Dhanne Da Chacha (Punjabi Story) : Gulzar Singh Sandhu

ਧੰਨੇ ਦਾ ਚਾਚਾ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਜਿਸ ਮਾਂ ਦਾ ਇਕੋ ਇਕ ਪੁੱਤਰ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪਰਦੇਸ ਜਾ ਵੜੇ ਉਸ ਨਾਲੋਂ ਦੁਖਿਆਰੀ ਕੌਣ ਹੋ ਸਕਦੀ ਹੈ? ਜਿਸ ਚਾਚੇ ਦਾ ਧੀਆਂ ਦੇ ਮੂੰਹ ਤੋਂ ਦੁੱਧ ਘਿਉ ਖੋਹ ਖੋਹ ਕੇ ਪਾਲਿਆ ਭਤੀਜਾ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਧਰ ਦੇਵੇ ਉਸ ਦੇ ਨਾਲੋਂ ਵੱਡਾ ਸੱਲ੍ਹ ਕਿਸ ਨੂੰ ਹੋ ਸਕਦਾ ਹੈ? ਅਤੇ ਜਿਨ੍ਹਾਂ ਕੁੜੀਆਂ ਦਾ ਸਕਾ ਵੀਰ ਕੋਈ ਨਾ ਹੋਵੇ ਤੇ ਤਾਏ ਦਾ ਪੁੱਤਰ ਇਕ ਦਿਨ ਵਿਸਾਖੀ ਵੇਖਣ ਗਿਆ ਬਸ ਲੰਡਨ ਜਾ ਕੇ ਹੀ ਚਿੱਠੀ ਲਿਖੇ ਉਨ੍ਹਾਂ ਦਾ ਤਾਂ ਦਿਲ ਹੀ ਪੁਛਿਆ ਜਾਣੀਏਂ।
ਬੇਰੋਜ਼ਗਾਰੀ ਤੋਂ ਤੰਗ ਹੋਇਆ ਬਾਹਰੋਂ ਬਾਹਰ ਪਾਸਪੋਰਟ ਬਣਵਾ ਕੇ ਧੰਨਾ ਵਲਾਇਤ ਚਲਾ ਗਿਆ। ਉਸ ਦੇ ਘਰੋਂ ਪਹਿਲੀ ਚਿੱਠੀ ਆਈ। ਉਸ ਦੀ ਮਾਂ ਉਸ ਦੇ ਗ਼ਮ ਨਾਲ ਮਰ ਗਈ ਸੀ। ਇਹ ਚਿੱਠੀ ਉਸ ਦੇ ਚਾਚੇ ਨੇ ਪਿੰਡ ਦੇ ਬਾਣੀਏ ਤੋਂ ਲਿਖਵਾ ਕੇ ਭੇਜੀ ਸੀ। ਉਹ ਲਿਖਤ ਵੀ ਪਛਾਣਦਾ ਸੀ। ਚਿੱਠੀ ਵਿਚ ਲਿਖਿਆ ਸੀ ਕਿ ਅੰਤ ਸਮੇਂ ਉਸ ਦੀ ਮਾਂ ਉਸ ਨੂੰ ਮਿਲਣ ਲਈ ਬੜੇ ਤਰਲੇ ਲੈਂਦੀ ਸੀ। ਚਿੱਠੀ ਪੜ੍ਹ ਕੇ ਉਹ ਪੱਥਰ ਜਿਹਾ ਹੋ ਗਿਆ। ਦੂਜੀ ਸਵੇਰ ਜਦ ਉਸ ਦੇ ਸਾਰੇ ਸਾਥੀ ਕੰਮ ਉਤੇ ਚਲੇ ਗਏ ਤਾਂ ਉਹ ਕਮਰੇ ਦਾ ਕੁੰਡਾ ਅੰਦਰੋਂ ਬੰਦ ਕਰ ਕੇ ਭੁੱਬੀਂ ਭੁੱਬੀਂ ਰੋਇਆ। ਪਰਦੇਸ ਬੈਠਿਆਂ ਨੂੰ ਤਾਂ ਵਤਨੀਆਂ ਦਾ ਮੋਹ ਨਹੀਂ ਮਾਣ ਹੁੰਦਾ, ਉਹ ਤੇ ਭਲਾ ਉਸ ਦੀ ਮਾਂ ਸੀ ਜਿਸ ਦੀ ਆਂਦਰ ਦਾ ਉਹ ਇਕ ਟੁਕੜਾ ਸੀ।
