Daak Babu (Bangla Story in Punjabi) : Rabindranath Tagore
ਡਾਕ ਬਾਬੂ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ
ਡਾਕ ਬਾਬੂ ਰਾਬਿੰਦਰਨਾਥ ਟੈਗੋਰ
ਕਾਵਿ ਰੂਪ ਕਰਮਜੀਤ ਸਿੰਘ ਗਠਵਾਲਾ
(ਇਹ ਰਚਨਾ ਰਾਬਿੰਦਰ ਨਾਥ ਟੈਗੋਰ ਦੀ ਕਹਾਣੀ
'ਡਾਕ ਬਾਬੂ' ਤੇ ਆਧਾਰਿਤ ਹੈ)
ਡਾਕ ਬਾਬੂ ਜਿੱਥੇ ਪਹਿਲੋਂ-ਪਹਿਲ ਲੱਗਾ,
ਊਲਾਪੁਰ ਉਸ ਪਿੰਡ ਦਾ ਨਾਂ ਸੀ ਜੀ ।
ਉਸ ਪਿੰਡ ਦੀ ਵਸੋਂ ਸੀ ਬਹੁਤ ਥੋੜ੍ਹੀ,
ਨਾਲੇ ਸ਼ਹਿਰ ਤੋਂ ਦੂਰ ਉਹ ਥਾਂ ਸੀ ਜੀ ।
ਉਹਦੇ ਕੋਲ ਅੰਗਰੇਜ਼ ਇਕ ਆ ਲਾਇਆ,
ਨੀਲ ਰੰਗ ਬਣਾਉਣ ਦਾ ਕਾਰਖ਼ਾਨਾ ।
ਉਹਦੀ ਹਿੰਮਤ ਸੀ ਜਿਸਨੇ ਲੈ ਆਂਦਾ,
ਏਸ ਨਿੱਕੇ ਜਿਹੇ ਪਿੰਡ ਵੀ ਡਾਕਖ਼ਾਨਾ ।
ਡਾਕ ਬਾਬੂ ਕਲਕੱਤੇ ਦੇ ਰਹਿਣ ਵਾਲਾ,
ਉਹਨੂੰ ਪਤਾ ਨਾ ਪਿੰਡਾਂ ਦੀ ਜ਼ਿੰਦਗੀ ਕੀ ?
ਇੱਥੇ ਰਹਿੰਦਿਆਂ ਉਹ ਮਹਿਸੂਸ ਕਰਦਾ,
ਜਿਵੇਂ ਪਾਣੀ ਤੋਂ ਬਿਨਾਂ ਕੋਈ ਹੋਏ ਮੱਛੀ ।
ਉਹਦਾ ਦਫ਼ਤਰ ਰਿਹਾਇਸ਼ ਸੀ ਇਕ ਢਾਰਾ,
ਛੱਤ ਜਿਸਦੀ ਸੀ ਕੱਖਾਂ-ਕਾਨਿਆਂ ਦੀ ।
ਨ੍ਹੇਰਾ ਉਸ ਥਾਂ ਇਸ ਤਰ੍ਹਾਂ ਪਸਰਿਆ ਸੀ,
ਜਿਵੇਂ ਰੌਸ਼ਨੀ ਰੁੱਸੀ ਜ਼ਮਾਨਿਆਂ ਦੀ ।
ਉਸਦੇ ਨਾਲ ਹੀ ਸੀ ਇੱਕ ਵੱਡਾ ਛੱਪੜ,
ਕਾਈ ਢਕਿਆ ਗੰਦਗੀ ਭਰੀ ਹੋਈ ਸੀ ।
ਉਹਦੇ ਆਲੇ ਦੁਆਲੇ ਜਿਧਰ ਨਜ਼ਰ ਮਾਰੋ,
ਵਾੜ ਸੰਘਣੇ ਰੁੱਖਾਂ ਨੇ ਕਰੀ ਹੋਈ ਸੀ ।
ਕਾਰਖ਼ਾਨੇ ਵਿਚ ਲੋਕ ਜੋ ਕੰਮ ਕਰਦੇ,
ਵਿਹਲ ਕੋਲ ਨਾ ਉਨ੍ਹਾਂ ਦੇ ਮਰਨ ਦੀ ਵੀ ।
ਸਾਊ ਲੋਕਾਂ ਨਾਲ ਬੈਠ ਕੇ ਦੋ ਘੜੀਆਂ,
ਨਾ ਸੀ ਤਾਂਘ ਕੋਈ ਗੱਲ ਕਰਨ ਦੀ ਵੀ ।
ਸ਼ਹਿਰੋਂ ਆਏ ਲੜਕੇ ਨੂੰ ਪਤਾ ਕੋਈ ਨਾ,
ਕਿੰਝ ਦੂਜਿਆਂ ਨਾਲ ਹੈ ਮਿਲ ਬਹਿਣਾ ।
ਅਣਜਾਣੇ ਲੋਕਾਂ 'ਚ ਤੰਗੀ ਮਹਿਸੂਸ ਕਰਦਾ,
ਜਾਂ ਫਿਰ ਆਪਣੀ ਹਵਾ ਦੇ ਵਿਚ ਰਹਿਣਾ ।
ਡਾਕ ਬਾਬੂ ਦਾ ਨਾ ਸੀ ਸਾਥ ਕੋਈ,
ਨਾ ਹੀ ਕੰਮ ਬਹੁਤਾ ਕੋਈ ਕਰਨ ਵਾਲਾ ।
ਕਵਿਤਾ ਲਿਖਣ ਦੀ ਕਦੇ ਉਹ ਕਰੇ ਕੋਸ਼ਿਸ਼,
ਜਦੋਂ ਪੈਣ ਲਗਦਾ ਉਹਦਾ ਮਨ ਕਾਹਲਾ ।
ਖੜ ਖੜ ਪੱਤਿਆਂ ਦੀ ਚਾਲ ਬੱਦਲਾਂ ਦੀ,
ਖੇੜਾ ਜ਼ਿੰਦਗੀ ਵਿਚ ਲਿਆ ਦੇਵਣ ।
ਮੈਂ ਕਵਿਤਾ ਵਿਚ ਇਹ ਲਿਖਾਂ ਗੱਲਾਂ,
ਖ਼ਿਆਲ ਮਨ ਉਹਦੇ ਖਿੱਚ ਪਾ ਦੇਵਣ ।
ਰੱਬ ਜਾਣਦੈ ਉਹ ਖ਼ੁਸ਼ ਬਹੁਤ ਹੁੰਦਾ,
ਅਲਿਫ਼-ਲੈਲਾ ਵਾਲਾ ਜਿੰਨ ਜੇ ਆ ਜਾਂਦਾ ।
ਰੁੱਖਾਂ ਬੂਟਿਆਂ ਨੂੰ ਤਹਿਸ ਨਹਿਸ ਕਰਕੇ,
ਪੱਕੀਆਂ ਸੜਕਾਂ ਮਕਾਨ ਬਣਾ ਜਾਂਦਾ ।
ਡਾਕ ਬਾਬੂ ਦੀ ਤਨਖ਼ਾਹ ਘੱਟ ਹੀ ਸੀ,
ਖਾਣਾ ਆਪੇ ਹੀ ਉਹ ਬਣਾਂਵਦਾ ਸੀ ।
ਰਤਨ ਪਿੰਡੋਂ ਸੀ ਇਕ ਅਨਾਥ ਲੜਕੀ,
ਜਿਸ ਨਾਲ ਉਹ ਬੈਠਕੇ ਖਾਂਵਦਾ ਸੀ ।
ਰਤਨ ਛੋਟੇ ਮੋਟੇ ਘਰ ਦੇ ਕੰਮ ਕਰਦੀ,
ਬਾਹਰ ਬੂਹਿਓਂ ਕੰਮ ਮੁਕਾ ਬਹਿੰਦੀ ।
ਜੇ ਉਹ ਪੁੱਛਦਾ ਤਾਂ ਜਵਾਬ ਦਿੰਦੀ,
ਮੂੰਹੋਂ ਆਪਣੇ ਪਹਿਲਾਂ ਨਾ ਗੱਲ ਕਹਿੰਦੀ ।
ਸ਼ਾਮ ਪੈਂਦਿਆਂ ਗਊਆਂ ਦੇ ਵਾੜਿਆਂ 'ਚੋਂ,
ਧੂੰਆਂ ਵਲ ਖਾਂਦਾ ਉਪਰ ਜਾਣ ਲਗਦਾ ।
ਵਿਚ ਝਾੜੀਆਂ ਬੈਠਿਆ ਹਰ ਪੰਛੀ,
ਗੀਤ ਆਪਣਾ ਕੋਈ ਸੁਨਾਣ ਲਗਦਾ ।
ਭਜਨ-ਮੰਡਲੀ ਚੀਕਵੇਂ ਸੁਰਾਂ ਅੰਦਰ,
ਸਤਸੰਗ ਵਿਚ ਕੀਰਤਨ ਕਰੀ ਜਾਂਦੀ ।
ਕਿਸੇ ਬਾਂਸ ਦੇ ਬਿੜੇ ਦੇ ਪੱਤਿਆਂ ਵੱਲ,
ਨਜ਼ਰ ਕਵੀ ਦੀ ਜਾਂਦਿਆਂ ਡਰੀ ਜਾਂਦੀ ।
ਡਾਕ ਬਾਬੂ ਦੀਵਾ ਜਗਾ ਪਹਿਲਾਂ,
ਫੇਰ ਰਤਨ ਨੂੰ ਹਾਕ ਲਗਾਂਵਦਾ ਉਹ ।
ਰਤਨ ਬਾਹਰੋਂ ਹੀ ਜਦੋਂ ਜਵਾਬ ਦੇਂਦੀ,
ਫੇਰ ਅੱਗੋਂ ਕੋਈ ਗੱਲ ਚਲਾਂਵਦਾ ਉਹ ।
"ਮੈਂ ਚੱਲੀ ਰਸੋਈ ਵਿੱਚ ਅੱਗ ਬਾਲਣ,"
ਕਹਿ ਜਾਂਵਦੀ ਅੱਗ ਜਲਾਉਣ ਖ਼ਾਤਰ ।
ਡਾਕ ਬਾਬੂ ਰਤਨ ਨੂੰ ਹੁਕਮ ਦਿੰਦਾ,
ਪਹਿਲਾਂ ਆਪਣੀ ਪਾਈਪ ਮਘਾਉਣ ਖ਼ਾਤਰ ।
ਫੂਕਾਂ ਮਾਰਦੀ ਮਘੇ ਹੋਏ ਕੋਲਿਆਂ ਤੇ,
ਰਤਨ ਪਾਈਪ ਲੈ ਅੰਦਰ ਨੂੰ ਆ ਜਾਂਦੀ ।
ਡਾਕ ਬਾਬੂ ਕੋਈ ਗੱਲ ਚਲਾਉਣ ਖ਼ਾਤਰ,
ਉਹਨੂੰ ਪੁੱਛਦਾ, "ਮਾਂ ਨਹੀਂ ਯਾਦ ਆਉਂਦੀ" ।
ਗੱਲ ਸੁਣਦਿਆਂ ਰਤਨ ਜਾਂ ਸੋਚਦੀ ਕੁਝ,
