫ਼ ਕਰਦੀ ਹਾਂ, ਕਿਉਂਕਿ ਤੁਸੀਂ ਅਣਜਾਣ ਹੋ।”
ਇਸ ਨਾਲ਼ ਡੱਡ-ਬੱਚੇ ਵੀ ਬਹੁਤ ਗ਼ੁੱਸੇ ਵਿੱਚ ਆ ਗਏ। ਉਹ ਸਾਰੇ ਇਕੱਠੇ ਚੀਕੇ, ”ਅਣਜਾਣ… ਤੇਰਾ ਮਤਲਬ ਹੈ… ਅਸੀਂ ਅਣਜਾਣ ਹਾਂ?”
”ਬਿਲਕੁਲ।” ਛੋਟੀ ਮੱਛੀ ਨੇ ਆਪਣੀ ਗੱਲ ਜਾਰੀ ਰੱਖੀ, ”ਜੇ ਤੁਸੀਂ ਅਣਜਾਣ ਨਾ ਹੁੰਦੇ ਤਾਂ ਤੁਹਾਨੂੰ ਪਤਾ ਹੋਣਾ ਸੀ ਕਿ ਇਸ ਦੁਨੀਆਂ ਵਿੱਚ ਹੋਰ ਵੀ ਹਨ ਜੋ ਆਪਣੇ ਆਪ ਨੂੰ ਖੂਬਸੂਰਤ ਸਮਝਦੇ ਨੇ।”
ਡੱਡ-ਬੱਚੇ ਬਹੁਤ ਗ਼ੁੱਸੇ ਵਿੱਚ ਆ ਗਏ। ਉਹਨਾਂ ਨੂੰ ਪਤਾ ਸੀ ਕਿ ਜੋ ਕੁੱਝ ਵੀ ਛੋਟੀ ਮੱਛੀ ਨੇ ਕਿਹਾ ਸੀ ਉਹ ਠੀਕ ਸੀ, ਪਰ ਉਹ ਹਾਰ ਨਹੀਂ ਸੀ ਮੰਨਣਾ ਚਾਹੁੰਦੇ। ਉਹਨਾਂ ਨੇ ਹੋਰ ਪਾਸਿਉਂ ਗੱਲ ਕਰਨ ਦਾ ਫ਼ੈਸਲਾ ਕੀਤਾ। ਇੱਕ ਨੇ ਗੱਲ ਸ਼ੁਰੂ ਕੀਤੀ, ”ਗੱਲ ਸੁਣ ਮੱਛੀਏ! ਤੂੰ ਤਾਂ ਐਵੇਂ ਹੀ ਗ਼ੁੱਸਾ ਕਰੀ ਜਾਂਦੀ ਹੈਂ। ਅਸੀਂ ਅਣਜਾਣ ਕਿਉਂ ਹਾਂ? ਅਸੀਂ ਹਰ ਰੋਜ਼ ਦੁਨੀਆਂ ਦਾ ਦੌਰਾ ਕਰਦੇ ਹਾਂ। ਅਸੀਂ ਮਜ਼ੇ ਨਾਲ਼ ਇਸਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸੈਰ ਕਰਦੇ ਹਾਂ।”
”ਕਿਉਂ ਨਹੀਂ, ਹਾਂ, ਬਿਲਕੁਲ”, ਦੂਜੇ ਡੱਡ ਬੱਚੇ ਨੇ ਗੱਲ ਵਿੱਚ ਗੱਲ ਰਲ਼ਾਈ, ”ਅਤੇ ਅਸੀਂ ਕਦੇ ਵੀ ਆਪਣੇ ਅਤੇ ਆਪਣੇ ਮਾਪਿਆਂ ਤੋਂ ਬਿਨਾਂ ਇੱਥੇ ਕਿਸੇ ਨੂੰ ਨਹੀਂ ਦੇਖਿਆ। ਹਾਂ ਕੁੱਝ ਛੋਟੇ ਮੋਟੇ ਕੀੜੇ ਮਕੌੜੇ ਹਨ, ਪਰ ਉਹ ਕਿਹੜੀ ਗਿਣਤੀ ਵਿੱਚ ਆਉਂਦੇ ਨੇ।”
ਇਹ ਸੁਣ ਕੇ ਛੋਟੀ ਮੱਛੀ ਹੈਰਾਨ ਹੋਈ ਅਤੇ ਬੋਲੀ, ”ਤੁਸੀਂ ਕਦੇ ਵੀ ਇਸ ਤਲਾਅ ਤੋਂ ਬਾਹਰ ਨਹੀਂ ਗਏ ਪਰ ਗੱਲਾਂ ਤੁਸੀਂ ਦੁਨੀਆਂ ਦੀ ਸੈਰ ਕਰਨ ਦੀਆਂ ਕਰਦੇ ਹੋ।”
”ਕੀ ਇਸ ਤੋਂ ਬਿਨਾਂ ਵੀ ਦੁਨੀਆਂ ਹੈ?” ਡੱਡ-ਬੱਚਿਆਂ ਨੇ ਪੁੱਛਿਆ।
ਛੋਟੀ ਮੱਛੀ ਬੋਲੀ, ”ਅੱਛਾ! ਆਪਣੇ ਆਪ ਤੋਂ ਇਹ ਤਾਂ ਪੁੱਛੋ ਕਿ ਜਿਹੜਾ ਪਾਣੀ ਇਸ ਤਲਾਅ ਵਿੱਚ ਡਿਗਦਾ ਹੈ, ਉਹ ਕਿੱਥੋਂ ਆਉਂਦਾ ਹੈ?” ਫਿਰ ਉਸਨੂੰ ਦਿਆਲੂ ਘੋਗੇ ਦੀ ਕਹੀ ਗੱਲ ਯਾਦ ਆਈ ਕਿ ”ਕਈ ਅਜਿਹੀਆਂ ਥਾਵਾਂ ਵੀ ਹਨ ਜੋ ਪਾਣੀ ਤੋਂ ਬਾਹਰ ਨੇ।”
”ਕੀ ਕਿਹਾ?” ਡੱਡ-ਬੱਚੇ ਇਕੱਠੇ ਬੋਲੇ। ਫਿਰ ਉਹ ਉੱਚੀ-ਉੱਚੀ ਹੱਸਣ ਲੱਗੇ, ”ਤੂੰ ਸੱਚੀ-ਮੁੱਚੀਂਂ ਇੱਕ ਪਾਗਲ ਏਂ। ਇਹੋ ਜਿਹੀ ਥਾਂ ਕਿੱਥੇ ਹੈ, ਸਾਨੂੰ ਦੱਸ? ਉਹ ਥਾਂ ਜਿੱਥੇ ਪਾਣੀ ਨਹੀਂ।”
”ਉਹਨਾਂ ਦੇ ਚਿਹਰਿਆਂ ਨੂੰ ਦੇਖ ਛੋਟੀ ਮੱਛੀ ਨੂੰ ਲੱਗਾ ਕਿ ਉਹ ਇੱਕ ਫਾਲਤੂ ਲੜਾਈ ਲੜ ਰਹੀ ਸੀ। ਉਸਨੇ ਸੋਚਿਆ, ”ਡੱਡ-ਬੱਚਿਆਂ ਨੂੰ ਇੱਕ ਪਾਸੇ ਛੱਡ ਅਗਾਂਹ ਚੱਲਣਾ ਹੀ ਠੀਕ ਰਹੇਗਾ। ਪਰ, ਜੇ ਮੈਂ ਇਹਨਾਂ ਦੀ ਮਾਂ ਨੂੰ ਮਿਲ਼ ਸਕਦੀ।”
ਉਹ ਅਚਾਨਕ ਇੱਕ ਡੱਡ ਦੀ ਗੜੈਂ-ਗੜੈਂ ਸੁਣ ਕੇ ਤ੍ਰਭਕੀ। ਇਹ ਡੱਡ ਤਲਾਅ ਦੇ ਇੱਕ ਪਾਸੇ ਪੱਥਰ ਉੱਤੇ ਬੈਠੀ ਸੀ। ਡੱਡ ਨੇ ਪਾਣੀ ‘ਚ ਛਾਲ਼ ਮਾਰੀ ਅਤੇ ਤਰ ਕੇ ਛੋਟੀ ਮੱਛੀ ਦੇ ਕੋਲ਼ ਪਹੁੰਚ ਗਈ।
”ਮੈਂ ਇਹਨਾਂ ਦੀ ਮਾਂ ਹਾਂ” ਉਹ ਬੋਲੀ, ”ਤੈਨੂੰ ਕੀ ਕੰਮ ਹੈ?”
”ਬੇਬੇ, ਕੀ ਹਾਲ ਹੈ?” ਛੋਟੀ ਮੱਛੀ ਨੇ ਨਿਮਰਤਾ ਨਾਲ਼ ਕਿਹਾ।
ਡੱਡ ਬੋਲੀ, ”ਤਾਂ ਤੂੰ ਆਪਣੀਆਂ ਵੱਡੀਆਂ-ਵੱਡੀਆਂ ਗੱਲਾਂ ਨਾਲ਼ ਛੋਟੇ ਨਿਆਣਿਆਂ ‘ਤੇ ਰੋਅਬ ਪਾ ਰਹੀ ਸੀ। ਛੋਟੀ ਮੰਗਤੀਏ। ਤੂੰ ਮੈਨੂੰ ਬੇਵਕੂਫ਼ ਨਹੀਂ ਬਣਾ ਸਕਦੀ। ਮੈਂ ਏਨੀ ਉਮਰ ਭੋਗੀ ਹੈ ਅਤੇ ਆਪਣੇ ਤਜ਼ਰਬੇ ਦੇ ਅਧਾਰ ‘ਤੇ ਮੈਂ ਕਹਿ ਸਕਦੀ ਹਾਂ ਕਿ ਇਹ ਤਲਾਅ ਦੁਨੀਆਂ ਹੈ। ਜਾਹ ਜਾ ਕੇ ਆਪਣਾ ਕੰਮ ਕਰ ਅਤੇ ਮੇਰੇ ਬੱਚਿਆਂ ਨੂੰ ਧੋਖਾ ਨਾ ਦੇ।”
ਛੋਟੀ ਮੱਛੀ ਨੇ ਜੁਆਬ ਦਿੱਤਾ, ”ਜੋ ਕੁੱਝ ਤੂੰ ਪਹਿਲਾਂ ਦੇਖ ਚੁੱਕੀ ਏਂ, ਜੇ ਉਸਨੂੰ ਸੌ ਸਾਲ ਤੱਕ ਦੇਖਦੀ ਰਹੇਂ ਤਾਂ ਵੀ ਕੁੱਝ ਨਹੀਂ ਸਿੱਖ ਸਕੇਂਗੀ। ਜੇ ਤੂੰ ਕਿਸੇ ਦੀ ਗੱਲ ਨਾ ਸੁਣਨ ਦਾ ਫੈਸਲਾ ਲਿਆ ਹੈ ਤਾਂ ਤੂੰ ਕਿਵੇਂ…”
ਪਰ ਡੱਡ ਨੇ ਛੋਟੀ ਮੱਛੀ ਨੂੰ ਆਪਣੀ ਗੱਲ ਮੁਕਾਉਣ ਦਾ ਸਮਾਂ ਨਹੀਂ ਦਿੱਤਾ। ਉਹ ਛੋਟੀ ਮੱਛੀ ਉੱਤੇ ਝਪਟੀ, ਪਰ ਚਿਕਨੀ ਹੋਣ ਕਰਕੇ ਛੋਟੀ ਮੱਛੀ ਉਹਦੇ ਹੱਥ ਨਾ ਆਈ। ਛੋਟੀ ਮੱਛੀ ਪਾਣੀ ਹੇਠਾਂ ਇੱਕਦਮ ਤਿਲਕੀ ਤੇ ਬਿਜਲੀ ਦੀ ਤੇਜ਼ੀ ਨਾਲ਼ ਭੱਜੀ ਅਤੇ ਪਿੱਛੇ ਚਿੱਕੜ ਅਤੇ ਕੀੜਿਆਂ ਦਾ ਇੱਕ ਵੱਡਾ ਸਾਰਾ ਬੱਦਲ਼ ਛੱਡ ਗਈ।
ਪਹਾੜਾਂ ਵਿੱਚ ਸੱਪ ਵਾਂਗ ਵਲ਼ ਖਾਂਦੀ ਘਾਟੀ ਅਗਾਂਹ ਵਧਦੀ ਗਈ ਅਤੇ ਛੋਟੀ ਨਦੀ ਚੌੜੀ ਅਤੇ ਡੂੰਘੀ ਹੋ ਗਈ ਅਤੇ ਪਾਣੀ ਵਧ ਗਿਆ। ਪਰ ਜੇ ਤੁਸੀਂ ਪਹਾੜਾਂ ਦੇ ਸਿਖ਼ਰ ਤੋਂ ਹੇਠ ਘਾਟੀ ਵੱਲ ਨਜ਼ਰ ਮਾਰੋ ਤਾਂ ਛੋਟੀ ਨਦੀ ਇੱਕ ਚਿੱਟੇ ਧਾਗੇ ਤੋਂ ਵੱਧ ਨਾ ਦਿਸਦੀ। ਇੱਕ ਥਾਂ ਉੱਤੇ ਇੱਕ ਵੱਡੀ ਚਟਾਨ ਛੋਟੀ ਨਦੀ ਵਿੱਚ ਡਿੱਗੀ ਹੋਈ ਸੀ, ਜੋ ਨਦੀ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਸੀ। ਹਥੇਲ਼ੀ ਜਿੱਡਾ ਵੱਡਾ ਕੋਹੜ ਕਿਰਲਾ ਇਸ ਚਟਾਨ ਦੇ ਸਿਰੇ ਨਾਲ਼ ਚਿਪਕਿਆ ਹੋਇਆ ਧੁੱਪ ਸੇਕ ਰਿਹਾ ਸੀ। ਉੱਥੋਂ ਉਹ ਪਾਣੀ ਹੇਠ ਰੇਤੇ ਉੱਤੇ ਬੈਠੇ ਇੱਕ ਕੇਕੜੇ ਨੂੰ ਦੇਖ ਰਿਹਾ ਸੀ ਜੋ ਹੁਣੇ ਸ਼ਿਕਾਰ ਕੀਤੇ ਇੱਕ ਡੱਡੂ ਨੂੰ ਖਾ ਰਿਹਾ ਸੀ। ਜਦੋਂ ਛੋਟੀ ਕਾਲ਼ੀ ਮੱਛੀ ਇਸ ਹਿੱਸੇ ਕੋਲ਼ ਆਈ ਤਾਂ ਅਚਾਨਕ ਉਸਦੀ ਨਿਗਾਹ ਕੇਕੜੇ ਉੱਤੇ ਪਈ ਅਤੇ ਉਹ ਡਰ ਗਈ। ਕੇਕੜੇ ਤੋਂ ਥੋੜ੍ਹਾ ਦੂਰ ਰਹਿੰਦਿਆਂ ਹੋਇਆਂ, ਛੋਟੀ ਕਾਲ਼ੀ ਮੱਛੀ ਨੇ ਸਿਰ ਨਿਵਾਇਆ ਅਤੇ ਕੇਕੜੇ ਨੂੰ ਫ਼ਤਿਹ ਬੁਲਾਈ। ਕੇਕੜੇ ਉਸ ਵੱਲ ਤਿਰਸ਼ੀਆਂ ਨਜ਼ਰਾਂ ਨਾਲ਼ ਦੇਖਿਆ ਅਤੇ ਬੋਲਿਆ, ”ਕਿੰਨੀ ਨਿਮਰ ਹੈ ਛੋਟੀ ਮੱਛੀ। ਆ, ਮੇਰੇ ਕੋਲ਼ ਆ ਛੋਟੀਏ। ਆ ਮੇਰੇ ਕੋਲ਼ ਆ।
