Dhooni Da Baalan (Story in Punjabi) : Jack London
ਧੂਣੀ ਦਾ ਬਾਲਣ (ਕਹਾਣੀ) : ਜੈਕ ਲੰਡਨ
ਉਹ ਸਵੇਰ ਠਰੀ ਤੇ ਕੋਹਰੇ ਭਰੀ ਸੀ। ਸੀਤ ਅਤੇ ਕੋਹਰਾ ਆਪਣੀ ਸਿਖਰ ਤੇ ਸੀ ਜਦੋਂ ਉਸ ਆਦਮੀ ਨੇ ਮੁੱਖ ਯੂਕੋਨਨ ਪਗਡੰਡੀ ਨੂੰ ਛੱਡ ਪਹਾੜੀ ਉੱਤੇ ਚੜ੍ਹਨਾ ਸ਼ੁਰੂ ਕੀਤਾ ਜਿੱਥੋਂ ਬਾਂਸ ਦੇ ਇਲਾਕੇ ਨੂੰ ਜਾਣ ਵਾਲੀ ਕਦੇ ਕਦਾਈਂ ਵਰਤੋਂ ਵਿੱਚ ਆਉਣ ਵਾਲੀ ਪਗਡੰਡੀ ਦੇ ਹਲਕੇ ਜਿਹੇ ਨਿਸ਼ਾਨ ਸਨ। ਖੜੀ ਅਤੇ ਸਿੱਧੀ ਚੜ੍ਹਾਈ ਸੀ। ਉੱਪਰ ਪਹੁੰਚ ਉਸਨੇ ਆਪਣਾ ਸਾਹ ਨਾਰਮਲ ਕਰਨ ਲਈ ਹੱਥ ਘੜੀ ਨੂੰ ਦੇਖਣ ਦਾ ਬਹਾਨਾ ਬਣਾਇਆ। ਸਵੇਰ ਦੇ ਨੌਂ ਵਜ ਚੁੱਕੇ ਸਨ। ਸੂਰਜ ਦਾ ਕੋਈ ਅਤਾ ਪਤਾ ਨਹੀਂ ਸੀ, ਹਲਕੀ ਜਿਹੀ ਪਰਤੀਤੀ ਵੀ ਨਹੀਂ, ਜਦੋਂ ਕਿ ਅਕਾਸ਼ ਵਿੱਚ ਇੱਕ ਬੱਦਲ ਤੱਕ ਨਹੀਂ ਸੀ। ਪੂਰਾ ਸਾਫ਼ ਦਿਨ ਹੋਣ ਦੇ ਬਾਵਜੂਦ ਚੁਫੇਰੇ ਹਰ ਚੀਜ਼ ਢਕੀ ਹੋਈ ਲਗਦੀ ਸੀ। ਇੱਕ ਅਜਿਹੀ ਸੰਘਣੀ ਚਾਦਰ ਜਿਸ ਨਾਲ ਦਿਨੇ ਹਨੇਰੇ ਭਰਿਆ ਸੀ ਅਤੇ ਇਹ ਸੂਰਜ ਦੀ ਗੈਰਹਾਜ਼ਰੀ ਦੇ ਕਾਰਨ ਸੀ। ਇਸ ਤਥ ਤੋਂ ਆਦਮੀ ਕਦੇ ਵੀ ਪ੍ਰੇਸ਼ਾਨ ਨਹੀਂ ਸੀ। ਸੂਰਜ ਦੀ ਗੈਰਹਾਜ਼ਰੀ ਦਾ ਉਹ ਆਦੀ ਸੀ। ਉਸਨੇ ਪਿਛਲੇ ਕਈ ਦਿਨਾਂ ਤੋਂ ਸੂਰਜ ਨਹੀਂ ਵੇਖਿਆ ਸੀ। ਉਹ ਅੱਛੀ ਤਰ੍ਹਾਂ ਜਾਣਦਾ ਸੀ ਕਿ ਅਜੇ ਹੋਰ ਵੀ ਕਈ ਦਿਨ ਇਸੇ ਤਰ੍ਹਾਂ ਬੀਤਣਗੇ ਜਦੋਂ ਦੱਖਣ ਵਿੱਚ ਸੂਰਜ ਕੁੱਝ ਦੇਰ ਲਈ ਨਿਕਲ ਕੇ ਫਿਰ ਓਝਲ ਹੋ ਜਾਵੇਗਾ।
ਆਦਮੀ ਨੇ ਮੁੜ ਕੇ ਪਾਰ ਕੀਤੇ ਰਸਤੇ ਨੂੰ ਵੇਖਿਆ। ਕਰੀਬ ਇੱਕ ਮੀਲ ਪਿੱਛੇ, ਤਿੰਨ ਫੁੱਟ ਬਰਫ਼ ਦੇ ਹੇਠਾਂ ਯੂਕੋਨ ਲੁੱਕਿਆ ਦਬਿਆ ਪਿਆ ਸੀ। ਜੰਮੀ ਬਰਫ਼ ਦੇ ਉੱਤੇ ਕਈ ਫੁੱਟ ਹਲਕੀ ਜਿਹੀ ਬਰਫ਼ ਦੀ ਤਹਿ ਪਈ ਸੀ। ਚਾਰੇ ਤਰਫ ਚਿੱਟੇ ਸ਼ੁੱਧ ਬਰਫ਼ ਦੇ ਫੰਬਿਆਂ ਨੇ ਜੰਮੀ ਬਰਫ਼ ਨੂੰ ਢਕਿਆ ਹੋਇਆ ਸੀ। ਉਤਰ ਅਤੇ ਦੱਖਣ, ਜਿੱਥੇ ਤੱਕ ਉਸਦੀ ਨਿਗਾਹ ਜਾ ਰਹੀ ਸੀ, ਸਭ ਪਾਸੇ ਚਟਿਆਈ ਸੀ, ਬਸ ਦੂਰ ਦੱਖਣ ਵਿੱਚ ਉਸ ਬਰਫ਼ ਲੱਦੇ ਸਪ੍ਰੂਸਾਂ ਨਾਲ ਢਕੇ ਪ੍ਰਦੇਸ਼ ਦੀ ਬਰੀਕ ਚਾਪਨੁਮਾ ਟੇਢੀ ਮੇਢੀ ਕਾਲੀ ਲਕੀਰ ਨੂੰ ਛੱਡਕੇ ਜੋ ਉਤਰ ਤੱਕ ਟੇਢੀ ਮੇਢੀ ਚਲੀ ਜਾ ਰਹੀ ਸੀ ਅਤੇ ਆਖ਼ਰ ਇੱਕ ਹੋਰ ਬਰਫ਼ ਲੱਦੇ ਸਪ੍ਰੂਸਾਂ ਨਾਲ ਢਕੇ ਪ੍ਰਦੇਸ਼ ਦੇ ਪਿੱਛੇ ਜਾ ਮੁਕਦੀ ਸੀ। ਇਹ ਵਾਸਤਵ ਵਿੱਚ ਮੁਖ ਪਗਡੰਡੀ ਸੀ, ਜੋ ਦੱਖਣ ਤੋਂ ਪੰਜ ਸੌ ਮੀਲ ਦੂਰ ਚਿਲਕੂਟ ਘਾਟੀ ਤੋਂ ਹੁੰਦੇ ਸਮੁੰਦਰ ਤੱਕ ਅਤੇ ਫਿਰ ਸੱਤਰ ਮੀਲ ਉਤਰ ਵਿੱਚ ਦਾਸਨ ਅਤੇ ਫਿਰ ਇੱਕ ਹਜਾਰ ਮੀਲ ਦੂਰ ਚੁਲਾਟੋ ਤੋਂ ਹੁੰਦੇ ਅੰਤ ਡੇਢ ਹਜਾਰ ਮੀਲ ਦੂਰ ਬੇਰਿੰਗ ਸਮੁੰਦਰ ਦੇ ਤਟ ਉੱਤੇ ਬਸੇ ਸੇਂਟ ਮਿਚੇਲ ਸ਼ਹਿਰ ਤੱਕ ਜਾਂਦੀ ਸੀ।
ਵਾਲ ਵਰਗੀ ਬਰੀਕ ਰਹਸਮਈ ਬਹੁਤ ਦੂਰ ਤੱਕ ਜਾਣ ਵਾਲੀ ਪਗਡੰਡੀ, ਆਕਾਸ਼ ਤੇ ਗੈਰ ਮੌਜੂਦ ਸੂਰਜ, ਭਿਆਨਕ ਸੀਤ, ਇਕੱਲ ਅਤੇ ਅਲੌਕਿਕਤਾ ਦਾ ਆਦਮੀ ਤੇ ਕੋਈ ਪ੍ਰਭਾਵ ਨਹੀਂ ਪਿਆ ਸੀ, ਇਸ ਲਈ ਨਹੀਂ ਕਿ ਉਹ ਇਸ ਸਭ ਦਾ ਆਦੀ ਸੀ। ਸੱਚ ਇਹ ਸੀ ਕਿ ਉਹ ਇਸ ਇਲਾਕੇ ਲਈ ਅਜਨਬੀ ਸੀ। ਇੱਥੋਂ ਦੀ ਹੱਡ ਜਮਾ ਦੇਣ ਵਾਲੇ ਸੀਤ ਦਾ ਉਸਦਾ ਇਹ ਪਹਿਲਾ ਅਨੁਭਵ ਸੀ। ਉਸਦੀ ਸਮਸਿਆ ਇਹ ਸੀ ਕਿ ਉਹ ਪੂਰਨ ਤੌਰ ਤੇ ਕਲਪਨਾ ਤੋਂ ਕੋਰਾ ਸੀ। ਜੀਵਨ ਦੇ ਦੈਨਿਕ ਕੰਮਾਂ ਵਿੱਚ ਉਹ ਤੇਜ਼ ਤੱਰਾਰ ਸੀ ਲੇਕਿਨ ਕੇਵਲ ਵਸਤੂਆਂ ਨੂੰ ਲੈ ਕੇ, ਉਨ੍ਹਾਂ ਦੇ ਮਹੱਤਵ ਨੂੰ ਲੈ ਕੇ ਨਹੀਂ। ਜ਼ੀਰੋ ਤੋਂ ਪੰਜਾਹ ਡਿਗਰੀ ਥੱਲੇ ਦਾ ਭਾਵ ਅੱਸੀ ਡਿਗਰੀ ਜੰਮੀ ਬਰਫ਼ ਹੁੰਦਾ ਹੈ, ਇਸ ਸੱਚ ਦਾ ਉਸਦੇ ਲਈ ਸਿਰਫ ਇੰਨਾ ਭਾਵ ਸੀ ਕਿ ਕੜਕਦੀ ਠੰਡ ਹੈ, ਕੁੱਝ ਜਿਆਦਾ ਹੀ ਹੈ ਅਤੇ ਪ੍ਰੇਸ਼ਾਨ ਕਰਨ ਵਾਲੀ ਹੈ, ਬਸ। ਇਸਦੇ ਅੱਗੇ ਉਹ ਇਹ ਨਹੀਂ ਸੋਚ ਪਾਉਂਦਾ ਕਿ ਤਾਪਮਾਨ ਉੱਤੇ ਨਿਰਭਰ ਕਮਜ਼ੋਰ ਪ੍ਰਾਣੀ ਹੋਣ ਦੇ ਕਾਰਨ ਮਨੁੱਖ ਤਾਪ ਅਤੇ ਸੀਤ ਦੇ ਹਲਕੇ ਜਿਹੇ ਅੰਤਰਾਲ ਦੇ ਵਿੱਚ ਹੀ ਜਿੰਦਾ ਰਹਿਣ ਦੇ ਸਮਰਥ ਹੁੰਦਾ ਹੈ। ਇਸ ਨਾਲ ਜੁੜੀ ਮਨੁੱਖ ਦੀ ਮਰਣਸ਼ੀਲਤਾ ਅਤੇ ਸ੍ਰਿਸ਼ਟੀ ਵਿੱਚ ਮਨੁੱਖ ਦੇ ਸਥਾਨ ਵਰਗੀਆਂ ਵੱਡੀਆਂ ਗੱਲ੍ਹਾਂ ਸੋਚਣਾ ਉਸਦੀ ਸੀਮਾ ਦੇ ਬਾਹਰ ਸੀ । ਜ਼ੀਰੋ ਤੋਂ ਪੰਜਾਹ ਡਿਗਰੀ ਹੇਠਾਂ ਦਾ ਮਤਲਬ ਬਰਫ਼ ਨਾਲ ਖ਼ੂਨ ਜੰਮਣ ਤੋਂ ਬਚਣ ਲਈ ਮੇਕੋਸਿਨ, ਚਮੜੇ ਦੀ ਜੈਕੇਟ, ਕੰਨਟੋਪੇ ਅਤੇ ਮੋਟੇ ਕੰਬਲ ਦੀ ਆਵਸ਼ਕਤਾ ਹੁੰਦੀ ਹੈ। ਪੰਜਾਹ ਡਿਗਰੀ ਸੁੰਨ ਤੋਂ ਥੱਲੇ ਦਾ ਭਾਵ ਉਸਦੇ ਲਈ ਸਿਰਫ ਪੰਜਾਹ ਡਿਗਰੀ ਸੁੰਨ ਹੈ ਬਸ। ਤਾਪਮਾਨ ਦੀ ਇਸ ਗਿਰਾਵਟ ਨਾਲ ਜੁੜੇ ਜੋ ਵੀ ਹੋਰ ਅਰਥ ਹੁੰਦੇ ਹਨ ਉਸਦੇ ਜ਼ਿਹਨ ਵਿੱਚ ਇਸ ਵਿਸ਼ੇ ਬਾਰੇ ਕੋਈ ਵਿਚਾਰ ਹੀ ਨਹੀਂ ਸੀ।
ਜਿਵੇਂ ਹੀ ਅੱਗੇ ਵਧਣ ਲਈ ਉਹ ਮੁੜਿਆ, ਉਸਨੇ ਜਾਣ ਬੁੱਝ ਕੇ ਜ਼ੋਰ ਨਾਲ ਥੁੱਕਿਆ। ਥੁੱਕਣ ਦੇ ਬਾਅਦ ਜੋ ਜ਼ੋਰ ਦੀ ਆਵਾਜ਼ ਹੋਈ, ਉਸ ਤੋਂ ਉਹ ਚੌਂਕ ਗਿਆ। ਉਸਨੇ ਦੁਬਾਰਾ ਥੁੱਕਿਆ ਅਤੇ ਉਸਨੇ ਦੇਖਿਆ ਕਿ ਬਰਫ਼ ਤੇ ਡਿੱਗਣ ਤੋਂ ਪਹਿਲਾਂ ਹਵਾ ਵਿੱਚ ਜ਼ੋਰ ਦੀ ਚਿੜਚਿੜ ਫੈਲ ਗਈ। ਜ਼ੀਰੋ ਤੋਂ ਪੰਜਾਹ ਡਿਗਰੀ ਹੇਠਾਂ, ਥੁੱਕਣ ਉੱਤੇ ਚਿੜਚਿੜ ਹੁੰਦੀ ਹੈ, ਉਹ ਜਾਣਦਾ ਸੀ ਲੇਕਿਨ ਇੱਥੇ ਤਾਂ ਥੁੱਕ ਹਵਾ ਵਿੱਚ ਹੀ ਚਿੜਚਿੜ ਕਰ ਰਿਹਾ ਸੀ। ਇਸ ਵਿੱਚ ਕੋਈ ਸੰਦੇਹ ਨਹੀਂ ਸੀ ਕਿ ਤਾਪਮਾਨ ਪੰਜਾਹ ਡਿਗਰੀ ਜ਼ੀਰੋ ਤੋਂ ਜਿਆਦਾ ਹੀ ਹੇਠਾਂ ਸੀ, ਕਿੰਨਾ ਜਿਆਦਾ, ਇਸਦਾ ਉਸਨੂੰ ਕੋਈ ਅੰਦਾਜ਼ਾ ਨਹੀਂ ਸੀ। ਤਾਪਮਾਨ ਦੇ ਉੱਪਰ ਹੇਠਾਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਸੀ। ਉਸਨੇ ਹੇਂਡਰਸਨ ਕ੍ਰੀਕ ਦੇ ਖੱਬੇ ਪਾਸੇ ਪਹੁੰਚਣਾ ਸੀ, ਜਿੱਥੇ ਮੁੰਡੇ ਉਹਦਾ ਰਾਹ ਵੇਖ ਰਹੇ ਹੋਣਗੇ। ਉਹ ਇੰਡੀਅਨ ਕਰੀਕ ਕੰਟਰੀ ਨੂੰ ਵੱਖ ਕਰਨ ਵਾਲੀ ਲੀਕ ਤੋਂ ਹੁੰਦੇ ਹੋਏ ਗਏ ਸਨ, ਜਦੋਂ ਕਿ ਉਹ ਚੱਕਰ ਲਗਾਕੇ ਜਾ ਰਿਹਾ ਸੀ ਕਿਉਂਕਿ ਉਹ ਕੱਟੀ ਹੋਈ ਲੱਕੜੀ ਦੀਆਂ ਗੇਲੀਆਂ ਨੂੰ ਯੂਕੋਨ ਦੇ ਝਰਨਿਆਂ ਤੋਂ ਲਿਜਾਣ ਦੇ ਰਸਤੇ ਦੀ ਤਲਾਸ਼ ਵਿੱਚ ਨਿਕਲਿਆ ਸੀ। ਉਹ ਸ਼ਾਮ ਦੇ ਛੇ ਵਜੇ ਤੱਕ ਕੈਂਪ ਪਹੁੰਚ ਜਾਵੇਗਾ, ਤੱਦ ਤੱਕ ਮੁੰਡੇ ਉੱਥੇ ਪਹੁੰਚ ਚੁੱਕੇ ਹੋਣਗੇ, ਉਹ ਧੂਣੀ ਬਾਲ ਕੇ ਰੱਖਣਗੇ, ਸੇਕਣ ਦੇ ਲਈ, ਨਾਲ ਹੀ ਗਰਮਾ ਗਰਮ ਖਾਣਾ ਉਸਦੀ ਉਡੀਕ ਵਿੱਚ ਤਿਆਰ ਹੋਵੇਗਾ। ਦੁਪਹਿਰ ਦੇ ਭੋਜਨ ਲਈ ਉਸਨੇ ਆਪਣੀ ਜੈਕੇਟ ਵਿੱਚੋਂ ਉਭਰੇ ਬੰਡਲ ਨੂੰ ਹੱਥਾਂ ਨਾਲ ਥਪਥਪਾਇਆ। ਰੁਮਾਲ ਨਾਲ ਬੰਨ੍ਹਕੇ ਉਸਨੇ ਪੈਕਿਟ ਨੂੰ ਸ਼ਰਟ ਦੇ ਹੇਠਾਂ ਆਪਣੀ ਦੇਹ ਨਾਲ ਲਗਾਕੇ ਰੱਖਿਆ ਸੀ। ਬਰੈੱਡ ਨੂੰ ਜੰਮਣ ਤੋਂ ਬਚਾਉਣ ਦਾ ਇਹੀ ਇੱਕ ਸੁਖਾਲਾ ਢੰਗ ਸੀ। ਮੋਟੀ ਤਲੀ ਹੋਈ ਸੈਂਡਵਿਚ ਨੂੰ ਯਾਦ ਕਰਕੇ ਉਹ ਮੁਸਕਰਾ ਪਿਆ।
ਉੱਚੇ ਸੰਕੂਕਾਰ ਰੁੱਖਾਂ ਦੇ ਵਿੱਚੀਂ ਉਹ ਚੱਲ ਪਿਆ। ਪਗਡੰਡੀ ਉੱਤੇ ਬਹੁਤ ਸਾਰੇ ਹਲਕੇ ਹਲਕੇ ਨਿਸ਼ਾਨ ਸਨ। ਆਖਰੀ ਬਰਫ਼-ਗੱਡੀ ਨਿਕਲਣ ਦੇ ਬਾਅਦ ਇੱਕ ਫੁੱਟ ਬਰਫ਼ ਡਿੱਗ ਚੁੱਕੀ ਸੀ। ਉਹ ਪ੍ਰਸੰਨ ਸੀ ਕਿ ਉਸਦੇ ਕੋਲ ਬਰਫ਼ ਗੱਡੀ ਦਾ ਬੋਝ ਨਹੀਂ ਸੀ। ਸੱਚ ਇਹ ਸੀ ਕਿ ਉਸਦੇ ਕੋਲ ਰੁਮਾਲ ਨਾਲ ਲਪੇਟੇ ਭੋਜਨ ਦੇ ਇਲਾਵਾ ਕੁੱਝ ਵੀ ਨਹੀਂ ਸੀ। ਹਾਲਾਂਕਿ ਸੀਤ ਦੇ ਡਰਾਉਣੇਪਣ ਤੋਂ ਉਸਨੂੰ ਆਚਰਜ ਹੋ ਰਿਹਾ ਸੀ। ਠੰਡ ਦਰਅਸਲ ਬਹੁਤ ਜਿਆਦਾ ਹੈ, ਇਹ ਨਤੀਜਾ ਕੱਢਦੇ ਹੋਏ ਉਸਨੇ ਠਰਦੇ ਹੱਥਾਂ ਨਾਲ ਆਪਣੀਆਂ ਗੱਲ੍ਹਾਂ ਅਤੇ ਸੁੰਨ ਹੋਈ ਨੱਕ ਨੂੰ ਜ਼ੋਰ ਨਾਲ ਰਗੜਿਆ। ਉਹ ਸੰਘਣੀਆਂ ਦਾੜ੍ਹੀ ਮੁੱਛਾਂ ਵਾਲਾ ਆਦਮੀ ਸੀ, ਪਰ ਉਸਦੀ ਵੱਡੀ ਵੱਡੀ ਦਾੜ੍ਹੀ ਉਸਦੀਆਂ ਗੱਲ੍ਹਾਂ ਅਤੇ ਸੁੰਨ ਹੋ ਰਹੀ ਲੰਬੀ ਨੱਕ ਦੀ ਬਰਫ਼ੀਲੀ ਹਵਾ ਤੋਂ ਰੱਖਿਆ ਕਰਨ ਵਿੱਚ ਅਸਮਰਥ ਸੀ।
