Dhoor Vichle Kan : Waryam Singh Sandhu

ਧੂੜ ਵਿਚਲੇ ਕਣ : ਵਰਿਆਮ ਸਿੰਘ ਸੰਧੂ

ਕੋਈ ਵੀ ਵਿਅਕਤੀ ਆਪਣੇ ਇਤਿਹਾਸ ਅਤੇ ਹਾਲਾਤ ਦੀ ਪੈਦਾਵਾਰ ਹੁੰਦਾ ਹੈ। ਜੇਕਰ ਮੈਂ ਲੇਖਕ ਬਣ ਸਕਿਆਂ ਤਾਂ ਇਸ ਕਰਕੇ ਨਹੀਂ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਕੋਈ ਖ਼ਾਸ ਮਿਹਰ ਹੋਈ ਸਗੋਂ ਇਸ ਕਰਕੇ ਕਿ ਮੇਰੇ ਪਿਛੋਕੜ ਅਤੇ ਚੌਗਿਰਦੇ ਵਿੱਚ ਕਿਧਰੇ ਨਾ ਕਿਧਰੇ, ਕੁੱਝ ਨਾ ਕੁੱਝ ਅਜਿਹਾ ਜ਼ਰੂਰ ਹੋਵੇਗਾ, ਜਿਸ ਸਦਕਾ ਮੇਰੇ ਅੰਦਰ ਲੇਖਕ ਬਣਨ ਦਾ ਬੀਜ ਡਿੱਗ ਪਿਆ, ਜੋ ਸਮਾਂ ਆਉਣ ‘ਤੇ ਲੋੜੀਂਦੀ ‘ਰੌਸ਼ਨੀ’ ਅਤੇ ‘ਗਰਮੀ’ ਮਿਲਣ ਨਾਲ ਫੁੱਟ ਪਿਆ।
ਭਾਵੇਂ ਇਸ ‘ਕੁਝ ਨਾ ਕੁਝ’ ਦੀ ਪਛਾਣ ਕਰ ਸਕਣੀ ਡਾਢੀ ਮੁਸ਼ਕਿਲ ਹੈ ਪਰ ਫ਼ਿਰ ਵੀ ਬੀਤੇ ਉੱਤੇ ਨਜ਼ਰ ਮਾਰਿਆਂ ਕੋਈ ਕੋਈ ਨਕਸ਼ ਉੱਘੜਦਾ ਉੱਭਰਦਾ ਦਿੱਸ ਪੈਂਦਾ ਹੈ।
ਮੇਰਾ ਇਹ ਦਾਅਵਾ ਹਰਗਿਜ਼ ਨਹੀਂ ਕਿ ਮੋਗੇ ਦੇ ਖ਼ਾਨਦਾਨੀ ਵੈਦਾਂ ਦੀ ‘ਵੈਦਗੀ’ ਵਾਂਗ ਸਾਹਿਤਕਾਰੀ ਵੀ ਮੈਨੂੰ ‘ਵਿਰਾਸਤ’ ਵਿੱਚ ਮਿਲੀ ਹੈ! ਜਿੱਥੋਂ ਤੱਕ ਮੇਰਾ ਧਿਆਨ ਜਾਂਦਾ ਹੈ ਮੇਰੇ ਨਾਨਕਿਆਂ ਅਤੇ ਦਾਦਕਿਆਂ ਦੋਹਾਂ ਪਰਿਵਾਰਾਂ ਵਿੱਚੋਂ ਮੇਰਾ ਪਿਓ ਪਹਿਲਾ ਆਦਮੀ ਸੀ ਜਿਸਨੇ ਸੱਤ ਜਮਾਤਾਂ ਪਾਸ ਕੀਤੀਆਂ ਅਤੇ ਆਪਣੇ ਖ਼ਾਨਦਾਨ ਵਿੱਚੋਂ ਮੈਂ ਪਹਿਲਾ ਆਦਮੀ ਸਾਂ ਜਿਸਨੇ ਦਸ ਜਮਾਤਾਂ ਪਾਸ ਕੀਤੀਆਂ। ਇੰਜ ਪੜ੍ਹਨ-ਲਿਖਣ ਦਾ ਨਿਸਚੈ ਹੀ ਮੇਰਾ ਕੋਈ ਗੌਰਵਸ਼ਾਲੀ ਪਿਛੋਕੜ ਨਹੀਂ। ‘ਮਾਝੇ ਦੀ ਧੁੰਨੀ’ ਦੇ ਨਾਮ ਨਾਲ ਪ੍ਰਸਿੱਧ, ਜਿਸ ਇਲਾਕੇ ਵਿੱਚ ਮੈਂ ਜੰਮਿਆ ਪਲਿਆ ਤੇ ਪ੍ਰਵਾਨ ਚੜ੍ਹਿਆ ਉਸ ਭੁਗੋਲਿਕ ਖਿੱਤੇ ਵਿੱਚ ‘ਤੇਗ ਦੇ ਧਨੀ’ ਤਾਂ ਬਹੁਤ ਹੋਏ ਪਰ ‘ਕਲਮ ਦਾ ਧਨੀ’ ਕੋਈ ਵਿਰਲਾ ਹੀ ਹੋਇਆ। ਪਹਿਲਾਂ ਲਾਹੌਰ, ਆਜ਼ਾਦੀ ਪਿੱਛੋਂ ਅੰਮ੍ਰਿਤਸਰ ਅਤੇ ਹੁਣ ਵਾਲੇ ਜ਼ਿਲ੍ਹੇ ਤਰਨਤਾਰਨ ਵਿਚਲੇ ਮੇਰੇ ਆਪਣੇ ਪਿੰਡ ਸੁਰ ਸਿੰਘ ਦੇ ਭਾਈ ਬਿਧੀ ਚੰਦ ਅਤੇ ਭਾਈ ਮਹਾਂ ਸਿੰਘ ਤੋਂ ਇਲਾਵਾ, ਮਾਈ ਭਾਗੋ (ਝਬਾਲ), ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ (ਸਿੰਘਪੁਰਾ), ਸ਼ਹੀਦ ਭਾਈ ਤਾਰੂ ਸਿੰਘ (ਪੂਹਲਾ), ਸ਼ਹੀਦ ਬਾਬਾ ਦੀਪ ਸਿੰਘ (ਪਹੂਵਿੰਡ) ਸੁੱਖਾ ਸਿੰਘ (ਮਾੜੀ ਕੰਬੋਕੇ), ਬਾਬਾ ਬੀਰ ਸਿੰਘ ਆਦਿ ਅਨੇਕ ਸ਼ਹੀਦ ਸੂਰਮਿਆਂ ਦੀਆਂ ਯਾਦਾਂ ਨਾਲ ਸੰਬੰਧਤ ਪਿੰਡ ਇੱਕ ਦੂਜੇ ਦੀ ਵੱਖੀ ਨਾਲ ਵੱਖੀ ਲਾਈ ਖੜੋਤੇ ਹਨ। ਇਹਨਾਂ ਸੂਰਮਿਆਂ ਦੇ ਖੜਕਦੇ ਖੰਡਿਆਂ ਤੇ ਲਿਸ਼ਕਦੀਆਂ ਤਲਵਾਰਾਂ ਤੋਂ ਪਾਰ ਕਸੂਰ ਵਿੱਚ ਬਾਬਾ ਬੁੱਲੇ ਸ਼ਾਹ ਵੀ ਹੁਣ ਨਜ਼ਰੀਂ ਪੈ ਰਿਹਾ ਹੈ ਅਤੇ ਪਰ੍ਹੇ ਰਾਵੀ ਤੋਂ ਪਾਰ ਬਾਬਾ ਨਾਨਕ ਆਪਣੀ ਬਾਣੀ ਅਲਾਪ ਰਿਹਾ ਹੈ। ਇਹ ਦੋਵੇਂ ਸ਼ਾਇਰ ਭਾਵੇਂ ਸਮੁੱਚੀ ਪੰਜਾਬੀ ਕੌਮ ਦੀ ਮਹਾਨ ਵਿਰਾਸਤ ਹਨ ਪਰ ਮੈਨੂੰ ਲੇਖਕ ਬਨਾਉਣ ਵਿੱਚ ਇਹਨਾਂ ਦਾ ਕੋਈ ਤਤਕਾਲੀ ਰੋਲ ਨਹੀਂ।
ਉਂਜ ਵੀ ਜੱਟ ਭਾਈਚਾਰੇ ਦਾ ਮੁੱਖ ਕੰਮ ਮਾਲ- ਡੰਗਰ ਸਾਂਭਣਾ ਤੇ ਖੇਤੀ ਕਰਨਾ ਰਿਹਾ ਹੈ। ਪੜ੍ਹਣ-ਲਿਖਣ ਤੋਂ ਬਿਨਾਂ ਹੀ ਸਾਰ ਲੈਣ ਵਿੱਚ ਇਸ ਭਾਈਚਾਰੇ ਨੂੰ ਕਦੇ ਬਹੁਤਾ ਉਜਰ ਨਹੀਂ ਰਿਹਾ। ਹਾਂ, ਸਾਡੇ ਸੰਧੂ ਵਡੇਰਿਆਂ ਵਿੱਚੋਂ ਬਾਬਾ ਜੱਲ੍ਹਣ ਜ਼ਰੂਰ ਇੱਕ ਸ਼ਾਇਰ ਹੋਇਆ ਹੈ ਜਿਸ ਦੀ ਹਾਸ-ਰਸੀ ਖੜਕਵੀਂ ਕਵਿਤਾ ਦੀ ਮਿਸਾਲ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚੋਂ ਮਿਲ ਜਾਂਦੀ ਹੈ। ਮੇਰੇ ਵਡੇਰਿਆਂ ਦੇ ਪਿੰਡ ਭਡਾਣਾ ਦੇ ਗੁਆਂਢੀ ਪਿੰਡ ਨੌਸ਼ਹਿਰਾ-ਢਾਲਾ ਵਿੱਚ ਪੈਦਾ ਹੋਏ ਬਾਬੇ ਜੱਲ੍ਹਣ ਨਾਲ ਜ਼ਰੂਰ ਮੇਰੀ ਕਿਤੇ ਨਾ ਕਿਤੇ ਜਾ ਕੇ ਖ਼ੂਨ ਦੀ ਸਾਂਝ ਬਣ ਜਾਂਦੀ ਹੋਣੀ ਹੈ ਕਿਉਂਕਿ ‘ਭਡਾਣਾ’ ਅਤੇ ‘ਨੌਸ਼ਹਿਰਾ’ ਦੋਵੇਂ ਸੰਧੂਆਂ ਦੇ ਵਸਾਏ ਪਿੰਡ ਹਨ। ਸੰਧੂ ਕਾਦਰਯਾਰ ਵਾਂਗ ਸੰਧੂ ਜੱਲ੍ਹਣ ਜੱਟ ਮੇਰੇ ਗੋਤੀ ਅਤੇ ਭਾਈਚਾਰਕ ‘ਮਾਣ’ ਦਾ ਕਾਰਨ ਤਾਂ ਹੋ ਸਕਦੇ ਹਨ ਪਰ ਮੈਨੂੰ ਲੇਖਕ ਬਨਾਉਣ ਵਿੱਚ ਉਹਨਾਂ ਦਾ ਕੋਈ ਯੋਗਦਾਨ ਨਹੀਂ ਆਖਿਆ ਜਾ ਸਕਦਾ। ਕਸੂਰ ਦੇ ਨੇੜਲੇ ਪਿੰਡ ਕਾਦੀਵਿੰਡ ਦਾ ਜੰਮ-ਪਲ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਭਾਵੇਂ ਪਿੱਛੋਂ ਜਾ ਕੇ ਇੱਕ ਬਹੁਤ ਮਾਣਯੋਗ ਨਾਵਲਕਾਰ ਵਜੋਂ ਵੀ ਉੱਭਰਿਆ; ਪਰ ਮੇਰੇ ਲਿਖਣ ਵਾਲੇ ਮੁੱਢਲੇ ਸਾਲਾਂ ਵਿੱਚ ਅਸੀਂ ਉਸਨੂੰ ਸਿਰਫ਼ ਢਾਡੀ ਵਾਰਾਂ ਦੇ ਲੇਖਕ ਵਜੋਂ ਹੀ ਜਾਣਦੇ ਹੁੰਦੇ ਸਾਂ।
ਤਾਂ ਕੀ ਮੈਂ ਰੱਬ ਵੱਲੋਂ ‘ਵਰੋਸਾਈ’ ਕੋਈ ਸ਼ਖ਼ਸੀਅਤ ਹਾਂ?
