Chuha Ate Saniasi : Panchtantra Kahani
ਚੂਹਾ ਅਤੇ ਸੰਨਿਆਸੀ : ਪੰਚਤੰਤਰ ਬਾਲ ਕਹਾਣੀ
ਕਿਸੇ ਜੰਗਲ ਵਿੱਚ ਇੱਕ ਸੰਨਿਆਸੀ ਤਪ ਕਰਦਾ ਸੀ। ਜੰਗਲ ਦੇ ਜਾਨਵਰ ਉਸ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ। ਉਹ ਆਕੇ ਉਸਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ।
ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ। ਉਹ ਵੀ ਰੋਜ ਸੰਨਿਆਸੀ ਦਾ ਪ੍ਰਵਚਨ ਸੁਣਨ ਆਉਂਦਾ ਸੀ।ਇੱਕ ਦਿਨ ਉਹ ਜੰਗਲ ਵਿੱਚ ਸਾਧੂ ਨੂੰ ਭੇਂਟ ਕਰਨ ਲਈ ਕੁੱਝ ਲੱਭ ਰਿਹਾ ਸੀ ਕਿ ਇੱਕ ਵੱਡੀ ਬਿੱਲੀ ਨੇ ਉਸ ਤੇ ਹਮਲਾ ਕਰ ਦਿੱਤਾ। ਚੂਹਾ ਬੇਹੱਦ ਡਰ ਗਿਆ ਅਤੇ ਭੱਜ ਕੇ ਸਿੱਧਾ ਸੰਨਿਆਸੀ ਦੇ ਆਸ਼ਰਮ ਵੱਲ ਆ ਗਿਆ। ਉੱਥੇ ਜਾਕੇ ਡਰੇ ਹੋਏ ਚੂਹੇ ਨੇ ਸੰਨਿਆਸੀ ਨੂੰ ਕੰਬਦੀ ਆਵਾਜ਼ ਵਿੱਚ ਆਪਣੀ ਹੱਡ-ਬੀਤੀ ਦੱਸੀ।
ਏਨੇ ਵਿੱਚ ਬਿੱਲੀ ਵੀ ਉੱਥੇ ਆ ਪੁੱਜੀ। ਉਸਨੇ ਸੰਨਿਆਸੀ ਨੂੰ ਆਪਣਾ ਸ਼ਿਕਾਰ ਦੇਣ ਲਈ ਕਿਹਾ।
ਸੰਨਿਆਸੀ ਸੋਚੀਂ ਪੈ ਗਿਆ। ਉਸਨੇ ਇੱਕ ਪਲ ਸੋਚਿਆ ਅਤੇ ਫਿਰ ਆਪਣੀ ਤਪ ਸ਼ਕਤੀ ਨਾਲ ਚੂਹੇ ਨੂੰ ਇੱਕ ਵੱਡੀ ਬਿੱਲੀ ਬਣਾ ਦਿੱਤਾ।ਹੁਣ ਆਪਣੇ ਤੋਂ ਵੱਡੀ ਬਿੱਲੀ ਨੂੰ ਸਾਹਮਣੇ ਵੇਖ ਪਹਿਲੀ ਬਿੱਲੀ ਉੱਥੋਂ ਭੱਜ ਗਈ।
ਹੁਣ ਚੂਹਾ ਬੇਫਿਕਰ ਸੀ। ਉਹ ਹੁਣ ਵੱਡੀ ਬਿੱਲੀ ਵਾਂਗ ਜੰਗਲ ਵਿੱਚ ਵਿਚਰਦਾ। ਦੂਜੇ ਜਾਨਵਰਾਂ ਨੂੰ ਡਰਾਣ ਲਈ ਉਹ ਜ਼ੋਰ ਨਾਲ ਗੁਰਰਾਉਣਾ ਵੀ ਸਿੱਖ ਗਿਆ ਸੀ। ਬਿੱਲੀਆਂ ਤੋਂ ਬਦਲਾ ਲੈਣ ਲਈ ਉਹ ਉਨ੍ਹਾਂ ਨਾਲ ਭਿੜ ਜਾਂਦਾ। ਬਹੁਤ ਸਾਰੀਆਂ ਬਿੱਲੀਆਂ ਉਸਨੇ ਮਾਰ ਦਿੱਤੀਆਂ।ਪਰ ਚੂਹੇ ਦਾ ਇਹ ਬੇਫਿਕਰੀ ਵਾਲਾ ਜੀਵਨ ਲੰਮਾ ਨਹੀਂ ਚੱਲਿਆ।
