Chhotiaan Kahaniaan (Kashmiri Story in Punjabi) : Ghulam Nabi Shahid
ਛੋਟੀਆਂ ਕਹਾਣੀਆਂ (ਕਸ਼ਮੀਰੀ ਕਹਾਣੀ) : ਗ਼ੁਲਾਮ ਨਬੀ ਸ਼ਾਹਿਦ
ਜਵਾਬ ਦਿਓ
ਉਹ ਸਭ ਦੋ-ਦੋ ਤਿੰਨ-ਤਿੰਨ ਟੋਲੀਆਂ ਦੀ ਸ਼ਕਲ ਧਾਰੀ, ਸਿਰ ਝੁਕਾਅ ਅਤੇ ਹੱਥਾਂ ਵਿੱਚ ਤਖ਼ਤੀਆਂ ਫੜੀ ਖਾਮੋਸ਼ੀ ਨਾਲ਼ ਸ਼ਹਿਰ ਦੇ ਵਿਚਕਾਰਲੇ ਹਿੱਸੇ ਵਿੱਚ ਬਣੇ ਬਾਗ਼ ਵੱਲ ਕੂਚ ਕਰ ਰਹੇ ਸਨ ਜਿੱਥੇ ਉਹ ਹਰ ਮਹੀਨੇ ਦੀ ਦਸ ਤਰੀਕ ਨੂੰ ਇਕੱਠ ਹੋ ਕੇ ਪਿਛਲੇ ਕਈ ਸਾਲਾਂ ਤੋਂ ਮੁਜ਼ਾਹਰਾ ਕਰਦੇ ਆ ਰਹੇ ਸਨ। ਸ਼ਹਿਰ ਦੇ ਵਿਚਾਲੇ ਦੋ ਮਸ਼ਹੂਰ ਬਜ਼ਾਰਾਂ ਦਰਮਿਆਨ ਬਣਿਆ ਇਹ ਬਾਗ਼ ਆਪਣੀ ਖੂਬਸੂਰਤੀ ਅਤੇ ਰੁਮਾਨੀ ਮਹੌਲ ਕਰਕੇ, ਖ਼ਾਸਕਰ ਗਰਮੀਆਂ ਵਿੱਚ ਅਕਸਰ ਲੋਕਾਂ ਲਈ ਕੁੱਝ ਖ਼ਾਸ ਹੀ ਖਿੱਚ ਰੱਖਦਾ ਹੈ। ਬਾਗ਼ ਦੇ ਚੌਂਕ ਵਾਲੇ ਪਾਸੇ ਦੇ ਇੱਕ ਸਿਰੇ ’ਤੇ, ਵੱਡੇ ਚਿਨਾਰ ਦੇ ਰੁੱਖ ਕੋਲ ਬਾਗ਼ ਦੇ ਖ਼ੂਬਸੂਰਤ ਲੋਹੇ ਦੇ ਜੰਗਲੇ ਦੇ ਤਿੰਨ ਫ਼ੁੱਟ ਅੰਦਰ ਇੱਕ ਉੱਚੀ ਅਤੇ ਚੌੜੀ ਤਖ਼ਤੀ ਗੱਡੀ ਹੋਈ ਸੀ ਜਿਸ ਦੇ ਪਿਛੋਖੜ ਵਿੱਚ ਵਾਦੀ ਦੇ ਖ਼ੂਬਸੂਰਤ ਪਹਾੜਾਂ, ਆਬਸ਼ਾਰਾਂ, ਝੀਲਾਂ, ਝਰਨਿਆਂ ਨੂੰ ਐਨੇ ਕਮਾਲ ਦੀ ਮੁਹਾਰਤ ਨਾਲ਼ ਉਤਾਰਿਆ ਗਿਆ ਸੀ ਕਿ ਨੇੜਿਓਂ ਦੀ ਸੜਕ ਤੋਂ ਲੰਘਣ ਵਾਲ਼ਾ ਵਿਅਕਤੀ ਇੱਕ ਘੜੀ ਦੇਖਣ ਤੋਂ ਮਗਰੋਂ ਵਾਰ-ਵਾਰ ਮੁੜਕੇ ਉਸ ਵੱਲ ਵਹਿੰਦਾ ਰਹਿੰਦਾ ਸੀ। ਇਸੇ ਦੌਰਾਨ ਉਹ ਬਾਗ਼ ਵਿੱਚ ਦਾਖ਼ਲ ਹੋ ਕੇ ਚੌਂਕ ਦੇ ਪਾਸੇ ਵਾਲ਼ੇ ਸਿਰੇ ਦੇ ਨੇੜੇ ਵੱਡੇ ਚਿਨਾਰ ਦੀ ਛਾਂ ਹੇਠਾਂ ਇਕੱਠੇ ਹੋਣੇ ਸ਼ੁਰੂ ਹੋ ਗਏ। ਖ਼ਦੀਜਾ ਵੀ ਹੱਥਾਂ ਵਿੱਚ ਤਖ਼ਤੀ ਫੜੀ ਥੱਕੀਆਂ ਜਿਹੀਆਂ ਨਜ਼ਰਾਂ ਨਾਲ ਓਧਰ ਨੂੰ ਵੇਖਣ ਲੱਗੀ। ਚਿਨਾਰ ਦੀ ਛਾਂ ਉਸ ਨੂੰ ਸੰਘਣਾ ਜਿਹਾ ਕਾਲਾ ਧੂਆਂ ਮਹਿਸੂਸ ਹੋ ਰਹੀ ਸੀ। ਉਹ ਛਾਂਵਿਓਂ ਹਟਕੇ ਨੇੜੇ ਹੀ ਗੱਡੇ ਵੱਡੇ ਤਖ਼ਤੇ ਦੇ ਥੰਮ ਨਾਲ ਢੋਅ ਲਾ ਕੇ ਬੈਠ ਗਈ। ਜਲਸੇ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਉਹ ਇੱਕੋ ਦਮ ਖੜ੍ਹੇ ਹੋ ਗਏ ਅਤੇ ਆਪੋ-ਆਪਣੇ ਹੱਥਾਂ ਵਿੱਚ ਫੜ੍ਹੀਆਂ ਤਖ਼ਤੀਆਂ ਨੂੰ ਪੂਰੇ ਦਮ ਨਾਲ਼ ਹਵਾ ਵਿੱਚ ਉਛਾਲਦਿਆਂ ਜ਼ੋਰ-ਜ਼ੋਰ ਨਾਲ਼ ਮੁਜ਼ਾਹਰਾ ਕਰਨ ਲੱਗੇ। ਉਹਨਾਂ ਨੂੰ ਵੇਖਕੇ ਸੜਕ ਤੋਂ ਲੰਘਣ ਵਾਲਿਆਂ ਦੇ ਪੈਰ ਜਿਵੇਂ ਖਲੋ ਜਿਹੇ ਗਏ। ਉਹ ਉਹਨਾਂ ਨੂੰ ਬੇਬਸੀ ਅਤੇ ਲਾਚਾਰੀ ਜਿਹੀ ਨਾਲ ਵਹਿੰਦੇ ਰਹੇ। ਮੁਜ਼ਾਹਰਾ ਜਾਰੀ ਸੀ। ਖ਼ਦੀਜਾ ਨੇ ਲੋਕਾਂ ਵੱਲ ਵੇਖਿਆ…ਅੰਦਰੋਂ ਕੁੱਝ ਹਿੰਮਤ ਜਿਹੀ ਬੰਨੀ…ਉਹ ਹੌਲੀ ਕੁ ਜਿਹੇ ਖੜ੍ਹੀ ਹੋਈ ਅਤੇ ਕੰਬਦੇ ਹੱਥਾਂ ਨਾਲ਼ ਆਪਣੀ ਤਖ਼ਤੀ ਨੂੰ ਪੂਰਾ ਦਮ ਲਾ ਕੇ ਅਸਮਾਨ ਵੱਲ ਨੂੰ ਬੁਲੰਦ ਕੀਤਾ… ਸੜਕ ’ਤੇ ਇਕੱਠੀ ਭਾਰੀ ਭੀੜ ਨੇ ਵੇਖਿਆ- ਪਿਛੋਖੜ ਵਿੱਚ ਗੱਡੇ ਗਏ ਤਖ਼ਤੇ ’ਤੇ ਲਿਖਿਆ ਸੀ –