ਕਿਸੇ ਵਿਅਕਤੀ ਨੂੰ ਪ੍ਰਾਪਤ ਵਾਤਾਵਰਣ/ਪਰਿਵੇਸ਼ ਜਿੱਥੇ ਉਸਦੀ ਸ਼ਖ਼ਸੀਅਤ ਦੀ ਉਣਤਰ-ਬਣਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ, ਓਥੇ ਉਹ ਆਪਣੇ ਮਾਪਿਆਂ ਦੁਆਰਾ ਪ੍ਰਾਪਤ ਜੀਨਜ਼ ਰਾਹੀਂ, ਪੀੜ੍ਹੀ-ਦਰ-ਪੀੜ੍ਹੀ ਦੂਰ ਤੱਕ, ਆਪਣੇ ਖ਼ਾਨਦਾਨੀ ਵਡੇਰਿਆਂ ਤੋਂ ਵੀ ਅਜਿਹੇ ਸਰੀਰਕ/ਮਾਨਸਿਕ ਗੁਣ-ਲੱਛਣ ਗ੍ਰਹਿਣ ਕਰਦਾ ਹੈ, ਜਿਨ੍ਹਾਂ ਦਾ ਉਸਦੀ ਸ਼ਖ਼ਸੀਅਤ ਦੀ ਉਸਾਰੀ ਵਿੱਚ ਗੁੱਝਾ ਅਤੇ ਸਹਿਜ ਯੋਗਦਾਨ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਆਪਣੇ ਪ੍ਰਸੰਗ ਵਿੱਚ ਇਸ ‘ਗੁੱਝੇ ਅਤੇ ਸਹਿਜ ਯੋਗਦਾਨ’ ਦੀ ਵਿਆਖਿਆ ਕਰ ਸਕਣੀ ਸੰਭਵ ਨਹੀਂ। ਫ਼ਿਰ ਵੀ ਜੇ ਮੈਂ ਮੋਟਾ ਜਿਹਾ ਅਨੁਮਾਨ ਲਾਵਾਂ ਤਾਂ ਮੈਨੂੰ ਲੱਗਦਾ ਹੈ ਕਿ ਸਰੀਰਕ ਪੱਖੋਂ ਮੈਂ ਆਪਣੇ ਪਿਓ ਅਤੇ ਨਾਨੇ ਨਾਲ ਕਈ ਪੱਖਾਂ ਤੋਂ ਮਿਲਦਾ ਹਾਂ। ਇੱਕ ਵਾਰ ਮੇਰਾ ਨਾਨਾ ਸਾਡੇ ਪਿੰਡ ਆਇਆ, ਸਰਦੀਆਂ ਦੀ ਧੁੱਪ ਮਾਨਣ ਲਈ, ਹਵੇਲੀ ਵਿੱਚ ਲੇਟਿਆ ਹੋਇਆ ਆਰਾਮ ਕਰ ਰਿਹਾ ਸੀ। ਸਾਡੀ ਇੱਕ ਗੁਆਂਢਣ ਕੁੜੀ, ਮੇਰੀ ਭੈਣ ਦੀ ਸਹੇਲੀ, ਆਈ। ਉਸ ਨੇ ਅੱਖਾਂ ਮੀਟੀ ਸੁੱਤੇ ਜਾਪਦੇ ਨਾਨੇ ਦੇ ਚਿਹਰੇ ਵੱਲ ਵੇਖਿਆ ਤੇ ਹੈਰਾਨੀ ਨਾਲ ਮੇਰੀ ਭੈਣ ਨੂੰ ਆਖਿਆ, “ਹਾਇ ਨੀ! ਬਾਪੂ ਤਾਂ ਨਿਰਾ-ਪੁਰਾ ਭਾਅ ਜੀ ਵਰਗਾ……”
ਨਾਨਾ ਜਾਗਦਾ ਪਿਆ ਸੀ। ਉੱਠ ਬੈਠਾ ਤੇ ਮੁਸਕਰਾ ਕੇ ਆਖਣ ਲੱਗਾ, “ਪੁੱਤ! ਬਾਪੂ ਭਾਅ ਜੀ ਵਰਗਾ ਨਹੀਂ; ਭਾਅ ਜੀ ਬਾਪੂ ਵਰਗਾ ਆਖ।”
ਸ਼ਬਦਾਂ ਦੀ ਠੀਕ ਤੇ ਸੁਚੇਤ ਵਰਤੋਂ ਕਰਨ ਦਾ ਹੁਨਰ ਕਿਸੇ ਵੀ ਲੇਖਕ ਦੀ ਪਹਿਲੀ ਵੱਡੀ ਲੋੜ ਹੈ। ਨਾਨਾ ਲੇਖਕ ਤਾਂ ਨਹੀਂ ਸੀ ਪਰ ਸ਼ਬਦਾਂ ਦੀ ਵਰਤੋਂ ਬਾਰੇ ਕਿੰਨਾਂ ਸੁਚੇਤ ਸੀ!
ਸੁਭਾਅ ਪੱਖੋਂ ਵੀ ਮੇਰਾ ਕੁੱਝ ਨਾ ਕੁੱਝ ਆਪਣੇ ਪਿਓ ਅਤੇ ਨਾਨੇ ਨਾਲ ਮਿਲਦਾ ਜੁਲਦਾ ਨਜ਼ਰ ਆਉਂਦਾ ਹੈ। ਮੇਰਾ ਪਿਓ ਅਤੇ ਨਾਨਾ ਦੋਵੇਂ ਹੀ ਬਹੁਤੀਆਂ ਗੱਲਾਂ ਕਰਨ ਵਾਲੇ ਇਨਸਾਨ ਨਹੀਂ ਸਨ। ਉਹ ਚੁੱਪ ਰਹਿਣ ਵਾਲੇ, ਥੋੜ੍ਹਾ ਕਹਿਣ ਵਾਲੇ ਤੇ ਬਹੁਤਾ ਸੁਣਨ ਵਾਲੇ ਇਨਸਾਨ ਸਨ। ਬਚਪਨ ਉੱਪਰ ਝਾਤ ਮਾਰਦਾ ਹਾਂ ਤਾਂ ਲੱਗਦਾ ਹੈ; ਮੈਂ ਵੀ ਬਹੁਤ ਅੰਤਰਮੁਖੀ ਕਿਸਮ ਦਾ ਬੱਚਾ ਸਾਂ। ਬਹੁਤ ਘੱਟ ਬੋਲਦਾ ਸਾਂ। ਬਹੁਤਾ ਸੁਣਦਾ ਤੇ ਵਾਚਦਾ ਸਾਂ। ਵੇਖੇ, ਸੁਣੇ, ਜਾਣੇ-ਮਾਣੇ ਤੇ ਵਾਚੇ ਵਰਤਾਰਿਆਂ ਦਾ ਅੰਦਰ ਹੀ ਅੰਦਰ ਪ੍ਰਭਾਵ ਮਹਿਸੂਸ ਕਰਦਾ ਰਹਿੰਦਾ। ਬੂੰਦ ਬੂੰਦ ਚੁਣੇ ਜਾਂਦੇ ਸ਼ਹਿਦ ਵਾਂਗ ਇਹ ਪ੍ਰਭਾਵ ਮੇਰੇ ਮਨ ਵਿੱਚ ਇਕੱਠੇ ਹੁੰਦੇ ਜਾਂਦੇ। ਮੈਂ ਬਿਆਨ ਨਾ ਕਰਦਾ ਪਰ ਦੁੱਖ-ਸੁੱਖ ਦੇ ਭਾਵ ਮੇਰੇ ਅੰਦਰ ਨੂੰ ਝੂਣਦੇ-ਹਲੂਣਦੇ ਰਹਿੰਦੇ। ਮੈਂ ਇਹਨਾਂ ਭਾਵਾਂ ਵਿੱਚ ਭਿੱਜਦਾ-ਸੁੱਕਦਾ ਰਹਿੰਦਾ।
ਹੁਣ ਵੀ ਮੈਂ ਬਹੁਤ ਵਧੀਆ ਸਰੋਤਾ ਹਾਂ। ਮਹਿਫ਼ਿਲਾਂ ਵਿੱਚ ਆਮ ਤੌਰ ‘ਤੇ ਚੁੱਪ ਹੀ ਰਹਿੰਦਾ ਹਾਂ। ਦੂਜਿਆਂ ਨੂੰ ਕੁੱਝ ਸੁਨਾਉਣ ਨਾਲੋਂ ਉਹਨਾਂ ਕੋਲੋਂ ਕੁੱਝ ਸੁਣਨਾ ਮੈਨੂੰ ਵਧੇਰੇ ਚੰਗਾ ਲੱਗਦਾ ਹੈ। ਮੈਂ ਉਹਨਾਂ ਦੇ ਬੋਲਾਂ ਤੇ ਰਮਜ਼ਾਂ ਨੂੰ ਮਾਣਦਾ ਹਾਂ ਤੇ ਅੰਦਰ ਹੀ ਅੰਦਰ ਰਸ ਲੈਂਦਾ ਰਹਿੰਦਾ ਹਾਂ। ਜਿਹੜੇ ਮੇਰੇ ਨਿਕਟੀ ਦੋਸਤਾਂ ਨੇ ਮੈਨੂੰ ਇੱਕ ‘ਗੱਲ-ਬਾਜ਼’ ਵਜੋਂ ਜਾਣਿਆ ਅਤੇ ਵੇਖਿਆ ਹੈ ਉਹਨਾਂ ਨੂੰ ਮੇਰਾ ‘ਚੁੱਪ ਰਹਿਣ’ ਬਾਰੇ ਦਿੱਤਾ ਬਿਆਨ ਸ਼ਾਇਦ ਓਪਰਾ ਲੱਗਦਾ ਹੋਵੇ। ਬਹੁਤਾ ਚੁੱਪ ਰਹਿਣ ਦੇ ਨਾਲ ਨਾਲ ਹੀ ਕਦੀ ਕਦੀ ਮੈਨੂੰ ਬਹੁਤੀਆਂ ਗੱਲਾਂ ਮਾਰਨ ਦਾ ਵੀ ਸ਼ੌਕ ਜਾਗ ਪੈਂਦਾ ਹੈ। ਝੂਠ-ਸੱਚ ਰਲਾ ਕੇ ਮੈਂ ਮਹਿਫ਼ਿਲ ਨੂੰ ਗਰਮਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਇਹ ‘ਕਲਾ’ ਮੈਨੂੰ ਸ਼ਾਇਦ ਮੇਰੀ ਮਾਂ ਕੋਲੋਂ ਮਿਲੀ ਹੈ। ਮੇਰਾ ਪਿਓ ਜਿੰਨਾ ਘੱਟ ਬੋਲਦਾ ਸੀ, ਮੇਰੀ ਮਾਂ ਉਸ ਤੋਂ ਉਲਟ ਆਏ-ਗਏ ਤੇ ਆਂਢਣਾਂ-ਗੁਆਂਢਣਾਂ ਨਾਲ ਘੰਟਿਆਂ ਬੱਧੀ ਗੱਲਾਂ ਮਾਰ ਸਕਦੀ ਸੀ। ਉਹਦੀ ਇਹ ‘ਕਲਾ-ਕੌਸ਼ਲਤਾ’ ਇਸ ਹੱਦ ਤੱਕ ਪ੍ਰਭਾਵਸ਼ਾਲੀ ਸੀ ਕਿ ਕਦੀ ਕਦੀ ਮੇਰੇ ਬੱਚੇ ਤੇ ਮੇਰੀ ਪਤਨੀ ਹੱਸਦੇ ਹੋਏ ਮੇਰੇ ਨਾਲ ਸ਼ਾਮਿਲ ਹੋ ਜਾਂਦੇ; ਜਦ ਮੈਂ ਕਹਿੰਦਾ, “ਬੀਬੀ ਤਾਂ ਕਦੀ ਕਦੀ ਐਨ ਸੱਚੀਂ-ਮੁੱਚੀਂ ਝੂਠ ਦਾ ਮਹਿਲ ਉਸਾਰ ਕੇ ਵਿਖਾ ਦਿੰਦੀ ਹੈ…।”
ਭਾਵੇਂ ਕਿ ਸੱਚ ਦਾ ਵਿਸ਼ਵਾਸ ਦਿਵਾਉਂਦਾ ਹੋਇਆ ਉਸਦਾ ਝੂਠ ਕਿਸੇ ਨਾ ਕਿਸੇ ਪੱਖੋਂ ਪਰਿਵਾਰਕ ਹਿਤ ਵਿੱਚ ਹੀ ਹੁੰਦਾ। ਬਕੌਲ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਅਸੀਂ ਇਸ ਝੂਠ ਨੂੰ ‘ਸੱਚਾ ਝੂਠ’ ਦੇ ਖ਼ਾਨੇ ਵਿੱਚ ਰੱਖ ਸਕਦੇ ਹਾਂ। ਬੀਬੀ ਸਭ ਰਿਸ਼ਤੇਦਾਰਾਂ, ਭੈਣ-ਭਰਾਵਾਂ ਨੂੰ ਇੱਕ ਦੂਜੇ ਬਾਰੇ ਇਹੋ ਜਿਹੇ ਸੁਖਾਵੇਂ ਤੇ ਚੰਗੇ ਵੇਰਵੇ ਦੱਸਦੀ ਕਿ ਸੁਣਨ ਵਾਲੇ ਨੂੰ ਹੈਰਾਨੀ ਤੇ ਖ਼ੁਸ਼ੀ ਵਿੱਚ ਜਾਪਣ ਲੱਗਦਾ ਕਿ ਸ਼ਾਇਦ ਸੱਚੀਂ ਹੀ ਅਗਲਾ ਮੇਰੇ ਬਾਰੇ ਇੰਨੀ ਚੰਗੀ ਰਾਇ ਰੱਖਦਾ ਹੈ! ਉਂਜ ਭਾਵੇਂ ਅਸੀਂ ਇੱਕ ਦੂਜੇ ਬਾਰੇ ਥੋੜ੍ਹੀ ਬਹੁਤੀ ਕੜਵਾਹਟ ਜਾਂ ਤਣਾਓ ਹੀ ਮਹਿਸੂਸ ਕਿਉਂ ਨਾ ਕਰ ਰਹੇ ਹੁੰਦੇ, ਪਰ ਬੀਬੀ ਦੀਆਂ ਗੱਲਾਂ ਸੁਣਨ ਪਿੱਛੋਂ ਲੱਗਦਾ ਕਿ ਅਸੀਂ ਗ਼ਲਤ ਹਾਂ। ਪਰ ਅਸਲ ਵਿੱਚ ਜਦੋਂ ਅਸੀਂ ਆਪਸ ਵਿੱਚ ਮਿਲ ਕੇ, ਵਿਹਾਰ ਵਿੱਚ ਪੈ ਕੇ ਇੱਕ ਦੂਜੇ ਨੂੰ ਜਾਣਦੇ ਜਾਂ ਕੁੱਝ ਚਿਰ ਪਿੱਛੋਂ ਅਸਲੀਅਤ ਸਮਝ ਆਉਂਦੀ ਤਾਂ ਪਤਾ ਲੱਗਦਾ ਕਿ ਬੀਬੀ ਵੱਲੋਂ ‘ਦੂਜੀ ਧਿਰ’ ਬਾਰੇ ਦੱਸੀਆਂ ਬਹੁਤੀਆਂ ਗੱਲਾਂ ਤਾਂ ਮਨਘੜ੍ਹਤ ਸਨ। ਪਰ ਚੰਗੀ ਗੱਲ ਇਹ ਸੀ ਕਿ ਬੀਬੀ ਦੀਆਂ ਬਹੁਤੀਆਂ ‘ਮਨਘੜ੍ਹਤ ਗੱਲਾਂ’ ਪਰਿਵਾਰਕ ਅਤੇ ਸਮਾਜਕ ਸੰਬੰਧਾਂ ਨੂੰ ਵਿਗਾੜਨ ਦੀ ਥਾਂ, ਉਹਦੇ ਆਪਣੇ ਦ੍ਰਿਸ਼ਟੀਕੋਣ ਤੋਂ, ਸਵਾਰਨ ਦਾ ਹੀ ਇੱਕ ਸੁਹਿਰਦ ਉਪਰਾਲਾ ਹੁੰਦੀਆਂ।
ਤੇ ‘ਗਲਪ’ ਲਿਖਣਾ ਵੀ ਤਾਂ ਮੰਨਣਯੋਗ ਜਾਪਣ ਵਾਲਾ ‘ਝੂਠ-ਸੱਚ ਦਾ ਰਲਾ’ ਹੀ ਹੁੰਦਾ ਹੈ, ਜਿਹੜਾ ਕਿਤੇ ਨਾ ਕਿਤੇ ਪਾਠਕਾਂ ਅੰਦਰੋਂ ‘ਮਾੜਾ ਤੋੜਨ’ ਤੇ ‘ਚੰਗਾ ਜੋੜਨ’ ਦਾ ਉਪਰਾਲਾ ਕਰਦਾ ਹੈ। ਇੰਜ ਮੇਰੀ ਬੀਬੀ ‘ਮੌਖਿਕ ਗਲਪਕਾਰ’ ਦਾ ਰੋਲ ਅਦਾ ਕਰਦੀ ਨਹੀਂ ਜਾਪਦੀ! ਉਸ ਵੱਲੋਂ ਚੰਗੇ ਤੇ ਸੁਖਾਵੇਂ ਸੰਬੰਧ ਬਣਾਈ ਰੱਖਣ ਦੀ ਸੁਹਿਰਦ ਕੋਸ਼ਿਸ਼ ਆਪਣੇ ਰਿਸ਼ਤਿਆਂ ਅਤੇ ਚੌਗਿਰਦੇ ਵਿੱਚ ਚੰਗਾ ਵੇਖਣ ਦੀ ਰੀਝ ਦਾ ਪ੍ਰਤੀਕ ਹੀ ਤਾਂ ਸੀ! ਸਾਹਿਤਕਾਰ ਦਾ ਮੰਤਵ ਵੀ ਤਾਂ ਇਹੋ ਹੁੰਦਾ ਹੈ।
ਮੈਨੂੰ ਯਾਦ ਹੈ, ਛੋਟੇ ਹੁੰਦਿਆਂ ਸਾਡੇ ਘਰ ਜਦੋਂ ਕੋਈ ਦੂਰ ਨੇੜੇ ਦਾ ਪ੍ਰਾਹੁਣਾ ਆਉਣਾ ਤਾਂ ਬੀਬੀ ਨੇ ਉਹਨਾਂ ਦੇ ਸੁਆਗਤ ਵਿੱਚ ‘ਜੀ ਆਇਆਂ’ ਆਖਦਿਆਂ ਤੇ ਭਰਪੂਰ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਣਾ ਕਿ ਕਿਵੇਂ ਉਸ ਵਿਸ਼ੇਸ਼ ਪ੍ਰਾਹੁਣੇ ਨੂੰ ਸਾਰਾ ਪਰਿਵਾਰ ਯਾਦ ਕਰਦਾ ਸੀ ਤੇ ਕਿਵੇਂ ਕੱਲ੍ਹ ਪਰਸੋਂ ਜਾਂ ਰਾਤੀਂ ਹੀ ਗੱਲ ਹੁੰਦੀ ਪਈ ਸੀ ਕਿ ਉਹ ‘ਪ੍ਰਾਹੁਣਾ’ ਕਦੀ ਆਇਆ ਕਿਉਂ ਨਹੀਂ ਹੁਣ! ਤੇ ਕਦੀ-ਕਦੀ ਬੀਬੀ ਨੇ ਇਹ ਵੀ ਆਖਣਾ, “ਅਜੇ ਵਰਿਆਮ ਕੱਲ੍ਹ ਗੱਲ ਕਰਦਾ ਸੀ ਕਿ ……ਨੂੰ ਆਇਆਂ ਬੜਾ ਹੀ ਚਿਰ ਹੋ ਗਿਐ……ਉਹਨੂੰ ਮਿਲਣ ਨੂੰ ਬੜਾ ਜੀਅ ਕਰਦਾ ਹੈ! ………”
ਫ਼ਿਰ ਉਸਨੇ ਮੁਸਕਰਾ ਕੇ ਮੈਨੂੰ ਆਖਣਾ, “ਲੈ ਆ ਗਿਆ ਈ! ਮਿਲ ਅੱਗੇ ਹੋ ਕੇ। ਹੁਣ ਵੇਖ ਕਿਵੇਂ ਸੰਗਦਾ ਪਿੱਛੇ ਖਲੋਤਾ ਹੈ।”
ਆਇਆ ਪ੍ਰਾਹੁਣਾ ਮੈਨੂੰ ਪਿਆਰ ਨਾਲ ਗੱਲਵਕੜੀ ਵਿੱਚ ਲੈ ਲੈਂਦਾ। ਮੈਂ ਹੈਰਾਨ ਹੋਇਆ ਸੋਚ ਰਿਹਾ ਹੁੰਦਾ, ‘ਕੱਲ੍ਹ ਤਾਂ ਕਿਧਰੇ ਰਿਹਾ, ਮੈਂ ਤਾਂ ਕਦੇ ਇਸ ਬੰਦੇ ਦੇ ਆਉਣ ਬਾਰੇ ਸੋਚਿਆ ਵੀ ਨਹੀਂ ਸੀ। ਮੇਰੀ ਬੀਬੀ ਝੂਠ ਕਿਉਂ ਮਾਰੀ ਜਾਂਦੀ ਹੈ?’ ਰਹਿੰਦਾ; ਪਰ ਆਇਆ ਮਹਿਮਾਨ ਖੁਸ਼ ਹੋ ਗਿਆ ਹੁੰਦਾ ਕਿ ਉਹ ਇਸ ਘਰ ਵਿੱਚ ਅਣਚਾਹਿਆ-ਪ੍ਰਾਹੁਣਾ ਨਹੀਂ। ਇਥੇ ਉਸਦੀ ਮੁਹੱਬਤ ਅਤੇ ਚਾਅ ਨਾਲ ਉਡੀਕ ਕੀਤੀ ਜਾਂਦੀ ਹੈ।
ਇਕ ਘਟਨਾ ਯਾਦ ਆਉਂਦੀ ਹੈ। ਕਿਸੇ ‘ਸਾਹਿਤ-ਸਭਾ’ ਵੱਲੋਂ ਮੇਰੇ ਨਾਲ ਰੂ-ਬ-ਰੂ ਕੀਤਾ ਜਾ ਰਿਹਾ ਸੀ। ਸਵਾਲਾਂ-ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਇੱਕ ਸਰੋਤੇ ਨੇ ਉੱਠ ਕੇ ਕਿਹਾ, “ਸੰਧੂ ਸਾਹਿਬ! ਮੇਰੀ ਤੁਹਾਡੇ ਤੋਂ ਮੰਗ ਹੈ ਕਿ ਤੁਸੀਂ ਹੁਣੇ ਹੀ ਆਪਣੇ ਮਨ ਅੰਦਰ ਝਾਤੀ ਮਾਰੋ ਅਤੇ ਵੇਖੋ ਕਿ ਤੁਹਾਨੂੰ ਆਪਣੇ ਚੇਤੇ ਵਿਚੋਂ ਇੱਕ-ਦਮ ਕਿਹੜੀ ਤਸਵੀਰ ਉੱਘੜਦੀ ਦਿਸਦੀ ਹੈ, ਸਾਡੇ ਨਾਲ ਉਹੋ ਗੱਲ ਸਾਂਝੀ ਕਰੋ!”
