Dharti Veeran Wali (Punjabi Story) : Ashraf Suhail
ਧਰਤੀ ਵੀਰਾਂ ਵਾਲੀ (ਕਹਾਣੀ) : ਅਸ਼ਰਫ਼ ਸੁਹੇਲ
ਘਰ ਵਿਚ ਤਾਇਆ ਜੀ ਆਪਣੇ ਬਾਲਾਂ ਸਮੇਤ ਆਏ ਹੋਏ ਸਨ। ਤਾਇਆ ਜੀ, ਬਹੁਤ ਘੱਟ ਸਾਡੇ ਘਰ ਆਉਂਦੇ ਨੇ। ਉਹ ਪਹਿਲਾਂ ਫੌਜ ਵਿਚ ਸਨ ਤੇ ਹੁਣ ਬਹਾਵਲ ਨਗਰ ਵਿਚ ਜ਼ਿੰਮੀਂਦਾਰੀ ਕਰਦੇ ਨੇ। ਉਥੇ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਨੇ।
ਤਾਇਆ ਜੀ, ਇਥੇ ਇੰਨੇ ਮਿੱਠੇ ਸੁਭਾਅ ਨਾਲ ਬੋਲਦੇ ਨੇ, ਕਿ ਯਕੀਨ ਨਹੀਂ ਆਉਂਦਾ ਪਈ ਉਹ ਫੌਜ ਵਿਚ ਕੈਪਟਨ ਵੀ ਰਹੇ ਹੋਣਗੇ। ਉਹ ਜਦੋਂ ਵੀ ਸਾਡੇ ਘਰ ਆਉਂਦੇ ਨੇ, ਤਾਂ ਆਪਣੀ ਸਾਬਕਾ ਨੌਕਰੀ ਦੇ ਕਿੱਸੇ ਸੁਣਾਂਦੇ ਨੇ। ਉਹ ਅਕਸਰ ਆਪਣੀ ਬਹਾਦਰੀ ਦੀਆਂ ਗੱਲਾਂ ਕਰਦੇ ਤੇ ਅੱਗੋਂ ਮੇਰੀ ਮਾਂ ਜੀ ਉਹਨਾਂ ਨੂੰ ਆਪਣੀ ਇਕੋ ਇਕ ਕਹਾਣੀ ਸੁਣਾਉਂਦੇ। ਤਾਇਆ ਜੀ ਦੀਆਂ ਬਹਾਦਰੀ ਦੀਆਂ ਕਹਾਣੀਆਂ ਤੇ ਮਾਂ ਜੀ ਦੀ ਕਹਾਣੀ ਮੈਂ ਬਚਪਨ ਤੋਂ ਹੀ ਸੁਣਦਾ ਆਇਆ ਆਂ, ਪਰ ਹਰ ਵਾਰ ਕਹਾਣੀ ਸੁਣਨ ਦਾ ਚਾਅ ਮੈਨੂੰ ਰਹਿੰਦਾ ਏ। ਮਾਂ ਜੀ ਆਪਣੀ ਕਹਾਣੀ ਸੁਣਾਂਦੇ-ਸੁਣਾਂਦੇ ਅਕਸਰ ਰੋ ਪੈਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣਦਿਆਂ, ਰਾਤ ਦੇ ਦੋ-ਤਿੰਨ ਵੱਜ ਜਾਂਦੇ ਨੇ। ਕਈ ਵਾਰ ਸਵੇਰ ਵੀ ਹੋ ਜਾਂਦੀ ਏ। ਮਾਂ ਜੀ ਜੋ ਕਹਾਣੀ ਸੁਣਾਉਂਦੇ ਹੁੰਦੇ ਨੇ ਉਹ ਇੰਝ ਏ :
''ਚੜ੍ਹਦੇ ਪੰਜਾਬ ਦੇ ਜ਼ਿਲਾ ਰੋਪੜ ਦੇ ਓਸ ਪਿੰਡ ਵਿਚ ਮੁਸਲਮਾਨ, ਹਿੰਦੂ ਤੇ ਸਿੱਖ ਭਰਾਵਾਂ ਵਾਂਗੂੰ ਰਹਿੰਦੇ ਸਨ। ਮੇਰੇ ਅੱਬਾ ਜੀ, ਫਰੀਦ ਬਖਸ਼ ਪਿੰਡ ਦੇ ਲੰਬੜਦਾਰ ਸਨ। ਸਾਰਾ ਪਿੰਡ ਸਾਡੇ ਪਰਵਾਰ ਦੀ ਇੱਜ਼ਤ ਕਰਦਾ ਸੀ। ਮਾਲ ਡੰਗਰ ਸਾਡੇ ਕੋਲ ਵਾਹਵਾ ਸੀ, ਪੰਜ ਨੌਕਰ ਘਰ ਵਿਚ ਮਾਲ-ਡੰਗਰ ਸਾਂਭਣ ਲਈ ਮੌਜੂਦ ਹੁੰਦੇ ਸਨ। ਮੈਂ ਉਦੋਂ ਨਿੱਕੀ ਜਿਹੀ ਸਾਂ, ਮਸਾਂ ਛੇ-ਸੱਤ ਸਾਲ ਦੀ। ਘਰ ਵਿਚ ਸਾਰਾ ਦਿਨ ਮੈਂ ਅਤੇ ਮਾਂ ਜੀ ਇਕੱਲੇ ਹੁੰਦੇ ਸਾਂ। ਮੇਰੇ ਅੱਬਾਂ ਫਰੀਦ ਬਖਸ਼ ਸਵੇਰੇ, ਮਾਲ-ਡੰਗਰ ਲੈ ਕੇ ਡੇਰੇ ਵੱਲ ਨਿਕਲ ਜਾਂਦੇ ਤੇ ਮੇਰੇ ਤਿੰਨ ਭਰਾ ਵੀ ਆਪਣੇ ਮਾਲ ਦੀ ਰਾਖੀ ਲਈ ਘੋੜੀਆਂ ਤੇ ਬਹਿ ਟੁਰ ਜਾਂਦੇ।
