ਡਰ (ਕਹਾਣੀ) : ਬਲੀਜੀਤ

ਮੈਂ ਕਦੇ ਕਿਸੇ ਕਾਤਲ ਦਾ ਚਿਹਰਾ ਨਹੀਂ ਸੀ ਦੇਖਿਆ ।

ਸਧਾਰਨ ਨੈਣ-ਨਕਸ਼ਾਂ ਵਾਲਾ ਆਮ ਜਿਹਾ ਚਿਹਰਾ ਕਤਲ ਕਰਨ ਦੀ ਇੱਛਾ ਨਾਲ ਬਦਲ ਕੇ ਕਿਵੇਂ ਦਾ ਬਣ ਜਾਂਦਾ ਹੋਵੇਗਾ? ਅੱਖਾਂ 'ਚ ਲਾਲੀ ਆ ਜਾਂਦੀ ਹੋਵੇਗੀ? ਖ਼ੂਨ ਸੌ ਦੀ ਸਪੀਡ ਉੱਤੇ ਘੁੰਮਣ ਲੱਗਦਾ ਹੋਵੇਗਾ? ਹੋਰ ਕੀ ਕੀ ਹੁੰਦਾ ਹੋਵੇਗਾ? ਉਸ ਦੀ ਹਾਲਤ ਮੱਝ ਮਗਰ ਪਏ ਝੋਟੇ ਵਰਗੀ ਹੁੰਦੀ ਹੋਵੇਗੀ? ...ਜਾਂ ਕਸਾਈ ਵਰਗੀ ਜਾਂ ਫਿਰ ਪੁੱਤ ਨੂੰ ਝਿੜਕਦੇ ਬਾਪ ਵਰਗੀ । ਜਾਂ...

ਕਤਲਾਂ ਦੀਆਂ ਕਿੰਨੀਆਂ ਹੀ ਖ਼ਬਰਾਂ ਪੜ੍ਹੀਆਂ ਸੁਣੀਆਂ ਸਨ । ਕਿੰਨੇ ਹੀ ਹੱਤਿਆਰਿਆਂ ਦੀਆਂ ਫ਼ੋਟੋਆਂ ਅਖ਼ਬਾਰਾਂ ਰਸਾਲਿਆਂ 'ਚ ਦੇਖੀਆਂ ਸਨ । ਹੱਤਿਆਰਿਆਂ ਦੇ ਜੀਵਨ ਦੀਆਂ ਕਿੰਨੀਆਂ ਹੀ ਗੱਲਾਂ ਮਨ 'ਚ ਸਾਂਭੀਆਂ ਪਈਆਂ ਸਨ । ਉਹ ਆਮ ਗੱਲਾਂ ਸਨ । ਕਿਸੇ ਦੇ ਜੀਵਨ 'ਚ ਵੀ ਹੋ ਸਕਦੀਆਂ ਸਨ । ਮੇਰੇ ਜੀਵਨ ਵਿੱਚ ਵੀ ਸਨ । ਮੈਨੂੰ ਪਤਾ ਹੀ ਸੀ ਕਿ ਮੈਂ ਹੱਤਿਆਰਾ ਨਹੀਂ ਸਾਂ । ਮੈਂ ਅਜੇ ਤੱਕ ਕਿਸੇ ਦਾ ਖ਼ੂਨ ਨਹੀਂ ਕੀਤਾ ਸੀ । ਹੋਰਾਂ ਨੂੰ ਮਿਲਿਆ ਹੋਵੇਗਾ ਪਰ ਚੰਗੇ-ਮਾੜੇ ਭਾਗਾਂ ਨੂੰ ਮੈਨੂੰ ਕਦੇ ਕਿਸੇ ਕਾਤਲ ਦਾ ਚਿਹਰਾ ਜਾਂ ਹੱਥ ਨਜ਼ਰਾਂ ਨਾਲ ਛੂਹਣ ਨੂੰ ਨਹੀਂ ਮਿਲੇ । ਉਹ ਹੱਥ ਜਿਹਨਾਂ ਵਿੱਚ ਉਲਾਰਿਆ ਹੋਇਆ ਗੰਡਾਸਾ ਹੋਵੇ । ਕਿਰਪਾਨ ਹੋਵੇ । ਜਾਂ ਸੱਜੇ ਹੱਥ ਦੀ ਉਹ ਪਹਿਲੀ ਉਂਗਲ ਜੋ ਬੰਦੂਕ ਦੇ ਘੋੜੇ 'ਤੇ ਟਿਕੀ ਹੋਵੇ ਜਿਸ ਦੀਆਂ ਅੱਖਾਂ ਵਿੱਚ ਖ਼ੂਨ ਕਰਨ ਦੀ ਤਮੰਨਾ ਹੋਵੇ । ਦੰਦ ਭੀਚੇ ਹੋਣ । ਬੁੱਲ੍ਹ ਮੀਚੇ ਹੋਣ... ਜਾਂ...

***

ਹਾਂ, ਅਜਿਹੇ ਕੁਝ ਵਾਕਿਆਤ ਉਸ ਸਮੇਂ ਵੀ ਸੁਣੇ ਸਨ ਜਦੋਂ ਕਿ ਮੈਨੂੰ ਯਕੀਨ ਹੈ ਕਿ ਕਤਲ ਹੋਣ ਵਾਲੇ ਦੀ ਗਰਦਨ ਅਤੇ ਚੱਲਣ ਵਾਲੀ ਤਲਵਾਰ ਉੱਤੇ ਅਜੇ ਖ਼ੂਨ ਸੁੱਕਿਆ ਨਹੀਂ ਹੋਵੇਗਾ । ਸਰੀਰ ਨੂੰ ਕੱਟਣ ਨਾਲ ਪਹਿਲਾਂ ਖ਼ੂਨ ਹੀ ਤਾਂ ਨਿਕਲਦਾ ਹੈ । ਲਾਲ ਰੰਗ ਦਾ । ਫੇਰ ਖ਼ੂਨ ਸੁੱਕ ਕੇ ਕਾਲਾ ਜਿਹਾ ਹੋਣ ਲੱਗਦਾ ਹੈ । ਨਹੀਂ? ਅਜਿਹਾ ਹੀ ਇੱਕ ਮੌਕਾ ਉਦੋਂ ਆਇਆ ਸੀ ਜਦੋਂ ਮੈਂ ਅਜੇ ਜੁਆਨ ਹੋ ਰਿਹਾ ਸਾਂ । ਕੱਛਾਂ ਵਿੱਚ ਵਾਲ ਉੱਗਣੇ ਸ਼ੁਰੂ ਹੋ ਚੁੱਕੇ ਸਨ । ਅੱਠਵੀਂ ਜਮਾਤ ਦਾ ਪਰਚਾ ਦੇ ਕੇ ਆਪਣੇ ਬਾਪ ਕੋਲ ਚਲਾ ਗਿਆ ਸਾਂ । ਆਪਣੇ ਪਿੰਡ ਤੋਂ ਚਾਲੀ ਮੀਲ ਦੂਰ ਪਹਾੜਾਂ ਦੇ ਪੈਰਾਂ 'ਚ ਕਾਫ਼ੀ ਵੱਡੇ ਦਿਸਦੇ ਕਸਬੇ 'ਚ ਉਸ ਨੇ ਚੱਕੀ ਲਾਈ ਹੋਈ ਸੀ । ਪੰਜਾਹ ਸੱਠ ਦੁਕਾਨਾਂ ਸਨ । ਦੋ ਚੱਕੀਆਂ ਹੋਰ ਵੀ ਸਨ । ਜਦੋਂ ਪੰਦਰਾਂ ਤੋਂ ਉੱਪਰ ਬੋਰੇ ਕਣਕ ਮੱਕੀ ਦੇ ਇਕੱਠੇ ਹੋ ਜਾਂਦੇ ਤਾਂ ਅਸੀਂ ਇੰਜਣ ਸਟਾਰਟ ਕਰ ਦਿੰਦੇ । ਰਗੜ ਰਗੜ ਦਾਣਿਆਂ ਦੀ ਜਾਨ ਕੱਢ ਦਿੰਦੇ । ਪੁੜਾਂ 'ਚੋਂ ਨਿਕਲ ਕੇ ਗਿਰਦੇ ਆਟੇ ਦੀ ਧਾਰ 'ਚ ਪੋਟੇ ਝੁਲਸਣ ਜਿੰਨਾ ਸੇਕ ਹੁੰਦਾ ।

ਉਹ ਦਿਨ ਮੈਨੂੰ ਤਾਂ ਵੀ ਯਾਦ ਐ ਕਿ ਉਸ ਤੋਂ ਇੱਕ ਦਿਨ ਪਹਿਲਾਂ ਐਤਵਾਰ ਸੀ । ਬਜ਼ਾਰ ਬੰਦ ਸੀ । ਕੋਈ ਪੈਸਾ ਨਾ ਵੱਟਿਆ । ਅਗਲੇ ਦਿਨ ਸੋਮਵਾਰ ਨੂੰ ਅਸੀਂ ਦੋਵੇਂ ਬਹੁਤ ਹੀ ਉਦਾਸ ਸਾਂ । ਬਾਰ ਬਾਰ ਪਾਣੀ ਪੀਂਦੇ । ਪਰ ਪਾਣੀ ਦੋ ਕੁ ਘੁੱਟ ਮਸਾਂ ਪੀ ਹੁੰਦਾ । ਸਾਰਾ ਦਿਨ ਵਿਹਲੇ ਬੈਠੇ ਝੂਰਦੇ ਰਹੇ । ਨਾ ਕੋਈ ਆਟਾ ਮੁੱਲ ਲੈਣ ਆਇਆ । ਨਾ ਪਿਹਾਉਣ ।

'' ਸੋਮਵਾਰ ਦਿਨ-ਏ ਮੰਦਾ ਹੁੰਦਾ । ਮਾੜਾ । ਨਾਲ-ਏ ਘਰਾਟਾਂ ਆਲਿਆਂ ਨੇ ਸਾਨੂੰ ਭੁੱਖੇ ਮਾਰ ਦੇਣਾ '', ਬਾਪੂ ਇਹ ਵੀ ਨਾ ਸੋਚਦਾ ਕਿ ਮੈਂ ਉਸ ਦੀਆਂ ਇਹੋ ਜਹੀਆਂ ਗੱਲਾਂ ਸੁਣ ਕੇ ਸੁੰਨ ਹੋ ਜਾਂਦਾ ਸਾਂ । ਸੂਰਜ ਢਲਣ ਦੇ ਨਾਲ ਹੀ ਅਸੀਂ ਬੇਆਸ ਹੋ ਚੁੱਕੇ ਸਾਂ ਕਿਉਂਕਿ ਦੂਰੋਂ ਪਹਾੜਾਂ ਵਿੱਚੋਂ ਵੀ ਕਿਸੇ ਗਾਹਕ ਦੇ ਆਉਣ ਦੀ ਉਮੀਦ ਮਰ ਚੁੱਕੀ ਸੀ । ਦੁਪਿਹਰ ਦੀ ਖਾਧੀ ਰੋਟੀ ਨੇ ਬਾਪੂ ਦੇ ਢਿੱਡ ਵਿੱਚ ਫਸ ਕੇ ਜਿਵੇਂ ਉਸ ਦਾ ਸਰੀਰ ਹੀ ਖੜ੍ਹਾ ਕਰ ਦਿੱਤਾ ਸੀ । ਜਦੋਂ ਚੱਕੀ ਚਲਦੀ ਰਹਿੰਦੀ ਜਾਂ ਤੱਕੜੀ ਦੇ ਪੱਲੇ ਉਪਰ ਥੱਲੇ ਹੁੰਦੇ ਰਹਿੰਦੇ ਤਾਂ ਕੋਈ ਸੁਸਤੀ ਨਾ ਪੈਂਦੀ । ਇੰਜਣ ਚਲਦਾ ਹੀ ਰਹਿੰਦਾ । ਗਰਮ ਹੋਏ ਇੰਜਣ ਨੂੰ ਦਮ ਦੁਆਉਣਾ ਪੈਂਦਾ । ਸਾਡੇ ਮੂੰਹਾਂ 'ਚ ਅਜੀਬ ਸੁਆਦਲਾ ਜ਼ਾਇਕਾ ਹੁੰਦਾ । ਆਏ ਬੋਰਿਆਂ ਨੂੰ ਗਿਣਦੇ । ਆਟਾ ਮੁੱਲ ਲੈਣ ਆਉਂਦੇ ਬੰਦਿਆਂ, ਜਨਾਨੀਆਂ ਤੇ ਬੱਚਿਆਂ ਨੂੰ ਗਿਣਦੇ । ਬੋਰਿਆਂ ਤੇ ਬੰਦਿਆਂ ਦਾ ਜੋੜ ਲਾਉਂਦੇ । ਜਰਬ ਦਿੰਦੇ । ਤਕਸੀਮਾਂ ਕਰਦੇ । ਗੱਠਾਂ ਭੰਨਦੇ । ਕਾਟ ਕੱਟਦੇ । ਉਸ ਬੱਚੇ ਵਾਂਗ ਖੁਸ਼ ਹੁੰਦੇ ਜਿਸ ਦੇ ਹਿਸਾਬ ਦੇ ਸੁਆਲ ਦਾ ਜੁਆਬ ਠੀਕ ਨਿਕਲ ਆਵੇ ।