ਝੁਰਮਟ ਯਾਦਾਂ ਆ ਕਿਧਰੋਂ ਪਾਉਂਦੀਆਂ ਸਨ ।
ਕਦੇ ਮਾਂ ਆਉਂਦੀ ਕਦੇ ਪਿਉ ਆਉਂਦਾ,
ਕਦੇ ਵੀਰ ਨੂੰ ਲਿਆ ਵਿਖਾਉਂਦੀਆਂ ਸਨ ।
ਉਹ ਯਾਦ ਕਰਦੀ ਪਿਉ ਸ਼ਾਮ ਵੇਲੇ,
ਥੱਕਿਆ ਹਾਰਿਆ ਘਰ ਨੂੰ ਆਂਵਦਾ ਸੀ ।
ਉਹਨੂੰ ਚੁੱਕ ਕੇ ਓਸਦਾ ਮੂੰਹ ਚੁੰਮਦਾ,
ਤਰ੍ਹਾਂ ਤਰ੍ਹਾਂ ਦੇ ਲਾਡ ਲਡਾਂਵਦਾ ਸੀ ।
ਉਹਨੂੰ ਯਾਦ ਆਇਆ ਨਿੱਕਾ ਵੀਰ ਅਪਣਾ,
ਨਾਲੇ ਬੱਦਲ ਅਸਮਾਨ ਤੇ ਚੜ੍ਹੇ ਹੋਏ ।
ਇੱਕ ਟਾਹਣੀ ਨੂੰ ਛੱਪੜ ਵਿੱਚ ਸੁੱਟ ਦੋਵੇਂ,
ਮੱਛੀਆਂ ਫੜਨ ਲਈ ਕੰਢੇ ਤੇ ਖੜੇ ਹੋਏ ।
ਡਾਕ ਬਾਬੂ ਤੇ ਰਤਨ ਕਰਨ ਗੱਲਾਂ,
ਉਤੋਂ ਡੂੰਘਾ ਹਨੇਰਾ ਫਿਰ ਆ ਪੈਂਦਾ ।
ਸੁਸਤੀ ਛਾ ਜਾਂਦੀ ਨੀਂਦ ਆਉਣ ਲਗਦੀ,
ਖਾਣਾ ਬਣਾਉਣ ਦਾ ਉੱਕਾ ਨਾ ਵਕਤ ਰਹਿੰਦਾ ।
ਰਤਨ ਛੇਤੀ ਛੇਤੀ ਅੱਗ ਬਾਲ ਲੈਂਦੀ,
ਡਬਲ-ਰੋਟੀ ਉਸਤੇ ਕੋਈ ਗਰਮ ਕਰਦੀ ।
ਖਾਣੇ ਸੁਬਹ ਦੇ 'ਚੋਂ ਜੋ ਕੁਝ ਬਚਿਆ ਸੀ,
ਉਹ ਵੀ ਓਸਦੇ ਸਾਹਮਣੇ ਲਿਆ ਧਰਦੀ ।
ਡਾਕ ਬਾਬੂ ਨੂੰ ਸ਼ਾਮ ਨੂੰ 'ਘਰ' ਬੈਠੇ,
ਕਦੀ ਭੈਣ ਤੇ ਮਾਂ ਦੀ ਯਾਦ ਆਉਂਦੀ ।
ਉਹਨੂੰ ਜਾਪਦਾ ਉਹ ਬਨਵਾਸ ਕੱਟੇ,
ਇਹੋ ਸੋਚ ਉਹਦਾ ਦਿਲ ਤੜਫਾਉਂਦੀ ।
ਯਾਦਾਂ ਆਉਂਦੀਆਂ ਇਕ ਤੂਫ਼ਾਨ ਬਣਕੇ,
ਕੀਹਨੂੰ ਦੱਸ ਕੇ ਉਨ੍ਹਾਂ ਨੂੰ ਠੱਲ੍ਹ ਪਾਵੇ ।
ਕਾਮਿਆਂ ਨਾਲ ਨਾ ਸੀ ਉਹਦੀ ਗੱਲ ਸਾਂਝੀ,
ਮਨ ਮੁੜ ਕੇ ਰਤਨ ਦੇ ਵੱਲ ਆਵੇ ।
ਰੋਜ਼ ਰੋਜ਼ ਗੱਲਾਂ ਸੁਣ ਕੇ ਬਾਲ-ਮਨ ਵਿਚ,
ਇਹ ਗੱਲ ਚੰਗੀ ਤਰ੍ਹਾਂ ਰਸ ਗਈ ।
ਉਹਦੇ ਭੈਣ-ਭਾਈ ਸਭ ਆਪਣੇ ਨੇ,
ਸੂਰਤ ਸਾਰਿਆਂ ਦੀ ਅੰਦਰ ਵਸ ਗਈ ।
ਇਕ ਦੁਪਹਿਰ ਨੂੰ ਜਦੋਂ ਕੁਝ ਮੀਂਹ ਰੁਕਿਆ,
ਠੰਢੀ ਨਰਮ ਹਵਾ ਕੁਝ ਵੱਗਣ ਲੱਗੀ ।
ਗੰਧ ਘਾਹ ਤੇ ਧੋਤੇ ਹੋਏ ਪੱਤਿਆਂ ਦੀ,
ਧੁੱਪੇ ਧਰਤੀ ਦੇ ਸਾਹ ਜਿਉਂ ਲੱਗਣ ਲੱਗੀ ।
ਇੱਕ ਪੰਛੀ ਬੈਠਾ ਕਿਸੇ ਰੁੱਖ ਉੱਤੇ,
ਦੁਪਹਿਰੋਂ ਸ਼ਾਮ ਤੋੜੀ ਗੀਤ ਗਾਈ ਗਿਆ ।
ਕੋਈ ਸੁਣੇ ਨਾ ਸੁਣੇ ਇਹ ਓਸ ਨੂੰ ਕੀ,
ਕੁਦਰਤ ਰਾਣੀ ਨੂੰ ਰਾਗ ਸੁਣਾਈ ਗਿਆ ।
