Dhian Ranian (Punjabi Story): Amrit Kaur

ਧੀਆਂ ਰਾਣੀਆਂ (ਕਹਾਣੀ) : ਅੰਮ੍ਰਿਤ ਕੌਰ

ਉਸ ਨੇ ਚੁਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ। ਗਗਨ ਨੇ ਦੇਖਿਆ ਕਿ ਅੱਜ ਫਿਰ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ । ਕਈ ਵਾਰ ਜੀਤਾਂ ਸੋਚਦੀ ਜੇ ਰੱਬ ਉਸ ਨੂੰ ਪੁੱਤਰ ਦੇ ਦਿੰਦਾ ਆਪਣੇ ਮਾਪਿਆਂ ਦਾ ਸਹਾਰਾ ਬਣਦਾ । ਉਸ ਦੀਆਂ ਧੀਆਂ ਵੀ ਰੱਖੜੀ ਬੰਨ੍ਹਣ ਲਈ ਦੂਜੇ ਘਰਾਂ ਵੱਲ ਨਾ ਝਾਕਦੀਆਂ । ਭਾਵੇਂ ਧੀਆਂ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ। ਇੱਥੋਂ ਤੱਕ ਕਿ ਮੋਟਰਸਾਈਲ ਅਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਵੱਡੀਆਂ ਕੁੜੀਆਂ ਨੇ ਤਾਂ । ਲੋੜ ਪੈਣ ਤੇ ਆਪਣੇ ਪਿਉ ਦੀ ਮੱਦਦ ਵੀ ਕਰਦੀਆਂ ਸਨ। ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਦਿਹਾਰ ਤੇ ਉਸ ਦੀ ਮਾਂ ਉਦਾਸ ਹੋ ਜਾਂਦੀ । ਭਾਵੇਂ ਦੁਨੀਆਂ ਸਾਹਮਣੇ ਇਹ ਆਖ ਦਿੰਦੀ,
"ਮੇਰੀਆਂ ਤਾਂ ਧੀਆਂ ਈ ਪੁੱਤਾਂ ਵਰਗੀਆਂ ਨੇ। "

ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰਨ ਤੋਂ ਇਨਕਾਰੀ ਹੋ ਜਾਂਦਾ । ਧੀਆਂ ਜਵਾਨ ਹੋ ਚੱਲੀਆਂ ਸਨ, ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਉਲਾਂਭਾ ਦਿੰਦੀ ....'ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ।' ਫੇਰ ਆਪਣੇ ਆਪ ਨੂੰ ਸਮਝਾਉਂਦੀ ...ਜਿਹਨਾਂ ਦੇ ਘਰ ਕੁਸ਼ ਵੀ ਨ੍ਹੀਂ ਹੁੰਦਾ, ਉਹ ਧੀਆਂ ਨੂੰ ਵੀ ਤਰਸਦੇ ਨੇ। ਉਹ ਕਿੱਧਰ ਜਾਣ ਵਿਚਾਰੇ। ਫਿਰ ਰੱਬ ਦਾ ਸ਼ੁਕਰ ਕਰਦੀ।