“ਅਗਰ ਫ਼ਿਰਦੌਸ ਬਰ ਰੂ-ਏ-ਜ਼ਮੀਂ ਅਸਤ
ਹਮੀਂ ਅਸਤ ਓ ਹਮੀਂ ਅਸਤ ਓ ਹਮੀਂ ਅਸਤ”
ਇਸ ਸ਼ੇਅਰ ਦੇ ਐਨ ਹੇਠਾਂ ਖ਼ਦੀਜਾ ਦੀ ਤਖ਼ਤੀ ਉੱਪਰ ਲਿਖਿਆ ਹੋਇਆ ਸੀ – “ਮੇਰਾ ਫ਼ਿਰਦੌਸ ਕਿੱਥੇ ਹੈ?”
ਖ਼ਲਾਸੀ
ਲੌਢੇ ਵੇਲ਼ੇ ਤੋਂ ਹੀ ਮੁਹੱਲੇ ਦੀ ਅੰਦਰੂਨੀ ਮਸਜਿਦ ਦੇ ਨੇੜੇ ਬਣੇ ਅਹਿਦ ਲੋਨ ਦੇ ਘਰ ਵਿੱਚ ਅੱਜ ਹਲਕੀ ਚਹਿਲ-ਪਹਿਲ ਵੇਖੀ ਗਈ। ਆਸੇ-ਪਾਸੇ ਦੇ ਲੋਕ ਇਸ ਗੱਲੋਂ ਜੱਕੋ-ਤੱਕੀ ਵਿੱਚ ਸਨ ਕਿ ਅੱਜ ਅਚਾਨਕ ਵਰਿ੍ਹਆਂ ਮਗਰੋਂ ਅਹਿਦ ਲੋਨ ਦੇ ਘਰ ਇਸ ਚਹਿਲ-ਪਹਿਲ ਦਾ ਕੀ ਕਾਰਨ ਹੈ। ਢਲਦੇ ਵੇਲ਼ੇ ਤੱਕ ਸਾਰੇ ਮੁਹੱਲੇ ਵਿੱਚ ਅਹਿਦ ਲੋਨ ਦੇ ਘਰ ਵਿਚਲੀ ਇਸ ਚਹਿਲ-ਪਹਿਲ ਨੂੰ ਲੈ ਕੇ ਕਿਆਸ-ਅਰਾਈਆਂ ਸਿਖਰ ’ਤੇ ਸਨ। ਰਾਤ ਵੇਲੇ ਨੂੰ ਮਸਜਿਦ ਵਿੱਚ ਨਮਾਜ਼ ਤੋਂ ਮਗਰੋਂ ਜਦ ਅਹਿਦ ਲੋਨ ਮੁਹੱਲੇ ਦੇ ਹੋਰਾਂ ਲੋਕਾਂ ਨਾਲ਼ ਬਾਹਰ ਆਇਆ ਤਾਂ ਮੁਹੱਲੇ ਵਾਲੇ ਉਸ ਨੂੰ ਇਸ ਕਦਰ ਸ਼ਾਂਤ-ਸੰਤੁਸ਼ਟ ਦੇਖਕੇ ਪੁੱਛ ਬੈਠੇ…“ਅਹਿਦ ਲੋਨ, ਕੀ ਗੱਲ ਹੈ? ਅਸਲਮ ਦੀ ਕੋਈ ਖ਼ਬਰ ਮਿਲੀ ਹੈ ?”