Dhuan (Punjabi Story) : Simran Dhaliwal

ਧੂੰਆਂ (ਕਹਾਣੀ) : ਸਿਮਰਨ ਧਾਲੀਵਾਲ

ਮੇਰੇ ਵੱਡੇ ਭਾਈ ਰਾਜਪਾਲ ਦੇ ਕਾਲਜ ਦਾ ਸਾਥੀ ਪ੍ਰੋ. ਕੁਮਾਰ , ਮੇਰਾ ਪਤਾ ਲੈਣ ਆਇਆ ਉਸਨੂੰ ਕਹਿ ਰਿਹਾ ਸੀ, “ਰਾਜਪਾਲ !ਕੀਤਾ ਕਰਾਇਆ ਕੁਝ ਨਹੀਂ ਹੁੰਦਾ। ਐਵੇ ਮਨ ਦੀ ਹੀ ਕੋਈ ਗੰਢ ਹੁੰਦੀ ਬੰਦੇ ਦੀ।ਜਿੰਨਾਂ ਚਿਰ ਇਹ ਗੰਢ ਨਹੀਂ ਖੁਲਦੀ, ਬੰਦਾ ਘੁਟਿਆ ਰਹਿੰਦਾ।”

ਮੈਂ ਕੀ ਆਖਦਾ ਕੁਮਾਰ ਨੂੰ।ਗੰਢ ਤਾਂ ਹੈ ਮੇਰੇ ਮਨ ਵਿੱਚ ਵੀ।ਪਰ…।ਮਾਤਾ ਨੂੰ ਲੱਗਦਾ ਕਿਸੇ ਨੇ ਕੋਈ ਟੂਣਾ ਟਾਮਣ ਕੀਤਾ ਹੋਇਆ ਸਾਡੇ ਘਰ ’ਤੇ।ਇਸੇ ਲਈ ਤਾਂ ਦੋ ਮਹੀਨਾ ਹੋ ਗਏ ਮੈਂ ਘਰੇ ਬੈਠਾ।ਗੇਰੈਜ ਬੰਦ ਪਿਆ।ਮੁੰਡੇ ਹੋਰ ਥਾਵਾਂ ’ਤੇ ਜਾ ਲੱਗੇ ਨੇ।ਇਸੇ ਲਈ ਤਾਂ ਮੇਰੀ ਘਰਵਾਲੀ ਬਿੰਦੂ ਅਗਲੇ ਪਾਰ ਹੋ ਕੇ ਮੁੜੀ ਹੈ।ਇਸੇ ਲਈ ਤਾਂ ਮੇਰੀ ਮਾਸੀ ਦਾ ਪੁੱਤ ਸੋਨੀ…।ਇਸੇ ਲਈ ਤਾਂ…।…ਤੇ ਉਹ ਪਤਾ ਨਹੀਂ ਕੀ-ਕੀ ਹੋਰ ਨਾਲ ਜੋੜ ਲੈਂਦੀ ਹੈ।

“ਦੋ ਦਿਨ ਪਹਿਲਾਂ ਈ ਖੂਨ ਦੇ ਛੱਟੇ ਵੱਜੇ ਸੀ ਘਰੇ।ਮੇਰਾ ਤਾਂ ਮੱਥਾ ਉਦੋਂ ਈ ਠਣਕਿਆ ਸੀ।” ਮਾਤਾ ਘਬਰਾ ਉਠਦੀ ਹੈ।ਘਬਰਾਈ ਹੋਈ ਹੀ ਉਹ ਮੈਨੂੰ ਹਰ ਹਫ਼ਤੇ ਕਾਮਿਲ ਸ਼ਾਹ ਦੇ ਡੇਰੇ ਲੈ ਕੇ ਜਾਂਦੀ ਹੈ, ਚੌਂਕੀ ਭਰਨ ਲਈ।ਬਾਬਾ ਕਾਮਿਲ ਸ਼ਾਹ ਆਖਦਾ, ਮੇਰੇ ਪਿਛੇ ਹਵਾ ਹੈ।ਉਸੇ ਹਵਾ ਕਰਕੇ ਸੋਨੀ ਤੇ ਫਿਰ ਬਿੰਦੂ…ਤੇ ਅੱਗੇ ਪਤਾ ਨਹੀਂ ਕੌਣ- ਕੌਣ।ਬਾਬੇ ਕਾਮਿਲ ਸ਼ਾਹ ਨੇ ਆ ਕੇ ਸਾਡਾ ਪੂਰਾ ਘਰ ਕੀਲ੍ਹ ਦਿੱਤਾ।ਮਾਤਾ ਸਵੇਰੇ ਸ਼ਾਮ ਘਰੇ ਧੂਣੀ ਜਿਹੀ ਬਾਲਦੀ।ਧੂਣੀ ਦਾ ਧੂੰਆਂ ਮੇਰੇ ਸਿਰ ਨੂੰ ਚੜ੍ਹਨ ਲੱਗਦਾ।ਮੈਂ ਬੇਸੁੱਧ ਹੋਣ ਲੱਗਦਾ।ਮੇਰੀਆਂ ਅੱਖਾਂ ਅੱਗੇ ਵਾਵਰੋਲੇ ਘੁੰਮਣ ਲੱਗਦੇ।ਨਿੱਕੇ ਹੁੰਦਿਆਂ ਸੁਣਿਆ ਕਰਦੇ ਸਾਂ, ਵਾਵਰੋਲਿਆਂ ਵਿੱਚ ਭੂਤ ਹੁੰਦੇ ਨੇ।ਉਹੀ ਭੂਤ ਜੋ ਮੈਨੂੰ ਦਿੱਸਣ ਲੱਗੇ ਨੇ ਹੁਣ।ਸੋਨੀ ਦੀ ਮੌਤ ਤੋਂ ਬਾਅਦ। ਅਚਾਨਕ।ਇਕ ਦਿਨ ਸ਼ਾਮ ਦੇ ਵੇਲੇ। ਮੈਂ ਗੇਰੈਜ ਬੰਦ ਕਰਕੇ ਘਰ ਨੂੰ ਆਉਣਾ ਸੀ।ਪ੍ਰੈਸ਼ਰ ਟੈਂਕ ਵਾਲੀ ਮੋਟਰ ਅਚਾਨਕ ਸਟਾਰਟ ਹੋ ਗਈ।ਮੈਨੂੰ ਜੋ ਕਈ ਦਿਨਾਂ ਦਾ ਲੱਗ ਰਿਹਾ ਸੀ, ਉਹ ਸੱਚ ਜਾਪਣ ਲੱਗਿਆ। ਸੋਨੀ ਜ਼ਰੂਰ ਇੱਥੇ ਹੀ ਕਿਤੇ ਹੈ, ਮੇਰੇ ਨੇੜੇ ਤੇੜੇ।ਮੇਰੇ ਮਨ ਵਿਚ ਇਹ ਗੱਲ ਪੱਕੀ ਹੋ ਗਈ। “ਐਸੇ ਬੰਦਿਆਂ ਦੀ ਗਤੀ ਨਹੀਂ ਹੁੰਦੀ।” ਮੈਂ ਕਿਸੇ ਕੋਲੋਂ ਸੁਣਿਆ ਸੀ।ਪਰ ਸੋਨੀ ਦੀ ਗਤੀ ਖਾਤਿਰ ਤਾਂ ਮੈਂ ਖ਼ੁਦ ਦਾਨ-ਪੁੰਨ ਕਰਕੇ ਆਇਆ ਸੀ।ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਭੈਅ ਪੈਦਾ ਹੋਣ ਲੱਗਿਆ।ਮੈਂ ਸ਼ਟਰ ਖੁੱਲਾ ਛੱਡ ਕੇ ਘਰ ਵੱਲ ਨੂੰ ਸ਼ੂਟ ਵੱਟ ਲਈ।ਇਸ ਗੱਲ ਦਾ ਪਤਾ ਜਦੋਂ ਰਾਜਪਾਲ ਨੂੰ ਲੱਗਿਆ।ਉਹ ਰੌਲਾ ਪਾਉਂਦਿਆਂ ਗੇਰੈਜ ਬੰਦ ਕਰਕੇ ਆਇਆ।

