Dharm Da Teer (Punjabi Story) : Kuldeep Sirsa

ਧਰਮ ਦਾ ਤੀਰ (ਕਹਾਣੀ) : ਕੁਲਦੀਪ ਸਿਰਸਾ

ਇੱਕ ਵਾਰ ਇੱਕ ਰਾਜਾ ਸੀ। ਵੈਸੇ ਉਹ ਰਾਜਾ ਨਹੀਂ ਸੀ ਡਾਕੂਆਂ ਦਾ ਸਰਦਾਰ ਸੀ ਪਰ ਅੱਜ ਗੱਲ ਉਹ ਇੱਕ ਰਾਜਾ ਬਣ ਗਿਆ ਸੀ। ਉਸ ਰਾਜੇ ਦੀ ਖੂਬੀ ਇਹ ਸੀ ਕਿ ਉਸ ਕੋਲ ਇਕ 'ਧਰਮ ਦਾ ਤੀਰ' ਸੀ। ਜਦੋਂ ਵੀ ਰਾਜੇ ਨੂੰ ਕੋਈ ਮੁਸੀਬਤ ਆਉਂਦੀ ਉਹ 'ਧਰਮ ਦਾ ਤੀਰ' ਚਲਾ ਦਿੰਦਾ। ਜਿਸ ਦੇ ਵੀ ਉਹ ਤੀਰ ਲੱਗਦਾ ਉਹ ਬੋਲ ਉਠਦਾ "ਮਹਾਰਜ ਦਮਿੰਦਰ ਦਾਸ ਦੋਖੀ ਦੀ ਜੈ।"

ਰਾਜਾ ਬਣਨ ਤੋਂ ਬਾਅਦ ਉਸਨੇ ਖਾਣ-ਪੀਣ ਅਤੇ ਰੋਜ ਵਰਤੋਂ ਦੀਆਂ ਸਾਰੀਆਂ ਵਸਤੂਆਂ ਜਿਵੇਂ ਮਿਰਚਾਂ, ਹਲਦੀ, ਨਮਕ ਆਦਿ ਦੀ ਕੀਮਤ ਅਸਮਾਨ ਚੜਾ ਦਿੱਤੀ। ਕੁਝ ਲੋਕ ਚੀਕੇ ਤਾਂ ਰਾਜੇ ਨੇ 'ਧਰਮ ਦਾ ਤੀਰ' ਛੱਡ ਦਿੱਤਾ। ਉਹੀ ਲੋਕ ਬੋਲ ਉੱਠੇ,"ਰਾਜਾ ਦਮਿੰਦਰ ਦਾਸ ਦੋਖੀ ਦੀ ਜੈ।"

ਜਦੋਂ ਰਾਜੇ ਨੇ ਲੋਕਾਂ ਉੱਤੇ ਨਵਾਂ 'ਲਗਾਨ' ਸ਼ੁਰੂ ਕੀਤਾ ਤਾਂ ਕੁਝ ਲੋਕ ਫਿਰ ਰੌਲਾ ਪਾਉਣ ਲੱਗੇ ਤਾਂ ਰਾਜੇ ਨੇ ਧਰਮ ਦਾ ਤੀਰ ਛੱਡ ਦਿੱਤਾ ਤੇ ਉਹੀ ਹੋਈ ਲੋਕ ਫਿਰ ਬੋਲ ਉੱਠੇ, "ਰਾਜਾ ਦਮਿੰਦਰ ਦਾਸ ਦੋਖੀ ਦੀ ਜੈ।"

ਉਸ ਰਾਜੇ ਦੇ ਰਾਜ ਵਿੱਚ ਬਹੁਤ ਸਾਰੇ ਲੋਕ ਰਾਜ-ਕਾਜ ਦੇ ਕੰਮਾਂ ਵਿੱਚ ਨੌਕਰੀ ਕਰਦੇ ਸਨ ਅਤੇ ਉਨਾਂ ਨੂੰ ਹਰ ਮਹੀਨੇ ਦਸ ਸੋਨੇ ਦੇ ਸਿੱਕੇ ਮਿਲਦੇ ਸਨ। ਰਾਜੇ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਲੋਕ ਨੌਕਰੀ ਨਹੀਂ, 'ਸੇਵਾ' ਕਰਨਗੇ ਤੇ ਉਹਨਾਂ ਨੂੰ ਹੁਣ ਦੱਸ ਸੋਨੇ ਦੇ ਸਿੱਕੇ ਨਹੀਂ, ਦੋ ਸੋਨੇ ਦੇ ਸਿੱਕੇ ਮਿਲਿਆ ਕਰਨਗੇ। ਕੁਝ ਲੋਕਾਂ ਨੇ ਫਿਰ ਵਿਰੋਧ ਕੀਤਾ ਤੇ ਰਾਜੇ ਨੇ 'ਧਰਮ ਦਾ ਤੀਰ' ਚਲਾ ਦਿੱਤਾ ਤੇ ਅੱਗੋਂ ਫਿਰ ਆਵਾਜ਼ ਆਈ,"ਰਾਜੇ ਦਮਿੰਦਰ ਦਾਸ ਦੋਖੀ ਦੀ ਜੈ।"