… “ਹਾਂ”… ਅਹਿਦ ਲੋਨ ਨੇ ਠਹਿਰੇ ਹੋਏ ਪੁਰ-ਯਕੀਨ ਲਹਿਜ਼ੇ ਵਿੱਚ ਜਵਾਬ ਦਿੱਤਾ… “ਕਿੱਥੇ ਸੀ, ਕਦੋਂ ਆ ਰਿਹਾ ਹੈ, ਆ ਤਾਂ ਨਹੀਂ ਗਿਆ? “- ਕਿਸੇ ਨੇ ਜਜ਼ਬਾਤੀ ਹੁੰਦਿਆਂ ਕਾਹਲ ਵਿੱਚ ਪੁੱਛਿਆ… “ਅਸਲਮ ਨਹੀਂ ਆ ਰਿਹਾ” – ਅਹਿਦ ਲੋਨ ਨੇ ਉਸੇ ਠਹਿਰੇ ਹੋਏ ਲਹਿਜ਼ੇ ਵਿੱਚ ਜਵਾਬ ਦਿੱਤਾ- “ਉਸ ਦੀ ਕਬਰ ਮਿਲੀ ਹੈ।”
ਇਹਤਿਆਤ
ਤਕਰੀਬਨ ਦੋ ਦਿਨਾਂ ਦੀ ਲਗਾਤਾਰ ਚੱਲੀ ਦਿਨ-ਰਾਤ ਦੀ ਮਿਹਨਤ ਤੋਂ ਮਗਰੋਂ ਸ਼ਹਿਰ ਖ਼ਾਸ ਵਿੱਚ ਖੇਡ ਦਾ ਮੈਦਾਨ ਮੁਕੰਮਲ ਹੋਣ ਦੀ ਆਖ਼ਰੀ ਮੰਜ਼ਲ ’ਤੇ ਸੀ। ਕੁੱਝ ਦਿਨਾਂ ਵਿੱਚ ਮੈਦਾਨ ਦੇ ਚਾਰੋਂ ਪਾਸਿਆਂ ’ਤੇ ਦਰਸ਼ਕਾਂ ਦੇ ਲਈ ਕੁਰਸੀਆਂ ਨੂੰ ਸਲੀਕੇ ਨਾਲ਼ ਸਜਾਇਆ ਗਿਆ। ਨਾਲ਼ ਹੀ ਮੈਦਾਨ ਦੇ ਸੱਜੇ ਪਾਸੇ ਦਰਮਿਆਨ ਵਿੱਚ ਇੱਕ ਖੂਬਸੂਰਤ ਸਟੇਜ ਵੀ ਤਿਆਰ ਕੀਤੀ ਗਈ ਜਿਸ ਦੇ ਖੱਬੇ-ਸੱਜੇ ਅਤੇ ਪਿਛਲੇ ਪਾਸੇ ਲਾਏ ਸੌ ਦੇ ਕਰੀਬ ਸੋਫ਼ੇ ਮੈਦਾਨ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸਨ। ਇਹਨਾਂ ਤਿਆਰੀਆਂ ਦੇ ਦੌਰਾਨ ਆਸੇ-ਪਾਸੇ ਸਭ ਥਾਈਂ ਖੇਡ ਦੇ ਮੈਦਾਨ ਨੂੰ ਲੈ ਕੇ ਚਰਚੇ ਹੋਣ ਲੱਗ ਪਏ ਸਨ। ਹਰ ਕੋਈ ਆਪੋ-ਆਪਣੀ ਰਾਏ ਰੱਖਦਾ ਸੀ। ਇਲਾਕੇ ਦੇ ਨੌਜਵਾਨ ਜਿਵੇਂ ਸਭ ਕੁੱਝ ਭੁੱਲ ਕੇ ਆਉਂਦੀਆਂ ਖੇਡਾਂ ਵਿੱਚ ਨਾਮੀ ਕਾਰਗੁਜ਼ਾਰੀ ਦਿਖਾਉਣ ਦੇ ਸੁਪਨੇ ਪਾਲਣ ਲੱਗੇ… ਨਾਲ਼ ਹੀ ਇਹ ਖ਼ਬਰ ਵੀ ਦੂਰ-ਦੂਰ ਤੱਕ ਫੈਲ ਗਈ ਕਿ ਖੇਡ ਮੈਦਾਨ ਦਾ ਉਦਘਾਟਨ ਇਲਾਕੇ ਦੀਆਂ ਦੋ ਨਾਮੀ ਫੁੱਟਬਾਲ ਟੀਮਾਂ ਦਰਮਿਆਨ ਮੈਚ ਤੋਂ ਹੋਵੇਗਾ… ਅਗਲੇ ਦਿਨ ਅਖ਼ਬਾਰ ਵਿੱਚ ਖ਼ਬਰ ਆਈ ਕਿ ਦਸ ਜੂਨ ਨੂੰ ਸ਼ਹਿਰ ਖ਼ਾਸ ਵਿੱਚ ਨਵੇਂ ਬਣੇ ਅਜ਼ਾਦ ਖੇਡ ਸਟੇਡੀਅਮ ਦਾ ਉਦਘਾਟਨ ਖੇਡ ਮੰਤਰੀ ਦੇ ਹੱਥਾਂ ਤੋਂ ਹੋਵੇਗਾ ਜੋ ਕਿ ਉਦਘਾਟਨੀ ਮੈਚ ਖੇਡਣ ਵਾਲੀਆਂ ਟੀਮਾਂ ਨੂੰ ਇਨਾਮ ਵੀ ਵੰਡਣਗੇ… ਉਸੇ ਸ਼ਾਮ ਵੱਖ-ਵੱਖ ਏਜੰਸੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਕਿ ਦਸ ਜੂਨ ਦੇ ਉਦਘਾਟਨੀ ਮੈਚ ਤੋਂ ਪਹਿਲਾਂ ਸਭ ਇਹਤਿਆਤੀ ਯੋਜਨਾਵਾਂ ਤਿਆਰ ਕਰ ਲਈਆਂ ਜਾਣ ਤਾਂ ਜੋ ਮੈਚ ਦੇ ਦੌਰਾਨ ਕਿਸੇ ਵੀ ਕਿਸਮ ਦੀ ਬਦਅਮਨੀ ਦਾ ਭੋਰਾ-ਭਰ ਵੀ ਖ਼ਦਸ਼ਾ ਨਾ ਰਹੇ… ਹਦਾਇਤਾਂ ਮਿਲ਼ਦੇ ਹੀ ਵੱਖ-ਵੱਖ ਏਜੰਸੀਆਂ ਹਰਕਤ ਵਿੱਚ ਆ ਗਈਆਂ… ਦਸ ਜੂਨ ਨੂੰ ਆਸੇ-ਪਾਸੇ ਦੇ ਸਾਰੇ ਇਲਾਕੇ ਦੇ ਗਲੀ-ਖੂੰਝਿਆਂ ਵਿੱਚ ਹਫ਼ਤਿਆਂ ਤੋਂ ਇਕੱਠਾ ਕੂੜਾ-ਕਚਰਾ ਸਾਫ਼ ਕੀਤਾ ਗਿਆ। ਖੇਡ ਮੈਦਾਨ ਵੱਲ ਜਾਂਦੀਆਂ ਸਾਰੀਆਂ ਗਲੀਆਂ-ਖੂੰਝਿਆਂ ਨੂੰ ਚੂਨੇ ਨਾਲ ਪੱਥ ਦਿੱਤਾ ਗਿਆ। ਕੁੱਝ ਚਿਰ ਬਾਅਦ ਖੇਡ ਮੈਦਾਨ ਦੇ ਪ੍ਰਬੰਧਕ ਦੁਚਿੱਤੀ ਜਿਹੀ ਵਿੱਚ ਮੈਦਾਨ ਦੇ ਦਾਖਲੀ ਗੇਟ ’ਤੇ ਆਉਣ ਵਾਲ਼ਿਆਂ ਦਾ ਮੁਸਕਰਾਹਟ ਨਾਲ਼ ਸਵਾਗਤ ਕਰਨ ਵਿੱਚ ਰੁੱਝ ਗਏ। ਇਸੇ ਦੌਰਾਨ ਮੰਤਰੀ ਸਾਹਿਬ ਆਵਦੇ ਕਾਫ਼ਲੇ ਨਾਲ ਮੈਦਾਨ ਵਿੱਚ ਦਾਖਲ ਹੋਏ ਅਤੇ ਆਪਣੇ ਲਈ ਰਾਖਵੀਂ ਰੱਖੀ ਸੀਟ ’ਤੇ ਸਜ ਗਏ… ਸਾਰਿਆਂ ਦੀਆਂ ਨਜ਼ਰਾਂ ਸਾਹਮਣੇ ਖਾਲੀ ਪਏ ਮੈਦਾਨ ’ਤੇ ਗੱਡੀਆਂ ਹੋਈਆਂ ਸਨ… ਸਭ ਇਸ ਦੇ ਇੰਤਜ਼ਾਰ ਵਿੱਚ ਸਨ ਕਿ ਟੀਮਾਂ ਬੱਸ ਹੁਣ ਆਈਆਂ ਤੇ ਹੁਣ ਆਈਆਂ… ਪਰ ਮੰਤਰੀ ਸਾਹਿਬ ਦੇ ਸਾਹਮਣੇ ਪਿਆ ਖੇਡ ਦਾ ਮੈਦਾਨ ਸੁੰਨਾ ਹੀ ਪਿਆ ਰਿਹਾ… ਕੁੱਝ ਮਿੰਟਾਂ ਮਗਰੋਂ ਮੰਤਰੀ ਸਾਹਿਬ ਨੇ ਆਪਣੀ ਘੜੀ ਵੱਲ ਦੇਖਿਆ… ਫ਼ਿਰ ਥੋੜ੍ਹਾ ਤਲਖ਼ ਹੁੰਦੇ ਹੋਏ ਆਪਣੇ ਨਾਲ ਬੈਠੇ ਅਫ਼ਸਰ ਨੂੰ ਪੁੱਛਿਆ… “ਟੀਮਾਂ ਕਿੱਥੇ ਹਨ… ਮੈਚ ਕਦੋਂ ਸ਼ੁਰੂ ਹੋਵੇਗਾ… ਤੁਹਾਨੂੰ ਪਤਾ ਹੀ ਹੈ ਕਿ ਮੇਰਾ ਸ਼ੀਡਿਊਲ ਬਹੁਤ ਟਾਈਟ ਹੈ…” ਇਹ ਸੁਣਦਿਆਂ ਹੀ ਅਫ਼ਸਰ ਨੇ ਸਿਰ ਝੁਕਾਅ ਲਿਆ ਅਤੇ ਪਿੱਛੇ ਮੁੜਕੇ ਇੱਕ ਹੋਰ ਅਫ਼ਸਰ ਨੂੰ ਪੁੱਛਿਆ… ਪੁੱਛਦੇ-ਪੁਛਾਉਂਦਿਆਂ ਗੱਲ ਏਜੰਸੀ ਦੇ ਆਲਾ ਅਫ਼ਸਰਾਂ ਤੱਕ ਪਹੁੰਚੀ… ਜਿਸ ਦਾ ਜਵਾਬ ਮੰਤਰੀ ਸਾਹਿਬ ਦੇ ਕੰਨਾਂ ਵਿੱਚ ਮੁਆਫ਼ੀ ਜਿਹੀ ਦੇ ਅੰਦਾਜ਼ ਵਿੱਚ ਦਿੱਤਾ ਗਿਆ…“ਕਿ ਜਨਾਬ ਇਸ ਇਲਾਕੇ ਦੇ ਸਾਰੇ ਨੌਜਵਾਨਾਂ ਨੂੰ ਇਹਤਿਆਤ ਵਜੋਂ… ਪਹਿਲੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ…!!”
(ਅਨੁਵਾਦ : ਮਾਨਵ)