ਇੰਜ ਕਦੇ ਹੀ ਹੁੰਦਾ ਸੀ । ਮਹੀਨੇ 'ਚ ਪੰਜ-ਸੱਤ ਦਿਨ ।

ਬਾਕੀ ਦਿਨ ਚੱਕੀ ਸਾਡੇ ਦਮਾਕ 'ਚ ਪੁੱਠੇ ਗੇੜੇ ਕੱਢਦੀ ।

ਅਗਲਾ ਦਿਨ ਮੰਗਲਵਾਰ ਸੀ । ਸਵੇਰੇ ਸਵੇਰੇ ਅਸੀਂ ਕਦੇ ਉਦਾਸ ਨਹੀਂ ਸਾਂ ਹੁੰਦੇ । ਸਵੇਰੇ ਤਾਂ ਉਮੀਦ ਕਾਇਮ ਹੀ ਹੁੰਦੀ ਸੀ । ਨਵਾਂ ਸੂਰਜ ਨਵੀਂ ਉਮੀਦ ਨਾਲ ਚੜਿ੍ਹਆ ਸੀ ।

'' ਸੁਕਰ ਐ । ਸੁਕਰ ਐ । ਭਗਵਾਨੇ ਦਾ‚'', ਦੋ ਕੁਅੰਟਲ ਦੀ ਇੱਕੋ ਜਿਮੀਂਦਾਰ ਦੀ ਪੀਹਣ ਬਾਰੇ ਬਾਪੂ ਮੈਨੂੰ ਸਭ ਤੋਂ ਪਿਛਲੇ ਢਾਰੇ ਵਰਗੇ ਕਮਰੇ 'ਚ ਸਟੋਵ 'ਤੇ ਪਰੌਂਠੇ ਬਣਾਉਂਦੇ ਨੂੰ ਦੱਸ ਗਿਆ ਸੀ । ਤੇ ਅੰਬ ਦੇ ਅਚਾਰ ਦੀਆਂ ਬੀਂਗੀਆਂ ਟੇਢੀਆਂ ਫਾੜੀਆਂ ਹੇਠ ਪਏ ਖਲੇਪੜਾਂ ਵਰਗੇ ਗਰਮ ਪਰੌਂਠੇ ਇੱਕ ਤੋਂ ਦੂਜੇ ਹੱਥ 'ਚ ਬਦਲਦਾ ਬਾਹਰ ਨਿਕਲ ਗਿਆ ਸੀ । ਬਿੰਦ ਕੁ ਮਗਰੋਂ ਮੈਂ ਵੀ ਆਪਣੀ ਥਾਲੀ ਤੇ ਚਾਹ ਦੇ ਗਲਾਸ ਲੈ ਕੇ ਬੋਰੀਆਂ ਸ੍ਹਾਮਣੇ ਬਾਪੂ ਦੇ ਨਾਲ ਹੀ ਭੁੰਜੇ ਬਹਿ ਗਿਆ ਸਾਂ । ਸਾਡੇ ਨਹੁੰਆਂ 'ਚ ਫਸੇ ਅਚਾਰ ਦੀ ਹਮਕ ਅਜੇ ਹਟੀ ਵੀ ਨਹੀਂ ਸੀ ਕਿ ਮੇਰੀ ਮਾਂ ਤੋਂ ਜੁਆਨ ਦਿਸਦੀ ਇੱਕ ਜਨਾਨੀ ਸਾਡੇ ਕੋਲ ਆਈ । ਅਸੀਂ ਦੋਵੇਂ ਬੈਠੇ ਹੀ ਰਹੇ ਤੇ ਉਹ ਖੜ੍ਹੇ ਖੜ੍ਹੇ ਹੀ ਗੱਲਾਂ ਕਰਦੀ ਚਲੀ ਗਈ । ਜਦੋਂ ਦਾ ਮੈਂ ਇੱਥੇ ਆਇਆ ਸਾਂ ਇਹ ਔਰਤ ਦੋ ਵਾਰ ਆਟਾ ਲੈਣ ਆਈ ਸੀ । ਪਰ ਉਸ ਨੇ ਮੇਰੇ ਸ੍ਹਾਮਣੇ ਬਾਪੂ ਨੂੰ ਪੈਸੇ ਨਹੀਂ ਸਨ ਦਿੱਤੇ । ਨਾ ਮੈਨੂੰ ਪਤਾ ਲੱਗਿਆ ਕਿ ਉਹ ਕਿੰਨਾ ਆਟਾ ਲੈ ਗਈ ਸੀ । ਮੈਨੂੰ ਉਸ ਦੀਆਂ ਗੱਲਾਂ ਤੋਂ ਦੁਕਾਨ ਉੱਤੇ ਆਉਣ ਦਾ ਸਬੱਬ ਪੱਲੇ ਨਾ ਪਿਆ । ਜਿੰਨਾ ਚਿਰ ਉਹ ਖੜ੍ਹੀ ਰਹੀ ਮੇਰਾ ਸਾਰਾ ਧਿਆਨ ਆਪਣੇ ਮੂੰਹ 'ਚ ਰਿਹਾ, ਜਿੱਥੇ ਮੇਰੀ ਜੀਭ ਦੰਦਾਂ 'ਚ ਫਸੇ ਅਚਾਰ ਦੀਆਂ ਤੰਦਾਂ ਕੱਢਣ 'ਚ ਲੱਗੀ ਹੋਈ ਸੀ । ਉਹ ਆਟਾ ਲਏ ਬਗ਼ੈਰ ਈ ਚਲੇ ਗਈ ਸੀ । ਉਸ ਦੇ ਜਾਣ ਤੋਂ ਬਾਅਦ ਅਜੀਬ ਜਿਹਾ ਲੱਗਿਆ । ਬਾਪੂ ਨੂੰ ਵੀ ਅਚਵੀ ਜਹੀ ਲੱਗੀ ਹੋਈ ਸੀ । ਮੈਨੂੰ ਲੱਗਿਆ ਜਿਵੇਂ ਬਾਪੂ ਚਾਹੁੰਦਾ ਹੋਵੇ ਕਿ ਮੈਂ ਉਸੇ ਪਲ ਉੱਥੋਂ ਦਫਾ ਹੋ ਜਾਵਾਂ ।

''ਹੁਣ ਤੂੰ... ਹੁਣ ਤੂੰ... ਘਰ ਜਾ ਕੇ ਦਸੂੰਗਾ? ਬੀ ਉੱਥੇ ਐਂ ਹੁੰਦਾ! ਐਂ ਹੁੰਦਾ!!'' ਬਾਪੂ ਨੇ ਅਜੀਬ ਢੰਗ ਨਾਲ ਹੱਥਾਂ ਦੀਆਂ ਉਂਗਲਾਂ ਘੁੰਮਾਈਆਂ । ਤੇ ਅਤਿਅੰਤ ਗ਼ੈਰ-ਮਾਮੂਲੀ ਢੰਗ ਨਾਲ ਅੱਖਾਂ ਨਚਾਈਆਂ । ਮੈਨੂੰ ਬਾਪੂ ਦੀਆਂ ਅੱਖਾਂ ਤੋਂ ਭੈਅ ਆਈ । ਘਬਰਾਹਟ ਨਾਲ ਮੱਥੇ 'ਤੇ ਕੁਝ ਠੰਡਾ ਜਿਹਾ ਮਹਿਸੂਸ ਹੋਇਆ । ਪਤਾ ਨਹੀਂ ਮੈਂ ਕਿਸੇ ਨੂੰ ਕੀ ਦੱਸਾਂਗਾ । ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗਾ । ਕੀ ਹੋਇਆ ਸੀ । ਮੁੜ ਕੇ ਸੋਚਿਆ... ਆਖ਼ਰ ਹੋ ਕੀ ਗਿਆ ਸੀ... ਪਰੌਂਠੇ । ਆਚਾਰ ਦੀਆਂ ਫਾੜੀਆਂ । ਹਮਕ । ਔਰਤ । ਆਈ । ਚਲੇ ਗਈ । ਬੱਸ... ਔਰਤ? ਜਿਉਂ ਹੀ ਮੇਰੀ ਜੀਭ ਦੰਦਾਂ ਵਿੱਚ ਫਸੇ ਅਚਾਰ ਦੇ ਕਿਣਕੇ ਤੋਂ ਵਿਹਲੀ ਹੋਈ ਸੀ ਤਾਂ ਬਾਪੂ ਨੇ ਬੈਠੇ ਬੈਠੇ ਹੀ, ਆਪਣੀ ਕੰਗਰੋੜ ਸਿੱਧੀ ਕਰ ਕੇ, ਗਰਦਨ ਵੱਧ ਤੋਂ ਵੱਧ ਲੰਬੀ ਕਰ ਕੇ ਉਸ ਔਰਤ ਨੂੰ ਕਿਹਾ ਸੀ : ''ਸਾਡਾ ਵੀ ਕਰੋ ਹੁਣ ਕੁਸ '', ਤੇ ਔਰਤ ਨੇ ਮੇਰੇ ਵੱਲ ਵੇਖ ਕੇ ਅੱਖਾਂ ਹੋਰ ਪਾਸੇ ਮੋੜ ਲਈਆਂ ਸਨ ।

ਬਾਪੂ ਦੇ ਜਿਊਂਦੇ ਜੀਅ ਇਹ ਵਾਕਿਆ ਮੈਂ ਕਦੇ ਆਪਣੇ ਆਪ ਨੂੰ ਵੀ ਯਾਦ ਕਰ ਕੇ ਨਹੀਂ ਦੱਸਿਆ ਸੀ । ਬਹੁਤੇ ਬੱਚਿਆਂ ਵਾਂਗ ਮੈਂ ਆਪਣੇ ਬਾਪ ਨੂੰ ਪਿਆਰ ਹੀ ਕਰਦਾ ਸਾਂ । ਅਸੀਂ ਦੋਵਾਂ ਨੇ ਇਹ ਗੱਲ ਲੁਕੋ ਕੇ ਪਤਾ ਨਹੀਂ ਕਿਸ ਦੇ ਖਿਲਾਫ਼ ਸਾਜਿਸ਼ ਰਚੀ ਸੀ । ਬਾਪੂ ਨੇ ਵੀ ਇਸ ਗੱਲ ਨਾਲ ਮੇਰੇ ਅੰਦਰ ਤਬਾਹ ਕਰ ਦੇਣ ਵਾਲੀ ਸ਼ਕਤੀ ਅੱਗੇ ਤਰਲਾ ਹੀ ਤਾਂ ਲਿਆ ਸੀ ਕਿ ਮੈਂ ਘਰ ਜਾ ਕੇ ਚੁੱਪ ਰਹਾਂ । ਘਰ ਮਾਂ ਸੀ । ਵੱਡਾ ਭਾਈ ਸੀ । ਛੋਟੀਆਂ ਤਿੰਨ ਭੈਣਾਂ ਸਨ । ਚਾਚੇ ਚਾਚੀਆਂ ਸਨ । ਉਹਨਾਂ ਦੇ ਨਿਆਣੇ । ਵਿਧਵਾ ਤਾਈ । ਵਿਧਵਾ ਬੂਆ ਜੋ ਮੇਰੇ ਚੱਕੀ ਉੱਤੇ ਆਉਣ ਤੋਂ ਕਈ ਦਿਨ ਪਹਿਲਾਂ ਦੀ ਘਰੇ ਹੀ ਸੀ ।