ਛੋਟੀ ਕਾਲ਼ੀ ਮੱਛੀ ਬੋਲੀ, ”ਸ਼੍ਰੀ ਮਾਨ ਜੀ, ਮੈਂ ਦੁਨੀਆਂ ਦੀ ਸੈਰ ਕਰਨ ਚੱਲੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਮੈਨੂੰ ਖਾ ਲਵੋ।”
ਜੁਆਬ ਵਿੱਚ ਕੇਕੜਾ ਬੋਲਿਆ, ”ਪਰ ਕਿਹੜੀ ਗੱਲ ਹੈ, ਜੋ ਤੇਰੇ ਜਿੱਡੀ ਕੁੜੀ ਨੂੰ ਡਰਾਉਂਦੀ ਹੈ।”
”ਮੈਂ ਕਾਰਨ ਤੋਂ ਬਿਨਾਂ ਨਹੀਂ ਡਰਦੀ। ਜੋ ਕੁੱਝ ਮੇਰੀਆਂ ਅੱਖਾਂ ਦੇਖਦੀਆਂ ਹਨ ਅਤੇ ਜੋ ਕੁੱਝ ਮੇਰਾ ਦਿਮਾਗ਼ ਮੈਨੂੰ ਦੱਸਦਾ ਹੈ, ਮੇਰੀ ਜੀਭ ਉਹ ਕੁੱਝ ਕਹਿ ਦਿੰਦੀ ਹੈ।” ਛੋਟੀ ਮੱਛੀ ਬੋਲੀ।
”ਅੱਛਾ! ਕੀ ਤੂੰ ਮੈਨੂੰ ਦੱਸੇਂਗੀ ਕਿ ਤੇਰੀਆਂ ਅੱਖਾਂ ਨੇ ਕਿਹੜੀ ਚੀਜ਼ ਦੇਖੀ ਹੈ ਅਤੇ ਤੇਰੇ ਦਿਮਾਗ਼ ਨੇ ਤੈਨੂੰ ਕੀ ਕੁੱਝ ਦੱਸਿਆ ਹੈ, ਜਿਸਦੇ ਅਧਾਰ ਉੱਤੇ ਤੂੰ ਕਹਿੰਦੀ ਹੈਂ ਕਿ ਮੈਂ ਤੈਨੂੰ ਖਾ ਲਵਾਂਗਾ।” ਕੇਕੜੇ ਨੇ ਛੋਟੀ ਮੱਛੀ ਤੋਂ ਪੁੱਛਿਆ।
ਛੋਟੀ ਮੱਛੀ ਡੱਡੂ ਵੱਲ ਇਸ਼ਾਰਾ ਕਰਕੇ ਬੋਲੀ, ”ਮੈਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਨਾ ਕਰ।”
ਕੇਕੜਾ ਹੱਸਿਆ ਅਤੇ ਬੋਲਿਆ, ”ਓ। ਤੇਰਾ ਮਤਲਬ ਡੱਡੂ ਤੋਂ ਹੈ? ਹੁਣ ਤੂੰ ਬੱਚਿਆਂ ਵਾਲ਼ੀਆਂ ਗੱਲਾਂ ਕਰ ਰਹੀ ਹੈਂ। ਡੱਡੂਆਂ ਵਿਰੁੱਧ ਤਾਂ ਮੇਰੇ ਮਨ ਵਿੱਚ ਗੁੱਸਾ ਹੈ, ਇਸ ਕਰਕੇ ਮੈਂ ਉਹਨਾਂ ਦਾ ਸ਼ਿਕਾਰ ਕਰਦਾ ਹਾਂ। ਉਹ ਸੋਚਦੇ ਹਨ ਕਿ ਇਸ ਦੁਨੀਆਂ ਵਿੱਚ ਉਹਨਾਂ ਤੋਂ ਬਿਨਾਂ ਹੋਰ ਕੋਈ ਜੀਵ ਹੀ ਨਹੀਂ ਹੈ। ਉਹ ਬਹੁਤ ਘੁਮੰਡੀ ਹਨ। ਮੈਂ ਉਹਨਾਂ ਨੂੰ ਥੋੜ੍ਹਾ-ਬਹੁਤ ਹੇਠਾਂ ਲਿਆਉਣਾ ਚਾਹੁੰਦਾ ਹਾਂ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਦੁਨੀਆਂ ਕੀਹਦੇ ਹੱਥਾਂ ਵਿੱਚ ਹੈ। ਇਸ ਲਈ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਬੀਬਾ। ਮੇਰੇ ਕੋਲ਼ ਆ।”
ਆਪਣੀ ਗੱਲ ਮੁਕਾ, ਉਹ ਆਪਣੀਆਂ ਲੱਤਾਂ ਦੇ ਆਸਰੇ ਫਿੱਡੀ ਚਾਲ ਚਲਦਾ ਛੋਟੀ ਮੱਛੀ ਵੱਲ ਵਧਣ ਲੱਗਾ। ਉਹਦਾ ਗੋਲ਼-ਮਟੋਲ਼ ਸਰੀਰ ਏਨਾ ਹਸਾਉਣਾ ਲਗਦਾ ਸੀ ਕਿ ਡਰੀ ਹੋਈ ਹੋਣ ਦੇ ਬਾਵਜੂਦ ਛੋਟੀ ਮੱਛੀ ਨੂੰ ਹਾਸਾ ਆ ਗਿਆ।
ਉਸ ਵੱਲ ਦੇਖ, ਕੋਹੜ ਕਿਰਲਾ ਵੀ ਹੱਸਣ ਲੱਗਾ। ਉਹ ਉੱਚੀ ਦੇਣੀ ਬੋਲਿਆ, ”ਕੇਕੜਿਆ! ਅਜੇ ਤੈਨੂੰ ਤੁਰਨਾ ਤਾਂ ਆਇਆ ਨਹੀਂ, ਤਾਂ ਤੈਨੂੰ ਕਿਵੇਂ ਪਤਾ ਬਈ ਦੁਨੀਆਂ ਕਿਹਦੇ ਹੱਥਾਂ ਵਿੱਚ ਹੈ?”
ਜਦੋਂ ਛੋਟੀ ਮੱਛੀ ਪਿੱਛੇ ਹਟ ਰਹੀ ਸੀ ਤਾਂ ਉਸਨੇ ਮਹਿਸੂਸ ਕੀਤਾ ਕਿ ਪਾਣੀ ਉੱਤੇ ਇੱਕ ਵੱਡਾ ਪਰਛਾਵਾਂ ਆ ਪਿਆ ਸੀ। ਫਿਰ ਅਚਾਨਕ ਨੜੇ ਵਰਗੀ ਇੱਕ ਲੰਮੀ ਅਤੇ ਭੂਰੀ ਚੀਜ਼ ਕੇਕੜੇ ਦੇ ਵੱਜੀ ਅਤੇ ਉਸ ਚੀਜ਼ ਨੇ ਕੇਕੜੇ ਨੂੰ ਪਾਣੀ ਦੇ ਥੱਲੇ ਵੱਲ ਧੱਕ ਦਿੱਤਾ। ਉਸਨੂੰ ਛੋਟੀ ਨਦੀ ਦੇ ਹੇਠਾਂ ਵੱਲ ਏਨਾ ਧੱਕ ਦਿੱਤਾ ਗਿਆ ਸੀ ਕਿ ਉਹ ਰੇਤੇ ਵਿੱਚ ਧਸ ਗਿਆ। ਹੁਣ ਉਹ ਇੱਕ ਇੰਚ ਵੀ ਹਿੱਲ ਨਹੀਂ ਸਕਦਾ ਸੀ।
ਹੁਣ ਕੋਹੜ ਕਿਰਲਾ ਏਨਾ ਜ਼ਿਆਦਾ ਹੱਸ ਰਿਹਾ ਸੀ ਕਿ ਉਹ ਮਸਾਂ ਹੀ ਪਾਣੀ ਵਿੱਚ ਡਿਗਦਾ ਡਿਗਦਾ ਬਚਿਆ।
ਛੋਟੀ ਮੱਛੀ ਨੇ ਉਤਾਂਹ ਦੇਖਿਆ। ਇੱਕ ਚਰਵਾਹੀ ਕੁੜੀ ਪਾਣੀ ਦੇ ਕੰਢੇ ਝੁਕੀ ਹੋਈ ਸੀ। ਉਸਦੇ ਇੱਕ ਹੱਥ ਵਿੱਚ ਉਸਦਾ ਡੰਡਾ ਫੜਿਆ ਹੋਇਆ ਸੀ। ਚਰਵਾਹੀ ਕੁੜੀ ਛੋਟੀ ਮੱਛੀ ਵੱਲ ਦੇਖ ਕੇ ਮੁਸਕਰਾਈ। ਇੱਜੜ ਦੀਆਂ ਭੇਡਾਂ ਅਤੇ ਬੱਕਰੀਆਂ ਵੀ ਪਾਣੀ ਕੰਢੇ ਆ ਗਈਆਂ ਅਤੇ ਪਾਣੀ ਪੀਣ ਲੱਗੀਆਂ। ਘਾਟੀ ਮੈਂ-ਮੈਂ ਅਤੇ ਬਾ-ਬਾ ਦੀਆਂ ਅਵਾਜ਼ਾਂ ਨਾਲ਼ ਗੂੰਜ ਉੱਠੀ। ਛੋਟੀ ਮੱਛੀ ਓਨਾ ਚਿਰ ਚੁੱਪਚਾਪ ਅਤੇ ਹੈਰਾਨ ਹੋਈ ਦੇਖਦੀ ਰਹੀ ਜਿੰਨਾ ਚਿਰ ਤੱਕ ਬੱਕਰੀਆਂ ਅਤੇ ਭੇਡਾਂ ਪਾਣੀ ਪੀ ਕੇ ਚਲੇ ਨਹੀਂ ਗਈਆਂ। ਉਸਨੇ ਇਹੋ ਜਿਹੇ ਸ਼ਾਨਦਾਰ ਜੀਵ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਸਨ ਦੇਖੇ।
ਜਦੋਂ ਚਰਵਾਹੀ ਕੁੜੀ ਅਤੇ ਉਸਦਾ ਇੱਜੜ ਚਲਾ ਗਿਆ ਤਾਂ ਛੋਟੀ ਮੱਛੀ ਨੇ ਕੋਹੜ ਕਿਰਲੇ ਵੱਲ ਦੇਖਿਆ ਅਤੇ ਬੋਲੀ, ”ਪਿਆਰੇ ਕੋਹੜ ਕਿਰਲੇ। ਮੈਂ ਛੋਟੀ ਕਾਲ਼ੀ ਮੱਛੀ ਹਾਂ। ਮੈਂ ਇਸ ਛੋਟੀ ਨਦੀ ਦਾ ਅੰਤ ਦੇਖਣ ਜਾ ਰਹੀ ਹਾਂ। ਮੇਰਾ ਖ਼ਿਆਲ ਹੈ ਕਿ ਤੂੰ ਇੱਕ ਸਿਆਣਾ ਜੀਵ ਹੈਂ। ਇਸ ਕਰਕੇ ਮੈਂ ਤੈਥੋਂ ਕੁੱਝ ਪੁੱਛਣਾ ਚਾਹੁੰਦੀ ਹਾਂ।”
”ਜ਼ਰੂਰ ਪੁੱਛ”, ਕੋਹੜ ਕਿਰਲਾ ਬੋਲਿਆ, ”ਜੋ ਕੁੱਝ ਤੇਰਾ ਜੀਅ ਕਰਦਾ ਹੈ, ਪੁੱਛ ਲੈ।”
ਛੋਟੀ ਮੱਛੀ ਨੇ ਗੱਲ ਸ਼ੁਰੂ ਕੀਤੀ, ”ਇੱਕ ਵਾਰ ਇੱਕ ਸਿਆਣੇ ਅਤੇ ਭਲੇ ਘੋਗੇ ਨੇ ਮੈਨੂੰ ਪੈਲੀਕਨ, ਕਟਾਰ-ਮੱਛੀ ਅਤੇ ਬਗਲੇ ਬਾਰੇ ਚਿਤਾਵਨੀ ਦਿੱਤੀ ਸੀ। ਜੇ ਤੈਨੂੰ ਉਹਨਾਂ ਬਾਰੇ ਕੁੱਝ ਪਤਾ ਹੈ ਤਾਂ ਮੈਨੂੰ ਦੱਸ।”
”ਇਹਨਾਂ ਇਲਾਕਿਆਂ ਵਿੱਚ ਕਟਾਰ-ਮੱਛੀ ਅਤੇ ਬਗਲੇ ਨਹੀਂ ਹੁੰਦੇ।” ਕੋਹੜ ਕਿਰਲੇ ਨੇ ਜੁਆਬ ਦਿੱਤਾ। ”ਖਾਸ ਕਰਕੇ ਕਟਾਰ-ਮੱਛੀ ਜਿਹੜੀ ਸਿਰਫ਼ ਸਮੁੰਦਰ ਵਿੱਚ ਹੀ ਹੁੰਦੀ ਹੈ… ਪਰ ਪੈਲੀਕਨ ਤੈਨੂੰ ਇੱੱਥੋਂ ਨੇੜੇ ਹੀ ਮਿਲ਼ ਜਾਵੇਗਾ। ਕਦੀ ਅਜਿਹੀ ਬੇਵਕੂਫ਼ੀ ਨਾ ਕਰੀਂ ਜਿਸ ਨਾਲ਼ ਤੂੰ ਉਸਦੀ ਥੈਲੀ ਵਿੱਚ ਚਲੀ ਜਾਵੇਂ।”
”ਕਿਹੜੀ ਥੈਲੀ?” ਛੋਟੀ ਮੱਛੀ ਨੇ ਪੁੱਛਿਆ।
