Dikhawa (Punjabi Story) : Kulbir Singh Suri
ਦਿਖਾਵਾ (ਕਹਾਣੀ) : ਕੁਲਬੀਰ ਸਿੰਘ ਸੂਰੀ
ਹਾਜੀ ਸਾਹਿਬ ਆਪਣੇ ਇਲਾਕੇ ਦੇ ਮੰਨੇ-ਪ੍ਰਮੰਨੇ ਲੋਕਾਂ ਵਿੱਚ ਗਿਣੇ ਜਾਂਦੇ ਸਨ। ਹਾਜੀ ਸਾਹਿਬ ਦਾ ਅਸਲ ਨਾਂ ਤਾਂ ਕੁਝ ਹੋਰ ਸੀ ਪਰ ਉਹ 60 ਸਾਲਾਂ ਦੀ ਉਮਰ ਵਿੱਚ 50 ਵਾਰੀ ਹੱਜ ਕਰ ਆਏ ਸਨ, ਜਿਸ ਦਾ ਉਨ੍ਹਾਂ ਨੂੰ ਬੜਾ ਮਾਣ ਸੀ। ਇਸੇ ਕਰ ਕੇ ਲੋਕਾਂ ਨੇ ਉਨ੍ਹਾਂ ਨੂੰ ‘ਹਾਜੀ ਸਾਹਿਬ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਲੋਕ ਉਨ੍ਹਾਂ ਦਾ ਅਸਲ ਨਾਂ ਭੁੱਲ ਗਏ ਅਤੇ ਉਹ ਹਾਜੀ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਹਾਜੀ ਸਾਹਿਬ ਦਾ ਕੱਦ-ਕਾਠ ਬਹੁਤ ਚੰਗਾ ਸੀ ਅਤੇ ਰੰਗ ਗੋਰਾ। ਉਹ ਪੰਜੇ ਵਕਤ ਨਮਾਜ਼ ਪੜ੍ਹਦੇ ਸਨ। ਨਮਾਜ਼ ਪੜ੍ਹਦੇ ਵਕਤ ਉਨ੍ਹਾਂ ਦੇ ਗੋਰੇ ਚਿਹਰੇ ਦੀ ਲਾਲੀ ਹੋਰ ਜ਼ਿਆਦਾ ਚਮਕਣ ਲੱਗਦੀ। ਜੇ ਕੋਈ ਉਨ੍ਹਾਂ ਨੂੰ ਨਮਾਜ਼ ਪੜ੍ਹਦਿਆਂ ਵੇਖਦਾ ਤਾਂ ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੁੰਦਾ।
ਹਾਜੀ ਸਾਹਿਬ ਦੀ ਇੱਕ ਹੋਰ ਖੂਬੀ ਸੀ ਕਿ ਜੇ ਉਨ੍ਹਾਂ ਨੂੰ ਨਮਾਜ਼ ਪੜ੍ਹਦਿਆਂ ਕੋਈ ਵੇਖ ਰਿਹਾ ਹੁੰਦਾ ਤਾਂ ਉਹ ਬਹੁਤ ਲੰਮਾ ਸਮਾਂ ਨਮਾਜ਼ ਪੜ੍ਹਦੇ। ਨਮਾਜ਼ ਖ਼ਤਮ ਹੋਣ ਤੋਂ ਬਾਅਦ ਕਈ ਲੋਕ ਉਨ੍ਹਾਂ ਨੂੰ ਕਹਿੰਦੇ, ‘‘ਹਾਜੀ ਸਾਹਿਬ! ਆਪ ਤੋਂ ਕਮਾਲ ਕੀ ਨਮਾਜ਼ ਪੜ੍ਹਤੇ ਹੈਂ। ਇਤਨੀ ਅੱਛੀ ਔਰ ਲੰਮੀ ਨਮਾਜ਼ ਤੋਂ ਆਪ ਜੈਸੇ ਲੋਗ ਹੀ ਪੜ੍ਹ ਸਕਦੇ ਹੈਂ, ਜੋ ਅੱਲਾਹ ਕੇ ਨਜ਼ਦੀਕ ਹੋਂ। ਮਾਸ਼ਾ ਅੱਲਾਹ! ਨਮਾਜ਼ ਪੜ੍ਹਤੇ ਵਕਤ ਆਪ ਕੇ ਚਿਹਰੇ ਸੇ ਤੋ ਨੂਰ ਬਰਸਨੇ ਲਗਤਾ ਹੈ…।’’ ਇਹ ਸ਼ਬਦ ਸੁਣ ਕੇ ਹਾਜੀ ਸਾਹਿਬ ਬਾਗ਼ੋ-ਬਾਗ਼ ਹੋ ਜਾਂਦੇ ਅਤੇ ਉਨ੍ਹਾਂ ਦਾ ਸਾਰਾ ਦਿਨ ਬੜਾ ਵਧੀਆ ਗੁਜ਼ਰਦਾ।
ਇੱਕ ਰਾਤ ਹਾਜੀ ਸਾਹਿਬ ਨੂੰ ਸੁਪਨਾ ਆਇਆ ਕਿ ਇੱਕ ਬੜਾ ਬਜ਼ੁਰਗ ਆਦਮੀ ਉਨ੍ਹਾਂ ਨੂੰ ਪੁੱਛ ਰਿਹਾ ਹੈ, ‘‘ਤੂੰ ਆਪਣੀ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਹੈ?’’ ਹਾਜੀ ਸਾਹਿਬ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ, ‘‘ਬਜ਼ੁਰਗੋ! ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਉਦੋਂ ਤੋਂ ਮੈਂ ਪੰਜੇ ਵਕਤ ਨਮਾਜ਼ ਪੜ੍ਹਦਾ ਹਾਂ ਅਤੇ ਉਸ ਵਿੱਚ ਅੱਜ ਤੱਕ ਕਦੀ ਇੱਕ ਵਾਰੀ ਵੀ ਨਾਗਾ ਨਹੀਂ ਪਾਇਆ।’’
‘‘ਤੇਰੀ ਉਹ ਪੰਜੇ ਵਕਤ ਦੀ ਨਮਾਜ਼ ਤੇਰੇ ਕਿਸੇ ਕੰਮ ਨਹੀਂ ਆਈ,’’ ਬਜ਼ੁਰਗ ਨੇ ਉਸ ਦੇ ਚਿਹਰੇ ਵੱਲ ਵੇਖਦਿਆਂ ਕਿਹਾ।
‘‘ਕਿਉਂ?’’ ਹਾਜੀ ਸਾਹਿਬ ਨੇ ਥੋੜ੍ਹਾ ਗੁੱਸੇ ਵਿੱਚ ਕਿਹਾ।
‘‘ਸ਼ਾਂਤ ਹੋ ਜਾਓ, ਹਾਜੀ ਸਾਹਿਬ, ਇਹ ਪੰਜੇ ਵਕਤ ਦੀ ਨਮਾਜ਼ ਇਸ ਕਰ ਕੇ ਤੁਹਾਡੇ ਕੰਮ ਨਹੀਂ ਆਈ ਕਿ ਇਸ ਵਿੱਚ ਤੁਹਾਡਾ ਦਿਖਾਵਾ ਜ਼ਿਆਦਾ ਸੀ ਅਤੇ ਅੱਲਾਹ ਵੱਲ ਧਿਆਨ ਘੱਟ। ਤੁਹਾਡਾ ਸਾਰਾ ਧਿਆਨ ਤਾਂ ਲੋਕਾਂ ਵੱਲ ਰਹਿੰਦਾ ਸੀ ਕਿ ਮੈਨੂੰ ਕੋਈ ਨਮਾਜ਼ ਪੜ੍ਹਦਿਆਂ ਵੇਖ ਰਿਹਾ ਹੈ ਜਾਂ ਨਹੀਂ। ਅੱਛਾ! ਇਸ ਤੋਂ ਇਲਾਵਾ ਦੱਸੋ ਕਿ ਤੁਸੀਂ ਹੋਰ ਕਿਹੜਾ ਚੰਗਾ ਕੰਮ ਕੀਤਾ ਹੈ?