ਉਹ ਮੰਗਲਵਾਰ ਇਸ ਨਾਲੋਂ ਵੀ ਇੱਕ ਹੋਰ ਖਾਸ ਗੱਲ ਕਰ ਕੇ ਚੇਤੇ 'ਚੋਂ ਵਿਸਰ ਨਹੀਂ ਰਿਹਾ । ਦੋ ਕੁਅੰਟਲ ਤੋਂ ਇਲਾਵਾ ਹੋਰ ਵੀ ਕਾਫ਼ੀ ਪੀਹਣ ਇਕੱਠੀ ਹੋ ਗਈ ਸੀ । ਦਮ ਦੁਆਉਣ ਲਈ ਅਸੀਂ ਇੰਜਣ ਖੜ੍ਹਾ ਦਿੱਤਾ । ਮੈਂ ਇੰਜਣ ਨਾਲ ਜੋੜੇ ਚੁਬੱਚੇ ਵਿੱਚੋਂ ਗਰਮ ਪਾਣੀ ਕੱਢ ਕੇ, ਠੰਡਾ ਪਾਣੀ ਪਾ ਰਿਹਾ ਸਾਂ । ਇੱਕ ਭੱਦਰ ਪੁਰਸ਼ ਆਇਆ । ਉਹ ਇਸੇ ਕਸਬੇ ਦਾ ਸੀ । ਬਾਪੂ ਕੋਲ ਭੁੰਜੇ ਹੀ ਬਹਿ ਕੇ ਗੱਲਾਂ ਕਰਨ ਲੱਗਾ । ਹਵਾ 'ਚ ਉੱਡਦੇ ਆਟੇ ਤੇ ਆਟੇ ਦੀ ਗੰਧ ਵਿੱਚੋਂ ਉਹਨਾਂ ਦੀਆਂ ਗੱਲਾਂ ਮੇਰੇ ਕੰਨਾਂ ਤੱਕ ਪੁੱਜਦੀਆਂ ਰਹੀਆਂ ਸਨ :

'' ਤੂੰ ਕਹਿੰਦਾ ਤਾ ਸਾਝਰੇ ਈ ਪੁੱਜ ਜੂੰ ਗਾ''

''ਤੁਰ ਤਾਂ ਸਾਝਰੇ ਈ ਪਿਆ ਤਾ । ਪਰ ਰਾਹ 'ਚ ਗੁਰਦੁਆਰੇ ਮੂਹਰੇ ਜੀ. ਟੀ. ਰੋੜ 'ਤੇ ਇੱਕ ਵਾਕੇ ਨੇ ਅਟਕਾ ਲਿਆ । ਬੜੀ ਮਾੜੀ ਹੋਈ ਬਈ । ''‚‚

''ਅਹਿਆ ਜਾ ਕਿਆ ਹੋ ਗਿਆ, ਠਾਕਰ ਦਾਸਾ ।''

'' ਕਿਆ ਦੱਸੀਏ ਬਖਸੀਸ ਸਿਆਂ । ਜੋ ਹੋਣੀ ਤੀ ਹੋ ਗੀ । ਕੋਈ ਜ਼ੋਰ ਨੀਂ । ਹੋਣੀ ਅਟੱਲ । ਮੈਂ ਚਲਿਆ ਆਮਾਂ ਤੇਰੇ ਕਿੰਨੀ ਨੂੰ । ਕਿਆ ਦੇਖਦਾਂ ਬੀ ਦੋ ਸਰਦਾਰ ਇੱਕ ਦੂਏ ਮੂਹਰੇ ਅੜੇ ਖੜ੍ਹੇ । ਬਹਿਸੀ ਜਾਣ । ਇੱਕ ਤਾਂ ਬਜੁਰਗ ਲੱਗਦਾ ਤਾ । ਪੰਜਾਹਾਂ ਤੋਂ ਉੱਤੇ ਹੋਊ । ਦੂਆ ਖਾਸਾ ਜੁਆਨ । ਖਹਿਬੜੀ ਜਾਣ । ਲੋਕ ਦੁਆਲੇ 'ਕੱਠੇ ਹੋਗੇ । ਨੌਜੁਆਨ ਦੇ ਹੱਥ ਕਿਰਪਾਨ । 'ਜਾਣਦਾ ਰਹੀਂ ਮੈਨੂੰ... ਜਾਣਦਾ ਰਹੀਂ ਮੈਨੂੰ...' ਕਹਿੰਦੇ ਕਹਿੰਦੇ ਨੇ ਕਿਰਪਾਨ ਧੂ ਲਈ । ਕੋਲ ਕੋਈ ਜਾਵੇ ਨਾ । ਘੇਰਾ ਪਾ ਕੇ ਖੜ੍ਹੇ ਰਹੇ । ਬੁੜ੍ਹੇ ਦੇ ਐਨਕ ਤੀ ਅੱਖਾਂ 'ਤੇ । ਨਿਗ੍ਹਾ ਦੀ । ਉਹ ਬੋਲੀ ਜਾਵੇ । ਐਨਕ ਠੀਕ ਕਰੀ ਜਾਵੇ । ਮੈਨੂੰ ਬਾਅਦ 'ਚ ਖ਼ਿਆਲ ਆਇਆ ਬੀ ਬੁੜ੍ਹੇ ਨੂੰ ਨਾ ਤਾਂ ਚੱਜ ਨਾਲ ਸੁਣਦਾ ਹੋਣਾ । ਨਾ ਪੂਰਾ ਦਿਖਦਾ ਹੋਣਾ । ਨਹੀਂ ਤਾ ਪਰ੍ਹੇ ਈ ਹੋ ਜਾਂਦਾ । ਨਾ ਅੜਦਾ । ਉਸ ਨੂੰ ਪਤਾ ਈ ਨਾ ਲੱਗਿਆ ਬਈ ਦੂਏ ਦੀਆਂ ਅੱਖਾਂ 'ਚ ਕੀ ਆ । ਖ਼ਬਰੇ ਦੋਮੇਂ ਰਿਸ਼ਤੇਦਾਰ ਈ ਹੋਣ । ਭਮਾ ਬਾਪ ਪੁੱਤ ਈ ਹੋਣ । ਹੁਣ ਦੂਆ ਕੌਣ ਮੌਤ ਨੂੰ ਮਾਸੀ ਕਹੇ । ਨੰਗੀ ਤਲਵਾਰ । ਉਹ ਮੁੜ ਮੁੜ ਪਿੱਛੇ ਹਟੇ ਤੇ ਝਈਆਂ ਲੈ ਲੈ ਕੇ ਬੁੜ੍ਹੇ ਵੱਲ ਨੂੰ ਦੌੜੇ । ਕਿਰਪਾਨ ਨਚਾਵੇ । ਜਿੱਕਣਾ ਕੁਸ ਖਾਧਾ ਪੀਤਾ ਹੋਵੇ । ਬੁੜ੍ਹਾ ਅੜ ਕੇ ਖੜ੍ਹਾ ਰਿਹਾ । ਗਾਲ਼ਾਂ ਕੱਢੀ ਗਿਆ । ਫੇਰ ਤਾਂ ਭਾਣਾ ਈ ਵਰਤ ਗਿਆ ।''

''ਮਰ ਗਿਆ ਕੋਈ? ''

'' ਹੋਰ । ਉਸ ਨੇ ਬੁੜ੍ਹੇ ਦੀ ਗਰਦਣ 'ਤੇ ਵਾਰ ਕਰ 'ਤਾ । ਇੱਕੋ ਝਟਕੇ ਨਾਲ ਸਿਰ ਕਲਮ ਹੋ ਗਿਆ । ਬਸ ਮਾੜਾ ਜਿਆ ਮਾਸ ਈ ਰਹਿ ਗਿਆ ਧੜ ਤੇ ਸਿਰ ਦੇ ਵਿਚਾਲੇ ।''

''ਕੋਲ ਖੜ੍ਹੇ ਬੰਦੇ ਕੀ ਕਰਦੇ ਰਹੇ?''

''ਮਰਾਂਉਂਦੇ ਰਹੇ ਆਪਣੀ ਮਾਂਓਂ ਦਾ ਸਿਰ । ਤਮਾਸਾ ਦੇਖਦੇ ਰਹੇ । ਬਈ ਮਾਰੋ ਸਹੁਰੇ ਦੇ ਸਿਰ 'ਚ ਬੱਟਾ । ਟੱਕ ਮਾਰ ਕੇ ਫੇਰ ਵੀ ਉਹ ਮੁੰਡਾ ਤਲਵਾਰ ਲੈ ਕੇ ਨੱਚਦਾ ਰਿਹਾ । ਜੇ ਪੁਲਸ ਨਾ ਆਉਂਦੀ ਤਾਂ ਭਮਾਂ ਕਿਸੇ ਹੋਰ ਦਾ ਵੀ 'ਕੰਮ' ਕਰ ਦਿੰਦਾ । ਪੁਲਸ ਵੀ ਨੇੜੇ ਨਹੀਂ ਗਈ ।''

'' ਫੇਰ ? ''

'' ਫੇਰ ਕੀ ? ਪੁਲਸ ਨੇ ਵੀ ਦੂਰੋਂ ਈ ਗੋਲ਼ੀ ਦਿਖਾਈ । ਤਾਂ ਕਿਤੇ ਜਾ ਕੇ ਉਹਨੇ ਤਲਵਾਰ ਸਿੱਟੀ । ਫੇਰ ਫੜ ਕੇ ਲੈ ਗੀ ।'' ਖਾਸੀ ਦੇਰ ਠਾਕਰ ਦਾਸ ਚੁੱਪ ਰਿਹਾ, ''ਚੱਲਦਾਂ । ਕਣਕ ਤੇਰੀ ਲੱਦੀ ਪਈ । ਬਲਦ ਮੁੜ ਆਉਣ । ਨ੍ਹੇਰੇ-ਸਵੇਰੇ ਪੁੱਜ ਜੂ ਅੱਜ ।''

ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਧੁਰ ਅੰਦਰ ਕਿਸੇ ਕਾਤਲ ਨੇ ਕਿਰਪਾਨ ਚੁੱਕੀ । ਤੇ ਕਿਸੇ ਦੇ ਠਾਹ ਕਰਦੀ ਮਾਰੀ । ਮੈਂ ਠਠੰਬਰ ਗਿਆ । ਸੋਚਣ ਲੱਗਾ ਕਿਰਪਾਨ ਗਰਦਨ ਦੇ ਕਿਹੜੇ ਪਾਸਿਓਂ ਖੁੱਭੀ ਹੋਏਗੀ ਤੇ ਕਿਹੜੇ ਪਾਸੇ ਦਾ ਮਾਸ ਨਾਲ ਲੱਗਾ ਰਹਿ ਗਿਆ ਹੋਵੇਗਾ । ਇਹ ਠਾਕਰ ਦਾਸ ਬੋਲਦਾ ਚਪਰ ਚਪਰ । ਮਾਰਦਾ ਬੱਟਾ । ਮੈਨੂੰ ਖੁਦ 'ਤੇ ਵੀ ਖਿੱਝ ਆਈ । ਮੈਂ ਹੁੰਦਾ ਉੱਥੇ । ਮਾਰ ਦਿੰਦਾ ਸਾਲੇ ਕੁੱਤੇ ਨੂੰ । ਇਹ ਘਟਨਾ ਵਾਪਰਨ ਤੋਂ ਬਾਅਦ ਮੈਂ ਦਸਾਂ ਮਿੰਟਾਂ ਦੇ ਅੰਦਰ-ਅੰਦਰ ਸੁਣ ਲਈ ਸੀ । ਇੰਨੀ ਛੇਤੀ ਕਿ ਇਸ ਵਿੱਥਿਆ ਬਾਰੇ ਅਜੇ ਕਿਸੇ ਨੇ ਖ਼ਬਰ ਦਾ ਇੱਕ ਅੱਖਰ ਵੀ ਨਹੀਂ ਲਿਖਿਆ ਹੋਣਾ ।

ਪਰ ਮੈਂ ਅਜੇ ਤੱਕ ਕੋਈ ਕਾਤਲ ਨਹੀਂ ਦੇਖਿਆ ਸੀ ।

ਸਾਲਮ ਸਬੂਤਾ ਹੱਤਿਆਰਾ !

ਖ਼ੂਨੀ ਅੱਖਾਂ ਸਮੇਤ ! !

ਬੜੀ ਵਾਰ ਕੈਮਰੇ ਦੀ ਅੱਖ ਨਾਲ ਫੜੀਆਂ ਖ਼ਬਰਾਂ ਟੀ.ਵੀ. ਉੱਤੇ ਚਲਦੀਆਂ ਫਿਰਦੀਆਂ ਦੇਖੀਆਂ । ਲਾਸ਼ਾਂ ਹੀ ਲਾਸ਼ਾਂ । ਕੱਟੇ ਹੋਏ ਸਿਰ । ਗੋਲ਼ੀਆਂ ਨਾਲ ਵਿੰਨ੍ਹੀਆਂ ਹੋਈਆਂ ਛਾਤੀਆਂ । ਬੰਬਾਂ ਨਾਲ ਉੱਡੇ ਹੋਏ ਮਨੁੱਖਾਂ ਦੇ ਅੰਗ । ਪਛਾਣ ਤੋਂ ਪਰ੍ਹੇ । ਪੁਲੀਸ ਵੱਲੋਂ ਫੜੇ ਹੋਏ ਦੋਸ਼ੀ ਮੁਜ਼ਰਿਮ । ਸੰਗਲਾਂ 'ਚ ਬੰਨੇ ਹੋਏ । ਕਾਤਲ । ਕਾਤਲ? ਖ਼ੂਨੀ?! ਉਹ ਨਾ ਤਾਂ ਮੁਜ਼ਰਿਮ ਲੱਗਦੇ ਸਨ । ਨਾ ਕਾਤਲ । ਆਮ ਜਹੇ ਬੰਦੇ ਸਨ ਉਹ । ਬਿਲਕੁਲ ਸਧਾਰਨ । ਡਰੇ ਹੋਏ । ਐਹੋ ਜਹੇ ਹੁੰਦੇ ਨੇ ਕਾਤਲ? ਹੱਤਿਆਰੇ?? ਉਹ ਤਾਂ ਵਿਚਾਰੇ ਟੀ.ਵੀ. ਦੀ ਸਕਰੀਨ ਉੱਤੇ ਖੱਬੇ ਸੱਜੇ ਭੁੱਖੇ ਪਸ਼ੂਆਂ ਵਾਂਗ ਝਾਕੀ ਜਾਂਦੇ ਸਨ । ਕਦੇ ਥੱਲੇ ਨੂੰ ਸਿਰ ਕੀਤੇ ਹੁੰਦੇ । ਕਦੇ ਕੱਪੜੇ ਨਾਲ ਆਪਣੇ ਮੂੰਹ ਲਕੋਈ ਖੜ੍ਹੇ ਹੁੰਦੇ । ਪਤਾ ਨਾ ਲੱਗਦਾ ਕਿ ਅਸਲੀ ਕਾਤਲ ਹਨ ਜਾਂ ਨਕਲੀ । ਯਕੀਨ ਹੀ ਨਾ ਆਉਂਦਾ । ਇਹ ਤਾਂ ਆਮ ਬੰਦੇ ਹਨ । ਕਾਤਲ ਕੋਈ ਹੋਰ ਹੋਵੇਗਾ ।

***

ਜਦੋਂ ਮੇਰੀ ਬੂਆ ਦੀ ਸਭ ਤੋਂ ਵੱਡੀ ਲੜਕੀ ਦੀ ਮੰਗਣੀ ਹੋਈ ਤਾਂ ਬੂਆ ਵਿਧਵਾ ਨਹੀਂ ਸੀ । ਪਰ ਉਸ ਦਾ ਸੁਭਾਅ ਹਰ ਪੱਖੋਂ ਵਿਧਵਾ ਵਾਲਾ ਹੀ ਸੀ । ਆਪਣੇ ਭਾਈਆਂ ਤੋਂ ਕੁੱਝ ਨਾ ਕੁੱਝ ਮੰਗਦੀ ਹੀ ਰਹਿੰਦੀ ਸੀ । ਮੂਹਰੇ ਹੋ ਕੇ ਆਪ ਸਾਰੀਆਂ ਗੱਲਾਂ ਤਹਿ ਕਰਦੀ :'' ਦੇਖ ਓਏ ਬਚੋਲਿਆ । ਮੈਂ ਪੂਰੇ ਨੌਂ ਮਹੀਨੇ ਬਾਅਦ ਅੱਸੂ ਦਾ ਵਿਆਹ ਰੱਖਣਾ । ਮੀਟ ਪਾਉਣਾ ਮੈਂ ਬਰਾਤ ਨੂੰ । ''

ਤੇ ਉਸ ਨੇ ਇੱਕ ਛੋਟਾ ਜਿਹਾ ਛੇਲਾ ਲਿਆ ਕੇ ਕਿੱਲੇ ਨਾਲ ਬੰਨ੍ਹ ਦਿੱਤਾ ਸੀ । ਛੇਲੇ ਦੀ ਛੋਲਿਆਂ ਨਾਲ ਸੇਵਾ ਹੋਣ ਲੱਗੀ । ਵਿਆਹ ਤੋਂ ਪਹਿਲਾਂ ਮੈਂ ਬੂਆ ਦੇ ਪਿੰਡ ਦੋ ਗੇੜੇ ਲਾਏ । ਹਰ ਵਾਰ ਛੇਲਾ ਪਹਿਲਾਂ ਨਾਲੋਂ ਪਲਿਆ ਤੇ ਸੁਹਣਾ ਹੋਇਆ ਹੁੰਦਾ ਸੀ । ਆਏ ਗਏ ਨੂੰ ਘੂਰਦਾ ਤੇ ਪੂਰੇ ਜ਼ੋਰ ਨਾਲ ਕਿੱਲੇ ਦੇ ਦੁਆਲੇ ਸੰਗਲੀ ਖਿੱਚਦਾ ਗੇੜੇ ਲਾਉਂਦਾ । ਜਿਉਂ ਜਿਉਂ ਵਿਆਹ ਦਾ ਦਿਨ ਨੇੜੇ ਆਉਂਦਾ ਗਿਆ ਉਸ ਦੇ ਦਿਨ‚ ਵੀ ਨੇੜੇ ਆਉਂਦੇ ਗਏ ।

ਵਿਆਹ ਵਾਲੇ ਦਿਨ ਬੱਕਰਾ ਪੂਰੇ ਜ਼ੋਬਨ 'ਤੇ ਸੀ ।

''ਲੇ ਜੋ... ਲੇ ਜੋ...ਬਾਹਰਲੇ ਬਾੜੇ 'ਚ । ਦੋ ਦਿਨ ਤੋਂ ਮੈਂ ਇਹਨੂੰ ਭੁੱਖਾ ਰੱਖਿਆ ਹੋਇਆ'', ਕਹਿ ਕੇ ਬੂਆ ਵਿਆਹ 'ਚ ਉਲਝ ਗਈ । ਮੇਰੇ ਸ੍ਹਾਮਣੇ ਖੂਹ ਦੀ ਮੌਣ 'ਤੇ ਖੜ੍ਹੇ ਛੇ ਸੱਤ ਮੁੱਛ-ਫੁੱਟ ਇਹ ਕਹਿ ਕੇ ਤੰਗ ਜਹੀ ਬੀਹੀ ਵੱਲ ਨੂੰ ਦੋੜ ਪਏ ਸਨ:

'' ਆ ਜੋ, ਆ ਜੋ, ਫ਼ਟਾਫ਼ਟ । ਜੇ ਨਜ਼ਾਰਾ ਦੇਖਣਾ । ਫੇਰ ਤਾਂ ਕੰਮ ਹੋ ਲੇਣਾ ।''

ਕੁੱਝ ਚਿਰ ਅਟਕ ਕੇ ਮੇਰਾ ਵੀ ਨਜ਼ਾਰਾ ਦੇਖਣ ਨੂੰ ਮਨ ਮਚਲਿਆ ਤੇ ਮੈਂ ਵੀ ਉਸੇ ਤੰਗ ਬੀਹੀ ਵਿੱਚੀਂ ਇੰਨੀ ਤੇਜ਼ ਸ਼ੂਟ ਵੱਟੀ ਕਿ ਮੇਰੀ ਚੱਪਲ ਦੀ ਬੱਧਰੀ ਨਿਕਲ ਗਈ । ਬਾੜੇ ਵਿੱਚ ਬੱਕਰੇ ਦੇ ਗਲ਼ ਦੀ ਸੰਗਲੀ ਕਿੱਲੇ ਨਾਲ ਬੰਨ੍ਹੀ ਹੋਈ ਸੀ । ਉਸ ਦੀਆਂ ਪਿਛਲੀਆਂ ਦੋਵੇਂ ਲੱਤਾਂ ਦੋ ਬੰਦਿਆਂ ਨੇ ਜ਼ੋਰ ਨਾਲ ਪਿਛਾਂਹ ਨੂੰ ਖਿੱਚੀਆਂ ਹੋਈਆਂ ਸਨ । ਦੂਸਰੇ ਪਿੰਡੋਂ ਆਏ ਮਜਬ੍ਹੀ ਨੇ ਪੁਰਾਣੀ ਤੇ ਘਸੀ ਜਹੀ ਕਿਰਪਾਨ ਨਾਲ ਬੱਕਰੇ ਦੀ ਗਰਦਨ 'ਤੇ ਟੱਕ ਮਾਰਿਆ ਸੀ । ਜਦੋਂ ਮਜਬ੍ਹੀ ਸਿਰੀ ਤੇ ਧੜ ਵਿਚਾਲੇ ਰਹਿੰਦੀ ਥੋੜ੍ਹੀ ਜਹੀ ਖੱਲ ਨੂੰ ਕਿਰਪਾਨ ਦੀ ਚੁੰਝ ਨਾਲ ਕੱਟ ਰਿਹਾ ਸੀ ਤਾਂ ਸਿਰ ਮਾੜਾ ਜਿਹਾ ਹਿੱਲ ਕੇ, ਮੂੰਹ ਅੱਡ ਕੇ ਟਿਕ ਗਿਆ ਸੀ । ਫੇਰ ਧੜ, ਸੰਗਲੀ, ਮਜਬ੍ਹੀ ਤੇ ਕਿਰਪਾਨ ਦੀ ਆਕੜ ਵੀ ਢਿੱਲੀ ਪੈ ਗਈ । ਅਸੀਂ ਵੀ ਰੋਕੇ ਹੋਏ ਸਾਹ ਛੱਡ ਦਿੱਤੇ । ਮਜਬ੍ਹੀ ਨੇ ਕਿਰਪਾਨ ਪਾਟੇ ਤੇ ਮੈਲੇ ਜਹੇ ਕੱਪੜੇ ਨਾਲ ਸਾਫ਼ ਕੀਤੀ ਤੇ ਜੰਗਾਲ ਖਾਧੀ ਮਿਆਨ 'ਚ ਪਾ ਕੇ ਉਸੇ ਕੱਪੜੇ 'ਚ ਲਪੇਟ ਕੇ ਖੁਰਲੀ 'ਚ ਟਿਕਾ ਦਿੱਤੀ । ਮੂੰਹ 'ਚ ਆਏ ਥੁੱਕ ਦਾ ਗੁਲਫ਼ਾ ਕੰਧ 'ਤੋਂ ਪਾਰ ਵਗਾਹ ਮਾਰਿਆ :

