Dhol-Dhamakka (Punjabi Lekh) Lal Singh Kamla Akali

ਢੋਲ-ਢਮੱਕਾ (ਲੇਖ) : ਲਾਲ ਸਿੰਘ ਕਮਲਾ ਅਕਾਲੀ

ਦੁਨੀਆ ਵਿਚ ਹਰ ਇਕ ਆਪਣੀ ਪਹੁੰਚ ਅਨੁਸਾਰ ਰੌਲਾ ਪਾਉਣ ਦਾ ਜਤਨ ਕਰ ਰਿਹਾ ਹੈ। ਅਜੇਹੇ ਲੋਕ ਥੋੜ੍ਹੇ ਹਨ-ਬਹੁਤ ਥੋੜ੍ਹੇ-ਜੋ ਦਿਲੋਂ ਦੁਨੀਆ ਦੀਆਂ ਕਮਲੀਆਂ-ਰਮਲੀਆਂ ਭੀੜਾਂ ਨੂੰ ਸੁਖੀ ਤੇ ਸ਼ਾਂਤ ਦੇਖਣਾ ਚਾਹੁੰਦੇ ਹਨ, ਕੋਈ ਗੌਤਮ ਬੁੱਧ ਯਾ ਈਸਾ ਮਸੀਹ। ਬਾਕੀ ਸਭ ਅਲਗਰਜ਼ ਹਨ।ਓਨ੍ਹਾਂ ਦਾ ਨਿਸ਼ਾਨਾ ਏਹ ਹੁੰਦਾ ਹੈ ਕਿ ਲੋਕਾਂ ਨੂੰ ਆਪਣੇ ਮਗਰ ਲਾਕੇ ਆਪਣਾ ਮਤਲਬ ਕੱਢਣਾ। ਕੋਈ ਪ੍ਰੈਜ਼ੀਡੈਂਟ ਬਨਣਾ ਚਾਂਹਦਾ ਹੈ, ਕੋਈ ਐੱਮ. ਐਲ, ਏ. ਕੋਈ ਕੇਵਲ ਆਪਣਾ ਸਾਮਾਨ ਵੇਚਣਾ ਚਾਹੁੰਦਾ ਹੈ। ਸਾਰਿਆਂ ਦਾ ਯਤਨ ਏਹ ਹੈ ਕਿ ਡੰਡ ਪਾਉਣੀ, ਅਗਲੇ ਨੂੰ ਉਸ ਦੇ ਆਪਣੇ ਖ਼ਿਆਲ ਵੱਲੋਂ ਖਿੱਚ ਕੇ ਆਪਣੇ ਮਤਲਬ ਦੇ ਪਾਸੇ ਪਾਉਣਾ, ਯਾ ਇੰਝ ਕਹੋ ਕਿ ਅਗਲੇ ਨੂੰ ਉੱਲੂ ਬਣਾਉਣਾ। ਜੇਹੜਾ ਏਸ ਖੇਡ ਵਿਚ ਸਫਲ ਹੋ ਜਾਂਦਾ ਹੈ ਉਸ ਨੂੰ ਦੁਨੀਆ ਮੋਢਿਆਂ ਉੱਤੇ ਚੁੱਕ ਲੈਂਦੀ ਹੈ, ਜਿਵੇਂ ਜਿੱਤੇ ਹੋਏ ਮੱਲ ਨੂੰ ਉਸ ਦੇ ਪਿੱਠੂ ਚੁੱਕ ਲੈਂਦੇ ਹਨ, ਜਿਹੜਾ ਅਸਫ਼ਲ ਰਹੇ ਉਸ ਨੂੰ ਦੁਨੀਆ ਪੈਰਾਂ ਹੇਠ ਲਤੜ ਕੇ ਲੰਘ ਜਾਂਦੀ ਹੈ।

ਪਿਛਲੀ ਜੰਗ ਦੀ ਗੱਲ ਹੈ ਕਿ ਜਦ ਜਰਮਨਾਂ ਨੇ ਪਹਿਲੇ ਹੱਲੇ ਹੀ ਫ਼ਰਾਂਸ ਤੇ ਬਿਲਜੀਅਮ ਉਲਟਾ ਮਾਰੇ।ਉਨ੍ਹਾਂ ਨੂੰ ਲੋੜ ਪਈ ਕਿ ਨੇੜੇ ਦੇ ਸਮੁੰਦਰੀ ਦੇਸਾਂ ਨੂੰ ਭੀ ਕਾਬੂ ਕਰ ਲੈਣ ਤਾਂ ਜੋ ਬਰਤਾਨੀਆ ਦਾ ਜਹਾਜ਼ੀ ਬੇੜਾ ਉਨ੍ਹਾਂ ਵਿਰੁਧ ਕੋਈ ਛੇੜਖਾਨੀ ਨਾ ਕਰ ਸਕੇ। ਥੋੜ੍ਹੇ ਦਿਨਾਂ ਵਿੱਚ ਹੀ ਉਨ੍ਹਾਂ ਨੇ ਡੈਨਮਾਰਕ, ਹਾਲੈਂਡ, ਨਾਰਵੇ ਆਦਿ ਦੇ ਸਾਰੇ ਕੰਢੇ ਮੱਲ ਲਏ।ਨਾਰਵੇ ਦੇ ਇਕ ਸ਼ਹਿਰ ਓਸਲੋ ਨੂੰ ਉਨ੍ਹਾਂ ਇਕ ਅਜਬ ਉਸਤਾਦੀ ਨਾਲ ਮੱਲਿਆ। ਜਹਾਜ਼ ਕਿਨਾਰੇ ਲਾਕੇ ਅੱਗੇ-ਅੱਗੇ ਬੈਂਡ ਵਾਜਾ ਵਜਾਉਣ ਵਾਲੇ ਪੰਝੀ-ਤੀਹ ਆਦਮੀ ਲੱਗ ਗਏ ਤੇ ਪਿੱਛੇ ਜਰਮਨ ਸਿਪਾਹੀ ਪਰੇਟ ਵਾਂਗ ਮਾਰਚ ਕਰਦੇ ਓਸਲੋ ਦੇ ਬੰਦਰਗਾਹ ਵਿਚ ਤੁਰ ਪਏ।ਵਾਜਾ ਸੁਣਕੇ ਲੋਕੀਂ ਘਰਾਂ ਵਿਚੋਂ ਨਿਕਲ ਕੇ ਤਮਾਸ਼ਾ ਵੇਖਣ ਤੇ ਬਾਜੇ ਦੀਆਂ ਸੁਰਾਂ ਸੁਨਣ ਲੱਗ ਪਏ।ਏਹ ਖਿਆਲ ਕਿਸ ਨੂੰ ਆ ਸਕਦਾ ਸੀ ਕਿ ਜਰਮਨ ਫੌਜ ਐਸ ਤਰ੍ਹਾਂ ਬੈਂਡ ਵਾਜੇ-ਵਜਾਕੇ ਜਾਞੀਆਂ ਵਾਂਗ ਇਕ ਨਿਰਪੱਖ ਰਹਿਣ ਵਾਲੇ ਦੇਸ ਦੇ ਵੱਡੇ ਸ਼ਹਿਰ ਵਿਚ ਵੜ ਆਵੇਗੀ। ਅਸਲੀ ਗੱਲ ਦਾ ਉਨ੍ਹਾਂ ਨੂੰ ਪਤਾ ਲੱਗਾ ਪਰ ਓਦੋਂ ਲੱਗਾ ਜਦ ਕੁਛ ਨਹੀਂ ਸੀ ਬਣ ਸਕਦਾ। ਵਾਜੇ ਦੇ ਮਸਤ ਕਰਨ ਵਾਲੇ ਰੌਲੇ ਨੇ ਓਸਲੋ ਵਾਸੀਆਂ ਨੂੰ ਮਦਾਰੀ ਦੇ ਝੁਰਲੂ ਵਾਂਗ ਯਾ ਆਖੋ ਸਪੇਰੇ ਦੇ ਬੀਨ ਵਜਾਉਣ ਵਾਂਗ ਮਸਤ ਕਰ ਦਿੱਤਾ ਤੇ ਜਰਮਨਾਂ ਦਾ ਸ਼ਹਿਰ ਉੱਤੇ ਬਿਨਾਂ ਇਕ ਗੋਲੀ ਚਲਾਏ ਤੋਂ ਕਬਜ਼ਾ ਹੋ ਗਿਆ।

ਸਾਰਾ ਝਗੜਾ ਅਗਲੇ ਨੂੰ ਝੁਰਲੂ ਫੇਰ ਕੇ ਕਮਲਿਆਂ ਕਰਨ ਦਾ ਹੈ। ਜਿੱਥੇ ਦੋ ਆਦਮੀ ਇਕ ਥਾਂ ਟੱਕਰਦੇ ਹਨ ਸਵਾਲ ਏਹੀ ਉੱਠਦਾ ਹੈ ਕਿ ਕੇਹੜਾ ਦੂਜੇ ਨੂੰ “ਉੱਲੂ ਬਣਾ ਸਕਦਾ ਹੈ ਤੇ ਕਿਵੇਂ?" ਮਤਲਬ ਇਤਿਹਾਸ ਦੇ ਮੁੱਢ ਏਹੀ ਰਿਹਾ ਹੈ ਕਿ ਅਗਲੇ ਨੂੰ ਚਿੱਤ ਕਰਨਾ ਭਾਵੇਂ ਕਿਵੇਂ ਕੀਤਾ ਜਾਵੇ।

