Chiri Bano Te Chhibbu Kaan (Punjabi Story) : Simran Dhaliwal
ਚਿੜੀ ਬਾਨੋ ਤੇ ਛਿੱਬੂ ਕਾਂ (ਕਹਾਣੀ) : ਸਿਮਰਨ ਧਾਲੀਵਾਲ
ਚਿੜੀ ਤੇ ਕਾਂ ਨੇ ਰਲ ਕੇ ਖਿਚੜੀ ਬਣਾਈ ਸੀ, ਇਹ ਕਹਾਣੀ ਸਭ ਨੂੰ ਯਾਦ ਹੋਏਗੀ। ਚਿੜੀ ਨੇ ਬੇਈਮਾਨੀ ਕੀਤੀ ਤੇ ਕਾਂ ਦੇ ਹਿੱਸੇ ਦੀ ਖਿਚੜੀ ਵੀ ਆਪ ਖਾ ਲਈ ਸੀ।...ਤੇ ਪੰਛੀਆਂ ਦੀ ਪੰਚਾਇਤ ਨੇ ਚਿੜੀ ਨੂੰ ਸਖ਼ਤ ਸਜ਼ਾ ਵੀ ਦਿੱਤੀ ਸੀ। ਮੁੜ ਕਾਂ ਤੇ ਚਿੜੀ ਦੀ ਬਹੁਤੀ ਨਹੀਂ ਸੀ ਬਣਦੀ। ਕਾਂ ਦੇ ਮਨ ਵਿੱਚ ਚਿੜੀ ਦੀ ਬੇਈਮਾਨੀ ਦਾ ਗੁੱਸਾ ਸੀ। ਵੈਸੇ ਤਾਂ ਕਾਂ ਚਲਾਕ ਪੰਛੀ ਮੰਨਿਆ ਜਾਂਦਾ ਹੈ ਤੇ ਚਿੜੀ ਨੂੰ ਭੋਲੀ, ਪਰ ਉਸ ਇੱਕ ਗ਼ਲਤੀ ਨੇ ਚਿੜੀ ਦਾ ਅਕਸ ਖ਼ਰਾਬ ਕਰ ਦਿੱਤਾ ਸੀ।
ਹੁਣ ਉਸ ਗੱਲ ਨੂੰ ਹੋਇਆਂ ਬੜੇ ਸਾਲ ਹੋ ਗਏ ਹਨ। ਅਗਲੀਆਂ ਪੀੜ੍ਹੀਆਂ ਆ ਚੁੱਕੀਆਂ ਸਨ, ਪਰ ਆਪਣੀ ਵਡੇਰੀ ਚਿੜੀ ਦੀ ਕੀਤੀ ਗ਼ਲਤੀ ਦਾ ਮਿਹਣਾ ਚਿੜੀ ਬਰਾਦਰੀ ਨੂੰ ਅਜੇ ਵੀ ਸੁਣਨਾ ਪੈਂਦਾ ਸੀ। ਚਿੜੀਆਂ ਵਿੱਚ ਇੱਕ ਚਿੜੀ ਸੀ ਚਿੜੀ ਬਾਨੋ। ਛੋਟੀ ਜਿਹੀ ਉਮਰ ਦੀ, ਪਰ ਬੜੀ ਸਿਆਣੀ। ਸਮਝਦਾਰ ਤੇ ਮਿਲਾਪੜੀ।
ਉਸ ਨੇ ਮਿੱਥਿਆ ਹੋਇਆ ਸੀ ਕਿ ਉਹ ਆਪਣੀ ਬਰਾਦਰੀ ਦੇ ਮੱਥੇ ਲੱਗੀ ਇਸ ਕਾਲਖ ਨੂੰ ਜ਼ਰੂਰ ਧੋਏਗੀ। ਮੌਕਾ ਆਉਣ ’ਤੇ ਉਹ ਸਾਬਤ ਕਰ ਦੇਵੇਗੀ ਕਿ ਸਭ ਚਿੜੀਆਂ ਬੇਈਮਾਨ ਨਹੀਂ ਹੁੰਦੀਆਂ। ਬਰਸਾਤਾਂ ਦੀ ਰੁੱਤ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਬਾਰਸ਼ ਹੋ ਰਹੀ ਸੀ। ਕਿਤੇ ਘੜੀ ਪਲ ਮੀਂਹ ਰੁਕਦਾ, ਪਰ ਅਗਲੇ ਪਲ ਫੇਰ ਸ਼ੁਰੂ ਹੋ ਜਾਂਦਾ। ਪੰਛੀਆਂ ਨੂੰ ਭੋਜਨ ਨਹੀਂ ਸੀ ਮਿਲ ਰਿਹਾ। ਜਿਨ੍ਹਾਂ ਕੋਲ ਅਨਾਜ ਜਮ੍ਹਾਂ ਸੀ ਉਹ ਤਾਂ ਆਲ੍ਹਣਿਆਂ ਵਿੱਚ ਆਰਾਮ ਨਾਲ ਬੈਠੇ ਸਨ। ਜਿਹੜੇ ਆਲਸੀ ਬਰਸਾਤਾਂ ਆਉਣ ਤੋਂ ਪਹਿਲਾਂ ਅਨਾਜ ਜਮ੍ਹਾਂ ਕਰਨ ਦੀ ਮਿਹਨਤ ਨਹੀਂ ਸਨ ਕਰ ਸਕੇ, ਉਹ ਪਰੇਸ਼ਾਨ ਸਨ।
ਚਿੜੀ ਬਾਨੋ ਤਾਂ ਸਿਆਣੀ ਚਿੜੀ ਸੀ। ਉਹ ਹਰ ਵਾਰ ਬਰਸਾਤਾਂ ਤੋਂ ਪਹਿਲਾਂ ਵਰਤੋਂ ਜੋਗਾ ਅਨਾਜ ਜਮ੍ਹਾਂ ਕਰ ਲੈਂਦੀ ਸੀ। ਸਗੋਂ ਉਹ ਤਾਂ ਹੋਰਾਂ ਦੀ ਵੀ ਮਦਦ ਕਰਦੀ। ਕਿਸੇ ਨੂੰ ਜ਼ਰੂਰਤ ਹੁੰਦੀ ਤਾਂ ਆਪਣੇ ਅਨਾਜ ਵਿੱਚੋਂ ਅਨਾਜ ਦੇ ਦਿੰਦੀ, ਪਰ ਇਸ ਵਾਰ ਬਰਸਾਤ ਦੀ ਰੁੱਤ ਤੋਂ ਪਹਿਲਾਂ ਉਸ ਨੂੰ ਕਿਸੇ ਜ਼ਰੂਰੀ ਕੰਮ ਲਈ ਕਿਤੇ ਬਾਹਰ ਜਾਣਾ ਪਿਆ ਸੀ। ਇਸ ਲਈ ਉਹ ਅਨਾਜ ਜਮ੍ਹਾਂ ਨਹੀਂ ਸੀ ਕਰ ਸਕੀ। ਹੁਣ ਉਸ ਨੂੰ ਔਖ ਤਾਂ ਬਹੁਤ ਸੀ, ਪਰ ਉਹ ਇਸ ਮੁਸੀਬਤ ਨੂੰ ਹੱਸ ਕੇ ਟਾਲ ਰਹੀ ਸੀ। ਜ਼ਰਾ ਬਾਰਸ਼ ਰੁਕਦੀ ਤਾਂ ਉਹ ਭੋਜਨ ਦੀ ਭਾਲ ਵਿੱਚ ਉਡਾਰੀ ਮਾਰ ਜਾਂਦੀ। ਦੂਰ-ਦੂਰ ਤੀਕ ਜਾ ਕੇ ਜੋ ਵੀ ਉਸ ਦੇ ਹੱਥ ਆਉਂਦਾ, ਲੱਭ ਲਿਆਉਂਦੀ। ਇਸ ਮੁਸੀਬਤ ਦੇ ਵੇਲੇ ਵੀ ਉਹ ਹੱਸ ਰਹੀ ਸੀ। ਉਹ ਇਸ ਔਖੀ ਘੜੀ ਨੂੰ ਕੁਦਰਤ ਦਾ ਭਾਣਾ ਮੰਨ ਕੇ ਲੰਘਾ ਰਹੀ ਸੀ।