''ਚਲੋ ਉਏ ਮੁੰਡਿਓ । ਜਾਓ । ਕਿਆ ਦੇਖਦੇ ਐਂ ਉਰੇ । ਮੇਲਾ ਕੋਈ? '' ਸਾਨੂੰ ਝਿੜਕ ਕੇ ਉਹ ਬੱਕਰੇ ਦਾ ਪੋਸਟਮਾਰਟਮ ਕਰਨ 'ਚ ਮਸ਼ਰੂਫ ਹੋ ਗਿਆ ।

ਮਜਬ੍ਹੀ ਨੇ ਜਦੋਂ ਕਿਰਪਾਨ ਉਲਾਰੀ ਸੀ ਤਾਂ ਮੈਂ ਉਸ ਨੂੰ ਧਿਆਨ ਨਾਲ ਦੇਖਿਆ ਸੀ । ਉਹ ਲੱਕੜਾਂ ਪਾੜਨ ਵਾਲਾ ਕਸ਼ਮੀਰੀ ਹਾਤੋ ਲੱਗਦਾ ਸੀ । ਗਰੀਬ ਤੇ ਲਾਚਾਰ ਬੰਦਾ । ਉਸ ਦੀਆਂ ਅੱਖਾਂ ਵਿੱਚ ਬੇਬਸੀ ਤੋਂ ਸਿਵਾ ਕੁਝ ਵੀ ਨਹੀਂ ਸੀ । ਬੱਕਰੇ ਦੀ ਸਿਰੀ, ਪੋਟਾ,ਖਰੌੜੇ ਤੇ ਖੱਲ ਲੈਣ ਦੇ ਬਦਲੇ ਉਸ ਨੇ ਇੱਕ ਟੱਕ ਮਾਰ ਕੇ ਬੱਕਰੇ ਦੀ ਗਰਦਨ ਧੜ ਤੋਂ ਅਲਹਿਦਾ ਕਰ ਦਿੱਤੀ ਸੀ । ਬੱਕਰੇ ਦੀ ਮੌਤ ਦਾ ਦਿਨ ਤਾਂ ਕੁੜੀ ਦੇ ਵਿਆਹ ਦਾ ਦਿਨ ਬੰਨ੍ਹਣ ਵਾਲੇ ਸ਼ਗਨਾਂ ਦੇ ਹਲਦੀ ਲੱਗੇ 'ਕਾਗਚ' ਉੱਤੇ ਕਦੋਂ ਦਾ ਲਿਖਿਆ ਹੋਇਆ ਸੀ । ਫਟੇ-ਹਾਲ ਇਹ ਬੰਦਾ ਕਾਤਲ ਨਹੀਂ ਸੀ । ਉਹ ਕਾਤਲ ਹੋ ਹੀ ਨਹੀਂ ਸੀ ਸਕਦਾ । ਨਾ ਉਸ ਦੀਆਂ ਅੱਖਾਂ 'ਚ ਖ਼ੂਨ । ਨਾ ਲਾਲੀ । ਨਾ ਹੱਥਾਂ 'ਚ ਜੁੰਬਸ਼ । ਨਾ ਉਹ ਸ਼ਰਾਰਤ ਜੋ ਕਿਸੇ ਸ਼ਿਕਾਰੀ ਦੀਆਂ ਅੱਖਾਂ ਤੇ ਬੰਦੂਕ ਦੀ ਨਾਲੀ 'ਚ ਹੁੰਦੀ ਐ ਜਦੋਂ ਉਹ ਦਿੱਭ ਜਾਂ ਝੂੰਡਾਂ 'ਚ ਕਿਸੇ ਜੰਗਲੀ ਸੂਰ ਦੇ ਸ਼ਿਕਾਰ ਦੀ ਤਲਾਸ਼ 'ਚ ਘੁੰਮ ਰਿਹਾ ਹੋਵੇ ।

ਕਾਤਲ ਤਾਂ ਕੋਈ ਹੋਰ ਈ ਸ਼ੈਅ ਹੁੰਦੀ ਹੋਵੇਗੀ ।

ਕਾਸ਼!! ਮੈਨੂੰ ਕਦੇ ਕੋਈ ਕਾਤਲ ਉਦੋਂ ਮਿਲਿਆ ਹੁੰਦਾ ਜਦੋਂ ਉਹ ਕਿਸੇ ਦਾ ਖ਼ੂਨ ਕਰਨ ਦੀ ਰੌਂਅ 'ਚ ਹੋਵੇ । ਕਿੰਨੇ ਹੀ ਸਾਲ ਬੀਤ ਗਏ । ਦੁਨੀਆ 'ਚ ਰੋਜ਼ ਕਤਲ ਹੁੰਦੇ ਹਨ । ਕਾਤਲ ਵੀ ਜਰੂਰ ਹੋਣਗੇ । ਇਹ ਕਿਹੜੀ ਸ਼ੱਕ ਕਰਨ ਵਾਲੀ ਗੱਲ ਐ । ਜਰੂਰ ਹੋਣਗੇ ਅਸਲੀ ਹੱਤਿਆਰੇ । ਭਾਵੇਂ ਕਿਤੇ ਹੋਣ । ਇਹ ਵੱਖਰੀ ਗੱਲ ਐ ਕਿ ਮੈਨੂੰ ਕਦੇ ...ਖੈਰ ...

***

ਛੁੱਟੀ ਵਾਲਾ ਦਿਨ ਸੀ । ਆਪਣੇ ਪ੍ਰੀਵਾਰ 'ਚ ਬੈਠਾ ਮੈਂ ਦੀਨ ਦੁਨੀਆ ਭੁੱਲਿਆ ਹੋਇਆ ਸਾਂ, ਨਹੀਂ ਤਾਂ ਰੋਜ਼ ਦੀਆਂ ਤਪਸ਼ਾਂ ਦੇ ਝੁਲਸੇ ਬੰਦੇ ਤੋਂ ਆਪਣੇ ਸਿਰ ਦੇ ਵਾਲਾਂ ਦਾ ਬੋਝ ਵੀ ਨਹੀਂ ਚੁੱਕ ਹੁੰਦਾ ।

'' ਬੱਸ ਜੀ । ਇੱਕ ਮਿੰਟ । ਮੈਂ ਉਹਨਾਂ ਕੋਲ ਉਪਰ ਹੀ ਜਾ ਰਿਹਾ ਹਾਂ । ਹੁਣੇ ਗੱਲ ਕਰਾਉਂਦਾ ਹਾਂ ।'' ਕੋਠੀ ਦਾ ਮਾਲਕ ਸਿੰਗਲਾ ਹੱਥ 'ਚ ਕੌਰਡਲੈੱਸ ਫੋਨ ਕੰਨ ਨਾਲ ਲਾਈ ਉੁੱਪਰ ਨੂੰ ਪੌੜੀਆਂ ਚੜ੍ਹਦਾ, ਬੋਲਦਾ, ਚੱਪਲਾਂ ਦੀ ਟੱਪ ਟੱਪ ਕਰਦਾ ਆ ਰਿਹਾ ਸੀ ।

''ਹਾਂ ਜੀ... ਲਓ ਜੀ । ਕਰੋ ਗੱਲ । ਘਰੋਂ ਐ । ''

''ਹੈਲੋ... ਹੈਲੋ, ਹਾਂ ਜੀ... ਮੈਂ ਬੋਲ ਰਿਹਾਂ ।‚''

'' ਅੰਕਲ... ਅੰਕਲ ਜੀ ਤੁਸੀਂ ਘਰ ਆ ਜੋ । ਬਾਪੂ ਦਾ ਐਕਸੀਡੈਂਟ ਹੋ ਗਿਆ । '' ਦੂਸਰੇ ਬੰਨਿਓਂ ਆਵਾਜ਼ ਆਈ ।

'' ਕਿੱਥੇ-ਏ? ... ਕਿਮੇ ਹੋ ਗਿਆ? ''

'' ਐਥੇ-ਈ? ... ਪੁਲ ਦੇ ਨੇੜੇ । ਬੱਸ ਨਾਲ ਐਕਸੀਡੈਂਟ ਹੋ ਗਿਆ ।''

'' ਠੀਕ ਐ ਹੁਣ ਬਾਪੂ?''

'' ਹ... ਅ... ਜੀ । ''‚

''ਹਸਪਤਾਲ 'ਚ ਐ?''

''ਹਾਂ ਜੀ ''

'' ਅਡਮਿਟ ਐ? ''

'' ਹਾਂ ''

'' ਮੈਂ ਹੁਣੇ ਆਉਂਦਾ''

''ਛੇਤੀ ਆ ਜਿਓ । 'ਰਾਮ ਨਾਲ । ਆਂਟੀ ਨੂੰ ਵੀ ਲਿਆਇਓ । ਬੱਚਿਆਂ ਨੂੰ ਵੀ ।''

'' ਅੱ-ਛਿ-ਆ '', ਮੈਂ ਡਰ ਨਾਲ ਕੰਬ ਗਿਆ । ਪੈਰਾਂ ਹੇਠ ਜ਼ਮੀਨ ਨਹੀਂ ਸੀ । ਸਕੂਟਰ 'ਤੇ ਚੜ੍ਹ ਕੇ ਘਰਾਂ ਨੂੰ ਜਾਣ ਲੱਗੇ ਤਾਂ ਕੋਠੀ ਦੇ ਮਾਲਕ ਨੇ ਕੋਲ ਆ ਕੇ ਪੁੱਛਿਆ:

''ਕੀ ਗੱਲ ਹੋ ਗੀ ''

'' ਬਜੁਰਗ ਦਾ ਐਕਸੀਡੈਂਟ ਹੋ ਗਿਆ ।‚''

''ਫੇਰ ਫੋਨ ਆਇਆ ਸੀ ਤੁਹਾਡੇ ਘਰੋਂ । ਕਹਿੰਦੇ: ਉਹਨਾਂ ਨੂੰ ਕਹਿਓ ਹੌਲੀ ਹੌਲੀ ਆਉਣ । ਧਿਆਨ ਨਾਲ । ਬਚ ਕੇ । ''

ਸਕੂਟਰ ਉੱਤੇ ਬਹੁਤ ਹੌਲੀ ਹੌਲੀ ਜਾਂਦੇ ਹੋਏ ਸੋਚਿਆ: ਕੀ ਮੇਰਾ ਬਜੁਰਗ ਠੀਕ-ਠਾਕ ਹੋਵੇਗਾ । ਫੇਰ ਘਰ ਫੋਨ 'ਤੇ ਹੋਈ ਗੱਲ ਬਾਤ ਨੂੰ ਮਨ ਵਿੱਚੋਂ ਕੱਢ ਕੇ ਦੁਬਾਰਾ ਸੁਣਿਆ । ਫੋਨ ਵਿੱਚੀਂ ਆਏ ਸ਼ਬਦਾਂ ਦਾ ਡਰ ਤੇ ਸਾਹਾਂ ਦੀ ਧੁਨੀ ਸੁਣੀ । ਇਹੀ ਅਰਥ ਕੱਢਿਆ ਕਿ ਮੇਰਾ ਬਜੁਰਗ ਮਰ ਚੁੱਕਾ ਹੈ । ਮੈਨੂੰ ਆਪਣੇ ਬਾਪ ਦੇ ਸਸਕਾਰ ਲਈ ਬੁਲਾਇਆ ਗਿਆ ਹੈ । ਫੇਰ ਅਰਦਾਸ ਕੀਤੀ ਕਿ ਮੇਰੀ ਸੋਚ ਗਲਤ ਹੋਵੇ । ਘਰ ਪੁੱਜੇ ਤਾਂ ਮਾਂ ਨੇ ਮੈਨੂੰ ਦੇਖਦੇ ਸਾਰ ਹੀ ਚੀਕਾਂ ਦੀ ਬੁਛਾੜ ਮਾਰ ਦਿੱਤੀ ।