ਕੋਹੜ ਕਿਰਲੇ ਨੇ ਦੱਸਿਆ ਕਿ ਪੈਲੀਕਨ ਦੇ ਗਲ਼ ਹੇਠਾਂ ਇੱਕ ਥੈਲੀ ਹੁੰਦੀ ਹੈ, ਜੋ ਪਾਣੀ ਨਾਲ਼ ਭਰੀ ਹੋਈ ਹੁੰਦੀ ਹੈ। ਉਹ ਪਾਣੀ ਵਿੱਚ ਤਰਦਾ ਹੈ ਅਤੇ ਕਈ ਵਾਰ ਮੱਛੀਆਂ ਅਣਜਾਣੇ ਹੀ ਉਸਦੀ ਥੈਲੀ ਵਿੱਚ ਚਲੀਆਂ ਜਾਂਦੀਆਂ ਹਨ ਅਤੇ ਉੱਥੋਂ ਸਿੱਧੀਆਂ ਉਸਦੇ ਢਿੱਡ ਵਿੱਚ। ਪਰ ਜੇ ਪੈਲੀਕਨ ਨੂੰ ਭੁੱਖ ਨਾ ਲੱਗੀ ਹੋਵੇ ਤਾਂ ਮੱਛੀਆਂ, ਬਾਅਦ ਵਿੱਚ ਖਾਣ ਲਈ, ਉਸਦੀ ਥੈਲੀ ਵਿੱਚ ਹੀ ਰਹਿੰਦੀਆਂ ਹਨ।
”ਅਤੇ ਜੇ ਕੋਈ ਮੱਛੀ ਉਸਦੀ ਥੈਲੀ ਵਿੱਚ ਇੱਕ ਵਾਰ ਫਸ ਜਾਵੇ, ਤਾਂ ਉੱਥੋਂ ਨਿੱਕਲ਼ਣ ਦਾ ਕੋਈ ਰਾਹ ਨਹੀਂ?” ਛੋਟੀ ਮੱਛੀ ਨੇ ਡਰੀ ਹੋਈ ਅਵਾਜ਼ ਵਿੱਚ ਪੁੱਛਿਆ।
”ਕੋਈ ਰਾਹ ਨਹੀਂ ਸਿਵਾਏ ਇਸਦੇ ਕਿ ਥੈਲੀ ਪਾਟ ਜਾਵੇ”, ਕੋਹੜ ਕਿਰਲਾ ਬੋਲਿਆ।
ਇਹ ਕਹਿ ਕੇ ਕੋਹੜ ਕਿਰਲਾ ਪੱਥਰਾਂ ਵਿੱਚ ਬਣੀ ਇੱਕ ਦਰਾੜ ਵਿੱਚ ਚਲੇ ਗਿਆ ਅਤੇ ਹੱਥ ਇੱਕ ਛੋਟਾ ਛੁਰਾ ਲੈ ਕੇ ਮੁੜ ਆਇਆ।
ਉਹ ਬੋਲਿਆ, ”ਮੈਂ ਇਹ ਛੁਰਾ ਤੈਨੂੰ ਦਿੰਦਾ ਹਾਂ। ਇਸਨੂੰ ਹਮੇਸ਼ਾਂ ਆਪਣੇ ਕੋਲ਼ ਰੱਖੀਂ। ਜੇ ਤੂੰ ਕਦੇ ਪਾਲੀਕਨ ਦੇ ਹੱਥ ਆ ਜਾਵੇਂ ਤਾਂ ਤੂੰ ਇਸਦੀ ਮਦਦ ਨਾਲ਼ ਉਸਤੋਂ ਛੁਟਕਾਰਾ ਪਾ ਸਕਦੀ ਹੈਂ।”
ਛੋਟੀ ਮੱਛੀ ਨੇ ਇਹ ਛੁਰਾ ਆਪਣੇ ਖੰਭੜੇ ਦੇ ਪਿੱਛੇ ਟੰਗ ਲਿਆ ਅਤੇ ਬੋਲੀ, ”ਪਿਆਰੇ ਕੋਹੜ ਕਿਰਲੇ! ਤੂੰ ਬਹੁਤ ਦਿਆਲੂ ਹੈਂ। ਮੈਨੂੰ ਪਤਾ ਨਹੀਂ ਲਗਦਾ ਕਿ ਮੈਂ ਤੇਰਾ ਧੰਨਵਾਦ ਕਿਵੇਂ ਕਰਾਂ।”
”ਬੱਚੀਏ! ਧੰਨਵਾਦ ਕਰਨ ਦੀ ਕੋਈ ਲੋੜ ਨਹੀਂ।” ਕੋਹੜ ਕਿਰਲਾ ਬੋਲਿਆ। ”ਮੇਰੇ ਕੋਲ਼ ਇਸ ਤਰ੍ਹਾਂ ਦੇ ਕਿੰਨੇ ਹੀ ਛੁਰੇ ਹਨ। ਜਦੋਂ ਮੇਰੇ ਕੋਲ਼ ਕਰਨ ਲਈ ਕੁੱਝ ਨਹੀਂ ਹੁੰਦਾ ਤਾਂ ਮੈਂ ਦਰਖਤਾਂ ਦੇ ਕੰਡਿਆਂ ਤੋਂ ਅਜਿਹੇ ਛੁਰੇ ਬਣਾ ਲੈਂਦਾ ਹਾਂ ਅਤੇ ਫਿਰ ਤੇਰੇ ਵਰਗੀਆਂ ਸਿਆਣੀਆਂ ਮੱਛੀਆਂ ਨੂੰ ਦੇ ਦਿੰਦਾ ਹਾਂ।”
”ਓ! ਕੀ ਹੋਰ ਮੱਛੀਆਂ ਵੀ ਇੱਥੋਂ ਦੀ ਲੰਘੀਆਂ ਹਨ।” ਛੋਟੀ ਮੱਛੀ ਨੇ ਹੈਰਾਨ ਹੋ ਕੇ ਪੁੱਛਿਆ।
”ਕੋਹੜ ਕਿਰਲੇ ਨੇ ਜੁਆਬ ਦਿੱਤਾ, ”ਕਿਉਂ ਨਹੀਂ! ਬਹੁਤ ਸਾਰੀਆਂ ਮੱਛੀਆਂ ਇਸ ਪਾਸਿਉਂ ਲੰਘੀਆਂ ਹਨ। ਹੁਣ ਉਹ ਟੋਲਿਆਂ ਵਿੱਚ ਇਕੱਠੀਆਂ ਹੋ ਗਈਆਂ ਹਨ ਅਤੇ ਮਛੇਰਿਆਂ ਨੂੰ ਬੜਾ ਔਖਾ ਕਰ ਰਹੀਆਂ ਹਨ।”
ਛੋਟੀ ਮੱਛੀ ਬੋਲੀ, ”ਮੁਆਫ਼ ਕਰਨਾ, ਪਰ ਇੱਕ ਸਵਾਲ ਵਿੱਚੋਂ ਦੂਸਰਾ ਸਵਾਲ ਨਿੱਕਲ਼ ਰਿਹਾ ਹੈ। ਮੈਨੂੰ ਦੱਸ ਕਿ ਉਹ ਮਛੇਰਿਆਂ ਨੂੰ ਕਿਸ ਤਰ੍ਹਾਂ ਔਖਾ ਕਰ ਰਹੀਆਂ ਹਨ।”
ਕੋਹੜ ਕਿਰਲਾ ਬੋਲਿਆ, ”ਇਕੱਠੀਆਂ ਹੋ ਕੇ। ਜਦੋਂ ਵੀ ਮਛੇਰਾ ਜਾਲ਼ ਸੁਟਦਾ ਹੈ, ਉਹ ਇਸ ਵਿੱਚ ਵੜ ਜਾਂਦੀਆਂ ਹਨ ਅਤੇ ਇਕੱਠੀਆਂ ਹੋ ਕੇ ਜਾਲ਼ ਨੂੰ ਸਮੁੰਦਰ ਦੇ ਹੇਠਾਂ ਵੱਲ ਖਿੱਚ ਲਿਜਾਂਦੀਆਂ ਹਨ।”
ਫਿਰ ਕੋਹੜ ਕਿਰਲੇ ਨੇ ਪੱਥਰ ਵਿੱਚ ਬਣੀ ਦਰਾੜ ਨਾਲ਼ ਕੰਨ ਲਾ ਕੇ ਕੁੱਝ ਸੁਣਿਆਂ। ”ਮੈਂ ਹੁਣ ਚੱਲਿਆ ਹਾਂ” ਉਹ ਬੋਲਿਆ। ”ਮੇਰੇ ਬੱਚੇ ਜਾਗ ਰਹੇ ਹਨ।” ਫਿਰ ਉਹ ਮੁੜ ਕੇ ਦਰਾੜ ਵਿੱਚ ਛਪਨ ਹੋ ਗਿਆ।
ਛੋਟੀ ਮੱਛੀ ਫਿਰ ਇਕੱਲੀ ਰਹਿ ਗਈ ਸੀ। ਤਰਦੀ-ਤਰਦੀ ਉਹ ਆਪਣੇ-ਆਪ ਤੋਂ ਕਈ ਸਵਾਲ ਪੁੱਛ ਰਹੀ ਸੀ।
”ਜੇ ਪੈਲੀਕਨ ਮੇਰੇ ਨਾਲ਼ੋਂ ਤਕੜਾ ਹੋਇਆ ਤਾਂ ਫਿਰ ਕੀ ਹੋਊਗਾ? ਕਟਾਰ-ਮੱਛੀ ਕਿਸ ਤਰ੍ਹਾਂ ਦੀ ਹੁੰਦੀ ਹੈ, ਜੋ ਆਪਣੇ ਤੋਂ ਛੋਟਿਆਂ ਨੂੰ ਖਾ ਜਾਂਦੀ ਹੈ? ਅਤੇ ਬਗਲਿਆਂ ਨਾਲ਼ ਸਾਡੀ ਦੁਸ਼ਮਣੀ ਕਿਉਂ ਹੈ?”
ਸੋਚਦੀ-ਸੋਚਦੀ, ਉਹ ਅਗਾਂਹ ਵਧਦੀ ਗਈ। ਪੈਰ-ਪੈਰ ਉੱਤੇ ਕੁੱਝ ਨਵਾਂ ਦੇਖਣ ਵਾਲ਼ਾ ਸੀ। ਝਰਨਿਆਂ ਉੱਤੋਂ ਦੀ ਤਹਿ ਦੇ ਕੇ ਡਿੱਗਣ ਅਤੇ ਫਿਰ ਤਰਨ ਲੱਗ ਪੈਣ ਵਿੱਚ ਹੁਣ ਉਸਨੂੰ ਮਜ਼ਾ ਆਉਣ ਲੱਗ ਪਿਆ ਸੀ। ਪਿੱਠ ਉੱਤੇ ਪੈਂਦੀ ਸੂਰਜ ਦੀ ਗਰਮਾਇਸ਼ ਉਹਨੂੰ ਤਾਜ਼ਗੀ ਬਖਸ਼ਦੀ ਸੀ।
ਇੱਕ ਥਾਂ ਉੱਤੇ ਉਸਨੂੰ ਨੀਲ-ਗਾਂ ਦਿਖਾਈ ਦਿੱਤੀ ਜੋ ਛੋਟੀ ਨਦੀ ਵਿੱਚੋਂ ਕਾਹਲ਼ੀ ਨਾਲ਼ ਪਾਣੀ ਪੀ ਰਹੀ ਸੀ।
”ਕੀ ਹਾਲ ਹੈ ਸੁੰਦਰ ਜੀਵੜਿਆ? ਤੈਨੂੰ ਏਨੀ ਕਾਹਲ਼ੀ ਕਾਹਤੋਂ ਹੈ?” ਛੋਟੀ ਮੱਛੀ ਨੇ ਪੁੱਛਿਆ।
”ਸ਼ਿਕਾਰੀ ਮੇਰਾ ਪਿੱਛਾ ਕਰ ਰਿਹਾ ਹੈ”, ਨੀਲ-ਗਾਂ ਬੋਲੀ। ”ਦੇਖ! ਉਹਨੇ ਮੇਰੇ ਗੋਲ਼ੀ ਮਾਰੀ ਹੈ।”
ਛੋਟੀ ਮੱਛੀ ਨੂੰ ਉਸਦਾ ਜਖ਼ਮ ਦਿਖਾਈ ਨਾ ਦਿੱਤਾ। ਪਰ ਜਦੋਂ ਉਸਨੇ ਨੀਲ-ਗਾਂ ਨੂੰ ਲੰਗੜਾਉਂਦੇ ਹੋਏ ਦੇਖਿਆ ਤਾਂ ਉਹ ਜਾਣ ਗਈ ਕਿ ਨੀਲ ਗਾਂ ਨਾਲ਼ ਕੁੱਝ ਮਾੜਾ ਵਾਪਰ ਚੁੱਕਾ ਹੈ।
ਇੱਕ ਹੋਰ ਥਾਂ ਉੱਤੇ ਉਸਨੇ ਧੁੱਪ ਸੇਕਦੇ ਕਿੰਨੇ ਹੀ ਕੱਛੂਕੁੰਮੇ ਦੇਖੇ ਅਤੇ ਇੱਕ ਹੋਰ ਥਾਂ ਉੱਤੇ ਘਾਟੀ ਵਿੱਚ ਗੂੰਜਦੀ ਤਿੱਤਰਾਂ ਦੀ ਅਵਾਜ਼ ਸੁਣਾਈ ਦਿੱਤੀ। ਪਹਾੜੀ ਘਾਹ ਦੀ ਮਹਿਕ ਹਵਾ ਵਿੱਚ ਭਰੀ ਹੋਈ ਸੀ ਅਤੇ ਪਾਣੀ ਦੀ ਮਹਿਕ ਨਾਲ਼ ਘੁਲ਼ੀ-ਮਿਲ਼ੀ ਹੋਈ ਸੀ।
ਦੁਪਹਿਰ ਤੋਂ ਬਾਅਦ, ਉਹ ਇੱਕ ਥਾਂ ਪਹੁੰਚੀ ਜਿੱਥੇ ਘਾਟੀ ਦੀ ਚੌੜਾਈ ਵਧ ਗਈ ਸੀ ਅਤੇ ਉਸ ਵਿੱਚੋਂ ਪਾਣੀ ਲੰਘ ਰਿਹਾ ਸੀ। ਪਾਣੀ ਦੀ ਨਵੀਂ ਡੂੰਘਾਈ ਨੇ ਛੋਟੀ ਮੱਛੀ ਨੂੰ ਖੁਸ਼ੀ ਨਾਲ਼ ਭਰ ਦਿੱਤਾ। ਉੱਥੇ ਉਸਨੂੰ ਹੋਰ ਮੱਛੀਆਂ ਦਿਖਾਈ ਦਿੱਤੀਆਂ। ਘਰ ਛੱਡਣ ਬਾਅਦ, ਪਹਿਲੀ ਵਾਰ ਉਸਨੂੰ ਮੱਛੀਆਂ ਮਿਲ਼ੀਆਂ ਸਨ। ਉਸਦੇ ਦੁਆਲ਼ੇ ਇਕੱਠੀਆਂ ਹੋਈਆਂ ਛੋਟੀਆਂ ਮੱਛੀਆਂ ਵਿੱਚੋਂ ਕੁੱਝ ਬੋਲੀਆਂ, ”ਏਦਾਂ ਲਗਦਾ ਹੈ ਕਿ ਤੂੰ ਏਥੇ ਅਜਨਬੀ ਏਂ, ਠੀਕ ਹੈ ਨਾ?”