ਵਿਹਾਰ ਤਿਹਾਰ 'ਤੇ ਉਹਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ । ਕਦੇ ਸੋਚਦੀ ਆਪ ਤਾਂ ਬੰਦਾ ਜ਼ਿੰਦਗੀ ਕੱਟ ਲੈਂਦੈ ਔਖਾ ਸੌਖਾ ਹੋ ਕੇ ....ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨਹਾਰੇ ਕਰ ਦਿੰਦੀਆਂ ਨੇ। ਜੂਨ ਮਹੀਨੇ ਦੀ ਤਾਂ ਗੱਲ ਐ ਛੁੱਟੀਆਂ ਵਿੱਚ ਵਿਚਕਾਰਲੀ ਕੁੜੀ ਨੇ ਜ਼ਿੱਦ ਫੜੀ ਕਿ ਨਾਨਕੇ ਜਾਣੈ.... ਜੀਤਾਂ ਉਸ ਨੂੰ ਆਵਦੇ ਪੇਕੇ ਛੱਡ ਆਈ। ਉੱਥੇ ਹਮਦਰਦ ਔਰਤਾਂ ਨੇ ਇਹੋ ਜਿਹੀ ਹਮਦਰਦੀ ਦਿਖਾਈ ਕੁੜੀ ਘਰ ਆ ਕੇ ਰੋਣੋਂ ਨਾ ਹਟੇ। ਇੱਕੋ ਹੀ ਰਟ ਲਾਈ... 'ਸਾਨੂੰ ਵੀਰ ਚਾਹੀਦੈ..।' ਜੀਤਾਂ ਨੇ ਬਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ , "ਤੁਸੀਂ ਮੇਰੇ ਲਈ ਪੁੱਤਰਾਂ ਵਰਗੀਆਂ ਹੋ। "
" ਹੈ ਤਾਂ ਨ੍ਹੀ ...ਵਰਗੀਆਂ ਈ ਆਂ ਨਾ। ਮਾਂ ਇੱਕ ਗੱਲ ਦੱਸ ...ਅਸੀਂ ਤੇਰੇ ਬੱਚੇ ਨਹੀਂ ਆਂ ਜਾਂ ਤੇਰੇ ਜਵਾਕ ਨਹੀਂ ਅਸੀਂ ?" ਕੁੜੀ ਨੇ ਰੋਂਦਿਆਂ ਈ ਪੁੱਛਿਆ।
" ਹਾਂ ਪੁੱਤ... ਤੁਸੀਂ ਮੇਰੇ ਬੱਚੇ ਓ। " ਮਾਂ ਨੇ ਪੁਚਕਾਰਦਿਆਂ ਆਖਿਆ ਸੀ।