ਇੱਕ ਰੋਜ਼ ਜਦੋਂ ਚਿੜੀ ਬਾਨੋ ਜੰਗਲ ਵਿੱਚ ਵਾਪਸ ਆ ਰਹੀ ਸੀ ਤਾਂ ਉਸ ਦਿਨ ਵੀ ਅੰਤਾਂ ਦਾ ਮੀਂਹ ਪਿਆ ਸੀ। ਮੀਂਹ ਹਟੇ ਤੋਂ ਸਭ ਪੰਛੀ ਆਲ੍ਹਣਿਆਂ ਤੋਂ ਬਾਹਰ ਆ ਗਏ ਸਨ। ਆਪਣੇ-ਆਪਣੇ ਕੰਮ ਧੰਦਿਆਂ ਲਈ ਉਹ ਇੱਧਰ -ਉੱਧਰ ਚਲੇ ਗਏ ਸਨ। ਜੰਗਲ ਦੇ ਚੜ੍ਹਦੇ ਪਾਸਿਓਂ ਉਹ ਜੰਗਲ ਵਿੱਚ ਦਾਖਲ ਹੋਈ। ਉਸ ਨੇ ਦੇਖਿਆ ਕਿ ਜੰਗਲ ਦੇ ਸ਼ੁਰੂ ਵਿੱਚ ਜਿੱਥੇ ਕੁ ਕਾਵਾਂ ਦੇ ਆਲ੍ਹਣੇ ਸਨ, ਉੱਥੇ ਜੰਗਲ ਦੇ ਦੂਜੇ ਪਾਸੇ ਵਾਲੀਆਂ ਦੋ-ਤਿੰਨ ਗੁਟਾਰਾਂ ਖੜ੍ਹੀਆਂ ਸਨ। ਗੁਟਾਰਾਂ ਨੇ ਛਿੱਬੂ ਕਾਂ ਦਾ ਆਲ੍ਹਣਾ ਘੇਰਿਆ ਹੋੋਇਆ ਸੀ। ਚਿੜੀ ਬਾਨੋ ਥੋੜ੍ਹਾ ਹੈਰਾਨ ਹੋਈ ਤੇ ਉਹ ਵੀ ਛਿੱਬੂ ਦੇ ਆਲ੍ਹਣੇ ਵੱਲ ਨੂੰ ਉਡਾਰੀ ਮਾਰ ਗਈ। ਉਹ ਜਾ ਕੇ ਦੇਖਦੀ ਹੈ ਕਿ ਗੁਟਾਰਾਂ ਛਿੱਬੂ ਦੇ ਆਲ੍ਹਣੇ ਵਿੱਚੋਂ ਅਨਾਜ ਚੋਰੀ ਕਰ ਰਹੀਆਂ ਸਨ। ਛਿੱਬੂ ਦੇ ਛੋਟੇ-ਛੋਟੇ ਬੱਚੇ ਸਨ, ਇਸ ਲਈ ਉਸ ਨੇ ਢੇਰ ਸਾਰਾ ਅਨਾਜ ਜਮ੍ਹਾਂ ਕੀਤਾ ਹੋਇਆ ਸੀ।
‘‘ਇਹ ਤੁਸੀਂ ਕੀ ਕਰ ਰਹੀਆਂ ਹੋ?’’ ਚਿੜੀ ਬਾਨੋ ਨੇ ਬੜੀ ਰੋਹਬਦਾਰ ਆਵਾਜ਼ ਵਿੱਚ ਪੁੱਛਿਆ।
ਤਿੰਨੋਂ ਗੁਟਾਰਾਂ ਇਕਦਮ ਤਾਂ ਡਰ ਗਈਆਂ, ਪਰ ਫਿਰ ਉਨ੍ਹਾਂ ਨੇ ਸੰਭਲਦੇ ਹੋਏ ਜੁਗਤ ਵਰਤੀ।
‘‘ਦੇਖ ਚਿੜੀ ਬਾਨੋ ਨਾ ਤਾਂ ਇਹ ਕਾਵਾਂ ਦਾ ਟੱਬਰ ਤੁਹਾਨੂੰ ਚੰਗਾ ਸਮਝਦਾ ਹੈ ਤੇ ਨਾ ਹੀ ਤੇਰੇ ਘਰ ਅਨਾਜ ਹੈ। ਛਿੱਬੂ ਨੂੰ ਸਬਕ ਸਿਖਾਉਣ ਦਾ ਮੌਕਾ ਵੀ ਇਹੀ ਹੈ ਤੇ ਅਨਾਜ ਦੀ ਭਾਲ ਮੁਕਾਉਣ ਦਾ ਜ਼ਰੀਆ ਵੀ। ਤੂੰ ਸਾਡੇ ਨਾਲ ਮਿਲ ਜਾ ਅੱਧ ਤੈਨੂੰ ਦੇ ਦਿਆਂਗੇ।’’
ਕੁਝ ਪਲ ਲਈ ਚਿੜੀ ਬਾਨੋ ਕੁਝ ਸੋਚਣ ਲੱਗੀ।
‘‘ਮੈਂ ਛਿੱਬੂ ਨੂੰ ਕਾਹਦਾ ਸਬਕ ਸਿਖਾਉਣਾ? ਉਹਦੇ ਨਿੱਕੇ-ਨਿੱਕੇ ਬੱਚੇ ਨੇ। ਉਨ੍ਹਾਂ ਦੇ ਮੂੰਹ ਵਿੱਚੋਂ ਅਨਾਜ ਖੋਹ ਕੇ ਮੈਂ ਆਪਣਾ ਘਰ ਨਹੀਂ ਭਰ ਸਕਦੀ।’’