“ਅੱਜ ਫੇਰ ਦੁਪਿਹਰੇ ਹੀ ਪੀ ਲਈ ਹੋਣੀ।ਭੂਤ ਤਾਂ ਆਪੇ ਦਿਸਣੇ।ਇਹ ਇੱਕ ਭੂਤ ਥੋੜਾ ਉਥੇ?” ਮੈਂ ਅਗਲੇ ਦਿਨ ਗੇਰੈਜ ਖੋਲਣ ਤੋਂ ਨਾਂਹ ਕਰ ਦਿੱਤੀ।...ਤੇ ਰਾਜਪਾਲ ਨੇ ਗੇਰੈਜ ’ਤੇ ਗੇੜਾ ਮਾਰਨ ਤੋਂ।ਉਹ ਆਖਦਾ, ਇਹ ਸਭ ਮੇਰੇ ਸ਼ਰਾਬ ਪੀਣ ਕਰਕੇ ਹੁੰਦਾ।

“ਮੈਂ ਆਪਣੀ ਡਿਊਟੀ ਜਾਵਾਂ ਜਾਂ ਇਹਦਾ ਗੇਰੈਜ ਦੇਖਾ?” ਉਹ ਤਿਆਰ ਹੋ ਕੇ ਕਾਲਜ ਤੁਰ ਜਾਂਦਾ।ਮੈਂ ਸਾਰਾ ਦਿਨ ਰਜਾਈ ਵਿੱਚ ਵੜਿਆ ਰਹਿੰਦਾ।ਦਿਮਾਗ਼ ਵਿੱਚ ਕੁਝ ਰੀਂਘਣ ਲੱਗਦਾ।ਸਿਰ ਭਾਰਾ ਹੋਣ ਲੱਗਦਾ।ਮੈਂ ਬਾਥਰੂਮ ਵਿੱਚ ਵੜ੍ਹ ਕੇ ਸਿਗਰੇਟ ਪੀਣ ਲੱਗਦਾ।ਸਿਗਰੇਟ ਦਾ ਧੂੰਆਂ ਅੰਦਰ ਜਾਂਦਿਆਂ ਹੀ ਕਿੰਨਾਂ ਕੁਝ ਜਿਵੇਂ ਬਾਹਰ ਆਉਣ ਲੱਗਦਾ। ਉਹ ਕਾਲੀ ਸ਼ਾਮ ਜਦੋਂ ਸੋਨੀ…। ਬਿੰਦੂ ਦੇ ਜਨਮ ਦਿਨ ਵਾਲਾ ਉਹ ਦਿਨ।
ਸਵੇਰੇ ਚਾਰ ਵਜੇ ਜਦੋਂ ਮੇਰੀ ਅੱਖ ਖੁਲੀ, ਮੈਂ ਬਿੰਦੂ ਨੂੰ ਕਲਾਵੇ ਵਿੱਚ ਲੈ ਕੇ ਜਨਮ ਦਿਨ ਦੀ ਵਧਾਈ ਦਿੱਤੀ।
“ਸਭ ਸੁੱਤੇ ਅਜੇ।ਦੇਖਿਆ ਸਭ ਤੋਂ ਪਹਿਲੀ ਵਿੱਸ਼ ਮੇਰੀ ਆ ਨਾ।” ਮੈਂ ਬਿੰਦੂ ਨੂੰ ਚੁੰਮਣ ਲਈ ਅੱਗੇ ਹੋਇਆ।
“ਨੋ-ਨੋ…ਆਹ ਦੇਖੋ।” ਮੈਨੂੰ ਪਿਛੇ ਧੱਕਦੇ ਹੋਏ ਉਹਨੇ ਮੋਬਾਇਲ ਦੀ ਸਕਰੀਨ ਮੇਰੇ ਵੱਲ ਕਰ ਦਿੱਤੀ।ਸੋਨੀ ਨੇ ਉਸਦੀ ਫੇਸਬੁੱਕ ਵਾਲ ’ਤੇ ਬਰਥ ਡੇਅ ਵਿੱਸ਼ ਪੋਸਟ ਕੀਤੀ ਹੋਈ ਸੀ।ਨਾਲ ਕੇਕ ਤੇ ਗੁਲਾਬਾਂ ਦੀ ਤਸਵੀਰ।
“ਯੂ.ਆਰ ਸੈਕੰਡ ਵੰਨ।” ਬਿੰਦੂ ਨੇ ਹੱਸਦਿਆਂ ਆਖਿਆ।