" ਫਿਰ ਉੱਥੇ ਮਾਮੀਆਂ ਨਾਨੀਆਂ ਇਹ ਕਿਉਂ ਆਖਦੀਆਂ ਸਨ....... ਕਿ ਰੱਬ ਜੀਤਾਂ ਨੂੰ ਇੱਕ ਜਵਾਕ ਦੇ ਦਿੰਦਾ। " ਜੀਤਾਂ ਨੂੰ ਸਾਰੀ ਗੱਲ ਸਮਝ ਆਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਹੜੀ ਗੱਲ ਆਖ ਕੇ ਅਪਣੱਤ ਤੇ ਹਮਦਰਦੀ ਜਤਾ ਰਹੇ ਨੇ, ਉਹ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰੂ। ਉਸ ਨੇ ਮਸਾਂ ਧੀ ਨੂੰ ਸਮਝਾ ਬੁਝਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ। ਪਰ ਹੁਣ ਸਮਾਂ ਬਦਲ ਗਿਆ। ਹੁਣ ਤਾਂ ਪੁੱਤਾਂ ਵੱਲੋਂ ਔਖੇ ਹੋਏ ਮਾਪੇ ਆਖ ਦਿੰਦੇ ਨੇ...ਇਹਦੇ ਨਾਲੋਂ ਤਾਂ ਰੱਬ ਧੀ ਦੇ ਦਿੰਦਾ। ਧੀਆਂ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਐ ਹਰ ਘਰ ਵਿੱਚ। ਧੀ ਨੂੰ ਤਾਂ ਸਮਝਾ ਲਿਆ ਔਖੀ ਸੌਖੀ ਹੋ ਕੇ ਪਰ ਆਪ ਅੰਦਰ ਜਾ ਕੇ ਰੋ ਪਈ। ਮਨੋ ਮਨੀ ਰੱਬ ਨੂੰ ਉਲ੍ਹਾਮੇ ਫਿਰ ਸ਼ੁਰੂ ਹੋ ਗਏ। ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ। ਜੀਤਾਂ ਨੇ ਦੇਖ ਲਿਆ। ਬੂਹੇ ਵੱਲ ਪਿੱਠ ਕਰਕੇ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗ ਪਈ।
ਗਗਨ ਦਾ ਦਿਲ ਤਾਂ ਕਰਦਾ ਸੀ ਮਾਂ ਦੇ ਹੰਝੂ ਪੂੰਝੇ ਤੇ ਜੱਫੀ ਪਾਵੇ। ਪਰ ਉਸ ਨੂੰ ਪਤਾ ਸੀ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵੱਧ ਰੋਣਾ ਸੀ। ਉਸ ਨੇ ਸਖ਼ਤ ਜਿਹੇ ਲਹਿਜੇ ਨਾਲ ਮਾਂ ਨੂੰ ਆਖਿਆ,
" ਮਾਂ ਡਰਾਮੇ ਕਰਨ ਦੀ ਲੋੜ ਨ੍ਹੀਂ... ਮੈਨੂੰ ਪਤੈ ਤੂੰ ਅੰਦਰ ਰੋਣ ਆਈ ਐਂ। "
" ਮੈਂ ਕਿਉਂ ਰੋਣੈ? ਮੈਂ ਤਾਂ ਕੱਪੜੇ ਸਾਂਭਣ ਆਈ ਸੀ ਅੰਦਰ। " ਜੀਤਾਂ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ। ਕੁੜੀ ਬਾਹਰ ਆਪਣੀ ਛੋਟੀ ਭੈਣ ਕੋਲ ਚਲੀ ਗਈ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ।
" ਤੈਨੂੰ ਚੈਨ ਆ ਗਿਆ ਹੋਣੈ ਮਾਂ ਨੂੰ ਰੁਆ ਕੇ... । ਤੂੰ ਐਨੀ ਵੱਡੀ ਹੋ ਗਈ ਪਰ ਤੈਨੂੰ ਅਕਲ ਨਹੀਂ ਆਉਣੀ... ਤੈਨੂੰ ਪਤਾ ਤਾਂ ਹੈ ਮਾਂ ਆਪ ਕਿੰਨੀ ਔਖੀ ਹੋ ਜਾਂਦੀ ਐ ਕਿ ਆਪਣੇ ਕੋਈ ਵੀਰ ਨਹੀਂ...... ਇਹ ਕਿਤੋਂ ਦੁਕਾਨ ਤੋਂ ਮਿਲਣ ਵਾਲੀ ਚੀਜ਼ ਐ ਬਈ ਮਾਂ ਤੈਨੂੰ ਲੈ ਦਿਊਗੀ ।"
" ਪਰ ਉੱਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਸੀ। " ਕੁੜੀ ਨੇ ਰੋਂਦੜ ਜਿਹੀ ਅਵਾਜ਼ ਵਿੱਚ ਆਖਿਆ।

"ਫਿਰ ਕੀ ਹੋ ਗਿਆ... ਬੁੜ੍ਹੀਆਂ ਕਹਿੰਦੀਆਂ ਈ ਹੁੰਦੀਆਂ ਨੇ.... ਚੁੱਪ ਕਰ ਕੇ ਸੁਣ ਲੈਂਦੀ.... ਉੱਥੇ ਈ ਝਾੜ ਕੇ ਆ ਜਾਂਦੀ... ਮੈਨੂੰ ਦੇਖ ਕੇ ਵੀ ਤਾਂ ਕਹਿੰਦੀਆਂ ਹੁੰਦੀਆਂ ਨੇ। ਮੈਂ ਕਦੇ ਮਾਂ ਨੂੰ ਦੱਸਿਐ ?.... ਮਾਂ ਤਾਂ ਪਹਿਲਾਂ ਈ ਵਿਚਾਰੀ ਬਣੀ ਰਹਿੰਦੀ ਐ।" ਗਗਨ ਨੇ ਨਿੱਕੀ ਨੂੰ ਕਾਫ਼ੀ ਝਿੜਕਿਆ ਸੀ ਉਸ ਵੇਲੇ । ਉਸ ਤੋਂ ਬਾਅਦ ਨਿੱਕੀ ਨੇ ਕਦੇ ਮਾਂ ਨੂੰ ਵੀਰ ਬਾਰੇ ਕੋਈ ਵੀ ਗੱਲ ਨਹੀਂ ਆਖੀ।