'' ਆ ਗਿਆ ਓਏਅ... ਓਏਅ... ਤੇਰਾ ਪੁੱਤ ਆ ਗਿਆ ਓਏਅ... ਮਿਲ ਲੈ ਆਪਣੇ ਪੁੱਤ ਨੂੰ ਓਅ... ਏਅ...'', ਮਾਂ ਦਾ ਸਾਰਾ ਸਰੀਰ ਕੰਬ ਰਿਹਾ ਸੀ । ਉਸ ਦੇ ਅੰਗ ਅੰਗ 'ਚੋਂ ਪਰਾਣ ਨਿਕਲ ਰਹੇ ਸਨ । ਗਰਦਨ ਉੱਤੇ ਸਿਰ ਖੱਬੇ ਸੱਜੇ ਉਹ ਇਓਂ ਜ਼ੋਰ ਨਾਲ ਘੁਮਾ ਰਹੀ ਸੀ ਜਿਵੇਂ ਆਪਣੀ ਗਰਦਨ ਮਰੋੜ ਕੇ, ਤੋੜ ਦੇਣਾ ਚਾਹੁੰਦੀ ਹੋਵੇ ।

ਮੈਂ ਮਾਂ ਦੇ ਕੋਲ ਹੀ ਭੁੰਜੇ ਫਰਸ਼ 'ਤੇ ਗਿਰਦਿਆਂ ਵਾਂਗ ਬੈਠ ਗਿਆ ।

'' ਕਿਆ ਹੋਇਆ? '' ਮੇਰੇ ਸਾਹ-ਸੱਤ ਸੁੱਕ ਚੁੱਕੇ ਸਨ ।

''ਬੱਸ - ਮਾਰ - ਗੀ - ਓ - ਪੁੱਤਾ । ਆ ਗਿਆ ਓ - ਬਖਸੀਸ ਸਿਆਂ । ਤੇਰਾ ਪੁੱਤ ਤੈਨੂੰ ਲੈਣ । ਕਿੱਥੇ ਚਲਿਆ ਗਿਆ ਓ ਤੂੰ । ਕਿੱਥੇ ਤੁਰ ਗਿਆ ਤੂੰ ਮੇਰੇ ਸਿਰ ਦਿਆ ਸਾਈਆਂ ਮੇਰੇ ਪੁੱਤਾਂ ਨੂੰ ਛੱਡ ਕੇ ।‚''

'' ਹੁਣ ਕਿੱਥੇ ਐ ਬਾਪੂ? '' ਮੈਂ ਹੁਣ ਬਾਪੂ ਨਹੀਂ ਉਸ ਦੀ ਲਾਸ਼ ਦਾ ਪਤਾ ਪੁੱਛ ਰਿਹਾ ਸਾਂ ।

'' ਸਰਕਾਰੀ ਹਸਪਤਾਲ - ਓਅ - ਏਅ''

'' ਘਰ ਨਹੀਂ ਲਿਆਏ ''

'' ਉਹ ਤਾਂ ਮਰੇ ਹੋਏ ਨੂੰ ਚੱਕ ਕੇ ਲਿਆਏ ਓ - ਏ, ਮੇਰੇ ਜੀਓਣ ਜੋਗਿਆ... ਮੈਂ ਹੁਣ ਤੈਨੂੰ ਕਿੱਥੇ ਟੋਲ਼ਣਾ...ਅ... ।''

'' ਮੈਂ ਜਾਂਦਾ ਹਸਪਤਾਲ । ਤੁਸੀਂ ਐਥੀ ਰਹਿਓ ਮਾਂ ਕੋਲ ।'' ਮੈਂ ਆਪਣੀ ਘਰਵਾਲੀ ਨੂੰ ਕਹਿ ਕੇ ਮਾਂ ਨੂੰ ਉਵੇਂ ਛੱਡ ਕੇ ਹਸਪਤਾਲ 'ਚ ਪਈ ਬਾਪੂ ਦੀ ਲਾਸ਼ ਵੱਲ ਨੂੰ ਦੌੜ ਪਿਆ । ਮੈਂ ਪਰੇਸ਼ਾਨੀ 'ਚ ਦੌੜਦੇ ਰਹਿਣਾ ਚਾਹੁੰਦਾ ਸਾਂ । ਜੋ ਹੋਇਆ ਜਾਂ ਹੋ ਰਿਹਾ ਸੀ ਉਹ ਬਰਦਾਸ਼ਤ ਤੋਂ ਬਾਹਰ ਸੀ । ਹਸਪਤਾਲ 'ਚ ਸਾਰੇ ਹੀ ਜਾਣੇ-ਪਛਾਣੇ ਬੰਦੇ ਸਨ । ਦੋ-ਦੋ, ਚਾਰ-ਚਾਰ ਦੀਆਂ ਟੋਲੀਆਂ 'ਚ ਮੂੰਹ ਲਮਕਾਈ ਖੜ੍ਹੇ ਸਨ । ਉਦਾਸ ਬੋਲ ਬੋਲ ਰਹੇ ਸਨ । ਮੇਰੇ ਕੋਲ ਹੁਣ ਬਾਪ ਨਹੀਂ, ਉਸ ਦੀ ਲੋਥ ਸੀ । ਮੈਂ ਆਪਣੇ ਆਪ 'ਚ ਨਹੀਂ ਸਾਂ । ਰੋਇਆ ਨਹੀਂ ਸਾਂ । ਮਿੰਟ ਮਿੰਟ ਬਾਅਦ ਠੰਡੇ ਬੰਬ ਸਰੀਰ 'ਚ ਫਟ ਰਹੇ ਸਨ । ਹਸਪਤਾਲ ਦੇ ਕਿਸੇ ਕਮਰੇ ਅੰਦਰ ਚਲਾ ਗਿਆ । ਲੋਹੇ ਦੇ ਮੰਜੇ ਉੱਤੇ ਉਸ ਦੀ ਲਾਸ਼ ਪਈ ਸੀ । ਮੈਂ ਲਾਸ਼ ਦਾ ਹੱਥ ਫੜ ਲਿਆ । ਘੁੱਟ ਲਿਆ । ਜਿਵੇਂ ਮੈਂ ਉਸ ਨੂੰ ਕਿਤੇ ਜਾਣ ਨਾ ਦੇਣਾ ਚਾਹੁੰਦਾ ਹੋਵਾਂ । ਹੱਥ ਕੋਸਾ ਸੀ ।

ਮੈਂ ਲਾਸ਼ ਦਾ ਮੂੰਹ ਵੇਖਿਆ ।

ਮੈਂ ਯਖ ਠੰਡਾ ਹੋ ਗਿਆ ।

''ਬਾਪੂ ਦੇ ਸੱਟ ਕਿੱਥੇ ਲੱਗੀ? '' ਮੈਂ ਪੁੱਛਿਆ । ਦੇਹ ਤਾਂ ਸਾਬਤ ਹੀ ਪਈ ਸੀ ।

''ਗਿੱਚੀ ਟੁੱਟ ਗੀ '' ਮੈਂ ਫਿਰ ਲਾਸ਼ ਵੱਲ ਵੇਖਿਆ । ਸਿਰ ਸਿਰ੍ਹਾਣੇ ਉੱਤੇ ਟਿਕਾਇਆ ਹੋਇਆ ਸੀ । ਗਰਦਨ ਦੇ ਮਣਕੇ ਟੁੱਟ ਗਏ ਸਨ । ਉਹੀ ਗਰਦਨ । ਉਹੀ ਚਿਹਰਾ । ਅੱਖਾਂ, ਜਿਹਨਾਂ ਵਿੱਚ ਕਦੇ ਪਰਾਈ ਔਰਤ ਦੇ ਸਾਥ ਦੀ ਹੁੜਕ ਕਾਰਨ ਮੈਨੂੰ ਭਸਮ ਕਰ ਦੇਣ ਦੀ ਇੱਛਾ ਸੀ ।

'' ਓ - ਹੋ - ਅ -'', ਲਾਸ਼ ਦਾ ਮੂੰਹ ਦੇਖ ਕੇ ਮੇਰੇ ਚਾਚੇ ਨੇ ਧਾਹ ਮਾਰੀ । ਭਾਈ ਭਾਈ ਹੀ ਹੁੰਦਾ ਹੈ । ਭਾਵੇਂ ਦੋਵੇਂ ਭਾਈਆਂ ਨੇ ਜਨਾਨੀਆਂ ਤੇ ਜ਼ਮੀਨ ਮਗਰ ਲੱਗ ਕੇ ਕਈ ਵਾਰ ਇੱਕ ਦੂਜੇ ਦੇ ਡੱਕਰੇ ਕਰ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ । ਮੈਂ ਵੀ ਬੇਜ਼ੁਬਾਨ ਜਿਹਾ ਹੋ ਕੇ ਆਪਣੇ ਵੱਡੇ ਭਾਈ ਨੂੰ ਜੱਫੀ ਪਾ ਲਈ । ਫੇਰ ਮੇਰੇ ਮਨ ਵਿੱਚ ਉਦਾਸ ਲੋਕਾਂ ਦੀਆਂ ਗੱਲਾਂ ਫ਼ਟਾਫ਼ਟ ਇੱਕ ਦੇ ਮਗਰ ਦੂਸਰੀ ਜੁੜਨ ਲੱਗੀਆਂ ।

ਜੱਦੀ ਪਿੰਡ ਛੱਡ ਕੇ ਸ਼ਹਿਰ ਆਇਆਂ ਸਾਨੂੰ ਵੀਹ ਸਾਲ ਹੋ ਚੁੱਕੇ ਸਨ । ਜੱਦੀ ਪਿੰਡ ਬਾਪੂ ਦੇ ਭਾਈ ਲਗਦੇ ਕਿਸੇ ਦੀ ਲੜਕੀ ਦਾ ਵਿਆਹ ਸੀ । ਐਤਵਾਰ ਦਾ । ਬਾਪੂ ਤਾਂ ਕਦੇ ਕਿਸੇ ਦੇ ਵਿਆਹ 'ਤੇ, ਮਰਗ 'ਤੇ ਜਾਂਦਾ ਹੀ ਨਹੀਂ ਸੀ । ਮਾਂ ਜਾਵੇ ਨਾ ਜਾਵੇ । ਵਿਆਹ ਦਾ ਕਾਰਡ ਦੇਣ ਆਇਆ ਕੁੜੀ ਦਾ ਬਾਪ ਜਾਂਦਾ ਜਾਂਦਾ ਕਹਿ ਗਿਆ:

'' ਬਖਸੀਸ ਬਾਈ, ਤੂੰਹੀਂ ਵੱਡਾ ਹੁਣ । ਤੂੰ ਜਰੂਰ ਆਈਂ । ਤੂੰ ਤਾਂ ਕਦੇ ਪਿੰਡ ਆਇਆ ਨੀਂ । ਪੰਦਰਾਂ ਸਾਲ ਹੋਗੇ ਤੈਨੂੰ ਪਿੰਡ ਆਏ ਨੂੰ । ਮੈਨੂੰ ਯਾਦ ਐ ਤੂੰ ਆਪਣੇ ਬੜੇ ਭਾਈ ਦੇ ਭੋਗ ਦੇ ਕਾਰਡ ਦੇਣ ਵਾਸਤੇ ਆਇਆ ਸੀ । ਤੈਂ ਹੁਣ ਆਉਣਾ ਈ ਆਉਣਾ'' । ਮੈਨੂੰ ਦੂਰ ਹੋਣ ਕਰ ਕੇ ਘਰਦਿਆਂ ਤੋਂ ਅਲੱਗ ਵਿਆਹ ਦਾ ਕਾਰਡ ਦਿੱਤਾ ਗਿਆ ਸੀ । ਮੈਂ ਵੀ ਬਾਪੂ ਨੂੰ ਫੋਨ ਕਰ ਦਿੱਤਾ ਕਿ ਮੇਰੇ ਕੋਲ ਟਾਇਮ ਨਹੀਂ । ਤੂੰ ਹੀ ਵਿਆਹ 'ਤੇ ਜਾ ਆਵੀਂ । ਵੱਡੇ ਭਾਈ ਨੇ ਵੀ ਜਾਣ ਤੋਂ ਨਾਂਹ ਨੁੱਕਰ ਕਰ ਦਿੱਤੀ । ਮਾਂ ਵੀ ਟਲ ਗਈ । ਤੇ ਆਖ਼ਰ ਬਾਪੂ ਨੂੰ ਹੀ ਰਾਜ਼ੀ ਹੋਣਾ ਪਿਆ । ਉਸ ਨੇ ਹਲਕੇ ਪੀਲੇ ਰੰਗ ਦਾ ਕੁੜਤਾ ਪਜਾਮਾ ਪਰੈੱਸ ਕਰਾਇਆ । ਕਾਲੀ ਕੁਰਮ ਦੀ ਜੁੱਤੀ ਪਾਲਿਸ਼ ਕਰਵਾਈ । ਡਰਾਈਕਲੀਨ ਕਰਵਾਇਆ ਕੋਟ ਪਾਇਆ ਤੇ ਦਿੱਤੀ ਸਾਈਕਲ ਨੂੰ ਲੱਤ । ਚੜ੍ਹ ਗਿਆ ਆਪਣੀ ਜਨਮ ਭੂਮੀ ਵੱਲ ਨੂੰ ...ਤੇ...