“ਬੰਦ ਕਮਰੇ ਵਿੱਚ ਵੀ ਉਹ ਫ਼ਸਟ ਵੰਨ ਹੋ ਗਿਆ।” ਮੈਂ ਨਾ ਚਾਹੁੰਦੇ ਹੋਏ ਵੀ ਕੱਚਾ ਜਿਹਾ ਹੱਸਿਆ।ਮੇਰਾ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਾ ਚਾਅ ਮਾਰਿਆ ਗਿਆ।ਫਿਰ ਸਾਰਾ ਦਿਨ ਮੇਰੀ, ਬਿੰਦੂ ਤੇ ਮੇਰੀ ਮਾਸੀ ਦੇ ਪੁੱਤ ਸੋਨੀ ਦੀ ਗੱਲ ਕੁਮੈਂਟਾਂ ਵਿੱਚ ਹੁੰਦੀ ਰਹੀ।ਬਿੰਦੂ ਨੇ ਤਿਆਰ ਹੋ ਕੇ ਆਪਣੀ ਫੋਟੋ ਫੇਸਬੁੱਕ ਉਪਰ ਪਾਈ।ਉੱਥੇ ਵੀ ਸਭ ਤੋਂ ਪਹਿਲਾ ਕੁਮੈਂਟ ਸੋਨੀ ਦਾ ਸੀ।ਕਦੇ-ਕਦੇ ਸੋਨੀ ਆਪਣੇ ਰੂਮ ਵਿੱਚ ਹੁੰਦਾ।ਮੈਂ ਤੇ ਬਿੰਦੂ ਆਪਣੇ ਕਮਰੇ ਵਿੱਚ ਬੈੱਡ ’ਤੇ ਬੈਠੇ ਆਪਣੇ ਆਪਣੇ ਫੋਨ ਵਿੱਚ ਗੁਆਚੇ ਹੁੰਦੇ ਤੇ ਫੇਸਬੁੱਕ ਦੀਆਂ ਪੋਸਟਾਂ ਉਪਰ ਗੱਲਾਂ ਕਰ ਰਹੇ ਹੁੰਦੇ।

“ਬੰਦੇ ਨੂੰ ਗੱਲਾਂ ਕਰਨੀਆਂ ਚਾਹੀਦੀਆਂ ਦੂਜਿਆਂ ਨਾਲ।ਚੁੱਪ ਵੀ ਖਾਣ ਲੱਗਦੀ ਅੰਦਰੋਂ।” ਇਹ ਗੱਲ ਵੀ ਮੈਨੂੰ ਕੁਮਾਰ ਕਹਿ ਕੇ ਗਿਆ ਸੀ।ਰਾਜਪਾਲ ਦੱਸਦਾ ਸੀ, ਉਹ ਕਾਲਜ ਵਿੱਚ ਮਨੋਵਿਗਿਆਨ ਪੜਾਉਂਦਾ।ਸ਼ਾਇਦ ਇਸੇ ਲਈ ਤਾਂ ਉਹ ਮਨ ਦੀਆਂ ਰਮਜਾਂ ਚੰਗੀ ਤਰ੍ਹਾਂ ਜਾਣਦਾ।ਪਰ ਮੈ ਉਹ ਗੱਲ ਕਿਸ ਨੂੰ ਦੱਸਾਂ ਜੋ ਮੈਨੂੰ ਅੰਦਰੋਂ ਬੇਚੈਨ ਕਰੀ ਰੱਖਦੀ…।ਇੱਕ ਚੀਕ ਮੈਂ ਗਲੇ ਵਿੱਚ ਦਬਾ ਕੇ ਰੱਖਦਾ।ਇਉਂ ਲੱਗਦਾ ਜਿਵੇਂ ਕੋਈ ਮੇਰੇ ਆਸ-ਪਾਸ ਫਿਰਦਾ ਹੋਵੇ।ਹਰ ਰੋਜ਼ ਰਾਤ ਨੂੰ ਇੱਕ ਸੁਪਨਾ ਮੈਨੂੰ ਬੇਚੈਨ ਕਰਦਾ।ਸੁਪਨੇ ਵਿੱਚ ਮੈਂ ਦੌੜ ਰਿਹਾ ਹੁੰਦਾ।ਮੇਰੇ ਪਿਛੇ ਕੁਝ ਪ੍ਰਛਾਵੇਂ ਦੌੜਦੇ।

“ਫੜ੍ਹ ਲਓ!ਮਾਰ ਦਿਓ!!” ਦੀਆਂ ਅਵਾਜ਼ਾਂ ਲਗਾਉਂਦੇ।ਮੈਂ ਹੋਰ ਤੇਜ਼ ਦੌੜਦਾ।ਦੌੜਦਾ ਹੋਇਆ ਹਫ਼ ਜਾਂਦਾ।ਅਚਾਨਕ ਸਾਫ਼-ਪੱਧਰਾ ਰਸਤਾ ਡੂੰਘੇ ਟੋਟੇ ਵਿਚ ਬਦਲ ਜਾਂਦਾ।ਮੈਂ ਧੜੰਮ ਕਰਦਾ ਉਸ ਟੋਟੇ ਵਿੱਚ ਡਿੱਗਦਾ ਹਾਂ।ਨਾਲ ਹੀ ਮੇਰੀ ਅੱਖ ਖੁਲ ਜਾਂਦੀ।ਮੈਂ ਦੇਖਦਾ ਕੋਲ ਪਈ ਬਿੰਦੂ ਮੇਰੇ ਵਾਲਾਂ ਵਿੱਚ ਹੱਥ ਫੇਰ ਰਹੀ ਹੁੰਦੀ।ਮੈਂ ਪਸੀਨੇ ਨਾਲ ਗੜੁੱਚ।ਵਧੀ ਹੋਈ ਧੜਕਣ।ਕੰਬਦੀ ਹੋਈ ਦੇਹ।
“ਰਵੀ ਕੀ ਹੋਇਆ।” ਮੇਰੀ ਹਾਲਤ ਦੇਖ ਕੇ ਬਿੰਦੂ ਪੁੱਛਦੀ ।

“ਕੁਝ ਨਹੀਂ ਮੈਨੂੰ ਹੱਥ ਨਾ ਲਾ।” ਮੈਨੂੰ ਭੈਅ ਆਉਣ ਲੱਗਦਾ।ਮੈਂ ਉਹਦਾ ਹੱਥ ਝਟਕ ਦਿੰਦਾ।ਹੋਰ ਪਰ੍ਹਾਂ ਨੂੰ ਸਰਕ ਜਾਂਦਾ।ਬਿੰਦੂ ਵੀ ਡਰ ਜਾਂਦੀ।ਮਾਤਾ ਨੂੰ ਹਾਕਾਂ ਮਾਰਨ ਲੱਗਦੀ।ਮਾਤਾ ਜਲ ਵਾਲੀ ਗੜਵੀ ਚੱਕੀ ਸਾਡੇ ਕਮਰੇ ਵਿੱਚ ਆਉਂਦੀ।ਜਲ ਦਾ ਛੱਟਾ ਦੇ ਕੇ ਮੂੰਹ ਵਿੱਚ ਕੁਝ ਬੋਲਦੀ।ਮੇਰੇ ਮੱਥੇ ’ਤੇ ਹੱਥ ਫੇਰਦੀ।
“ਮਨ ਨੂੰ ਥੰਮ ਮੇਰਾ ਪੁੱਤ!” ਮਾਤਾ ਦਾ ਹੱਥ ਫਿਰਦਿਆਂ ਮੇਰੀਆਂ ਅੱਖਾਂ ਮਿਚਣ ਲੱਗਦੀਆਂ।

