Chori Hoi Slate (Punjabi Story) : Iqbal Singh Hamjapur

ਚੋਰੀ ਹੋਈ ਸਲੇਟ (ਕਹਾਣੀ) : ਇਕਬਾਲ ਸਿੰਘ ਹਮਜਾਪੁਰ

ਅਮਿਤ ਨੇ ਬਸਤਾ ਖੋਲ੍ਹਿਆ। ਬਸਤਾ ਖੋਲ੍ਹ ਕੇ ਉਸਨੇ ਕਈ ਵਾਰੀ ਇੱਧਰ-ਉੱਧਰ ਹੱਥ ਮਾਰਿਆ। ਉਹ ਆਪਣੇ ਬਸਤੇ ਵਿਚੋਂ ਸਲੇਟ ਲੱਭਦਾ ਸੀ, ਪਰ ਉਸਨੂੰ ਸਲੇਟ ਨਾ ਲੱਭੀ। ਜਦੋਂ ਕਈ ਵਾਰ ਬਸਤੇ ਵਿਚ ਹੱਥ ਮਾਰਨ ਤੋਂ ਬਾਅਦ ਵੀ ਸਲੇਟ ਨਾ ਲੱਭੀ ਤਾਂ ਅਮਿਤ ਦਾ ਧਿਆਨ ਹੋਰ ਪਾਸੇ ਚਲਾ ਗਿਆ।
‘ਸਲੇਟ ਮੇਰੀ ਜਮਾਤ ਦੇ ਕਿਸੇ ਬੱਚੇ ਨੇ ਚੋਰੀ ਕਰ ਲਈ ਹੈ।’ ਅਮਿਤ ਨੂੰ ਖਿਆਲ ਆਇਆ। ਉਹ ਚੋਰੀ ਦੀ ਸ਼ਿਕਾਇਤ ਲੈ ਕੇ ਆਪਣੀ ਜਮਾਤ ਦੇ ਇੰਚਾਰਜ ਮਾਸਟਰ ਰਤਨ ਲਾਲ ਕੋਲ ਪਹੁੰਚ ਗਿਆ।
‘ਮਾਸਟਰ ਜੀ! ਮੇਰੇ ਬਸਤੇ ਵਿਚੋਂ ਕਿਸੇ ਬੱਚੇ ਨੇ ਸਲੇਟ ਕੱਢ ਲਈ ਹੈ।’ ਅਮਿਤ ਨੇ ਰੋਂਦੇ ਹੋਏ ਨੇ ਸ਼ਿਕਾਇਤ ਲਾਈ।
‘ਬੇਟਾ ਤੂੰ ਅੱਜ ਘਰੋਂ ਸਲੇਟ ਲੈ ਕੇ ਆਇਆ ਸੀ?’ ਅਧਿਆਪਕ ਨੇ ਪੁੱਛਿਆ।
‘ਜੀ! ਮੈਂ ਰੋਜ਼ਾਨਾ ਘਰੋਂ ਸਲੇਟ ਲੈ ਕੇ ਆਉਂਦਾ ਹਾਂ।’ ਅਮਿਤ ਨੇ ਦੱਸਿਆ।
‘ਫੇਰ ਬੇਟਾ ਤੈਨੂੰ ਕਿਸ ’ਤੇ ਸ਼ੱਕ ਹੈ? ਤੇਰੇ ਹਿਸਾਬ ਨਾਲ ਸਲੇਟ ਕਿਸ ਨੇ ਚੋਰੀ ਕੀਤੀ ਹੋ ਸਕਦੀ ਹੈ?’
‘ਜੀ! ਅੱਜ ਪ੍ਰਾਰਥਨਾ ਵੇਲੇ ਗੁਰਦੀਸ਼ ਜਮਾਤ ਵਿਚ ਹੀ ਬੈਠਾ ਸੀ। ਉਹ ਪ੍ਰਾਰਥਨਾ ਵਿਚ ਨਹੀਂ ਗਿਆ ਸੀ। ਮੇਰਾ ਬਸਤਾ ਗੁਰਦੀਸ਼ ਨੇ ਫਰੋਲਿਆ ਹੋਵੇਗਾ ਤੇ ਮੇਰੀ ਸਲੇਟ ਉਸਨੇ ਚੋਰੀ ਕੀਤੀ ਹੋਵੇਗੀ।’


ਅਮਿਤ ਵੱਲੋਂ ਨਾਂ ਧਰਨ ਦੀ ਦੇਰ ਸੀ, ਅਧਿਆਪਕ ਨੇ ਉਸੇ ਵਕਤ ਗੁਰਦੀਸ਼ ਨੂੰ ਬੁਲਾ ਲਿਆ। ਅਧਿਆਪਕ ਨੇ ਕੁਝ ਤਲਖ਼ ਰੋਹ ਵਿਚ ਆਉਂਦੇ ਹੋਏ ਗੁਰਦੀਸ਼ ਨੂੰ ਪ੍ਰਾਰਥਨਾ ਵਿਚ ਨਾ ਜਾਣ ਦਾ ਕਾਰਨ ਪੁੱਛਿਆ। ਉਨ੍ਹਾਂ ਡਾਂਟ ਦੇ ਹੋਏ ਗੁਰਦੀਸ਼ ਨੂੰ ਅਮਿਤ ਦੀ ਸਲੇਟ ਮੋੜਨ ਲਈ ਆਖਿਆ।

‘ਜੀ! ਮੈਂ ਅਮਿਤ ਦੀ ਸਲੇਟ ਚੋਰੀ ਨਹੀਂ ਕੀਤੀ। ਮੇਰਾ ਅੱਜ ਸਿਰ ਦੁਖਦਾ ਸੀ। ਸਿਰ ਦੁਖਣ ਕਰਕੇ ਮੈਂ ਅੱਜ ਪ੍ਰਾਰਥਨਾ ਵਿਚ ਨਹੀਂ ਗਿਆ ਸੀ।’ ਗੁਰਦੀਸ਼ ਨੇ ਆਪਣੀ ਸਫ਼ਾਈ ਦਿੱਤੀ।
ਮਾਸਟਰ ਰਤਨ ਲਾਲ ਕੋਲ ਗੁਰਦੀਸ਼ ਨੂੰ ਪੁੱਛਣ ਲਈ ਕੋਈ ਹੋਰ ਸਵਾਲ ਨਹੀਂ ਸੀ। ਉਸਨੇ ਗੁਰਦੀਸ਼ ਨੂੰ ਵਾਪਸ ਜਮਾਤ ਵਿਚ ਭੇਜ ਦਿੱਤਾ। ਅਧਿਆਪਕ ਨੇ ਅਮਿਤ ਨੂੰ ਵੀ ਇਕ ਵਾਰ ਜਮਾਤ ਵਿਚ ਬੈਠਣ ਲਈ ਆਖਿਆ। ਅਧਿਆਪਕ ਨੇ ਅਮਿਤ ਨੂੰ ਯਾਦ ਕਰਨ ਲਈ ਆਖਿਆ ਕਿ ਉਹ ਅੱਜ ਘਰੋਂ ਸਲੇਟ ਲੈ ਕੇ ਵੀ ਆਇਆ ਹੈ ਜਾਂ ਨਹੀਂ।

ਅਮਿਤ ਵਾਪਸ ਜਮਾਤ ਵਿਚ ਆ ਗਿਆ ਸੀ। ਜਮਾਤ ਵਿਚ ਆ ਕੇ ਅਮਿਤ ਦਾ ਧਿਆਨ ਉੱਤਮ ਵੱਲ ਚਲਾ ਗਿਆ। ਕੁਝ ਦਿਨ ਪਹਿਲਾਂ ਸੁਧੀਰ ਦਾ ਪੈੱਨ ਗਵਾਚ ਗਿਆ ਸੀ ਜੋ ਉੱਤਮ ਦੇ ਬੈਗ ਵਿਚੋਂ ਮਿਲਿਆ ਸੀ।

