Darwaza Kaun Kholhega (Story in Punjabi) : Kamlesh Bharti

ਦਰਵਾਜ਼ਾ ਕੌਣ ਖੋਲ੍ਹੇਗਾ (ਕਹਾਣੀ) : ਕਮਲੇਸ਼ ਭਾਰਤੀ

ਪੰਡਾ ਪੁਰਾਣੀ ਪੋਥੀ ਸਾਹਮਣੇ ਰੱਖੀ ਪੁੱਛ ਰਿਹਾ ਹੈ, ”ਪਿਛਲੀ ਵਾਰੀ ਹਰਿਦੁਆਰ ਕਦੋਂ ਆਏ ਸੀ?”
”ਜਦੋਂ ਪਿਤਾ ਜੀ ਦੀ ਮੌਤ ਹੋਈ ਸੀ, ਤਾਂ ਆਇਆ ਸੀ, 40 ਵਰ੍ਹੇ ਪਹਿਲਾਂ।”
ਇੰਨਾ ਦੱਸ ਕੇ ਮੈਂ ਚੁੱਪ ਹੋ ਜਾਂਦਾ ਹਾਂ। ਪੰਡਾ ਪੁਰਾਣੀ ਪੋਥੀ ਦੇ ਪੰਨੇ ਤੇਜ਼ੀ ਨਾਲ ਫਰੋਲਣ ਲੱਗਦਾ ਹੈ। ਜ਼ਮਾਨਾ ਬਦਲ ਗਿਆ। ਸਾਰੀਆਂ ਥਾਂਵਾਂ ਉੱਤੇ ਕੰਪਿਊਟਰਾਂ ‘ਤੇ ਕੰਮ ਹੋਣ ਲੱਗਿਆ ਹੈ ਪਰ ਇਹ ਲੋਕ ਅਜੇ ਵੀ ਪੁਰਾਣੀ ਪੋਥੀਆਂ ਵਿੱਚ ਵਿਸ਼ਵਾਸ ਰੱਖਦੇ ਹਨ।
ਹਰਿਦੁਆਰ ‘ਚ ਪੈਰ ਰੱਖਦਿਆਂ ਹੀ ਇਨ੍ਹਾਂ ਪੰਡਿਆਂ ਦੇ ਪ੍ਰਸ਼ਨਾਂ ਨਾਲ ਸਾਹਮਣਾ ਹੁੰਦਾ ਹੈ: ਕਿੱਥੋਂ ਆਏ ਹੋ? ਕੀ ਜਾਤ, ਕਿੱਥੇ ਜਾਵੋਗੇ? ਹਰਿ ਕੀ ਪੌੜੀ ਤੋਂ ਬਾਜ਼ਾਰ ਵਿੱਚ ਘੁੰਮਦੇ ਹੋਏ ਹੀ ਇਹ ਸਵਾਲ ਕਰਦੇ ਪੰਡੇ ਮਿਲ ਗਏ ਤੇ ਸਾਡਾ ਕੁਲ ਪ੍ਰੋਹਿਤ ਆਪਣਾ ਪਤਾ ਦੱਸ ਕੇ ਇੱਕ ਕੋਠੀ ਵਿੱਚ ਲੈ ਆਇਆ।
”ਮਿਲ ਗਿਆ… ਮਿਲ ਗਿਆ, ਇਹ ਦੇਖੋ ਤੁਹਾਡੇ ਹਸਤਾਖਰ। ਤੁਸੀਂ ਪਿਤਾ ਦੀ ਮੌਤ ‘ਤੇ ਜੈ ਰਾਮ ਨਾਂ ਦੇ ਬੰਦੇ ਨਾਲ ਆਏ ਸੀ। ਉਸ ਦੇ ਹਸਤਾਖਰ ਵੀ ਹਨ।”
ਮੈਂ ਪੁਰਾਣੀ ਪੋਥੀ ਦੇ ਤਕਰੀਬਨ 40 ਸਾਲ ਪੁਰਾਣੇ ਪੀਲੇ ਹੋ ਚੁੱਕੇ ਪੰਨਿਆਂ ‘ਤੇ ਹੱਥ ਫੇਰਦਾ ਹਾਂ- ਜਿਵੇਂ ਆਪਣੇ ਪਿਤਾ ਨੂੰ ਮਿਲ ਰਿਹਾ ਹੋਵਾਂ। ਕੁਝ ਮਿੰਟ ਪਹਿਲਾਂ ਪੁਰਾਣੀ ਪੋਥੀ ਨੂੰ ਦੇਖ ਕੇ ਜੋ ਖਿੱਝ ਚੜ੍ਹੀ ਸੀ, ਉਹ ਹੁਣ ਗੁੰਮ ਹੋ ਚੁੱਕੀ ਸੀ। ਦਿਲ ਵਿੱਚ ਇਹ ਗੱਲ ਉੱਠੀ ਜੇ ਕੰਪਿਊਟਰ ਵਿੱਚ ਇਹ ਰਿਕਾਰਡ ਹੁੰਦਾ ਤਾਂ ਸ਼ਾਇਦ ਇਹ ਭਾਵ ਨਾ ਉੱਠਦਾ। ਇਹ ਪੁਰਾਣੀ ਪੋਥੀ ਦੇ ਪੀਲੇ ਹੋ ਚੁੱਕੇ ਪੰਨਿਆਂ ਦਾ ਜਾਦੂ ਹੈ। ਮੈਂ ਚਾਲੀ ਸਾਲ ਪੁਰਾਣੇ ਸਮੇਂ ਵਿੱਚ ਪੁੱਜ ਜਾਂਦਾ ਹਾਂ।
ਉਹ ਦਸੰਬਰ ਦਾ ਠੰਢਾ ਦਿਨ ਸੀ। ਸਕੂਲ ‘ਚ ਕਲਾਸ ਵਿੱਚ ਬੈਠਾ ਸੀ। ਗਲੀ ਦਾ ਇੱਕ ਮੁੰਡਾ ਘਬਰਾਇਆ ਹੋਇਆ ਆਇਆ ਸੀ ਤੇ ਅਧਿਆਪਕ ਨਾਲ ਗੱਲ ਕਰਕੇ ਮੈਨੂੰ ਛੁੱਟੀ ਦਿਵਾ ਕੇ ਮੇਰਾ ਬਸਤਾ ਚੁੱਕ ਕੇ ਘਰ ਲੈ ਗਿਆ ਸੀ।
ਘਰ ਦੇ ਬਾਹਰ ਭੀੜ ਸੀ। ਚੀਕਾਂ, ਕੂਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਲੋਕ ਸਨ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਸਨ। ਘਰ ਅੰਦਰ ਵੜਦਿਆਂ ਹੀ ਮੈਨੂੰ ਖਿੱਚ ਕੇ ਬੈਠਕ ਵਿੱਚ ਲੈ ਗਏ। ਉੱਥੇ ਪਿਤਾ ਜੀ ਲੇਟੇ ਸਨ, ਸ਼ਾਂਤ ਤੇ ਬਿਲਕੁਲ ਬਰਫ਼ ਵਾਂਗ ਠੰਢੇ। ਉਹ ਜਾ ਚੁੱਕੇ ਸਨ ਤੇ ਬਸ ਸਰੀਰ ਪਿਆ ਸੀ। ਮਾਂ ਦਾ ਰੋਣ ਅਤੇ ਚੀਕਾਂ ਘਰ ਵਿੱਚ ਗੂੰਜ ਰਹੀਆਂ ਸਨ।
ਪੰਡੇ ਨੇ ਪੁੱਛਿਆ, ”ਅੱਜ ਕਿਵੇਂ ਆਏ ਹਰਿਦੁਆਰ।” ”ਮਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਫੁੱਲ ਤਾਰਨ ਆਇਆ ਹਾਂ। ਵੈਸੇ ਮੈਨੂੰ ਤੁਹਾਡਾ ਪੁਰਾਣਾ ਘਰ ਯਾਦ ਹੈ। ਥੋੜ੍ਹਾ ਅੱਗੇ ਸੀ। ਸਾਹਮਣੇ ਘਾਟ ਵੀ ਹੈ। ਗੰਗਾ ਵਗਦੀ ਹੈ ਉੱਥੇ ਬੈਠ ਕੇ ਮੈਂ ਪੂਜਾ ਕਰਵਾਈ ਸੀ।”
”ਹਾਂ, ਅਸੀਂ ਘਰ ਬਦਲ ਲਿਆ ਹੈ, ਹੁਣ ਸਾਡੇ ਪਿਤਾ ਜੀ ਵੀ ਨਹੀਂ ਰਹੇ। ਹੁਣ ਮੈਂ ਹੀ ਇਹ ਸਭ ਸੰਭਾਲਦਾ ਹਾਂ।” ਪੰਡੇ ਭਾਵੁਕ ਨਹੀਂ ਹੁੰਦੇ। ਜੇ ਭਾਵੁਕ ਹੋ ਗਏ ਤਾਂ ਜਜਮਾਨਾਂ ਤੋਂ ਪੈਸੇ ਕਿਵੇਂ ਮੰਗਣਗੇ?
”ਮਾਂ ਲਈ ਪੂਜਾ ਕਰਵਾ ਆਇਆ। ਹਾਂ, ਮੈਂ ਕਨਖਲ ਹੋ ਆਇਆਂ। ਤੁਹਾਡੇ ਬਾਰੇ ਪੁੱਛਿਆ ਸੀ ਤੁਸੀਂ ਨਹੀਂ ਮਿਲੇ। ਫੇਰ ਜਿਹੜਾ ਪੰਡਾ ਮਿਲਿਆ, ਉਸ ਤੋਂ ਪੂਜਾ ਕਰਵਾ ਲਈ।”
”ਇਸ ਤਰ੍ਹਾਂ ਨਹੀਂ ਹੁੰਦਾ। ਇਹ ਤਾਂ ਸਾਡਾ ਕੰਮ ਹੈ।” ਹੁਣ ਉਹ ਭਾਵੁਕਤਾ ਛੱਡ ਆਪਣੇ ਧੰਦੇ ਦੀ ਗੱਲ ਕਰਨ ਲੱਗਿਆ।
”ਮੈਂ ਤਾਂ ਆਉਣ ਵਾਲੀ ਪੀੜ੍ਹੀ ਲਈ ਇਹ ਸੂਚਨਾ ਦਰਜ ਕਰਵਾਉਣ ਆਇਆ ਹਾਂ ਕਿ ਮਾਂ ਦੇ ਫੁੱਲ ਤਾਰਨ ਲਈ ਮੈਂ ਆਇਆ ਸੀ। ਇਸ ਲਈ ਸ਼ਰਧਾਪੂਰਵਕ ਜੋ ਦੇ ਰਿਹਾ ਹਾਂ ਉਹ ਰੱਖ ਲਵੋ।”
”ਨਹੀਂ ਨਹੀਂ ਘੱਟ ਪੈਸੇ ਹਨ ਤਾਂ ਮੈਥੋਂ ਲੈ ਜਾਵੋ, ਘਰ ਜਾਕੇ ਮਨੀਆਰਡਰ ਰਾਹੀਂ ਭੇਜ ਦੇਣਾ।”
ਪੰਡਾ ਮੇਰੇ ਵੱਲ ਵਧੀਆ ਵਿਜ਼ਟਿੰਗ ਕਾਰਡ ਕਰ ਦਿੰਦਾ ਹੈ, ਜਿਸ ‘ਤੇ ਫੋਨ ਨੰਬਰ ਵੀ ਲਿਖਿਆ ਹੋਇਆ ਹੈ। ਦਿਲ ਵਿੱਚ ਆਉਂਦਾ ਹੈ ਕਿ ਕਹਿ ਦਿਆਂ ਕਿ… ਪਰ ਮੌਕੇ ਦੀ ਨਜ਼ਾਕਤ ਦੇਖ ਕੇ ਇੰਨਾ ਹੀ ਕਹਿੰਦਾ ਹਾਂ, ”ਦੇਖੋ… ਮਾਂ ਨਹੀਂ ਰਹੀ। ਸ਼ਰਧਾਪੂਰਵਕ ਜੋ ਦਿੱਤਾ ਹੈ ਇਸ ਨੂੰ ਸਵੀਕਾਰ ਕਰੋ। ਅਜੇ ਤੁਹਾਡੇ ਹੋਰ ਭਰਾਵਾਂ ਨਾਲ ਉੱਥੈ ਮੁਲਾਕਾਤ ਬਾਕੀ ਹੈ।”
”ਉੱਥੇ ਮੇਰਾ ਕੋਈ ਭਰਾ ਨਹੀਂ ਰਹਿੰਦਾ।”
”ਮੈਂ ਪੰਡਿਆਂ ਦੀ ਬਿਰਾਦਰੀ ਦੀ ਗੱਲ ਕਰ ਰਿਹਾ ਹਾਂ।”
”ਉਨ੍ਹਾਂ ਨਾਲ ਸਾਡਾ ਕੀ ਸਬੰਧ?”