ਮੇਰੇ ਵੀਰ ਮੁਹੰਮਦ ਵਜ਼ੀਰ, ਮੁਹੰਮਦ ਵੀਰੂ ਤੇ ਮੁਹੰਮਦ ਬਦਰੂ ਗਭਰੂ ਜਵਾਨ ਸਨ। ਖਾਸ ਕਰ ਮੁਹੰਮਦ ਵੀਰੂ ਜਿੰਨਾ ਤਗੜਾ, ਪਿੰਡ ਵਿਚ ਹੋਰ ਕੋਈ ਜਵਾਨ ਨਹੀਂ ਸੀ। ਦੂਰੋਂ-ਦੂਰੋਂ ਉਸ ਨੂੰ ਕਬੱਡੀ ਖੇਡਣ ਦੇ ਬੁਲਾਵੇ ਆਉਂਦੇ। ਆਮ ਲੋਕੀਂ ਕਹਿੰਦੇ ਕਿ 'ਜਿਸ ਪਾਸੇ ਵੀ ਗੁੱਜਰਾਂ ਦਾ ਮੁੰਡਾ ਵੀਰੂ ਹੋਵੇਗਾ, ਜਿੱਤ ਉਸੇ ਪਿੰਡ ਦੀ ਹੋਵੇਗੀ।' ਮੇਰੇ ਵੀਰ ਨੂੰ ਬਹੁਤੇ ਲੋਕੀਂ ਗੁੱਜਰਾਂ ਦਾ ਮੁੰਡਾ ਈ ਕਹਿੰਦੇ ਸਨ। ਦੂਜੇ ਦੋਵੇਂ ਭਰਾ ਤੇ ਪਿੰਡ ਦੇ ਦੋ ਹੋਰ, ਸਿੱਖ ਮੁੰਡੇ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਚੰਗੇ ਖਿਡਾਰੀ ਮੰਨੇ ਜਾਂਦੇ ਸਨ। ਉਹ ਦੋਵੇਂ ਸਿੱਖ ਖਿਡਾਰੀ ਮੇਰੇ ਵੀਰਾਂ ਦੇ ਗੂੜ੍ਹੇ ਬੇਲੀ ਬਣੇ ਹੋਏ ਸਨ।
ਉਹਨਾਂ ਦਿਨਾਂ ਵਿਚ ਮੁਲਕ ਟੁੱਟਣ ਦੀਆਂ ਖਬਰਾਂ ਹਰ ਬੰਦੇ ਦੇ ਮੂੰਹ 'ਤੇ ਸਨ। ਜਦੋਂ ਮੁਸਲਮ ਲੀਗ ਤੇ ਕਾਂਗਰਸ ਦੇ ਇਲੈਕਸ਼ਨ ਹੋਏ, ਤਾਂ ਏਸ ਪਿੰਡ ਦੇ ਅਕਸਰ ਮੁਸਲਮਾਨਾਂ, ਕਾਂਗਰਸ ਨੂੰ ਇਸ ਲਈ ਵੋਟ ਦਿੱਤਾ, ਕਿ ਉਹ ਆਪਣੀ ਧਰਤੀ ਨਹੀਂ ਛੱਡਣਾ ਚਾਹੁੰਦੇ ਸਨ। ਉਹ ਆਖਦੇ ਕਿ 'ਸਾਨੂੰ ਏਥੇ ਕੋਈ ਤਕਲੀਫ਼ ਨਹੀਂ?' ਸਾਡੇ ਘਰ ਦਾ ਵਿਹੜਾ ਕਾਫੀ ਵੱਡਾ ਸੀ। ਸ਼ਾਮ ਵੇਲੇ ਅੱਬਾ ਜੀ ਕੋਲ ਪਿੰਡ ਦੇ ਵੱਡੇ ਹੁੱਕਾ ਪੀਣ ਆ ਜਾਂਦੇ, ਤੇ ਰਾਤ ਗਏ ਤੱਕ ਬੈਠੇ ਰਹਿੰਦੇ ਸਨ। ਮੇਰੇ ਵੱਡੇ ਭਰਾਵਾਂ ਦੇ ਗੂੜ੍ਹੇ ਬੇਲੀ, ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਇਕ ਵੱਖਰੀ ਮੰਜੀ 'ਤੇ ਬੈਠੇ ਗੱਪਾਂ ਮਾਰਦੇ ਰਹਿੰਦੇ ਸਨ।
ਮੈਨੂੰ ਚੰਗੀ ਤਰ੍ਹਾਂ ਯਾਦ ਏ, ਇਕ ਦਿਨ ਸਾਡਾ ਗੁਆਂਢੀ ਕਿਰਪਾਲ ਸਿੰਘ, ਸਾਡੇ ਘਰ ਆਇਆ ਹੋਇਆ ਸੀ। ਕਿਰਪਾਲ ਸਿੰਘ, ਮੇਰੇ ਅੱਬਾ ਜੀ ਦਾ ਪੱਗ-ਵਟ ਭਰਾ ਬਣਿਆ ਹੋਇਆ ਸੀ। ਏਸ ਲਈ, ਅਸੀਂ ਸਾਰੇ ਭੈਣ-ਭਰਾ ਉਸ ਨੂੰ ਚਾਚਾ ਆਖਦੇ ਹੁੰਦੇ ਸੀ। ਮੇਰੇ ਅੱਬਾ ਜੀ ਓਸ ਵੇਲੇ ਹੁੱਕਾ ਪੀ ਰਹੇ ਸਨ। ਹੁੱਕਾ ਪੀਂਦੇ-ਪੀਂਦੇ ਪਤਾ ਨਹੀਂ ਕੀ ਗੱਲ ਹੋਈ? ਅੱਬਾ ਜੀ, ਇਕ ਦਮ ਗਰਮ ਹੋ ਗਏ। ਉਹਨਾਂ ਦੀ ਆਵਾਜ਼ ਵਿਚ ਤਲਖੀ ਵੇਖ ਕੇ, ਮੈਂ ਤੇ ਮਾਂ ਜੀ ਉਧਰ ਨੂੰ ਦੌੜਦੇ ਹੋਏ ਗਏ।