ਛੋਟੀ ਮੱਛੀ ਨੇ ਜੁਆਬ ਦਿੱਤਾ, ”ਹਾਂ! ਮੈਂ ਇੱਕ ਅਜਨਬੀ ਹਾਂ। ਮੈਂ ਬਹੁਤ ਦੂਰੋਂ ਆਈ ਹਾਂ।”
”ਤੂੰ ਕਿੱਥੇ ਨੂੰ ਚੱਲੀ ਹੈਂ?” ਇੱਕ ਨਿੱਕੀ ਮੱਛੀ ਨੇ ਪੁੱਛਿਆ।
”ਮੈਂ ਇਸ ਛੋਟੀ ਨਦੀ ਦਾ ਅੰਤ ਲੱਭਣ ਜਾ ਰਹੀ ਹਾਂ।” ਛੋਟੀ ਮੱਛੀ ਬੋਲੀ।
”ਕਿਹੜੀ ਛੋਟੀ ਨਦੀ?” ਉਹਨਾਂ ਨੇ ਉਸਤੋਂ ਪੁੱਛਿਆ।
”ਜਿਸ ਵਿੱਚ ਅਸਾਂ ਤਰ ਰਹੀਆਂ ਹਾਂ।” ਉਸਨੇ ਜੁਆਬ ਦਿੱਤਾ।
ਨਿੱਕੀ ਮੱਛੀ ਬੋਲੀ, ”ਓ! ਅਸੀਂ ਇਸਨੂੰ ਦਰਿਆ ਕਹਿੰਦੇ ਹਾਂ।”
ਛੋਟੀ ਮੱਛੀ ਕੁੱਝ ਨਾ ਬੋਲੀ।
ਨਿੱਕੀਆਂ ਮੱਛੀਆਂ ਵਿੱਚੋਂ ਇੱਕ ਬੋਲੀ, ”ਤੈਨੂੰ ਪਤੈ, ਇਸ ਰਾਹ ਉੱਤੇ ਪੈਲੀਕਨ ਰਹਿੰਦਾ ਹੈ?”
”ਹਾਂ” ਉਹ ਬੋਲੀ, ”ਮੈਨੂੰ ਪਤਾ ਹੈ।”
”ਤੈਨੂੰ ਪਤੈ ਕਿ ਪੈਲੀਕਨ ਦੀ ਥੈਲੀ ਕਾਫ਼ੀ ਵੱਡੀ ਹੈ?” ਉਹ ਬੋਲੀਆਂ।
ਛੋਟੀ ਮੱਛੀ ਨੇ ਜੁਆਬ ਦਿੱਤਾ, ”ਹਾਂ ਮੈਨੂੰ ਇਹ ਵੀ ਪਤਾ ਹੈ।”
ਇੱਕ ਹੋਰ ਨਿੱਕੀ ਮੱਛੀ ਨੇ ਉਸਤੋਂ ਪੁੱਛਿਆ, ”ਅਤੇ ਸਭ ਕੁੱਝ ਜਾਣਦੀ ਹੋਈ ਵੀ ਤੂੰ ਜਾਣਾ ਚਾਹੁੰਦੀ ਹੈ?”
”ਹਾਂ” ਉਹ ਬੋਲੀ, ”ਕੁੱਝ ਵੀ ਹੋਵੇ, ਮੈਂ ਜ਼ਰੂਰ ਜਾਣਾ ਹੈ।”
ਛੇਤੀ ਹੀ ਉਸ ਇਲਾਕੇ ਵਿੱਚ ਇਹ ਗੱਲ ਫੈਲ ਗਈ ਕਿ ਇੱਕ ਛੋਟੀ ਕਾਲ਼ੀ ਮੱਛੀ ਬਹੁਤ ਦੂਰੋਂ ਆਈ ਹੈ ਅਤੇ ਉਹ ਦਰਿਆ ਦਾ ਅੰਤ ਲੱਭਣ ਜਾਣਾ ਚਾਹੁੰਦੀ ਹੈ। ਉਹ ਕਿਸੇ ਵੀ ਚੀਜ਼ ਤੋਂ ਡਰਦੀ ਨਹੀਂ, ਪੈਲੀਕਨ ਤੋਂ ਵੀ ਨਹੀਂ।
ਨਿੱਕੀਆਂ ਮੱਛੀਆਂ ਵਿੱਚੋਂ ਕੁੱਝ ਉਹਦੇ ਨਾਲ਼ ਜਾਣਾ ਲੋਚਦੀਆਂ ਸਨ। ਪਰ ਉਹ ਆਪਣੇ ਮਾਪਿਆਂ ਤੋਂ ਡਰਦੀਆਂ ਚੁੱਪ ਰਹੀਆਂ। ਉਹਨਾਂ ਵਿੱਚੋਂ ਇੱਕ ਨੇ ਛੋਟੀ ਮੱਛੀ ਨੂੰ ਦੱਸਿਆ, ”ਜੇ ਪੈਲੀਕਨ ਨਾ ਹੁੰਦਾ ਤਾਂ ਅਸੀਂ ਤੇਰੇ ਨਾਲ਼ ਜ਼ਰੂਰ ਆਉਂਦੀਆਂ। ਪਰ ਪੈਲੀਕਨ ਦੀ ਵੱਡੀ ਥੈਲੀ ਤੋਂ ਡਰ ਲਗਦਾ ਹੈ।”
ਦਰਿਆ ਦੇ ਕੰਢੇ ਇੱਕ ਪਿੰਡ ਸੀ। ਕੁੱਝ ਚਿਰ ਛੋਟੀ ਮੱਛੀ ਇਨਸਾਨਾਂ ਦੀਆਂ ਅਵਾਜ਼ਾਂ ਸੁਣਦੀ ਰਹੀ ਅਤੇ ਉਹਨਾਂ ਦੇ ਬੱਚਿਆਂ ਨੂੰ ਦਰਿਆ ਵਿੱਚ ਤਰਦੇ ਦੇਖਦੀ ਰਹੀ। ਫਿਰ ਉਸਨੇ ਦੂਜੀਆਂ ਮੱਛੀਆਂ ਨੂੰ ਅਲਵਿਦਾ ਕਹੀ ਅਤੇ ਆਪਣੇ ਰਾਹੇ ਪੈ ਗਈ। ਉਹ ਉਦੋਂ ਤੱਕ ਤਰਦੀ ਰਹੀ ਜਦੋਂ ਤੱਕ ਹਨ੍ਹੇਰਾ ਨਹੀਂ ਪੈ ਗਿਆ। ਫਿਰ ਉਹ ਇੱਕ ਪੱਥਰ ਦੇ ਹੇਠਾਂ ਵੜ ਕੇ ਸੌਂ ਗਈ।
ਅੱਧੀ ਰਾਤ ਉਹਨੂੰ ਜਾਗ ਆ ਗਈ। ਉਸਨੇ ਦੇਖਿਆ ਕਿ ਚੰਦ ਦੀਆਂ ਕਿਰਨਾਂ ਪਾਣੀ ਉੱਤੇ ਨੱਚ ਰਹੀਆਂ ਸਨ ਅਤੇ ਹਰ ਇੱਕ ਚੀਜ਼ ਨੂੰ ਚਾਨਣ-ਚਾਨਣ ਕਰ ਰਹੀਆਂ ਸਨ। ਛੋਟੀ ਮੱਛੀ ਚੰਦ ਨੂੰ ਬਹੁਤ ਪਿਆਰ ਕਰਦੀ ਸੀ। ਉਹਨਾਂ ਰਾਤਾਂ ਵਿੱਚ ਜਦੋਂ ਚੰਦ ਛੋਟੀ ਮੱਛੀ ਦੇ ਘਰ ਦੇ ਪਾਣੀਆਂ ਉੱਤੇ ਨਾਚ ਕਰਦਾ ਤਾਂ ਉਹ ਕਾਈ ਦੀ ਛੱਤ ਵਾਲ਼ੇ ਆਪਣੇ ਘਰ ਤੋਂ ਬਾਹਰ ਨਿੱਕਲ਼ ਆਉਂਦੀ ਅਤੇ ਚੰਦ ਨਾਲ਼ ਗੱਲਾਂ ਕਰਦੀ। ਪਰ ਹਰ ਵਾਰੀ ਉਸਦੀ ਮਾਂ ਜਾਗ ਪੈਂਦੀ ਅਤੇ ਉਸਨੂੰ ਅੰਦਰ ਸੱਦ ਲੈਂਦੀ। ਇਸ ਲਈ ਉਹ ਉੱਠ ਕੇ ਪਾਣੀ ਦੇ ਉੱਪਰ ਆ ਗਈ। ਉਹ ਚੰਦ ਦੇ ਪਰਛਾਵੇਂ ਦੇ ਸਿਰੇ ਕੋਲ਼ ਖੜ੍ਹ ਕੇ ਬੋਲੀ, ”ਕੀ ਹਾਲ ਹੈ, ਮੇਰੇ ਸੋਹਣਿਆਂ ਚੰਦਾ।”
”ਤੇਰਾ ਕੀ ਹਾਲ ਹੈ, ਛੋਟੀਏ ਕਾਲ਼ੀਏ ਮੱਛੀਏ।” ਚੰਦ ਨੇ ਜੁਆਬ ਦਿੱਤਾ।
ਫਿਰ ਉਹ ਬੋਲੀ, ”ਮੈਂ ਦੁਨੀਆਂ ਦੀ ਸੈਰ ਕਰ ਰਹੀ ਹਾਂ।”
”ਦੁਨੀਆਂ ਬਹੁਤ ਵੱਡੀ ਹੈ। ਤੂੰ ਸਾਰੀ ਦੁਨੀਆਂ ਨੂੰ ਨਹੀਂ ਦੇਖ ਸਕੇਂਗੀ।” ਚੰਦ ਨੇ ਜੁਆਬ ਦਿੱਤਾ।
”ਚੱਲ ਮੈਥੋਂ ਜਿੱਥੇ ਤੱਕ ਜਾ ਹੋਇਆ, ਮੈਂ ਉੱਥੇ ਤੱਕ ਜਾਵਾਂਗੀ।” ਛੋਟੀ ਮੱਛੀ ਬੋਲੀ।
ਚੰਦ ਬੋਲਿਆ, ”ਮੈਂ ਥੋੜ੍ਹਾ ਹੋਰ ਚਿਰ ਤੇਰੇ ਕੋਲ਼ ਰਹਿਣਾ ਚਾਹੁੰਦਾ ਹਾਂ। ਪਰ ਇੱਕ ਵੱਡਾ ਢੋਲ ਮੇਰੇ ਵੱਲ ਆ ਰਿਹਾ ਹੈ, ਉਹ ਮੇਰੀ ਰੌਸ਼ਨੀ ਰੋਕ ਲਵੇਗਾ।”
”ਸੋਹਣਿਆਂ ਚੰਦਾ। ਮੈਂ ਤੇਰੀ ਰੌਸ਼ਨੀ ਨੂੰ ਪਿਆਰ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਇਹ ਸਦਾ ਹੀ ਮੇਰੇ ਉੱਤੇ ਚਮਕਦੀ ਰਹੇ”, ਛੋਟੀ ਮੱਛੀ ਬੋਲੀ।
”ਮੇਰੀ ਪਿਆਰੀ ਮੱਛੀਏ, ਸੱਚ ਤਾਂ ਇਹ ਹੈ ਕਿ ਮੇਰੀ ਕੋਈ ਰੌਸ਼ਨੀ ਨਹੀਂ ਹੈ। ਸੂਰਜ ਮੈਨੂੰ ਰੌਸ਼ਨੀ ਦਿੰਦਾ ਹੈ ਅਤੇ ਮੈਂ ਰੌਸ਼ਨੀ ਧਰਤੀ ਵੱਲ ਸੁੱਟ ਦਿੰਦਾ ਹਾਂ। ਕੀ ਤੂੰ ਜਾਣਦੀ ਹੈਂ ਕਿ ਇਨਸਾਨ ਮੇਰੇ ਉੱਤੇ ਪਹੁੰਚ ਗਿਆ ਹੈ।”
”ਪਰ… ਪਰ ਇਹ ਅਸੰਭਵ ਹੈ।”, ਛੋਟੀ ਮੱਛੀ ਹੈਰਾਨ ਹੁੰਦੀ ਹੋਈ ਬੋਲੀ।
ਜੁਆਬ ਵਿੱਚ ਚੰਦ ਬੋਲਿਆ, ”ਨਹੀਂ, ਇਹ ਸਿਰਫ਼ ਮੁਸ਼ਕਿਲ ਹੈ। ਪਰ ਇਹ ਇਨਸਾਨ ਜੋ ਚਾਹੇ ਉਹ ਕਰ ਸਕਦਾ ਹੈ।”
ਚੰਦ ਵੱਲੋਂ ਗੱਲ ਖ਼ਤਮ ਕਰਨ ਤੋਂ ਪਹਿਲਾਂ ਹੀ, ਬੱਦਲ਼ ਨੇ ਉਸਦਾ ਚਿਹਰਾ ਢਕ ਲਿਆ ਅਤੇ ਰਾਤ ਫਿਰ ਹਨ੍ਹੇਰੀ ਹੋ ਗਈ। ਛੋਟੀ ਕਾਲ਼ੀ ਮੱਛੀ ਇਕੱਲੀ ਰਹਿ ਗਈ ਸੀ। ਉਸਨੇ ਕੁੱਝ ਪਲ ਹੈਰਾਨ ਹੋ ਕੇ ਹਨ੍ਹੇਰੇ ਵੱਲ ਦੇਖਿਆ। ਫਿਰ ਉਹ ਦਰਿਆ ਦੇ ਹੇਠਾਂ ਵੱਲ ਜਾ ਕੇ ਸੌਂ ਗਈ।
ਦੂਜੇ ਦਿਨ ਸਵਖੱਤੇ ਹੀ ਉਹ ਆਪਣੇ ਦੁਆਲ਼ੇ ਨਿੱਕੀਆਂ ਮੱਛੀਆਂ ਵੱਲੋਂ ਇੱਕ ਦੂਜੇ ਨਾਲ਼ ਹੋ ਰਹੀਆਂ ਗੱਲਾਂ-ਬਾਤਾਂ ਦਾ ਰੌਲ਼ਾ ਸੁਣ ਜਾਗ ਗਈ। ਜਦੋਂ ਉਹਨਾਂ ਦੇਖਿਆ ਕਿ ਉਹ ਜਾਗ ਗਈ ਹੈ ਤਾਂ ਉਹ ਸਾਰੀਆਂ ਇਕੱਠੀਆਂ ਬੋਲੀਆਂ, ”ਛੋਟੀਏ ਕਾਲ਼ੀਏ ਮੱਛੀਏ, ਸ਼ੁਭ ਸਵੇਰ।”
ਛੋਟੀ ਕਾਲ਼ੀ ਮੱਛੀ ਨੇ ਉਹਨਾਂ ਨੂੰ ਇੱਕਦਮ ਪਛਾਣ ਲਿਆ ਅਤੇ ਜੁਆਬ ਦਿੱਤਾ, ”ਸ਼ੁਭ ਸਵੇਰ। ਤਾਂ ਫਿਰ ਤੁਸੀਂ ਮੇਰੇ ਨਾਲ਼ ਆਉਣ ਦਾ ਫ਼ੈਸਲਾ ਕਰ ਹੀ ਲਿਆ।”
”ਹਾਂ”, ਉਹਨਾਂ ਵਿੱਚੋਂ ਇੱਕ ਬੋਲੀ, ”ਪਰ ਸਾਨੂੰ ਅਜੇ ਵੀ ਡਰ ਲੱਗ ਰਿਹਾ ਹੈ।”
”ਪੈਲੀਕਨ ਦਾ ਖ਼ਿਆਲ ਅਜੇ ਵੀ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ”, ਇੱਕ ਹੋਰ ਬੋਲੀ।