ਸਵਾਲ ਦਿਲਚਸਪ ਸੀ। ਮੈਂ ਆਪਣੇ ਮਨ ਵਿਚ ਪਲ ਕੁ ਲਈ ਉੱਤਰਿਆ। ਮੈਨੂੰ ਪਹਿਲੀ ਨਜ਼ਰੇ ਹੀ ਆਪਣੀ ਸੋਚ ਦੇ ਚਿਤਰ-ਪੱਟ ‘ਤੇ ਆਪਣੀ ਮਾਂ ਦੀ ਤਸਵੀਰ ਨਜ਼ਰ ਆਈ। ਆਪਣੇ ਆਪ ‘ਤੇ ਹੈਰਾਨੀ ਵੀ ਹੋਈ ਅਤੇ ਸ਼ਰਮ ਵੀ ਆਈ ਕਿ ਆਪਣੀ ਮਾਂ ਨਾਲ ਜੁੜੀ ਇਸ ਘਟਨਾ ਨੂੰ ਕਿਵੇਂ ਭੁਲਾਈ ਬੈਠਾ ਸਾਂ!
ਤੇ ਫਿਰ ਆਪਣੇ ਸਰੋਤਿਆਂ ਨਾਲ ਇਹ ਯਾਦ ਇਸਤਰ੍ਹਾਂ ਸਾਂਝੀ ਕੀਤੀ:
1972 ਦੀ ‘ਮੋਗਾ-ਐਜੀਟੇਸ਼ਨ’ ਵਿਚ ਕੁਝ ਦਿਨ ਜੇਲ੍ਹ ਵਿਚ ਕੱਟਣ ਤੋਂ ਬਾਅਦ ਮੈਂ ਥੋੜ੍ਹੇ ਚਿਰ ਲਈ ਪੁਲਿਸ ਤੋਂ ਬਚਣ ਵਾਸਤੇ ‘ਆਸੇ-ਪਾਸੇ’ ਹੋਇਆ, ਹੋਇਆ ਸਾਂ ਤਾਕਿ ਕਿਧਰੇ ਮੈਨੂੰ ਦੋਬਾਰਾ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ। ਮੇਰੇ ਘਰਦਿਆਂ ਨੂੰ ਮੇਰੀ ਠਾਹਰ ਦਾ ਪਤਾ ਸੀ। ਇੱਕ ਦੋਸਤ ਮੇਰੇ ਕੋਲ ਪੁੱਜਾ ਤੇ ਦੱਸਿਆ ਕਿ ਮੇਰੇ ਪਿਉ ਦੀ ਹਾਲਤ ਠੀਕ ਨਹੀਂ ਅਤੇ ਬੀਬੀ ਦਾ ਸੁਨੇਹਾ ਹੈ ਕਿ ਮੈਂ ਤੁਰਤ ਘਰ ਪਹੁੰਚਾਂ। ਮੈਂ ਉਸਦੇ ਨਾਲ ਹੀ ਤੁਰ ਪਿਆ। ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਲੈ ਗਏ ਸਨ।
ਮੈਂ ਅੰਮ੍ਰਿਤਸਰ ਪੁੱਜਾ। ਆਕਸੀਜਨ ਲੱਗੀ ਹੋਈ; ਮੇਰਾ ਪਿਤਾ ਬੇਹੋਸ਼ ਪਿਆ ਸੀ। ਬੀਬੀ ਮੇਰੇ ਪਿਤਾ ਦੇ ਸਿਰਹਾਣੇ ਬੈਠੀ ਸੀ। ਉਸਨੇ ਸਟੂਲ ਤੋਂ ਉੱਠ ਕੇ ਮੈਨੂੰ ਜੱਫੀ ਵਿਚ ਲਿਆ ਅਤੇ ‘ਫਿਕਰ ਨਾ ਕਰਨ ਲਈ’ ਕਿਹਾ। ਉਸ ਮੁਤਾਬਕ “ਡਾਕਟਰ ਆਪਣੀ ਪੂਰੀ ਵਾਹ ਲਾ ਰਹੇ ਨੇ। ਮਹਾਂਰਾਜ ਭਲੀ ਕਰੂਗਾ।” ਉਹ ਹੌਂਸਲੇ ਵਿਚ ਸੀ।
ਪਿਤਾ ਨੂੰ ਬੇਹੋਸ਼ੀ ਦੀ ਅਵਸਥਾ ਵਿਚ ਬੈੱਡ ‘ਤੇ ਪਿਆਂ ਅੱਜ ਤੀਸਰਾ ਦਿਨ ਸੀ। ਦਿਮਾਗ਼ ਦੀ ਨਾੜੀ ਫਟ ਗਈ ਸੀ। ਡਾਕਟਰ ‘ਹਾਂ’ ਜਾਂ ‘ਨਾਂਹ’ ਵਿਚ ਜਵਾਬ ਨਹੀਂ ਸਨ ਦਿੰਦੇ। ਟੈਸਟ ਹੋ ਰਹੇ ਸਨ। ਅੱਜ ਮੈਂ ਅਤੇ ਮੇਰਾ ਇੱਕ ਦੋਸਤ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈਣ ਗਏ ਸਾਂ। ਨੌਂ-ਦਸ ਵਜੇ ਦੇ ਗਿਆਂ ਨੂੰ ਰਿਪੋਰਟ ਲੈਂਦਿਆਂ-ਕਰਦਿਆਂ ਸਾਨੂੰ ਡੇਢ-ਦੋ ਦਾ ਸਮਾਂ ਹੋ ਗਿਆ ਸੀ।
ਜਦੋਂ ਅਸੀਂ ਵਾਪਸ ਪਰਤੇ ਤਾਂ ਬੀਬੀ ਮੇਰੇ ਪਿਤਾ ਦੇ ਸਿਰਹਾਣਿਓਂ ਉੱਠ ਕੇ ਅੱਗਲਵਾਂਢੀ ਸਾਨੂੰ ਕਮਰੇ ਤੋਂ ਬਾਹਰ ਹੀ ਆਣ ਮਿਲੀ।
“ਰਿਪੋਟ ਲੈ ਆਂਦੀ? ਚੱਲੋ ਚੰਗਾ ਹੋਇਆ!” ਉਸਨੇ ਸਾਡੇ ਹੱਥਾਂ ਵਿਚ ਫੜ੍ਹੇ ਲਿਫ਼ਾਫ਼ੇ ਵੱਲ ਵੇਖਿਆ। ਫਿਰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ। ਆਖਣ ਲੱਗੀ, “ਹੈਂ ਵਰਿਆਮ! ਲੌਢਾ ਵੇਲਾ ਹੋ ਗਿਆ। ਤੁਸੀਂ ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ?” ਸਾਡਾ ਜਵਾਬ ‘ਨਾਂਹ’ ਵਿਚ ਸੁਣ ਕੇ ਕਹਿੰਦੀ, “ਜਾਓ ਮੇਰੇ ਪੁੱਤ! ਪਹਿਲਾਂ ਜਾ ਕੇ ਰੋਟੀ ਖਾ ਕੇ ਆਵੋ। ਕਿਵੇਂ ਸਵੇਰ ਦੇ ਭੁੱਖਣ-ਭਾਣੇ ਤੁਰੇ ਫਿਰਦੇ ਜੇ!” ਉਹਦਾ ਚਿਹਰਾ ਮਮਤਾ ਵਿਚ ਮੋਮ ਬਣਿਆ ਹੋਇਆ ਸੀ।
ਅਸੀਂ ਕਮਰੇ ਵੱਲ ਵਧਦਿਆਂ, ਅਗਲੇ ਇਲਾਜ ਲਈ, ਪਹਿਲਾਂ ਡਾਕਟਰ ਨੂੰ ਰਿਪੋਰਟ ਦਿਖਾਉਣ ਲਈ ਕਿਹਾ ਤਾਂ ਕਹਿੰਦੀ, “ ਕੋਈ ਨਹੀਂ ਰਪੋਟ ਮੈਂ ਵਿਖਾ ਲੈਂਦੀ ਆਂ। ਤੁਸੀਂ ਪਹਿਲਾਂ ਢਿੱਡ ਵਿਚ ਕੁਝ ਪਾ ਕੇ ਆਓ। ਤੁਹਾਡੇ ਬਾਪੂ ਕੋਲ ਮੈਂ ਬੈਠੀ ਆਂ। ਉਹਦਾ ਫਿ਼ਕਰ ਨਾ ਕਰੋ।”
ਉਸਦੇ ਜ਼ੋਰ ਦੇਣ ‘ਤੇ ਅਸੀਂ ਲਾਗਲੇ ਢਾਬੇ ‘ਤੇ ਰੋਟੀ ਖਾਣ ਤੁਰ ਗਏ। ਰੋਟੀ ਖਾ ਕੇ ਆਏ ਤਾਂ ਪਿਤਾ ਦੇ ਸਿਰਹਾਂਦੀ ਬੈਠੀ ਮਾਂ ਉੱਠ ਕੇ ਖਲੋ ਗਈ ਅਤੇ ਉਸਦੀਆਂ ਅੱਖਾਂ ‘ਚ ਤੈਰ ਆਇਆ ਪਾਣੀ ਬੇਵੱਸ ਹੋ ਕੇ ਉਹਦੇ ਚਿਹਰੇ ‘ਤੇ ‘ਤਿੱਪ! ਤਿੱਪ!’ ਵਰ੍ਹਨ ਲੱਗਾ।