ਅਸਾਂ ਵੇਖਿਆ ਕਿ ਅੱਬਾ ਜੀ ਕਹਿ ਰਹੇ ਨੇ, ''ਏਹ ਮੁਲਕ ਵੰਡਿਆ ਨਹੀਂ ਜਾ ਸਕਦਾ। ਸਾਨੂੰ ਸਭਨਾਂ ਨੂੰ ਏਥੇ ਕੀ ਤਕਲੀਫ ਏ?'' ਵਾਕਿਆ ਈ ਓਦੋਂ, ਕਿਸੇ ਮੁਸਲਮਾਨ ਨੂੰ ਕਿਸੇ ਸਿੱਖ ਕੋਲੋਂ, ਸਿੱਖ ਨੂੰ ਮੁਸਲਮਾਨ ਕੋਲੋਂ, ਤੇ ਹਿੰਦੂ ਨੂੰ ਮੁਸਲਮਾਨ ਜਾਂ ਸਿੱਖ ਕੋਲੋਂ ਕੋਈ ਤਕਲੀਫ਼ ਨਹੀਂ ਸੀ। ਸਗੋਂ ਉਹ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਾਂਝ ਪਾਉਂਦੇ ਸਨ। ਮੇਰੇ ਅੱਬਾ ਜੀ ਨੂੰ ਪੱਕ ਸੀ, ਕਿ ਏਸੇ ਧਰਤੀ ਤੇ ਮੁਸਲਮਾਨਾਂ, ਹਜ਼ਾਰਾਂ ਸਾਲ ਹਕੂਮਤ ਕੀਤੀ ਏ। ਇਹ ਸਾਡੀ ਆਪਣੀ ਜ਼ਮੀਨ ਏ, ਨਾਲੇ ਆਪਣੇ ਜੰਮਣ-ਭੋਇੰ ਨੂੰ ਤੇ ਮਾਲ-ਡੰਗਰ ਛੱਡ ਕੇ ਕੋਈ ਏਥੋਂ ਨਹੀਂ ਜਾਵੇਗਾ।
ਚਾਚਾ ਕਿਰਪਾਲ ਸਿੰਘ, ਅੱਬਾ ਜੀ ਨੂੰ ਹੌਲੀ ਬੋਲਣ ਲਈ ਕਹਿ ਰਹੇ ਸਨ। ਪਰ ਅੱਬਾ ਜੀ, ਉਚੀ ਉਚੀ ਬੋਲ ਰਹੇ ਸਨ ਤੇ ਆਖ ਰਹੇ ਸਨ, ''ਜੇ ਮੁਲ਼ਕ ਟੁੱਟ ਗਿਆ, ਤਾਂ ਵੀ ਮੈਂ ਏਥੇ ਈ ਰਹਾਂਗਾ। ਏਸ ਘਰ ਵਿਚ ਮੇਰਾ ਜਨਮ ਹੋਇਐ, ਇਹਨਾਂ ਗਲੀਆਂ ਵਿਚ ਈ ਖੇਡ ਕੇ ਮੈਂ ਜਵਾਨ ਹੋਇਆਂ, ਏਥੇ ਹੀ ਸਾਡਾ ਮਾਲ-ਡੰਗਰ ਏ, ਮੈਂ ਏਸ ਧਰਤੀ ਨੂੰ ਛੱਡ ਕੇ ਨਹੀਂ ਜਾ ਸਕਦਾ। ਜੇ ਮੈਨੂੰ ਮਰਨਾ ਈ ਏ, ਤਾਂ ਏਸੇ ਧਰਤੀ 'ਚ ਮਰਨ 'ਚ ਫਖ਼ਰ ਮਹਿਸੂਸ ਕਰਾਂਗਾ।''
ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਂਸਲਾ ਦੇ ਰਹੇ ਸਨ, ''ਜੇ ਤੁਹਾਡੇ ਉਤੇ ਕੋਈ ਆਫ਼ਤ ਆਈ, ਤਾਂ ਮੇਰੇ ਉਤੋਂ ਗੁਜ਼ਰ ਕੇ ਆਵੇਗੀ। ਜੇ ਕੋਈ ਗੋਲੀ ਤੁਹਾਨੂੰ ਲੱਗੇਗੀ ਤਾਂ, ਪਹਿਲਾਂ ਮੈਨੂੰ ਵੱਜੇਗੀ। ਤੁਹਾਡੇ ਮਰਨ ਤੋਂ ਪਹਿਲਾਂ ਮੈਂ ਮਰਾਂਗਾ। ਮੇਰੇ ਹੁੰਦਿਆਂ, ਕੋਈ ਤੁਹਾਡੇ ਵੱਲ ਭੈੜੀ ਨੀਅਤ ਨਾਲ ਕਿਸ ਤਰ੍ਹਾਂ ਵੇਖ ਸਕਦਾ ਏ?''
ਇਹੋ ਜਿਹੀਆਂ ਗੱਲਾਂ ਵੱਡੇ ਭਰਾਵਾਂ ਦੇ ਬੇਲੀ ਵੀ ਉਹਨਾਂ ਨੂੰ ਆਖਦੇ ਹੁੰਦੇ ਸਨ। ਇਹਨਾਂ ਗੱਲਾਂ ਨਾਲ ਸਾਨੂੰ ਬੜਾ ਈ ਹੌਂਸਲਾ ਮਿਲਦਾ ਸੀ।
ਫੇਰ ਵੀ, ਜਦ ਬੋਲੀ-ਹਨ੍ਹੇਰੀ ਚੱਲੀ, ਤਾਂ ਅੱਬਾ ਜੀ ਤੋਂ ਇਲਾਵਾ, ਅਸੀਂ ਸਾਰੇ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ ਸਾਂ। ਉਹ ਦਿਨ ਮੈਂ ਜਿੰਦਗੀ ਵਿਚ ਕਦੀ ਵੀ ਨਹੀਂ ਭੁਲ ਸਕਦੀ। ਜਿਸ ਦਿਨ, ਮਾਂ-ਜੀ ਨੇ ਸਵੇਰੇ ਚੁੱਲ੍ਹਾ ਨਹੀਂ ਜਲਾਇਆ ਸੀ। ਅੱਬਾ ਜੀ ਮਾਲ-ਡੰਗਰ ਲੈ ਕੇ ਡੇਰੇ ਚਲੇ ਗਏ ਸਨ। ਪਿੰਡ ਦੇ ਅਕਸਰ ਮੁਸਲਮਾਨ ਆਪਣੇ ਘਰਾਂ ਨੂੰ ਤਾਲੇ ਲਾ ਕੇ ਕੈਂਪ ਵਿਚ ਚਲੇ ਗਏ ਸਨ, ਜੋ ਸਾਡੇ ਪਿੰਡੋਂ ਅੱਠ ਮੀਲ ਦੂਰ ਸੀ। ਅਜੇ ਦਿਨ ਚੜ੍ਹਿਆ ਨਹੀਂ ਸੀ, ਪਰ ਉਹ ਡੰਗਰ, ਜਿਹੜੇ ਅੱਬਾ ਜੀ ਸਵੇਰੇ ਡੇਰੇ ਵੱਲ ਲੈ ਗਏ ਸਨ, ਵਾਪਸ ਘਰ ਆ ਗਏ ਸੀ। ਪਰ ਓਹ ਆਪ ਨਹੀਂ ਸਨ ਪਰਤੇ।
ਪਤਾ ਲੱਗਾ, ਕਿ ਅੱਬਾ ਜੀ ਨੂੰ ਡੇਰੇ ਉਤੇ ਧਾੜਵੀਆਂ, ਕਤਲ ਕਰ ਦਿੱਤਾ ਏ। ਇਹ ਮਨਹੂਸ ਖ਼ਬਰ ਸੁਣ ਕੇ, ਬਿਨਾਂ ਸੋਚੇ ਸਮਝੇ, ਵੱਡੇ ਤਿੰਨੇ ਭਰਾ ਤੇ ਉਹਨਾਂ ਦੇ ਬੇਲੀ ਘਰੋਂ ਡੇਰੇ ਵੱਲ ਨੂੰ ਭੱਜ ਪਏ। ਮੈਨੂੰ ਤੇ ਮਾਂ ਜੀ ਨੂੰ ਚਾਚਾ ਕਿਰਪਾਲ ਸਿੰਘ ਆਪਣੇ ਘਰ ਲੈ ਗਿਆ। ਮਾਂ ਜੀ ਜਲਦੀ 'ਚ ਘਰ ਦੇ ਦਰਵਾਜ਼ੇ ਬੰਦ ਨਹੀਂ ਸਨ, ਕਰ ਸਕੇ, ਏਨੇ ਵਿਚ ਧਾੜਵੀਆਂ ਸਾਡੇ ਘਰ 'ਤੇ ਹਮਲਾ ਕਰ ਦਿੱਤਾ। ਤੇ, ਘਰ ਦਾ ਸਾਰਾ ਸਮਾਨ ਉਹ ਲੁੱਟ ਕੇ ਲੈ ਗਏ। ਡੰਗਰਾਂ ਨੂੰ ਵੀ, ਉਨ੍ਹਾਂ ਆਪਸ ਵਿਚ ਵੰਡ ਲਿਆ ਸੀ। ਸਿਰਫ ਮੇਰਾ ਬਸਤਾ-ਫੱਟੀ ਤੇ ਕਿਤਾਬਾਂ, ਵਿਹੜੇ ਵਿਚ ਖਿਲਰੀਆਂ ਪਈਆਂ ਸਨ। ਪੌੜੀਆਂ ਲਾਗੇ ਮੇਰੀ ਸਿਆਹੀ ਦੀ ਦਵਾਤ ਡੁੱਲ੍ਹੀ ਪਈ ਸੀ।