ਕਾਲ਼ੀ ਮੱਛੀ ਨੇ ਜੁਆਬ ਦਿੱਤਾ, ”ਤੁਸੀਂ ਸੋਚਦੀਆਂ ਬਹੁਤ ਹੋ। ਤੁਹਾਨੂੰ ਹਰ ਵੇਲ਼ੇ ਸੋਚੀ ਨਹੀਂ ਜਾਣਾ ਚਾਹੀਦਾ। ਜਦੋਂ ਇੱਕ ਵਾਰ ਅਸੀਂ ਤੁਰ ਪਈਆਂ ਤਾਂ ਤੁਹਾਡੇ ਡਰ ਦੂਰ ਹੋ ਜਾਣਗੇ।”
ਇਹ ਗੱਲ ਕਹਿਣ ਦੀ ਹੀ ਦੇਰ ਸੀ ਕਿ ਉਹਨਾਂ ਨੂੰ ਲੱਗਾ ਕਿ ਇੱਕ ਅਜੀਬ ਢੰਗ ਨਾਲ਼ ਦਰਿਆ ਉਹਨਾਂ ਦੇ ਸਿਰ ਉੱਤੇ ਆ ਗਿਆ ਹੈ। ਉਹਨਾਂ ਦੇ ਸਿਰਾਂ ਉੱਪਰ ਇੱਕ ਬਹੁਤ ਵੱਡਾ ਚੰਦੋਆ ਤਾਣਿਆਂ ਗਿਆ। ਹਰ ਪਾਸੇ ਹਨ੍ਹੇਰਾ ਸੀ। ਉਹਨਾਂ ਲਈ ਬਚ ਕੇ ਨਿੱਕਲ਼ਣ ਦਾ ਕੋਈ ਰਾਹ ਨਹੀਂ ਸੀ। ਛੋਟੀ ਕਾਲ਼ੀ ਮੱਛੀ ਇੱਕਦਮ ਸਮਝ ਗਈ ਕਿ ਉਹ ਪੈਲੀਕਨ ਦੀ ਥੈਲੀ ਵਿੱਚ ਫਸ ਗਈਆਂ ਸਨ।
”ਅਸੀਂ ਪੈਲੀਕਨ ਦੀ ਥੈਲੀ ਵਿੱਚ ਫਸ ਗਈਆਂ ਹਾਂ। ਪਰ ਹਾਲੇ ਗੱਲ ਬੇਉਮੀਦੀ ਤੱਕ ਨਹੀਂ ਪਹੁੰਚੀ।” ਉਹ ਉੱਚੀ ਦੇਣੀ ਬੋਲੀ।
ਨਿੱਕੀਆਂ ਮੱਛੀਆਂ ਰੋਣ ਅਤੇ ਚੀਕਣ ਲੱਗੀਆਂ। ਉਹਨਾਂ ਵਿੱਚੋਂ ਇੱਕ ਬੋਲੀ, ”ਬਚ ਨਿੱਕਲ਼ਣ ਦਾ ਕੋਈ ਰਾਹ ਨਹੀਂ ਅਤੇ ਇਹ ਸਾਰਾ ਕਸੂਰ ਤੇਰਾ ਹੈ। ਤੂੰ ਹੀ ਹੈਂ ਜਿਸਨੇ ਸਾਨੂੰ ਧੋਖਾ ਦਿੱਤਾ ਹੈ ਅਤੇ ਸਾਨੂੰ ਸਹੀ ਰਾਹ ਤੋਂ ਪਾਸੇ ਕੀਤਾ ਹੈ। ਹੁਣ ਉਹਨੇ ਸਾਨੂੰ ਖਾ ਲੈਣਾ ਹੈ ਅਤੇ ਸਾਡੀ ਕਹਾਣੀ ਇੱਥੇ ਮੁੱਕ ਜਾਣੀ ਹੈ।”
ਅਚਾਨਕ, ਪਾਣੀ ਵਿੱਚ ਇੱਕ ਜ਼ੋਰਦਾਰ ਹਾਸਾ ਗੂੰਜ ਪਿਆ। ਪੈਲੀਕਨ ਹੱਸ ਰਿਹਾ ਸੀ, ”ਮੈਂ ਕਿੰਨੀਆਂ ਨਿੱਕੀਆਂ-ਨਿੱਕੀਆਂ ਮੱਛੀਆਂ ਫੜੀਆਂ ਹਨ। ਮੈਨੂੰ ਤੁਹਾਡੇ ਲਈ ਬਹੁਤ ਅਫ਼ਸੋਸ ਹੈ। ਹਾ… ਹਾ… ਸੱਚੀਂ ਮੈਂ ਤੁਹਾਨੂੰ ਨਿਗਲ਼ਣਾ ਨਹੀਂ ਚਾਹੁੰਦਾ।”
ਨਿੱਕੀਆਂ ਮੱਛੀਆਂ ਗਿੜਗਿੜਾਉਣ ਲੱਗੀਆਂ, ”ਹਜ਼ੂਰ, ਮਾਈ ਬਾਪ, ਸ਼੍ਰੀ ਮਾਨ ਪੈਲੀਕਨ ਜੀ, ਅਸੀਂ ਤੁਹਾਡੇ ਬਾਰੇ ਬਹੁਤ ਕੁੱਝ ਸੁਣਿਆ ਹੈ। ਜੇ ਤੁਸੀਂ ਮਿਹਰਬਾਨੀ ਕਰਕੇ ਆਪਣਾ ਮੂੰਹ ਥੋੜ੍ਹਾ ਜਿਹਾ ਖੋਲ੍ਹ ਦੇਵੋ ਤਾਂ ਅਸੀਂ ਨਿੱਕਲ਼ ਸਕੀਏ। ਅਸੀਂ ਤੁਹਾਡੀਆਂ ਬਹੁਤ ਧੰਨਵਾਦੀ ਹੋਵਾਂਗੀਆਂ। ਤੁਹਾਡੇ ਇਸ ਸਾਊਪੁਣੇ ਨੂੰ ਅਸੀਂ ਹਮੇਸ਼ਾਂ ਯਾਦ ਰੱਖਾਂਗੀਆਂ।”
ਪੈਲੀਕਨ ਬੋਲਿਆ, ”ਮੈਂ ਤੁਹਾਨੂੰ ਹੁਣੇ ਨਹੀਂ ਖਾਣਾ ਚਾਹੁੰਦਾ। ਪਰ ਮੈਂ ਕਿੰਨੀਆਂ ਮੱਛੀਆਂ ਬਚਾਈਆਂ ਹੋਈਆਂ ਹਨ। ਆਪਣੇ ਹੇਠਾਂ ਦੇਖੋ।”
ਥੋੜ੍ਹੀਆਂ ਜਿਹੀਆਂ, ਛੋਟੀਆਂ ਅਤੇ ਵੱਡੀਆਂ ਮੱਛੀਆਂ ਥੈਲੀ ਦੀ ਤਹਿ ਉੱਤੇ ਮਰੀਆਂ ਪਈਆਂ ਸਨ। ਨਿੱਕੀ ਮੱਛੀ ਬੋਲੀ, ”ਹਜ਼ੂਰ, ਮਾਈ ਬਾਪ, ਪੈਲੀਕਨ ਸਾਹਿਬ, ਅਸੀਂ ਤਾਂ ਕੁੱਝ ਵੀ ਨਹੀਂ ਕੀਤਾ। ਅਸੀਂ ਬਿਲਕੁਲ ਬੇਗੁਨਾਹ ਹਾਂ। ਇਹ ਤਾਂ ਆਹ ਛੋਟੀ ਕਾਲ਼ੀ ਮੱਛੀ ਹੈ, ਜਿਸਨੇ ਸਾਡੇ ਨਾਲ਼ ਧੋਖਾ ਕੀਤਾ ਹੈ।”
ਛੋਟੀ ਕਾਲ਼ੀ ਮੱਛੀ ਚੀਕੀ, ”ਬੁਜ਼ਦਿਲੋ, ਕੀ ਤੁਸੀਂ ਸੱਚੀਂ ਯਕੀਨ ਕਰਦੀਆਂ ਹੋ ਕਿ ਇਸ ਤਰ੍ਹਾਂ ਗਿੜਗਿੜਾਉਣ ਨਾਲ਼ ਇਹ ਧੋਖੇਬਾਜ਼ ਤੁਹਾਨੂੰ ਛੱਡ ਦੇਵੇਗਾ।”
”ਤੈਨੂੰ ਪਤਾ ਨਹੀਂ ਕਿ ਤੂੰ ਕੀ ਕਹਿ ਰਹੀਂ ਹੈਂ।” ਉਹ ਰੋਂਦੀਆਂ ਬੋਲੀਆਂ, ”ਤੂੰ ਦੇਖੇਂਗੀ ਕਿ ਥੋੜ੍ਹੇ ਚਿਰ ਵਿੱਚ ਹਜ਼ੂਰ ਸਾਨੂੰ ਮੁਆਫ਼ ਕਰ ਦੇਣਗੇ ਅਤੇ ਤੈਨੂੰ ਖਾ ਜਾਣਗੇ।”
ਉਦੋਂ ਪੈਲੀਕਨ ਬੋਲਿਆ, ”ਹਾਂ ਮੈਂ ਤੁਹਾਨੂੰ ਮੁਆਫ਼ ਕਰ ਦੇਵਾਂਗਾ, ਪਰ ਇੱਕ ਸ਼ਰਤ ਹੈ।”
”ਹਾਂ-ਹਾਂ, ਦੱਸੋ ਸਾਨੂੰ ਕੀ ਸ਼ਰਤ ਹੈ?” ਉਹਨਾਂ ਨੇ ਜੁਆਬ ਦਿੱਤਾ।
”ਇਸ ਛੋਟੀ ਕਾਲ਼ੀ ਮੱਛੀ ਨੂੰ ਗਲ਼ ਘੁੱਟ ਕੇ ਮਾਰ ਦੇਵੋ। ਫਿਰ ਮੈਂ ਤੁਹਾਨੂੰ ਅਜ਼ਾਦ ਕਰ ਦੇਵਾਂਗਾ।”
ਛੋਟੀ ਕਾਲ਼ੀ ਮੱਛੀ ਤਰ ਕੇ ਇੱਕ ਖੂੰਜੇ ਵਿੱਚ ਚਲੀ ਗਈ ਅਤੇ ਬੋਲੀ, ”ਮੈਂ ਉਹਦੀ ਗੱਲ ਨਹੀਂ ਮੰਨਦੀ। ਇਹ ਸ਼ੈਤਾਨ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦਾ ਹੈ। ਮੈਂ ਤੁਹਾਨੂੰ ਇੱਕ ਸਕੀਮ ਦੱਸਦੀ ਹਾਂ…”
ਪਰ ਨਿੱਕੀਆਂ ਮੱਛੀਆਂ ਪੈਲੀਕਨ ਦੀ ਥੈਲੀ ਵਿੱਚੋਂ ਨਿੱਕਲ਼ਣ ਲਈ ਏਨੀਆਂ ਫ਼ਿਕਰਮੰਦ ਸਨ ਕਿ ਉਹ ਛੋਟੀ ਕਾਲ਼ੀ ਮੱਛੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਉਹ ਛੋਟੀ ਕਾਲ਼ੀ ਮੱਛੀ ਵੱਲ ਵਧੀਆਂ ਅਤੇ ਛੋਟੀ ਕਾਲ਼ੀ ਮੱਛੀ ਹੋਰ ਪਿਛਾਂਹ ਹਟ ਗਈ।
ਉਹ ਨਰਮੀ ਨਾਲ਼ ਬੋਲੀ, ”ਬੁਜ਼ਦਿਲੋ, ਤੁਸੀਂ ਹੁਣ ਤਾਂ ਫਸ ਚੁੱਕੀਆਂ ਹੋ। ਤੁਹਾਡੇ ਕੋਲ਼ ਛੁਟਕਾਰੇ ਦਾ ਕੋਈ ਰਾਹ ਨਹੀਂ ਅਤੇ ਨਾ ਹੀ ਤੁਸੀਂ ਏਨੀਆਂ ਵੱਡੀਆਂ ਹੋ ਕਿ ਮੈਨੂੰ ਕਾਬੂ ਕਰ ਸਕੋ।”
ਉਹ ਜੁਆਬ ਵਿੱਚ ਬੋਲੀਆਂ, ”ਅਸੀਂ ਤੇਰਾ ਗਲ਼ ਜ਼ਰੂਰ ਘੁੱਟਾਂਗੀਆਂ। ਸਾਨੂੰ ਆਪਣੀ ਅਜ਼ਾਦੀ ਚਾਹੀਦੀ ਹੈ।”
ਛੋਟੀ ਕਾਲ਼ੀ ਮੱਛੀ ਚੀਕੀ, ”ਕੀ ਤੁਹਾਡਾ ਦਿਮਾਗ਼ ਫਿਰ ਗਿਆ ਹੈ। ਜੇ ਤੁਸੀਂ ਮੇਰਾ ਗਲ਼ ਵੀ ਘੁੱਟ ਦੇਵੋਂ, ਤਾਂ ਵੀ ਤੁਸੀਂ ਅਜ਼ਾਦ ਨਹੀਂ ਹੋ ਸਕੋਗੀਆਂ। ਉਸਦੇ ਧੋਖੇ ਵਿੱਚ ਨਾ ਆਓ।”
”ਸੁਣੋ, ਮੈਂ ਤੁਹਾਨੂੰ ਇਸ ਦਾ ਸਬੂਤ ਦਿੰਦੀ ਹਾਂ। ਮੈਂ ਮਰੀਆਂ ਮੱਛੀਆਂ ਵਿਚਕਾਰੇ ਚਲੀ ਜਾਂਦੀ ਹਾਂ ਅਤੇ ਸਾਹ ਘੁੱਟ ਕੇ ਮਰੇ ਹੋਣ ਦਾ ਸਵਾਂਗ ਕਰਦੀ ਹਾਂ। ਫਿਰ ਅਸੀਂ ਵੇਖਾਂਗੇ ਕਿ ਉਹ ਤੁਹਾਨੂੰ ਛੱਡ ਦਿੰਦਾ ਹੈ ਜਾਂ ਨਹੀਂ।” ਫਿਰ ਉਹ ਕੋਹੜ ਕਿਰਲੇ ਦਾ ਦਿੱਤਾ ਹੋਇਆ ਛੁਰਾ ਕੱਢ ਕੇ ਬੋਲੀ,”ਮੇਰੀ ਗੱਲ ਮੰਨ ਲਓ ਨਹੀਂ ਤਾਂ ਮੈਂ ਤੁਹਾਨੂੰ ਇਸ ਛੁਰੇ ਨਾਲ਼ ਮਾਰ ਦੇਵਾਂਗੀ ਅਤੇ ਆਪ ਥੈਲੀ ਪਾੜ ਕੇ ਅਜ਼ਾਦ ਹੋ ਜਾਵਾਂਗੀ।”
”ਬਹੁਤ ਕਮਲੀਆਂ ਮਾਰ ਲਈਆਂ ਤੂੰ। ਮੈਥੋਂ ਹੋਰ ਨਹੀਂ ਸਹਿ ਹੁੰਦਾ। ਉਂ… ਉਂ… ਊ… ਉਂ…” ਇੱਕ ਨਿੱਕੀ ਮੱਛੀ ਰੋਦਿਆਂ ਹੋਇਆਂ ਬੋਲੀ।
”ਬੱਸ ਇਹਦਾ ਹੀ ਘਾਟਾ ਸੀ।” ਛੋਟੀ ਕਾਲ਼ੀ ਮੱਛੀ ਗ਼ੁੱਸੇ ਵਿੱਚ ਬੋਲੀ, ”ਤੁਸੀਂ ਇਸ ਰੋਂਦੂ ਨੂੰ ਆਪਣੇ ਨਾਲ਼ ਕਿਉਂ ਲਿਆਂਦਾ?”