ਇੱਕ ਦਿਨ ਇੱਕ ਲੂੰਬੜੀ ਨੇ ਉਸ ਤੇ ਝਪੱਟਾ ਮਾਰਿਆ। ਉਸਨੇ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਬਿੱਲੀ ਤੋਂ ਵੱਡੇ ਅਤੇ ਖੂੰਖਾਰ ਜਾਨਵਰ ਵੀ ਜੰਗਲ ਵਿੱਚ ਹਨ, ਜੋ ਪਲ ਵਿੱਚ ਉਸਨੂੰ ਚੀਰ- ਫਾੜ ਸਕਦੇ ਹਨ। ਉਹ ਕਿਸੇ ਤਰ੍ਹਾਂ ਲੂੰਬੜੀ ਤੋਂ ਬਚਕੇ ਫਿਰ ਸੰਨਿਆਸੀ ਦੇ ਆਸ਼ਰਮ ਵਿੱਚ ਜਾ ਅੱਪੜਿਆ। ਲੂੰਬੜੀ ਵੀ ਉਸਦਾ ਪਿੱਛਾ ਕਰਦੀ ਉੱਥੇ ਪੁੱਜ ਗਈ। ਹੁਣ ਦੋਵੇਂ ਸੰਨਿਆਸੀ ਦੇ ਸਾਹਮਣੇ ਖੜੇ ਸਨ। ਸੰਨਿਆਸੀ ਨੇ ਚੂਹੇ ਦੀ ਪਰੇਸ਼ਾਨੀ ਵੇਖ ਉਸਨੂੰ ਵੱਡੀ ਸਾਰੀ ਲੂੰਬੜੀ ਬਣਾ ਦਿੱਤਾ। ਹੁਣ ਆਪਣੇ ਤੋਂ ਵੱਡੀ ਲੂੰਬੜੀ ਸਾਹਮਣੇ ਵੇਖ ਪਹਿਲੀ ਲੂੰਬੜੀ ਉੱਥੋਂ ਭੱਜ ਗਈ।
ਵੱਡੀ ਲੂੰਬੜੀ ਬਣਕੇ ਚੂਹਾ ਫਿਰ ਬੇਫਿਕਰ ਹੋ ਗਿਆ ਅਤੇ ਜੰਗਲ ਵਿੱਚ ਨਿਰਭਉ ਵਿਚਰਨ ਲਗਾ। ਲੇਕਿਨ ਉਸਦੀ ਇਹ ਖੁਸ਼ੀ ਵੀ ਜ਼ਿਆਦਾ ਦਿਨ ਨਹੀਂ ਰਹੀ।
ਇੱਕ ਦਿਨ ਜਦੋਂ ਉਹ ਇਵੇਂ ਹੀ ਜੰਗਲ ਵਿੱਚ ਘੁੰਮ ਰਿਹਾ ਸੀ ਕਿ ਇੱਕ ਸ਼ੇਰ ਉਸ ਤੇ ਝਪਟ ਪਿਆ।ਕਿਸੇ ਤਰ੍ਹਾਂ ਉਸਨੇ ਆਪਣੀ ਜਾਨ ਬਚਾਈ ਅਤੇ ਪਹਿਲਾਂ ਵਾਂਗ ਭੱਜ ਕੇ ਆਸ਼ਰਮ ਵਿੱਚ ਪੁੱਜਿਆ।
ਸੰਨਿਆਸੀ ਨੂੰ ਫੇਰ ਚੂਹੇ ਤੇ ਤਰਸ ਆ ਗਿਆ ਅਤੇ ਉਸਨੇ ਉਸਨੂੰ ਸ਼ੇਰ ਦੇ ਰੂਪ ਵਿੱਚ ਬਦਲ ਦਿੱਤਾ।