ਵੱਡੇ ਭਰਾ ਅਜੇ ਵਾਪਸ ਨਹੀਂ ਸਨ ਆਏ, ਕਿ ਮਾਂ ਜੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਚਾਚਾ ਕਿਰਪਾਲ ਸਿੰਘ ਮੈਨੂੰ ਤੇ ਮਾਂ ਜੀ ਨੂੰ ਨਾਲ ਲੈ ਕੇ ਕਿਸੇ ਕੈਂਪ ਵੱਲ ਨੂੰ ਤੁਰ ਪਏ ਸਨ। ਰਸਤੇ ਵਿਚ ਅਸੀਂ ਵੇਖਿਆ, ਵੱਡੇ ਭਰਾ ਮੁਹੰਮਦ ਵਜ਼ੀਰ ਦੀ ਲਾਸ਼ ਆਪਣੀ ਹੀ ਗਲੀ ਦੇ ਨੁੱਕਰ ਤੇ ਟੁੱਕੀ ਪਈ ਸੀ। ਜਿਸ ਨੂੰ ਵੇਖ ਕੇ ਮੇਰੀਆਂ ਤੇ ਮਾਂ ਜੀ ਦੀਆਂ ਚੀਕਾਂ ਈ ਨਿਕਲ ਗਈਆਂ। ਮਾਂ ਜੀ ਨੇ ਅਗਾਂਹ ਵੱਧ ਕੇ ਆਪਣੇ ਲਾਡਲੇ ਪੁੱਤਰ ਦੀ ਲਾਸ਼ ਦਾ ਮੱਥਾ ਚੁੰਮਿਆ। ਚਾਚਾ ਕਿਰਪਾਲ ਸਿੰਘ ਸਾਨੂੰ ਖਿੱਚਦਾ-ਧੂੰਹਦਾ ਉਥੋਂ ਲੈ ਗਿਆ।
ਅਜੇ ਅਸੀਂ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲੇ ਸਾਂ, ਅੱਗੇ ਫੇਰ ਧਾੜਵੀ ਸਾਡੇ ਸਾਹਮਣੇ ਆ ਗਏ। ਮੈਂ ਤੇ ਮਾਂ ਜੀ ਜਲਦੀ ਨਾਲ, ਇਕ ਘਰ ਵਿਚ ਵੜ ਗਏ। ਇਹ ਘਰ ਵੀ ਸਿੱਖਾਂ ਦਾ ਈ ਸੀ। ਧਾੜਵੀਆਂ ਸ਼ਾਇਦ ਚਾਚਾ ਕਿਰਪਾਲ ਸਿੰਘ ਨੂੰ ਸਾਡੇ ਨਾਲ ਆਉਂਦਾ ਵੇਖ ਲਿਆ ਸੀ। ਏਸੇ ਲਈ ਉਹਨਾਂ ਨੇ ਚਾਚੇ ਨੂੰ ਵੀ ਥਾਂਏ ਕਤਲ ਕਰ ਦਿੱਤਾ। ਓਸ ਵਿਚਾਰੇ ਨੂੰ ਸਾਡੀ ਹਿਫਾਜ਼ਤ ਕਰਨ ਦੀ ਸਜ਼ਾ ਦਿੱਤੀ ਗਈ ਸੀ।
ਪਰ ਉਹ ਧਾੜਵੀਂ ਓਸ ਘਰ ਵਿਚ ਨਾ ਦਾਖਲ ਹੋ ਸਕੇ। ਕਿਉਂ ਜੋ, ਸ਼ੇਰਾਂ ਵਰਗੇ ਜੁਆਨ, ਸਿੱਖ ਵੀਰ ਸਾਡੀ ਹਿਫਾਜ਼ਤ ਕਰ ਰਹੇ ਸਨ।
ਓਸ ਘਰ ਅਸੀਂ ਦੋਵੇਂ ਮਾਂਵਾਂ-ਧੀਆਂ ਬੇਹੱਦ ਪਰੇਸ਼ਾਨ ਸਾਂ। ਉਥੇ ਈ ਸਾਨੂੰ ਇਹ ਭੈੜੀ ਖਬਰ ਵੀ ਮਿਲੀ, ਕਿ ਮੇਰਾ ਵੀਰ ਬਦਰੂ ਵੀ ਧਾੜਵੀਆਂ ਹੱਥੋਂ ਮਾਰਿਆ ਗਿਆ ਏ। ਰਾਤ ਤੱਕ ਬਾਹਰੋਂ ਆਏ ਸਾਰੇ ਧਾੜਵੀ ਸਾਡੇ ਪਿੰਡੋਂ ਜਾ ਚੁੱਕੇ ਸਨ। ਪਰ ਸੱਚੀ ਗੱਲ ਏ, ਕਿ ਜਿਸ ਘਰ ਅਸਾਂ ਪਨਾਹ ਲਈ ਸੀ, ਸਾਨੂੰ ਉਹਨਾਂ ਨੂੰ ਦੱਸੇ ਬਗੈਰ, ਅਸੀਂ ਦੋਵੇਂ ਮਾਵਾਂ-ਧੀਆਂ, ਹਨ੍ਹੇਰੇ ਵਿਚ ਓਸ ਘਰੋਂ ਨਿਕਲ ਕੇ ਕੈਂਪ ਵੱਲ ਟੁਰ ਪਈਆਂ। ਓਸ ਵੇਲੇ ਤੱਕ ਮਾਂ ਜੀ ਦਾ ਰੋ-ਰੋ ਬੁਰਾ ਹਾਲ ਹੋ ਗਿਆ ਸੀ। ਉਹਨਾਂ ਮੇਰੀ ਸੱਜੀ ਬਾਂਹ ਘੁੱਟ ਕੇ ਫੜੀ ਹੋਈ ਸੀ ਤੇ ਮੈਨੂੰ ਖਿੱਚਦੇ ਹੋਏ ਕੈਂਪ ਵੱਲ ਲਈ ਜਾ ਰਹੇ ਸਨ।