“ਇਹਨੂੰ ਕਿਸੇ ਡਾਕਟਰ ਦੇ ਲੈ ਕੇ ਚੱਲੀਏ।ਜਲ ਨਾਲ ਨਹੀਂ ਠੀਕ ਹੋਣਾ ਇਹਨੇ।” ਮਾਤਾ ਦੇ ਪਿਛੇ ਕਮਰੇ ਵਿੱਚ ਆਏ ਰਾਜਪਾਲ ਦੀ ਇੰਨੀ ਕੁ ਗੱਲ ਮੇਰੇ ਕੰਨੀਂ ਪੈਂਦੀ।ਲੱਗਦਾ ਜਿਵੇਂ ਉਹ ਵੀ ਪ੍ਰੋ.ਕੁਮਾਰ ਦੀ ਬੋਲੀ ਬੋਲ ਰਿਹਾ ਹੋਵੇ।…ਤੇ ਫਿਰ ਜਦੋਂ ਮੇਰੀ ਅੱਖ ਖੁਲਦੀ ਚਿੱਟਾ ਦਿਨ ਚੜ੍ਹਿਆ ਹੁੰਦਾ।ਰਾਤ ਕਿਵੇਂ ਕਿੱਥੇ ਬੀਤੀ, ਉਸ ਸੁਪਨੇ ਤੋਂ ਬਾਅਦ ਕੀ ਹੋਇਆ।ਮੈਨੂੰ ਕੁਝ ਯਾਦ ਨਾ ਰਹਿੰਦਾ।
ਰਾਜਪਲ ਮੈਨੂੰ ਡਾਕਟਰ ਦੇ ਲੈ ਕੇ ਗਿਆ।

ਟੀ.ਡੀ .ਐੱਸ ਹਸਪਤਾਲ ਵਾਲਾ ਡਾਕਟਰ ਬਹੁਤ ਦੇਰ ਤੀਕ ਮੇਰੀ ਕੌਂਸਲਿੰਗ ਕਰਦਾ ਰਿਹਾ।ਰਾਤ ਨੂੰ ਖਾਣ ਲਈ ਉਹਨੇ ਕੋਈ ਦਵਾਈ ਵੀ ਦਿੱਤੀ।ਕੁਝ ਦਿਨ ਤਾਂ ਉਸ ਦਵਾਈ ਨੇ ਅਸਰ ਕੀਤਾ।ਖਾਣ ਮਗਰੋਂ ਮੈਨੂੰ ਨੀਂਦ ਆਉਂਦੀ ਤੇ ਲੱਗਦਾ ਜਿਵੇਂ ਸਾਰੀਆਂ ਸੋਚਾਂ ਅੱਾਫ ਹੋ ਗਈਆਂ ਹੋਣ।ਪਰ ਮੁੜ ਉਹੀ ਸੁਪਨਾ , ਉਹੀ ਦੌੜ੍ਹ, ਉਹੀ ਚੀਕ ,ਬਿੰਦੂ ਦਾ ਹੱਥ ਤੇ ਮਾਤਾ ਦੀ ਜਲ ਵਾਲੀ ਗੜਵੀ।ਮੈਨੂੰ ਹੋਰ ਵੀ ਭੈਅ ਆਉਣ ਲੱਗਿਆ।ਮੈਂ ਬਿੰਦੂ ਨਾਲੋਂ ਵੱਖ ਪੈਣ ਲੱਗਿਆ।
“ਤੈਨੂੰ ਪਤਾ ਇਹ ਕਮਰਾ ਮੇਰਾ ਸੀ?” ਮੈਨੂੰ ਲੱਗਦਾ ਜਿਵੇਂ ਸੋਨੀ ਬੋਲਦਾ ਹੋਵੇ।ਜਦੋਂ ਦਾ ਉਹ ਪੀ.ਜੀ ਛੱਡ ਕੇ ਸਾਡੇ ਵੱਲ ਆਇਆ ਸੀ, ਇਸੇ ਕਮਰੇ ਵਿੱਚ ਸੌਂਦਾ ਸੀ।
ਮੈਂ ਅੱਭੜਵਾਹੇ ਉਠ ਕੇ ਇੱਧਰ ਉਧਰ ਦੇਖਦਾ।ਪਰ ਉਥੇ ਕੋਈ ਵੀ ਨਾ ਹੁੰਦਾ।ਮੇਰੇ ਤੇ ਡੂੰਘੀ ਚੁੱਪ ਤੋਂ ਬਿਨਾਂ।
“ਮੈਂ ਬਾਹਰ ਨਹੀਂ ਤੇਰੇ ਅੰਦਰ ਹਾਂ।ਆ ਇੱਕਮਿਕ ਹੋ ਜਾਈਏ।” ਮੈਨੂੰ ਲੱਗਦਾ ਸੋਨੀ ਮੇਰੇ ਅੰਦਰ ਬੋਲਦਾ ਹੋਵੇ।ਮੈਂ ਬਾਬੇ ਕਾਮਿਲ ਸ਼ਾਹ ਦਾ ਨਾਮ ਜਪਣ ਲੱਗਦਾ।ਗਲਾ ਖੁਸ਼ਕ ਹੋ ਜਾਂਦਾ।ਮੇਜ਼ ’ਤੇ ਪਿਆ ਗਿਲਾਸ ਚੁੱਕ ਕੇ ਪਾਣੀ ਪੀਂਦਾ ਤੇ ਸਿਗਰੇਟ ਬਾਲ ਲੈਂਦਾ।