”ਬਿਰਾਦਰੀ ਤਾਂ ਇੱਕੋ ਹੀ ਹੈ?”
”ਠੀਕ ਇਹ ਮੇਰਾ ਨਿੱਕਾ ਮੁੰਡਾ ਵਿਦਿਆਰਥੀ ਹੈ। ਇਸ ਦੀ ਪੜ੍ਹਾਈ ਦੇ ਲਈ ਕੁਝ ਦੇ ਕੇ ਜਾਵੋ।”
ਇਹ ਮੈਨੂੰ ਬੁਰਾ ਨਹੀਂ ਲੱਗਿਆ। ਮੈਂ ਜੇਬ ਵਿੱਚ ਹੱਥ ਪਾਉਂਦਾ ਹਾਂ। ਠੀਕ ਜਿਹੀ ਰਕਮ ਮੁੰਡੇ ਨੂੰ ਦੇ ਦਿੰਦਾ ਹਾਂ। ਪੰਡੇ ਤੇ ਉਸ ਦੇ ਪੁੱਤਰ ਦੋਵਾਂ ਦਾ ਚਿਹਰਾ ਖਿੜ ਜਾਂਦਾ ਹੈ। ਮੈਂ ਗੰਗਾ ਜਲ ਲੈ ਕੇ ਤੁਰ ਪੈਂਦਾ ਹਾਂ।
ਬੜਾ ਅਜੀਬ ਅਹਿਸਾਸ ਹੁੰਦਾ ਹੈ। ਮਾਂ ਦੀਆਂ ਅਸਥੀਆਂ ਦੀ ਛੋਟੀ ਜਿਹੀ ਗੱਠੜੀ ਚੁੱਕ ਕੇ ਕਿੰਨਾ ਅਸ਼ਾਂਤ, ਬੇਚੈਨ ਹਰਿਦੁਆਰ ਆਇਆ ਸੀ। ਕਨਖਲ ਗੰਗਾ ਵਿੱਚ ਮਾਂ ਦੇ ਫੁੱਲ ਤਾਰਨ ਤੱਕ ਇਹ ਭਾਵਨਾ ਸੀ ਕਿ ਮਾਂ ਅਜੇ ਵੀ ਹੈ, ਚਾਹੇ ਇਸ ਰੂਪ ਵਿੱਚ ਹੈ ਪਰ ਗੱਠੜੀ ਨੂੰ ਮੱਥੇ ਨਾਲ ਲਾ ਕੇ ਗੰਗਾ ਵਿੱਚ ਪ੍ਰਵਾਹ ਕਰਦਿਆਂ ਲੱਗਿਆ ਸੀ ਕਿ ਮੈਂ ਪੂਰੀ ਤਰ੍ਹਾਂ ਖਾਲੀ ਹੋ ਗਿਆ ਹਾਂ।
ਹਰਿ ਕੀ ਪੌੜੀ ‘ਤੇ ਇਸ਼ਨਾਨ ਕਰਕੇ ਜਿਉਂ ਹੀ ਮੈਂ ਘਰ ਲਈ ਗੰਗਾ ਜਲ ਬੋਤਲ ਵਿੱਚ ਭਰਿਆਂ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਇਹੀ ਗੰਗਾ ਦੀ ਸ਼ਕਤੀ ਹੋ। ਇਹ ਮੇਰੇ ਵਰਗੇ ਬੇਚੈਨ ਲੋਕਾਂ ਨੂੰ ਆਪਣੀ ਸ਼ੀਤਲਤਾ ਨਾਲ ਸਾਰੇ ਦੁੱਖਾਂ ਨੂੰ ਸਹਿਣ ਦੀ ਸ਼ਕਤੀ ਦਿੰਦੀ ਹੈ। ਹੁਣ ਮਾਂ ਨਹੀਂ ਹੈ ਪਰ ਮਾਂ ਦਾ ਦੁੱਖ ਸਹਿਣ ਲਈ ਸ਼ੀਤਲ ਗੰਗਾ ਜਲ ਤਾਂ ਹੈ।
ਬੜਾ ਅਜੀਬ ਲੱਗ ਰਿਹਾ ਹੈ। ਇਸੇ ਹਰਿਦੁਆਰ ਵਿੱਚ ਤਕਰੀਬਨ 40 ਸਾਲ ਪਹਿਲਾਂ ਮੈਂ ਪਿਤਾ ਜੀ ਦੇ ਫੁੱਲ ਲੈ ਕੇ ਆਇਆ ਸੀ ਤੇ ਅੱਜ ਮਾਂ ਦੇ ਫੁੱਲਾਂ ਦੀ ਗੱਠੜੀ ਤਾਰਨ ਆਇਆ ਹਾਂ। ਮਾਂ ਦੀ 40 ਸਾਲ ਲੰਮੀ ਸਾਧਨਾ, 40 ਸਾਲ ਇਕੱਲੇ ਪਰਿਵਾਰ ਦੀ ਕਿਸ਼ਤੀ ਨੂੰ ਚਲਾਉਣ ਦਾ ਕੀ ਨਤੀਜਾ ਸਾਹਮਣੇ ਆਇਆ? ਹਵਾ ‘ਚ ਕਾਬਾ ਹੈ ਤੇ ਵਿਚਾਰਾਂ ਵਿੱਚ ਮਾਂ ਦਾ ਅੰਤਮ ਦੁਖਦਾਈ ਸਫ਼ਰ। ਇੱਕ ਵਾਰ ਤਾਂ ਸਾਰਾ ਸਰੀਰ ਹੀ ਕੰਬ ਜਾਂਦਾ ਹੈ। ਉਹ 40 ਸਾਲ ਦੀ ਲੰਮੀ ਯਾਤਰਾ ਤੋਂ ਬਾਅਦ ਇਸ ਤਰ੍ਹਾਂ ਦੀ ਵਿਦਾਈ… ਨਹੀਂ ਮਾਂ ਨੇ ਤਾਂ ਇਸ ਦੀ ਕਲਪਨਾ ਵੀ ਨਹੀਂ ਕੀਤੀ ਹੋਣੀ। ਮਾਂ ਤੋਂ ਇੱਕ ਸਿੱਖਿਆ ਤਾਂ ਲਈ ਸੀ ਕੁਝ ਵੀ ਹੋ ਜਾਵੇ ਕਿੰਨਾਂ ਵੀ ਬੁਰਾ ਕਿਉਂ ਨਾ ਹੋ ਜਾਵੇ ਹੌਸਲਾ ਰੱਖਕੇ ਕਹਿਣਾ ‘ਕੋਈ ਗੱਲ ਨਹੀਂ, ਜ਼ਿੰਦਗੀ ਬਹੁਤ ਬਾਕੀ ਪਈ ਹੈ, ਸਾਰਾ ਕੁਝ ਠੀਕ ਹੋ ਜਾਵੇਗਾ’। ਹਰ ਦੁੱਖ ਵੇਲੇ ਇੱਕੋ ਹੀ ਮੰਤਰ ‘ਕੋਈ ਗੱਲ ਨਹੀਂ’। ਤਾਂ ਇਹ ਮੰਤਰ ਮੇਰੇ ਕੰਨਾਂ ਵਿੱਚ ਪਾਉਣ ਵਾਲੀ ਮਾਂ ਦਾ ਵਿਸ਼ਵਾਸ ਕਿਉਂ ਡਗਮਗਾ ਗਿਆ। ਮਾਂ ਨੇ ਇਨ੍ਹਾਂ 40 ਸਾਲਾਂ ‘ਚ ਕਿੰਨੇ ਦੁੱਖ ਸਹਾਰੇ। ਦੁੱਖ-ਸੁੱਖ ਝੱਲੇ ਪਰ ‘ਕੋਈ ਗੱਲ ਨਹੀਂ’ ਮੰਤਰ ਉਨ੍ਹਾਂ ਨੂੰ ਸ਼ਕਤੀ ਦਿੰਦਾ ਸੀ।
ਮੈਂ ਚਾਰੋਂ ਭੈਣ-ਭਰਾਵਾਂ ‘ਚ ਵੱਡੇ ਹੁੰਦੇ ਹੋਏ ਇੱਕ ਸਕੂਲੀ ਵਿਦਿਆਰਥੀ ਸੀ ਤੇ ਮਾਂ ਵੀ ਇੱਕ ਮਾਂ ਹੁੰਦੇ ਹੋਏ 31 ਸਾਲਾਂ ਦੀ ਔਰਤ ਸੀ, ਜਿਸ ਦੇ ਸਾਹਮਣੇ ਸਾਰਾ ਸੰਸਾਰ ਸੀ, ਸੁਪਨੇ ਸਨ, ਸੰਘਰਸ਼ ਸੀ, ਕੁਰੂਕਸ਼ੇਤਰ ਦੇ ਮੈਦਾਨ ਵਾਂਗ ਰਿਸ਼ਤੇਦਾਰਾਂ ਨਾਲ ਲੜਨ ਲਈ ਵੀ ਇੱਕ ਤਰ੍ਹਾਂ ਪੂਰਾ ਮਹਾਂਭਾਰਤ ਸੀ। ਉਹ ਇਕੱਲੀ ਲਾਚਾਰ ਔਰਤ ਕਿਵੇਂ ਇਹ ਸਾਰੇ ਮਹਾਂਭਾਰਤ ਲੜਦੀ ਰਹੀ। ਮੈਂ ਵੱਡਾ ਹੋਣ ਨਾਤੇ ਸਾਰੇ ਭੈਣਾਂ-ਭਰਾਵਾਂ ਤੋਂ ਜ਼ਿਆਦਾ ਨਜ਼ਦੀਕ ਤੋਂ ਜਾਣਦਾ ਹਾਂ।
ਗੰਗਾ ਕਿਨਾਰੇ ਖੜ੍ਹਾ ਇਸ ਦੁੱਖਭਰੀ ਫ਼ਿਲਮ ਨੂੰ ਫਿਰ ਤੋਂ ਦੁਹਰਾਉਂਦਾ ਹਾਂ ਤਾਂ ਮਾਂ ਦਾ ਚਿਹਰਾ ਮੇਰੇ ਸਾਹਮਣੇ ਆਣ ਖਲੋਂਦਾ ਹੈ, ਜਿਸ ਨੂੰ ਇੱਕ ਇਹੋ-ਜਿਹੇ ਪਤੀ ਨਾਲ ਬੰਨ੍ਹ ਦਿੱਤਾ ਗਿਆ ਸੀ ਜੋ ਵੱਡੀ ਜਿਮੀਂਦਾਰੀ ਸੰਭਾਲਣ ਦੇ ਨਾਲ ਸ਼ਰਾਬ ਪੀਣ ਦਾ ਆਦੀ ਸੀ। ਮਾਂ ਦੇ ਪਰਿਵਾਰ ਤੇ ਪਿਤਾ ਦੇ ਪਰਿਵਾਰ ਦੀਆਂ ਕਦਰਾਂ-ਕੀਮਤਾਂ ਵਿੱਚ ਵੀ ਕਾਫ਼ੀ ਫ਼ਰਕ ਸੀ। ਨਾਨਾ ਜੀ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਡੀ.ਸੀ. ਦੇ ਨਿੱਜੀ ਸਹਾਇਕ ਸਨ ਤੇ ਦਾਦਾ ਜੀ ਵੱਡੀ ਜਿਮੀਂਦਾਰੀ ਦੇ ਨਾਲ ਪਿੰਡ ਦੇ ਨੰਬਰਦਾਰ ਵੀ ਸਨ। ਨਾਨਾ ਜੀ ਆਰੀਆ ਸਮਾਜ ਦੇ ਰੰਗ ਵਿੱਚ ਰੰਗੇ ਹੋਏ ਸਨ ਤੇ ਦਾਦਾ ਜੀ ਸਨਾਤਨ ਧਰਮ ਦੇ ਰੀਤੀ-ਰਿਵਾਜਾਂ ਵਿੱਚ ਡੁੱਬੇ ਹੋਏ ਸਨ। ਮਾਂ ਭਾਵੇਂ ਅੱਠਵੀ ਪਾਸ ਸੀ ਤੇ ਪਿਤਾ ਜੀ ਚੌਥੀ ਕਲਾਸ ਤੱਕ ਉਰਦੂ ਦੀ ਕੰਮ ਚਲਾਊ ਪੜ੍ਹਾਈ ਲੈ ਕੇ ਬਸਤਾ ਚੁੱਕੀ ਘਰ ਆਏ ਤੇ ਫਿਰ ਵਾਪਸ ਸਕੂਲ ਨਹੀਂ ਗਏ। ਮਾਂ, ਮੇਰੀ ਦਾਦੀ ਦੀਆਂ ਨਜ਼ਰਾਂ ਵਿੱਚ ਇੱਕ ਬਾਬੂ ਦੀ ਧੀ ਸੀ ਤੇ ਪਿਤਾ ਜੀ ਇੱਕ ਵੱਡੇ ਜਿਮੀਂਦਾਰ ਦੇ ਇਕੱਲੇ ਕੁਲ ਦੀਪਕ ਸਨ। ਇਸ ਤਰ੍ਹਾਂ ਦੋ ਸੰਸਕ੍ਰਿਤੀਆਂ ਵਿੱਚ ਫਸੀ ਮੇਰੀ ਮਾਂ ਦੀ ਸਮੱਸਿਆਵਾਂ ਦੀ ਸ਼ੁਰੂਆਤ ਪਿਤਾ ਜੀ ਦੀ ਸ਼ਰਾਬ ਛੁਡਵਾਉਣ ਦੇ ਇਰਾਦੇ ਨਾਲ ਸ਼ੁਰੂ ਹੋਈ ਤੇ ਪਿਤਾ ਜੀ ਦੀ ਨਾ ਛੱਡਣ ਦੀ ਜ਼ਿੱਦ।