ਆਦਮੀ ਦੇ ਠੀਕ ਪਿੱਛੇ ਇੱਕ ਵਿਸ਼ਾਲਾਕਾਰ ਵੱਡੇ ਵੱਡੇ ਜੱਤਲ ਵਾਲਾਂ ਵਾਲਾ ਕੁੱਤਾ ਚੱਲ ਰਿਹਾ ਸੀ ਜੋ ਆਪਣੇ ਜੰਗਲੀ ਭਰਾ ਬਘਿਆੜ ਨਾਲ ਐਨ ਮਿਲਦਾ ਜੁਲਦਾ ਸੀ। ਕੁੱਤਾ ਭਿਆਨਕ ਸਰਦੀ ਤੋਂ ਪ੍ਰੇਸ਼ਾਨ ਸੀ। ਉਹ ਜਾਣਦਾ ਸੀ ਕਿ ਇਹ ਯਾਤਰਾ ਦਾ ਸਮਾਂ ਕਦਾਚਿਤ ਨਹੀਂ ਸੀ। ਆਦਮੀ ਦੀ ਬੁਧੀ ਤੋਂ ਜਿਆਦਾ ਉਸਦੀ ਕੁਦਰਤੀ ਬਿਰਤੀ ਵਿਪਰੀਤ ਮੌਸਮ ਬਾਰੇ ਉਸਨੂੰ ਸੁਚੇਤ ਕਰ ਰਹੀ ਸੀ। ਸੱਚ ਇਹ ਸੀ ਕਿ ਤਾਪਮਾਨ ਜ਼ੀਰੋ ਤੋਂ ਪੰਜਾਹ ਡਿਗਰੀ ਤੋਂ ਕਿਤੇ ਹੇਠਾਂ ਸੀ, ਸੱਠ ਡਿਗਰੀ ਤੋਂ ਜਿਆਦਾ ਬਲਕਿ ਸੱਤਰ ਤੋਂ ਵੀ ਜਿਆਦਾ ਹੇਠਾਂ ਸੀ। ਵਾਸਤਵ ਵਿੱਚ ਉਸ ਸਮੇਂ ਤਾਪਮਾਨ ਪੰਝੱਤਰ ਡਿਗਰੀ ਤੋਂ ਹੇਠਾਂ ਸੀ। ਨਾਰਮਲ ਤੌਰ ਤੇ ਜ਼ੀਰੋ ਤੋਂ ਬੱਤੀ ਡਿਗਰੀ ਉਪਰ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ। ਇਸਦਾ ਭਾਵ ਇਹ ਸੀ ਕਿ ਇੱਕ ਸੌ ਸੱਤ ਡਿਗਰੀ ਬਰਫ਼ ਉਸ ਸਮੇਂ ਜੰਮ ਚੁੱਕੀ ਸੀ। ਕੁੱਤੇ ਨੂੰ ਥਰਮਾਮੀਟਰ ਬਾਰੇ ਕੋਈ ਗਿਆਨ ਨਹੀਂ ਸੀ। ਸੰਭਵ ਹੈ ਉਸਦੇ ਜਿਹਨ ਵਿੱਚ ਸੀਤ ਦੀ ਬਹੁਤ ਜਿਆਦਾ ਤੀਬਰਤਾ ਨੂੰ ਲੈ ਕੇ ਮਨੁੱਖ ਵਾਂਗ ਚੇਤਨਾ ਨਹੀਂ ਸੀ, ਕਿੰਤੂ ਪਸ਼ੂ ਦੀ ਆਪਣੀ ਅੰਤਰੀਵ ਸਹਿਜ ਸੰਵੇਦਨਾ ਹੁੰਦੀ ਹੈ। ਉਸ ਵਿੱਚ ਇੰਨੀ ਸਮਝ ਅਵਸ਼ ਸੀ ਕਿ ਆਦਮੀ ਦੇ ਪਿੱਛੇ ਚਲਣ ਵਿੱਚ ਹੀ ਉਸਦੀ ਭਲਾਈ ਸੀ। ਥੋੜੀ ਥੋੜੀ ਦੇਰ ਬਾਅਦ ਉਹ ਆਦਮੀ ਨੂੰ ਪ੍ਰਸ਼ਨ ਭਰੀਆਂ ਨਜਰਾਂ ਨਾਲ ਟੋਹ ਲੈਂਦਾ ਸੀ ਕਿ ਕਦੋਂ ਕਿਸੇ ਕੈਂਪ ਵਿੱਚ ਉਹ ਪਹੁੰਚੇਗਾ ਅਤੇ ਅੱਗ ਜਲਾਵੇਗਾ। ਉਹ ਇਸ ਉਂਮੀਦ ਵਿੱਚ ਉਸਦੇ ਪਿੱਛੇ ਚੱਲ ਰਿਹਾ ਸੀ। ਕੁੱਤਾ ਅੱਗ ਤੋਂ ਮਿਲਣ ਵਾਲੀ ਸੁੱਖਦਾਈ ਸੇਕ ਬਾਰੇ ਅੱਛੀ ਤਰ੍ਹਾਂ ਜਾਣਦਾ ਸੀ। ਜੇਕਰ ਉਸਨੂੰ ਅੱਗ ਨਹੀਂ ਮਿਲਦੀ, ਤਾਂ ਉਹ ਬਰਫ਼ ਦੇ ਢੇਰ ਦੇ ਹੇਠਾਂ ਹਵਾ ਤੋਂ ਬਚਣ ਲਈ ਦੁਬਕ ਕੇ ਰਹਿਣਾ ਪਸੰਦ ਕਰੇਗਾ।
ਕੁੱਤੇ ਦੀ ਸਾਹ ਰਾਹੀਂ ਨਿਕਲੀ ਹਵਾ, ਉਸਦੇ ਵਾਲਾਂ ਉੱਤੇ ਡਿੱਗੀ ਬਰਫ਼ ਦੇ ਨਾਲ ਮਿਲਕੇ ਜੰਮ ਰਹੀ ਸੀ। ਉਸਦੇ ਜਬਾੜੇ, ਨਾਸਾਂ ਅਤੇ ਉਸਦੀਆਂ ਭਵਾਂ ਹਵਾ ਵਿੱਚ ਮਿਲ ਪੂਰੀ ਤਰ੍ਹਾਂ ਚਿੱਟੇ ਹੋ ਚੁੱਕੇ ਸਨ। ਆਦਮੀ ਦੀ ਦਾੜ੍ਹੀ ਅਤੇ ਮੁੱਛਾਂ ਦੇ ਲਾਲ ਬਾਲ ਠੀਕ ਕੁੱਤੇ ਦੀ ਤਰ੍ਹਾਂ ਚਿੱਟੇ ਸਨ, ਹਾਲਾਂਕਿ ਉਸਦੇ ਚਿਹਰੇ ਉੱਤੇ ਕੁੱਤੇ ਦੀ ਬਰਫ਼ ਤੋਂ ਜਿਆਦਾ ਬਰਫ਼ ਜੰਮ ਚੁੱਕੀ ਸੀ, ਜੋ ਹਰ ਸਾਹ ਦੇ ਨਾਲ ਵੱਧਦੀ ਜਾ ਰਹੀ ਸੀ। ਆਦਮੀ ਤਮਾਖੂ ਚਬਾ ਰਿਹਾ ਸੀ। ਠੰਡੇ ਬੁੱਲਾਂ ਉੱਤੇ ਜੰਮੀ ਬਰਫ਼ ਵਿੱਚੋਂ ਤਮਾਖੂ ਦੀ ਪੀਕ ਛੱਡਦੇ ਸਮੇਂ ਉਸਦੀ ਠੋਡੀ ਉੱਤੇ ਅਟਕ ਜਾਂਦੀ ਸੀ। ਉਸ ਨਾਲ ਉਸਦੀ ਦਾੜ੍ਹੀ ਹੋਰ ਵੱਧਦੀ ਚੱਲੀ ਜਾ ਰਹੀ ਸੀ। ਜੇਕਰ ਉਹ ਡਿੱਗ ਪੈਂਦਾ ਤਾਂ ਉਹ ਕੱਚ ਦੇ ਟੁਕੜਿਆਂ ਦੀ ਤਰ੍ਹਾਂ ਆਪਣੇ ਆਪ ਟੁੱਟ ਕੇ ਬਿਖਰ ਜਾਂਦੀ। ਉਸਨੂੰ ਇਸਦੀ ਪਰਵਾਹ ਨਹੀਂ ਸੀ, ਕਿਉਂਕਿ ਇਹ ਤਾਂ ਦੇਸ਼ ਦੇ ਹਰ ਤਮਾਖੂ ਖਾਣ ਵਾਲੇ ਨੂੰ ਭੁਗਤਣਾ ਹੀ ਪੈਂਦਾ ਹੈ। ਉਹ ਇਸਦੇ ਪਹਿਲਾਂ ਦੋ ਵਾਰ ਅਜਿਹੀ ਠੰਡ ਵਿੱਚ ਨਿਕਲ ਚੁੱਕਿਆ ਸੀ ਲੇਕਿਨ ਉਹ ਜਾਣਦਾ ਸੀ ਕਿ ਉਹ ਸਫਰ ਇੰਨੇ ਠੰਡੇ ਨਹੀਂ ਸਨ ਜਿਵੇਂ ਅੱਜ ਹੈ। ਉਸਨੂੰ ਪਤਾ ਸੀ ਕਿ ਥਰਮਾਮੀਟਰ ਦਾ ਪਾਰਾ ਸੱਠ ਦੇ ਆਸਪਾਸ ਸੀ, ਜਦੋਂ ਕਿ ਉਨ੍ਹਾਂ ਯਾਤਰਾਵਾਂ ਦੇ ਸਮੇਂ ਪੰਜਾਹ ਪਚਵੰਜਾ ਦੇ ਆਸਪਾਸ ਸੀ।
ਉਹ ਬਰਫ਼ੀਲੇ ਜੰਗਲ ਵਿੱਚ ਮੀਲਾਂ ਮੀਲ ਚੱਲਦਾ ਜਾ ਰਿਹਾ ਸੀ। ਉਸਨੇ ਨੀਗਰੋ ਸਿਰਾਂ ਦੇ ਇੱਕ ਚੌੜੇ ਟੋਟੇ ਨੂੰ ਪਾਰ ਕੀਤਾ, ਉਸਦੇ ਬਾਅਦ ਬਰਫ਼ ਦੇ ਜੰਮੇ ਹੋਏ ਨਹਿਰੀ ਪੱਤਣ ਤੇ ਉਤਰ ਗਿਆ। ਉਹ ਹੇਂਡਰਸਨ ਦੀ ਕ੍ਰੀਕ ਸੀ। ਉਸਨੂੰ ਅਨੁਮਾਨ ਸੀ ਕਿ ਉਸਨੂੰ ਅਜੇ ਦਸ ਮੀਲ ਹੋਰ ਚੱਲਣਾ ਹੈ। ਉਸਨੇ ਘੜੀ ਵੇਖੀ। ਦਸ ਵਜੇ ਸਨ। ਉਹ ਇੱਕ ਘੰਟੇ ਵਿੱਚ ਚਾਰ ਮੀਲ ਦੀ ਰਫਤਾਰ ਨਾਲ ਚੱਲ ਰਿਹਾ ਸੀ। ਉਸਨੇ ਹਿਸਾਬ ਲਗਾਇਆ ਕਿ ਉਹ ਸਾਢੇ ਬਾਰਾਂ ਦੇ ਨੇੜੇ ਵਾਲੇ ਦੋਰਾਹੇ ਉੱਤੇ ਪਹੁੰਚ ਜਾਵੇਗਾ। ਆਪਣੀ ਇਸ ਸਫਲਤਾ ਦਾ ਜਸ਼ਨ ਲੰਚ ਕਰਕੇ ਮਨਾਉਣ ਦਾ ਉਸਨੇ ਨਿਸ਼ਚਾ ਕੀਤਾ।
ਆਪਣੀ ਪੂਛ ਨੂੰ ਨਿਰਾਸ਼ਾ ਵਿੱਚ ਦਬਾਈਂ ਕੁੱਤਾ ਉਸਦੇ ਪਿੱਛੇ ਪਿੱਛੇ ਜਾ ਰਿਹਾ ਸੀ, ਉਸ ਸਮੇਂ ਆਦਮੀ ਛੋਟੀ ਸੁੱਕੀ ਨਦੀ ਦੇ ਨਾਲ ਨਾਲ ਮੁੜ ਰਿਹਾ ਸੀ। ਪਹਿਲਾਂ ਨਿਕਲੀ ਬਰਫ਼ ਗੱਡੀ ਦੀ ਲੀਹ ਸਾਫ਼ ਸਾਫ਼ ਵਿਖਾਈ ਦੇ ਰਹੀ ਸੀ, ਲੇਕਿਨ ਬਰਫ਼ ਗੱਡੀ ਦੇ ਨਾਲ ਦੌੜਨ ਵਾਲਿਆਂ ਦੇ ਪੈਰਾਂ ਦੇ ਚਿੰਨਾਂ ਉੱਤੇ ਬਰਫ਼ ਦੀ ਕਈ ਇੰਚ ਤੈਹ ਜੰਮ ਚੁੱਕੀ ਸੀ। ਇਹ ਸਪਸ਼ਟ ਸੀ ਕਿ ਉਸ ਸ਼ਾਂਤ ਟਾਪੂ ਦੇ ਇਲਾਕੇ ਵਿੱਚ ਮਹੀਨੇ ਭਰ ਤੋਂ ਕੋਈ ਵੀ ਨਹੀਂ ਆਇਆ ਸੀ। ਆਦਮੀ ਰਵਾਂ ਚਾਲ ਚੱਲਦਾ ਜਾ ਰਿਹਾ ਸੀ। ਉਹ ਸੋਚਣ ਵਿਚਾਰਨ ਵਾਲੇ ਲੋਕਾਂ ਵਿੱਚ ਨਹੀਂ ਸੀ ਅਤੇ ਫਿਰ ਉਸਦੇ ਕੋਲ ਸੋਚਣ ਨੂੰ ਕੁੱਝ ਸੀ ਵੀ ਨਹੀਂ, ਇਲਾਵਾ ਇਸਦੇ ਕਿ ਉਹ ਦੋਰਾਹੇ ਉੱਤੇ ਲੰਚ ਲਵੇਗਾ ਅਤੇ ਸ਼ਾਮ ਦੇ ਛੇ ਵਜੇ ਤੱਕ ਮੁੰਡਿਆਂ ਦੇ ਕੋਲ ਕੈਂਪ ਵਿੱਚ ਹੋਵੇਗਾ। ਅਜੇ ਕੋਈ ਗੱਲ ਕਰਨ ਵਾਲਾ ਕੋਈ ਹਮਰਾਹੀ ਵੀ ਨਹੀਂ ਸੀ ਅਤੇ ਜੇਕਰ ਹੁੰਦਾ ਵੀ ਤਾਂ ਮੂੰਹ ਉੱਤੇ ਜੰਮੀ ਬਰਫ਼ ਦੀ ਛਿੱਕਲੀ ਕਾਰਨ ਗੱਲ ਕਰਨਾ ਸੰਭਵ ਹੋਣਾ ਵੀ ਨਹੀਂ ਸੀ। ਇਸ ਲਈ ਉਹ ਲਗਾਤਾਰ ਤਮਾਖੂ ਚਬਾਈਂ ਜਾ ਰਿਹਾ ਸੀ ਅਤੇ ਆਪਣੀ ਭੂਰੀ ਹੁੰਦੀ ਦਾੜ੍ਹੀ ਨੂੰ ਪੀਕ ਥੁੱਕ ਥੁੱਕ ਕੇ ਵਧਾ ਰਿਹਾ ਸੀ।
ਉਸਦੇ ਮਨ ਵਿੱਚ ਇੱਕ ਵਿਚਾਰ ਵਾਰ ਵਾਰ ਉਠ ਰਿਹਾ ਸੀ ਕਿ ਅੱਜ ਠੰਡ ਕੁੱਝ ਜਿਆਦਾ ਹੀ ਹੈ। ਇਸਦੇ ਪਹਿਲਾਂ ਉਸਨੇ ਅਜਿਹੀ ਹੱਡ ਸੁੰਨ ਕਰ ਦੇਣ ਵਾਲੀ ਠੰਡ ਕਦੇ ਮਹਿਸੂਸ ਨਹੀਂ ਕੀਤੀ ਸੀ। ਚਲਦੇ ਚਲਦੇ ਉਹਨੇ ਆਪਣੇ ਦਸਤਾਨਾ ਪਹਿਨੇ ਹਥ ਦੇ ਪੁੱਠੇ ਪਾਸੇ ਨਾਲ ਆਪਣੀਆਂ ਗੱਲ੍ਹਾਂ ਦੀਆਂ ਹੱਡੀਆਂ ਨੂੰ ਅਤੇ ਨੱਕ ਨੂੰ ਰਗੜਿਆ। ਉਹ ਅਜਿਹਾ ਅਣਜਾਣੇ ਹੀ ਕਰੀ ਜਾ ਰਿਹਾ ਸੀ, ਕਦੇ ਇੱਕ ਹੱਥ ਨਾਲ ਕਦੇ ਦੂਜੇ ਨਾਲ। ਲੇਕਿਨ ਜਿਉਂ ਹੀ ਰਗੜਨਾ ਬੰਦ ਕਰ ਹੱਥ ਹੇਠਾਂ ਕਰਦਾ ਉਂਜ ਹੀ ਉਸਦੀਆਂ ਗੱਲ੍ਹਾਂ ਫਿਰ ਸੁੰਨ ਹੋ ਜਾਂਦੀਆਂ ਅਤੇ ਦੂਜੇ ਹੀ ਪਲ ਨੱਕ ਦੀ ਨੋਕ ਫਿਰ ਸੁੰਨ ਹੋ ਜਾਂਦੀ। ਉਸਨੂੰ ਪੂਰਨ ਵਿਸ਼ਵਾਸ ਸੀ ਕਿ ਉਸਦੀਆਂ ਗੱਲ੍ਹਾਂ ਜੰਮ ਜਾਣਗੀਆਂ ਅਤੇ ਇਹ ਵਿਚਾਰ ਆਉਂਦੇ ਹੀ ਉਸਨੂੰ ਪਸ਼ਚਾਤਾਪ ਹੋਣ ਲੱਗਦਾ ਕਿ ਉਸਨੇ ਨੱਕ ਰਖਿਅਕ ਪੱਟੀ ਦਾ ਕੋਈ ਨਾ ਕੋਈ ਇੰਤਜਾਮ ਕਿਉਂ ਨਹੀਂ ਕੀਤਾ। ਉਹ ਪੱਟੀ ਨੱਕ ਅਤੇ ਦੋਨੋਂ ਗੱਲ੍ਹਾਂ ਦਾ ਆਰਾਮ ਨਾਲ ਬਚਾ ਕਰ ਲੈਂਦੀ। ਕਿੰਤੂ ਹੁਣ ਸੋਚਣ ਦਾ ਕੀ ਫ਼ਾਇਦਾ ਸੀ ਭਲਾ। ਅਖੀਰ ਬਰਫ਼ੀਲੀਆਂ ਗੱਲ੍ਹਾਂ ਹੁੰਦੀਆਂ ਕੀ ਹਨ? ਬਸ ਇੰਨਾ ਹੀ ਨਾ ਕਿ ਉਨ੍ਹਾਂ ਵਿੱਚ ਰਹਿ ਰਹਿ ਕੇ ਦਰਦ ਹੋਣ ਲੱਗਦਾ ਹੈ। ਇਹ ਕੋਈ ਵਿਸ਼ੇਸ਼ ਚਿੰਤਾ ਦੀ ਗੱਲ ਨਹੀਂ ਸੀ।
ਹਾਲਾਂਕਿ ਆਦਮੀ ਦਾ ਜਿਹਨ ਵਿਚਾਰ ਸੁੰਨ ਸੀ, ਫਿਰ ਵੀ ਉਹ ਚਲਦੇ ਚਲਦੇ ਜੰਮੀ ਨਦੀ ਵਿੱਚ ਹੁੰਦੀ ਤਬਦੀਲੀ ਨੂੰ ਵੇਖ ਰਿਹਾ ਸੀ – ਮੋੜ, ਗੋਲਾਈ, ਵਿੱਚ ਵਿੱਚ ਪਈਆਂ ਲੱਕੜ ਦੀਆਂ ਲੱਠਾਂ, ਖਾਸ ਤੌਰ ਤੇ ਜਿਥੇ ਉਹ ਪੈਰ ਰੱਖਦਾ ਸੀ। ਇੱਕ ਮੋੜ ਤੇ ਉਹ ਘੋੜੇ ਦੀ ਤਰ੍ਹਾਂ ਬਿਦਕਿਆ ਅਤੇ ਉਹ ਆਪਣੇ ਪੈਰਾਂ ਦੇ ਨਿਸ਼ਾਨਾਂ ਨੂੰ ਰੌਂਦਦਾ ਤੇਜ਼ੀ ਨਾਲ ਪਿੱਛੇ ਪਰਤਿਆ। ਉਹ ਜਿਸ ਨਦੀ ਨੂੰ ਜਾਣਦਾ ਸੀ ਉਹ ਤਲ ਤੱਕ ਜੰਮੀ ਸੀ। ਧਰੁਵੀ ਸੀਤ ਵਿੱਚ ਕਿਸੇ ਵੀ ਨਦੀ ਵਿੱਚ ਪਾਣੀ ਹੋਣ ਦਾ ਪ੍ਰਸ਼ਨ ਹੀ ਨਹੀਂ ਸੀ, ਲੇਕਿਨ ਉਹ ਇਹ ਵੀ ਜਾਣਦਾ ਸੀ ਕਿ ਪਹਾੜੀ ਦੇ ਕੰਢੇ ਕੰਢੇ ਝਰਨਿਆਂ ਵਲੋਂ ਬਰਫ਼ ਦੀ ਨੋਕ ਉੱਤੇ ਪਾਣੀ ਵਗਦਾ ਰਹਿੰਦਾ ਹੈ। ਉਸਨੂੰ ਭਲੀ ਭਾਂਤੀ ਪਤਾ ਸੀ ਕਿ ਕਿੰਨੀ ਵੀ ਭਿਆਨਕ ਠੰਡ ਕਿਉਂ ਨਾ ਪਏ, ਇਹ ਝਰਨੇ ਕਦੇ ਬੰਦ ਨਹੀਂ ਹੁੰਦੇ, ਇਹ ਹਮੇਸ਼ਾ ਵਗਦੇ ਰਹਿੰਦੇ ਹਨ। ਉਹ ਇਨ੍ਹਾਂ ਤੋਂ ਹੋਣ ਵਾਲੇ ਖ਼ਤਰੇ ਤੋਂ ਵੀ ਪੂਰੀ ਤਰ੍ਹਾਂ ਵਾਕਫ਼ ਸੀ। ਇਹ ਫੰਦਾ ਹੈ। ਬਰਫ਼ ਦੇ ਹੇਠਾਂ ਟੋਆ ਹੋ ਸਕਦਾ ਹੈ। ਤਿੰਨ ਇੰਚ ਗਹਿਰਾ ਵੀ ਅਤੇ ਤਿੰਨ ਫੁੱਟ ਵੀ। ਕਦੇ – ਕਦਾਈਂ ਸਿਰਫ ਅੱਧੇ ਇੰਚ ਦੀ ਬਰਫ਼ ਦੀ ਤਹਿ ਹੀ ਰਹਿੰਦੀ ਹੈ, ਇਸ ਉੱਤੇ। ਕਦੇ – ਕਦੇ ਤਾਂ ਬਰਫ਼ ਦੇ ਹੇਠਾਂ ਪਾਣੀ, ਫਿਰ ਬਰਫ਼ ਅਤੇ ਫਿਰ ਪਾਣੀ ਭਰਿਆ ਹੁੰਦਾ ਹੈ ਅਤੇ ਆਦਮੀ ਕੁੱਝ ਹੀ ਪਲਾਂ ਵਿੱਚ ਕਮਰ ਤੱਕ ਆਪਣੇ ਆਪ ਨੂੰ ਪਾਣੀ ਵਿੱਚ ਡੁੱਬਿਆ ਪਾਉਂਦਾ ਹੈ।