ਕਿੰਨੇ ਕਸ਼ ਮੈਂ ਤੇ ਸੋਨੀ ਨੇ ਇੱਕਠਿਆਂ ਬੈਠ ਕੇ ਖਿਚੇ ਸੀ ਇਸੇ ਕਮਰੇ ਵਿੱਚ।ਸਿਗਰੇਟ ਦਾ ਧੂੰਆਂ ਅੰਦਰ ਜਾਂਦਿਆਂ ਹੀ ਮੁੜ ਕਿੰਨਾ ਕੁਝ ਬਾਹਰ ਆਉਣ ਲੱਗਾ।ਬਿੰਦੂ ਦੀ ਕਜ਼ਨ ਦਾ ਵਿਆਹ ਸੀ।ਉਹਨੇ ਪਾਰਲਰ ’ਤੇ ਜਾ ਕੇ ਤਿਆਰ ਹੋਣਾ ਸੀ।ਮੈਂ ਬਿੰਦੂ ਨੂੰ ਪਾਰਲਰ ’ਤੇ ਛੱਡ ਦਿੱਤਾ।ਦੋ ਘੰਟੇ ਬਾਅਦ ਉਹਨੂੰ ਲੈਣ ਗਿਆ ਤਾਂ ਪਾਰਲਰ ਵਾਲੀ ਕੁੜੀ ਨੇ ਦੱਸਿਆ, ਉਹ ਤਾਂ ਚਲੇ ਗਏ ਨੇ।ਮੈਂ ਹੈਰਾਨ ਜਿਹਾ ਹੋਇਆ ਕੁੜੀ ਵੱਲ ਦੇਖਦਾ ਰਿਹਾ।ਦਿਲ ਕੀਤਾ ਪੁਛਾਂ ਕਿਸਦੇ ਨਾਲ ਗਈ? ਫਿਰ ਖ਼ੁਦ ਨੂੰ ਹੀ ਅਜੀਬ ਜਿਹਾ ਲੱਗਿਆ ।ਸੋਚਿਆ, ਹੁਣ ਇਹਨੂੰ ਕੀ ਪੁਛਣਾ?।ਬਾਈਕ ਮੋੜ ਕੇ ਘਰ ਨੂੰ ਆ ਗਿਆ।ਘਰ ਆਇਆ ਤਾਂ ਬਿੰਦੂ ਘਰ ਨਹੀਂ ਸੀ ਪਹੁੰਚੀ।ਮੈਂ ਫੋਨ ਕੀਤਾ।ਰਿੰਗ ਜਾਂਦੀ ਰਹੀ।ਕਿਸੇ ਕੋਈ ਜਵਾਬ ਨਾ ਦਿੱਤਾ।ਮੈਂ ਮੁੜ ਨੰਬਰ ਮਿਲਾਇਆ।ਅੱਗਿਓ ਸੋਨੀ ਬੋਲਿਆ , “ਭਾਬੀ ਦੇ ਹੱਥਾਂ ਨੂੰ ਮਹਿੰਦੀ ਲੱਗੀ ਏ ਨਾ…ਅਸੀਂ ਆ ਗਏ ਬੱਸ।” ਮੈਂ ਬਿਨਾਂ ਕੁਝ ਕਹੇ ਫੋਨ ਕੱਟ ਦਿੱਤਾ।

“ਇਹ ਬੱਸ ਸਟੈਂਡ ਵੱਲ ਦੀ ਲੈ ਆਇਆ ਨਾ।ਉਥੇ ਜਾਮ ਬਹਤ ਸੀ।” ਬਿੰਦੂ ਦੇਰੀ ਦੀ ਵਜਾਹ ਦੱਸਣ ਲੱਗੀ।ਪੂਰੇ ਵਿਆਹ ਵਿੱਚ ਮੇਰੇ ਅੰਦਰ ਕੁਝ ਰਿੱਝਦਾ ਰਿਹਾ।ਮੈਂ ਦੋ- ਤਿੰਨ ਪੈੱਗ ਉਪਰੋਂ ਥੱਲੀ ਪੀ ਲਏ।ਬਰਾਤ ਤੁਰਨ ਤੋਂ ਪਹਿਲਾਂ ਮੈਂ ਬਿੰਦੂ ਨੂੰ ਲੈ ਕੇ ਘਰ ਆ ਗਿਆ।ਕਈ ਦਿਨ ਮੈਂ ਬਿੰਦੂ ਨਾਲ ਬੋਲਿਆਂ ਨਾ।ਉਸ ਵੱਲ ਪਿੱਠ ਕਰਕੇ ਪੈ ਜਾਂਦਾ।ਗੇਰੈਜ ਤੋਂ ਜਾਣਬੁਝ ਕੇ ਲੇਟ ਘਰ ਮੁੜਦਾ।ਆਉਂਦਾ ਹੋਇਆਂ ਦਾਰੂ ਪੀ ਕੇ ਆਉਂਦਾ।ਘਰ ਵੜਦਾ ਤਾਂ ਸੋਨੀ ਦਾ ਹਾਸਾ ਘਰ ਵਿੱਚ ਗੂੰਜ਼ ਰਿਹਾ ਹੁੰਦਾ।ਬਿੰਦੂ ਦਾ ਚਿਹਰਾ ਖਿੜਿਆ ਹੁੰਦਾ।ਮੈਂ ਘਰੇ ਪੈਰ ਪਾਉਂਦਾ।ਉਹਦਾ ਹਾਸਾ ਜਿਵੇਂ ਕਿੱਧਰ ਉਡ-ਪੁਡ ਜਾਂਦਾ।ਮੈਂ ਹੱਥ ਪੈਰ ਧੋਂਦਾ ਤੇ ਆਪਣੇ ਕਮਰੇ ਵਿੱਚ ਜਾ ਕੇ ਫੋਨ ਵਿੱਚ ਗੁਆਚ ਜਾਂਦਾ।ਬੇਵਜਾਹ ਸਕਰੀਨ ਉਪਰ ਉਂਗਲਾਂ ਮਾਰੀ ਜਾਂਦਾ।ਇੱਕ ਰਾਤ ਮੈਂ ਬੜੀ ਗੂੜ੍ਹੀ ਨੀਂਦੇ ਸੁੱਤਾ ਸੀ।ਅਚਾਨਕ ਕਮਰੇ ਦਾ ਦਰਵਾਜ਼ਾ ਖੜਕਣ ਲੱਗਿਆ। ਇਕਦਮ ਮੇਰੀ ਅੱਖ ਖੁਲੀ।ਮੈਂ ਅੱਖਾਂ ਮੱਲਦੇ ਨੇ ਦਰਵਾਜ਼ਾ ਖੋਲਿਆ।ਸਾਹਮਣੇ ਸੋਨੀ ਖੜ੍ਹਾ ਸੀ।

“ਹੈਪੀ ਬਰਥ ਡੇਅ ਭਾਅ!” ਉਹਨੇ ਕੇਕ ਲਿਆ ਕੇ ਮੇਜ਼ ’ਤੇ ਧਰ ਦਿੱਤਾ।ਫਟਾਫਟ ਮੋਮਬੱਤੀਆਂ ਜਗਾਈਆਂ।ਰਾਤ ਦੇ ਬਾਰਾਂ ਵੱਜੇ ਸਨ।ਪਲਾਂ ਵਿੱਚ ਮਾਹੌਲ਼ ਜਸ਼ਨ ਵਿੱਚ ਬਦਲ ਗਿਆ।ਮੈਂ ਮੋਮਬੱਤੀਆਂ ਬੁਝਾ ਕੇ ਕੇਕ ਕੱਟਿਆ।ਉਹਨੇ ਬੋਤਲ ਖੋਲ ਲਈ।ਅਸੀਂ ਚੀਅਰਸ ਕੀਤਾ।