ਗਗਨ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ, ਜਦੋਂ ਕੁੜੀ ਮੁੰਡੇ ਵਿੱਚ ਫ਼ਰਕ ਸਮਝਿਆ ਜਾਂਦਾ। ਅੱਜ ਉਸ ਨੇ ਨਿੱਕੀ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਐ ਕਿਸੇ ਤਰੀਕੇ ਨਾਲ। ਉਹ ਅਜੇ ਸਕੀਮ ਬਣਾ ਹੀ ਰਹੀਆਂ ਸਨ ਕਿ ਗੁਆਂਢ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰ ਆਈ । ਉਸ ਨੇ ਚਾਰ ਕੁ ਵਰ੍ਹਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ, ਜੋ ਬਿਮਾਰ ਸੀ। ਉਹ ਵਿਹੜੇ ਵਿੱਚ ਏਧਰ ਓਧਰ ਨਿਗ੍ਹਾ ਮਾਰਦਿਆਂ ਬੋਲੀ, " ਥੋਡਾ ਭਾਪਾ ਕਿੱਥੇ ਐ? "
" ਉਹ ਤਾਂ ਖੇਤ ਨੇ ਤਾਈ । ਕੰਮ ਸੀ ਕੋਈ? " ਗਗਨ ਨੇ ਪੁੱਛਿਆ।

" ਹਾਂ... ਸ਼ਹਿਰ ਜਾਣਾ ਸੀ... ਕੁੜੀ ਦਾ ਤਾਪ ਨੀ ਉਤਰਦਾ... ਪਿੰਡ ਆਲਾ ਡਾਕਟਰ ਕਹਿੰਦਾ... ਸ਼ਹਿਰ ਲੈ ਜੋ । " " ਵੀਰਾ ਕਿੱਥੇ ਐ? " ਨਿੱਕੀ ਨੇ ਪੁੱਛਿਆ।
" ਉਹ ਤਾਂ ਤੜਕੇ ਈ ਰੱਜ ਕੇ ਬੈਠ ਜਾਂਦੈ.... ਜੇ ਕਿਸੇ ਕਰਮ ਦਾ ਹੁੰਦਾ ਆਪੇ ਲੈ ਜਾਂਦਾ ਆਵਦੀ ਧੀ ਨੂੰ।" ਉਸ ਦੀਆਂ ਅੱਖਾਂ ਭਰ ਆਈਆਂ।
" ਇੱਕ ਮਿੰਟ ਰੁਕੋ। " ਆਖ ਕੇ ਗਗਨ ਅੰਦਰ ਗਈ, ਜਦੋਂ ਉਹ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਸਕੂਟੀ ਦੀ ਚਾਬੀ ਸੀ।
" ਧਿਆਨ ਨਾਲ ਜਾਣਾ ਪੁੱਤ।" ਅੰਦਰੋਂ ਜੀਤਾਂ ਦੀ ਅਵਾਜ਼ ਆਈ।
ਉਸ ਨੇ ਸਕੂਟੀ ਸਟਾਰਟ ਕੀਤੀ ਤੇ ਬੋਲੀ, "ਆਓ ਚੱਲੀਏ ਤਾਈ। " ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਤੇ ਸੌ ਸੌ ਅਸੀਸਾਂ ਦਿੱਤੀਆਂ।
" ਥੋਡੇ ਭਾਪੇ ਨੇ ਵੀ ਜਿਉਣ ਜੋਗੇ ਨੇ ਕਦੇ ਨ੍ਹੀਂ ਕੰਮ ਨੂੰ ਜਵਾਬ ਦਿੱਤਾ।" ਤਾਈ ਦੀ ਗੱਲ ਸੁਣ ਕੇ ਗਗਨ ਨੂੰ ਮਾਣ ਮਹਿਸੂਸ ਹੋਇਆ ।
" ਤਾਈ! ਅੱਗੋਂ ਸੜਕ ਟੁੱਟੀ ਐ ...ਘੁੱਟ ਕੇ ਹੱਥ ਪਾ ਲੋ।"
" ਮੈਨੂੰ ਪਤੈ ਪੁੱਤ.... ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆਂ। ਪੈਰੀਂ ਗਾਹਿਆ ਰਾਹ ਐ.....। "