'' ਅੱਗੇ ਮੌਤ ਖੜ੍ਹੀ ...ਅ - ਅ...'', ਮਾਂ ਦੇ ਬੋਲ ਫੇਰ ਕੰਨਾਂ 'ਚ ਮੌਤ ਵਾੜ ਰਹੇ ਸਨ ।

...ਤੇ ...ਸਾਈਕਲ ਤੋਂ ਉੱਤਰ ਕੇ ਉਹ ਸੜਕ ਪਾਰ ਕਰਨ ਲੱਗਾ ਸੀ ਕਿ ਇੱਕ ਪ੍ਰਾਈਵੇਟ ਬੱਸ, ਸੁਆਰੀਆਂ ਚੁੱਕਣ ਲਈ ਲਾਲਾਂ ਸਿੱਟਦੀ ਹੋਈ, ਸਰਕਾਰੀ ਬੱਸ ਨੂੰ ਤੇਜੋ-ਤੇਜ ਪਾਰ ਕਰਦੀ ਕਰਦੀ ਨੇ ਅੱਗ ਦੇ ਭੰਬੂਕੇ ਵਾਂਗੂੰ ਬਾਪੂ ਨੂੰ ਆਪਣੀ ਲਪੇਟ 'ਚ ਲੈ ਲਿਆ ।

'' ਮਾਰਨੇ ਆਲਿਆ ਤੈਂ ਭਗਤ ਨੂੰ ਮਾਰਤਾ । ਤੈਨੂੰ ਦੋਹੀਂ ਜਹਾਨੀਂ ਢੋਈ ਨਾ ਮਿਲੇ । ਟੁੱਟ ਜੇ ਤੇਰੀ ਮੁੰਡੀ,'' ਬੇਬੇ ਦਾ ਜਹਾਨ ਉੱਜੜ ਗਿਆ ਸੀ । ਉਸ ਨੂੰ ਕਿਸੇ ਦਾ ਲਿਹਾਜ ਨਹੀਂ ਸੀ ।

ਬੱਸ ਦੇ ਡਰਾਈਵਰ ਨੇ ਬੱਸ ਭਜਾ ਲਈ । ਬੱਸ 'ਚ ਬੈਠੀਆਂ ਸੁਆਰੀਆਂ ਦੀਆਂ ਅੱਖਾਂ 'ਚ ਖ਼ੂਨ ਉਤਰ ਆਇਆ । ਦੋ ਸੁਆਰੀਆਂ ਨੇ ਡਰਾਈਵਰ ਨੂੰ ਬਾਹੋਂ ਫੜ ਲਿਆ । ਦੌੜ ਰਹੀ ਬੱਸ ਅੰਦਰ ਭਿਆਨਕ ਭੀੜ ਬਣ ਗਈ । ਭੀੜ ਡਰਾਈਵਰ ਨੂੰ ਕੁੱਟ ਕੇ ਮਾਰ ਦਿੰਦੀ ਜੇ ਉਹ ਬੱਸ ਨੂੰ ਮੋੜ ਨਾ ਲਿਆਉਂਦਾ । ਬੱਸ ਮੁੜ ਆਈ । ਬਾਪੂ ਨੂੰ ਬੱਸ 'ਚ ਲੱਦਿਆ । ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਲਿਆਂਦਾ:

'' ਡੈੱਡ ਔਨ ਅਰਾਈਵਲ ''

ਬਾਪੂ ਬਣ ਠਣ ਕੇ ਘਰੋਂ ਪਿੰਡ ਨੂੰ ਤੁਰਿਆ ਸੀ । ਉਸ ਦੀ ਲਾਸ਼ ਮੁੜੀ ਸੀ ।

'' ਤੇਰੀ ਮਾਰਿਆ ਭੈਣ ਦੀ... ਕੁੱਤੇ ਦੀ ਮਾਂ ਨੂੰ ... ਤੈਂ ਮੇਰੇ ਬਾਪ ਨੂੰ ਮਾਰਤਾ । ਮੈਂ ਤੈਨੂੰ ਜੀਊਂਦਾ ਨੀਂ ਛੱਡੂੰਗਾ,'' ਬੜੇ ਭਾਈ ਨੇ ਬੱਸ ਦੇ ਡਰਾਈਵਰ ਦੀ ਜਾਨ ਲੈਣ ਦੀ ਇੱਛਾ ਨੂੰ ਅਮਲ ਦੇ ਹੀ ਦੇਣਾ ਸੀ ਜੇ ਕੋਲ ਖੜ੍ਹੇ ਬੰਦੇ ਉਸ ਨੂੰ ਫੜ ਨਾ ਲੈਂਦੇ । ਜਾਂ ਡਰਾਈਵਰ ਮੌਤ ਦੇ ਡਰੋਂ ਗੋਲ਼ੀ ਦੀ ਰਫ਼ਤਾਰ ਨਾਲ ਦੌੜ ਨਾ ਗਿਆ ਹੁੰਦਾ । ਬਾਪੂ ਮਰ ਚੁੱਕਾ ਸੀ । ਉਸ ਦਾ ਪੋਸਟਮਾਰਟਮ ਹੋਣਾ ਸੀ । ਪੁਲੀਸ ਦੇ, ਹਸਪਤਾਲ ਦੇ ਸਰਕਾਰੀ ਕਾਗਜ਼ ਭਰੇ ਜਾਣੇ ਸਨ । ਦਸਖ਼ਤ 'ਗੂਠੇ ਲੱਗਣੇ ਸਨ ।

ਇੱਕ ਰਿਸ਼ਤੇਦਾਰ ਜਥੇਦਾਰ ਦੀ ਜਿਪਸੀ 'ਚ ਲਾਸ਼ ਲੱਦ ਕੇ ਘਰ ਲੈ ਆਏ ।

ਪਹਿਲਾਂ ਵੈਣ ਬਰਦਾਸ਼ਤ ਨਹੀਂ ਸਨ ਹੁੰਦੇ । ਫੇਰ ਵੈਣ ਆਮ ਜਹੇ ਹੀ ਲੱਗਣ ਲੱਗ ਪਏ । ਪਰ ਮੈਂ ਰੋਇਆ ਨਹੀਂ ਸਾਂ । ਲਾਸ਼ ਨੂੰ ਇਸ਼ਨਾਨ ਕਰਾਉਣ ਦੀ ਤਿਆਰੀ ਸ਼ੁਰੂ ਹੋ ਗਈ । ਜਦੋਂ ਸਰੀਰ ਉੱਤੇ ਦਹੀਂ ਮਲ਼ਣ ਲੱਗੇ ਤਾਂ ਮੈਂ ਇਹ ਕਹਿ ਕੇ ਰੋ ਪਿਆ :

'' ਤੈਂ ਸਾਤੋਂ ਕੋਈ ਸੇਵਾ ਵੀ ਨੀਂ ਕਰਾਈ,'' ਅਸੀਂ ਸਾਰੀ ਉਮਰ ਆਪਣੇ ਬਜੁਰਗ ਨੂੰ ਕਦੇ ਸਿਰ ਦਰਦ ਦੀ ਗੋਲ਼ੀ ਦੁਆਉਣ ਦੇ ਵੀ ਰਵਾਦਾਰ ਨਹੀਂ ਸਾਂ । ਉਸ ਦੀ ਮਿ੍ਤਕ ਦੇਹ ਨੂੰ ਹੱਥ ਲਾਉਣ ਉੱਤੇ ਉਸ ਦੇ ਮਰਨ ਦਾ ਦਰਦ ਅੱਖਾਂ 'ਚ ਆ ਗਿਆ ।

ਜੋ ਦਿਨ ਆਵਹਿ ਸੋ ਦਿਨ ਜਾਹੀ
ਕਰਨਾ ਕੂਚੁ ਰਹਨੁ ਥਿਰੁ ਨਾਹੀ

ਮਜ਼ਲ ਦੇ ਅੱਗੇ ਭਾਈ ਜੀ ਢੋਲਕੀ ਛੈਣੇ ਵਜਾ ਰਹੇ ਸਨ । ਲਾਸ਼ 'ਚ ਬਹੁਤ ਵਜ਼ਨ ਸੀ । ਉਹ ਕਿਹੜਾ ਬੀਮਾਰ ਹੋ ਕੇ ਮਰਿਆ ਸੀ । ਅੱਖਾਂ ਖੁਸ਼ਕ ਹੋ ਗਈਆਂ । ਜੀਊਂਣ ਦਾ ਹੌਂਸਲਾ ਛੱਡ ਦਿੰਦੇ ਤਾਂ ਆਪਣੇ ਬਜੁਰਗ ਦਾ ਸਸਕਾਰ ਵੀ ਚੱਜ ਨਾਲ ਨਾ ਕਰ ਸਕਦੇ । ਭਾਈ ਜੀ ਬਾਰ ਬਾਰ ਉਹੀ ਸ਼ਬਦ ਬੋਲ ਰਿਹਾ ਸੀ ।

ਮੈਨੂੰ ਸ਼ਬਦ ਦਾ ਅਰਥ ਪੱਲੇ ਪੈ ਗਿਆ ।

ਸਸਕਾਰ ਹੋ ਗਿਆ ।

ਉਸ ਦੇ ਫੁੱਲ ਕੱਲ੍ਹ ਚੁਗੇ ਜਾਣੇ ਸਨ ।

ਭੋਗ ਦਾ ਦਿਨ ਵੀ ਮਿਥ ਦਿੱਤਾ ।

ਜਿਹੜੇ ਰਾਹ ਉਹ ਕੱਲ੍ਹ ਸਾਇਕਲ ਉੱਤੇ ਜਾ ਰਿਹਾ ਸੀ, ਉਸੇ ਰਾਹ ਅੱਜ ਰਿਕਸ਼ੇ 'ਤੇ ਉਸ ਦੇ ਫੁੱਲ ਜਾ ਰਹੇ ਸਨ । ਬੱਸ ਅੱਡੇ ਤੋਂ ਸਾਡਾ ਜੱਦੀ ਪਿੰਡ ਇੱਕ ਪਾਸੇ ਸੀ ਤੇ ਪਤਾਲਪੁਰੀ ਦੂਸਰੇ ਪਾਸੇ । ਮੇਰੀ ਸੱਜੀ ਅੱਖ ਦੇ ਅੰਦਰ ਇੱਕ ਹੰਝੂ ਨੇ ਜਨਮ ਲਿਆ । ਇਹ ਹੰਝੂ ਮੇਰੇ ਬਾਪ ਦੀ ਮੌਤ ਦਾ ਦਰਦ ਨਹੀਂ ਸੀ । ਹੰਝੂ ਬਾਹਰ ਨਹੀਂ ਨਿਕਲਿਆ । ਮਰ ਕੇ, ਅੰਦਰ ਹੀ ਉੱਥੇ ਟਿਕ ਗਿਆ ਜਿੱਥੇ ਕੱਲ੍ਹ ਦੇ ਸ਼ਬਦ ਦਾ ਅਰਥ ਟਿਕਿਆ ਹੋਇਆ ਸੀ ।