ਆਪਣੇ ਬਚਪਨ ਦੇ ਭਿਆਨਕ ਦ੍ਰਿਸ਼ ਮੈਂ ਅੱਜ ਤੱਕ ਭੁੱਲ ਨਹੀਂ ਸਕਿਆ। ਪਿਤਾ ਜੀ ਰੋਜ਼ ਸ਼ਰਾਬ ਦੇ ਨਸ਼ੇ ‘ਚ ਡਿੱਗਦੇ-ਢਹਿੰਦੇ ਘਰ ਪਹੁੰਚਦੇ ਸਨ। ਮਾਂ ਦਾ ਦਿਲ ਧੜਕਦਾ ਰਹਿੰਦਾ ਸੀ। ਪਿਤਾ ਜੀ ਰੋਜ਼ ਕਸਮ ਖਾਂਦੇ ਸਨ, ”ਬਸ ਅੱਜ ਮੁਆਫ਼ ਕਰਦੇ ਕੱਲ੍ਹ ਤੋਂ ਪੀਣ ਤੋਂ ਤੌਬਾ।” ਮਾਂ ਹਰ ਰੋਜ਼ ਉਮੀਦ ਦਾ ਦੀਵਾ ਜਗਾਉਂਦੀ ਪਰ ਲੱਗਦਾ ਉਸ ਦਿਨ ਉਨ੍ਹਾਂ ਦੀ ਉਮੀਦ ਟੁੱਟ ਗਈ ਸੀ। ਦੀਵਾ ਬੁਝ ਗਿਆ ਸੀ। ਉਹ ਇੱਕ ਆਗਿਆਕਾਰੀ ਪਤਨੀ ਦੀ ਤਰ੍ਹਾਂ ਰੋਟੀ ਦੀ ਥਾਲੀ ਤਿਆਰ ਕਰਕੇ ਖੜ੍ਹਨ ਦੀ ਥਾਂ ਝਾਂਸੀ ਦੀ ਰਾਣੀ ਬਣ ਕੇ ਖੜ੍ਹੀ ਸੀ ਕਿ ਅੱਜ ਫ਼ੈਸਲਾ ਹੋ ਕੇ ਰਹੇਗਾ ਜਾਂ ਤਾਂ ਸ਼ਰਾਬ ਰਹੇਗੀ ਜਾਂ ਮੈਂ ਰਹਾਂਗੀ।
ਇਕਲੌਤੇ, ਲਾਡਲੇ ਤੇ ਵਿਗੜੇ ਪੁੱਤਰ ‘ਤੇ ਸ਼ਰਾਬ ਦਾ ਰੰਗ ਪੂਰੀ ਤਰ੍ਹਾਂ ਦਿਸਿਆ ਤੇ ਪੈਰਾਂ ਵਿੱਚ ਪਾਈ ਪਿੰਡ ਦੀ ਦੇਸੀ ਜੁੱਤੀ ਲਾਹ ਕੇ ਸਿੱਧੇ ਮਾਂ ਵੱਲ ਭੱਜੇ ਮੇਰੇ ਪਿਤਾ।
ਬਾਬੂ ਦੀ ਬੇਟੀ ਨੇ ਆਪਣੇ ਘਰ ਵਿੱਚ ਪਹਿਲਾਂ ਤਾਂ ਸ਼ਰਾਬ ਹੀ ਨਹੀਂ ਦੇਖੀ ਸੀ, ਉੱਤੋਂ ਰੋਕਣ ‘ਤੇ ਇਸ ਤਰ੍ਹਾਂ ਕੋਈ ਜੁੱਤੀ ਦਿਖਾਵੇਗਾ ਇਹ ਤਾਂ ਮਾਂ ਦੀ ਕਲਪਨਾ ਤੋਂ ਵੀ ਪਰ੍ਹੇ ਸੀ।
ਮਾਂ ਨੇ ਜਿਵੇਂ-ਕਿਵੇਂ ਰਾਤ ਕੱਟੀ। ਸਵੇਰ ਹੁੰਦੇ ਹੀ, ਮੇਰੀ ਉਂਗਲ ਫੜੀ, ਅਟੈਚੀ ਚੁੱਕ ਕੇ ਪੇਕਿਆਂ ਦਾ ਰਸਤਾ ਫੜ ਲਿਆ ਤਾਂ ਜਾ ਕੇ ਕਿਤੇ ਪਿਤਾ ਜੀ ਨੂੰ ਪਰਿਵਾਰ ‘ਤੇ ਪੈਣ ਵਾਲੇ ਕਾਲੇ ਸਾਏ ਦੀ ਸੋਝੀ ਆਈ। ਕੁਝ ਦਿਨ ਤਾਂ ਰਸਤਾ ਦੇਖਿਆ, ਆਕੜ ਰੱਖੀ, ਹਾਰ ਕੇ ਮਾਂ ਨੂੰ ਮਨਾਉਣ ਪਹੁੰਚੇ। ਮਾਂ ਮੇਰੇ ਬਚਪਨ ਵਿੱਚ ਇਹ ਕਹਿੰਦੀ ਰਹੀ ਕਿ ਜੇ ਮੈਂ ਇਸ ਪੁੱਤਰ ਨੂੰ ਜਨਮ ਨਾ ਦਿੱਤਾ ਹੁੰਦਾ ਤਾਂ ਕੌਣ ਮਨਾਉਣ ਆਉਂਦਾ ਪੇਕੇ। ਸ਼ਾਇਦ ਔਰਤ ਦਾ ਇਹ ਦੁਖਦਾਈ ਪਹਿਲੂ ਅੱਜ ਵੀ ਸੱਚ ਹੈ।
ਮਾਂ ਦਾ ਕਹਿਣਾ ਸੀ ਉਸ ਦਾ ਇਹ ਵਿਰੋਧ ਕੁਝ ਦਿਨ ਹੀ ਰੰਗ ਲਿਆ ਸਕਿਆ। ਪਿਤਾ ਜੀ ਫੇਰ ਨਸ਼ੇ ਵਿੱਚ ਡੁੱਬ ਗਏ ਤੇ ਉਦੋਂ ਤੱਕ ਛੋਟੀ ਭੈਣ ਵੀ ਦੁਨੀਆਂ ਵਿੱਚ ਆ ਚੁੱਕੀ ਸੀ। ਇਸ ਤਰ੍ਹਾਂ ਮੋਹ ਮਮਤਾ ਵਿੱਚ ਫਸੀ ਮਾਂ ਵਿਚਾਰੀ ਪਿਤਾ ਜੀ ਨੂੰ ਡਰਾਉਣ ਲਈ ਫਿਰ ਆਪਣੇ ਪੇਕੇ ਵੀ ਨਹੀਂ ਜਾ ਸਕੀ। ਬਾਅਦ ‘ਚ ਦੋ ਭਰਾ ਪਰਿਵਾਰ ਵਿੱਚ ਹੋਰ ਆ ਗਏ। ਪਿਤਾ ਜੀ ਨੂੰ ਸਮਝਾਉਣ ਦੇ ਸਾਰੇ ਯਤਨ ਨਾਕਾਮ ਰਹੇ। ਆਖਰ ਉਨ੍ਹਾਂ ਨੂੰ ਸ਼ਰਾਬ ਲੈ ਹੀ ਗਈ।
ਬੜੀ ਜ਼ਮੀਨ-ਜਾਇਦਾਦ। ਬੜੀਆਂ ਮੁਸ਼ਕਲਾਂ ਤੇ ਬੜੇ ਲਾਲਚੀ ਰਿਸ਼ਤੇਦਾਰ। ਪਿਤਾ ਦੀ ਮੌਤ ਤੋਂ ਬਾਅਦ ਭੂਆ ਜ਼ਮੀਨ-ਜਾਇਦਾਦ ਦੇ ਹਿੱਸੇ ‘ਤੇ ਨਜ਼ਰ ਰੱਖੀ ਬੈਠੀ ਸੀ। ਦਾਦਾ ਜੀ ਵਸੀਅਤ ਕਰ ਗਏ ਸਨ ਕਿ ਉਨ੍ਹਾਂ ਦੇ ਪੋਤਿਆਂ ਨੂੰ ਹਿੱਸਾ ਮਿਲੇ। ਕਚਹਿਰੀ ਵਿੱਚ ਸਵੇਰੇ ਤੋਂ ਡੇਰਾ ਲਾ ਲੈਣ ਵਾਲੇ ਮੇਰੇ ਦਾਦਾ ਜੀ ਆਪਣੇ ਸ਼ਰਾਬੀ ਪੁੱਤਰ ਤੋਂ ਇੰਨਾ ਤੰਗ ਆ ਚੁੱਕੇ ਸਨ ਕਿ ਇਕਲੌਤਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਪੁੱਤਰ ਪ੍ਰਤੀ ਕੋਈ ਮੋਹ ਮਮਤਾ ਨਹੀਂ ਸੀ। ਬੜੀ ਮਾਸੂਮੀਅਤ ਨਾਲ ਸਿੱਧਾ ਪਿਤਾ ਜੀ ਨੂੰ ਜ਼ਮੀਨ ਤੋਂ ਬੇਦਖਲ ਕਰ ਦਿੱਤਾ ਤਾਂ ਕਿ ਪਿਤਾ ਜੀ ਜ਼ਮੀਨ ਵੇਚ ਨਾ ਸਕਣ ਤੇ ਭੂਆ ਜੀ ਕਿਵੇਂ ਲੈ ਲੈਂਦੇ।
ਪਿਤਾ ਜੀ ਦੀ ਮੌਤ ਤੋਂ ਬਾਅਦ ਭੂਆ ਮੁਅੱਜਿਜ਼ ਲੋਕਾਂ ਦੇ ਘਰਾਂ ਦੇ ਚੱਕਰ ਕੱਟ ਕੇ ਅਜਿਹੀ ਵਸੀਅਤ ਬਣਾਉਣ ਵਿੱਚ ਲੱਗ ਗਈ ਜਿਸ ਵਿੱਚ ਉਨ੍ਹਾਂ ਦਾ ਹਿੱਸਾ ਵੀ ਲਿਖਿਆ ਗਿਆ ਹੋਵੇ। ਲੋਕਾਂ ਨੇ ਇਸ ਤਰ੍ਹਾਂ ਦੀ ਵਸੀਅਤ ‘ਤੇ ਗਵਾਹੀ ਪਾਉਣ ਤੋਂ ਮਨ੍ਹਾਂ ਕਰ ਦਿੱਤਾ। ਉੱਡਦੀ-ਉੱਡਦੀ ਗੱਲ ਮਾਂ ਤੱਕ ਪਹੁੰਚ ਗਈ। ਮੈਂ ਬੇਸ਼ੱਕ ਛੋਟੀ ਉਮਰ ਦਾ ਸੀ, ਮੈਨੂੰ ਵੀ ਭੂਆ ਜੀ ਦੀ ਇਹ ਗੱਲ ਬੁਰੀ ਲੱਗੀ।