ਜਦੋਂ ਅਸੀਂ ਕੁਰਾਲੀ ਕੈਂਪ ਵਿਚ ਅੱਪੜੇ ਤਾਂ ਮਾਂ ਜੀ ਬੇਹੋਸ਼ ਹੋ ਕੇ ਡਿੱਗ ਪਏ। ਉਥੇ ਅੱਪੜਨ ਤੀਕਰ ਨਾ ਤਾਂ ਮਾਂ ਦੇ ਸਿਰ ਤੇ ਚੁੰਨੀ ਰਹੀ ਸੀ, ਨਾ ਮੇਰੇ ਪੈਰੀਂ ਜੁੱਤੀ। 'ਟੇਸ਼ਨ ਤੇ ਗੱਡੀ ਵਿਚ ਇੰਨਾਂ ਰਸ਼ ਸੀ, ਕਿ ਪੈਰ ਰੱਖਣ ਲਈ ਜਗ੍ਹਾ ਨਹੀਂ ਸੀ। ਪਤਾ ਨਹੀਂ। ਕਿਸ ਤਰ੍ਹਾਂ ਮੈਂ ਤੇ ਮਾਂ ਜੀ ਕਿਸੇ ਬਾਰੀ ਵਿਚੋਂ ਗੁਜ਼ਰ ਕੇ, ਗੱਡੀ ਵਿਚ ਵੜ ਗਈਆਂ ਸਾਂ।
ਅਜੇ ਗੱਡੀ ਨੇ ਵਿਸਲ ਨਹੀਂ ਸੀ ਦਿੱਤੀ, ਕਿ ਸਾਨੂੰ ਲੱਭਦਾ ਲੁਭਾਉਂਦਾ, ਓਸ ਘਰ ਦਾ ਇਕ ਬਜ਼ੁਰਗ ਜਿੱਥੇ ਅਸਾਂ ਪਨਾਹ ਲਈ ਸੀ, ਬਾਬਾ ਜਸਬੀਰ ਸਿੰਘ ਸਾਡੇ ਕੋਲ ਆ ਗਿਆ। ਸਾਡੇ ਮੰਦੇ ਅਹਵਾਲ ਵੇਖ ਕੇ ਉਹ ਰੋਣ ਈ ਲੱਗ ਪਿਆ। ਫੇਰ ਉਸ ਨੇ ਆਪਣੀ ਪੱਗ ਲਾਹ ਕੇ, ਮਾਂ ਦੇ ਸਿਰ ਨੂੰ ਕੱਜ ਦਿੱਤਾ ਤੇ ਮੈਨੂੰ ਆਪਣੀ ਜੁੱਤੀ ਲਾਹ ਕੇ ਦਿੱਤੀ। ਹਾਲਾਂ ਕਿ ਉਹ ਜੁੱਤੀ ਮੈਨੂੰ ਬਹੁਤ ਵੱਡੀ ਸੀ।
ਚਾਚਾ ਜਸਬੀਰ ਸਿੰਘ ਅੱਥਰੂ, ਪੂੰਝਦੇ ਹੋਏ ਮੇਰੀ ਮਾਂ ਨੂੰ ਆਖਣ ਲੱਗਾ, ''ਭੈਣ ਮੈਨੂੰ ਮਾਫ ਕਰ ਦੇਈਂ।'' ਗੱਡੀ ਚੱਲਣ ਈ ਵਾਲੀ ਸੀ, ਜਦ ਮੈਨੂੰ ਦੂਰੋਂ ਆਪਣਾ ਵੀਰ, ਵੀਰੂ ਭੱਜਦਾ ਹੋਇਆ ਰੇਲਵੇ ਸਟੇਸ਼ਨ ਵੱਲ ਆਉਂਦਾ ਦਿਸਿਆ। ਉਹਦੇ ਨਾਲ ਉਸ ਦੇ ਯਾਰ, ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਸਨ। ਮੈਂ ਚੀਕ ਕੇ ਵੀਰ ਨੂੰ ਆਪਣੇ ਵੱਲ ਬੁਲਾਉਣ ਦਾ ਯਤਨ ਕੀਤਾ। ਪਰ ਦੂਰ ਹੋਣ ਤੇ ਲੋਕਾਂ ਦਾ ਬੇਪਨਾਹ ਹਜ਼ੂਮ ਹੋਣ ਕਰਕੇ, ਵੀਰ ਨੇ ਮੇਰੀ ਗੱਲ ਨਾ ਸੁਣੀ। ਅਚਾਨਕ ਹੀ ਇਕ ਪਾਸਿਓਂ ਫਸਾਦੀਆਂ ਰੇਲਵੇ ਸਟੇਸ਼ਨ ਉਤੇ ਹਮਲਾ ਕਰ ਦਿੱਤਾ। ਗੱਡੀ ਤੇ ਚੜ੍ਹ ਰਹੀਆਂ ਬੀਬੀਆਂ, ਬਾਲਾਂ ਤੇ ਵਡੇਰੀ ਉਮਰ ਦੇ ਬੰਦਿਆਂ ਵਿਚ ਰੌਲਾ ਪੈ ਗਿਆ।