ਫਿਰ ਉਸਨੇ ਆਪਣਾ ਛੁਰਾ ਤਾਣਿਆ ਅਤੇ ਉਹਨਾਂ ਕੋਲ਼ ਉਸਦੀ ਗੱਲ ਮੰਨਣ ਬਿਨਾਂ ਕੋਈ ਚਾਰਾ ਨਹੀਂ ਸੀ। ਥੋੜ੍ਹਾ ਚਿਰ ਉਹਨਾਂ ਨੇ ਇੱਕ-ਦੂਜੇ ਨਾਲ਼ ਲੜਨ ਦਾ ਨਾਟਕ ਕੀਤਾ। ਫਿਰ ਛੋਟੀ ਕਾਲ਼ੀ ਮੱਛੀ ਨੇ ਮਰੇ ਹੋਣ ਦਾ ਸਵਾਂਗ ਕੀਤਾ। ਫਿਰ ਦੂਜੀਆਂ ਮੱਛੀਆਂ ਨੇ ਪੈਲੀਕਨ ਨੂੰ ਕਿਹਾ, ”ਹਜ਼ੂਰ, ਮਾਈ ਬਾਪ, ਸ਼੍ਰੀ ਮਾਨ ਪੈਲੀਕਨ ਸਾਹਿਬ, ਅਸੀਂ ਉਸਨੂੰ ਮਾਰ ਦਿੱਤਾ ਹੈ। ਛੋਟੀ ਕਾਲ਼ੀ ਮੱਛੀ ਮਰ ਗਈ ਹੈ।”
ਪੈਲੀਕਨ ਹੱਸਿਆ ਅਤੇ ਬੋਲਿਆ, ”ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ। ਇਸਦੇ ਇਨਾਮ ਵਜੋਂ ਮੈਂ ਤੁਹਾਨੂੰ ਸਾਰੀਆਂ ਨੂੰ ਜ਼ਿੰਦਾ ਹੀ ਨਿਗਲ਼ ਲਵਾਂਗਾ ਅਤੇ ਤੁਹਾਨੂੰ ਆਪਣੇ ਢਿੱਡ ਦੀ ਸੈਰ ਕਰਨ ਦੇਵਾਂਗਾ।”
ਨਿੱਕੀਆਂ ਮੱਛੀਆਂ ਕੋਲ਼ ਕੁੱਝ ਕਰਨ ਜੋਗਾ ਸਮਾਂ ਨਹੀਂ ਸੀ। ਬਿਜਲੀ ਦੇ ਕਰੰਟ ਵਾਂਗ ਉਹ ਪੈਲੀਕਨ ਦੇ ਸੰਘ ਥਾਣੀ ਲੰਘ ਗਈਆਂ।
ਪਰ ਛੋਟੀ ਕਾਲ਼ੀ ਮੱਛੀ ਨੇ ਆਪਣਾ ਛੁਰਾ ਕੱਢਿਆ ਅਤੇ ਇੱਕੋ ਹੀ ਵਾਰ ਨਾਲ਼ ਥੈਲੀ ਪਾੜ ਕੇ ਬਾਹਰ ਆ ਗਈ। ਪੈਲੀਕਨ ਨੇ ਦਰਦ ਭਰੀ ਚੀਕ ਮਾਰੀ ਅਤੇ ਆਪਣਾ ਸਿਰ ਪਾਣੀ ਵਿੱਚ ਵਾੜ ਲਿਆ। ਪਰ ਉਹ ਛੋਟੀ ਕਾਲ਼ੀ ਮੱਛੀ ਦਾ ਪਿੱਛਾ ਨਾ ਕਰ ਸਕਿਆ। ਉਹ ਬਿਨਾਂ ਰੁਕੇ ਤਰਦੀ ਗਈ, ਤਰਦੀ ਗਈ।
ਹੁਣ ਪਹਾੜ ਅਤੇ ਘਾਟੀ ਮੁੱਕ ਚੁੱਕੀ ਸੀ ਅਤੇ ਦਰਿਆ ਇੱਕ ਮੈਦਾਨ ਵਿੱਚੋਂ ਲੰਘ ਰਿਹਾ ਸੀ। ਖੱਬਿਓਂ ਅਤੇ ਸੱਜਿਓਂ ਆ ਕੇ ਹੋਰ ਛੋਟੀਆਂ ਨਦੀਆਂ ਦਰਿਆ ਵਿੱਚ ਮਿਲ਼ ਰਹੀਆਂ ਸਨ ਅਤੇ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਸੀ। ਛੋਟੀ ਕਾਲ਼ੀ ਮੱਛੀ ਡੂੰਘੇ ਪਾਣੀਆਂ ਦਾ ਆਨੰਦ ਮਾਣ ਰਹੀ ਸੀ ਕਿ ਉਸਨੇ ਮਹਿਸੂਸ ਕੀਤਾ ਕਿ ਦਰਿਆ ਦਾ ਕੋਈ ਥੱਲਾ ਨਹੀਂ ਸੀ। ਜਾਂ ਘੱਟੋ-ਘੱਟ ਕਿਸੇ ਥੱਲੇ ਨੂੰ ਉਹ ਨਹੀਂ ਦੇਖ ਸਕਦੀ ਸੀ। ਉਹ ਬਿਨਾਂ ਕਿਸੇ ਵਿੱਚ ਵੱਜਿਆਂ ਏਧਰੋਂ ਉਧਰ ਜਾਂਦੀ ਅਤੇ ਉਧਰੋ-ਏਧਰ ਆਉਂਦੀ। ਏਨਾ ਜ਼ਿਆਦਾ ਪਾਣੀ ਸੀ ਕਿ ਉਹ ਉਸ ਪਾਣੀ ਵਿੱਚ ਗੁਆਚ ਗਈ। ਜਿਸ ਪਾਸੇ ਉਹਦਾ ਮਨ ਕੀਤਾ, ਉਹ ਤੇਜ਼-ਤੇਜ਼ ਗਈ, ਪਰ ਫਿਰ ਵੀ ਉਹ ਕਿਸੇ ਸਿਰੇ ਤੱਕ ਨਾ ਪਹੁੰਚੀ। ਅਚਾਨਕ ਉਸਨੇ ਦੇਖਿਆ ਕਿ ਬਿਜਲੀ ਦੀ ਤੇਜ਼ੀ ਨਾਲ਼ ਕੋਈ ਉਸ ਵੱਲ ਆ ਰਿਹਾ ਸੀ। ਇਹ ਇੱਕ ਦੋ ਧਾਰੀ ਕਟਾਰ ਵਾਲ਼ੀ ਕਟਾਰ-ਮੱਛੀ ਸੀ। ਛੋਟੀ ਕਾਲ਼ੀ ਮੱਛੀ ਨੂੰ ਲੱਗਾ ਕਿ ਉਹ ਸਕਿੰਟਾਂ ਵਿੱਚ ਦੋ ਹਿੱਸਿਆਂ ਵਿੱਚ ਕੱਟੀ ਜਾਵੇਗੀ। ਸਿਰਫ਼ ਇੱਕ ਤੇਜ਼ ਝਕਾਨੀ ਦੇਣ ਨਾਲ਼ ਉਹ ਬਚ ਸਕੀ ਅਤੇ ਪਾਣੀ ਤੋਂ ਉੱਪਰ ਆ ਗਈ।
ਕੁੱਝ ਚਿਰ ਬਾਅਦ, ਉਹ ਥੱਲਾ ਦੇਖਣ ਫਿਰ ਹੇਠਾਂ ਗਈ। ਹੇਠਾਂ ਜਾਂਦੇ ਸਮੇਂ ਉਸਨੇ ਹਜ਼ਾਰਾਂ ਦੀ ਗਿਣਤੀ ਵਾਲ਼ਾ ਮੱਛੀਆਂ ਦਾ ਇੱਕ ਝੁੰਡ ਦੇਖਿਆ। ਉਸਨੇ ਇੱਕ ਮੱਛੀ ਤੋਂ ਪੁੱਛਿਆ, ”ਭੈਣੇ! ਮੈਂ ਇੱਕ ਅਜਨਬੀ ਹਾਂ। ਮੈਂ ਬਹੁਤ ਦੂਰੋਂ ਆਈ ਹਾਂ। ਮੈਂ ਕਿੱਥੇ ਹਾਂ?”
ਇਸ ਮੱਛੀ ਨੇ ਆਪਣੀਆਂ ਸਹੇਲੀਆਂ ਨੂੰ ਅਵਾਜ਼ ਮਾਰੀ ਅਤੇ ਬੋਲੀ, ”ਦੇਖੋ। ਇੱਕ ਹੋਰ ਆ ਗਈ।”
ਫਿਰ ਉਹ ਛੋਟੀ ਕਾਲ਼ੀ ਮੱਛੀ ਵੱਲ ਮੁੜ ਕੇ ਬੋਲੀ, ”ਭੈਣ! ਸਮੁੰਦਰ ਵਿੱਚ ਤੇਰਾ ਸਵਾਗਤ ਹੈ।”
ਇੱਕ ਹੋਰ ਬੋਲੀ, ”ਸਾਰੀਆਂ ਨਦੀਆਂ ਅਤੇ ਛੋਟੀਆਂ ਨਦੀਆਂ ਇੱਥੇ ਆ ਕੇ ਖ਼ਤਮ ਹੋ ਜਾਂਦੀਆਂ ਹਨ।”
”ਜਦੋਂ ਤੇਰਾ ਜੀਅ ਕਰੇ ਤੂੰ ਸਾਡੇ ਝੁੰਡ ਵਿੱਚ ਸ਼ਾਮਲ ਹੋ ਸਕਦੀ ਹੈਂ”, ਇੱਕ ਹੋਰ ਬੋਲੀ।
ਇਹ ਜਾਣ ਕੇ ਕਿ ਉਹ ਸਮੁੰਦਰ ਵਿੱਚ ਪਹੁੰਚ ਗਈ ਹੈ, ਛੋਟੀ ਕਾਲ਼ੀ ਮੱਛੀ ਦੇ ਚਾਅ ਨਾਲ਼ ਲੂੰ-ਕੰਡੇ ਖੜ੍ਹੇ ਹੋ ਗਏ। ਉਹ ਏਨੇ ਜ਼ੋਸ਼ ਨਾਲ਼ ਬੋਲ ਰਹੀ ਸੀ ਕਿ ਦੂਜੀਆਂ ਮੱਛੀਆਂ ਉਹਨੂੰ ਦੇਖ ਕੇ ਹੱਸਣ ਲੱਗੀਆਂ। ਉਹਨਾਂ ਉਹਨੂੰ ਹੌਲ਼ੀ-ਹੌਲ਼ੀ ਬੋਲਣ ਦੀ ਸਲਾਹ ਦਿੱਤੀ। ਅਖੀਰ ਵਿੱਚ ਛੋਟੀ ਕਾਲ਼ੀ ਮੱਛੀ ਬੋਲੀ, ”ਤੁਹਾਡੇ ਝੁੰਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮੈਂ ਆਲ਼ੇ-ਦੁਆਲ਼ੇ ਘੁੰਮਣਾ ਚਾਹੁੰਦੀ ਹਾਂ। ਅਤੇ ਹਾਂ, ਅਗਲੀ ਵਾਰ ਜਦੋਂ ਤੁਸੀਂ ਮਛੇਰੇ ਦਾ ਜਾਲ਼ ਸਮੁੰਦਰ ਵੱਲ ਖਿੱਚੋ ਤਾਂ ਮੈਂ ਵੀ ਤੁਹਾਡੇ ਨਾਲ਼ ਹੋਣਾ ਚਾਹੁੰਦੀ ਹਾਂ।”
”ਤੇਰੀ ਖਾਹਿਸ਼ ਛੇਤੀ ਹੀ ਪੂਰੀ ਹੋ ਜਾਵੇਗੀ”, ਵੱਡੀਆਂ ਮੱਛੀਆਂ ਵਿੱਚੋਂ ਇੱਕ ਜਣੀ ਬੋਲੀ, ”ਜਾਹ। ਪਹਿਲਾਂ ਥੋੜ੍ਹਾ ਘੁੰਮ ਫਿਰ ਲੈ। ਪਰ ਜੇ ਪਾਣੀ ਤੋਂ ਉੱਪਰ ਜਾਵੇਂ ਤਾਂ ਧਿਆਨ ਰੱਖੀਂ। ਅੱਜ-ਕੱਲ੍ਹ ਬਗਲਾ ਬਹੁਤ ਦਲੇਰ ਬਣਿਆਂ ਹੋਇਆ ਹੈ। ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਕਿ ਉਹ ਸਾਡੇ ਵਿੱਚੋਂ ਚਾਰ ਪੰਜਾਂ ਦਾ ਸ਼ਿਕਾਰ ਨਹੀਂ ਕਰ ਲੈਂਦਾ।”