ਡਾਕ ਬਾਬੂ ਵਿਹਲਾ, ਲਿਸ਼ਕਦੇ ਪੱਤ ਵੇਖੇ,
ਉਡਦੇ ਬੱਦਲਾਂ ਵੱਲ ਜਾਏ ਨੀਝ ਉਸਦੀ ।
ਐ ਕਾਸ਼ ! ਪਿਆਰਾ ਕੋਈ ਕੋਲ ਹੋਵੇ,
ਮਨ ਵਿੱਚ ਉਬਾਲੇ ਲਏ ਰੀਝ ਉਸਦੀ ।
ਉਹ ਸੋਚਦਾ ਪੰਛੀ ਜੋ ਗਾ ਰਿਹਾ ਏ,
ਸਾਂ-ਸਾਂ ਪੱਤਿਆਂ ਦੀ ਓਹੋ ਆਖਦੀ ਏ ।
ਕੋਈ ਪਿਆਰਾ ਜੇ ਆ ਕੇ ਕੋਲ ਬੈਠੇ,
ਤਾਂਘ ਉਨ੍ਹਾਂ ਦੀ ਵੀ ਏਹੋ ਜਾਪਦੀ ਏ ।
ਉਹਨੇ ਆਹ ਭਰ, 'ਰਤਨ' ਨੂੰ 'ਵਾਜ਼ ਮਾਰੀ,
ਬਾਹਰ ਕੱਚੇ ਅਮਰੂਦ ਜੋ ਖਾ ਰਹੀ ਸੀ ।
'ਕੀ ਮੈਨੂੰ ਬੁਲਾਇਆ ਤੁਸੀਂ ਦਾਦਾ ?
ਇਹ ਕਹਿੰਦੀ ਅੰਦਰ ਨੂੰ ਆ ਰਹੀ ਸੀ।'
ਡਾਕ ਬਾਬੂ ਕਿਹਾ, 'ਮੈਂ ਸੋਚਦਾ ਹਾਂ,
ਕਿਉਂ ਨਾ ਤੈਨੂੰ ਕੁਝ ਪੜ੍ਹਾਇਆ ਜਾਵੇ ?
ਵਿਹਲਾ ਸਮਾਂ ਜਿਹੜਾ ਮਿਲ ਜਾਂਵਦਾ ਏ,
ਉਹ ਏਸ ਲੇਖੇ ਸਾਰਾ ਲਾਇਆ ਜਾਵੇ ।'
ਸ਼ਾਮ ਤੱਕ ਉਹ ਅੱਖਰ ਸਿਖਾਈ ਗਿਆ,
ਰਤਨ ਵੀ ਕੰਮ ਏਸੇ ਵਿਚ ਰੁੱਝ ਗਈ ।
ਕੁਝ ਦਿਨਾਂ ਦੇ ਵਿਚ ਹੀ ਸਿੱਖ ਅੱਖਰ,
ਜੁੜਵੇਂ-ਅੱਖਰਾਂ ਤੱਕ ਉਹ ਪੁੱਜ ਗਈ ।
ਇੰਞ ਜਾਪੇ ਬਰਸਾਤ ਨਹੀਂ ਬੰਦ ਹੋਣੀ,
ਨਹਿਰਾਂ, ਖਾਈਆਂ, ਖਤਾਨ ਉਸ ਭਰ ਦਿੱਤੇ ।
ਚੌਵੀ ਘੰਟੇ ਛੱਤ ਤੇ ਰਹੇ ਖੜਕਾਰ ਹੁੰਦਾ
ਬੋਲ ਡੱਡੂਆਂ ਬੋਲੇ ਕੰਨ ਕਰ ਦਿੱਤੇ ।
ਗਲੀਆਂ ਪਿੰਡ ਦੀਆਂ ਪਾਣੀ ਨਾਲ ਭਰੀਆਂ,
ਉਥੋਂ ਸੌਖਿਆਂ ਲੰਘਿਆ ਜਾਂਵਦਾ ਨਾ ।
ਛੋਟੀ ਬੇੜੀ ਲੈ ਮੰਡੀ ਨੂੰ ਜੋ ਜਾਏ,
ਉਹ ਵੀ ਭਿੱਜੇ ਬਿਨ ਘਰ ਨੂੰ ਆਂਵਦਾ ਨਾ ।
ਇਕ ਸੁਬਹ ਅਸਮਾਨ ਤੇ ਛਾਏ ਬੱਦਲ,
ਰਤਨ ਬਾਹਰ ਆਵਾਜ਼ ਉਡੀਕਦੀ ਰਹੀ ।
ਬਹੁਤਾ ਚਿਰ ਨਾ ਜਦ ਆਵਾਜ਼ ਆਈ,
ਫੜ ਕਿਤਾਬ ਉਹ ਕਮਰੇ ਦੇ ਵੱਲ ਗਈ ।
ਅੰਦਰ ਗਈ ਤਾਂ ਬਿਸਤਰ ਤੇ ਓਸ ਡਿੱਠਾ,
ਡਾਕ ਬਾਬੂ ਸੀ ਲੰਮਾ ਪਇਆ ਹੋਇਆ ।
ਉਹਨੇ ਸੋਚਿਆ ਉਹ ਆਰਾਮ ਕਰਦਾ,
ਵਾਪਸ ਮੁੜਨ ਨੂੰ ਓਸਦਾ ਚਿਤ ਹੋਇਆ ।
ਦੱਬੇ ਪੈਰੀਂ ਜਾਂ ਰਤਨ ਮੁੜਨ ਲਗੀ,
ਉਹਦੇ ਨਾਂ ਦੀ ਓਹਨੂੰ ਆਵਾਜ਼ ਆਈ ।
'ਮੈਨੂੰ ਜਾਪਦਾ ਸੀ ਤੁਸੀਂ ਸੌਂ ਰਹੇ ਓ ?'