ਫੇਰ, ਮੈਂ ਆਪਣੇ ਵੀਰ ਨੂੰ ਉਹਨਾਂ ਫਸਾਦੀਆਂ ਨਾਲ ਲੜਦੇ ਵੇਖਿਆ। ਉਹਦੇ ਸਿੱਖ ਸਾਥੀ ਵੀ ਉਹਦਾ ਸਾਥ ਦੇ ਰਹੇ ਸਨ। ਸੈਂਕੜੇ ਵੈਰੀਆਂ ਅੱਗੇ ਉਨ੍ਹਾਂ ਦੀ ਵਾਹ ਈ ਨਾ ਚੱਲੀ। ਤੇ, ਮੈਂ ਆਪਣੇ ਵੀਰ ਵੀਰੂ ਨੂੰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਆਪਣੀਆਂ ਅੱਖਾਂ ਨਾਲ, ਆਪਣੇ ਈ ਲਹੂ ਵਿਚ ਨਹਾਉਂਦੇ ਹੋਏ ਤੱਕਿਆ।
ਹਾਲਾਤ ਖਰਾਬ ਹੋਣ ਕਰਕੇ ਗੱਡੀ ਵੇਲੇ ਤੋਂ ਪਹਿਲਾਂ ਈ ਚਲਾ ਦਿੱਤੀ ਗਈ। ਮੇਰੀ ਮਾਂ ਜੀ ਰੌਲਾ ਪਾਉਣ ਤੋਂ ਬਾਅਦ, ਖੌਫ਼ ਨਾਲ ਇਕ ਪਾਸੇ ਸੁੰਗੜ ਕੇ ਬਹਿ ਗਏ ਸਨ। ਇਹ ਵੀ ਚੰਗਾ ਹੋਇਆ ਕਿ ਉਹ ਆਪਣੇ ਲਾਲ ਨੂੰ ਬੋਟੀ ਬੋਟੀ ਹੁੰਦੇ ਨਾ ਵੇਖ ਸਕੇ। ਗੱਡੀ ਚੱਲ ਪਈ ਸੀ।
ਹਰ ਪਾਸੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਰਾਹ ਵਿਚ ਏਧਰ-ਉਧਰ, ਬੇਦਰਦੀ ਨਾਲ ਟੁੱਕੀਆਂ ਹੋਈਆਂ ਲਾਸ਼ਾਂ, ਕਿਸੇ 'ਨਵੇਂ ਮੁਲਕ' ਬਣਨ ਦੀਆਂ ਖ਼ਬਰਾਂ ਦੇ ਰਹੀਆਂ ਸਨ। ਉਹਨਾਂ ਵੱਲ ਵੇਖ ਕੇ ਮਾਂ, ਇਕ ਵਾਰ ਫੇਰ ਬੇਹੋਸ਼ ਹੋ ਗਈ। ਜਦੋਂ ਗੱਡੀ ਲਾਹੌਰ ਸਟੇਸ਼ਨ ਤੇ ਅੱਪੜੀ ਤਾਂ ਬਹਾਵਲਪੁਰ ਵੱਸਦਾ ਅੱਬਾ ਜੀ ਦਾ ਭਰਾ, ਅਹਿਮਦ ਬਖਸ਼ ਸਾਨੂੰ ਲੱਭ ਕੇ ਬਹਾਵਲਪੁਰ ਲੈ ਗਿਆ।
ਮੇਰੇ ਮਾਂ ਜੀ ਦੀ ਏਸ ਕਹਾਣੀ ਦਾ ਅਖੀਰ ਹਮੇਸ਼ਾ ਰੋਣ ਤੇ ਹੁੰਦਾ ਏ। ਓਹ ਆਪਣੇ ਅੱਬਾ ਜੀ, ਤੇ ਪਿਆਰੇ ਵੀਰਾਂ, ਨੂੰ ਯਾਦ ਕਰਕੇ ਇੰਝ ਰੋਂਦੇ ਨੇ ਜਿਵੇਂ ਹੁਣੇ ਈ ਉਹਨਾਂ ਦੇ ਮਾਰੇ ਜਾਵਣ ਦੀ ਖ਼ਬਰ ਮਿਲੀ ਹੋਵੇ। ਪਰ ਹੈਰਾਨੀ ਵਾਲੀ ਗੱਲ ਇਹ ਹੈ, ਕਿ ਜਿਸ ਜੂਹ ਤੋਂ ਉਹਨਾਂ ਨੂੰ ਇੰਨੇ ਦੁੱਖ ਮਿਲੇ, ਉਹ ਉਸਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਹੀਂ ਕਰ ਸਕੇ।
ਹੁਣ ਵੀ ਜਦੋਂ ਵੀ ਇੰਡੀਆ ਤੋਂ ਮੇਰਾ ਕੋਈ ਖ਼ਤ ਆਉਂਦਾ ਏ, ਤਾਂ ਮਾਂ ਜੀ ਉਚੇਚਾ ਪੁੱਛਦੇ ਨੇ, ''ਇਹ ਕਿਹੜੇ ਇਲਾਕੇ ਤੋਂ ਆਇਆ ਏ?''