“ਜਾਓ ਪੁੱਤ! ਕੋਈ ਟੈਕਸੀ ਲੈ ਆਓ! ਤੁਹਾਡਾ ਬਾਪੂ ਪੂਰਾ ਹੋ ਗਿਆ।” ਉਸਨੇ ਬੁੱਲ੍ਹ ਚਿੱਥਦਿਆਂ ਆਪਣੀ ਭੁੱਬ ਅੰਦਰੇ ਡੱਕ ਲਈ। ਫੇਰ ਅੱਥਰੂ ਪੂੰਝਦਿਆ ਕਿਹਾ, “ਪੂਰਾ ਤਾਂ ਇਹ ਉਦੋਂ ਈ ਹੋ ਗਿਆ ਸੀ, ਜਦੋਂ ਤੁਸੀਂ ਰਪੋਟ ਲੈ ਕੇ ਆਏ ਸੀ। ਪਰ ਮੈਂ ਤੁਹਾਨੂੰ ਜਾਣ-ਬੁੱਝ ਕੇ ਨਹੀਂ ਸੀ ਦੱਸਿਆ। ਮੈਂ ਸੋਚਿਆ ਜੇ ਤੁਹਾਨੂੰ ਹੁਣੇ ਦੱਸ ਦਿੱਤਾ ਤਾਂ ਤੁਸੀਂ ਉਂਜ ਹੀ ਦੇਹ ਲੈ ਕੇ ਪਿੰਡ ਨੂੰ ਤੁਰ ਪੈਣਾ ਹੈ! ਫਿਰ ਰੋਣ ਕੁਰਲਾਉਣ ਵਿਚ ਪਏ ਮੇਰੇ ਲਾਲਾਂ ਨੂੰ ਪਤਾ ਨਹੀਂ ਕਦੋਂ ਰੋਟੀ ਦਾ ਟੁੱਕ ਨਸੀਬ ਹੋਣਾ ਹੈ! ਤੁਹਾਡੀਆਂ ਭੁੱਖੀਆਂ ਵਿਲਕਦੀਆਂ ਆਂਦਰਾਂ ਦਾ ਸੋਚ ਕੇ ਹੀ ਮੈਂ ਤੁਹਾਨੂੰ ਰੋਟੀ ਖਾਣ ਤੋਰਿਆ ਸੀ।”
ਏਨੀ ਆਖ ਕੇ ਉਸਨੇ ਮੈਨੂੰ ਬਾਹੋਂ ਫੜ੍ਹ ਕੇ ਅੱਗੇ ਕੀਤਾ, “ ਆ! ਹੁਣ ਆਪਣੇ ਤੁਰ ਗਏ ਪਿਓ ਦਾ ਮੂੰਹ ਵੇਖ ਲੈ।” ਉਸਨੇ ਮੇਰੇ ਪਿਤਾ ਦੇ ਚਿਹਰੇ ‘ਤੇ ਦਿੱਤਾ ਕੱਪੜਾ ਚੁਕਿਆ ਅਤੇ ਉਸਦੇ ਸਦਾ ਲਈ ਸੌਂ ਗਏ ਸ਼ਾਂਤ ਚਿਹਰੇ ਨੂੰ ਨਿਹਾਰਦੀ ਨੇ ਮੈਨੂੰ ਛੋਟੇ ਬਾਲ ਵਾਂਗ ਆਪਣੀ ਛਾਤੀ ਨਾਲ ਘੁੱਟ ਲਿਆ।
ਮੇਰੀ ਮਾਂ ਦੀ ਉਮਰ ਉਦੋਂ ਇਕਤਾਲੀ-ਬਤਾਲੀ ਸਾਲ ਦੀ ਸੀ ਅਤੇ ਮੇਰਾ ਪਿਓ ਪੰਜਤਾਲੀ-ਛਿਆਲੀ ਸਾਲ ਦਾ ਹੋਵੇਗਾ। ਉਸਦਾ ਸੁਹਾਗ ਉਸਨੂੰ ਸਦਾ ਲਈ ਛੱਡ ਕੇ ਚਲਾ ਗਿਆ ਸੀ। ਪਤੀ ਤੋਂ ਬਿਨਾਂ ਉਸ ਅੱਗੇ ਦੂਰ ਤੱਕ ਬ੍ਰਿਹਾ ਦੀ ਮਾਰੂਥਲ ਵਾਂਗ ਭੁੱਜਦੀ ਜਿ਼ੰਦਗੀ ਵਿਛੀ ਪਈ ਸੀ। ਉਸਦਾ ਜਹਾਨ ਲੁੱਟਿਆ ਗਿਆ ਸੀ। ਇਸ ਪਰਬਤੋਂ ਭਾਰੇ ਦੁੱਖ ਨੂੰ ਕਸੀਸ ਵੱਟ ਕੇ ਪੀ ਜਾਣ ਦੀ ਤਾਕਤ ਉਸਦੀ ਕਿਹੋ ਜਿਹੀ ਅਦੁੱਤੀ ਮਮਤਾ ਨੇ ਉਸ ਮਹਾਨ ਔਰਤ ਨੂੰ ਬਖਸ਼ੀ ਸੀ ਕਿ ਉਹਦੀ ਜਿ਼ੰਦਗੀ ਦੀਆਂ ਇਹਨਾਂ ਸਭ ਤੋਂ ਦੁਖਾਂਤਕ ਘੜੀਆਂ ਵਿਚ ਵੀ ਉਸਨੂੰ ਆਪਣੇ ਪੁੱਤ ਦੀ ਭੁੱਖ ਦਾ ਖਿ਼ਆਲ ਰਿਹਾ ਸੀ।
ਉਸਨੇ ਇਸ ਵਿਹਾਰ ਰਾਹੀਂ ਮੇਰੀ ਅੰਤਰ-ਆਤਮਾਂ ਵਿਚ ਜਿ਼ੰਦਗੀ ਦਾ ਬਿਹਤਰੀਨ ਗਲਪ-ਟੋਟਾ ਲਿਖ ਧਰਿਆ ਸੀ!
ਮੇਰੀ ਬੀਬੀ ਦਾ ਮੈਨੂੰ ਗਲਪਕਾਰ ਬਨਾਉਣ ਵਿੱਚ ਕੁੱਝ ਨਾ ਕੁੱਝ ਅਸਿੱਧਾ ਯੋਗਦਾਨ ਤਾਂ ਜ਼ਰੂਰ ਹੋਵੇਗਾ ਹੀ। ਪਿਓ ਤੋਂ ਪ੍ਰਾਪਤ ਚੁੱਪ ਨੇ ਮੈਨੂੰ, ਖ਼ਾਮੋਸ਼ ਰਹਿ ਕੇ, ਜ਼ਿੰਦਗੀ ਨੂੰ ਵੇਖਣ, ਜਾਨਣ ਤੇ ਮਾਨਣ ਵਿੱਚ ਜੇ ਕੁੱਝ ਹਿੱਸਾ ਪਾਇਆ ਤਾਂ ਉਸ ਜ਼ਿੰਦਗੀ ਨੂੰ ਬਿਆਨਣ ਵਿੱਚ ਕੁੱਝ ਨਾ ਕੁੱਝ ਹਿੱਸਾ ਤਾਂ ਮਾਂ ਦਾ ਵੀ ਹੋਵੇਗਾ; ਭਾਵੇਂ ਕਤਰੇ ਕੁ ਜਿੰਨਾ ਹੀ ਕਿਉਂ ਨਾ ਹੋਵੇ!
‘ਪਤਲਚੰਮਾ’ ਤੇ ਸੰਵੇਦਨਸ਼ੀਲ ਮੈਂ ਸ਼ੁਰੂ ਤੋਂ ਹੀ ਬਹੁਤ ਸਾਂ। ਸੰਵੇਦਨਸ਼ੀਲ ਹੋਏ ਬਿਨਾਂ ਲੇਖਕ ਨਹੀਂ ਬਣਿਆ ਜਾ ਸਕਦਾ। ਮੈਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਦੋਸਤ ਨਾਲ ਵਾਪਰੀ ਅਤੇ ਉਸ ਵੱਲੋਂ ਦੱਸੀ ਇੱਕ ਘਟਨਾ ਅਕਸਰ ਸੁਣਾਉਂਦਾ ਰਿਹਾ ਹਾਂ। ਮੇਰਾ ਉਹ ਦੋਸਤ ਕਿਸੇ ਬੱਸ ਵਿੱਚ ਬੈਠਾ ਸਫ਼ਰ ਕਰ ਰਿਹਾ ਸੀ। ਫਰੰਟ-ਸੀਟ ਤੋਂ ਪਿਛਲੀ ਦੋ ਸਵਾਰੀਆਂ ਵਾਲੀ ਸੀਟ ਉੱਤੇ ਉਹ ਡਰਾਈਵਰ ਵਾਲੇ ਪਾਸੇ ਬੈਠਾ ਸੀ ਜਦ ਕਿ ਉਹਦੇ ਖੱਬੇ ਹੱਥ ਬਾਰੀ ਵਾਲੀ ਸੀਟ ਉੱਤੇ ਕੋਈ ਅਜਨਬੀ ਬੈਠਾ ਹੋਇਆ ਸੀ। ਬੱਸ ਕਿਸੇ ਅੱਡੇ ‘ਤੇ ਰੁਕੀ। ਅੱਗੇ ਸੜਕ ਦੇ ਨਾਲ-ਨਾਲ ਕੁੱਝ ਕੁੜੀਆਂ ਸਕੂਲੋਂ ਜਾਂ ਕਾਲਜੋਂ ਛੁੱਟੀ ਹੋਣ ਕਰਕੇ ਘਰਾਂ ਨੂੰ ਪਰਤ ਰਹੀਆਂ ਸਨ। ਰੁਕਦੀ ਰੁਕਦੀ ਧੀਮੀ ਚਾਲ ਨਾਲ ਚੱਲਦੀ ਬੱਸ ਦਾ ਪਾਸਾ ਇੱਕ ਕੁੜੀ ਨੂੰ ਵੱਜਾ। ਲੜਕੀ ਚੌਫ਼ਾਲ, ਮੂਧੇ-ਮੂੰਹ ਧਰਤੀ ‘ਤੇ ਜਾ ਡਿੱਗੀ ਅਤੇ ਉਹਦੇ ਹੱਥ ਵਿੱਚ ਫ਼ੜੀਆਂ ਕਿਤਾਬਾਂ ਖਿੱਲਰ ਗਈਆਂ। ਦੋਸਤ ਨੂੰ ਅਹਿਸਾਸ ਹੋਇਆ ਜਿਵੇਂ ਉਹਦੇ ਕਲੇਜੇ ਦਾ ਰੁੱਗ ਭਰਿਆ ਗਿਆ ਹੋਵੇ।