ਅੱਗੋਂ ਮੋੜਵਾਂ ਮੁੜ ਉਸ ਪੁੱਛਿਆ ਈ ।
ਡਾਕ ਬਾਬੂ ਉਦਾਸ ਆਵਾਜ਼ ਕੱਢੀ,
'ਮੇਰਾ ਸਰੀਰ ਅੱਜ ਕੁਝ ਨਹੀਂ ਠੀਕ ਲਗਦਾ ।'
ਜ਼ਰਾ ਹੱਥ ਉੱਤੇ ਰੱਖ ਵੇਖ ਤਾਂ ਸਹੀ,
ਮੇਰਾ ਮੱਥਾ ਤੰਦੂਰ ਜਿਉਂ ਕਿਵੇਂ ਤਪਦਾ ।'
ਉਹਨੂੰ ਇਕੱਲ ਦਾ ਇਹ ਬਨਵਾਸ ਡੰਗੇ,
ਉੱਤੋਂ ਬੱਦਲਾਂ ਨੇ ਨ੍ਹੇਰ ਪਾਇਆ ਸੀ ।
ਅਪਣੀ ਮਾਂ ਤੇ ਭੈਣ ਦਾ ਹੱਥ ਕੂਲਾ,
ਮੱਥੇ ਆਪਣੇ ਤੇ ਯਾਦ ਆਇਆ ਸੀ ।
ਐਨ ਉਸੇ ਵੇਲੇ ਚਮਤਕਾਰ ਹੋਇਆ,
ਰਤਨ ਬਾਲੜੀ ਤੋਂ ਮਾਂ ਦਾ ਰੂਪ ਧਰਿਆ ।
ਪਿੰਡੋਂ ਜਾ ਕੇ ਡਾਕਟਰ ਨੂੰ ਲੈ ਆਈ,
ਦਵਾਈ ਸਮੇਂ ਸਿਰ ਦੇਣ ਦਾ ਕੰਮ ਕਰਿਆ ।
ਸਾਰੀ ਰਾਤ ਸਿਰ੍ਹਾਣੇ ਦੇ ਕੋਲ ਬੈਠੀ,
ਦਲੀਆ ਆਪਣੇ ਆਪ ਬਣਾਂਵਦੀ ਰਹੀ ।
'ਪਹਿਲਾਂ ਨਾਲੋਂ ਫ਼ਰਕ ਕੁਝ ਪਿਆ ਦਾਦਾ ?'
ਕਦੇ ਕਦੇ ਇਹ ਉਹਨੂੰ ਪੁਛਾਂਵਦੀ ਰਹੀ ।
ਕੁਝ ਦਿਨ ਲੰਘੇ ਬੁਖਾਰ ਉਤਰ ਗਿਆ,
ਪਰ ਸਰੀਰ ਕਮਜ਼ੋਰ ਉਹ ਕਰ ਗਿਆ ।
'ਮੈਂ ਇੱਥੋਂ ਹੁਣ ਬਦਲੀ ਕਰਵਾ ਲੈਣੀ,'
ਇਹ ਮਰੀਜ਼ ਨੇ ਫੈਸਲਾ ਕਰ ਲਿਆ ।
ਅਰਜ਼ੀ ਕਲਕੱਤੇ ਨੂੰ ਓਸ ਨੇ ਭੇਜ ਦਿੱਤੀ,
ਬਦਲੀ ਲਈ ਉਸ ਵਿੱਚ ਅਪੀਲ ਲਿਖੀ ।
'ਇਹ ਥਾਂ ਸਿਹਤ ਦੇ ਲਈ ਨਹੀਂ ਚੰਗੀ,'
ਇਹ ਉਸ ਆਪਣੇ ਵੱਲੋਂ ਦਲੀਲ ਲਿਖੀ ।
ਕੰਮ ਨਰਸ ਦੇ ਤੋਂ ਜਦੋਂ ਹੋਈ ਵਿਹਲੀ,
ਰਤਨ ਆਪਣੀ ਜਗਾਹ ਆ ਫੇਰ ਮੱਲੀ ।
ਮਾਲਕ ਕੋਈ ਨਾ ਉਹਨੂੰ ਆਵਾਜ਼ ਦੇਵੇ,
ਬਹੁਤਾ ਸਮਾਂ ਲੰਘਾਵਦੀ ਬੈਠ ਕੱਲੀ ।
ਰਤਨ ਆਵਾਜ਼ ਨੂੰ ਪਈ ਉਡੀਕਦੀ ਸੀ,
ਉਹ ਅਰਜ਼ੀ ਦਾ ਜਵਾਬ ਉਡੀਕਦਾ ਸੀ ।
ਏਸੇ ਤਰ੍ਹਾਂ ਸਾਰਾ ਸਮਾਂ ਦੋਵਾਂ ਲਈ,
ਆਪੋ ਆਪਣੇ ਢੰਗ ਨਾਲ ਬੀਤਦਾ ਸੀ ।
ਵਾਰ ਵਾਰ ਪੁਰਾਣੇ ਉਹ ਸਬਕ ਪੜ੍ਹਦੀ,
ਇੰਞ ਕਰਦਿਆਂ ਹਫ਼ਤਾ ਇਕ ਲੰਘ ਗਿਆ ।
ਅੰਤ ਓਸ ਨੂੰ ਜਦੋਂ ਆਵਾਜ਼ ਪਈ,
ਮਨ ਖ਼ੁਸ਼ੀ ਹੋਇਆ ਕਮਰੇ ਵੱਲ ਗਿਆ ।
'ਰਤਨ, ਕੱਲ੍ਹ ਨੂੰ ਇੱਥੋਂ ਮੈਂ ਟੁਰ ਜਾਣਾ,'
ਡਾਕ ਬਾਬੂ ਨੇ ਉਹਨੂੰ ਇਹ ਗੱਲ ਦੱਸੀ ।
'ਕਿੱਥੇ ਜਾ ਰਹੇ ਹੋ, ਦਾਦਾ ਦੱਸੋ ਮੈਨੂੰ ?'