ਦਸ ਪੰਦਰਾਂ ਮਿੰਟ ਵਿੱਚ ਈ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈਆਂ। ਡਾਕਟਰ ਨੇ ਦਵਾਈ ਦਿੱਤੀ... ਕੁੱਝ ਚਿਰ ਉੱਥੇ ਰੋਕਿਆ। ਕੁੜੀ ਦਾ ਬੁਖ਼ਾਰ ਉਤਰ ਗਿਆ। ਤੀਜੇ ਦਿਨ ਫਿਰ ਆਉਣ ਲਈ ਆਖ ਕੇ ਡਾਕਟਰ ਨੇ ਕੁਝ ਦਵਾਈ ਘਰ ਵਾਸਤੇ ਦੇ ਦਿੱਤੀ। ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਜਿਹੀਆਂ ਖੁੱਲ੍ਹ ਗਈਆਂ। ਪੋਤੀ ਨੂੰ ਦੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ।
" ਕੌਣ ਕਹਿੰਦੈ ਧੀਆਂ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ... ਪੁੱਤ ਹਜੇ ਆਖੇ ਨਾ ਲੱਗਣ ਪਰ ਧੀਆਂ ਤਾਂ ਬਿਨਾਂ ਕਹੇ ਈ ਕੰਮ ਕਰ ਦਿੰਦੀਆਂ ਨੇ।"
" ਤਾਈ ਬੱਸ ਕਰੋ.... ਫੇਰ ਕੀ ਹੋਇਆ ਮੈਂ ਘਰੇ ਵਿਹਲੀ ਸੀ ....।" ਤਾਈ ਨੇ ਫਿਰ ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਅੱਗੇ ਸੜਕ 'ਤੇ ਕਾਫ਼ੀ ਭੀੜ ਸੀ... ਗਗਨ ਨੇ ਸਕੂਟੀ ਰੋਕ ਦਿੱਤੀ, ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਂਢ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਐ.... ਲੋਕ ਆਖ ਰਹੇ ਸਨ ਕਿ ਨਸ਼ਾ ਵੱਧ ਖਾ ਗਿਆ। ਦੇਖਦੇ ਈ ਦੇਖਦੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ। ਦੇਖ ਕੇ ਮਨ ਉਦਾਸ ਵੀ ਹੋ ਗਿਆ। ਇਹੋ ਜਿਹੇ ਕਮਜ਼ੋਰ ਮਨਾਂ ਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ। ਸਮੱਸਿਆ ਦਾ ਹੱਲ ਲੱਭਣ ਦੀ ਥਾਂ ਸਮੱਸਿਆ ਨੂੰ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਤੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਸ ਹੋਰ ਖੜ੍ਹੀਆਂ ਕਰ ਲੈਂਦੇ ਨੇ। ਉਹ ਸੋਚ ਰਹੀ ਸੀ। " ਹੇ ਰੱਬਾ! ਜਾਨ ਬਚ ਜੇ ਵਿਚਾਰੇ ਦੀ ....ਚੰਦਰੇ ਨਸ਼ਿਆਂ ਨੇ ਤਾਂ ਰਾਜ ਕੁਮਾਰਾਂ ਵਰਗੇ ਪੁੱਤ ਖਾ ਲੇ....। " ਤਾਈ ਨੇ ਵੱਡਾ ਸਾਰਾ ਹਉਕਾ ਲੈਂਦਿਆਂ ਆਖਿਆ।