ਹੌਲੀ ਹੌਲੀ ਮਾਂ ਦਾ ਦੁੱਖ ਉਸ ਨੂੰ ਭੁਲਦਾ ਗਿਆ ਤੇ ਚਾਚੇ ਦਾ ਬੁਢੇਪਾ ਤੇ ਚਾਚੇ ਦੀਆਂ ਧੀਆਂ ਦੀ ਜਵਾਨੀ ਉਸ ਦੀਆਂ ਅੱਖਾਂ ਸਾਹਵੇਂ ਆਉਣ ਲੱਗੀ। ਪਹਿਲਾਂ ਹੀ ਜ਼ਮੀਨ ਵਿਚੋਂ ਟੱਬਰ ਦਾ ਗੁਜ਼ਾਰਾ ਨਹੀਂ ਸੀ ਚਲਦਾ, ਹੁਣ ਅੱਧੀ ਭੌਂ ਦੀ ਕਮਾਈ ਵਿਚੋਂ ਉਸ ਦਾ ਚਾਚਾ ਆਪਣੀਆਂ ਪੰਜ ਧੀਆਂ ਨੂੰ ਕਿਵੇਂ ਵਿਆਹ ਸਕਦਾ ਸੀ? ਇਸ ਲਈ ਧੰਨਾ ਕਿਰਸ ਕਰਕੇ ਥੋੜੇ ਬਹੁਤ ਪੈਸੇ ਬਚਾਉਂਦਾ, ਪਰ ਐਨ ਭੇਜਣ ਸਮੇਂ ਇਹੀਓ ਪੈਸੇ ਉਸ ਦੇ ਕਿਸੇ ਅਜਿਹੇ ਮਿੱਤਰ ਨੂੰ ਲੋੜੀਂਦੇ ਹੁੰਦੇ ਜਿਸ ਨੂੰ ਉਹ ਨਾਂਹ ਨਾ ਕਰ ਸਕਦਾ। ਜੇ ਉਸ ਦੇ ਚਾਚੇ ਨੇ ਕੁੜੀਆਂ ਦੇ ਪੈਸੇ ਵੱਟ ਲਏ ਤਾਂ ਉਸ ਦੇ ਖ਼ਾਨਦਾਨ ਨੂੰ ਦਾਗ਼ ਲਗ ਜਾਵੇਗਾ, ਉਹ ਸੋਚਦਾ ਤੇ ਬਹੁਤ ਹੀ ਉਦਾਸ ਹੋ ਜਾਂਦਾ।
ਹੋਰ ਛੇ ਮਹੀਨੇ ਪਿਛੋਂ ਉਸ ਦੇ ਚਾਚੇ ਦੀ ਇਕ ਹੋਰ ਚਿੱਠੀ ਆਈ ਜਿਸ ਵਿਚ ਬਾਕੀ ਗੱਲਾਂ ਤੇ ਭਾਵੇਂ ਠੀਕ ਹੀ ਸਨ, ਪਰ ਇਕ ਗੱਲ ਉਸ ਨੂੰ ਚੰਗੀ ਨਾ ਲੱਗੀ ਕਿ ਉਸ ਦੇ ਚਾਚੇ ਦੇ ਇਕ ਹੋਰ ਕੁੜੀ ਹੋ ਗਈ ਸੀ। ਉਸ ਨੇ ਚਿੱਠੀ ਦਾ ਕੋਈ ਜਵਾਬ ਨਾ ਦਿੱਤਾ।
ਹੋਰ ਡੇਢ ਕੁ ਸਾਲ ਪਿਛੋਂ ਚਿੱਠੀ ਆਈ ਕਿ ਉਸ ਦੇ ਚਾਚੇ ਦੇ ਘਰ ਇਕ ਹੋਰ ਧੀ ਜੰਮ ਪਈ ਸੀ। ਉਸ ਨੇ ਕੋਈ ਉਤਰ ਨਾ ਦਿੱਤਾ। ਸ਼ਾਇਦ ਉਸ ਦਾ ਚਾਚਾ ਉਤਰ ਮੰਗਦਾ ਹੀ ਨਹੀਂ ਸੀ।
ਦੋ ਕੁ ਵਰ੍ਹੇ ਪਿਛੋਂ ਇਕ ਹੋਰ ਚਿੱਠੀ ਆਈ ਕਿ ਉਸੇ ਘਰ ਵਿਚ ਉਸ ਦੀ ਇਕ ਹੋਰ ਭੈਣ ਆ ਗਈ ਸੀ। ਉਸ ਦੀ ਚਾਚੀ ਨੇ ਉਚੇਚੇ ਤੌਰ 'ਤੇ ਲਿਖਵਾਇਆ ਸੀ ਕਿ ਇਹ ਕੁੜੀ ਬੜੀ ਹੀ ਸੁਨੱਖੀ ਸੀ। ਉਸ ਨੇ ਇਸ ਚਿੱਠੀ ਤੋਂ ਪਿਛੋਂ ਚਾਚੇ ਦੀਆਂ ਧੀਆਂ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ। ਇਸ ਵੇਲੇ ਵੱਡੀ ਧੀ ਸਤਾਰਾਂ ਅਠਾਰਾਂ ਵਰ੍ਹੇ ਦੀ ਹੋ ਗਈ ਸੀ। ਇਹ ਯਾਦ ਉਸ ਦੇ ਦਿਮਾਗ ਵਿਚ ਚੱਕਰ ਲਾਉਂਦੀ ਰਹੀ।
ਉਸ ਤੋਂ ਪਿਛੋਂ ਤਿੰਨ ਚਾਰ ਵਰ੍ਹੇ ਉਸ ਦੇ ਚਾਚੇ ਦੀ ਕੋਈ ਚਿੱਠੀ ਨਾ ਆਈ ਨਾ ਕਿਸੇ ਦੇ ਜੰਮਣ ਦੀ, ਨਾ ਕਿਸੇ ਦੇ ਮਰਨ ਦੀ ਤੇ ਨਾ ਕਿਸੇ ਦੇ ਵਿਆਹ ਦੀ। ਖ਼ਬਰ ਸਾਰ ਤੇ ਘਰ ਦੀ ਆਉਣੀ ਹੀ ਚਾਹੀਦੀ ਸੀ, ਧੰਨਾ ਸੋਚਦਾ। ਭਾਵੇਂ ਘਰ ਵਿਚ ਕੋਈ ਐਸੀ ਵੈਸੀ ਗੱਲ ਹੀ ਹੋ ਗਈ ਹੋਵੇ। ਅੰਤ ਉਸ ਨੇ ਵੀ ਉਸੇ ਘਰ ਜਾਣਾ ਸੀ। ਚਾਰ ਪੈਸੇ ਕਮਾ ਕੇ ਲਿਜਾਇਆਂ ਤੇ ਉਸ ਦਾ ਵਿਆਹ ਵੀ ਹੋ ਸਕਦਾ ਸੀ। ਵਿਆਹ ਵਿਚ ਭੈਣਾਂ ਤੋਂ ਬਿਨਾਂ ਉਸ ਦੀਆਂ ਘੋੜੀਆਂ ਕੌਣ ਗਾਏਗਾ, ਚਾਚੀ ਬਿਨਾਂ ਦਰ ਲੰਘਦਿਆਂ ਪਾਣੀ ਕੌਣ ਵਾਰ ਕੇ ਪੀਏਗਾ, ਚਾਚੇ ਬਿਨਾਂ ਉਸ ਦੀ ਵਹੁਟੀ ਦੇ ਡੋਲੇ ਉਤੋਂ ਨੋਟ ਕੌਣ ਸੁੱਟੇਗਾ, ਉਹ ਵਿਹਲੇ ਸਮੇਂ ਸੋਚਦਾ। ਫੇਰ ਇਕ ਦਿਨ ਉਸ ਤੋਂ ਨਾ ਹੀ ਰਿਹਾ ਗਿਆ ਤਾਂ ਉਸ ਨੇ ਆਪਣੇ ਚਾਚੇ ਦੇ ਨਾਂ ਇਕ ਬਹੁਤ ਹੀ ਮੁਹੱਬਤ ਭਰੀ ਚਿੱਠੀ ਲਿਖੀ ਤੇ ਨਾਲ ਹੀ ਵੱਡੀ ਕੁੜੀ ਦਾ ਵਿਆਹ ਕਰਨ ਲਈ ਸਰਦੇ ਬਣਦੇ ਪੈਸੇ ਵੀ ਭੇਜ ਦਿੱਤੇ।
ਪੰਜ ਛੇ ਮਹੀਨੇ ਉਸ ਦੀ ਚਿੱਠੀ ਦਾ ਕੋਈ ਉਤਰ ਨਾ ਆਇਆ। ਪੈਸੇ ਪਹੁੰਚਣ ਦੀ ਰਸੀਦ ਮਿਲੀ, ਪਰ ਉਸ ਨੇ ਫਾੜ ਕੇ ਨਾਲੀ ਵਿਚ ਸੁੱਟ ਦਿੱਤੀ। ਤੇ ਉਸ ਦਿਨ ਉਸ ਨੇ ਆਪਣੇ ਇਕ ਨਜ਼ਦੀਕੀ ਦੋਸਤ ਨਾਲ ਬਹਿ ਕੇ ਰੱਜਵੀਂ ਸ਼ਰਾਬ ਪੀਤੀ ਤੇ ਫੇਰ ਆਪਣੇ ਘਰ ਦੀਆਂ, ਆਪਣੀ ਮਾਂ ਦੀਆਂ, ਆਪਣੇ ਚਾਚੇ ਦੀਆਂ ਤੇ ਆਪਣੀਆਂ ਭੈਣਾਂ ਦੀਆਂ ਗੱਲਾਂ ਕੀਤੀਆਂ। ਅਸੀਂ ਜੱਟ ਹੁੰਦੇ ਆਂ, ਕਹਿ ਕੇ ਉਹ ਗੱਲ ਸ਼ੁਰੂ ਕਰਦਾ ਤੇ ਆਪਣੇ ਜਟਊਪਣੇ ਦੇ ਗੁਣ ਗਾਉਂਦਾ ਗੱਲ ਕਿਧਰੇ ਦੀ ਕਿਧਰੇ ਲੈ ਜਾਂਦਾ। ਆਪਣੇ ਚਾਚੇ ਬਾਰੇ ਉਸ ਨੇ ਦੱਸਿਆ ਕਿ ਨਿਰਾ ਉਜੱਡ ਹੈ। ਭਾਵੇਂ ਭੁੱਖਾ ਮਰਦਾ ਹੋਵੇ ਪਿੰਡ ਆਏ ਥਾਣੇਦਾਰ ਨੂੰ ਸਲਾਮ ਨਹੀਂ ਕਹਿੰਦਾ। ਤੁਰੇ ਜਾਂਦੇ ਸਿਪਾਹੀ ਨੂੰ ਤਾਂ ਐਵੇਂ ਗਾਲ੍ਹ ਕੱਢ ਦਿੰਦਾ ਹੈ। ਬੈਠਾ ਬੈਠਾ ਬਾਣੀਏ ਦੇ ਹੂਰੇ ਲਾ ਦਿੰਦਾ ਹੈ। ਨਿੱਕੀ ਨਿੱਕੀ ਗੱਲ ਪਿੱਛੇ ਪਿੰਡ ਦੇ ਪਟਵਾਰੀ ਨਾਲ ਖਹਿਬੜ ਪੈਂਦਾ ਹੈ। ਕੇਵਲ ਗੁਰਦੁਆਰੇ ਦਾ ਭਾਈ ਹੈ ਜਿਸ ਨੂੰ ਉਹ ਭਾਈ ਜੀ ਕਹਿ ਕੇ ਬੁਲਾਉਂਦਾ ਹੈ। ਗਾਲ੍ਹ ਕੱਢਣ ਲੱਗਿਆਂ ਤਾਂ ਧਰਤ ਆਸਮਾਨ ਇਕ ਕਰ ਦਿੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਉਹ ਆਪਣੀ ਧੀ ਦੇ ਪੈਸੇ ਵੱਟੇ, ਉਹ ਅੰਤ ਨਤੀਜਾ ਕੱਢ ਕੇ ਚੁੱਪ ਹੋ ਗਿਆ। ਇਨ੍ਹਾਂ ਗੱਲਾਂ ਨੇ ਉਸ ਦੇ ਮਨ ਦਾ ਬੋਝ ਕਾਫੀ ਹੌਲਾ ਕਰ ਦਿੱਤਾ ਤੇ ਰਾਤ ਉਸ ਨੂੰ ਡਾਢੀ ਨੀਂਦ ਪਈ।