ਝੋਟਿਆਂ ਦੇ ਸਿੰਗ, ਸ਼ੇਰਾਂ ਦੇ ਨੌਧਰਾਂ ਗੈਂਡੇ ਦੇ ਇਕ ਸਿੰਗ, ਬੱਕਰਿਆਂ ਦੇ ਤਿੱਖੇ ਨੋਕਦਾਰ ਸਿੰਗ ਏਸ ਅੰਦਰਲੀ ਪ੍ਰਿਥਮ ਚਾਹਨਾ ਕਰ ਕੇ ਉਗੇ ਤੇ ਬਣੇ ਹਨ ਕਿ ਉਹ ਵਿਰੋਧੀ ਨੂੰ ਢਾਹ ਨਾ ਸਕਣ ਤਾਂ ਘੱਟੋ-ਘੱਟ ਨੇੜੇ ਨਾ ਆਵਣ ਦੇਣ। ਆਦਮੀ ਦੇ ਸਿੰਗ ਨਹੀਂ ਕਿਉਂਕਿ ਉਹ ਸਰੀਰਕ ਬਲ ਨਹੀਂ ਫਰੇਬ ਤੇ ਨੀਤੀ ਨਾਲ ਵਿਰੋਧੀਆਂ ਨੂੰ ਹੇਠ ਕਰਨਾ ਚਾਹੁੰਦਾ ਹੈ। ਇਕ ਤਰ੍ਹਾਂ ਪਸ਼ੂ ਨੇਕ, ਖਰੇ ਈਮਾਨਦਾਰ ਵਿਰੋਧੀ ਹਨ ਕਿਉਂਕਿ ਉਹ ਆਪਣੇ ਸਿੰਗਾਂ ਨੂੰ ਤੇ ਹੋਰ ਹਥਿਆਰਾਂ ਨੂੰ ਲੁਕਾਂਦੇ ਨਹੀਂ ਤੇ ਆਦਮੀ ਖੋਟਾ ਤੇ ਚਲਾਕ ਵਿਰੋਧੀ ਹੈ ਜੋ ਵੈਰੀ ਵਿਰੁਧ ਨਾ ਦਿੱਸਣ ਵਾਲੇ ਹਥਿਆਰ ਵਰਤਦਾ ਹੈ ਜਿਵੇਂ ਕਿ ਸੁਰੀਲੀ ਆਵਾਜ਼, ਲੈਕਚਰ, ਉੱਚੀ ਬੋਲਣਾ ਇੱਤ ਆਦਿ।ਜੇਹੜਾ ਫਰੇਬ ਨਾਲ ਦੂਜੇ ਨੂੰ ਕਾਬੂ ਕਰੇ ਉਹ (Civilized) ਸਭਿਤ ਅਖਵਾਉਂਦਾ ਹੈ। ਜੇਹੜਾ ਹੇਰ-ਫੇਰ ਗੱਲਾਂ-ਬਾਤਾਂ ਨਾ ਕਰੇ ਸਿਧੀ ਮਤਲਬ ਦੀ ਗੱਲ ਕਰੇ ਉਹ (uncivilized) ਪਸ਼ੂ-ਬਿਰਤੀ ਵਾਲਾ ਅਖਵਾਉਂਦਾ ਹੈ।ਏਹੀ ਦੁਨੀਆਂ ਦਾ ਉਲਟਾਪਣ ਹੈ।

ਸਾਡਾ ਦੇਸ ਹਿੰਦੁਸਤਾਨ ਤਾਂ ਏਸ ਗੱਲੋਂ ਬਹੁਤਾ ਰੌਲੇ ਵਾਲਾ ਦੇਸ ਹੈ। ਸਾਡੇ ਦੇਸ ਵਿਚ ਦੂਜਿਆਂ ਨੂੰ ਕਮਲੇ ਕਰਨ ਦੇ ਵਿੰਗੇ-ਟੇਢੇ ਉਸਤਾਦੀ ਦੇ ਰਾਹ ਘੱਟ ਵਰਤੇ ਜਾਂਦੇ ਹਨ। ਸਭ ਤੋਂ ਸਸਤੇ ਤੇ ਘੱਟ ਖੇਚਲ ਤੇ ਖ਼ਰਚ ਵਾਲੇ ਤਰੀਕੇ ਵਰਤੇ ਜਾਂਦੇ ਹਨ। ਜੇ ਸੰਘ ਪਾੜ ਕੇ ਲੋਕਾਂ ਨੂੰ ਆਪਣੇ ਵੱਲ ਸੁਰਤੀਵਾਨ ਕੀਤਾ ਜਾ ਸਕਦਾ ਹੈ ਤਾਂ ਹੋਰ ਸਾਮਾਨ ਚੁੱਕਣ ਦੀ ਕੀ ਲੋੜ ਹੈ। ਆਦਮੀ ਦਾ ਸੰਘ ਹੈ ਤਾਂ ਨਿੱਕੀ ਜੇਹੀ ਚੀਜ਼ ਪਰ ਬੜੀ ਕਲਾਕਾਰੀ ਦਾ ਸੰਦ ਹੈ। ਜੀਅ ਚਾਹੇ ਭੈਰਵੀਂ ਛੇੜ ਕੇ ਰਾਗ ਦੇ ਫੱਟਿਆਂ ਦੀ ਭੀੜ ਉਦਾਲੇ ਕਰ ਲੌ, ਤੇ ਯਾ ਮਿਰਜ਼ੇ ਦੀਆਂ ਦੋ ਕੁ ਸੁਰਾਂ ਲਾ ਕੇ ਸਾਰਾ ਪਿੰਡ ਉਧਾਲ ਲਓ। ਜੇ ਰਾਗ ਨਾਲ ਸੁਰ ਨਾ ਹੋਵੇ ਤਾਂ ਖਾਲੀ ਸੰਘ ਪਾੜ ਕੇ ਹਾਲ-ਦੁਹਾਈ ਮਚਾਣ ਨਾਲ ਭੀ ਤਕੜੇ ਲੋਕ ਕੱਠੇ ਹੋ ਜਾਂਦੇ ਹਨ। ਜੇਹੜੀ ਚੀਜ਼ ਹੋਰ ਕੋਈ ਆਦਮੀ ਨਹੀਂ ਵੇਚ ਸਕਦਾ ਉਸ ਨੂੰ ਸੰਘ ਵਾਲਾ ਆਦਮੀ ਇਕ ਅੱਧੇ ਪਹਿਰ ਵਿੱਚ ਵੇਚ ਕੇ ਲਾਂਭੇ ਹੁੰਦਾ ਹੈ। ਲੋਕੀਂ ਆਪਣਾ ਮਾਲ ਵੇਚਣ ਲਈ ਸੌ ਅਡੰਬਰ ਰਚਦੇ ਹਨ, ਕੋਈ ਅਜਬ ਤਸਵੀਰ ਵਿਖਾਂਦਾ ਹੈ, ਕੋਈ ਆਪਣਾ ਵਿਆਪਾਰੀ ਚਿੰਨ, ਰਜਿਸਟਰ ਕਰਾਂਦਾ ਫਿਰਦਾ ਹੈ, ਪਰ ਸੰਘ ਦੇ ਹੁਨਰ ਵਾਲਾ ਆਦਮੀ ਆਪਣੇ ਸੰਘ ਦੀ ਆਵਾਜ਼ ਵਿਚੋਂ ਹੀ ਆਪਣਾ ਟ੍ਰੇਡ ਮਾਰਕ ਰਚ ਲੈਂਦਾ ਹੈ। ਕੀ ਮਜਾਲ ਕਿ ਉਸ ਦੀ ਆਵਾਜ਼ ਤੇ ਨਿਰਾਲੇ ਜੇਹੇ ਬੋਲ ਨੂੰ ਲੋੜੀਂ ਨਾ ਪਛਾਨਣ ਕਿ ਗੁਲਾਬੀ ਗੰਡੇਰੀਆਂ ਵਾਲਾ ਆ ਗਿਆ।

ਇਸ ਗੱਲੋਂ ਸਾਡਾ ਦੇਸ ਬੜਾ ਸਸਤੇ ਤੇ ਸੰਕੋਚੀ ਢੋਲ-ਢਮੱਕੇ ਵਾਲਾ ਦੇਸ ਹੈ ਤੇ ਨਾਲ ਇਹ ਵੀ ਕਹਿਣਾ ਪੈਂਦਾ ਹੈ। ਕਿ ਸੁਨਣ ਵਾਲੇ ਭੀ ਬੜੇ ਸ਼ਾਂਤ ਸੁਭਾ ਹਨ। ਭਾਵੇਂ ਕਿਸੇ ਕਿਸਮ ਦਾ ਅੜਾਟ ਪਾਈ ਜਾਓ ਸਾਡੇ ਪੰਜਾਬੀ ਐਡੇ ਸੀਲ ਸੁਭਾਵ ਹਨ ਕਿ ਸਭ ਨੂੰ ਮਲਹਾਰ ਹੀ ਸਮਝ ਛਡਦੇ ਹਨ। ਭਲਾ ਏਦੂੰ ਵਧ ਅਸ਼ਾਂਤ ਕਰਨ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ ਕਿ ਸਵੇਰੇ ਹੀ ਸਵੇਰੇ ਜਦ ਹਾਲਾਂ ਲੋਕਾਂ ਨੇ ਜਪੁਜੀ ਦਾ ਭੋਗ ਵੀ ਨਹੀਂ ਪਾਇਆ ਹੁੰਦਾ ਕਿ ਇਕ ਢੋਲ, ਵਾਜਾ ਤੇ ਦੂਜਾ ਟੱਲ ਵਾਲਾ ਰਲ ਕੇ ਸਾਰੇ ਜ਼ੋਰ ਨਾਲ ਦੋਨੋਂ ਸਾਜ਼ਾਂ ਨੂੰ ਖੜਕਾਂਦੇ ਸਾਡੀ ਕਮਾਈ ਉੱਤੇ ਲੱਗੇ ਟੈਕਸਾਂ ਨਾਲ ਬਣੀਆਂ ਸੜਕਾਂ ਉਤੇ ਆ ਜਾਂਦੇ ਹਨ ਤੇ ਲੋਕਾਂ ਨੂੰ ਆਪਣੀਆਂ ਵਸਤਾਂ ਖ਼ਰੀਦਣ ਦੀ ਪ੍ਰੇਰਨਾ ਕਰਦੇ ਹਨ। ਇਨ੍ਹਾਂ ਦਾ ਜਲੂਸ ਹਾਲਾਂ ਲੰਘਿਆਂ ਨਹੀਂ ਹੁੰਦਾ ਕਿ ਮਗਰ ਅਜਬ-ਅਜਬ ਮੁੰਡੇ ਸਿਨਮਾ ਦੇ ਵੱਡੇ ਵੱਡੇ ਇਸ਼ਤਿਹਾਰ ਚੁੱਕੀ ਦੋ-ਤਿੰਨ ਬੈਂਡ ਵਾਲਿਆਂ ਦੇ ਪਿੱਛੇ ਪਾਲ ਬੱਧੀ ਤੁਰੇ ਆ ਜਾਂਦੇ ਹਨ। ਕੋਈ ਆਖੇ ਏਸ ਦੇਸ ਵਾਲਿਆਂ ਨੂੰ ਸਿਨਮਾ ਦੇਖਣ ਤੋਂ ਛੁੱਟ ਹੋਰ ਕੋਈ ਕੰਮ ਨਹੀਂ।ਸਿਨਮਾ ਤਾਂ ਭਾਵੇਂ ਅਜੇ ਤੀਜੇ ਪਹਿਰ ਜਾਕੇ ਹੋਣਾ ਹੈ ਪਰ ਸਵੇਰ ਸਾਰ ਲੋਕਾਂ ਨੂੰ ਆਪਣੇ ਕੰਮ-ਧੰਦੇ ਦੀਆਂ ਵਿਚਾਰਾਂ ਸ਼ਾਂਤੀ ਨਾਲ ਆਪਣੇ ਮਨਾਂ ਵਿਚ ਫਰੋਲਣ ਦਾ ਭੀ ਅਸਰ ਨਹੀਂ ਲੱਭਦਾ। ਕੁਝ ਕਰੋ ਇਨ੍ਹਾਂ ਕੰਨ-ਪਾੜੂ ਅਲਗ਼ਰਜ਼ਾਂ ਦੇ ਹੱਥੋਂ ਜੋ ਆਪ ਤਾਂ ਸ਼ਾਇਦ ਆਪਣੇ ਘਰਾਂ ਵਿਚ ਪਏ ਅਜੇ ਰਾਤ ਦਾ ਉਣੀਂਦਾ ਹੀ ਲਾਹ ਰਹੇ ਹੁੰਦੇ ਹੋਣਗੇ ਅਸੀਂ ਬਚ ਨਹੀਂ ਸਕਦੇ। ਅਸਲੀ ਮਤਲਬ ਏਨ੍ਹਾਂ ਦਾ ਸਾਡੀਆਂ ਜੇਬਾਂ ਫਰੋਲਣ ਦਾ ਹੁੰਦਾ ਹੈ ਪਰ ਕਿੰਨੇ ਢੀਠ ਹਨ ਕਿ ਸਵੇਰੇ ਹੀ ਏਸ ਨੇਕ ਕੰਮ ਨੂੰ ਆਰੰਭ ਦੇਂਦੇ ਹਨ।

ਦਸ ਕੁ ਵਜੇ ਦਫ਼ਤਰ ਤੇ ਕਚਹਿਰੀਆਂ ਖੁੱਲ੍ਹ ਜਾਂਦੇ ਹਨ ਤੇ ਬਾਬੂਆਂ ਨੂੰ ਮੇਜ਼ਾਂ- ਕੁਰਸੀਆਂ ਸਿੱਧੀਆਂ ਕਰਦਿਆਂ ਨੂੰ ਦੁਪਹਿਰ ਦੇ ਰੇਡੀਓ ਅਰੰਭ ਹੋ ਜਾਂਦੇ ਹਨ। ਹਰ ਇਕ ਦੁਕਾਨਦਾਰ ਗਵਾਂਢੀ ਨਾਲੋਂ ਉੱਚੀ ਵਜਾਉਣ ਦਾ ਜਤਨ ਕਰਦਾ ਹੈ। ਬਾਜ਼ਾਰ ਇਕ ਰਾਮਰੌਲੇ ਦੀ ਮੰਡੀ ਬਣ ਜਾਂਦਾ ਹੈ ਜਿਸ ਵਿਚ ਵੱਧ ਤੋਂ ਵੱਧ ਰੌਲਾ ਪਾਉਣਾ ਇਕ ਫ਼ਰਜ਼ ਸਮਝਿਆ ਜਾਂਦਾ ਹੈ। ਬਜ਼ਾਰ ਵਿਚ ਤੁਰੇ ਜਾਂਦਿਆਂ ਸਹਿਜ-ਸੁਭਾਵਿਕ ਗੱਲ ਕਰਨਾ ਅਸੰਭਵ ਹੋ ਜਾਂਦਾ ਹੈ। ਦੋ-ਢਾਈ ਬਜੇ ਤੋੜੀ ਇਹ ਹਾਲ ਰਹਿੰਦਾ ਹੈ। ਘੰਟਾ ਕੁ ਹੋਰ ਲੰਘਾ ਕੇ ਸ਼ਾਮ ਪੈ ਜਾਂਦੀ ਹੈ ਤੇ ਫੇਰ ਸਾਰੇ ਦਿਨ ਦੀ ਕਸਰ ਕੱਢਣ ਲਈ ਰਾਤ ਦੇ ਪਹਿਰ ਲੰਘਣ ਤੀਕ ਹਰ ਇਕ ਛਾਬੜੀ ਤੇ ਰੇੜੀ ਵਾਲਾ ਸੁਦਾਗਰ ਰਹਿੰਦ-ਖੂੰਹਦ ਸੜੇ-ਗਲੇ "ਫਲ ਫਰੂਟਾਂ’’ ਨੂੰ "ਲਾ’’ ਦੇਣ ਲਈ ਰੱਜਕੇ ਰੌਲਾ ਪਾਉਂਦਾ ਹੈ। ਰੌਲੇ-ਗੌਲੇ ਅਤੇ ਸਮੇਂ ਦੇ ਸੁਰਤ-ਮਾਰੂ ਪ੍ਰਭਾਵ ਨਾਲ ਲੋਕੀਂ ਏਨੇ ਬੇਹੋਸ਼ ਜੇਹੇ ਹੋ ਜਾਂਦੇ ਹਨ ਕਿ ਬੇਹੀ ਤੋਂ ਬੇਹੀ ਭਾਜੀ ਤੇ ਗੰਦੀਆਂ-ਸੜੀਆਂ ਨਾਖਾਂ-ਸੇਬ ਸਭ ਲੱਗ ਜਾਂਦੇ ਹਨ ਤੇ ਵੇਚਣ ਵਾਲਿਆਂ ਦੇ ਛਾਬੜੇ ਖਾਲੀ ਹੋ ਜਾਂਦੇ ਹਨ।

ਸਿਨਮਿਆਂ ਘਰਾਂ ਦੀ ਤਾਂ ਗੱਲ ਹੀ ਨਾ ਕਰੋ। ਜਿਵੇਂ ਬੱਤੀ ਉਤੇ ਭਮੱਕੜ ਪੈਂਦੇ ਹਨ ਇਉਂ ਸਾਡੇ ਨਵੇਂ ਜਵਾਨ ਪੈਂਦੇ ਹਨ ਜਿਨ੍ਹਾਂ ਵਿਚੋਂ ਅੱਧਿਆਂ ਦੀ ਵਿੱਦਿਆ ਪ੍ਰਾਇਮਰੀ ਜਮਾਤਾਂ ਤੀਕ ਹੁੰਦੀ ਹੈ ਤੇ ਜਿਨ੍ਹਾਂ ਵਿੱਚੋਂ ਖੇਲ੍ਹ ਦਾ ਪੂਰਾ ਕਿੱਸਾ ਬਹੁਤ ਥੋੜ੍ਹੇ ਸਮਝਿਆ ਕਰਦੇ ਹਨ| ਸਮਝ ਕੀ ਤੇ ਰੌਲਾ ਕੀ, ਦੋਵੇਂ ਇਕ ਥਾਂ ਹੋ ਹੀ ਨਹੀਂ ਸਕਦੇ। ਜਦ ਤੋਂ ਅਜ਼ਾਦੀ ਆਈ ਹੈ। ਜਾਪਦਾ ਹੈ, ਕਿ ਰੌਲਾ ਪਾਉਣ ਦੀ ਪੂਰੀ ਅਜ਼ਾਦੀ ਹੋ ਗਈ। ਰੇਡੀਓ ਤੇ ਲਾਊਡਸਪੀਕਰਾਂ ਨਾਲ ਵਾਯੂਮੰਡਲ ਵਿਚ ਤਾਂ ਪਤਾ ਨਹੀਂ ਕਿ ਕੀ ਹੁੰਦਾ ਹੋਵੇਗਾ ਪਰ ਸਾਡੇ ਕੰਨ ਤੇ ਦਿਮਾਗ਼ ਤਾਂ ਵਿੰਨ੍ਹੇ ਪਏ ਹਨ। ਰੇਡੀਓ ਦਾ ਹਰ ਮਾਲਕ ਏਹੀ ਸਮਝਦਾ ਹੈ। ਕਿ ਮੇਰਾ ਰੇਡੀਓ ਸਾਰਿਆਂ ਨੂੰ ਸੁਨਣਾ ਚਾਹੀਦਾ ਹੈ, ਐਵੇਂ ਕੀ ਪਤਾ ਲੱਗੇਗਾ, ਰੇਡੀਓ ਦਾ। ਜਿਸ ਦੇਸ ਨੂੰ ਬਿਰਛਾਂ ਹੇਠ ਬੈਠੇ ਮੁਨੀਆਂ ਤੇ ਤਪੱਸੀਆਂ ਤੇ ਸ਼ਾਂਤ-ਚਿਤ ਘੱਟ ਬੋਲਣ ਵਾਲੇ ਬਣ ਬਾਸੀਆਂ ਦਾ ਦੇਸ ਆਖਿਆ ਜਾਂਦਾ ਹੈ ਉੱਥੇ ਪਤਾ ਹੀ ਨਹੀਂ ਲਗਦਾ ਕਿ ਚੁੱਪ ਤੇ ਸ਼ਾਂਤੀ ਕਿਹੋ-ਜਿਹੀ ਹੁੰਦੀ ਹੈ। ਕਿਵੇਂ ਹੋ ਸਕਦਾ ਹੈ ਕਿ ਸਾਡੇ ਸ਼ਹਿਰ ਵਾਸੀ ਨਾਗਰਿਕਾਂ ਦੀ ਸਿਹਤ ਏਹਨਾਂ ਅੱਠ ਪਹਰ ਪੈਣ ਵਾਲੀਆਂ ਚੋਟਾਂ ਨੂੰ ਝੱਲ ਕੇ ਸਾਬਤ ਰਹੇ।

ਏਨਾ ਰੌਲਾ ਜਾਂ ਜਿੰਨਾ ਕਿ ਸਾਡੇ ਬਜ਼ਾਰਾਂ ਵਿਚ ਪੈਂਦਾ ਹੈ ਰਾਤ ਪਈ ਤੋਂ ਗਿੱਦੜ ਵੀ ਨਹੀਂ ਪਾਉਂਦੇ।ਚਿੜੀਆ ਘਰਾਂ ਵਿੱਚ ਜਿੱਥੇ ਭਾਂਤ-ਭਾਂਤ ਦੇ ਜਾਨਵਰ ਹਨ ਬਹੁਤ ਘੱਟ ਅਵਾਜ਼ਾਂ ਸੁਣੀਦੀਆਂ ਹਨ। ਕਾਂ ਭੀ ਕਿਸੇ ਮਾਰੂ ਬਿੱਲੇ ਕੁੱਤੇ ਤੋਂ ਡਰ ਕੇ ਐਨੀ ਕਾਏਂ-ਕਾਏਂ ਕਰਦੇ ਹਨ। ਕੋਈ ਅਜਬ ਗੱਲ ਨਹੀਂ ਕਿ ਅਸੀਂ ਸੁਭਾਵਿਕ ਹੀ ਉੱਚੀ ਬੋਲਣ ਵਾਲੇ ਬਣਦੇ ਜਾ ਰਹੇ ਹਾਂ। ਰੌਲੇ ਵਿੱਚ ਬਿਨਾਂ ਉੱਚੀ ਬੋਲਣ ਤੋਂ ਸਰਦਾ ਨਹੀਂ। ਜਿਵੇਂ ਆਖਿਆ ਕਰਦੇ ਹਨ, “ਹੌਲੀ ਬੋਲ ਗੱਲ ਕਰਦਾ ਏਂ ਕਿ ਲੜਦਾ ਏਂ।" ਅਸੀਂ ਆਪਣੇ ਗਲਿਆਂ ਦੀ ਉਹ ਸੁਰੀਲੀ ਮੱਧਮ ਖਿੱਚ-ਭਰੀ ਤਾਲ ਨੂੰ ਭੁਲਾ ਰਹੇ ਹਾਂ ਕਿਉਂਕਿ ਸਾਨੂੰ ਰੌਲਾ ਪਾਉਣ ਵਾਲਿਆਂ ਨੂੰ ਰੋਕਣ ਤੇ ਉਹਨਾਂ ਦੇ ਕੰਨ ਖਿੱਚਣ ਦਾ ਹੌਸਲਾ ਨਹੀਂ।ਜਿਨ੍ਹਾਂ ਨੇ ਆਪਣੀਆਂ ਚੀਜ਼ਾਂ ਵੇਚਣੀਆਂ ਹਨ ਯਾ ਕੋਈ ਮੈਂਬਰੀ ਲੈਣੀ ਹੈ ਉਨ੍ਹਾਂ ਤਾਂ ਸਾਨੂੰ ਰੌਲਾ ਪਾ-ਪਾ ਆਪਣੇ ਵਲ ਖਿੱਚਣਾ ਹੋਇਆ। ਅਸੀਂ ਕਿਉਂ ਚੁਪ-ਚੁਪਾਤੇ ਓਹਨਾਂ ਦੇ ਸ਼ਿਕਾਰ ਬਣੀਏ।

ਜੇਕਰ ਏਹੀ ਹਾਲਤ ਰਹੀ ਜੋ ਹੁਣ ਹੈ, ਸਾਡੀ ਸੁਨਣ-ਸ਼ਕਤੀ ਦੀ ਸੂਖਮਤਾ ਚਲੀ ਜਾਵੇਗੀ। ਪਸ਼ੂਆਂ ਵਿਚ ਸੁੰਘਣ, ਸੁਨਣ ਤੇ ਵੇਖਣ ਦੀ ਬਾਰੀਕੀ ਏਨੀ ਕਿਉਂ ਹੁੰਦੀ ਹੈ? ਜੰਗਲ ਦਾ ਜਾਨਵਰ ਨੰਗੇ ਪੈਰ ਦੀ ਆਹਟ ਕਿਉਂ ਦੂਰੋਂ ਸੁਣ ਲੈਂਦਾ ਹੈ? ਕਿਉਂਕਿ ਉਹ ਕੁਦਰਤ ਦੀ ਚੁੱਪ, ਸ਼ਾਂਤੀ ਤੇ ਇਕਾਂਤ ਵਿਚ ਵੱਸਦਾ ਹੈ। ਆਦਮੀ ਇਕ ਤਰ੍ਹਾਂ ਜਿਸ ਨੂੰ ਸਾਰੇ ਸੂਖਮ ਭਾਵਾਂ ਦਾ ਜੋੜ ਆਖਿਆ ਜਾਂਦਾ ਹੈ, ਢੋਲ-ਢਮਾਕੇ ਤੇ ਰੌਲੇ ਵਿੱਚ ਰਹਿ ਕੇ ਪਸ਼ੂਆਂ ਨਾਲੋਂ ਖਹੁਰਾ ਤੇ ਡੰਡਪਾਊ ਬਣ ਰਿਹਾ ਹੈ।

(ਅਰਥਾਵਲੀ : ਅਲਗਰਜ਼ - ਬੇਪਰਵਾਹ। ਪ੍ਰੈਜ਼ੀਡੈਂਟ - ਰਾਸ਼ਟਰਪਤੀ, ਕਿਸੇ ਸਭਾ ਦਾ ਪ੍ਰਧਾਨ, ਸਭਾਪਤੀ। ਡੰਡ ਪਾਉਣੀ - ਰੌਲਾ ਪਾਉਣਾ। ਹੇਠ ਕਰਨਾ - ਨੀਵਾਂ ਦਿਖਾਉਣਾ। ਉਸਤਾਦੀ - ਚਲਾਕੀ, ਹੁਸ਼ਿਆਰੀ। ਚਿਤ ਕਰਨਾ - ਹਰਾ ਦੇਣਾ, ਪਛਾੜਨਾ, ਮਾਰਨਾ।ਪ੍ਰਿਥਮ - ਪਹਿਲੀ, ਮੁੱਖ। ਭੈਰਵੀਂ - ਸਵੇਰ ਵੇਲੇ ਗਾਉਣ ਵਾਲਾ ਰਾਗ। ਉਦਾਲੇ - ਆਲੇਦੁਆਲੇ, ਚੁਗਿਰਦੇ, ਲਾਗੇ-ਬੰਨੇ। ਅਡੰਬਰ - ਵਿਖਾਵਾ, ਪਖੰਡ, ਉੱਪਰਲੀ ਬਣਾਵਟ ਮਜਾਲ - ਜੁਰਅਤ, ਸਮਰੱਥਾ, ਸ਼ਕਤੀ। ਸੀਲ - ਸੀਤਲ ਸੁਭਾਅ ਵਾਲੇ, ਚੰਗੇ ਸੁਭਾਅ ਵਾਲੇ। ਭਮੱਕੜ - ਪਤੰਗਾ, ਪਰਵਾਨਾ। ਖਹੁਰਾ - ਖੁਰਦਰਾ, ਖਰਵਾ, ਸਖ਼ਤ। ਫੱਟਿਆਂ ਦੀ - ਕਦਰਦਾਨਾਂ ਦੀ, ਸ਼ੁਕੀਨਾਂ ਦੀ।)

  • ਮੁੱਖ ਪੰਨਾ : ਲਾਲ ਸਿੰਘ ਕਮਲਾ ਅਕਾਲੀ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