ਰਤਨ ਮੋੜ ਕੇ ਅੱਗੋਂ ਇਹ ਗੱਲ ਪੁੱਛੀ ।
'ਘਰ ਜਾ ਰਿਹਾਂ,' ਅੱਗੋਂ ਜਵਾਬ ਮਿਲਿਆ,
ਉਸ ਪੁੱਛਿਆ, 'ਵਾਪਸ ਹੈ ਕਦੋਂ ਆਉਣਾ ?'
ਓਸ ਆਖਿਆ, 'ਏਸ ਜਗ੍ਹਾ ਤੇ ਹੁਣ,
ਮੁੜ ਕਦੇ ਵੀ ਮੈਂ ਨਹੀਂ ਪੈਰ ਪਾਉਣਾ ।'
ਰਤਨ ਅੱਗੋਂ ਨਾ ਕੋਈ ਸਵਾਲ ਪੁੱਛਿਆ,
ਡਾਕ ਬਾਬੂ ਪਰ ਸਭ ਕੁਝ ਕਹਿ ਦਿੱਤਾ ।
ਉਹਦੀ ਅਰਜ਼ੀ ਹੈ ਨਾਮੰਜ਼ੂਰ ਹੋਈ,
ਇਸ ਲਈ ਅਸਤੀਫਾ ਉਸ ਦੇ ਦਿੱਤਾ ।
ਕਿੰਨਾ ਚਿਰ ਫਿਰ ਦੋਵੇਂ ਹੀ ਚੁੱਪ ਰਹੇ,
ਇਕ ਲਫ਼ਜ਼ ਵੀ ਮੂੰਹਾਂ 'ਚੋਂ ਕੱਢਿਆ ਨਾ ।
ਮੱਧਮ ਜਿਹਾ ਦੀਵਾ ਇੱਕ ਰਿਹਾ ਬਲਦਾ,
ਛੱਤੋਂ ਤਿਪਕਣਾ ਪਾਣੀ ਨੇ ਛੱਡਿਆ ਨਾ ।
ਹੌਲੀ ਹੌਲੀ ਰਤਨ ਉਠੀ ਉਸ ਥਾਂ ਤੋਂ,
ਜਾ ਕੇ ਰਸੋਈ ਵਿੱਚ ਖਾਣਾ ਤਿਆਰ ਕਰਦੀ ।
ਬਾਲ-ਮਨ ਉਹਦਾ ਖ਼ਿਆਲਾਂ ਨਾਲ ਭਰਿਆ,
ਇਕ ਸੋਚ ਜਾਏ ਦੂਜੀ ਫਿਰ ਆ ਵੜਦੀ ।
ਮਾਲਕ ਖਾਣਾ ਖਾ ਕੇ ਜਾਂ ਹੋਇਆ ਵਿਹਲਾ,
ਬਾਲ-ਮਨ ਨੇ ਹੌਸਲਾ ਢੇਰ ਕੀਤਾ ।
'ਮੈਨੂੰ ਆਪਣੇ ਨਾਲ ਲਿਜਾਓਗੇ ਨਾ ?'
ਅਚਣਚੇਤ ਇਹ ਰਤਨ ਨੇ ਪੁੱਛ ਲੀਤਾ ।
'ਕਿਹਾ ਖ਼ਿਆਲ ਏ!' ਮਾਲਕ ਨੇ ਕਿਹਾ ਮੂੰਹੋਂ,
ਇਹ ਕਹਿ ਕੇ ਖ਼ੂਬ ਫਿਰ ਆਪ ਹੱਸਿਆ ।
ਉਹ ਕਿਉਂ ਨਹੀਂ ਉਹਨੂੰ ਲਿਜਾ ਸਕਦਾ ?