“ਲੈ ਹੁਣ ਤੇਰਾ ਗਿਫਟ ਦਿਆਂ ਤੈਨੂੰ , ਰੁਕ।” ਉਹ ਦੌੜ ਕੇ ਵੱਡਾ ਸਾਰਾ ਲਿਫ਼ਾਫ਼ਾ ਚੁੱਕ ਲਿਆਇਆ।ਵਿੱਚ ਮੇਰੇ ਲਈ ਬਲਿਊ ਕਲਰ ਦੀ ਜੀਨ ਤੇ ਵਾਈਟ ਕਮੀਜ਼ ਸੀ।ਬਿੰਦੂ ਲਈ ਗਰਮ ਕੁੜਤਾ।ਅਗਲੇ ਸਵੇਰ ਮੈਂ ਗਿਆਰਾਂ ਵਜੇ ਉਠਿਆ।ਸੋਨੀ ਆਪਣੇ ਕਾਲਜ ਜਾ ਚੁੱਕਾ ਸੀ।ਉਸ ਦਿਨ ਮੈਨੂੰ ਉਹ ਬੜਾ ਚੰਗਾ-ਚੰਗਾ ਲੱਗਿਆ।

“ਮੈਂ ਬਿਨਾਂ ਵਜਾਹ ਸੋਨੀ ਨਾਲ ਵੱਟਿਆ ਫਿਰਦਾ ਸੀ।ਵਿਚਾਰਾ ਕਿੰਨਾ ਮੋਹ ਕਰਦਾ।” ਮੈਂ ਮਨ ਵਿੱਚ ਸੋਚਿਆ, ਹੁਣ ਨ੍ਹੀਂ ਸੋਨੀ ਨਾਲ ਐਵੇਂ ਖਿਝਣਾ।ਨਾਲੇ ਉਹ ਕਿਹੜਾ ਕੋਈ ਬੇਗਾਨਾ?ਪਰ ਉਸੇ ਸ਼ਾਮ ਜਦੋਂ ਮੈਂ ਘਰ ਮੁੜਿਆ।ਬਿੰਦੂ ਸੋਨੀ ਦਾ ਦਿੱਤਾ ਰਾਤ ਵਾਲਾ ਕੁੜਤਾ ਪਾਈ ਬੈਠੀ ਸੀ।ਮੇਰੇ ਸਿਰ ਵਿੱਚ ਮੁੜ ਕੁਝ ਹੋਣ ਲੱਗਾ।ਮੈਂ ਬਿਨਾਂ ਕਿਸੇ ਨਾਲ ਬੋਲੇ ਜਾ ਕੇ ਆਪਣੇ ਕਮਰੇ ਵਿੱਚ ਪੈ ਗਿਆ।ਮੇਰੇ ਜਨਮ ਦਿਨ ਕਰਕੇ ਬਿੰਦੂ ਕਈ ਕੁਝ ਬਣਾਈ ਬੈਠੀ ਸੀ।ਪਰ ਮੈਂ ਬਿਨਾਂ ਰੋਟੀ ਸੌਂ ਗਿਆ।

“ਭਾਈ ਕਦ ਤੀਕ ਆਪਣੇ ਜਨਮ ਦਿਨ ਮਨਾਉਂਦੇ ਫਿਰੋਗੇ।ਰੱਬ ਕੋਲੋਂ ਜਨਮ ਦਿਨ ਮਨਾਉਣ ਵਾਲਾ ਮੰਗਿਆ ਕਰੋ।” ਬਾਹਰ ਬੇਬੇ ਬਿੰਦੂ ਨਾਲ ਬੱਚੇ ਵਾਲੀ ਕਹਾਣੀ ਛੇੜੀ ਬੈਠੀ ਸੀ।ਉਹੀ ਕਹਾਣੀ ਕਦੇ ਕਦੇ ਬਿੰਦੂ ਮੇਰੇ ਨਾਲ ਛੇੜ ਲੈਂਦੀ।…ਤੇ ਹੁਣ ਉਸੇ ਕਹਾਣੀ ਦੀ ਤੰਦ ਬਾਬੇ ਕਾਮਿਲ ਸ਼ਾਹ ਨੇ ਓਪਰੀ ਹਵਾ ਨਾਲ ਜੋੜ ਦਿੱਤੀ ਸੀ।

“ਤਾਂਹੀ ਤਾਂ ਬਹੂ ਇਹਦੀ ਢਿੱਡੋਂ ਨਹੀਂ ਫੁੱਟੀ।” ਉਹਦੇ ਦੱਸੇ ਅਨੁਸਾਰ ਬਿੰਦੂ ਸਵਾ ਮਹੀਨਾ ਸਵੇਰੇ ਚਾਰ ਵਜੇ ਉਠ ਕੇ ਕੇਸੀ ਨਹਾਉਂਦੀ ਰਹੀ।ਜਿਸ ਦਿਨ ਸਵਾ ਮਹੀਨਾ ਪੂਰਾ ਹੋਣਾ ਸੀ।ਉਸ ਦਿਨ ਬਿਜਲੀ ਵਾਲਾ ਰਾਡ ਸ਼ਾੱਟ ਹੋ ਗਿਆ।ਬਿੰਦੂ ਬਾਲਟੀ ਚੱਕਣ ਲੱਗੀ, ਬਾਲਟੀ ਨਾਲ ਹੀ ਜੁੜ ਗਈ।ਉਹਦੀ ਚੀਕ ਸੁਣ ਕੇ ਮਾਤਾ ਭੱਜੀ ਗਈ।