ਉਸ ਰਾਜੇ ਦੇ ਰਾਜ ਵਿੱਚ ਬਹੁਤ ਸਾਰੇ ਸਰਕਾਰੀ ਆਵਾਜਾਈ ਦੇ ਸਾਧਨ ਸਨ। ਜਿਥੋਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਅਤੇ ਆਉਣ ਜਾਣ ਦੀ ਸਹੂਲਤ ਵੀ ਮਿਲਦੀ ਸੀ। ਜਿਵੇਂ ਘੋੜਾ-ਗੱਡੀਆਂ, ਊਠ-ਗੱਡੀਆਂ ਅਤੇ ਬੈਲ ਗੱਡੀਆਂ ਆਦਿ। ਰਾਜੇ ਨੇ ਉਹ ਸਾਰੇ ਆਵਾਜਾਈ ਦੇ ਸਾਧਨ ਆਪਣੇ ਇਕ ਡਾਕੂ ਮਿੱਤਰ ਦੇ ਹਵਾਲੇ ਕਰ ਦਿੱਤੇ। ਹੁਣ ਉਹ ਲੋਕਾਂ ਨੂੰ ਸਹੂਲਤਾਂ ਦੇ ਨਾਮ 'ਤੇ ਲੁੱਟਣ ਲੱਗਾ। ਆਮ ਲੋਕਾਂ ਦਾ ਪੈਸਾ ਰਾਜੇ ਦੇ ਡਾਕੂ ਮਿੱਤਰ ਦੀਆਂ ਜੇਬਾਂ ਵਿੱਚ ਜਾਣ ਲੱਗਾ। ਕੁਝ ਲੋਕ ਫਿਰ ਚੀਕੇ। ਰਾਜੇ ਨੇ ਫਿਰ 'ਧਰਮ ਦਾ ਤੀਰ' ਛੱਡ ਦਿੱਤਾ ਤੇ ਫਿਰ ਲੋਕਾਂ ਚੋਂ ਆਵਾਜ਼ ਆਈ "ਰਾਜੇ ਦਮਿੰਦਰ ਦਾਸ ਦੋਖੀ ਦੀ ਜੈ।"

ਉਸ ਰਾਜੇ ਦੇ ਰਾਜ ਵਿੱਚ ਉਸ ਦੇ ਰਾਜਾ ਬਣਨ ਤੋਂ ਪਹਿਲਾਂ ਸੈਨਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਸਨ।ਅਗਰ ਕੋਈ ਸੈਨਿਕ ਸ਼ਹੀਦ ਹੋ ਜਾਂਦਾ ਸੀ ਤਾਂ ਉਸ ਦੇ ਪਰਿਵਾਰ ਦੀ ਜਿੰਮੇਵਾਰੀ ਰਾਜਭਾਗ ਦੀ ਹੁੰਦੀ ਸੀ ਪਰ ਰਾਜੇ ਨੇ ਆਉਂਦਿਆਂ ਹੀ ਸੈਨਿਕਾਂ ਦਾ ਨਾਮ ਬਦਲ ਦਿੱਤਾ। ਹੁਣ ਉਹ ਸੈਨਿਕ ਨਹੀਂ 'ਸੂਰਬੀਰ' ਸਨ। ਹੁਣ ਉਹਨਾਂ ਦੀ ਮੌਤ ਦੇ ਉੱਤੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਸੀ ਅਤੇ ਨਾ ਹੀ ਰਾਜਭਾਗ ਵੱਲੋਂ ਕੋਈ ਸਨਮਾਨ ਦਿੱਤਾ ਜਾਂਦਾ ਸੀ ਨਾ ਹੀ ਪਰਿਵਾਰ ਨੂੰ ਸਹੂਲਤ ਦਿੱਤੀ ਜਾਂਦੀ ਸੀ। ਕੁਝ ਲੋਕਾਂ ਨੇ ਵਿਰੋਧ ਕੀਤਾ ਤਾਂ ਰਾਜੇ ਨੇ 'ਧਰਮ ਦਾ ਤੀਰ' ਚਲਾ ਦਿੱਤਾ।ਫਿਰ ਵਿਰੋਧ ਕਰਨ ਵਾਲਿਆਂ ਵਿੱਚੋਂ ਆਵਾਜ਼ ਆਈ "ਰਾਜੇ ਦਮਿੰਦਰ ਦਾਸ ਦੋਖੀ ਦੀ ਜੈ।"