ਉਹਦੇ ਅੰਦਰੋਂ ਹਾਉਕਾ ਨਿਕਲਿਆਂ, ‘ਹਾਇ! ਕੁੜੀ ਨੂੰ ਪਤਾ ਨਹੀਂ ਕਿੰਨੀ ਕੁ ਸੱਟ ਲੱਗੀ ਹੈ! ਭਾਵੇਂ ਕਿਸੇ ਅੰਗ ਦਾ ਨੁਕਸਾਨ ਹੋ ਗਿਆ ਹੋਵੇ!” ਮੇਰਾ ਦੋਸਤ ਅਜੇ ਇਸ ਸਦਮੇ ਦੀ ਗ੍ਰਿਫ਼ਤ ਵਿੱਚ ਸੀ ਕਿ ਉਸਦੇ ਨਾਲ ਬੈਠੀ ਅਜਨਬੀ ਸਵਾਰੀ ਹੱਥ ਉੱਤੇ ਹੱਥ ਮਾਰ ਕੇ ਹੱਸੀ ਤੇ ਉੱਚੀ ਸਾਰੀ ਖ਼ੁਸ਼ੀ ਵਿੱਚ ਉੱਛਲ ਕੇ ਆਖਣ ਲੱਗੀ, “ਔਹ ਮਾਰੀ ਊ ਬੁੜ੍ਹਕਾ ਕੇ।”
ਉਸਦਾ ਇਸ਼ਾਰਾ ਉੱਛਲ ਕੇ ਸੜਕ ਕਿਨਾਰੇ ਡਿੱਗੀ ਕੁੜੀ ਵੱਲ ਸੀ।
ਘਟਨਾ ਤਾਂ ਇੱਕੋ ਹੀ ਵਾਪਰੀ ਸੀ ਪਰ ਕੋਲ-ਕੋਲ ਬੈਠੇ ਬੰਦਿਆਂ ਦਾ ਉਸ ਬਾਰੇ ਪ੍ਰਤੀਕਰਮ ਕਿੰਨਾਂ ਭਿੰਨ ਸੀ! ਇੱਕ ਦੇ ‘ਕਲੇਜੇ ਦਾ ਰੁੱਗ ਭਰਿਆ ਗਿਆ’ ਤੇ ਦੂਜੇ ਦਾ ‘ਤਾੜੀ ਮਾਰ ਕੇ ਹੱਸਣ ਨੂੰ ਜੀ ਕਰ ਆਇਆ।’
ਲ਼ੇਖਕ ਬਣਨ ਲਈ ਕਿਸੇ ਪਰਾਏ ਦੇ ਦੁੱਖ ਵਿੱਚ ਆਪਦੇ ‘ਕਲੇਜੇ ਦਾ ਰੁੱਗ ਭਰਿਆ ਜਾਣਾ’ ਲਾਜ਼ਮੀ ਹੈ।
ਮੇਰੇ ਬਚਪਨ ਦੀਆਂ ਦੋ ਬੜੀਆਂ ਸਾਧਾਰਨ ਜਿਹੀਆਂ ਘਟਨਾਵਾਂ ਹਨ, ਪਰ ਅਜੇ ਤੱਕ ਉਹਨਾਂ ਦੀ ਛਾਪ ਮੇਰੇ ਮਨ-ਮਸਤਕ ‘ਤੇ ਡੂੰਘੀ ਉੱਕਰੀ ਹੋਈ ਹੈ।

ਮੇਰੇ ਪਿਤਾ ਨੇ ਕੁੱਝ ਜ਼ਮੀਨ ਆਪ ਵਾਹੀ ਹੇਠਾਂ ਰੱਖੀ ਹੋਈ ਸੀ ਅਤੇ ਕੁੱਝ ਹੋਰ ਹਿੱਸੇ ਠੇਕੇ ਉੱਤੇ ਦਿੱਤੀ ਹੋਈ ਸੀ। ਮੈਂ ਛੋਟਾ ਜਿਹਾ ਸਾਂ; ਅਸੀਂ ਗੱਡ ਜੋੜ ਕੇ ਜ਼ਮੀਨ ਦਾ ਹਿੱਸਾ-ਠੇਕਾ ਲੈਣ ਗਏ। ਪਿੜ ਵਿੱਚ ਗੱਡਾ ਖੜ੍ਹਾ ਕੀਤਾ। ਕਣਕ ਦਾ ਵੱਡਾ ਬੋਹਲ ਸਾਹਮਣੇ ਸੀ। ਸਾਡੀ ਜ਼ਮੀਨ ਵਿੱਚ ਖੇਤੀ ਕਰਨ ਵਾਲਾ ਕਿਸਾਨ ਤੇ ਉਹਦਾ ਮੇਰੇ ਤੋਂ ਥੋੜ੍ਹਾ ਵੱਡੀ ਉਮਰ ਦਾ ਮੁੰਡਾ ਉਸਦੇ ਨਜ਼ਦੀਕ ਬੋਹਲ ਕੋਲ ਖਲੋਤਾ ਸੀ; ਜਿਹੜਾ ਨੰਗੇ ਪੈਰੀਂ, ਨਿੱਕੇ ਨਿੱਕੇ ਕਦਮੀਂ, ਕਈ ਦਿਨ ਸੜਦੀ ਧੁੱਪ ਵਿੱਚ ਬਲਦਾਂ ਦੇ ਪਿੱਛੇ-ਪਿੱਛੇ ਤੁਰਦਾ ਫਲ੍ਹੇ ਹਿੱਕਦਾ ਰਿਹਾ ਸੀ। ਸ਼ਾਇਦ ਉਸ ਕਿਸਾਨ ਨੇ ਪਹਿਲਾਂ ਮੇਰੇ ਪਿਓ ਕੋਲੋਂ ਕੁੱਝ ਪੈਸੇ ਵੀ ਫੜ੍ਹੇ-ਫੜ੍ਹਾਏ ਹੋਣਗੇ ਜਾਂ ਪਿਛਲਾ ਕੋਈ ਹੋਰ ਬਕਾਇਆ ਰਹਿੰਦਾ ਹੋਵੇਗਾ; ਮੇਰੇ ਪਿਓ ਨੇ ਉਹ ਬਕਾਇਆ ਵੀ ਹੁਣ ਦੇ ਦਾਣਿਆਂ ‘ਚੋਂ ਹੀ ਨਿਬੇੜ ਦੇਣ ਲਈ ਆਖਿਆ। ਉਸ ਕਿਸਾਨ ਨੇ ਇੱਕ ਵਾਰ ਬੋਹਲ ਵੱਲ ਵੇਖਿਆ ਤੇ ਬਿਨਾਂ ਕੋਈ ਉਜਰ ਕੀਤਿਆਂ ਹਾਉਕਾ ਜਿਹਾ ਲੈ ਕੇ ਆਖਿਆ, “ਤੇਰੀ ਮਰਜ਼ੀ ਦੀਦਾਰ ਸਿਆਂ!”
ਉਹਦਾ ਇਹ ਅਰਧ-ਹਉਕਾ ਅਜੇ ਵੀ ਮੇਰੀ ਯਾਦ ਵਿੱਚ ਤਾਜ਼ਾ ਹੈ।
ਤੁਲਾਵਾ ਅਸੀਂ ਨਾਲ ਖੜਿਆ ਹੋਇਆ ਸੀ। ‘ਬਰਕਤ! ਦੋਆ! ਵਾਧੇ!’ ਕਰਦਿਆਂ ਉਹ ਕਣਕ ਤੋਲ ਕੇ ਬੋਰੀਆਂ ਵਿੱਚ ਪਾਈ ਜਾਂਦਾ। ਤੱਕੜੀ ਦਾ ਪੱਲਾ ਬੋਹਲ ਵਿੱਚ ‘ਗਰਚ’ ਕਰਕੇ ਖੁਭਦਾ। ਉੱਡਦੇ ਪੱਲੜੇ ਵਿੱਚ ਨੇੜੇ ਬੈਠਾ ਕਿਸਾਨ ਤੁਲਾਵੇ ਦੇ ਕਹਿਣ ‘ਤੇ ਬੁੱਕ ਭਰ ਕੇ ਪਲੜੇ ਵਿੱਚ ਕਣਕ ਪਾਉਂਦਾ। ਲਾਗੇ ਖਲੋਤਾ ਉਹਦਾ ਪੁੱਤਰ ਪੱਲੜੇ ਦਾ ਬੋਹਲ ਵਿੱਚ ਧਸਣਾ ਤੇ ਫ਼ਿਰ ਬੋਰੀ ਵਿੱਚ ਪੈਂਦਿਆਂ ਬੜੀ ਹਸਰਤ ਨਾਲ ਵੇਖ ਰਿਹਾ ਸੀ। ਜਦੋਂ ਬੋਹਲ ਸਿਖ਼ਰ ਤੋਂ ਕਿਰ ਕੇ ਹੇਠਾਂ ਨੂੰ ਡਿੱਗਾ ਤਾਂ ਉਹ ਮੁੰਡਾ ਅਹੁਲ ਕੇ ਬੋਹਲ ਵੱਲ ਹੋਇਆ ਅਤੇ ਕਿਰਨ-ਮ-ਕਿਰਨੀ ਢਹਿ ਰਹੀ ਬੋਹਲ ਦੀ ਸਿਖ਼ਰਲੀ ਚੋਟੀ ਨੂੰ ਨਿੱਕੇ ਨਿੱਕੇ ਹੱਥਾਂ ਨਾਲ ਸੰਭਾਲਣ ਦੀ ਨਿਰਮੂਲ ਕੋਸ਼ਿਸ਼ ਕਰਨ ਲੱਗਾ! ਬੋਹਲ ਦੀ ਸਿਖ਼ਰਲੀ ਚੋਟੀ ਦੇ ਢਹਿਣ ਨਾਲ ਉਹਨੂੰ ਇੰਜ ਲੱਗਾ ਜਿਵੇਂ ਉਹਦੀ ਆਸਾਂ ਦੀ ਢੇਰੀ ਢਹਿ ਚੱਲੀ ਹੋਵੇ, ਜਿਸਨੂੰ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਸਾਂਭ ਕੇ ਬਚਾਈ ਰੱਖਣਾ ਚਾਹੁੰਦਾ ਸੀ!
ਉਹਦੇ ਪਿਓ ਨੇ ਆਖਿਆ, “ਕਰਮਿਆਂ! ਆਉਣ ਦੇ ਕਣਕ ਹੇਠਾਂ ਨੂੰ……।”
ਉਹ ਰੁਕ ਗਿਆ ਤੇ ਦੂਜੇ ਛਿਣ ਬੋਹਲ ਦੇ ਦੁਆਲੇ ਫ਼ਿਰ ਕੇ ਨੀਝ ਨਾਲ ਵੇਖਣ ਲੱਗਾ। ਉਹਦਾ ਅੱਧਾ ਬੋਹਲ ‘ਹੜੱਪਿਆ’ ਚੱਲਿਆ ਸੀ। ਮੁੰਡੇ ਦੀਆਂ ਪਰੇਸ਼ਾਨ ਨਜ਼ਰਾਂ ਵੇਖ ਕੇ ਪਤਾ ਨਹੀਂ ਮੇਰੇ ਦਿਲ ਨੂੰ ਕੀ ਹੋਇਆ! ਜਦੋਂ ਅਗਲੀ ਵਾਰ ਤੱਕੜੀ ਦਾ ਪਲੜਾ ਕਣਕ ਵਿੱਚ ਖੁਭਿਆ ਤਾਂ ਮੈਨੂੰ ਜਾਪਿਆ ਇਹ ਤੱਕੜੀ ਦਾ ਪੱਲੜਾ ਨਹੀਂ ਸਗੋਂ ਇੱਕ ਅਜਿਹੀ ਤਿੱਖੀ ਬਰਛੀ ਸੀ ਜਿਹੜੀ ਉਸ ਮੁੰਡੇ ਦੇ ਧੁਰ ਅੰਦਰ ਕਲੇਜੇ ਤੱਕ ਖੁਭ ਗਈ ਸੀ। ਅੱਜ ਵੀ ਸੋਚਦਾ ਹਾਂ ਕਿ ਉਹਦੀ ਉਹ ਪੀੜ ਮੇਰੇ ਕਲੇਜੇ ਅੰਦਰ ਕਿਉਂ ਜਾਗ ਉੱਠੀ ਸੀ! ਮੇਰਾ ਜੀ ਕੀਤਾ ਇਸੇ ਪਲੜੇ ਨਾਲ ਹੀ ਤੋਲਾ ਆਖ ਦੇਵੇ ਕਿ ਸਾਡਾ ਬਣਦਾ ਹਿੱਸਾ ਜੁਖ ਗਿਆ ਹੈ।
ਹਿੱਸੇ ਦੀ ਕਣਕ ਲੱਦ ਕੇ ਤੁਰੇ ਜਾਂਦੇ ਗੱਡੇ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਅਤੇ ਬਾਕੀ ਬਚੇ ਬੋਹਲ ਵੱਲ ਵਾਰ ਵਾਰ ਵੇਖਦੀਆਂ ਉਸ ਮੁੰਡੇ ਦੀਆਂ ਨਜ਼ਰਾਂ ਵਿਚਲੀ ਪੀੜ ਮੈਨੂੰ ਹੁਣ ਤੱਕ ਨਹੀਂ ਭੁੱਲੀ। ਅੱਜ ਵੀ ਇਸ ਦ੍ਰਿਸ਼ ਦੀ ਕਲਪਨਾ ਕਰਦਾ ਹਾਂ ਤਾਂ ਮੇਰੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਹਨ।

ਇੱਕ ਹੋਰ ਗੱਲ ਯਾਦ ਆਉਂਦੀ ਹੈ। ਉਦੋਂ ਬੱਸਾਂ ਦੇ ਟਾਈਮ ਬੜੇ ਥੋੜ੍ਹੇ ਹੁੰਦੇ ਸਨ। ਉਂਜ ਵੀ ਬੱਸਾਂ ਉਦੋਂ ਮੁਖ ਅੱਡਿਆਂ ਤੋਂ ਸਵਾਰੀਆਂ ਭਰਕੇ ਕਾਫ਼ੀ ਦੇਰ ਨਾਲ ਚੱਲਦੀਆਂ ਸਨ। ਛੋਟਾ ਪੈਂਡਾ ਕਰਨ ਵਾਲਿਆਂ ਕੋਲ ਏਨਾ ਸਬਰ ਨਹੀਂ ਸੀ ਹੁੰਦਾ ਕਿ ਦੋ ਚਾਰ ਮੀਲ ਦੂਰ ਜਾਣ ਵਾਸਤੇ ਉਹ ਘੰਟਾ ਭਰ ਅੱਡੇ ‘ਤੇ ਖੜੋਤੇ ਬੱਸ ਦੀ ਉਡੀਕ ਕਰਦੇ ਰਹਿਣ। ਚਾਰ-ਪੰਜ ਮੀਲ ਦੂਰ ਜਾਣ ਵਾਲੇ ਤਾਂ ਬਹੁਤੇ ਪੈਦਲ ਹੀ ਤੁਰ ਪੈਂਦੇ। ਕੁੱਝ ਟਾਂਗਿਆਂ ਦੀ ਸਵਾਰੀ ਕਰ ਲੈਂਦੇ। ਮੈਨੂੰ ਇਹ ਵੀ ਯਾਦ ਨਹੀਂ ਕਿ ਆਪਣੇ ਪਿਤਾ ਨਾਲ ਟਾਂਗੇ ਉੱਪਰ ਬੈਠਾ ਮੈਂ ਕਿੱਥੋਂ ਕਿੱਥੇ ਜਾ ਰਿਹਾ ਸਾਂ। ਏਨਾ ਯਾਦ ਹੈ ਰਾਹ ਵਿੱਚ ਤੁਰੀ ਜਾਂਦੀ ਇੱਕ ਜ਼ਨਾਨੀ ਰੁਕ ਕੇ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਪੰਜ-ਛੇ ਸਾਲ ਦੇ ਬਾਲ ਨੂੰ ਆਪਣੇ ਨਾਲ ਰਲਣ ਲਈ ਆਖ ਰਹੀ ਸੀ। ਦੂਜਾ ਤਿੰਨ ਕੁ ਸਾਲ ਦਾ ਨਿਆਣਾ ਉਹਨੇ ਕੁੱਛੜ ਚੁੱਕਿਆ ਹੋਇਆ ਸੀ। ਜਦੋਂ ਤੱਕ ਟਾਂਗਾ ਕੋਲ ਪੁੱਜਾ, ਉਹ ਉਦੋਂ ਕੁੱਛੜ ਵਾਲੇ ਬੱਚੇ ਨੂੰ ਵੀ ਉਤਾਰ ਕੇ, ਉਸਦੀ ਉਂਗਲੀ ਫੜ੍ਹ ਕੇ, ਥੋੜ੍ਹਾ ਜਿਹਾ ਤੁਰਨ ਲਈ ਹੱਲਾ-ਸ਼ੇਰੀ ਦੇ ਰਹੀ ਸੀ।
“ਆ ਜਾਹ ਬੀਬੀ! ਆ ਜਾਹ! ਐਂਵੇਂ ਨਿਆਣਿਆਂ ਨੂੰ ਥਕਾਉਣ ਡਹੀਂ ਏਂ। ਬਹੁਤੇ ਪੈਸੇ ਨਹੀਂ ਲੱਗਦੇ……”
ਟਾਂਗੇ ਵਾਲੇ ਨੇ ਘੋੜੀ ਦੀਆਂ ਵਾਗਾਂ ਖਿੱਚੀਆਂ।
ਜ਼ਨਾਨੀ ਥੱਕ ਚੁੱਕੀ ਸੀ ਪਰ ਅਜੇ ਵੀ ਉਹਦਾ ਮਨ ਟਾਂਗੇ ‘ਤੇ ਸਵਾਰ ਹੋਣ ਨੂੰ ਨਹੀਂ ਸੀ ਕਰਦਾ।
“ਤਾਂ ਵੀ ਕਿੰਨੇ ਪੈਸੇ ਲਵੇਂਗਾ, ਵੀਰਾ?”
“ਕੋਈ ਬਹੁਤੇ ਨਹੀਂ ਲੱਗਣ ਲੱਗੇ। ਆ ਤੂੰ ਨਿਆਣਿਆਂ ਨੂੰ ਲੈ ਕੇ।” ਟਾਂਗੇ ਵਾਲੇ ਨੇ ਸਵਾਰੀਆਂ ਨੂੰ ਥਾਂ ਬਨਾਉਣ ਲਈ ਆਖਿਆ। ਸ਼ਾਇਦ ਉਸਨੇ ਔਰਤ ਨੂੰ ਕਿਰਾਏ ਦੇ ਪੈਸੇ ਵੀ ਦੱਸੇ।
ਨਿਸ਼ਚਿਤ ਅੱਡੇ ‘ਤੇ ਜਦੋਂ ਉਹ ਜ਼ਨਾਨੀ ਉੱਤਰੀ ਤਾਂ ਉਸ ਨੇ ਆਪਣੇ ਪੱਲੇ ਨਾਲ ਬੱਧਾ ਮੁੜਿਆ ਤੁੜਿਆ ‘ਦੋ ਰੁਪੈ ਦਾ ਇੱਕੋ-ਇੱਕ ਨੋਟ’ ਕੱਢਿਆ ਤੇ ਟਾਂਗੇ ਵਾਲੇ ਨੂੰ ਬਣਦੇ ਪੈਸੇ ਕੱਟਣ ਲਈ ਫੜਾਇਆ। ਟਾਂਗੇ ਵਾਲੇ ਨੇ ਕਿਰਾਇਆ ਕੱਟ ਕੇ ਬਾਕੀ ਬਚਦੇ ਪੈਸੇ ਉਹਦੀ ਤਲੀ ਉੱਤੇ ਰੱਖੇ। ਆਪਣੀ ਖੁੱਲ੍ਹੀ ਤਲੀ ‘ਤੇ ਪੈਸਿਆਂ ਦਾ ਜੋੜ ਕਰਦੀ ਉਸ ਜ਼ਨਾਨੀ ਨੇ ਟਾਂਗੇ ਵਾਲੇ ਨੂੰ ਆਖਿਆ, “ਵੀਰਾ! ਤੂੰ ਤਾਂ ਆਹਨਾਂ ਸੈਂ……।”
“ਬੀਬੀ ਉਹ ਤਾਂ ਇੱਕ ਸਵਾਰੀ ਦੇ ਆਖੇ ਸਨ। ਮੁੰਡਿਆਂ ਦੇ ਨਹੀਂ ਲੱਗਣੇ?”
ਕਹਿ ਕੇ ਉਸ ਨੇ ਘੋੜੀ ਨੂੰ ਛਾਂਟ ਮਾਰੀ। ਜ਼ਨਾਨੀ ਅੱਗੋਂ ਕੁੱਝ ਨਹੀਂ ਬੋਲੀ। ਬੱਚਿਆਂ ਨੂੰ ਲੈ ਕੇ ਵਾਂਢੇ ਜਾ ਰਹੀ ਸੀ। ਕੋਲ ਸਿਰਫ਼ ਦੋ ਰੁਪੈ ਸਨ। ਕਿੰਨੀਆਂ ਗਿਣਤੀਆਂ-ਮਿਣਤੀਆਂ ਕਰਕੇ ਉਹ ਘਰੋਂ ਪੈਦਲ ਤੁਰੀ ਹੋਵੇਗੀ। ਬੱਚੇ ਲੈ ਕੇ ਤੁਰਨਾ ਮੁਸ਼ਕਿਲ ਵੇਖ ਕੇ ਤੇ ਟਾਂਗੇ ਵਾਲੇ ਨੂੰ ਪੈਸੇ ਪੁੱਛ ਕੇ ਕਿੰਨੀ ਗਿਣਤੀ-ਮਿਣਤੀ ਨਾਲ ਟਾਂਗੇ ਵਿੱਚ ਬੈਠੀ ਹੋਵੇਗੀ! ਉਸ ਵਿਚਾਰੀ ਦੀ ਤਾਂ ਇਹ ਸਾਰੀ ਗਿਣਤੀ ਉਲਟ-ਪੁਲਟ ਹੋ ਗਈ ਸੀ! ਉਸ ਨੇ ਟਾਂਗੇ ਵਾਲੇ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਆਸ ਤੋਂ ਘੱਟ ਰਹਿ ਗਏ ਪੈਸਿਆਂ ਨੂੰ ਉਹ ਆਪਣੀ ਤਲੀ ‘ਤੇ ਬੜੀ ਹਸਰਤ ਨਾਲ ਨਿਹਾਰਦੀ ਰਹੀ। ਮੈਂ ਪਿਛਾਂਹ ਮੁੜ ਕੇ ਵੇਖਿਆ। ਉਹ ਅਜੇ ਵੀ ਓਥੇ ਖਲੋਤੀ ਸੀ। ਬੱਚੇ ਉਹਦੇ ਕੋਲ ਕੋਲ ਸਨ ਅਤੇ ਉਹ ਅਜੇ ਵੀ ਤਲੀ ਉੱਤੇ ਪਏ ਪੈਸਿਆਂ ਨੂੰ ਨਿਹਾਰਦੀ ਪਈ ਸੀ। ਉਹਨੂੰ ਇੰਜ ਨਿਰਾਸ਼ ਤੇ ਉਦਾਸ ਖਲੋਤੀ ਵੇਖ ਕੇ ਮੇਰੇ ਕਲੇਜੇ ਦਾ ਰੁੱਗ ਭਰਿਆ ਗਿਆ।
ਇਹ ਝਾਕੀ ਅੱਜ ਵੀ ਮੇਰੇ ਚੇਤੇ ਵਿੱਚ ਸਥਿਰ ਖਲੋਤੀ ਹੋਈ ਹੈ ਅਤੇ ਅਜੇ ਵੀ ਮੇਰੇ ਦਿਲ ਨੂੰ ਭਿਉਂ ਜਾਂਦੀ ਹੈ।
ਲਿਖਦਿਆਂ ਲਿਖਦਿਆਂ ਇਹ ਦੋ ਝਾਕੀਆਂ ਹੀ ਮੇਰੇ ਚੇਤੇ ਵਿੱਚ ਕਿਉਂ ਉੱਭਰੀਆਂ, ਜਿਨ੍ਹਾਂ ਵਿੱਚ ਆਰਥਕ ਥੁੜ੍ਹ ਦਾ ਚਿੱਤਰ ਪੇਸ਼ ਹੈ! ਕੀ ਇਸ ਪਿੱਛੇ ਆਰਥਕ-ਥੁੜ ਦਾ ਮੇਰਾ ਨਿੱਜੀ ਅਹਿਸਾਸ ਤਾਂ ਕੰਮ ਨਹੀਂ ਕਰ ਰਿਹਾ? ਸ਼ਾਇਦ ਇਹ ਵੀ ਇੱਕ ਕਾਰਨ ਹੋਵੇ!