ਮਾਂ ਘਰ ਦੇ ਵਿਹੜੇ ਵਿੱਚ ਬੈਠੀ ਭੂਆ ਕੋਲ ਗਈ ਤੇ ਇੱਕ ਕਵਚ ਵਾਂਗ ਮੇਰੇ ਸਾਹਮਣੇ ਖੜੋ ਕੇ ਭੂਆ ਨੂੰ ਲਲਕਾਰ ਕੇ ਕਿਹਾ, ”ਆਪਣੇ ਬੱਚਿਆਂ ਦੇ ਮੂੰਹ ਵਿੱਚੋਂ ਉਨ੍ਹਾਂ ਦਾ ਨਿਵਾਲਾ ਖੋਹਣ ਨਹੀਂ ਦੇਵਾਂਗੀ। ਜੇ ਕੋਈ ਮੇਰੇ ਬੱਚਿਆਂ ਦੀ ਸਹਾਇਤਾ ਨਹੀਂ ਕਰ ਸਕਦਾ ਤਾਂ ਘੱਟੋ-ਘੱਟ ਉਨ੍ਹਾਂ ਦੇ ਬਜ਼ੁਰਗਾਂ ਤੋਂ ਮਿਲੀ ਸਹਾਇਤਾ ਤੋਂ ਤਾਂ ਵਾਂਝੇ ਨਾ ਕਰੋ।” ਉਹ ਦਿਨ ਤੇ ਅੱਜ ਦਾ ਦਿਨ ਮਾਂ ਨੇ ਭੂਆ ਨੂੰ ਨਹੀਂ ਬੁਲਾਇਆ। ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦਿਆਂ ਰਿਸ਼ਤੇ ਦੀ ਡੋਰ ਇੱਕ ਮਿੰਟ ਵਿੱਚ ਤੋੜ ਦਿੱਤੀ। ਮੈਂ ਵੀ ਮਾਂ ਦੀ ਇਸ ਕਸਮ ਤੇ ਰਸਮ ਨੂੰ ਨਿਭਾਇਆ। ਮੈਂ ਆਪਣੀਆਂ ਦੋਵੇਂ ਭੂਆ ਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦਾ ਸੀ। ਛੋਟੀ ਭੂਆ ਨਾਲ ਸਾਰੀਆਂ ਗੱਲਾਂ ਸਾਝੀਆਂ ਕਰਦਾ ਸੀ ਪਰ ਮੈਂ ਵੀ ਵਾਪਸ ਪਰਤ ਕੇ ਉਨ੍ਹਾਂ ਕੋਲ ਨਹੀਂ ਗਿਆ।
ਮਾਂ ਸਾਨੂੰ ਚਾਰੋਂ ਭਾਈ-ਭੈਣਾਂ ਨਾਲ ਪਿਤਾ ਜੀ ਦੀ ਸਮੇਂ ਤੋਂ ਪਹਿਲਾਂ ਹੋਈ ਮੌਤ ਦਾ ਗਮ ਭੁਲਾ ਕੇ ਜ਼ਿੰਦਗੀ ਦੀ ਗੱਡੀ ਫਿਰ ਤੋਂ ਲੀਹ ‘ਤੇ ਲਿਆਉਣ ਵਿੱਚ ਜੁਟ ਗਈ। ਮੈਨੂੰ ਕੀ ਪਤਾ ਸੀ ਕਿ ਪਿਤਾ ਦੇ ਪਿਆਰ ਦੀ ਛਾਂ ਕਿਸ ਤਰ੍ਹਾਂ ਦੀ ਹੁੰਦੀ ਹੈ। ਪਿਤਾ ਜੀ ਦੀ ਮੌਤ ਤੋਂ ਬਾਅਦ ਪਗੜੀ ਦਾ ਬੋਝ ਮੇਰੇ ਸਿਰ ‘ਤੇ ਹੀ ਆਇਆ ਸੀ ਤੇ ਇਸ ਤਰ੍ਹਾਂ ਪਰਿਵਾਰ ਦੇ ਮੁਖੀ ਦੀ ਭੂਮਿਕਾ ਮੈਨੂੰ ਦੇ ਦਿੱਤੀ ਗਈ ਸੀ।
ਸਾਡੀ ਮਾਸੀ ਤੇ ਮਾਮਿਆਂ ਨੂੰ ਲੱਗਿਆ ਕਿ ਉਨ੍ਹਾਂ ਦੀ ਭੈਣ ਨਿਰਮਲਾ ਕੁਝ ਬੱਚਿਆਂ ਸਹਾਰੇ ਤੇ ਕੁਝ ਉਮੀਦਾਂ ਸਹਾਰੇ ਜੀਵਨ ਦੀ ਕਿਸ਼ਤੀ ਕਿਨਾਰੇ ਲੈ ਜਾਵੇਗੀ। ਉਸ ਤਰ੍ਹਾਂ ਹੋਇਆ ਵੀ ਪਰ ਮਾਂ ਨੇ ਸੋਚਿਆ ਜਿਸ ਤਰ੍ਹਾਂ ਜ਼ਮੀਨ ਨੂੰ ਲੈ ਕੇ ਉਨ੍ਹਾਂ ਨਾਲ ਧੋਖਾ ਹੋ ਰਿਹਾ ਸੀ, ਉਸ ਤਰ੍ਹਾਂ ਉਨ੍ਹਾਂ ਦੇ ਛੋਟੇ ਪੁੱਤਰਾਂ ਨਾਲ ਵੀ ਨਾ ਹੋ ਜਾਵੇ। ਇਸ ਲਈ ਵੱਡਾ ਪੁੱਤਰ ਹੋਣ ਨਾਤੇ ਉਨ੍ਹਾਂ ਨੇ ਮੇਰੇ ‘ਤੇ ਵੀ ਵਿਸ਼ਵਾਸ ਨਹੀਂ ਕੀਤਾ। ਉਹ ਇਹੋ ਰੱਟ ਲਾਈ ਰੱਖਦੀ ਮੇਰੇ ਬੱਚਿਆਂ ਦਾ ਹਿੱਸਾ ਦੇ ਦੇਵੋ। ਇਹ ਸਮਝਾਉਣ ਤੋਂ ਬਾਅਦ ਵੀ ਕਿ ਮੈਂ ਵੀ ਤੁਹਾਡਾ ਪੁੱਤਰ ਹਾਂ। ਮੈਂ ਇੰਨਾ ਜ਼ਰੂਰ ਕਿਹਾ, ”ਇਨ੍ਹਾਂ ਦੇ ਪੜ੍ਹਨ-ਲਿਖਣ ਦੇ ਦਿਨ ਹਨ ਤੇ ਮੈਨੂੰ ਵੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਲੈਣ ਦਿਓ। ਜਦੋਂ ਮੇਰਾ ਹਿੱਸਾ ਕੋਈ ਨਹੀਂ ਲੈ ਸਕਦਾ ਤਾਂ ਮੈਂ ਇਨ੍ਹਾਂ ਦਾ ਹਿੱਸਾ ਕਿਵੇਂ ਲੈ ਸਕਦਾ ਹਾਂ? ਫਿਰ ਵੱਡਾ ਭਰਾ ਹਾਂ, ਕੀ ਮੈਂ ਨਹੀਂ ਚਾਹਾਂਗਾ ਕਿ ਮੇਰੇ ਭਰਾ ਵੀ ਤਰੱਕੀ ਕਰਨ?” ਪੜ੍ਹਾਈ-ਲਿਖਾਈ ਅਤੇ ਭੈਣ ਦੇ ਵਿਆਹ ਤੱਕ ਮੈਂ ਮਾਂ ਨੂੰ ਰੋਕ ਕੇ ਰੱਖਿਆ। ਫਿਰ ਵੀ ਉਹ ਇਸ ਵੰਡ ਦੇ ਬੀਜ ਨੂੰ ਹਰ ਰੋਜ਼ ਸਿੰਜਦੀ ਰਹੀ। ਭੈਣ ਛੋਟੀ ਸੀ ਪਰ ਪਹਿਲਾਂ ਉਸ ਦਾ ਵਿਆਹ ਕੀਤਾ ਗਿਆ। ਫ਼ੌਜ ਵਿੱਚ ਕੰਮ ਕਰਦਾ ਸੀ ਮੁੰਡਾ। ਰਿਸ਼ਤੇਦਾਰੀ ‘ਚ ਦੂਰ ਦੀ ਚਾਚੀ ਇਹ ਰਿਸ਼ਤਾ ਲੈ ਕੇ ਆਈ ਸੀ। ਬਿਨਾਂ ਮੁੰਡਾ ਦੇਖੇ ਮਾਂ ਨੇ ਮੇਰੇ ਕੋਲੋਂ ਸ਼ਗਨ ਕਰਵਾ ਦਿੱਤਾ। ਬਾਅਦ ‘ਚ ਮੁੰਡਾ ਜਦੋਂ ਛੁੱਟੀ ਆਇਆ ਤਾਂ ਉਸ ਸਮੇਂ ਮੈਨੂੰ ਦੇਖਣ ਲਈ ਉਸ ਦੇ ਪਿੰਡ ਭੇਜ ਦਿੱਤਾ। ਮੈਂ ਮਾਂ ਨੂੰ ਇੰਨਾ ਹੀ ਪੁੱਛਿਆ ਸੀ, ”ਦੱਸੋ ਜਦੋਂ ਸ਼ਗਨ ਕਰ ਚੁੱਕੀ ਹੈਂ ਤਾਂ ਹੁਣ ਦੇਖਣ ਦਾ ਕੀ ਫ਼ਾਇਦਾ? ਦੇਖ ਕੇ ਜੇ ਮੈਂ ਕਹਾਂ ਮੈਨੂੰ ਪਸੰਦ ਨਹੀਂ ਤਾਂ ਰਿਸ਼ਤਾ ਤੋੜ ਦੇਵੇਂਗੀ?”
ਤਾਂ ਵੀ ‘ਕੱਲੀ ਔਰਤ ਦਾ ਸੰਘਰਸ਼ ਤੇ ਮਜਬੂਰੀ ਹੀ ਸਾਹਮਣੇ ਆਈ ਸੀ। ਸਮਾਜ ਵਿੱਚ ਕੁੜੀ ਦੀ ਹਾਲਤ ਤੇ ਵਿਆਹ ਨੂੰ ਸਮਾਜਿਕ ਸੁਰੱਖਿਆ ਦੇ ਤੌਰ ‘ਤੇ ਕਿਉਂ ਰੱਖਿਆ ਜਾਂਦਾ ਹੈ। ਇਹ ਸਭ ਪੂਰੀ ਤਰ੍ਹਾਂ ਸਮਝ ਆ ਗਿਆ ਸੀ। ਕਦੀ ਬਾਲ ਵਿਆਹ ਹੁੰਦੇ ਰਹੇ ਤੇ ਹੁਣ ਵੀ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਵਿਆਹ ਕਰਨਾ ਇੱਕ ਜ਼ਰੂਰਤ ਹੈ। ਮਾਂ ਫਫਕ ਉੱਠੀ, ”ਪੁੱਤ, ਮੈਂ ਕੀ ਕਰਦੀ ਰਿਸ਼ਤਾ ਮਨਜ਼ੂਰ ਕਰਨ ਤੋਂ ਇਲਾਵਾ? ਫ਼ੌਜ ਵਿੱਚ ਹੈ ਪਰ ਚੰਗਾ ਹੈ। ਦੇਖਣ ਯੋਗ ਮੁੰਡਾ ਤਾਂ ਹੋਵੇਗਾ ਹੀ। ਫਿਰ ਤੁਹਾਡੇ ਵਿਆਹ ਸੋਚ ਸਮਝ ਕੇ ਕਰ ਲਵਾਂਗੀ। ਇਹ ਬੇਵਕੂਫ਼ੀ ਮੈਨੂੰ ਕਰ ਲੈਣ ਦੇ।”