“ਮੈਂ ਤਾਂ ਉਤੋਂ ਬੰਦ ਕੀਤਾ ਸੀ ਸਵਿੱਚ ।ਪਤਾ ਨਹੀਂ ਕਿੱਦਾ ਆ ਗਿਆ ਬਾਲਟੀ ਵਿਚ ਕਰੰਟ।” ਪਤਾ ਲੈਣ ਆਏ ਹਰੇਕ ਬੰਦੇ ਨੂੰ ਬਿੰਦੂ ਇਹੀ ਕਹਾਣੀ ਸੁਣਾ ਦਿੰਦੀ।ਜਿੰਨੀ ਵਾਰ ਬਿੰਦੂ ਇਹ ਕਹਾਣੀ ਦੁਹਰਾਉਂਦੀ ਮੇਰੇ ਅੰਦਰ ਦੀ ਗੰਢ ਹੋਰ ਪੀਡੀ ਹੋਈ ਜਾਂਦੀ।ਮੇਰਾ ਜੀਅ ਕਰਦਾ ਬਿੰਦੂ ਦੀ ਚੱਲਦੀ ਇਸ ਕਥਾ ਨੂੰ ਵਿਚਾਲੇ ਰੋਕ ਕੇ ਆਏ ਹੋਏ ਬੰਦੇ ਨੂੰ ਕਹਾਂ, “ਮੈਂ ਦੱਸਦਾ ਕਿੱਦਾਂ ਆਇਆ ਕਰੰਟ…।” ਪਰ ਮੈਥੋਂ ਕਹਿ ਨਾ ਹੁੰਦਾ।

ਅਗਲੀ ਵਾਰ ਹਸਪਤਾਲ ਗਿਆਂ ਤੋਂ ਉਹੀ ਡਾਕਟਰ ਮੁੜ ਮੇਰੀ ਕੌਂਸਲਿੰਗ ਕਰਨ ਲੱਗਾ।ਜਦੋਂ ਉਹਦੇ ਪੱਲ੍ਹੇ ਕੁਝ ਨਾ ਪਿਆ, ਉਹਨੇ ਪਹਿਲਾਂ ਨਾਲੋਂ ਵੀ ਤੇਜ਼ ਗੋਲੀ ਲਿਖ ਦਿੱਤੀ।ਮੈਂ ਸੌਂਣ ਲੱਗਾ ਗੋਲੀ ਖਾਂਦਾ।ਨੀਂਦ ਆ ਜਾਂਦੀ ਤੇ ਫਿਰ ਲੱਗਦਾ ਜਿਵੇਂ ਕਿਸੇ ਮਣਾਂ-ਮੂੰਹੀਂ ਭਾਰ ਮੇਰੀ ਹਿੱਕ ’ਤੇ ਧਰ ਦਿੱਤਾ ਹੋਵੇ।ਮੈਂ ਸੁੱਤਾ ਪਿਆ ਹੀ ਛਟਪਟਾਉਂਦਾ ਰਹਿੰਦਾ।ਉਹੀ ਪ੍ਰਛਾਵੇਂ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੇ।ਮੈਂ ਅੱੱਗੇ-ਅੱਗੇ ਦੌੜਦਾ।ਉਹ ਮੇਰੇ ਪਿੱਛੇ-ਪਿੱਛੇ।ਮੇਰੇ ਕੰਨਾਂ ਵਿੱਚ ਉਹੀ ਧੁਨੀ ਗੂੰਜ਼ਦੀ।
“ਫੜ ਲਓ!ਮਾਰ ਦਿਓ!!”
ਮੈਂ ਗੋਲੀ ਖਾਣੀ ਬੰਦ ਕਰ ਦਿੱਤੀ।ਪਰ ਅਵਾਜ਼ਾ ਆਉਂਣੀਆਂ ਬੰਦ ਨਾ ਹੋਈਆਂ।

“ਇਹਨੇ ਤਾਂ ਬੋਲ ਚਾਲ ਹੀ ਬੰਦ ਕਰਤਾ ਸਾਡੇ ਨਾਲ।ਕੰਮ ਤੋਂ ਆ ਕੇ ਅੰਦਰ ਵੜ੍ਹ ਜਾਂਦਾ।ਜਨਮ ਦਿਨ ਵਾਲੇ ਦਿਨ ਤਾਂ ਚੰਗਾਂ-ਭਲਾ ਗਿਆ ਸੀ ਘਰੋਂ ਹੱਸਦਾ ਖੇਡਦਾ।” ਮਾਤਾ ਕਲਪਦੀ ਰਹਿੰਦੀ।ਪਰ ਮੇਰਾ ਮਨ ਕਿਸੇ ਨਾਲ ਬੋਲਣ ਨੂੰ ਨਾ ਕਰਦਾ।ਘਰ ਆ ਕੇ ਮੈਂ ਆਪਣਾ ਫੋਨ ਬੰਦ ਕਰ ਦਿੰਦਾ ।ਪਰ ਇੱਕ ਰਾਤ ਅਚਾਨਕ ਮੇਰੀ ਅੱਖ ਖੁਲ੍ਹੀ।ਮੈਂ ਸਿਰਹਾਣੇ ਪਿਆ ਬਿੰਦੂ ਦਾ ਫੋਨ ਚੁੱਕ ਲਿਆ।ਉਹਦਾ ਮੈਸੇਜ਼ਰ ਦੇਖਣ ਲੱਗਾ।ਸੋਨੀ ਨਾਲ ਉਹਦੀ ਚੈੱਟ ਪੜ੍ਹ ਕੇ ਮੈਨੂੰ ਘੁੰਮੇਰ ਜਿਹੀ ਚੜ੍ਹਨ ਲੱਗੀ।ਗਲਾ ਸੁੱਕਣ ਲੱਗਾ।ਮੈਂ ਛੱਤ ਉਤੇ ਜਾ ਸਿਗਟਰੇਟ ਪੀਣ ਲੱਗਿਆ।ਪੂਰੇ ਚੰਨ ਦੀ ਰੌਸ਼ਨੀ ਵਿੱਚ ਸ਼ਾਤ ਖੜੇ ਆਲੇ ਦੁਆਲੇ ਦੇ ਰੁੱਖ ਬੜੇ ਡਰਾਉਣੇ ਲੱਗੇ।ਮੈਨੂੰ ਯਾਦ ਆਇਆ, ਇਸੇ ਛੱਤ ’ਤੇ ਮੈਂ ਤੇ ਸੋਨੀ ਨੇ ਕਿੰਨੀਆਂ ਰਾਤਾਂ ਸੌਂ ਕੇ ਗੁਜ਼ਾਰੀਆਂ ਸਨ।ਉਦੋਂ ਜਦੋਂ ਅਜੇ ਮੇਰਾ ਵਿਆਹ ਨਹੀਂ ਸੀ ਹੋਇਆ।ਉਹ ਸਭ ਵੱਧ ਤੋਂ ਸਾਡੇ ਕੋਲ ਰਹਿੰਦਾ।ਰਾਜਪਾਲ ਨਾਲ ਉਹਦੀ ਘੱਟ ਬਣਦੀ।ਗਰਮੀਆਂ ਦੀ ਰੁੱਤੇ ਅਸੀਂ ਛੱਤ ’ਤੇ ਸੌਂਦੇ।ਅੱਧੀ-ਅੱਧੀ ਰਾਤ ਤੱਕ ਸਾਡੀਆਂ ਗੱਲਾਂ ਨਹੀਂ ਸੀ ਮੁਕਦੀਆਂ।
“ਮਰੇ ਮੁਕੇ ਕਿਸੇ ਦੇ ਮਿੱਤ ਨਹੀਂ ਹੁੰਦੇ ਪੁੱਤ।” ਮਾਤਾ ਆਖਦੀ ਸੀ।