ਉਸਦੇ ਬਿਦਕਣ ਦਾ ਇਹੀ ਕਾਰਨ ਸੀ। ਉਸਨੇ ਪੈਰਾਂ ਦੇ ਹੇਠਾਂ ਟੁੱਟਦੀ ਬਰਫ਼ ਨੂੰ ਟੁੱਟਦੇ ਸੁਣ ਲਿਆ ਸੀ। ਭਿਆਨਕ ਸੀਤ ਅਤੇ ਤਾਪਮਾਨ ਵਿੱਚ ਪੈਰਾਂ ਦੇ ਭਿੱਜਣ ਤੋਂ ਉਤਪੰਨ ਸਮਸਿਆ ਤੋਂ ਉਹ ਬਖ਼ੂਬੀ ਵਾਕਫ਼ ਸੀ। ਜਿਆਦਾ ਤੋਂ ਜਿਆਦਾ ਉਸਨੂੰ ਪਹੁੰਚਣ ਵਿੱਚ ਦੇਰੀ ਹੀ ਤਾਂ ਹੋਵੇਗੀ। ਰੁਕ ਕੇ ਅੱਗ ਜਲਾਉਣਾ ਜਿਆਦਾ ਅਵਸ਼ਕ ਸੀ। ਅੱਗ ਵਿੱਚ ਆਪਣੇ ਮੋਜੇ, ਮੇਕੋਸਿਨ ਜੈਕਿਟ ਸੁਕਾਉਣਾ ਜਰੂਰੀ ਸੀ। ਕੁੱਝ ਦੂਰ ਤੱਕ ਵਾਪਸ ਪਰਤ, ਉਹ ਰੁਕਿਆ, ਨਦੀ ਅਤੇ ਉਸਦੇ ਤਟ ਨੂੰ ਗੌਰ ਨਾਲ ਦੇਖਣ ਦੇ ਬਾਅਦ ਉਸਨੇ ਨਿਸ਼ਚਾ ਕੀਤਾ ਕਿ ਪਾਣੀ ਦਾ ਵਹਾਅ ਸੱਜੇ ਵੱਲ ਹੈ। ਕੁੱਝ ਦੇਰ ਨੱਕ ਅਤੇ ਗੱਲ੍ਹਾਂ ਨੂੰ ਰਗੜਦਾ ਉਹ ਸੋਚਦਾ ਰਿਹਾ ਫਿਰ ਖੱਬੇ ਵੱਲ ਮੁੜ ਗਿਆ। ਉਹ ਹੌਲੀ ਹੌਲੀ ਸੰਭਲ ਸੰਭਲ ਕੇ ਅੱਗੇ ਵੱਧ ਰਿਹਾ ਸੀ, ਹਰ ਕਦਮ ਰੱਖਣ ਦੇ ਬਾਅਦ, ਉਹ ਹੋਣ ਵਾਲੀ ਤਬਦੀਲੀ ਨੂੰ ਵੀ ਵੇਖ ਰਿਹਾ ਸੀ। ਜਿਉਂ ਹੀ ਉਹ ਖ਼ਤਰੇ ਤੋਂ ਬਾਹਰ ਹੋਇਆ, ਤਮਾਖੂ ਦੇ ਨਵੇਂ ਟੁਕੜੇ ਨੂੰ ਉਸਨੇ ਦੰਦਾਂ ਨਾਲ ਤੋੜ ਮੂੰਹ ਵਿੱਚ ਰੱਖਿਆ ਅਤੇ ਆਪਣੀ ਚਾਰ ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਚੱਲ ਪਿਆ।
ਅਗਲੇ ਦੋ ਘੰਟਿਆਂ ਵਿੱਚ ਉਸਨੂੰ ਕਈ ਵਾਰ ਇਸ ਪ੍ਰਕਾਰ ਦੇ ਪਾਣੀ ਦੇ ਫੰਦੇ ਮਿਲੇ। ਅਕਸਰ ਇਨ੍ਹਾਂ ਬਰਫ਼ ਢਕੇ ਟੋਇਆਂ ਉੱਤੇ ਜੰਮੀ ਬਰਫ਼ ਦੀ ਪਰਤ ਪਤਲੀ ਹਲਕੀ ਝੋਲ ਭਰੀ ਹੁੰਦੀ, ਜੋ ਖ਼ਤਰੇ ਦਾ ਐਲਾਨ ਕਰਦੀ ਸੀ। ਇੱਕ ਵਾਰ ਤਾਂ ਉਹ ਬਾਲ ਬਾਲ ਬਚਿਆ ਅਤੇ ਅਗਲੀ ਵਾਰ ਖ਼ਤਰੇ ਦੀ ਗੰਭੀਰਤਾ ਨੂੰ ਸਮਝਣ ਲਈ ਕੁੱਤੇ ਨੂੰ ਜਬਰਦਸਤੀ ਅੱਗੇ ਚਲਣ ਨੂੰ ਮਜਬੂਰ ਕੀਤਾ, ਹਾਲਾਂਕਿ ਕੁੱਤਾ ਜਾਣਾ ਨਹੀਂ ਚਾਹੁੰਦਾ ਸੀ। ਉਹ ਵਾਰ ਵਾਰ ਪਿੱਛੇ ਮੁੜ ਰਿਹਾ ਸੀ, ਲੇਕਿਨ ਜਦੋਂ ਆਦਮੀ ਨੇ ਉਸਨੂੰ ਮਜਬੂਰ ਕੀਤਾ ਤਾਂ ਸਾਹਮਣੇ ਦੇ ਚਿੱਟੇ ਟੁਕੜੇ ਨੂੰ ਪਾਰ ਕਰਨ ਉਹ ਤੇਜ਼ੀ ਨਾਲ ਵਧਿਆ ਅਤੇ ਜਿਉਂ ਹੀ ਬਰਫ਼ ਟੁੱਟੀ ਉਹ ਬੜੀ ਮੁਸ਼ਕਿਲ ਤੇਜ਼ੀ ਨਾਲ ਕੁੱਦਕੇ ਬਰਫ਼ ਉੱਤੇ ਆ ਗਿਆ। ਉਸਦੇ ਅਗਲੇ ਦੋ ਪੈਰ ਭਿੱਜ ਗਏ ਸਨ ਅਤੇ ਪੈਰਾਂ ਉੱਤੇ ਲੱਗਿਆ ਪਾਣੀ ਕੁੱਝ ਹੀ ਪਲਾਂ ਵਿੱਚ ਬਰਫ਼ ਵਿੱਚ ਬਦਲ ਗਿਆ। ਕੁੱਤੇ ਨੇ ਤੇਜ਼ੀ ਨਾਲ ਆਪਣੇ ਪੈਰਾਂ ਅਤੇ ਪੰਜਿਆਂ ਨੂੰ ਜ਼ੁਬਾਨ ਨਾਲ ਚੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਪੰਜਿਆਂ ਵਿੱਚ ਜੰਮੀ ਬਰਫ਼ ਉਸਨੂੰ ਜ਼ੋਰਾਂ ਨਾਲ ਚੁਭ ਰਹੀ ਸੀ। ਆਤਮਰੱਖਿਆ ਦੀ ਇਹ ਇੱਕ ਸਹਿਜ ਬਿਰਤੀ ਸੀ ਬਸ। ਜੰਮੀ ਬਰਫ਼ ਪੰਜਿਆਂ ਵਿੱਚ ਜਖ਼ਮ ਕਰ ਦਿੰਦੀ, ਹਾਲਾਂਕਿ ਕੁੱਤੇ ਨੂੰ ਇਸਦਾ ਗਿਆਨ ਨਹੀਂ ਸੀ ਉਸਨੇ ਤਾਂ ਸਿਰਫ ਆਪਣੀ ਮੂਲ ਪ੍ਰਵਿਰਤੀ ਤੋਂ ਪ੍ਰੇਰਿਤ ਹੋ ਬਰਫ਼ ਨੂੰ ਜੀਭ ਨਾਲ ਚੱਟਿਆ ਸੀ, ਲੇਕਿਨ ਆਦਮੀ ਨੂੰ ਇਸਦਾ ਗਿਆਨ ਸੀ ਇਸ ਲਈ ਉਸਨੇ ਆਪਣੇ ਸੱਜੇ ਹੱਥ ਦਾ ਦਸਤਾਨਾ ਉਤਾਰਿਆ ਅਤੇ ਕੁੱਤੇ ਦੇ ਪੰਜੇ ਉੱਤੇ ਜੰਮੇ ਬਰਫ਼ ਦੇ ਕਣ ਸਾਫ਼ ਕਰਨ ਲਗਾ। ਉਸਨੇ ਆਪਣੀਆਂ ਉਂਗਲੀਆਂ ਨੂੰ ਇੱਕ ਮਿੰਟ ਤੋਂ ਜਿਆਦਾ ਬਾਹਰ ਰੱਖਣਾ ਉਚਿਤ ਨਾ ਸਮਝਿਆ, ਲੇਕਿਨ ਇੰਨੀ ਹੀ ਦੇਰ ਵਿੱਚ ਸੁੰਨ ਹੁੰਦੀਆਂ ਉਂਗਲੀਆਂ ਉੱਤੇ ਉਸਨੂੰ ਆਚਰਜ ਹੋਇਆ। ਠੰਡ ਵਾਸਤਵ ਵਿੱਚ ਬਹੁਤ ਤਿੱਖੀ ਅਤੇ ਤੇਜ਼ ਸੀ। ਹੱਥ ਜਲਦੀ ਨਾਲ ਦਾਸਤਾਨੇ ਵਿੱਚ ਪਾ ਛਾਤੀ ਉੱਤੇ ਜ਼ੋਰ ਜ਼ੋਰ ਨਾਲ ਹੱਥ ਮਾਰਨ ਲਗਾ, ਤਾਂ ਕਿ ਹਥੇਲੀ ਵਿੱਚ ਜਮਿਆ ਖੂਨ ਤੇਜ਼ੀ ਨਾਲ ਦੌੜਨ ਲੱਗੇ।
ਬਾਰਾਂ ਵਜੇ, ਦਿਨ ਆਪਣੇ ਪੂਰੇ ਜਲਾਲ ਤੇ ਸੀ ਫਿਰ ਵੀ ਆਪਣੀ ਸ਼ੀਤਕਾਲੀਨ ਯਾਤਰਾ ਵਿੱਚ ਸੂਰਜ ਦੂਰ ਦੱਖਣ ਵਿੱਚ ਦੁਮੇਲ ਨੂੰ ਪ੍ਰਕਾਸ਼ਿਤ ਕਰਨ ਵਿੱਚ ਅਸਮਰਥ ਸੀ। ਹੇਂਡਰਸਨ ਕ੍ਰੀਕ ਅਤੇ ਉਸਦੇ ਵਿੱਚ ਧਰਤੀ ਦਾ ਬਹੁਤ ਵੱਡਾ ਟੁਕੜਾ ਸੀ ਜਿੱਥੇ ਆਦਮੀ ਭਰੀ ਦੁਪਹਿਰ ਵਿੱਚ ਖੁੱਲੇ ਸਾਫ਼ ਅਸਮਾਨ ਦੇ ਹੇਠਾਂ ਬਿਨਾਂ ਪਰਛਾਈਆਂ ਦੇ ਚੱਲ ਰਿਹਾ ਸੀ। ਠੀਕ ਸਾਢੇ ਬਾਰਾਂ ਵਜੇ ਦੋਰਾਹੇ ਉੱਤੇ ਜਦੋਂ ਉਹ ਪਹੁੰਚ ਗਿਆ ਤਾਂ ਆਦਮੀ ਨੂੰ ਆਪਣੀ ਸਪੀਡ ਉੱਤੇ ਪ੍ਰਸੰਨਤਾ ਹੋਈ। ਜੇਕਰ ਉਹ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਛੇ ਵਜੇ ਤੱਕ ਉਹ ਮੁੰਡਿਆਂ ਦੇ ਕੋਲ ਹਰ ਹਾਲ ਪਹੁੰਚ ਜਾਵੇਗਾ। ਉਸਨੇ ਪਹਿਲਾਂ ਜੈਕਿਟ ਅਤੇ ਫਿਰ ਕਮੀਜ ਦੇ ਬਟਨ ਖੋਲ੍ਹੇ ਅਤੇ ਅੰਦਰੋਂ ਆਪਣਾ ਲੰਚ ਪੈਕਿਟ ਬਾਹਰ ਕੱਢ ਲਿਆ। ਹਾਲਾਂਕਿ ਮਿੰਟ ਦੇ ਚੌਥਾਈ ਭਾਗ ਵਿੱਚ ਉਸਨੇ ਇਹ ਸਭ ਕਰ ਲਿਆ ਸੀ ਲੇਕਿਨ ਉਨ੍ਹਾਂ ਪੰਝੀ ਸੇਕਿੰਡਾਂ ਵਿੱਚ ਹੀ ਉਸਦੀਆਂ ਖੁੱਲੀਆਂ ਉਂਗਲੀਆਂ ਠਰ ਗਈਆਂ। ਦਸਤਾਨੇ ਨਾ ਪਹਿਨ ਕੇ ਖੂਨ ਦੇ ਵਹਾਅ ਨੂੰ ਬਣਾਈ ਰੱਖਣ ਲਈ ਉਂਗਲੀਆਂ ਨੂੰ ਪੈਰ ਉੱਤੇ ਜ਼ੋਰ ਜ਼ੋਰ ਨਾਲ ਮਾਰਨ ਲਗਾ। ਉਥੇ ਹੀ ਪਏ ਬਰਫ਼ ਜੰਮੇ ਲੱਕੜੀ ਦੇ ਲੱਠੇ ਉੱਤੇ ਉਹ ਖਾਣਾ ਖਾਣ ਬੈਠ ਗਿਆ। ਪੈਰ ਉੱਤੇ ਹੱਥ ਮਾਰਨ ਨਾਲ ਉਠਿਆ ਦਰਦ ਇੰਨੀ ਜਲਦੀ ਸਮਾਪਤ ਹੋ ਗਿਆ ਕਿ ਉਸਨੂੰ ਆਚਰਜ ਹੋਣ ਲਗਾ। ਖਾਣ ਦਾ ਉਸਨੂੰ ਸਮਾਂ ਹੀ ਨਹੀਂ ਮਿਲ ਪਾਇਆ। ਉਸਨੇ ਇੱਕ ਹਥੇਲੀ ਨੂੰ ਜਲਦੀ ਨਾਲ ਦਸਤਾਨੇ ਵਿੱਚ ਪਾਇਆ ਅਤੇ ਦੂਜੇ ਹੱਥ ਨੂੰ ਖਾਣ ਲਈ ਖੁੱਲ੍ਹਾ ਛੱਡ ਦਿੱਤਾ। ਜਦੋਂ ਉਸਨੇ ਖਾਣ ਦੀ ਕੋਸ਼ਿਸ਼ ਕੀਤੀ ਤਾਂ ਬਰਫ਼ ਨਾਲ ਜਮੇ ਬੁਲ੍ਹ ਅਤੇ ਮੂੰਹ ਨੇ ਉਸਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ।
ਅੱਗ ਜਲਾਕੇ ਬਰਫ਼ ਪਿਘਲਾਣ ਦੀ ਉਸਨੂੰ ਯਾਦ ਹੀ ਨਹੀਂ ਰਹੀ ਸੀ। ਉਸਨੂੰ ਆਪਣੀ ਮੂਰਖਤਾ ਉੱਤੇ ਹਾਸੀ ਆਈ। ਹੱਸਦੇ ਹੱਸਦੇ ਹੀ ਠੰਡ ਨਾਲ ਸੁੰਨ ਹੁੰਦੀਆਂ ਉਂਗਲੀਆਂ ਤੇ ਉਸਦਾ ਧਿਆਨ ਗਿਆ। ਨਾਲ ਹੀ ਬੈਠਦੇ ਸਮੇਂ ਉਸਦੇ ਪੈਰਾਂ ਦੀਆਂ ਉਂਗਲੀਆਂ ਵਿੱਚ ਜੋ ਦਰਦ ਸ਼ੁਰੂ ਹੋਇਆ ਸੀ, ਹੌਲੀ ਹੌਲੀ ਘੱਟ ਹੋ ਰਿਹਾ ਸੀ। ਉਸਦੇ ਪੰਜੇ ਸੁੰਨ ਸਨ ਜਾਂ ਗਰਮ, ਉਸਦੀ ਸਮਝ ਵਿੱਚ ਨਹੀਂ ਆ ਰਿਹਾ ਸੀ। ਉਸਨੇ ਉਨ੍ਹਾਂ ਨੂੰ ਮੇਕੋਸਿਨ ਨਾਲ ਢਕ ਲਿਆ, ਇਹ ਸੋਚਦੇ ਹੋਏ ਕਿ ਉਹ ਵਾਸਤਵ ਵਿੱਚ ਸੁੰਨ ਸਨ।
ਉਸਨੇ ਜਲਦੀ ਨਾਲ ਦੂਜਾ ਦਸਤਾਨਾ ਵੀ ਪਾਇਆ ਅਤੇ ਖੜਾ ਹੋ ਗਿਆ। ਉਸਨੂੰ ਥੋੜ੍ਹਾ – ਥੋੜ੍ਹਾ ਡਰ ਲੱਗਣ ਲਗਾ ਸੀ। ਜ਼ੋਰ ਜ਼ੋਰ ਨਾਲ ਉਹ ਖੜੇ ਖੜੇ ਕਦਮਤਾਲ ਕਰਨ ਲਗਾ ਤਾਂ ਜੋ ਪੈਰਾਂ ਵਿੱਚ ਹਲਕਾ ਜਿਹਾ ਦਰਦ ਵਾਪਸ ਆ ਜਾਵੇ। ‘‘ਬੜੀ ਭਿਆਨਕ ਠੰਡ ਹੈ, ਉਸਦੇ ਮਨ ਵਿੱਚ ਤੇਜ਼ੀ ਨਾਲ ਵਿਚਾਰ ਚਮਕਿਆ। ਸਲਫਰ ਕ੍ਰੀਕ ਵਿੱਚ ਮਿਲਿਆ ਆਦਮੀ ਵਾਸਤਵ ਵਿੱਚ ਸੱਚ ਕਹਿ ਰਿਹਾ ਸੀ ਕਿ ਇਸ ਸਮੇਂ ਜੰਗਲ ਵਿੱਚ ਬਹੁਤ ਜਿਆਦਾ ਠੰਡ ਪੈਂਦੀ ਹੈ। ਉਸ ਸਮੇਂ ਤਾਂ ਜ਼ੋਰ ਨਾਲ ਹੱਸ ਕੇ ਉਸਨੇ ਉਤਰ ਦਿੱਤਾ ਸੀ। ਸੱਚ ਇਹ ਹੈ ਕਿ ਆਦਮੀ ਨੂੰ ਕਿਸੇ ਨੂੰ ਵੀ ਹਲਕੇ ਤੌਰ ਤੇ ਨਹੀਂ ਲੈਣਾ ਚਾਹੀਦਾ। ਇਸ ਵਿੱਚ ਕੋਈ ਸ਼ਕ ਹੀ ਨਹੀਂ ਕਿ ਠੰਡ ਭਿਆਨਕ ਹੈ। ਤੇਜ਼ੀ ਨਾਲ ਕਦਮਤਾਲ ਦੇ ਨਾਲ ਉਹ ਗਰਮੀ ਲਿਆਉਣ ਲਈ ਹੱਥ ਵੀ ਤੇਜ਼ੀ ਨਾਲ ਚਲਾਂਦਾ ਰਿਹਾ। ਕੁੱਝ ਅਰਸੇ ਦੇ ਬਾਅਦ ਉਸਨੇ ਜੇਬ ਵਿੱਚੋਂ ਅੱਗ ਜਲਾਣ ਲਈ ਮਾਚਿਸ ਕੱਢੀ। ਇੱਕ ਗੁਫ਼ਾ ਵਿੱਚੋਂ ਉਸਨੇ ਲਕੜੀਆਂ ਇਕੱਠੀਆਂ ਕੀਤੀਆਂ, ਜਿੱਥੇ ਪਿੱਛਲੀ ਬਸੰਤ ਵਿੱਚ ਨਦੀ ਵਲੋਂ ਰੁੜ੍ਹਕੇ ਆਈਆਂ ਸੁੱਕੀਆਂ ਲਕੜੀਆਂ ਪਈਆਂ ਸਨ। ਸਾਵਧਾਨੀ ਦੇ ਨਾਲ ਉਸਨੇ ਹੌਲੀ – ਹੌਲੀ ਲਕੜੀਆਂ ਜਲਾਕੇ ਫੂਕਾਂ ਮਾਰ ਮਾਰ ਅੱਗ ਮਘਾਉਣ ਦੀ ਕੋਸ਼ਿਸ਼ ਕੀਤੀ। ਕੁੱਝ ਹੀ ਦੇਰ ਵਿੱਚ ਲਕੜੀਆਂ ਨੇ ਅੱਛੀ ਤਕੜੀ ਅੱਗ ਫੜ ਲਈ। ਸੇਕ ਨਾਲ ਉਸਨੇ ਆਪਣੇ ਚਿਹਰੇ, ਹੱਥਾਂ ਅਤੇ ਕੱਪੜਿਆਂ ਉੱਤੇ ਜੰਮੀ ਬਰਫ਼ ਨੂੰ ਪਿਘਲਾਉਣਾ ਸ਼ੁਰੂ ਕੀਤਾ। ਅੱਗ ਦੀ ਗਰਮੀ ਦੇ ਵਿੱਚ ਹੀ ਉਸਨੇ ਆਪਣਾ ਲੰਚ ਖਾਧਾ। ਕੁੱਝ ਦੇਰ ਲਈ ਹੀ ਸਹੀ, ਉਸਨੇ ਠੰਡ ਨੂੰ ਮਾਤ ਕਰ ਦਿੱਤਾ ਸੀ। ਅੱਗ ਨਾਲ ਕੁੱਤਾ ਵੀ ਰਾਹਤ ਮਹਿਸੂਸ ਕਰ ਰਿਹਾ ਸੀ। ਉਹ ਅੱਗ ਦੇ ਬਿਲਕੁਲ ਕੋਲ, ਲੇਕਿਨ ਜਲਣ ਤੋਂ ਬਚ ਕੇ ਆਰਾਮ ਨਾਲ ਬੈਠਾ ਸੀ।