ਛੇ ਮਹੀਨੇ ਹੋਰ ਲੰਘ ਗਏ ਜਦੋਂ ਉਸ ਨੂੰ ਇਕ ਗੁਰਮੁਖੀ ਅੱਖਰਾਂ ਵਿਚ ਲਿਖੀ ਕੋਈ ਚਿੱਠੀ ਮਿਲੀ। ਉਸ ਦੇ ਪਿੰਡ ਸਾਰੇ ਉਰਦੂ ਹੀ ਪੜ੍ਹੇ ਸਨ। ਪੰਜਾਬੀ ਤਾਂ ਉਸਦੇ ਨਾਨਕੀਂ ਦਾਦਕੀਂ ਕੋਈ ਨਹੀਂ ਸੀ ਜਾਣਦਾ। ਉਹ ਚਿੱਠੀ ਵੇਖ ਕੇ ਹੈਰਾਨ ਜਿਹਾ ਹੋ ਗਿਆ। ਵਰਕਾ ਪਰਤ ਕੇ ਜਦ ਉਸਨੇ ਚਿੱਠੀ ਦੀ ਆਖ਼ਰੀ ਸਤਰ ਵੇਖੀ ਤਾਂ ਟੁਟੇ ਜਿਹੇ ਅੱਖਾਂ ਵਿਚ 'ਬਨਤੋ' ਲਿਖਿਆ ਹੋਇਆ ਸੀ। ਪੰਜਾਬੀ ਧੰਨੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ ਤੇ ਇਹ ਨਾਂ ਵੀ ਉਸ ਨੇ ਮਸਾਂ ਮਸਾਂ ਬੱਬਾ ਨਨਾ ਤੇ ਤੱਤਾ ਜੋੜ ਕੇ ਉਠਾਇਆ ਸੀ। ਚਿੱਠੀ ਉਸ ਦੀ ਭੈਣ ਬੰਤੋ ਨੇ ਲਿਖੀ ਸੀ। ਝਟਪਟ ਕਿਸੇ ਪੰਜਾਬੀ ਜਾਨਣ ਵਾਲੇ ਕੋਲ ਲਿਜਾ ਕੇ ਉਸਨੇ ਚਿੱਠੀ ਸੁਣੀ।
'ਪਰਮ ਪਿਆਰੇ ਵੀਰ ਧੰਨਾ ਸਿੰਘ ਜੀ', ਸੁਖ ਸਾਂਦ ਦਾ ਜ਼ਿਕਰ ਕਰਕੇ ਲਿਖਿਆ ਸੀ, ''ਆਪਣੇ ਰੋੜੀ ਵਾਲੇ ਟੋਭੇ ਉਤੇ ਜਿਹੜੇ ਬਾਬੇ ਰਹਿੰਦੇ ਸੀ ਜੀ ਉਹ ਸੁਰਗਵਾਸ ਹੋ ਗਏ ਨੇ ਜੀ। ਤਾਈ ਦੇ ਸੁਰਗਵਾਸ ਹੋਣ ਤੋਂ ਪਿੱਛੋਂ ਬਾਪੂ ਜੀ ਉਨ੍ਹਾਂ ਕੋਲ ਜਾਣ ਲੱਗ ਪਏ ਸੀ। ਬਾਪੂ ਜੀ ਉਨ੍ਹਾਂ ਦਾ ਜੀ ਲਾਈ ਰੱਖਦੇ ਸੀ ਜੀ। ਉਹ ਬਾਪੂ ਜੀ ਦੀਆਂ ਗੱਲਾਂ ਤੇ ਹੱਸਦੇ ਰਹਿੰਦੇ ਸੀ ਜੀ। ਵੀਰ ਜੀ ਉਹ ਬੜੇ ਚੰਗੇ ਸੀ ਜੀ। ਉਨ੍ਹਾਂ ਕੋਲ ਐਨੇ ਬੜੇ ਰੁਪਈਏ ਸੀ ਜੀ। ਬਾਪੂ ਜੀ ਉਨ੍ਹਾਂ ਦੇ ਭਗਤ ਬਣ ਗਏ ਸੀ ਜੀ। ਹੁਣ ਬਾਪੂ ਜੀ ਬਾਬਿਆਂ ਦੀ ਗੱਦੀ 'ਤੇ ਬੈਠੇ ਹੋਏ ਨੇ ਜੀ। ਵੀਰ ਜੀ ਮੈਨੂੰ ਤੇ ਚੰਨੋ ਨੂੰ ਗੁਜ਼ਰਪੁਰ ਵਿਆਹ ਦਿੱਤਾ ਹੈ ਜੀ। ਦੋਨੋਂ ਭਰਾ ਹੈ ਨੇ ਜੀ। ਚੰਨੋ ਦਾ ਪ੍ਰਾਹੁਣਾ ਬੜਾ ਚੰਗਾ ਹੈ ਜੀ। ਸਾਡਾ ਆਪਣਾ ਖੂਹ ਹੈ ਜੀ। ਖੇਤ ਵਿਚ ਸਾਡੀ ਹਵੇਲੀ ਹੈ ਜੀ। ਦੋ ਮੱਝਾਂ ਨੇ ਜੀ। ਵੀਰ ਜੀ ਇਕ ਬੂਰੀ ਹੈ ਤੇ ਦੂਜੀ ਕੁੰਢੀ ਹੈ ਜੀ। ਮੈਂ ਤੇ ਚੰਨੋ ਉਸ ਦਿਨ ਤੁਹਾਨੂੰ ਚੇਤੇ ਕਰ ਬੜੀਆਂ ਰੋਈਆਂ ਸੀ ਜੀ। ਸਾਡਾ ਮਿਲਣ ਨੂੰ ਬੜਾ ਜੀ ਕਰਦਾ ਹੈ ਜੀ। ਤੁਸੀਂ ਆਉਂਦੇ ਨੀ ਜੀ। ਆਪਣੇ ਕੋਲ ਰੱਬ ਦਾ ਦਿੱਤਾ ਸਭ ਕੁੱਝ ਹੈ ਜੀ। ਰੱਬ ਛੱਪਰ ਪਾੜ ਕੇ ਦੇਂਦਾ ਹੈ ਜੀ। ਚੰਨੋ ਗੁਜ਼ਰ ਪੁਰ ਗਈ ਹੋਈ ਹੈ ਜੀ।
''ਰੋੜੀ ਵਾਲੇ ਟੋਭੇ ਤੇ ਪਹਿਲਾਂ ਨਾਲੋਂ ਵੀ ਬਹੁਤ ਲੋਕੀਂ ਆਉਂਦੇ ਨੇ ਜੀ। ਬਾਪੂ ਜੀ ਗਾਲ੍ਹਾਂ ਕੱਢਣੋਂ ਨਹੀਂ ਹਟਦੇ। ਉਹ ਫੇਰ ਵੀ ਚੜ੍ਹਾਵੇ ਚਾੜ੍ਹ ਜਾਂਦੇ ਨੇ ਜੀ। ਬਾਪੂ ਜੀ ਸਾਨੂੰ ਵੀ ਗਾਲ੍ਹਾਂ ਕੱਢਦੇ ਨੇ ਜੀ। ਵੀਰ ਜੀ ਉਹ ਤਾਂ ਤੁਹਾਨੂੰ ਵੀ ਗਾਲ੍ਹਾਂ ਕੱਢਦੇ ਨੇ ਜੀ। ਉਨ੍ਹਾਂ ਦਾ ਗੁੱਸਾ ਨਾ ਕਰਨਾ। ਉਹ ਤਾਂ ਰੱਬ ਨੂੰ ਵੀ ਗਾਲ੍ਹਾਂ ਕੱਢੀ ਜਾਂਦੇ ਨੇ ਜੀ। ਉਹ ਕਿਸੇ ਦੇ ਆਖੇ ਨਹੀਂ ਲੱਗਦੇ। ਉਂਜ ਉਹ ਪਾਗਲ ਨਹੀਂ, ਚੰਗੀਆਂ ਭਲੀਆਂ ਗੱਲਾਂ ਕਰਦੇ ਨੇ ਜੀ। ਅਸੀਂ ਆਪਣੇ ਝੋਟੇ ਵੇਚ ਦਿੱਤੇ ਨੇ ਜੀ। ਹੁਣ ਸਾਨੂੰ ਪਸ਼ੂ ਵੀ ਨ੍ਹੀਂ ਚਾਰਨੇ ਪੈਂਦੇ ਜੀ। ਆਪਣੇ ਗੁਰਦੁਆਰੇ ਦੇ ਭਾਈ ਸੁਰਗਵਾਸ ਹੋ ਗਏ ਨੇ ਜੀ। ਸਾਨੂੰ ਪੜ੍ਹਾਉਂਦੇ ਹੁੰਦੇ ਸੀ ਜੀ। ਹੰਸੋ, ਜੀਤੋ ਵੀ ਮੰਗ ਦਿੱਤੀਆਂ ਨੇ ਜੀ। ਜਿਹੜੇ ਤੁਸੀਂ ਪੈਸੇ ਭੇਜੇ ਸੀ ਜੀ। ਉਹ ਬਾਪੂ ਜੀ ਨੇ ਫੂਕ ਦਿੱਤੇ ਸੀ ਜੀ। ਉਹ ਬਾਬਿਆਂ ਵਾਂਗ ਹੀ ਕਰਦੇ ਨੇ ਜੀ। ਜਿਹੜੀ ਚੀਜ਼ ਹੱਥ ਲੱਗਦੀ ਹੈ ਫੂਕ ਦਿੰਦੇ ਨੇ ਜੀ। ਤੁਸੀਂ ਕਦੋਂ ਆਉਗੇ ਜੀ। ਆਪਣਾ ਭਾਣਜਾ ਨੀ ਦੇਖਣਾ ਜੀ।'' ਤੇ ਅੱਗੋਂ ਭੁਲ ਚੁੱਕ ਦੀ ਮਾਫ਼ੀ ਮੰਗੀ ਹੋਈ ਸੀ ਜਾਂ ਨਿੱਕੀਆਂ ਭੈਣਾਂ ਵਲੋਂ ਸਤਿ ਸ਼੍ਰੀ ਅਕਾਲ ਤੇ ਚਾਚੀ ਵਲੋਂ ਬਹੁਤਾ ਬਹੁਤਾ ਪਿਆਰ ਸੀ।
ਚਿੱਠੀ ਸੁਣ ਕੇ ਧੰਨੇ ਨੇ ਆਪਣੀ ਜੇਬ ਵਿਚ ਪਾ ਲਈ। ਧੰਨੇ ਨੂੰ ਜਿਵੇਂ ਯਕੀਨ ਜਿਹਾ ਨਹੀਂ ਸੀ ਆਉਂਦਾ, ਇਹ ਸਭ ਕੁੱਝ ਕਿਸ ਤਰ੍ਹਾਂ ਹੋ ਗਿਆ ਸੀ। ਉਹ ਪੰਜਾਬੀ ਨਹੀਂ ਸੀ ਜਾਣਦਾ ਫੇਰ ਵੀ ਚਿੱਠੀ ਨੂੰ ਖੋਲ੍ਹ ਕੇ ਏਸ ਤਰ੍ਹਾਂ ਤੱਕੀ ਜਾਂਦਾ ਸੀ ਜਿਵੇਂ ਬੜੇ ਗਹੁ ਨਾਲ ਪੜ੍ਹ ਕੇ ਮਤਲਬ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਫੇਰ ਉਸ ਨੇ ਰੋੜੀ ਵਾਲੇ ਟੋਭੇ ਦੇ ਮਹੰਤ ਬਾਰੇ ਸੋਚਣਾ ਸ਼ੁਰੂ ਕੀਤਾ। ਉਹ ਤਾਂ ਜੋ ਵੀ ਉਸ ਨੂੰ ਮਿਲਦਾ ਸੀ ਨਸ਼ਟ ਕਰ ਦਿੰਦਾ ਸੀ, ਕੋਈ ਪੰਜ ਗ੍ਰੰਥੀ ਲਿਆ ਕੇ ਦਿੰਦਾ ਤਾਂ ਵਰਕਾ ਵਰਕਾ ਕਰਕੇ ਫਾੜ ਦਿੰਦਾ। ਕੋਈ ਰੋਟੀ ਲਿਆ ਕੇ ਦਿੰਦਾ, ਕੁਤਿਆਂ ਨੂੰ ਪਾ ਦਿੰਦਾ। ਉਹ ਪੰਜ ਗ੍ਰੰਥੀਆਂ, ਦਸ ਗ੍ਰੰਥੀਆਂ ਤੇ ਗੁਟਕਿਆਂ ਦੀ ਧੂਣੀ ਬਾਲੀ ਰੱਖਦਾ ਸੀ। ਉਸਨੂੰ ਆਉਂਦਾ ਜਾਂਦਾ ਹੀ ਕੀ ਸੀ? ਗੁਣ ਗਿਆਨ ਵਿਚ ਤਾਂ ਉਹ ਧੰਨੇ ਦੇ ਚਾਚੇ ਨਾਲੋਂ ਵੀ ਗਿਆ ਗੁਜ਼ਰਿਆ ਸੀ। ਲੋਕ ਤਾਂ ਮੂਰਖ ਸਨ ਜਿਹੜੇ ਉਸ ਦੇ ਪਿੱਛੇ ਲੱਗੇ ਹੋਏ ਸਨ।
ਉਹ ਸੋਚਦਾ, ਉਸ ਦਾ ਚਾਚਾ ਵੀ ਉਸੇ ਤਰ੍ਹਾਂ ਕਰਦਾ ਹੋਵੇਗਾ। ਬੁਢਾਪੇ ਵਿਚ ਤਾਂ ਚੰਗੇ ਭਲੇ ਬੰਦੇ ਦਾ ਦਿਮਾਗ ਫਿਰ ਜਾਂਦਾ ਏ। ਉਸ ਦਾ ਚਾਚਾ ਤੇ ਕਬੀਲਦਾਰ ਸੀ, ਡਾਢਾ। ਨਾਲੇ ਸਾਧ ਤੇ ਲੁੱਚਾ ਸੀ ਨਿਰਾ, ਲੋਕ ਉਸ ਨੂੰ ਫੇਰ ਵੀ ਪੂਜਦੇ ਰਹਿੰਦੇ ਸਨ। ਠੀਕ ਹੀ ਲਿਖਦੀ ਏ ਬੰਤੋ ਚਾਚੇ ਨੂੰ ਵੀ ਪੂਜਦੇ ਹੋਣਗੇ। ਉਹ ਗਾਲ੍ਹਾਂ ਕੱਢਣੋਂ ਨਹੀਂ ਹਟਦਾ ਹੋਣਾ। ਲੋਕਾਂ ਦਾ ਕੀ ਏ, ਜਿਹੜਾ ਡਰਾਵੇ ਉਸ ਤੋਂ ਡਰਦੇ ਹਨ। ਇਹ ਸਭ ਕੁੱਝ ਹੋ ਸਕਦਾ ਸੀ। ਪਰ ਉਹ ਸਾਧ ਕਿਉਂ ਬਣ ਗਿਆ ਮੂਰਖ, ਉਸ ਨੇ ਤਾਂ ਜੱਟਾਂ ਦਾ ਨਾਂ ਬਦਨਾਮ ਕਰ ਦਿੱਤਾ। ਕਿਧਰੇ ਚਾਚੀ ਨੇ ਬੰਤੋ ਤੋਂ ਚੰਨੋ ਦੇ ਪੈਸੇ ਤਾਂ ਨਹੀਂ ਵੱਟ ਲਏ? ਤੇ ਜਾਂ ਉਹ ਗੁਜ਼ਰਪੁਰ ਦੇ ਮੁੰਡਿਆਂ ਨਾਲ ਭੱਜ ਤਾਂ ਨਹੀਂ ਗਈਆਂ ਸ਼ਾਇਦ? ਉਹ ਵਲੈਤ ਬੈਠਾ ਆਪਣੇ ਚਾਚੇ ਨੂੰ ਗਾਲ੍ਹਾ ਕੱਢਦਾ। ਜੱਟ ਤੇ ਸਾਧ ਪੁਣਾਂ ਕੀ ਕਹੁ? ਜੱਟ ਤਾਂ ਜਮਾਂਦਰੂ ਹੀ ਸਾਧ ਹੁੰਦਾ ਏ। ਜੱਟ ਨਾਲ ਦਾ ਭਗਤ ਕੌਣ ਏ? ਸਾਰੀ ਦੁਨੀਆਂ ਦੇ ਮੂੰਹੀ ਰੋਟੀ ਪਾਉਂਦਾ ਏ। ਧੰਨਾ ਊਲ ਜ਼ਲੂਲ ਜਿਹੀਆਂ ਸੋਚਾਂ ਸੋਚਦਾ ਰਹਿੰਦਾ। ਤੇ ਫੇਰ ਉਹ ਬੰਤੋ ਤੇ ਚੰਨੋਂ ਦੇ ਪਰਵਾਰ ਬਾਰੇ ਸੋਚਣ ਲੱਗ ਜਾਂਦਾ। ਚੰਨੋ ਦੀ ਗੋਦੀ ਖੇਡਦੇ ਆਪਣੇ ਭਾਣਜੇ ਬਾਰੇ ਸੋਚਣ ਲੱਗ ਜਾਂਦਾ। ਆਪਣੀ ਗਹਿਣੇ ਧਰੀ ਜ਼ਮੀਨ ਬਾਰੇ ਸੋਚਦਾ। ਆਪਣੇ ਚਾਚੇ ਬਾਰੇ ਸੋਚਦਾ ਤੇ ਆਪਣੀ ਜਾਤ ਦੀ ਹੋਈ ਨਿਰਾਦਰੀ ਬਾਰੇ ਸੋਚਦਾ।
