Desh Da Sewak (Story in Punjabi) : Munshi Premchand
ਦੇਸ਼ ਦਾ ਸੇਵਕ (ਕਹਾਣੀ) : ਮੁਨਸ਼ੀ ਪ੍ਰੇਮਚੰਦ
ਦੇਸ਼ ਦੇ ਸੇਵਕ ਨੇ ਕਿਹਾ– ‘ਦੇਸ਼ ਦੀ ਮੁਕਤੀ ਦਾ ਇੱਕ ਹੀ ਉਪਾਅ ਹੈ ਤੇ ਉਹ ਹੈ, ਨੀਵਿਆਂ ਨਾਲ ਭਾਈਚਾਰੇ ਵਾਲਾ ਸਲੂਕ, ਪਤਿਤਾਂ ਨਾਲ ਬਰਾਬਰੀ ਵਾਲਾ ਵਿਵਹਾਰ। ਦੁਨੀਆਂ ਵਿਚ ਸਾਰੇ ਭਾਈ-ਭਾਈ ਹਨ, ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ।’
ਦੁਨੀਆਂ ਨੇ ਜੈ ਜੈ ਕਾਰ ਕੀਤੀ–‘ਕਿੰਨੀ ਵਿਸ਼ਾਲ ਦ੍ਰਿਸ਼ਟੀ ਹੈ, ਕਿੰਨਾ ਭਾਵੁਕ ਮਨ ਹੈ।’
ਉਹਦੀ ਸੁੰਦਰ ਕੁੜੀ ਇੰਦਰਾ ਨੇ ਸੁਣਿਆ ਤੇ ਚਿੰਤਾ ਦੇ ਸਮੁੰਦਰ ਵਿਚ ਡੁੱਬ ਗਈ।
ਦੇਸ਼ ਦੇ ਸੇਵਕ ਨੇ ਨੀਵੀਂ ਜਾਤ ਦੇ ਨੌਜਵਾਨ ਨੂੰ ਗਲ ਨਾਲ ਲਾਇਆ।
ਲੋਕਾਂ ਨੇ ਕਿਹਾ–‘ਇਹ ਫਰਿਸ਼ਤਾ ਹੈ, ਦੇਸ਼ ਦੀ ਕਿਸ਼ਤੀ ਦਾ ਖੇਵਟ ਹੈ।’
ਇੰਦਰਾ ਨੇ ਦੇਖਿਆ ਤਾਂ ਉਹਦਾ ਚਿਹਰਾ ਚਮਕਣ ਲੱਗਾ।
ਦੇਸ਼ ਦਾ ਸੇਵਕ ਨੀਵੀਂ ਜਾਤ ਦੇ ਨੌਜਵਾਨ ਨੂੰ ਮੰਦਰ ਵਿਚ ਲੈ ਗਿਆ, ਦੇਵਤਾ ਦੇ ਦਰਸ਼ਨ ਕਰਵਾਏ ਤੇ ਕਿਹਾ–‘ਸਾਡਾ ਦੇਵਤਾ ਗਰੀਬੀ ਵਿਚ ਹੈ, ਜਿੱਲਤ ’ਚ ਹੈ, ਘਾਟ ’ਚ ਹੈ।’
ਲੋਕਾਂ ਨੇ ਕਿਹਾ–‘ਕਿੰਨੇ ਸ਼ੁੱਧ ਮਨ ਦਾ ਆਦਮੀ ਹੈ! ਕਿੰਨਾ ਗਿਆਨੀ ਹੈ!’
ਇੰਦਰਾ ਦੇਸ਼ ਦੇ ਸੇਵਕ ਕੋਲ ਜਾ ਕੇ ਬੋਲੀ–‘ਸਤਿਕਾਰ ਯੋਗ ਪਿਤਾ ਜੀ, ਮੈਂ ਮੋਹਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ।’
ਦੇਸ਼ ਦੇ ਸੇਵਕ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਪੁੱਛਿਆ–‘ਮੋਹਨ ਕੌਣ ਹੈ?’
ਇੰਦਰਾ ਨੇ ਉਤਸ਼ਾਹ ਭਰੀ ਆਵਾਜ਼ ਵਿਚ ਕਿਹਾ–‘ਮੋਹਨ ਉਹੀ ਨੌਜਵਾਨ ਹੈ ਜਿਸ ਨੂੰ ਤੁਸੀਂ ਆਪਣੇ ਗਲ ਨਾਲ ਲਾਇਆ, ਜਿਸਨੂੰ ਤੁਸੀਂ ਮੰਦਰ ’ਚ ਲੈ ਕੇ ਗਏ। ਜੋ ਸੱਚਾ, ਬਹਾਦਰ ਤੇ ਨੇਕ ਹੈ।’
ਦੇਸ਼ ਦੇ ਸੇਵਕ ਨੇ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਤੇ ਮੂੰਹ ਮੋੜ ਲਿਆ।