ਗਗਨ ਪਤਾ ਨਹੀਂ ਕੀ ਸੋਚ ਰਹੀ ਸੀ ਉਸ ਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ। ਘਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ,
"ਪੁੱਤ ਤੈਨੂੰ ਨ੍ਹੀਂ ਪਤਾ ਤੂੰ ਮੁੰਡਿਆਂ ਨਾਲੋਂ ਵਧ ਕੇ ਕੰਮ ਕੀਤੈ ....ਮੁੰਡਾ ਤਾਂ ਮੇਰਾ ਰੱਜਿਆ ਪਿਐ..... । ਆਹ ਗਮਾਂਢੀਆਂ ਦੇ ਮੁੰਡੇ ਨੂੰ ਹੱਥ ਜੋੜੇ.... ਵੇ ਲੈ ਜਾ..... ਬਚਾ ਦੇ ਮੇਰੀ ਪੋਤੀ ਨੂੰ.... ਖੜ੍ਹਾ ਖੜ੍ਹਾ ਈ ਹੱਥ ਮਾਰ ਗਿਆ.... ਅਖੇ ਮੇਰੇ ਕੋਲ ਟੈਮ ਨ੍ਹੀਂ.... ਮੇਰੇ ਦੋਸਤ 'ਡੀਕਦੇ ਨੇ।"
" ਚੰਗਾ ਪੁੱਤ ਜਿਉੰਦੀ ਰਹਿ.... ਮੈਂ ਫੇਰ ਆਊਂ ਤੇਰੀ ਮਾਂ ਕੋਲ.... ਸੌਂ ਗੀ ਕੁੜੀ...ਏਹਨੂੰ ਘਰੇ ਲੈ ਜਾਂ ......ਏਹਦੀ ਮਾਂ ਵੀ ਫਿਕਰ ਕਰਦੀ ਹੋਊ।" ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਚੁੰਨੀ ਦੇ ਪੱਲੇ ਨਾਲ ਉਸ ਦਾ ਸਿਰ ਢੱਕਦਿਆਂ ਆਖਿਆ।

ਤਾਈ ਪੰਜ ਕੁ ਮਿੰਟ ਬਾਅਦ ਫੇਰ ਮੁੜ ਆਈ।
" ਲਿਆ ਭੈਣੇ ਮੈਂ ਕਰਵਾ ਦਿੰਨੀ ਆਂ ਕੋਈ ਕੰਮ...।" ਤਾਈ ਨੇ ਗਗਨ ਦੀ ਮਾਂ ਨੂੰ ਪੁੱਛਿਆ।
" ਨਾ ਨਾ ਭੈਣੇ ......ਤੇਰੀ ਪੋਤੀ ਦੱਸ ਕਿਵੇਂ ਐ ਹੁਣ ? "
" ਠੀਕ ਐ ਹੁਣ ਤਾਂ.... ਜਿਉਂਦੇ ਵਸਦੇ ਰਹੋ। ਮੇਰੀ ਪੋਤੀ ਬਚਾ 'ਤੀ। "
" ਰੱਬ ਬਚਾਉਣ ਵਾਲੈ ਜੀ ਸਭ ਨੂੰ....।"
" ਉਹ ਵੀ ਬੰਦਿਆਂ ਵਿੱਚ ਦੀ ਈ ਬਹੁੜਦੈ।"
ਜੀਤਾਂ ਨੇ ਦੱਸਣ ਲੱਗੀ, " ਜਦੋਂ ਗਗਨ ਹੁਰਾਂ ਦੇ ਪਿਉ ਨੂੰ ਵਿਹਲ ਨ੍ਹੀਂ ਹੁੰਦੀ ਤਾਂ ਏਹਦੀ ਭੂਆ ਹੁਰਾਂ ਦੇ ਸੰਧਾਰੇ ਦੇਣ ਵੀ ਮੈਂ ਗਗਨ ਨੂੰ ਲੈ ਕੇ ਜਾਨੀ ਆਂ। ਜੇ ਕਿਤੇ ਮਾਸੀਆਂ ਮਾਮਿਆਂ ਕੋਲ ਜਾਣਾ ਹੋਵੇ ਤਾਂ ਵੀ....। "
" ਤੇਰੀਆਂ ਤਾਂ ਧੀਆਂ ਈ ਪੁੱਤਾਂ ਵਰਗੀਆਂ ਨੇ ਭੈਣੇ ।"
" ਅਸੀਂ ਨ੍ਹੀਂ ਤਾਈ ਪੁੱਤਾਂ ਵਰਗੀਆਂ ਬਣਨਾ......।" ਗਗਨ ਨੇ ਦੂਰੋਂ ਈ ਆਵਾਜ਼ ਮਾਰੀ।
" ਲੈ ਕਰ ਲੈ ਗੱਲ। " ਤਾਈ ਨੇ ਹੱਸ ਕੇ ਕਿਹਾ।