ਲੰਚ ਖਾਣ ਦੇ ਬਾਅਦ, ਆਦਮੀ ਨੇ ਪਾਈਪ ਕੱਢਿਆ। ਉਸਨੂੰ ਤਮਾਖੂ ਨਾਲ ਭਰਿਆ ਅਤੇ ਆਰਾਮ ਨਾਲ ਪਾਈਪ ਦਾ ਆਨੰਦ ਲੈਣ ਲਗਾ। ਕੁੱਝ ਦੇਰ ਬਾਅਦ ਉਸਨੇ ਬਿਨਾਂ ਉਂਗਲ ਵਾਲੇ ਦਸਤਾਨਿਆਂ ਨੂੰ ਪਹਿਨਿਆ, ਆਪਣੇ ਕਨਟੋਪੇ ਦੇ ਦੋਨਾਂ ਸਿਰੀਆਂ ਨਾਲ ਕੰਨਾਂ ਨੂੰ ਢਕਿਆ ਅਤੇ ਦੋਰਾਹੇ ਦੇ ਖੱਬੇ ਪਾਸੇ ਜਾਣ ਵਾਲੀ ਪਗਡੰਡੀ ਉੱਤੇ ਚੱਲ ਪਿਆ। ਕੁੱਤਾ ਅੱਗ ਨੂੰ ਛੱਡਕੇ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਕਿਕਿਆ ਕੇ ਵਾਪਸ ਚਲਣ ਦੀ ਜਿਦ ਕਰ ਰਿਹਾ ਸੀ। ਆਦਮੀ ਸ਼ਾਇਦ ਭਿਆਨਕ ਸੀਤ ਤੋਂ ਵਾਕਫ਼ ਨਹੀਂ ਸੀ, ਸ਼ਾਇਦ ਉਸਦੇ ਪੂਰਵਜ ਵੀ ਵਾਸਤਵਿਕ ਸੀਤ ਨਾਲੋਂ ਵਧ, ਜ਼ੀਰੋ ਤੋਂ ਇੱਕ ਸੌ ਸੱਤ ਡਿਗਰੀ ਤੋਂ ਥੱਲੇ ਸੀਤ ਦੇ ਡਰਾਉਣੇਪਣ ਬਾਰੇ ਨਾਵਾਕਿਫ਼ ਸਨ, ਕਿੰਤੂ ਕੁੱਤਾ ਜਾਣਦਾ ਸੀ। ਉਸਦੇ ਪੂਰਵਜਾਂ ਨੂੰ ਅਨੁਭਵਮੂਲਿਕ ਗਿਆਨ ਸੀ ਜਿਸਨੂੰ ਕੁੱਤੇ ਨੇ ਖ਼ਾਨਦਾਨੀ ਪਰੰਪਰਾ ਤੋਂ ਪ੍ਰਾਪਤ ਕੀਤਾ ਸੀ। ਉਹ ਭਲੀਭਾਂਤ ਜਾਣਦਾ ਸੀ ਕਿ ਇਸ ਖ਼ੂਨ ਜਮਾ ਦੇਣ ਵਾਲੀ ਸੀਤ ਵਿੱਚ ਚੱਲਣਾ ਖ਼ਤਰੇ ਨੂੰ ਨਿਉਤਾ ਦੇਣਾ ਸੀ। ਉਸਦੇ ਅਨੁਸਾਰ ਇਹ ਸਮਾਂ ਕਿਸੇ ਵੀ ਖੱਡ ਵਿੱਚ ਦੁਬਕ ਕੇ ਬੈਠੇ ਰਹਿਣ ਅਤੇ ਅਕਾਸ਼ ਤੋਂ ਬੱਦਲਾਂ ਦੇ ਸਾਫ਼ ਹੋਣ ਦੀ ਉਡੀਕ ਦਾ ਸੀ, ਕਿਉਂਕਿ ਬੱਦਲ ਹੀ ਹਨ ਜੋ ਠੰਡ ਲਿਆਂਦੇ ਹਨ। ਸੱਚਾਈ ਇਹ ਸੀ ਕਿ ਕੁੱਤੇ ਅਤੇ ਆਦਮੀ ਵਿਚਕਾਰ ਵਿਸ਼ੇਸ਼ ਰੂਹਾਨੀ ਸੰਬੰਧ ਨਹੀਂ ਸਨ। ਉਨ੍ਹਾਂ ਵਿੱਚ ਮਾਲਿਕ ਅਤੇ ਗ਼ੁਲਾਮ ਦਾ ਸੰਬੰਧ ਸੀ। ਕੁੱਤੇ ਨੇ ਸਿਰਫ ਮਾਲਿਕ ਦੇ ਕੋਰੜੇ ਦੀ ਥਪਥਪਾਹਟ ਹੀ ਜਾਣੀ ਸੀ। ਕੋਰੜੇ ਦੀ ਸਪਾਕ – ਸਪਾਕ … ਜਿਸ ਨੂੰ ਸੁਣ ਉਹ ਕਾਏਂ … ਕਾਏਂ … ਕਰ ਉੱਠਦਾ ਸੀ। ਅਜਿਹੇ ਸੰਬੰਧ ਹੋਣ ਦੇ ਕਾਰਨ ਕੁੱਤੇ ਨੇ ਆਦਮੀ ਨੂੰ ਸੀਤ ਦੀ ਗੰਭੀਰਤਾ ਬਾਰੇ ਦੱਸਣ ਦੀ ਕੋਈ ਵਿਸ਼ੇਸ਼ ਕੋਸ਼ਿਸ਼ ਨਹੀਂ ਕੀਤੀ। ਆਦਮੀ ਦੀ ਭਲਾਈ ਨਾਲ ਉਸਨੂੰ ਕੋਈ ਲੈਣਾ ਦੇਣਾ ਨਹੀਂ ਸੀ, ਉਹ ਤਾਂ ਆਪਣੀ ਦੀ ਰੱਖਿਆ ਲਈ ਬਲਦੀ ਅੱਗ ਦੇ ਕੋਲ ਜਾਣਾ ਚਾਹੁੰਦਾ ਸੀ। ਆਦਮੀ ਨੇ ਜ਼ੋਰ ਨਾਲ ਸੀਟੀ ਵਜਾਈ ਅਤੇ ਹੱਥ ਨੂੰ ਕੋਰੜੇ ਦੀ ਤਰ੍ਹਾਂ ਲਹਿਰਾ ਕੇ ਸਪਾਕ … ਸਪਾਕ .. ਆਵਾਜ਼ ਕੱਢੀ, ਨਤੀਜੇ ਵਜੋਂ ਕੁੱਤਾ ਤੇਜ਼ੀ ਨਾਲ ਘੁੰਮਿਆ ਅਤੇ ਆਦਮੀ ਦੇ ਪਿੱਛੇ ਚਲਣ ਲਗਾ।
ਆਦਮੀ ਨੇ ਤਮਾਖੂ ਦਾ ਇੱਕ ਟੁਕੜਾ ਮੂੰਹ ਵਿੱਚ ਰੱਖਿਆ ਅਤੇ ਆਪਣੀ ਦਾੜ੍ਹੀ ਨੂੰ ਫਿਰ ਤੋਂ ਜੰਮੀ ਬਰਫ਼ ਨਾਲ ਵਧਾਉਣ ਦਾ ਕੰਮ ਸ਼ੁਰੂ ਕੀਤਾ। ਇਸਦੇ ਨਾਲ ਹੀ ਉਸਦੇ ਛੱਡੇ ਸਾਹ ਨੇ ਉਸਦੀਆਂ ਮੁੱਛਾਂ, ਭੌਂਹਾਂ ਅਤੇ ਬਰੌਨੀਆਂ ਉੱਤੇ ਬਰਫ਼ੀਲੀ ਚਾਦਰ ਤਾਣਨਾ ਸ਼ੁਰੂ ਕਰ ਦਿੱਤਾ। ਹੇਂਡਰਸਨ ਦੇ ਖੱਬੇ ਵੱਲ ਝਰਨਿਆਂ ਦੀ ਅਣਹੋਂਦ ਸੀ, ਕਰੀਬ ਅੱਧ ਘੰਟੇ ਤੱਕ ਚਲਦੇ ਰਹਿਣ ਦੇ ਬਾਅਦ ਵੀ ਉਸਨੂੰ ਇੱਕ ਵੀ ਝਰਨਾ ਨਹੀਂ ਮਿਲਿਆ। ਅਤੇ ਫਿਰ …। ਉੱਥੇ, ਜਿੱਥੇ ਇੱਕ ਵੀ ਨਿਸ਼ਾਨ ਨਹੀਂ ਸੀ, ਜਿੱਥੇ ਠੋਸ ਜੰਮੀ ਬਰਫ਼ ਵਿੱਖ ਰਹੀ ਸੀ, ਆਦਮੀ ਦਾ ਪੈਰ ਟੋਏ ਵਿੱਚ ਪਿਆ। ਟੋਆ ਗਹਿਰਾ ਨਹੀਂ ਸੀ, ਫਿਰ ਵੀ ਗੋਡਿਆਂ ਤੱਕ ਉਹ ਭਿੱਜ ਗਿਆ। ਮੁਸ਼ਕਿਲ ਨਾਲ ਉਹ ਉਸ ਇਸ ਵਿੱਚੋਂ ਨਿਕਲ ਪਾਇਆ।
ਆਪਣੇ ਆਪ ਨਾਲ ਉਹ ਬੇਹੱਦ ਨਾਰਾਜ਼ ਸੀ। ਉਸਨੇ ਆਪਣੇ ਭਾਗਾਂ ਨੂੰ ਕੋਸਿਆ। ਉਸਨੇ ਛੇ ਵਜੇ ਤੱਕ ਕੈਂਪ ਪਹੁੰਚਣ ਦਾ ਨਿਸ਼ਚਾ ਕੀਤਾ ਸੀ ਅਤੇ ਹੁਣ ਇਸ ਦੁਰਘਟਨਾ ਦੇ ਨਤੀਜੇ ਵਜੋਂ ਉਹ ਇੱਕ ਘੰਟਾ ਦੇਰ ਨਾਲ ਪਹੁੰਚ ਸਕੇਗਾ, ਕਿਉਂਕਿ ਉਸਨੂੰ ਫਿਰ ਤੋਂ ਅੱਗ ਜਲਾਕੇ ਆਪਣੀ ਜੁੱਤੀ ਅਤੇ ਪੈਂਟ ਨੂੰ ਸੁਕਾਉਣਾ ਪਵੇਗਾ। ਇਸ ਤਾਪਮਾਨ ਵਿੱਚ ਇਹ ਅਤਿ ਆਵਸ਼ਕ ਸੀ, ਇੰਨਾ ਤਾਂ ਉਸਨੂੰ ਅੱਛੀ ਤਰ੍ਹਾਂ ਪਤਾ ਹੀ ਸੀ। ਉਹ ਕੰਢੇ ਦੇ ਵੱਲ ਮੁੜਿਆ ਅਤੇ ਬਰਫ਼ ਪਾਰ ਕਰ ਜੰਮੀ ਨਦੀ ਦੇ ਤਟ ਤੇ ਚੜ੍ਹ ਗਿਆ। ਛੋਟੇ ਛੋਟੇ ਸੰਕੂਕਾਰ ਝਾੜਾਂ ਦੇ ਹੇਠਾਂ ਉੱਗੀਆਂ ਝਾੜੀਆਂ ਦੇ ਕੋਲ ਸੁੱਕੀਆਂ ਲਕੜੀਆਂ ਨਾਲ ਬਰਫ਼ ਉੱਤੇ ਇੱਕ ਚਬੂਤਰਾ ਜਿਹਾ ਬਣਾ ਲਿਆ, ਤਾਂਕਿ ਬਰਫ਼ ਦਾ ਪ੍ਰਭਾਵ ਬਲਦੀ ਅੱਗ ਉੱਤੇ ਨਾ ਪਏ, ਲਕੜੀਆਂ ਦੇ ਉੱਤੇ ਉਸਨੇ ਛੋਟੀਆਂ ਛੋਟੀਆਂ ਲਕੜੀਆਂ ਅਤੇ ਟਾਹਣੀਆਂ, ਫਿਰ ਬਰਚ ਦੀ ਛਿਲ ਦੇ ਇੱਕ ਟੁਕੜੇ ਨੂੰ ਉਸਨੇ ਜੇਬ ਵਿੱਚੋਂ ਕੱਢ ਕੇ ਮਾਚਿਸ ਦੀ ਤੀਲੀ ਨਾਲ ਜਲਾਇਆ। ਬਰਚ (ਜੋ ਕਾਗਜ ਤੋਂ ਵੀ ਜਲਦੀ ਅੱਗ ਫੜਦਾ ਹੈ) ਨੂੰ ਲਕੜੀਆਂ ਉੱਤੇ ਰੱਖ ਉਸ ਉੱਤੇ ਸੁੱਕਾ ਘਾਹ ਅਤੇ ਛੋਟੀਆਂ ਛੋਟੀਆਂ ਲਕੜੀਆਂ ਰੱਖ ਦਿੱਤੀਆਂ।
ਸਾਰਾ ਕੰਮ ਉਹ ਪੂਰੀ ਸਾਵਧਾਨੀ ਨਾਲ ਕਰ ਰਿਹਾ ਸੀ, ਕਿਉਂ ਕਿ ਅੱਗ ਬੁੱਝਣ ਦਾ ਪੂਰਾ ਸੰਦੇਹ ਉਸਨੂੰ ਸੀ। ਹੌਲੀ ਹੌਲੀ ਅੱਗ ਦੀ ਲੋ ਜਿਵੇਂ ਜਿਵੇਂ ਵਧਣ ਲੱਗੀ, ਉਵੇਂ ਉਵੇਂ ਉਸਨੇ ਵੱਡੀਆਂ ਅਤੇ ਮੋਟੀਆਂ ਲਕੜੀਆਂ ਅੱਗ ਉੱਤੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਉਹ ਅੱਛੀ ਤਰ੍ਹਾਂ ਜਾਣਦਾ ਸੀ ਕਿ ਉਸਨੇ ਅਸਫਲ ਨਹੀਂ ਹੋਣਾ। ਜੇਕਰ ਆਦਮੀ ਦੇ ਪੈਰ ਗਿੱਲੇ ਹੋਣ ਅਤੇ ਤਾਪਮਾਨ ਪੰਝੱਤਰ ਡਿਗਰੀ ਤੋਂ ਹੇਠਾਂ ਹੋਵੇ ਤਾਂ ਪਹਿਲੀ ਵਾਰ ਵਿੱਚ ਹੀ ਆਦਮੀ ਨੂੰ ਅੱਗ ਜਲਾਣ ਵਿੱਚ ਸਫਲਤਾ ਮਿਲਣੀ ਚਾਹੀਦੀ ਹੈ। ਅੱਗ ਨਾ ਜਲ ਸਕੇ ਅਤੇ ਪੈਰ ਸੁੱਕੇ ਹੋਣ ਤਾਂ ਅਧਾ ਮੀਲ ਭੱਜ ਕੇ ਆਦਮੀ ਖ਼ੂਨ ਦੇ ਦੌਰੇ ਨੂੰ ਵਧਾਕੇ ਠੀਕ ਕਰ ਸਕਦਾ ਹੈ। ਗਿੱਲੇ ਅਤੇ ਬਰਫ਼ ਨਾਲ ਜਮਦੇ ਪੈਰਾਂ ਦੀ ਗਰਮੀ ਜ਼ੀਰੋ ਤੋਂ ਪੰਝੱਤਰ ਡਿਗਰੀ ਹੇਠਾਂ ਦੇ ਤਾਪਮਾਨ ਵਿੱਚ ਦੌੜਨ ਨਾਲ ਵਾਪਸ ਨਹੀਂ ਪਰਤ ਸਕਦੀ। ਭਲੇ ਹੀ ਕਿੰਨੀ ਹੀ ਤੇਜ਼ੀ ਨਾਲ ਭੱਜਿਆ ਜਾਵੇ, ਗਿੱਲੇ ਪੈਰ ਬਜਾਏ ਗਰਮ ਹੋਣ ਦੇ ਅਤੇ ਜਲਦੀ ਬਰਫ਼ ਨਾਲ ਜੰਮ ਜਾਣਗੇ।
ਆਦਮੀ ਨੂੰ ਇਹ ਅੱਛੀ ਤਰ੍ਹਾਂ ਪਤਾ ਸੀ ਕਿ ਪਿਛਲੇ ਮੌਸਮ ਵਿੱਚ ਸਲਫਰ ਕ੍ਰੀਕ ਵਿੱਚ ਮਿਲੇ ਬੁਢੇ ਤੋਂ ਉਸਨੇ ਇਹ ਸੁਣ ਰੱਖਿਆ ਸੀ। ਅੱਜ ਉਸਦੀ ਦਿੱਤੀ ਸਲਾਹ ਉਸਦੇ ਕੰਮ ਆ ਰਹੀ ਸੀ। ਮਨ ਹੀ ਮਨ ਉਸਨੇ ਉਸ ਬੁਢੇ ਦਾ ਧੰਨਵਾਦ ਕੀਤਾ। ਉਸਦੇ ਪੈਰਾਂ ਦੇ ਪੰਜੇ ਪੂਰੀ ਤਰ੍ਹਾਂ ਬੇਜਾਨ ਹੋ ਚੁੱਕੇ ਸਨ। ਅੱਗ ਜਲਾਣ ਲਈ ਉਸਨੂੰ ਦਸਤਾਨੇ ਉਤਾਰਨੇ ਪਏ ਸਨ, ਜਿਸ ਨਾਲ ਉਸਦੀਆਂ ਉਂਗਲੀਆਂ ਤਤਕਾਲ ਸੁੰਨ ਹੋ ਗਈਆਂ ਸਨ। ਪ੍ਰਤੀ ਘੰਟੇ ਚਾਰ ਮੀਲ ਚਲਣ ਨਾਲ ਉਸਦੇ ਫੇਫੜੇ ਤੇਜ਼ੀ ਨਾਲ ਖ਼ੂਨ ਨੂੰ ਬਾਹਰ ਵੱਲ ਤੇਜ਼ੀ ਨਾਲ ਸੁੱਟ ਰਹੇ ਸੀ, ਲੇਕਿਨ ਜਿਵੇਂ ਹੀ ਉਹ ਰੁਕਦਾ, ਫੇਫੜਿਆਂ ਦੀ ਰਫ਼ਤਾਰ ਵੀ ਹੌਲੀ ਹੋ ਜਾਂਦੀ। ਭਿਆਨਕ ਸੀਤ ਦਾ ਸਾਹਮਣਾ ਉਸਦੇ ਸਰੀਰ ਦਾ ਖ਼ੂਨ ਨਹੀਂ ਕਰ ਪਾ ਰਿਹਾ ਸੀ। ਖ਼ੂਨ ਵੀ ਜਿੰਦਾ ਸੀ, ਕੁੱਤੇ ਦੀ ਤਰ੍ਹਾਂ ਜੋ ਆਪਣੇ ਨੂੰ ਸੀਤ ਤੋਂ ਬਚਾਉਣ ਕਿਤੇ ਲੁਕ ਜਾਣਾ ਚਾਹੁੰਦਾ ਸੀ। ਜਦੋਂ ਤੱਕ ਉਹ ਚਾਰ ਮੀਲ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲ ਰਿਹਾ ਸੀ ਤੱਦ ਤੱਕ ਫੇਫੜੇ ਕਿਸੇ ਤਰ੍ਹਾਂ ਨਾਂਹ ਨੁੱਕਰ ਕਰਦੇ ਹੋਏ ਵੀ ਖ਼ੂਨ ਨੂੰ ਬਾਹਰਲੀਆਂ ਨਸਾਂ ਵਿੱਚ ਸੁੱਟ ਰਹੇ ਸੀ, ਲੇਕਿਨ ਹੁਣ ਉਹ ਵੀ ਉਪਰੀ ਸਰੀਰ ਵਿੱਚ ਆਉਣ ਤੋਂ ਬਚਣ ਲਈ ਸੁੰਗੜਨ ਲੱਗੇ ਸੀ। ਸਰੀਰ ਦੇ ਬਾਹਰਲੇ ਹਿੱਸੇ ਇਸਨੂੰ ਅੱਛੀ ਤਰ੍ਹਾਂ ਸਮਝ ਰਹੇ ਸਨ। ਉਸਦੇ ਗਿੱਲੇ ਪੈਰ ਸਭ ਤੋਂ ਪਹਿਲਾਂ ਸੁੰਨ ਹੋ ਗਏ। ਫਿਰ ਉਸਦੀਆਂ ਖੁੱਲੀਆਂ ਉਂਗਲੀਆਂ ਵੀ ਤੇਜ਼ੀ ਨਾਲ ਸੁੰਨ ਹੋ ਗਈਆਂ ਹਾਲਾਂਕਿ ਉਹ ਅਜੇ ਜੰਮੀਆਂ ਨਹੀਂ ਸਨ। ਨੱਕ ਅਤੇ ਗੱਲ੍ਹਾਂ ਤਾਂ ਪਹਿਲਾਂ ਹੀ ਜੰਮ ਚੁੱਕੀਆਂ ਸਨ। ਪੂਰੀ ਤਵਚਾ ਵੀ ਹੌਲੀ ਹੌਲੀ ਖ਼ੂਨ ਦੀ ਕਮੀ ਨਾਲ ਠੰਡੀ ਹੋਣੀ ਸ਼ੁਰੂ ਹੋ ਗਈ ਸੀ।
ਕਿੰਤੂ ਉਹ ਸੁਰੱਖਿਅਤ ਸੀ। ਪੈਰ ਦੀ ਉਂਗਲੀਆਂ, ਨੱਕ ਅਤੇ ਗੱਲ੍ਹ ਬਰਫ਼ ਨਾਲ ਜਮਣੇ ਸ਼ੁਰੂ ਹੀ ਹੋਏ ਸਨ ਕਿ ਏਨੇ ਵਿੱਚ ਅੱਗ ਦੀਆਂ ਲਪਟਾਂ ਤੇਜ਼ ਹੋਣ ਲੱਗੀਆਂ ਸਨ। ਉਹ ਅੱਗ ਵਿੱਚ ਲਗਾਤਾਰ ਉਂਗਲੀਆਂ ਦੀ ਮੋਟਾਈ ਦੀਆਂ ਲਕੜੀਆਂ ਪਾਉਂਦਾ ਜਾ ਰਿਹਾ ਸੀ। ਅਗਲੇ ਹੀ ਮਿੰਟ ਵਿੱਚ ਉਹ ਕਲਾਈ ਜਿੰਨੀਆਂ ਮੋਟੀਆਂ ਲਕੜੀਆਂ ਪਾਉਣ ਲੱਗੇਗਾ ਅਤੇ ਤੱਦ ਉਹ ਆਪਣਾ ਗਿੱਲਾ ਪੇਟ ਅਤੇ ਗਿੱਲੇ ਜੁੱਤੇ ਉਤਾਰ ਸਕੇਗਾ ਅਤੇ ਜਦੋਂ ਤੱਕ ਉਹ ਅੱਗ ਵਿੱਚ ਸੁੱਕਣਗੇ, ਉਹ ਆਪਣੇ ਨੰਗੇ ਪੈਰਾਂ ਵਿੱਚ ਜੰਮੀ ਬਰਫ਼ ਨੂੰ ਕੱਢਣ ਦੇ ਬਾਅਦ ਆਰਾਮ ਨਾਲ ਸੇਕੇਗਾ। ਉਹ ਅੱਗ ਜਲਾਣ ਵਿੱਚ ਸਫਲ ਹੋ ਗਿਆ ਸੀ। ਉਹ ਹੁਣ ਸੁਰੱਖਿਅਤ ਸੀ। ਉਸਨੂੰ ਫਿਰ ਸਲਫਰ ਕ੍ਰੀਕ ਦੇ ਉਸ ਬੁਢੇ ਦੀ ਸਲਾਹ ਚੇਤੇ ਆ ਆਈ ਅਤੇ ਉਹ ਸੋਚ ਸੋਚਕੇ ਮੁਸਕੁਰਾਣ ਲਗਾ। ਉਸ ਖ਼ਰਾਂਟ ਬੁਢੇ ਨੇ ਪੰਜਾਹ ਡਿਗਰੀ ਦੇ ਹੇਠਾਂ ਤਾਪਮਾਨ ਵਿੱਚ ਕਲੂਣ, ਸੁੰਦਰਤਾ ਡਾਇਕ ਪ੍ਰਦੇਸ਼ ਵਿੱਚ ਇਕੱਲੇ ਯਾਤਰਾ ਪੂਰੀ ਕੀਤੀ ਸੀ। ਪਰ ਉਹ ਇੱਥੇ ਸੀ। ਇਕੱਲਾ ਸੀ। ਦੁਰਘਟਨਾ-ਗਰਸਤ ਵੀ ਹੋਇਆ ਲੇਕਿਨ ਉਸਨੇ ਆਪਣੇ ਆਪ ਨੂੰ ਬਚਾ ਲਿਆ ਸੀ। ਕੁੱਝ ਬੁਢੇ ਖੂਸਟ ਬੁਢੀਆਂ ਔਰਤਾਂ ਦੀ ਤਰ੍ਹਾਂ ਹੋ ਜਾਂਦੇ ਹਨ – ਉਸਨੇ ਸੋਚਿਆ। ਸੱਚ ਇਹ ਹੈ ਕਿ ਆਦਮੀ ਨੂੰ ਹੋਸ਼ ਟਿਕਾਣੇ ਰੱਖਣਾ ਚਾਹੀਦੇ ਨੇ ਬਸ, ਫਿਰ ਸਭ ਠੀਕ ਹੁੰਦਾ ਹੈ। ਕੋਈ ਵੀ ਆਦਮੀ ਜੋ ਵਾਸਤਵ ਵਿੱਚ ਆਦਮੀ ਹੈ, ਬਿਲਕੁਲ ਇਕੱਲੇ ਯਾਤਰਾ ਕਰ ਸਕਦਾ ਹੈ। ਉਸਨੂੰ ਆਚਰਜ ਹੋਇਆ ਕਿ ਉਸਦਾ ਨੱਕ ਅਤੇ ਦੋਨੋਂ ਗੱਲ੍ਹਾਂ ਬਹੁਤ ਤੇਜ਼ੀ ਨਾਲ ਸੁੰਨ ਹੋ ਰਹੀਆਂ ਸਨ। ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਦੀਆਂ ਉਂਗਲੀਆਂ ਇੰਨੀ ਤੇਜ਼ੀ ਨਾਲ ਸੁੰਨ ਹੋਣਗੀਆਂ। ਉਹ ਬੇਜਾਨ ਸਨ। ਬਮੁਸ਼ਕਿਲ ਉਹ ਲੱਕੜੀ ਨੂੰ ਫੜ ਪਾ ਰਿਹਾ ਸੀ। ਉਂਗਲੀਆਂ ਉਸਨੂੰ ਆਪਣੇ ਸਰੀਰ ਤੋਂ ਵੱਖ ਲੱਗ ਰਹੀਆਂ ਸਨ। ਕਿਉਂਕਿ ਉਹ ਉਸਦੀ ਆਗਿਆ ਮੰਨਣ ਵਿੱਚ ਅਸਫ਼ਲ ਸਨ। ਜਦੋਂ ਵੀ ਉਹ ਲੱਕੜੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤਾਂ ਉਹ ਗੌਰ ਨਾਲ ਵੇਖਦਾ ਸੀ ਕਿ ਉਂਗਲੀਆਂ ਨੇ ਲੱਕੜੀ ਨੂੰ ਫੜਿਆ ਸੀ ਜਾਂ ਨਹੀਂ। ਉਸਦੇ ਪੋਟਿਆਂ ਅਤੇ ਉਂਗਲੀਆਂ ਦੇ ਵਿੱਚਕਾਰ ਨਸਾਂ ਬਹੁਤ ਕਮਜ਼ੋਰ ਹੋ ਗਈਆਂ ਸਨ।
ਫਿਲਹਾਲ ਉਸਨੂੰ ਇਸ ਸਭ ਦੀ ਵਿਸ਼ੇਸ਼ ਚਿੰਤਾ ਨਹੀਂ ਸੀ। ਸਾਹਮਣੇ ਅੱਛੀ ਖਾਸੀ ਬਲਦੀ ਅੱਗ ਸੀ, ਚਟਕਦੀ, ਲਪਕਦੀ ਲੋਅ ਸੀ ਜੀਵਨ ਨੂੰ ਆਸ਼ਵੰਤ ਕਰਦੀ। ਉਸਨੇ ਆਪਣੀਆਂ ਚਮੜੇ ਦੀਆਂ ਜੁੱਤੀਆਂ ਦੇ ਫ਼ੀਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਫ਼ੀਤੇ ਬਰਫ਼ ਨਾਲ ਜਕੜੇ ਸਨ। ਮੋਟੇ ਜਰਮਨ ਮੌਜੇ ਲੋਹੇ ਦੀ ਮਿਆਨ ਦੀ ਤਰ੍ਹਾਂ ਉਸਦੇ ਗੋਡਿਆਂ ਤੱਕ ਚੜ੍ਹੇ ਸਨ। ਜੁੱਤੇ ਦੇ ਫ਼ੀਤੇ ਲੋਹੇ ਦੀਆਂ ਛੜੀਆਂ ਦੀ ਤਰ੍ਹਾਂ ਕਠੋਰ ਅਤੇ ਉਨ੍ਹਾਂ ਦੀ ਗੰਢ ਅਗਨੀ ਦਾਹ ਵਿੱਚ ਜਲਣ ਦੇ ਬਾਅਦ ਬਚੇ ਲੋਹੇ ਦੀ ਤਰ੍ਹਾਂ ਸੀ। ਕੁੱਝ ਦੇਰ ਬਾਅਦ ਉਸਨੇ ਆਪਣੀਆਂ ਸੁੰਨ ਉਂਗਲੀਆਂ ਨਾਲ ਉਸਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤਾ। ਅਸਫਲ ਹੋਣ ਉੱਤੇ ਆਪਣੀ ਮੂਰਖਤਾ ਤੇ ਆਪਣੇ ਆਪ ਨੂੰ ਝਿੜਕਦੇ ਹੋਏ ਉਸਨੇ ਚਾਕੂ ਕੱਢਿਆ।
ਇਸਦੇ ਪਹਿਲਾਂ ਕਿ ਉਹ ਫ਼ੀਤਿਆਂ ਨੂੰ ਕੱਟਣਾ ਸ਼ੁਰੂ ਕਰਦਾ, ਉਹ ਘਟਨਾ ਹੋ ਗਈ। ਉਸਦੀ ਆਪਣੀ ਗਲਤੀ ਸੀ ਜਾਂ ਬੁਧੀ ਦੀ ਅਣਹੋਂਦ। ਉਸਨੂੰ ਸੰਕੂਕਾਰ ਰੁੱਖ ਦੇ ਹੇਠਾਂ ਅੱਗ ਨਹੀਂ ਜਲਾਉਣੀ ਚਾਹੀਦੀ ਸੀ। ਖੁੱਲੇ ਮੈਦਾਨ ਵਿੱਚ ਜਲਾਉਣੀ ਸੀ। ਲੇਕਿਨ ਰੁੱਖ ਦੇ ਹੇਠਾਂ ਲੱਗੀਆਂ ਝਾੜੀਆਂ ਤੋਂ ਟਾਹਣੀਆਂ ਤੋੜ ਤੋੜ ਅੱਗ ਵਿੱਚ ਪਾਉਣਾ ਆਸਾਨ ਸੀ ਇਹੀ ਸੋਚਕੇ ਉਸਨੇ ਉੱਥੇ ਅੱਗ ਬਾਲੀ ਸੀ। ਆਦਮੀ ਨੇ ਇਹ ਨਹੀਂ ਵੇਖਿਆ ਕਿ ਜਿੱਥੇ ਉਹ ਅੱਗ ਬਾਲ ਰਿਹਾ ਸੀ ਠੀਕ ਉਸ ਸਥਾਨ ਦੇ ਉੱਤੇ ਰੁੱਖ ਦੀਆਂ ਬਰਫ਼ ਲੱਦੀਆਂ ਟਾਹਣੀਆਂ ਸਨ। ਹਫਤਿਆਂ ਤੋਂ ਠੰਡੀ ਹਵਾ ਨਹੀਂ ਚੱਲੀ ਸੀ। ਹਰ ਟਾਹਣੀ ਬਰਫ਼ ਦੇ ਬੋਝ ਨਾਲ ਦੱਬੀ ਹੋਈ ਸੀ। ਡੱਕੇ ਤੋੜਦੇ ਹੋਏ ਹਰ ਵਾਰ ਉਸਨੇ ਝਾੜ ਨੂੰ ਥੋੜਾ ਬਹੁਤ ਹਿਲਾਇਆ ਸੀ, ਹਾਲਾਂਕਿ ਉਸਦੇ ਅਨੁਸਾਰ ਇਸ ਨਾਲ ਕੋਈ ਖਾਸ ਫਰਕ ਨਹੀਂ ਸੀ ਪੈਂਦਾ। ਲੇਕਿਨ ਰੁੱਖ ਨੂੰ ਤਾਂ ਪੈ ਹੀ ਰਿਹਾ ਸੀ, ਜੋ ਆਫ਼ਤ ਦੇ ਜਨਮ ਲਈ ਕਾਫੀ ਸੀ। ਉੱਤੇ ਦੀ ਇੱਕ ਟਾਹਣੀ ਨੇ ਹਿਲਣ ਨਾਲ ਆਪਣੀ ਸਾਰੀ ਬਰਫ਼ ਹੇਠਾਂ ਡੇਗ ਦਿੱਤੀ। ਬਰਫ਼ ਹੇਠਾਂ ਦੀ ਟਾਹਣੀ ਉੱਤੇ ਡਿੱਗੀ ਅਤੇ ਇਸ ਪ੍ਰਕਾਰ ਟਾਹਣੀਉਂ ਟਾਹਣੀ ਹੁੰਦੀ ਹੁੰਦੀ ਪੂਰੇ ਰੁੱਖ ਦੀ ਬਰਫ਼ ਬਿਨਾਂ ਕਿਸੇ ਪੂਰਵ ਸੂਚਨਾ ਦੇ ਜਵਾਲਾਮੁਖੀ ਦੀ ਤਰ੍ਹਾਂ ਆਦਮੀ ਅਤੇ ਅੱਗ ਉੱਤੇ ਡਿੱਗ ਪਈ। ਅੱਗ ਬੁਝ ਗਈ। ਜਿੱਥੇ ਕੁੱਝ ਦੇਰ ਪਹਿਲਾਂ ਅੱਗ ਸੀ ਹੁਣ ਉੱਥੇ ਖਿੰਡਰੀ ਬਰਫ਼ ਪਈ ਸੀ।
ਆਦਮੀ ਇਸ ਠੋਕਰ ਨਾਲ ਹੜਬੜਾ ਗਿਆ, ਜਿਵੇਂ ਉਸਨੇ ਹੁਣੇ ਹੁਣੇ ਮੌਤ ਦੀ ਸਜ਼ਾ ਸੁਣੀ ਹੋਵੇ। ਕੁੱਝ ਪਲ ਤੱਕ ਉਥੇ ਹੀ ਬੈਠਾ ਰਿਹਾ ਉਸ ਸਥਾਨ ਨੂੰ ਘੂਰਦਾ ਜਿੱਥੇ ਕੁੱਝ ਦੇਰ ਪਹਿਲਾਂ ਅੱਗ ਬਲ ਰਹੀ ਸੀ। ਫਿਰ ਉਸਨੇ ਬੇਚੈਨੀ ਉੱਤੇ ਕਾਬੂ ਪਾਇਆ। ਸ਼ਾਇਦ ਸਲਫਰ ਕ੍ਰੀਕ ਦਾ ਉਹ ਖੂਸਟ ਬੁੱਢਾ ਖੂਸਟ ਨਹੀਂ ਸੀ, ਉਹ ਪੂਰੀ ਤਰ੍ਹਾਂ ਠੀਕ ਸੀ। ਜੇਕਰ ਉਸਦੇ ਨਾਲ ਕੋਈ ਸਾਥੀ ਹੁੰਦਾ, ਤਾਂ ਉਹ ਅਜੇ ਵੀ ਖ਼ਤਰੇ ਤੋਂ ਬਾਹਰ ਹੁੰਦਾ। ਉਸਦੇ ਸਾਥੀ ਨੇ ਉਸਦੇ ਸਥਾਨ ਤੇ ਅੱਗ ਬਾਲ ਲਈ ਹੁੰਦੀ। ਪਰ ਅਜਿਹਾ ਹੋਣਾ ਸੰਭਵ ਨਹੀਂ ਸੀ, ਉਸਨੇ ਹੀ ਫਿਰ ਅੱਗ ਜਲਾਉਣੀ ਹੋਵੇਗੀ ਅਤੇ ਇਸ ਵਾਰ ਕਿਸੇ ਵੀ ਪ੍ਰਕਾਰ ਦੀ ਗਲਤੀ ਦੀ ਸੰਭਾਵਨਾ ਨਹੀਂ ਹੋਣੀ ਚਾਹੀਦੀ। ਆਪਣੀ ਕੋਸ਼ਿਸ਼ ਵਿੱਚ ਉਹ ਸਫਲ ਹੋ ਵੀ ਜਾਵੇ ਫਿਰ ਵੀ ਇਹ ਤਾਂ ਨਿਸ਼ਚਿਤ ਸੀ ਕਿ ਉਸਦੇ ਪੈਰਾਂ ਦੀ ਕੁੱਝ ਉਂਗਲੀਆਂ ਨਹੀਂ ਬਚਣਗੀਆਂ। ਉਸਦੇ ਪੰਜੇ ਉਦੋਂ ਤੱਕ ਬੁਰੀ ਤਰ੍ਹਾਂ ਸੁੰਨ ਹੋ ਚੁੱਕੇ ਹੋਣਗੇ। ਦੂਜੀ ਵਾਰ ਅੱਗ ਪੂਰੀ ਤਰ੍ਹਾਂ ਜਲਾਣ ਵਿੱਚ ਕੁੱਝ ਸਮਾਂ ਲਗਣਾ ਤਾਂ ਤੈਅ ਹੀ ਸੀ।
ਇਹ ਵਿਚਾਰ ਸਨ ਜੋ ਉਸਦੇ ਮਨ ਵਿੱਚ ਉਠ ਰਹੇ ਸਨ ਲੇਕਿਨ ਇਸ ਉੱਤੇ ਸੋਚਣ ਵਿਚਾਰਨ ਲਈ ਉਹ ਬੈਠਾ ਨਹੀਂ, ਬਲਕਿ ਆਪਣੇ ਨੂੰ ਕੰਮ ਲਾਈ ਰੱਖਣ ਦੀ ਸੋਚ ਰਿਹਾ ਸੀ। ਅੱਗ ਜਲਾਣ ਲਈ ਉਸਨੇ ਜ਼ਮੀਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਕੂਕਾਰ ਤੋਂ ਦੂਰ ਖੁੱਲੇ ਵਿੱਚ ਜਿੱਥੇ ਧੋਖੇਬਾਜ਼ ਰੁੱਖ ਅੱਗ ਨੂੰ ਬੁਝਾ ਨਾ ਸਕੇ। ਜ਼ਮੀਨ ਤਿਆਰ ਹੋਣ ਤੇ ਉਸਨੇ ਘੁੰਮ ਘੁੰਮਕੇ ਟਾਹਣੀਆਂ ਅਤੇ ਸੁੱਕਾ ਘਾਹ ਇਕਠਾ ਕਰਨਾ ਸ਼ੁਰੂ ਕੀਤਾ। ਉਸਦੀਆਂ ਉਂਗਲੀਆਂ ਇੰਨੀਆਂ ਆਕੜ ਚੁੱਕੀਆਂ ਸਨ ਕਿ ਉਹ ਉਖਾੜ ਨਹੀਂ ਸਕਦਾ ਸੀ ਬਸ ਟੁੱਟੀਆਂ ਪਈਆਂ ਲਕੜੀਆਂ ਨੂੰ ਮੁੱਠੀ ਭਰ ਕਰ ਇਕੱਠੇ ਅਵਸ਼ ਕਰ ਸਕਦਾ ਸੀ। ਹਾਲਾਂਕਿ ਅਜਿਹਾ ਕਰਨ ਨਾਲ ਉਸਦੇ ਹੱਥ ਵਿੱਚ ਹਰੀ ਘਾਹ ਅਤੇ ਸੜੀਆਂ ਗਲੀਆਂ ਟਾਹਣੀਆਂ ਵੀ ਉਠ ਕਰ ਆ ਰਹੀਆਂ ਸਨ, ਲੇਕਿਨ ਫਿਲਹਾਲ ਉਹ ਇਹੀ ਕਰ ਸਕਦਾ ਸੀ। ਉਹ ਦੂਰੰਦੇਸ਼ੀ ਨਾਲ ਕੰਮ ਕਰ ਰਿਹਾ ਸੀ। ਅੱਗ ਜਲ ਜਾਣ ਉੱਤੇ ਬਾਲਣ ਲਈ ਮੋਟੀਆਂ ਮੋਟੀਆਂ ਟਾਹਣੀਆਂ ਵੀ ਇਕੱਠੀਆਂ ਕਰ ਲਈਆਂ ਸਨ। ਇਸ ਦੌਰਾਨ ਕੁੱਤਾ ਸ਼ਾਂਤ ਬੈਠਾ ਆਸ ਭਰੀਆਂ ਨਿਗਾਹਾਂ ਨਾਲ ਉਸਨੂੰ ਕੰਮ ਕਰਦਾ ਵੇਖ ਰਿਹਾ ਸੀ, ਕਿਉਂਕਿ ਉੱਥੇ ਉਹੀ ਸੀ ਜੋ ਉਸਦੇ ਲਈ ਅੱਗ ਦੀ ਇੰਤਜਾਮ ਕਰ ਸਕਦਾ ਸੀ, ਹਾਲਾਂਕਿ ਅੱਗ ਜਲਣ ਵਿੱਚ ਅਜੇ ਦੇਰ ਸੀ।
ਜਦੋਂ ਪੂਰੀ ਤਿਆਰੀ ਹੋ ਗਈ ਤਾਂ ਆਦਮੀ ਨੇ ਆਪਣੀ ਜੇਬ ਵਿੱਚੋਂ ਬਰਚ ਦੀ ਛਿਲ ਦੇ ਟੁਕੜੇ ਨੂੰ ਕੱਢਣ ਲਈ ਹੱਥ ਪਾਇਆ। ਉਹ ਜਾਣਦਾ ਸੀ ਛਿਲ ਉੱਥੇ ਹੈ। ਉਹ ਉਸਨੂੰ ਉਂਗਲੀਆਂ ਨਾਲ ਮਹਿਸੂਸ ਨਹੀਂ ਕਰ ਪਾ ਰਿਹਾ ਸੀ ਲੇਕਿਨ ਉਸਦੀ ਖਰਖਰਾਹਟ ਨੂੰ ਸੁਣ ਪਾ ਰਿਹਾ ਸੀ। ਉਸਨੇ ਬਹੁਤ ਕੋਸ਼ਿਸ਼ ਕੀਤੀ ਕਿੰਤੂ ਉਹ ਉਸਨੂੰ ਫੜਨ ਵਿੱਚ ਅਸਫਲ ਹੋ ਰਿਹਾ ਸੀ। ਇਸ ਵਿੱਚ ਉਸਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਤੇਜ਼ੀ ਨਾਲ ਗੁਜ਼ਰਦੇ ਪਲਾਂ ਦੇ ਵਿੱਚ ਉਸਦੇ ਪੰਜੇ ਸੁੰਨ ਹੁੰਦੇ ਜਾ ਰਹੇ ਸਨ। ਇਸ ਵਿਚਾਰ ਨਾਲ ਉਸਦੀ ਘਬਰਾਹਟ ਵੱਧ ਰਹੀ ਸੀ। ਸੰਦੇਹ ਭਰੇ ਡਰ ਨਾਲ ਲੜਦੇ ਹੋਏ ਉਸਨੇ ਆਪਣੇ ਆਪ ਨੂੰ ਸ਼ਾਂਤ ਰੱਖਿਆ ਸੀ। ਉਸਨੇ ਦਸਤਾਨੇ ਦੰਦਾਂ ਨਾਲ ਫੜ ਖਿੱਚ ਕੇ ਕੱਢੇ ਅਤੇ ਦੋਨਾਂ ਹਥੇਲੀਆਂ ਨੂੰ ਜ਼ੋਰ ਜ਼ੋਰ ਨਾਲ ਪਿੱਠ ਉੱਤੇ ਮਾਰਨ ਲਗਾ। ਇਹ ਉਸਨੇ ਬੈਠੇ ਬੈਠੇ ਕੀਤਾ ਅਤੇ ਫਿਰ ਖੜੇ ਹੋਕੇ ਪੂਰੀ ਤਾਕਤ ਨਾਲ ਹੱਥਾਂ ਨੂੰ ਚਲਾਉਣਾ ਜਾਰੀ ਰੱਖਿਆ। ਇਸ ਵਿੱਚ ਕੁੱਤਾ ਬਰਫ਼ ਉੱਤੇ ਆਪਣੀ ਬਘਿਆੜਾਂ ਵਰਗੀ ਪੂਛ ਨਾਲ ਆਪਣੇ ਅਗਲੇ ਪੰਜਿਆਂ ਨੂੰ ਢਕੀ ਬੈਠਾ ਸੀ। ਉਸਦੇ ਤੇਜ਼ ਕੰਨ ਸਿੱਧੇ ਖੜੇ ਸਨ ਅਤੇ ਉਹ ਆਦਮੀ ਨੂੰ ਇੱਕਟਕ ਵੇਖੀ ਜਾ ਰਿਹਾ ਸੀ, ਜੋ ਪੂਰੀ ਤਾਕਤ ਨਾਲ ਆਪਣੇ ਹੱਥਾਂ ਵਿੱਚ ਗਰਮੀ ਲਿਆਉਣ ਦੀ ਕੋਸ਼ਿਸ਼ ਵਿੱਚ ਲਗਾ ਸੀ। ਉਸਨੂੰ ਕੁੱਤੇ ਨਾਲ ਈਰਖਾ ਹੋ ਰਹੀ ਸੀ ਜੋ ਸੁਭਾਵਿਕ ਜਤਿਆਲੇ ਵਾਲਾਂ ਵਿੱਚ ਸੁਰੱਖਿਅਤ ਬੈਠਾ ਸੀ।