ਇਸ ਤੋਂ ਬਾਅਦ ਉਸ ਮੁੰਡੇ ਦੇ ਘਰ ਜਾ ਕੇ ਦੇਖਣ ਦੀ ਰਸਮ ਮੈਨੂੰ ਨਿਭਾਉਣੀ ਪਈ ਸੀ ਪਰ ਇਹ ਵਿਆਹ ਬੇਵਕੂਫ਼ੀ ਹੀ ਸਾਬਿਤ ਹੋਇਆ ਸੀ। ਸੱਸ ਤੇ ਤਿੰਨ ਕੁਆਰੀਆਂ ਨਣਾਨਾਂ ਇੰਨਾ ਕੰਮ ਕਰਨ ਦੇ ਬਾਵਜੂਦ ਨਘੋਚਾਂ ਕੱਢਦੀਆਂ ਰਹਿੰਦੀਆਂ ਸਨ। ਸਹੁਰਾ ਸਾਰਾ ਦਿਨ ਦੇਸੀ ਹਕੀਮ ਦਾ ਕੰਮ ਕਰਨ ਤੋਂ ਬਾਅਦ ਸਾਡੇ ਪਿਓ ਵਾਂਗ ਹੀ ਨਸ਼ੇ ‘ਚ ਧੁੱਤ ਰਹਿੰਦਾ ਸੀ। ਇੱਕ ਦਿਉਰ ਸੀ ਕਾਲਜ ਤੋਂ ਬਾਅਦ ਜੋਤਿਸ਼ ਦੀਆਂ ਪੋਥੀਆਂ ‘ਚ ਡੁੱਬਿਆ ਰਹਿੰਦਾ ਸੀ। ਪਤੀ ਜਦੋਂ ਫ਼ੌਜ ਤੋਂ ਛੁੱਟੀ ਆਉਂਦਾ ਮਾਂ ਉਸ ਦੇ ਕੰਨ ਭਰ ਦਿੰਦੀ। ਫਿਰ ਕੀ ਸੀ ਪਤੀ ਨੇ ਜਿਹੜੇ ਹੱਥ ਕਦੇ ਮੋਰਚੇ ‘ਤੇ ਨਹੀਂ ਅਜ਼ਮਾਏ ਸੀ ਉਹ ਪਤਨੀ ਨੂੰ ਮਾਰ ਕੇ ਬਹਾਦਰੀ ਦਿਖਾਉਂਦਾ ਸੀ। ਉਸ ਦੇ ਜਾਣ ਤੋਂ ਬਾਅਦ ਭੈਣ ਮਨ ਤੇ ਸਰੀਰ ਦੇ ਜ਼ਖ਼ਮ ਲੈ ਕੇ ਸਾਡੇ ਕੋਲ ਆ ਜਾਂਦੀ।
ਭੂਤਕਾਲ ਦੇ ਦ੍ਰਿਸ਼ ਅੱਖਾਂ ਸਾਹਮਣੇ ਕਿਸੇ ਐਲਬਮ ਵਾਂਗ ਖੁੱਲ੍ਹਣ ਲੱਗ ਪੈਂਦੇ। ਕੀ ਕਰੇ ਇੱਕ ਇਕੱਲੀ ਔਰਤ? ਬਹੁਤ ਹੀ ਅਜੀਬ ਫ਼ੈਸਲਾ ਕੀਤਾ ਮਾਂ ਨੇ। ਮੇਰਾ ਵੀ ਵਿਆਹ ਹੋ ਚੁੱਕਾ ਸੀ। ਮੇਰੀ ਪਤਨੀ ਜਿੰਨਾ ਹੋ ਸਕਦਾ ਨਣਾਨ ਦਾ ਦੁੱਖ ਵੰਡਾਉਂਦੀ। ਜਿੰਨਾ ਦੇ ਸਕਦੀ ਉਸ ਨੂੰ ਦੇ ਕੇ ਸਹੁਰੇ ਭੇਜਦੀ ਪਰ ਸਹੁਰਿਆਂ ਦਾ ਮੂੰਹ ਫਿਰ ਵੀ ਖੁੱਲ੍ਹੇ ਦਾ ਖੁੱਲ੍ਹਾ ਰਹਿੰਦਾ। ਮਾਂ ਨੇ ਆਪਣੀ ਧੀ ਦੇ ਦੁੱਖ ਦੇਖਦਿਆਂ ਪੁੱਤਰਾਂ ਨੂੰ ਪਿੱਛੇ ਧੱਕਾ ਮਾਰਦੇ ਹੋਏ ਜ਼ਿੱਦ ਸ਼ੁਰੂ ਕਰ ਦਿੱਤੀ ਕਿ ਉਸ ਦੇ ਹਿੱਸੇ ਦੀ ਜ਼ਮੀਨ ਦਾ ਠੇਕਾ ਉਸ ਨੂੰ ਦਿੱਤਾ ਜਾਵੇ ਤੇ ਬਾਅਦ ਵਿੱਚ ਸਿੱਧੀ ਜ਼ਮੀਨ ਦੇਣ ਦੀ ਰੱਟ ਲਗਾ ਦਿੱਤੀ।
ਮਾਂ ਆਪਣੀ ਧੀ ਦਾ ਦੁੱਖ ਘੱਟ ਕਰਨਾ ਚਾਹੁੰਦੀ। ਇੱਕ ਔਰਤ ਦੂਜੀ ਔਰਤ ਦਾ ਦੁੱਖ ਵੰਡਾਉਣਾ ਚਾਹੁੰਦੀ ਸੀ। ਅਸੀਂ ਮੁੰਡੇ ਹੋਣ ਦੇ ਬਾਵਜੂਦ ਪੁਰਸ਼ ਪ੍ਰਧਾਨ ਸਮਾਜ ਦੀ ਤਰਫ਼ਦਾਰੀ ਕਰ ਰਹੇ ਸੀ। ਕੀ ਇਹ ਸੰਭਵ ਸੀ? ਕੀ ਅਸੀਂ ਭੈਣ ਦੇ ਕੁਝ ਨਹੀਂ ਲੱਗਦੇ ਸੀ? ਕੀ ਅਸੀਂ ਉਸ ਨੂੰ ਤੋਹਫ਼ੇ ਨਹੀਂ ਦਿੰਦੇ ਸੀ। ਕੀ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੀ ਭੈਣ ਸੁਖੀ ਤੇ ਚੰਗਾ ਜੀਵਨ ਬਿਤਾਵੇ।
ਮਾਂ ਇੱਕ ਔਰਤ ਹੋਣ ਨਾਤੇ ਸਾਡੀ ਭੈਣ ਤੇ ਆਪਣੀ ਧੀ ਪ੍ਰਤੀ ਜਿੰਨੀ ਠੀਕ ਸੀ ਪਰ ਰਵਾਇਤ ਦੇ ਤੌਰ ‘ਤੇ ਉਨੀਂ ਗ਼ਲ਼ਤ ਵੀ ਸੀ। ਬੇਸ਼ੱਕ ਕੁੜੀਆਂ ਨੂੰ ਜਾਇਦਾਦ ਵਿੱਚ ਬਰਾਬਰ ਦਾ ਹੱਕਦਾਰ ਬਣਾ ਦਿੱਤਾ ਗਿਆ ਹੈ ਪਰ ਸਮਾਜ ਨੇ ਇਸ ਨੂੰ ਕਦੋਂ ਸਵੀਕਾਰਿਆ ਹੈ? ਭੈਣ ਕਚਹਿਰੀ ਵਿੱਚ ਜਾਂਦੀ ਹੈ ਤੇ ਆਪਣਾ ਹਿੱਸਾ ਆਪਣੇ ਭਰਾਵਾਂ ਦੇ ਨਾਂ ਕਰਨ ਦੇ ਐਲਾਨਨਾਮੇ ‘ਤੇ ਹਸਤਾਖਰ ਕਰ ਦਿੰਦੀ ਹੈ।
ਇਹ ਚਲਨ ਹੈ। ਇਹ ਹੀ ਸੱਚ ਹੈ ਪਰ ਸਾਡੀ ਮਾਂ ਜਿਸ ਗੱਲ ਲਈ ਆਪਣੀਆਂ ਨਣਾਨਾਂ ਨਾਲ ਪੂਰੀ ਜ਼ਿੰਦਗੀ ਨਹੀਂ ਬੋਲੀ, ਉਸ ਗੱਲ ਨੂੰ ਹੁਣ ਕਿਵੇਂ ਸਹੀ ਮੰਨਣ ਲੱਗੀ? ਕੀ ਕਿਸੇ ਕੁੜੀ ਨੂੰ ਰੁਪਏ-ਪੈਸੇ ਤੇ ਜ਼ਮੀਨ-ਜਾਇਦਾਦ ਦਾ ਲਾਲਚ ਦੇ ਕੇ ਵਸਾਇਆ ਜਾ ਸਕਦਾ ਹੈ। ਉਸ ਦੇ ਸੁਖੀ ਗ੍ਰਹਿਸਥ ਜੀਵਨ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਨਹੀਂ, ਕਦੇ ਨਹੀਂ। ਇਹ ਗੱਲ ਮੈਂ ਆਪਣੇ ਅਨੁਭਵਾਂ ਨਾਲ ਕਹਿ ਰਿਹਾ ਹਾਂ। ਭੈਣ ਨੇ ਵੀ ਮਾਂ ਦੀ ਸ਼ਹਿ ‘ਤੇ ਐਲਾਨ ਕਰ ਦਿੱਤਾ ਕਿ ਉਹ ਆਪਣੇ ਹਿੱਸੇ ਦੀ ਜ਼ਮੀਨ ਲਵੇਗੀ ਕਿ ਇਹ ਮਾਂ ਦੇ ਬੀਜੇ ਜ਼ਹਿਰੀਲੇ ਦਰੱਖ਼ਤ ਦੀ ਪਹਿਲੀ ਕਰੂੰਬਲ ਨਹੀਂ ਸੀ? ਮੈਂ ਭੈਣ ਨੂੰ ਮਨਾਉਣ ਤੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਬੜੀ ਸ਼ਾਂਤੀ ਨਾਲ ਮੈਂ ਆਪਣਾ ਰਿਸ਼ਤਾ ਸਮੇਟ ਲਿਆ। ਮੈਨੂੰ ਯਾਦ ਆਉਂਦਾ ਹੈ ਕਿ ਮੈਂ ਵੱਡੇ ਭਰਾ ਦਾ ਫ਼ਰਜ਼ ਨਿਭਾਉਣ ਉਸ ਦੇ ਘਰ ਉਸ ਦੇ ਸਹੁਰੇ ਦੀ ਮੌਤ ‘ਤੇ ਗਿਆ ਸੀ। ਉਹ ਮੇਰੀ ਤੇ ਭੈਣ ਦੇ ਰਿਸ਼ਤੇ ਦੀ ਅੰਤਿਮ ਵਿਦਾਈ ਸੀ। ਮੈਂ ਬਿਨਾਂ ਕੁਝ ਆਖੇ ਪਰਤ ਆਇਆ ਸੀ। ਉਸ ਰਿਸ਼ਤੇ ਦੇ ਟੁੱਟਣ ਕਾਰਨ ਹਰ ਰੱਖੜੀ ‘ਤੇ ਮੇਰੀ ਸੁੰਨੀ ਬਾਹ ਉਸ ਨੂੰ ਤਰਸਦੀ ਰਹੀ। ਭਰਾ-ਭੈਣ ਦੇ ਰਿਸ਼ਤੇ ਦੀ ਡੋਰ ਟੁੱਟਣ ਕਾਰਨ ਮੈਂ ਮਾਂ ਨੂੰ ਮੁਆਫ਼ ਨਹੀਂ ਕਰ ਸਕਿਆ।
ਮਾਂ ਨੇ ਇੱਥੇ ਬਸ ਨਹੀਂ ਕੀਤੀ। ਉਸ ਨੇ ਛੋਟੇ ਭਰਾ ਨੂੰ ਰਸੋਈ ਅਲੱਗ ਕਰਨ ਲਈ ਮਨਾ ਲਿਆ। ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤੇ ਵਿਹੜੇ ਵਿੱਚ ਰਸੋਈ ਦੇ ਸਮਾਨ, ਦਾਲਾਂ ਦੇ ਡੱਬੇ ਤੇ ਆਟੇ ਦੇ ਡਰੰਮ ਕੋਲ ਬੈਠੀ ਪਤਨੀ ਨੂੰ ਰੋਂਦੇ ਦੇਖਿਆ ਤੇ ਪੁੱਛਿਆ, ”ਕੀ ਹੋਇਆ?”
”ਮਾਂ ਨੇ ਸਾਨੂੰ ਵੱਖ ਕਰ ਦਿੱਤਾ ਹੈ।”
”ਕਿਉਂ?”
”ਉਹ ਕਹਿੰਦੀ ਹੈ ਕਿ ਛੋਟੇ ਭਰਾ ਨਾਲ ਵੱਖਰੀ ਰਸੋਈ ਚਲਾਵੇਗੀ। ਅਸੀਂ ਹੁਣ ਉੱਪਰ ਵਾਲੀ ਮੰਜ਼ਿਲ ‘ਤੇ ਰਹਾਂਗੇ।”
”ਕਿਉਂ? ਮਾਂ ਨੂੰ ਮਨਾਇਆ ਨਹੀਂ?”