ਸੰਨਿਆਸੀ ਇਹ ਸਭ ਕਰਦੇ ਸਮੇਂ ਇਹ ਸੋਚਦਾ ਸੀ ਕਿ ਚੂਹਾ ਉਸਦਾ ਪੁਰਾਣਾ ਚੇਲਾ ਹੈ – ਛੋਟਾ ਅਤੇ ਕਮਜ਼ੋਰ ਜੀਵ ਹੈ। ਮਾਰੂ ਜਾਨਵਰਾਂ ਤੋਂ ਉਸਦੀ ਰੱਖਿਆ ਕਰਨਾ ਉਸਦਾ ਫਰਜ਼ ਹੈ।
ਹੁਣ ਫੇਰ ਸ਼ੇਰ ਦਾ ਰੂਪ ਪਾ ਕੇ ਚੂਹਾ ਜੰਗਲ ਵਿੱਚ ਨਿਰਭਉ ਵਿਚਰਨ ਲਗਾ। ਅਕਾਰਣ ਹੀ ਉਸਨੇ ਜੰਗਲ ਦੇ ਬਹੁਤ ਸਾਰੇ ਪ੍ਰਾਣੀ ਮਾਰ ਮੁਕਾਏ। ਸ਼ੇਰ ਦਾ ਰੂਪ ਪਾਉਣ ਦੇ ਬਾਅਦ ਚੂਹਾ ਜੰਗਲ ਦਾ ਸਰਵਸ਼ਕਤੀਮਾਨ ਜੀਵ ਬਣ ਗਿਆ ਸੀ। ਉਹ ਰਾਜੇ ਵਾਂਗ ਵਰਤਾਓ ਕਰਦਾ ਅਤੇ ਉਂਜ ਹੀ ਹੁਕਮ ਦਿੰਦਾ ਜਿਵੇਂ ਕੋਈ ਰਾਜਾ ਦਿੰਦਾ ਹੈ।
ਹੁਣ ਉਸਨੂੰ ਸੰਨਿਆਸੀ ਦੀਆਂ ਸ਼ਕਤੀਆਂ ਦੀ ਚਿੰਤਾ ਹੋਣ ਲੱਗੀ ਕਿ ਸੰਨਿਆਸੀ ਨੇ ਕਾਰਨ ਜਾਂ ਅਕਾਰਨ ਉਸਨੂੰ ਪਹਿਲਾਂ ਵਾਂਗ ਚੂਹਾ ਬਣਾ ਦਿੱਤਾ ਤਾਂ ਸਾਰਾ ਖੇਲ ਵਿਗੜ ਜਾਵੇਗਾ। ਉਹ ਜਿੰਨਾ ਸੋਚਦਾ, ਚਿੰਤਾ ਓਨੀ ਹੀ ਵੱਧਦੀ ਜਾਂਦੀ।ਅਖ਼ੀਰ ਨੂੰ ਉਸਨੇ ਸੰਨਿਆਸੀ ਨੂੰ ਮਾਰਨ ਦੀ ਸੋਚੀ ਅਤੇ ਬੋਲਿਆ, "ਮੈਂ ਭੁੱਖਾ ਹਾਂ ਤੇ ਹੁਣ ਮੈਂ ਤੁਹਾਨੂੰ ਖਾਵਾਂਗਾ ਤਾਂ ਕਿ ਸਾਰੀਆਂ ਸ਼ਕਤੀਆਂ ਮੇਰੇ ਵਿੱਚ ਸਮਾ ਜਾਣ; ਮੈਨੂੰ ਆਗਿਆ ਦਿਓ ਕਿ ਤੁਹਾਨੂੰ ਮਾਰ ਸਕਾਂ।'' ਚੂਹੇ ਦੇ ਇਹ ਸ਼ਬਦ ਸੁਣਕੇ ਸੰਨਿਆਸੀ ਨੂੰ ਬਹੁਤ ਗੁੱਸਾ ਆਇਆ। ਉਸਨੇ ਉਸਨੂੰ ਤੁਰੰਤ ਹੀ ਫਿਰ ਤੋਂ ਚੂਹਾ ਬਣਾ ਦਿੱਤਾ।
ਹੁਣ ਚੂਹੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਆਪਣੇ ਭੈੜੇ ਵਰਤਾਓ ਲਈ ਸੰਨਿਆਸੀ ਤੋਂ ਮਾਫੀ ਮੰਗਦੇ ਹੋਏ ਉਸਨੂੰ ਫਿਰ ਤੋਂ ਸ਼ੇਰ ਬਣਾ ਦੇਣ ਨੂੰ ਕਿਹਾ। ਪਰ ਸੰਨਿਆਸੀ ਨੇ ਉਸਨੂੰ ਸੋਟੀ ਨਾਲ ਉੱਥੋਂ ਭਜਾ ਦਿੱਤਾ।