ਕੁੱਝ ਦੇਰ ਬਾਅਦ ਉਸਨੂੰ ਉਂਗਲੀਆਂ ਵਿੱਚ ਸੰਵੇਦਨਾ ਦੇ ਸੰਕੇਤ ਮਿਲਣ ਲੱਗੇ। ਉਂਗਲੀਆਂ ਵਿੱਚ ਉੱਠਦਾ ਹਲਕਾ ਦਰਦ ਹੌਲੀ ਹੌਲੀ ਵੱਧ ਰਿਹਾ ਸੀ ਅਤੇ ਫਿਰ ਅਸਹਿ ਹੋ ਉੱਠਿਆ, ਲੇਕਿਨ ਦਰਦ ਵਧਣ ਦੇ ਬਾਵਜੂਦ ਉਹ ਸੰਤੂਸ਼ਟੀ ਦਾ ਅਨੁਭਵ ਕਰ ਰਿਹਾ ਸੀ। ਸੱਜੇ ਹੱਥ ਦਾ ਦਸਤਾਨਾ ਉਤਾਰ ਉਸਨੇ ਜੇਬ ਵਿੱਚੋਂ ਬਰਚ ਦੀ ਛਿਲ ਕੱਢੀ। ਨੰਗੀਆਂ ਉਂਗਲੀਆਂ ਇੱਕ ਵਾਰ ਫਿਰ ਸੁੰਨ ਹੋਣੀਆਂ ਸ਼ੁਰੂ ਹੋ ਗਈਆਂ ਸਨ, ਫਿਰ ਵੀ ਉਸਨੇ ਹੱਥ ਨਾਲ ਜੇਬ ਵਿੱਚੋਂ ਮਾਚਿਸ ਕੱਢੀ, ਲੇਕਿਨ ਭਿਆਨਕ ਸੀਤ ਨੇ ਉਂਗਲੀਆਂ ਦੀ ਤਾਕਤ ਸਮਾਪਤ ਕਰ ਦਿੱਤੀ ਸੀ। ਮਾਚਿਸ ਦੀ ਤੀਲੀ ਨੂੰ ਦੂਜੀਆਂ ਤੀਲੀਆਂ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਵਿੱਚ ਸਾਰੀਆਂ ਤੀਲੀਆਂ ਉਸਦੇ ਹੱਥੋਂ ਬਰਫ਼ ਉੱਤੇ ਡਿੱਗ ਗਈਆਂ। ਉਸ ਨੇ ਜਦੋਂ ਬਰਫ਼ ਤੋਂ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਾਇਆ ਕਿ ਇਹ ਉਸਦੇ ਵਸ ਵਿੱਚ ਨਹੀਂ ਸੀ। ਉਂਗਲੀਆਂ ਤੀਲੀਆਂ ਨੂੰ ਛੂ ਤੱਕ ਨਹੀਂ ਪਾ ਰਹੀਆਂ ਸਨ, ਫੜਨ ਦੀ ਗੱਲ ਤਾਂ ਦੂਰ। ਉਹ ਬੇਹੱਦ ਸੁਚੇਤ ਸੀ। ਸੁੰਨ ਹੁੰਦੇ ਪੈਰਾਂ, ਨੱਕ ਅਤੇ ਗੱਲ੍ਹਾਂਬਾਰੇ ਨਾ ਸੋਚਕੇ ਉਸਨੇ ਪੂਰੀ ਤਾਕਤ ਮਾਚਿਸ ਦੀਆਂ ਤੀਲੀਆਂ ਨੂੰ ਚੁੱਕਣ ਵਿੱਚ ਲਗਾ ਦਿੱਤੀ। ਸਪਰਸ਼ ਦੇ ਸਥਾਨ ਉੱਤੇ ਉਸਨੇ ਨਿਗਾਹ ਦਾ ਪ੍ਰਯੋਗ ਕਰਨਾ ਬਿਹਤਰ ਸਮਝਿਆ। ਜਦੋਂ ਉਸਨੇ ਵੇਖਿਆ ਕਿ ਉਸਦੀਆਂ ਉਂਗਲੀਆਂ ਤੀਲੀਆਂ ਦੇ ਬਿਲਕੁਲ ਕੋਲ ਹਨ ਤਾਂ ਉਸਨੇ ਪੂਰੀ ਤਾਕਤ ਨਾਲ ਉਨ੍ਹਾਂ ਨੂੰ ਫੜਿਆ ਅਰਥਾਤ ਉਸਨੇ ਉਨ੍ਹਾਂ ਨੂੰ ਫੜਨ ਦੀ ਪ੍ਰਬਲ ਇੱਛਾ ਕੀਤੀ, ਕਿਉਂਕਿ ਉਸਦੇ ਹੱਥ ਦੀਆਂ ਨਸਾਂ ਕਮਜ਼ੋਰ ਸਨ ਅਤੇ ਉਂਗਲੀਆਂ ਉਸਦੀ ਆਗਿਆ ਨਹੀਂ ਮੰਨ ਰਹੀਆਂ ਸਨ। ਉਸਨੇ ਸੱਜੇ ਹੱਥ ਵਿੱਚ ਦਸਤਾਨਾ ਪਾਇਆ ਅਤੇ ਹੱਥ ਨੂੰ ਗੋਡੇ ਉੱਤੇ ਜ਼ੋਰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਉਸਨੇ ਦਸਤਾਨੇ ਪਹਿਨੇ ਹੀ ਦੋਨਾਂ ਹੱਥਾਂ ਨਾਲ ਤੀਲੀਆਂ ਬਰਫ਼ ਸਹਿਤ ਉਠਾ ਕੇ ਆਪਣੀ ਗੋਦ ਵਿੱਚ ਰੱਖ ਲਈਆਂ। ਬਹੁਤ ਕੋਸ਼ਸ਼ਾਂ ਦੇ ਬਾਅਦ ਉਹ ਤੀਲੀਆਂ ਨੂੰ ਦਸਤਾਨੇ ਪਹਿਨੇ ਹੱਥਾਂ ਦੇ ਹੇਠਾਂ ਕਲਾਈ ਤੱਕ ਲੈ ਗਿਆ ਅਤੇ ਫਿਰ ਹੱਥਾਂ ਨੂੰ ਮੂੰਹ ਦੇ ਕੋਲ ਲੈ ਆਇਆ। ਜਿਵੇਂ ਹੀ ਉਸਨੇ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਮੂੰਹ ਉੱਤੇ ਜੰਮੀ ਬਰਫ਼ ਸਰਕੀ, ਲੇਕਿਨ ਮੂੰਹ ਨਹੀਂ ਖੁੱਲ੍ਹਿਆ। ਤੱਦ ਉਸਨੇ ਪੂਰੀ ਇੱਛਾ ਸ਼ਕਤੀ ਇਕੱਠੀ ਕਰਕੇ ਪੂਰੀ ਤਾਕਤ ਲਗਾਕੇ ਆਪਣਾ ਮੂੰਹ ਖੋਲ੍ਹ ਹੀ ਲਿਆ। ਉਸਨੇ ਹੇਠਲੇ ਹੋਂਠ ਨੂੰ ਖੋਲ੍ਹਿਆ ਅਤੇ ਉਪਰਲੇ ਹੋਂਠ ਨੂੰ ਉੱਪਰ ਵੱਲ ਮੋੜਕੇ ਤੀਲੀਆਂ ਵਿੱਚੋਂ ਇੱਕ ਤੀਲੀ ਨੂੰ ਦੰਦਾਂ ਨਾਲ ਫੜਨ ਦੀ ਕੋਸ਼ਿਸ਼ ਕੀਤੀ। ਬੜੀ ਮੁਸ਼ਕਿਲ ਉਹ ਇੱਕ ਤੀਲੀ ਕੱਢਣ ਵਿੱਚ ਸਫਲ ਹੋਇਆ, ਜਿਸ ਨੂੰ ਉਸਨੇ ਗੋਦ ਵਿੱਚ ਸੁੱਟ ਲਿਆ। ਉਸਦੀ ਹਾਲਤ ਅੱਛੀ ਨਹੀਂ ਸੀ। ਤੀਲੀ ਚੁੱਕਣ ਵਿੱਚ ਉਹ ਅਸਮਰਥ ਸੀ। ਕੁੱਝ ਦੇਰ ਵਿੱਚ ਉਸਨੂੰ ਉਪਾਅ ਸੁੱਝਿਆ। ਤੀਲੀ ਨੂੰ ਇੱਕ ਵਾਰ ਫਿਰ ਉਸਨੇ ਦੰਦਾਂ ਨਾਲ ਫੜਿਆ ਅਤੇ ਪੈਰ ਉੱਤੇ ਘਿਸਾਉਣਾ ਸ਼ੁਰੂ ਕੀਤਾ। ਲਗਾਤਾਰ ਉਹ ਪੈਰ ਉੱਤੇ ਘਿਸਾਉਂਦਾ ਰਿਹਾ, ਤੱਦ ਕਿਤੇ ਜਾਕੇ ਉਹ ਤੀਲੀ ਨੂੰ ਬਾਲ ਪਾਇਆ। ਤੀਲੀ ਦੇ ਬਲਦੇ ਹੀ, ਦੰਦਾਂ ਨਾਲ ਫੜੇ – ਫੜੇ ਹੀ ਉਸਨੇ ਬਰਚ ਦੀ ਛਿੱਲ ਨੂੰ ਜਲਾਣ ਦੀ ਕੋਸ਼ਿਸ਼ ਕੀਤੀ। ਤੀਲੀ ਵਲੋਂ ਨਿਕਲਦੀ ਲੋਅ ਵਿੱਚੋਂ ਬਾਹਰ ਆਉਂਦੀ ਗੰਧਕ ਉਸਦੀ ਨੱਕ ਰਾਹੀਂ ਹੁੰਦੀ ਉਸਦੇ ਫੇਫੜਿਆਂ ਤੱਕ ਪਹੁੰਚੀ, ਫਲਸਰੂਪ ਉਹ ਜ਼ੋਰ – ਜ਼ੋਰ ਵਲੋਂ ਖੰਘਣ ਲਗਾ। ਨਤੀਜੇ ਵਜੋਂ ਜਲੀ ਤੀਲੀ ਬਰਫ਼ ਉੱਤੇ ਡਿੱਗ ਕੇ ਬੁਝ ਗਈ।
ਸਲਫਰ ਕ੍ਰੀਕ ਦਾ ਖ਼ੁਰਾਂਟ ਬੁੱਢਾ ਠੀਕ ਸੀ, ਉਸਨੂੰ ਉਸ ਨਿਰਾਸ਼ਾ ਭਰੇ ਪਲ ਯਾਦ ਆਇਆ ਕਿ ਪੰਜਾਹ ਦੇ ਹੇਠਾਂ ਤਾਪਮਾਨ ਉੱਤੇ ਸਹਿਯਾਤਰੀ ਦਾ ਹੋਣਾ ਹਿਤਕਰ ਰਹਿੰਦਾ ਹੈ। ਉਸਨੇ ਆਪਣੇ ਹੱਥਾਂ ਨੂੰ ਪੂਰੀ ਤਾਕਤ ਨਾਲ ਫਿਰ ਚਲਾਉਣਾ ਸ਼ੁਰੂ ਕੀਤਾ ਲੇਕਿਨ ਉਹ ਸੁੰਨ ਪਏ ਸਨ। ਇਹ ਵੇਖ ਉਸਨੇ ਦੰਦਾਂ ਨਾਲ ਦੋਨੋਂ ਦਸਤਾਨੇ ਖਿੱਚ ਕੇ ਉਤਾਰੇ। ਹਥੇਲੀਆਂ ਦੇ ਪਿਛਲੇ ਭਾਗ ਨਾਲ ਉਸਨੇ ਬਰਫ਼ ਵਿੱਚ ਪਈ ਮਾਚਿਸ ਦੀ ਸਟਰਿਪ ਨੂੰ ਫੜਿਆ। ਉਸਦੇ ਹੱਥਾਂ ਦੀ ਮਾਸਪੇਸ਼ੀਆਂ ਅਜੇ ਹਿਮਾਘਾਤ ਤੋਂ ਬਚੀਆਂ ਸਨ, ਇਸ ਲਈ ਉਸਦੇ ਹੱਥ ਸਟਰਿਪ ਨੂੰ ਫੜੇ ਰੱਖਣ ਵਿੱਚ ਸਫਲ ਰਹੇ। ਫਿਰ ਉਸਨੇ ਤੀਲੀਆਂ ਦੀ ਪੂਰੀ ਸਟਰਿਪ ਨੂੰ ਪੈਰਾਂ ਉੱਤੇ ਘਿਸਾਉਣਾ ਸ਼ੁਰੂ ਕਰ ਦਿੱਤਾ। ਉਹ ਜਲ ਉਠੀਆਂ। ਸੱਤਰ ਦੀਆਂ ਸੱਤਰ ਗੰਧਕ ਭਰੀਆਂ ਤੀਲੀਆਂ ਇੱਕੋ ਵਕਤ। ਲੋਅ ਨੂੰ ਬੁਝਾਣ ਜੋਗੀ ਉੱਥੇ ਹਵਾ ਸੀ ਹੀ ਨਹੀਂ। ਬਲਦੀ ਗੰਧਕ ਤੋਂ ਬਚਣ ਲਈ ਉਸਨੇ ਆਪਣੇ ਸਿਰ ਨੂੰ ਦੂਜੇ ਪਾਸੇ ਘੁਮਾ ਲਿਆ ਅਤੇ ਬਲਦੀਆਂ ਤੀਲੀਆਂ ਨੂੰ ਛਿੱਲ ਦੇ ਕੋਲ ਲੈ ਗਿਆ। ਜਦੋਂ ਉਹ ਇਹ ਕਰ ਰਿਹਾ ਸੀ ਤੱਦ ਉਸਨੇ ਆਪਣੇ ਹੱਥਾਂ ਵਿੱਚ ਜਾਨ ਦੀ ਸਨਸਨੀ ਪਰਤਦੀ ਮਹਿਸੂਸ ਕੀਤੀ। ਉਸਦਾ ਮਾਸ ਜਲ ਰਿਹਾ ਸੀ, ਉਹ ਸੁੰਘ ਸਕਦਾ ਸੀ। ਆਪਣੇ ਅੰਦਰ ਉਹ ਕਿਤੇ ਅਨੁਭਵ ਕਰ ਰਿਹਾ ਸੀ। ਜਾਨ ਦਰਦ ਵਿੱਚ ਬਦਲੀ ਅਤੇ ਫਿਰ ਦਰਦ ਅਸਹਿ ਹੋਣ ਲਗਾ। ਦਰਦ ਦੇ ਬਾਅਦ ਵੀ ਉਹ ਉਸਨੂੰ ਸਹਿੰਦਾ ਰਿਹਾ ਕਿਉਂਕਿ ਬਲਦੀਆਂ ਤੀਲੀਆਂ ਤੋਂ ਅਜੇ ਬਰਚ ਦੀ ਛਿੱਲ ਨੇ ਅੱਗ ਨਹੀਂ ਫੜੀ ਸੀ, ਕਿਉਂਕਿ ਛਿੱਲ ਅਤੇ ਅੱਗ ਦੀ ਲੋਅ ਦੇ ਵਿੱਚ ਉਸਦਾ ਆਪਣਾ ਜਲਦਾ ਹੱਥ ਸੀ, ਜਿਸ ਨੇ ਸਾਰੀ ਲੋਅ ਨੂੰ ਘੇਰਿਆ ਸੀ।
ਜਦੋਂ ਦਰਦ ਉਸਦੀ ਸਹਿਣ ਸ਼ਕਤੀ ਦੇ ਬਾਹਰ ਹੋ ਗਿਆ ਤਾਂ ਉਸਨੇ ਆਪਣੇ ਜੁੜੇ ਹੱਥਾਂ ਨੂੰ ਵੱਖ ਕਰ ਲਿਆ। ਬਲਦੀਆਂ ਤੀਲੀਆਂ ਬਰਫ਼ ਵਿੱਚ ਸਿਸਕਦੀਆਂ ਹੋਈਆਂ ਗਿਰੀਆਂ, ਲੇਕਿਨ ਇਸ ਦੌਰਾਨ ਬਰਚ ਦੀ ਛਿੱਲ ਨੇ ਅੱਗ ਫੜ ਲਈ ਸੀ। ਸੁੱਕਾ ਘਾਹ ਅਤੇ ਛੋਟੀਆਂ ਲਕੜੀਆਂ ਨੂੰ ਉਸਨੇ ਉਸ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ। ਚੁਣ – ਚੁਣ ਕੇ ਚੁੱਕ ਕੇ ਰੱਖਣ ਦੀ ਸਥਿਤੀ ਵਿੱਚ ਉਹ ਨਹੀਂ ਸੀ, ਕਿਉਂਕਿ ਉਹ ਹਥੇਲੀਆਂ ਨਾਲ ਹੀ ਚੁੱਕਣ ਦੀ ਸਥਿਤੀ ਵਿੱਚ ਸੀ। ਟਾਹਣੀਆਂ ਦੇ ਨਾਲ ਹਰੀ ਘਾਹ ਅਤੇ ਕਾਈ ਲੱਗੀ ਲੱਕੜੀ ਵੀ ਚਿਪਕੀ ਸੀ, ਜਿਸ ਨੂੰ ਉਹ ਦੰਦਾਂ ਨਾਲ ਖਿੱਚਕੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਨਾੜੀਪਣ ਮਿਲੀ ਸਾਵਧਾਨੀ ਨਾਲ ਉਹ ਅੱਗ ਨੂੰ ਸੁਰੱਖਿਅਤ ਰੱਖਣ ਵਿੱਚ ਲੀਨ ਸੀ। ਉਹ ਜੀਵਨ ਜਯੋਤੀ ਸੀ ਅਤੇ ਕਿਸੇ ਵੀ ਕੀਮਤ ਤੇ ਉਸਨੂੰ ਬੁਝਣਾ ਨਹੀਂ ਚਾਹੀਦਾ ਸੀ। ਇਸ ਦੌਰਾਨ ਸਰੀਰ ਦੀ ਉਪਰੀ ਸਤ੍ਹਾ ਵਿੱਚ ਖ਼ੂਨ ਪਰਵਾਹ ਦੇ ਘੱਟ ਹੋ ਜਾਣ ਨਾਲ ਉਹ ਕੰਬਣ ਲਗਾ ਸੀ। ਬਲਦੀ ਹੋਈ ਉਸ ਛੋਟੀ ਜਿਹੀ ਧੂਣੀ ਵਿੱਚ ਅਚਾਨਕ ਹਰੀ ਕਾਈ ਦਾ ਵੱਡਾ ਥੱਬਾ ਡਿਗਿਆ। ਉਸਨੇ ਉਂਗਲੀਆਂ ਨਾਲ ਉਸਨੂੰ ਦੂਰ ਕਰਨ ਦਾ ਲਗਦੀ ਵਾਹ ਯਤਨ ਕੀਤਾ, ਲੇਕਿਨ ਉਸਦੇ ਕੰਬਦੇ ਸਰੀਰ ਨੇ ਹੱਥਾਂ ਨੂੰ ਕੁੱਝ ਜਿਆਦਾ ਹੀ ਧੱਕਾ ਦੇ ਦਿੱਤਾ, ਜਿਸਦੇ ਨਾਲ ਅੱਗ ਦੀ ਲੋਅ ਦਾ ਕੇਂਦਰ ਬਿਖਰ ਗਿਆ। ਬਲਦਾ ਘਾਹ ਅਤੇ ਬਲਦੀਆਂ ਛੋਟੀਆਂ ਲਕੜੀਆਂ ਬਿਖਰ ਗਈਆਂ। ਉਸ ਨੇ ਉਨ੍ਹਾਂ ਨੂੰ ਕੋਲ ਲਿਆਉਣ ਦੀ ਜੀਤੋੜ ਕੋਸ਼ਿਸ਼ ਕੀਤੀ ਲੇਕਿਨ ਕੰਬਦੀ ਦੇਹ ਨੇ ਬਿਖਰੀਆਂ ਬਲਦੀਆਂ ਲਕੜੀਆਂ ਨੂੰ ਹੋਰ ਬਿਖਰਾ ਦਿੱਤਾ। ਇਹ ਹੌਲੀ ਹੌਲੀ ਬੁੱਝਣ ਲੱਗੀਆਂ ਅਤੇ ਕੁੱਝ ਹੀ ਪਲਾਂ ਵਿੱਚ ਉਨ੍ਹਾਂ ਵਿਚੋਂ ਲੋਅ ਦੀ ਜਗ੍ਹਾ ਧੂੰਆਂ ਨਿਕਲਣ ਲਗਾ ਅਤੇ ਉਹ ਬੁਝ ਗਈਆਂ। ਅਗਨੀ ਪ੍ਰਬੰਧਕ ਅਸਫਲ ਹੋ ਚੁੱਕਿਆ ਸੀ। ਉਸਨੇ ਚਾਰੇ ਪਾਸੇ ਘੋਰ ਨਿਰਾਸ਼ਾ ਵਿੱਚ ਡੁੱਬਦੇ ਹੋਏ ਤਿਣਕੇ ਦੀ ਆਸ ਵਿੱਚ ਵੇਖਿਆ। ਉਸਦੀ ਨਿਗਾਹ ਕੁੱਤੇ ਉੱਤੇ ਪਈ ਜੋ ਬਿਖਰੀ ਅੱਗ ਦੇ ਕੋਲ ਬਰਫ਼ ਵਿੱਚ ਪਰੇਸ਼ਾਨ ਹਾਲ ਪਿੱਠ ਚੁੱਕੀ ਆਪਣੇ ਸਾਹਮਣੇ ਦੇ ਦੋਨਾਂ ਪੰਜਿਆਂ ਨੂੰ ਇੱਕ ਦੇ ਬਾਅਦ ਦੂਜੇ ਨੂੰ ਉਠਾ ਰਿਹਾ ਸੀ। ਇੱਕ ਪੈਰ ਨਾਲ ਦੂਜੇ ਉੱਤੇ ਭਾਰ ਪਾਉਂਦਾ ਉਹ ਉਮੀਦ ਲਗਾਈ ਬੈਠਾ ਸੀ।