”ਬਹੁਤ ਮਨਾਇਆ, ਉਨ੍ਹਾਂ ਨੇ ਸਾਡਾ ਸਮਾਨ ਅਲੱਗ ਕਰਕੇ ਬਾਹਰ ਰੱਖ ਦਿੱਤਾ।”
”ਮਾਂ… ਆ… ਆਂ…”
ਗੁੱਸੇ ‘ਚ ਮੇਰੀ ਆਵਾਜ਼ ਘਰ ਦੇ ਹਰ ਕਮਰੇ ਵਿੱਚ ਗੂੰਜੀ ਸੀ। ਮਾਂ ਆਪਣੇ ਕਮਰੇ ‘ਚੋਂ ਬਾਹਰ ਆਈ। ਉਸ ਨੇ ਆਪਣੇ ਫ਼ੈਸਲੇ ‘ਤੇ ਮੋਹਰ ਲਗਾ ਦਿੱਤੀ ਸੀ। ”ਮਾਂ ਮੈਂ ਗ਼ਲ਼ਤ ਨਹੀਂ ਹਾਂ ਤੇ ਨਾ ਹੀ ਕਿਸੇ ਤਰ੍ਹਾਂ ਭੈਣ ਦਾ ਹਿੱਸਾ ਲਵਾਂਗਾ। ਮੈਨੂੰ ਮੇਰੇ ਭੈਣ-ਭਰਾਵਾਂ ਤੋਂ ਇੱਕ-ਇੱਕ ਕਰਕੇ ਅਲੱਗ ਨਾ ਕਰੋ। ਮੈਂ ਇਨ੍ਹਾਂ ਨੂੰ ਤੁਹਾਡੇ ਨਾਲ ਪਾਲਿਆ ਹੈ। ਪੜ੍ਹਾਇਆ-ਲਿਖਾਇਆ ਹੈ ਤੇ ਨੌਕਰੀਆਂ ਲਗਵਾਈਆਂ ਹਨ। ਕੀ ਮੈਂ ਪਿਤਾ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਇਨ੍ਹਾਂ ਦਾ ਹਿੱਸਾ ਖਾ ਜਾਵਾਂਗਾ?” ਮੈਂ ਕਿਹਾ।
”ਮੈਨੂੰ ਕੁਝ ਪਤਾ ਨਹੀਂ।” ਮਾਂ ਇਕਦਮ ਕਠੋਰ ਦਿਲ ਦੀ ਹੋ ਗਈ ਸੀ।
”ਮਾਂ, ਅੱਜ-ਕੱਲ੍ਹ ਮੁੰਡੇ ਤੇ ਨੂੰਹਾਂ ਅਲੱਗ ਹੋਣ ਦੀ ਗੱਲ ਕਰਦੇ ਹਨ ਨਾ ਕਿ ਮਾਵਾਂ ਅਲੱਗ ਕਰਦੀਆਂ ਹਨ। ਮੈਂ ਜਾਣਦਾ ਹਾਂ ਕਿ ਅਸੀਂ ਭੈਣ-ਭਰਾਵਾਂ ਨੂੰ ਪਾਲਣ ‘ਚ ਬਹੁਤ ਮੁਸੀਬਤਾਂ ਕੱਟ ਚੁੱਕੇ ਹਾਂ। ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ।”
”ਨਹੀਂ ਮੇਰੇ ਹੱਥ ਪੈਰ ਚੱਲਣੇ ਹਨ। ਮੈਨੂੰ ਕਿਸੇ ਸੇਵਾ ਦੀ ਜ਼ਰੂਰਤ ਨਹੀਂ। ਮੈਂ ਆਪਣਾ ਰੋਟੀ-ਪਾਣੀ ਕਰ ਸਕਦੀ ਹਾਂ।”
ਇਸ ਤੋਂ ਬਾਅਦ ਕਹਿਣ ਨੂੰ ਕੁਝ ਬਚਿਆ ਹੀ ਨਹੀਂ ਸੀ। ਅਸੀਂ ਪਤੀ-ਪਤਨੀ ਬਰਤਨ ਲੈ ਕੇ ਉਪਰ ਵਾਲੀ ਮੰਜ਼ਿਲ ‘ਤੇ ਚਲੇ ਗਏ। ਅਲੱਗ ਰਸੋਈ ਕਰ ਲਈ। ਭੈਣ-ਭਰਾ ਨੇ ਆਪਣੇ-ਆਪਣੇ ਹਿੱਸੇ ਦੀ ਜ਼ਮੀਨ ਕਦੋਂ ਤੇ ਕਿਸ ਨੂੰ ਵੇਚੀ ਇਹ ਮੈਂ ਇੱਕ ਵਾਰ ਵੀ ਨਾ ਪੁੱਛਿਆ। ਆਖਰ ਮੇਰੀ ਨੌਕਰੀ ਬਾਹਰ ਲੱਗ ਗਈ। ਮੈਂ ਆਪਣਾ ਸਮਾਨ ਤੇ ਛੋਟੇ ਜਿਹੇ ਪਰਿਵਾਰ ਨੂੰ ਸਮੇਟ ਕੇ ਉਸ ਸ਼ਹਿਰ ਤੇ ਘਰੋਂ ਚੱਲਣ ਲੱਗਿਆਂ ਮਾਂ ਨੂੰ ਕਿਹਾ, ”ਮਾਂ, ਮੈਂ ਤੇਰੇ ਇਨ੍ਹਾਂ ਪੁੱਤਰਾਂ ਤੋਂ ਤੇਰੀ ਇੱਜ਼ਤ ਕਰਦਾ ਹਾਂ ਪਰ ਇੰਨਾ ਕਹਿ ਰਿਹਾ ਹਾਂ ਕਿ ਇਹ ਸੁੰਨੇ ਚੁਬਾਰੇ ਤੈਨੂੰ ਬਹੁਤ ਦੁੱਖ ਦੇਣਗੇ। ਮੈਨੂੰ ਜਦੋਂ ਵੀ ਯਾਦ ਕਰੇਂਗੀ ਉਸ ਵੇਲੇ ਹਾਜ਼ਰ ਹੋ ਜਾਵਾਂਗਾ।”
ਅੱਜ ਜਦੋਂ ਗੰਗਾ ਕਿਨਾਰੇ ਖੜ੍ਹਾ ਇਸ ਦੀਆਂ ਲਹਿਰਾਂ ਨਾਲ ਜੀਵਨ ਦੇ ਉਤਾਰ-ਚੜਾਅ ਦੇਖ ਰਿਹਾ ਹਾਂ ਤਾਂ ਮਨ ਵਿੱਚ ਸਵਾਲ ਉੱਠਦਾ ਹੈ ਕਿ ਆਖਰ ਇੱਕ ਮਾਂ ਆਪਣੇ ਪੁੱਤਰ ਪ੍ਰਤੀ ਇੰਨੀ ਬੇਰਹਿਮ ਕਿਵੇਂ ਹੋ ਸਕਦੀ ਹੈ? ਆਖਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਬਾਵਜੂਦ ਮਾਂ ਤੋਂ ਇੰਨੀ ਦੂਰੀ ਕਿਉਂ? ਇੱਕ ਹੀ ਘਰ, ਇੱਕ ਹੀ ਛੱਤ ਹੇਠਾਂ ਰਹਿੰਦੇ ਹੋਏ ਭੈਣ-ਭਰਾਵਾਂ ਨਾਲ ਇੰਨੀ ਦੂਰੀ ਕਿਵੇਂ ਪੈਂਦੀ ਗਈ?
ਬਚਪਨ ਦੀਆਂ ਵਾਦੀਆਂ ਵਿੱਚ ਉਤਰਨ ਤੋਂ ਬਾਅਦ ਕੁਝ-ਕੁਝ ਇਹ ਗੱਲ ਸਾਫ਼ ਹੋਣ ਲੱਗਦੀ ਹੈ। ਮਾਂ ਨੂੰ ਬਾਬੂ ਦੀ ਧੀ ਮੰਨ ਕੇ ਦਾਦੀ ਨੇ ਅਪਣਾਇਆ ਨਹੀਂ ਸੀ, ਬੱਸ ਨੂੰਹ ਮੰਨਿਆ ਸੀ ਅਜਿਹੀ ਨੂੰਹ ਜੋ ਘਰ ਵਿੱਚ ਕਿਤੇ ਵੀ ਪਈ ਰਹੇ। ਪਿਤਾ ਜੀ ਇਕਲੌਤੇ ਹੋਣ ਦੇ ਬਾਵਜੂਦ ਸ਼ਰਾਬ ਦੀ ਆਦਤ ਕਾਰਨ ਮਾਂ-ਪਿਉ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ ਸੀ। ਦਾਦੀ ਚਾਹੁੰਦੀ ਸੀ ਜਦੋਂ ਸ਼ਾਮ ਨੂੰ ਉਨ੍ਹਾਂ ਦਾ ਪੁੱਤਰ ਘਰ ਆਵੇ ਇੱਕ ਚੰਗੇ ਬੰਦੇ ਵਾਂਗ ਆਪਣੀ ਗ੍ਰਹਿਸਥੀ ਚਲਾਵੇ ਤੇ ਬੱਚਿਆਂ ਨਾਲ ਹੱਸੇ-ਖੇਡੇ।
ਇਸ ਤਰ੍ਹਾਂ ਨਹੀਂ ਹੋਇਆ। ਨਾ ਮਾਂ ਬਾਬੂ ਦੀ ਧੀ ਹੋਣ ਦਾ ਭੈਅ ਤੋੜ ਸਕੀ ਤੇ ਨਾ ਹੀ ਪਿਤਾ ਜੀ ਸ਼ਰਾਬ ਛੱਡ ਸਕੇ। ਦਾਦੀ ਦੇ ਇੰਨਾ ਜ਼ਰੂਰ ਕੀਤਾ ਕਿ ਮੇਰੇ ਜਨਮ ਤੋਂ ਬਾਅਦ ਮੈਨੂੰ ਘਰ ਦੀ ਇੱਕ ਛੱਤ ਹੋਣ ਦੇ ਬਾਵਜੂਦ ਵੱਖ ਪਾਲਣ ਲੱਗੀ ਤਾਂ ਕਿ ਮੇਰੇ ਮਾਪਿਆਂ ਦੇ ਸੰਸਕਾਰਾਂ ਦਾ ਪਰਛਾਵਾਂ ਮੇਰੇ ‘ਤੇ ਨਾ ਪਵੇ। ਇੱਥੋਂ ਤੱਕ ਕਿ ਮੈਨੂੰ ਮਾਂ ਦੇ ਹੱਥ ਲੱਗਿਆ ਪਾਣੀ ਵੀ ਨਹੀਂ ਪੀਣ ਦਿੰਦੀ ਸੀ ਤੇ ਨਾ ਹੀ ਪਿਤਾ ਜੀ ਨਾਲ ਜਾਣ ਦਿੰਦੀ ਸੀ। ਜੇ ਕਿਤੇ ਜਾਣਾ ਵੀ ਪੈਂਦਾ ਤਾਂ ਇਸ ਸ਼ਰਤ ‘ਤੇ ਜਾਣ ਦਿੰਦੀ ਕਿ ਉਹ ਸ਼ਰਾਬ ਨੂੰ ਹੱਥ ਨਹੀਂ ਲਾਉਣਗੇ।
ਇਹ ਦੂਰੀ ਇੰਨੀ ਵੱਡੀ ਬਣ ਜਾਵੇਗੀ ਅਸੀਂ ਮਾਂ-ਪੁੱਤ ਇੱਕ ਨਦੀ ਦੇ ਦੋ ਕਿਨਾਰੇ ਬਣ ਕੇ ਰਹਿ ਜਾਵਾਂਗੇ। ਇਹ ਮੈਨੂੰ ਹੁਣ ਸਮਝ ਆ ਰਿਹਾ ਹੈ। ਦਾਦੀ ਆਪਣੇ ਸੰਸਕਾਰ ਦੇਣ ਤੇ ਮੈਨੂੰ ਸਫ਼ਲ ਮਨੁੱਖ ਬਣਾਉਣ ਵਿੱਚ ਕਿੰਨੀ ਸਫ਼ਲ ਰਹੀ ਇਹ ਤਾਂ ਦਾਦੀ ਹੀ ਜਾਣਦੀ ਹੋਵੇਗੀ ਪਰ ਮੈਂ ਇੰਨਾ ਜਾਣਦਾ ਹਾਂ ਕਿ ਮੈਂ ਆਪਣੀ ਮਾਂ ਦਾ ਮਤਰੇਆ ਪੁੱਤ ਤੇ ਭੈÎਣ-ਭਰਾਵਾਂ ਦਾ ਮਤਰੇਆ ਭਰਾ ਬਣ ਕੇ ਪਲਿਆ ਹਾਂ। ਕਦੇ ਪਿਤਾ ਜੀ ਨੇ ਮੇਰੇ ‘ਤੇ ਹੱਥ ਚੁੱਕਿਆ ਤਾਂ ਦਾਦੀ ਨੇ ਇਹ ਕਿਹਾ, ”ਇਸ ਨੂੰ ਕੁਝ ਨਹੀਂ ਕਹਿਣਾ ਇਹ ਮੇਰਾ ਪੁੱਤਰ ਹੈ।” ਕਦੀ ਮਾਂ ਨੇ ਪਾਣੀ ਨੂੰ ਹੱਥ ਨਾ ਲਾਉਣ ਦੀ ਗੱਲ ਕੀਤੀ ਤਾਂ ਦਾਦੀ ਨੇ ਕਿਹਾ, ”ਮੈਂ ਨਹੀਂ ਚਾਹੁੰਦੀ ਤੇਰਾ ਪਰਛਾਵਾਂ ਵੀ ਇਸ ‘ਤੇ ਪਵੇ।”