‘ਮੇਰੀ ਸਲੇਟ ਵੀ ਉੱਤਮ ਨੇ ਚੋਰੀ ਕੀਤੀ ਹੋ ਸਕਦੀ ਹੈ।’ ਅਮਿਤ ਨੂੰ ਖਿਆਲ ਆਇਆ ਤੇ ਉਹ ਅਧਿਆਪਕ ਕੋਲ ਉੱਤਮ ਦੀ ਸ਼ਿਕਾਇਤ ਲੈ ਕੇ ਪਹੁੰਚ ਗਿਆ। ਅਧਿਆਪਕ ਨੇ ਉੱਤਮ ਦੀ ਝਾੜ-ਝੰਭ ਕੀਤੀ, ਪਰ ਅਮਿਤ ਦੀ ਸਲੇਟ ਉੱਤਮ ਨੇ ਚੋਰੀ ਨਹੀਂ ਕੀਤੀ ਸੀ।
‘ਅਮਿਤ ਦੀ ਸਲੇਟ ਮੈਂ ਚੋਰੀ ਨਹੀਂ ਕੀਤੀ। ਸੁਧੀਰ ਦਾ ਪੈੱਨ ਵੀ ਮੈਂ ਨਹੀਂ ਚੋਰੀ ਕੀਤਾ ਸੀ। ਪੈੱਨ ਕਿਸੇ ਨੇ ਸ਼ਰਾਰਤ ਕਰਦੇ ਹੋਏ ਮੇਰੇ ਬਸਤੇ ਵਿਚ ਪਾ ਦਿੱਤਾ ਸੀ।’ ਉੱਤਮ ਨੇ ਅਧਿਆਪਕ ਨੂੰ ਦੱਸਿਆ।

ਅਮਿਤ ਨੇ ਛੁੱਟੀ ਹੋਣ ਤੱਕ ਜਸ਼ਨ ਤੇ ਪ੍ਰੀਤ ਦੀ ਵੀ ਮਾਸਟਰ ਰਤਨ ਲਾਲ ਕੋਲ ਸ਼ਿਕਾਇਤ ਲਗਾਈ, ਪਰ ਜਸ਼ਨ ਤੇ ਪ੍ਰੀਤ ਕੋਲੋਂ ਵੀ ਅਮਿਤ ਦੀ ਸਲੇਟ ਬਰਾਮਦ ਨਹੀਂ ਹੋਈ। ਸਕੂਲ ਦੀ ਛੁੱਟੀ ਹੋਣ ’ਤੇ ਅਮਿਤ ਡੁਸਕਦਾ ਹੋਇਆ ਘਰ ਨੂੰ ਤੁਰ ਪਿਆ। ਸਲੇਟ ਗਵਾਉਣ ਬਦਲੇ ਉਸਨੂੰ ਘਰੋਂ ਡਾਂਟ ਪੈਣ ਦਾ ਡਰ ਸਤਾ ਰਿਹਾ ਸੀ।
‘ਅਮਿਤ ਪੁੱਤਰ ਤੂੰ ਰੋ ਕਿਉਂ ਰਿਹਾ ਏ? ਕੀ ਤੈਨੂੰ ਕਿਸੇ ਨੇ ਮਾਰਿਆ?’ ਅਮਿਤ ਨੂੰ ਰੋਂਦੇ ਹੋਏ ਨੂੰ ਵੇਖ ਕੇ ਉਸਦੀ ਮੰਮੀ ਨੇ ਪੁੱਛਿਆ।
‘ਮੇਰੀ ਸਲੇਟ ਕਿਸੇ ਬੱਚੇ ਨੇ ਚੋਰੀ ਕਰ ਲਈ ਹੈ। ਮੈਨੂੰ ਗੁਰਦੀਸ਼, ਉੱਤਮ, ਜਸ਼ਨ ਤੇ ਪ੍ਰੀਤ ’ਤੇ ਸ਼ੱਕ ਸੀ। ਮੈਂ ਮਾਸਟਰ ਜੀ ਨੂੰ ਦੱਸਿਆ ਸੀ, ਪਰ ਇਨ੍ਹਾਂ ਚਾਰਾਂ ਜਣਿਆਂ ਵਿਚੋਂ ਕੋਈ ਨਹੀਂ ਮੰਨਿਆ।’ ਅਮਿਤ ਨੇ ਆਪਣੀ ਮੰਮੀ ਨੂੰ ਦੱਸਿਆ ਤੇ ਮੰਮੀ ਅੰਦਰੋਂ ਸਲੇਟ ਚੁੱਕ ਲਿਆਈ।
‘ਮੇਰਿਆ ਭੋਲਿਆ ਪੁੱਤਰਾ! ਆਹ ਵੇਖ ਤੇਰੀ ਸਲੇਟ ਘਰੇ ਹੱਸਦੀ ਪਈ ਆ।’ ਮੰਮੀ ਨੇ ਆਖਿਆ ਤੇ ਅਮਿਤ ਨੇ ਆਪਣੀ ਮੰਮੀ ਦੇ ਹੱਥੋਂ ਸਲੇਟ ਫੜ ਕੇ ਪਰ੍ਹਾਂ ਵਗਾਹ ਮਾਰੀ।
‘ਇਸ ਨੂੰ ਅੱਜ ਕੋਈ ਕੰਮ ਨਹੀਂ ਕਰਨਾ ਪਿਆ। ਇਸ ਕਰਕੇ ਇਹ ਹੱਸਦੀ ਪਈ ਆ। ਕੰਮਚੋਰ ਕਿਸੇ ਥਾਂ ਦੀ।’ ਅਮਿਤ ਨੇ ਆਖਿਆ।