ਤੇ, ਜਦੋਂ ਮੈਂ ਇਹ ਦੱਸਣਾਂ ਵਾਂ, ''ਇਹ ਖ਼ਤ ਰੋਪੜ ਤੋਂ ਆਇਆ ਏ।''
ਤਾਂ ਮਾਂ ਜੀ, ਭੇਜਣ ਵਾਲੇ ਦਾ ਨਾਂ ਪੁੱਛਦੇ ਨੇ ਤੇ ਫੇਰ ਦੱਸੇ ਨਾਂ ਨੂੰ 'ਚਾਚਾ ਕਿਰਪਾਲ ਸਿੰਘ' ਤੇ 'ਬਾਬਾ ਜਸਬੀਰ ਸਿੰਘ' ਤੇ ਆਪਣੇ ਪਿਆਰੇ ਵੀਰਾਂ ਦੇ ਬੇਲੀਆਂ 'ਬੱਗਾ ਸਿੰਘ' ਤੇ 'ਨਿਸ਼ਾਨ ਸਿੰਘ' ਦੇ ਨਾਵਾਂ ਨਾਲ ਮੇਲਦੇ ਨੇ। ਆਖਦੇ ਨੇ, ''ਸਾਨੂੰ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਵਾਲਾ, ਚਾਚਾ ਕਿਰਪਾਲ ਸਿੰਘ, ਮੇਰੇ ਅੱਬਾ ਜੀ ਦਾ 'ਭਰਾ' ਬਣਿਆ ਹੋਇਆ ਸੀ। ਮੇਰ ਵੀਰਾਂ ਨੂੰ ਬਚਾਉਂਦੇ ਹੋਏ ਜਾਨ ਦੇਣ ਵਾਲੇ ਵੀ ਮੇਰੇ 'ਵੀਰ' ਈ ਸਨ।''
ਉਹ ਅਨਪੜ੍ਹ ਨੇ, ਮੇਰੇ ਹੱਥੋਂ ਉਹ ਖ਼ਤ ਲੈ ਕੇ, ਦੇਰ ਤੱਕ ਉਸ ਨੂੰ ਵੇਖਦੇ ਰਹਿੰਦੇ ਨੇ। ਪਤਾ ਨਹੀਂ, ਉਹਨਾਂ ਨੂੰ ਇਹਨਾਂ ਖ਼ਤਾਂ ਵਿਚੋਂ ਆਪਣੇ 'ਵੀਰਾਂ ਵਾਲੀ ਧਰਤੀ ਦੀ ਖੁਸ਼ਬੂ' ਆਉਂਦੀ ਏ।
ਮੈਂ ਵੇਖਿਆ ਏ, ਕਈ ਵਾਰ ਉਹ ਖ਼ਤ ਨੂੰ ਚੁੰਮਣ ਲੱਗ ਪੈਂਦੇ ਨੇ। ਉਹਨਾਂ ਦੀਆਂ ਅੱਖਾਂ ਵਿਚੋਂ ਇਕਤਾਰ ਹੰਝੂ ਵਗਣ ਲੱਗ ਪੈਂਦੇ ਨੇ। ਇਹ ਸਭ ਕੁੱਝ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਏਸੇ ਲਈ ਹੁਣ ਜਦੋਂ ਵੀ ਰੋਪੜ ਤੋਂ ਕੋਈ ਖ਼ਤ ਆਉਂਦਾ ਏ....। ਤਾਂ, ਮੈਂ ਉਹਨਾਂ ਮਾਂ ਜੀ ਦੇ ਹਵਾਲੇ ਕਰ ਕੇ ਘਰੋਂ ਬਾਹਰ ਨਿਕਲ ਜਾਂਦਾ ਹਾਂ.... ਸੋਚਾਂ ਵਿਚ ਡੁੱਬ ਜਾਂਦਾ ਹਾਂ।