ਦਾਦੀ ਤੋਂ ਪਹਿਲਾਂ ਪਿਤਾ ਜੀ ਦੀ ਮੌਤ ਹੋਈ। ਮੈਂ ਇਕੱਲਾ ਨਹੀਂ ਰਿਹਾ ਪਰ ਜਦੋਂ ਪਿਤਾ ਜੀ ਦੇ ਗ਼ਮ ਵਿੱਚ ਦੋ ਸਾਲ ਬਾਅਦ ਦਾਦਾ-ਦਾਦੀ ਦੀ ਮੌਤ ਹੋ ਗਈ ਤਾਂ ਮੈਂ ਆਪਣੇ ਘਰ ਵਿੱਚ ਮਾਂ ਤੇ ਭੈਣ-ਭਰਾਵਾਂ ਦੇ ਹੁÇੰਦਆਂ ਵੀ ਇਕੱਲਾ ਹੋ ਗਿਆ ਕਿਉਂਕਿ ਮੈਂ ਮਾਂ ਤੇ ਭੈਣ-ਭਰਾਵਾਂ ਲਈ ਮਤਰੇਆ ਸੀ। ਸ਼ਾਇਦ ਇਸੇ ਕਾਰਨ ਮੇਰੇ ਵੱਲੋਂ ਜ਼ਿੰਮੇਵਾਰੀ ਨਿਭਾਉਣ ਦੇ ਬਾਵਜੂਦ ਉਨ੍ਹਾਂ ਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਹੋ ਹੋਇਆ ਕਿ ਮੈਂ ਉਨ੍ਹਾਂ ਦਾ ਹੀ ਹਾਂ। ਜਦੋਂਕਿ ਦਾਦੀ ਦੀ ਮੌਤ ਤੋਂ ਬਾਅਦ ਮੈਂ ਮਾਂ ਨੂੰ ਸੱਚੇ ਦਿਲੋਂ ਪਿਆਰ ਕੀਤਾ ਕਿਉਂਕਿ ਮੇਰਾ ਦੁਨੀਆਂ ਵਿੱਚ ਮਾਂ ਤੋਂ ਇਲਾਵਾ ਹੋਰ ਕੌਣ ਸੀ? ਉਸ ਮਾਂ ਨੇ ਮੈਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਮੈਂ ਵਸਦੇ-ਰਸਦੇ ਘਰ ਵਿੱਚ ਰਹਿ ਨਾ ਸਕਿਆ। ਅੰਤ ਮੇਰੀ ਨੌਕਰੀ ਬਾਹਰ ਲੱਗ ਗਈ ਤੇ ਮੈਂ ਘਰ ਛੱਡ ਕੇ ਆਪਣੇ ਪਰਿਵਾਰ ਨੂੰ ਲੈ ਕੇ ਦੂਰ ਸ਼ਹਿਰ ਚਲਾ ਗਿਆ।
ਮੇਰੇ ਤੋਂ ਛੋਟਾ ਭਰਾ ਪਹਿਲਾਂ ਹੀ ਕਿਸੇ ਦੂਰ ਦੇ ਸ਼ਹਿਰ ਜਾ ਕੇ ਵੱਸ ਚੁੱਕਿਆ ਸੀ। ਇਸ ਤਰ੍ਹਾਂ ਮਾਂ ਮੇਰੇ ਛੋਟੇ ਭਰਾ ਨਾਲ ਸਾਡੇ ਪੁਸ਼ਤੈਨੀ ਘਰ ਵਿੱਚ ਪੁਸ਼ਤੈਨੀ ਸਾਮਾਨ ਵਾਂਗ ਰਹਿ ਗਈ। ਉਹ ਗਲੀਆਂ, ਉਹ ਸਾਥੀ ਜਿਨ੍ਹਾਂ ਨਾਲ ਮੈਂ ਬਚਪਨ ‘ਚ ਖੇਡਿਆ ਤੇ ਪਲਿਆ ਸੀ ਉਹ ਸਭ ਕੁਝ ਛੱਡਣਾ ਇੰਨਾ ਸੌਖਾ ਨਹੀਂ ਸੀ। ਪਰ ਸੁੱਖ, ਸ਼ਾਂਤੀ ਤੇ ਸਫ਼ਲਤਾ ਲਈ ਮੈਂ ਇਕੱਲਾ ਬੰਦਾ ਨਹੀਂ ਹਾਂ ਜਿਸ ਨੂੰ ਘਰ-ਬਾਰ ਛੱਡ ਕੇ ਕਿਤੇ ਦੂਰ ਜਾਣਾ ਪਿਆ ਹੋਵੇ। ਸਮੁੰਦਰ ਦੀਆਂ ਅਣਗਿਣਤ ਬੂੰਦਾਂ ਵਾਂਗ ਮੇਰੇ ਜਿਹੇ ਹਜ਼ਾਰਾਂ ਬੰਦੇ ਕਿੱਥੋਂ, ਕਿੱਥੇ ਪਹੁੰਚ ਜਾਂਦੇ ਹਨ।
ਕਦੇ-ਕਦੇ ਮੈਂ ਆਪਣੇ ਸ਼ਹਿਰ ਜਾਂਦਾ ਰਹਿੰਦਾ। ਮਾਂ ਦਾ ਲਾਡ-ਪਿਆਰ ਪਾਉਣ ਦਾ ਲਾਲਚ ਮੈਨੂੰ ਘਰ ਤੱਕ ਖਿੱਚ ਹੀ ਲਿਆਉਂਦੀ। ਉੱਪਰਲੀ ਮੰਜ਼ਿਲ ‘ਤੇ ਮੇਰਾ ਕਾਫ਼ੀ ਸਾਮਾਨ ਤੇ ਬਹੁਤ ਸਾਰੀਆਂ ਯਾਦਾਂ ਮੇਰੀਆਂ ਅੱਖਾਂ ‘ਚੋਂ ਨੀਰ ਵਹਾ ਦਿੰਦੀਆਂ ਪਰ ਘਰ ਤੋਂ ਨਿਕਲਿਆ ਕਦਮ ਉਸ ਪਹਾੜੀ ਨਦੀ ਵਾਂਗ ਕਦੇ ਵਾਪਸ ਨਾ ਪਰਤਣ ਦਿੰਦਾ ਜੋ ਅੱਗੇ ਹੀ ਅੱਗੇ ਵਧਦੀ ਜਾਂਦੀ ਹੈ। ਇਸ ਤਰ੍ਹਾਂ ਮੇਰਾ ਵੀ ਘਰ ਪਹੁੰਚਣ ਦਾ ਸੁਪਨਾ ਕਦੇ ਪੂਰਾ ਨਾ ਹੋਇਆ ਸਗੋਂ ਅੱਗੇ-ਅੱਗੇ ਹੀ ਵਧਦਾ ਗਿਆ। ਦੂਰ ਬਦਲੀ ਹੋਣ ਕਾਰਨ ਸਿਰਫ਼ ਫੋਨ ‘ਤੇ ਹੀ ਮਾਂ ਦਾ ਹਾਲ-ਚਾਲ ਪੁੱਛ ਕੇ ਸ਼ਾਂਤ ਹੋ ਜਾਂਦਾ।
ਇਨ੍ਹੀਂ ਦਿਨੀਂ ਗ਼ਜ਼ਲ ਦੀਆਂ ਇਹ ਲਾਈਨਾਂ- ਬੜੇ ਦਿਨੋਂ ਕੇ ਬਾਅਦ, ਹਮ ਬੇਵਤਨੋਂ ਕੋ ਯਾਦ, ਵਤਨ ਕੀ ਮਿੱਟੀ ਆਈ ਹੈ, ਚਿੱਠੀ ਆਈ ਹੈ ਵਤਨ ਸੇ ਚਿੱਠੀ ਆਈ ਹੈ, ਜਦੋਂ ਕਦੇ ਕੰਨਾਂ ਵਿੱਚ ਪੈ ਜਾਂਦੀਆਂ ਤਾਂ ਇਹ ਬਹੁਤ ਹੀ ਰਵਾ ਦਿੰਦੀ। ਹਾਰ ਕੇ ਇਹ ਗ਼ਜ਼ਲ ਸੁਣਨੀ ਹੀ ਬੰਦ ਕਰ ਦਿੱਤੀ। ਇੱਕ ਦਿਨ ਭਰਾ ਦਾ ਹਾਲ-ਚਾਲ ਪੁੱਛਣ ਲਈ ਦੂਰ ਘਰ ਫੋਨ ਕੀਤਾ ਤਾਂ ਫੋਨ ਮਾਂ ਨੇ ਚੁੱਕਿਆ ਤੇ ਇੰਨਾ ਹੀ ਕਿਹਾ, ”ਪੁੱਤ ਤੂੰ ਤਾਂ ਬਹੁਤ ਦੂਰ ਚਲਾ ਗਿਆ ਹੈਂ।” ਇਸ ਤੋਂ ਬਾਅਦ ਫੋਨ ‘ਤੇ ਸਿਰਫ਼ ਰੋਣ ਤੋਂ ਇਲਾਵਾ ਹੋਰ ਕੋਈ ਆਵਾਜ਼ ਨਹੀਂ ਆਈ। ਮੈਂ ਫ਼ੋਨ ਰੱਖ ਦਿੱਤਾ ਤੇ ਰੋਣ ਦੀਆਂ ਆਵਾਜ਼ ਮੇਰੇ ਕੰਨਾਂ ਤੇ ਦਿਲ ਵਿੱਚ ਕਈ ਦਿਨਾਂ ਤੱਕ ਗੂੰਜਦੀ ਰਹੀ।
ਕੀ ਮਾਂ ਨੂੰ ਆਪਣੀ ਗ਼ਲ਼ਤੀ ਦਾ ਪਛਤਾਵਾ ਹੋ ਰਿਹਾ ਸੀ? ਕੀ ਮਾਂ ਦੇ ਦਿਲ ਵਿੱਚ ਮੇਰੇ ਲਈ ਵੀ ਮਮਤਾ ਦੀ ਲਹਿਰ ਉੱਠਦੀ ਸੀ? ਕੀ ਮੇਰੇ ਖਾਲੀ ਪਏ ਕਮਰੇ ਮਾਂ ਦੇ ਦਿਲ ਨੂੰ ਦੁੱਖ ਦਿੰਦੇ ਸਨ? ਕੀ ਵਿਚਲੇ ਭਰਾ ਦੇ ਮੂੰਹ ਮੋੜ ਲੈਣ ਤੇ ਭੈਣ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਮਾਂ ਇਕੱਲੀ ਹੋ ਗਈ ਸੀ? ਕੀ ਛੋਟਾ ਭਰਾ ਵੀ ਆਪਣੇ ਗ੍ਰਹਿਸਤ ਜੀਵਨ ਵਿੱਚ ਇੰਨਾ ਰਚ-ਮਿਚ ਗਿਆ ਸੀ ਤੇ ਮਾਂ ਇਕੱਲੇਪਣ ਤੋਂ ਘਬਰਾ ਗਈ ਸੀ? ਫੋਨ ‘ਤੇ ਸੁਣੀਆਂ ਰੋਣ ਦੀਆਂ ਆਵਾਜ਼ਾਂ ਬਹੁਤ ਕੁਝ ਬਿਆਨ ਕਰ ਰਹੀਆਂ ਸਨ। ਉਸ ਤੋਂ ਬਾਅਦ ਮੈਂ ਭਰਾ ਦੇ ਘਰ ਫ਼ੋਨ ਕਰਨ ਦੀ ਹਿੰਮਤ ਨਹੀਂ ਕੀਤੀ।
ਇਸ ਫੋਨ ‘ਤੇ ਇੱਕ ਹੀ ਸ਼ਬਦ ਮੇਰੇ ਕੰਨਾਂ ਵਿੱਚ ਕਈ ਦਿਨਾਂ ਤੱਕ ਗੂੰਜ ਰਿਹਾ ਸੀ ਤੇ ਮਨ ਬਹੁਤ ਪ੍ਰੇਸ਼ਾਨ ਰਿਹਾ। ਆਖਰ ਇੱਕ ਦਿਨ ਬੱਚਿਆਂ ਨੂੰ ਲੈ ਕੇ ਮਾਂ ਨੂੰ ਮਿਲਣ ਜਾ ਪਹੁੰਚਿਆ ਘਰ। ਹਰ ਵਾਰ ਦੀ ਤਰ੍ਹਾਂ ਮਾਂ ਆਵਾਜ਼ ਸੁਣ ਕੇ ਦੌੜੀ ਆਈ ਤੇ ਦਰਵਾਜ਼ਾ ਖੋਲਿ੍ਹਆ। ਕਿਵੇਂ ਹਰ ਮਾਂ ਆਪਣੇ ਪੁੱਤਰ ਦੀ ਪੈੜ-ਚਾਲ ਪਛਾਣ ਲੈਂਦੀ ਹੈ! ਜਦੋਂ ਤੋਂ ਮੈਂ ਸ਼ਹਿਰ ਗਿਆ ਸੀ ਉਦੋਂ ਤੋਂ ਮਾਂ ਦਰਵਾਜ਼ਾ ਖੋਲ੍ਹਦੀ ਤੇ ਭੁੱਲ-ਭੁਲੇਖੇ ਮੇਰੇ ਨਾਂ ਆਈ ਚਿੱਠੀ ਨੂੰ ਸੰਭਾਲ ਕੇ ਰੱਖਦੀ ਸੀ। ਉਹ ਇਨ੍ਹਾਂ ਨੂੰ ਬੜੇ ਤਰੀਕੇ ਨਾਲ ਆਪਣੇ ਸੰਦੂਕ ਵਿੱਚ ਸੰਭਾਲੀ ਰੱਖਦੀ। ਮੇਰੇ ਆਉਂਦੇ ਹੀ ਸਾਰੀਆਂ ਚਿੱਠੀਆਂ ਕਿਸੇ ਅਮਾਨਤ ਵਾਂਗ ਮੈਨੂੰ ਸੌਂਪ ਦਿੰਦੀ ਸੀ।