ਛੋਟੀ ਮੱਛੀ ਨੇ ਸਮੁੰਦਰ ਦੀਆਂ ਮੱਛੀਆਂ ਤੋਂ ਛੁੱਟੀ ਲਈ ਅਤੇ ਇਕੱਲੀ ਸਮੁੰਦਰ ਵਿੱਚ ਤਰਨ ਲੱਗੀ। ਥੋੜ੍ਹੇ ਚਿਰ ਬਾਅਦ ਉਹ ਪਾਣੀ ਦੀ ਤਹਿ ਉੱਤੇ ਆ ਗਈ। ਸੂਰਜ ਚਮਕ ਰਿਹਾ ਸੀ ਅਤੇ ਉਹਨੇ ਤੇਜ਼ ਧੁੱਪ ਆਪਣੀ ਪਿੱਠ ਉੱਤੇ ਮਹਿਸੂਸ ਕੀਤੀ। ਉਹ ਪਾਣੀ ਦੀ ਤਹਿ ਉੱਤੇ ਬੜੀ ਹੌਲ਼ੀ-ਹੌਲ਼ੀ ਅਤੇ ਆਨੰਦਮਈ ਹਾਲਤ ਵਿੱਚ ਤਰ ਰਹੀ ਸੀ। ਨਾਲ਼-ਨਾਲ਼ ਉਹ ਇੱਕ ਗੀਤ ਗਾ ਰਹੀ ਸੀ, ਜਿਹੜਾ ਉਹਨੇ ਆਪਣੇ ਪਿੰਡ ਸਿੱਖਿਆ ਸੀ। ਉਹਨੇ ਆਪਣੇ ਆਪ ਨੂੰ ਕਿਹਾ, ”ਸਾਰੀਆਂ ਨਦੀਆਂ ਅਤੇ ਦਰਿਆ ਇੱਥੇ ਆ ਮਿਲ਼ਦੇ ਹਨ ਅਤੇ ਸਮੁੰਦਰ ਬਣ ਜਾਂਦੇ ਹਨ। ਇਕੱਲੇ-ਇਕੱਲੇ ਉਹਨਾਂ ਦੀ ਤਾਕਤ ਇੰਨੀ ਨਹੀਂ ਪਰ ਇਕੱਠੇ ਹੋ ਕੇ ਉਹ ਗਹਿਰਾ ਸਮੁੰਦਰ ਬਣ ਜਾਂਦੇ ਹਨ। ਇਸ ਤਰ੍ਹਾਂ ਹੀ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਹਨ। ਜਦੋਂ ਉਹਨਾਂ ਸਮੁੰਦਰ ਵੱਲ ਸਫ਼ਰ ਸ਼ੁਰੂ ਕੀਤਾ ਸੀ ਤਾਂ ਉਹ ਇਕੱਲੀਆਂ ਅਤੇ ਡਰੀਆਂ ਹੋਈਆਂ ਸਨ। ਪਰ ਇਕੱਠੀਆਂ ਉਹ ਵੀ ਤਕੜੀਆਂ ਹਨ। ਮੈਂ ਓਨਾ ਚਿਰ ਜਿਉਂਦਾ ਰਹਿਣਾ ਚਾਹੁੰਦੀ ਹਾਂ, ਜਿੰਨਾ ਚਿਰ ਰਹਿ ਸਕਾਂ। ਪਰ ਜੇ ਮੈਂ ਮਰ ਗਈ ਤਾਂ ਮੈਨੂੰ ਖ਼ੁਸ਼ੀ ਹੋਵੇਗੀ ਕਿ ਮੇਰੀਆਂ ਭੈਣਾ ਅਤੇ ਭਰਾ ਸਮੁੰਦਰ ਵਿੱਚ ਇਕੱਠੇ ਹਨ। ਉਹ ਪਹਿਲਾਂ ਹੀ ਮਛੇਰੇ ਨਾਲ਼ੋਂ ਤਕੜੇ ਹਨ। ਬੇਸ਼ੱਕ ਉਹਨਾਂ ਵਿੱਚੋਂ ਕਿੰਨੇ ਹੀ ਕਟਾਰ-ਮੱਛੀ ਅਤੇ ਬਗਲਿਆਂ ਵੱਲੋਂ ਖਾ ਲਏ ਜਾਣਗੇ, ਪਰ ਫਿਰ ਵੀ ਕਿੰਨੇ ਹੀ ਹੋਰ ਹਨ ਜੋ ਲੜਾਈ ਲੜਨ ਲਈ ਮੌਜੂਦ ਹਨ। ਉਸ ਦਿਨ ਜਦੋਂ ਦੁਨੀਆਂ ਦੀਆਂ ਸਾਰੀਆਂ ਨਦੀਆਂ ਵਿੱਚ ਰਹਿਣ ਵਾਲ਼ੀਆਂ ਸਾਰੀਆਂ ਛੋਟੀਆਂ ਮੱਛੀਆਂ ਇਕੱਠੀਆਂ ਹੋ ਜਾਣਗੀਆਂ, ਤਾਂ ਉਹ ਏਨੀਆਂ ਤਕੜੀਆਂ ਹੋ ਜਾਣਗੀਆਂ ਕਿ ਉਹਨਾਂ ਦੇ ਵੱਡੇ ਤੋਂ ਵੱਡੇ ਦੁਸ਼ਮਣ ਵੀ ਉਹਨਾਂ ਨੂੰ ਕੁੱਝ ਕਹਿਣ ਤੋਂ ਡਰਨਗੇ। ਉਸ ਸਮੇਂ ਸੱਚਮੁੱਚ ਹੀ ਸਾਰੀਆਂ ਮੱਛੀਆਂ ਅਜ਼ਾਦ ਹੋ ਜਾਣਗੀਆਂ।”
ਉਹ ਆਪਣੀ ਸੋਚ ਵਿੱਚ ਪੂਰੀ ਤਰ੍ਹਾਂ ਗਵਾਚੀ ਹੋਈ ਸੀ, ਜਦੋਂ ਉਹਨੇ ਮਹਿਸੂਸ ਕੀਤਾ ਕਿ ਕੋਈ ਉਹਨੂੰ ਪਾਣੀ ਤੋਂ ਬਾਹਰ ਖਿੱਚੀ ਲੈ ਜਾ ਰਿਹਾ ਹੈ। ਬਗਲੇ ਨੇ ਪਿੱਛੋਂ ਆ ਉਸਨੂੰ ਆਪਣੀ ਚੁੰਝ ਵਿੱਚ ਫੜ ਲਿਆ ਸੀ। ਉਹ ਆਪਣੇ ਆਪ ਨੂੰ ਬਚਾਉਣ ਲਈ ਯਤਨ ਕਰਨ ਲੱਗੀ। ਪਰ ਇਹ ਸਭ ਵਿਅਰਥ ਸੀ। ਬਗਲੇ ਨੇ ਉਸਦੇ ਲੱਕ ਨੂੰ ਆਪਣੀ ਚੁੰਝ ਵਿੱਚ ਏਨੇ ਜ਼ੋਰ ਨਾਲ਼ ਘੁੱਟਿਆ ਹੋਇਆ ਸੀ ਕਿ ਉਸਦੀ ਜਾਨ ਨਿੱਕਲ਼ਦੀ ਜਾਂਦੀ ਸੀ। ਆਖ਼ਰਕਾਰ, ਇੱਕ ਛੋਟੀ ਮੱਛੀ ਕਿੰਨਾ ਕੁ ਚਿਰ ਪਾਣੀ ਤੋਂ ਬਾਹਰ ਰਹਿ ਸਕਦੀ ਹੈ?
ਉਸਨੇ ਚਾਹਿਆ ਕਿ ਬਗਲਾ ਉਸਨੂੰ ਨਿਗਲ਼ ਲਵੇ, ਕਿਉਂਕਿ ਉਸਦੇ ਢਿੱਡ ਦੀ ਸਿੱਲ੍ਹ ਵਿੱਚ ਉਹ ਕੁੱਝ ਮਿੰਟ ਹੋਰ ਜਿਉਂਦੀ ਰਹਿ ਸਕੇਗੀ।
”ਤੂੰ ਮੈਨੂੰ ਜਿਉਂਦੀ ਨੂੰ ਹੀ ਕਿਉਂ ਨਹੀਂ ਨਿਗਲ਼ ਜਾਂਦਾ?” ਉਹਨੇ ਕਿਹਾ, ”ਮੈਂ ਉਹਨਾਂ ਮੱਛੀਆਂ ਵਿੱਚੋਂ ਹਾਂ ਜਿੰਨਾਂ ਦੀ ਲਾਸ਼ ਜ਼ਹਿਰ ਬਣ ਜਾਂਦੀ ਹੈ।”
ਬਗਲਾ ਕੁੱਝ ਨਹੀਂਂ ਬੋਲਿਆ ਪਰ ਉਸਨੇ ਆਪਣੇ ਮਨ ਵਿੱਚ ਸੋਚਿਆ, ”ਇਹ ਛੋਟੀ ਸ਼ੈਤਾਨ ਜਿਹੀ, ਕੀ ਚਾਹੁੰਦੀ ਹੈ? ਇਹ ਚਾਹੁੰਦੀ ਹੈ ਕਿ ਮੈਂ ਗੱਲਾਂ ਕਰਨ ਲੱਗ ਪਵਾਂ ਅਤੇ ਉਹ ਛੁੱਟ ਜਾਵੇ।”
ਸਮੁੰਦਰ ਦਾ ਕੰਢਾ ਦੂਰ ਨਜ਼ਰ ਆ ਰਿਹਾ ਸੀ। ਉਹ ਇਸਦੇ ਨੇੜੇ-ਨੇੜੇ ਆਈ ਜਾ ਰਹੇ ਸਨ। ਛੋਟੀ ਕਾਲ਼ੀ ਮੱਛੀ ਜਾਣਦੀ ਸੀ ਕਿ ਜੇ ਉਹ ਕੰਢੇ ਉੱਤੇ ਪਹੁੰਚ ਗਏ ਤਾਂ ਉਸਦਾ ਅੰਤ ਲਾਜ਼ਮੀ ਹੋ ਜਾਵੇਗਾ। ਇਸ ਲਈ ਉਹ ਬੋਲੀ, ”ਮੈਨੂੰ ਪਤਾ ਹੈ ਤੂੰ ਮੈਨੂੰ ਆਪਣੇ ਬੱਚਿਆਂ ਲਈ ਲੈ ਕੇ ਜਾਣਾ ਹੈ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਮਰ ਜਾਵਾਂਗੀ ਅਤੇ ਫਿਰ ਮੈਂ ਜ਼ਹਿਰ ਦੀ ਥੈਲੀ ਤੋਂ ਵੱਧ ਕੁੱਝ ਨਹੀਂ ਹੋਵਾਂਗੀ। ਤੈਨੂੰ ਆਪਣੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ।”
”ਹੂੰ” ਬਗਲੇ ਨੇ ਸੋਚਿਆ। ”ਸਾਵਧਾਨੀ ਵਰਤਣੀ ਚੰਗੀ ਗੱਲ ਹੈ। ਮੈਂ ਇਸਨੂੰ ਆਪ ਖਾ ਲੈਂਦਾ ਹਾਂ ਅਤੇ ਆਪਣੇ ਬੱਚਿਆਂ ਲਈ ਹੋਰ ਸ਼ਿਕਾਰ ਕਰ ਲਵਾਂਗਾ। ਪਰ ਇਸਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਇਸ ਵਿੱਚ ਕੋਈ ਹੇਰਾ-ਫੇਰੀ ਤਾਂ ਨਹੀਂ?”