ਇਹਦਾ ਜਵਾਬ ਨਾ ਉਸ ਨੇ ਕੋਈ ਦੱਸਿਆ ।
ਸਾਰੀ ਰਾਤ ਹੀ ਜਦ ਉਹਨੂੰ ਜਾਗ ਆਈ,
ਸੁਪਨੇ ਲੈਂਦੀ ਹੋਈ ਭਾਵੇਂ ਪਈ ਸੁੱਤੀ ।
'ਕਿਹਾ ਖ਼ਿਆਲ', ਕਹਿ ਹੱਸਦੀ ਇਕੋ ਸੂਰਤ,
ਵਾਰ ਵਾਰ ਉਹਦੇ ਬਾਲ-ਮਨ ਤੱਕੀ ।
ਪਿੰਡ ਵਾਲੇ ਤਾਂ ਨਦੀ ਵਿਚ ਜਾ ਨ੍ਹਾਉਂਦੇ,
ਡਾਕ ਬਾਬੂ ਪਰ ਘਰੇ ਹੀ ਨਾਂਵਦਾ ਸੀ ।
ਆਪਣੇ ਨ੍ਹਾਉਣ ਲਈ ਰੋਜ਼ ਉਹ ਰਤਨ ਕੋਲੋਂ,
ਕਈ ਘੜਿਆਂ ਵਿਚ ਪਾਣੀ ਭਰਾਂਵਦਾ ਸੀ ।
ਰਤਨ ਰਾਤੀਂ ਨਾ ਉਸ ਤੋਂ ਪੁੱਛ ਸਕੀ,
ਕਿੰਨੇ ਵਜੇ ਸਵੇਰੇ ਉਸ ਜਾਵਣਾ ਏਂ ।
ਸੁਬਹ ਉੱਠ ਨਦੀਉਂ ਘੜੇ ਭਰ ਲਿਆਈ,
ਉਹਨੂੰ ਪਤਾ ਨਾ ਕਦੋਂ ਉਸ ਨ੍ਹਾਵਣਾ ਏਂ ।
ਡਾਕ ਬਾਬੂ ਪਹਿਲਾਂ ਇਸ਼ਨਾਨ ਕੀਤਾ,
ਫੇਰ ਰਤਨ ਨੂੰ ਕੋਲ ਬੁਲਾਇਆ ਉਸਨੇ ।
ਚੁਪਚਾਪ ਉਹ ਕੋਲ ਆ ਖੜ੍ਹੀ ਹੋ ਗਈ,
ਉਹਨੂੰ ਪਿਆਰ ਦੇ ਨਾਲ ਸੁਣਾਇਆ ਉਸਨੇ ।
'ਮੇਰੇ ਜਾਣ ਦੀ ਚਿੰਤਾ ਨਾ ਕਰੀਂ ਕੋਈ,
ਤੇਰੇ ਲਈ ਸਭ ਕੁਝ ਕਰ ਜਾਵਣਾ ਮੈਂ ।
ਮੇਰੇ ਬਾਦ ਜਿਹੜਾ ਆਊ ਥਾਂ ਮੇਰੀ,
ਉਹਨੂੰ ਸਭ ਸਮਝਾ ਕੇ ਜਾਵਣਾ ਮੈਂ ।'
ਕਿੰਨੀ ਵਾਰ ਰਤਨ ਝਿੜਕਾਂ ਝੱਲੀਆਂ ਸਨ,
ਐਨਾ ਕਦੇ ਨਹੀਂ ਸੀ ਉਹ ਦੁਖੀ ਹੋਈ ।
ਡਾਕ ਬਾਬੂ ਦੇ ਇਹ ਕਹਿਣ ਉੱਤੇ,
ਭੁੱਬਾਂ ਮਾਰ ਕੇ ਓਸ ਦੀ ਰੂਹ ਰੋਈ ।
ਨਾਲੇ ਰੋਈਂ ਜਾਵੇ, ਨਾਲੇ ਕਹੀਂ ਜਾਵੇ,
'ਮੇਰੇ ਲਈ ਨਾ ਕਿਸੇ ਨੂੰ ਕੁਝ ਕਹਿਣਾ ।
ਤੁਸੀਂ ਚਲੇ ਜਾਵੋ ਕਾਹਦਾ ਫ਼ਿਕਰ ਮੈਨੂੰ,
ਤੁਹਾਥੋਂ ਬਾਦ ਮੈਂ ਏਸ ਥਾਂ ਨਹੀਂ ਰਹਿਣਾ ।'
ਡਾਕ ਬਾਬੂ ਹੈਰਾਨ ਹੋ ਪਿਆ ਤੱਕੇ,
ਪਹਿਲੀ ਵਾਰ ਇਹ ਰਤਨ ਦਾ ਰੂਪ ਤੱਕਿਆ ।
ਬਾਲ-ਮਨ ਦੀ ਤਾਹੀਂ ਸਭ ਆਖਦੇ ਨੇ,
ਕੋਈ ਸਿਆਣਾ ਵੀ ਥਾਹ ਨਾ ਪਾ ਸਕਿਆ ।
ਨਵਾਂ ਆਦਮੀ ਸਮੇਂ ਸਿਰ ਆ ਪੁੱਜਾ,
ਉਹਨੇ ਆਉਂਦਿਆਂ ਅਹੁਦਾ ਸੰਭਾਲ ਲਿਆ ।
ਡਾਕ ਬਾਬੂ ਜਾਂ ਜਾਣ ਲਈ ਤਿਆਰ ਹੋਇਆ,
ਉਹਨੇ ਰਤਨ ਨੂੰ ਕੋਲ ਬਹਾਲ ਕਿਹਾ,
'ਆਹ ਲੈ ਮੈਂ ਤੈਨੂੰ ਕੁਝ ਦੇਣ ਲੱਗਾ,
