Samad Behrangi ਸਮਦ ਬਹਿਰੰਗੀ

ਸਮਦ ਬਹਿਰੰਗੀ (24 ਜੂਨ 1939 - 31 ਅਗਸਤ 1967) ਅਜ਼ੇਰੀ ਮੂਲ ਦਾ ਇਰਾਨੀ ਅਧਿਆਪਕ, ਸਮਾਜਿਕ ਆਲੋਚਕ, ਲੋਕਧਾਰਾ-ਸਾਸ਼ਤਰੀ, ਅਨੁਵਾਦਕ, ਅਤੇ ਕਹਾਣੀਕਾਰ ਸੀ। ਉਹ ਆਪਣੀਆਂ ਬਾਲ ਲਿਖਤਾਂ, ਖਾਸ ਤੌਰ ਤੇ ਛੋਟੀ ਕਾਲ਼ੀ ਮੱਛੀ ਦੇ ਲਈ ਮਸ਼ਹੂਰ ਹੈ। ਆਪਣੇ ਯੁੱਗ ਦੇ ਈਰਾਨੀ ਬੁੱਧੀਜੀਵੀਆਂ ਵਾਂਗ ਉਹ ਮੁੱਖ ਤੌਰ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਸੀ। ਉਸ ਦੀਆਂ ਬਾਲ ਲਿਖਤਾਂ ਖਾਸ ਕਰ ਕੇ ਸ਼ਹਿਰੀ ਗਰੀਬਾਂ ਦੇ ਬੱਚਿਆਂ ਦੀ ਜ਼ਿੰਦਗੀ ਦਾ ਚਿਤਰ ਪੇਸ਼ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਪਹਿਲਕਦਮੀਆਂ ਨਾਲ ਹਾਲਤਾਂ ਨੂੰ ਬਦਲ ਦੇਣ ਲਈ ਉਤਸ਼ਾਹਿਤ ਕਰਦੀਆਂ ਹਨ।
ਉਹ ਤਬਰੀਜ਼, ਇਰਾਨ ਵਿੱਚ ਇੱਕ ਹੇਠਲੇ-ਵਰਗ ਦੇ ਅਜ਼ਰਬਾਈਜਾਨੀ ਪਰਿਵਾਰ ਵਿੱਚ ਪੈਦਾ ਹੋਇਆ ਸੀ। ਐਲੀਮੈਂਟਰੀ ਸਕੂਲ ਤੋਂ ਅੱਗੇ ਸੈਕੰਡਰੀ ਸਕੂਲ ਦੇ ਤਿੰਨ ਸਾਲ ਮੁਕੰਮਲ ਕਰ ਕੇ ਉਹ ਇੱਕ ਅਧਿਆਪਕ-ਸਿਖਲਾਈ ਸਕੂਲ ਵਿੱਚ ਭਰਤੀ ਹੋ ਗਿਆ ਅਤੇ 1957 ਵਿੱਚ ਇਹ ਪ੍ਰੋਗਰਾਮ ਸਿਰੇ ਲਾਇਆ। ਅਗਲੇ ਗਿਆਰਾਂ ਸਾਲਾਂ ਦੌਰਾਨ ਪੇਂਡੂ ਅਜ਼ਰਬਾਈਜਾਨੀ ਸਕੂਲਾਂ ਵਿੱਚ ਫ਼ਾਰਸੀ ਪੜ੍ਹਾਉਣ ਦੇ ਨਾਲ ਨਾਲ, ਉਸ ਨੇ ਅੰਗਰੇਜ਼ੀ ਵਿੱਚ ਬੀਏ ਦੀ ਡਿਗਰੀ ਤਬਰੀਜ਼ ਯੂਨੀਵਰਸਿਟੀ ਤੋਂ ਹਾਸਲ ਕੀਤੀ। ਉਸਦੀਆਂ ਇਨਕਲਾਬੀ ਸਰਗਰਮੀਆਂ ਕਰਕੇ ਸ਼ਾਹ ਦੀ ਖੁਫ਼ੀਆ ਪੁਲਿਸ ਸਾਵਾਕ ਨੇ ਸੰਨ 1968 ਵਿੱਚ ਉਸਨੂੰ ਇਰਾਨ ਦੇ ਉੱਤਰ-ਪੂਰਬ ਵਿੱਚ ਵਗਦੇ ਦਰਿਆ ‘ਅਰਸ’ ਵਿੱਚ ਡੋਬ ਕੇ ਸ਼ਹੀਦ ਕਰ ਦਿੱਤਾ।

ਸਮਦ ਬਹਿਰੰਗੀ ਦੀਆਂ ਇਰਾਨੀ ਕਹਾਣੀਆਂ ਪੰਜਾਬੀ ਵਿੱਚ