ਪਰ ਉਹ ਤਾਂ ਜਿਊਂਦਾ ਕਿਸੇ ਦਾ ਮਿੱਤ ਨਹੀਂ ਬਣਿਆ।ਮੈਂ ਅੰਦਰੋਂ ਅੰਦਰੀਂ ਤੜਫ਼ਦਾ।ਸਿਗਰੇਟ ਬੁਝਾ ਕੇ ਹੇਠਾਂ ਕਮਰੇ ਵਿੱਚ ਆ ਗਿਆ।ਬਿੰਦੂ ਘੂਕ ਸੁੱਤੀ ਪਈ ਸੀ।ਪਰ ਮੈਨੂੰ ਮੁੜ ਨੀਂਦ ਨਾ ਆਈ।ਕਈ ਦਿਨ ਮੈਂ ਬੇਚੈਨ ਰਿਹਾ।ਸੋਨੀ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਭੈੜਾ ਲੱਗਣ ਲੱਗਿਆ।…ਤੇ ਲੋਹੜੀ ਵਾਲੀ ਰਾਤ , ਸ਼ਰਾਬ ਪੀ ਕੇ ਸੁੱਤਾ ਸੋਨੀ ਸਵੇਰ ਨੂੰ ਉਠਿਆ ਨਾ।ਘਰ ਵਿੱਚ ਮਾਤਮ ਛਾ ਗਿਆ।ਮੇਰੀਆਂ ਲੱਤਾਂ ਜਿਵੇਂ ਬੇਜਾਨ ਹੋ ਗਈਆਂ।ਮਾਤਾ ਵੈਣ ਪਾਉਣ ਲੱਗੀ।ਆਂਢੀ-ਗੁਆਂਢੀ ਇੱਕਠੇ ਹੋ ਗਏ।ਗੱਡੀ ਦਾ ਪ੍ਰਬੰਧ ਕਰਕੇ ਸੋਨੀ ਦੀ ਲਾਸ਼ ਰਾਜਪਾਲ ਉਹਦੇ ਪਿੰਡ ਛੱਡ ਕੇ ਆਇਆ।
“ਛੱਡ ਆਈ ਸਾਰਾ ਕੁਝ ਉਥੇ ਈ।ਮਰੇ ਦੀਆਂ ਚੰਗੀਆਂ-ਮਾੜੀਆਂ ਯਾਦਾਂ।ਦਾਨ ਪੁੰਨ ਕਰਕੇ ਪਿਛੇ ਮੁੜ ਨਾ ਕੇ ਨਾ ਦੇਖੀ ਮੇਰਾ ਪੁੱਤ।” ਮਾਤਾ ਨੇ ਮੈਨੂੰ ਸਿਖਾ ਕੇ ਭੇਜਿਆ ਸੀ।ਪਰ ਮੈਨੂੰ ਲੱਗਿਆ, ਜਿਵੇਂ ਸੋਨੀ ਮੈਨੂੰ ਬੁਲਾ ਰਿਹਾ ਸੀ।
“ਰਵੀ ਭਾਅ !ਕਾਹਤੋਂ ਛੱਡ ਚੱਲਿਆਂ ਮੈਨੂੰ ਇੱਕੱਲੇ ਨੂੰ।ਮੈਂ ਤੇਰੇ ਮਗਰੋਂ ਨਹੀਂ ਲਹਿਣਾ।” ਮੈਂ ਪਿਛੇ ਮੁੜ ਕੇ ਦੇਖਿਆ।ਸੋਨੀ ਤਾਂ ਉਥੇ ਕਿਤੇ ਵੀ ਨਹੀਂ ਸੀ।
“ਮੈਂ ਤਾਂ ਤੇਰੇ ਅੰਦਰ ਹਾਂ।” ਉਸੇ ਰਾਤ ਤੋਂ ਮੈਨੂੰ ਸੋਨੀ ਦੀ ਅਵਾਜ਼ ਸੁਨਣ ਲੱਗੀ।
“ਬਸ ਮੁੜ ਕੇ ਦੇਖਦਿਆਂ ਹੀ ਹਵਾ ਇਹਦੇ ਨਾਲ ਆ ਰਲੀ।” ਕਾਮਿਲ ਸ਼ਾਹ ਨੇ ਨਵੀਂ ਕਥਾ ਘੜ ਲਈ ਸੀ।

***

ਮੈਂ ਡਾਕਟਰ ਨੂੰ ਉਸ ਸੁਪਨੇ ਤੇ ਅਵਾਜ਼ਾਂ ਬਾਰੇ ਦੱਸਦਾ।ਉਹ ਆਖਦਾ, ਆਪਣੇ ਅੰਦਰ ਦੀ ਗੰਢ ਖੋਲ ਲੈ।
“ਮੈ ਹੀਂ ਜ਼ਹਿਰ ਮਿਲਾਇਆ ਸੀ ਸੋਨੀ ਦੀ ਸ਼ਰਾਬ ਵਿੱਚ।ਮੇਰੀਆਂ ਅੱਖਾਂ ਅਗੇ ਜਿਊਂਦਾ ਫਿਰਦਾ, ਉਹ ਮੈਨੂੰ ਜੀਣ ਨਹੀਂ ਸੀ ਦਿੰਦਾ।ਫਿਰ ਮੈਂ ਹੀ ਪਲੱਗ ਦੀ ਤਾਰ ਸਿੱਧੀ ਜੋੜੀ ਸੀ।ਪਰ ਬਿੰਦੂ ਦੀ ਕਿਸਮਤ ਚੰਗੀ ਸੀ।ਉਹ ਮਰਦੀ ਮਰਦੀ ਬਚ ਗਈ।” ਮੈਂ ਸ਼ੀਸੇ ਮੂਹਰੇ ਖੜਾਂ ਹਾਂ।ਆਪਣੇ ਹੀ ਅਕਸ ਨਾਲ ਇਹ ਗੱਲਾਂ ਕਰਦਾ ਤੇ ਆਪਣੇ ਅੰਦਰ ਦੀ ਗੰਢ ਖੋਲਣ ਦੀ ਕੋਸ਼ਿਸ਼ ਕਰਦਾ ਹਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