‘ਬੇਟਾ ਤੇਰੀ ਸਲੇਟ ਅੱਜ ਵਿਹਲੀ ਰਹਿਣ ਕਰਕੇ ਨਹੀਂ ਹੱਸਦੀ। ਸਲੇਟ ਤੇਰੇ ਭੁਲੱਕੜਪਨ ’ਤੇ ਹੱਸਦੀ ਏ। ਤੂੰ ਸਲੇਟ ਘਰ ਭੁੱਲ ਗਿਆ ਤੇ ਬੱਚਿਆਂ ਨੂੰ ਚੋਰ ਬਣਾਇਆ। ਬੱਚਿਆਂ ਦੇ ਮਨ ਨੂੰ ਜ਼ਰੂਰ ਠੇਸ ਪਹੁੰਚੀ ਹੋਵੇਗੀ। ਜਿਨ੍ਹਾਂ ਬੱਚਿਆਂ ਨੂੰ ਤੂੰ ਚੋਰ ਬਣਾਇਆ, ਉਹ ਬੱਚੇ ਤੇਰੇ ਨਾਲ ਕਈ ਦਿਨ ਨਾਰਾਜ਼ ਰਹਿਣਗੇ। ਬੱਚੇ ਤੇਰੇ ਨਾਲ ਕੱਟੀ ਵੀ ਪਾ ਸਕਦੇ ਹਨ।’ ਮੰਮੀ, ਅਮਿਤ ਨੂੰ ਸਮਝਾਉਣ ਲੱਗੀ।

ਹੁਣ ਅਮਿਤ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ। ਉਸਨੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਦਾ ਆਪਣੀ ਮੰਮੀ ਨਾਲ ਵਾਅਦਾ ਕੀਤਾ। ਅਮਿਤ ਨੇ ਵਾਅਦਾ ਕੀਤਾ ਕਿ ਅੱਗੇ ਤੋਂ ਸਕੂਲ ਜਾਣ ਵੇਲੇ ਉਹ ਆਪਣਾ ਬਸਤਾ ਵੇਖਿਆ ਕਰੇਗਾ ਤੇ ਕਿਸੇ ਵੀ ਬੱਚੇ ਦੀ ਝੂਠੀ ਸ਼ਿਕਾਇਤ ਨਹੀਂ ਲਾਵੇਗਾ।

  • ਮੁੱਖ ਪੰਨਾ : ਕਹਾਣੀਆਂ, ਇਕਬਾਲ ਸਿੰਘ ਹਮਜਾਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