ਬਜ਼ੁਰਗ ਆਦਮੀ ਦੀ ਗੱਲ ਸੁਣ ਕੇ ਹਾਜੀ ਸਾਹਿਬ ਨੂੰ ਤਰੇਲੀਆਂ ਆ ਗਈਆਂ। ਉਹ ਕਾਫ਼ੀ ਘਬਰਾ ਗਏ ਲਗਦੇ ਸਨ। ਉਨ੍ਹਾਂ ਨੇ ਝਕਦਿਆਂ- ਝਕਦਿਆਂ ਕਿਹਾ, ‘‘ਮੈਂ ਪੰਜਾਹ ਵਾਰੀ ਹੱਜ ਕੀਤਾ ਹੈ। ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ?’’
‘‘ਹੱਜ ਕਰਨਾ ਤਾਂ ਬਹੁਤ ਚੰਗੀ ਗੱਲ ਹੈ ਪਰ ਜੇ ਹੱਜ ਕਰਨ ਨਾਲ ਬੰਦੇ ਵਿੱਚ ਹਉਮੈ ਆ ਜਾਏ ਕਿ ਮੈਂ ਐਨੀ ਵਾਰ ਹੱਜ ਕੀਤਾ ਹੈ ਤਾਂ ਇਸ ਤੋਂ ਮਾੜੀ ਗੱਲ ਕੋਈ ਨਹੀਂ। ਤੁਸੀਂ ਹਰ ਇੱਕ ਨੂੰ ਬੜੀ ਹਉਮੈ ਨਾਲ ਕਹਿੰਦੇ ਫਿਰਦੇ ਹੋ ਕਿ ਮੈਂ ਪੰਜਾਹ ਵਾਰੀ ਹੱਜ ਕੀਤਾ ਹੈ। ਇਸ ਨਾਲ ਤੁਹਾਨੂੰ ਹੱਜ ਕਰਨ ਦਾ ਜਿਹੜਾ ਪੁੰਨ ਲੱਗਣਾ ਸੀ ਉਹ ਖ਼ਤਮ ਹੋ ਗਿਆ।’’ ਬਜ਼ੁਰਗ ਆਦਮੀ ਨੇ ਹਾਜੀ ਸਾਹਿਬ ਨੂੰ ਸਮਝਾਉਂਦਿਆਂ ਕਿਹਾ।
ਹਾਜੀ ਸਾਹਿਬ ਤ੍ਰਭਕ ਕੇ ਉੱਠੇ। ਉਹ ਪਸੀਨੇ ਨਾਲ ਗੜੁੱਚ ਹੋਏ ਪਏ ਸਨ। ਅੱਲਾਹ ਅੱਲਾਹ ਕਰਦਿਆਂ ਉਨ੍ਹਾਂ ਨੇ ਪਾਣੀ ਦਾ ਗਿਲਾਸ ਪੀਤਾ। ਫਿਰ ਉਹ ਮੰਜੇ ’ਤੇ ਬੈਠ ਕੇ ਕੁਝ ਸੋਚਣ ਲੱਗੇ। ਥੋੜ੍ਹੀ ਦੇਰ ਸੋਚਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ, ‘‘ਅੱਗੇ ਤੋਂ ਉਹ ਹਮੇਸ਼ਾ ਹਉਮੈ ਅਤੇ ਦਿਖਾਵੇ ਤੋਂ ਦੂਰ ਰਹਿਣਗੇ।’’