ਇਕ ਦਿਨ ਉਸ ਨੇ ਆਪਣੇ ਦੇਸ਼ ਦਾ ਟਿਕਟ ਲਿਆ। ਸ਼ਾਇਦ ਇਸ ਲਈ ਕਿ ਉਹ ਪਿੰਡ ਜਾ ਕੇ ਆਪਣੇ ਚਾਚੇ ਨੂੰ ਉਸ ਦੇ ਜੱਟ ਹੋਣ ਦਾ ਅਹਿਸਾਸ ਕਰਵਾਏਗਾ ਤੇ ਉਸ ਦਾ ਮਹੰਤ ਪੁਣਾ ਛੁੜਵਾ ਦੇਵੇਗਾ।
ਇਕ ਸਵੇਰ ਸਟੇਸ਼ਨ ਤੋਂ ਸਾਲਮ ਤਾਂਗਾ ਕਰਕੇ ਧੰਨਾ ਆਪਣੇ ਪਿੰਡ ਦੀ ਜੂਹ ਵਿਚ ਆ ਵੜਿਆ। ਅੰਗ੍ਰੇਜ਼ੀ ਢੰਗ ਦਾ ਉਸ ਨੇ ਕੋਟ ਪੈਂਟ ਪਾਇਆ ਹੋਇਆ ਸੀ। ਸਿਰ ਤੇ ਉਸ ਨੇ ਸਾਹਬਾਂ ਵਾਲਾ ਟੋਪ ਲਿਆ ਹੋਇਆ ਸੀ। ਹੱਥ ਵਿਚ ਉਸ ਦੇ ਇਕ ਛਿੱਟੀ ਸੀ। ਤਾਂਗੇ ਵਿਚ ਇਕ ਬਿਸਤਰਾ ਸੀ ਤੇ ਇਕ ਸੂਟ ਕੇਸ। ਉਸ ਦੀ ਜੇਬ ਵਿਚ ਪੈਸੇ ਸਨ। ਗਹਿਣੇ ਧਰੀ ਜ਼ਮੀਨ ਛੁਡਾਉਣ ਤੇ ਵਿਆਹ ਕਰਵਾਉਣ ਲਈ।
ਪਿੰਡ ਦੀ ਜੂਹ ਵਿਚ ਵੜ ਕੇ ਰਸਤੇ ਵਿਚ ਸਭ ਤੋਂ ਪਹਿਲਾਂ ਰੋੜੀ ਵਾਲਾ ਟੋਭਾ ਹੀ ਆਉਂਦਾ ਸੀ। ਪਹਿਲਾਂ ਆਪਣੇ ਚਾਚੇ ਨੂੰ ਹੀ ਦੇਖਾਂ ਉਸਨੇ ਸੋਚਿਆ। ਚਾਚੇ ਤੋਂ ਉਹ ਪਛਾਣਿਆ ਵੀ ਨਹੀਂ ਜਾਣਾ, ਉਹ ਸੋਚਦਾ ਗਿਆ। ਰੋੜੀ ਵਾਲਾ ਟੋਭਾ ਵੀ ਆ ਗਿਆ। ਉਸ ਨੇ ਵੇਖਿਆ ਉਸ ਦਾ ਚਾਚਾ ਪਹਿਲਾਂ ਵਾਲੇ ਮਹੰਤ ਵਾਂਗ ਹੀ, ਧੂਣੀ ਲਾਈ ਬੈਠਾ ਸੀ। ਉਸ ਦੇ ਹੱਥ ਵਿਚ ਇਕ ਦਸਮ ਗ੍ਰੰਥੀ ਸੀ ਜਿਸ ਦੇ ਵਰਕੇ 'ਕੱਲੇ ਕੱਲੇ ਕਰਕੇ ਉਹ ਅੱਗ ਵਿਚ ਸੁੱਟੀ ਜਾ ਰਿਹਾ ਸੀ। ਲੋਕੀਂ ਉਸ ਨੂੰ ਮੱਥਾ ਟੇਕ ਕੇ ਤੇ ਅੱਖ ਬਚਾ ਕੇ ਚੜ੍ਹਾਵੇ ਵਾਲੀਆਂ ਚੀਜਾਂ ਅੰਦਰ ਇਕ ਕੋਠੇ ਜਿਹੇ ਵਿਚ ਰੱਖੀ ਜਾਂਦੇ ਸਨ। ਨਜ਼ਰ ਪੈ ਜਾਵੇ ਤਾਂ ਉਹ ਸ਼ਾਇਦ ਕਿਸੇ ਦਾ ਚੜ੍ਹਾਵਾ ਪ੍ਰਵਾਨ ਨਹੀਂ ਕਰਦਾ ਹੋਣਾ। ਧੰਨਾ ਟਾਂਗੇ ਵਿਚੋਂ ਛਾਲ ਮਾਰ ਕੇ ਉਤਰਿਆ। ਆਪਣੇ ਚਾਚੇ ਦੇ ਸਾਹਮਣੇ ਖਲੋ ਕੇ ਉਸ ਨੇ ਜੈਕਾਰਾ ਗੱਜਿਆ। ''ਸਤਿ ਸ਼੍ਰੀ ਅਕਾਲ ਚਾਚਾ।''