ਜੀਤਾਂ ਤੇ ਤਾਈ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ। ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਏ। ਗਗਨ ਦੀ ਮਾਂ ਨੇ ਜਾਂਦੀ ਹੋਈ ਨੂੰ ਦੁੱਧ ਦੀ ਗੜਵੀ ਅਤੇ ਕੌਲਾ ਭਰ ਕੇ ਚੌਲਾਂ ਦਾ ਦਿੱਤਾ। ਤਾਈ ਤੁਰੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ,
" ਜਿਉਂਦੇ ਵਸਦੇ ਰਹੋ... ਤੰਦਰੁਸਤੀ ਦੇਵੇ ਮਾਲਕ...ਰੱਬਾ ! ਭੁੱਲ ਜਾਂਦਾ ਇਸ ਘਰ 'ਤੇ ਵੀ..... ਤੇਰੇ ਘਰੇਂ ਕਾਹਦਾ ਘਾਟੈ.... ਇੱਕ ਜਵਾਕ ਦੇ ਦਿੰਦਾ ਵਿਚਾਰਿਆਂ ਨੂੰ .....।" ਗਗਨ ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ।
" ਦੀਦੀ! ਇਹ ਦੁਨੀਆਂ ਨ੍ਹੀਂ ਸੁਧਰ ਸਕਦੀ।" ਨਿੱਕੀ ਨੇ ਹੱਥ ਹਿਲਾਉਂਦਿਆਂ ਆਖਿਆ।
" ਹੌਲੀ ਹੌਲੀ ਫਰਕ ਪਊ ਪੁੱਤ.... ਪਹਿਲਾਂ ਨਾਲੋਂ ਬਹੁਤ ਫਰਕ ਐ.... ਲੋਕਾਂ ਦੀ ਸੋਚ ਬਦਲੀ ਐ।" ਜੀਤਾਂ ਨੇ ਆਖਿਆ।
" ਮਾਂ ਤੂੰ ਆਪਣੀ ਸੋਚ ਬਦਲ ਲੈ ਬਸ.... ਲੋਕ ਬਦਲਣ ਭਾਵੇਂ ਨਾ ਬਦਲਣ।" ਗਗਨ ਨੇ ਮਾਂ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ। ਸਭ ਤੋਂ ਛੋਟੀ ਕੁੜੀ ਵੀ ਪਿਉ ਨਾਲ ਖੇਤੋਂ ਆ ਗਈ ਸੀ।
" ਮੈਂ ਵੀ..... ਮੈਂ ਵੀ ।" ਕਹਿੰਦੀ ਭੱਜੀ ਆਈ ਮਾਂ ਨੂੰ ਚਿੰਬੜ ਗਈ। ਤਿੰਨੇ ਧੀਆਂ ਨੇ ਮਾਂ ਨੂੰ ਜਿਵੇਂ ਆਪਣੀ ਬੁੱਕਲ ਵਿੱਚ ਲੁਕੋ ਲਿਆ।

" ਦੇਖਿਓ ਕਿਤੇ.... ਆਪਣਾ ਤਾਂ ਘਰ ਵੀ ਪੁਰਾਣੈ.... ਕਿਤੇ ਕੰਧਾਂ ਨਾ ਹਿਲਿਆ ਦਿਓ। " ਗਗਨ ਦੇ ਬਾਪੂ ਨੇ ਹੱਸਦਿਆਂ ਆਖਿਆ। ਵਿਹੜੇ ਵਿੱਚ ਲੱਗੇ ਨਿੰਮ ਦੀਆਂ ਟਾਹਣੀਆਂ ਤੇ ਚਹਿਕਦੀਆਂ ਬੁਲਬੁਲਾਂ ਤੇ ਚਿੜੀਆਂ ਨੇ ਵੀ ਆਪਣੀਆਂ ਪਿਆਰੀਆਂ ਅਵਾਜ਼ਾਂ ਵਿੱਚ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੀ ਗਵਾਹੀ ਭਰੀ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