ਮੈਂ ਘਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ। ਵਿਚਲੇ ਭਰਾ ਨੇ ਆਪਣਾ ਹਿੱਸਾ ਛੋਟੇ ਭਰਾ ਨੂੰ ਵੇਚ ਦਿੱਤਾ ਸੀ ਤੇ ਉਸ ਨੇ ਆਪਣੇ ਤੇ ਖਰੀਦੇ ਹੋਏ ਹਿੱਸੇ ਨੂੰ ਢਾਹ ਕੇ ਉਸ ਦੀ ਥਾਂ ਨਵਾਂ ਮਕਾਨ ਬਣਾ ਲਿਆ ਸੀ। ਚਮਕਦਾ ਸੰਗਮਰਮਰ ਲਗਾਇਆ ਸੀ। ਮੇਰੇ ਹਿੱਸੇ ਦੇ ਪੁਰਾਣੇ ਕਮਰੇ ਯਾਦਗਾਰ ਵਾਂਗ ਖੜ੍ਹੇ ਸਨ। ਉਨ੍ਹਾਂ ਵਿੱਚ ਮਾਂ ਰਹਿੰਦੀ ਸੀ। ਮੈਂ ਇਹ ਗੱਲ ਸੁਣ ਕੇ ਘਬਰਾ ਗਿਆ ਕਿ ਮਾਂ ਇਕੱਲੀ ਰਹਿ ਰਹੀ ਸੀ। ਇੱਥੋਂ ਤੱਕ ਕਿ ਰਸੋਈ ਵੀ ਅਲੱਗ ਕਰ ਲਈ ਸੀ। ਇਹ ਕੀ ਹੋਇਆ? ਕੀ ਮਾਂ ਆਪਣੇ ਹੀ ਬੀਜੇ ਜ਼ਹਿਰੀਲੇ ਦਰੱਖਤਾਂ ਦੇ ਫਲ ਖਾ ਰਹੀ ਸੀ? ਛੋਟੇ ਭਰਾ ਦੇ ਨਵੇਂ ਮਕਾਨ ਵਿੱਚ ਮਾਂ ਦਾ ਜਾਣਾ ਬਿਲਕੁਲ ਹੀ ਬੰਦ ਸੀ।
ਮਾਂ ਨੇ ਰੱਟ ਲਾ ਰੱਖੀ ਸੀ ਕਿ ਆਪਣੇ ਹਿੱਸੇ ਦੀ ਜ਼ਮੀਨ ਨੂੰ ਅਲੱਗ ਕਰਨ ਲਈ ਵਿਚਕਾਰ ਕੰਧ ਖਿੱਚ ਜਾਵਾਂ। ਮੈਨੂੰ ਬਹੁਤ ਦੁੱਖ ਹੋਇਆ। ਜਿਸ ਵਿਹੜੇ ਵਿੱਚ ਅਸੀਂ ਭੈਣ-ਭਰਾ ਇਕੱਠੇ ਖੇਡੇ ਸੀ, ਉਸ ਵਿਹੜੇ ਨੂੰ ਵੰਡ ਕੇ ਕੰਧ ਕਰਨਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ। ਮੈਂ ਮਾਂ ਨੂੰ ਇੰਨਾ ਉਲਾਂਭਾ ਜ਼ਰੂਰ ਦਿੱਤਾ ਕਿ ਉਹ ਮੇਰੇ ਨਾਲ ਚੱਲ ਪਵੇ। ਸ਼ਾਇਦ ਦੁਨੀਆਂ ਜਾਂ ਹਿੰਦੁਸਤਾਨੀ ਮਾਂ ਆਪਣੇ ਪੁਰਾਣੇ ਘਰ ਨੂੰ ਇੰਨੀ ਆਸਾਨੀ ਨਾਲ ਨਹੀਂ ਛੱਡਦੀ। ਉਹ ਵੀ ਜਾਣ ਨੂੰ ਤਿਆਰ ਨਹੀਂ ਹੋਈ।
ਮੈਂ ਉਹ ਕਮਰਾ ਵੇਖਿਆ ਜਿੱਥੇ ਮਾਂ ਰਹਿੰਦੀ ਸੀ। ਇਸ ਕਮਰੇ ਵਿੱਚ ਮੈਂ ਬਹੁਤ ਘੱਟ ਬੈਠ ਸਕਦਾ ਕਿਉਂਕਿ ਇੱਥੇ ਪਿਤਾ ਜੀ ਨੇ ਆਖਰੀ ਸਾਹ ਲਏ ਸਨ। ਵਰ੍ਹੇ ਬੀਤ ਗਏ ਪਰ ਬਚਪਨ ਦੇ ਇਹ ਦ੍ਰਿਸ਼ ਹਾਲੇ ਤੱਕ ਭੁੱਲ ਨਹੀਂ ਸਕਿਆ ਸੀ। ਮਾਂ ਵੀ ਸ਼ਾਇਦ ਭੁੱਲੀ ਨਹੀਂ ਸੀ ਪਰ ਜੀਵਨ ਦੇ ਆਖਰੀ ਪਲ ਜਿਉਣ ਲਈ ਪਤੀ ਦੀਆਂ ਯਾਦਾਂ ਵਾਲਾ ਕਮਰਾ ਜਾਣ ਕੇ ਚੁਣਿਆ ਹੋਵੇਗਾ। ਪੀਲੀ ਜਿਹੀ ਮੱਧਮ ਰੋਸ਼ਨੀ ਵਿੱਚ ਮਾਂ ਨੇ ਦੱਸਿਆ ਕਿ ਛੋਟੇ ਭਰਾ ਦੇ ਬੱਚੇ ਵੀ ਮਾਂ ਨੂੰ ਨਹੀਂ ਬੁਲਾਉਂਦੇ। ਬੱਚਿਆਂ ਦੀ ਮਾਂ ਦੇ ਬੋਲਣ ਦੀ ਗੱਲ ਤਾਂ ਦੂਰ ਸੀ। ਉਸ ਕਮਰੇ ਵਿੱਚ ਗੀਤਾ ਸਾਰ ਲੱਗਿਆ ਹੋਇਆ ਸੀ ਪਰ ਮੇਰੀ ਮਾਂ ਲਈ ਉਹ ਮਾਅਨੇ ਨਹੀਂ ਰੱਖਦਾ ਸੀ। ਕੰਧਾਂ ਦਾ ਪਲੱਸਤਰ ਉੱਤਰ ਰਿਹਾ ਸੀ ਤੇ ਸ਼ਾਇਦ ਮੇਰੀ ਮਾਂ ਦਾ ਜੀਵਨ ਵੀ ਪੱਟੜੀ ਤੋਂ ਉੱਤਰ ਰਿਹਾ ਸੀ।
ਇਹ ਸ਼ਾਇਦ ਆਖਰੀ ਦ੍ਰਿਸ਼ ਸੀ, ਜਿਸ ਵਿੱਚ ਮਾਂ ਦੀ ਭੂਮਿਕਾ ਸੀ। ਤਿੰਨ ਪੁੱਤਰਾਂ ਦੀ ਮਾਂ ਇਕੱਲਤਾ ਤੇ ਬੇਬਸੀ ਵਾਲਾ ਜੀਵਨ ਜਿਉਣ ਲਈ ਮਜਬੂਰ ਸੀ। ਉਸ ਨੇ ਆਪਣੀ ਜ਼ਮੀਨ ਦਾ ਥੋੜ੍ਹਾ ਹਿੱਸਾ ਵੇਚਿਆ ਤਾਂ ਛੋਟੇ ਭਰਾ ਨੇ ਇਹ ਕਹਿ ਕੇ ਪੈਸੇ ਲੈ ਲਏ ਕਿ ਜਦੋਂ ਜਿੰਨੇ ਪੈਸਿਆਂ ਦੀ ਜ਼ਰੂਰਤ ਹੋਵੇ ਲੈ ਲੈਣਾ ਪਰ ਇਸ ਤਰ੍ਹਾਂ ਨਹੀਂ ਹੋਇਆ। ਸਾਨੂੰ ਜੀਵਨ ‘ਚ ਇਹ ਆਖਰੀ ਦੁੱਖ ਲੱਗਿਆ। 40 ਸਾਲਾਂ ਦੀ ਲੜਾਈ ਵਿੱਚ ਮੇਰੀ ਮਾਂ ਆਪਣੇ ਪਤੀ ਤੇ ਪੁੱਤਰਾਂ ਤੋਂ ਹਾਰ ਗਈ। ਨਾ ਪਤੀ ਨੇ ਸੁਣੀ ਤੇ ਨਾ ਪੁੱਤਰਾਂ ਨੇ।
ਮਾਂ ਦੀ ਮੌਤ ਦੀ ਖ਼ਬਰ ਦੇਣ ਵੇਲੇ ਛੋਟੇ ਭਰਾ ਨੇ ਇਹ ਵੀ ਦੱਸਿਆ ਕਿ ਮਾਂ ਇੱਕ ਦਿਨ ਵਿਚਕਾਰਲੇ ਭਰਾ ਦੇ ਘਰ ਮਿਲਣ ਉਸ ਦੇ ਸ਼ਹਿਰ ਗਈ ਸੀ ਪਰ ਉਸ ਦੀ ਪਤਨੀ ਨੇ ਪਾਰਟੀ ‘ਤੇ ਜਾਣ ਦੀ ਗੱਲ ਕਹਿ ਦਿੱਤੀ ਸੀ। ਇਹ ਸੁਣਦੇ ਹੀ ਮਾਂ ਆਪਣਾ ਅਟੈਚੀ ਲੈ ਕੇ ਉਨ੍ਹੀਂ ਪੈਰੀਂ ਘਰ ਪਰਤ ਆਈ ਸੀ। ਕਾਸ਼, ਮਾਂ ਨੇ ਉਸ ਤੋਂ ਬਾਅਦ ਮੈਨੂੰ ਯਾਦ ਕੀਤਾ ਹੁੰਦਾ। ਜਦੋਂ ਦੋ ਪੁੱਤਰਾਂ ਨੂੰ ਅਜ਼ਮਾ ਕੇ ਵੇਖ ਲਿਆ ਸੀ ਤਾਂ ਤੀਜੇ ਪੁੱਤਰ ਨੂੰ ਵੀ ਮੌਕਾ ਦੇ ਦਿੰਦੀ। ਤੂੰ ਆਖਰੀ ਵੇਲੇ ਵੀ ਇਹ ਕਿਵੇਂ ਸੋਚ ਲਿਆ ਕਿ ਮੈਂ ਵੀ…?
ਨਹੀਂ-ਨਹੀਂ ਮੈਂ ਕਦੀ ਆਪਣੇ ਆਪ ਨੂੰ ਮੁਆਫ਼ ਨਹੀਂ ਕਰ ਸਕਾਂਗਾ। ਅਸੀਂ ਤਿੰਨੋ ਪੁੱਤਰ ਹੀ ਇਸ ਕਾਬਲ ਨਹੀਂ ਕਿ ਸਾਨੂੰ ਮੁਆਫ਼ ਕੀਤਾ ਜਾਵੇ। ਅਸੀਂ ਸਮਾਜ ਦੇ ਗੁਨਾਹਗਾਰ ਹਾਂ। ਕੀ ਪੁੱਤਰ ਨੂੰ ਸਿਰਫ਼ ਆਪਣੇ ਫੁੱਲ ਪਾਉਣ ਲਈ ਪੈਦਾ ਕੀਤਾ ਜਾਂਦਾ ਹੈ, ਜੀਵਨ ਜਿਉਣ ਲਈ ਮਾਵਾਂ ਜਨਮ ਨਹੀਂ ਦਿੰਦੀਆਂ?
ਮੈਂ ਗੰਗਾ ਨੂੰ ਨਮਸਕਾਰ ਕਰਕੇ ਚੱਲਣ ਲੱਗਿਆ ਹਾਂ। ਇਸ ਵਾਰ ਘਰ ਪਰਤਾਂਗਾ ਤਾਂ ਮਾਂ ਨਹੀਂ ਹੋਵੇਗੀ। ਦੌੜਦੇ-ਭੱਜਦੇ ਮੇਰਾ ਨਾਂ ਲੈਂਦੇ ਘਰ ਦਾ ਦਰਵਾਜ਼ਾ ਕੌਣ ਖੋਲ੍ਹੇਗਾ? ਮਾਂ ਪੁੱਤਰਾਂ ਲਈ ਹਮੇਸ਼ਾਂ ਦਰਵਾਜ਼ੇ ਖੁੱਲ੍ਹੇ ਰੱਖਦੀ ਹੈ, ਫਿਰ ਪੁੱਤਰ ਉਸ ਦੇ ਜੀਵਨ ਦੇ ਦਰਵਾਜ਼ੇ ਕਿਵੇਂ ਬੰਦ ਕਰ ਦਿੰਦੇ ਹਨ?
(ਅਨੁਵਾਦ: ਸੁਰੇਖਾ ਮਿੱਡਾ)

  • ਮੁੱਖ ਪੰਨਾ : ਕਮਲੇਸ਼ ਭਾਰਤੀ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