ਆਖ਼ਰ ਨੂੰ ਭੋਗ ਦਾ ਦਿਨ ਵੀ ਆ ਗਿਆ ਸੀ । ਰਿਸ਼ਤੇਦਾਰ, ਦੋਸਤ-ਮਿੱਤਰ-ਪ੍ਰੇਮੀ ਇਕੱਠੇ ਹੋ ਗਏ । ਮਹਾਰਾਜ ਦੀ ਬੀੜ ਅੱਗੇ ਬਾਪੂ ਦੀ ਫ਼ੋਟੋ ਖੜ੍ਹੀ ਸੀ । ਜਦੋਂ ਪਾਠੀਆਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਾਠ ਸਮਾਪਤ ਕੀਤਾ ਤਾਂ ਰਾਗੀਆਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ । ਬਾਪੂ ਦੀ ਫ਼ੋਟੋ ਸਭ ਕਾਸੇ ਤੋਂ ਬੇਖ਼ਬਰ, ਬੇਲਾਗ ਖੜ੍ਹੀ ਰਹੀ । ਨਾ ਖੁਸ਼ । ਨਾ ਉਦਾਸ । ਅਚਾਨਕ ਮੇਰੀ ਨਿਗ੍ਹਾ ਫ਼ੋਟੋ ਦੀ ਗਰਦਨ ਉੱਤੇ ਜਮ ਗਈ । ਡਰਾਈਵਰ ਨੇ ਬੱਸ ਮਾਰ ਕੇ ਬਾਪੂ ਦੀ ਗਰਦਨ ਤੋੜ ਦਿੱਤੀ ਸੀ । ਫੇਰ ਮੈਨੂੰ ਕਿਸੇ ਨੇ ਦੱਸਿਆ ਕਿ ਭੋਗ ਵਿੱਚ ਐਕਸੀਡੈਂਟ ਕਰਨ ਵਾਲੀ ਬੱਸ ਦੇ ਮਾਲਕ ਵੀ ਹਮਦਰਦੀ ਪ੍ਰਗਟ ਕਰਨ ਆਏ ਹੋਏ ਸਨ । ਪਿੱਛੇ ਬੈਠੇ ਸਨ । ਬੱਸ ਦਾ ਡਰਾਈਵਰ ਵੀ । ਉਹੀ ਡਰਾਈਵਰ । ਖ਼ੂਨੀ । ਕਾਤਲ । ਮੇਰੇ ਬਾਪ ਦੀ ਗਰਦਨ ਤੋੜ ਦੇਣ ਵਾਲਾ ਹੱਤਿਆਰਾ ।

''ਕਿੱਥੇ ਐ ਉਹ? '' ਮੈਂ ਮੋੜਵਾਂ ਸੁਆਲ ਕੀਤਾ ਜਿਵੇਂ ਮੈਂ ਸਭ ਕੁੱਝ ਛੱਡ ਕੇ ਹੁਣੇ ਕਾਤਲ ਦੀ ਛਾਤੀ 'ਤੇ ਸੁਆਰ ਹੋ ਜਵਾਂਗਾ ਤੇ ਉਸ ਦੀਆਂ ਆਂਤੜੀਆਂ ਦਾ ਰੁੱਗ ਭਰ ਲਵਾਂਗਾ ।

''ਪਿੱਛੇ ਕਿਤੇ ਬੈਠੇ ਐ'', ਉਸ ਵਿਅਕਤੀ ਨੇ ਭਜਨ ਕੀਰਤਨ ਵਿੱਚ ਜੁੜੀ ਸਾਧ ਸੰਗਤ ਵੱਲ ਹੱਥ ਕੀਤਾ । ਮੈਂ ਚਿੱਟੀਆਂ ਚਾਦਰਾਂ ਉੱਤੇ ਸਜੀ, ਉਦਾਸ ਚਿੱਤ ਬੈਠੀ ਲੋਕਾਂ ਦੀ ਭੀੜ ਵੱਲ ਵੇਖਿਆ । ਕਿਤੇ ਕੁਝ ਨਜ਼ਰ ਨਹੀਂ ਆਇਆ । ਸਾਰੇ ਰੱਬ ਦੇ ਬੰਦੇ ਕੀਰਤਨ ਸੁਣ ਰਹੇ ਸਨ । ਕਿਸੇ ਕਾਤਲ ਦੀ ਪਛਾਣ, ਨਿਸ਼ਾਨਦੇਹੀ ਨਹੀਂ ਹੋ ਰਹੀ ਸੀ । ਪਰ ਉੱਥੇ ਹੀ ਹਜ਼ੂਮ 'ਚ ਕਿਤੇ ਕਾਤਲ ਛੁਪਿਆ ਬੈਠਾ ਸੀ । ਉਹੀ ਕਾਤਲ, ਜਿਸ ਦੀਆਂ ਖ਼ੂਨੀ ਅੱਖਾਂ ਤੇ ਲਾਲ ਚਿਹਰਾ ਦੇਖਣ ਦੀ ਮੇਰੀ ਮੁੱਦਤਾਂ ਤੋਂ ਤਮੰਨਾ ਸੀ । ਸਾਰਿਆਂ ਦੇ ਚਿਹਰਿਆਂ 'ਤੇ ਸਰਸਰੀ ਨਿਗ੍ਹਾ ਦੁੜਾਈ । ਉਹਨਾਂ ਦੇ ਚਿਹਰਿਆਂ ਵਿੱਚੋਂ ਮੈਂ ਕਾਤਲ ਲੱਭ ਰਿਹਾ ਸਾਂ । ਉਹਨਾਂ 'ਚੋਂ ਕਿਸੇ ਵੀ ਵਜੂਦ ਅੰਦਰ ਕਾਤਲ ਛੁਪਿਆ ਬੈਠਾ ਸੀ । ਸਾਰਿਆਂ 'ਤੇ ਸ਼ੱਕ ਹੋਣ ਲੱਗਾ । ਜਿਵੇਂ ਸਾਰੇ ਹੀ ਕਾਤਲ ਹੋਣ । ਸ਼ੱਕ ਦੀ ਨਿਗ੍ਹਾ ਬੜੀ ਕੁੱਤੀ ਚੀਜ਼ ਹੁੰਦੀ ਐ । ਬਾਪੂ ਦੀ ਫ਼ੋਟੋ 'ਤੇ ਵੀ ਸ਼ੱਕ ਕੀਤਾ । ਜਿਵੇਂ ਉਸ ਨੇ ਆਪਣਾ ਖ਼ੂਨ ਆਪ ਕੀਤਾ ਹੋਵੇ । ਕਾਤਲ ਕੋਈ ਵੀ ਹੋ ਸਕਦਾ ਸੀ । ਮੈਂ ਵੀ... ਜਾਂ...

ਮੈਨੂੰ ਯਾਦ ਆਇਆ ਕਿ ਮੈਂ ਆਪਣਾ ਕਮਰਾ ਬੰਦ ਕਰ ਕੇ, ਘੰਟਿਆਂ ਬੱਧੀ ਆਪਣਾ ਮੂੰਹ ਸ਼ੀਸ਼ੇ 'ਚ ਦੇਖਦਾ ਰਹਿੰਦਾ ਸਾਂ । ਪਰ ਪਿਛਲੇ ਕਈ ਸਾਲਾਂ ਤੋਂ ਮੈਂ ਆਪਣਾ ਚਿਹਰਾ ਗੰਭੀਰ ਹੋ ਕੇ ਨਹੀਂ ਦੇਖਿਆ । ਸ਼ਾਇਦ ਮੈਂ ਆਪਣੇ ਚਿਹਰੇ ਵਿੱਚ ਲੁਕੇ ਹੋਏ ਕਾਤਲ ਤੋਂ ਡਰ ਗਿਆ ਹੋਵਾਂਗਾ ਤੇ ਆਪਣਾ ਮੂੰਹ ਚੱਜ ਨਾਲ ਦੇਖਣਾ ਛੱਡ ਦਿੱਤਾ ਹੋਵੇਗਾ ।

ਅਰਦਾਸ ਹੋਈ । ਦੇਗ ਵਰਤਾਈ ਗਈ । ਲੰਗਰ ਚਲਦਾ ਰਿਹਾ । ਮੈਂ ਬਾਲਟੀ ਫੜ ਕੇ ਦਾਲ ਸਬਜ਼ੀ ਵਰਤਾਈ ਗਿਆ । ਵਿੱਚੇ ਵਿੱਚ ਹੋਰ ਮੁੰਡਿਆਂ ਨੂੰ ਪਾਣੀ ਪਰਸ਼ਾਦੇ ਲਿਆਉਣ ਲਈ ਕਹਿੰਦਾ ਰਿਹਾ । ਹੌਲੀ ਹੌਲੀ ਸੰਗਤ ਘਟਦੀ ਗਈ । ਬੜੀ ਰੂਹ ਨਾਲ ਲੰਗਰ ਵਰਤਾਇਆ । ਲੰਗਰ ਵਰਤਾਉਂਦੇ ਵਰਤਾਉਂਦੇ ਫੇਰ ਮੈਨੂੰ ਕਿਸੇ ਨੇ ਪਰਸ਼ਾਦੇ ਛੱਕਦੇ ਹੋਏ ਬੰਦਿਆਂ ਵੱਲ ਇਸ਼ਾਰਾ ਕੀਤਾ ਜਿੱਥੇ ਉਹ ਕਾਤਲ ਬੈਠਾ ਸੀ । ਹੁਣ ਉਹ ਬੰਦਾ ਮੌਜੂਦ ਸੀ ਜਿਸ ਨੇ ਉਸ ਵਿਅਕਤੀ ਦੀ ਗਰਦਨ ਤੋੜ ਦਿੱਤੀ ਸੀ ਜੋ ਮੇਰਾ ਬਾਪ ਸੀ । ਉਸ ਬੰਦੇ ਦੀ ਪਛਾਣ ਤਾਂ ਮੇਰੇ ਮੱਥੇ 'ਚ ਪਹਿਲਾਂ ਹੀ ਉੱਕਰੀ ਹੋਈ ਸੀ । 'ਇਹ ਬੰਦਾ' ਇਹ ਤਾਂ ਉਹੀ ਬੱਕਰੇ ਦੀ ਗਰਦਨ ਵੱਢਣ ਵਾਲਾ ਹੈ ਗਰੀਬ ਮਜ੍ਹਬੀ । ਜੋ ਬੂਆ ਦੀ ਕੁੜੀ ਦੇ ਵਿਆਹ ਵਿੱਚ ਮੈਨੂੰ ਲੱਕੜਾਂ ਪਾੜਨ ਵਾਲਾ ਹਾਤੋ ਲੱਗਿਆ ਸੀ । ਸਿਰ ਝੁਕਾਈ ਬੈਠੇ ਦੇ ਰੋਟੀ ਮਸਾਂ ਸੰਘੋਂ ਲੰਘ ਰਹੀ ਸੀ ।

'ਇਹੀ ਬੰਦਾ ਕਾਤਲ ਹੈ ' ਮੇਰੇ ਅੰਦਰ ਬੈਠਾ ਕਾਤਲ ਮੈਨੂੰ ਕੁੱਦ-ਕੁੱਦ ਪਵੇ । ਬਾਹਰ ਬੈਠਾ 'ਕਾਤਲ' ਅੰਦਰ ਵਾਲੇ ਕਾਤਲ ਤੋਂ ਬੇਖ਼ਬਰ ਸੀ । ਫਿਰ ਅਚਾਨਕ ਮੇਰੇ ਅੰਦਰ ਬੈਠਾ ਕਾਤਲ ਝੱਗੋ ਝੱਗ ਹੋ ਕੇ ਮੈਨੂੰ ਲਾਹਨਤਾਂ ਪਾਉਣ ਲੱਗ ਪਿਆ । ਪਾਈ ਗਿਆ... ਪਾਈ ਗਿਆ... ਹੁਣ ਤੱਕ ਪਾਈ ਜਾ ਰਿਹਾ ਹੈ...

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