ਉਹ ਇਹਨਾਂ ਗੱਲਾਂ ਬਾਰੇ ਸੋਚ ਰਿਹਾ ਸੀ, ਜਦੋਂ ਉਹਨੇ ਮਹਿਸੂਸ ਕੀਤਾ ਕਿ ਛੋਟੀ ਕਾਲ਼ੀ ਮੱਛੀ ਦਾ ਸਰੀਰ ਢਿੱਲਾ ਅਤੇ ਬੇਹਰਕਤ ਹੋਈ ਜਾ ਰਿਹਾ ਸੀ। ”ਕੀ ਉਹ ਮਰ ਗਈ ਹੈ?” ਉਹਨੇ ਸੋਚਿਆ। ”ਜੇ ਉਹ ਸੱਚੀ ਹੀ ਮਰ ਗਈ ਤਾਂ ਮੈਂ ਹੁਣ ਇਸਨੂੰ ਖਾ ਨਹੀਂ ਸਕਦਾ। ਮੈਂ ਇਹੋ ਜਿਹੀ ਸੁਆਦੀ ਮੱਛੀ ਨੂੰ ਕਿਉਂ ਵਿਅਰਥ ਹੀ ਗੁਆ ਲਿਆ ਹੈ।”
ਫਿਰ ਉਹਨੇ ਆਪਣੇ ਸ਼ਿਕਾਰ ਨੂੰ ਕਿਹਾ, ”ਏ ਛੋਟੀਏ। ਕੀ ਤੇਰੇ ਵਿੱਚ ਹਾਲੇ ਵੀ ਕੁੱਝ ਜ਼ਿੰਦਗੀ ਬਾਕੀ ਹੈ ਤਾਂ ਕਿ ਮੈਂ ਤੈਨੂੰ ਖਾ ਸਕਾਂ। ਮੈਨੂੰ ਜੁਆਬ ਦੇ, ਮੈਂ…”
ਪਰ ਫਿਕਰੇ ਦੇ ਅੱਧ ਵਿੱਚ ਹੀ ਛੋਟੀ ਕਾਲ਼ੀ ਮੱਛੀ ਨੇ ਉਸਦੀ ਹਿਲਦੀ ਚੁੰਝ ਵਿੱਚੋਂ ਛਾਲ਼ ਮਾਰ ਦਿੱਤੀ। ਉਹ ਹਵਾ ਨੂੰ ਚੀਰਦੀ ਹੋਈ ਹੇਠਾਂ ਡਿੱਗ ਰਹੀ ਸੀ ਅਤੇ ਉਸਦੇ ਮਗਰ-ਮਗਰ ਬਗਲਾ ਹੇਠਾਂ ਨੂੰ ਆ ਰਿਹਾ ਸੀ। ਛੋਟੀ ਕਾਲ਼ੀ ਮੱਛੀ ਨੇ ਆਪਣਾ ਮੂੰਹ ਖੋਹਲਿਆ ਤਾਂ ਕਿ ਉਹ ਸਮੁੰਦਰ ਉਤਲੀ ਗਿੱਲੀ ਹਵਾ ਨੂੰ ਆਪਣੇ ਅੰਦਰ ਲੰਘਾ ਸਕੇ। ਪਰ ਪਾਣੀ ਵਿੱਚ ਡਿੱਗਣ ਤੋਂ ਬਾਅਦ ਅਜੇ ਉਸਨੇ ਸਾਹ ਵੀ ਨਹੀਂ ਸੀ ਲਿਆ ਕਿ ਬਗਲੇ ਨੇ ਪਾਣੀ ਵਿੱਚ ਡੁਬਕੀ ਲਾ ਕੇ ਉਸਨੂੰ ਫੜ ਲਿਆ ਅਤੇ ਇੱਕਦਮ ਨਿਗਲ਼ ਲਿਆ। ਕੁੱਝ ਸਕਿੰਟ ਤਾਂ ਛੋਟੀ ਕਾਲ਼ੀ ਮੱਛੀ ਨੂੰ ਪਤਾ ਹੀ ਨਾ ਲੱਗਾ ਕਿ ਉਸ ਨਾਲ਼ ਕੀ ਵਾਪਰ ਰਿਹਾ ਸੀ। ਉਸਨੇ ਮਹਿਸੂਸ ਕੀਤਾ ਕਿ ਉਸਦੇ ਚਾਰੇ ਪਾਸੇ ਸਿੱਲ੍ਹ ਅਤੇ ਹਨ੍ਹੇਰਾ ਸੀ ਅਤੇ ਉੱਥੋਂ ਨਿੱਕਲ਼ਣ ਲਈ ਕੋਈ ਰਾਹ ਨਹੀਂ ਸੀ। ਇਸਦੇ ਨਾਲ਼ ਉਸਨੇ ਇੱਕ ਅਵਾਜ਼ ਸੁਣੀ— ਇਹ ਅਵਾਜ਼ ਰੋਣ ਦੀ ਸੀ। ਜਦੋਂ ਉਸਦੀਆਂ ਅੱਖਾਂ ਹਨ੍ਹੇਰੇ ਦੀਆਂ ਆਦੀ ਹੋਈਆਂ ਤਾਂ ਉਸਨੇ ਇੱਕ ਨਿੱਕੀ ਮੱਛੀ ਨੂੰ ਖੂੰਜੇ ਲੱਗੀ ਦੇਖਿਆ, ਜੋ ਆਪਣੀ ਮਾਂ ਨੂੰ ਅਵਾਜ਼ਾਂ ਮਾਰ ਰਹੀ ਸੀ। ਉਹ ਉਸ ਨਿੱਕੀ ਮੱਛੀ ਕੋਲ਼ ਗਈ ਅਤੇ ਬੋਲੀ, ”ਨਿੱਕੀਏ! ਤੂੰ ਰੋ-ਰੋ ਕੇ ਆਪਣੀ ਮਾਂ ਨੂੰ ਕਿਉਂ ਯਾਦ ਕਰ ਰਹੀ ਹੈਂ? ਉੱਠ ਅਤੇ ਕਿਸੇ ਹੱਲ ਬਾਰੇ ਸੋਚ।”
”ਤੂੰ ਕੌਣ ਹੈਂ?” ਨਿੱਕੀ ਮੱਛੀ ਨੇ ਪੁੱਛਿਆ, ਤੈਨੂੰ ਦਿਸਦਾ ਨਹੀਂ, ਮੈਂ ਕਿੰਨੀ ਮੁਸੀਬਤ ਵਿੱਚ ਹਾਂ? ਊਂ… ਊਂ… ਮਾਂ… ਮਾਂ…”
ਛੋਟੀ ਕਾਲ਼ੀ ਮੱਛੀ ਬੋਲੀ, ”ਸੱਚੀਂ ਬਹੁਤ ਹੋ ਗਿਆ ਹੈ। ਕੀ ਤੂੰ ਰੋ-ਰੋ ਕੇ ਸਾਰੀਆਂ ਮੱਛੀਆਂ ਦੀ ਇੱਜ਼ਤ ਨੂੰ ਦਾਗ ਲਾਉਣਾ ਚਾਹੁੰਦੀ ਹੈਂ?”
ਨਿੱਕੀ ਮੱਛੀ ਇੱਕਦਮ ਰੋਣੋਂ ਹਟ ਗਈ। ਛੋਟੀ ਕਾਲ਼ੀ ਮੱਛੀ ਨੇ ਮੁਸਕਰਾ ਕੇ ਉਸਨੂੰ ਕਿਹਾ, ”ਸਾਨੂੰ ਬਗਲੇ ਨੂੰ ਮਾਰ ਦੇਣਾ ਚਾਹੀਦਾ ਹੈ, ਤਾਂ ਕਿ ਸਾਰੀਆਂ ਮੱਛੀਆਂ ਇਸਦੇ ਖ਼ਤਰੇ ਤੋਂ ਸੁਰੱਖਿਅਤ ਹੋ ਸਕਣ। ਤੈਨੂੰ ਬਹਾਦਰ ਬਣਨਾ ਪਵੇਗਾ।”
”ਪਰ ਆਪਾਂ ਤਾਂ ਆਪ ਮਰ ਰਹੀਆਂ ਹਾਂ।” ਨਿੱਕੀ ਮੱਛੀ ਨੇ ਉਦਾਸ ਹੋ ਕੇ ਕਿਹਾ, ”ਆਪਾਂ ਬਗਲੇ ਨੂੰ ਕਿਵੇਂ ਮਾਰ ਸਕਦੀਆਂ ਹਾਂ।”
ਛੋਟੀ ਕਾਲ਼ੀ ਮੱਛੀ ਨੇ ਨਿੱਕੀ ਮੱਛੀ ਨੂੰ ਆਪਣਾ ਛੁਰਾ ਦਿਖਾਇਆ ਅਤੇ ਉਸਨੂੰ ਦੱਸਿਆ ਕਿ ਉਹ ਅੰਦਰੋਂ ਬਗਲੇ ਦਾ ਢਿੱਡ ਪਾੜ ਦੇਵੇਗੀ।
”ਮੇਰੀ ਗੱਲ ਧਿਆਨ ਨਾਲ਼ ਸੁਣ”, ਉਹ ਬੋਲੀ, ”ਤੂੰ ਚਾਰੇ ਪਾਸੇ ਦੌੜਨਾ ਸ਼ੁਰੂ ਕਰ ਦੇ। ਇਸ ਨਾਲ਼ ਬਗਲੇ ਦੇ ਕੁਤਕੁਤਾੜੀਆਂ ਨਿੱਕਲ਼ਣਗੀਆਂ ਅਤੇ ਉਸ ਲਈ ਹੱਸਣ ਦੇ ਨਾਲ਼-ਨਾਲ਼ ਉੱਡਣਾ ਮੁਸ਼ਕਲ ਹੋ ਜਾਏਗਾ।” ਹਦਾਇਤਾਂ ਅਨੁਸਾਰ, ਨਿੱਕੀ ਮੱਛੀ ਨੇ ਬਗਲੇ ਦੇ ਕੁਤਕੁਤਾੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਗਲੇ ਨੇ ਜ਼ੋਰ-ਜ਼ੋਰ ਦੀ ਹੱਸਣਾ ਸ਼ੁਰੂ ਕਰ ਦਿੱਤਾ। ਉਸਨੂੰ ਏਨਾ ਹਾਸਾ ਆ ਰਿਹਾ ਸੀ ਕਿ ਉਹ ਪਾਣੀ ਦੇ ਨੇੜੇ ਆ ਗਿਆ ਸੀ। ਇਸ ਸਮੇਂ ਦੌਰਾਨ ਛੋਟੀ ਕਾਲ਼ੀ ਮੱਛੀ ਨੇ ਉਸਦਾ ਢਿੱਡ ਪਾੜਨਾ ਸ਼ੁਰੂ ਕਰ ਦਿੱਤਾ।
”ਜਦੋਂ ਹੀ ਮੈਂ ਢਿੱਡ ਪਾੜ ਦਿੱਤਾ, ਉਦੋਂ ਹੀ ਤੂੰ ਛਾਲ਼ ਮਾਰ ਕੇ ਨਿੱਕਲ਼ ਜਾਈਂ।” ਛੋਟੀ ਕਾਲ਼ੀ ਮੱਛੀ ਨੇ ਆਪਣੀ ਦੋਸਤ ਨਿੱਕੀ ਮੱਛੀ ਨੂੰ ਕਿਹਾ।
ਨਿੱਕੀ ਮੱਛੀ ਹੈਰਾਨ ਸੀ ਕਿ ਕਿਵੇਂ ਉਸਦੀਆਂ ਕੁਤਕੁਤਾੜੀਆਂ ਨੇ ਏਨੇ ਵੱਡੇ ਪੰਛੀ ਦੀ ਮੱਤ ਮਾਰ ਦਿੱਤੀ ਸੀ। ਉਹ ਬੋਲੀ, ”ਠੀਕ ਹੈ, ਪਰ ਆਪਾਂ ਹੁਣ ਬਗਲੇ ਦਾ ਕੰਮ ਨਬੇੜ ਕੇ ਹੀ ਜਾਣਾ ਹੈ।”
ਹੁਣ ਛੋਟੀ ਕਾਲ਼ੀ ਮੱਛੀ ਨੇ ਬਗਲੇ ਦੇ ਢਿੱਡ ਵਿੱਚ ਏਡਾ ਪਾੜ ਪਾ ਦਿੱਤਾ ਸੀ, ਜਿਸ ਰਾਹੀਂ ਨਿੱਕੀ ਮੱਛੀ ਬਾਹਰ ਨਿੱਕਲ਼ ਸਕੇ। ਜਦੋਂ ਨਿੱਕੀ ਮੱਛੀ ਉਸਦੇ ਕੋਲ਼ ਆਈ ਤਾਂ ਉਸਨੇ ਨਿੱਕੀ ਮੱਛੀ ਨੂੰ ਫੜ ਕੇ ਬਾਹਰ ਸੁੱਟ ਦਿੱਤਾ। ਪਰ ਆਪ ਉਹ ਬਗਲੇ ਦਾ ਢਿੱਡ ਪਾੜਨ ਲੱਗੀ ਰਹੀ। ਕੁੱਝ ਸਕਿੰਟਾਂ ਬਾਅਦ ਨਿੱਕੀ ਮੱਛੀ ਪਾਣੀ ਵਿੱਚ ਸੀ। ਉਹ ਕਿੰਨਾ ਚਿਰ ਉਡੀਕਦੀ ਰਹੀ, ਪਰ ਉਸਨੂੰ ਛੋਟੀ ਕਾਲ਼ੀ ਮੱਛੀ ਕਿਤੇ ਵੀ ਦਿਖਾਈ ਨਾ ਦਿੱਤੀ। ਫਿਰ ਉਸਨੇ ਦੇਖਿਆ ਕਿ ਬਗਲਾ ਚੀਕ ਰਿਹਾ ਸੀ, ਮਰੋੜੇ ਖਾ ਰਿਹਾ ਸੀ ਅਤੇ ਅਖ਼ੀਰ ਬਗਲੇ ਨੇ ਜ਼ੋਰ-ਜ਼ੋਰ ਨਾਲ਼ ਆਪਣੀਆਂ ਲੱਤਾਂ ਮਾਰੀਆਂ ਅਤੇ ਉਸ ਕੰਢੇ ਵੱਲ਼ ਡਿੱਗਣਾ ਸ਼ੁਰੂ ਕਰ ਦਿੱਤਾ।
ਨਿੱਕੀ ਮੱਛੀ ਨੇ ਦੇਖਿਆ ਕਿ ਜਦੋਂ ਬਗਲਾ ਕੰਢੇ ਉੱਤੇ ਡਿੱਗਿਆ ਤਾਂ ਉਹ ਬਿਲਕਲ ਅਹਿਲ ਸੀ। ਅੰਤ ਉਹ ਮਰ ਗਿਆ ਸੀ। ਪਰ ਛੋਟੀ ਕਾਲ਼ੀ ਮੱਛੀ ਦਾ ਹਾਲੇ ਵੀ ਕੋਈ ਨਾਂ-ਨਿਸ਼ਾਨ ਨਹੀਂ ਸੀ।
”ਅਤੇ ਬੱਚਿਓ। ਇਸ ਦਿਨ ਤੱਕ ਉਸਦਾ ਕੋਈ ਨਾਂ-ਨਿਸ਼ਾਨ ਨਹੀਂ ਲੱਭਾ।” ਦਾਦੀ-ਮੱਛੀ ਨੇ ਦੱਸਿਆ। ਫਿਰ ਉਹ ਉੱਠ ਖੜ੍ਹੀ ਹੋਈ ਅਤੇ ਆਪਣੇ ਬਾਰਾਂ ਹਜ਼ਾਰ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਕਹਿਣ ਲੱਗੀ, ”ਏਥੇ ਹੀ ਕਹਾਣੀ ਖਤਮ ਹੁੰਦੀ ਹੈ। ਹੁਣ ਸਾਰੀਆਂ ਨਿੱਕੀਆਂ ਮੱਛੀਆਂ ਦੇ ਸੌਣ ਦਾ ਸਮਾਂ ਹੋ ਗਿਆ ਹੈ। ਬੱਚਿਓ! ਹੁਣ ਜਾਓ ਅਤੇ ਸੌਂ ਜਾਓ।”
ਬੱਚੇ ਬੋਲੇ, ”ਪਰ ਦਾਦੀ। ਤੂੰ ਸਾਨੂੰ ਦੱਸਿਆ ਨਹੀਂ ਕਿ ਨਿੱਕੀ ਮੱਛੀ ਦਾ ਕੀ ਬਣਿਆਂ।”
ਦਾਦੀ-ਮੱਛੀ ਨੇ ਜੁਆਬ ਦਿੱਤਾ, ”ਆ ਹਾ! ਨਿੱਕੀ ਮੱਛੀ ਦੀ ਕਹਾਣੀ ਆਪਣੇ-ਆਪ ਵਿੱਚ ਇੱਕ ਕਹਾਣੀ ਹੈ। ਉਹ ਆਪਾਂ ਕੱਲ੍ਹ ਉੱਤੇ ਛੱਡਦੇ ਹਾਂ। ਹੁਣ ਸੌਣ ਦਾ ਵੇਲ਼ਾ ਹੋ ਗਿਆ ਹੈ। ਸ਼ੁਭ ਰਾਤਰੀ।”
ਗਿਆਰਾਂ ਹਜ਼ਾਰ, ਨੌ ਸੌ ਨੜਿਨਵੇਂ ਨਿੱਕੀਆਂ ਮੱਛੀਆਂ ਸ਼ੁਭ ਰਾਤਰੀ ਆਖਕੇ ਸੌਣ ਚਲੇ ਗਈਆਂ। ਦਾਦੀ ਵੀ ਸੌਣ ਚਲੇ ਗਈ। ਪਰ ਇੱਕ ਲਾਲ ਮੱਛੀ, ਬਹੁਤ ਕੋਸ਼ਿਸ਼ ਕਰਨ ਨਾਲ਼ ਵੀ ਸੌਂ ਨਾ ਸਕੀ। ਉਹ ਸਾਰੀ ਰਾਤ ਜਾਗਦੀ ਰਹੀ ਅਤੇ ਸਮੁੰਦਰ ਬਾਰੇ ਸੋਚਦੀ ਰਹੀ।
(ਅਨੁਵਾਦਕ : ਸੁਖਵੰਤ ਹੁੰਦਲ)