ਉਸ ਰਾਜੇ ਨੇ ਆਪਣੇ ਰਾਜ ਵਿੱਚ ਬੜੀਆਂ ਖੂਬਸੂਰਤ ਸੜਕਾਂ ਬਣਾਈਆਂ, ਪੁਲ ਬਣਾਏ ਤਾਂ ਕਿ ਉਸਦੇ ਡਾਕੂ ਮਿੱਤਰਾਂ ਨੂੰ ਕੋਈ ਮੁਸੀਬਤ ਹੋਵੇ ਤੇ ਤੁਰੰਤ ਸਹਾਇਤਾ ਪਹੁੰਚਾਈ ਜਾ ਸਕੇ। ਪਰ ਕੁਝ ਲੋਕ ਬਹੁਤ ਖੁਸ਼ ਸਨ। ਉਹਨਾਂ ਨੂੰ ਖੂਬਸੂਰਤ ਸੜਕਾਂ ਚੰਗੀਆਂ ਲੱਗਦੀਆਂ। ਉਸ ਉੱਤੇ ਦੌੜ ਦੀਆਂ ਬੈਲ ਗੱਡੀਆਂ ਖੂਬਸੂਰਤ ਲੱਗਦੀਆਂ। ਬੇਸ਼ਕ ਉਹ ਭੁੱਖੇ ਹੁੰਦੇ ਪਰ ਸੜਕ ਤੇ ਨਜ਼ਾਰਿਆਂ ਨੂੰ ਦੇਖ ਕੇ ਉਹ ਆਪਣੀ ਭੁੱਖ ਭੁੱਲ ਜਾਂਦੇ ਤੇ ਬੋਲ ਉੱਠਦੇ "ਰਾਜੇ ਦਮਿੰਦਰ ਦਾਸ ਦੋਖੀ ਦੀ ਜੈ"।

ਬੇਸ਼ੱਕ ਉਸ ਰਾਜੇ ਨੂੰ ਰਾਜਭਾਗ ਚਲਾਉਣ ਵਿੱਚ 'ਧਰਮ ਦਾ ਤੀਰ' ਹੋਣ ਕਾਰਨ ਕੋਈ ਸਮੱਸਿਆ ਨਹੀਂ ਆ ਰਹੀ ਸੀ ਪਰ ਫਿਰ ਵੀ ਉਸਦੇ ਰਾਜ ਵਿੱਚ ਕੁਝ ਅਜਿਹੇ ਲੋਕ ਸਨ ਜਿਹੜੇ 'ਤਰਕ ਦੇ ਤੀਰ' ਰੱਖਦੇ ਸਨ। ਜਦੋਂ ਉਹ ਤਰਕ ਦੇ ਤੀਰ ਚਲਾਉਂਦੇ ਸਨ ਤਾਂ ਅਕਸਰ 'ਧਰਮ ਦੇ ਤੀਰ' ਕਮਜ਼ੋਰ ਪੈ ਜਾਂਦੇ ਸਨ। ਰਾਜੇ ਨੇ 'ਤਰਕ ਦੇ ਤੀਰ' ਚਲਾਉਣ ਵਾਲਿਆਂ ਨੂੰ ਜੇਲਾਂ ਵਿੱਚ ਬੰਦ ਕੀਤਾ, ਧਮਕੀਆਂ ਦਿੱਤੀਆਂ ਲੇਕਿਨ ਉਹ 'ਤਰਕ ਦੇ ਤੀਰ' ਚਲਾਉਣੋ ਬੰਦ ਨਹੀਂ ਹੋ ਰਹੇ ਸਨ ਤਾਂ ਰਾਜੇ ਨੇ ਇੱਕ ਬੜੀ ਵੱਡੀ ਯੋਜਨਾ ਬਣਾਈ। ਰਾਜੇ ਨੇ ਇੱਕ ਬਹੁਤ ਵੱਡੀ 'ਧਰਮ ਦੇ ਤੀਰਾਂ' ਦੀ ਫੈਕਟਰੀ ਲਗਾ ਦਿੱਤੀ। ਉਸ ਫੈਕਟਰੀ ਨੂੰ ਮਹਾਨ, ਪਵਿੱਤਰ ਤੇ ਉੱਚਾ ਦਰਜਾ ਦਿੱਤਾ ਗਿਆ। ਹੁਣ ਲੋਕ ਖੁਦ ਉਸ ਫੈਕਟਰੀ ਵਿੱਚ ਜਾਂਦੇ। ਉੱਥੋਂ ਧਰਮ ਦਾ ਤੀਰ ਚੁੱਕਦੇ ਤੇ ਆਪਣੇ ਸੀਨੇ ਵਿੱਚ ਮਾਰ ਲੈਂਦੇ ਅਤੇ ਬੋਲਦੇ "ਰਾਜੇ ਦਮਿੰਦਰ ਦਾਸ ਦੋਖੀ ਦੀ ਜੈ"। ਕਮਾਲ ਦੀ ਗੱਲ ਇਹ ਸੀ ਕਿ ਜਿਹੜੇ ਲੋਕ ਖੁਦ ਜਾ ਕੇ ਤੀਰ ਆਪਣੇ ਸੀਨੇ ਵਿੱਚ ਮਾਰਦੇ ਸਨ ਉਹਨਾਂ ਤੇ 'ਤਰਕ ਦਾ ਤੀਰ' ਕੋਈ ਅਸਰ ਨਹੀਂ ਕਰਦਾ ਸੀ ਅਤੇ ਰਾਜਾ ਹੁਣ ਖੁਸ਼ ਸੀ।

  • ਮੁੱਖ ਪੰਨਾ : ਕਹਾਣੀਆਂ, ਕੁਲਦੀਪ ਸਿਰਸਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