ਤੇਰਾ ਕੁਝ ਚਿਰ ਏਸ ਲੰਘਾ ਦੇਣਾ ।'
ਅਪਣੀ ਤਨਖ਼ਾਹ ਸੀ ਉਹਨੂੰ ਉਹ ਦੇਣ ਲੱਗਾ,
ਪਰ ਰਤਨ ਨੂੰ ਜਾਪਿਆ ਇਹ ਮੇਹਣਾ ।
ਰਤਨ ਰੋਏ ਉੱਚੀ ਪੈਰੀਂ ਹੱਥ ਲਾਵੇ,
'ਦਾਦਾ ਮੈਂ ਨਹੀਂ ਕੋਈ ਵੀ ਚੀਜ਼ ਲੈਣੀ ।
ਮੇਰੇ ਵਾਸਤੇ ਕੋਈ ਨਾ ਕਰੋ ਚਿੰਤਾ,
ਮੇਰੀ ਬੇਨਤੀ ਮੰਨ ਇਹ ਤੁਸਾਂ ਲੈਣੀ ।'
ਇਹ ਆਖ ਕੇ ਰਤਨ ਤਾਂ ਦੌੜ ਗਈ,
ਡਾਕ ਬਾਬੂ ਨੇ ਇਕ ਸੀ ਆਹ ਭਰੀ ।
ਉੱਥੋਂ ਚੁਕਿਆ ਸਾਰਾ ਸਾਮਾਨ ਅਪਣਾ,
ਕਿਸ਼ਤੀ ਵੱਲ ਨੂੰ ਅਪਣੀ ਰਾਹ ਫੜੀ ।
ਜਦੋਂ ਉਹ ਕਿਸ਼ਤੀ ਵਿਚ ਜਾ ਚੜ੍ਹਿਆ,
ਨਦੀ ਪੂਰੇ ਉਫਾਣ ਤੇ ਚੜ੍ਹੀ ਹੋਈ ਸੀ ।
ਉਹਨੂੰ ਜਾਪਿਆ ਨਦੀ ਵਿਚ ਨਹੀਂ ਪਾਣੀ,
ਇਹ ਤਾਂ ਹੰਝੂਆਂ ਦੇ ਨਾਲ ਭਰੀ ਹੋਈ ਸੀ ।
ਉਹਦੇ ਮਨ ਅੰਦਰ ਇਕ ਚੀਸ ਉੱਠੀ,
ਚਿਹਰਾ ਰਤਨ ਦਾ ਸਾਮ੍ਹਣੇ ਆਈ ਜਾਵੇ ।
ਉਹਨੂੰ ਜਾਪੀ ਉਹ ਜਿਦਾਂ ਮਾਂ-ਧਰਤੀ,
ਦਰਦ ਕਿੰਨਾਂ ਹੀ ਦਿਲ ਸਮਾਈ ਜਾਵੇ ।
ਉਹਦੇ ਮਨ ਆਇਆ ਉਹਨੂੰ ਲੈ ਆਵਾਂ,
ਬਾਦਬਾਨਾਂ ਵਿਚ ਹਵਾ ਪਰ ਭਰ ਗਈ ਸੀ ।
ਉਹਦੇ ਵਿੰਹਦਿਆਂ ਪਿੰਡ ਨੂੰ ਛੱਡ ਪਿੱਛੇ,
ਮੰਝਧਾਰ ਵੱਲ ਨੂੰ ਬੇੜੀ ਤਰ ਗਈ ਸੀ ।
ਡਾਕ ਬਾਬੂ ਨੂੰ ਫਲਸਫਾ ਯਾਦ ਆਇਆ,
ਕਿੰਨੇ ਮਿਲਣ-ਵਿਛੋੜੇ ਫਿਰ ਯਾਦ ਆਏ ।
ਵਿਛੋੜਾ ਮੌਤ ਦਾ ਸਭ ਤੋਂ ਹੈ ਵੱਡਾ,
ਮੁੜ ਕੇ ਜਿਦ੍ਹੇ ਨਾ ਕਦੇ ਕੋਈ ਬਾਦ ਆਏ ।
ਰਤਨ ਕੋਲ ਨਾ ਕੋਈ ਫਲਸਫਾ ਸੀ,
ਉਹ ਤਾਂ ਡਾਕ-ਘਰ ਵਿੱਚ ਹੀ ਘੁੰਮ ਰਹੀ ਸੀ ।
ਦਾਦਾ ਓਸਦਾ ਸ਼ਾਇਦ ਆ ਜਾਏ ਮੁੜ ਕੇ,
ਉਹਦੇ ਮਨ ਨੂੰ ਆਸ ਇਹ ਟੁੰਬ ਰਹੀ ਸੀ ।
ਪਰ ਇਸ ਤਰ੍ਹਾਂ ਵਿਛੜੇ ਕਦੋਂ ਮਿਲਦੇ,
ਝੂਠੀ ਆਸ ਨੇ ਆਪੇ ਹੀ ਮੁੱਕ ਜਾਣਾ ।
ਸਮਾਂ ਲੰਘਦਾ ਜਾਣਾ ਤੇ ਨਾਲ ਉਸਦੇ,
ਬੂਟਾ ਸੱਧਰਾਂ ਦਾ ਆਪੇ ਸੁੱਕ ਜਾਣਾ ।
ਪਰ ਆਸਾਂ ਦਾ ਇਹ ਧੰਦਾਲ ਐਸਾ,
ਮੁੜ ਮੁੜ ਮਨ ਇਨ੍ਹਾਂ ਵਿਚ ਫਸਦਾ ਏ ।
ਜਿੰਨਾ ਨਿਕਲਣ ਲਈ ਏਸ 'ਚੋਂ ਜ਼ੋਰ ਲਾਵੇ,
ਹੋਰ ਹੋਰ ਜਾਂਦਾ ਇਹ ਕਸਦਾ ਏ ।