ਚਿੜੀ ਬਾਨੋ ਤਾਂ ਰੌਂਅ ਦੇਖ ਕੇ ਗੁਟਾਰਾਂ ਸਮਝ ਗਈਆਂ ਕਿ ਉਨ੍ਹਾਂ ਦੀ ਦਾਲ ਨਹੀਂ ਗਲਣੀ। ਫਿਰ ਵੀ ਉਹ ਜੋ ਧਾਰ ਕੇ ਆਈਆਂ ਸਨ, ਉਸ ਨੂੰ ਹਰ ਹੀਲੇ ਪੂਰਾ ਕਰਨਾ ਚਾਹੁੰਦੀਆਂ ਸਨ।
‘‘ਚਿੜੀ ਬਾਨੋ! ਸਾਡੇ ਕੋਲ ਦਾਣਾ ਵੀ ਅਨਾਜ ਦਾ ਨਹੀਂ ਹੈ। ਤੂੰ ਸਾਡਾ ਸਾਥ ਨਹੀਂ ਦੇਣਾ ਤਾਂ ਕੋਈ ਨਾ ਸਾਨੂੰ ਸਾਡਾ ਕੰਮ ਕਰ ਲੈਣ ਦੇ।’’
ਉਹ ਸੋਚਦੀਆਂ ਸਨ ਕਿ ਇਨ੍ਹਾਂ ਵਿਚਕਾਰ ਕਈ ਪੀੜ੍ਹੀਆਂ ਦਾ ਵੈਰ ਹੈ। ਇਸ ਲਈ ਚਿੜੀ ਬਾਨੋ ਜ਼ਰੂਰ ਛਿੱਬੂ ਨਾਲ ਖਾਰ ਖਾਂਦੀ ਹੋਵੇਗੀ।
‘‘ਮੈਂ ਨਾ ਤਾਂ ਇਸ ਚੋਰੀ ਦਾ ਹਿੱਸਾ ਬਣਾਂਗੀ ਤੇ ਨਾ ਹੀ ਤੁਹਾਨੂੰ ਇਹ ਚੋਰੀ ਕਰਨ ਦਿਆਂਗੀ।’’ ਚਿੜੀ ਬਾਨੋ ਨੇ ਪਲਾਂ ਵਿੱਚ ਰੌਲਾ ਪਾ ਕੇ ਛਿੱਬੂ ਦੇ ਗੁਆਂਢੀ ਕਾਵਾਂ ਨੂੰ ਇਕੱਠਾ ਕਰ ਲਿਆ। ਉਨ੍ਹਾਂ ਦੇ ਗੁਟਾਰਾਂ ਕਾਬੂ ਆ ਗਈਆਂ। ਕੋਈ ਜਣਾ ਛਿੱਬੂ ਨੂੰ ਵੀ ਸੱਦ ਲਿਆਇਆ। ਚੋਰ ਗੁਟਾਰਾਂ ਨੂੰ ਪੰੰਛੀਆਂ ਦੇ ਕੈਦ ਖਾਨੇ ਵਿੱਚ ਭੇਜ ਦਿੱਤਾ ਗਿਆ। ਛਿੱਬੂ ਨੇ ਚਿੜੀ ਬਾਨੋ ਦਾ ਧੰਨਵਾਦ ਕੀਤਾ।
ਜੇਕਰ ਚਿੜੀ ਬਾਨੋ ਚੋਰ ਗੁਟਾਰਾਂ ਨੂੰ ਨਾ ਫੜਾਉਂਦੀ ਤਾਂ ਛਿੱਬੂ ਦੇ ਬੱਚਿਆਂ ਜੋਗਾ ਦਾਣਾ ਵੀ ਅਨਾਜ ਦਾ ਨਹੀਂ ਸੀ ਬਚਣਾ। ਬੇਸ਼ੱਕ ਚਿੜੀ ਬਾਨੋ ਦੇ ਆਪਣੇ ਘਰ ਅਨਾਜ ਦਾ ਇੱਕ ਦਾਣਾ ਵੀ ਨਹੀਂ ਸੀ, ਪਰ ਉਹ ਮਿਹਨਤ ਵਿੱਚ ਯਕੀਨ ਰੱਖਦੀ ਸੀ। ਆਪਣੀ ਇਮਾਨਦਾਰੀ ਅੱਜ ਉਸ ਨੇ ਸਾਬਤ ਕਰ ਦਿੱਤੀ ਸੀ। ਇਸ ’ਤੇ ਛਿੱਬੂ ਬਹੁਤ ਖੁਸ਼ ਹੋਇਆ।