''ਉਇ ਕਿਹੜਾ ਏ ਤੂੰ ਸਾਲਿਆ ਚਾਚੇ ਦਿਆ ਤੇ ਭੜੂਆ ਸਤਿ ਸ਼੍ਰੀ ਅਕਾਲ ਦਾ?'' ਉਸ ਦੇ ਭਗਤ ਚਾਚੇ ਨੇ ਆਪਣੇ ਅੰਦਾਜ਼ ਵਿਚ ਪੁੱਛਿਆ।
ਚਾਚੇ ਨੂੰ ਸੁਣਕੇ ਧੰਨਾ ਜ਼ਰਾ ਕੁ ਝਿਜਕ ਗਿਆ ਕੁਝ ਆਪਣੀ ਪਿਛਲੀ ਗਲਤੀ ਕਾਰਨ ਤੇ ਕੁਝ ਚਾਚੇ ਦੇ ਹੁਣ ਦੇ ਰੁਅਬ ਕਾਰਨ। ਉਸ ਦੇ ਚਾਚੇ ਦਾ ਹਾਲੀਂ ਗਿਆ ਹੀ ਕੀ ਸੀ? ਸਿਹਤ ਪਹਿਲਾਂ ਨਾਲੋਂ ਚੰਗੀ ਸੀ ਤੇ ਰੁਅਬ ਪਹਿਲਾਂ ਨਾਲੋਂ ਚੌਗੁਣਾ। ਚੜ੍ਹਾਵੇ ਚੜ੍ਹਾਣ ਆਏ ਲੋਕ ਉਸ ਕੋਲ ਖੜ੍ਹੇ ਥਰ ਥਰ ਕੰਬਦੇ ਸਨ।
''ਓਏ ਬੋਲਦਾ ਕਿਉਂ ਨਹੀਂ ਸਹੁਰਿਆ ਵਹਿੜਿਆਂ ਦਿਆਂ?'' ਚਾਚਾ ਫੇਰ ਬੋਲਿਆ।
''ਮੈਂ ਆਂ ਚਾਚਾ ਧੰਨਾ ਤੇਰਾ ਭਤੀਜਾ, ਤੂੰ ਪਛਾਣਿਆ ਨੀਂ' ਉਹ ਝਿਜਕ ਕੇ ਬੋਲਿਆ।
''ਅੱਛਾ...! ਤੇ ਪਹਿਲਾਂ ਕਿਉਂ ਨਹੀਂ ਦੱਸਿਆ ਮਾਈ ਝਾਵੇ ਦਿਆ'', ਧੰਨੇ ਦੇ ਚਾਚੇ ਨੇ ਧੰਨੇ ਦੇ ਮੋਹ ਵਿਚ ਆ ਕੇ ਕਿਹਾ, ''ਮੈਂ ਤੈਨੂੰ ਗਾਲ੍ਹ ਹੀ ਨਾ ਕੱਢਦਾ'' ਤੇ ਉਸ ਨੇ ਬਾਂਹ ਤੋਂ ਫੜ ਕੇ ਧੰਨੇ ਨੂੰ ਆਪਣੇ ਕੋਲ ਬਿਠਾ ਲਿਆ।
ਕੋਲ ਖੜ੍ਹੇ ਬੰਦਿਆਂ ਨੂੰ ਉਸ ਨੇ ਝਿੜਕ ਕੇ ਭਜਾ ਦਿੱਤਾ ਤੇ ਆਪ ਉਸ ਨੂੰ ਜੱਫੀ ਵਿਚ ਲੈ ਕੇ ਕਹਿਣ ਲੱਗਿਆ.... ''ਉਇ ਸਹੁਰਿਆ ਤੂੰ ਤੇ ਬਿਲਕੁਲ ਹੀ ਨਿਰਮੋਹਾ ਹੋ ਗਿਆ। ਮੈਂ ਤੇਰੇ ਲਈ ਏਨਾ ਕੁਝ ਕੀਤਾ.... ਜਾਹ ਆਪਣੀ ਚਾਚੀ ਕੋਲ ਤੇ ਮੈਂ ਰਾਤ ਨੂੰ ਆ ਕੇ ਦਸਾਂਗਾ ਸਭ ਕੁੱਝ।'' ਦੂਰੋਂ ਆਉਂਦੀਆਂ ਸੰਗਤਾਂ ਨੂੰ ਵੇਖ ਕੇ ਉਸ ਨੇ ਮੋਹ ਮਾਇਆ ਦੀ ਜੱਫੀ ਖੋਲ੍ਹ ਦਿੱਤੀ।
ਧੰਨਾ ਹੈਰਾਨ ਹੋ ਕੇ ਉਸ ਦੀ ਜੱਫੀ ਵਿਚੋਂ ਨਿਕਲ ਚੜ੍ਹਾਵੇ ਚੜ੍ਹਨ ਵਾਲੇ ਕੱਚੇ ਕੋਠੇ ਵਿਚ ਜਾ ਵੜਿਆ। ਅੰਦਰ ਜਾ ਕੇ ਉਸ ਨੇ ਵੇਖਿਆ ਦਾਣਿਆਂ ਦਾ ਬੋਹਲ ਲੱਗਾ ਪਿਆ ਸੀ। ਏਡਾ ਬੋਹਲ ਉਸ ਨੇ ਛੋਟੇ ਹੁੰਦਿਆਂ ਲੰਬੜਦਾਰ ਦੇ ਪਿੜ ਵਿਚ ਵੇਖਿਆ ਸੀ ਜਿਸ ਦੀ ਹਜ਼ਾਰ ਬਿੱਘੇ ਜ਼ਮੀਨ ਸੀ।
''ਲੈ ਵੀ ਜਾ ਹੁਣ ਆਪਣੇ ਤਾਂਗੇ ਨੂੰ ਮਾਈਂ ਜ੍ਹਾਵਿਆ'' ਬਾਹਰੋਂ ਚਾਚੇ ਦੀ ਆਵਾਜ਼ ਆਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