ਕੁੱਤੇ ਨੂੰ ਵੇਖ ਉਸਦੇ ਮਨ ਵਿੱਚ ਇੱਕ ਅਨਾਰਮਲ ਵਿਚਾਰ ਚਮਕਿਆ। ਉਸਨੂੰ ਅਚਾਨਕ ਬਰਫ਼ੀਲੇ ਤੂਫ਼ਾਨ ਵਿੱਚ ਫਸੇ ਉਸ ਆਦਮੀ ਦੀ ਕਹਾਣੀ ਯਾਦ ਆਈ, ਜਿਨ੍ਹੇ ਇੱਕ ਮਿਰਗ ਨੂੰ ਮਾਰਕੇ ਉਸਦੀ ਖੱਲ ਦੀ ਬੁੱਕਲ ਮਾਰ ਕੇ ਆਪਣੇ ਪ੍ਰਾਣ ਬਚਾਏ ਸਨ। ਉਹ ਵੀ ਤਾਂ ਕੁੱਤੇ ਨੂੰ ਮਾਰਕੇ ਉਸਦੀ ਗਰਮ ਮੋਈ ਦੇਹ ਵਿੱਚ ਆਪਣੇ ਹੱਥ ਪਾਕੇ ਉਨ੍ਹਾਂ ਵਿੱਚ ਫੇਰ ਖ਼ੂਨ ਸੰਚਾਰ ਕਰ ਸਕਦਾ ਹੈ। ਜੇਕਰ ਇੱਕ ਵਾਰ ਹੱਥ ਗਰਮ ਹੋ ਜਾਣ ਤਾਂ ਦੁਬਾਰਾ ਅੱਗ ਜਲਾਉਣਾ ਬਹੁਤ ਆਸਾਨ ਹੋ ਜਾਵੇਗਾ। ਉਸਨੇ ਕੁੱਤੇ ਨੂੰ ਆਵਾਜ਼ ਦਿੱਤੀ, ਲੇਕਿਨ ਉਸਦੀ ਆਵਾਜ਼ ਵਿੱਚ ਕੁੱਝ ਅਜਿਹਾ ਡਰ ਵਿਆਪਤ ਸੀ ਜਿਸਦੇ ਨਾਲ ਕੁੱਤਾ ਡਰ ਕੇ ਸਹਿਮ ਗਿਆ। ਕਿਉਂਕਿ ਉਸਨੇ ਆਦਮੀ ਦੀ ਅਜਿਹੀ ਆਵਾਜ਼ ਕਦੇ ਨਹੀਂ ਸੁਣੀ ਸੀ। ਕਿਤੇ ਨਾ ਕਿਤੇ ਕੁੱਝ ਗੜਬੜ ਹੈ, ਉਸਦੀ ਸੰਦੇਹ ਬਿਰਤੀ ਨੂੰ ਖ਼ਤਰੇ ਦਾ ਅਹਿਸਾਸ ਹੋਣ ਲਗਾ। ਉਹ ਇਹ ਨਹੀਂ ਜਾਣਦਾ ਸੀ ਕਿ ਉਸਨੇ ਕਿਸ ਤੋਂ ਡਰਨਾ ਹੈ, ਲੇਕਿਨ ਉਸਦੇ ਜਿਹਨ ਵਿੱਚ ਆਦਮੀ ਦੇ ਪ੍ਰਤੀ ਸੰਦੇਹ ਨੂੰ ਜਨਮ ਦੇ ਦਿੱਤਾ। ਉਸਨੇ ਆਦਮੀ ਦੀ ਆਵਾਜ਼ ਤੇ ਆਪਣੇ ਦੋਨਾਂ ਕੰਨ ਸਿੱਧੇ ਖੜੇ ਕਰ ਲਏ। ਉਸਦਾ ਹਿਲਣਾ ਡੁਲਣਾ, ਅਗਲੇ ਪੰਜਿਆਂ ਨੂੰ ਵਾਰੀ – ਵਾਰੀ ਚੁੱਕਣਾ ਗਿਰਾਉਣਾ ਤੇਜ਼ੀ ਨਾਲ ਹੋਣ ਲਗਾ। ਕਿੰਤੂ ਆਦਮੀ ਦੇ ਕੋਲ ਜਾਣ ਦੀ ਉਸਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਆਦਮੀ ਗੋਡਿਆਂ ਅਤੇ ਹੱਥਾਂ ਦੇ ਬਲ ਬੈਠ ਗਿਆ ਅਤੇ ਹੌਲੀ ਹੌਲੀ ਉਸਨੇ ਕੁੱਤੇ ਦੇ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਆਦਮੀ ਦੀ ਇਸ ਵਚਿੱਤਰ ਚਾਲ ਤੋਂ ਕੁੱਤੇ ਦਾ ਸੰਦੇਹ ਹੋਰ ਵੱਧ ਗਿਆ। ਉਹ ਆਦਮੀ ਕੋਲੋਂ ਹੌਲੀ ਹੌਲੀ ਦੂਰ ਖਿਸਕਣ ਲਗਾ।
ਆਦਮੀ ਨੇ ਕੁੱਝ ਦੇਰ ਤੱਕ ਬਰਫ਼ ਵਿੱਚ ਬੈਠ ਆਪਣੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਦੰਦਾਂ ਨਾਲ ਇੱਕ ਵਾਰ ਫਿਰ ਉਸਨੇ ਦਸਤਾਨੇ ਪਹਿਨੇ ਅਤੇ ਖੜਾ ਹੋ ਗਿਆ। ਖੜੇ ਹੋ ਉਸਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ, ਕਿ ਕੀ ਉਹ ਵਾਸਤਵ ਵਿੱਚ ਖੜਾ ਹੈ, ਕਿਉਂਕਿ ਉਸਦੇ ਪੈਰਾਂ ਦੀ ਨਿਰਜੀਵਤਾ ਨੇ ਉਸਨੂੰ ਧਰਤੀ ਤੋਂ ਦੂਰ ਕਰ ਦਿੱਤਾ ਸੀ। ਆਦਮੀ ਦੇ ਖੜੇ ਹੋ ਜਾਣ ਨਾਲ ਕੁੱਤੇ ਦੇ ਮਨ ਵਿੱਚ ਉਠ ਰਹੀਆਂ ਸੰਦੇਹ ਦੀਆਂ ਤਰੰਗਾਂ ਸ਼ਾਂਤ ਹੋ ਗਈਆਂ ਅਤੇ ਜਦੋਂ ਉਸਨੇ ਹੰਟਰ ਤੋਂ ਨਿਕਲਦੀ ਸਪਾਕ … ਸਪਾਕ … ਦੀ ਆਵਾਜ਼ ਸੁਣੀ ਤਾਂ ਉਹ ਨਿਸ਼ਚਿੰਤ ਹੋ ਗਿਆ ਅਤੇ ਉਸਦੇ ਕੋਲ ਆ ਗਿਆ। ਜਿਵੇਂ ਹੀ ਕੁੱਤਾ ਉਸਦੀ ਜਦ ਵਿੱਚ ਆਇਆ, ਆਦਮੀ ਦੇ ਪੈਰਾਂ ਨੇ ਸਾਥ ਛੱਡ ਦਿੱਤਾ। ਡਿੱਗਦੇ – ਡਿੱਗਦੇ ਉਸਦੇ ਹੱਥਾਂ ਨੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਸਨੂੰ ਇਹ ਵੇਖਕੇ ਆਚਰਜ ਹੋਇਆ ਕਿ ਉਸਦੇ ਹੱਥ ਫੜਨ ਵਿੱਚ ਪੂਰੀ ਤਰ੍ਹਾਂ ਅਸਮਰਥ ਹਨ। ਉਸਦੇ ਦੋਨੋਂ ਹੱਥ ਅਤੇ ਉਂਗਲੀਆਂ ਪੂਰੀ ਤਰ੍ਹਾਂ ਸੁੰਨ ਸਨ। ਇੱਕ ਪਲ ਉਹ ਭੁੱਲ ਗਿਆ ਕਿ ਉਹ ਬਰਫ਼ ਨਾਲ ਪੂਰੀ ਤਰ੍ਹਾਂ ਜੰਮ ਚੁੱਕੀਆਂ ਹਨ। ਇਹੀ ਨਹੀਂ ਉਨ੍ਹਾਂ ਦਾ ਭਾਰ ਵੀ ਹੌਲੀ ਹੌਲੀ ਵਧਦਾ ਜਾ ਰਿਹਾ ਹੈ ਜੋ ਲਗਾਤਾਰ ਮੋਏ ਹੁੰਦੇ ਜਾਣ ਦਾ ਸੂਚਕ ਹੈ। ਇਹ ਸਭ ਕੁੱਝ ਹੀ ਪਲ ਵਿੱਚ ਹੋ ਗਿਆ ਅਤੇ ਇਸਦੇ ਪਹਿਲਾਂ ਕਿ ਕੁੱਤਾ ਉਸਦੀ ਜਦ ਤੋਂ ਬਾਹਰ ਭੱਜੇ, ਉਸਨੇ ਉਸਨੂੰ ਆਪਣੀ ਬਾਹਾਂ ਵਿੱਚ ਭਰ ਲਿਆ। ਉਹ ਉਥੇ ਹੀ ਬਰਫ਼ ਉੱਤੇ ਕੁੱਤੇ ਨੂੰ ਫੜ ਕੇ ਬੈਠ ਗਿਆ, ਜਦੋਂ ਕਿ ਕੁੱਤਾ ਉਸ ਤੋਂ ਕਾਏਂ … ਕਾਏਂ … ਕਰ ਛੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ।
ਫਿਲਹਾਲ ਉਹ ਇਹੀ ਕਰ ਸਕਦਾ ਸੀ ਕਿ ਉਸਦੇ ਸਰੀਰ ਨੂੰ ਆਪਣੇ ਹੱਥਾਂ ਵਿੱਚ ਘੇਰ ਕੇ ਉਥੇ ਹੀ ਬੈਠਾ ਰਹੇ। ਉਹਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਉਹ ਕੁੱਤੇ ਨੂੰ ਮਾਰ ਨਹੀਂ ਸਕਦਾ। ਮਾਰਨ ਦਾ ਕੋਈ ਵੀ ਤਰੀਕਾ ਉਸਦੇ ਕੋਲ ਨਹੀਂ ਸੀ। ਉਹ ਆਪਣੇ ਖ਼ੂਨ-ਰਹਿਤ, ਬੇਜਾਨ ਹੱਥਾਂ ਨਾਲ ਨਾ ਤਾਂ ਚਾਕੂ ਫੜ ਸਕਦਾ ਸੀ ਨਾ ਹੀ ਉਸਨੂੰ ਬੈਂਟ ਨਾਲ ਖੋਲ੍ਹ ਹੀ ਸਕਦਾ ਸੀ ਅਤੇ ਨਾ ਹੀ ਆਪਣੇ ਹੱਥਾਂ ਨਾਲ ਕੁੱਤੇ ਦਾ ਗਲਾ ਹੀ ਘੁੱਟ ਸਕਦਾ ਸੀ। ਉਸਨੇ ਉਸਨੂੰ ਛੱਡ ਦਿੱਤਾ। ਹੱਥਾਂ ਦਾ ਘੇਰਾ ਹਟਦੇ ਹੀ ਕੁੱਤਾ ਤੇਜ਼ੀ ਨਾਲ ਕੁੱਦਕੇ ਦੁਮ ਦਬਾਕੇ ਕਾਏਂ … ਕਾਏਂ … ਕਰਦਾ ਭੱਜਿਆ। ਚਾਲ੍ਹੀ ਫੁੱਟ ਦੂਰ ਜਾਕੇ ਉਸਨੇ ਆਦਮੀ ਨੂੰ ਆਚਰਜ ਨਾਲ ਵੇਖਿਆ। ਉਸਦੇ ਕੰਨ ਸਿੱਧੇ ਖੜੇ ਸਨ।
ਆਦਮੀ ਨੇ ਆਪਣੇ ਹੱਥਾਂ ਨੂੰ ਲੱਭਣ ਲਈ ਹੇਠਾਂ ਵੇਖਿਆ। ਉਸਨੇ ਉਨ੍ਹਾਂ ਨੂੰ ਮੋਢਿਆਂ ਨਾਲ ਲਟਕਦੇ ਪਾਇਆ। ਉਸਨੂੰ ਆਚਰਜ ਹੋਇਆ ਕਿ ਆਪਣੇ ਹੱਥਾਂ ਦੇ ਹੋਣ ਨੂੰ ਦੇਖਣ ਲਈ ਅੱਖਾਂ ਦੀ ਵਰਤੋਂ ਕਰਨੀ ਪੈ ਰਹੀ ਸੀ। ਹੱਥਾਂ ਨੂੰ ਉਸਨੇ ਤੇਜ਼ੀ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ, ਨਾਲ ਹੀ ਦਸਤਾਨੇ ਵਿੱਚ ਫਸੀਆਂ ਹਥੇਲੀਆਂ ਨੂੰ ਜ਼ੋਰ ਜ਼ੋਰ ਨਾਲ ਪਿੱਠ ਉੱਤੇ ਮਾਰਨ ਲਗਾ। ਉਹ ਪੰਜ ਕੁ ਮਿੰਟ ਤੱਕ ਪੂਰੀ ਤਾਕਤ ਨਾਲ ਤੱਦ ਤੱਕ ਇਹ ਕਰਦਾ ਰਿਹਾ, ਜਦੋਂ ਤੱਕ ਉਸਦੇ ਫੇਫੜਿਆਂ ਨੇ ਖ਼ੂਨ ਪਰਵਾਹ ਵਧਾ ਕੇ ਸਰੀਰ ਦਾ ਕੰਬਣਾ ਬੰਦ ਨਹੀਂ ਕੀਤਾ। ਇਸਦੇ ਬਾਅਦ ਵੀ ਉਸਦੇ ਹੱਥਾਂ ਵਿੱਚ ਜਾਨ ਦਾ ਜਰਾ ਜਿੰਨਾ ਵੀ ਆਭਾਸ ਨਹੀਂ ਹੋਇਆ। ਉਸਨੂੰ ਲਗਾ ਜਿਵੇਂ ਉਸਦੇ ਮੋਢਿਆਂ ਨਾਲ ਭਾਰ ਲਟਕਿਆ ਹੈ। ਇਸ ਅਹਿਸਾਸ ਨੂੰ ਉਸਨੇ ਆਪਣੇ ਅੰਦਰ ਤੋਂ ਦੂਰ ਕਰਨਾ ਚਾਹਿਆ, ਲੇਕਿਨ ਉਹ ਇਸ ਵਿੱਚ ਸਫਲ ਨਹੀਂ ਹੋਇਆ।
ਇੱਕ ਧੁੰਦਲਾ ਜਿਹਾ ਮੌਤ ਦਾ ਡਰ ਉਸਦੇ ਅੰਦਰ ਅਚਾਨਕ ਜਾਗ ਗਿਆ। ਇਹ ਡਰ ਉਂਗਲੀਆਂ ਅਤੇ ਪੰਜੇ ਸੀਤ ਨਾਲ ਜਮਣ ਦਾ ਨਹੀਂ, ਹੱਥ ਅਤੇ ਪੈਰ ਗੁਆਚਣ ਦਾ ਹੀ ਨਹੀਂ, ਬਲਕਿ ਜੀਵਨ ਅਤੇ ਮੌਤ ਦੇ ਵਿੱਚ ਵਾਪਰਦੇ ਫ਼ਾਸਲੇ ਦਾ ਸੀ। ਉਸਦੇ ਕੋਲ ਬਚਣ ਦੇ ਮੌਕੇ ਬਿਲਕੁਲ ਵੀ ਨਹੀਂ ਸਨ। ਆਤੰਕਿਤ ਹੋ ਉਹ ਤੇਜ਼ੀ ਨਾਲ ਮੁੜਿਆ ਅਤੇ ਧੁੰਧਲੀ ਪਗਡੰਡੀ ਤੇ ਦੌੜਨ ਲਗਾ। ਉਸਨੂੰ ਭੱਜਦੇ ਵੇਖ ਕੁੱਤਾ ਵੀ ਉਠਿਆ ਅਤੇ ਉਸਦੇ ਪਿੱਛੇ ਪਿੱਛੇ ਦੌੜਨ ਲਗਾ। ਆਦਮੀ ਆਤੰਕਿਤ ਹੋ ਅੰਨ੍ਹਿਆਂ ਦੀ ਤਰ੍ਹਾਂ ਤੇਜ਼ੀ ਨਾਲ ਦੌੜ ਰਿਹਾ ਸੀ। ਜੀਵਨ ਵਿੱਚ ਇਸਦੇ ਪੂਰਵ ਉਹ ਕਦੇ ਇੰਨਾ ਭੈਭੀਤ ਨਹੀਂ ਹੋਇਆ ਸੀ। ਬਰਫ਼ ਉੱਤੇ ਭੱਜਦੇ ਹੋਏ ਜਦੋਂ ਉਸਦਾ ਡਰ ਕੁੱਝ ਘੱਟ ਹੋਇਆ ਤਾਂ ਉਸਨੂੰ ਆਪਣੇ ਆਸਪਾਸ ਸਭ ਕੁੱਝ ਵਿੱਖਣ ਲਗਾ – ਬਰਫ਼ੀਲੀ ਨਦੀ ਦਾ ਤਟ, ਵਿੱਚ ਵਿੱਚ ਪਏ ਲੱਕੜੀ ਦੇ ਡੂੰਡੇ, ਪੱਤਰਹੀਣ ਏਸਪਨ ਰੁੱਖ ਅਤੇ ਅਕਾਸ਼। ਦੌੜਨ ਨਾਲ ਉਸ ਵਿੱਚ ਕੁੱਝ ਵਿਸ਼ਵਾਸ ਪਰਤਿਆ। ਹੁਣ ਉਹ ਕੰਬ ਨਹੀਂ ਰਿਹਾ ਸੀ। ਉਸਨੂੰ ਲਗਾ ਜੇਕਰ ਉਹ ਲਗਾਤਾਰ ਭੱਜਦਾ ਰਹੇ ਤਾਂ ਹੋ ਸਕਦਾ ਹੈ ਉਸਦੇ ਬਰਫ਼ੀਲੇ ਪੈਰਾਂ ਤੋਂ ਬਰਫ਼ ਪਿਘਲ ਕੇ ਵਗ ਜਾਵੇ, ਅਤੇ ਫਿਰ ਭੱਜ ਕੇ ਉਹ ਮੁੰਡਿਆਂ ਦੇ ਕੋਲ ਕੈਂਪ ਵੀ ਤਾਂ ਪਹੁੰਚ ਸਕਦਾ ਹੈ। ਉਸਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਹੱਥਾਂ ਪੈਰਾਂ ਦੀ ਕੁੱਝ ਉਂਗਲੀਆਂ ਦੇ ਨਾਲ ਆਪਣੇ ਚਿਹਰੇ ਦਾ ਵੀ ਕੁੱਝ ਹਿੱਸਾ ਖੋਹ ਦੇਵੇਗਾ, ਲੇਕਿਨ ਕੈਂਪ ਵਿੱਚ ਮੁੰਡੇ ਉਸਨੂੰ ਬਚਾ ਲੈਣਗੇ। ਇਸ ਵਿਚਾਰ ਦੇ ਨਾਲ ਹੀ ਇੱਕ ਦੂਜਾ ਵਿਰੋਧੀ ਵਿਚਾਰ ਉਸਦੇ ਮਨ ਵਿੱਚ ਉਠ ਰਿਹਾ ਸੀ, ਉਹ ਕਦੇ ਵੀ, ਕਿਸੇ ਵੀ ਹਾਲਤ ਵਿੱਚ ਕੈਂਪ ਵਿੱਚ ਮੁੰਡਿਆਂ ਦੇ ਕੋਲ ਨਹੀਂ ਪਹੁੰਚ ਸਕੇਗਾ। ਕੈਂਪ ਮੀਲਾਂ ਦੂਰ ਸੀ ਅਤੇ ਦੇਹ ਦਾ ਜਮਣਾ ਸ਼ੁਰੂ ਹੋ ਚੁੱਕਿਆ ਸੀ ਅਤੇ ਥੋੜ੍ਹੀ ਦੇਰ ਵਿੱਚ ਉਹ ਪੂਰੀ ਤਰ੍ਹਾਂ ਪਥਰ ਹੋ ਜਾਵੇਗਾ ਅਤੇ ਮਰ ਜਾਵੇਗਾ। ਇਸ ਦੂਜੇ ਵਿਚਾਰ ਨੂੰ ਉਹ ਫਿਲਹਾਲ ਪਿੱਛੇ ਰੱਖਿਆ ਸੀ। ਅਤੇ ਇਸ ਉੱਤੇ ਜਿਆਦਾ ਸੋਚਣਾ ਨਹੀਂ ਚਾਹੁੰਦਾ ਸੀ। ਲੇਕਿਨ ਇਹ ਵਿਚਾਰ ਪੂਰੀ ਤਾਕਤ ਨਾਲ ਅੱਗੇ ਆਉਣਾ ਚਾਹੁੰਦਾ ਸੀ, ਲੇਕਿਨ ਹਰ ਵਾਰ ਉਹ ਉਸਨੂੰ ਪਿੱਛੇ ਧਕੇਲ ਕੇ ਕੁੱਝ ਹੋਰ ਸੋਚਣ ਲੱਗਦਾ ਸੀ।