ਉਸ ਵੇਲੇ ਦੇ ਆਮ ਪੇਂਡੂ ਕਿਸਾਨਾਂ ਦੇ ਬੱਚਿਆਂ ਵਾਂਗ ਸਾਡਾ ਜੀਵਨ ਕੋਈ ਐਸ਼ ਦਾ ਜੀਵਨ ਨਹੀਂ ਸੀ। ਖੇਤੀ ‘ਚੋਂ ਮਸਾਂ ਘਰ ਦੀਆਂ ਲੋੜਾਂ ਹੀ ਤੁਰਦੀਆਂ ਸਨ। ਲੋੜ ਜੋਗੀ ਜ਼ਮੀਨ ਕੋਲ ਹੋਣ ਦੇ ਬਾਵਜੂਦ ਪੈਦਾਵਾਰ ਕੋਈ ਏਨੀ ਜ਼ਿਆਦਾ ਨਹੀਂ ਸੀ ਹੁੰਦੀ ਕਿ ਗੁਲਸ਼ੱਰੇ ਉਡਾਏ ਜਾ ਸਕਣ।
ਜ਼ਾਹਿਰ ਹੈ ਜਮਾਂਦਰੂ ਤੌਰ ‘ਤੇ ਹੀ ਮੇਰਾ ਮੇਰਾ ਮਨ ਅਜਿਹੀ ਜ਼ਰਖ਼ੇਜ਼ ਅਤੇ ਵੱਤਰ ਜ਼ਮੀਨ ਸੀ ਜਿਸ ਵਿੱਚ ਦੂਜਿਆਂ ਦੇ ਦੁੱਖਾਂ ਦਰਦਾਂ ਦੇ, ਲੋੜਾਂ-ਥੁੜਾਂ ਦੇ, ਖ਼ੁਸ਼ੀਆਂ-ਹਾਸਿਆਂ ਦੇ ਬੀਜ ਫੁੱਟਣ ਅਤੇ ਉੱਗਣ ਦੀ ਸੰਭਾਵਨਾ ਮੌਜੂਦ ਸੀ। ਮੇਰੇ ਅੰਦਰ ਕਿਉਂਕਿ ਕਹਾਣੀ ਦੇ ਬੀਜ ਡਿੱਗਣੇ ਸਨ, ਇਸ ਲਈ ਮੇਰੇ ਆਪਣੇ ਸੁਭਾ ਵਿੱਚ ਅਤੇ ਮੇਰੇ ਮਾਹੌਲ ਵਿੱਚ ਇਹਨਾਂ ਬੀਜਾਂ ਦੇ ਸਫ਼ੁਟਿਤ ਹੋਣ ਦੀਆਂ ਅਨੇਕਾਂ ਸੰਭਾਵਨਾਵਾਂ ਵੀ ਪਈਆਂ ਹੋਈਆਂ ਸਨ। ਹੱਸਾਸ ਅਤੇ ਸੰਵੇਦਨਸ਼ੀਲ ਆਪੇ ਦੇ ਨਾਲ ਮੇਰੇ ਸੁਭਾ ਦਾ ਇੱਕ ਹੋਰ ਲੱਛਣ ਵੀ ਮੇਰੇ ਲੇਖਕ ਬਣਨ ਵਿੱਚ ਕੰਮ ਆਇਆ।
ਕੰਨ-ਰਸ ਬਹੁਤ ਸੀ ਮੈਨੂੰ। ਬਚਪਨ ਵਿੱਚ ਹੀ ਜਿੱਥੇ ਕਿਤੇ ਵੀ ਗੱਲਾਂ ਹੋ ਰਹੀਆਂ ਹੁੰਦੀਆਂ: ਰਲ ਕੇ ਵਾਢੀ ਕਰਦਿਆਂ, ਕਮਾਦ ਛਿੱਲਦਿਆਂ, ਗੁੜ ਬਣਾਉਂਦਿਆਂ, ਖੱਗਿਆਂ ‘ਚੋਂ ਛੱਲੀਆਂ ਕੱਢਦਿਆਂ, ਆਪਣੇ ਪਿਤਾ ਨਾਲ ਕਿਸੇ ਗੱਪ-ਮੰਡਲੀ ਜਾਂ ਪਰ੍ਹੇ-ਪੰਚਾਇਤ ‘ਚ ਬੈਠਿਆਂ, ‘ਕਾਰਖ਼ਾਨੇ’ ਵਿੱਚ ਦਾਤਰੀਆਂ ਦੇ ਦੰਦੇ ਕਢਾਉਣ ਜਾਂ ਫਾਲੇ ਚੰਡਾਉਣ ਗਿਆਂ, ਵਿਆਹ ਦੇ ਮੇਲ ਵਿੱਚ ਜਾਂ ਮੇਲੇ ਮੱਸਿਆ ਜਾਂਦੇ-ਆਉਂਦੇ ਮੈਂ ਬਹੁਤ ਹੀ ਧਿਆਨ ਨਾਲ ਲੋਕਾਂ ਦੇ ਤਜਰਬੇ ਸੁਣਦਾ। ਆਪਣੀ ਦਾਦੀ ਦੀਆਂ ਬਾਤਾਂ ਅਤੇ ਗੁਰਦਵਾਰੇ ਵਿੱਚ ਕੀਤੀ ਜਾਂਦੀ ਕਥਾ, ਵੱਖ ਵੱਖ ਮੇਲਿਆਂ-ਮੁਸਾਹਬਿਆਂ ‘ਤੇ ਸੁਣੇ ਢਾਡੀਆਂ ਦੇ ਪ੍ਰਸੰਗਾਂ ਨੇ ਵੀ ਮੇਰੇ ਅੰਦਰ ਕਿਧਰੇ ਕਹਾਣੀ ਦਾ ਬੀਜ ਸੁੱਟ ਦਿੱਤਾ ਸੀ।
ਸਾਡਾ ਘਰ ਸਾਡੇ ਪਿੰਡ ਦੇ ਬਾਜ਼ਾਰ ਵਿੱਚ ਸੀ। ਦੁਕਾਨਾਂ ਰਾਤ ਦੇ ਗਿਆਰਾਂ-ਬਾਰਾਂ ਵਜੇ ਤਕ ਖੁੱਲ੍ਹੀਆਂ ਰਹਿੰਦੀਆਂ। ਮੇਰਾ ਪਿਉ ਆਪਣੇ ਗੁਆਂਢੀ ਯਾਰ ਦੁਕਾਨਦਾਰਾਂ ਕੋਲ ਦੇਰ ਰਾਤ ਤੱਕ ਬੈਠਦਾ। ਮੈਂ ਉਹਦੇ ਨਾਲ ਹੁੰਦਾ। ਉਹ ਜੱਗ-ਜਹਾਨ ਦੀਆਂ ਗੱਲਾਂ ਕਰਦੇ। ਵਰਤਮਾਨ ਦੀਆਂ, ਬੀਤੇ ਦੀਆਂ। ਉਹਨਾਂ ਦੀਆਂ ਹੱਡ-ਬੀਤੀਆਂ, ਜੱਗ-ਬੀਤੀਆਂ ਦੇ ਪੂਰੇ ਪਾਤਰ ਮੇਰੇ ਸਾਹਮਣੇ ਵਿਚਰ ਰਹੇ ਲੱਗਦੇ। ਹੱਸ ਰਹੇ, ਰੋ ਰਹੇ, ਗੁੱਸੇ ਹੁੰਦੇ। ਜਿਊਂਦਾ-ਜਾਗਦਾ ਭਾਵਨਾਵਾਂ ਨੂੰ ਟੁੰਬਦਾ ਪੂਰੇ ਦਾ ਪੂਰਾ ਸੰਸਾਰ ਮੇਰੇ ਮਨ ਮਸਤਕ ਵਿੱਚ ਵਿਚਰ ਰਿਹਾ ਹੁੰਦਾ।
ਇਸ ਅਦਭੁੱਤ ਸੰਸਾਰ ਦੇ ਬਹੁਤ ਸਾਰੇ ਸਜੀਵ ਹਿੱਸੇ ਮੈਂ ਆਪਣੇ ਅਵਚੇਤਨ ਵਿੱਚ ਜਮ੍ਹਾਂ ਕਰ ਲਏ ਤੇ ਊਠ ਦੀ ਕੋਹਾਂਡ ਵਿੱਚ ਜਮ੍ਹਾਂ ਕੀਤੇ ਭੋਜਨ ਵਾਂਗ ਲੋੜ ਪੈਣ ‘ਤੇ ਇਹਨਾਂ ਅਨੁਭਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਵਰਤਦਾ ਰਿਹਾ।
ਜੀਵਨ-ਅਨੁਭਵ ਨੂੰ ਗ੍ਰਹਿਣ ਕਰ ਸਕਣ ਦੀ ਯੋਗਤਾ ਵਿੱਚ ਮੇਰੇ ਕੰਨ-ਰਸ ਦਾ ਵੀ ਬਹੁਤ ਹਿੱਸਾ ਹੈ।
ਇਹ ਗੱਲਾਂ ਪੂਰੀਆਂ ਜਾਂ ਅੰਤਮ ਸੱਚ ਨਹੀਂ ਹਨ।
ਇਹ ਤਾਂ ਮੇਰੇ ਜੀਵਨ-ਇਤਿਹਾਸ ਦੀ ਧੂੜ ਵਿੱਚੋਂ ਛੋਟੇ ਛੋਟੇ ਉਹ ਕਣ ਚੁਣਨ ਦਾ ਉਪਰਾਲਾ ਹੈ, ਜਿਨ੍ਹਾਂ ਨੂੰ ਜੋੜ ਕੇ ਮੇਰੀ ਲੇਖਕੀ ਉਸਾਰੀ ਦਾ ਕੋਈ ਧੁੰਦਲਾ ਜਿਹਾ ਚਿੱਤਰ ਉਲੀਕਿਆ ਜਾ ਸਕੇ।

('ਸਾਹਿਤਕ-ਸਵੈ-ਜੀਵਨੀ’ ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