ਉਸਨੂੰ ਆਪਣੇ ਲਗਾਤਾਰ ਭੱਜਦੇ ਰਹਿਣ ਉੱਤੇ ਆਚਰਜ ਹੋ ਰਿਹਾ ਸੀ। ਅਖੀਰ ਇਹ ਉਹੀ ਪੈਰ ਸਨ ਜੋ ਇੰਨੇ ਬੇਜਾਨ ਹੋ ਚੁੱਕੇ ਸਨ ਕਿ ਜਿਨ੍ਹਾਂ ਉੱਤੇ ਖੜੇ ਹੋਣਾ ਵੀ ਉਸਦੇ ਵਸ ਵਿੱਚ ਨਹੀਂ ਸੀ ਅਤੇ ਉਹ ਬਰਫ਼ ਉੱਤੇ ਡਿੱਗ ਗਿਆ ਸੀ। ਭੱਜਦੇ ਹੋਏ ਵੀ ਉਸਨੂੰ ਇਹੀ ਲੱਗ ਰਿਹਾ ਸੀ ਕਿ ਉਹ ਵਾਸਤਵ ਵਿੱਚ ਹਵਾ ਵਿੱਚ ਚੱਲ ਰਿਹਾ ਹੈ ਅਤੇ ਉਸਦਾ ਧਰਤੀ ਨਾਲ ਕੋਈ ਸੰਬੰਧ ਨਹੀਂ ਹੈ। ਉਸਨੇ ਕਦੇ ਵਗਦੇ ਪਾਰੇ ਨੂੰ ਵੇਖਿਆ ਸੀ ਉਸਨੂੰ ਆਚਰਜ ਹੋਇਆ ਕਿ ਪਾਰੇ ਨੂੰ ਧਰਤੀ ਉੱਤੇ ਵਗਦੇ ਹੋਏ ਕੁੱਝ ਅਜਿਹਾ ਹੀ ਅਨੁਭਵ ਹੋਇਆ ਹੋਵੇਗਾ ਜਿਹੋ ਜਿਹਾ ਉਹ ਕਰ ਰਿਹਾ ਹੈ।
ਕੈਂਪ ਵਿੱਚ ਮੁੰਡਿਆਂ ਦੇ ਕੋਲ, ਭੱਜ ਕੇ ਪਹੁੰਚਣ ਦੇ ਉਸਦੇ ਸਿੱਧਾਂਤ ਵਿੱਚ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਉਸਦੇ ਕੋਲ ਓਨੀ ਸਹਿਣ ਸ਼ਕਤੀ ਬਾਕੀ ਨਹੀਂ ਸੀ। ਕਈ ਵਾਰ ਉਹ ਡਗਮਗਾਇਆ, ਲੜਖੜਾਇਆ ਅਤੇ ਫਿਰ ਅੰਤ ਡਿੱਗ ਗਿਆ। ਉਸਨੇ ਜਦੋਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਤੋਂ ਉਠ ਨਹੀਂ ਹੋਇਆ। ਉਸਨੂੰ ਕੁੱਝ ਦੇਰ ਬੈਠਕੇ ਆਰਾਮ ਕਰਨਾ ਚਾਹੀਦਾ ਹੈ। ਉਸਨੇ ਨਿਸ਼ਚਾ ਕੀਤਾ ਕਿ ਅਗਲੀ ਵਾਰ ਬਜਾਏ ਦੌੜਨ ਦੇ ਉਹ ਕੇਵਲ ਚੱਲੇਗਾ, ਬਿਨਾਂ ਰੁਕੇ ਚੱਲਦਾ ਰਹੇਗਾ। ਬੈਠੇ – ਬੈਠੇ ਜਦੋਂ ਉਸਦਾ ਸਾਹ ਬਰਾਬਰ ਹੋਇਆ ਤਾਂ ਉਸਨੇ ਆਪਣੇ ਆਪ ਨੂੰ ਤਰੋਤਾਜਾ ਅਤੇ ਊਰਜਾ ਨਾਲ ਭਰਿਆ ਪਾਇਆ। ਹੁਣ ਉਹ ਕੰਬ ਨਹੀਂ ਰਿਹਾ ਸੀ। ਉਸਨੂੰ ਆਪਣੀ ਸੀਨੇ ਅਤੇ ਢਿੱਡ ਵਿੱਚ ਲੋੜੀਂਦੀ ਗਰਮੀ ਵੀ ਲੱਗ ਰਹੀ ਸੀ। ਇਸਦੇ ਬਾਅਦ ਵੀ ਜਦੋਂ ਉਸਨੇ ਗੱਲ੍ਹਾਂ ਅਤੇ ਨੱਕ ਨੂੰ ਛੂਇਆ ਤਾਂ ਉਹ ਪੂਰੀ ਤਰ੍ਹਾਂ ਜੰਮੇ ਅਤੇ ਬੇਜਾਨ ਸਨ। ਦੌੜਨ ਮਾਤਰ ਨਾਲ ਉਨ੍ਹਾਂ ਵਿੱਚ ਖ਼ੂਨ ਸੰਚਾਰ ਨਹੀਂ ਹੋਣ ਵਾਲਾ ਅਤੇ ਨਾ ਹੀ ਹੱਥ ਪੈਰਾਂ ਦੀ ਹਰਕਤ ਮੁੜ ਆਉਣ ਵਾਲੀ ਹੈ। ਉਦੋਂ ਉਸਦੇ ਮਨ ਵਿੱਚ ਵਿਚਾਰ ਚਮਕਿਆ – ਕਿਤੇ ਸਰੀਰ ਦੇ ਗਲਣ ਦੀ ਮਾਤਰਾ ਵੱਧ ਤਾਂ ਨਹੀਂ ਰਹੀ ਹੈ। ਉਸਨੇ ਇਸ ਵਿਚਾਰ ਨੂੰ ਦਬਾਣ ਲਈ ਕੁੱਝ ਹੋਰ ਸੋਚਣਾ ਸ਼ੁਰੂ ਕੀਤਾ। ਉਹ ਆਤੰਕਿਤ ਹੋਣ ਤੋਂ ਬਚਣਾ ਚਾਹੁੰਦਾ ਸੀ, ਕਿਉਂਕਿ ਸੰਤਾਪ ਦਾ ਨਤੀਜਾ ਉਹ ਵੇਖ ਚੁੱਕਿਆ ਸੀ। ਕਿੰਤੂ ਇਹ ਵਿਚਾਰ ਬਣਿਆ ਰਿਹਾ, ਉਦੋਂ ਤੱਕ ਜਦੋਂ ਤੱਕ ਉਸਦੇ ਸਾਹਮਣੇ ਆਪਣੀ ਬਰਫ਼ ਨਾਲ ਪੂਰੀ ਤਰ੍ਹਾਂ ਜੰਮ ਚੁੱਕੀ ਦੇਹ ਦੀ ਕਲਪਨਾ ਨੂੰ ਉਸਨੇ ਸਾਕਾਰ ਨਹੀਂ ਕਰ ਦਿੱਤਾ। ਇਹ ਬਕਵਾਸ ਹੈ! ਪੂਰੀ ਤਰ੍ਹਾਂ ਬੇਵਕੂਫ਼ੀ ਭਰੀ ਬਕਵਾਸ। ਇਸ ਪਗਲਾਉਣ ਵਾਲੇ ਵਿਚਾਰ ਤੋਂ ਬਚਣ ਲਈ ਬਦਹਵਾਸੀ ਵਿੱਚ ਉਹ ਪਗਡੰਡੀ ਉੱਤੇ ਫਿਰ ਦੌੜਨ ਲਗਾ। ਵਿੱਚ ਵਿੱਚ ਥੱਕ ਜਾਣ ਤੇ ਉਹ ਰੁਕਿਆ, ਲੇਕਿਨ ਫਿਰ ਉਹੀ ਬਰਫ਼ੀਲੀ ਦੇਹ ਅੱਖਾਂ ਦੇ ਅੱਗੇ ਆ ਜਾਂਦੀ। ਉਹ ਫਿਰ ਦੌੜਨ ਲੱਗਦਾ।
ਉਸਦੀ ਇਸ ਸਾਰੀ ਭੱਜ ਦੌੜ ਵਿੱਚ ਕੁੱਤਾ ਉਸਦੇ ਪਿੱਛੇ ਪਿੱਛੇ ਚੱਲ ਰਿਹਾ ਸੀ, ਦੌੜ ਰਿਹਾ ਸੀ। ਜਦੋਂ ਉਹ ਦੂਜੀ ਵਾਰ ਡਿਗਿਆ ਤਾਂ ਕੁੱਤਾ ਉਸਦੇ ਸਾਹਮਣੇ ਆਪਣੀ ਪੂਛ ਨਾਲ ਅਗਲੇ ਪੰਜਿਆਂ ਨੂੰ ਢੱਕ ਕੇ ਉਸਨੂੰ ਉਤਸੁਕਤਾ ਨਾਲ ਵੇਖਦਾ ਬੈਠਾ ਰਿਹਾ। ਕੁੱਤੇ ਨੂੰ ਨਿਸ਼ਚਿੰਤ ਅਤੇ ਸੁਰੱਖਿਅਤ ਵੇਖ ਉਹ ਕ੍ਰੋਧ ਨਾਲ ਉਬਲ ਪਿਆ ਅਤੇ ਕੁੱਤੇ ਨੂੰ ਉਦੋਂ ਤੱਕ ਗਾਲਾਂ ਬਕਦਾ ਰਿਹਾ, ਜਦੋਂ ਤੱਕ ਕੁੱਤੇ ਨੇ ਆਪਣਾ ਸਿਰ ਬਰਫ਼ ਨਾਲ ਸਟਾ ਕੇ ਆਪਣੇ ਦੋਨੋਂ ਕੰਨ ਫੈਲਾ ਨਹੀਂ ਦਿੱਤੇ। ਇਸ ਵਾਰ ਆਦਮੀ ਠੰਡ ਨਾਲ ਕੰਬਣਾ ਜਲਦੀ ਸ਼ੁਰੂ ਹੋ ਗਿਆ। ਬਰਫ਼ ਨਾਲ ਚੱਲ ਰਹੀ ਇਸ ਲੜਾਈ ਵਿੱਚ ਉਹ ਹਾਰ ਰਿਹਾ ਸੀ। ਸੀਤ ਆਪਣੇ ਹਿਮ ਬਾਣਾਂ ਨਾਲ ਉਸਦੇ ਪੂਰੇ ਸਰੀਰ ਉੱਤੇ ਲਗਾਤਾਰ ਹਮਲਾ ਕਰ ਰਹੀ ਸੀ। ਹਾਰ ਦਾ ਵਿਚਾਰ ਆਉਂਦੇ ਹੀ ਉਹ ਡਗਮਗਾ ਕੇ ਉਠਿਆ ਅਤੇ ਦੌੜਨ ਲਗਾ। ਬਮੁਸ਼ਕਿਲ ਉਹ ਸੌ ਫੁੱਟ ਹੀ ਦੌੜ ਸਕਿਆ ਹੋਵੇਗਾ ਕਿ ਉਹ ਫਿਰ ਲੜਖੜਾਇਆ ਅਤੇ ਸਿਰ ਪਰਨੇ ਡਿੱਗ ਗਿਆ। ਇਹ ਉਸਦੀ ਅੰਤਮ ਕੋਸ਼ਿਸ਼ ਸੀ। ਜਦੋਂ ਉਸਦਾ ਸਾਹ ਬਰਾਬਰ ਹੋਇਆ ਅਤੇ ਉਸਨੇ ਆਪਣੇ ਉੱਤੇ ਕਾਬੂ ਪਾ ਲਿਆ ਤਾਂ ਉਹ ਕਿਸੇ ਤਰ੍ਹਾਂ ਬੈਠ ਗਿਆ ਅਤੇ ਉਸਨੇ ਪੂਰੀ ਗਰਿਮਾ ਦੇ ਨਾਲ ਮੌਤ ਦਾ ਸਾਮਣਾ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਗੌਰਵ ਪੂਰਵ ਮੌਤ ਦਾ ਵਿਚਾਰ ਸਰਲਤਾ ਨਾਲ ਮਨ ਵਿੱਚ ਨਾ ਤਾਂ ਉਠਿਆ ਅਤੇ ਨਾ ਹੀ ਉਸਨੂੰ ਸਹਿਜਤਾ ਨਾਲ ਉਸਨੇ ਸਵੀਕਾਰਿਆ। ਉਸਦੇ ਮਨ ਵਿੱਚ ਦਰਅਸਲ ਇਹ ਵਿਚਾਰ ਆਇਆ ਕਿ ਸਿਰ ਕਟੇ ਕੁੱਕੜ ਦੀ ਤਰ੍ਹਾਂ ਵਿਅਰਥ ਭੱਜ ਕੇ ਉਹ ਆਪਣੇ ਨੂੰ ਕੇਵਲ ਮੂਰਖ ਬਣਾ ਰਿਹਾ ਹੈ। ਬਿਨਾਂ ਸਿਰ ਦੇ ਕੁੱਕੜ ਦੀ ਉਪਮਾ ਹੀ ਉਸਨੂੰ ਆਪਣੇ ਭੱਜਣ ਬਾਰੇ ਠੀਕ ਲੱਗੀ। ਬਹਰਹਾਲ ਸੱਚ ਇਹੀ ਸੀ ਕਿ ਉਸਨੇ ਪੱਕਾ ਬਰਫ਼ ਦਾ ਸ਼ਿਲਾਖੰਡ ਹੋ ਜਾਣਾ ਹੈ। ਸੋ ਇਸ ਹਿਮਾਨੀ ਮੌਤ ਨੂੰ ਢੰਗ ਨਾਲ ਹੀ ਸਵੀਕਾਰਨਾ ਚਾਹੀਦਾ ਹੈ। ਮਨ ਵਿੱਚ ਉੱਠੇ ਇਸ ਸ਼ਾਂਤੀਭਰੇ ਵਿਚਾਰ ਦੇ ਨਾਲ ਹੀ ਉਸਨੂੰ ਨੀਂਦ ਦਾ ਹਲਕਾ ਜਿਹਾ ਝੋਂਕਾ ਆਇਆ। ਨੀਂਦ ਵਿੱਚ ਮੌਤ ਉਸਨੂੰ ਇੱਕ ਸ਼ਾਨਦਾਰ ਵਿਚਾਰ ਲਗਾ। ਇਹ ਇੱਕ ਤਰ੍ਹਾਂ ਨਾਲ ਐਨਾਸਥੇਸ਼ੀਆ (ਬੇਹੋਸ਼ੀ ਦਾ ਇੰਜੈਕਸ਼ਨ) ਲੈਣਾ ਸੀ। ਬਰਫ਼ ਵਿੱਚ ਜੰਮ ਜਾਣਾ ਓਨਾ ਕਸ਼ਟਦਾਇਕ ਅਤੇ ਭੈੜਾ ਨਹੀਂ ਹੈ, ਜਿੰਨਾ ਲੋਕ ਕਹਿੰਦੇ ਹਨ, ਉਸਨੇ ਸੋਚਿਆ। ਇਸ ਤੋਂ ਕਿਤੇ ਜਿਆਦਾ ਘਟੀਆ ਅਤੇ ਦੁਖਦਾਈ ਰਸਤੇ ਹਨ ਮੌਤ ਦੇ ਕੋਲ ਜਾਣ ਦੇ।
ਉਸਨੇ ਆਪਣੀ ਮੋਈ ਦੇਹ ਨੂੰ ਢੂੰਢਦੇ ਮੁੰਡਿਆਂ ਨੂੰ ਵੇਖਿਆ। ਉਸਨੇ ਆਪਣੇ ਨੂੰ ਅਚਾਨਕ ਉਨ੍ਹਾਂ ਦੇ ਵਿੱਚ ਪਾਇਆ, ਜੋ ਪਗਡੰਡੀ ਤੇ ਉਸਨੂੰ ਖੋਜਦੇ ਚਲੇ ਆ ਰਹੇ ਸਨ। ਉਨ੍ਹਾਂ ਦੇ ਨਾਲ ਉਹ ਵੀ ਆਪਣੇ ਅਰਥੀ ਦੀ ਖੋਜ ਵਿੱਚ ਸ਼ਾਮਿਲ ਸੀ। ਚਲਦੇ ਚਲਦੇ ਉਨ੍ਹਾਂ ਨੂੰ ਇੱਕ ਮੋੜ ਮਿਲਿਆ ਅਤੇ ਉਥੇ ਹੀ ਮੋੜ ਦੇ ਬਾਅਦ ਉਸਨੇ ਆਪਣੇ ਨੂੰ ਬਰਫ਼ ਉੱਤੇ ਪਏ ਵੇਖਿਆ। ਉਹ ਆਪਣੀ ਦੇਹ ਦੇ ਨਾਲ ਨਹੀਂ ਸੀ। ਉਸਦੀ ਦੇਹ ਉਸਦੀ ਨਹੀਂ ਸੀ। ਉਹ ਦੇਹ ਤੋਂ ਵੱਖ ਉਨ੍ਹਾਂ ਮੁੰਡਿਆਂ ਦੇ ਨਾਲ ਖੜਾ ਆਪਣੀ ਦੇਹ ਨੂੰ ਬਰਫ਼ ਵਿੱਚ ਪਿਆ ਵੇਖ ਰਿਹਾ ਸੀ। ‘ਠੰਡ ਬਹੁਤ ਜਿਆਦਾ ਹੈ,’ ਦਾ ਵਿਚਾਰ ਉਸਦੇ ਮਨ ਵਿੱਚ ਉਸ ਪਲ ਸੀ। ਜਦੋਂ ਉਹ ਪਰਤ ਕੇ ਆਪਣੇ ਘਰ ਜਾਵੇਗਾ ਤਾਂ ਲੋਕਾਂ ਨੂੰ ਦੱਸੇਗਾ ਵਾਸਤਵਿਕ ਠੰਡ ਕੀ ਹੁੰਦੀ ਹੈ। ਉੱਥੋਂ ਵਗਦੇ ਹੋਏ ਉਹ ਸਲਫਰ ਕ੍ਰੀਕ ਦੇ ਖ਼ਰਾਂਟ ਬੁਢੇ ਦੇ ਸਾਹਮਣੇ ਪਹੁੰਚ ਗਿਆ। ਉਹ ਉਸਨੂੰ ਸਪਸ਼ਟ ਵੇਖ ਰਿਹਾ ਸੀ। ਬੁੱਢਾ ਆਰਾਮ ਨਾਲ ਪਾਈਪ ਪੀਂਦਾ, ਗਰਮ ਕੱਪੜਿਆਂ ਦੀ ਗਰਮਾਹਟ ਵਿੱਚ ਆਰਾਮ ਫਰਮਾ ਰਿਹਾ ਸੀ।
‘‘ਤੂੰ ਬਿਲਕੁਲ ਠੀਕ ਸੀ, ਬੁਢੇ, ਤੂੰ ਦਰਅਸਲ ਠੀਕ ਸੀ’, ਉਸਨੇ ਫੁਸਫੁਸਾ ਕੇ ਸਲਫਰ ਕ੍ਰੀਕ ਦੇ ਬੁਢੇ ਨੂੰ ਕਿਹਾ।
ਅਤੇ ਫਿਰ ਆਦਮੀ ਨੂੰ ਜ਼ੋਰ ਨਾਲ ਨੀਂਦ ਦਾ ਝੋਂਕਾ ਆਇਆ, ਜੋ ਉਸਦੇ ਜੀਵਨ ਦੀ ਸਭ ਤੋਂ ਜਿਆਦਾ ਸੰਤੋਖਜਨਕ ਅਤੇ ਆਰਾਮਦਾਇਕ ਨੀਂਦ ਸੀ। ਕੁੱਤਾ ਉਸਦੇ ਸਾਹਮਣੇ ਉਡੀਕ ਵਿੱਚ ਬੈਠਾ ਸੀ। ਹੌਲੀ ਹੌਲੀ ਬਚਿਆ ਖੁਚਿਆ ਬਾਕੀ ਦਿਨ ਸ਼ਾਮ ਵਿੱਚ ਬਦਲ ਗਿਆ। ਅੱਗ ਜਲਾਣ ਦੀ ਉੱਥੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਸੀ। ਕੁੱਤੇ ਨੇ ਕਿਸੇ ਵੀ ਆਦਮੀ ਨੂੰ ਇੰਨੀ ਦੇਰ ਤੱਕ, ਇਸ ਤਰ੍ਹਾਂ ਬਰਫ਼ ਉੱਤੇ ਬੈਠੇ ਨਹੀਂ ਵੇਖਿਆ ਸੀ, ਜੋ ਅੱਗ ਜਲਾਣ ਦਾ ਕੋਈ ਕੋਸ਼ਿਸ਼ ਨਾ ਕਰ ਰਿਹਾ ਹੋਵੇ। ਸ਼ਾਮ ਜਦੋਂ ਗਹਿਰਾਉਣ ਲੱਗੀ, ਤੱਦ ਅੱਗ ਦੀ ਜ਼ਰੂਰਤ ਮਹਿਸੂਸ ਕਰਦੇ ਕੁੱਤਾ ਆਪਣੇ ਅਗਲੇ ਪੈਰਾਂ ਨੂੰ ਚੁੱਕ ਚੁੱਕ ਕੇ ਗੁੱਰਾਉਣ ਲਗਾ। ਆਦਮੀ ਉਸਨੂੰ ਡਾਂਟੇਗਾ ਇਸ ਉਮੀਦ ਵਿੱਚ ਉਸਨੇ ਆਪਣੇ ਕੰਨ ਧਰਤੀ ਨਾਲ ਲਗਾ ਦਿੱਤੇ, ਲੇਕਿਨ ਆਦਮੀ ਸ਼ਾਂਤ ਰਿਹਾ। ਕੁੱਝ ਦੇਰ ਬਾਅਦ ਕੁੱਤੇ ਨੇ ਜ਼ੋਰ ਜ਼ੋਰ ਨਾਲ ਭੌਂਕਣਾ ਸ਼ੁਰੂ ਕਰ ਦਿੱਤਾ। ਕੁੱਝ ਸਮੇਂ ਬਾਅਦ ਉਹ ਆਦਮੀ ਦੇ ਕੋਲ ਪੁੱਜਿਆ ਅਤੇ ਤੱਦ ਉਸਨੂੰ ਮੌਤ ਦੀ ਦੁਰਗੰਧ ਆਈ। ਮੌਤ ਨੂੰ ਵੇਖ ਉਹ ਉਲਟੇ ਪੈਰੀਂ ਪਿੱਛੇ ਪਰਤਿਆ। ਕੁੱਝ ਦੇਰ ਬਾਅਦ ਚਮਕਦੇ ਤਾਰਿਆਂ ਭਰੇ ਠੰਡੇ ਅਕਾਸ਼ ਦੇ ਹੇਠਾਂ ਉਸ ਨੇ ਅਕਾਸ਼ ਦੇ ਵੱਲ ਮੂੰਹ ਕਰਕੇ ਜ਼ੋਰ ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਫਿਰ ਉਹ ਮੁੜਿਆ ਅਤੇ ਕੈਂਪ ਵੱਲ ਜਾਣ ਵਾਲੀ ਪਗਡੰਡੀ ਉੱਤੇ ਚਲਣ ਲਗਾ ਜਿੱਥੇ ਉਸਨੂੰ ਅੱਗ ਅਤੇ ਭੋਜਨ ਦੇਣ ਵਾਲੇ ਮੌਜੂਦ ਸਨ।
(ਅਨੁਵਾਦ: ਚਰਨ ਗਿੱਲ)